Saturday, June 19, 2021

ਗਾਜ਼ਾ ਪੱਟੀ ’ਤੇ ਵਹਿਸ਼ੀ ਇਜ਼ਰਾਇਲੀ ਹਮਲਾ

 ਗਾਜ਼ਾ ਪੱਟੀ ’ਤੇ ਵਹਿਸ਼ੀ ਇਜ਼ਰਾਇਲੀ ਹਮਲਾ

ਇਜ਼ਰਾਈਲ ਦੀ ਸੱਜੇ-ਪੱਖੀ ਤੇ ਨਸਲਪ੍ਰਸਤ ਹਕੂਮਤ ਵੱਲੋਂ ਮਈ 2021 ਦੌਰਾਨ ਫਲਸਤੀਨ ਦੀ ਗਾਜ਼ਾ ਪੱਟੀ ਉਪਰ ਬਿਨਾਂ ਕਿਸੇ ਵਾਜਬ ਆਧਾਰ ਤੋਂ ਕੀਤੀ ਤਾਬੜਤੋੜ ਬੰਬਾਰੀ ਅਤੀ ਘਿਨਾਉਣੀ ਤੇ ਨਿੰਦਣਯੋਗ ਕਾਰਵਾਈ ਹੈ। ਹੁਣ ਭਾਵੇਂ  21 ਮਈ ਨੂੰ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਜੰਗਬੰਦੀ ਨਾਲ ਇਸ ਜੰਗ ਦਾ ਕਾਰਨ ਬਣੇ ਕਿਸੇ ਵੀ ਮੂਲ ਮੁੱਦੇ ਦਾ ਨਿਪਟਾਰਾ ਨਾ ਹੋਣ ਕਾਰਨ ਜੰਗਬੰਦੀ ਕਦੇ ਵੀ ਖੰਡਤ ਹੋ ਸਕਦੀ ਹੈ ਅਤੇ ਇਜ਼ਰਾਈਲੀ-ਫਲਸਤੀਨੀ ਮਸਲੇ ਦੀ ਇਹ ਧੁਖਦੀ ਧੂਣੀ ਕਦੇ ਵੀ ਫਿਰ ਭਾਂਬੜ ਬਣ ਫੁੱਟ ਸਕਦੀ ਹੈ। ਇਸ 11 ਦਿਨਾ ਲੱਗਭੱਗ ਇਕਪਾਸੜ ਜੰਗ ਨਾਲ ਗਾਜ਼ਾ ਪੱਟੀ ’ਚ ਲਗਭਗ ਸੌ ਬੱਚਿਆਂ ਤੇ ਔਰਤਾਂ ਸਮੇਤ ਢਾਈ ਸੌ ਲੋਕ ਮਾਰੇ ਗਏ ਹਨ, 1500 ਬਿਲਡਿੰਗਾਂ ਬੰਬਾਰੀ ਦੀ ਮਾਰ ਹੇਠ ਆਈਆਂ ਹਨ ਤੇ ਹਜਾਰਾਂ ਦੀ ਗਿਣਤੀ ’ਚ ਲੋਕ ਜ਼ਖਮੀ ਹੋਏ ਹਨ। ਇਜ਼ਰਾਈਲੀ ਹਵਾਈ ਸੈਨਾ ਵੱਲੋਂ ਗਾਜ਼ਾ ਦੇ ਵਸਨੀਕਾਂ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਰਿਹਾਇਸ਼ੀ ਇਲਾਕਿਆਂ, ਬਹੁਮੰਜਲੀ ਇਮਾਰਤਾਂ, ਪਾਵਰ ਪਲਾਂਟਾਂ, ਹਸਪਤਾਲਾਂ ਅਤੇ ਆਰਥਕ ਪੱਖੋਂ ਅਹਿਮ ਟਿਕਾਣਿਆਂ ਨੂੰ ਹਵਾਈ ਹਮਲਿਆਂ ਦਾ ਚੋਣਵਾਂ ਨਿਸ਼ਾਨਾ  ਬਣਾ ਕੇ ਵੱਧ ਤੋਂ ਤਬਾਹੀ ਮਚਾਉਣ ਦੀ ਸੋਚੀ ਸਮਝੀ ਕੋਸ਼ਿਸ਼ ਕੀਤੀ ਗਈ ਹੈ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਹਮਸ ਵੱਲੋਂ ਇਜ਼ਰਾਈਲੀ ਖੇਤਰ ’ਚ ਕੋਈ ਤਿੰਨ ਤੋਂ ਚਾਰ ਹਜ਼ਾਰ ਰਾਕਟ ਦਾਗੇ ਗਏ ਹਨ ਤੇ ਇਜ਼ਰਾਈਲੀ ਦਾਅਵਿਆਂ ਅਨੁਸਾਰ 12 ਲੋਕਾਂ ਦੀ ਇਹਨਾਂ ਨਾਲ ਮੌਤ ਹੋਈ ਹੈ। 

