Friday, June 11, 2021

ਸਾਡੀ ਚਿੰਤਾ ਨਾ ਕਰਨਾ ਗੁਰਭਜਨ ਗਿੱਲ

 ਸਾਡੀ ਚਿੰਤਾ ਨਾ ਕਰਨਾ

                ਗੁਰਭਜਨ ਗਿੱਲ

ਬਹੁਤ ਮੁਸ਼ਕਿਲ ਹੈ 

ਉਸ ਪੀੜ ਦਾ ਅਨੁਵਾਦ ਕਰਨਾ

ਜੋ ਉਸ ਹੌਕੇ ਚ ਲੁਕੀ ਬੈਠੀ ਹੈ

ਜਿਹੜਾ ਉਸ ਛਾਬੜੀ ਵਾਲੇ ਨੇ ਲਿਆ ਹੈ। 

ਅਖੇ! ਸਰਕਾਰ ਜੀ, 

ਸਕੂਲ ਖੋਲ ਦਿਉ, 

ਸਾਡੇ ਘਰ ਆਟਾ ਨਾ ਦਾਲ

ਅਜਬ ਤਰਾਂ ਕੰਬਦੀ ਹੈ 

ਪੈਰਾਂ ਹੇਠਲੀ ਧਰਤ ਜਿਵੇਂ ਭੂਚਾਲ

ਕੁਝ ਤਾਂ ਕਰੋ ਖਿਆਲ।


ਸਕੂਲ ਆਟਾ ਨਹੀਂ ਵੇਚਦਾ ਨਾ ਵੰਡਦਾ

ਫਿਰ ਇਸ  ਛਾਬੜੀਵਾਲੇ ਨੂੰ 

ਸਕੂਲ ਖੁੱਲਣ ਦੀ ਚਿੰਤਾ ਕਿਉਂ ਹੈ?

ਤੁਸੀਂ ਨਹੀਂ ਜਾਣ ਸਕੋਗੇ

ਸਕੂਲ ਦੇ ਬਾਹਰਵਾਰ

ਛੋਲੇ ਭਠੂਰੇ,ਆਲੂਟਿੱਕੀ, ਮਰੂੰਡਾ ਤੇ

ਮਿੱਠੀਆਂ ਲੂਣੀਆਂ ਸੇਵੀਆਂ ਵੇਚਦੇ

ਇਸ ਬਾਲਕੇ ਦੀ ਅੱਖ ਵਿਚਲੀ ਪੀੜ।

ਅੱਧੀ ਛੁੱਟੀ ਵੇਲੇ ਇਹ ਕੁਝ ਵੇਚਦਿਆਂ

ਸਕੂਲੀ ਬੱਚਿਆਂ ਸਹਾਰੇ

ਉਸ ਦੇ ਘਰਦਾ ਚੁੱਲਾ ਤਪਦਾ ਹੈ। 

ਮਾਂ ਦੀਆਂ ਅੱਖਾਂ ਲਈ

ਦਵਾ ਦਰਮਲ ਲੈਣਾ ਹੈ। 


ਸਰਕਾਰ ਜੀ

ਅਰਜੀ ਪ੍ਰਵਾਨ ਕਰੋ

ਏਸ ਤੋਂ ਪਹਿਲਾਂ ਕਿ ਕਰੋਨਾ ਡੰਗੇ

ਭੁੱਖ ਡੰਗ ਰਹੀ ਹੈ। 

ਨਿੱਕੇ ਵੀਰ ਲਈ

ਟਾਕੀ ਵਾਲੇ ਬੂਟ ਲੈਣੇ ਹਨ

ਗਰਮੀਆਂ ਸਿਰ ’ਤੇ ਨੇ

ਮੀਂਹ ਕਣੀ ਤੋਂ ਬਚਣ ਲਈ

ਝੁੱਗੀ ’ਤੇ ਪਾਉਣ ਖਾਤਰ ਤਰਪਾਲ ਲੈਣੀ ਹੈ। 

ਮੇਰੀ ਭੈਣ ਵ ੀਚੁੰਨੀ ਮੰਗਦੀ ਹੈ। 

ਵੱਡੀ ਹੋ ਰਹੀ ਹੈ ਨਾ! 

ਸੰਗ ਦੀ ਮਾਰੀ ਬਾਹਰ ਨਹੀਂ ਨਿਕਲਦੀ

ਲੋਕ ਗੱਲਾਂ ਕਰਦੇ ਨੇ।

ਸੱਖਣਾ ਪੀਪਾ ਪੁੱਛਦਾ ਹੈ

ਸਾਡਾ ਢਿੱਡ ਕਦੋਂ ਭਰੇਂਗਾ?

