Thursday, March 24, 2011

Surkh Rekha March-April 2011 (2)

Surkh Rekha March-April 2011

ਅੰਦਰ ਦੀ ਝਾਤ
—ਅਰਬ ਜਗਤ : ਲੋਕ-ਉਭਾਰ ਦੀਆਂ ਉਤਸ਼ਾਹੀ ਤਰੰਗਾਂ, 'ਕਰ ਹੀ ਕੀ ਸਕਦੇ ਹਾਂ''! ਅਮਰੀਕੀ ਸਾਮਰਾਜੀ ਹਲਕਿਆਂ ਦੀ ਨਿਰਾਸ਼ਾ, ਮਿਸਰ : ''ਆਸ ਦੀ ਨਵੀਂ ਸਵੇਰ'' ਦਾ ਨਜ਼ਾਰਾ, ''ਥਾਂ ਥਾਂ 'ਤੇ ਸੰਗਰਾਮ ਨੇ ਛਿੜ ਪਏ'', ਟਿਊਨੀਸ਼ੀਆ : ਲੋਕ-ਉਭਾਰ ਦੀ ਪਹਿਲੀ ਚੰਗਿਆੜੀ, ਬੇਨ ਅਲੀ ਅਤੇ ਪੱਛਮੀ ਸਾਮਰਾਜੀਏ, ਲਿਬੀਆ : ਸਿਰ ਮੰਡਲਾਉਂਦਾ ਖ਼ਤਰਾ—ਕਵਿਤਾਵਾਂ
—ਸ਼ਹੀਦ ਭਗਤ ਸਿੰਘ, ਲੈਨਿਨ ਅਤੇ ਨੌਜਵਾਨ
—4 ਮਈ ਲਹਿਰ ਅਤੇ ਨੌਜਵਾਨ
—ਵਿਦਿਆਰਥੀ-ਨੌਜਵਾਨਾਂ ਦਾ ਰੋਲ-ਸੰਗਰਾਮੀ ਇਤਿਹਾਸ ਦਾ ਇੱਕ ਪੰਨਾ
—8 ਮਾਰਚ ਦਾ ਸੰਦੇਸ਼
—ਪੈਰਿਸ ਕਮਿਊਨ 'ਚ ਪ੍ਰੋਲੇਤਾਰੀ ਔਰਤਾਂ ਦੀ ਭੂਮਿਕਾ
—ਮੌਜੂਦਾ ਕੇਂਦਰੀ ਬਜਟ :
ਲੋਕ-ਦੁਸ਼ਮਣ ਨੀਤੀਆਂ ਅਤੇ ਛਲਾਵੇ ਦਾ ''ਸਮਤੋਲ'', ਨਿੱਜੀਕਰਨ ਦਾ ਬਜਟ ਕੁਹਾੜਾ ਰਾਹਤ ਐਲਾਨਾਂ ਦਾ ਨਕਲੀ ਗੁਬਾਰਾ, ਬਜਟ ਦੇ ਹਾਥੀ ਦੰਦ.....ਜਨਤਕ ਵੰਡ ਪ੍ਰਣਾਲੀ 'ਤੇ ਹਮਲਾ, ਬਜਟ ਦੀ ਦਿਸ਼ਾ ਅਤੇ ਗਰੀਬਾਂ ਦੀ ਸ਼ਨਾਖਤ ਦਾ ਪੈਮਾਨਾ, ਬਜਟ ਬਨਾਮ ਖਾਦ ਸਬਸਿਡੀ : ਕਿਸਾਨਾਂ ਨੂੰ ਲੁਕਵਾਂ ਰਗੜਾ, ਪੈਟਰੋਲੀਅਮ ਪਦਾਰਥਾਂ ਦੀ ਮਹਿੰਗਾਈ ਅਤੇ ਕੇਂਦਰੀ ਬਜਟ—ਸ਼ਹੀਦ ਇਨਕਲਾਬੀ ਸੰਗਰਾਮੀਏਂ ਦੇ ਮਨ ਦਾ ਸ਼ੀਸ਼ਾ
—ਪਿੰਡ ਨਿਉਰ ਦਾ ਸੰਕੇਤ : ਦਿਲਾਂ 'ਚ ਭਰਦਾ ਬਾਰੂਦ
—ਤਖਤੂਪੁਰਾ ਸ਼ਰਧਾਂਜਲੀ ਸਮਾਗਮ
—ਰਿਪੋਰਟਾਂ ਜਨਤਕ ਰੋਸ : ਕਾਲੇ ਕਾਨੂੰਨ ਬਿਲਾਂ ਨੂੰ ਪਲੀਤਾ, ਮੰਤਰੀਆਂ ਦੇ ਦਰਾਂ 'ਤੇ ਮੁਫਤ ਬਿਜਲੀ ਸੰਘਰਸ਼ ਦੀ ਗੂੰਜ, ਨਰੇਗਾ ਸੰਘਰਸ਼ ਨੇ ਇੱਕ ਕਰੋੜ ਵੰਡਾਇਆ, ਚੰਨੋ-ਪੈਪਸੀਕੋ ਦੇ ਠੇਕਾ ਮਜ਼ਦੂਰਾਂ ਦਾ ਘੋਲ ਜੇਤੂ