ਮਸਲੇ ਦਾ ਸੰਖੇਪ ਪਿਛੋਕੜ

ਇਜ਼ਰਾਈਲ-ਫਲਸਤੀਨ ਮਸਲੇ ਦਾ ਮੁੱਢ ਉਸ ਵੇਲੇ ਬੱਝਾ ਜਦ ਅੰਗਰੇਜ ਬਸਤੀਵਾਦੀ ਹਕੂਮਤ ਨੇ 1947 ’ਚ ਫਲਸਤੀਨ ਨੂੰ ਆਜਾਦ ਕਰਨ ਅਤੇ ਯੂ ਐਨ ਓ ਜਨਰਲ ਅਸੈਂਬਲੀ ਵਲੋਂ ਫਲਸਤੀਨ ਨੂੰ ਤਿੰਨ ਭਾਗਾਂ ’ਚ ਵੰਡਣ ਦਾ ਫੈਸਲਾ ਕਰ ਲਿਆ। ਫਲਸਤੀਨ ’ਚ ਅਰਬ ਵਸੋਂ ਦੇ ਬਹੁਤਾਤ ਵਾਲੇ ਰਾਜ ਲਈ 48 ਫੀਸਦੀ, ਯਹੂਦੀ ਵਸੋਂ ਵਾਲੇ ਇਜ਼ਰਾਈਲ ਰਾਜ ਲਈ 44 ਫੀਸਦੀ ਇਲਾਕਾ ਦਿੱਤਾ ਗਿਆ ਅਤੇ ਯਹੂਦੀ , ਇਸਾਈ ਤੇ ਮੁਸਲਿਮ ਧਰਮ ਦੇ ਪਵਿੱਤਰ ਅਸਥਾਨਾਂ ਵਾਲੇ ਸ਼ਹਿਰ ਯੋਰੋਸ਼ਲਮ (ਸਮੇਤ ਬੈਟਲਹੀਮ ਦੇ) ’ਤੇ ਅਧਾਰਤ 8 ਫੀਸਦੀ ਖੇਤਰ ਯੂ.ਐਨ. ਓ. ਦੀ ਅਧੀਨ ਰੱਖਿਆ ਗਿਆ। ਯਹੂਦੀਆਂ ਨੇ ਇਹ ਪੇਸ਼ਕਸ਼ ਪ੍ਰਵਾਨ ਕਰਕੇ 14 ਮਈ 1948 ਨੂੰ ਆਜ਼ਾਦ ਇਜ਼ਰਾਈਲ ਰਾਜ ਦੇ ਗਠਨ ਦਾ ਐਲਾਨ ਕਰ ਦਿੱਤਾ। ਅਰਬਾਂ ਨੇ ਇਹ ਪੇਸ਼ਕਸ਼ ਨਾ ਮਨਜੂਰ ਕਰ ਦਿੱਤੀ। ਸਾਬਕਾ ਫਲਸਤੀਨ ਰਾਜ ਦੇ ਇਲਾਕੇ ’ਤੇ ਕਬਜਾ ਅਤੇ ਖੋਹ-ਖਿੰਝ ਦੀ ਦੌੜ ’ਚ ਨਾਲ ਲਗਦੇ ਅਰਬ ਰਾਜਾਂ ਦੀਆਂ ਸਰਕਾਰਾਂ ਤੇ ਇਜ਼ਰਾਈਲ ਵਿਚਕਾਰ ਜੰਗ ਛਿੜ ਪਈ। ਸਾਮਰਾਜੀ ਮੁਲਕਾਂ ਤੋਂ ਮਿਲੀ ਹਰ ਕਿਸਮ ਦੀ ਮਦਦ ਨਾਲ ਇਜ਼ਰਾਈਲ ਜੇਤੂ ਰਿਹਾ ਤੇ ਇਸ ਨੇ ਆਪਣੇ ਬਣਦੇ ਹਿੱਸੇ ਤੋਂ ਵੀ ਵੱਧ 26 ਫੀਸਦੀ ਤੋਂ ਉੱਪਰ ਹੋਰ ਇਲਾਕੇ ’ਤੇ ਵੀ ਕਬਜਾ ਕਰ ਲਿਆ। ਪੱਛਮੀ ਯੋਰੋਸ਼ਲਮ ’ਤੇ ਵੀ ਕਬਜਾ ਕਰ ਲਿਆ ਜਦ ਕਿ ਪੂਰਬੀ ਯੋਰੋਸ਼ਲਮ ’ਤੇ ਅਰਬਾਂ ਦਾ ਕਬਜਾ ਹੋ ਗਿਆ। ਇਸ ਜੰਗ ਦੌਰਾਨ 8 ਲੱਖ ਦੇ ਕਰੀਬ ਫਲਸਤੀਨੀ ਵਸੋਂ (ਕੁੱਲ ਵਸੋਂ ਦਾ 80 ਫੀਸਦੀ ਭਾਗ) ਜਾਂ ਤਾਂ ਡਰਦੀ ਆਪ ਹੀ ਇਜ਼ਰਾਈਲੀ ਖੇਤਰ ਛੱਡ ਗਈ ਤੇ ਜਾਂ ਇਜ਼ਰਾਈਲ ਦੇ ਯਹੂਦੀ ਕੱਟੜਪੰਥੀਆਂ ਤੇ ਸਰਕਾਰ ਵੱਲੋਂ ਉਹਨਾਂ ਨੂੰ ਜਬਰਨ ਕੱਢ ਦਿੱਤਾ ਗਿਆ। ਇਸ ਮਹਾਂ-ਉਜਾੜੇ ਨੂੰ ਫਲਸਤੀਨੀ ਨਕਬਾ (ਜਾਂ ਘੱਲੂਘਾਰਾ) ਕਹਿ ਕੇ ਯਾਦ ਕਰਦੇ ਹਨ। ਇਸ ਤੋਂ ਬਾਅਦ 1967 ਦੀ ਛੇ ਦਿਨਾਂ ਇਜ਼ਰਾਈਲ-ਅਰਬ ਜੰਗ ਦੌਰਾਨ ਨਾ ਸਿਰਫ ਇਜ਼ਰਾਈਲ ਨੇ ਫਲਸਤੀਨ ਦੇ ਸਮੁੱਚੇ ਇਤਿਹਾਸਕ ਖੇਤਰ ’ਤੇ ਕਬਜਾ ਕਰ ਲਿਆ ਸਗੋਂ ਮਿਸਰ ਦੇ ਸਿਨਾਈ ਖੇਤਰ ਤੇ ਸੀਰੀਆ ਦੇ ਗੋਲਾਨ ਹਾਈਟਸ ਤੇ ਕਈ ਹੋਰ ਅਰਬ ਇਲਾਕਿਆਂ ’ਤੇ ਵੀ ਕਬਜਾ ਕਰ ਲਿਆ। ਇਸ ਜੰਗ ਦੌਰਾਨ ਵੀ ਤਿੰਨ ਤੋਂ ਚਾਰ ਲੱਖ ਹੋਰ ਫਲਸਤੀਨੀ ਵਸੋਂ ਨੂੰ ਫਲਸਤੀਨੀ ਖੇਤਰਾਂ ’ਚੋਂ ਭਜਾ ਦਿੱਤਾ ਗਿਆ ਤੇ ਅਰਬ ਅਤੇ ਦੁਨੀਆਂ ਦੇ ਹੋਰ ਭਾਗਾਂ ਤੋਂ ਆਉਣ ਵਾਲੀ ਯਹੂਦੀ ਵਸੋਂ ਨੂੰ ਇਜ਼ਰਾਈਲ ’ਚ ਵਸਾਉਣਾ ਸ਼ੁਰੂ ਕਰ ਦਿੱਤਾ। ਰਫਿਊਜੀ ਬਣੇ ਯਹੂਦੀ ਪਰਿਵਾਰਾਂ ਨੂੰ ਇਜ਼ਰਾਈਲ ਨੇ ਵਧੀਆ ਢੰਗ ਨਾਲ ਵਸਾਇਆ, ਉਥੇ ਕਿਸੇ ਵੀ ਅਰਬ ਦੇਸ਼ ਨੇ ਆਪਣੇ ਤੌਰ ’ਤੇ ਜਾਂ ਸਮੂਹਕ ਤੌਰ ’ਤੇ ਫਲਸਤੀਨੀ ਸ਼ਰਨਾਰਥੀਆਂ ਨੂੰ ਨਹੀਂ ਵਸਾਇਆ ਤੇ ਉਹ ਅੱਜ ਵੀ ਅੱਡ ਅੱਡ ਦੇਸ਼ਾਂ ’ਚ ਰਫਿਊਜੀ ਕੈਂਪਾਂ ’ਚ ਰੁਲ ਰਹੇ ਹਨ। 

ਆਤਮ ਰੱਖਿਆ ਦੀ ਹਾਸੋ-ਹੀਣੀ ਦੁਹਾਈ

ਇਜ਼ਰਾਈਲੀ ਧੌਂਸਬਾਜ ਸਰਕਾਰ ਵੱਲੋਂ ਗਾਜ਼ਾ ’ਚ ਕੀਤੀ ਗਈ ਬੰਬਾਰੀ ਤੇ ਹੋਰ ਹਿੰਸਾ ਨੂੰ, ਹਕੀਕਤ ’ਚ ਆਪਣੇ ਹਰ ਹਿੰਸਕ ਕੁਕਰਮ ਨੂੰ, ਇਸ ਆਧਾਰ ’ਤੇ ਜਾਇਜ਼ ਠਹਿਰਾਇਆ ਜਾ ਰਿਹਾ ਹੈ ਕਿ ਹਮਸ ਵੱਲੋਂ ਜੋ ਦਹਿਸ਼ਤੀ ਹਮਲੇ ਕੀਤੇ ਜਾਂਦੇ ਹਨ ਜਾਂ ਜਦ ਤੱਕ ਇਹ ਖਤਰਾ ਮੌਜੂਦ ਹੈ, ਉਦੋਂ ਤੱਕ ਉਸ ਨੂੰ ਆਪਣੇ ਨਾਗਰਿਕਾਂ ਅਤੇ ਦੇਸ਼ ਦੀ ਰੱਖਿਆ ਲਈ ਮੋੜਵੇਂ ਜਾਂ ਅਗਾਊਂ ਹਮਲੇ ਕਰਨ ਦਾ ਅਧਿਕਾਰ ਹੈ। ਇਸੇ ਵਾਹਯਾਤ ਤੇ ਚਗਲੇ ਤਰਕ ਦੀ ਓਟ ’ਚ ਅਮਰੀਕਨ ਸਾਮਰਾਜ ਤੇ ਹੋਰ ਪੱਛਮੀ ਸਾਮਰਾਜੀ ਮੁਲਕਾਂ ਵੱਲੋਂ ਇਜ਼ਰਾਈਲ ਦੀਆਂ ਇਹਨਾਂ ਬੇਮੇਚੀਆਂ ਹਿੰਸਕ ਕਾਰਵਾਈਆਂ ਦੀ ਨਿੰਦਾ ਕਰਨ ਦੀ ਥਾਂ ਉਸ ਨੂੰ ਉਚਿੱਤ ਠਹਿਰਾਇਆ ਤੇ ਉਸ ਨੂੰ ਸ਼ਹਿ ਤੇ ਸਹਾਇਤਾ ਦਿੱਤੀ ਜਾ ਰਹੀ ਹੈ। ਕੀ ਸੱਚਮੁੱਚ ਹੀ ਫਲਸਤੀਨੀ ਪ੍ਰਸਾਸ਼ਨ ਜਾਂ ਲੋਕਾਂ ਤੋਂ ਇਜ਼ਰਾਈਲਦੀ ਸੁਰੱਖਿਆ ਨੂੰ ਕੋਈ ਹਕੀਕੀ ਖਤਰਾ ਹੈ? ਆਓ ਜ਼ਰਾ ਹਕੀਕਤਾਂ ’ਤੇ ਨਜ਼ਰ ਮਾਰੀਏ। ਫਲਸਤੀਨ ਤੇ ਇਜ਼ਰਾਈਲ ਦੀ ਸਮਰੱਥਾ ਦਾ ਤੁਲਨਾ ਕਰੀਏ।

ਇਜ਼ਰਾਈਲ ਇਕ ਕਾਫੀ ਤਾਕਤਵਰ ਫੌਜੀ ਸ਼ਕਤੀ ਹੈ ਜਿਸ ਕੋਲ ਅਣਐਲਾਨੇ ਐਟਮੀ ਹਥਿਆਰਾਂ ਤੋਂ ਇਲਾਵਾ ਉੱਚ-ਤਕਨੀਕ ਅਧਾਰਤ ਹਥਿਆਰ ਸਨਅਤ ਹੈ। ਇਹ ਦੁਨੀਆਂ ਦੇ 5-6 ਅਤਿਅਧੁਨਿਕ ਹਥਿਆਰ ਵੇਚਣ ਵਾਲੇ ਪ੍ਰਮੁੱਖ ਦੇਸ਼ਾਂ ’ਚ ਸ਼ਾਮਲ ਹੈ। ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਦਿਓ-ਤਾਕਤ ਦਾ ਹਰ ਪੱਖੋਂ ਮਿਹਰ ਭਰਿਆ ਹੱਥ ਹਮੇਸ਼ਾ ਇਸ ਦੇ ਸਿਰ ’ਤੇ ਰਿਹਾ ਹੈ। ਇਸ ਦਾ ਅਰਥਚਾਰਾ ਵੀ ਕਾਫੀ ਵਿਕਸਤ ਤੇ ਸ਼ਕਤੀਸ਼ਾਲੀ ਹੈ। ਖੇਤਰਫਲ ਪੱਖੋਂ ਵੀ ਇਹ ਫਲਸਤੀਨੀ ਖੇਤਰ ਤੋਂ ਕਾਫੀ ਵੱਡਾ ਹੈ। ਫਲਸਤੀਨ ਦੇ ਸਮੁੱਚੇ ਖੇਤਰ ਉਪਰ ਇਸ ਦਾ ਫੌਜੀ ਗਲਬਾ ਹੈ। ਫਲਸਤੀਨ ਜੰਗ ਨਾਲ ਤਬਾਹ ਹੋਇਆ, ਸਨਅਤ ਤੇ ਵਿਕਸਤ-ਖੇਤੀ ਵਿਹੂਣਾ ਮੁਲਕ ਹੈ ਜੋ ਆਪਣਾ ਰੋਜ਼ਾਨਾ ਜੀਵਨ ਪ੍ਰਵਾਹ ਚਲਦਾ ਰੱਖਣ ਲਈ ਵਿਦੇਸ਼ੀ ਸਹਾਇਤਾ ’ਤੇ ਨਿਰਭਰ ਹੈ। ਇਹ ਪਿਛਲੇ 15-20 ਸਾਲਾਂ ਤੋਂ ਇਜ਼ਰਾਈਲ ਦੀ ਸਾਹ-ਘੁੱਟਵੀਂ ਨਾਕੇਬੰਦੀ ਦਾ ਸ਼ਿਕਾਰ ਹੈ। ਗਾਜ਼ਾ ਪੱਟੀ ’ਚ ਖਾਧ-ਖੁਰਾਕ, ਦਵਾਈਆਂ, ਬਿਜਲੀ-ਪਾਣੀ ਤੇ ਹੋਰ ਵਸਤਾਂ ਦੀ ਹਮੇਸ਼ਾ ਕਿੱਲਤ ਵਾਲੀ ਹਾਲਤ ਰਹਿੰਦੀ ਹੈ। ਉਥੇ ਕੀ ਚੀਜ਼ ਤੇ ਕਿੰਨੀ ਮਾਤਰਾ ’ਚ ਆ ਸਕਦੀ ਹੈ, ਇਹ ਇਜ਼ਰਾਈਲ ’ਤੇ ਨਿਰਭਰ ਹੈ। ਬੇਰੁਜ਼ਗਾਰੀ ਸਿਖਰਾਂ ’ਤੇ ਹੈ। ਆਰਥਿਕਤਾ ਬੇਹਾਲ ਹੈ। ਆਪਣੀ ਫੌਜ ਨਹੀਂ। ਹਥਿਆਰ ਦਰਾਮਦ ਕਰਨ ਦੀ ਇਜ਼ਰਾਈਲੀ ਨਾਕੇਬੰਦੀ ਦੀਆਂ ਹਾਲਤਾਂ ’ਚ, ਸੰਭਾਵਨਾ ਨਹੀਂ। ਅਜਿਹੀ ਮੁਥਾਜਗੀ ਤੇ ਮੰਦਹਾਲੀ ਵਾਲਾ ਫਲਸਤੀਨ ਕੀ ਇਜ਼ਰਾਈਲ ਲਈ ਕੋਈ ਪਾਏਦਾਰ ਸੁਰੱਖਿਆ ਖਤਰਾ ਹੋ ਸਕਦਾ ਹੈ? ਇਹ ਤਾਂ ਅਜਿਹੀ ਗੱਲ ਬਣਦੀ ਹੈ ਕਿ ਇਕ ਹੱਟਾ-ਕੱਟਾ ਤੇ ਬੰਦੂਕ ਨਾਲ ਲੈਸ ਵਿਅਕਤੀ ਕਿਸੇ ਹੱਥਾਂ-ਪੈਰਾਂ ਤੋਂ ਨੂੜੇ ਤੇ ਮਾੜਚੂ ਵਿਅਕਤੀ ਨੂੰ ਆਪਣੀ ਸੁਰੱਖਿਆ ਲਈ ਗੰਭੀਰ ਖਤਰਾ ਦੱਸ ਰਿਹਾ ਹੋਵੇ। 

ਫਲਸਤੀਨ ਵੱਲੋਂ ਦਾਗੇ ਜਾ ਰਹੇ ਜਿਨ੍ਹਾਂ ਰਾਕਟਾਂ ਦੇ ਹਮਲਿਆਂ ਦੀ ਡੌਂਡੀ ਪਿੱਟੀ ਜਾ ਰਹੀ ਹੈ, ਉਹ ਮੁੱਢਲੀ ਕਿਸਮ ਦੇ ਹਨ, ਜਿਹਨਾਂ ਨੂੰ ਨਾ ਪੂਰੀ ਤਰ੍ਹਾਂ ਸਿਸਤ ਬੱਝਵੇਂ ਨਿਸ਼ਾਨੇ ’ਤੇ ਮਾਰਿਆ ਜਾ ਸਕਦਾ ਹੈ, ਨਾ ਹੀ ਉਹ ਇੰਨੇ ਘਾਤਕ ਹਨ। ਇਹ ਰਾਕਟ ਫਲਸਤੀਨੀਆਂ ਵੱਲੋਂ ਮੋੜਵੇਂ ਟਾਕਰੇ ਦੀ ਸਮਰੱਥਾ ਦੇ ਪ੍ਰਤੀਕ ਹੋਣ ਨਾਲੋਂ ਉਹਨਾਂ ਦੇ ਟਾਕਰਾ ਕਰਨ ਦੇ ਇਰਾਦੇ ਅਤੇ ਜੋਰਾਵਰ ਦੁਸ਼ਮਣ ਵੱਲੋਂ ਮੜ੍ਹੀ ਨਿਹੱਕੀ ਤੇ ਜਾਲਮਾਨਾ ਜੰਗ ’ਚ ਗੋਡੇ ਨਾਟੇਕਣ ਦੇ ਇਰਾਦੇ ਦੇ ਵਧੇਰੇ ਪ੍ਰਤੀਕ ਹਨ। ਇਜਰਾਈਲ ਦੀ ਵਿਕਸਤ ਸੁਰੱਖਿਆ ਪ੍ਰਣਾਲੀ, ਇਜ਼ਰਾਈਲੀ ਸੈਨਾ ਦੇ ਆਪਣੇ ਦਾਅਵਿਆਂ ਅਨੁਸਾਰ, ਇਹਨਾਂ ਰਾਕਟ ਹਮਲਿਆਂ ਨੂੰ ਟਿਕਾਣੇ ’ਤੇ ਪੁੱਜਣ ਤੋਂ ਪਹਿਲਾਂ  ਨਾਕਾਮ ਕਰ ਦਿੰਦੀ ਹੈ। ਇਹ ਰਾਕਟ ਹਮਲੇ ਵੀ ਇਜ਼ਰਾਈਲੀ ਪੁਲਸ ਅਤੇ ਸੈਨਾ ਦੇ ਘਾਤਕ ਹਮਲਿਆਂ ਦੇ ਜੁਆਬ ’ਚ ਹੀ ਕੀਤੇ ਜਾ ਰਹੇ ਹਨ। ਫਿਰ ਵੀ ਸਾਮਰਾਜੀ ਗੋਲੇ ਮੀਡੀਆ ਵੱਲੋਂ ਫਲਸਤੀਨੀਆਂ ਨੂੰ ਹੀ ਦਹਿਸ਼ਤਗਰਦ ਅਤੇ ਹਮਲਾਵਰ ਕਹਿ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਬੇਮੇਚੇ ਅਤੇ ਬੇਪਨਾਹ ਜ਼ੁਲਮ ਅਤੇ ਵਹਿਸ਼ੀ ਬਦਲਾਖੋਰੀ ਦੀਆਂ ਕਾਰਵਾਈਆਂ ਕਰਨ ਵਾਲੀ ਇਜ਼ਰਾਈਲੀ ਦਹਿਸ਼ਤਗਰਦੀ ਨੂੰ ‘ਰੱਖਿਆਤਮਕ ਕਾਰਵਾਈ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। 

