Thursday, July 16, 2020

ਸ਼ਹੀਦ ਰੰਧਾਵਾ ਦੀ ਬੀਰਗਾਥਾ ਦਾ ਸਿਖਰਲਾ ਕਾਂਡ



ਇਤਿਹਾਸ ਦੇ ਝਰੋਖੇ ਚੋਂ

ਸ਼ਹੀਦ ਰੰਧਾਵਾ ਦੀ ਬੀਰਗਾਥਾ ਦਾ ਸਿਖਰਲਾ ਕਾਂਡ

ਸ਼ਰਧਾਂਜਲੀ ਕਿਵੇਂ ਦਿੱਤੀ ਗਈ 

 ਕੀ ਹੋਇਆ ਜੇ ਡਾਢੇ ਦੁਸ਼ਮਣਾਂ ਸੰਗ ਲੜਦਿਆਂ ਸਾਡਾ ਸੀਸ ਕੱਟਿਆ ਗਿਆ। ਅਸੀਂ ਲੜਾਂਗੇ, ਕੱਟੇ ਹੋਏ ਸੀਸ ਨੂੰ ਤਲੀ ਤੇ ਧਰਕੇ ਲੜਾਂਗੇ। ਲੜਦੇ-ਲੜਦੇ ਕਟ ਮਰਨਾ ਸਾਨੂੰ ਮਨਜ਼ੂਰ ਹੈ। ਪਰ ਦੁਸ਼ਮਣਾਂ ਅੱਗੇ ਗੋਡੇ ਟੇਕ ਦੇਣਾ ਸਾਡੀ ਵਿਰਾਸਤ ਨਹੀਂ।
 ਸਾਲ 1979 ਦੇ ਦੂਸਰੇ ਅੱਧ ਚ ਪੰਜਾਬ ਦੀ ਫਿਜਾ ਚ ਇਹ ਅਹਿਦ ਗੂੰਜ ਰਿਹਾ ਸੀ। ਕਾਲਜਾਂ ਦੇ ਵਿਹੜਿਆਂ , ਪਿੰਡ ਦੀਆਂ ਸੱਥਾਂ , ਸ਼ਹਿਰਾਂ ਦੇ ਚੁਰਸਤਿਆਂ ਅਤੇ ਬਜ਼ਾਰਾਂ ਚ ਥਾਂ-ਥਾਂ ਤਣੇ ਹੋਏ ਮੁੱਕੇ ਅਤੇ ਬਲਦੀਆਂ ਅੱਖਾਂ ਇਹ ਅਹਿਦ ਦੁਹਰਾ ਰਹੀਆਂ ਸਨ। ਹਥਿਆਰਬੰਦ ਪੁਲਸ ਲਸ਼ਕਰ ਵਾਹੋ-ਦਾਹ ਥਾਂ-ਥਾਂ ਛਾਪੇ ਮਾਰ ਰਹੇ ਸਨ, ਗਿ੍ਰਫਤਾਰੀਆਂ ਕਰ ਰਹੇ ਸਨ, ਤਸੀਹੇ ਦੇ ਰਹੇ ਸਨ, ਡਾਂਗਾਂ ਵਾਹ ਰਹੇ ਸਨ, ਫਸਲਾਂ ਉਜਾੜ ਰਹੇ ਸਨ, ਘਰਾਂ ਦੇ ਕੰਧਾਂ ਕੌਲੇ ਢਾਅ ਰਹੇ ਸਨ, ਬਜ਼ੁਰਗਾਂ ਅਤੇ ਔਰਤਾਂ ਨੂੰ ਜ਼ਲੀਲ ਕਰ ਰਹੇ ਸਨ। ਪਰ ਆਏ ਦਿਨ ਰੋਹ ਭਰੇ ਕਾਫਲਿਆਂ ਦੀਆਂ ਹੋਰ ਲੰਮੀਆਂ ਕਤਾਰਾਂ ਸੜਕਾਂ ਤੇ ਨਿੱਤਰ ਰਹੀਆਂ ਸਨ। ਪੰਜਾਬ ਅਤੇ ਮੁਲਕ ਦੀਆਂ ਅਖਬਾਰਾਂ ਅਤੇ ਮੈਗਜ਼ੀਨ ਸਵਾਲੀਆ ਟਿੱਪਣੀਆਂ ਕਰ ਰਹੇ ਸਨ, “ਕੀ ਵਾਪਰ ਗਿਆ ਹੈ ਪੰਜਾਬ , ਕੀ ਵਾਪਰ ਰਿਹਾ ਹੈ ਪੰਜਾਬ?”
 ਜੋ ਵਾਪਰ ਗਿਆਸੀ, ਉਹ ਪੰਜਾਬ ਦੇ ਸਮੁੱਚੇ ਵਿਦਿਆਰਥੀ ਜਗਤ ਲਈ ਅਸਮਾਨੋਂ ਡਿੱਗੀ ਬਿਜਲੀ ਵਰਗਾ ਸੀ। ਜੋ ਵਾਪਰ ਰਿਹਾਸੀ, ਉਹ ਪੰਜਾਬ ਦੇ ਹਾਕਮਾਂ ਨੂੰ ਤਰੇਲੀਉੁ-ਤਰੇਲੀ ਕਰ ਰਿਹਾ ਸੀ, ਕੰਬਣੀਆਂ ਛੇੜ ਰਿਹਾ ਸੀ, ਦਿਲਾਂ ਚ ਹੌਲ ਪਾ ਰਿਹਾ ਸੀ।
 18 ਜੁਲਾਈ 1979 ਦੀ ਰਾਤ ਨੂੰ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਨਾਇਕ ‘‘ਪਿਰਥੀ’’ ਸ਼ਹੀਦ ਕਰ ਦਿੱਤਾ ਸੀ। 20 ਜੁਲਾਈ ਦੀ ਸਵੇਰ ਨੂੰ ਪੰਜਾਬ ਭਰ ਚ ਵਿਦਿਆਰਥੀਆਂ ਦੀਆਂ ਟੋਲੀਆਂ ਕਾਲੇ ਮਾਤਮੀ ਇਸ਼ਤਿਹਾਰ ਲਾ ਰਹੀਆਂ ਸਨ। ਵਿਦਿਆਰਥੀ ਜਗਤ ਦੇ ਦਿਲਾਂ ਦੀ ਧੜਕਣ ਪੰਜਾਬ ਸਟੂਡੈਂਟਸ ਯੂਨੀਅਨ ਦੀ ਰੂਹ ਪਿਰਥੀਪਾਲ ਸਿੰਘ ਰੰਧਾਵਾ ਸ਼ਹੀਦ ਕਰ ਦਿੱਤੇ ਗਏ।ਇਸ਼ਤਿਹਾਰ ਦੇ ਇੱਕ ਕੋਨੇ ਤੇ ਜਾਣੀ ਪਛਾਣੀ ਫੋਟੋ ਰਾਹੀਂ ਪਿਰਥੀ ਆਪਣੇ ਸੁਭਾਵਕ ਗੰਭੀਰ ਅੰਦਾਜ਼ ਚ ਬੋਲ ਰਿਹਾ ਸੀ, “ਇਹ ਸੁਪਨਾ ਨਹੀਂ ਹੈ ਸਾਥੀਓ, ਚੁਣੌਤੀ ਕਬੂਲ ਕਰੋ।ਹਾਂ, ਪਿਰਥੀ ਨੇ ਸ਼ਹਾਦਤ ਦਾ ਜਾਮ ਡੀਕ ਲਿਆ ਸੀ। ਜ਼ਿੰਦਗੀ ਦੀ ਖੂਬਸੂਰਤੀ ਲਈ ਜੂਝਦਿਆਂ ਮੌਤ ਨੂੰ ਗਲਵਕੜੀ ਪਾ ਲਈ ਸੀ। ਆਪਣੀ ਬੀਰ ਗਾਥਾ ਦਾ ਸਿਖਰਲਾ ਕਾਂਡ ਲਿਖਣ ਦੀ ਜੁੰਮੇਵਾਰੀ ਆਪਣੇ ਹਮਸਫਰਾਂ ਅਤੇ ਵਾਰਸਾਂ ਦੇ ਮੋਢਿਆਂ ਤੇ ਪਾ ਕੇ ਪਿਰਥੀ ਤੁਰ ਗਿਆ ਸੀ।
ਪਰ ਪਿਰਥੀ ਦੇ ਵਾਰਸਾਂ ਦੀ ਸੁਰਤ ਅੰਦਰ ਪਿਰਥੀ ਦੀ ਬੀਰ ਗਾਥਾ ਸੱਜਰੀ ਹੋ   ਉੱਠੀ  ਸੀ। ਵਿਦਿਆਰਥੀਆਂ ਦੀ ਜੁਝਾਰ ਇਨਕਲਾਬੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਨਾਂਮੱਤੇ ਇਤਿਹਾਸ ਦੇ ਵਰਕੇ ਚਮਕ ਉੱਠੇ ਸਨ। ਸੱਤਰ੍ਹਵਿਆਂ ਦੇ ਸ਼ੁਰੂ ਚ ਜਦੋਂ ਪਿਰਥੀ ਦੀ ਅਗਵਾਈ ਚ ਪੀ. ਐਸ. ਯੂ. ਨੇ ਨਿੱਕੇ-ਨਿੱਕੇ ਕਦਮ ਪੁੱਟਣੇ ਸ਼ੁਰੂ ਕੀਤੇ, ਵਿੱਦਿਅਕ ਸੰਸਥਾਵਾਂ ਚ ਅਤੇ ਪੰਜਾਬ ਦੀ ਫਿਜ਼ਾ ਚ ਸੰਨਾਟਾ ਛਾਇਆ ਹੋਇਆ ਸੀ। ਪੁਲਸ ਦਹਿਸ਼ਤ ਦਾ ਬੋਲਬਾਲਾ ਸੀ। ਕਮਿਊਨਿਸਟ ਇਨਕਲਾਬੀਆਂ ਤੇ ਉਨ੍ਹਾਂ ਦੇ ਸਬੰਧੀਆਂ ਨੂੰ ਚਿੱਟੇ ਦਿਨ ਗੋਲੀਆਂ ਨਾਲ ਉਡਾਕੇ ਝੂਠੇ ਪੁਲਸ ਮੁਕਾਬਲੇ ਬਣਾਏ ਜਾਂਦੇ ਸਨ। ਨਿਰਦੋਸ਼ ਲੋਕਾਂ ਨੂੰ ਸੱਥਾਂ ਅਤੇ ਥਾਣਿਆਂ ਚ ਕੋਹਿਆ ਜਾ ਰਿਹਾ ਸੀ। ਗੈਰ-ਜੱਥੇਬੰਦ ਲੋਕ ਬੇਵਸੀ ਚ ਸਬਰ ਦਾ ਘੁੱਟ ਭਰ ਕੇ ਰਹਿ ਜਾਂਦੇ। ਵਿੱਦਿਅਕ ਸੰਸਥਾਵਾਂ ਚ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ। ਜਬਰ ਦੇ ਅਖਾੜੇ ਬਣੀਆਂ ਵਿੱਦਿਅਕ ਸੰਸਥਾਵਾਂ ਚ ਵਿਦਿਆਰਥੀ ਹੱਕਾਂ ਦੀ ਗੱਲ ਕਰਨ ਦਾ ਨਤੀਜਾ ਕਾਲਜੋਂ ਕੱਢੇ ਜਾਣ ਤੋਂ ਲੈ ਕੇ, ਵਰੰਟਾਂ, ਗਿ੍ਰਫਤਾਰੀਆਂ ਅਤੇ ਪੁਲਸ ਹੱਥੋਂ ਮੌਤ ਤੱਕ ਹੋ ਸਕਦਾ ਸੀ।