ਸ਼ਹੀਦ ਭਗਤ ਸਿੰਘ, ਲੈਨਿਨ ਅਤੇ ਨੌਜਵਾਨ


''ਨੌਜਵਾਨੋ ਜਾਗੋ! ਉੱਠੋ!! ਸਾਨੂੰ ਸੁੱਤਿਆਂ ਜੁੱਗ ਬੀਤ ਚੁੱਕੇ ਹਨ।''
ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਇਹ ਹੋਕਾ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਬੁੱਲ੍ਹਾਂ 'ਤੇ ਗੂੰਜਿਆ ਸੀ। ਇਹ ਭਾਰਤ ਅੰਦਰ ਵੇਗ ਫੜ ਰਹੀ ਸਾਮਰਾਜ-ਵਿਰੋਧੀ ਇਨਕਲਾਬੀ ਚੇਤਨਾ ਦਾ ਹੋਕਾ ਸੀ। ਉਦੋਂ ਰੂਸ ਅੰਦਰ ਮਜ਼ਦੂਰ ਇਨਕਲਾਬ ਹੋ ਚੁੱਕਿਆ ਸੀ ਅਤੇ ਸੋਵੀਅਤ ਯੂਨੀਅਨ ਹੋਂਦ ਵਿੱਚ ਆ ਚੁੱਕਿਆ ਸੀ। ਇਸ ਇਨਕਲਾਬ ਦੀਆਂ ਤਰੰਗਾਂ ਸਾਰੀ ਦੁਨੀਆਂ ਨੂੰ ਝੰਜੋੜ ਰਹੀਆਂ ਸਨ। ਲੈਨਿਨ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਅਤੇ ਦੱਬੇ ਕੁਚਲੇ ਲੋਕਾਂ ਦਾ ਆਗੂ ਬਣ ਕੇ ਉੱਭਰ ਆਇਆ ਸੀ। ਜਦੋਂ ਸ਼ਹੀਦ ਭਗਤ ਸਿੰਘ ਅਤੇ ਸਾਥੀ ਮੁਲਕ ਦੇ ਨੌਜਵਾਨਾਂ ਨੂੰ ਝੰਜੋੜ ਕੇ ਜਗਾਉਣ ਦੇ ਰਾਹ ਪਏ ਹੋਏ ਸਨ, ਲੈਨਿਨ ਦੀ ਨਿਗਾਹ ਏਸ਼ੀਆ ਦੇ ਮੁਲਕਾਂ 'ਤੇ ਟਿਕੀ ਹੋਈ ਸੀ। ਉਸਨੇ ਸਾਮਰਾਜੀ ਗਲਬੇ ਅਤੇ ਗੁਲਾਮੀ ਦੇ ਜੂਲੇ ਹੇਠਲੇ ਇਹਨਾਂ ਪਛੜੇ ਮੁਲਕਾਂ ਵਿੱਚ ਉੱਠ ਰਹੇ ਇਨਕਲਾਬੀ ਉਭਾਰਾਂ ਦਾ ਪੁਰਜ਼ੋਰ ਸਵਾਗਤ ਕੀਤਾ ਅਤੇ ''ਏਸ਼ੀਆ ਦੀ ਜਾਗਰਤੀ'' ਬਾਰੇ ਵਿਸ਼ੇਸ਼ ਟਿੱਪਣੀ ਕੀਤੀ। ਉਸਨੇ ਕਿਹਾ ਕਿ ਇਹ ਇਨਕਲਾਬੀ ਉਭਾਰ ਦੁਨੀਆਂ ਭਰ ਦੇ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਦੀ ਲੜਾਈ ਵਿੱਚ ਅਹਿਮ ਰੋਲ ਅਦਾ ਕਰਨਗੇ। ਦੁਨੀਆਂ ਭਰ 'ਚੋਂ ''ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ'' ਲਈ ਮਹਾਨ ਸੰਗਰਾਮ ਦਾ ਹਿੱਸਾ ਬਣਨਗੇ। ਸੰਸਾਰ ਇਨਕਲਾਬੀ ਲਹਿਰ ਅੰਦਰ ਸਾਮਰਾਜ ਵਿਰੁੱਧ ਜੂਝ ਰਹੀ ਪਛੜੇ ਮੁਲਕਾਂ ਦੀ ਜਨਤਾ ਕੀ ਰੋਲ ਅਦਾ ਕਰੇਗੀ, ਇਸ ਨੂੰ ਦਰਸਾਉਣ ਲਈ ਉਸਨੇ ਆਪਣੀ ਇੱਕ ਲਿਖਤ ਨੂੰ ਸਿਰਲੇਖ ਦਿੱਤਾ: ''ਪਛੜਿਆ ਯੂਰਪ ਅਤੇ ਵਿਕਸਤ ਏਸ਼ੀਆ।'' ਉਸਨੇ ਜ਼ੋਰ ਦਿੱਤਾ ਕਿ ਦੁਨੀਆਂ ਭਰ ਦੇ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਦੀ ਸਾਂਝੀ ਲੜਾਈ ਦੀ ਇੱਕ ਧਾਰਾ ਵਿਕਸਤ ਸਰਮਾਏਦਾਰ ਮੁਲਕਾਂ ਵਿੱਚ ਵਗ ਰਹੀ ਹੈ ਅਤੇ ਦੂਸਰੀ ਧਾਰਾ ਸਾਮਰਾਜੀ ਜੂਲੇ ਹੇਠਲੇ ਪਛੜੇ ਮੁਲਕਾਂ ਵਿੱਚ ਵਗ ਰਹੀ ਹੈ। ਸੰਸਾਰ ਦੇ ਲੋਕਾਂ ਦੀ ਮੁਕਤੀ ਇਹਨਾਂ ਦੋਹਾਂ ਧਾਰਾਵਾਂ ਦੇ ਸੰਗਮ ਰਾਹੀਂ ਹੋਣੀ ਹੈ। ਭਾਰਤ ਇਨਕਲਾਬੀ ਤਰਥੱਲੀਆਂ ਦੀਆਂ ਉਹਨਾਂ ਧਰਤੀਆਂ 'ਚੋਂ ਇੱਕ ਸੀ, ਜਿਹੜੀਆਂ ਲੈਨਿਨ ਵੱਲੋਂ ਧੜਕਦੀ ਆਸ ਅਤੇ ਵਿਸ਼ਵਾਸ਼ ਨਾਲ ਤੱਕੀਆਂ ਜਾ ਰਹੀਆਂ ਸਨ।
ਸ਼ਹੀਦ ਭਗਤ ਸਿੰਘ ਲੈਨਿਨ ਦੀਆਂ ਆਸਾਂ ਨੂੰ ਭਾਰਤ ਦੀ ਜੁਆਨੀ ਦਾ ਹੁੰਗਾਰਾ ਬਣ ਕੇ ਉੱਭਰਿਆ। ਉਸਨੇ ਭਾਰਤ ਦੇ ਲੋਕਾਂ ਦੀ ਆਜ਼ਾਦੀ ਦੀ ਲੜਾਈ ਨੂੰ ਸਾਰੇ ਸੰਸਾਰ ਵਿੱਚੋਂ ''ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ'' ਦੀ ਲੜਾਈ ਨਾਲ ਜੋੜ ਕੇ ਦੇਖਿਆ। ਫਾਂਸੀ ਤੋਂ ਪਹਿਲਾਂ, ਜੇਲ੍ਹ ਦੇ ਦਿਨੀਂ, ਅਦਾਲਤ ਦੇ ਕਟਹਿਰੇ 'ਚੋਂ, ਉਹਨਾਂ ਨੇ ਮਈ ਦਿਹਾੜੇ 'ਤੇ ਕਮਿਊਨਿਸਟ ਕੌਮਾਂਤਰੀ ਨੂੰ ਤਾਰ ਭੇਜੀ ਅਤੇ ਸੰਸਾਰ ਇਨਕਲਾਬ ਦੇ ਨਿਸ਼ਾਨੇ ਨਾਲ ਆਪਣੇ ਰਿਸ਼ਤੇ ਦਾ ਸੰਕੇਤ ਦਿੱਤਾ।
ਆਪਣੀ ਇਨਕਲਾਬੀ ਸੂਝ ਦੀ ਬਦੌਲਤ ਸ਼ਹੀਦ ਭਗਤ ਸਿੰਘ ਅਤੇ ਸਾਥੀ ਕੌਮੀ ਆਜ਼ਾਦੀ ਦੀ ਲਹਿਰ ਅੱਗੇ ਸਪਸ਼ਟ ਨਿਸ਼ਾਨਾ ਪੇਸ਼ ਕਰਨ ਵਿੱਚ ਸਫਲ ਹੋਏ। ਉਹਨਾਂ ਨੇ ਸਾਮਰਾਜ-ਵਿਰੋਧੀ ਲਹਿਰ ਅੰਦਰ ਵੱਖ ਵੱਖ ਜਮਾਤਾਂ ਅਤੇ ਉਹਨਾਂ ਦੇ ਨੁਮਾਇੰਦਿਆਂ ਦੇ ਰੋਲ ਦੀ ਸਹੀ ਪਛਾਣ ਕੀਤੀ। ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਮੁਕਤੀ ਸਿਰਫ ਵਿਦੇਸ਼ੀ ਸਾਮਰਾਜੀਆਂ ਤੋਂ ਹੀ ਹਾਸਲ ਨਹੀਂ ਕਰਨੀ, ਭਾਰਤ ਦੇ ਮੁੱਠੀ-ਭਰ ਵੱਡੇ ਲੁਟੇਰਿਆਂ ਤੋਂ ਵੀ ਹਾਸਲ ਕਰਨੀ ਹੈ। ਸਿਰਫ ਹਕੂਮਤ ਹੀ ਨਹੀਂ ਬਦਲਣੀ ਪੂਰੇ ਦੇ ਪੂਰੇ ਰਾਜ-ਪ੍ਰਬੰਧ ਨੂੰ ਮੁੱਢੋਂ-ਸੁੱਢੋਂ ਬਦਲਣਾ ਹੈ। ਅੰਗਰੇਜ਼ਾਂ ਦੇ ਕਾਨੂੰਨ ਪ੍ਰਬੰਧ, ਰਾਜ ਮਸ਼ੀਨਰੀ ਅਤੇ ਅਫਸਰਸ਼ਾਹ ਢਾਂਚੇ ਨੂੰ ਫਨਾਹ ਕਰਨਾ ਹੈ। ''ਲੋਕਾਂ ਵੱਲੋਂ, ਲੋਕਾਂ ਲਈ ਰਾਜਨੀਤਕ ਤਾਕਤ 'ਤੇ ਕਬਜ਼ਾ ਕਰਨਾ ਹੈ। ਲੁਟੇਰੇ ਬਦੇਸ਼ੀ ਹੋਣ ਚਾਹੇ ਭਾਰਤੀ, ਚਾਹੇ ਦੋਵੇਂ, ਉਹ ਚਾਹੇ ਲੋਕਾਂ ਨੂੰ ਦਬਾਉਣ ਲਈ ਅੰਗਰੇਜ਼ਾਂ ਦੀ ਨੌਕਰਸ਼ਾਹ ਮਸ਼ੀਨ ਵਰਤਣ ਜਾਂ ਸਾਂਝੀ ਮਸ਼ੀਨ ਵਰਤਣ, ਸਾਡੀ ਜੰਗ ਜਾਰੀ ਰਹੇਗੀ।''
ਉਹਨਾਂ ਗਾਂਧੀਵਾਦੀ ਲੀਡਰਸ਼ਿੱਪ ਦੀ ਖਸਲਤ ਨੂੰ ਪਛਾਣਿਆ ਅਤੇ ਸਿੱਟਾ ਕੱਢਿਆ ਕਿ ਉਹ ਲੋਕਾਂ ਦੀ ਨਹੀਂ, ਭਾਰਤ ਦੇ ਪੂੰਜੀਪਤੀਆਂ ਦੀ ਨੁਮਾਇੰਦਗੀ ਕਰਦੇ ਹਨ। ਇਹ ਪੂੰਜੀਪਤੀ ਇਨਕਲਾਬ ਜਾਂ ਆਜ਼ਾਦੀ ਨਹੀਂ ਚਾਹੁੰਦੇ, ਕੁਝ ਰਿਆਇਤਾਂ ਅਤੇ ਹਿੱਸਾਪੱਤੀ ਚਾਹੁੰਦੇ ਹਨ। ਇਹ ਮਜ਼ਦੂਰਾਂ ਅਤੇ ਕਿਸਾਨਾਂ ਦੀ ਜਾਗਰਤੀ ਤੋਂ ਡਰਦੇ ਹਨ। ਜਦੋਂ ਮਜ਼ਦੂਰ ਕਿਸਾਨ ਬਗਾਵਤ ਦੇ ਰਾਹ 'ਤੇ ਅੱਗੇ ਵਧਦੇ ਹਨ ਤਾਂ ਇਹ ਘਬਰਾ ਉੱਠਦੇ ਹਨ ਅਤੇ ਅੰਦੋਲਨ ਵਾਪਸ ਲੈ ਲੈਂਦੇ ਹਨ। ਇਹਨਾਂ ਨੂੰ ਡਰ ਹੈ, ਅੰਗਰੇਜ਼ ਸਾਮਰਾਜੀਆਂ ਦੇ ਨਾਲ ਨਾਲ ਕਿਤੇ ਸਾਡੀ ਵੀ ਸਫ ਨਾ ਵਲ੍ਹੇਟੀ ਜਾਵੇ।
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਇਹ ਸਹੀ ਵਿਚਾਰ ਪੇਸ਼ ਕੀਤਾ ਕਿ ਇਨਕਲਾਬ ਦੀ ਅਸਲੀ ਸ਼ਕਤੀ ਬਾਗੀ ਜਨਤਾ ਹੈ। ਮਜ਼ਦੂਰ ਕਿਸਾਨ ਹਨ, ਜਿਹੜੇ ਭਾਰਤ ਦੀ 95 ਫੀਸਦੀ ਵਸੋਂ ਹਨ। ਇਹ ਹੀ ਅਸਲ ਵਿੱਚ ਭਾਰਤੀ ਕੌਮ ਹਨ। ਕਾਂਗਰਸ ਦੇ ਲਾਊਡ ਸਪੀਕਰ ਕੌਮ ਨਹੀਂ ਹਨ। ਸ਼ਹੀਦ ਭਗਤ ਸਿੰਘ ਨੇ ਕਿਹਾ, ''ਇਨਕਲਾਬ ਭਾਵੇਂ ਕੌਮੀ ਹੋਵੇ ਤੇ ਭਾਵੇਂ ਸਮਾਜਵਾਦੀ, ਜਿਹਨਾਂ ਸ਼ਕਤੀਆਂ 'ਤੇ ਅਸੀਂ ਨਿਰਭਰ ਕਰ ਸਕਦੇ ਹਾਂ, ਉਹ ਹਨ- ਕਿਸਾਨ ਅਤੇ ਮਜ਼ਦੂਰ।'' ਸ਼ਹੀਦ ਭਗਤ ਸਿੰਘ ਨੇ ਜ਼ੋਰ ਦਿੱਤਾ ਕਿ ਸਾਮਰਾਜੀ ਗਲਬੇ ਦੇ ਖਾਤਮੇ ਨਾਲ ਜਾਗੀਰਦਾਰੀ ਦੇ ਜੂਲੇ ਤੋਂ ਮੁਕਤੀ ਵੀ ਸਾਡਾ ਮਕਸਦ ਹੈ। ਉਸਨੇ ਸਪਸ਼ਟ ਕੀਤਾ ਕਿ ਗਾਂਧੀ ਜਾਗੀਰਦਾਰੀ ਦੇ ਖਤਾਮੇ ਤੋਂ ਅਤੇ ਕਿਸਾਨਾਂ ਦੇ ਰੋਹ ਤੋਂ ਘਬਰਾਉਂਦਾ ਹੈ। ਉਸਨੇ ਬਾਰਦੌਲੀ ਦਾ ਸੱਤਿਆ ਗ੍ਰਹਿ ਕਿਸਾਨਾਂ ਦੇ ਖਾੜਕੂ ਸੰਘਰਸ਼ ਤੋਂ ਘਬਰਾ ਕੇ ਵਾਪਸ ਲਿਆ, ਕਿਉਂਕਿ ਉਸ ਨੂੰ ਡਰ ਸੀ ਕਿ ਕਿਸਾਨ ਤਾਂ ਜਿੰਮੀਦਾਰਾਂ ਦਾ ਜੂਲਾ ਵੀ ਚੁੱਕ ਦੇਣਗੇ।
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਇਨਕਲਾਬ ਦੇ ਸੰਗਰਾਮ ਅੰਦਰ ਨੌਜਵਾਨਾਂ ਦੇ ਅਹਿਮ ਰੋਲ 'ਤੇ ਜ਼ੋਰ ਦਿੱਤਾ। ਉਸਨੇ ਕਿਹਾ ਕਿ ਇਨਕਲਾਬੀ ਨੌਜਵਾਨਾਂ ਵਿੱਚ ਮਜ਼ਦੂਰਾਂ ਕਿਸਾਨਾਂ ਨੂੰ ਝੰਜੋੜ ਕੇ ਜਗਾਉਣ ਦੀ ਸਮਰੱਥਾ ਹੈ, ਜਿਹੜੇ ਇਨਕਲਾਬ ਦੀ ਅਸਲ ਤਾਕਤ ਹਨ। ਉਸਨੇ ਨੌਜਵਾਨਾਂ ਨੂੰ ਮਜ਼ਦੂਰਾਂ ਕਿਸਾਨਾਂ ਨਾਲ ਇੱਕਮਿੱਕ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਆਪਣੀਆਂ ਜਿੰਦਗੀਆਂ ਪਿੰਡਾਂ, ਝੁੱਗੀਆਂ ਅਤੇ ਫੈਕਟਰੀਆਂ 'ਚ ਗੁਜ਼ਾਰਨ ਦਾ ਰਾਹ ਵਿਖਾਇਆ। ਉਸਨੇ ਨੌਜਵਾਨਾਂ ਤੋਂ ਨਿੱਜਵਾਦ ਨੂੰ ਲਾਂਭੇ ਰੱਖਦਿਆਂ ਆਰਾਮ ਦੀਆਂ ਖਾਹਸ਼ਾਂ ਤਿਆਗ ਦੇਣ, ਖਿੜੇ ਮੱਥੇ ਮੁਸ਼ਕਲਾਂ ਝੱਲਣ ਅਤੇ ਹਰ ਕੁਰਬਾਨੀ ਲਈ ਤਿਆਰ ਹੋਣ ਦੀ ਮੰਗ ਕੀਤੀ। ਉਸਨੇ ਇਹ ਵੀ ਕਿਹਾ, ਇਨਕਲਾਬ ਦਿਨਾਂ ਦੀ ਖੇਡ ਨਹੀਂ ਹੈ, ਸਬਰ ਭਰੀ ਲੰਮੀ ਘਾਲਣਾ ਦੀ ਮੰਗ ਕਰਦਾ ਹੈ। ਇਸ ਰਸਤੇ 'ਤੇ ਚੱਲਦਿਆਂ ਉਤਰਾਅ-ਚੜ੍ਹਾਅ ਆਉਂਦੇ ਹਨ ਅਤੇ ਸਿਦਕ ਅਤੇ ਨਿਹਚਾ ਦੀ ਪਰਖ ਹੁੰਦੀ ਹੈ। ਨੌਜਵਾਨਾਂ ਨੇ ਸ਼ੁਹਰਤ ਦੀ ਭਾਵਨਾ ਨਾਲ ਨਹੀਂ, ਨਿੱਜੀ ਸਮਰਪਣ ਦੀ ਭਾਵਨਾ ਨਾਲ ਸਰਗਰਮੀ ਕਰਨੀ ਹੋਵੇਗੀ। ਉਸਨੇ ਨੌਜਵਾਨਾਂ ਨੂੰ ਉਹਨਾਂ ਲੀਡਰਾਂÎ ਨਾਲੋਂ ਵੱਖਰੀ ਭਾਵਨਾ ਅਤੇ ਜਜ਼ਬੇ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ, ਜਿਹੜੇ ਸ਼ਾਮ ਨੂੰ ਤਕਰੀਰਾਂ ਲਈ ਵਕਤ ਕੱਢ ਲੈਂਦੇ ਹਨ। ਉਸਨੇ ਕਿਹਾ ਕਿ ਸਾਨੂੰ ਅਜਿਹੇ ਨੌਜਵਾਨਾਂ ਦੀ ਜ਼ਰੂਰਤ ਹੈ ਜਿਹੜੇ ਇਨਕਲਾਬੀ ਸਰਗਰਮੀ ਲਈ ਸਿਰਫ ਫਾਲਤੂ ਸ਼ਾਮਾਂ ਹੀ ਭੇਟ ਨਹੀਂ ਕਰਦੇ, ਸਗੋਂ ਆਪਣੇ ਸਭ ਤੋਂ ਕੀਮਤੀ ਅਤੇ ਖੂਬਸੂਰਤ ਪਲਾਂ ਨੂੰ ਵੀ ਇਨਕਲਾਬ ਦੇ ਲੇਖੇ ਲਾਉਂਦੇ ਹਨ। ਸ਼ਹੀਦ ਭਗਤ ਸਿੰਘ ਨੇ ਇਨਕਲਾਬੀ ਨੌਜਵਾਨ ਦੀ ਤਸਵੀਰ ਲੈਨਿਨ ਦੇ ਹਵਾਲੇ ਨਾਲ ਪੇਸ਼ ਕੀਤੀ ਅਤੇ ਕਿਹਾ ਕਿ ਅਸੀਂ ਲੈਨਿਨ ਦੇ ਸ਼ਬਦ ''ਪੇਸ਼ਾਵਰ ਇਨਕਲਾਬੀ'' ਦੀ ਵਰਤੋਂ ਕਰਾਂਗੇ। ਗਾਂਧੀਵਾਦੀ ਲੀਡਰਸ਼ਿੱਪ ਬਾਰੇ ਜੋ ਸਹੀਦ ਭਗਤ ਸਿੰਘ ਨੇ ਕਿਹਾ, ਉਹ 1947 ਵਿੱਚ ਸਹੀ ਸਾਬਤ ਹੋਇਆ। ਅੱਜ ਵੀ ਸਾਡੇ ਮੁਲਕ ਦੀ ਵਾਗਡੋਰ ਉਹਨਾਂ ਹਾਕਮਾਂ ਦੇ ਹੱਥਾਂ ਵਿੱਚ ਹੈ, ਜਿਹੜੇ ਵਿਦੇਸ਼ੀ ਸਾਮਰਾਜੀ ਗਲਬੇ, ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਲੁੱਟ ਦੀ ਰਾਖੀ ਕਰਦੇ ਹਨ ਅਤੇ ਅੰਗਰੇਜ਼ਾਂ ਵੇਲੇ ਦੀ ਅੱਤਿਆਚਾਰੀ ਰਾਜ ਮਸ਼ੀਨਰੀ ਦੇ ਸਿਰ 'ਤੇ ਲੋਕਾਂ ਨੂੰ ਦਬਾਉਂਦੇ ਹਨ।
ਸ਼ਹੀਦ ਭਗਤ ਸਿੰਘ ਅਤੇ ਲੈਨਿਨ ਦੇ ਆਦਰਸ਼ ਲਈ ਜੰਗ ਅਜੇ ਵੀ ਜਾਰੀ ਹੈ। ਲੋਕ ਦੁਨੀਆਂ ਭਰ ਅੰਦਰ, Îਥਾਂ ਥਾਂ ਸਾਮਰਾਜੀ ਪ੍ਰਬੰਧ ਦੀ ਲੁੱਟ ਅਤੇ ਦਾਬੇ ਨੂੰ ਚੁਣੌਤੀ ਦੇ ਰਹੇ ਹਨ। ਕੁਝ ਮਹੀਨੇ ਪਹਿਲਾਂ ਯੂਰਪ ਦੀ ਧਰਤੀ 'ਤੇ ਹਲਚਲ ਦੀ ਵੱਡੀ ਧਮਕ ਕਿੰਨੇ ਹੀ ਮੁਲਕਾਂ ਵਿੱਚ ਸੁਣਾਈ ਦਿੱਤੀ ਹੈ। ਇਹਨੀਂ ਦਿਨੀਂ ਪੁਰੇ ਅਰਬ ਜਗਤ ਅੰਦਰ ਲੋਕਾਂ ਦੇ ਗੁੱਸੇ ਦਾ ਤੂਫਾਨ ਦਿਖਾਈ ਦਿੱਤਾ ਹੈ। ਨੌਜਵਾਨ ਸ਼ਕਤੀ ਇਹਨਾਂ ਤਰਥੱਲੀਆਂ ਦੇ ਮੋਹਰੀ ਮੋਰਚਿਆਂ 'ਤੇ ਤਾਇਨਾਤ ਹੈ। ਜਦੋਂ ਤੱਕ ਲੁੱਟ ਅਤੇ ਦਾਬਾ ਕਾਇਮ ਹੈ ਅਜਿਹੇ ਤੂਫਾਨ ਵਾਰ ਵਾਰ ਉੱਠਦੇ ਰਹਿਣੇ ਹਨ। ਲੈਨਿਨ ਅਤੇ ਸ਼ਹੀਦ ਭਗਤ ਸਿੰਘ ਦਾ ਆਦਰਸ਼ ਮੰਗ ਕਰਦਾ ਹੈ ਕਿ ਇਹਨਾਂ ਤੂਫਾਨਾਂ ਦਰਮਿਆਨ ਇਨਕਲਾਬੀ ਚੇਤਨਾ ਦਾ ਛਿੱਟਾ ਦਿੱਤਾ ਜਾਵੇ, ਤਾਂ ਜੋ, ਸੁਤੇ-ਸਿੱਧ ਗੁੱਸੇ ਅਤੇ ਰੋਹ ਦੀਆਂ ਇਹ ਤਰਥੱਲੀਆਂ ਇਨਕਲਾਬੀ ਤਰਥੱਲੀਆਂ ਵਿੱਚ ਤਬਦੀਲ ਹੋ ਸਕਣ। ਲੁੱਟ, ਦਾਬੇ ਅਤੇ ਜਬਰ ਤੋਂ ਰਹਿਤ ਸਮਾਜ ਦੀ ਉਸਾਰੀ ਦਾ ਨਿਸ਼ਾਨਾ ਹਾਸਲ ਕਰ ਸਕਣ।
ਸਾਡੇ ਮੁਲਕ ਵਿੱਚ ਵੀ, ਵੱਖ ਵੱਖ ਥਾਈਂ, ਵੱਖ ਵੱਖ ਰੂਪਾਂ ਵਿੱਚ, ਲੋਕ ਸੰਘਰਸ਼ਾਂ ਦੀਆਂ ਗੂੰਜਾਂ ਉੱਚੀਆਂ ਹੋ ਰਹੀਆਂ ਹਨ। ਇਸ ਹਾਲਤ ਵਿੱਚ ਨੌਜਵਾਨਾਂ ਦਾ ਕੀ ਕਰਨਾ ਬਣਦਾ ਹੈ, ਲੈਨਿਨ ਅਤੇ ਸ਼ਹੀਦ ਭਗਤ ਸਿੰਘ ਰਸਤਾ ਦੱਸਦੇ ਹਨ।
ਸ਼ਹੀਦ ਭਗਤ ਸਿੰਘ ਦੇ ਵਾਰਸ ਹੋਣ ਦਾ s sਅਸਲ ਮਤਲਬ, ਨੌਜਵਾਨਾਂ ਲਈ ਇਨਕਲਾਬੀ ਸੂਝ, ਆਦਰਸ਼ ਅਤੇ ਇਰਾਦੇ ਦੀਆਂ ਚੰਗਿਆੜੀਆਂ ਬਣ ਕੇ ਹਰਕਤ ਵਿੱਚ ਆਉਣਾ ਹੈ। ਮਜ਼ਦੂਰਾਂ, ਕਿਸਾਨਾਂ ਅਤੇ ਹੋਰਨਾਂ ਲੋਕਾਂ ਨੂੰ ਝੰਜੋੜਾ ਦੇਣ ਲਈ ਉਹਨਾਂ ਨਾਲ ਇੱਕਮਿੱਕ ਹੋਣਾ ਹੈ। 23 ਮਾਰਚ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਦਾ ਦਿਹਾੜਾ ਹੈ। 22 ਅਪ੍ਰੈਲ ਲੈਨਿਨ ਦਾ ਜਨਮ ਦਿਹਾੜਾ ਹੈ। ਆਓ, ਇਹਨਾਂ ਦਿਹਾੜਿਆਂ ਨੂੰ ਉੱਚੇ ਇਨਕਲਾਬੀ ਆਦਰਸ਼ ਲਈ ਜੀਵਨ ਅਰਪਤ ਕਰਨ ਲਈ ਪ੍ਰੇਰਨਾ ਦਾ ਸਰੋਤ ਬਣਾਈਏ।
