Friday, September 30, 2022

ਭਗਤ ਸਿੰਘ ਦਾ ਵਿਚਾਰਧਾਰਕ ਵਿਕਾਸ ਕੁੱਝ ਪੱਖਾਂ ਦੀ ਚਰਚਾ

 ਭਗਤ ਸਿੰਘ ਦਾ ਵਿਚਾਰਧਾਰਕ ਵਿਕਾਸ
ਕੁੱਝ ਪੱਖਾਂ ਦੀ ਚਰਚਾ

ਸ਼ਹਾਦਤ ਤੋਂ ਪਹਿਲਾਂ ਆਪਣੇ ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ਇੱਕ ਸ਼ਾਨਦਾਰ ਅਤੇ ਪ੍ਰਤਿਭਾਵਾਨ ਕਮਿਊੁਨਿਸਟ ਸ਼ਖਸ਼ੀਅਤ ’ਚ ਢਲ ਚੁੱਕਿਆ ਸੀ। ਡੂੰਘੇ ਅਧਿਐਨ ਸਦਕਾ ਉਸ ਦੀ ਅਸਧਾਰਨ ਰਫ਼ਤਾਰ ਵਿਚਾਰਧਾਰਕ ਤਰੱਕੀ ਨੇ ਉਸ ਨੂੰ ਮੁਲਕ ਦੀ ਕਮਿਊਨਿਸਟ ਲਹਿਰ ਦੇ ਆਗੂਆਂ ਦੀ ਕਤਾਰ ’ਚ ਲਿਆ ਖੜ੍ਹਾਇਆ ਸੀ। ਜੇਲ੍ਹ ਅੰਦਰ ਉਸ ਨੇ ਆਪਣੇ ਮੋਢਿਆਂ ’ਤੇ ਕਮਿਊਨਿਸਟ ਪਾਰਟੀ ਜਥੇਬੰਦ ਕਰਨ ਅਤੇ ਇਨਕਲਾਬੀ ਲਹਿਰ ਨੂੰ ਕਮਿਊਨਿਸਟ ਉਦੇਸ਼ਾਂ ਅਤੇ ਤੌਰ ਤਰੀਕਿਆਂ ਅਨੁਸਾਰ ਪ੍ਰਭਾਵਤ ਕਰਨ ਦੀ ਜੁੰਮੇਵਾਰੀ ਓਟੀ ਹੋਈ ਸੀ। ਜੀਵਨ ਦੇ ਆਖਰੀ ਦੌਰ ’ਚ, ਸ਼ਹਾਦਤ ਤੋਂ ਐਨ ਪਹਿਲਾਂ ਉਸ ਵੱਲੋਂ ਜੇਲ੍ਹ ਵਿਚੋਂ ਜਾਰੀ ਕੀਤੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ।  

ਉਝ ਦਸੰਬਰ 1925 ’ਚ ਹੀ ਭਾਰਤ ਅੰਦਰ ਕਮਿਊਨਿਸਟ ਪਾਰਟੀ ਦਾ ਗਠਨ ਹੋ ਗਿਆ ਸੀ। (ਜਦੋਂ ਅਜੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ ਕਮਿਊਨਿਸਟ ਨਹੀਂ ਸਨ ਬਣੇ) ਆਪਣੇ  ਬਚਪਨ ਦੇ ਇਸ ਮੁੱਢਲੇ ਦੌਰ ’ਚ ਕਮਿਊਨਿਸਟ ਪਾਰਟੀ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਸਨ। ਇਸ ਨੇ ਮਜ਼ਦੂਰ ਜਮਾਤ ਦੀ ਲਹਿਰ ਨੂੰ ਲਾਲ ਰੰਗਤ ਦੇਣ ਦਾ ਅਹਿਮ ਰੋਲ ਅਦਾ ਕੀਤਾ ਸੀ। ਵੱਖ ਵੱਖ ਸੂਬਿਆਂ ’ਚ ਕਿਰਤੀ ਕਿਸਾਨ ਪਾਰਟੀ ਦੇ ਖੁੱਲ੍ਹੇ ਪਲੇਟਫਾਰਮਾਂ ਰਾਹੀਂ ਲੋਕਾਂ ਨਾਲ ਤੰਦਾਂ ਬਣਾਉਣ ਅਤੇ ਸਾਮਰਾਜ ਵਿਰੋਧੀ ਕੌਮੀ ਲਹਿਰ ਨੂੰ ਪ੍ਰਭਾਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਪਰ ਪ੍ਰੋਲੇਤਾਰੀ ਦੀ ਅਗਵਾਈ ਦੇ ਅਸਰਦਾਰ ਅਤੇ  ਪ੍ਰਭਾਵਸ਼ਾਲੀ ਮੁਲਕ-ਪੱਧਰੇ ਗੁਪਤ ਕੇਂਦਰ ਵਜੋਂ ਕਮਿਊਨਿਸਟ ਪਾਰਟੀ ਨੂੰ ਲੋੜੀਂਦੀ ਹੱਦ ਤੱਕ ਜਥੇਬੰਦ ਕਰਨ, ਉਸਾਰਨ ਅਤੇ ਉਭਾਰਨ ਦਾ ਕਾਰਜ ਬੁਰੀ ਤਰ੍ਹਾਂ ਪਛੜ ਗਿਆ ਸੀ। ਹੋਰਨਾਂ  ਕਾਰਨਾਂ ਤੋਂ ਇਲਾਵਾ ਗਰੁੱਪ-ਤੰਗਨਜ਼ਰੀ ਦੀ ਮੱਧਵਰਗੀ ਪ੍ਰਵਿਰਤੀ ਨੇ ਇਸ ਗੱਲ ਵਿਚ ਅਹਿਮ ਰੋਲ ਅਦਾ ਕੀਤਾ ਸੀ। ਇਸ ਗੱਲ ਤੋਂ ਇਲਾਵਾ ਕਾਫੀ ਤਾਣ ਕਿਰਤੀ ਕਿਸਾਨ ਪਾਰਟੀ ਦੇ ਪਲੇਟਫਾਰਮ ਅਤੇ ਹੋਰ ਸਾਮਿਆਂ ਰਾਹੀਂ ਕਾਂਗਰਸ ਦੇ  ‘‘ਖੱਬੇ ਧੜੇ’’ ਵਜੋਂ ਸਥਾਪਤ ਹੋਣ ਦੇ ਯਤਨਾਂ ਵਿਚ ਹੀ ਖਪਦਾ ਰਿਹਾ ਸੀ। ਮਗਰੋਂ ਕਮਿਊਨਿਸਟ ਕੌਮਾਂਤਰੀ, ਚੀਨੀ ਕਮਿਊਨਿਸਟ ਪਾਰਟੀ ਅਤੇ ਕੁੱਝ ਹੋਰ ਕਮਿਊਨਿਸਟ ਪਾਰਟੀਆਂ ਵੱਲੋਂ ਪਾਰਟੀ ਦੀ ਨਿੱਖੜਵੀਂ ਅਤੇ ਆਜ਼ਾਦ ਹਸਤੀ ਸਥਪਤ ਕਰਨ ਦੇ ਵਿਸ਼ੇਸ਼ ਮਹੱਤਵ ਵੱਲ ਧਿਆਨ ਦੁਆਇਆ ਗਿਆ ਸੀ। (ਸੋਮਾ-ਪਾਰਟੀ ਇਤਿਹਾਸ ਬਾਰੇ ਸਿੱਖਿਆ ਸੇਧਾਂ ਲਈ ਜਾਰੀ ਕੀਤਾ ਸੀ.ਪੀ.ਆਈ. ਦਾ ਕਿਤਾਬਚਾ) ਸ਼ਹੀਦ ਭਗਤ ਸਿੰਘ ਦੇ ਕਮਿਊਨਿਸਟ ਵਿਚਾਰਧਾਰਾ ਦੇ ਕਲਾਵੇ ਵਿਚ ਆ ਜਾਣ ਦੇ ਬਾਵਜੂਦ ਜਥੇਬੰਦਕ ਤੌਰ ’ਤੇ ਭਾਰਤੀ ਕਮਿਊਨਸਟ ਪਾਰਟੀ ਦੇ ਕਲਾਵੇ ਵਿਚ ਨਾ ਆ ਸਕਣ ਦਾ ਹੋਰਨਾਂ ਕਾਰਨਾਂ ਤੋਂ ਇਲਵਾ ਸ਼ਾਇਦ ਇਹ ਵੀ ਇੱਕ ਅਹਿਮ ਕਾਰਨ ਸੀ। ਪਰ ਮੁਲਕ ਅੰਦਰਲੀਆਂ ਸਮੂਹ ਕਮਿਊਨਿਸਟ ਸ਼ਕਤੀਆਂ ਦੀ ਜਥੇਬੰਦਕ  ਏਕਤਾ ਦੇ ਇਸ ਮਸਲੇ ਨੂੰ ਲਾਂਭੇ ਛਡਦਿਆਂ ਇਹ ਪਰਤੱਖ ਹੈ ਕਿ ਆਪਣੇ ਜੀਵਨ ਦੇ ਅੰਤਿਮ ਦੌਰ ’ਚ ਸ਼ਹੀਦ ਭਗਤ ਸਿੰਘ ਆਪਣੇ ਤੌਰ ’ਤੇ ਇੱਕ ਕਮਿਊਨਿਸਟ ਆਗੂ ਵਜੋਂ ਮਹੱਤਵਪੂਰਨ ਘਾਲਣਾ ਵਿਚ ਜੁਟਿਆ ਹੋਇਆ ਸੀ। 

ਭਗਤ  ਸਿੰਘ ਦੇ ਕਮਿਊਨਿਸਟ ਆਦਰਸ਼ਾਂ ਦੇ ਮੱਧਵਰਗੀ ਕੌਮਪ੍ਰਸਤ ਪੈਰੋਕਾਰ ਤੋਂ ਪੋ੍ਰਲੇਤਾਰੀ ਸੂਝ ਦੇ ਰੰਗ ’ਚ ਰੰਗੀ ਕਮਿਊਨਿਸਟ ਸ਼ਖਸ਼ੀਅਤ ’ਚ ਵਟ ਜਾਣ ਦੀ ਨਿਖੇੜਵੀਂ ਨਿਸ਼ਾਨਦੇਹੀ ਕਰਦਾ ਸਭ ਤੋਂ ਅਹਿਮ ਪੱਖ ਸ਼ਹੀਦ ਭਗਤ ਸਿੰਘ ਵੱਲੋਂ ਇਨਕਲਾਬੀ ਦਹਿਸ਼ਤਗਰਦੀ ਨੂੰ ਅਲਵਿਦਾ ਕਹਿਣਾ ਸੀ। ਸ਼ਹੀਦ ਭਗਤ ਸਿੰਘ ਦੀ ਸੋਚਣੀ ਦੇ ਅਜਿਹਾ ਸਫਰ ਤਹਿ ਕਰਨ ਲਈ ਕੁੱਝ ਜ਼ਰੂਰੀ ਸ਼ਰਤਾਂ ਲੋੜੀਂਦੀਆਂ ਸਨ। ਉਸ ਦੀ ਇਨਕਲਾਬੀ ਸਖਸ਼ੀਅਤ ਦਾ ਵਿਕਾਸ ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਨਾਲ ਸਬੰਧਤ ਸਾਹਿਤ ਦਾ ਡੂੰਘਾ ਅਧਿਐਨ ਕਰਦਿਆਂ, ਇਸ ਨੂੰ ਗ੍ਰਹਿਣ ਕਰਦਿਆਂ ਹੋਇਆ ਸੀ। ਜਦੋਂ ਉਹ ਅਜੇ ਅਸਲ ਅਰਥਾਂ ਵਿਚ ਕਮਿਊਨਿਸਟ ਨਹੀਂ ਸੀ  ਬਣਿਆ, ਉਦੋਂ ਵੀ ਉਸ ਦੇ ਵਿਚਾਰ ਸਿਧਾਂਤਕ ਨੀਹਾਂ ’ਤੇ ਟਿਕੇ ਹੋਏ ਸਨ। ਉਸ ਨੇ ਅਰਜਕਤਾਵਾਦੀ ਲਹਿਰਾਂ ਦੇ ਵਿਚਾਰਵਾਨਾਂ ਅਤੇ ਸਿਧਾਂਤਕ ਵਿਆਖਿਆਕਾਰਾਂ ਦੀਆਂ ਲਿਖਤਾਂ ਦਾ ਪ੍ਰਭਾਵ ਗ੍ਰਹਿਣ ਕੀਤਾ ਸੀ। ਸਿੱਟੇ ਵਜੋਂ ਉਸ ਦੇ ਇਸ ਵਿਸ਼ਵਾਸ਼ ਨੂੰ ਬਲ ਮਿਲਿਆ ਸੀ ਕਿ ਜਦੋਂ ਹਾਲਤਾਂ ਇਨਕਲਾਬੀ ਤਬਦੀਲੀ ਮੰਗ ਰਹੀਆਂ ਹੰੁਦੀਆਂ ਹਨ ਤਾਂ ਇਨਕਲਾਬੀ ਦਹਿਸ਼ਤਗਰਦ ਜੁਝਾਰ ਕਾਰਵਾਈਆਂ ਤਰਥੱਲ-ਛੇੜੂ ਰੋਲ ਅਦਾ ਕਰਦੀਆਂ ਹਨ ਅਤੇ ਜਨਤਾ ਦੀ ਇਨਕਲਾਬੀ ਸ਼ਕਤੀ ਨੂੰ ਉਭਾਰ ਕੇ ਹਰਕਤ ਵਿਚ ਲੈ ਆਉਦੀਆਂ ਹਨ। 

ਮੁਲਕ ਅੰਦਰ ਲੋੜੀਂਦੀ ਕੱਦਾਵਰ ਕਮਿਊਨਿਸਟ ਪਾਰਟੀ ਦੀ ਗੈਰਹਾਜ਼ਰੀ ’ਚ ਸ਼ਹੀਦ ਭਗਤ ਸਿੰਘ ਦਾ ਅਗਲੇਰਾ ਵਿਕਾਸ ਕੁੱਝ ਅਹਿਮ ਲੋੜਾਂ ਦੇ ਪੂਰੇ ਜਾਣ ’ਤੇ ਨਿਰਭਰ ਕਰਦਾ ਸੀ। ਇੱਕ ਅਹਿਮ ਸਾਧਨ, ਕਮਿਊਨਿਸਟ ਕੌਮਾਂਤਰੀ ਨਾਲ ਸੰਪਰਕ, ਉਸ ਨੂੰ ਹਾਸਲ ਨਹੀਂ ਸੀ। (ਜਦੋਂ ਭਗਤ ਸਿੰਘ ਜੇਲ੍ਹ ਵਿਚ ਸੀ ਤਾਂ ਹਿੰਦੂਸਤਾਨ  ਰਿਪਬਲਿਕਨ ਸੋਸ਼ਲਿਸਟ ਆਰਮੀ ਨੇ ਆਪਣੇ ਅਹਿਮ ਆਗੂਆਂ ਨੂੰ ਸੋਵੀਅਤ ਯੂਨੀਅਨ ਭੇਜਣ ਦੀ ਵਿਉਤ ਬਣਾਈ ਸੀ ਜਿਹੜੀ ਸਿਰੇ ਨਹੀਂ ਸੀ ਚੜ੍ਹ ਸਕੀ) ਦੂਜਾ ਸਾਧਨ ਬੁਨਿਆਦੀ ਜਮਾਤਾਂ, ਯਾਨੀ ਮਜ਼ਦੂਰਾਂ ਕਿਸਾਨਾਂ ਦੀ ਇਨਕਲਾਬੀ ਜਮਾਤੀ ਲਹਿਰ ਉਸਾਰੀ ਦਾ ਹਾਂ-ਪੱਖੀ ਅਮਲ ਬਣਦਾ ਸੀ। ਹਿੰਦੁਸਤਾਨ  ਸੋਸ਼ਲਿਸਟ ਰਿਪਬਲਿਕਨ ਆਰਮੀ ਨੂੰ ਇਸ ਅਭਿਆਸ ਵਿਚੋਂ ਗੁਜ਼ਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ। ਤੀਜਾ ਸਾਧਨ ਮੁਲਕ ਅੰਦਰਲੇ ਕਮਿਊਨਿਸਟ ਆਗੂਆਂ ਨਾਲ ਰਾਬਤੇ ਅਤੇ ਸਿਧਾਂਤਕ ਵਿਚਾਰ ਵਟਾਂਦਰੇ ਦਾ ਅਮਲ ਬਣਦਾ ਸੀ। ਪੰਜਾਬ ਅੰਦਰਲੇ ਕਿਰਤੀ ਕਿਸਾਨ ਪਾਰਟੀ ਦੇ ਆਗੂਆਂ ਨਾਲ ਰਾਬਤੇ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਇਹ ਮੌਕਾ ਹਾਸਲ ਤਾਂ ਹੋਇਆ ਸੀ, ਪਰ ਸੀਮਤਾਈ ਇਹ ਸੀ ਕਿ ਭਗਤ ਸਿੰਘ ਨੂੰ ਕਾਇਲ ਕਰਨ ਲਈ ਉੱਚ ਪੱਧਰੀ ਮਾਰਕਸਵਾਦੀ ਸਿਧਾਂਤਕ ਵਿਆਖਿਆ ਦੀ ਲੋੜ ਸੀ। ਆਪਣੇ ਹੋਰਨਾਂ  ਗੁਣਾਂ ਦੇ ਬਾਵਜੂਦ ਪੰਜਾਬ ਦੀ ਕਿਰਤੀ ਕਿਸਾਨ ਪਾਰਟੀ ਦੇ ਆਗੂ ਇਹ ਜ਼ਰੂਰਤ ਪੂਰੀ ਕਰਨ ਲਈ ਉਦੋਂ  ਲੋੜੀਂਦੀ ਹੱਦ ਤੱਕ ਸਮਰੱਥਾਵਾਨ ਨਹੀਂ ਸਨ। ਸ਼੍ਰੀ ਸੋਹਣ ਸਿੰਘ ਜੋਸ਼ ਨੇ ਇਸ ਗੱਲ ਦਾ ਇਕਬਾਲ ਕੀਤਾ ਹੈ ਕਿ ਇਨਕਲਾਬੀ ਦਹਿਸ਼ਤਗਰਦੀ ਦਾ ਖੰਡਨ ਕਰਨ ਦੇ ਬਾਵਜੂਦ ਉਹ ਅਜਿਹੀ ਹਾਲਤ ਵਿਚ ਨਹੀਂ ਸਨ ਕਿ ਸ਼ਕਤੀਸ਼ਾਲੀ ਸਿਧਾਂਤਕ ਬੁਨਿਆਦਾਂ ਨੂੰ ਆਧਾਰ ਬਣਾ ਕੇ ਉਹ ਮਾਰਕਸਵਾਦ ਨਾਲੋਂ ਇਸ ਦੇ ਵਖਰੇਵੇਂ ਦੀ ਲੋੜੀਂਦੀ ਵਿਆਖਿਆ ਕਰ ਸਕਦੇ। (ਸੋਮਾ-ਸੋਹਣ ਸਿੰਘ ਜੋਸ਼ ਦੀ ਲਿਖਤ, ਸ਼ਹੀਦ ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ) 

