Thursday, June 10, 2021

ਕਿਸਾਨ ਸੰਘਰਸ਼ : ਮੌਜੂਦਾ ਅਰਸੇ ਬਾਰੇ

 

ਕਿਸਾਨ ਸੰਘਰਸ਼ : ਮੌਜੂਦਾ ਅਰਸੇ ਬਾਰੇ

(ਕੁਝ ਪੱਖਾਂ ਦੀ ਚਰਚਾ)

                ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਸ਼ੁਰੂ  ਹੋਏ ਨੂੰ 9 ਮਹੀਨੇ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ ਜਿਨਾਂ ਚ ਦਿੱਲੀ ਮੋਰਚੇ ਨੂੰ ਹੀ ਚਾਰ ਮਹੀਨੇ ਹੋ ਗਏ ਹਨ। ਮੋਦੀ ਸਰਕਾਰ ਵੱਲੋਂ ਮੰਗਾਂ ਮੰਨਣਾ ਤਾਂ ਦੂਰ ਹੁਣ ਪਿਛਲੇ ਢਾਈ ਮਹੀਨਿਆਂ ਤੋਂ ਗੱਲਬਾਤ ਤੋਂ ਵੀ ਇਨਕਾਰੀ ਹੋਈ ਬੈਠੀ ਹੈ। ਇਸ ਸਾਰੇ ਅਰਸੇ ਦੌਰਾਨ ਹਕੂਮਤ ਇਸ ਮੋਰਚੇ ਨੂੰ ਢਾਅ ਲਾਉਣ, ਜਬਰ ਹੇਠ ਲਿਆ ਕੇ ਖਿੰਡਾਉਣ, ਅੰਦਰੋਂ ਬਾਹਰੋਂ ਸਾਜਿਸ਼ਾਂ ਰਾਹੀਂ ਇਸ ਨੂੰ ਬਦਨਾਮ ਕਰਨ, ਵੱਖ ਵੱਖ ਤਰਾਂ ਦੇ ਲੇਬਲ ਚਿਪਕਾਉਣ ਵਰਗੇ ਹੱਥਕੰਡਿਆਂ ਰਾਹੀ ਇਸ ਇਤਿਹਾਸਕ ਕਿਸਾਨੀ ਉਭਾਰ ਨੂੰ ਮਾਤ ਦੇਣ ਚ ਜੁਟੀ ਹੋਈ ਹੈ। ਪਰ ਕਿਸਾਨੀ ਉਭਾਰ ਦਾ ਵੇਗ, ਕਿਸਾਨੀ ਤਬਕੇ ਦੇ ਮੁੱਦਿਆਂ ਦੀ ਤਾਕਤ, ਹੋਰਨਾਂ ਮਿਹਨਤਕਸ਼ ਤਬਕਿਆਂ ਦੀ ਡਟਵੀਂ ਹਮਾਇਤ ਅਤੇ ਸੰਘਰਸ਼ ਦੀ ਲੀਡਰਸ਼ਿੱਪ ਵੱਲੋਂ ਕੀਤੀ ਜਾ ਰਹੀ ਅਗਵਾਈ ਮੂਹਰੇ ਅਜੇ ਤੱਕ ਮੋਦੀ ਹਕੂਮਤ ਇਹਨਾਂ ਨਾਪਾਕ ਮਨਸੂਬਿਆਂ ਚ ਕਾਮਯਾਬ ਨਹੀਂ ਹੋ ਸਕੀ। ਹੁਣ ਵੱਖ ਸੂਬਿਆਂ ਦੀਆਂ ਚੋਣਾਂ ਚ ਜੁਟੀ ਹੋਈ ਮੋਦੀ ਸਰਕਾਰ ਨੇ ਚਾਹੇ ਉਪਰੋਂ ਇਸ ਨੂੰ ਅਣਗੌਲਿਆਂ ਕਰਨ ਦਾ ਪੈਂਤੜਾ ਲਿਆ ਹੋਇਆ ਹੈ ਪਰ ਅੰਦਰੋ ਅੰਦਰੀਂ ਇਸ ਨੂੰ ਦਬਾਉਣ-ਖਿੰਡਾਉਣ ਦੇ ਯਤਨ ਜਾਰੀ ਹਨ। ਇਹਨਾਂ ਯਤਨਾਂ ਦੀ ਸਫਲਤਾ ਲਈ ਟੇਕ ਕਿਸਾਨ ਮੋਰਚੇ ਚ ਡਟੇ ਲੋਕਾਂ ਦੇ ਹੰਭ-ਹਾਰ ਜਾਣ ਦੀਆਂ ਉਮੀਦਾਂ ਤੇ ਰੱਖੀ ਹੋਈ ਹੈ। ਪ੍ਰੱੈਸ ਹਲਕਿਆਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਸੰਘਰਸ਼ ਦੀਆਂ ਖਬਰਾਂ ਨੂੰ ਪੂਰੀ ਤਰਾਂ ਦਰ ਕਿਨਾਰ ਕੀਤਾ ਜਾਵੇ। ਪਰ ਸੰਘਰਸ਼ ਅੰਦਰ ਡਟੇ ਹੋਏ ਕਿਸਾਨਾਂ ਤੇ ਉਹਨਾਂ ਦੇ ਸਮਰਥਕਾਂ ਚ ਨਾ ਕਿਤੇ ਥਕਾਵਟ ਦੇ ਕੋਈ ਚਿੰਨ ਹਨ ਤੇ ਨਾ ਹੀ ਕਿਸੇ ਤਰਾਂ ਦੀ ਬੇ-ਉਮੀਦੀ ਤੇ ਨਿਰਾਸ਼ਾ ਦਾ ਕੋਈ ਝਲਕਾਰਾ ਦਿਖਾਈ ਦਿੰਦਾ ਹੈ ਸਗੋਂ ਦਿੱਲੀ ਦੇ ਕਿਸਾਨ ਮੋਰਚਿਆਂ ਦੀ ਚੜਦੀ ਕਲਾ ਦੀ ਦੁਨੀਆਂ ਭਰ ਚ ਧਮਕ ਪੈ ਰਹੀ ਹੈ। ਦਿੱਲੀ ਮੋਰਚਿਆਂ ਦੇ ਨਾਲ ਸੂਬਿਆਂ ਅੰਦਰ ਸਰਗਰਮੀ ਨੇ ਹੋਰ ਤੇਜ਼ੀ ਫੜੀ ਹੋਈ ਹੈ। ਪੰਜਾਬ ਅੰਦਰ ਹੋਈਆਂ ਵੱਡੀਆਂ ਰੈਲੀਆਂ ਨੇ ਤੇ ਦੂਜੇ ਸੂਬਿਆਂ ਚ ਕਿਸਾਨ ਪੰਚਾਇਤਾਂ ਦੇ ਨਾਂ ਤੇ ਹੋਏ ਇਕੱਠਾਂ ਨੇ  ਸੰਘਰਸ਼ ਦੀ ਤੜ ਮੁੜ ਉਭਾਰਨ ਚ ਅਹਿਮ ਰੋਲ ਅਦਾ ਕੀਤਾ ਹੈ। ਪੰਜਾਬ ਅੰਦਰ ਤਾਂ ਪਹਿਲਾਂ ਹੀ ਟੋਲ ਪਲਾਜੇ, ਰਿਲਾਇੰਸ ਤੇ ਐਸਆਰ ਦੇ ਪੰਪਾਂ ਤੇ ਸ਼ਾਪਿੰਗ ਮਾਲਾਂ ਅਤੇ ਹੋਰਨਾਂ ਕਾਰੋਬਾਰਾਂ ਦੇ ਘਿਰਾਓ ਲਗਾਤਾਰ ਜਾਰੀ ਹਨ ਸਗੋਂ ਇਹਨਾਂ ਤੇ ਨਾਲੋ ਨਾਲ ਲਾਮਬੰਦੀ ਦਾ ਪੱਧਰ ਉਪਰ ਵੱਲ ਨੂੰ ਹੀ ਜਾ ਰਿਹਾ ਹੈ। ਭਾਜਪਾਈ ਆਗੂਆਂ ਦੀਆਂ ਪਾਰਟੀ ਸਰਗਰਮੀਆਂ ਜਾਮ ਕਰਕੇ ਰੱਖ ਦਿੱਤੀਆਂ ਗਈਆਂ ਹਨ ਤੇ ਲੋਕਾਂ ਦਾ ਰੋਹ ਫੈਲ ਰਿਹਾ ਹੈ ਤੇ ਹੋਰ ਤਿੱਖਾ ਹੋ ਰਿਹਾ ਹੈ। ਸੂਬੇ ਅੰਦਰ ਹੋਏ ਵਿਸ਼ਾਲ ਇਕੱਠਾਂ ਨੇ ਤੇ ਇਹਨਾਂ ਇਕੱਠਾਂ ਦੀ ਨਾ ਟੁੱਟਣ ਵਾਲੀ ਲੜੀ ਨੇ ਦਰਸਾ ਦਿੱਤਾ ਹੈ ਕਿ ਲੋਕ ਰੌਂਅ ਮੱਠਾ ਪੈਣ ਵਾਲਾ ਨਹੀਂ ਹੈ। ਇਹ ਛੇਤੀ ਨਾ ਡੱਕਿਆ ਜਾਣ ਵਾਲਾ ਲਾਮਿਸਾਲ ਕਿਸਾਨੀ ਉਭਾਰ ਹੈ ਜੋ ਚਾਹੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਫੁੱਟਿਆ ਹੈ ਪਰ ਇਸ ਦੀ ਤਹਿ ਹੇਠਾਂ ਜ਼ਰੱਈ ਸੰਕਟ ਹੈ ਜੋ ਹੱਲ ਦਾ ਰਾਹ ਤਲਾਸ਼ ਰਿਹਾ ਹੈ। ਇਸ ਸੰਘਰਸ਼ ਰਾਹੀਂ ਕਿਸਾਨੀ ਚ ਦਹਾਕਿਆਂ ਤੋ ਪਨਪਦੇ ਆ ਰਹੇ ਰੋਹ ਨੂੰ ਮੂੰਹਾਂ ਮਿਲਿਆ ਹੈ। ਇਸ ਲਈ ਇਸ ਸੰਘਰਸ਼ ਦਾ ਘੇਰਾ ਬਹੁਤ ਵਿਸ਼ਾਲ ਹੈ ਤੇ ਦਿਖਦੀਆਂ ਮੰਗਾਂ ਤੋਂ ਅੱਗੇ ਵੀ ਇਸਦੀਆਂ ਬਹੁਤ ਪਰਤਾਂ ਹਨ। ਇਹ ਕਈ ਪ੍ਰਕਾਰ ਦੇ ਮਸਲਿਆਂ ਨੂੰ ਆਪਣੇ ਕਲਾਵੇ ਚ ਲੈ ਰਿਹਾ ਹੈ ਤੇ ਸਮਾਜ ਉੱਪਰ ਆਪਣਾ ਡੂੰਘਾ ਅਸਰ ਛੱਡ ਰਿਹਾ ਹੈ।