ਅਗਲੇ ਪੰਨਿਆਂ 'ਤੇ ਲੁੱਟ ਅਤੇ ਦਾਬੇ ਖਿਲਾਫ ਲੋਕਾਂ ਦੇ ਸੰਘਰਸ਼ ਅੰਦਰ ਨੌਜਵਾਨਾਂ ਦੇ ਰੋਲ ਬਾਰੇ ਦੋ ਵੱਖ ਵੱਖ ਲਿਖਤਾਂ ਦਿੱਤੀਆਂ ਜਾ ਰਹੀਆਂ ਹਨ। ਇੱਕ ਲਿਖਤ ਚੀਨੀ ਇਨਕਲਾਬ ਤੋਂ ਪਹਿਲਾਂ 1919 ਵਿੱਚ ਚੱਲੀ ਮਹਾਨ 4 ਮਈ ਲਹਿਰ ਅੰਦਰ ਨੌਜਵਾਨਾਂ ਦੇ ਰੋਲ ਬਾਰੇ ਹੈ। ਦੂਸਰੀ ਲਿਖਤ 80ਵਿਆਂ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਛਿੜੇ ਲੋਕਾਂ ਦੇ ਘੋਲ ਅੰਦਰ ਨੌਜਵਾਨਾਂ ਦੀ ਭੂਮਿਕਾ ਬਾਰੇ। ਉਮੀਦ ਹੈ ਕਿ ਇਹ ਦੋਵੇਂ ਲਿਖਤਾਂ, ਸਮਾਜ ਅੰਦਰ ਨੌਜਵਾਨ ਸ਼ਕਤੀ ਦੇ ਪ੍ਰਭਾਵਸ਼ਾਲੀ ਰੋਲ ਬਾਰੇ ਅਹਿਸਾਸ ਨੂੰ ਤਿੱਖਾ ਕਰਨ ਵਿੱਚ ਸਹਾਈ ਹੋਣਗੀਆਂ ਅਤੇ ਆਪਣਾ ਰੋਲ ਪਛਾਨਣ ਵਿੱਚ ਨੌਜਵਾਨਾਂ ਦੀ ਮੱਦਦ ਕਰਨਗੀਆਂ।  *******
4 ਮਈ ਲਹਿਰ ਅਤੇ ਨੌਜਵਾਨ
—ਪਾਵੇਲ
ਸੰਸਾਰ ਦੀਆਂ ਇਨਕਲਾਬੀ ਲਹਿਰਾਂ ਵਿੱਚ ਨੌਜੁਆਨ ਵਿਦਿਆਰਥੀ ਲਹਿਰਾਂ ਦਾ ਮਹੱਤਵਪੂਰਨ ਸਥਾਨ ਰਿਹਾ ਹੈ। ਚੀਨੀ ਇਨਕਲਾਬ ਦੇ ਇਤਿਹਾਸ ਵਿੱਚ 4 ਮਈ ਦੀ ਵਤਨਪ੍ਰਸਤ ਵਿਦਿਆਰਥੀ ਲਹਿਰ ਦਾ ਉੱਘੜਵਾਂ ਜ਼ਿਕਰ ਆਉਂਦਾ ਹੈ। 20ਵੀਂ ਸਦੀ ਦੇ ਆਰੰਭ ਵਿੱਚ, ਚੀਨੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਤੋਂ ਵੀ ਪਹਿਲਾਂ, ਚੀਨ ਵਿੱਚ ਮਾਰਕਸਵਾਦੀ ਵਿਚਾਰਾਂ ਦਾ ਪ੍ਰਚਾਰ ਕਰਨ ਵਾਲੇ ਅਗਾਂਹਵਧੂ ਹਿੱਸਿਆਂ ਵਿੱਚੋਂ, ਨੌਜੁਆਨ ਵਿਦਿਆਰਥੀ ਮੋਹਰੀਆਂ ਵਿੱਚ ਸਨ। ਚੀਨੀ ਲੋਕਾਂ ਦੇ ਸਾਮਰਾਜ ਵਿਰੋਧੀ ਘੋਲਾਂ ਦੇ ਮੋਰਚਿਆਂ ਵਿੱਚ, ਨੌਜੁਆਨ ਵਿਦਿਆਰਥੀਆਂ ਨੇ ਜੁਝਾਰ ਟੁਕੜੀ ਵਜੋਂ, ਮੋਹਰੀ ਮੋਰਚਿਆਂ ਵਿੱਚ ਆਪਣਾ ਸਥਾਨ ਮੱਲਿਆ ਸੀ। ਚੀਨੀ ਮਜ਼ਦੂਰ ਜਮਾਤ ਦੇ ਸਿਆਸੀ ਤਾਕਤ ਵਜੋਂ ਮੰਚ 'ਤੇ ਉੱਭਰ ਆਉਣ ਤੋਂ ਪਹਿਲਾਂ, ਚੀਨੀ ਕੌਮ ਦੀ ਸਾਮਰਾਜੀਆਂ ਤੋਂ ਮੁਕਤੀ ਲਈ ਚੱਲਦੇ ਸੰਗਰਾਮਾਂ ਦਾ ਝੰਡਾ ਚੀਨੀ ਨੌਜੁਆਨਾਂ ਅਤੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਸਾਂਭਿਆ ਤੇ ਉੱਚਾ ਝੂਲਦਾ ਰੱਖਿਆ।
ਪਹਿਲੀ ਸੰਸਾਰ ਜੰਗ ਦੇ ਅਖੀਰੀ ਸਮੇਂ ਵਿੱਚ ਚੀਨ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਲਈ ਅਮਰੀਕੀ ਤੇ ਜਪਾਨੀ ਸਾਮਰਾਜੀਆਂ ਦੀ ਟੱਕਰ ਤਿੱਖੀ ਹੋ ਗਈ ਸੀ। 18 ਜਨਵਰੀ 1919 ਨੂੰ ਪੈਰਿਸ ਵਿੱਚ ਵਰਸੇਲਜ਼ ਅਮਨ ਕਾਨਫਰੰਸ ਹੋਈ। ਅਸਲ ਵਿੱਚ ਲੁੱਟ ਦੀ ਹਿੱਸੇਪੱਤੀ ਲਈ ਇਸ ਕਾਨਫਰੰਸ ਵਿੱਚ ਸਾਮਰਾਜੀ ਸ਼ਕਤੀਆਂ ਨੇ ਚੀਨੀ ਵਫਦ ਨੂੰ ਵੀ ਸ਼ਾਮਲ ਕਰ ਲਿਆ। ਚੀਨੀ ਲੋਕਾਂ ਦੇ ਭਾਰੀ ਦਬਾਅ ਹੇਠ, ਚੀਨੀ ਵਫਦ ਨੇ ਸਾਮਰਾਜੀਆਂ ਵੱਲੋਂ ਚੀਨ ਵਿੱਚ ਮਾਣੀਆਂ ਜਾਂਦੀਆਂ ਸਹੂਲਤਾਂ ਖਤਮ ਕਰਨ, ਜਪਾਨੀ ਸਾਮਰਾਜੀਆਂ ਵੱਲੋਂ ਮਨਵਾਈਆਂ '21 ਮੰਗਾਂ'* ਨੂੰ ਰੱਦ ਕਰਨ ਅਤੇ ਸ਼ਾਂਤੁੰਗ ਵਿਖੇ ਜਰਮਨੀ ਨੂੰ ਹਾਸਲ ਰਿਆਇਤਾਂ, ਚੀਨ ਨੂੰ ਵਾਪਸ ਕਰਨ ਦੀਆਂ ਮੰਗਾਂ ਰੱਖੀਆਂ। ਕਾਨਫਰੰਸ ਵਿੱਚ ਬਾਕੀ ਮੰਗਾਂ ਤਾਂ ਵਿਚਾਰੀਆਂ ਤੱਕ ਨਾ ਗਈਆਂ ਜਦੋਂ ਕਿ ਜਰਮਨ ਸਾਮਰਾਜੀਆਂ ਨੂੰ ਹਾਸਲ ਰਿਆਇਤਾਂ ਹੁਣ ਸਾਮਰਾਜੀ ਤਾਕਤਾਂ ਦੇ ਆਪਸੀ ਸਮਝੌਤੇ ਤਹਿਤ ਜਪਾਨੀ ਸਾਮਰਾਜੀਆਂ ਨੂੰ ਸੌਂਪ ਦਿੱਤੀਆਂ ਗਈਆਂ।
——————————————————————————————————————————
(*'ਅਜੋਕੇ ਚੀਨੀ ਇਨਕਲਾਬ ਦਾ ਇਤਿਹਾਸ' ਸਫਾ ਨੰ. 23 ਉੱਪਰ ਵਿਸਥਾਰੀ ਨੁਕਤਿਆਂ ਦਾ 15ਵਾਂ ਨੁਕਤਾ)
ਵਿਦਿਆਰਥੀਆਂ, ਨੌਜੁਆਨਾਂ ਅਤੇ ਹੋਰਨਾਂ ਅਗਾਂਹਵਧੂ ਹਿੱਸਿਆਂ, ਜਿਹਨਾਂ ਨੇ ਪੈਰਿਸ ਕਾਨਫਰੰਸ ਤੋਂ ਬਹੁਤ ਉਮੀਦਾਂ ਲਾਈਆਂ ਹੋਈਆਂ ਸਨ, ਨੇ ਭਾਰੀ ਨਮੋਸ਼ੀ ਮਹਿਸੂਸ ਕੀਤੀ। ਸਾਮਰਾਜੀਆਂ ਦੇ ਲੋਟੂ ਤੇ ਜਾਬਰ ਮਨਸੂਬੇ ਹੋਰ ਜ਼ਾਹਰ ਹੋ ਗਏ। ਲੋਕਾਂ ਨੇ ਆਪਣੇ ਦਲਾਲ ਹਾਕਮਾਂ ਤੋਂ ਕੋਈ Îਭਲੇ ਦੀ ਆਸ ਰੱਖਣ ਦੀ ਬਜਾਏ ਆਪਣੀਆਂ ਕੋਸ਼ਿਸ਼ਾਂ 'ਤੇ ਟੇਕ ਰੱਖਣ ਦਾ ਰਾਹ ਅਖਤਿਆਰ ਕੀਤਾ। ਸਿੱਟੇ ਵਜੋਂ, ਚੀਨੀ ਕੌਮ ਦੀ ਸਾਮਰਾਜ ਵਿਰੋਧੀ ਲਹਿਰ ਹੋਰ ਭਖ ਗਈ।
4 ਮਈ ਨੂੰ ਪੀਕਿੰਗ ਦੇ ਵਿਦਿਆਰਥੀਆਂ ਨੇ ਵਿਸ਼ਾਲ ਵਤਨਪ੍ਰਸਤ ਮੁਜਾਹਰਾ ਕੀਤਾ। ਤਿੰਨ ਹਜ਼ਾਰ ਵਿਦਿਆਰਥੀਆਂ ਨੇ ਪਹਿਲੇ ਸ਼ਾਹੀ ਮਹੱਲ ਦੇ ਮੱਥੇ, ਤੀਅਨ-ਐਨ-ਮਿੰਨ ਸਾਹਮਣੇ ਇਕੱਠੇ ਹੋ ਕੇ ਮੀਟਿੰਗ ਕਰਨ ਤੋਂ ਬਾਅਦ ਤਿੰਨ ਗਦਾਰਾਂ ਨੂੰ ਸਜ਼ਾ ਦੇਣ ਦੀ ਮੰਗ ਕਰਦਿਆਂ ਮਾਰਚ ਕੀਤਾ। ਇਹਨਾਂ ਤਿੰਨ ਗਦਾਰਾਂ ਵਿੱਚ ਸੰਚਾਰ ਮੰਤਰੀ ਸਾਊ-ਜੁ-ਲਿਨ, ਜਿਸਨੇ 21 ਮੰਗਾਂ 'ਤੇ ਦਸਖਤ ਕੀਤੇ ਸਨ, ਮੁਦਰਾ ਬਿਊਰੋ ਨਿਰਦੇਸ਼ਕ ਲੂ-ਸੰਗ ਯੂ, ਉਦੋਂ ਉਹ ਜਪਾਨ ਲਈ ਚੀਨ ਦਾ ਮੰਤਰੀ ਸੀ। ਵੇਲੇ ਦਾ ਜਪਾਨ ਲਈ ਚੀਨੀ ਮੰਤਰੀ ਚਾਂਗ ਸੁੰਗ ਸੀਆਂਗ, ਜਿਸਨੇ ਜਪਾਨ ਨੂੰ ਰੇਲਵੇ ਦੇ ਹੱਕ ਵੇਚੇ ਸਨ। ਵਿਦਿਆਰਥੀਆਂ ਨੇ ਸਾਊ-ਜੁ-ਲਿਨ ਦੇ Îਘਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਨੂੰ ਰੋਕਣ ਲਈ ਫਰਾਂਸੀਸੀ ਪੁਲਸ ਆ ਧਮਕੀ ਤੇ 30 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਕਾਰ ਨੇ ਪੀਕਿੰਗ ਯੂਨੀਵਰਸਿਟੀ ਦੇ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ। ਪੀਕਿੰਗ ਦੇ ਵਿਦਿਆਰਥੀਆਂ ਨੇ ਹੜਤਾਲ ਕਰ ਦਿੱਤੀ ਅਤੇ ਸੜਕਾਂ 'ਤੇ ਨਿਕਲ ਆਏ। ਤਿੰਨ ਜੂਨ ਨੂੰ ਜਪਾਨੀ ਸਾਮਰਾਜੀਆਂ ਦੇ ਹੁਕਮਾਂ 'ਤੇ 300 ਤੋਂ ਉਪਰ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਭਨਾਂ ਵਤਨਪ੍ਰਸਤ ਲਹਿਰਾਂ 'ਤੇ ਪਾਬੰਦੀ ਮੜ੍ਹ ਦਿੱਤੀ ਗਈ, ਪਰ ਸਾਮਰਾਜ ਵਿਰੋਧੀ ਵਿਦਿਆਰਥੀ ਲਹਿਰ ਹੋਰ ਫੈਲਦੀ ਗਈ ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਲੱਗੀ।
ਵਿਦਿਆਰਥੀ ਲਹਿਰ ਦੇ ਜ਼ੋਰਦਾਰ ਉਭਾਰ ਨੇ ਚੀਨੀ ਮਜ਼ਦੂਰ ਜਮਾਤ ਨੂੰ ਹਲੂਣਾ ਦਿੱਤਾ ਤੇ ਫਿਰ ਮਜ਼ਦੂਰ ਜਮਾਤ, ਲਹਿਰ ਦੀ ਮੁੱਖ ਸ਼ਕਤੀ ਵਜੋਂ ਅੱਗੇ ਆਈ। 5 ਤੋਂ 11 ਜੂਨ ਤੱਕ ਸ਼ੰਘਾਈ ਵਿੱਚ ਸੂਤੀ ਕੱਪੜੇ ਦੀ ਸਨਅੱਤ, ਧਾਤਸਾਜ਼ੀ ਦੀ ਸਨਅੱਤ ਤੇ ਟਰਾਂਸਪੋਰਟ ਅਤੇ ਪਬਲਿਕ ਸੇਵਾਵਾਂ ਦੇ ਲੱਗਭੱਗ 70 ਹਜ਼ਾਰ ਮਜ਼ਦੂਰਾਂ ਨੇ ਹੜਤਾਲ ਕੀਤੀ। ਸਾਮਰਾਜ ਵਿਰੋਧੀ ਖਾਸੇ ਵਾਲੀ ਇਸ ਹੜਤਾਲ ਦੌਰਾਨ ਵੱਖ ਵੱਖ ਥਾਵਾਂ 'ਤੇ ਮਜ਼ਦੂਰਾਂ ਨੇ ਵਤਨਪ੍ਰਸਤ ਜਲੂਸ ਵੀ ਕੱਢੇ।
ਚੀਨ ਦੇ ਇਤਿਹਾਸ ਵਿੱਚ ਇਹ ਪਲੇਠੀ ਸਾਮਰਾਜਵਾਦ ਵਿਰੋਧੀ ਹੜਤਾਲ ਸੀ। 4 ਮਈ ਦੀ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ ਅਤੇ ਵਿਸ਼ਾਲ ਵਤਨਪ੍ਰਸਤ ਲਹਿਰ ਬਣ ਗਈ। ਘੋਲ ਦੌਰਾਨ ਉੱਭਰੀ ਚੀਨੀ ਲੋਕਾਂ ਦੀ ਵੱਡੀ ਤਾਕਤ ਨੇ ਗ੍ਰਿਫਤਾਰ ਵਿਦਿਆਰਥੀਆਂ ਨੂੰ ਰਿਹਾਅ ਕਰਨ ਅਤੇ ਗਦਾਰ ਅਧਿਕਾਰੀਆਂ ਸੂ-ਜੂ-ਲਿਨ, ਚਾਂਨ ਸੁੰਗ ਸਿਆਂਗ ਅਤੇ ਲੂ ਸੁੰਗ-ਯੂ ਨੂੰ ਮੁਅੱਤਲ ਕਰਨ ਲਈ ਮਜਬੂਰ ਕਰ ਦਿੱਤਾ। ਇਉਂ 4 ਮਈ ਦੀ ਲਹਿਰ ਨੇ ਵੱਡੀ ਜਿੱਤ ਹਾਸਲ ਕੀਤੀ। 4 ਮਈ ਦਾ ਦਿਨ ਚੀਨ ਅੰਦਰ ਨੌਜੁਆਨ ਦਿਵਸ ਵਜੋਂ ਮਨਾਇਆ ਜਾਣ ਲੱਗਿਆ। ਇਹ ਦਿਨ ਸਾਮਰਾਜਵਾਦ ਖਿਲਾਫ ਚੀਨੀ ਕੌਮ ਦੀ ਜੱਦੋਜਹਿਦ ਵਿੱਚ ਨੌਜੁਆਨਾਂ ਵੱਲੋਂ ਨਿਭਾਈ ਵੱਡੀ ਜੁੰਮੇਵਾਰੀ ਦਾ ਚਿੰਨ੍ਹ ਬਣ ਗਿਆ ਅਤੇ ਅਗਲੇਰੀਆਂ ਪੀੜ੍ਹੀਆਂ ਨੂੰ ਇਹ ਜੁੰਮੇਵਾਰੀ ਓਟਣ ਲਈ ਪ੍ਰੇਰਦਾ ਰਿਹਾ।
ਇਹ ਚੀਨੀ ਨੌਜੁਆਨ ਅਤੇ ਵਿਦਿਆਰਥੀ ਹੀ ਸਨ, ਜਿਹੜੇ ਚੀਨੀ ਕੌਮ ਦੀ ਸਾਮਰਾਜਵਾਦ ਤੋਂ ਮੁਕਤੀ ਲਈ ਜੱਦੋਜਹਿਦ ਦਾ ਐਲਾਨ ਕਰਨ ਵਾਲੇ ਪਹਿਲਿਆਂ 'ਚੋਂ ਸਨ। ਇਹਨਾਂ ਨੇ ਬਾਕੀ ਮਿਹਨਤਕਸ਼ ਤਬਕਿਆਂ ਨੂੰ ਹਲੂਣ ਕੇ ਜਗਾਇਆ ਅਤੇ ਸਾਮਰਾਜ ਵਿਰੋਧੀ ਘੋਲਾਂ ਦੇ ਅਖਾੜਿਆਂ ਵਿੱਚ ਆਉਣ ਲਈ ਪ੍ਰੇਰਿਆ। ਪਛੜੇ ਜਗੀਰੂ ਚੀਨ ਵਿੱਚ ਜਮਹੂਰੀ ਸਭਿਆਚਾਰ ਦਾ ਪ੍ਰਚਾਰ ਕਰਨ ਵਾਲੇ ਸਭ ਤੋਂ ਵੱਧ ਅਸਰਦਾਰ ਰਸਾਲੇ 'ਨਵਾਂ ਨੌਜੁਆਨ' ਤੇ 'ਹਫਤਾਵਾਰੀ ਲੇਖਾ ਜੋਖਾ' ਹੀ ਸਨ, ਜਿਹੜੇ 1915 ਤੇ 1918 ਵਿੱਚ ਸ਼ੁਰੂ ਹੋਏ। ਇਸੇ ਲਈ ਸੰਸਾਰ ਕਮਿਊਨਿਸਟ ਲਹਿਰ ਤੇ ਚੀਨੀ ਇਨਕਲਾਬ ਦੇ ਮਹਾਨ ਆਗੁ ਕਾਮਰੇਡ ਮਾਓ-ਜ਼ੇ-ਤੁੰਗ ਨੇ ਚੀਨੀ ਨੌਜੁਆਨਾਂ ਦੇ ਇਸ ਰੋਲ ਨੂੰ ਆਗੂ ਦਸਤੇ ਦਾ ਰੋਲ ਕਿਹਾ ਅਤੇ ਚਾਰ ਮਈ ਦੀ ਲਹਿਰ ਨੂੰ ਚੀਨੀ ਇਨਕਲਾਬ ਦੇ ਇਤਿਹਾਸ ਵਿੱਚ ''ਬੇਹੱਦ ਮਹੱਤਤਾ ਵਾਲੀ ਲਹਿਰ'' ਦੱਸਿਆ।
ਦੁਨੀਆਂ ਦੇ ਅਰਧ ਜਗੀਰੂ ਅਰਧ ਬਸਤੀਵਾਦੀ ਮੁਲਕਾਂ ਦੇ ਇਨਕਲਾਬ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਹੋਣੇ ਹਨ, ਇਹਨਾਂ ਇਨਕਲਾਬਾਂ ਦੀ ਮੁੱਖ ਸ਼ਕਤੀ ਖੇਤ ਮਜ਼ਦੂਰ ਅਤੇ ਗਰੀਬ ਕਿਸਾਨ ਬਣਦੇ ਹਨ। ਇਹੀ ਇਨਕਲਾਬ ਦਾ ਧੁਰਾ ਬਣਦੇ ਹਨ ਅਤੇ ਇਨਕਲਾਬ ਨੂੰ ਸਭ ਤੋਂ ਵਧੇਰੇ ਇਹਨਾਂ ਦੀ ਹੀ ਲੋੜ ਹੈ। ਇਹਨਾਂ ਤੋਂ ਬਿਨਾ ਇਨਕਲਾਬ ਦੀ ਕਲਪਨਾ ਸੰਭਵ ਨਹੀਂ। ਪਰ ਇੱਕ ਪੱਖੋਂ ਨਵ-ਜਮਹੂਰੀ ਇਨਕਲਾਬਾਂ ਵਿੱਚ ਬੁੱਧੀਜੀਵੀ ਤਬਕੇ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਨੌਜੁਆਨ ਤੇ ਵਿਦਿਆਰਥੀ ਇਸ ਬੁੱਧੀਜੀਵੀ ਤਬਕੇ ਦਾ ਹੀ ਅਹਿਮ ਅੰਗ ਬਣਦੇ ਹਨ। ਇਹ ਆਪਣੀ ਇਨਕਲਾਬੀ ਸਰਗਰਮੀ ਰਾਹੀਂ ਮਜ਼ਦੂਰਾਂ, ਕਿਸਾਨਾਂ ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨੂੰ ਝੰਜੋੜਨ, ਲਾਮਬੰਦ ਕਰਨ ਅਤੇ ਜਥੇਬੰਦ ਹੋਣ ਦੀ ਲੋੜ ਜਗਾਉਂਦੇ ਹਨ ਅਤੇ ਇਨਕਲਾਬੀ ਸਿਆਸਤ ਦੀ ਜਾਗ ਲਗਾਉਂਦੇ ਹਨ। ਕਾਮਰੇਡ ਮਾਓ ਨੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਤੋਂ ਬਿਨਾ ਇਨਕਲਾਬ ਦੀ ਜਿੱਤ ਅਸੰਭਵ ਕਰਾਰ ਦਿੱਤੀ। ਉਹਨੇ ਚੀਨੀ ਨੌਜੁਆਨਾਂ ਅਤੇ ਵਿਦਿਆਰਥੀਆਂ ਨੂੰ ਸਾਮਰਾਜ ਅਤੇ ਜਗੀਰਦਾਰੀ ਵਿਰੋਧੀ ਮੋਰਚਿਆਂ ਦੀ ਸੈਨਾ ਅਤੇ ਮਹੱਤਵਪੂਰਨ ਸੈਨਾ ਕਿਹਾ। ਉਸਨੇ ਨੌਜੁਆਨਾਂ ਤੇ ਵਿਦਿਆਰਥੀਆਂ ਨੂੰ ਵੀ ਉਹਨਾਂ ਦੇ ਸਮਾਜਕ ਰੋਲ ਦਾ ਅਹਿਸਾਸ ਕਰਵਾਉਂਦਿਆਂ ਕਿਹਾ ਕਿ ''ਸਾਡੇ ਨੌਜੁਆਨ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਜ਼ਰੂਰ ਹੀ ਮਜ਼ਦੂਰ-ਕਿਸਾਨਾਂ.....ਨੂੰ ਲਾਮਬੰਦ ਤੇ ਜਥੇਬੰਦ ਕਰਨਾ ਚਾਹੀਦਾ ਹੈ।''
ਸੰਸਾਰ ਦੇ ਇਤਿਹਾਸ ਵਿੱਚ ਹੁਣ ਤੱਕ ਦੀਆਂ ਸਾਮਰਾਜ ਵਿਰੋਧੀ ਇਨਕਲਾਬੀ ਲਹਿਰਾਂ ਵਿੱਚ ਨੌਜੁਆਨ ਵਿਦਿਆਰਥੀਆਂ ਨੇ ਸਿਰਕੱਢ ਰੋਲ ਨਿਭਾਇਆ ਹੈ। ਸਾਡੇ ਆਪਣੇ ਮੁਲਕ ਵਿੱਚ ਵੀ ਅੰਗਰੇਜ਼ੀ ਸਾਮਰਾਜ ਤੋਂ ਮੁਕਤੀ ਲਈ ਲੜੇ ਗਏ ਸੰਗਰਾਮ ਵਿੱਚ ਨੌਜੁਆਨ-ਵਿਦਿਆਰਥੀਆਂ ਦਾ ਅਹਿਮ ਰੋਲ ਸੀ। ਸ਼ਹੀਦ ਭਗਤ ਸਿੰਘ ਅਤੇ ਉਹਦੇ ਸਾਥੀਆਂ ਵੱਲੋਂ ਜਥੇਬੰਦ ਕੀਤੀਆਂ 'ਨੌਜੁਆਨ ਭਾਰਤ ਸਭਾ' ਅਤੇ ''ਪੰਜਾਬ ਸਟੂਡੈਂਟਸ ਯੂਨੀਅਨ'' ਵਰਗੀਆਂ ਜਥੇਬੰਦੀਆਂ ਰਾਹੀਂ ਨੌਜੁਆਨ ਸ਼ਕਤੀ ਨੇ ਬਾਕੀ ਮਿਹਨਤਕਸ਼ ਤਬਕਿਆਂ ਨੂੰ ਸਾਮਰਾਜ ਵਿਰੋਧੀ ਘੋਲ ਵਿਚ ਲੈ ਆਉਣ ਵਿੱਚ ਅਹਿਮ ਰੋਲ ਦਿੱਤਾ। ਉਸ ਤੋਂ ਬਾਅਦ 60ਵਿਆਂ ਦੇ ਅਖੀਰ ਵਿੱਚ ਤੇ 70ਵਿਆਂ ਵਿੱਚ ਪੰਜਾਬ ਅੰਦਰ ਇਹ ਜਥੇਬੰਦੀਆਂ ਮੁੜ ਉੱਭਰੀਆਂ। ਇਹ ਨੌਜੁਆਨ-ਵਿਦਿਆਰਥੀ ਤਬਕਾ ਹੀ ਸੀ ਜੀਹਨੇ ਇਨਕਲਾਬੀ ਜਨਤਕ ਜਮਹੂਰੀ ਲਹਿਰ ਨੂੰ ਪੈਰ ਮੁੜ ਪੰਜਾਬ ਦੀ ਧਰਤੀ 'ਤੇ ਜਮਾਉਣ ਵਿੱਚ ਬੇਹੱਦ ਅਹਿਮ ਯੋਗਦਾਨ ਪਾਇਆ। ਬਾਕੀ ਮਿਹਨਤਕਸ਼ ਤਬਕਿਆਂ ਲਈ ਜਥੇਬੰਦ ਹੋਣ ਦੀ ਪ੍ਰੇਰਨਾ ਬਣੇ।