ਇਹਨਾਂ ਸਥਿਤੀਆਂ ’ਚ ਸ਼ਹੀਦ ਭਗਤ ਸਿੰਘ ਦਾ ਸਿਧਾਂਤਕ ਵਿਕਾਸ ਮਾਰਕਸਵਾਦੀ ਸਹਿਤ ਨਾਲ ਡੂੰਘੇ ਸਿੱਧੇ ਵਾਹ, ਇਸਦੇ ਡੂੰਘੇ ਅਧਿਐਨ ਅਤੇ ਆਪਣੇ ਬਲਬੂਤੇ ਇਸ ਨੂੰ ਗ੍ਰਹਿਣ ਕਰਨ ਦੀ ਸਮਰੱਥਾ ’ਤੇ ਨਿਰਭਰ ਕਰਦਾ ਸੀ। ਜੇਲ੍ਹ ਜੀਵਨ ਦੌਰਾਨ ਅਧਿਐਨ ਦਾ ਮੌਕਾ ਮਿਲਣ ਨਾਲ ਇਸ ਲੋੜ ਦੇ ਕਾਫੀ ਹੱਦ ਤੱਕ ਪੂਰੇ ਜਾਣ ਸਦਕਾ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਕਤੀਸ਼ਾਲੀ ਗ੍ਰਹਿਣ ਸਮਰੱਥਾ ਸਦਕਾ ਉਸ ਦੇ ਵਿਚਾਰਧਾਰਕ ਵਿਕਾਸ ਨੇ ਸਿਫਤੀ ਛੜੱਪਾ ਮਾਰਿਆ। ਇਸ ਛੜੱਪੇ ’ਚ ਇੱਕ ਹੋਰ ਅਹਿਮ ਪੱਖ ਨੇ ਵੀ ਸਹਾਈ ਰੋਲ ਅਦਾ ਕੀਤਾ। ਭਾਵੇਂ ਰਲੇ-ਮਿਲੇ ਕਾਰਨਾਂ ਕਰਕੇ ਸ਼ਹੀਦ ਭਗਤ ਸਿੰਘ ਦੀ ਜਥੇਬੰਦੀ ਮਜ਼ਦੂਰਾਂ-ਕਿਸਾਨਾਂ ਦੀ ਜਮਾਤੀ ਲਹਿਰ ਉਸਾਰਨ ਦੇ ਲੋੜੀਂਦੇ  ਹਾਂ-ਪੱਖੀ ਤਜਰਬੇ ’ਚੋਂ ਨਹੀਂ ਸੀ ਲੰਘ ਸਕੀ, ਪਰ ਇਸ ਦੇ ਤਜਰਬੇ ਦੇ ਕੁੱਝ ਨਾਂਹ-ਪੱਖੀ ਅਨੁਭਵ ਡੂੰਘੀ ਸੋਚ ਵਿਚਾਰ ਅਤੇ ਇਸ ਨੂੰ ਡੂੰਘੇ ਅਧਿਐਨ ਨਾਲ ਜੋੜ ਕੇ ਸਹੀ ਨਤੀਜੇ ਕੱਢਣ ਖਾਤਰ ਅਰਥ ਭਰਪੂਰ ਸਮੱਗਰੀ ਬਣ ਗਏ ਸਨ। 

ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ਦੇ ਵਿਕਾਸ ਦੀ ਰਫ਼ਤਾਰ ਹੈਰਾਨਕੁੰਨ ਪ੍ਰਭਾਵ ਪਾਉਦੀ ਹੈ। ਆਪਣੀ ਇਨਕਲਾਬੀ ਸਰਗਰਮੀ ਦੇ ਪਹਿਲੇ ਦੌਰ ’ਚ ਸ਼ਹੀਦ ਭਗਤ ਸਿੰਘ ਅਰਾਜਕਤਾਵਾਦੀ ਆਗੂ ਪੀਟਰ ਕਰੋਪਟਕਿਨ ਦਾ ਇਹ ਹਵਾਲਾ ਦਿਆ ਕਰਦੇ ਸਨ:

‘‘ਇਕੱਲੀ ਕਾਰਵਾਈ ਹੀ ਕੁੱਝ ਦਿਨਾਂ ’ਚ ਹਜ਼ਾਰਾਂ ਪੈਂਫਲਿਟਾਂ ਨਾਲੋਂ ਵਧੇਰੇ ਪ੍ਰਚਾਰ ਕਰ ਦਿੰਦੀ ਹੈ। ਸਰਕਾਰ ਆਪਣੀ ਰੱਖਿਆ ਕਰਦੀ ਹੈ, ਗੁੱਸੇ ਦੀ ਤਰਸਯੋਗ ਹਾਲਤ ’ਚ ਭਬਕਦੀ ਹੈ, ਪਰ ਇਉ ਕਰਕੇ ਇਹ ਇੱਕ ਜਾਂ ਬਹੁਤੇ  ਵਿਅਕਤੀਆਂ ਵੱਲੋਂ ਅਜਿਹੀਆਂ ਹੋਰ ਕਾਰਵਾਈਆਂ ਦਾ ਸੱਦਾ ਦੇ ਬਹਿੰਦੀ ਅਤੇ ਬਾਗੀਆਂ ਨੂੰ ਹੀਰੋਇਜ਼ਮ ਦੇ ਰਾਹ ਤੋਰਦੀ ਹੈ। ਇੱਕ ਕਾਰਵਾਈ ਦੂਜੀ ਕਾਰਵਾਈ ਨੂੰ ਜਨਮ ਦਿੰਦੀ ਹੈ, ਵਿਰੋਧੀ ਬਾਗਾਵਤ ਦੀਆਂ ਕਤਾਰਾਂ ਵਿਚ ਆ ਜਾਂਦੇ ਹਨ। ਸਰਕਾਰ ਧੜਿਆਂ ਵਿਚ ਵੰਡੀ ਜਾਂਦੀ ਹੈ। ਆਪਸੀ ਵੈਰ-ਭਾਵ ਵਿਰੋਧਾਂ ਨੂੰ ਤਿੱਖੇ ਕਰ ਦਿੰਦਾ ਹੈ। ਰਿਆਇਤਾਂ ਬਹੁਤ ਲੇਟ ਆਉਦੀਆਂ ਹਨ ਅਤੇ ਇਨਕਲਾਬ ਫੁੱਟ ਪੈਂਦਾ ਹੈ। .. ..ਧਨ, ਜਥੇਬੰਦੀ ਅਤੇ ਸਾਹਿਤ ਦੀ ਹੋਰ ਜ਼ਰੂਰਤ ਨਹੀਂ। ਇਕ ਮਨੁੱਖ ਹੀ ਹੱਥ ਵਿਚ ਮਸ਼ਾਲ ਅਤੇ ਡਾਇਨਾਮਾਈਟ ਫੜ ਕੇ ਸੰਸਾਰ ਨੂੰ ਨਿਰਦੇਸ਼ ਦੇ ਸਕਦਾ ਹੈ।’’ 

ਪਰ ਜੇਲ੍ਹ ਜੀਵਨ ਦੌਰਾਨ ਸ਼ਹੀਦ ਭਗਤ ਸਿੰਘ ‘‘ਦਹਿਸ਼ਤਗਰਦੀ’’ ਬਾਰੇ ਹੇਠ ਲਿਖੀ ਡੂੰਘੀ ਟਿੱਪਣੀ  ਕਰਦਾ ਹੈ।

‘‘ਬੰਬ ਦਾ ਮਾਰਗ 1905 ਤੋਂ ਚੱਲਿਆ ਆ ਰਿਹਾ ਹੈ ਅਤੇ ਇਹ ਇਨਕਲਾਬੀ ਭਾਰਤ ਉੱਤੇ ਇੱਕ ਦਰਦਨਾਕ ਟਿੱਪਣੀ ਹੈ।.. ..ਦਹਿਸ਼ਤਗਰਦੀ ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿਚ ਗਹਿਰੇ  ਨਾ ਜਾ ਸਕਣ ਬਾਰੇ ਇਕ ਪਛਤਾਵਾ ਹੈ। ਇਸ ਤਰ੍ਹਾਂ ਇਹ ਸਾਡੀ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ।.. .. ਹਰ ਦੇਸ਼ ਵਿਚ ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ।  ਫਰਾਂਸ, ਰੂਸ, ਜਰਮਨ, ਬਾਲਕਿਨ ਦੇਸ਼ਾਂ, ਸਪੇਨ ਅਤੇ ਹਰ ਥਾਂ ਇਹੀ ਕਹਾਣੀ ਹੈ। ਹਾਰ ਦਾ ਬੀਜ ਇਸ ਦੇ ਅੰਦਰ ਹੀ ੳੱੁਗਿਆ ਹੋਇਆ ਹੈ। ’’

‘‘ਪਛਤਾਵੇ’’ ਬਾਰੇ ਸ਼ਹੀਦ ਭਗਤ ਸਿੰਘ ਦੀ ਟਿੱਪਣੀ ਇਨਕਲਾਬੀ ਦਹਿਸ਼ਤਗਰਦੀ ਸਬੰਧੀ ਲੈਨਿਨ ਦੀਆਂ ਟਿੱਪਣੀਆਂ ਨਾਲ ਮਿਲਦੀ-ਜੁਲਦੀ ਹੈ। ਪਰ ਸ਼ਹੀਦ ਭਗਤ ਸਿੰਘ ਹੋਰ ਵੀ ਅੱਗੇ ਜਾਂਦਾ ਹੈ। ਉਹ ਇਹ ਅਹਿਮ ਗੱਲ ਕਹਿੰਦਾ ਹੈ ਕਿ ਅਮਲੀ ਨਤੀਜਿਆਂ ਪੱਖੋਂ ਇਨਕਲਾਬੀ ਲਹਿਰ ੳੱੁਪਰ ਦਹਿਸ਼ਤਗਰਦੀ ਅਤੇ ਗਾਂਧੀਵਾਦ ਦਾ ਅਸਰ ਆਪਣੇ ਤੱਤ  ਪੱਖੋਂ ਇੱਕੋ ਜਿਹਾ ਹੈ। ਇਨਕਲਾਬੀ ਦਹਿਸ਼ਤਗਰਦੀ ਦੀਆਂ ਸੀਮਤਾਈਆਂ ਦੀ ਚਰਚਾ ਕਰਦਿਆਂ ਉਹ ਕਹਿੰਦਾ ਹੈ ਕਿ ਇਨਕਲਾਬੀ ਦਹਿਸ਼ਤਗਰਦੀ ਜੇ ਪੂਰੇ ਜੋਰ ਨਾਲ ਉਹ ਕੁੱਝ ਵੀ ਕਰ ਵਿਖਾਵੇ ‘‘ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਵਾਪਰਿਆ ਤਾਂ ਵੀ ਆਤੰਕਵਾਦ ਵੱਧ ਤੋਂ ਵੱਧ ਸਾਮਰਾਜੀ ਤਾਕਤ ਨੂੰ ਸੁਲਾਹ ਵਾਸਤੇ ਮਜ਼ਬੂਰ ਕਰ ਸਕਦਾ ਹੈ। ਅਜਿਹੀਆਂ ਸੁਲਾਹ-ਸਫਾਈਆਂ ਸਾਡੇ ਉਦੇਸ਼, ਪੂਰਨ ਆਜ਼ਾਦੀ ਤੋਂ ਹਮੇਸ਼ਾ ਕਿਤੇ ਉਰੇ ਰਹਿਣਗੀਆਂ। ਇਸ ਤਰ੍ਹਾਂ ਆਤੰਕਵਾਦ ਇੱਕ ਸਮਝੌਤਾ ਅਤੇ ਸੁਧਾਰਾਂ ਦੀ ਇੱਕ ਕਿਸ਼ਤ ਨਿਚੋੜ ਕੇ ਕੱਢ ਸਕਦਾ ਹੈ ਅਤੇ ਇਹੀ ਪ੍ਰਾਪਤੀ ਕਰਨ ਲਈ ਗਾਂਧੀਵਾਦ ਜੋਰ ਲਾ ਰਿਹਾ ਹੈ। 

ਆਇਰਲੈਂਡ ਦੇ ਤਜਰਬੇ ਨੂੰ ਆਧਾਰ ਬਣਾਉਦਿਆਂ ਸ਼ਹੀਦ ਭਗਤ ਸਿੰਘ ਇਨਕਲਾਬੀ ਦਹਿਸ਼ਤਗਰਦੀ ਨੂੰ ‘‘ਇਨਕਲਾਬੀ ਸਮਾਜਕ ਆਧਾਰ ਤੋਂ ਖਾਲੀ ਕੌਮਵਾਦੀ ਆਦਰਸ਼ਵਾਦ’’ ਕਹਿੰਦਾ ਹੈ, ਜਿਹੜਾ ‘‘ਸਾਰੇ ਹਾਲਾਤ ਸਾਜ਼ਗਾਰ ਹੋਣ ਦੇ ਬਾਵਜੂਦ ਵੀ ਸਾਮਰਾਜਵਾਦ ਨਾਲ ਸਮਝੌਤੇ ਦੀ ਬਿਰਤੀ ਵਿਚ ਗਵਾਚ ਸਕਦਾ ਹੈ’’ ਅਤੇ ਇਨਕਲਾਬੀ ਯਰਕਾਊਵਾਦੀਆਂ ਨੂੰ ਸਵਾਲ ਕਰਦਾ ਹੈ ‘‘ਕੀ ਭਾਰਤ ਨੂੰ ਅਜੇ ਵੀ ਆਇਰਲੈਂਡ ਦੀ ਨਕਲ ਕਰਨੀ ਚਾਹੀਦੀ ਹੈ, ਚਾਹੇ ਉਹ ਕੀਤੀ ਵੀ ਜਾ ਸਕਦੀ ਹੋਵੇ ਤਾਂ ਵੀ?’’ ਉਸ ਦਾ ਕੁੱਲ ਮਿਲਵਾਂ ਨਤੀਜਾ ਇਹ ਹੈ ਕਿ ‘‘ਆਤੰਕਵਾਦ ਦੇ ਸ਼ੈਤਾਨ ਨੂੰ ਕੋਈ ਦਾਦ ਦੇਣ ਦੀ ਲੋੜ ਨਹੀਂ ਹੈ।’’

ਉਸ ਸਮੇਂ ਇਨਕਲਾਬੀ ਦਹਿਸ਼ਤਗਰਦੀ ਭਾਰਤੀ ਕਮਿਊਨਿਸਟ ਲਹਿਰ ਅੰਦਰਲਾ ਰੁਝਾਨ ਨਹੀਂ ਸੀ। ਇਸ ਦੀ ਨੁਮਾਇੰਦਗੀ ਆਮ ਕਰਕੇ ਮੱਧਵਰਗੀ  ਕੌਮਪ੍ਰਸਤ ਹਿੱਸੇ ਕਰਦੇ ਸਨ। ਤਾਂ ਵੀ ਸ਼ਹੀਦ ਭਗਤ ਸਿੰਘ ਦੀ ਉਪਰੋਕਤ ਟਿੱਪਣੀ ਦੀ ਤੁਲਨਾ ਕਿਸੇ ਹੱਦ ਤੱਕ ਲੈਨਿਨ ਦੀਆਂ ਉਹਨਾਂ ਟਿੱਪਣੀਆਂ ਨਾਲ ਕੀਤੀ ਜਾ ਸਕਦੀ ਹੈ ਜੋ ਉਸ ਨੇ ਮਜ਼ਦੂਰ ਲਹਿਰ ਅੰਦਰਲੇ ਗਲਤ ਰੁਝਾਨਾਂ ਵਜੋਂ ਇੱਕ ਪਾਸੇ ਇਨਕਲਾਬੀ ਦਹਿਸ਼ਤਗਰਦੀ ਤੇ ਦੂਜੇ ਪਾਸੇ ਆਰਥਿਕਵਾਦ-ਸੁਧਾਰਵਾਦ ਦੇ ਸਾਵੇਂ ਤੱਤ ਬਾਰੇ ਕੀਤੀਆਂ ਹਨ। 

ਇਨਕਲਾਬੀ ਹਾਲਤਾਂ ਸਿਰਜਣ ਅਤੇ ਇਨਕਲਾਬ ਛੇੜਨ ਵਿਚ ਇਨਕਲਾਬੀ ਦਹਿਸ਼ਤਗਰਦੀ ਦੇ ਰੋਲ ਬਾਰੇ ਸੁਪਨਈ ਧਾਰਨਾਵਾਂ ਨਾਲੋਂ ਡੂੰਘੇ ਨਿਖੇੜੇ ਦੀ ਇੱਕ ਹੋਰ ਝਲਕ ਵੀ ਸ਼ਹੀਦ ਭਗਤ ਸਿੰਘ ਵੱਲੋਂ ਜਾਰੀ ਕੀਤੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਵਿਚ ਮਿਲਦੀ ਹੈ। ਉਹ ਇਹ ਸਪਸ਼ਟ ਸੋਝੀ ਪ੍ਰਗਟ ਕਰਦਾ ਹੈ ਕਿ ਇਨਕਲਾਬ ਦੀ ਸਫਲਤਾ ਇਸ ਖਾਤਰ ਜ਼ਰੂਰੀ ਬਾਹਰਮੁਖੀ ਅਤੇ ਅੰਤਰਮੁਖੀ ਸ਼ਰਤਾਂ ਦੇ ਪੂਰੇ ਹੋਣ ’ਤੇ ਨਿਰਭਰ ਕਰਦੀ ਹੈ। ਉਹ ਅਕਤੂਬਰ ਇਨਕਲਾਬ ਦੀ ਸਫਲਤਾ ਲਈ ਲੈਨਿਨ ਵੱਲੋਂ ਬਿਆਨੀਆਂ ਤਿੰਨ ਜਰੂਰੀ ਸ਼ਰਤਾਂ ਦਾ ਜ਼ਿਕਰ ਕਰਦਾ ਹੈ। ਰਾਜਨੀਤਕ, ਆਰਥਿਕ ਹਾਲਤ, ਜਨਤਾ ਦੀ ਮਾਨਸਿਕ ਤਿਆਰੀ ਅਤੇ ਪਰਖ ਦੀਆਂ ਘੜੀਆਂ ’ਚ ਅਗਵਾਈ  ਦੇਣ ਦੇ ਸਮਰੱਥ ਟਰੇਂਡ ਇਨਕਲਾਬੀ ਪਾਰਟੀ। ਉਹ ਦੂਜੀ ਅਤੇ ਤੀਜੀ ਸ਼ਰਤ ਪੂਰੀ ਕਰਨ ਲਈ ਹਰਕਤ ਵਿਚ ਆਉਣ ਨੂੰ ਇਨਕਲਾਬੀ ਕਾਰਕੁੰਨਾਂ ਦਾ ‘‘ਪਹਿਲਾ ਕੰਮ’’ ਬਿਆਨਦਾ ਹੈ ਅਤੇ ‘‘ਇਸ ਮੁੱਦੇ ਨੂੰ ਸਾਹਮਣੇ ਰੱਖ ਕੇ’’ ਇਨਕਲਾਬੀ ਅਮਲੀ ਸਰਗਰਮੀ ਦਾ ਪ੍ਰੋਗਰਾਮ ਬਣਾਉਣ ’ਤੇ ਜੋਰ ਦਿੰਦਾ ਹੈ। ‘‘ਜਨਤਾ ਨੂੰ ਜੁਝਾਰ ਕੰਮ ਲਈ ਤਿਆਰ ਕਰਨ ਅਤੇ ਲਾਮਬੰਦ ਕਰਨ ’’ ਉਹ ਕਾਰਕੁੰਨ ਦੀ ‘‘ਪਹਿਲੀ ਡਿਊਟੀ’’ ਕਹਿੰਦਾ ਹੈ। 