                ਪੰਜਾਬ ਤੋਂ ਤੁਰਿਆ ਵੱਡੇ ਜਨਤਕ ਸੰਘਰਸ਼ ਦਾ ਤੋਰਾ ਲਗਾਤਾਰ ਦੇਸ਼ ਭਰ ਚ ਫੈਲਦਾ ਗਿਆ ਹੈ। ਪੰਜਾਬ ਨਾਲੋਂ ਮੁਕਾਬਲਤਨ ਕਮਜੋਰੀ ਦੀ ਹਾਲਤ ਚ ਹੋਣ ਦੇ ਬਾਵਜੂਦ ਹਰਿਆਣੇ ਦੀ ਕਿਸਾਨ ਲਹਿਰ ਨੇ ਵੀ ਤੇਜ਼ੀ ਨਾਲ ਲਾਮਬੰਦੀ ਦੇ ਖੇਤਰ ਚ ਵੱਡੀ ਪੁਲਾਂਘ ਭਰੀ ਹੈ। ਏਥੇ ਉੱਠਿਆ ਉਭਾਰ ਅਜਿਹਾ ਹੈ ਕਿ ਇਸਨੇ ਭਾਜਪਾ ਦੀ ਸੂਬਾਈ ਹਕੂਮਤ ਦੀ ਰਾਜ ਮਸ਼ੀਨਰੀ ਨੂੰ ਜਾਮ ਕਰਕੇ ਰੱਖ ਦਿੱਤਾ ਹੈ। ਹਰਿਆਣੇ ਅੰਦਰ ਕਿਸਾਨ ਔਰਤਾਂ ਦੀ ਲਾਮਬੰਦੀ ਵੀ ਆਪਣੇ ਆਪ ਚ ਸੂਬੇ ਅੰਦਰ ਕਿਸਾਨੀ ਉਭਾਰ ਦੇ ਪੱਧਰ ਤੇ ਗੰਭੀਰਤਾ ਦੀ ਸੂਚਕ ਬਣ ਗਈ ਹੈ। ਹਰਿਆਣੇ ਦੇ ਟੋਲ ਪਲਾਜਿਆਂ ਤੇ ਜੁੜੇ ਹਰਿਆਣਵੀ ਔਰਤਾਂ ਦੇ ਵੱਡੇ ਇਕੱਠਾਂ ਦੇ ਦਿ੍ਰਸ਼ ਤੇ ਉੱਥੋਂ ਮੋਦੀ ਤੇ ਖੱਟਰ ਸਰਕਾਰ ਨੂੰ ਲਲਕਾਰਦੀਆਂ ਇਹ ਔਰਤਾਂ ਆਪਣੇ ਆਪ ਚ ਹੀ ਇਸ ਸੰਘਰਸ਼ ਦਾ ਵੱਡਾ ਹਾਸਲ ਹਨ ਜਿੰਨਾਂ ਦਾ ਮਹੱਤਵ ਫੌਰੀ ਤੌਰ ਤੇ ਦਿਖਦੀਆਂ ਪ੍ਰਾਪਤੀਆਂ ਨਾਲੋਂ ਕਿਤੇ ਵੱਡਾ ਹੈ। ਇਸ ਸੰਘਰਸ਼ ਨੇ ਸਮਾਜ ਦੇ ਉਹਨਾਂ ਤਬਕਿਆਂ ਤੱਕ ਸੰਘਰਸ਼ਾਂ ਦੀ ਚੇਤਨਾ ਲਿਜਾਣ ਦਾ ਕਾਰਜ ਬਹੁਤ ਤੇਜੀ ਨਾਲ ਕੀਤਾ ਹੈ ਜਿੱਥੇ ਆਮ ਹਾਲਤਾਂ ਚ ਇਸ ਚੇਤਨਾ ਦੇ ਸੰਚਾਰ ਲਈ ਦਹਾਕੇ ਲੱਗ ਜਾਂਦੇ ਹਨ। ਇਹਨਾਂ ਦੋਹਾਂ ਸੂਬਿਆਂ ਤੋਂ ਮਗਰੋਂ ਕਿਸਾਨ ਸੰਘਰਸ਼ ਨੇ ਹੋਰਨਾਂ ਸੂਬਿਆਂ ਚ ਵੀ ਪੈਰ ਪਸਾਰੇ ਹਨ। ਯੂ ਪੀ ਤੇ ਰਾਜਸਥਾਨ ਚ ਵੀ ਹਰਕਤਸ਼ੀਲਤਾ ਵਧੀ ਹੈ, ਖਾਸ ਕਰਕੇ ਪੱਛਮੀ ਯੂ ਪੀ ਅੰਦਰ ਭਾਜਪਾਈ ਯੋਗੀ ਹਕੂਮਤ ਦੇ ਅਧਾਰ ਨੂੰ ਤਿੱਖਾ ਖੋਰਾ ਲੱਗਿਆ ਹੈ। ਏਥੇ ਭਾਜਪਾ ਦੀ ਵੰਡ-ਪਾਊ ਸਿਆਸਤ ਨੂੰ ਕਿਸਾਨ ਸੰਘਰਸ਼ ਨੇ ਤਿੱਖੀ ਚੁਣੌਤੀ ਦਿੱਤੀ ਹੈ। ਜਾਟਾਂ ਤੇ ਮੁਸਲਮਾਨਾਂ ਚ ਪਾਇਆ ਗਿਆ ਫਿਰਕੂ ਪਾੜਾ ਪੂਰੇ ਜਾਣ ਵੱਲ ਵਧਿਆ ਹੈ ਤੇ ਜਮਾਤੀ ਏਕਤਾ ਦਾ ਵਰਤਾਰਾ ਫਿਰਕੂ ਵੰਡਾਂ ਦੇ ਉਪਰ ਦੀ ਪੈਂਦਾ ਦਿਖਿਆ ਹੈ।  ਇਹਨਾਂ ਨੇੜਲੇ ਸੂਬਿਆਂ ਤੋਂ ਇਲਾਵਾ ਵੀ ਦੂਰ ਦੁਰਾਡੇ ਦੇ ਸੂਬਿਆਂ ਤੱਕ ਕਿਸਾਨੀ ਸੰਘਰਸ਼ ਦੀਆਂ ਤਰੰਗਾਂ ਪੁੱਜ ਗਈਆਂ ਹਨ। ਆਂਧਰਾ, ਤਿਲੰਗਾਨਾ, ਕਰਨਾਟਕਾ ਤੇ ਉੜੀਸਾ ਵਰਗੇ ਸੂਬਿਆਂ  ਚ ਚਾਹੇ ਅਜੇ ਲਾਮਬੰਦੀ ਜਥੇਂਬੰਦ ਕਿਸਾਨੀ ਤੱਕ ਹੀ ਸੀਮਤ ਹੈ ਪਰ ਇਹਨਾਂ ਸੰਘਰਸ਼ ਮੁੱਦਿਆਂ ਖਾਸ ਕਰਕੇ ਐਮ ਐਸ ਪੀ ਤੇ ਸਰਕਾਰੀ ਖਰੀਦ ਦੀ ਮੰਗ ਨੂੰ ਕਿਸਾਨਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਦੱਖਣੀ ਭਾਰਤ ਦੇ ਕਈ ਸੂਬਿਆਂ ਚ ਨਵੀਂ ਫਸਲ ਦੀ ਐਮ ਐਸ ਪੀ ਤੋਂ ਹੇਠਾਂ ਖਰੀਦ ਕੇ ਕੀਤੀ ਲੁੱਟ ਨੇ ਕੌਮੀ ਪੱਧਰ ਤੇ ਕਿਸਾਨ ਮੰਗਾਂ ਦੀ ਵਾਜਬੀਅਤ ਦੀ ਚਰਚਾ ਛੇੜੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦਿਆਂ ਤੇ ਇਹਨਾਂ ਸੂਬਿਆਂ ਚ ਵੀ ਚੰਗੀ ਲਾਮਬੰਦੀ ਹੋ ਰਹੀ ਹੈ। ਇਉ ਦਿੱਲੀ ਮੋਰਚਿਆਂ ਦੇ ਨਾਲ ਨਾਲ ਸੂਬਿਆਂ ਅੰਦਰ ਜਾਰੀ ਲਾਮਬੰਦੀ ਤੇ ਵੱਡੇ ਜਨਤਕ ਐਕਸ਼ਨਾਂ ਦੀ ਲੜੀ ਸੰਘਰਸ਼ ਨੂੰ ਮੁਲਕ ਪੱਧਰਾ ਪਸਾਰ ਦੇ ਰਹੀ ਹੈ। ਮੋਦੀ ਹਕੂਮਤ ਲਈ ਇਸ ਸੰਘਰਸ਼ ਤੋਂ ਖਹਿੜਾ ਛੁਡਾਉਣਾ ਔਖਾ ਹੋ ਗਿਆ ਹੈ।

                ਇਹ ਪਸਾਰਾ ਸਿਰਫ ਹੋਰਨਾਂ ਸੂਬਿਆਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਹੋਰਨਾਂ ਤਬਕਿਆਂ ਦੀ ਹਮਾਇਤ ਜੁਟਾਉਣ ਪੱਖੋਂ ਵੀ ਸੰਘਰਸ਼ ਨੂੰ ਕਾਮਯਾਬੀ ਮਿਲੀ ਹੈ। ਖਾਸ ਕਰਕੇ ਸਨਅਤੀ ਮਜਦੂਰਾਂ ਨਾਲ ਰਲ ਕੇ ਪਹਿਲਾਂ ਮਨਾਇਆ ਗਿਆ ਨਿੱਜੀਕਰਨ ਵਿਰੋਧੀ ਦਿਨ ਤੇ ਮਗਰੋਂ ਚਾਰ ਮਹੀਨੇ ਪੂਰੇ ਹੋਣ ਤੇ ਕੀਤਾ ਗਿਆ ਭਾਰਤ ਬੰਦ ਦਾ ਐਕਸ਼ਨ ਇਹਨਾਂ ਦੋਹਾਂ ਤਬਕਿਆਂ ਦੀ ਸਾਂਝ ਉਸਾਰੀ ਪੱਖੋਂ ਤਾਂ ਮਹੱਤਪੂਰਨ ਹਨ ਹੀ ਨਾਲ ਹੀ ਫੌਰੀ ਪ੍ਰਸੰਗ ਚ ਖੇਤੀ ਕਾਨੂੰਨਾਂ ਤੇ ਲੇਬਰ ਕੋਡਾਂ ਦੇ ਸਾਂਝੇ ਕਾਰਪੋਰੇਟ ਹੱਲੇ ਦੀ ਤਸਵੀਰ ਉਘਾੜਨ ਪੱਖੋਂ ਵੀ ਅਹਿਮ ਹਨ। ਇਸ ਬੰਦ ਦੇ ਐਕਸ਼ਨ ਦੀ ਸਫਲਤਾ ਨੇ ਦਰਸਾਇਆ ਹੈ ਕਿ ਕਿਸਾਨ ਸੰਘਰਸ਼ ਮੁਲਕ ਭਰ ਅੰਦਰ ਪਸਾਰੇ ਦੇ ਰਾਹ ਤੇ ਹੈ ਤੇ ਹੋਰਨਾਂ ਤਬਕਿਆਂ ਦੀ ਹਮਾਇਤ ਵਧੀ ਹੈ।  ਸਨਅਤੀ ਮਜ਼ਦੂਰਾਂ ਤੇ ਮੁਲਾਜ਼ਮਾਂ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਨੇ ਇਸ ਦੀ ਸਫਲਤਾ ਲਈ ਹੋਰ ਮਜਬੂਤੀ ਦਿੱਤੀ ਹੈ। ਪੰਜਾਬ ਅੰਦਰ ਵੀ ਖੇਤ ਮਜ਼ਦੂਰਾਂ ਤੇ ਦਲਿਤ ਹਿੱਸਿਆਂ ਵੱਲੋਂ ਸੰਘਰਸ਼ ਦੀ ਹਮਾਇਤ ਚ ਕੀਤੀ ਲਾਮਬੰਦੀ ਹੋਰ ਵੀ ਮਹੱਤਵਪੂਰਨ ਹੈ। ਪਹਿਲਾਂ 21 ਫਰਵਰੀ ਨੂੰ ਬਰਨਾਲੇ ਅੰਦਰ ਹੋਈ ਮਜ਼ਦੂਰ ਕਿਸਾਨ ਏਕਤਾ ਮਹਾਂ ਰੈਲੀ ਨੇ ਖੇਤ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਈ, ਇਸ ਤਬਕੇ ਵੱਲੋਂ ਸੰਘਰਸ਼ ਦੇ ਮੈਦਾਨ ਚ ਆਉਣ ਦੇ ਮਹੱਤਵ ਨੂੰ ਉਭਾਰਿਆ। ਫਿਰ ਬਠਿੰਡੇ ਚ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਕੀਤੀ ਗਈ ਰੈਲੀ ਨੇ ਇਸ ਲਾਮਬੰਦੀ ਨੂੰ ਅੱਗੇ ਤੋਰਿਆ ਜਿੱਥੇ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਨਾਲ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਦਾ ਮੁੱਦਾ ਵੀ ਜੋਰ ਨਾਲ ਉਭਾਰਿਆ। ਇਹਨਾਂ ਯਤਨਾਂ ਤੋਂ ਇਲਾਵਾ ਵੀ ਨਾਭਾ ਤੇ ਲੁਧਿਆਣਾ ਅੰਦਰ ਦਲਿਤਾਂ ਵੱਲੋਂ ਕੀਤੀਆਂ ਲਾਮਬੰਦੀਆਂ ਚ ਵੀ ਕਿਸਾਨ ਮਜਦੂਰ ਏਕਤਾ ਦੇ ਨਾਹਰੇ ਦੀ ਗੂੰਜ ਸੁਣਾਈ ਦਿੱਤ ੀ ਹੈ ਜੋ ਨਾ ਸਿਰਫ ਕਿਸਾਨੀ ਸੰਘਰਸ਼ ਲਈ ਨਿੱਗਰ ਹਮਾਇਤ ਬਣਦੀ ਹੈ ਸਗੋਂ ਸ਼ੁਰੂ ਤੋਂ ਉਡੀਕੀ  ਜਾ ਰਹੀ ਸਭ ਤੋਂ ਜਿਆਦਾ ਲੋੜੀਂਦੀ ਹਮਾਇਤ ਹੈ। ਹਮਾਇਤ ਦਾ ਇਹ ਵਰਤਾਰਾ ਪੰਜਾਬ ਦੀ ਜਨਤਕ ਲਹਿਰ ਲਈ ਵੱਡੀਆਂ ਹਾਂ ਪੱਖੀ ਅਰਥ-ਸੰਭਾਨਾਵਾਂ ਰਖਦਾ ਹੈ।

