Saturday, July 2, 2016

09) ..... ਜੇ. ਐਨ. ਯੂ. ਤੋਂ ਇੱਕ ਭਾਸ਼ਣ ਇਹ ਵੀ



ਰਾਸ਼ਟਰਵਾਦੀਹੱਲੇ ਖਿਲਾਫ਼ ਜਦੋਜਹਿਦ ਮੌਕੇ ਕਦੇ ਨਾ ਵਿਸਾਰਨ ਵਾਲੀ ਹਕੀਕਤ



‘‘ਪਾਰਲੀਮੈਂਟ ਚ ਕੋਈ ਖੱਬਾ, ਸੱਜਾ ਜਾਂ ਵਿਚਕਾਰਲਾ ਨਹੀਂ ਹੁੰਦਾ, ਸਭ ਕੌਮਵਾਦੀ ਹੁੰਦੇ ਹਨ’’

ਭਾਜਪਾ ਵੱਲੋਂ ਵਿੱਢੇ ਰਾਸ਼ਟਰਵਾਦੀਹੱਲੇ ਦਾ ਚੁਣਵਾਂ ਨਿਸ਼ਾਨਾ ਬਣੀ ਜੇ. ਐਨ. ਯੂ. ਨੂੰ ਮੁਲਕ ਭਰ ਚੋਂ ਲੋਕ ਪੱਖੀ ਤੇ ਜਮਹੂਰੀ ਤਾਕਤਾਂ ਦੀ ਡਟਵੀਂ ਹਮਾਇਤ ਮਿਲੀ ਹੈ। ਲੋਕਾਂ ਦੇ ਕੈਂਪ ਚ ਭਾਜਪਾ ਦੇ ਇਸ ਪੈਂਤੜੇ ਖਿਲਾਫ਼ ਸੰਘਰਸ਼ ਕਰਨ ਦੇ ਮਸਲੇ ਤੇ ਵਖਰੇਵੇਂ ਵੀ ਉੱਭਰੇ ਹੋਏ ਹਨ। ਇਸ ਪ੍ਰਸੰਗ ਚ ਮਨੀਪੁਰ ਸਟੂਡੈਂਟਸ ਐਸੋਸੀਏਸ਼ਨ ਦਿੱਲੀ (ਮਸਾਦ) ਦੇ ਆਗੂ ਵੱਲੋਂ ਜੇ. ਐਨ. ਯੂ. ਚ ਦਿੱਤੇ ਭਾਸ਼ਣ ਦੌਰਾਨ ਉਠਾਏ ਨੁਕਤੇ ਮਹੱਤਵਪੂਰਨ ਹਨ। ਇਨ੍ਹਾਂ ਦਾ ਮਹੱਤਵ ਸਿਰਫ਼ ਜੇ. ਐਨ. ਯੂ. ਦੇ ਜੂਝ ਰਹੇ ਵਿਦਿਆਰਥੀਆਂ ਲਈ ਹੀ ਨਹੀਂ ਸੀ, ਸਗੋਂ ਮੁਲਕ ਭਰ ਚ ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝ ਰਹੇ, ਲੋਕ ਪੱਖੀ ਜਮਹੂਰੀ ਹਲਕਿਆਂ ਲਈ ਵੀ ਹੈ। ਖਾਸ ਕਰਕੇ ਹਾਕਮ ਜਮਾਤੀ ਸਿਆਸੀ ਹਿੱਸਿਆਂ ਤੇ ਖਰੇ ਲੋਕ ਜਮਹੂਰੀ ਹਿੱਸਿਆਂ ਚ ਨਿੱਤਰਵਾਂ ਵਖਰੇਵਾਂ ਕਰਕੇ ਜਦੋਜਹਿਦ ਚਲਾਉਣ ਪੱਖੋਂ ਇਨ੍ਹਾਂ ਨੁਕਤਿਆਂ ਦਾ ਹੋਰ ਵੀ ਮਹੱਤਵ ਹੈ। ਰਾਸ਼ਟਰਵਾਦ ਦੇ ਮੁੱਦੇ ਤੇ ਹਾਕਮ ਜਮਾਤੀ ਕੈਂਪ ਨਾਲੋਂ ਭਾਰਤੀ ਰਾਜ ਤੇ ਜਮਹੂਰੀਅਤ ਦੇ ਅਸਲ ਖਾਸੇ ਬਾਰੇ ਐਨ ਟਕਰਾਵਾਂ ਪੈਂਤੜਾ ਉਭਾਰ ਕੇ ਹੀ ਮੁਲਕ ਦੇ ਸਭਨਾਂ ਦੱਬੇ ਕੁਚਲੇ ਲੋਕਾਂ ਤੇ ਦਬਾਈਆਂ ਕੌਮੀਅਤਾਂ ਦੀ ਵਿਸ਼ਾਲ ਏਕਤਾ ਰਾਹੀਂ ਜਦੋਜਹਿਦ ਚਲਾਈ ਜਾ ਸਕਦੀ ਹੈ। ਇਸ ਭਾਸ਼ਣ ਬਾਰੇ ‘‘ਰੈਵੋਲੂਸ਼ਨਰੀ ਡੈਮੋਕਰੇਸੀ’’ ’ਚ ਛਪੀ ਲਿਖਤ ਨੂੰ ਕੁਝ ਸੰਖੇਪ ਕਰ ਕੇ ਪੇਸ਼ ਕਰ ਰਹੇ ਹਾਂ। ਆ ਰਹੇ ਨਕਲੀ ਆਜ਼ਾਦੀ ਦੇ ਦਿਹਾੜੇ ਦੇ ਪ੍ਰਸੰਗ ਚ ਇਹ ਭਾਸ਼ਣ ਭਾਰਤੀ ਜਮਹੂਰੀਅਤ ਦੇ ਦੰਭ ਦੇ ਵੀ ਬਖੀਏ ਉਧੇੜਦਾ ਹੈ।       
- ਸੰਪਾਦਕ
9 ਮਾਰਚ ਨੂੰ ਜੇ. ਐਨ. ਯੂ. ਦੇ ਵਿਦਿਆਰਥੀਆਂ ਦੀ ਰਿਹਾਈ, ਉਹਨਾਂ ਤੇ ਮੜ੍ਹੇ ਦੇਸ਼ ਧਰੋਹ ਦੇ ਦੋਸ਼ਾਂ ਨੂੰ ਖਾਰਜ ਕਰਵਾਉਣ ਅਤੇ 8 ਵਿਦਿਆਰਥੀਆਂ ਦੀ ਮੁਅੱਤਲੀ ਨੂੰ ਰੱਦ ਕਰਵਾਉਣ ਲਈ ਰੱਖੀ ਗਈ ਇੱਕ ਰੋਸ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਮਨੀਪੁਰ ਵਿਦਿਆਰਥੀ ਐਸੋਸੀਏਸ਼ਨ ਦਿੱਲੀ (ਮਸਾਦ) ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਹੋਰਨਾਂ ਬੁੱਧੀਜੀਵੀਆਂ ਅਤੇ ਅਕਾਦਮਿਕ ਸਖਸ਼ੀਅਤਾਂ ਤੋਂ ਇਲਾਵਾ, ਸ਼ਹੀਦ ਭਗਤ ਸਿੰਘ ਦਾ ਪੋਤ ਭਤੀਜਾ ਅਤੇ ਮਸਾਦ ਦਾ ਸਲਾਹਕਾਰ ਸੀਰਮ ਰੋਜੇਸ਼ ਸ਼ਾਮਲ ਹੋਏ।
ਰੋਜੇਸ਼ ਜੋ ਦਿੱਲੀ ਸਕੂਲ ਆਫ਼ ਇਕਨਾਮਿਕਸ ਦਿੱਲੀ ਚ ਸੋਸ਼ੌਲੋਜੀ ਚ ਪੀ. ਐੱਚ. ਡੀ. ਕਰ ਰਿਹਾ ਹੈ, ਨੇ ਇਸ ਇਕੱਤਰਤਾ ਨੂੰ ਸੰਬੋਧਨ ਕੀਤਾ। ਉਸ ਨੇ ਕਈ ਸਵਾਲਾਂ ਨੂੰ ਛੋਹਿਆ। ਉਸ ਨੇ ਇਸ ਲੜਾਈ ਨਾਲ ਇਸ ਯੱਕਯਹਿਤੀ ਦਾ ਪ੍ਰਗਟਾਵਾ ਕਰਦਿਆਂ ਅਸਹਿਮਤੀ ਦੀ ਆਜ਼ਾਦੀ ਲਈ ਅਤੇ ਦਾਬੇ ਦੇ ਖਿਲਾਫ਼ ਲੜਾਈ ਨੂੰ ਸਲਾਮ ਕੀਤਾ।