ਮੁਲਕ ਅੰਦਰ ਇਨਕਲਾਬ ਲਈ ਜਮਾਤੀ-ਸਿਆਸੀ ਤਾਕਤਾਂ ਦੀ ਕਤਾਰਬੰਦੀ ਦੇ ਸੁਆਲ ’ਤੇ ਵੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸੋਚ ਮਹੱਤਵਪੂਰਨ ਡਿੰਘਾਂ ਭਰਦੀ ਨਜ਼ਰ ਆਉਦੀ ਹੈ। ਇਨਕਲਾਬ ਦੀ ਚਾਲਕ ਸ਼ਕਤੀ ਵਜੋਂ ਮਜ਼ਦੂਰਾਂ-ਕਿਸਾਨਾਂ ਦੇ ਰੋਲ ਸਬੰਧੀ ਸ਼ਹੀਦ ਭਗਤ ਸਿੰਘ ਦੇ ਮੱਤ ਦੀ ਚਰਚਾ ਹੁੰਦੀ ਰਹੀ ਹੈ। ਕਾਂਗਰਸ ਅਤੇ ‘‘ਭਾਰਤੀ ਪੂੰਜੀਵਾਦ’’ ਹੱਥੋਂ ‘‘ਵਿਸ਼ਵਾਸ਼ਘਾਤ’’ ਦੇ ਖਤਰੇ ਬਾਰੇ ਉਸ ਦੀਆਂ ਟਿੱਪਣੀਆਂ ਵੀ ਕਾਫੀ ਚਰਚਾ ਦਾ ਵਿਸ਼ਾ ਹਨ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਸਾਮਰਾਜੀ ਪੂੰਜੀ ਦੇ ਭਾਰਤੀ ਅਰਥਚਾਰੇ ਅੰਦਰ ਰੋਲ ਅਤੇ ਇਸ ਦੀਆਂ ਸਿਆਸੀ ਅਰਥ-ਸੰਭਾਵਨਾਵਾਂ ਦੇ ਨਿਰੀਖਣ ਵੱਲ ਆਹੁਲਦੀਆਂ ਦਿਖਾਈ ਦਿੰਦੀਆਂ ਹਨ। ਇਹਨਾਂ ਲਿਖਤਾਂ ’ਚ ਇਹ ਸਪਸ਼ਟ ਕਿਹਾ ਗਿਆ ਹੈ ਕਿ ਸਾਮਰਾਜੀ ਪੂੰਜੀ ਦੀ ਆਮਦ ਰਾਹੀਂ ਇਸ ਨਾਲ ਸਾਂਝੇ ਹਿੱਤਾਂ ਅਤੇ ਅਧੀਨਗੀ ਦੇ ਰਿਸ਼ਤੇ ਵਿਚ ਪਰੋਈ ਵੱਡੇ ਪੂੰਜੀਪਤੀਆਂ ਦੀ ਪਰਤ ਵਿਕਸਿਤ ਹੁੰਦੀ ਜਾ ਰਹੀ ਹੈ ਅਤੇ ਕੌਮੀ ਹਿੱਤਾਂ ’ਤੇ ਪਹਿਰਾ ਦੇਣ ਪੱਖੋਂ ਇਸ ਪਰਤ ਦੀ ‘‘ਗਿਰਾਵਟ’’ ਅਟੱਲ ਬਣਦੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਦੀ ਇਹ ਦਿਸ਼ਾ ਸਮੁੱਚੀ ਸਰਮਾਏਦਾਰੀ ਨਾਲ ਸਾਮਰਾਜ ਵਿਰੋਧੀ ਸਾਂਝੇ ਮੋਰਚੇ ਦੀ ਉਸ ਸੇਧ ਨਾਲ ਟਕਰਾਉਦੀ ਹੈ, ਜਿਸ ਨੇ ਮਗਰੋਂ ਜਾ ਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਆਗੂ ਰੋਲ ਦੀਆਂ ਸੀਮਤਾਈਆਂ ਨਿਸ਼ਚਿਤ ਕਰ ਦਿੱਤੀਆਂ ਸਨ। ਦਿਲਚਸਪ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਸਮੁੱਚੀ ਪੂੰਜੀਪਤੀ ਜਮਾਤ ਨੂੰ ਸਾਵੇਂ ਹਿੱਤਾਂ ਵਾਲੀ ਜਮਾਤ ਵਜੋਂ ਦੇਖਣ ਦੀ ਧਾਰਨਾ ਤੋਂ ਮੁਕਤ ਹੋਣ ਦੀ ਦਿਸ਼ਾ ’ਚ ਆਹੁਲਦੇ ਦਿਖਾਈ ਦਿੰਦੇ ਹਨ। ਜਿਵੇਂ ਕਿ ਪਹਿਲਾਂ ਜ਼ਿਕਰ ਆਇਆ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਪੂੰਜੀ ਨਾਲ ਵਫਾਦਾਰੀ ਅਤੇ ਸਾਂਝ ਦੇ ਰਿਸ਼ਤੇ ’ਚ ਪਰੋਈ ਸਰਮਾਏਦਾਰੀ ਲਈ ਸ਼ਬਦ ‘‘ਵੱਡੇ ਸਰਮਾਏਦਾਰ’’ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਅਜਿਹੀਆਂ ਟਿੱਪਣੀਆਂ ਮੌਜੂਦ ਹਨ ਜੋ ਸਾਮਰਾਜੀ ਗਲਬੇ ਕਰਕੇ ਭਾਰਤ ਅੰਦਰ ਪੂੰਜੀਵਾਦ ਦੇ ਆਜ਼ਾਦ ਵਿਕਾਸ ਦਾ ਗਲਾ ਘੁੱਟੇ ਜਾਣ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਇਉ ਵਿਦੇਸ਼ੀ ਪੂੰਜੀ ਨਾਲ ਟਕਰਾਵੇਂ ਹਿੱਤਾਂ ਵਾਲੀ ਸਰਮਾਏਦਾਰੀ ਦੀ ਹੋਂਦ ਦਾ ਸੰਕੇਤ ਬਣਦੀਆਂ ਹਨ। ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਕੰਪਨੀ ਨਾਲ ਬਰਤਾਨਵੀ ਸਾਮਰਾਜੀਆਂ ਦੇ ਵਿਹਾਰ ਨੂੰ ਸਾਮਰਾਜੀ ਗਲਬੇ ਦੇ ਭਾਰਤੀ ਸਰਮਾਏ ਨਾਲ ਦੁਸ਼ਮਣਾਨਾ ਰਿਸ਼ਤੇ ਦੀ ਅਹਿਮ ਮਿਸਾਲ ਵਜੋਂ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਅੰਦਰ ਬਿਪਨ ਚੰਦਰ ਪਾਲ ਦੇ ਇੱਕ ਲੇਖ ’ਚੋਂ ਲੰਮਾਂ ਹਵਾਲਾ  ਮੌਜੂਦ ਹੈ। ਇਸ ਲਿਖਤ ਅੰਦਰ ਭਾਰਤ ਅੰਦਰਲੇ ਉਨ੍ਹਾਂ ਪੂੰਜੀਪਤੀਆਂ ਦੇ ਸਰੋਕਾਰਾਂ ਅਤੇ ਇਛਾਵਾਂ ਨੂੰ ਮੁਖਾਤਬ ਹੋਇਆ ਗਿਆ ਹੈ ਜਿਹੜੇ ਭਾਰਤ ਅੰਦਰ ਵਿਦੇਸ਼ੀ ਪੂੰਜੀ ਦੀ ਆਮਦ ਨੂੰ ਆਪਣੇ ਹਿੱਤਾਂ ਨਾਲ ਟਕਰਾਅ ਵਿਚ ਦੇਖ ਰਹੇ ਸਨ। ਕਾਂਗਰਸ ਅੰਦਰਲੇ ਗਰਮ ਖਿਆਲੀ ਕਹੇ ਜਾਂਦੇ ਇਹਨਾਂ ਆਗੂਆਂ ਨੇ ਪੂੰਜੀਪਤੀ ਜਮਾਤ ਦੀ ਇਸ ਪਰਤ ਦੀ ਨੁਮਾਇੰਦਗੀ ਕਿਸ ਹੱਦ ਤੱਕ ਕੀਤੀ, ਕੀਤੀ ਵੀ ਜਾਂ ਕੀਤੀ ਹੀ ਨਹੀਂ, ਇਸ ਬਹਿਸ ਨੂੰ ਲਾਂਭੇ ਛਡਦਿਆਂ, ਇਹ ਨੋਟ ਕਰਨਯੋਗ ਹੈ ਕਿ ਇਹ ਲਿਖਤ ਸਵਰਾਜ ਦੇ ਅਰਥਾਂ ਦੀ ਵਿਆਖਿਆ ਕਰਦਿਆਂ, ਇਸ ਨੂੰ ਮੁਲਕ ਅੰਦਰ ਵਿਦੇਸ਼ੀ ਪੂੰਜੀ ਦੀ ਆਮਦ ਖਿਲਾਫ਼ ਸਖਤ ਰੋਕਾਂ ਦੇ ਅਧਿਕਾਰ ਨਾਲ ਜੋੜਦੀ ਹੈ, ‘‘ਅੰਗਰੇਜ਼ਾਂ ਨੂੰ ਮੁਲਕ ਵਿਚ ਨਹੀਂ ਵੜਨ ਦਿਆਂਗੇ’’ ਕਹਿਣ ਤੱਕ ਜਾਂਦੀ ਹੈ, ਰਾਜ ਪ੍ਰਬੰਧ ਅਤੇ ਇਸ ਦੀਆਂ ਨੀਤੀਆਂ  ਦੇ ਜਿਉ ਦੀ ਤਿਉ ਰਹਿਣ ਦੀ ਹਾਲਤ ’ਚ ਨੌਕਰਸ਼ਾਹੀ ਅੰਦਰ ਭਾਰਤੀ ਨੁਮਾਇੰਦਿਆਂ ਦੀ ਥੋਕ ਭਰਤੀ ਨੂੰ ਵੀ ਫਜੂਲ ਕਰਾਰ ਦਿੰਦੀ ਹੈ ਅਤੇ ਇਹ ਦਾਅਵਾ ਕਰਦੀ ਹੈ ਕਿ ਗਲ-ਘੋਟੂ ਰੋਕਾਂ ਤੋਂ ਮੁਕਤ ਹੋ ਕੇ ਭਾਰਤੀ ਪੂੰਜੀਵਾਦ ਸੰਸਾਰ ਮੁਕਾਬਲੇ ’ਚ ਬਰਤਾਨਵੀ ਪੂੰਜੀਵਾਦ ਨੂੰ ਪਛਾੜ ਸਕਦਾ ਹੈ ਅਤੇ ਮੁਕਾਬਲੇ ਦੇ ‘‘ਭਾਰਤੀ ਸਾਮਰਾਜ’’ ਦੀ ਹੈਸੀਅਤ ਅਖ਼ਤਿਆਰ ਕਰਨ ਤੱਕ ਪਹੁੰਚ ਸਕਦਾ ਹੈ। ਸ਼ਹੀਦ ਭਗਤ ਸਿੰਘ ਵੱਲੋਂ ਗਹਿਰੀ ਦਿਲਚਸਪੀ ਨਾਲ ਨੋਟ ਕੀਤਾ ਇਹ ਹਵਾਲਾ ‘‘ਵੱਡੇ ਸਰਮਾਏਦਾਰਾਂ’’ ਬਾਰੇ ਉਸ ਦੀਆਂ ਟਿੱਪਣੀਆਂ ਨਾਲ ਜੁੜ ਕੇ ਸਾਮਰਾਜ ਨਾਲ ਆਰਥਿਕ ਹਿੱਤਾਂ ਦੇ ਬੁਨਿਆਦੀ ਰਿਸ਼ਤੇ ਦੇ ਆਧਾਰ ’ਤੇ ਭਾਰਤੀ ਪੂੰਜੀਵਾਦੀ ਜਮਾਤ ਅੰਦਰ ਵਖਰੇਵਾਂ ਕਰਨ ਦੀ ਪਹੁੰਚ ਦੇ ਬੀਜ ਸਾਹਮਣੇ ਲਿਆਉਦਾ ਹੈ। 

ਸੂਝ ਅੰਦਰ ਉੱਘੜਿਆ ਇਹ ਵਖਰੇਵਾਂ ਹੀ ਸੀ ਜਿਹੜਾ ਚੀਨੀ ਇਨਕਲਾਬ ਦੇ ਤਜਰਬੇ ਰਾਹੀਂ ਮਾਓ ਵਿਚਾਰਧਾਰਾ ਅੰਦਰ ਦਲਾਲ ਸਰਮਾਏਦਾਰੀ ਅਤੇ ਕੌਮੀ ਸਰਮਾਏਦਾਰੀ ਦੇ ਟਕਰਾਵੇਂ ਜਮਾਤੀ ਲੱਛਣਾਂ ਦੀ ਨਿੱਤਰਵੀਂ ਨਿਸ਼ਾਨਦੇਹੀ ਵਿਚ ਪ੍ਰਗਟ ਹੋਇਆ ਅਤੇ ਦਲਾਲ ਸਰਮਾਏਦਾਰੀ ਨੂੰ ਨਿਸ਼ਾਨਾ  ਬਣਾਉਦਿਆਂ ਕੌਮੀ ਸਰਮਾਏਦਾਰੀ ਨਾਲ ਸਾਂਝੇ ਮੋਰਚੇ ਦੀ ਸੇਧ ਦਾ ਆਧਾਰ ਬਣਿਆ। ਪੂੰਜੀਪਤੀ ਜਮਾਤ ਦੇ ‘‘ਖੱਬੇ’’ ਅਤੇ ‘‘ਸੱਜੇ’’ ਧੜਿਆਂ ’ਚ ਵਖਰੇਵਾਂ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿੱਪ ਵੀ ਕਰਦੀ ਰਹੀ ਹੈ। ਪਰ ਇਹ ਵਖਰੇਵਾਂ ਇਸ ਜਮਾਤ ਦੇ ਵੱਖ ਵੱਖ ਹਿੱਸਿਆਂ ਦੇ ਕਿਰਦਾਰ ਨਾਲੋਂ ਵੱਧ ਰੋਲ ਦੇ ਆਧਾਰ ’ਤੇ ਕੀਤਾ ਜਾਂਦਾ ਰਿਹਾ ਹੈ। ਵੱਡੀ ਸਰਮਾਏਦਾਰੀ ਸਮੇਤ ਸਮੁੱਚੀ ਸਰਮਾਏਦਾਰੀ ਦੇ ਹਿੱਤਾਂ ਨੂੰ ਵਿਦੇਸ਼ੀ ਸਾਮਰਾਜਵਾਦ ਨਾਲ ਟਕਰਾਅ ਵਿਚ ਦੇਖਿਆ ਜਾਂਦਾ ਰਿਹਾ ਹੈ। ਸੱਜਾ ਧੜਾ ਉਸ ਹਿੱਸੇ ਨੂੰ ਗਰਦਾਨਿਆ ਜਾਂਦਾ ਰਿਹਾ ਹੈ ਜਿਸ ਵੱਲੋਂ  ਸਮੁੱਚੇ ‘‘ਭਾਰਤੀ ਪੂੰਜੀਵਾਦ’’ ਦੇ ਸਾਮਰਾਜਵਾਦ ਨਾਲ ਟਕਰਾਵੇਂ ਅਤੇ ਆਜ਼ਾਦ ਸਮਝੇ ਜਾਂਦੇ ਹਿੱਤਾਂ ਦੀ ਰਾਖੀ ਕਰਨ ਤੋਂ ਭੱਜ ਨਿਕਲਣ ਅਤੇ ਸਾਮਰਾਜ ਅੱਗੇ ਗੋਡੇ ਟੇਕ ਦੇਣ ਦੇ ਖਤਰੇ ਦੀ ਗੁੰਜਾਇਸ਼ ਮੰਨੀ ਜਾਂਦੀ ਰਹੀ ਹੈ। ਅਜਿਹੀ ਧਾਰਨਾ ਅਨੁਸਾਰ ਸਮੁੱਚੀ ਸਰਮਾਏਦਾਰੀ ਦੂਹਰੇ ਅਤੇ ਡਾਵਾਂਡੋਲ ਖਾਸੇ ਦੇ ਵਿਚ-ਵਿਚਾਲੇ ਵਾਲੀ ਜਮਾਤ ਬਣ ਜਾਂਦੀ ਹੈ ਅਤੇ ਇਸ ਦਾ ਕੋਈ ਵੀ ਹਿੱਸਾ ਪਿਛਾਂਹ-ਖਿੱਚੂ ਜਮਾਤ ਵਜੋਂ ਇਨਕਲਾਬ ਦੀ ਸੱਟ ਦਾ ਨਿਸ਼ਾਨਾ ਨਹੀਂ ਰਹਿੰਦਾ। 

ਇਸ ਪ੍ਰਸੰਗ ’ਚ ਸ਼ਹੀਦ ਭਗਤ ਸਿੰਘ ਵੱਲੋਂ ਵੱਡੀ ਸਰਮਾਏਦਾਰੀ ਦੇ ਸਾਮਰਾਜੀ ਹਿੱਤਾਂ ਨਾਲ ਬੱਝੀ ਹੋਣ ਦੀ ਨਿਸ਼ਾਨਦੇਹੀ ਦਾ ਕਾਫੀ ਮਹੱਤਵ ਬਣ ਜਾਂਦਾ ਹੈ। ਇਸ ਨਿਸ਼ਾਨਦੇਹੀ ’ਚ ਭਾਰਤੀ ਕਮਿਊਨਿਸਟ ਪਾਰਟੀ ਦੇ ਉਸ ਮਾਰਗ ਨਾਲੋਂ ਵਖਰੇਵੇਂ ਦੇ ਬੀਜ ਸਮੋਏ ਹੋਏ ਹਨ ਜਿਸ ’ਤੇ ਚਲਦਿਆਂ ਇਹ ਝੋਲੀ ਦੇ ਲਗਭਗ ਸਾਰੇ ਦਾਣੇ ਕਾਂਗਰਸ ਦੇ ਪਲੇਟਫਾਰਮ ਨੂੰ ਮਜ਼ਬੂਤ ਕਰਨ ਲਈ ਅਰਪਣ ਕਰਦੀ ਰਹੀ, ਜਿਸ ਨੂੰ ਇਹ ਸਾਮਰਾਜ-ਵਿਰੋਧੀ ਕੌਮੀ ਸਾਂਝੇ ਮੋਰਚੇ ਦਾ ਪਲੇਟਫਾਰਮ ਕਹਿੰਦੀ ਸੀ। 