1948 ’ਚ ਫਲਸਤੀਨੀ ਧਰਤੀ ਉਪਰ ਸਾਮਰਾਜੀਆਂ ਵੱਲੋਂ ਜਬਰਨ ਇਜ਼ਰਾਈਲੀ ਰਾਜ ਦੀ ਸਥਾਪਨਾ ਵੇਲੇ ਤੋਂ ਹੀ ਇਜ਼ਰਾਈਲੀ ਰਾਜ ਇਸ ਨੀਤੀ ’ਤੇ ਚਲਦਾ ਆ ਰਿਹਾ ਹੈ ਕਿ ਫਲਸਤੀਨੀ ਲੋਕਾਂ ਦੀ ਕੌਮੀ ਰਾਜ ਦੀ ਸਥਾਪਨਾ ਲਈ ਚੱਲ ਰਹੀ ਜੱਦੋਜਹਿਦ ਨੂੰ ਕੁਚਲਿਆ ਜਾਵੇ, ਫਲਸਤੀਨੀ ਇਲਾਕਿਆਂ ਨੂੰ ਲਗਾਤਾਰ ਹਥਿਆਉਣਾ ਜਾਰੀ ਰੱਖਿਆ ਜਾਵੇ, ਇਜ਼ਰਾਈਲੀ ਅਧਿਕਾਰ ਹੇਠ ਆਏ ਇਲਾਕਿਆਂ ਚੋਂ ਅਰਬ ਮੂਲਦੇ ਲੋਕਾਂ ਨੂੰ ਉਜਾੜਨ ਤੇ ਯਹੂਦੀਆਂ ਨੂੰ ਵਸਾਉਣ ਦਾ ਅਮਲ ਤੇਜ਼ੀ ਨਾਲ ਅੱਗੇ ਵਧਾਉਣਾ ਜਾਰੀ ਰੱਖਿਆ ਜਾਵੇ, ਇਜ਼ਰਾਈਲੀ ਖੇਤਰ ’ਚ ਰਹਿ ਗਏ ਫਲਸਤੀਨੀ ਲੋਕਾਂ ਨੂੰ ਦਬੈਲ ਬਣਾ ਕੇ ਰੱਖਿਆ ਜਾਵੇ ਅਤੇ ਫਲਸਤੀਨੀ ਇਲਾਕਿਆਂ ਦੀ ਨਾਕੇਬੰਦੀ ਜਾਰੀ ਰੱਖੀ ਜਾਵੇ। ਸਾਮਰਾਜੀ ਮੁਲਕਾਂ-ਖਾਸ ਕਰਕੇ ਦਿਓ-ਕੱਦ ਤਾਕਤ ਅਮਰੀਕੀ ਸਾਮਰਾਜ ਵੱਲੋਂ-ਇਸ ਨੀਤੀ ਦੀ ਜਾਹਰਾ ਜਾਂ ਗੁੱਝੀ ਹਮਾਇਤ ਹੋਣਕਰਕੇ ਇਜ਼ਰਾਈਲੀ ਹਾਕਮ ਯੂ.ਐਨ. ਓ. ਦੇ ਮਤਿਆਂ, ਕੌਮਾਂਤਰੀ ਕਾਨੂੰਨਾਂ ਨੂੰ ਟਿੱਚ ਜਾਣਦੇ ਆ ਰਹੇ ਹਨ। ਹਕੀਕਤ ’ਚ ਸੁਰੱਖਿਆਤਮ ਲੜਾਈ ਦੇ ਹੋਕਰੇ ਮਾਰ ਕੇ ਸਿਰੇ ਦੀ ਵਹਿਸ਼ੀ, ਪਸਾਰਵਾਦੀ ਤੇ ਨਿਹੱਕੀ ਜੰਗ ਜਾਰੀ ਰੱਖੀ ਤੇ ਅੱਗੇ ਵਧਾਈ ਜਾ ਰਹੀ ਹੈ। 

ਮੌਜੂਦਾ ਹਮਲੇ ਲਈ ਭੜਕਾਊ ਕਾਰਵਾਈਆਂ

ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਤਾਜ਼ਾ ਹਮਲਿਆਂ ਲਈ ਵੀ ਇਜ਼ਰਾਈਲੀ ਹਾਕਮਾਂ ਨੇ ਗਿਣ-ਮਿਥ ਕੇ ਜਮੀਨ ਤਿਆਰ ਕੀਤੀ ਹੈ। ਲਗਾਤਾਰ ਭੜਕਾਊ ਕਾਰਵਾਈਆਂ ਅਤੇ ਜਬਰ ਢਾਹ ਕੇ ਫਲਸਤੀਨੀ ਲੋਕਾਂ ਨੂੰ ਪ੍ਰਤੀਕਰਮ ਲਈ ਮਜਬੂਰ ਕੀਤਾ ਹੈ। 

ਯੂ.ਐਨ. ਓ. ਜਨਰਲ ਅਸੈਂਬਲੀ ਯੋਰੋਸ਼ਲਮ ’ਤੇ ਇਜ਼ਰਾਈਲੀ ਕਬਜੇ ਨੂੰ ਗੈਰ-ਕਾਨੂੰਨੀ ਮੰਨਦੀ ਹੈ। ਪਿਛਲੇ ਸਮੇਂ ’ਚ ਘੋਰ ਸੱਜੇ-ਪੱਖੀ ਤੇ ਨਸਲਪ੍ਰਸਤ ਟਰੰਪ ਨੇ ਯੋਰੋਸ਼ਲਮ ਦੇ ਸਮੁੱਚੇ ਇਲਾਕੇ ਨੂੰ ਇਜ਼ਰਾਈਲੀ ਰਾਜਧਾਨੀ ਵਜੋਂ ਮਾਨਤਾ ਦੇ ਦਿੱਤੀ ਸੀ। ਇਸ ਦੇ ਬਾਵਜਦੂ ਫਲਸਤੀਨੀ ਲੋਕਾਂ ਨੇ ਇਸ ਦਾ ਰਸਮੀ ਵਿਰੋਧ ਕਰਨ ਤੱਕ ਹੀਆਪਣੇ ਆਪ ਨੂੰ ਸੀਮਤ ਰੱਖਿਆ। ਪੂਰਬੀ ਯੋਰੋਸ਼ਲਮ ’ਚ ਪੈਂਦੇ ਖੇਤਰ ’ਚ ਇਜ਼ਰਾਈਲ ਪਿਛਲੇ ਅਰਸੇ ਦੌਰਾਨ ਤਿੰਨ ਲੱਖ ਤੋਂ ਵੀ ਵੱਧ ਯਹੂਦੀ ਵਸੋਂ ਵਾਲੀਆਂ ਬਸਤੀਆਂ ਗੈਰਕਾਨੂੰਨੀ ਢੰਗ ਨਾਲ ਵਸਾ ਚੁੱਕਿਆ ਹੈ। ਹੁਣ ਇੱਥੇ 1948 ਤੋਂ ਵੀ ਪਹਿਲਾਂ ਰਹਿੰਦੇ ਫਲਸਤੀਨੀ ਲੋਕਾਂ ਨੂੰ ਜਬਰਨ ਉਜਾੜਿਆ ਜਾ ਰਿਹਾ ਹੈ। ਇਹ ਮਸਲਾ ਇਜ਼ਰਾਈਲੀ ਸੁਪਰੀਮਕੋਰਟ ’ਚ ਵੀ ਹੈ। ਇਸ ਮਸਲੇ ਨੂੰ ਲੈ ਕੇ ਇਜ਼ਰਾਈਲ ’ਚ ਰਹਿੰਦੀ ਫਲਸਤੀਨੀ ਵਸੋਂ ’ਚ ਕਾਫੀ ਰੋਸ ਤੇ ਵਿਰੋਧ ਹੈ। ਇਜ਼ਰਾਈਲੀ ਕੱਟੜਪੰਥੀ ਅਨਸਰਾਂ ਤੇ ਅਧਿਕਾਰੀਆਂ ਵੱਲੋਂ ਫਲਸਤੀਨੀਆਂ ਨੂੰ ਕੱਢਣ ਦੀ ਇਸ ਮੁਹਿੰਮ ਨੂੰ ਤੂਲ ਦਿੱਤੀ ਜਾ ਰਹੀ ਹੈ। 

-21 ਅਪ੍ਰੈਲ ਨੂੰ ਅੱਤ-ਸੱਜੇਪੱਖੀ ਯਹੂਦੀ ਜਥੇਬੰਦੀ ‘‘ਲੇਹਾਵਾ’’ ਦੇ ਕਈ ਸੈਂਕੜੇ ਕਾਰਕੁੰਨਾਂ ਨੇ ਕੇਂਦਰੀ ਯੋਰੋਸ਼ਲਮ ’ਚ ਫਲਸਤੀਨੀਆਂ ਨੂੰ ਮੁਲਕ ’ਚੋਂ ਕੱਢਣ ਲਈ ਭੜਕਾਊ ਜਲੂਸ ਕੱਢਿਆ ਅਤੇ ‘‘ਅਰਬ ਮੁਰਦਾਬਾਦ’’ ਦੇ ਨਾਹਰੇ ਲਾਏ। ਯਹੂਦੀਆਂ ਦੇ ਇਕ ਟੋਲੇ ਵੱਲੋਂ ਫਲਸਤੀਨੀਆਂ ਦੇ ਘਰਾਂ ਤੇ ਹਮਲੇਕਰਨ ਅਤੇ ਇਕ ਹੋਰ ਗਰੁੱਪ ਵੱਲੋਂ ਇਕ ਫਲਸਤੀਨੀ ਦਾ ਕੁਟਾਪਾ ਕਰਨ ਦੀਆਂ ਫਿਲਮਾਂ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ। 

-13 ਅਪ੍ਰੈਲ ਨੂੰ ਰਮਜ਼ਾਨ ਦੇ ਮਹੀਨੇ ਦੀ ਪਹਿਲੀ ਰਾਤ ਮੌਕੇ ਪਵਿੱਤਰ ‘ਅਲ ਅਕਸਾ’ ਮਸਜਿਦ ’ਚ ਇਕ ਧਾਰਮਿਕ ਸਮਾਗਮ ’ਚ ਹਜਾਰਾਂ ਦੀ ਗਿਣਤੀ ’ਚ ਮੁਸਲਿਮ ਸ਼ਰਧਾਲੂ ਸ਼ਾਮਲ ਹੋਏ। ਇਜ਼ਰਾਈਲੀ ਪੁਲਸ ਨੇ ਇਸ ਪਵਿੱਤਰ ਮਸਜਿਦ ’ਚ ਧੱਕੇ ਨਾਲ ਵੜ ਕੇ ਉਥੇ ਚਲਦੇ ਲਾਊਡ ਸਪੀਕਰਾਂ ਦੀਆਂ ਤਾਰਾਂ ਇਸ ਕਰਕੇ ਕੱਟ ਦਿੱਤੀਆਂ ਕਿੳਂੁਕਿ ਮਸਜਿਦ ਵਾਲੀ ਪਹਾੜੀ ਦੇ ਹੇਠਾਂ ਇਜ਼ਰਾਈਲੀ ਰਾਸ਼ਟਰਪਤੀ ਵੱਲੋਂ ਉਹਨਾਂ ਸੈਨਿਕਾਂ ਦੀ ਯਾਦ ’ਚ ਸਮਾਗਮ ਰੱਖਿਆ ਹੋਇਆ ਸੀ ਜਿਨ੍ਹਾਂ ਨੇ ਇਜ਼ਰਾਈਲੀ ਰਾਜ ਦੀ ਸਥਾਪਨਾ ਤੇ ਰਾਖੀ ਲਈ ਆਪਣੀਆਂ ਜਾਨਾਂ ਵਾਰੀਆਂ ਸਨ। ਇਸ ਧਾਰਮਿਕ ਸਥਾਨ ਦੀ ਬੇਹੁਰਮਤੀ ਅਤੇ ਨਸਲੀ ਵਿਤਕਰੇ ਦੀ ਕਾਰਵਾਈ ਨੇ ਫਲਸਤੀਨੀ ਲੋਕਾਂ ’ਚ ਅੰਤਾਂ ਦੀ ਨਫਰਤ ਅਤੇ ਰੋਹ ਭਰ ਦਿੱਤਾ। 

-ਲਾਊਡ ਸਪੀਕਰ ਕੱਟਣ ਦੀ ਘਟਨਾ ਤੋਂ ਬਾਅਦ ਹੀ ਫਲਸਤੀਨੀਆਂ ਦੇ ਇਕੱਠ ਰੋਕਣ ਲਈ ਪੁਲਸ ਨੇ ਡਮਸਕਸ ਗੇਟ ਲਾਗੇ ਪੈਂਦੇ ਇਕ ਪਲਾਜੇ ਨੂੰ ਬੰਦ ਕਰਵਾ ਦਿੱਤਾ, ਜਿੱਥੇ ਰਮਜ਼ਾਨ ਦੌਰਾਨ ਫਲਸਤੀਨੀ ਇਕੱਠੇ ਹੁੰਦੇ ਤੇ ਬਹਿੰਦੇ ਸਨ। ਇਹ ਪੱਛਮੀ ਕਿਨਾਰੇ ਅਤੇ ਪੂਰਬੀ ਯੋਰੋਸ਼ਲਮ ਦੇ ਲੋਕਾਂ ਲਈ ਅਲ-ਅਕਸਾ ਮਸਜਿਦ ਅਤੇ ਪੁਰਾਣੇ ਸ਼ਹਿਰ ’ਚ ਜਾਣ ਦਾ ਵੀ ਮੁੱਖ ਮਾਰਗ ਸੀ। ਇਸ ਨਾਲ ਮਸਜਿਦ ਜਾਣ ਵਾਲੇ ਸ਼ਰਧਾਲੂਆਂ ਤੇ ਫਲਸਤੀਨੀ ਯੁਵਕਾਂ ’ਚ ਅੰਤਾਂ ਦਾ ਰੋਹ ਫੈਲ ਗਿਆ। ਇਹ ਪਲਾਜ਼ਾ ਖੁਲਵਾਉਣ ਲਈ ਮੁਸਲਿਮ ਸ਼ਰਧਾਲੂਆਂ ਅਤੇ ਪੁਲਸ ਵਿਚਕਾਰ ਝੜੱਪਾਂ ਸ਼ੁਰੂ ਹੋ ਗਈਆਂ ਜੋ ਹੌਲੀ ਹੌਲੀ ਜਨੂੰਨੀ ਯਹੂਦੀ ਤੇ ਸਥਾਨਕ ਅਰਬ ਲੋਕਾਂ ’ਚ ਝੜੱਪਾਂ ਤੱਕ ਵਧ ਕੇ ਇਜ਼ਰਾਈਲ ਦੇ ਕਈ ਸ਼ਹਿਰਾਂ ਤੱਕ ਫੈਲ ਗਈਆਂ। ਅੰਤ ਨੂੰ ਪੁਲਸ ਨੂੰ ਇਹ ਪਲਾਜ਼ਾ ਖੋਹਲਣਾ ਪਿਆ। 

-ਪੂਰਬੀ ਯੋਰੋਸ਼ਲਮ ਦੇ ਸ਼ੇਖ ਜਗ੍ਹਾ ਖੇਤਰ ’ਚੋਂ 6 ਫਲਸਤੀਨੀ ਪਰਿਵਾਰਾਂ ਨੂੰ ਉਜਾੜਨ ਦੇ ਇਕ ਕੇਸ ਦਾ ਫੈਸਲਾ 10 ਮਈ ਨੂੰ ਸੁਪਰੀਮ ਕੋਰਟ ਨੇ ਸੁਣਾਉਣਾ ਸੀ। 6 ਮਈ ਨੂੰ ਯੋਰੋਸ਼ਲਮ ਸ਼ਹਿਰ ਦੇ ਯਹੂਦੀ ਉਪ-ਮੇਅਰ ਆਰੇਹ ਕਿੰਗ ਦੀ ਅਗਵਾਈ ਹੇਠ ਯਹੂਦੀ ਬੁਰਸ਼ਗਰਦਾਂ ਦੇ ਇੱਕ ਹਜੂਮ ਵੱਲੋਂ ਸ਼ਹਿਰ ’ਚ ਜਲੂਸ ਕੱਢ ਕੇ, ਧਮੱਚੜ ਮਚਾ ਕੇ ਇਹਨਾਂ 6 ਪ੍ਰਵਾਰਾਂ ਨੂੰ ਤੁਰੰਤ ਘਰ ਛੱਡ ਜਾਣ ਲਈ ਧਮਕਾਇਆ ਗਿਆ। ਘੈਂਕਰੇ ਡਿਪਟੀ ਮੇਅਰ ਨੇ ਇਕ ਫਲਸਤੀਨੀ ਦੀ ਪਿੱਠ ਵਿਚ ਗੋਲੀ ਮਾਰ ਦਿੱਤੀ ਤੇ ਇਸ ਗੱਲ ’ਤੇ ਜਨਤਕ ਅਫਸੋਸ ਜਤਾਇਆ ਕਿ ਉਸ ਦਾ ਨਿਸ਼ਾਨਾ ਸਿਰ ’ਤੋਂ ਖੁੰਝ ਗਿਆ। 

ਉਪਰੋਕਤ ਜ਼ਿਕਰ ਕੀਤੀਆਂ ਤੇ ਕਈ ਹੋਰ ਨਸਲਪ੍ਰਸਤ ਤੇ ਭੜਕਾਊ ਕਾਰਵਾਈਆਂ ਸਦਕਾ ਫਲਸਤੀਨੀ ਵਸੋਂ ਤੇ ਯੁਵਕ ਆਹਤ ਅਤੇ ਅਪਮਾਣਤ ਮਹਿਸੂਸ ਕਰ ਰਹੇ ਸਨ। ਅੰਤਾਂ ਦੇ ਰੋਹ ਨਾਲ ਭਰੇ ਹੋਏ ਸਨ। 7 ਮਈ ਦੀਆਂ  ਧਾਰਮਿਕ ਠੇਸ ਪਹੁੰਚਾਉਣ ਤੇ ਜ਼ਾਲਮਾਨਾ ਘਟਨਾਵਾਂ ਨੇ ਸੁਲਘਦੀ ਅੱਗ ’ਤੇਹੋਰ ਤੇਲ ਪਾ ਦਿੱਤਾ। 

7 ਮਈ ਨੂੰ  ਸ਼ੁਕਰਵਾਰ ਦੇ ਰਮਜ਼ਾਨ ਦੇ ਇਕੱਠ ’ਚ ਦਹਿ-ਹਜ਼ਾਰਾਂ ਦੀ ਗਿਣਤੀ ’ਚ ਫਲਸਤੀਨੀ ਅਲ-ਅਕਸਾ ਮਸਜਿਦ ’ਚ ਜਮ੍ਹਾ ਹੋਏ। ਪੁਲਸ ਨੇ ਵਿਰੋਧ ਪ੍ਰਦਰਸ਼ਨ ਦੇ ਡਰੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਚਲਦਿਆਂ ਘੋਰ ਸੰਵੇਦਨਹੀਣਤਾ ਦਾ ਮੁਜਾਹਰਾ ਕਰਦਿਆਂ, ਇਸ ਇਕੱਠ ਨੂੰ ਵਿਝੇੜਨ ਲਈ ਅਲ-ਅਕਸਾ ਮਸਜਿਦ ’ਚ ਦਾਖਲਹੋ ਕੇ ਟੀਅਰ ਗੈਸ, ਸਟੰਨ ਗਰਨੇਡਾਂ ਅਤੇ ਰਬੜ ਦੀਆਂ ਗੋਲੀਆਂ ਦੀ ਵਾਛੜ ਕਰ ਦਿਤੀ । ਰੋਹ ’ਚ ਆਏ ਤੇ ਉਤੇਜਿਤ ਹੋਏ ਲੋਕਾਂ ਨੇ ਵੀ ਅੱਗੋਂ ਪੁਲਿਸ ਦਾ ਰੋੜਿਆਂ ਨਾਲ ਮੁਕਾਬਲਾ ਕੀਤਾ। ਇਸ ਨਾਲ ਇਜ਼ਰਾਈਲ ਵਿਚਲੀ ਅਰਬ ਲੋਕਾਂ ਦੀ ਵਸੋਂ ਵੀ ਝੰਜੋੜੀ ਗਈ ਅਤੇ ਸੜਕਾਂ ’ਤੇ ਆ ਗਈ। ਬਹੁਤ ਸਾਰੇ ਸ਼ਹਿਰਾਂ ਜਿਵੇਂ ਹਾਈਫਾ, ਅੱਕਾ, ਲੋਡ, ਰਾਮਲੇ ਆਦਿਕ ਅੰਦਰ ਅਰਬਾਂ ਅਤੇ ਯਹੂਦੀ ਕੱਟੜਪੰਥੀਆਂ ’ਚ ਆਪਸੀ ਟਕਰਾਅ ਹੋਏ ਤੇ ਕਈ ਥਾਈਂ ਸੈਨਾ ਵੀ ਬੁਲਾਉਣੀ ਪਈ।

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਜ਼ਰਾਈਲ ’ਚ ਦੋ ਸਾਲਾਂ ’ਚ ਹੀ ਚਾਰ ਵਾਰ ਚੋਣਾਂ ਹੋਣ ਦੇ ਬਾਵਜੂਦ ਸਥਿਰ ਸਰਕਾਰ ਨਹੀਂ ਬਣ ਸਕੀ। ਪ੍ਰਧਾਨ ਮੰਤਰੀ ਨੇਤਨਯਾਹੂ ਕੁਰੱਪਸ਼ਨ ਦੇ ਗੰਭੀਰ ਸਕੈਂਡਲ ਵਿਚ ਫਸੇ ਹੋਏ ਹਨ। ਹੁਣ ਉਹਨਾਂ ਦੀ ਸਰਕਾਰ ਡਿਗੂੰ ਡਿਗੂੰ ਕਰ ਰਹੀ ਸੀ। ਨਵੀਂ ਕੁਲੀਸ਼ਨ ਬਣਾਉਣ ਲਈ ਉਹਨਾਂ ਨੂੰ ਕੱਟੜ ਯਹੂਦੀ ਨਸਲਪ੍ਰਸਤ ਤੇ ਸੱਜ-ਪਿਛਾਖੜੀ ਨੇਤਾ-ਇਟਾਮਰ ਬੈਨ ਗਵੀਰ-ਦੀ ਹਮਾਇਤ ਦਰਕਾਰ ਸੀ ਜੋ ਕਿ ਗੋਲਡਸਟੀਨ ਨਾਂ ਦੇ ਇਕ ਯਹੂਦੀ ਸਿਰਫਿਰੇ ਦੀ ਫੋਟੋ ਆਪਣੇ ਗਲ ’ਚ ਪਾ ਕੇ ਘੁੰਮਣ ਲਈ ਜਾਣਿਆ ਜਾਂਦਾ ਹੈ ਅਤੇ ਜਿਸ ਨੇ 29 ਫਲਸਤੀਨੀਆਂ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ ਸੀ। ਅਜਿਹੇ ਸਿਆਸੀ ਸੰਕਟਾਂ ਵਿੱਚੋਂ ੳੱੁਭਰਨ ਲਈ ਦੁਨੀਆਂ ਭਰ ’ਚ ਸਿਆਸਤਦਾਨਾਂ ਵੱਲੋਂ ਜੰਗੀ ਜਨੂੰਨ ਨੂੰ ਬ੍ਰਹਮਅਸਤਰ ਦੇ ਰੂਪ ’ਚ ਵਰਤਿਆ ਜਾਂਦਾ  ਹੈ। ਨੇਤਨਯਾਹੂ ਨੇ ਵੀ ਉਪਰੋਕਤ ਭੜਕਾਊ ਮਹੌਲ ਗਿਣ-ਮਿਥ ਕੇ ਸਿਰਜਿਆ ਅਤੇ ਫਲਸਤੀਨੀਆਂ ’ਤੇ ਨਿਹੱਕੀ ਜੰਗ ਮੜ੍ਹ ਕੇ ਆਪਣੇ ਸਿਆਸੀ ਸੰਕਟ ’ਚੋਂ ਨਿੱਕਲਣ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਅਮਰੀਕਨ ਸਾਮਰਾਜੀ, ਅਰਬ ਹਕੂਮਤਾਂ ’ਤੇ ਇਜ਼ਰਾਈਲੀ-ਫਲਸਤੀਨੀ ਮਸਲਾ