ਅੱਜ ਜਦੋਂ ਨਵੀਆਂ ਆਰਥਿਕ ਅਤੇ ਸਨਅੱਤੀ ਨੀਤੀਆਂ ਦੇ ਹਮਲੇ ਨਾਲ ਪਹਿਲਾਂ ਹੀ ਲੁੱਟ ਅਧਾਰਿਤ ਇਸ ਨਿਜ਼ਾਮ ਵਿੱਚ ਮਿਹਨਤਕਸ਼ ਜਨਤਾ ਗਹਿਰੇ ਸੰਕਟ-ਮਈ ਦੌਰ 'ਚੋਂ ਗੁਜ਼ਰ ਰਹੀ ਹੈ ਤਾਂ ਨੌਜੁਆਨ ਵਿਦਿਆਰਥੀ ਤਬਕਾ ਵੀ ਬੇਹੱਦ ਉਪਰਾਮਤਾ ਹੰਢਾ ਰਿਹਾ ਹੈ। ਇਹਨਾਂ ਨੀਤੀਆਂ ਨੇ ਜੋ ਰੁਜ਼ਗਾਰ ਦਾ ਉਜਾੜਾ ਕੀਤਾ ਹੈ ਅਤੇ ਕੀਤਾ ਜਾ ਰਿਹਾ ਹੈ ਉਹਦੀ ਸਭ ਤੋਂ ਤਿੱਖੀ ਮਾਰ ਏਸ ਤਬਕੇ 'ਤੇ ਪਈ ਹੈ। ਸਿੱਖਿਆ ਖੇਤਰ ਨੂੰ ਪੂਰੀ ਤਰ੍ਹਾਂ ਵਪਾਰਕ ਲੀਹਾਂ 'ਤੇ ਚਾੜ੍ਹ ਦਿੱਤੇ ਜਾਣ ਤੋਂ ਬਾਅਦ ਮਹਿੰਗੀ ਹੋਈ ਸਿੱਖਿਆ ਨੇ, ਮਿਹਨਤਕਸ਼ ਤਬਕਿਆਂ, ਖਾਸ ਕਰ, ਮਜ਼ਦੂਰ ਕਿਸਾਨ ਹਿੱਸਿਆਂ ਦੇ ਬੱਚਿਆਂ ਨੂੰ ਸਿੱਖਿਆ ਖੇਤਰ ਵਿੱਚੋਂ ਲੱਗਭੱਗ ਬਾਹਰ ਕਰ ਦਿੱਤਾ ਹੈ ਅਤੇ ਜਿਹੜੇ ਇਸ ਖੇਤਰ ਵਿੱਚ ਟਿਕ ਰਹੇ ਹਨ, ਉਹ ਹੋਰ ਵੱਡੇ ਉਖੇੜੇ ਝੱਲ ਰਹੇ ਹਨ ਅਤੇ ਬੁਰੀ ਤਰ੍ਹਾਂ ਪੀੜਤ ਮਹਿਸੂਸ ਕਰ ਰਹੇ ਹਨ। ਵਿਦਿਅਕ ਪ੍ਰਬੰਧ ਨੂੰ ਮੁਨਾਫੇ ਦੀਆਂ ਲੋੜਾਂ ਤਹਿਤ ਹੋਰ ਵੱਧ ਦਮਘੋਟੂ ਤੇ ਜਾਬਰ, ਧੱਕੜ ਲੀਹਾਂ 'ਤੇ ਉਸਾਰਿਆ ਜਾ ਰਿਹਾ ਹੈ। ਵਿਦਿਅਕ ਪ੍ਰਬੰਧ ਦੀ ਅਜਿਹੀ ਹਾਲਤ ਤੇ ਰੁਜ਼ਗਾਰ ਪੱਖੋਂ ਅਨਿਸਚਿਤਤਾ ਵਾਲੀ ਹਾਲਤ ਨੌਜੁਆਨ ਵਿਦਿਆਰਥੀ ਤਬਕੇ ਦੀ ਬੇਚੈਨੀ ਵਿੱਚ ਵਾਧਾ ਕਰ ਰਹੀ ਹੈ। ਨੌਜੁਆਨ ਜਨਤਾ ਦਾ ਸਵੈਮਾਣ ਕੁਚਲਿਆ ਜਾ ਰਿਹਾ ਹੈ ਅਤੇ ਸਮਾਜਿਕ ਸ਼ਕਤੀ ਦੇ ਤੌਰ 'ਤੇ ਉਹਦੀ ਸਿਰਜਣਾਤਮਕ ਸਮਰੱਥਾ ਰੋਲੀ ਜਾ ਰਹੀ ਹੈ। ਇਹ ਬੇਚੈਨੀ ਵਾਲੀ ਹਾਲਤ ਨੌਜੁਆਨਾਂ ਨੂੰ ਫਿਰਕੂ ਫਾਸ਼ੀ ਗਰੋਹਾਂ, ਨਸ਼ਿਆਂ ਅਤੇ ਹੋਰਨਾਂ ਮੁਜਰਮਾਨਾ ਕਾਰਵਾਈਆਂ ਕਰਦੇ ਗਰੋਹਾਂ ਦੇ ਪ੍ਰਭਾਵ ਹੇਠ ਧੱਕੇ ਜਾਣ ਦਾ ਅਧਾਰ ਮੁਹੱਈਆ ਕਰਦੀ ਹੈ। ਪਿਛਲੇ ਸਮੇਂ ਵਿੱਚ ਹਾਕਮ ਜਮਾਤੀ ਵੋਟ ਪਾਰਟੀਆਂ ਵੱਲੋਂ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਨੌਜੁਆਨ ਜਨਤਾ ਨੂੰ ਭਰਮਾਉਣ ਤੇ ਵਰਤੇ ਜਾਣ ਦੀਆਂ ਕੋਸ਼ਿਸ਼ਾਂ ਤੇਜ ਹੋਈਆਂ ਹਨ। ਵੱਖ ਵੱਖ ਪਾਰਟੀਆਂ ਦੇ ਯੂਥ ਵਿੰਗ ਵਧੇਰੇ ਹਰਕਤਸ਼ੀਲ ਹੋਏ ਹਨ ਤੇ ਵਿਦਿਆਰਥੀਆਂ ਵਿੱਚ ਵੀ ਆਪਣੇ ਵਿੰਗ ਖੜ੍ਹੇ ਕਰਨ ਦੀ ਦੌੜ ਤੇਜ ਹੋਈ ਹੈ। ਇਹੀ ਬੇਚੈਨੀ ਤੇ ਉਪਰਾਮਤਾ ਵਾਲੀ ਹਾਲਤ, ਨੌਜੁਆਨ ਵਿਦਿਆਰਥੀ ਜਨਤਾ ਦੇ ਤਬਕੇ ਦੇ ਤੌਰ 'ਤੇ ਜਥੇਬੰਦ ਹੋਣ ਤੇ ਬਿਹਤਰ ਭਵਿੱਖ ਲਈ ਜੂਝਣ ਦਾ ਅਧਾਰ ਬਖਸ਼ ਰਹੀ ਹੈ। ਨਵ ਜਮਹੂਰੀ ਇਨਕਲਾਬ ਵਿੱਚ ਤਬਕੇ ਦੇ ਤੌਰ 'ਤੇ ਨੌਜੁਆਨਾਂ ਵੱਲੋਂ ਉਭਾਰੂ ਰੋਲ ਅਖਤਿਆਰ ਕਰਨ ਲਈ ਵੀ ਪਹਿਲਾਂ ਤੋਂ ਵਧੇਰੇ ਗੁੰਜਾਇਸ਼ ਬਣਦੀ ਹੈ ਬਸ਼ਰਤੇ ਕਿ ਇਨਕਲਾਬੀ ਸ਼ਕਤੀਆਂ ਇਸ ''ਮਹੱਤਵਪੂਰਨ ਫੌਜ'' ਦੀ ਸ਼ਕਤੀ ਨੂੰ ਜੋੜਨ ਲਈ ਜ਼ੋਰਦਾਰ ਯਤਨ ਜੁਟਾਉਣ। ਇਨਕਲਾਬੀ ਨੌਜੁਆਨ ਵਿਦਿਆਰਥੀ ਲਹਿਰ ਦੀ ਉਸਾਰੀ ਦਾ ਕਾਰਜ ਅੱਜ ਦੇ ਸਮੇਂ ਦਾ ਮਹੱਤਵਪੂਰਨ ਕਾਰਜ ਬਣਦਾ ਹੈ।
*********
ਵਿਦਿਆਰਥੀ-ਨੌਜਵਾਨਾਂ ਦਾ ਰੋਲ— ਸੰਗਰਾਮੀ ਇਤਿਹਾਸ ਦਾ ਇੱਕ ਪੰਨਾ
—ਪਾਵੇਲ
21 ਜਨਵਰੀ 1980, ਪੰਜਾਬ ਦੇ ਲੋਕ ਸੰਘਰਸ਼ਾਂ ਦੇ ਇਤਿਹਾਸ ਵਿੱਚ ਮੋਟੇ ਅੱਖਰਾਂ ਵਿੱਚ ਦਰਜ਼ ਹੈ। ਪੋਹ-ਮਾਘ ਦੇ ਮਹੀਨਿਆਂ ਵਿੱਚ ਪੰਜਾਬ ਦੀ ਧਰਤੀ 'ਤੇ ਲੜੇ ਜਾ ਰਹੇ ਬੱਸ ਕਿਰਾਇਆ ਘੋਲ ਦਾ ਸੇਕ ਹਾਕਮਾਂ ਨੂੰ ਤਰੇਲੀਆਂ ਲਿਆ ਰਿਹਾ ਸੀ। ਪੰਜਾਬ ਦੀ ਜਵਾਨੀ ਦੇ ਡੁੱਲ੍ਹ ਰਹੇ ਲਹੂ ਹੀ ਗਰਮਾਹਟ ਨੇ ਕਿਰਤੀ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਸੀਤ ਲਹਿਰ ਦੇ ਪ੍ਰਭਾਵ ਵਿੱਚੋਂ ਕੱਢ ਕੇ ਸੰਗਰਾਮ ਦੇ ਅਖਾੜੇ ਵਿੱਚ ਲੈ ਆਂਦਾ ਸੀ। 21 ਜਨਵਰੀ ਨੂੰ, ਘੋਲ ਦੇ ਸਿਖਰ 'ਤੇ ਮਾਨਸਾ ਦਾ ਨੌਜੁਆਨ ਲਾਭ ਸਿੰਘ, ਪਿੰਡ ਰੱਲੇ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਸੀ। ਨਵੰਬਰ, ਦਸੰਬਰ ਤੇ ਜਨਵਰੀ ਦੇ ਮਹੀਨੇ ਪੰਜਾਬ ਦੀ ਸ਼ਾਨਾਂਮੱਤੀ ਇਨਕਲਾਬੀ ਨੌਜੁਆਨ ਵਿਦਿਆਰਥੀ ਲਹਿਰ ਦੇ ਇਤਿਹਾਸ ਦੇ ਅਜਿਹੇ ਲਿਸ਼ਕਦੇ ਪੰਨੇ ਬਣ ਗਏ ਕਿ ਕਿੰਨੇ ਹੀ ਦਹਾਕੇ ਬੀਤ ਜਾਣ ਬਾਅਦ ਵੀ ਇਹਨਾਂ ਦੀ ਲਿਸ਼ਕ ਨੌਜੁਆਨ ਵਿਦਿਆਰਥੀਆਂ ਨੂੰ ਆਪਣਾ ਬਣਦਾ ਇਨਕਲਾਬੀ ਸਮਾਜਿਕ ਰੋਲ ਅਖਤਿਆਰ ਕਰਨ ਲਈ ਪ੍ਰੇਰਦੀ ਹੈ।
1980 ਵਿੱਚ ਸਤੰਬਰ ਦੇ ਅਖੀਰ ਵਿੱਚ ਪੰਜਾਬ ਦੀ ਕਾਂਗਰਸੀ ਸਰਕਾਰ ਨੇ ਬੱਸ ਕਿਰਾਇਆਂ ਵਿੱਚ 43 ਫੀਸਦੀ ਦਾ ਭਾਰੀ ਵਾਧਾ ਕਰ ਦਿੱਤਾ ਸੀ। ਨੌਜੁਆਨ-ਵਿਦਿਆਰਥੀ ਲਹਿਰ ਨੇ ਆਪਣੇ ਬੀਤੇ ਦਹਾਕੇ ਦੀਆਂ ਸ਼ਾਨਦਾਰ ਸੰਗਰਾਮੀ ਰਵਾਇਤਾਂ 'ਤੇ ਪਹਿਰਾ ਦਿੰਦਿਆਂ ਇਸ ਫੈਸਲੇ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਅਤੇ ਵੱਖ ਵੱਖ ਥਾਵਾਂ 'ਤੇ ਨੌਜੁਆਨਾਂ ਅਤੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। 70 ਦੇ ਦਹਾਕੇ ਵਿੱਚ ਪੰਜਾਬ ਦੀ ਨੌਜਆਨ-ਵਿਦਿਆਰਥੀ ਲਹਿਰ ਨੇ ਪ੍ਰਿਥੀਪਾਲ ਰੰਧਾਵਾ ਦੀ ਅਗਵਾਈ ਵਿੱਚ ਜਿਥੇ ਸਮਾਜਿਕ ਜਮਹੂਰੀ ਮਸਲਿਆਂ 'ਤੇ ਮੂਹਰੇ ਹੋ ਕੇ ਸੰਘਰਸ਼ ਕਰਨ ਦੀਆਂ ਜੁਝਾਰੂ ਰਵਾਇਤਾਂ ਸਿਰਜੀਆਂ ਸਨ, ਉਥੇ ਮਿਹਨਤਕਸ਼ ਲੋਕਾਂ ਦੇ ਵੱਖ ਵੱਖ ਤਬਕਿਆਂ ਦੇ ਹੱਕੀ ਸੰਘਰਸ਼ਾਂ ਨੂੰ ਸਹਿਯੋਗੀ ਕੰਨ੍ਹਾਂ ਲਾਉਣ ਦੀਆਂ, ਬੇਗਰਜ਼ ਭਰਾਤਰੀ ਹਮਾਇਤ ਦੀਆਂ ਪਿਰਤਾਂ ਵੀ ਪਾਈਆਂ ਸਨ। ਲੋਕ ਹੱਕਾਂ ਦੀ ਲਹਿਰ ਦੀ ਜੁਝਾਰੂ ਟੁਕੜੀ ਵਜੋਂ ਨੌਜੁਆਨ ਵਿਦਿਆਰਥੀ ਲਹਿਰ ਨੇ ਸਮਾਜ ਦੇ ਬਾਕੀ ਮਿਹਤਕਸ਼ ਤਬਕਿਆਂ ਨੂੰ ਉ੍ਹਹਨਾਂ ਦੇ ਹੱਕਾਂ ਲਈ ਹਲੂਣ ਕੇ ਜਗਾਉਣ ਅਤੇ ਸੰਘਰਸ਼ਾਂ ਦੇ ਰਾਹ ਪਾਉਣ ਦਾ ਆਪਣਾ ਇਨਕਲਾਬੀ ਰੋਲ ਸਾਂਭਿਆ ਹੋਇਆ ਸੀ। ਵਧੇ ਬੱਸ ਕਿਰਾਇਆਂ ਖਿਲਾਫ ਸਭ ਤੋਂ ਪਹਿਲਾਂ ਸੰਘਰਸ਼ ਦੇ ਮੈਦਾਨ ਵਿੱਚ ਆ ਕੇ ਨੌਜੁਆਨ-ਵਿਦਿਆਰਥੀ ਲਹਿਰ ਨੇ ਆਪਣੇ ਬਣਦੇ ਰੋਲ ਨੂੰ ਸਾਂਭ ਲਿਆ ਸੀ। ਏਸ ਘੋਲ ਦੌਰਾਨ ਹੀ ਤਬਕੇ ਦੇ ਤੌਰ 'ਤੇ ਨੌਜੁਆਨ-ਵਿਦਿਆਰਥੀਆਂ ਦੀ ਬਾਕੀ ਮਿਹਨਤਕਸ਼ ਤਬਕਿਆਂ ਨੂੰ ਹਲੂਣ ਜਗਾਉਣ ਦੀ ਸਮਰੱਥਾ ਵੀ ਪੂਰੀ ਤਰ੍ਹਾਂ ਹਰਕਤ ਵਿੱਚ ਆਈ ਸੀ।
ਵਿਦਿਆਰਥੀ ਰੋਸ ਪ੍ਰਦਰਸ਼ਨਾਂ ਨਾਲ ਸ਼ੁਰੂ ਹੋਈ ਸੰਘਰਸ਼ ਦੀ ਉਠਾਣ ਨੂੰ ਠੱਲ੍ਹਣ ਲਈ ਸਰਕਾਰ ਨੇ ਕਾਲਜ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਤਾਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੇ 'ਪਿੰਡਾਂ ਨੂੰ ਕਾਲਜਾਂ 'ਚ ਬਦਲ ਦਿਓ' ਦਾ ਸੱਦਾ ਦੇ ਦਿੱਤਾ, ਜਿੱਥੇ ਪਹਿਲਾਂ ਹੀ ਨੌਜੁਆਨ ਭਾਰਤ ਸਭਾ ਦੇ ਝੰਡੇ ਹੇਠ ਜਥੇਬੰਦ ਹੋਈ ਪੇਂਡੂ ਨੌਜੁਆਨ ਤਾਕਤ ਮੌਜੂਦ ਸੀ। ਦੋਵੇਂ ਜਥੇਬੰਦੀਆਂ ਪਿਛਲੇ ਅਰਸੇ ਵਿੱਚ ਨੇੜਲੇ ਸੰਘਰਸ਼ਸ਼ੀਲ ਰਿਸ਼ਤੇ ਵਿੱਚ ਜੁੜੀਆਂ ਹੋਈਆਂ ਸਨ। ਪਿੰਡ ਸੰਘਰਸ਼ ਦੇ ਕੇਂਦਰ ਬਣ ਗਏ। ਨੌਜੁਆਨ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਵਿੱਚ ਬਣੀ ਵੱਖ ਵੱਖ ਮਿਹਨਤਕਸ਼ ਤਬਕਿਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੰਘਰਸ਼ ਸੱਦਿਆਂ ਨੂੰ ਲੋਕਾਂ ਨੇ ਉਤਸ਼ਾਹਜਨਕ ਹੁੰਗਾਰਾ ਭਰਿਆ ਸੀ। ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਅਖੌਤੀ ਵਿਰੋਧ ਕੇਂਦਰ ਦੇ ਮੁਕਾਬਲੇ ਹੋਂਦ ਵਿੱਚ ਆਏ, ਖਰੀਆਂ ਜਮਹੂਰੀ ਸ਼ਕਤੀਆਂ ਦੇ ਖਰੇ ਸੰਘਰਸ਼ਸ਼ੀਲ ਕੇਂਦਰ ਵਿੱਚ ਨੌਜੁਆਨਾਂ, ਵਿਦਿਆਰਥੀਆਂ ਨੇ ਧੁਰੇ ਦੀ ਭੂਮਿਕਾ ਅਖਤਿਆਰ ਕੀਤੀ। ਇਨਕਲਾਬੀ ਜਨਤਕ ਲੀਹ ਨੂੰ ਲਾਗੂ ਕਰਦਿਆਂ ਇਹ ਮਹੱਤਵਪੂਰਨ ਘੋਲ ਕੇਂਦਰ ਵਜੋਂ ਉੱਭਰਿਆ। ਸੰਘਰਸ਼ ਦੇ ਸ਼ੁਰੂ ਵਿੱਚ ਹੀ ਹਾਕਮਾਂ ਵੱਲੋਂ ਵਧੇ ਬੱਸ ਕਿਰਾਏ ਵਿਦਿਆਰਥੀਆਂ 'ਤੇ ਲਾਗੁ ਨਾ ਕਰਨ ਦੇ ਐਲਾਨਾਂ ਰਾਹੀਂ ਵਿਦਿਆਰਥੀਆਂ ਨੂੰ ਲੋਕਾਂ ਵਿੱਚੋਂ ਨਿਖੇੜਨ ਦੀ ਚਾਲ ਵਿਦਿਆਰਥੀਆਂ ਦੀ ਚੇਤਨਾ ਸਦਕਾ ਅਸਫਲ ਹੋ ਗਈ ਸੀ। ਪੰਜਾਬ ਭਰ ਵਿੱਚ ਰੈਲੀਆਂ, ਹੜਤਾਲਾਂ, ਮੁਜਾਹਰਿਆਂ, ਸੜਕ ਜਾਮਾਂ, ਬੱਸਾਂ ਦੇ ਘੇਰਾਓ ਅਤੇ ਹਵਾ ਕੱਢਣ ਵਰਗੇ ਜਨਤਕ ਜੁਝਾਰੂ ਐਕਸ਼ਨਾਂ ਦਾ ਅਰੁੱਕ ਸਿਲਸਿਲਾ ਸ਼ੁਰੂ ਹੋ ਗਿਆ ਸੀ। ਪਿੰਡਾਂ ਦੀਆਂ ਮਜ਼ਦੂਰ ਕਿਸਾਨ ਔਰਤਾਂ ਵੀ ਰੋਸ ਮੁਜਾਹਰਿਆਂ ਵਿੱਚ ਸ਼ਮੂਲੀਅਤ ਕਰਨ ਲੱਗੀਆਂ ਸਨ। ਮੁਲਾਜ਼ਮਾਂ ਦੀਆਂ ਕਈ ਜਥੇਬੰਦੀਆਂ ਨੇ ਇਸ ਮੰਗ ਦੀ ਹਮਾਇਤ ਵਿੱਚ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਸਨ। ਸੰਘਰਸ਼ ਲਹਿਰ ਆਏ ਦਿਨ ਨਵੇਂ ਪਿੰਡਾਂ ਤੱਕ ਫੈਲਣ ਲੱਗੀ ਸੀ ਅਤੇ ਹਾਕਮਾਂ ਦੀ ਨੀਂਦ ਹਰਾਮ ਹੋਣ ਲੱਗੀ ਸੀ। 18 ਨਵੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਕਸਬੇ ਵਿੱਚ ਵਿਦਿਆਰਥੀ ਮੁਜਾਹਰੇ 'ਤੇ ਪੁਲਸ ਵੱਲੋਂ ਲਾਠੀਚਾਰਜ ਅਤੇ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੇ ਸ਼ਹੀਦ ਹੋਣ, ਗੜ੍ਹਦੀਵਾਲਾ ਅਤੇ ਹੋਰਨਾਂ ਥਾਵਾਂ 'ਤੇ ਲਾਠੀਚਾਰਜ ਅਤੇ ਫਾਇਰਿੰਗ ਨਾਲ ਹਾਕਮਾਂ ਦੇ ਜਬਰ ਦਾ ਝੱਖੜ ਝੁੱਲਣਾ ਸ਼ੁਰੂ ਹੋ ਗਿਆ ਸੀ। ਆਏ ਦਿਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਦਿਆਰਥੀਆਂ ਤੇ ਲੋਕਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨਾਂ 'ਤੇ ਪੁਲਸ ਜਬਰ ਦਾ ਕਹਿਰ ਟੁੱਟਦਾ ਰਿਹਾ ਸੀ। ਪੁਲਸ ਅਧਿਕਾਰੀਆਂ ਨੂੰ ਸੰਘਰਸ਼ ਨੂੰ ਹਰ ਹੀਲੇ ਕੁਚਲਣ ਦੀਆਂ ਹਦਾਇਤਾਂ ਮਿਲ ਗਈਆਂ। ਲੋਕਾਂ 'ਤੇ ਡਾਂਗਾਂ ਚਲਾਉਣ ਅਤੇ ਗੋਲੀਆਂ ਵਰ੍ਹਾਉਣ ਦੀਆਂ ਖੁੱਲ੍ਹੀਆਂ ਛੋਟਾਂ ਦੇ ਦਿੱਤੀਆਂ ਗਈਆਂ। ਸੈਂਕੜੇ ਨੌਜੁਆਨ-ਵਿਦਿਆਰਥੀ ਗ੍ਰਿਫਤਾਰ ਹੋਏ, ਤਸ਼ੱਦਦ ਦਾ ਦੌਰ ਚੱਲਿਆ। ਇਸ ਦੌਰਾਨ ਹੀ ਰੱਲੇ ਵਾਲਾ ਕਾਂਡ ਵਾਪਰਿਆ। ਮਾਨਸਾ ਇਲਾਕੇ ਦੇ ਪਿੰਡ ਰੱਲਾ ਵਿਖੇ ਬੱਸਾਂ ਦਾ ਘਿਰਾਓ ਕਰ ਰਹੇ ਸਭਾ ਦੇ ਵਰਕਰਾਂ 'ਤੇ ਭੀਖੀ ਥਾਣੇ ਦੀ ਪੁਲਸ ਨੇ ਆਉਂਦਿਆਂ ਹੀ ਗੋਲੀ ਵਰ੍ਹਾ ਦਿੱਤੀ। ਲਾਭ ਸਿੰਘ ਮੌਕੇ 'ਤੇ ਹੀ ਸ਼ਹੀਦ ਹੋ ਗਿਆ ਅਤੇ ਇੱਕ ਹੋਰ ਨੌਜੁਆਨ ਸੁਰਜਨ ਸਿੰਘ ਗੰਭੀਰ ਜਖਮੀ ਹੋ ਗਿਆ। ਪੁਲਸ ਦੋਹਾਂ ਨੂੰ ਚੱਕ ਕੇ ਲੈ ਗਈ। 21 ਦੀ ਰਾਤ ਨੂੰ ਹੀ ਪੁਲਸ ਨੇ ਲਾਸ਼ ਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਬੁਢਲਾਡੇ ਦੇ ਵਿਦਿਆਰਥੀਆਂ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਮਾਨਸਾ ਲਿਆ ਕੇ ਸਸਕਾਰ ਕੀਤਾ। ਸਮਸ਼ਾਨ ਘਾਟ ਨੂੰ ਘੇਰਾ ਪਾ ਕੇ ਖੜ੍ਹੀ ਪੁਲਸ ਨੇ, ਸਸਕਾਰ ਤੋਂ ਵਾਪਸ ਮੁੜਦੇ ਨੌਜੁਆਨਾਂ 'ਤੇ ਫਿਰ ਲਾਠੀਚਾਰਜ ਕਰ ਦਿੱਤਾ ਅਤੇ ਅੰਨ੍ਹਾਂ ਜਬਰ ਢਾਹਿਆ।
ਬੱਸ ਕਿਰਾਇਆ ਘੋਲ ਤਿੰਨ ਮਹੀਨੇ ਪੂਰੇ ਵੇਗ ਨਾਲ ਜਾਰੀ ਰਿਹਾ। ਨੌਜੁਆਨ-ਵਿਦਿਆਰਥੀ ਲਹਿਰ ਨੇ ਪੇਂਡੂ ਮਿਹਨਤਕਸ਼ ਜਮਾਤਾਂ ਨਾਲ ਇੱਕਮਿੱਕ ਹੋਣ ਦੇ ਸੰਕਲਪ ਨੂੰ ਅਮਲੀ ਰੂਪ ਵਿੱਚ ਸਾਕਾਰ ਕਰਦਿਆਂ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਘੋਲ ਵਿੱਚ  ਲਿਆਉਣ ਲਈ ਤਾਣ ਜੁਟਾਇਆ ਅਤੇ ਸਫਲਤਾ ਹਾਸਲ ਕੀਤੀ। 'ਪਿੰਡਾਂ ਦੇ ਪਿੰਡ' ਲਾਮਬੰਦ ਕੀਤੇ ਗਏ। ਇਸ ਘੋਲ ਦੌਰਾਨ ਇਨਕਲਾਬੀ ਜਨਤਕ ਟਾਕਰੇ ਦੀਆਂ ਸ਼ਾਨਦਾਰ ਝਲਕਾਂ ਪੇਸ਼ ਹੋਈਆਂ। ਕਈ ਥਾਵਾਂ 'ਤੇ ਜਬਰ 'ਤੇ ਉੱਤਰੀ ਪੁਲਸ ਨੂੰ ਭਾਜੜ ਪਾਈ ਗਈ। 'ਘਿਰਾਓ ਨਹੀਂ ਹੋਣ ਦਿਆਂਗੇ' ਦੇ ਐਲਾਨਾਂ ਦੇ ਬਾਵਜੂਦ 17 ਦਸੰਬਰ ਨੂੰ ਬਠਿੰਡੇ ਵਿੱਚ ਡਾਂਗਾਂ ਨਾਲ ਲੈਸ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਆਵਾਜਾਈ ਠੱਪ ਕਰਨਾ, ਐਸ.ਡੀ.ਐਮ. ਵੱਲੋਂ ਹੱਥ ਖੜ੍ਹੇ ਕਰਕੇ ਜਨਤਕ ਇਕੱਠ ਵਿੱਚ ਪੇਸ਼ ਹੋਣਾ ਤੇ ਝੂਠੇ ਕੇਸ ਵਾਪਸ ਲੈਣ ਦਾ ਐਲਾਨ ਕਰਨਾ, 29 ਦਸੰਬਰ ਦੇ ਫੂਕ-ਕੱਢੋ ਐਕਸ਼ਨ ਸਮੇਂ 1500-2000 ਮਰਦਾਂ-ਔਰਤਾਂ ਵੱਲੋਂ ਛਾਜਲੀ ਵਿੱਚ ਫਾਇਰਿੰਗ ਕਰ ਰਹੀ ਪੁਲਸ ਨਾਲ ਜਚਵੀਂ ਟੱਕਰ ਲੈਣੀ ਅਤੇ ਪੁਲਸ ਭਜਾ ਦੇਣੀ, 21 ਜਨਵਰੀ ਨੂੰ ਗਿੱਲਪੱਤੀ ਵਿੱਚ ਘੇਰਾਓ ਸਮੇਂ ਵਰ੍ਹਦੀਆਂ ਗੋਲੀਆਂ ਵਿੱਚ ਪੁਲਸ ਅਫਸਰ ਨੂੰ ਡਾਂਗਾਂ ਨਾਲ ਸੁੱਟ ਲੈਣਾ ਅਤੇ ਕੁਟਾਪਾ ਕਰਨਾ- ਇਸ ਸ਼ਾਨਦਾਰ ਟਾਕਰੇ ਦੀਆਂ ਕੁਝ ਉੱਭਰਵੀਆਂ ਝਲਕਾਂ ਸਨ।