ਸ਼ਹੀਦ ਭਗਤ ਸਿੰਘ ਵੱਲੋਂ ਭਾਰਤੀ ਇਨਕਲਾਬ ਦਾ ਮਾਰਗ ਉਲੀਕਣ ਦੇ ਯਤਨਾਂ ’ਚ ਵੱਡੀ ਸਰਮਾਏਦਾਰੀ ਅਤੇ ਇਸ ਦੇ ਕਾਂਗਰਸੀ ਨੁਮਾਇੰਦਿਆਂ ਵੱਲੋਂ ਸਾਮਰਾਜ-ਵਿਰੋਧੀ ਇਨਕਲਾਬੀ ਲਹਿਰ ਨੂੰ ਠਿੱਬੀ ਲਾ ਜਾਣ ਦੇ ਖਤਰੇ ਤੋਂ ਪੇਸ਼ਬੰਦੀਆਂ ਨੂੰ ਜ਼ੋਰਦਾਰ ਮਹੱਤਵ ਹਾਸਲ ਸੀ। ਅਜਿਹੇ ਖਤਰੇ ਦੇ ਟਾਕਰੇ ਲਈ ਵੀ ਸ਼ਹੀਦ ਭਗਤ ਸਿੰਘ ਨੂੰ ਲੋਕਾਂ ਦੀ ਆਪਣੀ ਪਾਰਟੀ ਯਾਨੀ ਕਮਿਊਨਿਸਟ ਪਾਰਟੀ ਦੀ ਸਿਰਜਣਾ ਦੀ ਵਿਸ਼ੇਸ਼ ਤੱਦੀ ਸੀ। ਕਾਂਗਰਸ ਅਤੇ ਵੱਡੇ ਸਰਮਾਏਦਾਰਾਂ ਦੇ ਰੋਲ ਬਾਰੇ ਭੁਲੇਖਿਆਂ ਤੋਂ ਮੁਕਤ ਪਾਰਟੀ ਜਿਹੜੀ ਇਨਕਲਾਬੀ ਹਾਲਤ ਵਿਚ ਸਮੇਂ ਸਿਰ ਢੁੱਕਵੀਂ ਦਖ਼ਲਅੰਦਾਜ਼ੀ ਕਰ ਸਕੇ ਅਤੇ ਇਨਕਲਾਬ ਦੀ ਵਾਗਡੋਰ ਆਪਣੇ ਹੱਥ ਲੈ ਕੇ ਇਸ ਨੂੰ ਜਿੱਤ ਤੱਕ ਪਹੁੰਚਾ ਸਕੇ। 

ਪਰ ਕੁੱਝ ਵਿਚਾਰਧਾਰਕ ਸੀਮਤਾਈਆਂ ਸਰ ਹੋਣੀਆਂ ਅਜੇ ਬਾਕੀ ਸਨ। ਪੂੰਜੀਪਤੀ ਜਮਾਤ ਅਤੇ ਕਾਂਗਰਸ ਹੱਥੋਂ ‘‘ਧੋਖੇ’’ ਬਾਰੇ ਸ਼ਹੀਦ ਭਗਤ ਸਿੰਘ ਦੀਆਂ ਚਿਤਾਵਨੀਆਂ ’ਚ ਇਸ ਗੱਲ ਦਾ ਵੀ ਦਖ਼ਲ ਸੀ ਕਿ ਉਹ ਇਨਕਲਾਬ ਰਾਹੀਂ ਰਾਜਸੱਤਾ ਹੱਥ ਲੈ ਕੇ ਇਸ ਨੂੰ ਤੁਰੰਤ ਸਮਾਜਵਾਦ ਦੀ ਸਥਾਪਨਾ ਲਈ ਜੁਟਾਉਣ ਦਾ ਟੀਚਾ ਰੱਖਦਾ ਸੀ। ਯੂਰਪੀਅਨ ਮੁਲਕਾਂ ਅਤੇ ਅਮਰੀਕੀ ਤਰਜ਼ ਦੇ ਪੂੰਜੀਵਾਦੀ ਰਾਜ ਦੀ ਸਥਾਪਨਾ ਦਾ ਟੀਚਾ ਉਸ ਨੇ ਆਪਣੀ ਮਾਰਕਸਵਾਦੀ ਸੂਝ ਦੇ ਆਧਾਰ ’ਤੇ ਰੱਦ ਕੀਤਾ ਹੋਇਆ ਸੀ। ਸਾਮਰਾਜੀ ਗਲਬੇ ਹੇਠਲੇ ਮੁਲਕਾਂ ’ਚ ਮਜ਼ਦੂਰ ਜਮਾਤ ਦੀ ਅਗਵਾਈ ’ਚ ਸਾਮਰਾਜ ਵਿਰੋਧੀ ਜਾਗੀਰਦਾਰ-ਵਿਰੋਧੀ ਇਨਕਲਾਬ, ਪਰੋਲੇਤਾਰੀ ਡਿਕਟੇਟਰਸ਼ਿੱਪ ਜਾਂ ਨਿਰੋਲ ਮਜ਼ਦੂਰ-ਕਿਸਾਨ ਰਾਜ ਦੀ ਥਾਂ ਸਭਨਾਂ ਇਨਕਲਾਬੀ ਜਮਾਤਾਂ ਦੀ ਸਾਂਝੀ ਜਮਹੂਰੀ ਤਾਨਾਸ਼ਾਹੀ ਅਤੇ ਅਜਿਹੇ ਇਨਕਲਾਬ ਲਈ ਕੌਮੀ ਸਰਮਾਏਦਾਰੀ ਸਮੇਤ ਸਭਨਾਂ ਇਨਕਲਾਬੀ ਜਮਾਤਾਂ ਦੇ ਸਾਂਝੇ ਮੋਰਚੇ ਸਬੰਧੀ ਸੰਕਲਪ ਚੀਨੀ ਇਨਕਲਾਬ ਦੇ ਤਜਰਬੇ ਰਾਹੀਂ ਮਗਰੋਂ ਨਿੱਖਰ ਕੇ ਸਥਾਪਤ ਹੋਏ ਸਨ। ਸਾਮਰਾਜੀ ਗਲਬੇ ਹੇਠਲੇ ਮੁਲਕਾਂ ’ਚ ਇਨਕਲਾਬ ਦੇ ਸਵਾਲ ਸਬੰਧੀ ਕਮਿਊਨਿਸਟ ਕੌਮਾਂਤਰੀ ਦੀਆਂ ਅਹਿਮ ਲਿਖਤਾਂ ਵੀ ਉਦੋਂ ਸ਼ਹੀਦ ਭਗਤ ਸਿੰਘ ਦੀ ਪਹੁੰਚ ਵਿਚ ਨਹੀਂ ਸਨ। ਲੈਨਿਨ, ਸਾਮਰਾਜੀ ਗਲਬੇ ਹੇਠਲੇ ਪਛੜੇ ਮੁਲਕਾਂ ਬਾਰੇ ਜੋਰ ਨਾਲ ਇਹ ਕਹਿੰਦਾ ਰਿਹਾ ਸੀ ਕਿ ਸਮਾਜਵਾਦ ਇਨ੍ਹਾਂ ਮੁਲਕਾਂ ’ਚ ਫੌਰੀ ਤੌਰ ’ਤੇ ‘‘ਮੜ੍ਹਿਆ’’ ਨਹੀਂ ਜਾ ਸਕਦਾ। ਉਸ ਨੇ ਇੱਕ ਹੋਰ ਅਹਿਮ ਗੱਲ ਇਹ ਕਹੀ ਸੀ ਕਿ ਇਹਨਾਂ ਮੁਲਕਾਂ ਦੇ ਕਮਿਊਨਿਸਟਾਂ ਨੂੰ ਮਾਰਕਸਵਾਦ ਦੀਆਂ ਬਣੀਆਂ ਤਣੀਆਂ ਪੁਸਤਕਾਂ ਨੇ ਕੰਮ ਨਹੀਂ ਦੇਣਾ। ਆਪਣੇ ਇਨਕਲਾਬਾਂ ਦੀ ਠੋਸ ਮਾਰਗ ਸੇਧ ਉਨ੍ਹਾਂ ਨੂੰ ਖੁਦ ਹਾਲਤਾਂ ਨਾਲ ਖੌਝਲ ਕੇ ਉਲੀਕਣੀ ਪੈਣੀ ਹੈ। ਕਮਿਊਨਿਜ਼ਮ ‘‘ਮੜ੍ਹਨ’’ ਖਿਲਾਫ਼  ਲੈਨਿਨ ਦੀਆਂ ਇਹਨਾਂ ਚਿਤਾਵਨੀਆਂ ਨੂੰ ਤਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿੱਪ ਨੇ ਵਜ਼ਨ ਦਿੱਤਾ, ਪਰ ਉਹ ਖੁਦ ਮੱਥਾਪੱਚੀ ਕਰਕੇ ਭਾਰਤੀ ਇਨਕਲਾਬ ਦੀ ਦਰੁਸਤ ਮਾਰਗ ਸੇਧ ਉਲੀਕਣ ’ਚ ਨਾਕਾਮ ਰਹੀ। ਸਗੋਂ ਲੈਨਿਨ ਦੀਆਂ ਚਿਤਾਵਨੀਆਂ ਉਸ ਖਾਤਰ ਸਾਮਰਾਜ-ਵਿਰੋਧੀ ਸਾਂਝੇ ਮੋਰਚੇ ਦੇ ਨਾਂ ਹੇਠ ਸਾਮਰਾਜ ਦੀ ਵਫਾਦਾਰ ਵੱਡੀ  ਸਰਮਾਏਦਾਰੀ ਨਾਲ ਸਾਂਝੇ ਮੋਰਚੇ ਅਤੇ ਇੱਥੋਂ ਤੱਕ ਕਿ ਇਸ ਦੀ ਆਗੂ ਭੂਮਿਕਾ ਸਵੀਕਾਰ ਕਰਨ ਦੀ ਵਾਜਬੀਅਤ ਬਣ ਗਈਆਂ।        . 

ਜੇਲ੍ਹ ਜੀਵਨ ਦਾ ਦੌਰ ਵਿਚਾਰਧਾਰਕ ਵਿਕਾਸ ਦਾ ਅਜਿਹਾ ਪੜਾਅ ਸੀ ਜਦੋਂ ਸ਼ਹੀਦ ਭਗਤ ਸਿੰਘ ਲੋਕਾਂ ਦੀ ਸਮਾਜਕ ਮੁਕਤੀ ਦੇ ਠੋਸ ਇਨਕਲਾਬੀ  ਪ੍ਰੋਗਰਾਮ ਦੇ ਸਵਾਲ ਨੂੰ  ਸੰਬੋਧਤ ਹੋ ਰਿਹਾ ਸੀ। ਅਜਿਹੇ ਠੋਸ ਪ੍ਰੋਗਰਾਮ ਬਗੈਰ ਉਸ ਨੂੰ ‘‘ਕੌਮੀ ਜਜ਼ਬਾਤਾਂ ਨੂੰ ਅਪੀਲ ਫਜ਼ੂਲ ਗੱਲ’’ ਜਾਪਦੀ ਸੀ। ਉਸ ਦਾ ਵਿਚਾਰ ਸੀ ਕਿ ਮੁਲਕ ਵਿਚ ‘‘ਕੌਮੀ ਇਨਕਲਾਬ’’ ਰਾਹੀਂ ‘‘ਅਮਰੀਕਾ ਵਰਗੇ ਭਾਰਤੀ ਗਣਤੰਤਰ’’ ਦੀ ਕੋਸ਼ਿਸ਼ ਗੈਰ-ਹਕੀਕੀ ਹੈ। ਉਸ ਦਾ ਵਿਚਾਰ ਸੀ ਕਿ ਸਰਮਾਏਦਾਰੀ  ਮਜ਼ਦੂਰਾਂ ਕਿਸਾਨਾਂ ਤੋਂ ਡਰਦੀ ਹੈ, ‘‘ਜਿਹਨਾਂ ’ਤੇ ਕੌਮੀ  ਇਨਕਲਾਬ  ਨਿਰਭਰ ਕਰਦਾ ਹੈ’’। ਇਸ ਕਰਕੇ ‘‘ਸਾਮਰਾਜਵਾਦ’’ ਨੂੰ ‘‘ਕੌਮੀ ਇਨਕਲਾਬ’’ ਰਾਹੀਂ ਨਹੀਂ ਸਗੋਂ ‘‘ਕਿਰਤੀ ਇਨਕਲਾਬ’’ ਰਾਹੀਂ ਹੀ ਗੱਦੀਉ ਲਾਹਿਆ ਜਾ ਸਕਦਾ ਹੈ। ‘‘ਕੋਈ ਹੋਰ ਚੀਜ਼ ਇਸ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦੀ।’’ ‘‘ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਕਿਰਤੀ ਇਨਕਲਾਬ ਦੇ ਸਿਵਾਏ ਨਾ ਕਿਸੇ ਹੋਰ ਇਨਕਲਾਬ ਦੀ ਇੱਛਾ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਾਮਯਾਬ ਹੋ ਸਕਦਾ ਹੈ।’’ ਜਨਤਾ ਨੂੰ ‘‘ਸਮਝਾਉਣਾ ਪਵੇਗਾ ਕਿ ਇਨਕਲਾਬ ਉਹਦੇ ਹਿੱਤ ਲਈ ਹੈ ਅਤੇ ਉਸ ਦਾ ਹੈ। ਮਜ਼ਦੂਰ ਪ੍ਰੋਲੇਤਾਰੀ ਦਾ ਇਨਕਲਾਬ ਪ੍ਰੋਲੇਤਾਰੀ ਲਈ ਹੈ’’। ਇਸ ਰੌਸ਼ਨੀ ਵਿਚ ਸ਼ਹੀਦ ਭਗਤ ਸਿੰਘ ਸਾਮਰਾਜਵਾਦ ਅਤੇ ਜਾਗੀਰਦਾਰੀ ਦੇ ਖਾਤਮੇ ਲਈ ਸਮਾਜਵਾਦੀ ਆਰਥਿਕ ਕਦਮਾਂ  ਨੂੰ ਆਪਣੇ ਪ੍ਰੋਗਰਾਮ ਦਾ ਆਧਾਰ ਬਣਾਉਂਦਾ ਹੈ। ਪਰ ਅਜਿਹੇ ਪ੍ਰੋਗਰਾਮ ਦੇ ਪ੍ਰਸੰਗ ਵਿਚ ਮੁਲਕ ਵਿਚ ਸਾਮਰਾਜ-ਵਿਰੋਧੀ ਸਰਮਾਏਦਾਰੀ ਦੀ ਹੋਂਦ ਨੂੰ ਨੋਟ ਕਰਨ ਦਾ ਮਹੱਤਵ ਮੱਧਮ ਪੈ ਜਾਂਦਾ ਹੈ। 

ਉਪਰੋਕਤ ਚਰਚਾ ਅਤੇ ਮਾਰਕਸਵਾਦੀ ਸਮੱਗਰੀ ਨੂੰ ਤੇਜ਼ੀ ਨਾਲ ਗ੍ਰਹਿਣ ਕਰਨ ਦੀ ਸ਼ਹੀਦ ਭਗਤ ਸਿੰਘ ਦੀ ਸਮਰੱਥਾ ਦੇ ਪ੍ਰਸੰਗ ’ਚ ਪਛੜੇ ਮੁਲਕਾਂ ਦੇ ਇਨਕਲਾਬਾਂ ਸਬੰਧੀ ਲੈਨਿਨ ਅਤੇ ਕਮਿਊਨਿਸਟ ਕੌਮਾਂਤਰੀ ਦੀ ਸਿਧਾਂਤਕ ਸਮੱਗਰੀ ਸ਼ਹੀਦ ਭਗਤ ਸਿੰਘ ਤੱਕ ਨਾ ਪਹੁੰਚ ਸਕਣਾ ਇੱਕ ਬਹੁਤ ਹੀ ਮਹੱਤਵਪੂਰਨ ਘਾਟੇਵੰਦਾ ‘‘ਸਵੱਬ’’ ਹੋ ਨਿੱਬੜਦਾ ਹੈ। ਅਜਿਹਾ ਹੋ ਜਾਣ ਦੀ ਹਾਲਤ ’ਚ ਸ਼ਹੀਦ ਭਗਤ ਸਿੰਘ ਦਾ ਮੱਥਾ ਅਜਿਹੇ ਇਨਕਲਾਬ ਦੇ ਨਕਸ਼ ਤਲਾਸ਼ਣ ਅਤੇ ਤਰਾਸ਼ਣ ਦੀ ਸਮੱਸਿਆ ਨਾਲ ਲੱਗਣਾ ਸੀ ਜਿਹੜਾ ਸਮਾਜਵਾਦ ਦੀ ਫੌਰੀ ਸਥਾਪਨਾ ਦਾ ਸਾਧਨ ਨਾ ਹੋਣ ਦੇ ਬਾਵਜੂਦ ਵੀ ਪੂੰਜੀਵਾਦ ਦੀ ਸਥਾਪਨਾ ਦਾ ਸਾਧਨ ਨਾ ਬਣੇ, ਸਗੋਂ ਅਗਲੇ ਪੜਾਅ ’ਤੇ ਹੋਣ ਵਾਲੇ ਸਮਾਜਵਾਦੀ ਇਨਕਲਾਬ ਦਾ ਅੰਗ ਬਣ ਸਕੇ। ਇਸ ਨੁਕਤੇ ਨਾਲ ਦੋ ਚਾਰ ਹੋਣ ਅਤੇ ਇਸ ਨੂੰ ਗ੍ਰਹਿਣ ਕਰ ਲੈਣ ਦੀ ਹਾਲਤ ’ਚ ਇਨਕਲਾਬ ਲਈ ਜਮਾਤੀ ਕਤਾਰਬੰਦੀ ਦੇ ਸਵਾਲ ਨੂੰ ਸੰਬੋਧਤ ਹੋਣ ਖਾਤਰ ਪਹਿਲਾਂ ਜ਼ਿਕਰ ਅਧੀਨ ਆਏ ਕੁੱਝ ਪੱਖਾਂ ਤੋਂ ਸ਼ਹੀਦ ਭਗਤ ਸਿੰਘ ਕਾਫੀ ਬਿਹਤਰ ਹਾਲਤ ’ਚ ਦਿਖਾਈ ਦਿੰਦਾ ਹੈ। ਪੂੰਜੀਵਾਦੀ ਇਨਕਲਾਬ ਦੇ ਬਦਲ ਵਜੋਂ ਪਰ ਸਮਾਜਵਾਦ ਤੋਂ ਪਹਿਲਾਂ ਕੀਤੇ ਜਾਣ ਵਾਲੇ ਇਨਕਲਾਬ ਦੇ ਸੰਕਲਪ ਨਾਲ ਜੁੜ ਕੇ ਸਰਮਾਏਦਾਰੀ ਦੇ ਵੱਖ ਵੱਖ ਹਿੱਸਿਆਂ ’ਚ ਵਖਰੇਵੇਂ ਵੱਲ ਆਹੁਲਦੀ ਉਸ ਦੀ ਪਹੁੰਚ ਨਿਵੇਕਲਾ ਮਹੱਤਵ ਹਾਸਲ ਕਰਨ ਦੀ ਸੰਭਾਵਨਾ ਰੱਖਦੀ ਸੀ। ‘‘ਲੋਕਾਂ ਵੱਲੋਂ ਲੋਕਾਂ ਲਈ ਰਾਜਸੀ ਤਾਕਤ ’ਤੇ ਕਬਜਾ’’ -ਇਨਕਲਾਬ ਦਾ ਇਹ ਸੰਕਲਪ ਪੇਸ਼ ਕਰਦਿਆਂ ਭਗਤ ਸਿੰਘ ਵੱਲੋਂ ਦਿੱਤੀ ਸ਼ਬਦ ‘‘ਲੋਕ’’ ਅਤੇ ‘‘ਕੌਮ’’ ਦੀ ਪ੍ਰੀਭਾਸ਼ਾ ਮਹੱਤਵਪੂਰਨ ਹੈ। ਉਸ ਖਾਤਰ ‘‘ਲੋਕ’’ ਅਤੇ ‘‘ਕੌਮ’’ ਦੇ ਅਰਥ ਨਿਰੋਲ ਮਜ਼ਦੂਰ ਜਮਾਤ ਤੱਕ ਸੀਮਤ ਨਹੀਂ ਹਨ। ਦੂਜੇ ਪਾਸੇ ਉਹ ਤਾੜਨਾ ਕਰਦਾ ਹੈ ਕਿ ‘‘ਕੌਮ ਕਾਂਗਰਸ ਦੇ ਲਾਉੂਡ ਸਪੀਕਰ ਨਹੀਂ ਹਨ।’’ ਉਹ ‘‘ਲੋਕਾਂ’’ ’ਚ 95 ਫੀਸਦੀ ਜਨਤਾ ਨੂੰ  ਸ਼ੁਮਾਰ ਕਰਦਾ ਹੈ। ਸ਼ਹੀਦ ਭਗਤ ਸਿੰਘ ਸਾਹਮਣੇ ਬੁਰਜੂਆ ਕੌਮੀ ਇਨਕਲਾਬ ਦੇ ਬਦਲ ਵਜੋਂ ਰੂਸ ਦੇ ਅਕਤੂਬਰ ਇਨਕਲਾਬ ਦਾ ਮਾਡਲ ਸੀ। ਪਛੜੇ ਮੁਲਕਾਂ ਦੇ ਇਨਕਲਾਬਾਂ ਦੀ ਵਿਸ਼ੇਸ਼ਤਾ ਬਾਰੇ ਲੈਨਿਨਵਾਦੀ ਸਿਧਾਂਤਕ ਸਮੱਗਰੀ ਹਾਸਲ ਹੋਣ ਦੀ ਹਾਲਤ ਵਿਚ ਲੋਕਾਂ ਵੱਲੋਂ ਰਾਜਸੀ ਤਾਕਤ ’ਤੇ ਕਬਜੇ ਦਾ ਉਸ ਦਾ ਸੰਕਲਪ ਭਾਰਤ ਦੀਆਂ ਠੋਸ ਹਾਲਤਾਂ ਅਨੁਸਾਰ ਨਿੱਤਰ ਕੇ ਅਤੇ ਨਿੱਖਰ ਕੇ ਪ੍ਰਗਟ ਹੋਣ ਦੀ ਸੰਭਾਵਨਾ ਰੱਖਦਾ ਸੀ। ਮਜ਼ਦੂਰ ਜਮਾਤ ਦੀ ਅਗਵਾਈ ’ਚ ਸਭਨਾਂ ਇਨਕਲਾਬੀ ਜਮਾਤਾਂ ਦੀ ਸਾਂਝੀ ਜਮਹੂਰੀ ਤਾਨਾਸ਼ਾਹੀ ਦੇ ਸੰਕਲਪ ਵਜੋਂ ਪੇਸ਼ ਹੋਣ ਦੀ ਸੰਭਾਵਨਾ ਰੱਖਦਾ ਸੀ। ਅਜਿਹਾ ਸੰਕਲਪ ਜਮਹੂਰੀ ਇਨਕਲਾਬ ਦੀਆਂ ਫੌਰੀ ਲੋੜਾਂ ਦੇ ਆਧਾਰ ’ਤੇ ਸਮੁੱਚੀ ਸਰਮਾਏਦਾਰੀ ਨਾਲ ਸਾਂਝੇ ਮੋਰਚੇ ਦੀ ਸੀ.ਪੀ.ਆਈ. ਦੀ ਮਾਰਗ ਸੇਧ ਦਾ ਹਾਂ-ਪੱਖੀ ਬਦਲ ਬਣ ਸਕਦਾ ਸੀ। ਪਰ ਇਤਿਹਾਸ ਨੂੰ ਸ਼ਹੀਦ ਭਗਤ ਸਿੰਘ ਦੀ ਉੱਭਰਦੀ ਕਮਿਊਨਿਸਟ ਇਨਕਲਾਬੀ ਪ੍ਰਤਿਭਾ ਦੇ ਅਜਿਹੇ ਸੰਭਾਵਤ ਜਲਵੇ ਦੇਖਣ, ਅੰਗਣ ਤੇ ਪਰਖਣ ਦਾ ਮੌਕਾ ਨਹੀਂ  ਮਿਲ ਸਕਿਆ।     . 

