Thursday, June 10, 2021

ਗਦਰ ਲਹਿਰ ਦੀ ਸਾਮਰਾਜ ਵਿਰੋਧੀ ਤੇ ਧਰਮ ਨਿਰਲੇਪ ਸੰਗਰਾਮੀ ਵਿਰਾਸਤ ਨੂੰ ਬੁਲੰਦ ਕਰੋ

 

ਗਦਰ ਪਾਰਟੀ  ਸਥਾਪਨਾ ਦਿਹਾੜਾ

ਗਦਰ ਲਹਿਰ ਦੀ ਸਾਮਰਾਜ ਵਿਰੋਧੀ ਤੇ ਧਰਮ ਨਿਰਲੇਪ ਸੰਗਰਾਮੀ ਵਿਰਾਸਤ ਨੂੰ ਬੁਲੰਦ ਕਰੋ

 

                21 ਅਪ੍ਰੈਲ  ਦਾ ਦਿਨ ਗਦਰ ਪਾਰਟੀ ਦੀ ਸਥਾਪਨਾ ਦਾ ਦਿਨ ਹੈ। ਸੰਨ 1913 ਨੂੰ ਅਮਰੀਕਾ ਵਿੱਚ ਪ੍ਰਵਾਸ ਕਰਕੇ ਗਏ ਪੰਜਾਬੀਆਂ ਵੱਲੋਂ ਇਸਦਾ ਗਠਨ ਕੀਤਾ ਗਿਆ ਸੀ। ਇਹਨਾਂ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਭਾਰੀ ਹਿੱਸਾ ਪੰਜਾਬ ਦੀ ਜੱਟ-ਕਿਸਾਨੀ ਚੋਂ ਸੀ, ਜਿਹੜੀ ਬਰਤਾਨਵੀ ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਪਿੱਠੂਆਂ- ਜਾਗੀਰਦਾਰਾਂ, ਸੂਦਖੋਰ ਸਾਹੂਕਾਰਾਂ, ਵਪਾਰੀਆਂ ਦੀ ਬੇਤਹਾਸ਼ਾ ਲੁੱਟ-ਖੋਹ ਅਤੇ ਦਾਬੇ ਦੀ ਝੰਬੀ ਹੋਈ ਸੀ ਅਤੇ ਆਰਥਿਕ ਪੱਖੋਂ ਬੁਰੀ ਤਰਾਂ ਟੁੱਟ ਚੁੱਕੀ ਸੀ। ਆਪਣੀ ਬਦਹਾਲ ਜ਼ਿੰਦਗੀ ਨੂੰ ਕੁੱਝ ਛਿੱਲੜਾਂ ਦਾ ਆਸਰਾ ਦੇਣ ਲਈ ਕਿਸਾਨੀ ਦੇ ਇੱਕ ਹਿੱਸੇ ਵੱਲੋਂ ਅਮਰੀਕਾ ਤੇ ਕੈਨੇਡਾ ਵੱਲ ਮੂੰਹ ਕੀਤਾ ਗਿਆ। ਕੁੱਝ ਵੱਲੋਂ ਚੰਦ ਛਿਲੜਾਂ ਬਦਲੇ ਗੋਰੇ ਸਾਮਰਾਜੀਆਂ ਦੀਆਂ ਫੌਜਾਂ ਵਿੱਚ ਭਰਤੀ ਹੋ ਕੇ ਬਸਤੀਆਂ ਵਿੱਚ ਉਹਨਾਂ ਦੀਆਂ ਜੰਗੀ ਮੁਹਿੰਮਾਂ ਦਾ ਖਾਜਾ ਬਣਨ ਤੁਰਿਆ ਗਿਆ ਅਤੇ ਕਈਆਂ ਵੱਲੋਂ ਸਿੰਘਾਪੁਰ, ਬਰਮਾ, ਮਲਾਇਆ, ਚੀਨ ਆਦਿ ਵਿੱਚ ਅੰਗਰੇਜ ਅਫਸਰਾਂ ਤੇ ਧਨਾਢਾਂ ਦੇ ਬੰਗਲਿਆਂ ਚ ਚਾਕਰੀ ਦਾ ਪੇਸ਼ਾ ਚੁਣਨ ਲਈ ਮਜਬੂਰ ਹੋਇਆ ਗਿਆ।