ਇਜ਼ਰਾਈਲ ਦੀ ਸਥਾਪਨਾ ਦੇ ਵੇਲੇ ਤੋਂ ਲੈ ਕੇ ਹੀ ਅਮਰੀਕਨ ਸਾਮਰਾਜ ਇਸ ਨੂੰ ਮੱਧ-ਪੂਰਬ ਦੇ ਪੈਟਰੌਲੀਅਮ ਭਰਪੂਰ ਤੇ ਯੁੱਧਨੀਤਕ ਮਹੱਤਤਾ ਵਾਲੇ ਖਿੱਤੇ ’ਚ ਆਪਣੀ ਇਕ ਤਾਕਤਵਰ ਪੁਲਸ ਚੌਕੀ ਦੇ ਰੂਪ ’ਚ ਵਿਕਸਤ ਕਰਦਾ ਆ ਰਿਹਾ ਹੈ। ਅਮਰੀਕਾ ’ਚ ਇਜ਼ਰਾਈਲ ਪੱਖੀ ਤਾਕਤਵਰ ਲਾਬੀ ਹੈ ਜਿਸ ਨੂੰ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਵੇ, ਅਣਦੇਖੀ ਨਹੀਂ ਕਰ ਸਕਦੀ। ਪੂਰੀ ਦੁਨੀਆਂ ਦੇ ਲੋਕਾਂ ਅਤੇ ਦੇਸ਼ਾਂ ਵੱਲੋਂ ਇਜ਼ਰਾਈਲੀ ਧੌਂਸਬਾਜ ਕਾਰਵਾਈਆਂ ਤੇ ਵਤੀਰੇ ਦਾ ਵਿਰੋਧ ਕਰਨ ਦੇ ਬਾਵਜੂਦ ਅਮਰੀਕਾ ਨੇ ਇਜ਼ਰਾਈਲ ਦੀ ਫੌਜੀ, ਆਰਥਕ, ਸਿਆਸੀ ਤੇ ਕੂਟਨੀਤਕ ਮਦਦ ਡਟ ਕੇ ਕੀਤੀ ਹੈ। ਬਾਕੀ ਸਾਮਰਾਜੀ ਮੁਲਕ ਵੀ ਵੱਧ ਘੱਟ ਹੱਦ ਤੱਕ, ਮੋਟੇ ਰੂਪ ’ਚ ਇਹਦੇ ਹੱਕ ’ਚ ਹੀ ਭੁਗਤਦੇ ਆ ਰਹੇ ਹਨ। ਮੌਜੂਦਾ ਸਮੇਂ ਵੀ ਉਹ ਸਵੈ-ਰਾਖੀ ਦੇ ਅਖੌਤੀ ਅਧਿਕਾਰ ਦੀ ਆੜ ’ਚ ਇਜ਼ਰਾਈਲੀ ਹਮਲੇ ਤੇ ਵਧਵੀਂ ਕਾਰਵਾਈ ਤੱਕ ਦੀਵੀ ਨਿਖੇਧੀ ਕਰਨ ਲਈ ਤਿਆਰ ਨਹੀਂ। ਮੌਜੂਦਾ ਹਮਲੇ ਦੌਰਾਨ ਤਾਂ ਅਮਰੀਕਨ ਸਾਮਰਾਜੀਆਂ ਨੇ ਯੂ ਐਨ ਸਕਿਊਰਿਟੀ ਕੌਂਸਲ ਵੱਲੋਂ ਇਸ ਮਸਲੇ ਨੂੰ ਵਿਚਾਰਨ ਲਈ ਰੱਖੀਆਂ ਮੀਟਿੰਗਾਂ ਤੱਕ ਨਹੀਂ ਹੋਣ ਦਿੱਤੀਆਂ। ਬਾਈਡਨ ਪ੍ਰਸ਼ਾਸਨ ਨੇ ਕੁੱਝ ਚਿਰ ਪਹਿਲਾਂ ਹੀ ਇਜ਼ਰਾਈਲ ਨੂੰ ਲਗਭਗ 750 ਮਿਲੀਅਨ ਡਾਲਰ ਦੇ ਅਤੀ-ਅਧੁਨਿਕ ਹਥਿਆਰ ਵੀ ਦਿੱਤੇ ਹਨ। ਮੱਧ ਪੂਰਬ ’ਚ ਇਜ਼ਰਾਈਲ ਅਮਰੀਕਨ ਯੁੱਧ ਨੀਤੀ ਨੂੰ ਅੱਗੇ ਵਧਾਉਣ ਦਾ ਅਹਿਮ ਸੰਦ ਬਣਿਆ ਹੋਇਆ ਹੈ। 

ਇਸ ਖਿੱਤੇ ਦੀਆਂ ਅਰਬ ਹਕੂਮਤਾਂ ਆਮ ਕਰਕੇ ਰਾਜਾਸ਼ਾਹੀਆਂ ਹਨ ਜੋ ਫਲਸਤੀਨੀ ਕਾਜ਼ ਨੂੰ ਮਨੋ-ਦਿਲੋਂ ਭੁਲਾ ਕੇ ਸਿਰਫ ਵਿਸ਼ਾਲ ਮੁਸਲਿਮ ਰਿਆਇਆ ਦੇ ਦਬਾਅ ਕਰਕੇ , ਫਲਸਤੀਨ ਨਾਲ ਯੱਕਯਹਿਤੀ ਦਾ ਵਿਖਾਵਾ ਕਰ ਰਹੀਆਂ ਹਨ। ਇਜ਼ਰਾਈਲ ਨਾਲੋਂ ਇਰਾਨ ਨਾਲ ਇਹਨਾਂ ਦਾ ਵਿਰੋਧ ਕਿਤੇ ਜ਼ਿਆਦਾ ਤਿੱਖਾ ਹੈ। ਫਲਸਤੀਨ ਦੇ ਗਵਾਂਢੀ -ਮਿਸਰ ਤੇ ਜੌਰਡਨ-ਤਾਂ ਅਮਰੀਕਾ ਦੇ ਪਿੱਠੂ ਹਨ। ਇਸੇ ਤਰ੍ਹਾਂ ਸਾਊਦੀ ਅਰਬ, ਯੂ. ਏ.ਈ.ਵੀ ਅਮਰੀਕਨ ਹਿੱਤਾਂ ਨਾਲ ਬੱਝੇ ਹੋਏ ਹਨ। ਕੁੱਝ ਚਿਰ ਪਹਿਲਾਂ ਹੀ ਯੂ.ਏ.ਈ., ਬਹਿਰੀਨ, ਸੂਡਾਨ ਤੇ ਮਰੋਕੋ ਨੇ ਤਾਂ ਇਜ਼ਰਾਈਲ ਨਾਲ ਆਪਣੇ ਕੂਟਨੀਤਕ ਸਬੰਧ ਵੀ ਕਾਇਮ ਕਰ ਲਏ ਹਨ। ਮੁਸਲਿਮ ਜਨਤਾ ਦੇ ਦਬਾਅ ਕਰਕੇ ਇਹ ਫਲਸਤੀਨ ਦੀ ਮੁੱਖ ਤੌਰ ’ਤੇ ਆਰਥਕ ਤੇ ਸਿਆਸੀ ਮੱਦਦ ਕਰਨ ਤੱਕ ਹੀ ਸੀਮਤ ਹਨ। ਇਰਾਨ ਮੁਕਾਬਲਤਨ ਵੱਧ ਖੁੱਲ੍ਹ ਕੇ ਮੱਦਦ ਕਰ ਰਿਹਾ ਹੈ। 

ਮੋਦੀ ਹਕੂਮਤ ਦਾ ਸ਼ਰਮਨਾਕ ਰੋਲ 

ਭਾਜਪਾਈ ਹਕੂਮਤਾਂ, ਖਾਸ ਕਰ ਮੋਦੀ ਸਰਕਾਰ ਨੇ, ਭਾਰਤ ਦੀ ਦਹਾਕਿਆਂ ਤੋਂ ਚਲੀ ਆ ਰਹੀ ਫਲਸਤੀਨੀ ਲੋਕਾਂ ਦੇ ਹੱਕੀ ਕਾਜ਼ ਦੀ ਡਟਵੀਂ ਹਿਮਾਇਤ ਕਰਨ ਦੀ ਨੀਤੀ ਤੋਂ ਮੋੜਾ ਕੱਟ ਕੇ ਆਪਣੇ ਅਮਰੀਕਨ ਸਾਮਰਾਜੀ ਪ੍ਰਭੂਆਂ ਦੀ ਸੁਰ ਮੁਤਾਬਕ ਆਪਣੀ ਸੁਰ ਢਾਲਣ ਦੀ ਕਵਾਇਦ ਆਰੰਭੀ ਹੋਈ ਹੈ। ਮੋਦੀ ਆਪਣੇ ਆਪ ਨੂੰ ਨੇਤਨਯਾਹੂ ਦਾ ਪਰਮ ਮਿਤਰ ਦਸਦਾ ਹੈ। ਭਾਜਪਾਈ ਲਾਣਾ ਹੁਣ ਇਜ਼ਰਾਈਲਦੀ ਮੁਸਲਿਮ ਵਿਰੋਧੀ ਧੱਕੜਸ਼ਾਹੀ ਦਾ ਖੁੱਲ੍ਹਾ ਪ੍ਰਸੰਸ਼ਕ ਬਣਿਆਹੋਇਆ ਹੈ। ਭਾਰਤ ਇਜ਼ਰਾਈਲ ਤੋਂ ਜੰਗੀ ਸਾਜੋਸਮਾਨ ਦੀ ਦਰਾਮਦ ਵਧਾਉਦਾ ਆ ਰਿਹਾ ਹੈ ਅਤੇ ਫੌਜੀ ਖੇਤਰ ਦੇ ਵੱਖ ਵੱਖ ਪਹਿਲੂਆਂ ’ਚ ਸਾਂਝ ਵਧਾ ਰਿਹਾ ਹੈ। ਇਹ ਵੀ ਇਜ਼ਰਾਈਲ ਵੱਲੋਂ ਸਵੈ-ਰਾਖੀ ਦੇ ਗੁਮਰਾਹੀ ਸਿਧਾਂਤ ’ਚ ਉਸ ਦਾ ਪੱਖ ਪੂਰ ਰਿਹਾ ਹੈ। ਅਜੋਕੇ ਇਜ਼ਰਾਈਲੀ ਹਮਲੇ ਦੇ ਪ੍ਰਸੰਗ ’ਚ ਵੀ ਭਾਰਤੀ ਹਕੂਮਤ ਦੀ ਯੂ.ਐਨ. ’ਚ ਲਈ ਪੁਜ਼ੀਸ਼ਨ ਗਹੁ ਕਰਨ ਯੋਗ ਹੈ:

‘‘ਇਜ਼ਰਾਈਲ ਦੀ ਸਿਵਲੀਅਨ ਵਸੋਂ ਨੂੰ ਨਿਸ਼ਾਨਾ ਬਣਾ ਕੇ ਗਾਜ਼ਾ ’ਚੋਂ ਦਾਗੇ ਜਾਣ ਵਾਲੇ ਬੇਤਹਾਸ਼ਾ ਰਾਕਟ ਹਮਲਿਆਂ, ਜਿਨ੍ਹਾਂ ਦੀ ਅਸੀਂ ਜੋਰਦਾਰ ਨਿਖੇਧੀ ਕਰਦੇ ਹਾਂ, ਅਤੇ ਗਾਜ਼ਾ ਉਤੇ ਕੀਤੇ ਮੋੜਵੇਂ ਹਮਲਿਆਂ ਨੇ ਬਹੁਤ ਹੀ ਮੁਸ਼ਕਿਲ ਭਰੀ ਹਾਲਤ ਪੈਦਾ ਕਰ ਦਿੱਤੀ ਹੈ ਅਤੇ ਔਰਤਾਂ ਤੇ ਬੱਚਿਆਂ ਦੀ ਮੌਤ ਸਮੇਤ ਕਾਫੀ ਜਾਨੀ ਨੁਕਸਾਨ ਕੀਤਾ ਹੈ।’’

(ਟੀ ਐਸ ਤ੍ਰੀਮੂਰਤੀ, ਯੂ ਐਨ ਓ ’ਚ 

ਭਾਰਤ ਦਾ ਪੱਕਾ ਨੁਮਾਇੰਦਾ) 

ਭਾਰਤ ਦੀ ਇਹ ਬਦਲੀ ਹੋਈ ਤੇ ਪੱਖਪਾਤੀ ਸੁਰ ਹੁਣ ਸਿਰਫ ਗਾਜ਼ਾ ਪੱਟੀ ਚੋਂ ਦਾਗੇ ਰਾਕਟ ਹਮਲਿਆਂ ਦੀ ਹੀ ਨਿਖੇਧੀ ਕਰਦੀ ਹੈ, ਇਜ਼ਰਾਈਲ ਦੀ ਨਿਹੱਕੀ ਤੇ ਵਹਿਸ਼ੀ ਬੰਬਾਰੀ ਬਾਰੇ ਚੁੱਪ ਹੈ। ਹਾਲਾਂ ਕਿ ਵੱਡੀ ਜਾਨੀ ਤੇ ਮਾਲੀ ਤਬਾਹੀ ਦਾ ਕਾਰਨ ਇਹ ਇਜ਼ਰਾਈਲੀ ਬੰਬਾਰੀ ਹੈ ਜੋ ਗਿਣ-ਮਿਥ ਕੇ ਰਿਹਾਇਸ਼ੀ ਇਲਾਕਿਆਂ, ਸੂਚਨਾ ਕੇਂਦਰਾਂ , ਬਿਜਲੀ ਪਲਾਂਟਾਂ ਤੇ ਹਸਪਤਾਲਾਂ ਆਦਿਕ ’ਤੇ ਕੀਤੀ ਗਈ ਹੈ। ਇਹ ਵੀ ਖਬਰਾਂ ਪ੍ਰਕਾਸ਼ਤ ਹੋਈਆਂ ਹਨ ਕਿ ਭਾਰਤ ’ਚ ਇਜ਼ਰਾਈਲੀ ਜੰਗੀ ਬੁਰਛਾਗਰਦੀ ਵਿਰੁੱਧ ਕਸ਼ਮੀਰ ’ਚ ਹੋਏ ਮੁਜਾਹਰਿਆਂ ਨੂੰ ਸਖਤੀ ਨਾਲ ਰੋਕਿਆ ਤੇ ਦਬਾਇਆ ਜਾ ਰਿਹਾ ਹੈ। 

ਫਲਸਤੀਨੀਆਂ ਦੀ ਹੱਕੀ ਜੱਦੋਜਹਿਦ ਦੀ ਡਟਵੀਂ ਹਮਾਇਤ ਕਰੋ

ਫਲਸਤੀਨੀ ਲੋਕਾਂ ਦੀ ਕੌਮੀ ਮੁਕਤੀ ਤੇ ਆਪਣਾ ਕੌਮੀ ਰਾਜ ਸਥਾਪਤ ਕਰਨ ਦੀ ਜੱਦੋਜਹਿਦ ਬਹੁਤ ਹੀ ਔਖੇ ਦੌਰ ’ਚੋਂ ਲੰਘ ਰਹੀ ਹੈ। ਇਜ਼ਰਾਈਲ ਯਹੂਦੀਵਾਦ ਖਿੱਤੇ ’ਚ ਇਕ ਤਾਕਤਵਰ ਫੌਜੀ ਸ਼ਕਤੀ ਬਣ ਕੇ ਉੱਭਰਆ ਹੈ। ਫਲਸਤੀਨੀ ਮੁਕਤੀ ਲਹਿਰ ਖੁਦ ਸਿਆਸੀ ਵਖਰੇਵਿਆਂ ਤੇ ਵੰਡੀਆਂ ਦੀ ਸ਼ਿਕਾਰ ਹੈ। ਫਲਸਤੀਨੀ ਇਲਾਕਿਆਂ ਉਪਰ ਇਜ਼ਰਾਈਲੀ ਸ਼ਿਕੰਜਾਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਮਜਬੂਤ ਹੈ। ਕੌਮਾਂਤਰੀ ਪੱਧਰ ’ਤੇ ਇਨਕਲਾਬੀ ਲਹਿਰਾਂ ਦੀ ਚੜ੍ਹਤ ਵਾਲੀ ਹਾਲਤ ਨਾ ਹੋਣ ਅਤੇ ਅੰਤਰ-ਸਾਮਰਾਜੀ ਵਿਰੋਧਤਾਈਆਂ ਦੇ ਮੱਧਮ ਦੌਰ ’ਚ ਹੋਣ ਕਾਰਨ ਫਲਸਤੀਨੀ ਲਹਿਰ ਦੀ ਕੌਮਾਂਤਰੀ ਦੇਸ਼ਾਂ ਵੱਲੋਂ  ਆਰਥਕ ਤੇ ਸਿਆਸੀ ਹਮਾਇਤ ਵੀ ਮੱਧਮ ਪਈ ਹੈ। ਇਹੋ ਜਿਹੇ ਚੁਣੌਤੀ ਭਰਪੂਰ ਸਮਿਆਂ ’ਚ ਫਲਸਤੀਨੀ ਲੋਕਾਂ ਦੇ ਹੱਕੀ ਕਾਜ਼ ਦੀ ਹਰ ਤਰ੍ਹਾਂ ਨਾਲ ਡਟਵੀਂ ਹਮਾਇਤ ਕਰਨੀ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਜਰੂਰੀ ਹੈ। ਯਹੂਦੀ ਕੱਟੜਪੰਥੀ ਹਲਕੇ ਇਜ਼ਰਾਈਲ ਦੇ ਨਾਲ ਨਾਲ ਆਜ਼ਾਦ ਫਲਸਤੀਨੀ ਰਾਜ ਦੀ ਕਾਇਮੀ ਦੇ ਢਿੱਡੋਂ-ਚਿੱਤੋਂ ਉੱਕਾ ਹੀ ਹਮਾਇਤੀ ਨਹੀਂ। ਅਮਰੀਕਨ ਸਾਮਰਾਜੀਆਂ ਦੀ ਜਾਹਰਾ ਪੁਜੀਸ਼ਨ ਭਾਵੇਂ ਕੋਈ ਵੀ ਹੋਵੇ, ਉਹਨਾਂ ਦੀ ਹਾਲ ਦੀ ਘੜੀ, ਇਜ਼ਰਾਈਲੀ ਹਾਕਮਾਂ  ਨਾਲ ਸਹਿਮਤੀ ਹੈ। ਮੱਧ-ਪੂਰਬ ਖਿੱਤੇ ’ਚ ਇਸ ਮਸਲੇ ਦਾ ਹੱਲ ਕਰਨ ਲਈ ਫਲਸਤੀਨੀ ਮੁਕਤੀ ਜੱਦੋਜਹਿਦ ਦੀ ਡਟਵੀਂ ਹਮਾਇਤ ਦੇ ਨਾਲ ਨਾਲ ਇਜ਼ਰਾਈਲੀ-ਅਮਰੀਕੀ ਜੁੰਡਲੀ ਦੇ ਇਹਨਾਂ ਮਨਸੂਬਿਆਂ ਨੂੰ ਵੀ ਬੇਪਰਦ ਕੀਤਾ ਜਾਣਾ ਜਰੂਰੀ ਹੈ। ਦੁਨੀਆਂ ਭਰ ਦੇ ਜਮਹੂਰੀ ਤੇ ਇਨਸਾਫਪਸੰਦ ਲੋਕਾਂ ਨੂੰ ਇਜ਼ਰਾਈਲੀ ਹਮਲਾਵਰਾਂ ’ਤੇ ਜੰਗੀ ਅਪਰਾਧਾਂ ਤਹਿਤ ਮੁਕੱਦਮੇਂ ਚਲਾਉਣ ਦੀ ਵੀ ਮੰਗ ਕਰਨੀ ਚਾਹੀਦੀ ਹੈ।    

No comments:

Post a Comment