ਐਕਸ਼ਨ ਕਮੇਟੀ ਦੇ ਪਲੇਟਫਾਰਮ ਤੋਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਘੋਲ-ਅਖਾੜੇ 'ਚੋਂ ਗਦਾਰੀ ਕਰਕੇ ਭੱਜ ਨਿਕਲਣ ਦੇ ਬਾਵਜੂਦ ਘੋਲ ਨਗਾਰੇ ਦੀ ਧਮਕ ਉੱਚੀ ਰੱਖੀ ਅਤੇ ਅਤੇ ਹਕੂਮਤ ਖਿਲਾਫ ਨਫਰਤ ਪ੍ਰਚੰਡ ਕਰਨ ਦੇ ਨਾਲ, ਇਹਨਾਂ ਪਾਰਟੀਆਂ ਦੇ ਕਿਰਦਾਰ ਨੂੰ ਬੇਨਕਾਬ ਕਰਨ ਵਿੱਚ ਵੀ ਅਹਿਮ ਰੋਲ ਨਿਭਾਇਆ।
ਲੋਕ ਸੰਘਰਸ਼ਾਂ ਨੂੰ ਇਨਕਲਾਬੀ ਰੰਗ ਵਿੱਚ ਰੰਗਣ, ਵੇਗ-ਮੁਹੱਈਆ ਕਰਨ ਤੇ ਇਨਕਲਾਬੀ ਰੁਖ ਪ੍ਰਭਾਵਿਤ ਕਰ ਸਕਣ ਦੀ ਨੌਜੁਆਨ ਵਿਦਿਆਰਥੀ ਤਬਕੇ ਦੀ ਸਮਰੱਥਾ ਦੀ ਇਹ ਘੋਲ ਜ਼ੋਰਦਾਰ ਪੁਸ਼ਟੀ ਕਰਦਾ ਹੈ। ਇਉਂ, ਪੰਜਾਬ ਦੀ ਨੌਜੁਆਨ ਵਿਦਿਆਰਥੀ ਲਹਿਰ ਦੇ ਗੌਰਵਸ਼ਾਲੀ ਵਿਰਸੇ ਦਾ ਮਹੱਤਵਪੂਰਨ ਅਧਿਆਇ 'ਬੱਸ ਕਿਰਾਇਆ ਘੋਲ' ਨੌਜੁਆਨਾਂ ਵੱਲੋਂ ਤਬਕੇ ਦੇ ਤੌਰ 'ਤੇ ਨਿਭਾਏ ਸ਼ਾਨਦਾਰ ਇਨਕਲਾਬੀ ਰੋਲ ਨੂੰ ਉਜਾਗਰ ਕਰਦਾ ਹੈ। ਬਾਕੀ ਮਿਹਨਤਕਸ਼ ਤਬਕਿਆਂ ਲਈ ਝੰਜੋੜੂ s sਦਸਤਾ ਬਣਨ ਦੇ ਮਾਰਗ ਨੂੰ ਵੀ ਦਰਸਾਉਂਦਾ ਹੈ।
ਅਜੋਕੇ ਸਮਿਆਂ ਵਿੱਚ ਜਦੋਂ ਪੰਜਾਬ ਵਿੱਚ ਇਨਕਲਾਬ ਦੀਆਂ ਬੁਨਿਆਦੀ ਪੇਂਡੂ ਜਮਾਤਾਂ (ਖੇਤ ਮਜ਼ਦੂਰ ਅਤੇ ਗਰੀਬ ਕਿਸਾਨ) ਜਮਾਤੀ ਘੋਲ ਦੇ ਮੈਦਾਨ ਵਿੱਚ ਮੋਰਚੇ ਮੱਲ ਰਹੀਆਂ ਹਨ, ਤਾਂ ਨੌਜੁਆਨ-ਵਿਦਿਆਰਥੀਆਂ ਦੇ ਅਸਰਦਾਰ ਕੰਨ੍ਹੇ ਦੀ ਘਾਟ ਰੜਕ ਰਹੀ ਹੈ। ਤਾਂ ਵੀ ਬੀਤੇ ਕੁਝ ਸਾਲਾਂ ਤੋਂ ਨੌਜੁਆਨਾਂ ਅੰਦਰ ਇਨਕਲਾਬੀ ਸਿਆਸੀ ਵਿਚਾਰਾਂ ਪ੍ਰਤੀ ਮੁੜ ਜਾਗ ਰਹੀ ਦਿਲਚਸਪੀ ਦੇ ਝਲਕਾਰੇ ਨੋਟ ਹੋ ਰਹੇ ਹਨ। ਖਾਸ ਕਰਕੇ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਸਮਾਰੋਹਾਂ ਦੌਰਾਨ ਅਤੇ ਉਸਤੋਂ ਬਾਅਦ ਦੇ ਸਾਲਾਂ ਵਿੱਚ ਨੌਜੁਆਨਾਂ ਦੀ ਇਹਨਾਂ ਸਮਾਗਮਾਂ ਵਿੱਚ ਵਧੀ ਹੋਈ ਸ਼ਮੂਲੀਅਤ ਵੀ ਇਹੀ ਦਰਸਾਉਂਦੀ ਹੈ। ਸ਼ਹੀਦ ਭਗਤ ਸਿੰਘ ਅਤੇ ਕੌਮੀ ਮੁਕਤੀ ਲਹਿਰ ਦੇ ਹੋਰਨਾਂ ਸ਼ਹੀਦਾਂ ਦੇ ਦਿਹਾੜੇ ਮਨਾਉਣ ਤੇ ਉਹਨਾਂ ਨਾਲ ਸਬੰਧਤ ਸਾਹਿਤ ਪੜ੍ਹਨ ਦਾ ਰੁਝਾਨ ਵੀ ਵਧਿਆ ਹੈ। ਸਾਮਰਾਜੀ ਸਭਿਆਚਾਰਕ ਹਮਲੇ ਦੇ ਸਨਮੁਖ ਵੀ ਨੌਜੁਆਨਾਂ ਵਿੱਚ ਇਨਕਲਾਬੀ ਉਸਾਰੂ ਸਭਿਆਚਾਰਕ ਸਰਗਰਮੀਆਂ, ਵੱਖ ਵੱਖ ਕਲੱਬਾਂ, ਲਾਇਬਰੇਰੀਆਂ ਅਤੇ ਸੁਸਾਇਟੀਆਂ ਰਾਹੀਂ ਜਾਰੀ ਰਹਿ ਰਹੀਆਂ ਹਨ। ਇਸ ਤੋਂ ਬਿਨਾ ਵੱਖ ਵੱਖ ਖੇਤਰਾਂ ਦੇ ਟਰੇਨਿੰਗ ਪ੍ਰਾਪਤ ਬੇਰੁਜ਼ਗਾਰਾਂ ਜਾਂ ਠੇਕਾ ਪ੍ਰਣਾਲੀ ਤਹਿਤ ਕੰਮ ਕਰਦੇ ਅਰਧ-ਬੇਰੁਜ਼ਗਾਰਾਂ ਦੀਆਂ ਘੋਲ ਸਰਗਰਮੀਆਂ ਵੀ ਸੰਘਰਸ਼ਾਂ ਦੇ ਖੇਤਰ ਦੀਆਂ ਉੱਭਰਵੀਆਂ ਸਰਗਰਮੀਆਂ ਬਣੀਆਂ ਹੋਈਆਂ ਹਨ। ਮੌਜੂਦਾ ਦੌਰ ਦੇ ਲੋਕ-ਸੰਘਰਸ਼ਾਂ ਵਿੱਚ ਇਹਨਾਂ ਸੰਘਰਸ਼ਾਂ ਦਾ ਅਹਿਮ ਸਥਾਨ ਬਣਦਾ ਹੈ। ਭਾਵੇਂ ਇਹ ਸੰਘਰਸ਼ ਅਜੇ ਆਪਸੀ ਏਕਤਾ ਗੰਢਣ ਪੱਖੋਂ ਵੀ ਊਣੇ ਰਹਿ ਰਹੇ ਹਨ ਅਤੇ ਅਗਾਂਹ ਮਿਹਨਤਕਸ਼ ਜਨਤਾ ਨਾਲ ਆਪਣੀਆਂ ਤੰਦਾਂ ਜੋੜਨ ਤੇ ਸੰਘਰਸ਼ਸ਼ੀਲ ਬੁਨਿਆਦੀ ਜਮਾਤਾਂ ਨਾਲ ਸਾਂਝ ਉਸਾਰਨ ਪੱਥੋਂ ਵੀ ਕਾਫੀ ਪਿੱਛੇ ਹਨ ਪਰ ਏਸ ਰੁਖ ਹੋਏ ਪਿਛਲੇ ਤਜਰਬਿਆਂ ਦਾ ਹਾਂ-ਪੱਖੀ ਪਰਭਾਵ ਵੀ ਮੌਜੂਦ ਹੈ।
ਅਜਿਹੀਆਂ ਹਾਲਤਾਂ ਅੰਦਰ ਨੌਜੁਆਨ ਵਿਦਿਆਰਥੀ ਲਹਿਰ ਦੀ ਉਸਾਰੀ ਦਾ ਉੱਘੜਵਾਂ ਮਹੱਤਵ ਬਣਦਾ ਹੈ। ਨੌਜੁਆਨ ਵਿਦਿਆਰਥੀ ਲਹਿਰ ਦੇ ਸੱਜਰੇ ਇਤਿਹਾਸ ਨੂੰ ਉਭਾਰਨਾ ਚਾਹੀਦਾ ਹੈ ਅਤੇ ਉਹਨਾਂ ਵਰ੍ਹਿਆਂ ਵਿੱਚ ਨੌਜੁਆਨ ਵਿਦਿਆਰਥੀਆਂ ਵੱਲੋਂ ਨਿਭਾਏ ਸ਼ਾਨਦਾਰ ਇਨਕਲਾਬੀ ਸਮਾਜਕ ਰੋਲ ਨੂੰ ਉਚਿਆਇਆ ਜਾਣਾ ਚਾਹੀਦਾ ਹੈ। ਜੇਕਰ ਮਜ਼ਦੂਰ ਕਿਸਾਨ ਜਨਤਾ ਦੇ ਨਾਲ ਨਾਲ ਨੌਜੁਆਨ ਵਿਦਿਆਰਥੀ ਲਹਿਰ ਆਪਣਾ ਬਣਦਾ ਮੋਰਚਾ ਮੱਲ ਲਵੇ ਤਾਂ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੂੰ ਹੋਰ ਰਵਾਨਗੀ ਮਿਲ ਸਕਦੀ ਹੈ, ਇਹਦੀ ਇਨਕਲਾਬੀ ਰੰਗਤ ਹੋਰ ਗੂੜ੍ਹੀ ਹੋ ਸਕਦੀ ਹੈ। ਇਹ ਖੱਪਾ ਜਲਦੀ ਪੂਰਿਆ ਜਾਣਾ ਚਾਹੀਦਾ ਹੈ।
****
ਕੌਮਾਂਤਰੀ ਔਰਤ ਦਿਹਾੜੇ (8 ਮਾਰਚ) ਦਾ ਸੰਦੇਸ਼
8 ਮਾਰਚ ਦਾ ਦਿਹਾੜਾ ਔਰਤਾਂ ਦਾ ਕੌਮਾਂਤਰੀ ਦਿਹਾੜਾ ਹੈ। ਇਸ ਦਿਹਾੜੇ ਦੀ ਸ਼ੁਰੂਆਤ 1910 ਵਿੱਚ ਸੰਸਾਰ ਦੀਆਂ ਸਮਾਜਵਾਦੀ ਔਰਤਾਂ ਵੱਲੋਂ ਪਾਏ ਇੱਕ ਮਤੇ ਨਾਲ ਹੋਈ। ਉਦੋਂ ਤੋਂ ਹੀ ਇਹ ਦਿਹਾੜਾ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਮਨੁੱਖ ਦੇ ਤੌਰ 'ਤੇ ਔਰਤਾਂ ਦੀ ਮਰਦਾਂ ਦੇ ਬਰਾਬਰ ਦੀ ਹੈਸੀਅਤ ਸਥਾਪਤ ਕਰਨਾ ਇਸ ਦਿਹਾੜੇ ਦਾ ਇੱਕ ਨਿਸ਼ਾਨਾ ਹੈ। ਪਰ ਔਰਤਾਂ ਸਿਰਫ ਮਰਦਾਵੇਂ ਦਾਬੇ ਅਤੇ ਵਿਤਕਰੇ ਦਾ ਹੀ ਸ਼ਿਕਾਰ ਨਹੀਂ ਹਨ। ਮਨੁੱਖ ਵਜੋਂ ਸਮਾਜ ਅੰਦਰ ਮੌਜੁਦ ਹੋਰ ਸਭ ਕਿਸਮ ਦੇ ਦਾਬੇ ਅਤੇ ਵਿਤਕਰੇ ਵੀ ਹੰਢਾਉਂਦੀਆਂ ਹਨ। ਇਹਨਾਂ ਵਿੱਚੋਂ ਜਮਾਤੀ ਦਾਬਾ ਸਭ ਤੋਂ ਵੱਡਾ ਹੈ। ਮਰਦਾਵੇਂ ਦਾਬੇ ਦਾ ਖਾਤਮਾ ਇਸ ਦਾਬੇ ਦੇ ਖਾਤਮੇ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਜਮਾਤੀ ਦਾਬੇ ਦਾ ਖਾਤਮਾ ਔਰਤਾਂ ਦੀ ਲਹਿਰ ਦਾ ਨਿਸ਼ਾਨਾ ਹੈ, ਪਰ ਜਮਾਤੀ ਦਾਬੇ ਖਿਲਾਫ ਘੋਲ ਦੇ ਨਾਲ ਨਾਲ ਮਰਦਾਵੇਂ ਦਾਬੇ ਖਿਲਾਫ ਘੋਲ ਵੀ ਜ਼ਰੂਰੀ ਹੈ। ਇਹ ਔਰਤਾਂ ਦੀ ਇਨਕਲਾਬੀ ਲਹਿਰ ਦਾ ਵਿਸ਼ੇਸ਼ ਕਾਰਜ ਹੈ, ਪਰ ਇਹ ਸਿਰਫ ਔਰਤਾਂ ਦੀ ਇਨਕਲਾਬੀ ਲਹਿਰ ਦਾ ਹੀ ਕਾਰਜ ਨਹੀਂ ਹੈ। ਸਭਨਾਂ ਲੋਕਾਂ ਦੀ ਇਨਕਲਾਬੀ ਲਹਿਰ ਦਾ ਵੀ ਜ਼ਰੂਰੀ ਅਤੇ ਅਹਿਮ ਕਾਰਜ ਹੈ। ਇਨਕਲਾਬੀ ਲਹਿਰਾਂ ਔਰਤਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਗੈਰ ਪੂਰਾ ਜੋਬਨ ਹਾਸਲ ਨਹੀਂ ਕਰ ਸਕਦੀਆਂ। ਜਿੱਤ ਨਹੀਂ ਪ੍ਰਾਪਤ ਕਰ ਸਕਦੀਆਂ। ਨਾ ਹੀ ਔਰਤਾਂ ਦੀ ਸਰਗਰਮ ਸ਼ਮੂਲੀਅਤ ਬਗੈਰ ਨਵਾਂ ਸਮਾਜ ਉੱਸਰ ਸਕਦਾ ਹੈ। ਇਸ ਕਰਕੇ ਔਰਤਾਂ ਨੂੰ ਘਰਾਂ ਦੀ ਵਲਗਣ ਵਿੱਚ ਕੈਦ ਰੱਖਣ ਦੀ ਹਾਲਤ ਨੂੰ ਬਰਦਾਸ਼ਤ ਕਰਨ ਦਾ ਮਤਲਬ ਇਨਕਲਾਬੀ ਜਮਾਤੀ ਘੋਲਾਂ ਦੀ ਤਰੱਕੀ ਦਾ ਰਾਹ ਰੋਕਣਾ ਹੈ। ਨਵੇਂ ਇਨਕਲਾਬੀ ਸਮਾਜ ਦੀ ਉਸਾਰੀ ਵੱਲ ਜਾਂਦੇ ਕਦਮਾਂ ਦਾ ਰਾਹ ਰੋਕਣਾ ਹੈ। ਜਮਾਤੀ ਘੋਲਾਂ ਦਾ ਕੋਈ ਕਾਰਕੁੰਨ ਧੁਰ ਅੰਦਰੋਂ ਕਿਸ ਹੱਦ ਤੱਕ ਇਨਕਲਾਬੀ ਹੈ, ਇਸਦਾ ਇੱਕ ਅਹਿਮ ਪੈਮਾਨਾ ਇਹ ਗੱਲ ਬਣਦੀ ਹੈ ਕਿ ਔਰਤ ਵਿਰੋਧੀ ਪਿਛਾਂਹ-ਖਿੱਚੂ ਕਦਰਾਂ-ਕੀਮਤਾਂ ਬਾਰੇ ਉਸਦਾ ਰਵੱਈਆ ਕੀ ਹੈ। ਉਹ ਔਰਤ ਵਿਰੋਧੀ ਸੰਸਕਾਰਾਂ ਅਤੇ ਤੁਅੱਸਬਾਂ ਤੋਂ ਕਿਸ ਹੱਦ ਤੱਕ ਮੁਕਤ ਹੈ। ਔਰਤਾਂ ਦੀ ਸਮਾਜਕ ਸਰਗਰਮੀ ਅਤੇ ਜਮਾਤੀ ਘੋਲ ਸਰਗਰਮੀ ਦਾ ਰਾਹ ਪੱਧਰਾ ਕਰਨ ਲਈ ਆਪਣੇ ਵਿਸ਼ੇਸ਼ ਅਤੇ ਨਹੱਕੇ ਮਰਦਾਵੇਂ ਅਧਿਕਾਰਾਂ ਨੂੰ ਤਿਆਗਣ ਲਈ ਕਿਸ ਹੱਦ ਤੱਕ ਤਿਆਰ ਹੈ।
ਇਸ ਪੱਖੋਂ 8 ਮਾਰਚ ਦਾ ਦਿਹਾੜਾ ਸਿਰਫ ਔਰਤਾਂ ਲਈ ਹੀ ਨਹੀਂ, ਲੋਕਾਂ ਦੀਆਂ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਲਈ ਮਹੱਤਵਪੂਰਨ ਹੈ। ਖਾਸ ਕਰਕੇ, ਉਹਨਾਂ ਜਥੇਬੰਦੀਆਂ ਲਈ, ਜਿਹੜੀਆਂ ਇਨਕਲਾਬੀ ਨਿਸ਼ਾਨਿਆਂ ਲਈ ਜੂਝਦੀਆਂ ਹਨ ਜਾਂ ਇਸਦਾ ਦਾਅਵਾ ਕਰਦੀਆਂ ਹਨ। ਗੱਲ ਸਿਰਫ ਰਸਮੀ ਤੌਰ 'ਤੇ 8 ਮਾਰਚ ਦਾ ਦਿਹਾੜਾ ਮਨਾਉਣ ਦੀ ਨਹੀਂ ਹੈ। ਔਰਤਾਂ ਨਾਲ ਵਿਤਕਰੇ ਖਿਲਾਫ ਸੰਘਰਸ਼ ਨੂੰ ਆਪਣੀ ਸਰਗਰਮੀ ਦਾ ਜ਼ਰੂਰੀ ਅੰਗ ਬਣਾਉਣ ਦੀ ਹੈ। ਔਰਤਾਂ ਦੀ ਜਮਾਤੀ ਘੋਲਾਂ ਵਿੱਚ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਜੁਟਾਉਣ ਦੀ ਹੈ। ਇਸ ਖਾਤਰ ਔਰਤ-ਵਿਰੋਧੀ ਵਿਚਾਰਾਂ ਅਤੇ ਸੰਸਕਾਰਾਂ ਖਿਲਾਫ ਸਿੱਖਿਆ ਮੁਹਿੰਮਾਂ ਚਲਾਉਣ ਦੀ ਅਤੇ ਜਮਹੂਰੀ ਰਵੱਈਏ ਦਾ ਪਸਾਰਾ ਕਰਨ ਦੀ ਹੈ।
ਪਿਛਲੇ ਅਰਸੇ ਤੋਂ ਪੰਜਾਬ ਅੰਦਰ ਲੋਕ ਸੰਘਰਸ਼ ਸਰਗਰਮੀਆਂ ਵਿੱਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਦੀਆਂ ਸੁਲੱਖਣੀਆਂ ਅਤੇ ਉਤਸ਼ਾਹੀ ਝਲਕਾਂ ਮਿਲ ਰਹੀਆਂ ਹਨ। ਇਹ ਉਹਨਾਂ ਦੇ ਜੂਝਣ ਦੇ ਦਮ-ਖਮ ਅਤੇ ਸੂਝ ਦੀ ਗਵਾਹੀ ਭਰ ਰਹੀਆਂ ਹਨ। ਕੁਝ ਚਿਰ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਨਿਉਰ ਪਿੰਡ ਵਿੱਚ ਹੋਏ ਜਬਰ ਖਿਲਾਫ ਇੱਕ ਹਜ਼ਾਰ ਤੋਂ ਵੱਧ ਔਰਤਾਂ ਨੇ ਸ਼ਹਿਰ ਵਿੱਚ ਮੁਜਾਹਰਾ ਕੀਤਾ ਹੈ। 20 ਮਾਰਚ ਨੂੰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਯਾਦ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਔਰਤਾਂ ਦੀ ਭਾਰੀ ਸ਼ਮੂਲੀਅਤ ਹੋਈ ਹੈ, ਜਿਹੜੀ ਕੁੱਲ ਇਕੱਠ ਦਾ ਤੀਜਾ ਹਿੱਸਾ ਸੀ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਜੁਝਾਰ ਘੋਲ ਸਰਗਰਮੀ ਲਗਾਤਾਰ ਸਭਨਾਂ ਦਾ ਧਿਆਨ ਖਿੱਚਦੀ ਆ ਰਹੀ ਹੈ ਅਤੇ ਇਸਦਾ ਲਿਸ਼ਕਾਰਾ ਮੁਲਾਜ਼ਮ ਹਲਕਿਆਂ ਅੰਦਰ ਉਤਸ਼ਾਹੀ ਮਾਹੌਲ ਦੇ ਸੰਚਾਰ ਵਿੱਚ ਹਿੱਸਾ ਪਾਉਦਾ ਰਿਹਾ ਹੈ। ਈ.ਟੀ.ਟੀ. ਅਧਿਆਪਕਾਵਾਂ ਅਤੇ ਬੇਰੁਜ਼ਗਾਰ ਪੜ੍ਹੀਆਂ-ਲਿਖੀਆਂ ਕੁੜੀਆਂ ਦੀਆਂ ਕਿੰਨੀਆਂ ਹੀ ਵੰਨਗੀਆਂ ਅਣਥੱਕ ਸੰਘਰਸ਼ ਦੀ ਭਾਵਨਾ ਪ੍ਰਗਟ ਕਰਦੀਆਂ ਰਹੀਆਂ ਹਨ। ਇਹ ਹਾਲਤ ਦੱਸਦੀ ਹੈ ਕਿ ਖੇਤ ਮਜ਼ਦੂਰ ਅਤੇ ਕਿਸਾਨ ਪੇਂਡੂ ਔਰਤਾਂ ਸਮੇਤ ਪੰਜਾਬ ਦੀਆਂ ਔਰਤਾਂ ਚੁੱਲ੍ਹੇ-ਚੌਂਕੇ ਦੀ ਦੁਨੀਆਂ ਤੱਕ ਸੀਮਤ ਨਹੀਂ ਹਨ। ਉਹ ਘਰਾਂ ਦੀ ਵਲਗਣ ਤੋਂ ਬਾਹਰ, ਜਮਾਤੀ ਘੋਲਾਂ ਦੇ ਅਖਾੜਿਆਂ ਵਿੱਚ ਨਿੱਤਰ ਰਹੀਆਂ ਹਨ ਅਤੇ ਇਹ ਕਾਫਲੇ ਵੱਡੇ ਹੋ ਰਹੇ ਹਨ।
ਇਹ ਸਥਿਤੀ ਸਭਨਾਂ ਲਈ ਜ਼ਰੂਰੀ ਬਣਾਉਂਦੀ ਹੈ ਕਿ ਜਮਾਤੀ ਘੋਲਾਂ ਅੰਦਰ ਔਰਤਾਂ ਦੀ ਸ਼ਮੂਲੀਅਤ ਨੂੰ ਤਕੜਾਈ ਦੇਣ ਲਈ ਔਰਤ ਹੱਕਾਂ ਦੇ ਸਮਰਥਨ 'ਤੇ ਜ਼ੋਰ ਵਧਾਇਆ ਜਾਵੇ। ਜਗੀਰੂ ਦਾਬੇ ਦੇ ਮਾਹੌਲ ਨੂੰ ਸੰਨ੍ਹ ਲਾਉਣ ਲਈ ਉਪਰਾਲੇ ਤੇਜ ਕੀਤੇ ਜਾਣ। ਜਮਾਤੀ ਦਾਬੇ ਖਿਲਾਫ ਔਰਤਾਂ ਦਾ ਅੰਗੜਾਈ ਭਰ ਰਿਹਾ ਸਵੈਮਾਣ ਜਮਾਤੀ ਘੋਲਾਂ ਨੂੰ ਤਕੜਾਈ ਦੇ ਰਿਹਾ ਹੈ। ਇਸਦਾ ਲਾਜ਼ਮੀ ਨਤੀਜਾ ਇਹ ਵੀ ਹੋਣਾ ਹੈ ਕਿ ਮਰਦਾਵੇਂ ਦਾਬੇ ਅਤੇ ਵਿਤਕਰੇ ਸਮੇਤ, ਹਰ ਕਿਸਮ ਦੇ ਦਾਬੇ ਵਿਤਕਰੇ ਖਿਲਾਫ ਉਹਨਾਂ ਦੇ ਸਵੈਮਾਣ ਨੇ ਵੀ ਅੰਗੜਾਈ ਭਰਨੀ ਹੈ। ਇਨਕਲਾਬੀ ਜਥੇਬੰਦੀਆਂ ਨੂੰ ਇਸ ਅੰਗੜਾਈ ਦਾ ਸੁਆਗਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸਹੀ ਇਨਕਲਾਬੀ ਦਿਸ਼ਾ ਵਿੱਚ ਅੱਗੇ ਵਧਾਉਣ ਦੀ ਜੁੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਆਪਣੇ ਕਾਰਕੁੰਨਾਂ ਨੂੰ ਇਸਦੇ ਮਹੱਤਵ ਬਾਰੇ ਲੈਸ ਕਰਨਾ ਚਾਹੀਦਾ ਹੈ। ਔਰਤਾਂ ਦੇ ਆਪਣੇ ਵਿਸ਼ੇਸ਼ ਹੱਕਾਂ ਬਾਰੇ ਸਰੋਕਾਰਾਂ ਨੂੰ ਸੰਬੋਧਤ ਹੋ ਕੇ ਅਤੇ ਕਲਾਵੇ ਵਿੱਚ ਲੈ ਕੇ ਹੀ ਔਰਤਾਂ ਦੀ ਸਰਗਰਮੀ ਪੂਰੇ ਖੇੜੇ ਵਿੱਚ ਆ ਸਕਦੀ ਹੈ। ਅਜਿਹੀ ਸਰਗਰਮੀ ਰਾਹੀਂ ਹੀ ਔਰਤਾਂ ਇਨਕਲਾਬੀ ਸਮਾਜਕ ਸ਼ਕਤੀ ਵਜੋਂ ਆਪਣਾ ਪੂਰਾ ਰੋਲ ਅਦਾ ਕਰਨ ਲਈ ਅੱਗੇ ਵਧ ਸਕਦੀਆਂ ਹਨ।
ਕੁੱਲ ਮਿਲਾ ਕੇ 8 ਮਾਰਚ ਦੇ ਦਿਹਾੜੇ ਦਾ ਠੋਸ ਸੰਦੇਸ਼ ਇਹ ਬਣਦਾ ਹੈ ਕਿ ਔਰਤਾਂ ਦੀ ਸਮਾਜਕ ਬਰਾਬਰੀ ਅਤੇ ਜਮਹੂਰੀ ਹੱਕਾਂ ਲਈ ਸੰਘਰਸ਼ ਦਾ ਝੰਡਾ ਉੱਚਾ ਕਰੋ। ਇਨਕਲਾਬੀ ਜਮਾਤੀ ਘੋਲਾਂ ਵਿੱਚ ਆਪਣੀ ਥਾਂ ਮੱਲਣ ਲਈ ਅੱਗੇ ਵਧੋ। ਨਵੇਂ ਇਨਕਲਾਬੀ ਜਮਹੂਰੀ ਸਮਾਜ ਦੀ ਸਥਾਪਨਾ ਲਈ ਇਰਾਦੇ ਪ੍ਰਚੰਡ ਕਰੋ।
ਪੈਰਿਸ ਕਮਿਊਨ 'ਚ ਪ੍ਰੋਲੇਤਾਰੀ ਔਰਤਾਂ ਦੀ ਭੂਮਿਕਾ