                ਪ੍ਰਦੇਸਾਂ ਨੂੰ ਧਾਹੇ ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਅਮਰੀਕਾ ਤੇ ਕੈਨੇਡਾ ਵਿੱਚ ਮੁਕਾਬਲਤਨ ਉੱਚੀਆਂ ਉਜਰਤਾਂ ਵਾਲਾ ਕੰਮ ਮਿਲਣ ਨਾਲ ਕੁਝ ਆਰਥਿਕ ਰਾਹਤ ਤਾਂ ਨਸੀਬ ਹੋਈ ਪਰ ਉਸ ਬੇਇੱਜਤੀ, ਜਲਾਲਤ ਅਤੇ ਕੌਮੀ ਹੀਣਤਾ ਦੇ ਅਹਿਸਾਸ ਨੇ ਉਹਨਾਂ ਦਾ ਖਹਿੜਾ ਨਾ ਛੱਡਿਆ, ਜਿਹੜਾ ਭਾਰਤੀ ਲੋਕਾਂ ਦੀ ਗੁਲਾਮ ਜ਼ਿੰਦਗੀ ਦੀ ਪੈਦਾਇਸ਼ ਸੀ। ਕਿਉਂਕਿ ਇੱਥੇ ਵੀ ਉਹਨਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਗੁਲਾਮ ਕੌਮ ਨੂੰ ਆਜਾਦ ਮੁਲਕ ਦੇ ਲੋਕਾਂ ਵੱਲੋਂ ਕਸੇ ਜਾਂਦੇ ਤਾਹਨਿਆਂ-ਮਿਹਣਿਆਂ ਦੇ ਡੰਗਾਂ ਦਾ ਸਾਹਮਣਾ ਕਰਨਾ ਪਿਆ। ਹੋਟਲਾਂ ਤੇ ਲਿਖਿਆ, ‘‘ਇੱਥੇ ਕੁੱਤਿਆਂ ਅਤੇ ਭਾਰਤੀਆਂ ਦਾ ਦਾਖਲ ਹੋਣਾ ਮਨਾਂ ਹੈ‘‘ ਪੜ ਕੇ ਸਿਰੇ ਦੀ ਕੌਮੀ ਹੀਣਤਾ ਤੇ ਨਮੋਸ਼ੀ ਦੀ ਚੀਸ ਝੱਲਣੀ ਪਈ। ਇਸ ਹਾਲਤ ਨੇ ਉਹਨਾਂ ਅੰਦਰ ਵਕਤੀ ਤੌਰ ਤੇ ਸੁੱਤੇ ਕੌਮੀ ਅਣਖ, ਸਵੈਮਾਣ ਅਤੇ ਦੇਸ਼ ਭਗਤੀ ਦੇ ਅਹਿਸਾਸ ਨੂੰ ਹਲੂਣਿਆਂ ਤੇ ਝੰਜੋੜਿਆ। ਵਿਦੇਸ਼ੀ ਲੁੱਟ ਤੇ ਦਾਬੇ ਖਿਲਾਫ ਨਫਰਤ ਅਤੇ ਰੋਹ ਨੂੰ ਪਲੀਤਾ ਲਾਇਆ ਅਤੇ ਉਹਨਾਂ ਨੂੰ ਇਸ ਗੱਲ ਦਾ ਬੋਧ ਕਰਵਾਇਆ ਕਿ ਬਰਤਾਨਵੀ ਸਾਮਰਾਜ ਦੀਆਂ ਜੰਜੀਰਾਂ ਤੋਂ ਮੁਕਤ ਹੋਏ ਬਗੈਰ ਗੁਲਾਮ ਭਾਰਤੀਆਂ ਨੂੰ ਆਜਾਦ ਫਿਜਾ ਵਿੱਚ ਸਾਹ ਲੈਣ ਅਤੇ ਇੱਕ ਚੰਗੇਰੀ ਜ਼ਿੰਦਗੀ ਜੀਣ ਦੇ ਸੁਪਨੇ ਲੈਣ ਦਾ ਵੀ ਹੱਕ ਨਹੀਂ ਹੈ।