                ਕੌਮਾਂਤਰੀ ਪੱਧਰ ਤੇ ਸੰਘਰਸ਼ ਦੀ ਹਮਾਇਤ ਦਾ ਲਗਾਤਾਰ ਪਸਾਰਾ ਹੋਇਆ ਹੈ। ਵਿਦੇਸ਼ਾਂ ਅੰਦਰਲੇ ਪੰਜਾਬੀਆਂ ਤੋਂ ਬਿਨਾਂ ਹੋਰਨਾਂ ਹਿੱਸਿਆਂ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਖਾਸ ਕਰਕੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਈ ਸਖਸ਼ੀਅਤਾਂ ਵੱਲੋਂ ਕਿਸਾਨਾਂ ਲਈ ਮਾਰੇ ਹਾਅ ਦੇ ਨਾਅਰੇ ਨੇ ਦੁਨੀਆਂ ਭਰ ਚ ਜ਼ੋਰਦਾਰ ਚਰਚਾ ਛੇੜੀ ਤੇ ਮੋਦੀ ਹਕੂਮਤ ਨੂੰ ਬਚਾਅ ਦੇ ਪੈਂਤੜੇ ਤੇ ਜਾਣ ਲਈ ਮਜਬੂਰ ਕੀਤਾ ਹੈ। ਇਸ ਦੌਰਾਨ 8 ਮਾਰਚ ਨੂੰ ਔਰਤ ਦਿਹਾੜੇ ਮੌਕੇ ਦਿੱਲੀ ਮੋਰਚਿਆਂ ਤੇ ਹੋਇਆ ਔਰਤ ਸ਼ਕਤੀ ਦਾ ਮੁਜਾਹਰਾ ਲਾਸਾਨੀ ਸੀ ਜਿਸ ਨੇ ਸੰਸਾਰ ਭਰ ਦੇ ਹਲਕਿਆਂ ਦਾ ਧਿਆਨ ਖਿੱਚਿਆ। ਦਿੱਲੀ ਦੀਆਂ ਔਰਤ ਹੱਕਾਂ ਦੀਆਂ ਕਾਰਕੁੰਨਾਂ ਲਈ ਟਿੱਕਰੀ ਬਾਰਡਰ ਤੇ ਬੀ ਕੇ ਯੂ ਏਕਤਾ ਉਗਰਾਹਾਂ ਦੀ ਕਾਨਫਰੰਸ ਚ ਜੁੜਿਆ ਔਰਤਾਂ  ਦਾ ਵੱਡਾ ਇਕੱਠ ਅਚੰਭਾਜਨਕ ਸੀ ਤੇ ਬਹੁਤ ਉਤਸ਼ਾਹਿਤ ਕਰਨ ਵਾਲਾ ਸੀ। ਇਸ ਨੇ ਸ਼ੰਘਰਸ਼ ਅੰਦਰ ਔਰਤਾਂ ਦੀ ਸ਼ਮੂਲੀਅਤ ਨੂੰ ਹੋਰ ਉਗਾਸਾ ਦਿੱਤਾ ਤੇ ਨਾਲ ਹੀ ਔਰਤ ਸ਼ਕਤੀ ਦੇ ਜਥੇਬੰਦ ਹੋਣ ਤੇ ਲਾਮਬੰਦ ਹੋਣ ਨੇ ਸੰਘਰਸ਼ਾਂ ਅੰਦਰ ਅਹਿਮ ਹਿੱਸਾਪਾਈ ਦੀ ਗੁੰਜਾਇਸ਼ ਨੂੰ ਦਰਸਾਇਆ ਹੈ। ਪੰਜਾਬ ਅੰਦਰ ਚੱਲ ਰਹੇ ਮੋਰਚਿਆਂ ਤੇ ਪਹਿਲਾਂ ਹੀ ਔਰਤਾਂ ਦੀ ਵੱਡੀ ਹਾਜਰੀ ਤੇ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਜੁੰਮੇਵਾਰੀਆਂ ਦੀ ਨਿਰੰਤਰਤਾ ਚ ਇਹ ਔਰਤਾਂ ਦਾ ਵੱਡਾ ਐਕਸ਼ਨ ਸੀ। ਇਸ ਨੇ ਔਰਤ ਮੁਕਤੀ ਲਹਿਰ ਚ ਵੀ ਜਥੇਬੰਦ ਕਿਸਾਨ ਮਜਦੂਰ ਔਰਤਾਂ ਦੀ ਅਹਿਮੀਅਤ ਨੂੰ ਪਛਾਨਣ ਵੱਲ ਇਸ਼ਾਰਾ ਕੀਤਾ। ਪੰਜਾਬੀ ਤੇ ਹਰਿਆਣਵੀ ਔਰਤਾਂ ਦਾ ਇਹ ਸਾਂਝਾ ਮਿਸਾਲੀ ਪ੍ਰਦਰਸ਼ਨ ਸੰਘਰਸ਼ ਦਾ ਇਕ ਵੱਡਾ ਹਾਸਲ ਸੀ ਤੇ ਮੋਦੀ ਹਕੂਮਤ ਨੂੰ ਸੁਣਵਾਈ ਸੀ ਕਿ ਅਜਿਹੀ ਪਾਏਦਾਰ ਲਾਮਬੰਦੀ ਤੋਂ ਛੇਤੀ ਛੁਟਕਾਰੇ ਦਾ ਭਰਮ ਨਾ ਪਾਲਿਆ ਜਾਵੇ। ਇਹ ਸ਼ਮੂਲੀਅਤ ਆਪਣੀਆਂ ਫਸਲਾਂ, ਜਮੀਨਾਂ ਤੇ ਸਮੁੱਚੇ ਖੇਤੀ ਕਿੱਤੇ ਦੀ ਰਾਖੀ ਲਈ ਕਿਸਾਨੀ ਘਰ ਘਰ ਅੰਦਰ ਪਸਰ ਰਹੀ ਚੇਤਨਾ ਦੇ ਅਗਲੇ ਦੌਰ ਦਾ ਸੰਕੇਤ ਵੀ ਸੀ। ਇਸ ਤੋਂ ਮਗਰੋਂ 23 ਮਾਰਚ ਦੇ ਕੌਮੀ ਸ਼ਹੀਦਾਂ ਦੀ ਯਾਦ ਚ ਦਿੱਲੀ ਮੋਰਚਿਆਂ ਤੇ ਅਤੇ ਪੰਜਾਬ ਅੰਦਰ ਹੋਏ ਵੱਡੇ ਇਕੱਠਾਂ ਨੇ ਲੋਕਾਂ ਦੇ ਜੂਝਣ ਇਰਾਦਿਆਂ ਚ ਹੋਰ ਜੋਸ਼ ਭਰਿਆ,  ਸਾਮਰਾਜਵਾਦ ਖਿਲਾਢ ਲੜੇ ਗਏ ਕੌਮੀ ਸੰਗਰਾਮ ਦੀ ਚਰਚਾ ਸੰਘਰਸ਼ ਅੰਦਰ ਤੁਰੀ ਤੇ ਕੁੱਝ ਹਿੱਸਿਆਂ ਨੇ ਸਾਮਰਾਜਵਾਦ ਤੇ ਖੇਤੀ ਕਨੂੰਨਾਂ ਦੇ ਸੰਬੰਧ ਉਜਾਗਰ ਕਰਨ ਦਾ ਗੰਭੀਰ ਯਤਨ ਵੀ ਕੀਤਾ।                      26 ਜਨਵਰੀ ਦੀਆਂ ਘਟਨਾਵਾਂ ਇਸ ਸੰਘਰਸ਼ ਅੰਦਰ ਵੱਡਾ ਨਾਂਹ-ਪੱਖੀ ਮੋੜ ਸਨ ਜਦੋਂ ਭਾਜਪਾਈ ਹਕੂਮਤ ਨੇ ਵੱਡੀ ਸਾਜਿਸ਼ ਰਚਦਿਆਂ ਸੰਘਰਸ਼ ਤੇ ਜਾਬਰ ਸੱਟ ਮਾਰਨ ਦਾ ਰਾਹ ਪੱਧਰਾ ਕਰ ਲਿਆ ਸੀ। ਸੰਘਰਸ਼ ਤੇ ਫਾਸ਼ੀ ਹਮਲਾ ਕਰਨ ਲਈ ਵੱਡੀ ਸਾਜਿਸ਼ ਰਚੀ ਗਈ ਜਿਸ ਵਿਚ ਸੁਚੇਤ ਤੇ ਅਚੇਤ ਕਈ ਤਰਾਂ ਦੇ ਹਿੱਸੇ ਸ਼ਾਮਲ ਸਨ। ਇਹਨਾਂ ਹਿੱਸਿਆਂ ਨੇ ਬਦਲਵੇਂ ਰੂਟ ਦੇ ਮਾਰਚ  ਲਈ ਨੌਜਵਾਨਾਂ ਨੂੰ ਭੜਕਾਇਆ ਤੇ ਹਕੂਮਤ ਨੇ ਲਾਲ ਕਿਲੇ ਵੱਲ ਜਾਂਦੇ ਰਾਹ ਖੋਹਲੇ। ਇਉ ਮੋਦੀ ਹਕੂਮਤ ਦੀ ਮਿਲੀਭੁਗਤ ਤੇ ਹੱਲਾਸ਼ੇਰੀ ਨਾਲ ਲਾਲ ਕਿਲੇ ਤੇ ਧਾਰਮਿਕ ਨਿਸ਼ਾਨ ਝੁਲਾਉਣ ਦੀ ਫਿਰਕੂ ਕਾਰਵਾਈ ਨੇ ਸੰਘਰਸ਼ ਨੂੰ ਸਿੱਖ ਫਿਰਕੂ ਜਨੂੰਨੀਆਂ ਦਾ ਸੰਘਰਸ਼ ਬਣਾ ਕੇ ਪੇਸ਼ ਕਰਨ ਦੀ ਸਰਕਾਰ ਦੀ ਕੋਸ਼ਿਸ਼ ਨੂੰ ਰਾਹ ਦੇ ਦਿੱਤਾ ਤੇ ਇਸ ਦੀ ਆੜ ਹੇਠ ਸਰਕਾਰ ਨੇ ਦਿੱਲੀ ਮੋਰਚਿਆਂ ਨੂੰ ਫਾਸ਼ੀ ਹਮਲੇ ਨਾਲ ਕੁਚਲ ਦੇਣ ਦਾ ਇਰਾਦਾ ਧਾਰ ਲਿਆ। ਪਹਿਲਾਂ ਪਲਵਲ ਦਾ ਮੋਰਚਾ ਜਬਰੀ ਖਦੇੜ ਦਿੱਤਾ ਗਿਆ ਤੇ ਫਿਰ ਗਾਜੀਪੁਰ ਚ ਡਟੇ ਯੂ ਪੀ ਤੇ ਉਤਰਾਖੰਡ ਦੇ ਕਿਸਾਨਾਂ ਤੇ ਹਮਲਾ ਬੋਲਣ ਦੀ ਤਿਆਰੀ ਕਰ ਲਈ ਗਈ ਸੀ। ਕਿਸਾਨ ਆਗੂ ਰਿਕੇਸ਼ ਟਿਕੈਤ ਦੀ ਗਿ੍ਰਫਤਾਰੀ ਨਾਲ ਜੁੜ ਕੇ ਉਭਰੇ ਰੋਹ ਨਾਲ ਉੱਠੀ ਕਿਸਾਨੀ ਦੀ ਲਾਮਬੰਦੀ ਨੇ ਇਕ ਵਾਰ ਮੋਦੀ ਹਕੂਮਤ ਦੇ ਹੱਥ ਰੋਕ ਦਿੱਤੇ ਸਨ ਤੇ ਮਗਰੋਂ ਕਿਸਾਨ ਲੀਡਰਸ਼ਿੱਪ ਦੇ ਯਤਨਾਂ ਸਦਕਾ ਤੇ ਲੋਕਾਂ ਦੇ ਵੱਡੇ ਹਿੱਸੇ ਵੱਲੋ ਫਿਰਕੂ ਅਨਸਰਾਂ ਦੀ ਕਾਰਵਾਈ ਨੂੰ ਰੱਦ ਕਰਦਿਆਂ ਲੀਡਰਸ਼ਿੱਪ ਨਾਲ ਦਿਖਾਈ ਇਕਜੁੱਟਤਾ ਨੇ  ਸੰਘਰਸ਼ ਨੂੰ ਫਿਰ ਉਭਾਰ ਦਿੱਤਾ ਤੇ ਲੋਕਾਂ ਦਾ ਹੱਥ ਹਕੂਮਤ ਦੇ ਉਪਰ ਦੀ ਕਰ ਦਿੱਤਾ। ਉਸ ਤੋਂ ਮਗਰੋਂ ਪੰਜਾਬ ਅੰਦਰ ਉਹਨਾਂ ਸ਼ਕਤੀਆਂ ਨੇ ਕਿਸਾਨ ਸੰਘਰਸ਼ ਦੀ ਪੈੜ ਵਰਤ ਕੇ ਆਪਣੇ ਸੌੜੇ ਸਿਆਸੀ ਤੇ ਫਿਰਕੂ ਮਨਸੂਬਿਆਂ ਨੂੰ ਤੋੜ ਚਾੜਨ ਦਾ ਇਰਾਦਾ ਤਿਆਗਿਆ ਨਹੀਂ ਸਗੋਂ ਕੁੱਝ ਕੁ ਦਿਨ ‘‘ਜੋ ਹੋ ਗਿਆ ਸੋ ਹੋ ਗਿਆ’’ ਤੇ ‘‘ਹੁਣ ਮਿੱਟੀ ਪਾਓ’’ ਦੀਆਂ ਸੁਰਾਂ ਕੱਢਣ ਮਗਰੋਂ ਫਿਰ ਕਿਸਾਨ ਲੀਡਰਸ਼ਿੱਪ ਨੂੰ ਰੱਦ ਕਰਨ ਦੀ ਮੁਹਿੰਮ ਵਿੱਢ ਦਿੱਤੀ। ਇਹ ਮੁਹਿੰਮ ਕਦੇ ‘‘ਨੌਜਵਾਨ ਬਨਾਮ ਕਿਸਾਨ ਲੀਡਰਸ਼ਿੱਪ’’ ਤੇ ਕਦੇ ਸਿੱਖ ਬਨਾਮ ਕਾਮਰੇਡਦੇ ਝੂਠੇ ਬਿਰਤਾਂਤ ਦੁਆਲੇ ਚਲਾਉਣ ਦਾ ਯਤਨ ਕੀਤਾ ਗਿਆ। ਕਿਸਾਨ ਲੀਡਰਸ਼ਿਪ ਤੇ ਦਬਾਅ ਬਣਾ ਕੇ ਮੋਰਚਿਆਂ ਅੰਦਰ ਮੁੜ ਪੈਰ ਧਰਾਅ ਬਣਾਉਣ ਦੇ ਯਤਨ ਵਿੱਢੇ ਗਏ। ਸਾਂਝੇ ਕਿਸਾਨ ਪਲੇਟਫਾਰਮ ਦੇ ਮੁਕਾਬਲੇ ਤੇ ਮਹਿਰਾਜ ਤੇ ਮਸਤੂਆਣੇ ਚ ਇਕੱਠ ਕੀਤੇ ਗਏ। ਇਹਨਾਂ ਇਕੱਠਾਂ ਚ ਕਿਸਾਨ ਲੀਡਰਸ਼ਿੱਪ ਨੂੰ ਰੱਦ ਕਰਨ ਦੇ ਹੋਕਰੇ ਮਾਰੇ ਗਏ। ਇਹ ਕੁੱਝ ਏਕਤਾ ਕਰਨ  ਨੌਜਵਾਨਾਂ ਨੂੰ ਬਣਦਾ ਸਨਮਾਨ ਦੇਣਆਦਿ ਦੇ ਪਰਦੇ ਹੇਠ ਕੀਤਾ ਗਿਆ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣ ਦੀ ਕਾਰਵਾਈ ਨੂੰ ਵਾਜਬ ਕਰਾਰ ਦਿੱਤਾ ਗਿਆ ਤੇ ਸੰਘਰਸ਼ ਤੇ ਸਿੱਖ ਧਰਮ ਦਾ ਪਰਦਾ ਪਾਉਣ ਦੇ ਹੋਕਰੇ ਮਾਰੇ ਗਏ। ਚਾਹੇ ਅੱਜ ਤੱਕ ਇਹਨਾਂ ਸ਼ਕਤੀਆਂ ਵੱਲੋਂ ਸੰਘਰਸ਼ ਅੰਦਰ ਪੈਰ ਜਮਾਉਣ ਤੇ ਇਸ ਨੂੰ ਮਨਚਾਹੀਆਂ ਲੀਹਾਂ ਤੇ ਤੋਰਨ ਚ ਕਾਮਯਾਬੀ ਨਹੀਂ ਮਿਲੀ ਪਰ ਇਹਨਾਂ ਨੇ ਅਜੇ ਆਪਣੀਆਂ ਕੋਸ਼ਿਸ਼ਾਂ ਤਿਆਗੀਆਂ ਨਹੀਂ ਹਨ ਤੇ ਇਹ ਹਿੱਸੇ ਸਿੰਘੂ ਬਾਰਡਰ ਤੇ ਅਜੇ ਵੀ ਸੰਘਰਸ਼ ਅੰਦਰ ਦਖਲ ਬਣਾਉਣ ਦੇ ਯਤਨਾਂ ਚ ਹਨ।