—ਗੁਲਜ਼ਾਰ ਸਿੰਘ
(ਪੈਰਿਸ ਕਮਿਊਨ ਮਜ਼ਦੂਰ ਜਮਾਤ ਦੀ ਸਰਮਾਏਦਾਰਾ ਜਮਾਤ ਨੂੰ ਉਲਟਾਉਣ ਦੀ ਪਹਿਲੀ ਮਸ਼ਕ ਸੀ। 18 ਮਾਰਚ ਤੋਂ 28 ਮਈ 1871 ਤੱਕ ਪ੍ਰੋਲੇਤਾਰੀ ਰਾਜ ਦਾ ਸੂਹਾ ਝੰਡਾ ਪੈਰਿਸ 'ਤੇ ਝੂਲਦਾ ਰਿਹਾ। ਇਸ ਥੋੜ੍ਹੇ ਜਿਹੇ ਅਰਸੇ ਵਿੱਚ ਮਜ਼ਦੂਰ ਜਮਾਤ ਦੇ ਰਾਜ ਅਧੀਨ ਬਾਕਾਇਦਾ ਫੌਜ ਦਾ ਫਸਤਾ ਵੱਢ ਕੇ ਸਾਰੀ ਤਾਕਤ ਲੋਕਾਂ ਦੀ ਹਥਿਆਰਬੰਦ ਸ਼ਕਤੀ ਦੇ ਹਵਾਲੇ ਕਰ ਦਿੱਤੀ ਗਈ- ਪੁਲਸ ਨੂੰ ਸਿਆਸੀ ਕੰਮਾਂ ਤੋਂ ਲਾਂਭੇ ਕਰ ਦਿੱਤਾ ਗਿਆ ਅਤੇ ਕਮਿਊਨ ਦੇ ਹੱਥਾਂ ਵਿੱਚ ਕਦੇ ਵੀ ਲਾਂਭੇ ਕੀਤੇ ਜਾ ਸਕਣ ਵਾਲੇ ਜਵਾਬਦੇਹ ਸੰਦ 'ਚ ਬਦਲ ਦਿੱਤਾ ਗਿਆ- ਕਮਿਊਨ ਆਮ ਲੋਕਾਂ ਦੀ ਚੁਣੀ ਹੋਈ ਸੰਸਥਾ ਸੀ, ਇਸਦੇ ਮੈਂਬਰ ਕਿਸੇ ਵੀ ਸਮੇਂ ਵਾਪਸ ਬੁਲਾਏ ਜਾ ਸਕਦੇ ਸਨ।
ਕਮਿਊਨ ਨੇ ਸਭਨਾਂ ਖੇਤਰਾਂ ਵਿੱਚ ਸਰਮਾਏਦਾਰੀ ਦੀ ਚੌਧਰ 'ਤੇ ਹੱਲਾ ਬੋਲਿਆ ਅਤੇ ਇਸਦੀ ਰਾਜਸੀ ਤਾਕਤ ਅਤੇ ਵਿਚਾਰਧਾਰਾ ਦੇ ਪ੍ਰਤੀਕ ਤਬਾਹ ਕਰ ਦਿੱਤੇ। ਕਮਿਊਨ ਦੀ ਇਸ ਚੜ੍ਹਤ ਤੋਂ ਭੈਭੀਤ ਹੋਈ ਫਰਾਂਸ ਦੀ ਸਰਮਾਏਦਾਰੀ ਨੇ ਜਿਹੜੀ ਜਰਮਨੀ ਨਾਲ ਜੰਗ ਲੜ ਰਹੀ ਸੀ, ਜਰਮਨ ਦੀਆਂ ਫੌਜਾਂ ਅੱਗੇ ਗੋਡੇ ਟੇਕ ਦਿੱਤੇ ਤੇ ਸਮਝੌਤਾ ਕਰ ਲਿਆ। ਜਰਮਨੀ ਦੀਆਂ ਫੌਜਾਂ ਨੇ ਪੈਰਿਸ 'ਤੇ ਹੱਲ ਬੋਲ ਕੇ ਕਮਿਊਨ ਤਬਾਹ ਕਰ ਦਿੱਤਾ। ਪੈਰਿਸ ਦੀ ਮਜ਼ਦੂਰ ਜਮਾਤ ਅੰਤਮ ਦਮ ਤੱਕ ਬਹਾਦਰੀ ਨਾਲ ਜੂਝੀ ਅਤੇ 30000 ਲੋਕਾਂ ਨੇ ਸ਼ਹੀਦੀਆਂ ਪਾਈਆਂ। ਇਸ ਸ਼ਾਨਾਂਮੱਤੇ ਸੰਗਰਾਮ 'ਚ ਪ੍ਰੋਲੇਤਾਰੀ ਔਰਤਾਂ ਵੱਲੋਂ ਨਿਭਾਏ ਰੋਲ ਦੀ ਇੱਕ ਝਲਕ ਪੇਸ਼ ਕਰਦੀ ਲਿਖਤ ਅਸੀਂ ਹੇਠਾਂ ਛਾਪ ਰਹੇ ਹਾਂ। —ਸੰਪਾਦਕ)
''ਲੂਈਸ ਮਾਈਕਲ ਨੇ ਇੱਕ ਰਾਈਫਲ ਕਬਜ਼ੇ 'ਚ ਕੀਤੀ, ਇਸ ਨੂੰ ਆਪਣੇ ਕੋਟ ਥੱਲੇ ਕੀਤਾ ਅਤੇ ਚਿਲਾਉਂਦੀ ਹੋਈ ਲਾਈਨ ਵੱਲ ਭੱਜ ਤੁਰੀ, ''ਦੇਸ਼ ਧੋਰਹੀ!  ਦੇਸ਼ ਧਰੋਹੀ!!'' ਸੁਤੇਸਿੱਧ ਹੀ ਮਜ਼ਦੂਰ ਔਰਤਾਂ ਅਤੇ ਨੌਜੁਆਨਾਂ ਦੀ ਇੱਕ ਟੁਕੜੀ ਨੇ ਫੌਜਾਂ ਅੱਗੇ ਮਨੁੱਖੀ ਕੰਧ ਖੜ੍ਹੀ ਕਰ ਦਿੱਤੀ। ਔਰਤਾਂ ਗਰਜੀਆਂ, ''ਕੀ ਤੁਸੀਂ ਸਾਡੇ 'ਤੇ ਗੋਲੀ ਚਲਾਉਗੇ, ਸਾਡੇ ਪਤੀਆਂ, ਸਾਡੇ ਬੱਚਿਆਂ 'ਤੇ ਗੋਲੀ ਚਲਾਉਗੇ?'' ਸਿਪਾਹੀ ਜਕੋਤਕੀ ਵਿੱਚ ਪੈ ਗਏ। ਇੱਕ ਸਰਜੈਂਟ ਚੀਕਿਆ ''ਆਪਣੇ ਹਥਿਆਰ ਤਾਣ ਲਓ।'' ਤੇ ਇਹ ਸੀ ਜੋ ਸਿਪਾਹੀਆਂ ਨੇ ਕੀਤਾ। ਭੀੜ ਧੁੱਸ ਦੇ ਕੇ ਸਿਪਾਹੀਆਂ 'ਚ ਵੜ ਗਈ ਤੇ ਸਿਪਾਹੀਆਂ ਨੇ ਆਪਣੇ ਹੀ ਜਰਨੈਲ ਨੂੰ ਗ੍ਰਿਫਤਾਰ ਕਰ ਲਿਆ। ਬਾਅਦ 'ਚ ਉਸਨੇ ਕਿਹਾ, ''ਔਰਤਾਂ ਅਤੇ ਬੱਚੇ ਆਏ ਤੇ ਸਿਪਾਹੀਆਂ 'ਚ ਰਲ ਗਏ। ਅਸੀਂ ਇਹਨਾਂ ਲੋਕਾਂ ਨੂੰ ਸਿਪਾਹੀਆਂ ਕੋਲ ਆਉਣ ਦੇ ਕੇ ਭਾਰੀ ਗਲਤੀ ਕੀਤੀ ਕਿਉਂਕਿ ਉਹ ਉਹਨਾਂ ਨਾਲ ਘੁਲਮਿਲ ਗਏ ਅਤੇ ਔਰਤਾਂ ਨੇ ਉਹਨਾਂ ਨੂੰ ਸਮਝਾ ਦਿੱਤਾ, ''ਤੁਸੀਂ ਲੋਕਾਂ 'ਤੇ ਗੋਲੀ ਨਹੀਂ ਚਲਾਉਣੀ।''
ਇਹ ਮਜ਼ਦੂਰ ਜਮਾਤ ਦੇ ਪਹਿਲੇ ਇਤਿਹਾਸਕ ਜੌਹਰ ਪੈਰਿਸ ਕਮਿਊਨ ਵੇਲੇ ਦੀ ਝਲਕੀ ਹੈ। ਜਦੋਂ 18 ਮਾਰਚ 1871 ਨੂੰ ਪੈਰਿਸ 'ਤੇ ਧਾਵਾ ਬੋਲਣ ਵਾਲੀਆਂ ਫਰਾਂਸ ਦੀ ਬੁਰਜੂਆ ਹਕੂਮਤ ਦੀਆਂ ਫੌਜਾਂ, ਪੈਰਿਸ ਦੇ ਮਜ਼ਦੂਰਾਂ ਨੇ ਸ਼ਹਿਰ ਤੋਂ ਖਦੇੜ ਸੁੱਟੀਆਂ ਅਤੇ ਸੱਤਾ ਆਪਣੇ ਹੱਥ ਲੈ ਲਈ।
ਬੁਰਜੂਆ ਫੌਜਾਂ ਦੇ ਹੱਲੇ ਖਿਲਾਫ ਹਥਿਆਰਬੰਦ ਟੱਕਰ 'ਚ ਔਰਤਾਂ ਦੀ ਅਗਵਾਈ ਕਰਨ ਵਾਲੀ ਲੂਈਸ ਮਾਈਕਲ ਪੈਰਿਸ ਕਮਿਊਨ ਦੀਆਂ ਮਹਾਨ ਹਸਤੀਆਂ ਵਿੱਚੋਂ ਇੱਕ ਸੀ। ਇਨਕਲਾਬੀ ਕਾਜ ਨੂੰ ਪ੍ਰਣਾਈਆਂ ਇਤਿਹਾਸ ਦੀਆਂ ਅਨੇਕਾਂ ਔਰਤਾਂ ਵਾਂਗ ਉਹਦੀ ਜ਼ਿੰਦਗੀ ਵੀ ਮਜ਼ਦੂਰ ਜਮਾਤ ਦੇ ਸਿਆਸੀ ਕਾਜ ਲਈ ਜਾਤੀ ਲੋੜਾਂ ਅਤੇ ਉਮੰਗਾਂ ਨੂੰ ਕੁਰਬਾਨ ਕਰ ਦੇਣ ਦੀ ਦਾਸਤਾਨ ਸੀ। ਉਹਨੇ ਇਨਕਲਾਬੀ ਆਦਰਸ਼ ਦੀ ਸਾਂਝ ਦੇ ਬਗੈਰ ਕਿਸੇ ਨਾਲ ਵਿਆਹ ਕਰਵਾਉਣੋਂ ਇਨਕਾਰ ਕਰ ਦਿੱਤਾ ਅਤੇ ਸਕੂਲ ਅਧਿਆਪਕਾ ਬਣ ਕੇ ਖੁਦ ਆਪਣਾ ਗੁਜ਼ਾਰਾ ਤੋਰਿਆ। ਆਪਣੇ ਹੱਥ ਆਉਂਦੇ ਥੋੜ੍ਹੇ ਬਹੁਤੇ ਪੈਸੇ ਵੀ ਉਹ ਹੋਰਨਾਂ ਦੀਆਂ ਲੋੜਾਂ ਲਈ ਖਰਚ ਦਿੰਦੀ। ਇੱਕ ਵਾਰੀ ਉਸਦੇ ਦੋਸਤ, ਪ੍ਰਸਿਧ ਕਵੀ ਵਿਕਟਰ ਹਿਊਗੋ ਨੇ ਇਹ ਸਭ ਪਤਾ ਲੱਗਣ 'ਤੇ ਕਿ ਉਸ ਕੋਲ ਇੱਕ ਪਤਲੇ ਕੰਬਲ ਤੋਂ ਬਿਨਾ ਕੁਝ ਨਹੀਂ ਹੈ, ਉਸਨੂੰ ਇੱਕ ਨਿੱਘੀ ਰਜਾਈ ਖਰੀਦਣ ਲਈ ਕੁਝ ਪੈਸੇ ਭੇਜੇ- ਪਰ ਲੂਈਸ ਨੇ ਇਹ ਪੈਸੇ ਕਿਸੇ ਹੋਰ ਲਈ ਖਰਚ ਦਿੱਤੇ। ਅਗਲੀ ਵਾਰ ਵਿਕਟਰ ਹਿਊਗੋ ਨੇ ਉਸਨੂੰ ਇਸ ਸ਼ਰਤ 'ਤੇ ਹੋਰ ਪੈਸੇ ਭੇਜਣ ਦੀ ਪੇਸ਼ਕਸ਼ ਕੀਤੀ ਕਿ ਉਹ ਇਹਨਾਂ ਨੂੰ ਸਿਰਫ ਆਪਣੇ 'ਤੇ ਖਰਚ s sਕਰੇ। ਲੂਈਸ ਦਾ ਜਵਾਬ ਸੀ, ''ਆਪਣੇ ਪੈਸੇ ਆਪਣੇ ਕੋਲ ਰੱਖ- ਮੈਥੋਂ ਇਹ ਵਾਅਦਾ ਨੀ ਨਿਭਾਇਆ ਜਾਣਾ।''
ਕਮਿਊਨ ਦੇ ਹਾਰ ਜਾਣ ਪਿੱਛੋਂ ਉਹ 1873 ਵਿੱਚ ਨਿਊ ਕੈਲੇਡੋਨੀਆਂ ਵਿੱਚ ਜਲਾਵਤਨ ਕਰ ਦਿੱਤੀ ਗਈ। ਉਸਨੇ ਕੈਲੇਡੋਨੀਆਂ ਦੇ ਸਥਾਨਕ ਵਸਨੀਕਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ 1878 ਵਿੱਚ ਉਹਨਾਂ ਦੀ ਬਗਾਵਤ ਦੀ ਹਮਾਇਤ ਕੀਤੀ। ਲੂਈਸ ਕਮਿਊਨ ਦੀ ਰਾਖੀ ਲਈ ਹਥਿਆਰ ਚੁੱਕਣ ਵਾਲੀ ਇੱਕੋ ਇੱਕ ਔਰਤ ਨਹੀਂ ਸੀ। ਕਮਿਊਨ ਦੀਆਂ ਔਰਤਾਂ ਨੇ ਇਹ ਮਿਥ ਚਕਨਾਚੂਰ ਕਰ ਦਿੱਤੀ ਕਿ ਔਰਤਾਂ ਦੀ ਅਜ਼ਾਦੀ ਜਮਾਤੀ ਘੋਲ ਦਾ ਕੰਨੀ ਦਾ ਮਸਲਾ ਹੈ।
ਕਮਿਊਨ ਦੀ ਜਿੱਤ, ਇਹਦੀ ਹਾਰ ਅਤੇ ਇਹਦੇ ਸਭਨਾਂ ਸ਼ਾਨਦਾਰ ਤੇ ਮਹਾਨ ਕਾਰਨਾਮਿਆਂ ਨੂੰ ਔਰਤਾਂ ਨੇ ਖੁਦ ਸਿਰਜਿਆ, ਹੰਢਾਇਆ ਅਤੇ ਮਾਣਿਆ। 19 ਸਤੰਬਰ 1870 ਤੋਂ ਪਰੂਸ਼ੀਅਨ ਫੌਜਾਂ ਵੱਲੋਂ ਪੈਰਿਸ ਦੀ ਘੇਰਾਬੰਦੀ ਅਤੇ ਆਲੇ ਦੁਆਲੇ ਨਾਲੋਂ ਸੰਪਰਕ ਤੋੜ ਦੇਣ ਦੀ ਹਾਲਤ ਵਿੱਚ ਔਰਤਾਂ ਨੇ ਟੱਬਰਾਂ ਦੇ ਢਿੱਡ ਤੋਰਨ ਲਈ ਜਫ਼ਰ ਜਾਲੇ, ਫਰਾਂਸ ਦੀ ਬੁਰਜੂਆ ਹਕੂਮਤ ਦੇ ਹੱਲੇ ਖਿਲਾਫ ਹਥਿਆਰਬੰਦ ਟੱਕਰ ਅਤੇ ਕਮਿਊਨ ਦੀ ਜਿੱਤ ਵਿੱਚ ਡਟਵਾਂ ਰੋਲ ਨਿਭਾਇਆ, ਜਰਮਨ ਫੌਜਾਂ ਦੇ ਹੱਲੇ ਸਮੇਂ ਕਮਿਊਨ ਦੀ ਰਾਖੀ ਲਈ ਸ਼ਹੀਦੀਆਂ ਪਾਈਆਂ ਅਤੇ ਇਹਦੀ ਹਾਰ ਪਿੱਛੋਂ ਜਲਾਵਤਨੀਆਂ, ਕੈਦਾਂ ਅਤੇ ਤਸੀਹੇ ਝੱਲੇ। ਪੈਰਿਸ ਦੀਆਂ ਔਰਤਾਂ ਅਤੇ ਬੱਚੇ ਉਦੋਂ ਤੱਕ ਲੜਨ ਵਾਲਿਆਂ 'ਚ ਸ਼ਾਮਲ ਸਨ ਜਦੋਂ ਤੱਕ ਇੱਕ ਵੀ ਮੋਰਚਾ ਜਾਂ ਇੱਕ ਵੀ ਰਾਈਫਲ ਬਾਕੀ ਸੀ। ਇਉਂ ਪੈਰਿਸ ਕਮਿਊਨ ਦੇ ਸ਼ਾਨਦਾਰ ਕਾਰਨਾਮਿਆਂ 'ਚ ਔਰਤਾਂ ਵੱਲੋਂ ਨਿਭਾਇਆ ਰੋਲ ਇਨਕਲਾਬੀ ਜਮਾਤੀ ਘੋਲ ਦੇ ਇਤਿਹਾਸ ਵਿੱਚ ਖੁਦ ਇੱਕ ਸ਼ਾਨਦਾਰ ਕਾਰਨਾਮਾ ਹੋ ਨਿੱਬੜਿਆ।
ਕਮਿਊਨ ਦੀ ਹਾਰ ਪਿੱਛੋਂ ਜਬਰ ਦਾ ਨਿਸ਼ਾਨਾ ਸਿਰਫ ਉਹ ਔਰਤਾਂ ਹੀ ਨਹੀਂ ਬਣੀਆਂ, ਜਿਹੜੀਆਂ ਹਥਿਆਰਬੰਦ ਹੋ ਕੇ ਜੂਝੀਆਂ ਸਗੋਂ, ''ਹਰ ਗਰੀਬ ਔਰਤ ਸ਼ੱਕੀ ਸੀ, ਖਾਸ ਕਰਕੇ ਜੇ ਉਹਦੇ ਹੱਤ ਵਿੱਚ ਟੋਕਰੀ ਜਾਂ ਬੋਤਲ ਸੀ, ਉਹਨੂੰ ਅੱਗ-ਲਾਊ ਸਮਝਿਆ ਜਾਂਦਾ ਅਤੇ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ.. ..।……ਸਮੂਹਿਕ ਕਬਰਾਂ, ਜਿਹਨਾਂ 'ਚ ਫੈਡਰਲ ਦਫਨਾਏ ਗਏ ਸਨ, ਤੇ ਆ ਕੇ ਦੁਖ ਪ੍ਰਗਟ ਕਰਨਾ ਜੁਰਮ 'ਚ ਭਾਗੀ ਹੋਣ ਦਾ ਸਬੂਤ ਗਿਣਿਆ ਜਾਂਦਾ ਸੀ। ਕੋਈ ਵੀ ਰੋਂਦੀ ਔਰਤ ਵਿਦਰੋਹੀ ਨਾਰੀ ਸੀ।''
ਇਹ ਕਮਿਊਨ ਦੌਰਾਨ ਔਰਤਾਂ ਵੱਲੋਂ ਨਿਭਾਏ ਰੋਲ ਸਦਕਾ ਕਮਿਊਨ ਦੇ ਦੁਸ਼ਮਣਾਂ ਦੇ ਮਨਾਂ ਵਿੱਚ ਫੈਲੀ ਘਬਰਾਹਟ ਦੀ ਹੀ ਇੱਕ ਝਲਕ ਹੈ।
ਪੈਰਿਸ ਦੀਆਂ ਔਰਤਾਂ ਦੇ ਇਸ ਰੋਲ ਬਾਰੇ ਮਾਰਕਸ ਨੇ ਕਿਹਾ, ''ਪੈਰਿਸ ਦੀਆਂ ਔਰਤਾਂ ਨੇ ਇੱਕ ਵਾਰ ਫੇਰ ਪੁਰਾਣੇ ਮਹਾਨ ਸਮਿਆਂ ਦੀਆਂ ਔਰਤਾਂ ਵਾਲੀ ਬਹਾਦਰੀ, ਨੇਕੀ ਅਤੇ ਲਗਨ ਪ੍ਰਤੱਖ ਵਿਖਾਈ ਹੈ।''
ਪਰ ਸਿਰਫ ਪੈਰਿਸ ਕਮਿਊਨ ਦੀ ਹੀ ਗੱਲ ਨਹੀਂ, ਅਕਤੂਬਰ ਇਨਕਲਾਬ ਅਤੇ ਮਹਾਨ ਚੀਨੀ ਸਭਿਆਚਾਰਕ ਇਨਕਲਾਬ ਦੌਰਾਨ ਵੀ ਪ੍ਰੋਲੇਤਾਰੀ ਔਰਤਾਂ ਦੀ ਭੂਮਿਕਾ ਕੋਈ ਘੱਟ ਅਹਿਮ ਨਹੀਂ ਹੈ। ਇਹ ਭੂਮਿਕਾ ਪ੍ਰੋਲੇਤਾਰੀ ਲਹਿਰ ਦੇ ਸ਼ਾਨਦਾਰ ਇਤਿਹਾਸ ਦਾ ਅਟੁੱਟ ਅੰਗ ਹੈ।
(ਜਨਤਕ ਲੀਹ, ਅਪ੍ਰੈਲ-ਮਈ-1986)