 ਵਿਦਿਆਰਥੀਆਂ ਦੀ ਜੁਝਾਰ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਖਿੰਡ ਚੁੱਕੀ ਸੀ। ਦੁਸ਼ਮਣ ਦੇ ਵਾਰਾਂ ਕਰਕੇ ਨਹੀਂ, ਇਨਕਲਾਬੀਆਂ ਚ ਜਨਤਾ ਦੀ ਸ਼ਕਤੀ ਅਤੇ ਜਨਤਕ ਜਥੇਬੰਦੀਆਂ ਚ ਭਰੋਸੇ ਦੀ ਘਾਟ ਕਰਕੇ। ਇਨਕਲਾਬੀ ਨੌਜਵਾਨਾਂ ਨੇ ਸੀਸ ਤਲੀ ਤੇ ਧਰ ਲਏ ਸਨ। ਹੇਠਲੀ ਉੱਤੇ ਕਰ ਦੇਣ ਦਾ ਤਹੱਈਆ ਕੀਤਾ ਸੀ। ਪਰ ਹੇਠਲੀ ਉੱਤੇ ਕਰਨ ਲਈ ਲੋਕਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਨ ਦੀ ਸੇਧ ਤਿਆਗ ਦਿੱਤੀ ਸੀ। ਪੀ. ਐਸ. ਯੂ. ਠੁਕਰਾ ਦਿੱਤੀ ਗਈ ਸੀ। ਇਸਦਾ ਹੱਥੀਂ ਭੋਗ ਪਾ ਦਿੱਤਾ ਗਿਆ ਸੀ। ਹਜ਼ਾਰਾਂ ਵਿਦਿਆਰਥੀਆਂ ਨੂੰ ਇਨਕਲਾਬੀ ਜਜ਼ਬਿਆਂ ਅਤੇ ਸੂਝ ਦੀ ਜਾਗ ਲਾਉਣ ਵਾਲੀ ਇਸ ਜਥੇਬੰਦੀ ਨੂੰ ਇਨਕਲਾਬ ਦੇ ਰਾਹ ਦਾ ਰੋੜਾ ਗਰਦਾਨ ਦਿੱਤਾ ਗਿਆ ਸੀ। ਆਪਣੀ ਜਥੇਬੰਦੀ ਬਿਨਾਂ ਵਿਦਿਆਰਥੀ ਜਨਤਾ ਨਿਆਸਰੀ ਸੀ। ਅਜਿਹੇ ਪੰਛੀ ਵਾਂਗ, ਜਿਹੜਾ ਉੱਚੀਆਂ ਉਡਾਰੀਆਂ ਭਰਨਾ ਲੋਚਦਾ ਹੋਵੇ, ਪਰ ਜਿਸਦੇ ਖੰਭ ਕਤਰ ਦਿੱਤੇ ਗਏ ਹੋਣ।
 ਇਨ੍ਹਾਂ ਹਾਲਤਾਂ ਚ ਕੁੱਝ ਚੇਤੰਨ ਵਿਦਿਆਰਥੀਆਂ ਦੀ ਇੱਕ ਟੁੱਕੜੀ ਨੇ ਪਿਰਥੀ ਦੀ ਅਗਵਾਈ ਚ ਵਿਦਿਆਰਥੀਆਂ ਦੀ ਇੱਕ ਟੁਕੜੀ ਨੇ ਵਿਦਿਆਰਥੀ ਜਨਤਾ ਨੂੰ ਇਸਦੇ ਖੰਭ ਵਾਪਸ ਕਰਨ ਦਾ ਤਹੱਈਆ ਕੀਤਾ ਸੀ। ਪੀ. ਐਸ. ਯੂ. ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਸੀ। ਦੁਸ਼ਮਣ ਸ਼ੂਕਰਿਆ ਹੋਇਆ ਸੀ। ਵਿਦਿਆਰਥੀ ਸਹਿਮੇ ਹੋਏ ਸਨ। ਮਾਅਰਕੇਬਾਜ ਲੀਹ ਦੇ ਝੰਡਾਬਰਦਾਰਾਂ ਨੇ ਵਿਦਿਆਰਥੀ ਜਨਤਾ ਤੇ ਡਰਪੋਕ ਹੋਣ ਦਾ ਲੇਬਲ ਲਾ ਦਿੱਤਾ ਸੀ। ਉਨ੍ਹਾਂ ਦਾ ਮਤ ਸੀ ਕਿ ਲੋਕ ਜਥੇਬੰਦ ਨਹੀਂ ਹੋ ਸਕਦੇ। ਜੇ ਹੋ ਵੀ ਜਾਣ ਤਾਂ ਕੁਝ ਕਰ ਨਹੀਂ ਸਕਦੇ। ਸਿਰਫ ਸਿਰ ਤਲੀ ਤੇ ਧਰਨ ਵਾਲੇ ਮੁੱਠੀ ਭਰ ਸਿਰਲੱਥ ਸੂਰਮੇ ਹੀ ਆਪਣੇ ਜੁਝਾਰ ਕਾਰਨਾਮਿਆਂ ਨਾਲ ਰਾਜ ਸੱਤਾ ਨੂੰ ਉਲਟਾ ਸਕਦੇ ਹਨ ਅਤੇ ਇਨਕਲਾਬੀ ਰਾਜ ਕਾਇਮ ਕਰ ਸਕਦੇ ਹਨ।
 ਇਸ ਹਾਲਤ ਚ ਵਿਦਿਆਰਥੀ ਜਥੇਬੰਦੀ ਖੜ੍ਹੀ ਕਰਨ ਲਈ ਤਕੜਾ ਸਿਦਕ ਲੋੜੀਂਦਾ ਸੀ। ਦ੍ਰਿੜ ਇਰਾਦਾ ਲੋੜੀਂਦਾ ਸੀ। ਜਨਤਾ ਚ ਅਥਾਹ ਭਰੋਸਾ ਲੋੜੀਂਦਾ ਸੀ। ਲਟ-ਲਟ ਬਲਦੀ ਸੂਝ ਲੋੜੀਂਦੀ ਸੀ। ਸਹੀ ਸੇਧ ਲੋੜੀਂਦੀ ਸੀ।
ਪਿਰਥੀ ਦੇ ਰੂਪ ਚ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਵਿਹੜੇ ਚ ਇਨ੍ਹਾਂ ਗੁਣਾਂ ਦੀ ਕਰੂੰਬਲ ਫੁੱਟ ਪਈ ਸੀ। ਪਿਰਥੀ ਦੀ ਬੀਰ ਗਾਥਾ, ਮਾਰੂ ਮੌਸਮਾਂ ਦੇ ਕਹਿਰ ਦਰਮਿਆਨ, ਇਸ ਕਰੂੰਬਲ ਦੇ ਕੱਦ ਕੱਢਣ ਦੀ ਗਾਥਾ ਸੀ। ਜੁਆਨ ਹੋ ਕੇ ਝੂਲਦਾ ਅਡੋਲ ਰੁੱਖ ਬਣ ਜਾਣ ਦੀ ਗਾਥਾ ਸੀ।
 ਤੀਲਾ-ਤੀਲਾ ਜੋੜ ਕੇ, ਮਘਾਈਆਂ ਵਿਦਿਆਰਥੀ ਸੰਘਰਸ਼ਾਂ ਦੀਆਂ ਨਿੱਕੀਆਂ-ਨਿੱਕੀਆਂ ਚਿਣਗਾਂ ਰਾਹੀਂ ਇਨਕਲਾਬੀ ਸੂਝ ਦੀਆਂ ਕਿਰਨਾਂ ਬਖੇਰੀਆਂ ਸਨ। ਖੌਫ ਦੀ ਧੁੰਦ ਹੌਲੀ-ਹੌਲੀ ਛਟ ਰਹੀ ਸੀ। ਵਿਦਿਆਰਥੀ ਜਨਤਾ ਦੇ ਦਿਲ ਬਦਲ ਰਹੇ ਸਨ, ਦਿਨ ਬਦਲ ਰਹੇ ਸਨ।
 ਅਕਤੂਬਰ 1972 ’ਚ ਪੰਜਾਬ ਦੀ ਵਿਦਿਆਰਥੀ ਲਹਿਰ ਨੇ ਵੱਡੀ ਕਰਵਟ ਲਈ। ਕਾਂਗਰਸ ਹਕੂਮਤ ਦੇ ਪੁਲਸ ਲਸ਼ਕਰਾਂ ਨੇ ਮੋਗੇ ਦੇ ਰੀਗਲ ਸਿਨਮੇ ਦੇ ਮਾਲਕਾਂ ਦੀ ਬਲੈਕ ਅਤੇ ਗੁੰਡਾਗਰਦੀ ਖਿਲਾਫ ਮੁਜ਼ਾਹਰਾ ਕਰਦੇ ਵਿਦਿਆਰਥੀਆਂ ਤੇ ਗੋਲੀਆਂ ਦੀ ਬੇਦਰੇਗ ਵਾਛੜ ਕਰਕੇ ਕਈ ਜਣੇ ਸ਼ਹੀਦ ਕਰ ਦਿੱਤੇ। ਰੋਹ ਦੀ ਜੁਆਲਾ ਭੜਕ ਉੱਠੀ। ਹੁਣ ਵਿਦਿਆਰਥੀ ਨਿਆਸਰੇ ਨਹੀਂ ਸਨ। ਵਿਦਿਆਰਥੀ ਰੋਹ ਦੀ ਇਸ ਕਾਂਗ ਨੂੰ ਰਾਹ ਵਿਖਾਉਣ ਲਈ ਵਿਦਿਆਰਥੀ ਜਥੇਬੰਦੀ ਮੌਜੂਦ ਸੀ। ਬਾਲ ਉਮਰ ਚ ਹੀ ਵਿਦਿਆਰਥੀ ਜਥੇਬੰਦੀ ਦਾ ਵਿਤੋਂ ਵੱਡੀ ਚੁਣੌਤੀ ਨਾਲ ਮੱਥਾ ਲੱਗ ਗਿਆ ਸੀ। ਜੇ ਤੁਸੀਂ ਸਹੀ ਸੇਧ ਮਿਥਕੇ, ਲੋਕਾਂ ਤੇ ਭਰੋਸਾ ਰੱਖ ਕੇ ਚੱਲ ਪਓ, ਤਾਂ ਲੋਕ ਕਦੇ ਵੀ ਧੋਖਾ ਨਹੀਂ ਦਿੰਦੇ।ਇਹ ਧਾਰਨਾ ਪਿਰਥੀ ਤੇ ਉਹਦੇ ਹਮਸਫਰਾਂ ਦੇ ਮਨੀਂ ਵਸੀ ਹੋਈ ਸੀ।