                ਇਹ ਸੰਘਰਸ਼ ਅੰਦਰ ਫਿਰਕੂ ਬਿਰਤਾਂਤ ਖੜਾ ਕਰਕੇ, ਇਸ ਦੀ ਅਗਵਾਈ ਹਥਿਆਉਣ ਨੂੰ ਫਿਰਦੇ ਵੱਖ ਵੱਖ ਤਰਾਂ ਦੇ ਫਿਰਕੂ, ਲੋਕ ਦੁਸ਼ਮਣ ਸਿਆਸਤ ਵਾਲੇ ਮੌਕਾਪ੍ਰਸਤ ਹਿੱਸਿਆਂ ਦਾ ਗੱਠਜੋੜ ਹੈ ਜਿਨਾਂ ਨੂੰ ਸਾਂਝੇ ਕਿਸਾਨ ਪਲੇਟਫਾਰਮ ਵਿੱਚ ਸ਼ਾਮਲ ਕੁੱਝ ਜਥੇਬੰਦੀਆਂ-ਆਗੂਆਂ ਵੱਲੋਂ ਵੀ ਹਮਾਇਤੀ ਢੋਈ ਮਿਲਦੀ ਆ ਰਹੀ ਹੈ। ਸੌੜੀਆਂ ਗਿਣਤੀਆਂ ਤੇ  ਗਲਤ ਪਹੁੰਚਾਂ ਦੇ ਰਲੇ ਮਿਲੇ ਕਾਰਨਾਂ ਕਰਕੇ ਪਲੇਟਫਾਰਮ ਦੇ ਅੰਦਰੋਂ ਮਿਲਦੀ ਰਹੀ ਸ਼ਹਿ ਹੀ ਇਹਨਾਂ ਲਈ ਮੁੱੱਖ ਤਾਕਤ ਬਣਦੀ ਆ ਰਹੀ ਹੈ ਕਿਉਕਿ ਸੰਘਰਸ਼ ਅੰਦਰ ਦਖਲ ਬਣਾਉਣ ਲਈ ਲੋੜੀਂਦੇ ਅਸਰਦਾਰ ਜਨਤਕ ਅਧਾਰ ਪੱਖੋਂ ਤਾਂ ਇਹਨਾਂ ਹਿੱਸਿਆਂ ਦੀ ਕੰਗਾਲੀ ਵਾਲੀ ਹਾਲਤ ਹੀ ਹੈ। ਇਹਨਾਂ ਸ਼ਕਤੀਆਂ ਦਾ ਇਕ ਚਿਹਰਾ ਦੀਪ ਸਿੱਧੂ ਹੈ ਜਿਸ ਨੇ ਸਾਂਝੇ ਕਿਸਾਨ ਪਲੇਟਫਾਰਮ ਦੇ ਬਾਹਰ ਖੜ ਕੇ ਸ਼ੰਭੂ ਚ ਮੁਕਾਬਲੇ ਦਾ ਧਰਨਾ ਲਾ ਕੇ, ਬਦਲਵੀਆਂ ਮੰਗਾਂ ਤੇ ਬਦਲਵੀਂ ਲੀਡਰਸ਼ਿੱਪ ਉਭਾਰਨ ਦਾ ਯਤਨ ਕੀਤਾ। ਜਮੀਨਾਂ, ਫਸਲਾਂ ਦੀ ਰਾਖੀ ਦੇ ਵੱਡੇ ਸਰੋਕਾਰਾਂ ਨੂੰ ਲੈ ਕੇ ਉੱਠੀ ਕਿਸਾਨੀ ਨੂੰ ਉਹ ਇਸ ਪੈਂਤੜੇ ਕਾਰਨ ਬਹੁਤਾ ਪ੍ਰਭਾਵਤ ਨਾ ਕਰ ਸਕਿਆ ਤੇ ਲਗਭਗ ਨਿਖੇੜੇ ਦੀ ਹਾਲਤ ਚ ਹੀ ਰਿਹਾ। ਜਦ ਕਿ ਦੂਜਾ ਚਿਹਰਾ ਲੱਖਾ ਸਿਧਾਣਾ ਹੈ। ਉਸ ਨੇ ਕੋਈ ਸਪਸ਼ਟ ਪੁਜੀਸ਼ਨ ਨਹੀਂ ਲਈ ਚਾਹੇ ਸੁਰ ਦੀਪ ਸਿੱਧੂ ਵਾਲੀ ਰੱਖੀ ਪਰ ਉਹ ਸਾਂਝੇ ਕਿਸਾਨ ਪਲੇਟਫਾਰਮ ਨਾਲ ਜੁੜਿਆ ਪੇਸ਼ ਹੋ ਕੇ ਹੀ ਰਾਜ ਸੱਤਾ ਦੇ ਗਲਿਆਰਿਆਂ ਤੱਕ ਪੁੱਜਣ ਦੀਆਂ ਆਪਣੀਆਂ ਜੋਰਦਾਰ  ਉਮੰਗਾਂ ਤੋੜ ਚੜਾਉਣੀਆਂ ਚਾਹੁੰਦਾ ਸੀ। ਉਸ ਨੇ ਚਾਹੇ ਖੁਲੇਆਮ ਕਿਸਾਨ ਲੀਡਰਸ਼ਿੱਪ ਦੇ ਭੰਡੀ ਪ੍ਰਚਾਰ ਤੋਂ ਪ੍ਰਹੇਜ ਕੀਤਾ ਪਰ ਨਾਲ ਹੀ ਸਾਂਝੀ ਸਟੇਜ ਤੋਂ ਮਨਚਾਹਿਆ ਸਮਾਂ ਹਾਸਲ ਕਰਨ ਲਈ, ਲੀਡਰਸ਼ਿੱਪ ਚ ਸਥਾਨ ਹਾਸਲ ਕਰਨ ਲਈ ਆਪਣੇ ਨੌਜਵਾਨ ਸਮਰਥਕਾਂ ਰਾਹੀਂ ਲੀਡਰਸ਼ਿੱਪ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਦਿੱਲੀ ਜਾਣ ਵੇਲੇ ਵੀ ਇਹਨਾਂ ਹਿੱਸਿਆਂ ਨੇ ਕਿਸਾਨ ਲੀਡਰਸ਼ਿੱਪ ਦੇ ਫੈਸਲੇ ਦੇ ਉਲਟ ਖੜ ਕੇ ਰੋਲ ਨਿਭਾਇਆ। ਇਸ ਨਾਲ ਜੁੜੇ ਨੌਜਵਾਨਾਂ ਦੇ ਇੱਕ ਹਿੱਸੇ ਨੇ ਬੀ ਕੇ ਯੂ ਏਕਤਾ ਉਗਰਾਹਾਂ ਦੇ 26 ਨਵੰਬਰ ਦੇ ਡੱਬਵਾਲੀ ਤੇ ਖਨੌਰੀ ਬਾਰਡਰ ਤੇ ਜੁੜੇ ਇਕੱਠਾਂ ਚ ਹੁੱਲੜਬਾਜੀ ਕੀਤੀ, ਵਿਘਨ ਪਾਇਆ, ਸਟੇਜ ਤੇ ਕਬਜਾ ਜਮਾਉਣ ਦਾ ਯਤਨ ਕੀਤਾ ਤੇ ਲੀਡਰਸ਼ਿਪ ਨਾਲ ਮੰਦਕਲਾਮੀ ਕੀਤੀ। ਇਹ ਹਿੱਸੇ ਦਿੱਲੀ ਜਾਣ ਲਈ ਨਾਕੇ ਤੋੜਨ ਖਾਤਰ ਦਬਾਅ ਬਣਾ ਰਹੇ ਸਨ। ਪਰ ਜਥੇਬੰਦੀ ਦੇ ਵਲੰਟੀਅਰਾਂ ਤੇ ਲੀਡਰਸ਼ਿਪ ਦੇ ਧੜੱਲੇ ਅੱਗੇ ਇਹਨਾਂ ਦੀ ਪੇਸ਼ ਨਹੀਂ ਸੀ ਗਈ। ਇਹਨਾਂ ਨਾਲ ਇਕ ਸੀ ਆਈ ਡੀ ਦਾ ਡੀ ਐਸ ਪੀ ਤੇ ਕਾਂਗਰਸੀ ਐਮ ਐਲ ਏ ਦਾ ਮੁੰਡਾ ਕਮਲਜੀਤ ਬਰਾੜ ਵੀ ਇਸ ਹੁੱਲੜਬਾਜੀ ਚ ਸ਼ਾਮਲ ਸੀ। ਇਹੀ ਮਗਰੋਂ ਮਹਿਰਾਜ ਦੇ ਇਕੱਠ ਚ ਵੀ ਨਿਸ਼ਾਨ ਸਾਹਿਬ ਫੜੀ ਬੈਠਾ ਦਿਖਿਆ ਸੀ। 26 ਜਨਵਰੀ ਨੂੰ ਇਸੇ ਜਥੇਬੰਦੀ ਵੱਲੋਂ ਕੀਤੇ ਟਰੈਕਟਰ ਮਾਰਚ ਦੌਰਾਨ ਵੀ ਰਿੰਗ ਰੋਡ ਤੇ ਜਾਣ ਦੀ ਜਿੱਦ ਕਰਕੇ ਮਾਰਚ ਵਿੱਚ ਖਲਲ ਪਾਉਣ ਵਾਲੇ ਹਿੱਸੇ ਵੀ ਇਹਨਾਂ ਦੇ ਪ੍ਰਭਾਵ ਅਧੀਨ ਸਨ। ਮਗਰੋਂ 27 ਜਨਵਰੀ ਨੂੰ ਵੀ ਇਹਨਾਂ ਚੋਂ ਇਕ ਹਿੱਸੇ ਨੇ ਪਕੌੜਾ ਚੌਕ ਚ ਲੱਗੀ ਇਸੇ ਜਥੇਬੰਦੀ ਦੀ ਸਟੇਜ ਤੇ ਹੜਦੁੰਗ ਮਚਾਉਣ ਦਾ ਯਤਨ ਕੀਤਾ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ।