                ਆਪਣੇ ਮੁਲਕ ਨੂੰ ਗੋਰੇ ਸਾਮਰਾਜੀਆਂ ਤੋਂ ਮੁਕਤ ਕਰਵਾਉਣ ਲਈ ਉਹਨਾਂ ਵੱਲੋਂ ਅਮਰੀਕਾ ਅਤੇ ਕੈਨੇਡਾ ਚੋਂ ਪੰਜਾਬੀ ਪ੍ਰਵਾਸੀਆਂ ਨੂੰ ਇੱਕਜੁੱਟ ਕਰਦਿਆਂ, 13 ਅਪ੍ਰੈਲ 1913 ਨੂੰ ਗਦਰ ਪਾਰਟੀ ਬਣਾਉਣ ਦਾ ਬੀੜਾ ਚੁੱਕਿਆ ਗਿਆ। ਸੋਹਣ ਸਿੰਘ ਭਕਨਾ ਨੂੰ ਗਦਰ ਪਾਰਟੀ ਦਾ ਪ੍ਰਧਾਨ ਅਤੇ ਲਾਲਾ ਹਰਦਿਆਲ ਨੂੰ ਇਸਦਾ ਜਨਰਲ ਸਕੱਤਰ ਚੁਣਿਆ ਗਿਆ। ਇਹਨਾਂ ਤੋਂ ਇਲਾਵਾ, ਕਈਆਂ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਗਦਰ ਪਾਰਟੀ ਵੱਲੋਂ 1 ਨਵੰਬਰ 1913 ਨੂੰ ਗਦਰ ਅਖਬਾਰ ਦਾ ਪਹਿਲਾ ਅੰਕ ਛਪਵਾ ਕੇ ਜਾਰੀ ਕੀਤਾ ਗਿਆ।

                ਗਦਰ ਪਾਰਟੀ ਦਾ ਉਦੇਸ ਭਾਰਤ ਨੂੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਵਾਉਣਾ, ਬਰਾਬਰਤਾ, ਆਜਾਦੀ ਤੇ ਭਾਈਚਾਰੇ ਤੇ ਆਧਾਰਤ ਜਮਹੂਰੀ ਰਾਜ ਦੀ ਸਥਾਪਨਾ ਕਰਨਾ, ਧਰਮ ਤੇ ਸਿਆਸਤ ਨੂੰ ਵੱਖ ਕਰਦਿਆਂ ਧਰਮ-ਨਿਰਪੱਖ ਨੀਤੀ ਦੀ ਪਾਲਣਾ ਕਰਨਾ, ਜਾਤ-ਪਾਤੀ ਵਿਤਕਰਾ ਖਤਮ ਕਰਨਾ ਅਤੇ ਇਸਦੇ ਨਾਲ ਹੀ ਔਰਤ-ਮਰਦ ਬਰਾਬਰਤਾ ਵਾਲਾ ਸਮਾਜੀ ਸਿਆਸੀ ਨਿਜਾਮ ਸਥਾਪਤ ਕਰਨਾ ਸੀ। ਇਹਨਾਂ ਨਿਸ਼ਾਨਿਆਂ ਦੀ ਪੂਰਤੀ ਲਈ ਕਾਂਗਰਸ ਦੀ ਅੰਗਰੇਜ ਹਾਕਮਾਂ ਨਾਲ ਮੇਲ-ਮਿਲਾਪ ਦੀ ਨੀਤੀ ਨੂੰ ਰੱਦ ਕਰਦੇ ਹੋਏ, ਉਹਨਾਂ ਵੱਲੋਂ ਹਥਿਆਰਬੰਦ ਬਗਾਵਤ ਦਾ ਰਾਹ ਚੁਣਿਆ ਗਿਆ ਅਤੇ ਸਭਨਾਂ ਪ੍ਰਵਾਸੀਆਂ ਨੂੰ ਮੁਲਕ ਵੱਲ ਮੋੜਾ ਪਾਉਂਦਿਆਂ, ਇਸ ਬਗਾਵਤ ਨੂੰ ਜਥੇਬੰਦ ਕਰਨ ਦਾ ਖੁੱਲਾ ਹੋਕਾ ਦਿੱਤਾ ਗਿਆ। ਬਹੁਤ ਸਾਰੇ ਪ੍ਰਵਾਸੀਆਂ ਵੱਲੋਂ ਮੁਲਕ ਵਾਪਸ ਮੁੜਦਿਆਂ, ਵੱਖ ਵੱਖ ਫੌਜੀ ਛਾਉਣੀਆਂ ਵਿੱਚ ਫੌਜੀਆਂ ਤੱਕ ਪਹੁੰਚ ਤੰਦਾਂ ਬਣਾਉਣ ਅਤੇ ਫੌਜੀਆਂ ਨੂੰ ਬਗਾਵਤ ਵਾਸਤੇ ਤਿਆਰ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ ਗਿਆ।

