Thursday, June 10, 2021

ਕਿਸਾਨ ਸੰਘਰਸ਼ ਅੰਦਰ ਵਧ ਰਹੀ ਸਾਮਰਾਜ ਵਿਰੋਧੀ ਚੇਤਨਾ

 

ਕਿਸਾਨ ਸੰਘਰਸ਼ ਅੰਦਰ ਵਧ ਰਹੀ ਸਾਮਰਾਜ ਵਿਰੋਧੀ ਚੇਤਨਾ

 

                ਕਿਸਾਨ ਅੰਦੋਲਨ ਨੇ ਪਹਿਲੇ ਕਿਸੇ ਵੀ ਸਮੇਂ ਨਾਲੋਂ ਕਿਤੇ ਵੱਡੀ ਪੱਧਰ ਤੇ ਕਿਸਾਨਾਂ ਦੀ ਏਕਤਾ ਨੂੰ ਆਪਣੇ ਹੱਕਾਂ ਲਈ ਰਲ ਕੇ ਜਾਤਾਂ ਧਰਮਾਂ  ਦੀਆ ਇਲਾਕਿਆਂ ਦੀਆਂ ਹੱਦਬੰਦੀਆਂ ਤੋੜ ਕੇ ਸੰਘਰਸ਼ ਕਰਨ ਦੀ ਤਾਂਘ ਨੂੰ ਸਾਹਮਣੇ ਲਿਆਂਦਾ ਹੈ। ਇਹਦੇ ਨਾਲ ਨਾਲ ਕਿਸਾਨਾਂ ਦੀ ਚੇਤਨਾ ਚ ਹੋ ਰਹੇ ਵਾਧੇ ਨੂੰ ਸਾਹਮਣੇ ਲਿਆਂਦਾ ਹੈ। ਇਹ ਕਿਸਾਨ ਅੰਦੋਲਨ ਪਿਛਲੇ ਕਿਸੇ ਵੀ ਸਮੇਂ ਨਾਲੋਂ ਕਿਸਾਨ ਜਨਤਾ ਦੀ ਵਧੀ ਹੋਈ ਚੇਤਨਾ ਨੂੰ ਜ਼ਾਹਰ ਕਰਦਾ ਹੈ, ਔਰ ਏਸ ਵਧੀ ਹੋਈ ਚੇਤਨਾ ਨੂੰ ਹਰ ਕਿਸੇ ਨੂੰ ਮਾਨਤਾ ਦੇਣੀ ਪੈ ਰਹੀ ਹੈ, ਇਹਦੇ ਪ੍ਰਭਾਵ ਹੇਠ ਵਿਚਰਨਾ ਪੈ ਰਿਹਾ ਹੈ। ਇਸ ਕਰਕੇ ਰਵਾਇਤੀ ਲੀਡਰਸ਼ਿਪਾਂ  ਦੀ ਭਾਸ਼ਾ, ਬਿਆਨਾਂ ਅਤੇ ਉਨਾਂ ਦੇ ਰੁਖ ਤੇ ਕਿਸਾਨ ਜਨਤਾ ਦੀ ਵਧ ਰਹੀ ਚੇਤਨਾ ਦਾ ਅਸਰ ਦਿਖਾਈ ਦਿੰਦਾ  ਹੈ।