                ਨੌਜਵਾਨ ਕਹਾਉਦੇ ਇਹ ਹਿੱਸੇ 26 ਨਵੰਬਰ ਤੋਂ ਮਗਰੋਂ ਹੁਣ ਤੱਕ ਨਾਕੇ ਤੋੜ ਕੇ  ਲੀਡਰਾਂ ਨੂੰ ਦਿੱਲੀ ਲੈ ਆਉਣ ਦਾ ਦਾਅਵਾ ਕਰਦੇ ਆ ਰਹੇ ਹਨ। ਪਹਿਲਾਂ ਲੀਡਰਸ਼ਿਪ ਖਿਲਾਫ਼ ਬੋਲਣ ਕਰਕੇ ਤੇ ਮਗਰੋਂ ਲਾਲ ਕਿਲੇ ਤੇ ਝੰਡਾ ਝੁਲਾਉਣ ਦੀ ਕਾਰਵਾਈ ਚ ਦੀਪ ਸਿੱਧੂ ਵੱਲੋਂ ਸਿੱਧੇ ਤੌਰ ਤੇ ਸ਼ਾਮਲ ਹੋਣ ਕਾਰਨ ਉਹ ਲੋਕਾਂ ਅੰਦਰ ਨਸ਼ਰ ਹੋ ਗਿਆ ਪਰ ਲੱਖਾ ਸਿਧਾਣਾ ਵੱਲੋਂ ਸਿੱਧੇ ਤੌਰ ਤੇ ਜਾਹਰ ਹੋਣ ਤੋਂ ਪ੍ਰਹੇਜ ਕੀਤਾ ਗਿਆ ਜਿਸ ਕਾਰਨ ਉਸ ਦੇ ਅਮਲ ਬਾਰੇ, ਉਸ ਦੀ ਪਹੁੰਚ ਬਾਰੇ ਇਕ ਹਿੱਸੇ ਚ ਅਜੇ ਵੀ ਭੁਲੇਖੇ ਮੌਜੂਦ ਹਨ। ਜਦਕਿ ਹਕੀਕਤ ਇਹ ਹੈ ਕਿ ਇਸ ਸਮੁੱਚੇ ਭਟਕਾਊ ਅਮਲ ਚ ਉਹ ਵੀ ਉਵੇਂ ਹੀ ਹਿੱਸੇਦਾਰ ਹੈ। ਉਜ ਤਾਂ ਲੱਖੇ ਸਿਧਾਣੇ ਦਾ ਪਿਛੋਕੜ-ਖਾਸ ਕਰਕੇ ਜਦੋਂ ਤੋਂ ਉਹਨੇ ਸਮਾਜ ਸੇਵੀ’’ ਵਜੋਂ ਸਰਗਰਮੀਆ ਸ਼ੁਰੂ ਕੀਤੀਆਂ ਹਨ, ਇਹ ਦਰਸਾਉਦਾ ਹੈ ਕਿ ਉਸ ਦੀ ਸਰਗਰਮੀ ਦਾ ਮੰਤਵ ਹਾਕਮ ਜਮਾਤੀ ਸਿਆਸਤ ਦੀ ਪੌੜੀ ਚੜਨਾ ਹੀ ਹੈ। ਉਸ ਦੀ ਲੋਕ ਸੰਘਰਸ਼ਾਂ ਚ ਘੁਸਪੈਠ ਵੀ ਏਸੇ ਮੰਤਵ ਦੀ ਉਪਜ ਹੈ। ਮੌਜੂਦਾ ਸੰਘਰਸ਼ ਅੰਦਰ ਵੀ ਉਸਦਾ ਰੋਲ ਮੁਕਾਬਲੇ ਦੇ ਲੀਡਰ ਵਜੋਂ ਉਭਰਨ ਦਾ ਰਿਹਾ ਹੈ। ਖਾਲਸਤਾਨੀ ਤੱਤਾਂ ਤੇ  ਕਾਂਗਰਸੀ ਲੀਡਰਾਂ ਨਾਲ ਨੇੜਤਾ ਤੇ ਉਸ ਦੀਆਂ ਸਰਗਰਮੀਆਂ ਦਾ ਖਾਸਾ ਉਸ ਦੀ ਮੌਕਾਪ੍ਰਸਤ ਸਿਆਸਤ ਦਾ ਜਾਮਨ ਹੈ। ਉਸ ਵੱਲੋਂ ਬਦਲਵੇਂ ਰੂਟ ਤੇ ਜਾਣ ਦੀ ਕਾਰਵਾਈ ਨੂੰ ਅੰਜ਼ਾਮ ਦੇਣ ਚ ਅਹਿਮ ਹਿੱਸਾ ਪਾਇਆ ਗਿਆ ਤੇ ਸੰਘਰਸ਼ ਦੇ ਐਨ ਸ਼ੁਰੂ ਤੋਂ ਹੀ ਕਿਸਾਨ ਮੰਗਾਂ ਤੋਂ ਵੱਖਰੀਆਂ ਮੰਗਾਂ ਜਿਵੇਂ ਅਨੰਦਪੁਰ ਦਾ ਮਤਾ, ਪਾਣੀਆਂ ਦੇ ਮਸਲੇ ਵਰਗੀਆਂ ਸਿਆਸੀ ਮੰਗਾਂ ਉਭਾਰੀਆਂ ਜਾਂਦੀਆਂ ਰਹੀਆਂ ਹਨ। ਕਿਸਾਨ ਪਲੇਟਫਾਰਮ ਦੀ ਵਰਤੋਂ ਕਰਨ ਦੀ ਜਰੂਰਤ ਉਸ ਨੂੰ ਇਹ ਸੁਰ ਮੱਧਮ ਕਰਨ ਲਈ ਮਜਬੂਰ ਕਰਦੀ ਰਹੀ ਹੈ ਤੇ ਨਾਲ ਹੀ ਸਿੱਖ ਜਨੂੰਨੀ ਤੇ ਫਿਰਕੂ ਹਿੱਸਿਆਂ ਦੀ ਹਮਾਇਤ ਹਾਸਲ ਕਰਨ ਦੀ ਜਰੂਰਤ ਉਸ ਨੂੰ ਇਹ ਮੁੱਦੇ ਉਭਾਰਨ ਲਈ ਉਕਸਾਉਦੀ ਰਹੀ ਹੈ। ਉਹ ਦੋਹੇਂ ਰਥਾਂ ਤੇ ਸਵਾਰ ਹੋਣ ਕੋਸ਼ਿਸ਼ ਕਰਦਾ ਰਿਹਾ ਹੈ। ਇਹਨਾਂ ਦੋਹਾਂ ਹਿੱਸਿਆਂ ਤੋਂ ਇਲਾਵਾ ਫਿਰਕੂ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਤੇ ਕਈ ਸਿੱਖ ਬੁੱਧੀਜੀਵੀ ਕਹਾਉਦੇ ਹਿੱਸੇ ਇਸ ਸਮੁੱਚੇ ਥੜੇ ਚ ਸ਼ਾਮਲ ਹਨ, ਜਿਨਾਂ ਦਾ ਸਿੱਖ ਫਿਰਕੂ ਪੈਂਤੜੇ ਤੋਂ  ਆਪਣੇ ਲੋਕ ਦੁਸ਼ਮਣ ਸਿਆਸੀ ਮੰਤਵਾਂ ਨੂੰ ਇਸ ਸੰਘਰਸ਼ ਦੀ ਪੌੜੀ ਲਾ ਕੇ ਹਾਸਲ ਕਰਨ ਦਾ ਪੈਂਤੜਾ ਹੈ। ਇਹ ਹਿੱਸੇ ਸ਼ੰਭੂ ਧਰਨੇ ਰਾਹੀਂ ਹੀ ਇਸ ਕਿਸਾਨ ਉਭਾਰ ਨੂੰ ਆਪਣੀ  ਸਿਆਸਤ ਚਮਕਾਉਣ ਲਈ ਵਰਤਣਾ ਚਹੁੰਦੇ ਸਨ। ਇਸ ਸੰਘਰਸ਼ ਨੂੰ ਇਸਦੇ ਹੁਲਾਰ ਪੈੜੇ ਵਜੋਂ ਵਰਤਣਾ ਚਾਹੁੰਦੇ ਸਨ ਪਰ ਉਦੋਂ ਪੂਰੀ ਤਰਾਂ ਕਾਮਯਾਬੀ ਨਹੀਂ ਮਿਲੀ ਤੇ ਮਗਰੋਂ ਦਿੱਲੀ ਮੋਰਚੇ ਚ ਇਹ ਯਤਨ ਪੂਰੀ ਤਰਾਂ ਖੁੱਲ ਕੇ ਸਾਹਮਣੇ ਆ ਗਏ ਤੇ ਹੁਣ ਵੀ ਇਹ ਯਤਨ ਜਾਰੀ ਹਨ। ਇਹਨਾਂ ਦੀ ਹਾਲਤ ਏਨੀ ਪਤਲੀ ਹੈ ਕਿ ਆਪਣੇ ਪੈਂਤੜਿਆਂ ਲਈ ਇਹਨਾਂ ਦੀ ਟੇਕ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਵਰਗੇ ਵਿਆਕਤੀਆਂ ਤੇ ਹੈ ਜਿੰਨਾਂ ਦੀ ਆਪਣਾ ਕੋਈ ਗੰਭੀਰ ਨਕਸ਼ਾ ਨਹੀਂ ਹੈ। ਹੁਣ ਲਾਲ ਕਿਲੇ ਦੇ ਘਟਨਾਕ੍ਰਮ ਚ ਸ਼ਹੀਦ ਹੋਏ ਉਤਰਾਖੰਡ ਦੇ ਨੌਜਵਾਨ ਨਵਰੀਤ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਰਾਹੀਂ ਜਾਂ ਫਿੱਟ ਬੈਠਦੇ ਹੋਰ ਚਿਹਰਿਆਂ ਦੀ ਵਰਤੋਂ ਰਾਹੀਂ ਇਹ ਮਨਸੂਬੇ ਤੋੜ ਚੜਾਉਣ ਦੇ ਯਤਨ ਹੋ ਰਹੇ ਹਨ। ਹੁਣ ਲੱਖੇ ਸਿਧਾਣੇ ਵੱਲੋਂ ਬੀਤੇ ਦੇ ਗਲਤ ਕਦਮਾਂ ਬਾਰੇ ਮੁਆਫੀ ਮੰਗ ਲੈਣ, ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਤੇ ਦੀਪ ਸਿੱਧੂ ਨਾਲੋਂ ਨਿਖੇੜਾ ਕਰਨ ਦੇ ਵਾਅਦੇ ਨਾਲ ਮੁੜ ਸਾਂਝੇ ਕਿਸਾਨ ਪਲੇਟਫਾਰਮ ਦੀ ਹਮਾਇਤ ਵਿੱਚ ਸੰਘਰਸ਼ ਅੰਦਰ ਸ਼ਮੂਲੀਅਤ ਕਰਨ ਦੀ ਚਰਚਾ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਇਹਨਾਂ ਸ਼ਰਤਾਂ ਤਹਿਤ ਉਸਨੂੰ ਸੰਘਰਸ਼ ਦੀਆਂ ਹਮਾਇਤੀ ਸ਼ਕਤੀਆਂ ਚ ਰੱਖਣ ਤੇ ਮੰਚ ਤੋਂ ਸੰਬੋਧਨ ਲਈ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਲੱਖੇ ਸਿਧਾਣੇ ਨਾਲ ਇਹ ਵਕਤੀ ਸਹਿਮਤੀ ਇਸ ਲਿਹਾਜ ਚ ਤਾਂ ਠੀਕ ਹੋ ਸਕਦੀ ਹੈ ਕਿ ਜਦੋਂ ਤੱਕ ਸੰਘਰਸ਼ ਦੇ ਵਾਜਬ ਸਰੋਕਾਰਾਂ ਵਾਲੇ ਹਮਾਇਤੀ ਜਾਂ ਸੰਘਰਸ਼ ਅੰਦਰਲੀਆਂ ਕੁੱਝ ਕਿਸਾਨ ਜਥੇਬੰਦੀਆਂ ਉਸ ਬਾਰੇ ਕਿਸੇ ਭਰਮ ਦਾ ਸ਼ਿਕਾਰ ਹਨ ਤੇ ਉਹਨਾਂ ਦੀ ਸਪਸ਼ਟਤਾ ਲਈ ਤੇ ਲੱਖੇ ਨੂੰ ਲੀਡਰਸ਼ਿਪ ਖਿਲਾਫ਼ ਭੰਡੀ ਪ੍ਰਚਾਰ ਦਾ ਮੌਕਾ ਨਾ ਦੇਣ ਲਈ ਤਾਂ ਇਹ ਕਦਮ ਦਾਅਪੇਚਕ ਤੌਰ ਤੇ ਚੁੱਕਿਆ ਜਾਣਾ ਵਾਜਬ ਹੋ ਸਕਦਾ ਹੈ ਬਸ਼ਰਤੇ ਚੌਕਸੀ ਬਰਕਰਾਰ ਰੱਖੀ ਜਾਵੇ। ਲੱਖੇ ਨਾਲ ਇਹ ਸਹਿਮਤੀ ਇਸ ਭਰਮ ਅਧੀਨ ਨਹੀਂ ਹੋਣੀ ਚਾਹੀਦੀ ਕਿ ਉਸਦੀ ਹਮਾਇਤ ਹਕੀਕਤ ਚ ਹੀ ਸੰਘਰਸ਼ ਦੀ ਤਕੜਾਈ ਦਾ ਸਬੱਬ ਬਣੇਗੀ। ਇਸ ਲਈ ਸੰਘਰਸ਼ ਦੀ ਅਗਵਾਈ ਕਰ ਰਹੀਆਂ ਸ਼ਕਤੀਆਂ ਨੂੰ ਇਹ ਸਪਸ਼ਟਤਾ ਚਾਹੀਦੀ ਹੈ ਕਿ ਅੰਤਮ ਤੌਰ ਤੇ ਸੰਘਰਸ਼ ਦੀ ਮਜਬੂਤੀ ਅਜਿਹੀਆਂ ਸ਼ਕਤੀਆਂ ਦੇ ਮਨਸੂਬਿਆਂ ਤੇ ਪੈਂਤੜਿਆਂ ਨੂੰ ਮਾਤ ਦੇ ਕੇ ਹੀ ਹੋਣੀ ਹੈ। ਇਸ ਸਮੁੱਚੀ ਚਰਚਾ ਦਾ ਸਾਰ ਤੱਤ ਇਹ ਹੈ ਕਿ ਇਹਨਾਂ ਸ਼ਕਤੀਆਂ ਵੱਲੋਂ ਕਿਸਾਨ ਸੰਘਰਸ਼ ਨੂੰ ਲੀਹੋਂ ਭਟਕਾਉਣ ਦੀਆਂ ਕੋਸ਼ਿਸ਼ਾਂ ਦਾ ਖਤਰਾ ਅਜੇ ਟਲਿਆ ਨਹੀਂ ਹੈ। ਇਹਨਾਂ ਦੀ ਪਹਿਚਾਣ ਕਰਨ, ਮਨਸ਼ੇ ਤੇ ਇਹਨਾਂ ਵੱਲੋਂ ਲਏ ਜਾ ਰਹੇ ਪੈਂਤੜਿਆਂ ਦੀ ਅਸਲੀਅਤ ਉਜਾਗਰ ਕਰਨਾ ਕਿਸਾਨ ਸੰਘਰਸ਼ ਦਾ ਇਕ ਅਹਿਮ ਕਾਰਜ ਹੈ। ਇਸ ਸੰਘਰਸ਼ ਦੀ ਸਫਲਤਾ ਚ ਹੋਰਨਾਂ ਕਾਰਕਾਂ ਦੇ ਨਾਲ ਨਾਲ ਸੰਘਰਸ਼ ਦੀ ਧਰਮ ਨਿਰਪੇਖ ਕਿਰਦਾਰ ਦੀ ਰਾਖੀ ਤੇ ਲੋਕ ਦੁਸ਼ਮਣ ਮੌਕਾਪ੍ਰਸਤ ਸਿਆਸੀ ਸ਼ਕਤੀਆਂ ਜਾਂ ਵਿਅਕਤੀਆਂ ਤੋਂ ਇਸ ਦੀ ਰਾਖੀ ਕਰ ਸਕਣ ਦਾ ਜਰੂਰੀ ਕਾਰਜ ਹੈ।