ਮੇਰੀ ਖੈਰ ਮਿਹਰ ਹੈ! 

ਮੈਂ ਤਾਂ ਕੁਝ ਦਿਨ ਛੋਲੇ ਚੱਬ

ਪਾਣੀ ਪੀ ਕੇ ਵੀ ਸਾਰ ਲਵਾਂਗਾ। 


ਸਰਕਾਰ ਜੀ

ਸੁਣਿਐ! ਤੁਸੀਂ ਉਹ ਟੀਕਾ ਤਾਂ ਬਣਾ ਲਿਐ

ਜੇ ਕਰੋਨਾ ਮੁਕਤ ਕਰਦਾ ਹੈ

ਹੁਣ ਉਹ ਥਰਮਾਮੀਟਰ ਵੀ ਬਣਾਉ

ਜੋ ਜਾਣ ਸਕੇ ਕਿ 

ਦਰਦਾਂ ਦੀ ਤਪਸ ਕਿੱਥੋਂ ਤੀਕ ਪਹੁੰਚੇ

ਕਿ ਤੁਹਾਨੂੰ ਪਤਾ ਲੱਗ ਜਾਵੇ

ਬਈ ਸਾਡੇ ਮਨ ’ਚ ਕੀ ਚੱਲਦਾ ਹੈ? 


ਸਕੂਲ ਬੰਦ ਕਰਨ ਦੇ

ਹੁਕਮ ਕਰਨ ਲੱਗਿਆਂ ਸੋਚਿਆ ਕਰੋ

ਬੱਚੇ ਜਮਾਤਾਂ ਚੜਨ ਨਹੀਂ ਆਉਂਦੇ

ਪੜਨ ਆਉਂਦੇ ਹਨ।

ਅਗਲੀ ਜਮਾਤੇ ਮੂੰਹ ਜਬਾਨੀ ਚੜਾ

ਤੁਸੀਂ ਕਾਗਜਾਂ ਦਾਢਿੱਡ ਤਾਂ ਭਰ ਸਕਦੇ ਹੋ! 

ਸਾਡਾ ਹਰਗਿਜ ਨਹੀਂ ਸਰਕਾਰੋ।

ਜੇ ਸ਼ਬਦ ਹਾਰ ਗਏ ਤਾਂ

ਤਾਂ ਤੁਹਾਡੀ ਕਾਗਜੀ ਲੰਕਾ

ਪਲਾਂ ’ਚ ਢਹਿਢੇਰੀ ਹੋ ਜਾਵੇਗੀ। 


ਹਜੂਰ! ਏਸ ਤੋਂ ਪਹਿਲਾਂ 

ਕਿ ਸਾਨੂੰ ਕਰੋਨਾ ਖਾ ਖਾਵੇ

ਭੁੱਖ ਲਾਜਮੀ ਖਾ ਜਾਵੇਗੀ। 


ਝੁੱਗੀਆਂ ਵਾਂਗ

ਲਿੱਸੇ ਘਰਾਂ ’ਚ ਪਹਿਲਾਂ ਹੀ ਸਿਰਫ

ਮੁਸੀਬਤਾਂ ਪ੍ਰਾਹੁਣੀਆਂ ਆਉਂਦੀਆਂ

ਪਰ ਜਾਣ ਦਾ ਨਾਂ ਨਹੀਂ ਲੈਂਦੀਆਂ

ਸਗੋਂ ਪੱਕਾ ਡੇਰਾ ਲਾਉਂਦੀਆਂ।

ਸਾਡੀ ਆਵਾਜ ਸੁਣੋ

ਤੁਹਾਡੇ ਕੋਲ ਤਾਂ ਰੇਡੀਉ ਹੈ, ਟੀਵੀ ਹੈ

ਅਖਬਾਰ ਹੈ, ਦਰਬਾਰ ਹੈ, 

ਜਿਸ ਨੂੰ ਜਦੋਂ ਚਾਹੋ, ਜਿੱਥੇ ਚਾਹੋ

ਮਨ ਦੀ ਬਾਤ ਸੁਣਾ ਸਕਦੇ ਹੋ। 

ਅਸੀਂ ਕਿਸ ਨੂੰ ਕਹੀਏ। 

ਸਿਰਫ ਦਿਹਾੜੀ ਨਹੀਂ, 

ਦਿਲ ਟੁੱਟ ਰਿਹਾ ਹੈ ਜਨਾਬ! 

ਸਾਡੀ ਚਿੰਤਾ ਨਾ ਕਰਨਾ, 

ਸਕੂਲ ਖੋਲ ਦਿਉ

ਅਸੀਂ ਆਪੇ ਕਮਾ ਕੇ ਖਾ ਲਵਾਂਗੇ।

   

No comments:

Post a Comment