ਮੋਗਾ ਘੋਲ ਨੇ ਇਸ ਧਾਰਨਾ ਦੀ ਪੁਸ਼ਟੀ ਕਰ ਦਿੱਤੀ ਸੀ। ਮਹੀਨਿਆਂ ਬੱਧੀ ਵਿਦਿਆਰਥੀਆਂ ਅਤੇ ਲੋਕਾਂ ਦੇ ਭੇੜੂ ਕਾਫਲੇ ਪੁਲਸ ਲਸ਼ਕਰਾਂ ਨਾਲ ਲੋਹਾ ਲੈਂਦੇ ਰਹੇ ਸਨ। ਬੀ. ਐਸ. ਐਫ. ਦੀਆਂ ਪਲਟਨਾਂ ਅਤੇ ਫੌਜ ਦੇ ਫਲੈਗ ਮਾਰਚ ਬੇਅਸਰ ਹੋ ਕੇ ਰਹਿ ਗਏ ਸਨ। ਸਹਿਮ ਅਤੇ ਦਹਿਸ਼ਤ ਦਾ ਸਨਾਟਾ ਚਕਨਾ ਚੂਰ ਹੋ ਗਿਆ ਸੀ। 1971 ’ਚ ਮੌਜੂਦਾ ਬੰਗਲਾ ਦੇਸ਼ ਤੇ ਫੌਜੀ ਚੜ੍ਹਾਈ ਮਗਰੋਂ ਮੁਲਕ ਚ ਅੰਨ੍ਹੇ ਕੌਮੀ ਜਨੂੰਨ ਦੀ ਹਨੇਰੀ ਝੁਲਾਈ ਗਈ ਸੀ। ਕਾਂਗਰਸ ਪਾਰਟੀ ਨੇ ਇਸ ਹਨੇਰੀ ਤੇ ਸਵਾਰ ਹੋ ਕੇ ਚੋਣਾਂ ਚ ਭਾਰੀ ਬਹੁਗਿਣਤੀ ਨਾਲ ਜਿੱਤ ਹਾਸਲ ਕੀਤੀ ਸੀ। ਇਸ ਨੂੰ ‘‘ਇੰਦਰਾ ਲਹਿਰ’’ ਦਾ ਨਾਂ ਦਿੱਤਾ ਗਿਆ ਸੀ। ਪਰ ਮੋਗਾ ਘੋਲ ਨੇ ਪੰਜਾਬ ਅੰਦਰ ‘‘ਇੰਦਰਾ ਲਹਿਰਦਾ ਰੁਖ਼ ਬਦਲ ਦਿੱਤਾ ਸੀ। ਕਾਂਗਰਸੀ ਹਾਕਮ, ਘੋਲ ਨਾਲ ਗਦਾਰੀ ਕਰਨ ਵਾਲੀ ਵਿਦਿਆਰਥੀ ਫੈਡਰੇਸ਼ਨ ਤੇ ਇਸਦੀ ਸਰਪ੍ਰਸਤ ਸੀ. ਪੀ. ਆਈ. ਲੋਕਾਂ ਚੋਂ ਬੁਰੀ ਤਰ੍ਹਾਂ ਛੇਕੇ ਗਏ ਸਨ। ਵੱਡੇ ਲੋਕ ਘੋਲ ਚ ਵਟੇ ਮੋਗਾ ਸੰਗਰਾਮ ਨੇ ਪੀ. ਐਸ. ਯੂ. ਨੂੰ ਇੱਕ ਵਿਸ਼ਾਲ ਅਤੇ ਤਾਕਤਵਰ ਜਥੇਬੰਦੀ ਵਜੋਂ ਉਭਾਰ ਦਿੱਤਾ ਸੀ। ਇਹ ਗੈਰ-ਜੱਥੇਬੰਦ ਲੋਕਾਂ ਲਈ ਜਥੇਬੰਦ ਹੋਣ ਤੇ ਜੂਝਣ ਦਾ ਪ੍ਰੇਰਨਾ ਸਰੋਤ ਬਣ ਗਈ ਸੀ। ਪਿਰਥੀ ਪੁਲਾਂਘਾਂ ਭਰ ਰਹੀ ਵਿਦਿਆਰਥੀ ਲਹਿਰ ਦੇ ਮਕਬੂਲ ਆਗੂ ਵਜੋਂ ਸਥਾਪਤ ਹੋ ਗਿਆ ਸੀ। ਪੰਜਾਬ ਦੀ ਫਿਜ਼ਾ ਚ ਵੱਡੀ ਤਬਦੀਲੀ ਆ ਗਈ ਸੀ। ਮੋਗਾ ਘੋਲ ਤੋਂ ਬਾਅਦ ਦੇ ਵਰ੍ਹੇ, ਇਨਕਲਾਬੀ ਵਿਦਿਆਰਥੀ ਲਹਿਰ ਦੇ ਤੇਜੀ ਨਾਲ ਪੁਲਾਂਘਾਂ ਪੁੱਟਣ ਦੇ ਵਰ੍ਹੇ ਸਨ। ਇਸਦੇ ਝੰਜੋੜਵੇਂ ਅਸਰ ਹੇਠ ਲੋਕਾਂ ਦੇ ਵੱਖ-ਵੱਖ ਹਿੱਸਿਆਂ ਦੀ ਇਨਕਲਾਬੀ ਜਨਤਕ ਲਹਿਰ ਦੇ ਅੰਗੜਾਈ ਭਰਨ ਦੇ ਵਰ੍ਹੇ ਸਨ।
 ਕਾਲਜਾਂ ਦੇ ਵਿਹੜਿਆਂ ਤੋਂ ਇਨਕਲਾਬੀ ਚੇਤਨਾ ਦੀਆਂ ਕਿਰਨਾਂ ਪਿੰਡਾਂ ਦੀ ਜੁਆਨੀ ਤੱਕ ਪੁੱਜੀਆਂ। ਪੀ. ਐਸ. ਯੂ. ਦੀ ਜੁਝਾਰ ਸਾਥਣ ਬਣਕੇ ਉੱਭਰੀ  ਨੌਜਵਾਨ ਭਾਰਤ ਸਭਾ ਪੇਂਡੂ ਧਨਾਡ ਚੌਧਰੀਆਂ ਦੀ ਜਗੀਰੂ ਦਬਸ਼ ਨਾਲ ਲੋਹਾ ਲੈਣ ਲੱਗੀ। ਕਿਸਾਨਾਂ, ਬੇਰੁਜਗਾਰ ਅਧਿਆਪਕਾਂ ਅਤੇ ਮਜ਼ਦੂਰਾਂ ਨੇ ਜਥੇਬੰਦ ਸੰਘਰਸ਼ਾਂ ਦੇ ਮੋਰਚੇ ਮੱਲ ਲਏ। ਵੱਡੇ ਘਮਸਾਨੀ ਸੰਘਰਸ਼ਾਂ ਦੀ ਭੱਠੀ ਚ ਢਲਕੇ ਫੌਲਾਦ ਹੋਈ ਪੀ. ਐਸ. ਯੂ. ਦੇ ਲੋਕਾਂ ਤੇ ਹਰ ਸੰਘਰਸ਼ ਦੇ ਅੰਗ ਸੰਗ ਰਹਿਣ ਅਤੇ ਲੋੜ ਪੈਣ ਤੇ ਸੰਘਰਸ਼ ਦੀ ਹਮਾਇਤ ਚ ਆਪਣੀ ਸਾਰੀ ਤਾਕਤ ਝੋਂਕ ਦੇਣ ਦੀ ਰਿਵਾਇਤ ਸਥਾਪਤ ਕੀਤੀ। ਆਪੋ ਆਪਣੇ ਤਬਕਿਆਂ ਦੇ ਹਿੱਤਾਂ ਦੀ ਤੰਗ ਵਲਗਣ ਚੀਰ ਸੁੱਟੀ ਗਈ। ਲੋਕਾਂ ਦੇ ਜੁਝਾਰ ਹਿੱਸੇ ਜਮਾਤੀ ਦੁਸ਼ਮਣਾਂ ਖਿਲਾਫ ਇੱਕਮੁੱਠ ਹੋ ਕੇ ਜੂਝਣ ਅਤੇ ਭਰਾਤਰੀ ਸਾਂਝ ਪਾਲਣ ਦੀ ਭਾਵਨਾ ਚ ਰੰਗੇ ਗਏ। ਅਧਿਕਾਰੀਆਂ ਦੇ ਬਦਲਾ ਲਊ ਹਮਲੇ, ਪੁਲਸ ਜਬਰ ਦੀਆਂ ਹਨੇਰੀਆਂ, ਗੁੰਡਾਗਰਦੀ ਦਾ ਹਥਿਆਰ, ਸਰਕਾਰੀ ਕੂੜ ਪ੍ਰਚਾਰ ਦੀਆਂ ਵਾਛੜਾਂ, ਵਿਦਿਆਰਥੀ ਲਹਿਰ ਅੰਦਰ ਮੌਕਾਪ੍ਰਸਤ ਅਨਸਰਾਂ ਦੀ ਘੁਸਪੈਠ, ਕੋਈ ਵੀ ਹਥਿਆਰ ਪੀ. ਐਸ. ਯੂ. ਦੇ ਅਮਰਵੇਲ ਵਾਂਗ ਵਾਧੇ ਨੂੰ ਠੱਲ੍ਹ ਨਾ ਪਾ ਸਕਿਆ।
 ਪੀ. ਐਸ. ਯੂ. ਅਤੇ ਇਸ ਦੇ ਪ੍ਰਭਾਵ ਹੇਠ ਪੰਜਾਬ ਦੀ ਧਰਤੀ ਤੇ ਉਸਰ ਰਹੀ ਇਨਕਲਾਬੀ ਜਨਤਕ ਲਹਿਰ, ਨਿਰੀਆਂ ਜਨਤਕ ਭੀੜਾਂ ਦਾ ਮੇਲਾ ਨਹੀਂ ਸੀ। ਇਨਕਲਾਬੀ ਸਿਆਸੀ ਚੇਤਨਾ ਅਤੇ ਸਾਬਤ ਕਦਮੀ ਦੀ ਸਾਕਾਰ ਮੂਰਤ ਸੀ। ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਲਲਚਾਈਆਂ ਨਜ਼ਰਾਂ ਨਾਲ ਜਥੇਬੰਦ ਹੋਈ ਵਿਦਿਆਰਥੀ ਤਾਕਤ ਨੂੰ ਵਰਗਲਾਉਣ ਅਤੇ ਲੀਹੋਂ ਲਾਹੁਣ ਲਈ ਬੜੇ ਹੱਥ ਪੈਰ ਮਾਰੇ ਸਨ ਪਰ ਹਰ ਵਾਰੀ ਉਨ੍ਹਾਂ ਪੱਲੇ ਨਿਰਾਸ਼ਾ ਹੀ ਪਈ ਸੀ। 