ਆਪਣੇ ਭਾਸ਼ਣ ਚ ਉਸ ਨੇ ਦਰਸਾਇਆ ਕਿ ਇਸ ਸਾਰੇ ਘਟਨਾਕ੍ਰਮ ਬਾਰੇ, ਉਹਨਾਂ ਦੀ ਐਸੋਸੀਏਸ਼ਨ ਨੂੰ ਕਈ ਸ਼ੰਕੇ ਤੇ ਤੌਖ਼ਲੇ ਹਨ। ਉਸ ਨੇ ਕਿਹਾ ਕਿ ਜਦ ਭਾਰਤ ਦੀ ਸਰਕਾਰ ਨੇ ਜੇ. ਐਨ. ਯੂ. ਦੇ ਵਿਦਿਆਰਥੀਆਂ ਨੂੰ ਕੌਮ ਵਿਰੋਧੀ ਗਰਦਾਨਣ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ, ਜੇ. ਐਨ. ਯੂ ਦੇ ਵਿਦਿਆਰਥੀਆਂ ਦਾ ਭਾਰੀ ਹਿੱਸਾ ਕੌਮ/ਕੌਮੀਅਤ ਅਤੇ ਕੌਮਵਾਦ ਦੇ ਸੰਕਲਪ ਦੀ ਅਲੋਚਨਾ ਕਰਨ ਚ ਅਸਫ਼ਲ ਰਿਹਾ ਹੈ। ਇਸਦੀ ਬਜਾਏ ਵੱਖ ਵੱਖ ਰੋਸ ਪ੍ਰਗਟਾਵਿਆਂ ਦੌਰਾਨ ਤਿਰੰਗੇ ਨੂੰ ਲਹਿਰਾਉਣ ਰਾਹੀਂ ਵਿਦਿਆਰਥੀਆਂ ਅਤੇ ਹੋਰ ਹਮਾਇਤੀਆਂ ਵੱਲੋਂ ਲਗਾਤਾਰ ਆਪਣੇ ਆਪ ਨੂੰ ਕੌਮਵਾਦੀ ਸਾਬਤ ਕਰਨ ਦੀ ਕੋਸ਼ਿਸ਼ ਦਿਖਾਈ ਦਿੱਤੀ ਹੈ। ਲੱਗਦਾ ਸੀ ਕਿ ਅੱਜ ਵੀ ਇੱਥੇ ਤਿਰੰਗਾ ਲਹਿਰਾਇਆ ਜਾਵੇਗਾ। ਜਦ ਉਸ ਨੇ ਇਹ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਜੇ. ਐਨ. ਯੂ. ਦੇ ਪ੍ਰੋਫੈਸਰ ਆਪਣੇ ਆਪ ਨੂੰ ਕੌਮਵਾਦੀ ਸਾਬਤ ਕਰਨ ਲਈ ਕਾਨਫਰੰਸਾਂ ਚ ਤਿਰੰਗੇ ਲੈ ਕੇ ਬੈਠਿਆ ਕਰਨਗੇ, ਤਾਂ ਇਕੱਠ ਚ ਹਾਸਾ ਪੈ ਗਿਆ।
ਉਸਨੇ ਦਰਸਾਇਆ ਕਿ ਨਰਿੰਦਰ ਮੋਦੀ ਕਹਿੰਦਾ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਜੇ. ਐਨ. ਯੂ ਦੇ ਬੁੱਧੀਜੀਵੀ, ਵਿਦਿਆਰਥੀ ਤੇ ਹੋਰ ਸਾਰੇ ਵੀ ਇਹੋ ਕਹਿੰਦੇ ਹਨ। ਕਸ਼ਮੀਰ ਤੇ ਮਨੀਪੁਰ ਭਾਰਤ ਦੇ ਅਟੁੱਟ ਅੰਗ ਹਨ ਕਿ ਨਹੀਂ, ਇਹ ਫੈਸਲਾ ਲੋਕਾਂ ਤੇ ਨਿਰਭਰ ਕਰਦਾ ਹੈ। ਉਸਨੇ ਜ਼ੋਰ ਨਾਲ ਕਿਹਾ ਕਿ ਭਾਰਤ ਇੱਕ ਬਹੁਕੌਮੀ ਰਿਆਸਤ (ਸਟੇਟ) ਹੈ ਅਤੇ ਕੌਮਵਾਦ ਦੇ ਸੰਕਲਪ ਤੇ ਅਲੋਚਨਾਤਮਕ ਝਾਤ ਮਾਰੀ ਜਾਣੀ ਚਾਹੀਦੀ ਹੈ। 50 ਸਾਲ ਤੋਂ ਵੱਧ ਸਮਾਂ ‘‘ਅਫ਼ਸਪਾ’’ ਨੂੰ ਪ੍ਰਵਾਨਗੀ ਦੇਣ ਵਾਲੇ ਸੰਵਿਧਾਨ ਤੇ ਮੂਲੋਂ ਹੀ ਅੰਨ੍ਹਾ ਭਰੋਸਾ ਬੁੱਧੀਜੀਵੀਆਂ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਦਾ ਹੈ।
ਉਸ ਨੇ ਇਸ ਤੱਥ ਨੂੰ ਉਭਾਰਿਆ ਕਿ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਤੇ ਵਿਦਿਆਰਥੀ ਇੱਕ ਕੁਲੀਨ ਵਰਗ ਬਣਦੇ ਹਨ, ਦਿੱਲੀ ਯੂਨੀਵਰਸਿਟੀ ਅਤੇ ਜੇ. ਐਨ. ਯੂ. ਦੇ ਵਿਦਿਆਰਥੀ ਤੇ ਪ੍ਰੋਫੈਸਰ ਹੋਰ ਵੀ ਅਜਿਹੇ ਹਨ। ਇਸ ਲੜਾਈ ਨੂੰ ਜੇ. ਐਨ. ਯੂ. ਤੋਂ ਅਗਾਂਹ, ਯੂਨੀਵਰਸਿਟੀਆਂ ਤੋਂ ਅਗਾਂਹ, ਕਿਸਾਨਾਂ, ਗਰੀਬ ਲੋਕਾਂ ਅਤੇ ਸਹੂਲਤਾਂ ਤੋਂ ਸੱਖਣੇ ਦੱਬੇ ਕੁਚਲੇ ਲੋਕਾਂ ਚ ਲਿਜਾਇਆ ਜਾਵੇ।
ਉਸਨੇ ਜੇ. ਐਨ. ਯੂ. ਦੇ ਵਿਦਿਆਰਥੀ ਆਗੂਆਂ ਦੀ ਅਦਾਲਤੀ ਢਾਂਚੇ ਚ ਕਿੰਤੂ ਰਹਿਤ ਭਰੋਸੇ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਦਾਲਤੀ ਢਾਂਚੇ ਦੀ ਅਲੋਚਨਾ ਦੀ ਜ਼ਰੂਰਤ ਹੈ ਜੋ ਇੱਕ ਕੁਲੀਨ ਸੰਸਥਾ ਹੀ ਹੈ ਅਤੇ ਸਹੂਲਤਾਂ ਤੋਂ ਸੱਖਣੇ ਲੋਕਾਂ ਨੂੰ ਅਣਡਿੱਠ ਕਰਦੀ ਹੈ। ਹਜ਼ਾਰਾਂ ਕੈਦੀ ਕੇਸ ਲੜਨ ਦੀ (ਆਰਥਕ ਅਨੁ.) ਸਮਰੱਥਾ ਨਾ ਹੋਣ ਕਰਕੇ ਅਦਾਲਤੀ ਪ੍ਰਕਿਰਿਆ ਚ ਪੈਂਦੇ ਹੀ ਨਹੀਂ। ਉਸ ਨੇ ਇਸ ਹਕੀਕਤ ਨੂੰ ਉਭਾਰਿਆ ਕਿ ਬਸਤੀਵਾਦੀ ਰਾਜ ਵੇਲੇ ਦੀਆਂ ਰਾਜਕੀ ਸੰਸਥਾਵਾਂ ਜਿਵੇਂ ਪੁਲਸ-ਫੌਜ-ਅਫ਼ਸਰਸ਼ਾਹੀ ਦੇ ਢਾਂਚੇ ਚ ਕੋਈ ਵੀ ਤਬਦੀਲੀ ਨਹੀਂ ਹੋਈ। ਉਸਨੇ ਤੋੜਾ ਝਾੜਦੇ ਹੋਏ ਕਿਹਾ ਕਿ ਬਰਤਾਨੀਆ ਤੋਂ ਭਾਰਤੀ ਕੁਲੀਨ ਵਰਗ ਚ ਸੱਤ੍ਹਾ ਦੀ ਤਬਦੀਲੀ ਹੋਈ ਹੈ। ਭਾਰਤੀ ਰਾਜ ਬਰਤਾਨਵੀ ਰਾਜ ਦਾ ਫਲ ਹੈ। ਦੱਬੇ ਕੁਚਲੇ ਅਤੇ ਸਹੂਲਤ ਵਿਹੂਣੇ ਲੋਕਾਂ ਲਈ ਕੋਈ ਤਬਦੀਲੀ ਨਹੀਂ ਹੋਈ।
ਉਸਨੇ ਇਕੱਠ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਜੇ. ਐਨ. ਯੂ., ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਆਦਿ ਵਿੱਚ ਸੱਤ੍ਹਾ ਨੂੰ ਚੈਲੰਜ ਖੜ੍ਹੇ ਹੋਏ ਹਨ, ਸਾਨੂੰ ਮਨੀਪੁਰ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਜਿੱਥੇ ਯੂਨੀਵਰਸਿਟੀ ਦੇ ਐਨ ਵਿਚਕਾਰ ਅਤੇ ਲੜਕੀਆਂ ਦੇ ਹੋਸਟਲ ਦੇ ਬਿਲਕੁਲ ਨਾਲ ਫੌਜ ਦਾ ਕੈਂਪ ਸਥਾਪਤ ਕੀਤਾ ਹੋਇਆ ਹੈ। ਚੱਤੋ ਪਹਿਰ ਫੌਜੀ ਕਾਫ਼ਲਿਆਂ ਦੀ ਆਵਾਜਾਈ ਹੁੰਦੀ ਰਹਿੰਦੀ ਹੈ। ਸਿਰਫ਼ ਜਿਸਮਾਨੀ ਦਾਬੇ ਦੇ ਖਿਲਾਫ਼ ਹੀ ਨਹੀਂ, ਮਾਨਸਿਕ ਦਾਬੇ ਦੇ ਖਿਲਾਫ਼ ਵੀ ਸਾਨੂੰ ਲੜਾਈ ਦੇਣੀ ਚਾਹੀਦੀ ਹੈ। ਜਦ ਉਸਨੇ ਸੁਆਲ ਉਠਾਇਆ ਕਿ ਕੀ ਉਹ ਮਨੀਪੁਰ ਯੂਨੀਵਰਸਿਟੀ ਵਾਸਤੇ ਲੜਨ ਨੂੰ ਤਿਆਰ ਹਨ ਤਾਂ ਇਕੱਠ ਵਿੱਚੋਂ ਹਾਂ ਹਾਂ ਦੇ ਆਵਾਜ਼ੇ ਆਏ।