ਇਹ ਗੱਲ ਵੀ ਦਿਲਚਸਪ ਹੈ ਕਿ ਕਮਿਊਨਿਸਟ ਬਣ ਰਹੇ ਪਛੜੇ ਮੁਲਕਾਂ ਦੇ ਮੱਧਵਰਗੀ ਕੌਮਪ੍ਰਸਤਾਂ ਨੂੰ, ਜਿਹੜੇ ਸੋਵੀਅਤ ਯੂਨੀਅਨ ਵਿਚ ਮਾਰਕਸਵਾਦ ਦੀ ਸਿੱਖਿਆ ਹਾਸਲ ਕਰ ਰਹੇ ਸਨ, ਦੋ ਨੁਕਤਿਆਂ ਬਾਰੇ ਕਾਇਲ ਕਰਨ ’ਤੇ ਲੈਨਿਨ ਦਾ ਵਿਸ਼ੇਸ਼ ਜੋਰ ਲਗਦਾ ਰਿਹਾ ਸੀ। ਇੱਕ ਨੁਕਤਾ ਇਨਕਲਾਬੀ ਦਹਿਸ਼ਤਗਰਦੀ ਦੀ ਨਿਰਾਰਥਕਤਾ ਬਾਰੇ ਸੀ ਤੇ ਦੂਜਾ ਨੁਕਤਾ ਪਛੜੇ ਮੁਲਕਾਂ ਦੀ ਜਨਤਾ ਫੌਰੀ ਤੌਰ ’ਤੇ ‘‘ਕਮਿਊਨਿਜ਼ਮ ਠੋਸਣ’’ ਦੀਆਂ ਕੋਸ਼ਿਸ਼ਾਂ ਦੀ ਨਿਰਾਰਥਕਤਾ ਬਾਰੇ ਸੀ। (ਸੋਮਾ ‘‘ਸੋਵੀਅਤ ਯੂਨੀਅਨ ’ਚ ਭਾਰਤੀ ਇਨਕਲਾਬੀ’’) ਆਪਣੀ ਬੌਧਿਕ ਸਮਰੱਥਾ ਦੇ ਜੋਰ ਸ਼ਹੀਦ ਭਗਤ ਸਿੰਘ ਨੇ ਹਾਸਲ ਮਾਰਕਸਵਾਦੀ ਸਾਹਿਤ ਨੂੰ ਆਧਾਰ ਬਣਾ ਕੇ ਪਹਿਲੇ ਨੁਕਤੇ ਬਾਰੇ ਸਪਸ਼ਟਤਾ ਹਾਸਲ ਕੀਤੀ। ਦੂਜੇ ਅਹਿਮ ਨੁਕਤੇ ਬਾਰੇ ਲੋੜੀਂਦੀ ਅਧਿਐਨ ਸਮੱਗਰੀ ਸ਼ਹੀਦ ਭਗਤ ਸਿੰਘ ਨੂੰ ਹਾਸਲ ਨਾ ਹੋਈ। ‘‘95 ਫੀਸਦੀ’’ ਲੋਕਾਂ ਦੇ ਰਾਜ ਦਾ ਉਸ ਦਾ ਤਸੱਵਰ , ਸਾਮਰਾਜਵਾਦ ਤੋਂ ਮੁਕਤੀ ਨੂੰ ਸਮਾਜਕ ਮੁਕਤੀ ਦੇ ਪ੍ਰੋਗਰਾਮ ’ਤੇ ਆਧਾਰਤ ਕਰਨ ਦੀ ਉਸ ਦੀ ਪਹੁੰਚ, ਸਰਮਾਏਦਾਰੀ ਦੇ ਇੱਕ ਹਿੱਸੇ ਦੀ ਸਾਮਰਾਜਵਾਦ ਨਾਲ ਵਫਾਦਾਰੀ ਬਾਰੇ ਉਸ ਦੀ ਸਪੱਸ਼ਟਤਾ, ਇਸ ਨਾਲ ਟਕਰਾਵੇਂ ਹਿੱਤਾਂ ਵਾਲੀ ਸਰਮਾਏਦਾਰੀ ਦੀ ਹੋਂਦ ਵੱਲ ਉਸ ਦਾ ਧਿਆਨ, ਇਨਕਲਾਬ ਦੀ ਆਜ਼ਾਦ ਆਗੂ ਸ਼ਕਤੀ ਵਜੋਂ ਕਮਿਊਨਿਸਟ ਪਾਰਟੀ ਦੀ ਉਸਾਰੀ ਦਾ ਉਸ ਦਾ ਸੰਕਲਪ-ਉਸ ਦੀ ਵਿਚਾਰਧਾਰਕ ਸੂਝ ਦੇ ਇਹ ਅਹਿਮ ਅੰਸ਼ ਬੱਸ ਇੱਕੋ ਅਗਲਾ ਵਿਚਾਰਧਾਰਕ ਸੰਕੇਤ ਮੰਗਦੇ ਜਾਪਦੇ ਹਨ। ਲੈਨਿਨ ਦਾ ਇਹ ਸੁਝਾਊ ਸੰਕੇਤ ਕਿ ਪਛੜੇ ਮੁਲਕਾਂ ਦਾ ਸਮਾਜਵਾਦ ਵੱਲ ਕੂਚ, ਇਹਨਾਂ ਮੁਲਕਾਂ ਦੇ ਜਮਹੂਰੀ ਇਨਕਲਾਬਾਂ ਦੇ ਵਿਸ਼ੇਸ਼ ਨਕਸ਼ਾਂ ਨੂੰ ਬੁੱਝਣ ਅਤੇ ਤਰਾਸ਼ਣ ’ਤੇ ਨਿਰਭਰ ਕਰਦਾ ਹੈ। ਹਾਸਲ ਹੋਇਆ ਇਹ ਸੰਕੇਤ ਸ਼ਹੀਦ ਭਗਤ ਸਿੰਘ ਨੂੰ ‘‘ਕੁੱਝ ਹੋਰ’’ ਬਣਾ  ਦੇਣ ਦੀ ਸੰਭਾਵਨਾ ਰੱਖਦਾ ਸੀ, ਉਹਨਾਂ ਸਮਿਆਂ ਵਿਚ ਜਦੋਂ ਸ਼ਹੀਦ ਭਗਤ ਸਿੰਘ ਅਜੇ 23 ਸਾਲਾਂ ਦਾ ਗੱਭਰੂ ਸੀ ਅਤੇ ਭਾਰਤ ਆਪਣਾ ‘‘ਮਾਓ-ਜ਼ੇ-ਤੁੰਗ’’ ਤਲਾਸ਼ ਰਿਹਾ ਸੀ। ਸ਼ਹਾਦਤ ਤੋਂ ਐਨ ਪਹਿਲਾਂ ਸ਼ਹੀਦ ਭਗਤ ਸਿੰਘ ਲੈਨਿਨ ਦੀ ਕਿਤਾਬ ਪੜ੍ਹ ਰਿਹਾ ਸੀ। ਉਸ ਦੇ ਆਪਣੇ ਸ਼ਬਦਾਂ ਵਿਚ ਲੈਨਿਨ ਨਾਲ ‘‘ਮੁਲਾਕਾਤ’’ ਕਰ ਰਿਹਾ ਸੀ। ਕਾਸ਼ ਇਹ ‘‘ਮੁਲਾਕਾਤ’’ ਹੋਰ ਲੰਮੀ ਹੋ ਸਕਦੀ! ਤੇ ਜੇ ਇਹ ਸੱਚਮੁੱਚ ਹੋ ਜਾਂਦੀ.. ..ਇਹ ਖਿਆਲ ਸ਼ਹੀਦ  ਭਗਤ ਸਿੰਘ ਨੂੰ ਨਿਰਖ ਨਾਲ ਪੜ੍ਹਨ ਵਾਲਿਆਂ ਦੇ ਮਨਾਂ ’ਚ ਹਮੇਸ਼ਾਂ ਦਿਲ ਦੀ ਧੜਕਣ ਤੇਜ਼ ਕਰਨ ਵਾਲੀ ਉਤਸੁਕਤਾ ਜਗਾਉਦਾ ਰਹੇਗਾ। 

ਪਰ ਅੱਜ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਲਈ ਵਧੇਰੇ ਮਹੱਤਵਪੂਰਨ ਪਾਸ਼ ਦੀ ਇਹ ਟਿੱਪਣੀ ਹੈ ਕਿ ਉਨ੍ਹਾਂ ਨੇ ਮਾਰਕਸਵਾਦ-ਲੈਨਿਨਵਾਦ ਨੂੰ ਉਸ ਤੋਂ ਅੱਗੇ ਪੜ੍ਹਨਾ ਹੈ, ਜਿੱਥੇ ਫਾਂਸੀ ਦੇ ਤਖਤੇ ਵੱਲ ਜਾਂਦਾ ਭਗਤ ਸਿੰਘ ਲੈਨਿਨ ਦੀ ਕਿਤਾਬ ਦਾ ਵਰਕਾ ਮੋੜ ਕੇ ਛੱਡ ਗਿਆ ਸੀ।           .                    

                                                                                            (ਸਤੰਬਰ, 2007)

   

ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਦੀ ਗੂੰਜ ਉੱਚੀ ਕਰੋ

 


ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਦੀ ਗੂੰਜ ਉੱਚੀ ਕਰੋ

ਸਾਡੀ ਧਰਤ ਦੇ ਲੋਕ ਸਦੀਆਂ ਤੋਂ ਰਾਜਿਆਂ,ਨਵਾਬਾਂ,ਜਗੀਰਦਾਰਾਂ, ਭੌਂ ਸਰਦਾਰਾਂ ਅਤੇ ਵਿਦੇਸ਼ੀ ਹਮਲਾਵਰਾਂ ਦੀ ਲੁੱਟ ਦਾ ਸੰਤਾਪ ਭੋਗਦੇ ਆਏ ਹਨ। ਸਤਾਰ੍ਹਵੀਂ ਸਦੀ ਵਿੱਚ ਅੰਗਰੇਜ਼ ਬਸਤੀਵਾਦੀਆਂ ਦੀ ਇਸ ਧਰਤ ਉੱਤੇ ਆਮਦ ਨੇ ਇਸ ਲੁੱਟ ਨੂੰ ਕਈ ਗੁਣਾ ਵਧਾ ਦਿੱਤਾ ਸੀ। ਇਸ ਲੁੱਟ ਤੋਂ ਮੁਕਤੀ ਲਈ ਲੋਕ ਵਾਰ ਵਾਰ ਉੱਠੇ ਅਤੇ ਆਜਾਦੀ ਲਈ ਜੂਝੇ। ਪਰ ਅੰਗਰੇਜ਼ ਬਸਤੀਵਾਦੀਆਂ ਖਿਲਾਫ਼ ਸਾਡੀ ਕੌਮੀ ਮੁਕਤੀ ਲਹਿਰ ਦਾ ਸਫ਼ਰ ਬਹੁਤ ਗੁੰਝਲਾਂ ਭਰਪੂਰ ਰਿਹਾ। ਜੀਹਦਾ ਸਿੱਟਾ ਇਹ ਨਿਕਲਿਆ ਕਿ ਅੰਗਰੇਜ਼ ਬਸਤੀਵਾਦੀ ਲੁੱਟ  ਦੀਆਂ ਦੋ ਸਦੀਆਂ ਬੀਤਣ ਬਾਅਦ ਵੀ ਅਤੇ ਵੱਖ ਵੱਖ ਥਾਈਂ ਵਿਦਰੋਹਾਂ ਦੀ ਲੜੀ ਜਾਰੀ ਰਹਿਣ ਦੇ ਬਾਵਜੂਦ ਵੀ ਸਾਡੀ ਆਜ਼ਾਦੀ ਲਹਿਰ ਅੰਗਰੇਜ਼ ਸਾਮਰਾਜੀਆਂ ਦੇ ਬੱਝਵੀਂ ਸੱਟ ਮਾਰਨ ਵਿੱਚ ਊਣੀ ਰਹੀ। ਇਨ੍ਹਾਂ ਗੁੰਝਲਾਂ ਵਿਚੋਂ ਇਕ ਇਹ ਸੀ ਕਿ ਲੋਕਾਂ ਦੀਆਂ ਇਨਕਲਾਬੀ ਤਾਕਤਾਂ ਦੇ ਕਮਜ਼ੋਰ ਹੋਣ ਕਾਰਨ ਲੁਟੇਰੀਆਂ ਦਲਾਲ ਜਮਾਤਾਂ (ਜਿਸ ਦੇ ਚਿਹਰੇ ਨਹਿਰੂ, ਗਾਂਧੀ, ਜਿਨਾਹ, ਪਟੇਲ ਵਰਗੇ ਬਣਦੇ ਹਨ)  ਕੌਮੀ ਲਹਿਰ ਦੀ ਅਗਵਾਈ ਦੇ ਕੇਂਦਰ ਵਿਚ ਰੋਲ ਸਾਂਭ ਬੈਠੀਆਂ ਸਨ ਅਤੇ ਲੋਕਾਂ ਦੇ ਸੁੱਚੇ ਕੌਮੀ ਜਜ਼ਬਿਆਂ ਨੂੰ ਨਿਪੁੰਸਕ ਕਾਰਵਾਈਆਂ ਦੀ ਘੁੰਮਣਘੇਰੀ ਵਿੱਚ ਉਲਝਾਈ ਰੱਖਣ ਵਿੱਚ ਕਾਮਯਾਬ ਹੋ ਰਹੀਆਂ ਸਨ। ਇੱਕ ਹੋਰ ਸੀਮਤਾਈ ਇਹ ਸੀ ਕਿ ਅੰਗਰੇਜ਼ੀ ਹਕੂਮਤ ਖ਼ਿਲਾਫ਼ ਜੂਝ ਰਹੀਆਂ ਤਾਕਤਾਂ ਦੇ ਵੱਡੇ ਹਿੱਸੇ ਵਿੱਚ ਹਾਸਲ ਕੀਤੇ ਜਾਣ ਵਾਲੇ ਨਿਸ਼ਾਨੇ ਪ੍ਰਤੀ ਅਸਪੱਸ਼ਟਤਾ ਸੀ। ਆਜਾਦੀ ਦੇ ਨਕਸ਼ ਧੁੰਦਲੇ ਸਨ। ਸਾਮਰਾਜੀ ਲੁੱਟ ਅਤੇ ਜਗੀਰੂ ਲੁੱਟ ਦੀ ਡੂੰਘੀ ਪਈ ਗਲਵੱਕੜੀ ਅਤੇ ਇਸਨੂੰ ਆਜ਼ਾਦੀ ਲਹਿਰ ਦੇ ਸਾਂਝੇ ਨਿਸ਼ਾਨੇ ਵਜੋਂ ਬੁੱਝਣ ਪੱਖੋਂ  ਅਣਜਾਣਤਾ ਸੀ। ਸਭ ਲੋਕ ਤਾਕਤਾਂ ਅਤੇ ਇੱਥੋਂ ਤੱਕ ਕਿ  ਪਿਛਲੀ ਸਦੀ ਦੇ 20ਵੇਂ ਦਹਾਕੇ ਦੌਰਾਨ ਹੋਂਦ ਵਿੱਚ ਆਈ ਕਮਿਊਨਿਸਟ ਪਾਰਟੀ ਵੀ ਇਸ ਜੋਟੀ ਦੇ ਕਿਰਦਾਰ ਤੇ ਇਸ ਤੋਂ ਮੁਕਤੀ ਦਾ ਸਪੱਸ਼ਟ ਨਿਸ਼ਾਨਾ ਉਭਾਰ ਸਕਣ ਵਿਚ ਬੇਹੱਦ ਊਣੀ ਨਿੱਬੜ ਰਹੀ ਸੀ। ਇਸ ਲੁੱਟ ਤੋਂ ਮੁਕਤੀ ਲਈ ਲੋਕ ਇਨਕਲਾਬ ਦਾ ਸੁਨੇਹਾ ਭਾਰਤੀ ਆਜ਼ਾਦੀ ਦੀ ਲਹਿਰ ਲਈ ਅਣਜਾਣਿਆ ਸੀ। ਅਜਿਹੇ ਸਮੇਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੀ ਕੁਰਬਾਨੀ ਨਾਲ ਇਨਕਲਾਬ ਦੇ ਸੁਨੇਹੇ ਨੂੰ ਸਿੰਜਿਆ ਅਤੇ ਮੁਲਕ ਦੀ ਫਿਜ਼ਾ ਅੰਦਰ ਗੁੰਜਾਇਆ। ਫਾਂਸੀ ਦੇ ਫੰਦੇ ਵੱਲ ਬੇਖੌਫ਼ ਜਾਂਦੇ ਨੌਜਵਾਨਾਂ ਦੇ ਮੂੰਹੋਂ ਇਸ ਮੁਲਕ ਦੇ ਲੋਕਾਂ ਨੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ  ਮੁਰਦਾਬਾਦ’ ਦਾ ਪੈਗਾਮ ਸੁਣਿਆ। ਇਹਨਾਂ ਸਿਰਲੱਥ ਯੋਧਿਆਂ ਵੱਲੋਂ ਕੋਰਟ ਹਾਊਸਾਂ ਵਿਚ ਦਿੱਤੀਆਂ ਗਈਆਂ ਤਕਰੀਰਾਂ, ਜਨਤਕ ਹੋਈਆਂ ਲਿਖਤਾਂ ਅਤੇ ਜੇਲ੍ਹ ਅੰਦਰੋਂ ਲਿਖੀਆਂ ਚਿੱਠੀਆਂ ਰਾਹੀਂ ਲੋਕਾਂ ਨੇ ਜਾਣਿਆ ਕਿ ਭਾਰਤੀ ਲੋਕਾਂ ਦੀ ਗੁਲਾਮੀ ਤੋਂ ਮੁਕਤੀ ਲਈ ਇਸ ਧਰਤੀ ਉੱਪਰ ਇਨਕਲਾਬ ਲੋੜੀਂਦਾ ਹੈ।  ‘‘ਅਜਿਹਾ ਇਨਕਲਾਬ ਜਿਸ ਦਾ ਅਰਥ ਹੈ ਕਿ ਨੰਗੇ ਅਨਿਆਂ ’ਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਬਦਲਣਾ ਚਾਹੀਦਾ ਹੈ। ਜਿਸ ਇਨਕਲਾਬ ਦਾ ਭਾਵ ਨਿਰੇ ਹਾਕਮਾਂ ਦੀ ਤਬਦੀਲੀ ਨਹੀਂ, ਸਗੋਂ ਬਿਲਕੁਲ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਹੈ। ਜਿਸ ਦਾ ਅਰਥ ਉਹ ਆਜ਼ਾਦੀ ਹੈ, ਜਿਸ ਵਿੱਚ ਆਦਮੀ ਹੱਥੋਂ ਆਦਮੀ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ।’’