                ਇਹਨਾਂ ਕਾਰਜਾਂ ਨੂੰ ਨਿਭਾਉਣ ਲਈ ਠੀਕ ਦਿਸ਼ਾ ਚ ਹੋਏ ਗੰਭੀਰ ਯਤਨ ਵੀ ਗਹੁ ਕਰਨ ਯੋਗ ਹਨ ਤੇ ਇਸ ਮਹੌਲ ਅੰਦਰ ਮਹੱਤਵਪੂਰਨ ਹਨ। ਬਰਨਾਲੇ ਚ ਹੋਈ ਕਿਸਾਨ ਮਜਦੂਰ ਏਕਤਾ ਮਹਾਂ ਰੈਲੀ ਦਾ ਮਹੱਤਵ ਸਿਰਫ ਦੋ ਲੱਖ ਲੋਕਾਂ ਦੀ ਵਿਸ਼ਾਲ ਲਾਮਬੰਦੀ ਚ ਹੀ ਨਹੀਂ ਪਿਆ ਸਗੋਂ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਦੀ ਰਾਖੀ ਲਈ ਨਿਹਚਾ ਦਰਸਾਉਣ ਤੇ ਇਸ ਲਈ ਫਿਰਕੂ ਤਾਕਤਾਂ ਤੋਂ ਸਪਸ਼ਟ ਨਿਖੇੜੇ ਦੀ ਲਕੀਰ ਖਿੱਚਣ ਤੇ ਉਹਨਾਂ ਨੂੰ ਨਿਖੇੜਨ ਦਾ ਸੱਦਾ ਦੇਣ ਚ ਹੈ ਜੋ ਉਸ ਵੇਲੇ ਸਭ ਤੋਂ ਉਭਰਵੀਂ ਜਰੂਰਤ ਬਣੀ ਪਈ ਸੀ। ਕਿਸਾਨੀ ਤੋਂ ਇਲਾਵਾ ਇਸ ਵਿਚ ਖੇਤ ਮਜਦੂਰਾਂ, ਔਰਤਾਂ, ਨੌਜਵਾਨਾਂ ਤੇ ਹੋਰ ਹਮਾਇਤੀ ਤਬਕਿਆਂ ਦੀ ਵੱਡੀ ਸ਼ਮੂਲੀਅਤ ਦੌਰਾਨ ਮੰਚ ਤੋਂ ਪੇਸ਼ ਹੋਏ ਮਤੇ ਚ ਕਿਸਾਨ ਸੰਘਰਸ਼ ਦੀ ਫਿਰਕੂ ਤਾਕਤਾਂ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਰਾਖੀ ਕਰਨ ਦਾ ਐਲਾਨ ਕੀਤਾ ਗਿਆ। ਲੱਖਾਂ ਲੋਕਾਂ ਦੀ ਇਸ ਦਿ੍ਰੜਤਾ ਦੇ ਮੁਜਾਹਰੇ ਨੇ ਕਿਸਾਨ ਸੰਘਰਸ਼ ਦੇ ਸਹੀ ਲੀਹਾਂ ਤੇ ਅੱਗੇ ਵਧਣ ਲਈ ਆਪਣਾ ਵਜਨ ਪਾਇਆ ਤੇ ਸੰਘਰਸ਼ ਦੀ ਅਗਵਾਈ ਕਰ ਰਹੀ ਕਿਸਾਨ ਲੀਡਰਸ਼ਿੱਪ ਚ ਲੋਕਾਂ ਦਾ ਭਰੋਸਾ ਦਰਸਾਇਆ। ਇਉ ਹੀ ਇਸ ਅਰਸੇ ਦੌਰਾਨ ਹੋਏ ਹੋਰਨਾਂ ਇਕੱਠਾਂ ਦੇ ਨਾਲ 21 ਮਾਰਚ ਨੂੰ ਬੀਕੇਯੂ (ਏਕਤਾ) ਉਗਰਾਹਾਂ ਵੱਲੋਂ ਸੁਨਾਮ (ਸੰਗਰੂਰ) ਚ ਕੀਤੀ ਗਈ ਨੌਜਵਾਨ ਕਾਨਫਰੰਸ ਇਕ ਅਹਿਮ ਇਕੱਠ ਸੀ। ਨੌਜਵਾਨ ਮੁੰਡੇ ਕੁੜੀਆਂ ਦੀ ਦਹਿ-ਹਜ਼ਾਰਾਂ ਦੀ ਸ਼ਮੂਲੀਅਤ ਵਾਲੇ ਇਕ ਲੱਖ ਦੇ ਲਗਭਗ ਇਸ ਇਕੱਠ ਨੇ ਨੌਜਵਾਨ ਬਨਾਮ ਕਿਸਾਨ ਲੀਡਰਸ਼ਿੱਪ ਦੇ ਝੂਠੇ ਬਿਰਤਾਂਤ ਤੇ ਵੱਡੀ ਸੱਟ ਮਾਰਦਿਆਂ ਦਿਖਾਇਆ ਕਿ ਪੰਜਾਬ ਦੀ ਜਵਾਨੀ ਨੂੰ ਭਰਮਾਊ ਫਿਰਕੂ ਲੀਹਾਂ ਤੇ ਲਿਜਾਣ ਚ ਅਜੇ ਫਿਰਕੂ ਸਿੱਖ ਜਨੂੰਨੀ ਹਿੱਸੇ ਕਾਮਯਾਬ ਨਹੀਂ ਹੋ ਸਕੇ। ਨੌਜਵਾਨ ਹਿੱਸੇ ਸੰਘਰਸ਼ ਦੀ ਅਗਵਾਈ ਕਰ ਰਹੀ ਕਿਸਾਨ ਲੀਡਰਸ਼ਿੱਪ ਚ ਭਰੋਸਾ ਰਖਦੇ ਹਨ ਤੇ ਅਗਵਾਈ ਹੇਠ ਸੰਘਰਸ਼ ਦੀ ਪਾਏਦਾਰ ਤਾਕਤ ਬਣਦੇ ਹਨ। ਇਸ ਕਾਨਫਰੰਸ ਚ ਪੜੇ ਗਏ ਸਮੂਹਕ ਅਹਿਦ ਨੇ ਕੌਮੀ ਸ਼ਹੀਦਾਂ ਦੀਆਂ ਫਿਰਕਾਪ੍ਰਸਤੀ ਵਿਰੋਧੀ ਤੇ ਸਾਮਰਾਜਵਾਦ ਵਿਰੋਧੀ ਸੰਘਰਸ਼ ਦੀਆਂ ਰਵਾਇਤਾਂ ਨੂੰ ਬੁਲੰਦ ਕਰਨ ਦਾ ਐਲਾਨ ਕੀਤਾ। ਨੌਜਵਾਨਾਂ ਨੇ ਸਾਂਝੇ ਤੌਰ ਤੇ 26 ਜਨਵਰੀ ਦੀਆਂ ਘਟਨਾਵਾਂ ਨਾਲੋਂ ਸਪਸ਼ਟ ਨਿਖੇੜਾ ਕਰਦਿਆਂ ਸੰਘਰਸ਼ ਨੂੰ ਡੋਬਾ ਦੇਣ ਵਾਲੀ ਕਾਰਵਾਈ ਕਰਾਰ ਦਿੱਤਾ। ਇਸ ਅਹਿਦ ਚ ਐਲਾਨ ਕੀਤਾ ਗਿਆ ਕਿ ਅਸੀਂ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਹਰ ਭਟਕਣ ਖਿਲਾਫ ਕੰਧ ਬਣਾਂਗੇ। ਦੋਹਾਂ ਵੱਡੀਆਂ ਕਾਨਫਰੰਸਾਂ ਅਤੇ ਇਹਨਾਂ ਦੀ ਤਿਆਰੀ ਚ ਚੱਲੀਆਂ ਮੁਹਿੰਮਾਂ ਨੇ ਸੰਘਰਸ਼ ਕਰ ਰਹੇ ਲੋਕਾਂ ਅੰਦਰ ਸੰਘਰਸ਼ ਦੇ ਧਰਮ ਨਿਰਲੇਪ ਹੋਣ, ਮੌਕਾਪ੍ਰਸਤ ਅਤੇ ਲੋਕ ਦੁਸ਼ਮਣ ਸਿਆਸੀ ਸ਼ਕਤੀਆਂ ਦੇ ਹੱਥ ਸੰਘਰਸ਼ ਤੋਂ ਪਰੇ ਰੱਖਣ ਦੀ ਜਰੂਰਤ ਬਾਰੇ ਚੇਤਨਾ ਦਾ ਪਸਾਰਾ ਕਰਨ ਚ ਅਹਿਮ ਰੋਲ ਨਿਭਾਇਆ। ਨਾਲ ਹੀ ਇਹਨਾਂ ਮੁਹਿੰਮਾਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਹਮਲੇ ਨੂੰ ਸਾਮਰਾਜੀ ਹਮਲੇ ਵਜੋਂ ਪੇਸ਼ ਕਰਦਿਆਂ, ਇਸ ਖਿਲਾਫ ਯਤਨਾਂ ਚ ਮਿਹਨਤਕਸ਼ ਤਬਕਿਆਂ ਦੀ ਸਾਂਝੀ ਜੱਦੋਜਹਿਦ ਦੀ ਜਰੂਰਤ ਨੂੰ ਵੀ ਉਭਾਰਿਆ। ਇਸਨੇ ਕੌਮੀ ਸ਼ਹੀਦਾਂ ਦੇ ਹਵਾਲੇ ਨਾਲ ਹਕੀਕੀ ਦੇਸ਼ ਭਗਤੀ ਦੇ ਅਰਥਾਂ ਨੂੰ ਉਘਾੜਿਆ ਤੇ ਭਾਜਪਾ ਦੀ ਫਿਰਕੂ ਤੇ ਅੰਨੀ ਦੇਸ਼ ਭਗਤੀ ਨੂੰ ਰੱਦ ਕੀਤਾ ਗਿਆ। ਇਹਨਾਂ ਵੱਡੀਆਂ ਜਨਤਕ ਮੁਹਿੰਮਾਂ ਨੇ ਠੀਕ ਦਿਸ਼ਾ ਨੂੰ ਸਥਾਪਿਤ ਕਰਨ ਰਾਹੀਂ ਸੰਘਰਸ਼ ਦੀ ਤਕੜਾਈ ਚ ਮਹੱਤਵਪੂਰਨ ਯੋਗਦਾਨ ਪਾਇਆ। 