                4 ਅਗਸਤ 1914 ਨੂੰ ਅੰਗਰੇਜ ਸਾਮਰਾਜੀਆਂ ਅਤੇ ਜਰਮਨ ਸਾਮਰਾਜੀਆਂ ਦਰਮਿਆਨ ਜੰਗ ਦੇ ਐਲਾਨ ਨਾਲ ਸੰਸਾਰ ਜੰਗ ਸ਼ੁਰੂ ਹੋ ਗਈ। ਅੰਗਰੇਜ ਸਾਮਰਾਜੀਆਂ ਦੇ ਜੰਗ ਵਿੱਚ ਉਲਝੇ ਹੋਣ ਅਤੇ ਅੰਤਰ-ਸਾਮਰਾਜੀ ਭੇੜ ਦਾ ਲਾਹਾ ਲੈਣ ਲਈ ਗਦਰ ਪਾਰਟੀ ਵੱਲੋਂ 21 ਫਰਵਰੀ 1915 ਨੂੰ ਬਗਾਵਤ ਕਰਨ ਦਾ ਮਤਾ ਪਕਾਇਆ ਗਿਆ। ਦੁਸ਼ਮਣ ਨੂੰ ਇਸਦਾ ਪਤਾ ਲੱਗ ਜਾਣ ਤੇ ਬਗਾਵਤ ਦੀ ਤਾਰੀਕ 19 ਫਰਵਰੀ ਕੀਤੀ ਗਈ। ਅੰਗਰੇਜ ਹਾਕਮਾਂ ਵੱਲੋਂ ਰਾਜਿਆਂ-ਰਜਵਾੜਿਆਂ, ਜਾਗੀਰਦਾਰਾਂ ਤੇ ਟਾਊਟਾਂ ਦੀ ਮੱਦਦ ਨਾਲ ਗਦਰ ਪਾਰਟੀ ਦੀਆਂ ਬਗਾਵਤ ਉਠਾਉਣ ਦੀਆਂ ਕੋਸ਼ਿਸ਼ਾਂ ਨੂੰ ਬੇਇੰਤਹਾ ਜਬਰੋ-ਜੁਲਮ ਨਾਲ ਕੁਚਲ ਦਿੱਤਾ ਗਿਆ। ਅਨੇਕਾਂ ਗਦਰੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਪੁਲਸੀ ਬੁੱਚੜਖਾਨਿਆਂ ਵਿੱਚ ਕੋਹਣ ਤੋਂ ਬਾਅਦ ਅਦਾਲਤੀ ਮੁਕੱਦਮਿਆਂ ਵਿੱਚ ਘੜੀਸਿਆ ਗਿਆ। 11 ਗਦਰੀ ਜੁਝਾਰੂਆਂ ਨੂੰ ਫਾਂਸੀ ਦਿੱਤੀ ਗਈ। 8 ਦੇਸ਼ ਭਗਤ ਜੇਲਾਂ ਵਿੱਚ ਭੁੱਖ ਹੜਤਾਲ ਕਰਕੇ ਸ਼ਹੀਦੀ ਜਾਮ ਪੀ ਗਏ। 306 ਗਦਰੀ ਸੂਰਬੀਰਾਂ ਨੂੰ ਉਮਰ ਕੈਦ ਦੀਆਂ ਸਜਾਵਾਂ ਹੋਈਆਂ ਅਤੇ ਕਾਲੇ ਪਾਣੀਆਂ ਦੀਆਂ ਆਦਮ-ਖਾਊ ਜੇਲਾਂ ਦਾ ਨਰਕ ਹੰਢਾਉਣਾ ਪਿਆ। 77 ਗਦਰੀਆਂ ਨੂੰ ਵੱਖ ਵੱਖ ਅਰਸਿਆਂ ਦੀਆਂ ਜੇਲ ਸਜਾਵਾਂ ਹੋਈਆਂ।