1974 ’ਚ ਕਾਂਗਰਸੀ ਹਾਕਮਾਂ ਖਿਲਾਫ ਲੋਕਾਂ ਦੀ ਬੇਚੈਨੀ ਨੂੰ ਗੁਮਰਾਹ ਕਰਨ ਅਤੇ ਕੁਰਸੀ ਭੇੜ ਦਾ ਸੰਦ ਬਨਾਉਣ ਲਈ ਮੌਕਾਪ੍ਰਸਤ ਵਿਰੋਧੀ ਸਿਆਸੀ ਪਾਰਟੀਆਂ ਨੇ ਜੈ ਪ੍ਰਕਾਸ਼ ਨਰਾਇਣ (ਜੇ. ਪੀ.) ਦੀ ਅਗਵਾਈ ਚ ਮੌਕਾਪ੍ਰਸਤ ਗੱਠਜੋੜ ਕੀਤਾ ਸੀ। ਇਸ ਗੱਠਜੋੜ ਨੇ ਬਿਹਾਰ ਅਤੇ ਗੁਜਰਾਤ ਚ ਵਿਦਿਆਰਥੀਆਂ ਨੇ ਨੌਜੁਆਨਾਂ ਨੂੰ ਆਪਣੇ ਮਨਸੂਬਿਆਂ ਦਾ ਸੰਦ ਬਣਾਉਣ ਚ ਸਫਲਤਾ ਹਾਸਲ ਕਰ ਲਈ ਸੀ ਪਰ ਪੰਜਾਬ ਦੇ ਵਿਦਿਆਰਥੀਆਂ ਤੇ ਨੌਜੁਆਨਾਂ ਨੇ ਜੋਕਾਂ ਦੀ ਸਿਆਸਤ ਦੇ ਮੁਕਾਬਲੇ ਲੋਕਾਂ ਦੀ ਸਿਆਸਤ ਦਾ ਝੰਡਾ ਉੱਚਾ ਚੁੱਕਿਆ ਸੀ। ਲੋਕ ਹਿੱਤਾਂ ਦੇ ਪਾ ਕੇ ਪੜਦੇ, ਸੱਜਣ ਠੱਗ ਗੱਦੀਆਂ ਲਈ ਲੜਦੇ”, “ਰਾਜ ਭਾਗ ਦਾ ਆਵਾ ਊਤ - ਇਨਕਲਾਬ ਨੇ ਕਰਨਾ ਸੂਤਪਿਰਥੀ ਦੀ ਅਗਵਾਈ ਚ ਘੜੇ ਪੀ. ਐਸ. ਯੂ. ਦੇ ਇਹ ਨਾਅਰੇ ਵਿਦਿਆਰਥੀਆਂ ਅਤੇ ਲੋਕਾਂ ਦੇ ਜੁਝਾਰੂ ਹਿੱਸਿਆਂ ਦੇ ਬੋਲਾਂ ਚ ਗਰਜ ਉਠੇ ਸਨ। ਮੋਗੇ ਦੀ ਧਰਤੀ ਤੇ ਹੋਈ ਸੰਗਰਾਮ ਰੈਲੀ ਚ ਲੋਕਾਂ ਦੀ ਮੁਕਤੀ ਦਾ ਇਨਕਲਾਬੀ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ।
 ਜਦੋਂ 1975 ’ਚ ਕਾਂਗਰਸੀ ਹਾਕਮਾਂ ਨੇ ਐਮਰਜੈਂਸੀ ਲਾਗੂ ਕਰਕੇ, ਸੰਘਰਸ਼ ਕਰਨ ਅਤੇ ਬੋਲਣ ਦੇ ਸਭੇ ਅਧਿਕਾਰ ਝਟਕ ਦਿੱਤੇ ਸਨ ਤਾਂ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਇਸ ਫਾਸ਼ੀ ਹੱਲੇ ਖਿਲਾਫ ਜਨਤਕ ਵੰਗਾਰ ਦਾ ਅਖਾੜਾ ਬਣ ਗਈਆਂ ਸਨ। ਪਿਰਥੀ ਅਤੇ ਹੋਰਨਾਂ ਜੁਝਾਰਾਂ ਨੇ ਕਾਲੇ ਕਾਨੂੰਨਾਂ ਤਹਿਤ ਨਜ਼ਰਬੰਦੀਆਂ ਅਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਜਬਰ ਦਾ ਸਾਹਮਣਾ ਕੀਤਾ। ਪਰ ਵਿਦਿਆਰਥੀ ਜਨਤਾ ਨੇ ਬੋਲਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਹਾਕਮਾਂ ਦੇ ਹਵਾਲੇ ਨਾ ਕੀਤਾ।
 1977 ’ਚ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਚ ਕਾਂਗਰਸ ਹਕੂਮਤ ਲੁੜਕ ਗਈ। ਕੇਂਦਰ ਅਤੇ ਪੰਜਾਬ ਚ ਜਨਤਾ ਪਾਰਟੀ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਗੱਦੀ ਤੇ ਬੈਠੀਆਂ ‘‘ਜਮਹੂਰੀਅਤ ਦੀ ਬਹਾਲੀ’’ ਦੇ ਨਾਂ ਹੇਠ ਗੱਦੀ ਤੇ ਆਈਆਂ ਇਨ੍ਹਾਂ ਸਰਕਾਰਾਂ ਦੇ ਲੋਕ ਦੁਸ਼ਮਣ ਕਿਰਦਾਰ ਬਾਰੇ ਦਰੁਸਤ ਨਿਰਣਾ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਪਿਰਥੀ ਦੀ ਅਗਵਾਈ ਚ ਇਸ ਨੂੰ ਬੇਨਕਾਬ ਕਰਨ ਦੀ ਬੀੜਾ ਚੁੱਕਿਆ ਲੁੱਟ ਤੇ ਜਬਰ ਤੇ ਟਿਕੀ ਹਰ ਹਕੂਮਤ, ਅੰਗਰੇਜ਼ਸ਼ਾਹੀ ਹੋਵੇ ਜਾਂ ਇੰਦਰਾਸ਼ਾਹੀ, ਹੱਕ ਸੱਚ ਦੀ ਆਵਾਜ਼ ਨੂੰ ਜਬਰ ਦੇ ਦੈਂਤ ਸੰਗ ਭਿੜਨਾ ਪੈਣਾ ਹੈ, ਇਸ ਭੇੜ ਚ ਜੱਥੇਬੰਦੀ ਬਿਨਾਂ ਕੋਈ ਸਹਾਰਾ ਨਹੀਂ, ਸੰਘਰਸ਼ ਬਿਨਾਂ ਕੋਈ ਰਾਹ ਨਹੀਂ।ਇਸ ਸੂਝ ਨੂੰ ਲੋਕਾਂ ਦੇ ਮਨੀਂ ਵਸਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਤੋਤਾ ਪ੍ਰਚਾਰ ਤੇ ਟੇਕ ਨਾ ਰੱਖੀ। ਨਵੇਂ ਹਾਕਮਾਂ ਦੇ ਵਾਅਦਿਆਂ ਅਤੇ ਲਾਰਿਆਂ ਨੂੰ ਅਮਲ ਦੀ ਕਸਵੱਟੀ ਤੇ ਲਾਉਣ ਲਈ ਲੋਕ ਹਿੱਤਾਂ ਅਤੇ ਜਮਹੂਰੀ ਹੱਕਾਂ ਨਾਲ ਸਬੰਧਤ ਠੋਸ ਮੁੱਦੇ ਉਭਾਰੇ ਗਏ। ਇਨ੍ਹਾਂ ਤੇ ਸੰਘਰਸ਼ ਛੇੜਨ ਤੇ ਛਿੜੇ ਸੰਘਰਸ਼ਾਂ ਨੂੰ ਮਘਾਉਣ-ਭਖਾਉਣ ਤੇ ਹੱਕਾਂ ਦੇ ਮਸਲੇ ਤੇ ਚਲਦੀ ਮਹੀਨਾ ਭਰ ਲੰਮੀ ਪ੍ਰਚਾਰ ਮੁਹਿੰਮ ਅਤੇ ਇਸਦੇ ਸਿਖਰ ਤੇ ਹੋਏ ਵਿਦਿਆਰਥੀ ਮਾਰਚ ਦੌਰਾਨ ਠੋਸ ਮੰਗਾਂ ਦੇ ਪ੍ਰਚਾਰ ਰਾਹੀਂ ‘‘ਜਮਹੂਰੀਅਤ’’ ਦਾ ਅਸਲੀ ਚਿਹਰਾ ਵਿਖਾਇਆ ਗਿਆ। ਨਰਸਾਂ ਤੇ ਹੋਇਆ ਲਾਠੀਚਾਰਜ ਹੋਵੇ ਜਾਂ ਬੇਰੁਜ਼ਗਾਰ ਅਧਿਆਪਕਾਂ ਤੇ ਜੇਲ੍ਹ ਚ ਹੋਈ ਫਾਇਰਿੰਗ, ਪੁਲਸ ਥਾਣਿਆਂ ਚ ਗੁੰਡਾ ਟੋਲਿਆਂ, ਫੈਕਟਰੀ ਮਾਲਕਾਂ ਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਹੋਏ ਕਤਲਾਂ ਦੇ ਮਾਮਲੇ ਹੋਣ, ਦਫਾ 144 ਦਾ ਮਸਲਾ ਹੋਵੇ, ਹੜਤਾਲਾਂ ਤੇ ਪਾਬੰਦੀ ਦਾ ਮਾਮਲਾ ਹੋਵੇ ਜਾਂ ਜਾਬਰ ਕਾਲੇ ਕਾਨੂੰਨ ਮੜ੍ਹਨ ਦਾ ਸਵਾਲ - ਕਿਸੇ ਵੀ ਤਬਕੇ ਦੇ ਜਮਹੂਰੀ ਹੱਕਾਂ ਤੇ ਹੋਇਆ ਕੋਈ ਵੀ ਵਾਰ ਵਿਦਿਆਰਥੀਆਂ ਦੇ ਤਿੱਖੇ ਜਨਤਕ ਵਿਰੋਧ ਤੋਂ ਸੁੱਕਾ ਨਹੀਂ ਸੀ ਬਚਦਾ। 