                 ਇੱਕ ਵੱਡਾ ਨਿਖੇੜਾ ਇਹ ਹੈ ਕਿ ਅੱਜ ਤੋਂ ਕੁਝ ਦਹਾਕੇ ਪਹਿਲਾਂ ਮਹੱਤਵਪੂਰਨ ਕਿਸਾਨ ਆਗੂ ਸੰਸਾਰ ਵਪਾਰ ਜਥੇਬੰਦੀ ਨੂੰ, ਇਹਦੀਆਂ ਸਿਫ਼ਾਰਸ਼ਾਂ ਨੂੰ, ਇੱਕ ਲਾਹੇਵੰਦੀ ਚੀਜ ਦੇ ਤੌਰ ਤੇ ਪੇਸ਼ ਕਰਦੇ ਸੀ। ਕਿਸਾਨਾਂ ਦੀ ਐਕਸਪੋਰਟ ਵਧੇਗੀ, ਆਮਦਨ ਵਧੇਗੀ, ਇਹ ਗੱਲ ਚੰਗੀ ਸਾਬਤ ਹੋਵੇਗੀ, ਪਰ ਅੱਜ ਤਜਰਬੇ ਨੇ ਗੱਲਾਂ ਨੂੰ ਬਹੁਤ ਜ਼ਿਆਦਾ ਸਾਫ ਕੀਤਾ ਹੈ, ਸ਼ਾਇਦ ਕੋਈ ਵੀ ਕਿਸਾਨ ਆਗੂ ਸਿੱਧੇ ਰੂਪ ਚ ਬਾਂਹ ਕੱਢ ਕੇ ਡਬਲਿਯੂ ਟੀ ਓ ਦੀਆਂ ਸਿਫ਼ਤਾਂ ਕਰਨ ਦੀ ਹਾਲਤ ਵਿੱਚ ਨਹੀਂ ਹੈ। ਵਿਆਪਕ ਆਲੋਚਨਾ ਹੋ ਰਹੀ ਹੈ, ਇਹ ਗੱਲ ਸਾਫ ਰੂਪ ਵਿੱਚ ਆ ਰਹੀ ਹੈ ਕਿ ਕਿਸਾਨਾਂ ਦੇ ਹਿੱਤਾਂ ਦਾ ਸਾਮਰਾਜ ਨਾਲ, ਇਨਾਂ ਜਥੇਬੰਦੀਆਂ ਨਾਲ, ਟਕਰਾਅ ਹੈ। ਅਡਾਨੀ ਤੇ ਅੰਬਾਨੀ ਕਿਸਾਨ ਸੰਘਰਸ਼ ਦੇ ਚੋਟ ਨਿਸ਼ਾਨੇ ਵਜੋਂ ਸਾਹਮਣੇ ਆਏ ਹੋਏ ਨੇ। ਅਡਾਨੀ ਅੰਬਾਨੀ ਖ਼ਿਲਾਫ਼ ਲੜਾਈ ਦਾ ਸਿੱਧਾ ਸਬੰਧ ਵਿਦੇਸ਼ੀ ਲੁੱਟ ਨਾਲ ਹੈ। ਅਡਾਨੀ ਅੰਬਾਨੀ ਦੇ ਮੁਨਾਫ਼ਿਆਂ ਦਾ ਇੱਕ ਮਹੱਤਵਪੂਰਨ ਹਿੱਸਾ ਉਨਾਂ ਵਿਦੇਸ਼ੀ ਕਾਰੋਬਾਰਾਂ ਕੋਲ ਜਾਂਦਾ ਹੈ ਜਿਹੜੇ ਇਨਾਂ ਦੀਆਂ ਕੰਪਨੀਆਂ ਨੂੰ ਫਾਈਨੈਂਸ ਕਰਦੇ ਨੇ ਇਸ ਤਰਾਂ ਇਹ ਲੜਾਈ ਵੀ ਇੱਕ ਤਰਾਂ ਨਾਲ ਵਿਦੇਸ਼ੀ ਸਾਮਰਾਜੀ ਲੁੱਟ ਖਿਲਾਫ ਲੜਾਈ ਹੈ। ਇਹ ਗੱਲਾਂ ਹੁਣ ਵੱਧ ਸਪੱਸ਼ਟ ਰੂਪ ਚ ਸਾਹਮਣੇ ਆ ਰਹੀਆਂ ਨੇ।