        ਇਸ ਸੁਨੇਹੇ ਨੂੰ ਫਿਜ਼ਾ ਵਿੱਚ ਬਿਖੇਰਨ ਵਾਲੇ ਸਾਹ ਭਾਵੇਂ ਅੰਗਰੇਜ਼ ਹਕੂਮਤ ਨੇ ਘੁੱਟ ਦਿੱਤੇ ਪਰ ‘ਇਨਕਲਾਬ ਜ਼ਿੰਦਾਬਾਦ’ ਦੇ  ਨਾਅਰੇ ਦੀ ਗੂੰਜ ਉੱਠਦੀ ਰਹੀ,  ਲੋਕਾਂ ਦੇ ਕੰਨੀਂ ਪੈਂਦੀ ਰਹੀ ਅਤੇ ਅੰਗਰੇਜ਼ ਸਾਮਰਾਜੀਆਂ ਤੇ ਉਨ੍ਹਾਂ ਦੀ ਝੋਲੀ ਚੁੱਕਾਂ ਦੇ ਦਿਲੀਂ ਦਹਿਸ਼ਤ ਪਾਉਂਦੀ ਰਹੀ। ਇਨ੍ਹਾਂ ਬੋਲਾਂ ਦੀ ਲੋਅ ਸੰਗ ਹੀ ਇਸ ਧਰਤੀ ਉੱਤੇ ਅਗਲੇ ਵਰ੍ਹਿਆਂ ਦੌਰਾਨ ਤਿਭਾਗਾ ਤੇ ਤਿਲੰਗਾਨਾ ਵਰਗੀਆਂ ਬਗਾਵਤਾਂ ਉੱਠੀਆਂ, ਮਜਦੂਰਾਂ ਦੇ ਵਿਸ਼ਾਲ ਉਠਾਣ ਉੱਠੇ। ਨੇਵੀ ਦੀ ਮਹਾਨ ਬਗਾਵਤ ਦੌਰਾਨ ਇਹੋ ਨਾਹਰਾ ਕਰਾਚੀ ਅਤੇ ਬੰਬਈ ਦੀਆਂ ਕੰਧਾਂ ’ਤੇ ਲਿਸ਼ਕਿਆ ਅਤੇ ਲੋਕਾਂ ਅਤੇ ਬਾਗੀ ਫੌਜੀਆਂ ਦੇ ਲਬਾਂ ’ਤੇ ਗੂੰਜਿਆ, ਜਿਸਨੇ ਅੰਗਰੇਜ਼ ਬਸਤੀਵਾਦੀਆਂ ਲਈ ਇੱਥੋਂ ਭੱਜਣ ਦੀ ਮਜ਼ਬੂਰੀ ਬਣਾ ਦਿੱਤੀ।

   1947 ਵਿੱਚ ਸੱਤਾ ਤਬਦੀਲੀ ਰਾਹੀਂ ਆਜ਼ਾਦੀ ਲਹਿਰ ਦੀ ਪਿੱਠ ਵਿੱਚ ਖੰਜਰ ਖੋਭਿਆ ਗਿਆ। ਇਸ ਦੰਭੀ ਖੇਡ ਰਾਹੀਂ ਲੋਕਾਂ ਅੱਗੇ ਵੱਡੀ ਤਬਦੀਲੀ ਦਾ ਭਰਮ ਸਿਰਜ ਕੇ ਸਾਮਰਾਜੀਆਂ ਦੇ ਵਾਰਿਸ ਭਾਰਤੀ ਹਾਕਮਾਂ ਵੱਲੋਂ ਇਨ੍ਹਾਂ ਬੋਲਾਂ ਨੂੰ ਗ਼ੈਰ ਪ੍ਰਸੰਗਕ ਕਰ ਦੇਣ ਦੀਆਂ ਖ਼ਾਹਸ਼ਾਂ ਪਾਲੀਆਂ ਗਈਆਂ। ਪਰ ਇਸ ਤਬਦੀਲੀ ਨਾਲ ਨਾ ਲੋਕਾਂ ਦਾ ਸੰਤਾਪ ਮੁੱਕਿਆ, ਨਾ ਲੁੱਟ ਖ਼ਿਲਾਫ਼ ਸੰਘਰਸ਼ ਮੁੱਕਿਆ ਅਤੇ ਨਾ ਇਨ੍ਹਾਂ ਬੋਲਾਂ ਦਾ ਪ੍ਰਸੰਗ ਮੁੱਕਿਆ। ਇਨ੍ਹਾਂ ਬੋਲਾਂ ਦੀ ਗੂੰਜ 1947 ਤੋਂ ਬਾਅਦ ਵੀ ਹਾਕਮਾਂ ਨੂੰ ਦਹਿਸ਼ਤਜ਼ਦਾ ਕਰਦੀ ਆਈ ਹੈ। ਸ੍ਰੀਕਾਕੁਲਮ, ਨਕਸਲਬਾੜੀ ਤੋਂ ਲੈ ਕੇ ਬਸਤਰ ਤੱਕ ਵਾਰ ਵਾਰ ਇਹ ਬੋਲ ਉੱਚੇ ਉੱਠਦੇ ਰਹੇ ਹਨ। ਸਾਮਰਾਜੀ ਲੁੱਟ ਦੇ ਇਜ਼ਹਾਰਾਂ ਖ਼ਿਲਾਫ਼ ਉੱਠਦੇ ਲੋਕ ਸੰਘਰਸਾਂ ਵਿਚ ਇਹ ਗੂੰਜ ਜਿਊਂਦੀ ਰਹੀ ਹੈ ਤੇ ਲੋਕ ਘੋਲਾਂ ਨੂੰ ਲੋਅ ਤੇ ਵੇਗ ਬਖਸ਼ਦੀ ਰਹੀ ਹੈ। ਨਵ-ਬਸਤੀਵਾਦ ਅਤੇ ਜਗੀਰੂ ਪ੍ਰਬੰਧ ਦੀ ਜੁੜਵੀਂ ਲੁੱਟ ਦਾ ਜਕੜਪੰਜਾ ਜਿਉਂ ਜਿਉਂ  ਸਾਡੀ ਧਰਤੀ ਦੇ ਲੋਕਾਂ ਦੁਆਲੇ ਪੀਡਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਇਨ੍ਹਾਂ ਬੋਲਾਂ ਨੂੰ ਗੁੰਜਾਉਣ ਦੀ ਲੋੜ ਤੇ ਇਨ੍ਹਾਂ ਦੇ ਅਰਥ ਪਛਾਨਣ ਦੀ ਤਾਂਘ ਤਿੱਖੀ ਹੁੰਦੀ ਜਾ ਰਹੀ ਹੈ।

     ਕੌਮ ਹੱਥੋਂ ਕੌਮ ਦੀ ਜਿਸ ਲੁੱਟ ਦੇ ਖਾਤਮੇ ਦੀ ਗੱਲ ਭਗਤ ਸਿੰਘ ਨੇ ਕੀਤੀ ਸੀ, ਅੱਜ ਸਾਡੀ ਧਰਤ ਦੇ ਕਿਰਤੀ ਲੋਕ ਉਸੇ ਲੁੱਟ ਦੇ ਅਣਗਿਣਤ ਰੂਪਾਂ ਵੱਸ ਪਏ ਹੋਏ ਹਨ। ਸਾਡੇ ਮੁਲਕ ਅੰਦਰ ਸਾਮਰਾਜੀ ਲੁੱਟ ਨੇ ਹਰ ਖੇਤਰ ਅੰਦਰ ਕੈਂਸਰ ਵਾਂਗ ਡੂੰਘੀਆਂ ਜੜ੍ਹਾਂ ਪਸਾਰੀਆਂ ਹੋਈਆਂ ਹਨ। ਖੇਤੀ, ਸਨਅਤ, ਸੇਵਾਵਾਂ, ਮੰਡੀ, ਕੁਦਰਤੀ ਸੋਮੇ ਆਦਿ ਹਰ ਖੇਤਰ ਵਿਚੋਂ ਪੈਸੇ ਅਤੇ ਕਿਰਤ ਦੀ ਸਾਮਰਾਜੀ ਲੁੱਟ ਸਾਡੀ ਆਰਥਿਕਤਾ ਨੂੰ ਸਾਹ ਸੱਤਹੀਣ ਕਰ ਰਹੀ ਹੈ। ਕੌਮ ਹੱਥੋਂ ਕੌਮ ਦੀ ਇਹ ਸਾਮਰਾਜੀ ਲੁੱਟ ਸਿਰਫ ਸਾਧਨਾਂ ਉੱਪਰ ਕਬਜੇ ਰਾਹੀਂ ਹੀ ਨਹੀਂ, ਸਗੋਂ ਸਾਡੇ ਲੋਕਾਂ ਉੱਪਰ ਆਪਣੀ ਮਰਜ਼ੀ ਦੇ ਨੀਤੀਆਂ ਕਾਨੂੰਨ ਮੜ੍ਹਨ ਰਾਹੀਂ ਵੀ ਪ੍ਰਗਟ ਹੁੰਦੀ ਹੈ। ਇਨਕਲਾਬ ਇਸ ਲੁੱਟ ਦੇ ਮੁਕੰਮਲ ਖਾਤਮੇ ਦਾ ਐਲਾਨ ਹੈ। ਹਰ ਖੇਤਰ ਅੰਦਰ ਸਾਡੀ ਕੌਮੀ ਸੰਪਤੀ ਨੂੰ ਨਿਚੋੜ ਰਹੀਆਂ ਵਿਦੇਸ਼ੀ ਕੰਪਨੀਆਂ ਦੀ ਬੇਦਖਲੀ ਅਤੇ ਜਬਤੀ ਨਵ-ਜਮਹੂਰੀ ਇਨਕਲਾਬ ਦੇ ਮੁੱਖ ਕਾਰਜਾਂ ’ਚੋਂ ਇੱਕ ਹੈ। ਇਸ ਸਾਮਰਾਜੀ ਲੁੱਟ ਦੀ ਲਹੂ ਪੀਣੀ ਜੋਕ ਨੂੰ ਆਪਣੇ ਪਿੰਡੇ ਤੋਂ ਲਾਹ ਕੇ ਹੀ ਸਾਡੇ ਮੁਲਕ ਦੀ ਆਰਥਿਕਤਾ ਪੈਰਾਂ ਸਿਰ ਹੋ ਸਕਦੀ ਹੈ, ਵਧ ਫੁੱਲ ਸਕਦੀ ਹੈ ਅਤੇ ਆਪਣੇ ਲੋਕਾਂ ਦੀ ਖ਼ੁਸ਼ਹਾਲੀ ਦਾ ਸਬੱਬ ਬਣ ਸਕਦੀ ਹੈ।

      ਇਉਂ ਹੀ ਸਾਡੇ ਮੁਲਕ ਅੰਦਰ ਸਦੀਆਂ ਤੋਂ ਤੁਰੀ ਆਉਂਦੀ ਕਾਣੀ ਵੰਡ ਅਤੇ ਇਸ ’ਚੋਂ ਉਪਜੀ ਜਗੀਰੂ ਲੁੱਟ ਦਾ ਖਾਤਮਾ ਵੀ ਇਨਕਲਾਬ ਰਾਹੀਂ ਹੀ ਹੋਣਾ ਹੈ। ਇਸ ਕਾਣੀ ਵੰਡ ਦੇ ਖਾਤਮੇ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਅਧਾਰ ਤਬਾਹ ਕਰਨਾ ਹੈ। ਸਦੀਆਂ ਤੋਂ ਮੁੱਠੀ ਭਰ ਲੋਕ ਸਾਧਨਾਂ ਉੱਤੇ ਮਾਰੇ ਜੱਫੇ ਦੇ ਸਿਰ ’ਤੇ ਉੱਚੀ ਹੈਸੀਅਤ ਤੇ ਰੁਤਬੇ ਮਾਣਦੇ ਆਏ ਹਨ। ਏਦੂੰ ਉਲਟ  ਆਪਣੀ ਕਿਰਤ ਨਾਲ ਇਸ ਸਮਾਜ ਨੂੰ ਗਤੀ ਦੇਣ ਵਾਲੇ ਲੋਕ   ਸਾਧਨਹੀਣ ਬਣੇ ਆਏ ਹਨ ਤੇ ਪੈਰ ਪੈਰ ’ਤੇ ਨਿਮਾਣੇ, ਨਿਤਾਣੇ, ਬੇਵੁੱਕਤੇ ਹੋਣ ਦਾ ਅਹਿਸਾਸ ਹੰਢਾਉਂਦੇ ਆਏ ਹਨ। ਇਹ ਲੋਕ  ਜ਼ਿੰਦਗੀ ਵਿੱਚ ਪੈਰ ਪੈਰ ਤੇ ਧੱਕੇ ਖਾਣ ਅਤੇ ਸਾਧਨਾਂ ਵਾਲਿਆਂ ਦੀਆਂ ਮਿੰਨਤਾਂ ਮੁਥਾਜਗੀਆਂ ਕਰਨ ਲਈ ਮਜ਼ਬੂਰ ਹਨ। ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਕਿਰਤੀਆਂ ਨੂੰ ਜ਼ਮੀਨਾਂ ਜਾਇਦਾਦਾਂ ਦੀ ਮਾਲਕੀ ਦੇਣਾ ਇਨਕਲਾਬ ਦਾ ਦੂਜਾ ਵੱਡਾ ਕਾਰਜ ਹੈ। ਜ਼ਮੀਨ, ਸੰਦ ਸਾਧਨਾਂ, ਸੋਮਿਆਂ ਉੱਤੇ ਲੋਕਾਂ ਦੀ ਬਰਾਬਰ ਦੀ ਮਾਲਕੀ ਹੀ ਉਹ ਆਧਾਰ ਤਿਆਰ ਕਰਦੀ ਹੈ, ਜਿਸ ਰਾਹੀਂ ਮੁਥਾਜਗੀਆਂ ਭੰਨੀਆਂ ਜਾ ਸਕਦੀਆਂ ਹਨ ਅਤੇ ਲੋਕਾਂ ਦੇ ਮਾਣ ਸਨਮਾਨ ਦੀ ਬਹਾਲੀ ਹੋ ਸਕਦੀ ਹੈ।

    ਇਨਕਲਾਬ ਰਾਹੀਂ ਇਉਂ ਹੋਈ ਜ਼ਮੀਨਾਂ ਅਤੇ ਸਾਧਨਾਂ ਦੀ ਮੁੜ ਵੰਡ ਲੱਖਾਂ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਾ ਧੁਰਾ ਬਣਦੀ ਹੈ। ਨਾ ਸਿਰਫ਼ ਜ਼ਮੀਨ ਮਿਲਣ ਕਾਰਨ ਖੇਤੀ ਖੇਤਰ ਅੰਦਰ ਹੀ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੈ, ਸਗੋਂ ਇਹਦੇ ਨਾਲ ਜੁੜ ਕੇ ਹੋਰਨਾਂ ਅਨੇਕਾਂ ਖੇਤਰਾਂ ’ਚ ਰੁਜਗਾਰ ਦੇ ਬੇਅੰਤ ਮੌਕੇ ਸਿਰਜੇ ਜਾਣੇ ਹਨ। ਇਨਕਲਾਬ ਨਾਲ ੳੱੁਸਰੇ ਲੋਕ ਪੱਖੀ ਸਮਾਜ ਅੰਦਰ ਹੀ ਸਨਅਤ, ਸੇਵਾਵਾਂ ਅਤੇ ਹੋਰਨਾਂ ਖੇਤਰਾਂ ’ਚ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦਾ ਨਿਸ਼ਾਨਾ ਬੇਕਾਰ ਰੁਲਦੀ ਕਿਰਤ ਸ਼ਕਤੀ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਵੱਲ ਸੇਧਿਤ ਹੋਵੇ, ਨਾ ਕਿ ਸਾਮਰਾਜੀ ਮੁਨਾਫ਼ੇ ਦੀਆਂ ਲੋੜਾਂ ਦੇ ਹਿਸਾਬ ਅੰਨ੍ਹੇਵਾਹ ਮਸ਼ੀਨੀਕਰਨ ਵਰਗੀਆਂ ਪਹੁੰਚਾਂ ਲਾਗੂ ਕੀਤੀਆਂ ਜਾਣ। ਇਉਂ ਇਨਕਲਾਬ ਨੇ ਉਹ ਜ਼ਮੀਨ ਤਿਆਰ ਕਰਨੀ ਹੈ ਜਿੱਥੇ ਸਭਨਾਂ ਲਈ ਰੁਜ਼ਗਾਰ ਦਾ ਨਿਸ਼ਾਨਾ ਹਕੀਕੀ ਤੌਰ ’ਤੇ ਹਾਸਿਲ ਕੀਤਾ ਜਾ ਸਕਦਾ ਹੈ।             