ਉਸਨੇ ਜੇ. ਐਨ. ਯੂ. ਦੇ ਮਾਮਲੇ ਨੂੰ ਵੋਟ ਸਿਆਸਤ ਨਾਲ ਜੋੜਨ ਦੀ ਨਿਖੇਧੀ ਕੀਤੀ। ਜੇ. ਐਨ. ਯੂ ਦੇ ਬਹੁਤ ਸਾਰੇ ਸਾਬਕਾ ਵਿਦਿਆਰਥੀ ਆਪਣੇ ਬਾਰੇ ‘‘ਖੱਬੇ’’ ਹੋਣ ਦਾ ਦਾਅਵਾ ਕਰਦੇ ਹਨ, ਪਰ ਜਦ ਉਹ ਸਿਆਸਤ ਚ ਜਾ ਵੜਦੇ ਹਨ, ਤਾਂ ਗੱਲ ਹੋਰ ਬਣ ਜਾਂਦੀ ਹੈ। ਪਾਰਲੀਮੈਂਟ ਚ ਕੋਈ ਖੱਬਾ, ਸੱਜਾ ਜਾਂ ਵਿਚਕਾਰਲਾ ਨਹੀਂ ਹੁੰਦਾ, ਸਭ ਕੌਮਵਾਦੀ ਹੁੰਦੇ ਹਨ।
ਉਸਨੇ ਦੁਹਾਈ ਦੇ ਕੇ ਕਿਹਾ ਕਿ ਭਾਰਤ ਵਿੱਚ ਗੜਬੜ ਗ੍ਰਸਤ ‘‘ਉੱਤਰ-ਪੂਰਬ’’ ਦੇ ਇਤਿਹਾਸ ਤੇ ਸਿਆਸਤ ਦੀ ਗੱਲ ਕਰਨ ਲਈ ਤਿਆਰ 10 ਬੁੱਧੀਜੀਵੀ ਵੀ ਨਹੀਂ ਮਿਲਦੇ। ਸਭ ਬੁੱਧੀਜੀਵੀ ‘‘ਖੱਬੇ’’ ਹੋਣ ਜਾਂ ‘‘ਸੱਜੇ’’, ਇਤਿਹਾਸਕਾਰ ਹੋਣ ਜਾਂ ਸਮਾਜਕ ਵਿਗਿਆਨੀ, ਇਸ ਮਸਲੇ ਤੋਂ ਇਹ ਆਖ ਕੇ ਭੱਜਦੇ ਹਨ ਕਿ ਉਹ ‘‘ਉੱਤਰ-ਪੂਰਬ’’ ਦੇ ਮਾਹਰ ਨਹੀਂ ਹਨ; ਇਹ ਵਿਸ਼ਾ ਫੌਜ ਦੇ ਵਿਚਾਰਨ ਵਾਲਾ ਹੈ। ਉਸਨੇ ਤੋੜਾ ਝਾੜਿਆ ਕਿ ਭਾਰਤ ਤੇ ਮਨੀਪੁਰ ਦਾ ਮਿਲਾਪ ਜਬਰੀ ਕੀਤਾ ਮਿਲਾਪ ਹੈ। ਕੋਈ ਸਮਾਜਿਕ ਸੰਧੀ ਨਹੀਂ ਹੈ।
ਉਸਨੇ ਅਸਹਿਮਤੀ ਦੀ ਆਜ਼ਾਦੀ ਅਤੇ ਦਾਬੇ ਖਿਲਾਫ਼ ਲੜਾਈ ਨੂੰ ਪੂਰਨ ਹਮਾਇਤ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ ਕਿ ਇਹ ਲੜਾਈ ਸਾਰੀਆਂ ਯੂਨੀਵਰਸਿਟੀਆਂ ਤੱਕ ਵਧਾਈ ਜਾਣੀ ਚਾਹੀਦੀ ਹੈ ਤੇ ਇਨ੍ਹਾਂ ਦੀਆਂ ਦੀਵਾਰਾਂ ਤੋਂ ਪਾਰ ਲੈ ਜਾਣੀ ਚਾਹੀਦੀ ਹੈ। ਜੇ. ਐਨ. ਯੂ. ਦੇ ਇਕੱਠ ਵੱਲੋਂ ਜ਼ੋਰਦਾਰ ਤਾੜੀਆਂ ਦੀ ਵਾਹ ਵਾਹ ਅਤੇ ਯੱਕਯਹਿਤੀ ਦੀਆਂ ਗੂੰਜਵੀਆਂ ਆਵਾਜ਼ਾਂ ਹੇਠ ਕਾਮਰੇਡ ਰੋਜੇਸ਼ ਨੇ ਸਭਨਾਂ ਨੂੰ ਸਲਾਮ ਕੀਤਾ।

No comments:

Post a Comment