                ਅੰਗਰੇਜੀ ਹਾਕਮਾਂ ਦੀ ਦਰਿੰਦਗੀ ਦੀਆਂ ਹੱਦਾਂ ਬੰਨੇ ਟੱਪਿਆ ਇਹ ਜਬਰ ਤੇ ਕਹਿਰ ਨਾ ਫਾਂਸੀਆਂ ਤੇ ਮੌਤ ਨੂੰ ਮਖੌਲਾਂ ਕਰਨ ਵਾਲੇ, ਪੁਲਸੀ ਬੁੱਚੜਖਾਨਿਆਂ ਅਤੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਸ਼ੇਰਾਂ ਵਾਂਗ ਗਰਜਦੇ ਗਦਰੀ ਸੂਰਬੀਰਾਂ ਦੇ ਅਡੋਲਚਿੱਤ ਸਿਦਕ ਅਤੇ ਸਿਰੜ ਨੂੰ ਖੋਰ ਸਕਿਆ ਅਤੇ ਨਾ ਹੀ ਭਾਰਤੀ ਲੋਕਾਂ ਵਿੱਚ ਅੰਗਰੇਜੀ ਸਾਮਰਾਜੀਆਂ ਖਿਲਾਫ ਲਟ ਲਟ ਬਲਦੀ ਨਫਰਤ ਅਤੇ ਰੋਹ ਨੂੰ ਦਹਿਸ਼ਤ ਦੇ ਸੰਨਾਟੇ ਵਿੱਚ ਦਫਨਾ ਸਕਿਆ। ਇਸਦੇ ਉੱਲਟ ਸਾਮਰਾਜੀ ਹਾਕਮਾਂ ਦੇ ਦਰਿੰਦਗੀ ਭਰੇ ਜੁਲਮ ਨੇ ਭਾਰਤੀ ਲੋਕਾਂ ਅੰਦਰ ਸਾਮਰਾਜ ਖਿਲਾਫ ਪਹਿਲੋਂ ਹੀ ਲਟ ਲਟ ਬਲਦੀ ਨਫਰਤ ਤੇ ਰੋਹ ਨੂੰ ਹੋਰ ਪ੍ਰਚੰਡ ਕਰਨ ਅਤੇ ਉਹਨਾਂ ਦੇ ਕੌਮੀ ਮਾਣ ਅਤੇ ਦੇਸ਼ ਭਗਤੀ ਨੂੰ ਡੰਗਦਿਆਂ ਹੋਰ ਪ੍ਰਚੰਡ ਕਰਨ ਦਾ ਰੋਲ ਨਿਭਾਇਆ। ਗਦਰੀ ਸੂਰਬੀਰਾਂ ਦੀਆਂ ਸ਼ਹਾਦਤਾਂ ਭਾਰਤ ਦੀ ਕੌਮੀ ਮੁਕਤੀ ਲਹਿਰ ਦੇ ਇਤਿਹਾਸ ਵਿੱਚ ਖਰੀ ਕੌਮੀ ਆਜਾਦੀ ਦੀ ਇਨਕਲਾਬੀ ਤਾਂਘ, ਇਸ ਕਾਜ ਵਿੱਚ ਲਟ ਲਟ ਬਲਦੀ ਨਿਹਚਾ ਅਤੇ ਭਰੋਸੇ ਦੀ ਭਾਵਨਾ, ਸੰਗਰਾਮੀ ਸਿਦਕ ਤੇ ਆਪਾ-ਵਾਰੂ ਭਾਵਨਾ ਦਾ ਅਜਿਹਾ ਚਾਨਣ-ਮੁਨਾਰਾ ਬਣ ਗਈਆਂ ਜਿਸਨੇ ਅਗਲੇਰੇ ਤੇ ਉਚੇਰੇ ਪੜਾਅ ਵਿੱਚ ਦਾਖਲ ਹੋਣ ਜਾ ਰਹੀ ਇਨਕਲਾਬੀ ਕੌਮੀ ਮੁਕਤੀ ਜੱਦੋਜਹਿਦ ਦਾ ਰਾਹ ਰੁਸ਼ਨਾਇਆ ਤੇ ਇਸਦੇ ਹੁਲਾਰ-ਪੈੜੇ ਦਾ ਰੋਲ ਨਿਭਾਇਆ।