   ਭਗਤ ਸਿੰਘ ਅਤੇ ਸਾਥੀਆਂ ਨੇ ਕਿਹਾ ਸੀ ਕਿ ਇਨਕਲਾਬ ਉਹ ਕਿ੍ਰਸ਼ਮਾ ਹੈ ਜਿਸ ਨੂੰ ਕੁਦਰਤ ਵੀ ਪਿਆਰ ਕਰਦੀ ਹੈ। ਇਨਕਲਾਬ ਰਾਹੀਂ ਹੀ ਕੁਦਰਤ ਦਾ ਨਿਆਂ ਦਾ ਸਿਧਾਂਤ ਲਾਗੂ ਹੋ ਸਕਦਾ ਹੈ। ਸਾਡੇ ਮੁਲਕ ਅੰਦਰ ਲੋਕਾਂ ਵੱਲੋਂ ਪੈਰ ਪੈਰ ’ਤੇ ਹੰਢਾਏ ਜਾਂਦੇ ਅਨੇਕਾਂ ਵਿਤਕਰਿਆਂ ’ਤੇ ਇਨਕਲਾਬ ਨੇ ਸੱਟ ਮਾਰਨੀ ਹੈ। ਮੁੱਠੀ ਭਰ ਲੋਕਾਂ ਦੀ ਖੁਸ਼ਹਾਲੀ ਦੀ ਰਾਖੀ ਕਰਨ ਵਾਲਾ ਮੌਜੂਦਾ ਪ੍ਰਬੰਧ ਬਹੁਗਿਣਤੀ ਕਿਰਤੀ ਲੋਕਾਂ ਦੀ ਮੰਦਹਾਲੀ ਦੇ ਸਿਰ ’ਤੇ ਹੀ ਚੱਲ ਰਿਹਾ ਹੈ। ਇਸੇ ਕਰਕੇ ਇਸ ਅਨਿਆਂ ਦੀ ਸਲਾਮਤੀ ਲਈ ਦਾਬੇ, ਵਿਤਕਰੇ, ਜ਼ੁਲਮ ਇਸ ਪ੍ਰਬੰਧ ਦਾ ਅਨਿੱਖੜਵਾਂ ਅੰਗ ਹਨ। ਲੋਕਾਂ ਵਿੱਚ ਨਿਗੂਣੇ ਵਖਰੇਵਿਆਂ ਦੀਆਂ ਲਕੀਰਾਂ ਡੂੰਘੀਆਂ ਕਰਕੇ ਹੀ ਇਹ ਪ੍ਰਬੰਧ ਕਿਰਤੀ ਲੋਕਾਂ ਨੂੰ ਭਟਕਾਉਦਾ ਤੇ ਵੰਡਦਾ ਹੈ। ਇਸ ਕਰ ਕੇ ਅਖੌਤੀ ਆਜ਼ਾਦੀ ਅਤੇ ਜਮਹੂਰੀਅਤ ਦੇ ਦਹਾਕੇ ਦਰ ਦਹਾਕੇ ਗੁਜ਼ਰਨ ਉਪਰੰਤ ਵੀ ਲਿੰਗ, ਨਸਲ, ਧਰਮ, ਜਾਤ, ਕੌਮੀਅਤ ਆਦਿ ਦੇ ਆਧਾਰ ’ਤੇ ਹੋਣ ਵਾਲੇ ਵਿਤਕਰੇ ਜਾਰੀ ਰਹਿੰਦੇ ਰਹੇ ਹਨ। ਇਨਕਲਾਬ ਨੇ ਅਜਿਹੇ ਤਮਾਮ ਵਿਤਕਰਿਆਂ ਦੇ ਖਾਤਮੇ ਦੀ ਨੀਂਹ ਧਰਨੀ ਹੈ। ਇਨ੍ਹਾਂ ਵਖਰੇਵਿਆਂ ਨੂੰ ਹਵਾ ਦੇਣ ਵਾਲੀਆਂ ਤਾਕਤਾਂ ਇਨਕਲਾਬ ਦੀਆਂ ਘੋਰ ਦੁਸ਼ਮਣ ਤਾਕਤਾਂ ਹਨ, ਜਿਨ੍ਹਾਂ ਦਾ ਨਾਸ ਕਰਕੇ ਇਨਕਲਾਬ ਕੁਦਰਤ ਦੇ ਪਸਾਰੇ ਅੰਦਰ ਸਭ ਮਨੁੱਖਾਂ ਦੀ ਬਰਾਬਰੀ ਦਾ ਵਾਹਕ ਬਣੇਗਾ।

  ਸਾਡੇ ਮੁਲਕ ਅੰਦਰ  ਮੁਨਾਫੇਖੋਰ ਸਾਮਰਾਜੀ ਪ੍ਰਬੰਧ ਨੇ ਨਾ ਸਿਰਫ਼ ਮਨੁੱਖੀ ਕਿਰਤ ਦੀ ਤੇ ਧਰਤੀ ਦੇ ਸਾਧਨਾਂ ਦੀ ਲੁੱਟ ਕੀਤੀ ਹੈ, ਸਗੋਂ ਇਹ ਕੁਦਰਤੀ ਚੌਗਿਰਦੇ ਨੂੰ ਬਰਬਾਦ ਕਰਕੇ ਮੁਨਾਫ਼ੇ ਹਾਸਿਲ ਕਰਦਾ ਰਿਹਾ ਹੈ। ਇਸ ਧਰਤੀ ਤੋਂ ਅਨੇਕਾਂ ਪ੍ਰਕਾਰ ਦੀ ਬਨਾਸਪਤੀ, ਜਨਜਾਤੀਆਂ ਅਤੇ ਨਸਲਾਂ ਮੁਨਾਫੇ ਦੀ ਇਸੇ ਹਵਸ ਕਰਕੇ ਤਬਾਹ ਹੋਈਆਂ ਹਨ। ਅਨੇਕਾਂ ਥਾਵਾਂ ਤੇ ਹੜ੍ਹ, ਸੋਕੇ, ਤਬਾਹੀਆਂ ਇਸੇ ਮੁਨਾਫ਼ੇ ਦੀ ਹਵਸ ਦੀ ਦੇਣ ਹਨ। ਮੁਨਾਫੇ ਦੀ ਇਸੇ ਧੱਕ ਨੇ ਇਸ ਧਰਤੀ ਉੱਪਰ ਲੱਖਾਂ ਦੁਰਘਟਨਾਵਾਂ ਨੂੰ ਜਨਮ ਦਿੱਤਾ ਹੈ ਤੇ ਅਣਗਿਣਤ ਮਨੁੱਖੀ ਜਾਨਾਂ ਦੀ ਬਲੀ ਲਈ ਹੈ। ਇਨਕਲਾਬ ਰਾਹੀਂ ਹੀ ਮੁੱਠੀ ਭਰ ਲੋਕਾਂ ਦੇ ਮੁਨਾਫੇ ਲਈ ਕੁਦਰਤ ਸੰਗ ਖਿਲਵਾੜ ਦੀਆਂ ਕੋਸ਼ਿਸ਼ਾਂ ’ਤੇ ਲਗਾਮ ਕੱਸੀ ਜਾ ਸਕਦੀ ਹੈ। ਸਾਡੇ ਕੁਦਰਤੀ ਚੌਗਿਰਦੇ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ ਤੇ ਲੰਮੇ ਸਮੇਂ ਤੱਕ ਰਹਿਣ ਯੋਗ ਰੱਖਿਆ ਜਾ ਸਕਦਾ ਹੈ।

   ਸਾਮਰਾਜੀ ਗਲ਼ਬਾ ਅਤੇ ਭਾਰਤੀ ਹਾਕਮਾਂ ਦੀ ਧੱਕੜ, ਪਸਾਰਵਾਦੀ ਤੇ ਘੱਟ ਗਿਣਤੀ ਵਿਰੋਧੀ ਪਹੁੰਚ ਰਲ ਕੇ ਭਾਰਤ ਅੰਦਰ ਅਨੇਕਾਂ ਭਾਸ਼ਾਵਾਂ ਸੱਭਿਆਚਾਰਾਂ, ਕੌਮਾਂ ਨੂੰ ਦਰੜਦੇ ਆਏ ਹਨ। ਕਸ਼ਮੀਰ ਵਰਗੀਆਂ ਕੌਮੀਅਤਾਂ ਧੱਕੜ ਜਾਬਰ ਰਾਜ ਦੀ ਦਹਾਕਿਆਂ ਤੋਂ ਮਾਰ ਹੰਢਾਉਂਦੀਆਂ ਆ ਰਹੀਆਂ ਹਨ। ਸਾਡੀ ਧਰਤੀ ਦੇ ਜਾਏ ਪੱਛਮੀ ਸੱਭਿਆਚਾਰ ਦੇ ਗਲਬੇ ਹੇਠ ਵਿਚਰਦੇ ਹਨ। ਉਹਨਾਂ ਉੱਤੇ ਮੜ੍ਹੀ ਗਈ ਵਿਦੇਸ਼ੀ ਭਾਸ਼ਾ ਉਨ੍ਹਾਂ ਦੀ ਮੌਲਿਕਤਾ ਦੀ ਬਲੀ ਲੈ ਰਹੀ ਹੈ ਅਤੇ ਉਹ ਆਪਣੀ ਮਾਤ ਭਾਸ਼ਾ ਤੋਂ ਦੂਰ ਹੋਣ ਲਈ ਸਰਾਪੇ ਹੋਏ ਹਨ। ਇਸੇ ਗ਼ਲਬੇ ਕਾਰਨ ਸਾਡੀਆਂ ਅਨੇਕਾਂ ਭਾਸ਼ਾਵਾਂ ਆਪਣੇ ਹਜ਼ਾਰਾਂ ਸ਼ਬਦ ਗੁਆ ਚੁੱਕੀਆਂ ਹਨ ਅਤੇ ਪਤਨ ਵੱਲ ਜਾ ਰਹੀਆਂ ਹਨ। ਇਨਕਲਾਬ ਰਾਹੀਂ ਇਸ ਕੌਮੀ ਦਾਬੇ ਤੋਂ ਮੁਕਤੀ ਹਾਸਲ ਹੋਣੀ ਹੈ। ਸਾਡੀਆਂ ਮਾਤ ਭਾਸ਼ਾਵਾਂ ਤੇ ਸੱਭਿਆਚਾਰ ਨੂੰ ਮੁੜ ਖਿੜਨ ਦਾ ਮੌਕਾ ਮਿਲਣਾ ਹੈ।      

     ਸਾਡੇ ਮੁਲਕ ਅੰਦਰ ਜਗੀਰਦਾਰੀ ਅਤੇ ਸਾਮਰਾਜ-ਵਿਰੋਧੀ ਇਨਕਲਾਬ ਨੇ ਉਹ ਨੀਂਹ ਧਰਨੀ ਹੈ, ਜਿਸ ਉੱਪਰ ਭਗਤ ਸਿੰਘ ਵੱਲੋਂ ਚਿਤਵੇ ਸੋਸ਼ਲਿਸਟ ਸਮਾਜ ਦੀ ਉਸਾਰੀ ਕੀਤੀ ਜਾਣੀ ਹੈ। ਜਿਸ ਸਮਾਜਵਾਦੀ ਪ੍ਰਬੰਧ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਮੁਕੰਮਲ ਖਾਤਮਾ ਕਰਨਾ ਹੈ। ਜਿਸ ਸਮਾਜ ਅੰਦਰ ਉਹ ਪਦਾਰਥਕ ਆਧਾਰ ਸਿਰਜਿਆ ਜਾਣਾ ਹੈ ਜਿਸ ਰਾਹੀਂ  ਮਨੁੱਖਾ ਸ਼ਕਤੀ ਦੇ ਹੱਥਾਂ ਨੂੰ ਕੰਮ ਕਰਨ ਲਈ ਸਾਧਨ ਮਿਲਦੇ ਹਨ, ਉਹ ਸਮਾਜਿਕ ਆਧਾਰ ਸਿਰਜਿਆ ਜਾਣਾ ਹੈ ਜਿੱਥੇ ਮਨੁੱਖ ਰੋਟੀ ਰੋਜ਼ੀ ਦੇ ਫ਼ਿਕਰਾਂ ਤੋਂ ਮੁਕਤ ਹੁੰਦਾ ਹੈ, ਉਹ ਬੌਧਿਕ ਆਧਾਰ ਸਿਰਜਿਆ ਜਾਣਾ ਹੈ ਜਦੋਂ ਅਣਗਿਣਤ ਮਨੁੱਖੀ ਦਿਮਾਗ ਦੋ ਡੰਗ ਦੇ ਆਹਰ ਤੋਂ ਮੁਕਤ ਹੋ ਕੇ ਮੌਲਿਕ ਵਿਚਾਰਾਂ ਦੀ ਜ਼ਮੀਨ ਬਣਦੇ ਹਨ, ਉਹ ਸੱਭਿਆਚਾਰਕ ਆਧਾਰ ਸਿਰਜਿਆ ਜਾਣਾ ਹੈ ਜਦੋਂ ਮਨੁੱਖ ਨਿੱਜ ਤੋਂ ਉੱਤੇ ਉੱਠ ਕੇ ਇਸ ਸਮਾਜ ਦੀ ਬਿਹਤਰੀ ਲਈ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਇਉਂ ਮਨੁੱਖੀ ਸਮਾਜ ਸਾਂਝੇ ਤੌਰ ’ਤੇ ਅਤੇ ਪੂਰੀ ਸਮਰੱਥਾ ਸਹਿਤ  ਮਨੁੱਖੀ ਨਸਲ ਦੀ ਬੇਹਤਰੀ ਲਈ ਜੁਟਦਾ ਹੈ।

  ਇਉਂ ਅੱਜ ਵੀ ਭਗਤ ਸਿੰਘ ਵੱਲੋਂ ਬੁਲੰਦ ਕੀਤਾ ਇਨਕਲਾਬ ਦਾ ਰਾਹ ਭਾਰਤ ਦੇ ਕਿਰਤੀ ਲੋਕਾਂ ਦੀ ਅਸਲੀ ਆਜ਼ਾਦੀ ਦਾ ਇੱਕੋ ਇੱਕ ਰਾਹ ਹੈ। ਇਸ ਰਾਹ ’ਤੇ ਤੁਰ ਕੇ ਹੀ ਹਰ ਪ੍ਰਕਾਰ ਦੀ ਲੁੱਟ ਦੇ ਸੰਗਲ ਤੋੜੇ ਜਾ ਸਕਦੇ ਹਨ ਅਤੇ   ਯੁੱਗਾਂ ਦੇ ਲਿਤਾੜੇ ਕਿਰਤੀ ਲੋਕ ਜ਼ਿੰਦਗੀ ਨੂੰ ਸਹੀ ਮਾਅ੍ਹਨਿਆਂ ਵਿੱਚ ਜਿਉਂ ਸਕਦੇ ਹਨ। ਇਸੇ ਰਾਹ ਉੱਤੇ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਪਿਆ ਹੈ। ਸਮਾਂ ਭਗਤ ਸਿੰਘ ਵੱਲੋਂ ਗੂੰਜਾਏ ‘ਇਨਕਲਾਬ ਜ਼ਿੰਦਾਬਾਦ‘ ਦੇ ਨਾਅਰੇ ਨੂੰ  ਉਸੇ ਦਲੇਰੀ, ਦਿ੍ਰੜ੍ਹਤਾ, ਵਿਸ਼ਵਾਸ ਤੇ ਜਜ਼ਬੇ ਨਾਲ ਗੂੰਜਾਏ ਜਾਣ ਦੀ ਉਡੀਕ ਕਰ ਰਿਹਾ ਹੈ।       

ਸ਼ਹੀਦ ਭਗਤ ਸਿੰਘ ਖਿਲਾਫ ਬਿਆਨਬਾਜੀ ਦੇ ਲੋਕ ਦੁਸ਼ਮਣ ਮਨਸੂਬੇ ਪਛਾਣੋ

 ਸ਼ਹੀਦ ਭਗਤ ਸਿੰਘ ਖਿਲਾਫ ਬਿਆਨਬਾਜੀ ਦੇ  ਲੋਕ ਦੁਸ਼ਮਣ ਮਨਸੂਬੇ ਪਛਾਣੋ  


ਸ਼ਹੀਦ ਭਗਤ ਸਿੰਘ ਦਾ 115ਵੇਂ  ਜਨਮ ਦਿਹਾੜਾ ਮਨਾਉਣ ਮੌਕੇ ਇੱਕ ਵਿਸ਼ੇਸ਼ ਪ੍ਰਸੰਗ ਵੀ ਮੌਜੂਦ ਹੈ ਜਿਸ ਦਰਮਿਆਨ ਇਹ ਜਨਮ ਦਿਹਾੜਾ ਮਨਾਇਆ ਜਾਣਾ ਹੈ। ਮਹੀਨਾ ਕੁ ਪਹਿਲਾਂ ਫਿਰਕੂ ਸਿਆਸਤਦਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਾ ਮੰਨਣ ਦੀ ਪੁਰਾਣੀ ਬਿਆਨਬਾਜੀ ਨੂੰ ਮੁੜ ਦੁਹਰਾਇਆ ਗਿਆ ਹੈ। ਉਸਦੇ ਸਮਰਥਕਾਂ ਤੇ ਫਿਰਕੂ ਜਨੂੰਨੀ  ਅਨਸਰਾਂ ਨੇ ਸੋਸ਼ਲ ਮੀਡੀਆ ਰਾਹੀਂ ਸ਼ਹੀਦ ਦੇ ਵਿਚਾਰਾਂ ’ਤੇ ਚੌਤਰਫਾ ਹਮਲਾ ਕੀਤਾ ਹੈ। ਇਸ ਹਮਲੇ ਦਾ ਜਵਾਬ ਪੰਜਾਬ ਦੇ ਇਨਕਲਾਬੀ ਜਮਹੂਰੀ ਹਲਕਿਆਂ ਤੇ ਸਖਸ਼ੀਅਤਾਂ ਵੱਲੋਂ ਮੋੜਵੇਂ ਰੂਪ ’ਚ ਦਿੱਤਾ ਵੀ ਗਿਆ ਹੈ। ਇੱਕ ਤਰ੍ਹਾਂ ਦੀ ਬਹਿਸ ਦੇ ਇਸ ਮਹੌਲ ’ਚ ਮਾਨ ਸਮਰਥਕ ਫਿਰਕੂ ਸੋਚ ਵਾਲੇ ਹਿੱਸਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸਖਸ਼ੀਅਤ ’ਤੇ ਚਿੱਕੜ ਉਛਾਲੀ ਦੀ ਨਿੱਘਰੀ ਕਰਤੂਤ ਵੀ ਕੀਤੀ ਗਈ ਹੈ ਤੇ ਇਸ ਜ਼ਹਿਰੀਲੀ ਤੇ ਸ਼ੋਰੀਲੀ ਭੰਡੀ ਪ੍ਰਚਾਰ ਦੀ ਮੁਹਿੰਮ ਜ਼ਰੀਏ ਲੋਕ ਮਨਾਂ ’ਚ ਸ਼ਹੀਦ ਭਗਤ ਸਿੰਘ ਦੇ ਅਕਸ ਨੂੰ ਗੰਧਲਾਉਣ ਦੇ ਨਾਪਾਕ ਯਤਨ ਕੀਤੇ ਗਏ ਹਨ। ਚਾਹੇ  ਇਹ ਜ਼ਹਿਰੀਲੀ ਪ੍ਰਚਾਰ ਮੁਹਿੰਮ ਸ਼ਹੀਦ ਭਗਤ ਸਿੰਘ ਦੀ ਲੋਕ ਮਨਾਂ ’ਚੋਂ ਹਰਮਨ ਪਿਆਰਤਾ ਨੂੰ ਤੇ ਉਸਦੇ ਵਿਚਾਰਾਂ ਨੂੰ ਫਿੱਕੀ ਪਾਉਣ ਜੋਗੀ ਨਹੀਂ ਹੈ ਪਰ ਅਹਿਮ ਮਸਲਾ ਲੋਕਾਂ ਦੇ ਅਜਿਹੇ ਮਹਿਬੂਬ ਨਾਇਕ ਖਿਲਾਫ਼ ਜ਼ਹਿਰੀਲੇ ਪ੍ਰਚਾਰ ਦੇ ਮਨਸੂਬਿਆਂ ਤੇ ਇਸ ਪਿਛਲੀ ਫਿਰਕੂ ਸਿਆਸਤ ਨੂੰ ਬੁੱਝਣ ਦਾ ਹੈ। 