                ਪਿਛਲੇ ਦਿਨਾਂ ਚ ਦੋ ਤਰਾਂ ਦੀਆਂ ਗੱਲਾਂ ਚਲਦੀਆਂ ਰਹੀਆਂ। ਪੱਛਮੀ ਮੁਲਕਾਂ ਦੀਆਂ, ਅਮਰੀਕਾ ਦੀਆਂ, ਕੈਨੇਡਾ ਦੀਆਂ, ਇੰਗਲੈਂਡ ਦੀਆਂ, ਸਰਕਾਰਾਂ ਦਾ ਕਿਸਾਨ ਅੰਦੋਲਨ ਪ੍ਰਤੀ ਰੁਖ਼ ਕੀ ਹੈ। ਇਹ ਗੱਲ ਚਰਚਾ ਚ ਆਈ। ਇੱਕ ਉਮੀਦ ਇਹ ਕੀਤੀ ਗਈ ਕਿ ਇਹ ਹਕੂਮਤਾਂ ਹੁਣ ਤਾਂ ਭਾਰਤ ਸਰਕਾਰ ਤੇ ਦਬਾਅ ਪਾਉਣਗੀਆਂ, ਉਨਾਂ ਨੂੰ ਕਿਸਾਨ ਮੰਗਾਂ ਮੰਨਣ ਲਈ ਮਜਬੂਰ ਕਰਨਗੀਆਂ।