Wednesday, March 23, 2011

ਤਾਜ਼ਾ ਕਾਲੇ ਕਾਨੂੰਨਾਂ ਅਤੇ ਕਾਲੀਆਂ ਸੋਧਾਂ ਬਾਰੇ

ਐਨ.ਕੇ. ਜੀਤ ਦੀ ਤਕਰੀਰ

(ਪੰਜਾਬ ਅਸੈਂਬਲੀ 'ਚ ਪਾਸ ਕੀਤੇ ਲੋਕ ਦੁਸ਼ਮਣ ਕਾਲੇ ਕਾਨੂੰਨਾਂ ਦਾ ਵੱਖ ਵੱਖ ਸ਼ਕਤੀਆਂ ਅਤੇ ਪਲੇਟਫਾਰਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਵੱਲੋਂ ਇਸ ਮੁੱਦੇ 'ਤੇ ਕਨਵੈਨਸ਼ਨਾਂ ਦੀ ਲੜੀ ਚਲਾਈ ਗਈ ਹੈ। ਹੇਠਾਂ ਅਸੀਂ ਇਸ ਫਰੰਟ ਦੇ ਇੱਕ ਆਗੂ ਸ੍ਰੀ ਐਨ.ਕੇ. ਜੀਤ ਵੱਲੋਂ ਬਠਿੰਡਾ ਕਨਵੈਨਸ਼ਨ ਵਿੱਚ ਕੀਤੀ ਤਕਰੀਰ ਬਿਨਾ ਟਿੱਪਣੀ ਤੋਂ ਹੂ-ਬ-ਹੂ ਛਾਪ ਰਹੇ ਹਾਂ। ਇਹ ਤਕਰੀਰ ਸਾਦਾ ਅਤੇ ਸਮਝ ਆਉਣ ਵਾਲੇ ਢੰਗ ਨਾਲ ਇਹਨਾਂ ਕਾਨੂੰਨਾਂ ਦੀ ਲੋਕ-ਵਿਰੋਧੀ ਅਸਲੀਅਤ ਬਾਰੇ ਚਾਨਣਾ ਪਾਉਂਦੀ ਹੈ। -ਸੰਪਾਦਕ)

ਸਾਥੀਓ,
ਅੱਜ ਦੀ ਇਹ ਕਨਵੈਨਸ਼ਨ ਅਸੀਂ ਸਮਰਪਤ ਕਰ ਰਹੇ ਹਾਂ, ਆਦਿਵਾਸੀ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅਤੇ ਜਮਹੂਰੀ ਹੱਕਾਂ ਦੇ ਬਹੁਤ ਵੱਡੇ ਆਲੰਬਰਦਾਰ ਡਾਕਟਰ ਬਿਨਾਇਕ ਸੇਨ ਤੇ ਉਹਨਾਂ ਦੇ ਦੋ ਹੋਰ ਸਾਥੀ ਨਰਾਇਣ ਸਾਨਿਆਲ ਅਤੇ ਪਿਊਸ ਗੁਪਤਾ ਜਿਹਨਾਂ ਨੂੰ ਦੇਸ਼ ਧਰੋਹ ਦੇ ਕੇਸ ਦੇ ਵਿੱਚ ਕੱਲ੍ਹ ਈ ਛੱਤੀਸਗੜ੍ਹ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਆਪਣੇ ਆਪ ਦੇ ਵਿੱਚ ਹੀ ਮਿਸਾਲ ਹੈ ਉਸ ਗੱਲ ਦੀ, ਮਿਸਾਲ ਹੈ ਉਹਨਾਂ ਕਾਨੂੰਨਾਂ ਦੀ ਦੁਰਵਰਤੋਂ ਦੀ, ਜਿਹਨਾਂ ਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ। ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਵਿਸ਼ੇਸ਼ ਕਾਨੂੰਨ ਬਣੇ- ਇਸੇ ਤਰ੍ਹਾਂ ਛੱਤੀਸਗੜ੍ਹ ਦੀ ਸਰਕਾਰ ਨੇ ਵੀ ਵਿਸ਼ੇਸ਼ ਕਾਨੂੰਨ ਬਣਾਇਆ, ਉਥੋਂ ਦਾ ਸੁਰੱਖਿਆ ਕਾਨੂੰਨ, ਜੀਹਦੇ ਤਹਿਤ ਇਹਨਾਂ ਸਾਥੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ। ਤੇ ਇਥੇ ਹੀ ਕਾਨਫਰੰਸ ਦੇ ਵਿੱਚ ਯਾਦ ਕਰਦੇ ਹਾਂ, ਸਾਡੀ ਉਸ ਭੈਣ ਆਇਨ ਐਰੋਮ ਸ਼ਰਮੀਲਾ ਨੂੰ, ਜਿਹਨਾਂ ਨੇ ਪਿਛਲੇ 10 ਸਾਲਾਂ ਤੋਂ ਅੰਨ ਨਹੀਂ ਗ੍ਰਹਿਣ ਕੀਤਾ। ਇਸ ਰੋਸ ਦੇ ਵਿੱਚ ਕਿ ਆਰਮਡ ਫੋਰਸਜ਼ ਸਪੈਸ਼ਲ ਆਰਮਡ ਐਕਟ, ਜੀਹਦੇ ਤਹਿਤ ਹਿੰਦੋਸਤਾਨ ਦੀ ਸਰਕਾਰ ਨੇ ਉੱਤਰ-ਪੂਰਬ ਦੇ ਵਿੱਚ, ਕਸ਼ਮੀਰ ਦੇ ਵਿੱਚ ਦੇ ਹੋਰ ਵੱਖ ਵੱਖ ਥਾਵਾਂ 'ਤੇ ਫੌਜਾਂ ਨੂੰ ਇਹ ਅਧਿਕਾਰ ਦਿੱਤੇ ਨੇ ਕਿ ਉਹ ਕਿਸੇ ਵੀ ਬੰਦੇ ਨੂੰ ਸ਼ੱਕ ਦੀ ਬਿਨਾਅ ਦੇ ਉੱਤੇ ਗੋਲੀ ਮਾਰ ਸਕਦੇ ਨੇ। ਸਾਡੀ ਇਹ ਭੈਣ ਪਿਛਲੇ 10 ਸਾਲਾਂ ਤੋਂ ਉਸ ਕਾਨੂੰਨ ਦੇ ਖਿਲਾਫ ਭੁੱਖ ਹੜਤਾਲ 'ਤੇ, ਅੰਨ ਤਿਆਗੀ ਬੈਠੀ ਹੈ, ਇਹ ਤਸਵੀਰ ਉਹਦੀ ਲੱਗੀ ਹੋਈ ਹੈ। ਉਹਨੂੰ ਪੁਲਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਦੇ ਦੋਸ਼ ਦੇ ਥੱਲੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ। ਜਿਥੇ ਉਸਨੂੰ ਗੁਲੂਕੋਜ਼ ਰਾਹੀਂ ਖੁਰਾਕ ਦਿੱਤੀ ਜਾ ਰਹੀ ਹੈ। ਇਹ ਕਾਨਫਰੰਸ, ਇਹ ਕਨਵੈਨਸ਼ਨ ਅਸੀਂ ਜਮਹੂਰੀ ਹੱਕਾਂ ਦੇ ਇਹਨਾਂ ਘੁਲਾਟੀਆਂ ਨੂੰ ਸਮਰਪਤ ਕਰਦੇ ਹਾਂ। ਇਹਦੇ ਨਾਲ ਨਾਲ ਹੀ ਇਸ ਕਨਵੈਨਸ਼ਨ ਦੇ ਵਿੱਚ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਪਹੁੰਚੇ ਹੋਏ ਨੇ। ਅਜੇ ਦੋ ਦਿਨ ਪਹਿਲਾਂ ਹੀ ਨਿਓਰ ਪਿੰਡ ਦੇ ਵਿੱਚ ਸਾਡੇ ਗੁਆਂਢ, ਪੁਲਸ ਨੇ ਜੋ ਤਸ਼ੱਦਦ ਕੀਤਾ ਹੈ, ਉਹਦੇ ਬਾਰੇ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ ਹੈ। ਜਾਤੀ ਤੌਰ 'ਤੇ ਵੀ ਜਾਣੂੰ ਹੋਵੋਗੇ ਕਿ ਕਿਵੇਂ ਐਸ.ਡੀ.ਐਮ. ਨੇ ਆਪਣੀ ਆਕੜ ਦੇ ਵਿੱਚ ਲੋਕਾਂ ਦੀ ਗੱਲ ਨਹੀਂ ਸੁਣੀ ਤੇ ਲੋਕਾਂ ਨੂੰ ਕੁੱਟਿਆ ਹੈ ਅਤੇ ਉਸਤੋਂ ਬਾਅਦ 31 ਬੰਦਿਆਂ ਦੇ ਉੱਤੇ ਕੇਸ ਬਣਾ ਕੇ (ਜਿਹਨਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਨੇ) ਉਨ੍ਹਾਂ ਨੂੰ ਜੇਲ੍ਹਾਂ ਦੇ 'ਚ ਸੁੱਟ ਦਿੱਤਾ ਹੈ। ਅਤਿ ਦਾ ਤਸ਼ੱਦਦ ਉੱਥੇ ਕੀਤਾ ਹੈ।