                ਮੌਜੂਦਾ ਪੜਾਅ ਤੇ ਸੰਘਰਸ਼ ਦੇ ਹਾਂ ਪੱਖੀ ਪਹਿਲੂਆਂ ਨੂੰ ਹੋਰ ਉਗਾਸਾ ਦੇਣ ਦੀ ਜਰੂਰਤ ਹੈ। ਇਸ ਸਘੰਰਸ਼ ਅੰਦਰ ਉੱਭਰਵਾਂ ਹਾਂ ਪੱਖੀ ਪਹਿਲੂ ਇਸ ਨੂੰ ਹਾਕਮ ਜਮਾਤੀ ਵੋਟ ਪਾਰਟੀਆਂ ਦੇ ਦਖ਼ਲ ਤੋਂ ਮੁਕਤ ਰੱਖਕੇ  ਅੱਗੇ ਵਧਾਉਣ ਦਾ ਹੈ। ਹੁਣ ਤੱਕ ਕਿਸੇ ਹਾਕਮ ਜਮਾਤ ਮੌਕਾਪ੍ਸਤ ਪਾਰਟੀ ਨੂੰ ਇਸ ਪਲੇਟਫਾਰਮ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਅਜਿਹੀ ਪਹੁੰਚ ਹੈ ਜਿਸ ਨੂੰ ਹੋਰ ਮਜ਼ਬੂਤੀ ਤੇ ਸਪਸ਼ੱਟਤਾ ਨਾਲ ਲਾਗੂ ਕਰਨਾ ਚਾਹੀਦਾ ਹੈ।  ਇਉ ਹੀ ਦਿੱਲੀ ਮੋਰਚਿਆਂ ਦੇ ਨਾਲ ਨਾਲ ਸੂਬਿਆਂ ਅੰਦਰ ਸੰਘਰਸ਼ ਐਕਸ਼ਨਾਂ ਦਾ ਹੋਰ ਪਸਾਰਾ ਕਰਨ ਤੇ ਕਾਰਪੋਰੇਟ ਘਰਾਣਿਆਂ ਅਤੇ ਬਹੁਕੌਮੀ ਕੰਪਨੀਆਂ ਦੇ ਕਾਰੋਬਾਰਾਂ ਦਾ ਕਾਫੀਆ ਤੰਗ ਕਰਨ ਦੇ ਐਕਸ਼ਨਾਂ ਨੂੰ ਹੋਰ ਫੈਲਾਉਣਾ ਤੇ ਤੇਜ਼ ਕਰਨਾ ਚਾਹੀਦਾ ਹੈ। ਜਿਵੇਂ ਪੰਜਾਬ ਅੰਦਰ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਲੁਧਿਆਣੇ ਜਿਲੇ ਚ ਅਡਾਨੀ ਦੀ ਖੁਸ਼ਕ ਬੰਦਰਗਾਹ ਦਾ ਕੀਤਾ ਗਿਆ ਘਿਰਾਉ ਐਕਸ਼ਨ ਇਸ ਪਾਸੇ ਨੂੰ ਇਕ ਸਾਰਥਿਕ ਉਪਰਾਲਾ ਹੈ। ਸੰਘਰਸ਼ ਦੇ ਅਗਲੇ ਵਧਾਰੇ ਲਈ ਅਜਿਹੇ ਐਕਸ਼ਨਾਂ ਦੀ ਹੋਰ ਲੋੜ ਹੈ। ਸੂਬੇ ਅੰਦਰ ਖੇਤ ਮਜਦੂਰਾਂ ਤੇ ਸ਼ਹਿਰੀ ਗਰੀਬ ਹਿੱਸਿਆਂ ਤੱਕ ਪਹੁੰਚ ਬਣਾਉਣ ਲਈ ਕਿਸਾਨੀ ਦੀਆਂ ਜਥੇਬੰਦ ਪਰਤਾਂ ਵੱਲੋਂ ਯਤਨ ਜੁਟਾਏ ਜਾਣੇ ਚਾਹੀਦੇ ਹਨ। ਖਾਸ ਕਰ ਜਨਤਕ ਵੰਡ ਪ੍ਣਾਲੀ ਦੀ ਮੰਗ ਤੇ ਜੋਰ ਦੇਣ, ਇਸ ਨੂੰ ਉਭਾਰਨ ਤੇ ਗਰੀਬ ਕਿਰਤੀ ਹਿੱਸਿਆਂ ਤੱਕ ਇਸ ਦਾ ਸੰਚਾਰ ਕਰਨ ਦੇ ਲਮਕਵੇ  ਖਾਸੇ ਬਾਰੇ ਚੇਤਨਾ ਦਾ ਸੰਚਾਰ ਕਰਨ ਦੀ ਜਰੂਰਤ ਹੈ। ਸੰਘਰਸ਼ ਕਰ ਰਹੀ ਜਨਤਾ ਅੰਦਰ ਸੰਘਰਸ਼ ਦੇ ਲਮਕਵੇਂ ਖਾਸੇ ਬਾਰੇ ਚੇਤਨਾ ਦਾ ਸੰਚਾਰ ਕਰਨ ਦੀ ਜਰੂਰਤ ਹੈ। ਵਿਸ਼ੇਸ਼ ਕਰਕੇ ਨਵੀਆਂ ਆਰਥਿਕ ਨੀਤੀਆਂ ਦੇ ਸਾਮਰਾਜੀ ਹੱਲੇ ਦੇ ਅੰਗ ਵਜੋਂ ਇਹਨਾਂ ਕਾਨੂੰਨਾਂ ਦੇ ਹਮਲੇ ਦੀ ਤਸਵੀਰ ਪੇਸ਼ ਕੀਤੀ ਜਾਣੀ ਚਾਹੀਦੀ ਹੈ ਤੇ ਮੋਦੀ ਹਕੂਮਤ ਦੀ ਅੜੀ ਨੂੰ ਲੋਕ ਵਿਰੋਧੀ ਆਰਥਿਕ ਸੁਧਾਰਾਂ ਪ੍ਰਤੀ ਉਸ ਦੀ ਵਫਾਦਾਰੀ ਨਾਲ ਜੋੜ ਕੇ ਉਭਾਰਨਾ ਚਾਹੀਦਾ ਹੈ।