                ਸੋ, ਗਦਰ ਪਾਰਟੀ ਅਤੇ ਗਦਰ ਲਹਿਰ ਸਾਡੇ ਸ਼ਾਨਾਂਮੱਤੇ ਇਨਕਲਾਬੀ ਵਿਰਸੇ ਦਾ ਇੱਕ ਸ਼ਾਨਦਾਰ ਅਤੇ ਕਾਬਲੇ-ਫਖਰ ਅਧਿਆਇ ਹੈ। ਇਹ ਅੱਜ ਵੀ ਪ੍ਰਸੰਗਕ ਹੈ। ਇਹ ਅੱਜ ਵੀ ਮੁਲਕ ਨੂੰ ਸਾਮਰਾਜੀ-ਜਾਗੀਰੂ ਗੱਠਜੋੜ ਤੋਂ ਮੁਕਤ ਕਰਵਾਉਣ ਅਤੇ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾੜਨ ਲਈ ਜੂਝ ਰਹੀਆਂ ਅਤੇ ਸਿਰ ਧੜ ਦੀ ਬਾਜੀ ਲਾਉਣ ਤੁਰੀਆਂ ਇਨਕਲਾਬੀ-ਜਮਹੂਰੀ, ਕੌਮਪ੍ਰਸਤ ਅਤੇ ਦੇਸ਼ ਭਗਤ ਤਾਕਤਾਂ ਲਈ ਰਾਹ ਦਰਸਾਵਾ ਹੈ। ਅੱਜ ਵੀ ਮੁਲਕ ਸਾਮਰਾਜੀਆਂ ਦੀ ਨਵ-ਬਸਤੀਵਾਦੀ ਅਧੀਨਗੀ ਵਿੱਚ ਨਰੜਿਆ ਹੋਇਆ ਹੈ। ਸਾਮਰਾਜੀ ਦਲਾਲਾਂ-ਜਾਗੀਰਦਾਰਾਂ, ਵੱਡੇ ਸ਼ਾਹੂਕਾਰਾਂ, ਪਰਜੀਵੀ ਮੌਕਾਪ੍ਰਸਤ ਸਿਆਸਤਦਾਨਾਂ ਅਤੇ ਅਫਸਰਸ਼ਾਹਾਂ ਦੀ ਧਾੜਵੀ ਲੁੱਟ, ਦਾਬੇ ਅਤੇ ਧੌਂਸ ਦਾ ਸ਼ਿਕਾਰ ਹੈ। ਅੱਜ ਵੀ ਇਸ ਲੋਕ-ਦੁਸ਼ਮਣ ਲਾਣੇ ਵੱਲੋਂ ਇੱਕ ਹੱਥ ਲੁੱਟ ਤੇ ਦਾਬੇ ਖਿਲਾਫ ਉੱਠਦੇ ਲੋਕ-ਸੰਘਰਸ਼ਾਂ ਨੂੰ ਲਹੂ ਵਿੱਚ ਡਬੋਣ ਲਈ ਗੋਲੀ-ਸਿੱਕੇ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਅਪਰੇਸ਼ਨ ਗਰੀਨ ਹੰਟ ਦੇ ਨਾਂ ਤੇ ਲੋਕਾਂ ਤੇ ਫੌਜੀ ਹਮਲਾ ਵਿੱਢਿਆ ਹੋਇਆ ਹੈ। ਫਿਰਕਾਪ੍ਰਸਤੀ ਨੂੰ ਹਵਾ ਦੇ ਕੇ ਲੋਕਾਂ ਨੂੰ ਭਰਾਮਾਰ ਦੰਗਿਆਂ ਵਿੱਚ ਝੋਕਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਿਛਾਖੜੀ ਸਾਮਰਾਜੀ-ਜਾਗੀਰੂ ਨਿੱਘਰੇ ਸਭਿਆਚਾਰ, ਪਿਛਾਂਹ-ਖਿੱਚੂ ਪਿਤਾ-ਪੁਰਖੀ ਸਮਾਜਿਕ ਕਦਰਾਂ-ਕੀਮਤਾਂ ਦਾ ਬੋਲਬਾਲਾ ਹੈ।