1977-78 ਦੇ ਸੈਸ਼ਨ ਚ ਥਾਣਿਆਂ ਚ ਹੋਏ ਪੁਲਸ ਕਤਲਾਂ ਦੇ ਦਰਜਨ ਤੋਂ ਵੱਧ ਮਾਮਲਿਆਂ ਚ ਖਾੜਕੂ ਸੰਘਰਸ਼ਾਂ ਰਾਹੀਂ ਪੁਲਸ ਅਧਿਕਾਰੀਆਂ ਨੂੰ ਹੱਥਕੜੀਆਂ ਲੁਆਈਆਂ ਗਈਆਂ ਅਤੇ ਇਨ੍ਹਾਂ ਸਭਨਾਂ ਸੰਘਰਸ਼ਾਂ ਚ ਪੀ. ਐਸ. ਯੂ. ਨੇ ਮੋਹਰੀ ਰੋਲ ਅਦਾ ਕੀਤਾ। ਵਿਦਿਆਰਥੀ ਜਨਤਾ ਅੰਦਰ ਆਪਣੇ ਸਮਾਜਕ ਰੋਲ ਦਾ ਅਹਿਸਾਸ ਇੰਨਾ ਘਰ ਕਰ ਚੁੱਕਿਆ ਸੀ ਕਿ ਕੋਈ ਵੀ ਤਬਕਾ ਆਪਣਾ ਸੰਘਰਸ਼ ਵਿਢਣ ਸਮੇਂ ਵਿਦਿਆਰਥੀਆਂ ਦੀ ਜਨਤਕ ਹਮਾਇਤ ਨੂੰ ਗਿਣਤੀ ਚ ਰੱਖ ਕੇ ਚੱਲ ਸਕਦਾ ਸੀ।
 ਕਾਂਗਰਸੀ ਹਾਕਮਾਂ ਤੋਂ ਬਾਅਦ ਅਕਾਲੀ ਜਨਤਾ ਸਰਕਾਰ ਨਾ ਸਿਰਫ ਵਿਦਿਆਰਥੀਆਂ ਦੇ ਵਿਸ਼ਾਲ ਹਿੱਸਿਆਂ ਚੋਂ ਬੁਰੀ ਤਰ੍ਹਾਂ ਨਿਖੜੀ ਹੋਈ ਸੀ। ਸੂਬੇ ਚ ਵਾਪਰੀਆਂ ਅਹਿਮ ਸਿਆਸੀ ਘਟਨਾਵਾਂ ਸਮੇਂ ਵਿਦਿਆਰਥੀ ਅਤੇ ਨੌਜੁਆਨ ਜਥੇਬੰਦੀ ਦੇ ਧੁਰੇ ਦੁਆਲੇ ਲੋਕਾਂ ਦੇ ਜੁਝਾਰ ਹਿੱਸਿਆਂ ਦੀ ਲਾਮਬੰਦੀ ਪੰਜਾਬ ਦੇ ਸਿਆਸੀ ਮਹੌਲ ਦਾ ਇੱਕ ਮਹੱਤਵਪੂਰਨ ਪੱਖ ਬਣਦੀ ਜਾ ਰਹੀ ਸੀ। ਇਸਦੇ ਬੋਲਾਂ ਦੀ ਗੂੰਜ ਉੱਚੀ ਹੋ ਰਹੀ ਸੀ। ਇਸ ਇਨਕਲਾਬੀ ਜਨਤਕ ਤਾਕਤ ਨੂੰ ਅਣਗੌਲਿਆ ਕਰ ਸਕਣਾ, ਜੋਕਾਂ ਦੀਆਂ ਧਿਰਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਸੀ। ਉਸਰ ਰਹੀ ਜਨਤਕ ਲਹਿਰ ਦੀ ਸਿਰ ਕੱਢ ਇਨਕਲਾਬੀ ਟੁਕੜੀ ਪੀ. ਐਸ. ਯੂ. ਦਾ ਜਰਨੈਲ ਪਿਰਥੀ, ਜੁਝਾਰ ਜਨਤਾ ਦੇ ਵਲਵਲਿਆਂ ਅਤੇ ਉਮੰਗਾਂ ਦਾ ਚਿੰਨ੍ਹ ਬਣਿਆ ਹੋਇਆ ਸੀ।
ਪਿਰਥੀ ਨੂੰ ਸ਼ਹੀਦ ਕਰਕੇ ਅਕਾਲੀ ਜਨਤਾ ਸਰਕਾਰ ਨੇ ਉਨ੍ਹਾਂ ਲਈ ਚੁਣੌਤੀ ਬਣਕੇ ਉੱਭਰ ਰਹੀ ਇਨਕਲਾਬੀ ਲਹਿਰ ਦਾ ਨਾਮ ਨਿਸ਼ਾਨ ਮਿਟਾ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਪਰ ਇਨਕਲਾਬੀ ਜਨਤਕ ਲਹਿਰ ਦੀ ਪੌੜੀ ਦੇ ਅਗਲੇ ਡੰਡੇ ਇਸਦੇ ਕਦਮਾਂ ਦੀ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਸਨ।
ਪਿਰਥੀ ਦੀ ਸ਼ਹਾਦਤ ਦੇ ਝੰਜੋੜੇ ਨਾਲ ਪੰਜਾਬ ਦੀ ਵਿਦਿਆਰਥੀ ਲਹਿਰ ਅਤੇ ਇਨਕਲਾਬੀ ਜਨਤਕ ਲਹਿਰ ਦੀਆਂ ਉਹ ਸੱਭੇ ਰਵਾਇਤਾਂ ਭਰ ਜੋਬਨ ਤੇ ਆ ਕੇ ਟਹਿਕ ਪਈਆਂ, ਜੋ ਲਗਭਗ ਇੱਕ ਦਹਾਕੇ ਦੀ ਸ਼ਾਨਾਮੱਤੀ ਘਾਲਣਾ ਰਾਹੀਂ ਸਿਰਜੀਆਂ ਗਈਆਂ ਸਨ। ਹਾਕਮ ਜਮਾਤਾਂ ਨੇ ਵਿਦਿਆਰਥੀ ਲਹਿਰ ਤੇ ਖੂਨੀ ਵਾਰ ਕਰਨ ਸਮੇਂ ਟੇਢਾ ਅਤੇ ਸੂਖਮ ਢੰਗ ਵਰਤਿਆ ਸੀ। ਰਾਜ ਸੱਤਾ ਰਾਹੀਂ ਸਿੱਧੇ ਮੱਥੇ ਕਰਨ ਦੀ ਬਜਾਏ ਆਪਣੇ ਜ਼ਰਖਰੀਦ ਗੁੰਡਾ ਟੋਲੇ ਨੂੰ ਹਥਿਆਰ ਵਜੋਂ ਵਰਤਿਆ ਸੀ। ਪਿਰਥੀ ਦੀ ਸ਼ਹਾਦਤ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਇਹ ਬਿਆਨ ਦਾਗੇ ਸਨ ਕਿ ਇਹ ਕਤਲ ਦੋ ਵਿਦਿਆਰਥੀ ਗਰੁੱਪਾਂ ਦੀ ਆਪਸੀ ਲੜਾਈ ਦਾ ਸਿੱਟਾ ਹੈ ਪਰ ਪੰਜਾਬ ਦੇ ਵਿਦਿਆਰਥੀਆਂ ਅਤੇ ਜੁਝਾਰ ਲੋਕਾਂ ਨੇ ਇਸ ਕੂੜ ਕਹਾਣੀ ਨੂੰ ਹਕਾਰਤ ਨਾਲ ਠੁਕਰਾ ਦਿੱਤਾ। ਸਾਲ 78-79 ’ਚ ਵਿਦਿਆਰਥੀ ਘੁਲਾਟੀਆਂ ਉੱਤੇ ਜਥੇਬੰਦ ਗੁੰਡਾ ਹਮਲਿਆਂ ਨੇ ਤੇਜ਼ੀ ਫੜ ਲਈ। ਇੱਕ ਤੋਂ ਬਾਅਦ ਦੂਜੀ ਵਿਦਿਅਕ ਸੰਸਥਾ ਚ ਵਿਦਿਆਰਥੀ ਜਨਤਾ ਦਾ ਗੁੰਡਿਆਂ, ਪੁਲਸ, ਅਧਿਕਾਰੀਆਂ ਅਤੇ ਹਾਕਮ ਪਾਰਟੀ ਦੇ ਸਿਆਸਤਦਾਨਾਂ ਦੇ ਗੱਠਜੋੜ ਨਾਲ ਪੇਚਾ ਪੈ ਰਿਹਾ ਸੀ। ਗੁੰਡਾ ਟੋਲਿਆਂ ਨੂੰ ਸ਼ਿਸ਼ਕਾਰਦੇ ਪੁਲਸ ਅਧਿਕਾਰੀ ਅਤੇ ਹਾਕਮ ਨਿਰਪੱਖ ਹੋਣ ਦਾ ਖੇਖਣ ਕਰਦੇ ਸਨ, ਪਰ ਅਸਲ ਚ ਗੁੰਡਿਆਂ ਦੀ ਸੁਰੱਖਿਆ ਕਰਦੇ ਸਨ। ਵਿਦਿਆਰਥੀ ਜੁਝਾਰਾਂ ਖਿਲਾਫ ਕੇਸ ਮੜ੍ਹਨ, ਐਕਸ਼ਨ ਲੈਣ ਅਤੇ ਗਿ੍ਰਫਤਾਰੀਆਂ ਕਰਨ ਦਾ ਚੱਕਰ ਚਲਾਉਦੇ ਸਨ। ਹਕਮੂਤ ਦੇ ਪਾਲੇ ਹੋਏ ਇਹਨਾਂ ਗੁੰਡਾ ਗਰੋਹਾਂ ਨੂੰ ਥਾਂ-ਥਾਂ ਜਨਤਕ ਤਾਕਤ ਦੇ ਜੋਰ ਭੰਬੋੜਿਆ ਗਿਆ। ਇਨ੍ਹਾਂ ਨਾਲ ਗੱਠਜੋੜ ਕਰਕੇ ਚੱਲ ਰਹੇ ਵਿੱਦਿਅਕ ਅਧਿਕਾਰੀਆਂ, ਪੁਲਸ ਅਤੇ ਸਿਆਸਤਦਾਨਾਂ ਦਾ ਘਿਨਾਉਣਾ ਰੋਲ ਬੇਪੜਦ ਕੀਤਾ ਗਿਆ। ਇਹ ਸਚਾਈ ਪ੍ਰਤੱਖ ਕਰਕੇ ਵਿਖਾਈ ਗਈ ਕਿ ਵਿਦਿਆਰਥੀ ਆਗੂਆਂ ਤੇ ਹੋ ਰਹੇ ਗੁੰਡਾ ਹਮਲੇ ਇਨਕਲਾਬੀ ਲੋਕ ਲਹਿਰ ਖਿਲਾਫ ਹਾਕਮ ਜਮਾਤਾਂ ਵਲੋਂ ਸੇਧੇ ਫਾਸ਼ੀ ਵਾਰਾਂ ਦਾ ਹਿੱਸਾ ਹਨ। ਨਾ ਸਿਰਫ ਵਿਦਿਆਰਥੀ ਜਨਤਾ ਸਗੋਂ ਹੋਰਨਾਂ ਲੋਕਾਂ ਦੇ ਜੁਝਾਰ ਹਿੱਸੇ ਵੀ ਵਿਦਿਆਰਥੀ ਲਹਿਰ ਦੀਆਂ ਲੋਕ ਪੱਖੀ ਰਵਾਇਤਾਂ ਤੋਂ ਵਾਕਫ ਹੋਣ ਕਰਕੇ ਇਨ੍ਹਾਂ ਗੁੰਡਾ ਹਮਲਿਆਂ ਦੀ ਅਸਲੀਅਤ ਪਛਾਣਦੇ ਸਨ।