                ਵੱਖ ਵੱਖ ਉਤਰਾਵਾਂ ਚੜਾਵਾਂ ਤੇ ਮੋੜਾਂ-ਘੋੜਾਂ ਚੋਂ ਗੁਜਰਦਾ ਹੋਇਆ ਇਹ ਇਤਿਹਾਸਕ ਕਿਸਾਨ ਸੰਘਰਸ਼ ਅਜਿਹੇ ਮੁਕਾਮ ਤੇ ਪੁੱਜ ਗਿਆ ਹੈ ਜਿੱਥੇ ਇਹ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਮੂਹਰੇ ਲੋਕਾਂ ਦੀ ਧਿਰ ਦਾ ਅਹਿਮ ਮੋਰਚਾ ਬਣ ਗਿਆ ਹੈ ਜਿਸ ਰਾਹੀਂ ਹੋਰ ਕਿਰਤੀ ਤਬਕੇ ਵੀ ਮੋਦੀ ਦੀ ਫਾਸ਼ੀ ਸਿਆਸਤ ਨੂੰ ਦਿੱਤੀ ਜਾ ਰਹੀ ਚੁਣੌਤੀ ਨੂੰ ਦੇਖ ਰਹੇ ਹਨ। ਇਸਨੇ ਕਾਰਪੋਰੇਟਸ਼ਾਹੀ ਤੇ ਲੋਕਾਂ ਦੀ ਦੁਸ਼ਮਣੀ ਦੀ ਲਕੀਰ ਨੂੰ ਚੰਗੀ ਤਰਾਂ ਉਘਾੜ ਦਿੱਤਾ ਹੈ ਤੇ ਦਰਸਾ ਦਿੱਤਾ ਹੈ ਲੋਕ ਇਸ ਦੁਸ਼ਮਣੀ ਨੂੰ ਨਿਭਾਉਣ ਲਈ ਤਿਆਰ ਹੋ ਰਹੇ ਹਨ। ਇਸ ਸੰਘਰਸ਼ ਦਾ ਅਗਲਾ ਵਿਕਾਸ ਮੁਲਕ ਦੀ ਸਮੁੱਚੀ ਲੋਕ ਲਹਿਰ ਲਈ ਵੱਡੀਆਂ ਅਰਥ ਸੰਭਾਵਨਾਵਾਂ ਰਖਦਾ ਹੈ। ਇਸ ਦੀ ਸਭ ਤੋਂ ਵੱਡੀ ਕਾਮਯਾਬੀ ਇਸ ਪਹਿਲੂ ਚ ਪਈ ਹੈ ਕਿ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਤੇ ਆਰਥਿਕ ਸੁਧਾਰਾਂ ਦੇ ਜੜੁੱਤ ਹਮਲੇ ਖ਼ਿਲਾਫ਼ ਲੋਕਾਂ ਦੀ ਟਾਕਰਾ ਲਹਿਰ ਦੀ ਸਮਰੱਥਾ ੳੱੁਘੜ ਆਈ ਹੈ। ਮੁਲਕ ਦੇ ਕਿਰਤੀ ਲੋਕਾਂ ਨੇ ਇਹ ਦੇਖ ਲਿਆ ਹੈ ਕਿ ਇਸ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਮੂਹਰੇ ਉਹ ਅੱਜ ਖੜ ਸਕਦੇ ਹਨ ਤੇ ਲੋਕਾਂ ਦੇ ਹਕੀਕੀ ਜਮਾਤੀ ਮੁੱਦਿਆਂ ਦੇ ਜੋਰ ਤੇ ਹੀ ਫਿਰਕੂ ਤੇ ਲੋਕ ਦੁਸ਼ਮਣ ਸਿਆਸਤ ਦਾ ਟਾਕਰਾ ਕੀਤਾ ਜਾ ਸਕਦਾ ਹੈ। ਇਸਨੇ ਮੋਦੀ ਸਰਕਾਰ ਵੱਲੋਂ ਦੇਸ਼ ਭਰ ਚ ਸਿਰਜੇ ਹੋਏ ਫਿਰਕੂ ਬਿਰਤਾਂਤ ਤੇ ਇੱਕ ਵਾਰ ਤਾਂ ਡੂੰਘੀ ਸੱਟ ਮਾਰੀ ਹੈ। ਇਸਨੇ ਇਹ ਵੀ ਦਿਖਾਇਆ ਹੈ  ਕਿ ਆਪਣੀ ਫਿਰਕੂ ਫਾਸ਼ੀ ਸਿਆਸਤ ਦੇ ਜੋਰ ਤੇ ਇਕ ਵਾਰ ਪਾਰਲੀਮੈਟ ਚ ਸੀਟਾਂ ਹਾਸਲ ਕਰ ਲੈਣ ਤੇ ਰਾਜ ਮਸ਼ੀਨਰੀ ਦੇ ਅਦਾਰਿਆਂ ਤੇ ਆਪਣੀ ਪਸੰਦੀਦਾ ਅਫਸਰਸ਼ਾਹੀ ਬੈਠਾ ਦੇਣ ਨਾਲ ਸਥਿਰਤਾ ਹਾਸਲ ਕਰ ਲੈਣ ਦੀਆਂ ਮੋਦੀ ਹਕੂਮਤ ਦੀਆਂ ਖਾਹਿਸ਼ਾਂ ਅਜੇ ਵੀ ਅਧੂਰੀਆਂ ਹੀ ਰਹਿਣਗੀਆਂ। ਜਿਸ ਫਿਰਕੂ ਫਾਸ਼ੀ ਸਿਆਸਤ ਦੇ ਜੋਰ ਤੇ ਇਹ ਸਰਕਾਰ ਲੋਕਾਂ ਤੇ ਅਖੌਤੀ ਆਰਥਿਕ ਸੁਧਾਰਾਂ ਦਾ ਕੁਹੜਾ ਚਲਾ ਰਹੀ ਹੈ ਉਹ ਹਾਲਤ ਲੋਕਾਂ ਨੂੰ ਲਾਜਮੀ ਹੀ ਸੰਘਰਸ਼ਾਂ ਦੇ ਰਾਹ ਧੱਕ ਰਹੀ ਹੈ। ਇਹੀ ਵਰਤਾਰਾ ਮੋੜਵੇਂ ਰੂਪ ਚ ਇਸਦੇ ਪਾਟਕਪਾਊ ਫਿਰਕੂ ਅਮਲਾਂ ਤੇ ਸੱਟ ਮਾਰਦਾ ਹੈ। ਇਸ ਲਈ ਇਕ ਸਰਕਾਰ ਦੀ ਸਥਿਰਤਾ ਤਾਂ ਦੂਰ ਇਸ ਸਮੁੱਚੇ ਰਾਜ ਪ੍ਰਬੰਧ ਦੀ ਸਥਿਰਤਾ ਹੀ ਖਤਰੇ ਮੂੰਹ ਆਉਣੀ ਹੈ। ਇਹ ਸੰਘਰਸ਼ ਮੁਲਕ ਦੀ ਲੋਕਾਈ ਅੰਦਰ ਹੋ ਰਹੀ ਅਜਿਹੀ ਹਿਲਜੁਲ ਦਾ ਪ੍ਰਗਟਾਵਾ ਹੈ। ਜਿਹੜੀ ਸਰਕਾਰ ਕੁੱਝ ਅਰਸਾ ਪਹਿਲਾਂ ਚਣੌਤੀ ਰਹਿਤ ਹੋਣ ਦਾ ਪ੍ਰਭਾਵ ਸਿਰਜ ਰਹੀ ਸੀ ਹੁਣ ਉਸਨੂੰ ਇਸਦੀ ਮਾਰ ਚੋ ਨਿਕਲਣ ਦਾ ਰਸਤਾ ਨਹੀਂ ਮਿਲ ਰਿਹਾ। ਇਸਨੇ ਦੇਸ਼ ਦੇ ਜਮਹੂਰੀ ਤੇ ਇਨਸਾਫਪਸੰਦ ਹਲਕਿਆਂ ਨੂੰ ਹੋਰ ਹੌਂਸਲਾ ਦਿੱਤਾ ਹੈ ਜਿਹੜੇ ਪਹਿਲਾਂ ਹੀ ਮੋਦੀ ਸਰਕਾਰ ਸਾਹਮਣੇ ਅਣਲਿਫ ਰਹਿ ਕੇ ਨਿਭ ਰਹੇ ਹਨ। ਇਸਨੇ ਇਹਨਾਂ ਸਭਨਾਂ ਹਲਕਿਆਂ ਨੂੰ ਅਜਿਹਾ ਥੰਮ ਦਿਖਾ ਦਿੱਤਾ ਹੈ ਜਿਸਦੇ ਦੁਆਲੇ ਸਾਰੇ ਇਨਸਾਫਪਸੰਦ ਲੋਕ ਜੁੜ ਸਕਦੇ ਹਨ। ਕਿਸਾਨ ਸੰਘਰਸ਼ ਰਾਹੀਂ ਹਾਸਲ ਕੀਤਾ ਜਾ ਰਿਹਾ ਇਹ ਤਜਰਬਾ ਬਹੁਤ ਮੁੱਲਵਾਨ ਹੈ ਜਿਸ ਨੇ ਲੋਕਾਂ ਦੀ ਨਵੀਆਂ ਨੀਤੀਆਂ ਖਿਲਾਫ਼ ਲਹਿਰ ਦੀ ਅਸਲੀ ਉਸਾਰੀ ਲਈ ਅਧਾਰ ਬਣਨਾ ਹੈ। ਅੰਤਮ ਜਿੱਤ ਤੱਕ ਪੁੱਜਣ ਤੋਂ ਪਹਿਲਾਂ ਇਹ ਸੰਘਰਸ਼ ਕਈ ਅਜਿਹੀਆਂ ਪ੍ਰਾਪਤੀਆਂ ਕਰ ਚੁੱਕਿਆ ਹੈ ਜਿਹਨਾਂ ਨੂੰ ਸਾਂਭ ਕੇ ਅੱਗੇ ਤੁਰਨ ਦੀ ਜਰੂਰਤ ਹੈ।

No comments:

Post a Comment