                ਅਜਿਹੀ ਹਾਲਤ ਵਿੱਚ ਗਦਰ ਪਾਰਟੀ ਵੱਲੋਂ ਉਸ ਇਤਿਹਾਸਕ ਦੌਰ ਅੰਦਰ ਸਭਨਾਂ ਸੀਮਤਾਈਆਂ ਦੇ ਬਾਵਜੂਦ ਉਭਾਰੇ ਸਿਆਸੀ ਉਦੇਸ਼ਾਂ, ਨਿਸ਼ਾਨੇ, ਧਰਮ-ਨਿਰਪੱਖਤਾ, ਜਾਤ-ਪਾਤ ਵਿਰੋਧੀ ਤੇ ਔਰਤ-ਮਰਦ ਬਰਾਬਰਤਾ ਦੀਆਂ ਬੁਲੰਦ ਕੀਤੀਆਂ ਨੀਤੀਆਂ ਸਾਡਾ ਰਾਹ ਰੁਸ਼ਨਾਉਂਦੀਆਂ ਹਨ। ਅੱਜ ਵੀ ਅੰਗਰੇਜ ਹਾਕਮਾਂ ਦੇ ਨਾਦਰਸ਼ਾਹੀ ਅੱਤਿਆਚਾਰਾਂ ਤੇ ਤਸ਼ੱਦਦ ਸਨਮੁੱਖ ਉਹਨਾਂ ਅੰਦਰਲੀ ਅਣਲਿਫ ਸਿਦਕਦਿਲੀ, ਸਿਰੜ ਅਤੇ ਡੁੱਲ ਡੁੱਲ ਪੈਂਦੀ ਕੌਮਪ੍ਰਸਤੀ ਤੇ ਦੇਸ਼ਭਗਤੀ ਦੀ ਭਾਵਨਾ ਇਨਕਲਾਬੀ ਘੁਲਾਟੀਆਂ ਦਾ ਪ੍ਰੇਰਨਾ ਸਰੋਤ ਬਣਦੇ ਹਨ।

                ਆਓ-ਅੱਜ ਜਦੋਂ ਭਾਰਤੀ ਹਾਕਮਾਂ ਅਤੇ ਹਾਕਮਪ੍ਰਸਤ ਹਲਕਿਆਂ ਵੱਲੋਂ ਇੱਕ ਹੱਥ ਨਕਲੀ ਆਜਾਦੀ ਦਾ ਡੌਰੂ ਵਜਾਉਂਦਿਆਂ, ਲੋਕਾਂ ਨੂੰ ਧੋਖਾ ਦੇਣ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਦੂਜੇ ਹੱਥ ਗਦਰ ਲਹਿਰ ਦੀ ਸੰਗਰਾਮੀ ਵਿਰਾਸਤ ਦਾ ਹੁਲੀਆ ਵਿਗਾੜਦਿਆਂ, ਇਸ ਨੂੰ ਅਗਵਾ ਕਰਨ ਲਈ ਜੋਰ ਲਾਇਆ ਜਾ ਰਿਹਾ ਹੈ ਤਾਂ ਇਹਨਾਂ ਧੋਖੇਬਾਜ ਹਲਕਿਆਂ ਨਾਲੋਂ ਨਿਖੇੜੇ ਦੀ ਸਪਸ਼ਟ ਲਕੀਰ ਖਿੱਚਦਿਆਂ, ਗਦਰ ਲਹਿਰ ਦੀ ਸ਼ਾਨਾਂਮੱਤੀ ਸੰਗਰਾਮੀ ਵਿਰਾਸਤ ਦੇ ਪਰਚਮ ਨੂੰ ਉੱਚਾ ਲਹਿਰਾਈਏ ਅਤੇ ਕੌਮੀ ਜਮਹੂਰੀ ਇਨਕਲਾਬ ਦੇ ਰਾਹ ਤੇ ਆਪਣੀ ਅਡੋਲਚਿੱਤ ਅਤੇ ਸਾਬਤਕਦਮ ਪੇਸ਼ਕਦਮੀ ਕਰੀਏ।

 

No comments:

Post a Comment