ਪੂਰਾ ਲੇਖ਼ ਪੜ੍ਹਨ ਲਈ ਇੱਥੇ >ਕਲਿਕ< ਕਰੋ।

ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਮਕਸਦ ਪਛਾਣੋ

ਜ਼ਾਲਮ ਰਾਜ ਦੀ ਖਸਲਤ ਪਛਾਣੋ

ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ ਸਾਲ ਵਿਧਾਨ ਸਭਾ ਅੰਦਰ ਦੋ ਕਾਨੂੰਨ ਪਾਸ ਕਰਵਾਏ ਗਏ ਹਨ: ਪਹਿਲਾ, ''ਪੰਜਾਬ (ਜਨਤਕ ਅਤੇ ਨਿੱਜੀ ਸੰਪਤੀ ਦੇ ਨੁਕਸਾਨ 'ਤੇ ਰੋਕ) ਐਕਟ-2010'' ਅਤੇ ਦੂਜਾ- ''ਪੰਜਾਬ ਸਪੈਸ਼ਲ ਸਕਿਊਰਿਟੀ ਗਰੁੱਪ ਐਕਟ-2010''। ਇਹਨਾਂ ਕਾਨੂੰਨਾਂ ਦੀ ਚਰਚਾ ਪਿਛਲੇ ਪੰਨਿਆਂ 'ਤੇ ਛਪੀ ਸ੍ਰੀ ਐਨ.ਕੇ. ਜੀਤ ਦੀ ਤਕਰੀਰ ਵਿੱਚ ਕੀਤੀ ਗਈ ਹੈ। ਇਹ ਦੋਵੇਂ ਕਾਨੂੰਨ ਬਣਾਏ ਚਾਹੇ ਵੱਖੋ ਵੱਖਰੇ ਹਨ, ਪਰ ਇੱਕੋ ਕਾਨੂੰਨ ਦੇ ਦੋ-ਹਿੱਸੇ ਹਨ। ਇਹਨਾਂ ਦੋਵਾਂ ਨੂੰ ਮਿਲਾ ਕੇ ਹੀ ਸਰਕਾਰ ਵੱਲੋਂ ਇੱਛਤ ਪੂਰਾ-ਸੂਰਾ ਕਾਨੂੰਨ ਬਣਦਾ ਹੈ।


ਇਹਨਾਂ ਕਾਨੂੰਨਾਂ ਪਿੱਛੇ ਛੁਪਿਆ ਹਾਕਮਾਂ ਦਾ ਅਸਲ ਮਕਸਦ

ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹਾਕਮਾਂ ਵੱਲੋਂ ਮਿਹਨਤਕਸ਼ ਲੋਕਾਂ 'ਤੇ ਵਿੱਢਿਆ ਨਵਾਂ ਆਰਥਿਕ ਹੱਲਾ ਉਹਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ। ਸਨਅੱਤੀ ਮਜ਼ਦੂਰ, ਖੇਤ ਮਜ਼ਦੂਰ, ਕਿਸਾਨ, ਮੁਲਾਜ਼ਮ, ਛੋਟੇ-ਮੋਟੇ ਦੁਕਾਨਦਾਰ ਅਤੇ ਕਾਰੋਬਾਰੀ, ਵਿਦਿਆਰਥੀ-ਨੌਜਵਾਨ— ਗੱਲ ਕੀ ਸਮਾਜ ਦੇ ਸਾਰੇ ਲੁੱਟੇ-ਦਬਾਏ ਤਬਕੇ ਇਸ ਆਰਥਿਕ ਹੱਲੇ ਦੀ ਹੂੰਝਵੀਂ ਤੇ ਵਿਆਪਕ ਮਾਰ ਹੇਠ ਆਏ ਹੋਏ ਹਨ। ਜਿਸ ਕਰਕੇ ਹਾਕਮ ਜਮਾਤਾਂ ਅਤੇ ਲੋਕਾਂ ਦਰਮਿਆਨ ਟਕਰਾਅ ਬੇਹੱਦ ਤਿੱਖਾ ਹੋ ਰਿਹਾ ਹੈ। ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਮਿਹਨਤਕਸ਼ ਲੋਕਾਂ ਦੇ ਵੱਖ ਵੱਖ ਹਿੱਸੇ ਇਸ ਆਰਥਿਕ ਹੱਲੇ ਦਾ ਵਿਰੋਧ ਅਤੇ ਟਾਕਰਾ ਕਰਨ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ। ਇਹ ਵਿਰੋਧ ਤੇ ਟਾਕਰਾ ਲਹਿਰ ਦਿਨੋਂ ਦਿਨ ਜ਼ੋਰ ਫੜ ਰਹੀ ਹੈ। ਪੰਜਾਬ ਵਿੱਚ ਬਿਜਲੀ ਬੋਰਡ ਦੇ ਨਿਗਮੀਕਰਨ ਅਤੇ ਨਿੱਜੀਕਰਨ ਖਿਲਾਫ, ਛੰਨਾ-ਧੌਲਾ ਵਿਖੇ ਟਰਾਈਡੈਂਟ ਸਨਅੱਤੀ ਘਰਾਣੇ ਨੂੰ ਜ਼ਮੀਨਾਂ ਕੌਡੀਆਂ ਦੇ ਭਾਅ ਸੌਂਪਣ ਵਿਰੁੱਧ, ਅੰਮ੍ਰਿਤਸਰ-ਗੁਰਦਾਸਪੁਰ ਖਿੱਤੇ ਵਿੱਚ ਕਿਸਾਨ ਜ਼ਮੀਨਾਂ ਦੀ ਰਾਖੀ ਲਈ ਅਤੇ ਹੁਣ 17 ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ, ਮਸਲਿਆਂ 'ਤੇ ਜਾਰੀ ਸੰਘਰਸ਼ ਸਰਗਰਮੀਆਂ ਇਸ ਜਨਤਕ ਵਿਰੋਧ ਤੇ ਟਾਕਰੇ ਦੇ ਉੱਭਰ ਰਹੇ ਰੁਝਾਨ ਦੀਆਂ ਉÎਘੜਵੀਆਂ ਮਿਸਾਲਾਂ ਹਨ। ਹਾਕਮਾਂ ਨਾਲ ਤਿੱਖੇ ਹੋ ਰਹੇ ਵਿਰੋਧ ਤੇ ਟਕਰਾਅ ਦੇ ਵਿਸਫੋਟਕ ਸ਼ਕਲ ਅਖਤਿਆਰ ਕਰਨ ਅਤੇ ਜਨਤਕ ਸੰਘਰਸ਼ਾਂ ਦੇ ਹਕੂਮਤੀ ਤੇ ਕਾਨੂੰਨੀ ਲਛਮਣ ਰੇਖਾਵਾਂ ਤੋਂ ਬਾਹਰ ਵਹਿ ਨਿਕਲਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਇਹ ਹਾਲਤ, ਨਵੇਂ ਆਰਥਿਕ ਹੱਲੇ ਨੂੰ ਬੇਰੋਕ-ਟੋਕ ਤੇ ਤੇਜੀ ਨਾਲ ਅੱਗੇ ਵਧਾਉਣਾ ਲੋਚਦੇ ਹਾਕਮਾਂ ਲਈ ਡਾਢੇ ਗੌਰ-ਫਿਕਰ ਦਾ ਮਾਮਲਾ ਬਣ ਰਹੀ ਹੈ।

ਪੂਰਾ ਲੇਖ਼ ਪੜ੍ਹਨ ਲਈ ਇੱਥੇ >ਕਲਿਕ< ਕਰੋ।

ਕਾਲੇ ਕਾਨੂੰਨਾਂ ਦਾ ਵਿਰੋਧ

ਸੰਵਿਧਾਨਕ ਬਨਾਮ ਇਨਕਲਾਬੀ ਨਜ਼ਰੀਆ


1947 ਤੋਂ ਹੀ ਭਾਰਤੀ ਹਾਕਮ ਕਾਲੇ ਕਾਨੂੰਨਾਂ ਦੇ ਸਿਰ 'ਤੇ ਰਾਜ ਕਰਦੇ ਆ ਰਹੇ ਹਨ। ਲੋਕਾਂ 'ਤੇ ਕਾਲੇ ਕਾਨੂੰਨ ਮੜ੍ਹਨ ਦੀ ਸ਼ਕਤੀ ਉਹ ਭਾਰਤੀ ਸੰਵਿਧਾਨ ਤੋਂ ਹਾਸਲ ਕਰਦੇ ਹਨ, ਜਿਹੜਾ ਉਹਨਾਂ ਨੇ ਅੰਗਰੇਜ਼ ਸਾਮਰਾਜੀਆਂ ਤੋਂ ਵਿਰਸੇ ਵਿੱਚ ਹਾਸਲ ਕੀਤਾ ਹੈ। ਮਾੜੇ-ਮੋਟੇ ਫੇਰ-ਬਦਲ ਨਾਲ ਇਸ ਸੰਵਿਧਾਨ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਦੇਸੀ ਹਾਕਮ ਕਾਲੇ ਕਾਨੂੰਨਾਂ ਨੂੰ ਹੋਰ ਤਿੱਖੇ ਕਰਨ ਦੇ ਰਾਹ ਪੈ ਗਏ ਸਨ। ਅੰਗਰੇਜ਼ਾਂ ਵੇਲੇ 'ਬੰਬਈ ਪਬਲਿਕ ਸੁਰੱਖਿਆ ਕਾਨੂੰਨ' ਬਣਿਆ ਹੋਇਆ ਸੀ। ਇਸ ਕਾਨੂੰਨ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਵੀ ਵਿਅਕਤੀ ਸੂਬੇ ਦੇ ਜਨਤਕ ਅਮਨ ਦੇ ਖਿਲਾਫ ਕੋਈ ਸਰਗਰਮੀ ਕਰਦਾ ਹੈ, ਉਸ ਨੂੰ ਬਿਨਾ ਵਾਰੰਟ ਗ੍ਰਿਫਤਾਰ ਕਰਕੇ, ਬਿਨਾ ਮੁਕੱਦਮਾ ਚਲਾਏ, ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਗੱਦੀ 'ਤੇ ਆਈ ਨਵੀਂ ਕਾਂਗਰਸ ਹਕੂਮਤ ਨੂੰ ਇਹ ਕਾਨੂੰਨ ਕਾਫੀ ਨਾ ਲੱਗਿਆ, ਕਿਉਂਕਿ ਕਿਸੇ ਵਿਅਕਤੀ ਵੱਲੋਂ ''ਅਮਨ'' ਖਿਲਾਫ ਕੀਤੀ ਝੂਠੀ-ਸੱਚੀ ''ਸਰਗਰਮੀ'' ਤਾਂ ਦੱਸਣੀ ਹੀ ਪੈਂਦੀ ਸੀ। ਸੋ, 1948 'ਚ ਕਾਂਗਰਸ ਹੂਕਮਤ ਨੇ ਕਾਨੂੰਨ ਵਿੱਚ ਤੁਰੰਤ ਇਹ ਸੋਧ ਕਰ ਦਿੱਤੀ ਕਿ ਹਰ ਉਹ ਵਿਅਕਤੀ ਬਿਨਾ ਵਾਰੰਟ ਗ੍ਰਿਫਤਾਰ ਕਰਕੇ, ਬਿਨਾ ਮੁਕੱਦਮਾ ਚਲਾਏ ਨਜ਼ਰਬੰਦ ਕੀਤਾ ਜਾ ਸਕਦਾ ਹੈ, ਜਿਸ ਵੱਲੋਂ ''ਅਮਨ'' ਖਿਲਾਫ ਕਾਰਵਾਈ ਦੀ ''ਸੰਭਾਵਨਾ'' ਹੋਵੇ। ਇਹ ਇਸ ਗੱਲ ਦਾ ਅਗਾਊਂ ਸੰਕੇਤ ਸੀ ਕਿ ਭਾਰਤੀ ਹਾਕਮ ਕਿਹੋ ਜਿਹਾ 'ਨਵਾਂ' 'ਜਮਹੂਰੀ' ਸੰਵਿਧਾਨ ਲਾਗੂ ਕਰਨ ਜਾ ਰਹੇ ਹਨ।

ਪੂਰਾ ਲੇਖ਼ ਪੜ੍ਹਨ ਲਈ ਇੱਥੇ >ਕਲਿਕ <ਕਰੋ।

ਕਾਲੇ ਕਾਨੂੰਨਾਂ ਖਿਲਾਫ ਘੋਲ ਦੀ ਉੱਭਰੀ ਲੋੜ ਨੂੰ

ਹੁੰਗਾਰਾ ਕਿਵੇਂ ਦੇਈਏ?

ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤੇ ਦੋ ਤਾਜ਼ਾ ਕਾਲੇ ਕਾਨੂੰਨਾਂ ਅਤੇ ਕਾਨੂੰਨ ਦੀਆਂ ਦੋ ਧਾਰਾਵਾਂ ਵਿੱਚ ਕੀਤੀਆਂ ਸੋਧਾਂ ਲੋਕਾਂ ਦੇ ਜਮਹੂਰੀ ਹੱਕਾਂ 'ਤੇ ਵੱਡਾ ਤਿੱਖਾ ਅਤੇ ਘਿਨਾਉਣਾ ਹਮਲਾ ਹਨ। ਇਹਨਾਂ ਦਾ ਮਕਸਦ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਹਿੱਸਿਆਂ ਦੇ ਰੋਸ ਅਤੇ ਸੰਘਰਸ਼ ਦੇ ਅਧਿਕਾਰ ਨੂੰ ਦਰੜਨਾ ਹੈ। ਇਹ ਹਿੱਸੇ ਹਾਕਮਾਂ ਦੀਆਂ ਲੋਕ-ਦੁਸ਼ਮਣ ਆਰਥਿਕ ਨੀਤੀਆਂ ਦੇ ਖਿਲਾਫ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਇਹਨਾਂ ਨੀਤੀਆਂ ਨੂੰ ਚੁਣੌਤੀ ਦੇ ਰਹੇ ਹਨ। ਟਾਕਰਾ ਕਰ ਰਹੇ ਹਨ ਅਤੇ ਅੜਿੱਕੇ ਪਾ ਰਹੇ ਹਨ।

ਇਸ ਹਮਲੇ ਖਿਲਾਫ ਵੱਖ ਵੱਖ ਹਲਕਿਆਂ ਵੱਲੋਂ ਵਿਰੋਧ ਸਰਗਰਮੀਆਂ ਜਾਰੀ ਹਨ। ਸੀ.ਪੀ.ਆਈ.(ਐਮ.ਐਲ.) ਨਿਊ ਡੈਮੋਕਰੇਸੀ ਨੇ ਕਨਵੈਨਸ਼ਨ ਕੀਤੀ ਹੈ। ਅਪਰੇਸ਼ਨ ਗਰੀਨ ਹੰਟ ਵਿਰੋਧੀ ਪਲੇਟਫਾਰਮ ਨੇ ਕਨਵੈਨਸ਼ਨਾਂ ਕੀਤੀਆਂ ਹਨ। 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਪਲੇਟਫਾਰਮ ਦੇ ਸੱਦੇ 'ਤੇ ਪੰਜਾਬ ਭਰ ਵਿੱਚ ਜਨਤਕ ਧਰਨੇ ਹੋਏ ਹਨ ਅਤੇ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ। ਹੋਰ ਵੱਖ ਵੱਖ ਹਲਕਿਆਂ ਨੇ ਵੀ ਵਿਰੋਧ ਕੀਤਾ ਹੈ। ਇਹ ਸਰਗਰਮੀ ਜਾਰੀ ਹੈ। ਇਸ ਵਿਰੋਧ ਨੂੰ ਵਿਆਪਕ ਬਣਾਉਣ ਅਤੇ ਅਸਰਦਾਰ ਟਾਕਰਾ ਚੁਣੌਤੀ ਵਿੱਚ ਤਬਦੀਲ ਕਰਨ ਲਈ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

ਇਸ ਹਮਲੇ ਦੀ ਚੋਭ ਰੜਕਣ ਪੱਖੋਂ ਲੋਕਾਂ ਦੇ ਵੱਖ ਵੱਖ ਹਿੱਸਿਆਂ ਵਿੱਚ ਪਾੜਾ ਹੈ। ਜਮਹੂਰੀ ਹੱਕਾਂ ਬਾਰੇ ਸੋਝੀ ਨਾਲ ਲੈਸ ਹਿੱਸੇ, ਇਹਨਾਂ ਦੇ ਨਤੀਜਿਆਂ ਬਾਰੇ ਜਾਣੂੰ ਹੋਣ ਕਰਕੇ ਫੌਰੀ ਤਿੱਖੀ ਰੜਕ ਮਹਿਸੂਸ ਕਰਦੇ ਹਨ ਅਤੇ ਜ਼ੋਰਦਾਰ ਵਿਰੋਧ ਦੀ ਤਮੰਨਾ ਰੱਖਦੇ ਹਨ।

ਜਮਾਤੀ. ਤਬਕਾਤੀ ਹੱਕਾਂ ਲਈ ਸੰਘਰਸ਼ ਦੇ ਰਾਹ ਪਏ ਲੋਕਾਂ ਦੇ ਘੱਟ ਚੇਤਨ ਹਿੱਸਿਆਂ ਦੀ ਸਰਗਰਮੀ ਦੋ ਗੱਲਾਂ ਨਾਲ ਜੁੜ ਕੇ ਤਕੜਾਈ ਫੜਦੀ ਹੈ। ਚੇਤਨ ਪਰਤ ਵੱਲੋਂ ਅਜਿਹੇ ਕਾਨੂੰਨਾਂ ਨੂੰ ਲੋਕਾਂ ਵਿੱਚ ਬੇਨਕਾਬ ਕਰਨ ਦੀ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਸਰਗਰਮੀ ਲੋਕਾਂ ਦਾ ਅਹਿਸਾਸ ਤਿੱਖਾ ਕਰਦੀ ਹੈ ਅਤੇ ਵਿਰੋਧ ਦੀ ਭਾਵਨਾ ਦਾ ਪਸਾਰਾ ਕਰਦੀ ਹੈ। ਦੂਜੇ, ਆਪਣੇ ਜਮਾਤੀ ਤਬਕਾਤੀ ਹੱਕੀ ਸੰਘਰਸ਼ਾਂ ਦੌਰਾਨ ਜਦੋਂ ਲੋਕਾਂ ਦਾ ਸਿੱਧਾ ਵਾਹ ਅਜਿਹੇ ਕਾਨੂੰਨਾਂ ਦੇ ਘਿਨਾਉਣੇ ਹਮਲਿਆਂ ਨਾਲ ਪੈਂਦਾ ਹੈ ਤਾਂ ਰੋਹ ਵਧਦਾ ਹੈ, ਸੂਝ ਤਿੱਖੀ ਹੁੰਦੀ ਹੈ ਅਤੇ ਵਿਰੋਧ ਦੀ ਭਾਵਨਾ ਪ੍ਰਚੰਡ ਹੁੰਦੀ ਹੈ। ਕਾਲੇ ਕਾਨੂੰਨਾਂ ਖਿਲਾਫ ਲੋਕਾਂ ਦੇ ਤਿੱਖੇ ਜਨਤਕ ਟਾਕਰੇ ਅਤੇ ਘੋਲ ਦਾ ਤਜਰਬਾ ਦਸਦਾ ਹੈ ਕਿ ਇਹਨਾਂ ਖਿਲਾਫ ਲੋਕਾਂ ਦਾ ਸੰਘਰਸ਼ ਉਹਨਾਂ ਘੋਲ ਮੁੱਦਿਆਂ ਦੇ ਸਰੋਕਾਰ ਨਾਲ ਜੁੜ ਕੇ ਪ੍ਰਚੰਡ ਰੂਪ ਧਾਰਦਾ ਹੈ, ਜਿਹਨਾਂ ਖਾਤਰ ਉਹ ਜੀਅ-ਜਾਨ ਨਾਲ ਜੂਝ ਰਹੇ ਹੁੰਦੇ ਹਨ। ਜਦ ਕਾਲੇ ਕਾਨੂੰਨ ਅਤੇ ਹੋਰ ਜਾਬਰ ਹਮਲੇ ਉਹਨਾਂ ਦੇ ਹਿੱਤਾਂ ਨੂੰ ਦਰੜਨ ਦੀ ਸਿੱਧੀ ਕੋਸ਼ਿਸ਼ ਵਜੋਂ ਸਾਹਮਣੇ ਆਉਂਦੇ ਹਨ। ਮਨੀਪੁਰ ਅਤੇ ਕਸ਼ਮੀਰ ਵਿੱਚ ਆਰਮਡ ਫੋਰਸਜ਼ ਸਪੈਸ਼ਲ ਪਾਵਰਜ਼ ਐਕਟ (ਐਫਸਪਾ) ਖਿਲਾਫ ਲੋਕਾਂ ਦੇ ਰੋਹ ਭਰੇ ਤਿੱਖੇ ਘੋਲ ਦੀ ਗੂੰਜ ਏਸੇ ਕਰਕੇ ਏਨੀ ਉੱਚੀ ਹੈ ਕਿ ਇਹ ਇਹਨਾਂ ਕੌਮੀਅਤਾਂ ਦੀਆਂ ਹੱਕੀ ਮੰਗਾਂ ਲਈ ਘੋਲ ਨਾਲ ਗੁੰਦਿਆ ਹੋਇਆ ਹੈ ਅਤੇ ਇਸ ਨੂੰ ਦਬਾਉਣ ਲਈ ਅੱਤਿਆਚਾਰੀ ਰਾਜ ਵੱਲੋਂ ਕਾਲੇ ਕਾਨੂੰਨਾਂ ਦੀ ਵਰਤੋਂ ਦੇ ਤਜਰਬੇ 'ਤੇ ਟਿਕਿਆ ਹੋਇਆ ਹੈ।

ਪੂਰਾ ਲੇਖ਼ ਪੜ੍ਹਨ ਲਈ ਇੱਥੇ > ਕਲਿਕ <ਕਰੋ।