              ਵਿਦੇਸ਼ੀ ਸਰਕਾਰਾਂ ਦੇ ਕਿਸਾਨ ਅੰਦੋਲਨ ਪ੍ਰਤੀ ਰੁਖ਼ ਦੇ ਦੋ ਪਹਿਲੂ ਨੇ ਇੱਕ ਪਹਿਲੂ ਕਾਨੂੰਨਾਂ ਦੀ ਸਾਮਰਾਜੀ ਹਿੱਤਾਂ ਲਈ ਫ਼ਾਇਦੇ ਤੇ ਨੁਕਸਾਨ ਨਾਲ ਸਬੰਧਤ ਹੈ। ਇਹ ਗੱਲ ਸਪੱਸ਼ਟ ਰੂਪ ਚ ਸਾਹਮਣੇ ਆ ਚੁੱਕੀ ਹੈ ਕਿ ਵਿਦੇਸ਼ੀ ਸਾਮਰਾਜੀ ਸਰਕਾਰਾਂ ਤੇ ਸੰਸਾਰ ਸਾਮਰਾਜੀ ਸੰਸਥਾਵਾਂ ਇਨਾਂ ਕਾਨੂੰਨਾਂ ਨੂੰ ਲਾਹੇਵੰਦੇ ਸਮਝ ਰਹੀਆਂ ਨੇ, ਇਨਾਂ ਨੂੰ ਲਾਗੂ ਕਰਨ ਦੀ ਹਮਾਇਤ ਕਰਦੀਆਂ ਨੇ। ਇਹ ਗੱਲ ਇੰਗਲੈਂਡ ਦੇ ਵਿਦੇਸ਼ ਮੰਤਰੀ ਦੇ ਪਾਰਲੀਮੈਂਟ ਅੱਗੇ ਦਿੱਤੇ ਬਿਆਨ ਰਾਹੀਂ ਵੀ ਸਾਹਮਣੇ ਆਈ। ਉਹਨੇ ਕਿਹਾ ਕਿ ਮੈਂ ਭਾਰਤ ਸਰਕਾਰ ਨਾਲ ਇਸ ਵਾਸਤੇ ਗੱਲ ਕੀਤੀ ਕਿ ਉਹ ਭਾਰਤ ਦੇ ਕਿਸਾਨਾਂ ਦਾ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ, ਉਸ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ, ਪਰ ਨਾਲ ਹੀ ਉਹਨੇ ਇਹ ਗੱਲ ਕਹੀ ਕਿ ਉਦਾਰੀਕਰਨ ਦੀਆਂ ਨੀਤੀਆਂ ਮੁਤਾਬਕ ਏਹ ਕਾਨੂੰਨ  ਲਾਹੇਵੰਦੇ ਨੇ, ਇਹ ਕਾਨੂੰਨ ਰਹਿਣੇ ਚਾਹੀਦੇ ਨੇ। ਇਹ ਦੋਵੇਂ ਗੱਲਾਂ ਇੰਗਲੈਂਡ ਦੇ ਵਿਦੇਸ਼ ਮੰਤਰੀ ਨੇ ਇੱਕੋ ਸਮੇਂ ਕਹੀਆਂਪਹਿਲੀ ਗੱਲ ਉਹ ਆਪਣੇ ਹਿੱਤਾਂ ਕਰਕੇ ਕਹਿ ਰਿਹਾ ਹੈ। ਦੂਜੀ ਗੱਲ ਇਸ ਕਰਕੇ ਕਹਿ ਰਿਹਾ ਹੈ ਕਿਉਂਕਿ ਭਾਰਤ ਦੇ ਲੋਕਾਂ, ਲੋਕ ਨੇ ਜਿਹੜੇ, ਉਨਾਂ ਦਾ ਇੱਕ ਹਿੱਸਾ ਇੰਗਲੈਂਡ ਦਾ ਨਾਗਰਿਕ ਵੀ ਹੈ, ਉਨਾਂ ਦੀਆਂ ਵੋਟਾਂ ਵੀ ਨੇ, ਉਨਾਂ ਦੀ ਕਿਸਾਨ ਸੰਘਰਸ਼ ਨਾਲ ਹਮਦਰਦੀ ਦਾ ਦਬਾਅ ਵੀ ਹੈ। ਇਹੀ ਕਾਰਨ ਕੈਨੇਡਾ ਚ ਜਾਂ ਅਮਰੀਕਾ ਚ ਜਾਂ ਜਿੱਥੇ ਕਿਤੇ ਕੋਈ ਹਮਾਇਤ ਦੀ ਗੱਲ ਆਉਂਦੀ ਹੈ, ਜਾਂ ਕਿਸਾਨਾਂ ਦੇ ਰੋਸ ਦੇ ਹੱਕ ਬਾਰੇ ਕੋਈ ਸਰੋਕਾਰ ਦੀ ਗੱਲ ਆਉਂਦੀ ਹੈ, ਉਹ ਭਾਰਤ ਨਾਲ ਜੁੜੇ ਭਾਈਚਾਰੇ ਦੇ ਦਬਾਅ ਕਾਰਨ ਆਉਂਦੀ ਹੈ, ਪਰ ਜਿਥੋਂ ਤੱਕ ਦੂਸਰੀ ਗੱਲ ਹੈ ਇਨਾਂ ਕਾਨੂੰਨਾਂ ਦਾ ਜੋ ਤੱਤ ਹੈ, ਉਦਾਰੀਕਰਨ ਦੀਆਂ ਨੀਤੀਆਂ ਨਾਲ ਜੋੜ ਕੇ ਉਨਾਂ ਨੂੰ ਇਨਾਂ ਪ੍ਰਤੀ ਰੁਖ਼ ਅਪਨਾਉਣ ਦਾ ਸਵਾਲ ਹੈ, ਇਸ ਪੱਖੋਂ ਆਈਐਮਐਫ ਦੇ ਬਿਆਨ ਆਏ ਕਿ ਇਹ ਕਨੂੰਨ ਲਾਹੇਵੰਦੇ ਨੇ। ਉਹਦੇ ਖਿਲਾਫ ਅਰਥੀ ਸਾੜ ਮੁਜ਼ਾਹਰੇ ਹੋਏ ਨੇ ਪੰਜਾਬ ਚ ਖਾਸ ਕਰਕੇ ਮੁਜ਼ਾਹਰੇ ਹੋਏ ਨੇ, ਇਹੀ ਰੁੱਖ ਅਮਰੀਕਾ ਵਾਲਿਆਂ ਦਾ ਆਇਆ ਹੈ, ਇਹੀ ਰੁੱਖ ਕੈਨੇਡਾ ਵਾਲਿਆਂ ਦਾ ਆਇਆ ਹੈ। ਗੱਲ ਸਪੱਸ਼ਟ ਹੈ ਕਿ ਉਹ ਇਨਾਂ ਕਾਨੂੰਨਾਂ ਦੇ ਪੱਖ ਚ ਨੇ ਆਪਣੀ ਲੁੱਟ ਦੀ ਰਾਖੀ ਜਾਂ ਵਧਾਰਾ ਇਨਾਂ ਕਾਨੂੰਨਾਂ ਰਾਹੀਂ ਦੇਖਦੇ ਨੇ ਇਸੇ ਕਰਕੇ ਗੱਲਾਂ ਸਪੱਸ਼ਟ ਬਹੁਤ ਹੋ ਰਹੀਆਂ ਨੇ।