 ਇਸ ਕਰਕੇ ਪਿਰਥੀ ਦੀ ਸ਼ਹਾਦਤ ਦੀ ਖਬਰ ਸੁਣਦਿਆਂ ਹੀ ਪੰਜਾਬ ਦੀ ਜੁਝਾਰ ਜਨਤਾ, ਇਨਸਾਫਪਸੰਦ ਹਲਕਿਆਂ ਅਤੇ ਵੱਖ-ਵੱਖ ਸਿਆਸੀ ਤਾਕਤਾਂ ਨੂੰ ਵੀ ਸਮਝਣ ਚ ਭੋਰਾ-ਭਰ ਦੇਰ ਨਾ ਲੱਗੀ ਕਿ ਪਿਰਥੀ ਦੀ ਸ਼ਹਾਦਤ ਲੋਕ ਦੁਸ਼ਮਣ ਹਾਕਮਾਂ ਵਲੋਂ ਕੀਤਾ ਗਿਆ ਸਿਆਸੀ ਕਤਲ ਹੈ। ਇਸ ਸਿਆਸੀ ਕਤਲ ਦੀ ਜੁੰਮੇਵਾਰੀ ਬਾਦਲ ਸਰਕਾਰ ਖਿਲਾਫ ਨਿਖੇਧੀ ਬਿਆਨਾਂ ਅਤੇ ਜਨਤਕ ਫਿਟਕਾਰਾਂ ਦੀ ਝੜੀ ਲੱਗ ਗਈ। ਇਉਂ ਐਨ ਸ਼ੁਰੂ ਚ ਹੀ ਬਾਦਲ ਸਰਕਾਰ ਲੋਕਾਂ ਦੇ ਵਿਸ਼ਾਲ ਹਿੱਸਿਆਂ ਵਲੋਂ ਪਿਰਥੀ ਦੀ ਸ਼ਹਾਦਤ ਦੇ ਸਿਆਸੀ ਮੁਜ਼ਰਮਾਂ ਵਜੋਂ ਟਿੱਕੀ ਜਾ ਚੁੱਕੀ ਸੀ ਅਤੇ ਇਸ ਸਿਆਸੀ ਕਤਲ ਦੀ ਅਸਲੀਅਤ ਤੇ ਪਰਦਾ ਪਾਉਣ ਦਾ ਚਤੁਰ ਮਨਸੂਬਾ ਮਾਤ ਖਾ ਗਿਆ ਸੀ।
 ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਬੰਦ ਹੋਣ ਦੇ ਬਾਵਜੂਦ 20 ਜੁਲਾਈ ਨੂੰ ਸਵੇਰੇ ਹੀ ਅਖਬਾਰਾਂ ਚੋਂ ਖਬਰ ਪੜ੍ਹ ਕੇ ਹਜ਼ਾਰਾਂ ਵਿਦਿਆਰਥੀਆਂ ਅਤੇ ਲੋਕਾਂ ਨੇ ਦਸੂਹੇ ਦੀ ਧਰਤੀ ਵੱਲ ਚਾਲੇ ਪਾ ਦਿੱਤੇ ਸਨ, ਜਿਥੇ ਸ਼ਹੀਦ ਪਿਰਥੀ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਣੀ ਸੀ। ਦਸੂਹੇ ਦੇ ਲੋਕਾਂ ਨੇ ਆਪਣੀ ਸੁਰਤ ਚ ਇਹ ਪਹਿਲਾ ਜਨਾਜ਼ਾ ਵੇਖਿਆ ਸੀ ਜਿਸਦੇ ਪਿੱਛੇ ਰੋਹ ਭਰੀਆਂ ਨਜ਼ਰਾਂ ਨਾਲ ਹਜ਼ਾਰਾਂ ਲੋਕਾਂ ਦਾ ਕਾਫਲਾ ਨਾਅਰਿਆਂ ਨਾਲ ਆਕਾਸ਼ ਗੁੰਜਾਉਂਦਾ ਚੱਲ ਰਿਹਾ ਸੀ। ਹਜ਼ਾਰਾਂ ਲੋਕਾਂ ਦੇ ਇਕੱਠ ਚ ਹਾਕਮਾਂ ਦੇ ਖੂਨੀ ਵਾਰ ਦੀ ਚੁਣੌਤੀ ਨੂੰ ਕਬੂਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਵਿਦਿਆਰਥੀ ਜਨਤਾ ਸਿਰ ਤਲੀ ਤੇ ਧਰ ਕੇ ਜਾਨ ਹੂਲਵੇਂ ਸੰਘਰਸ਼ ਦੇ ਮੈਦਾਨ ਚ ਠਿੱਲ੍ਹ ਪਈ ਸੀ।
 ਸੂਬੇ ਦੀ ਕੋਈ ਜਨਤਕ ਜਥੇਬੰਦੀ ਵਿਸ਼ਾਲ ਜਨਤਕ ਰੋਸ ਦੀ ਇਸ ਲਹਿਰ ਤੋਂ ਅਣਭਿੱਜ ਨਹੀਂ ਰਹੀ ਸੀ। ਸਿਆਸੀ ਪਾਰਟੀਆਂ ਅਤੇ ਬੁਰਜੂਆ ਅਖਬਾਰਾਂ ਨੇ ਇਕ ਵਾਢਿਉਂ ਇਸ ਕਤਲ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ ਸਿਆਸੀ ਕਤਲ ਕਰਾਰ ਦਿੱਤਾ ਸੀ। ਅਕਾਲੀ ਸਰਕਾਰ ਨੂੰ ਪਹਿਲੀ ਵਾਰ ਏਡੇ ਵਿਆਪਕ ਸਿਆਸੀ ਨਿਖੇੜੇ ਦਾ ਸਾਹਮਣਾ ਕਰਨਾ ਪਿਆ ਸੀ। ਰੋਸ ਅਤੇ ਰੋਹ ਭਰੀਆਂ ਆਵਾਜ਼ਾਂ ਮੁਲਕ ਦੇ ਦੂਜੇ ਸੂਬਿਆਂ ਅਤੇ ਬਦੇਸ਼ਾਂ ਦੀ ਧਰਤੀ ਤੇ ਵੀ ਗੂੰਜ ਉਠੀਆਂ ਸਨ। ਮੁਲਕ ਦੇ ਨਾਮਵਰ ਬੁੱਧੀਜੀਵੀਆਂ ਨੇ ਸੈਂਕੜਿਆਂ ਦੀ ਗਿਣਤੀ ਚ ਇਸ ਕਤਲ ਦੀ ਨਿਖੇਧੀ ਕਰਦੇ ਬਿਆਨ ਜਾਰੀ ਕੀਤੇ ਅਤੇ ਮੈਮੋਰੰਡਮ ਦਿੱਤੇ ਸਨ। ਅਕਾਲੀ ਸਰਕਾਰ ਦੇ ਇਤਿਹਾਸ ਚ ਪਹਿਲੀ ਵਾਰ ਪੰਜਾਬ ਦੇ ਕਿੰਨੇ ਹੀ ਪਿੰਡਾਂ ਚ ਹਜ਼ਾਰਾਂ ਮਰਦਾਂ ਔਰਤਾਂ ਦੇ ਇਕੱਠਾਂ ਨੇ ਬਾਦਲ ਸਰਕਾਰ ਦੀਆਂ ਅਰਥੀਆਂ ਸਾੜੀਆਂ ਸਨ। ਕੁੱਝ ਥਾਈਂ ਇਨ੍ਹਾਂ ਅਰਥੀ ਫੂਕ ਰੈਲੀਆਂ ਚ ਲੋਕਾਂ ਦੀ ਗਿਣਤੀ ਦਸ ਹਜ਼ਾਰ ਤੱਕ ਜਾ ਅੱਪੜੀ ਸੀ।
 ਪੰਜਾਬ ਦੇ ਦਹਾਕਿਆਂ ਦੇ ਇਤਿਹਾਸ ਚ ਇਹ ਪਹਿਲੀ ਵਾਰ ਹੋਇਆ ਸੀ ਕਿ ਤਕਰੀਬਨ ਹਰ ਕਸਬੇ ਤੇ ਸ਼ਹਿਰ ਚ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਟਰੇਡ ਯੂਨੀਅਨਾਂ ਨੇ ਐਕਸ਼ਨ ਕਮੇਟੀਆਂ ਕਾਇਮ ਕਰਕੇ ਆਰਥਕ ਮੰਗਾਂ ਦੀਆਂ ਤੰਗ ਵਲਗਣਾਂ ਚੀਰ ਕੇ, ਇੱਕ ਸਿਆਸੀ ਕਤਲ ਦੇ ਮੁੱਦੇ ਤੇ ਜਨਤਕ ਵਿਰੋਧ ਦੀਆਂ ਮੁਹਿੰਮਾਂ ਜਥੇਬੰਦ ਕੀਤੀਆਂ ਅਤੇ ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਅਤੇ ਸ਼ੋਕ ਸਮਾਗਮਾਂ ਦਾ ਤਾਂਤਾ ਬੰਨ੍ਹ ਦਿੱਤਾ ਸੀ।