                ਇਸ ਵਧ ਰਹੀ ਚੇਤਨਾ ਦਾ ਝਲਕਾਰਾ ਪਿਛਲੇ ਦਿਨਾਂ ਵਿਚ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਦੇ ਬਿਆਨਾਂ ਰਾਹੀਂ ਮਿਲਿਆ ਹੈ। ਉਨਾਂ ਨੇ ਕਿਹਾ ਕਿ ਲੜਾਈ ਸਿਰਫ਼ ਮੋਦੀ ਨਾਲ ਹੀ ਨਹੀਂ, ਲੜਾਈ ਦੂਰ ਹੈ ।ਅਮਰੀਕਾ ਚ ਕੈਨੇਡਾ   ਉਨਾਂ ਸਰਕਾਰਾਂ ਵੱਲੋਂ ਵੀ ਜੋ ਰੁਖ਼ ਅਪਣਾਇਆ ਜਾ ਰਿਹਾ ਹੈ, ਇਹੀ ਹੈ ਕਿ ਕਾਨੂੰਨ ਤਾਂ ਲਾਗੂ ਹੋਣੇ ਹੀ ਚਾਹੀਦੇ ਨੇ। ਕਾਨੂੰਨ ਤਾਂ ਭਾਰਤ ਦੇ ਲੋਕਾਂ ਤੇ ਠੋਸੇ ਜਾਣੇ ਚਾਹੀਦੇ ਨੇ। ਲੜਾਈ ਛੋਟੀ ਨਹੀਂ ਲੜਾਈ ਬਹੁਤ  ਵੱਡੀ ਹੈ। ਇਹੋ ਜਿਹੇ ਬਿਆਨ ਜੇ ਉਨਾਂ ਜਥੇਬੰਦੀਆਂ ਵੱਲੋਂ ਆਏ ਹੁੰਦੇ ਜਿਹੜੀਆਂ ਬਹੁਤ ਪਹਿਲਾਂ ਤੋਂ ਹੀ ਸਾਮਰਾਜੀ ਲੁੱਟ ਖਸੁੱਟ ਦਾ ਵਿਰੋਧ ਕਰਦੀਆਂ ਰਹੀਆਂ ਨੇ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਹੋਣੀ,  ਪਰ ਜੇ ਡੱਲੇਵਾਲ ਵਰਗੇ ਆਗੂ ਇਹ ਕਹਿ ਰਹੇ ਨੇ ਕਿ ਡਬਲਿਯੂ ਟੀ ਓ ਤੋਂ ਉਰਾਂ ਇਹ ਲੜਾਈ ਨਹੀਂ ਹੈ, ਮੱਥਾ ਤਾਂ ਏਡੀ ਦੂਰ ਤੱਕ ਲੱਗਿਆ ਹੋਇਆ ਹੈ, ਇਹ ਗੱਲ ਨਿਸ਼ਚਿਤ ਤੌਰ ਤੇ ਵਿਖਾਉਂਦੀ ਹੈ ਕਿ ਕਿਸਾਨ ਜਨਤਾ ਦੇ ਸਾਮਰਾਜੀ ਮੁਲਕਾਂ ਬਾਰੇ, ਉਨਾਂ ਦੀਆਂ ਕੰਪਨੀਆਂ ਬਾਰੇ, ਆਪਣੀ ਲੜਾਈ ਦੇ ਨਿਸ਼ਾਨੇ ਬਾਰੇ, ਚੇਤਨਾ ਵਧ ਰਹੀ ਹੈ ਤੇ ਇਹ ਬੜਾ ਭਾਰਤ ਦੀ ਕਿਸਾਨ ਲਹਿਰ ਵਾਸਤੇ, ਪੰਜਾਬ ਦੀ ਕਿਸਾਨ ਲਹਿਰ ਵਾਸਤੇ ਸ਼ੁਭ ਸ਼ਗਨ ਹੈ।

No comments:

Post a Comment