ਇਸ ਵਿਆਪਕ ਰੋਸ ਅਤੇ ਰੋਹ ਦੀ ਲਹਿਰ ਨੂੰ ਵੇਖ ਕੇ ਅਕਾਲੀ ਸਰਕਾਰ ਬੁਖਲਾ ਉਠੀ। ਹਥਿਆਰਬੰਦ ਪੁਲਸ ਲਸ਼ਕਰਾਂ ਦੇ ਪਟੇ ਖੋਲ੍ਹ ਦਿੱਤੇ ਗਏ। ਵਿਦਿਆਰਥੀਆਂ, ਨੌਜੁਆਨਾਂ ਦੇ ਰੈਲੀਆਂ ਮੁਜ਼ਾਹਰਿਆਂ ਤੇ ਡਾਂਗਾਂ ਦੀ ਵਾਛੜ ਕੀਤੀ ਜਾਣ ਲੱਗੀ। ਧੜਾਧੜ ਛਾਪਿਆਂ ਅਤੇ ਗਿ੍ਰਫਤਾਰੀਆਂ ਦਾ ਸਿਲਸਿਲਾ ਛੇੜ ਦਿੱਤਾ ਗਿਆ। ਮੁਜ਼ਾਹਰਿਆਂ ਚ ਗਿ੍ਰਫਤਾਰ ਕੀਤੀਆਂ ਵਿਦਿਆਰਥਣਾਂ ਤੇ ਵੀ ਇਰਾਦਾ ਕਤਲ ਦੇ ਝੂਠੇ ਕੇਸ ਮੜ੍ਹ ਦਿੱਤੇ ਗਏ। ਪੁਲਸ ਲਸ਼ਕਰ ਪਿੰਡਾਂ ਚ ਦਾਖਲ ਹੁੰਦੇ, ਘਰਾਂ ਦੇ ਸਮਾਨ ਦੀ ਭੰਨਤੋੜ ਕਰਦੇ, ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਮਸ਼ਕਾਂ ਬੰਨ੍ਹ ਕੇ ਥਾਣੇ ਧੂਹ ਲਿਆਉਂਦੇ ਅਤੇ ਖੜ੍ਹੀਆਂ ਫਸਲਾਂ ਉਜਾੜ ਦਿੰਦੇ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਭਗਵਾਨ ਸਿੰਘ ਦਾਨੇਵਾਲੀਆ ਵਲੋਂ ਐਲਾਨ ਕਰ ਦਿੱਤਾ ਗਿਆ ਕਿ ਨੌਜੁਆਨ ਭਾਰਤ ਸਭਾ ਨਕਸਲੀਆਂ ਦਾ ਹਿਰਾਵਲ ਦਸਤਾ ਹੈ। ਇਸ ਨੂੰ ਕੁਚਲ ਦਿੱਤਾ ਜਾਵੇਗਾ।ਪੰਜਾਬ ਦੀ ਧਰਤੀ ਤੇ ਬੇਐਲਾਨ ਐਮਰਜੈਂਸੀ ਲਾਗੂ ਕਰ ਦਿੱਤੀ ਗਈ।
ਇਹ ਪੰਜਾਬ ਭਰ ਦੇ ਜੁਝਾਰ ਲੋਕਾਂ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਅਤੇ ਨੌਜੁਆਨਾਂ ਲਈ ਸਖਤ ਇਮਤਿਹਾਨ ਦਾ ਵੇਲਾ ਸੀ। ਪਿਰਥੀ ਨੂੰ ਸ਼ਹੀਦ ਕਰਕੇ ਹਾਕਮਾਂ ਨੇ ਪੀ. ਐਸ. ਯੂ. ਦੀ ਵੱਕਾਰੀ ਕਲਗੀ ਤੇ ਝਪਟ ਮਾਰੀ ਸੀ। ਇਨਕਲਾਬੀ ਜਮਹੂਰੀ ਲਹਿਰ ਦੀ ਉੱਭਰਦੀ ਤਾਕਤ ਨੂੰ ਇਸ ਫਾਸ਼ੀ ਵਾਰ ਨਾਲ ਨਿੱਸਲ ਕਰ ਦੇਣਾ ਚਾਹਿਆ ਸੀ। ਬੇਐਲਾਨ ਐਮਰਜੈਂਸੀ ਵਰਗੀ ਹਾਲਤ ਪੈਦਾ ਕਰਕੇ ਉਹ ਇਸ ਫਾਸ਼ੀ ਵਾਰ ਦੀ ਸੱਟ ਨੂੰ ਪੱਕੇ ਪੈਰੀਂ ਕਰਨਾ ਲੋਚਦੇ ਸਨ ਪਰ ਪੰਜਾਬ ਦੀ ਵਿਦਿਆਰਥੀ ਲਹਿਰ ਕੋਲ ਜਮਹੂਰੀ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਪਿਰਥੀ ਦੀ ਅਗਵਾਈ ਚ ਵਿਕਸਤ ਕੀਤੀ ਦਰੁਸਤ ਇਨਕਲਾਬੀ ਸੇਧ ਮੌਜੂਦ ਸੀ। ਲੋਕਾਂ ਦੇ ਜਮਹੂਰੀ ਹੱਕ, ਹੱਕਾਂ ਲਈ ਸੰਘਰਸ਼ ਦੇ ਅਖਾੜਿਆਂ ਚ ਹੀ ਜਨਮਦੇ ਅਤੇ ਪਰਫੁੱਲਤ ਹੁੰਦੇ ਹਨ।ਇਸ ਸੋਝੀ ਤੋਂ ਪ੍ਰੇਰਨਾ ਲੈਂਦਿਆਂ ਜਮਹੂਰੀ ਹੱਕਾਂ ਲਈ ਸੰਘਰਸ਼ ਦੇ ਖੇਤਰ ਚ ਇੱਕ ਹੋਰ ਪੁਲਾਂਘ ਪੁੱਟੀ ਗਈ। ਵਿਦਿਆਰਥੀ ਨੌਜੁਆਨ ਕਰਿੰਦਿਆਂ ਦੀਆਂ ਟੋਲੀਆਂ ਕਾਲਜਾਂ ਦੇ ਕਲਾਸ ਰੂਮਾਂ, ਖੇਤ ਮਜ਼ਦੂਰਾਂ ਦੇ ਵਿਹੜਿਆਂ ਅਤੇ ਕਿਸਾਨਾਂ ਦੇ ਖੇਤਾਂ ਚ ਫੈਲ ਗਈਆਂ। ਸਖਤ ਚੌਕਸੀ ਨਾਲ ਥਾਂ-ਥਾਂ ਖੁਫੀਆ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ। 23 ਅਗਸਤ ਨੂੰ ਮੋਗੇ ਅਤੇ ਲੁਧਿਆਣੇ ਦੀਆਂ ਸੜਕਾਂ ਤੇ ਡਾਂਗਾਂ ਨਾਲ ਲੈਸ ਰੋਹ ਭਰੇ ਵਿਦਿਆਰਥੀਆਂ ਦੇ ਕਾਫਲੇ ਹਜ਼ਾਰਾਂ ਦੀ ਗਿਣਤੀ ਚ ਅਚਨਚੇਤ ਸੜਕਾਂ ਤੇ ਆ ਨਿੱਤਰੇ। ਪੁਲਸ ਅਧਿਕਾਰੀ ਭਮੱਤਰ ਕੇ ਰਹਿ ਗਏ। ਟੈਲੀਫੋਨਾਂ ਦੀਆਂ ਘੰਟੀਆਂ ਖੜਕੀਆਂ, ਹਥਿਆਰਬੰਦ ਪੁਲਸ ਲਸ਼ਕਰਾਂ ਦੀਆਂ ਭਰੀਆਂ ਗੱਡੀਆਂ ਘਬਰਾਹਟ ਦੀ ਹਾਲਤ ਚ ਇੱਧਰ-ਉੱਧਰ ਸਰਪਟ ਦੌੜੀਆਂ, ਪਰ ਪੁਲਸੀ ਧਾੜਾਂ ਦਰਮਿਆਨ ਵਿਦਿਆਰਥੀ ਨੌਜੁਆਨਾਂ ਦੇ ਸਿਰਲੱਥ ਕਾਫਲੇ ਬੇਖੌਫ਼ ਹੋ ਕੇ ਅੱਗੇ ਵਧੇ। ਜਿਲ੍ਹਾ ਹੈਡਕੁਆਟਰਾਂ ਤੋਂ ਰਾਜਧਾਨੀ ਤੱਕ ਵਾਇਰਲੈਸਾਂ ਹੜਬੜਾਏ ਸੰਦੇਸ਼ਾਂ ਦਾ ਵਟਾਂਦਰਾ ਕਰਦੀਆਂ ਰਹੀਆਂ। ਪੁਲਸ ਅਧਿਕਾਰੀਆਂ ਦਾ ਜਾਇਜ਼ਾ ਸੀ ਕਿ ਲੜਨ ਮਰਨ ਲਈ ਤਿਆਰ ਡਾਂਗਾਂ ਨਾਲ ਲੈਸ ਹਜ਼ਾਰਾਂ ਦੇ ਕਾਫਲਿਆਂ ਤੇ ਵਾਰ ਕਰਨ ਦੀ ਹਾਲਤ ਚ ਵੱਡੇ ਘਮਸਾਨੀ ਭੇੜ ਅਟੱਲ ਹਨ। ਰਾਜ ਭਾਗ ਦੇ ਮਾਲਕਾਂ ਦਾ ਜਾਇਜ਼ਾ ਸੀ ਕਿ ਏਡੇ ਘੱਲੂਘਾਰੇ ਡਾਵਾਂਡੋਲ ਅਤੇ ਅੰਦਰੂਨੀ ਤਣਾਵਾਂ ਚ ਫਸੇ ਹਾਕਮਾਂ ਨੂੰ ਵਾਰਾ ਨਹੀਂ ਖਾਂਦੇ। ਰਾਜਭਾਗ ਦੀ ਜਾਬਰ ਸ਼ਕਤੀ ਨੇ ਲੜਾਕੂ ਜਨਤਕ ਤਾਕਤ ਦੇ ਵੇਗ ਤੋਂ ਪਾਸਾ ਵੱਟ ਕੇ ਵਕਤ ਲੰਘਾਉਣ ਦਾ ਫੈਸਲਾ ਕਰ ਲਿਆ। ਵਿਦਿਆਰਥੀ ਆਗੂਆਂ ਨੇ ਲਾਊਡ ਸਪੀਕਰਾਂ ਤੋਂ ਪੁਲਸ ਲਸ਼ਕਰਾਂ ਨੂੰ ਵਿਦਿਆਰਥੀ ਮੁਜ਼ਾਹਰਿਆਂ ਤੋਂ ਨਿਸ਼ਚਿਤ ਵਿੱਥ ਤੇ ਰਹਿਣ ਦੀਆਂ ਹਦਾਇਤਾਂ ਕੀਤੀਆਂ ਅਤੇ ਪੁਲਸ ਅਧਿਕਾਰੀ ਆਗਿਆਕਾਰ ਬਣ ਕੇ ਇਨ੍ਹਾਂ ਹਦਾਇਤਾਂ ਦਾ ਪਾਲਣ ਕਰਾਉਂਦੇ ਵੇਖੇ ਗਏ। ਰੋਹ ਭਰੀਆਂ ਜਨਤਕ ਰੈਲੀਆਂ ਨੂੰ ਉਨ੍ਹਾਂ ਮਫਰੂਰ ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਨੂੰ ਨਜ਼ਰ ਆਉਣ ਤੇ ਚੁੱਕ ਲੈਣ ਲਈ ਸਿਵਲ ਕੱਪੜਿਆਂ ਚ ਤਾਇਨਾਤ ਖੁਫੀਆ ਪੁਲਸ ਦਸਤੇ ਪੈੜਾਂ ਸੁੰਘਦੇ ਫਿਰ ਰਹੇ ਸਨ।
 ਲੁਧਿਆਣਾ ਅਤੇ ਮੋਗੇ ਤੋਂ ਬਾਅਦ ਉਪਰੋਥਲੀ ਇੱਕ ਤੋਂ ਦੂਸਰੇ ਸ਼ਹਿਰ ਚ ਡਾਂਗਾਂ ਨਾਲ ਲੈਸ ਵਿਦਿਆਰਥੀਆਂ-ਨੌਜੁਆਨਾਂ ਦੇ ਕਾਫਲੇ ਮੈਦਾਨ ਚ ਨਿੱਤਰਦੇ ਰਹੇ ਅਤੇ ਜਨਤਕ ਤਾਕਤ ਦੇ ਜ਼ੋਰ ਮੁਜ਼ਾਹਰੇ ਕਰਨ ਦਾ ਹੱਕ ਪੁਗਾਉਂਦੇ ਰਹੇ। ਅਖੀਰ ਛਿੱਥੇ ਪਏ ਹਾਕਮ ਰਸਮੀ ਤੌਰ ਤੇ ਇਹ ਹੱਕ ਪ੍ਰਵਾਨ ਕਰਨ ਲਈ ਮਜਬੂਰ ਕਰ ਦਿੱਤੇ ਗਏ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਭਗਵਾਨ ਸਿੰਘ ਦਾਨੇਵਾਲੀਆ ਨੇ ਥੁੱਕਿਆ ਨਿਗਲਦਿਆਂ ਵਿਦਿਆਰਥੀ ਮੁਜ਼ਾਹਰਿਆਂ ਤੇ ਕੋਈ ਰੋਕ ਨਾ ਲਾਉਣ ਦਾ ਐਲਾਨ ਕਰ ਦਿੱਤਾ ਅਤੇ ਅਪੀਲ ਕੀਤੀ ਕਿ ਵਿਦਿਆਰਥੀ ਮੁਜ਼ਾਹਰਿਆਂ ਚ ਡਾਂਗਾਂ ਲੈ ਕੇ ਨਾ ਆਉਣ।
 ਵਿਉਂਤਬੱਧ ਖੁਫੀਆ ਤਿਆਰੀ ਰਾਹੀਂ ਜਥੇਬੰਦ ਕੀਤੇ ਇਹ ਖਾੜਕੂ ਅਤੇ ਜਬਤਬੱਧ ਮੁਜ਼ਾਹਰੇ ਵਿਦਿਆਰਥੀ ਨੌਜੁਆਨ ਲਹਿਰ ਦੀ ਸੂਝ, ਪਰਪੱਕਤਾ, ਦਿ੍ਰੜਤਾ ਅਤੇ ਜੁਝਾਰੂ ਭਾਵਨਾ ਦੇ ਇੱਕ ਨਵੇਂ ਦੌਰ ਦਾ ਸੰਕੇਤ ਹੋ ਨਿੱਬੜੇ। ਪਿਰਥੀ ਨੂੰ ਸ਼ਹੀਦ ਕਰਕੇ ਅਤੇ ਜਬਰ ਦਾ ਝੱਖੜ ਝੁਲਾ ਕੇ ਹਾਕਮਾਂ ਨੇ ਲੋਕਾਂ ਦੀ ਆਪਣੀ ਲੜਾਕੂ ਜਨਤਕ ਤਾਕਤ ਮੂਹਰੇ ਰਾਜ ਸੱਤਾ ਦੀ ਖੂਨੀ ਤਾਕਤ ਨੂੰ ਬੇਵੱਸ ਹੁੰਦੀ ਵੇਖ ਲਿਆ ਸੀ। ਆਪਣੀ ਲੜਾਕੂ ਜਨਤਕ ਤਾਕਤ ਦੇ ਜਲਵਿਆਂ ਦਾ ਇਹ ਨਜ਼ਾਰਾ ਲੋਕਾਂ ਦੀ ਤਕੜੀ ਗਿਣਤੀ ਦੇ ਮਨਾਂ ਤੇ ਆਪਣੀ ਛਾਪ ਛੱਡ ਗਿਆ ਸੀ। (ਅਗਲੇ ਵਰ੍ਹੇ ਬੱਸ ਕਿਰਾਇਆ ਘੋਲ ਦੌਰਾਨ ਲੋਕਾਂ ਦੇ ਇਸ ਆਤਮ ਵਿਸ਼ਵਾਸ ਦੀਆਂ ਹੋਰ ਵੀ ਜ਼ੋਰਦਾਰ ਝਲਕਾਂ ਪੇਸ਼ ਹੋਈਆਂ) ਢਾਈ-ਤਿੰਨ ਮਹੀਨਿਆਂ ਦੇ ਜਾਨ ਹੂਲਵੇਂ ਲੰਮੇ ਸੰਗਰਾਮ ਪਿੱਛੋਂ ਅਕਾਲੀ ਹਾਕਮਾਂ ਨੂੰ ਵਿਦਿਆਰਥੀ ਆਗੂ ਦੇ ਕਾਤਲ ਗੁੰਡਿਆਂ ਨੂੰ ਆਪਣੀਆਂ ਬੁੱਕਲਾਂ ਚੋਂ ਬਾਹਰ ਲਿਆ ਕੇ ਗਿ੍ਰਫਤਾਰ ਕਰਨਾ ਪਿਆ ਕਾਤਲਾਂ ਦੀ ਸਰਪ੍ਰਸਤੀ ਕਰਨ ਵਾਲੇ ਦੋ ਬਦਨਾਮ ਸਿਆਸੀ ਲੀਡਰਾਂ ਦੇ ਮੱਥੇ ਤੇ ਲੱਗਿਆ ਕਲੰਕ ਉਨ੍ਹਾਂ ਨੂੰ ਕਾਫੀ ਮਹਿੰਗਾ ਪਿਆ। ਇਨ੍ਹਾਂ ਚੋਂ ਇੱਕ ਕਿਸੇ ਬਦਨਾਮੀ ਦੇ ਨਤੀਜੇ ਵਜੋਂ ਅਗਲੇ ਵਰ੍ਹੇ ਐਮ. ਐਲ. ਏ. ਦੀ ਚੋਣ ਹਾਰ ਗਿਆ।
 ਇਸ ਸ਼ਾਨਾਮੱਤੇ ਘੋਲ ਦੇ ਨਤੀਜੇ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜੁਆਨ ਭਾਰਤ ਸਭਾ ਆਪਣੇ ਵੱਕਾਰ ਅਤੇ ਵਿਕਾਸ ਦੇ ਅਗਲੇ ਪੜਾਅ ਤੇ ਜਾ ਪੁੱਜੀਆਂ। ਰਾਜ ਸੱਤਾ ਖਿਲਾਫ ਭੇੜ ਦੇ ਅਖਾੜੇ ਚ ਲੋਕਾਂ ਦੇ ਆਤਮ-ਵਿਸ਼ਵਾਸ ਦੀ ਭਾਵਨਾ ਨੇ ਨਵੀਆਂ ਮੰਜ਼ਲਾਂ ਤਹਿ ਕੀਤੀਆਂ। ਟਰੇਡ ਯੂਨੀਅਨ ਲਹਿਰ ਨੇ ਇਨਕਲਾਬੀ ਜਮਹੂਰੀ ਚੇਤਨਾ ਦੇ ਖੇਤਰ ਚ ਨਵੀਆਂ ਪੁਲਾਂਘਾਂ ਪੁੱਟੀਆਂ। ਜਬਰ ਦੇ ਇਨਕਲਾਬੀ ਜਨਤਕ ਟਾਕਰੇ ਦੀਆਂ ਰਵਾਇਤਾਂ ਹੋਰ ਪ੍ਰਚੰਡ ਹੋਈਆਂ। ਪੇਂਡੂ ਖੇਤਰਾਂ ਅੰਦਰ ਅਕਾਲੀ ਸਰਕਾਰ ਦੀ ਪੜਤ ਅਤੇ ਪੈਰਾਂ ਦੀ ਮਿੱਟੀ ਨੂੰ ਖੋਰਾ ਲੱਗਿਆ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਹੋਇਆ ਇਹ ਪਹਿਲਾ ਸਿਆਸੀ ਕਤਲ ਸੀ, ਜਿਸ ਖਿਲਾਫ ਜਨਤਕ ਵਿਰੋਧ ਦੀ ਏਡੀ ਜ਼ੋਰਦਾਰ ਲਹਿਰ ਖੜ੍ਹੀ ਹੋਈ। ਇਸ ਗੱਲ ਦੇ ਬਾਵਜੂਦ ਕਿ ਇਹ ਕਤਲ ਰਾਜ ਸੱਤਾ ਵਜੋਂ ਟੇਢੇ ਅਤੇ ਸੂਖਮ ਢੰਗ ਨਾਲ ਕੀਤਾ ਗਿਆ ਸੀ।
 ਪਿਰਥੀ ਦੇ ਵਾਰਸਾਂ ਵਲੋਂ ਜਾਨਾਂ ਹੂਲਕੇ ਰਚਿਆ ਪਿਰਥੀ ਦੀ ਬੀਰ ਗਾਥਾ ਦਾ ਇਹ ਸਿਖਰਲਾ ਕਾਂਡ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਫਖਰਯੋਗ ਕਾਰਨਾਮਿਆਂ ਦਾ ਅਗਲਾ ਕਾਂਡ ਹੋ ਨਿੱਬੜਿਆ।


No comments:

Post a Comment