ਸ਼ਹੀਦ ਭਗਤ ਸਿੰਘ  ਹਾਕਮਾਂ ਦਾ ਸ਼ਹੀਦ ਨਹੀਂ ਹੈ।

ਮੁਲਕ ਦੀਆਂ ਹਾਕਮ ਜਮਾਤਾਂ ਲਈ ਸ਼ਹੀਦ ਭਗਤ ਸਿੰਘ ਆਪਣੀ ਸ਼ਹਾਦਤ ਵੇਲੇ ਤੋਂ ਹੀ ਹਊਆ ਬਣਿਆ ਆ ਰਿਹਾ ਹੈ। ਮੁਲਕ ਦੇ ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਹਿੱਤਾਂ ਨੂੰ ਪ੍ਰਣਾਈ ਤੇ ਸਾਮਰਾਜੀਆਂ ਦੀ ਸੇਵਾਦਾਰ ਸਿਆਸੀ ਲੀਡਰਸ਼ਿਪ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰ ਡਰਾਉਦੇ ਆ ਰਹੇ ਹਨ ਕਿਉਕਿ ਉਹ ਦੇਸ਼ ਦੇ ਸਾਮਰਾਜ ਵਿਰੋਧੀ ਤੇ ਜਗੀਰਦਾਰੀ ਵਿਰੋਧੀ ਲੋਕ ਇਨਕਲਾਬ ਦੇ ਮਹਾਨ ਨਿਸ਼ਾਨੇ ਵੱਲ ਅੱਗੇ ਵਧਣ ਲਈ ਅੱਜ ਵੀ ਲੋਕਾਂ ਦਾ ਰਾਹ ਰੁਸ਼ਨਾਉਦੇ ਹਨ, ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਇਸ ਇਨਕਲਾਬ ਦੇ ਮਿਸ਼ਨ ਲਈ ਲੜਨ-ਮਰਨ ਦੀ ਪ੍ਰੇਰਨਾ ਦਿੰਦੇ ਹਨ ਤੇ ਲੋਕਾਂ ਦੇ ਜਮਾਤੀ ਸੰਘਰਸ਼ਾਂ ਨੂੰ ਇਨਕਲਾਬੀ ਵਿਚਾਰਾਂ ਦੀ ਰੌਸ਼ਨੀ ਦਿੰਦੇ ਹਨ। 1947 ਦੀ ਸੱਤਾ ਬਦਲੀ ਤੋਂ ਪਹਿਲੋਂ, ਜਦੋਂ ਬਰਤਾਨਵੀ ਬਸਤੀਵਾਦੀ ਸਿੱਧੇ ਤੌਰ ’ਤੇ ਹੀ ਮੁਲਕ ਦੀ ਸੱਤਾ ’ਤੇ ਕਾਬਜ ਸਨ, ਉਦੋਂ ਤੋਂ ਹੀ ਕਾਂਗਰਸ ਦੀ ਲੀਡਰਸ਼ਿਪ ਨੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਤੋਂ ਨੌਜਵਾਨਾਂ ਨੂੰ ਵਾਂਝੇ ਰੱਖਣ ਲਈ ਤਾਣ ਲਾਈ ਰੱਖਿਆ,  ਪਰ ਜਦੋਂ ਨੌਜਵਾਨਾਂ ’ਚ ਤੇ ਸਮੁੱਚੇ ਲੋਕਾਂ ’ਚ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਜ਼ੋਰ ਫੜਦੀ ਗਈ ਤਾਂ ਹਾਕਮ ਜਮਾਤਾਂ ਨੇ ਉਸਨੂੰ ਨਾਇਕ ਵਜੋਂ ਰਸਮੀ ਤੌਰ ’ਤੇ ਪ੍ਰਵਾਨ ਕਰ ਲਿਆ। 1947 ਤੋਂ ਮਗਰੋਂ ਲੋਕਾਂ ਦੀਆਂ ਜ਼ੋਰਦਾਰ ਉਮੰਗਾਂ ਦਾ ਦਬਾਅ ਮੰਨਦਿਆਾਂ ਇਸ ਭਾਰਤੀ ਰਾਜ ਅਧੀਨ ਉਸਦੇ ਦਿਹਾੜੇ ਮਨਾਉਣ, ਉਸਦੇ ਨਾਂ ਨੂੰ ਕੌਮੀ ਸ਼ਹੀਦਾਂ ’ਚ ਸਥਾਨ ਦੇਣ ਦਾ ਕੌੜਾ ਅੱਕ ਚੱਬਣਾ ਪਿਆ,  ਪਰ ਨਾਲ ਹੀ ਗੁੱਝੇ ਢੰਗ ਨਾਲ ਉਸਦੇ ਵਿਚਾਰਾਂ ’ਤੇ ਹਮਲਾ ਜਾਰੀ ਰੱਖਿਆ। ਉਸ ਦੇ ਆਦਰਸ਼ਾਂ ਨਾਲ ਖਿਲਵਾੜ ਕੀਤਾ ਗਿਆ। ਉਸਨੂੰ ਮਹਿਜ਼ ਪੂਜਣ ਯੋਗ ਬੁੱਤ ’ਚ ਤਬਦੀਲ ਕਰਨ ਦੀ ਚਾਲ ਚੱਲੀ ਗਈ ਤਾਂ ਕਿ ਇੱਕ ਹੱਥ ਉਸਦੀ ਮਕਬੂਲੀਅਤ  ਦਾ ਸਿਆਸੀ ਲਾਹਾ ਲਿਆ ਜਾ ਸਕੇ ਤੇ ਨਾਲ ਹੀ ਉਸਦੇ ਵਿਚਾਰਾਂ ਦੀ ਰੂਹ ਨੂੰ ਪਾਸੇ ਕਰਕੇ, ਉਸਨੂੰ ਭਾਰਤੀ ਹਾਕਮ ਜਮਾਤਾਂ ਦੇ ਕੌਮੀ ਲਹਿਰ ਦੇ ਆਪਣੇ ਸੰਕਲਪ ਅਨੁਸਾਰ ਫਿੱਟ ਕਰਕੇ ਪੇਸ਼ ਕੀਤਾ ਜਾਵੇ। ਉਸ ਵੇਲੇ ਕਾਂਗਰਸ ਪਾਰਟੀ ਨਾਲੋਂ ਉਸਦੇ ਵਿਚਾਰਾਂ ਦੇ  ਬੁਨਿਆਦੀ ਵਖਰੇਵਿਆਂ ਨੂੰ ਢਕ ਕੇ, ਮਹਿਜ਼ ਇੱਕ ਗਰਮਖਿਆਲੀ  ਸੂਰਮੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਸਦੀ ਤਸਵੀਰ ਨੂੰ ਪੂਜਣਯੋਗ ਬਣਾ ਕੇ, ਉਸਦੇ ਵਿਚਾਰਾਂ ਨੂੰ ਵਾਰ ਵਾਰ ਕਤਲ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ। 70ਵਿਆਂ ਦੇ ਦੌਰ ’ਚ, ਪੰਜਾਬ ਦੇ ਸਿਆਸੀ ਮਹੌਲ ਦੇ ਵਿਸ਼ੇਸ਼ ਪ੍ਰਸੰਗ ਅਧੀਨ ਹੀ ਸ਼ਹੀਦ ਭਗਤ ਸਿੰਘ ਦੀ ਮਾਤਾ ਨੂੰ ਪੰਜਾਬ ਮਾਤਾ ਦਾ ਖਿਤਾਬ ਦੇਣ ਰਾਹੀਂ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਹਕੂਮਤ ਨੇ ਆਪਣੀਆਂ ਸਿਆਸੀ ਲੋੜਾਂ ਨੂੰ ਸੰਬੋਧਿਤ ਹੋਣ ਦਾ ਤੀਰ ਚਲਾਇਆ ਸੀ। ਇਉ ਭਾਰਤੀ ਹਾਕਮ ਜਮਾਤਾਂ ਨੇ ਲੋਕਾਂ ਦੇ ਮਕਬੂਲ ਨਾਇਕ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਰੂਹ ਨੂੰ ਕਤਲ ਕਰਨ ਤੇ ਤਸਵੀਰ ਨੂੰ ਪੂਜਣਯੋਗ ਬਣਾ ਦੇਣ ਦੀ ਨੀਤੀ ਅਖਤਿਆਰ ਕੀਤੀ ਹੈ ਪਰ ਕੁੱਝ ਹਲਕੇ ਅਜਿਹੇ ਵੀ ਹਨ ਜਿਹੜੇ ਸਿੱਧੇ ਤੌਰ ’ਤੇ ਹੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਸਖਸ਼ੀਅਤ ਖਿਲਾਫ਼ ਜ਼ਹਿਰ ਉਗਲਦੇ ਹਨ। ਇਹ ਸਿਮਰਨਜੀਤ ਸਿੰਘ ਮਾਨ ਹੀ ਨਹੀਂ, ਇਸਤੋਂ ਪਹਿਲਾਂ ਵੀ ਹਾਕਮ ਜਮਾਤੀ ਬੁੱਧੀਜੀਵੀਆਂ ਵੱਲੋਂ ਸ਼ਹੀਦ ਭਗਤ ਸਿੰਘ ਖਿਲਾਫ਼ ਅਜਿਹੇ ਹਮਲੇ ਕੀਤੇ ਜਾਂਦੇ ਰਹੇ ਹਨ ਤੇ ਲੋਕਾਂ ਦੇ ਮਨਾਂ ’ਚੋਂ ਉਸਦੀ ਮਕਬੂਲੀਅਤ ਨੂੰ ਫਿੱਕੀ ਪਾਉਣ ਦੇ ਮਨਸੂਬੇ ਪਾਲੇ ਜਾਂਦੇ ਰਹੇ ਹਨ। ਸਿਮਰਨਜੀਤ ਮਾਨ ਵੀ ਏਸੇ ਖੇਮੇ ਦਾ ਸਿਆਸਤਦਾਨ ਹੈ ਜਿਹੜਾ ਲਗਾਤਾਰ ਸ਼ਹੀਦ ਭਗਤ ਸਿੰਘ ਖਿਲਾਫ਼ ਜਮਾਤੀ ਸਿਆਸੀ ਨਫ਼ਰਤ ਦਾ ਮੁਜ਼ਾਹਰਾ ਖੁੱਲ੍ਹੇਆਮ ਕਰਦਾ ਆ ਰਿਹਾ ਹੈ। 

ਸਿਮਰਨਜੀਤ ਮਾਨ ਦੀ ਇਹ ਬਿਆਨਬਾਜੀ ਉਸਦੇ ਬਕਾਇਦਾ ਸਿਆਸੀ ਪੈਂਤੜੇ ਦਾ ਹਿੱਸਾ ਹੈ। ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਾ ਮੰਨਣ ਰਾਹੀਂ ਉਹ ਆਪਣੀ ਸਾਮਰਾਜ ਭਗਤੀ ਦੀ ਜਗੀਰੂ ਵਿਰਾਸਤ ’ਤੇ ਪਹਿਰਾ ਦਿੰਦਾ ਹੈ। ਉਹਨੂੰ ਸ਼ਹੀਦ ਭਗਤ ਸਿੰਘ ਵੱਲੋਂ ਸਾਂਡਰਸ ਦਾ ਕਤਲ ਕਰਨ ਵੇਲੇ ਹੌਲਦਾਰ ਚੰਨਣ ਸਿੰਘ ਦਾ ਮਾਰਿਆ ਜਾਣਾ ਏਨਾ ਅਫਸੋਸਨਾਕ ਜਾਪਦਾ ਹੈ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦਿੰਦਾ ਹੈ ਤੇ ਅੰਗਰੇਜ਼ ਹਾਕਮਾਂ ਦੀ ਡਿਉਟੀ ਕਰ ਰਹੇ ਇੱਕ ਅੰਮਿ੍ਰਤਧਾਰੀ ਸਿੰਘ ਨੂੰ ਮਾਰਨ ਦਾ ਦੋਸ਼ੀ ਕਰਾਰ ਦਿੰਦਾ ਹੈ। ਇਉ ਹੀ ਉਹ ਪਾਰਲੀਮੈਂਟ ’ਚ ਬੰਬ ਸੁੱਟਣ ਦੇ ਸ਼ਹੀਦ ਭਗਤ ਸਿੰਘ ਦੇ ਐਕਸ਼ਨ ਨੂੰ ਅੱਤਵਾਦੀ ਕਾਰਵਾਈ ਐਲਾਨਦਾ ਹੈ ਤੇ ਪੱਤਰਕਾਰਾਂ ਨੂੰ ਮੋੜਵਾਂ ਸਵਾਲ ਕਰਦਾ ਹੈ ਕਿ ਹੁਣ ਜੇਕਰ ਕੋਈ ਪਾਰਲੀਮੈਂਟ ’ਚ ਬੰਬ ਸੁੱਟੇ ਤਾਂ ਤੁਸੀਂ ਉਸਨੂੰ ਕੀ ਕਹੋਗੇ। ਇਉ ਮਾਨ ਸ਼ਹੀਦ ਭਗਤ ਸਿੰਘ ਦੇ ਅਮਲਾਂ ਤੇ ਵਿਚਾਰਾਂ ਨੂੰ ਰੱਦ ਕਰਦਾ ਹੈ ਤੇ ਨਿਸ਼ੰਗ ਹੋ ਕੇ ਬਸਤੀਵਾਦੀ ਦੌਰ ਦੌਰਾਨ ਸਾਮਰਾਜੀ ਚਾਕਰੀ ਵਾਲੀਆਂ ਲੋਕ ਦੁਸ਼ਮਣ ਜਮਾਤਾਂ ਦੇ ਪੈਂਤੜੇ ਤੋਂ ਦਲੀਲਬਾਜੀ ਦਾ ਯਤਨ ਕਰਦਾ ਹੈ।

ਸਿਮਰਨਜੀਤ ਸਿੰਘ ਮਾਨ ਦੇ ਇਹਨਾਂ ਬਿਆਨਾਂ ਤੋਂ ਅੱਗੇ ਉਸਦੇ ਸਮਰਥਕ ਤੇ ਫਿਰਕੂ ਸਿੱਖ ਸਿਆਸਤ ਦੇ ਪ੍ਰਚਾਰਕ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਅਮਲਾਂ ਨੂੰ ਨਕਾਰਨ ਦੀ ਮੁਹਿੰਮ ਚਲਾ ਰਹੇ ਹਨ। ਉਹ ਸ਼ਹੀਦ ਭਗਤ ਸਿੰਘ ਨੂੰ ‘ਰਾਸ਼ਟਰਵਾਦੀ’ ਕਰਾਰ ਦੇ ਰਹੇ ਹਨ ਜਿਵੇਂ ਭਾਜਪਾ ਦਾ ਹਿੰਦੂ ਫਿਰਕੂ ਰਾਸ਼ਟਰਵਾਦੀ ਨਾਅਰਾ ਹੈ ਤੇ ਇਹਦੇ ਲਈ ਉਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ ਲੈਣ ਨੂੰ ਇਸਦੇ ਸਬੂਤ ਵਜੋਂ ਪੇਸ਼  ਕੀਤਾ ਜਾ ਰਿਹਾ ਹੈ ਤੇ ਉਸਤੋਂ ਅੱਗੇ ਸ਼ਹੀਦ ਭਗਤ ਸਿੰਘ ਵੱਲੋਂ 16 ਵਰ੍ਹਿਆਂ ਦੀ ਉਮਰ ’ਚ ਲਿਖੇ ਇੱਕ ਲੇਖ ਵਿੱਚ ਲਿੱਪੀ ਸਬੰਧੀ ਪੇਸ਼ ਕੀਤੇ ਵਿਚਾਰਾਂ ਨੂੰ ਅਧਾਰ ਬਣਾ ਕੇ ਉਸਨੂੰ ਹਿੰਦੂ ਰਾਸ਼ਟਰਵਾਦੀ  ਕਰਾਰ ਦਿੱਤਾ ਜਾ ਰਿਹਾ ਹੈ ਜਿਹੜਾ ਸਿੱਖੀ ਦਾ ਵਿਰੋਧੀ ਹੈ। ਕੁੱਝ ਇੱਕ ‘ਵਿਦਵਾਨ’ ਤਾਂ ਉਸਦੇ ਪਰਿਵਾਰ ਦੇ ਆਰੀਆ ਸਮਾਜੀ ਪਿਛੋਕੜ ਨੂੰ ਉਸਦੇ ‘ਹਿੰਦੂ ਰਾਸ਼ਟਰਵਾਦੀ’ ਵਿਚਾਰਾਂ ਦਾ ਅਧਾਰ ਦੱਸ ਰਹੇ ਹਨ। ਕਦੇ ਕੌਮੀ ਮੁਕਤੀ ਲਹਿਰ ਦੇ ਹੋਰਨਾਂ ਸ਼ਹੀਦਾਂ ਜਿਵੇਂ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਨਾਲ ਮੁਕਾਬਲੇਬਾਜ਼ੀ ’ਚ ਪੇਸ਼ ਕਰਕੇ ਸ਼ਹੀਦ ਭਗਤ ਸਿੰਘ ਨੂੰ  ਬੇਲੋੜਾ ਉਭਾਰਨ ਦੀ ਦੰਭੀ ਚਰਚਾ ਛੇੜਨ ਦਾ ਯਤਨ ਕੀਤਾ ਜਾਂਦਾ ਹੈ ਤੇ ਸ਼ਹੀਦਾਂ ਨੂੰ ਧਾਰਮਿਕ ਪਛਾਣਾਂ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਹੈ ਇਸ ਫਿਰਕੂ ਸਾਜਿਸ਼ੀ ਪਹੁੰਚ ਅਨੁਸਾਰ ਹੀ ਇਹਨਾਂ ਹਲਕਿਆਂ ਵੱਲੋਂ ਗ਼ਦਰੀ ਬਾਬਿਆਂ ਨੂੰ ਸਿੱਖ ਕਰਾਰ ਦਿੱਤਾ ਗਿਆ ਸੀ।  ਇਉ ਫਿਰਕੂ ਜਨੂੰਨੀ ਸਿਆਸਤ ਵਾਲੇ ਹਿੱਸਿਆਂ ਦਾ ਇਹ ਹਮਲਾ ਬਕਾਇਦਾ ਗਿਣੇਮਿਥੇ ਢੰਗ ਨਾਲ ਸ਼ਹੀਦ ਭਗਤ ਸਿੰਘ ਨੂੰ ਹਿੰਦੂ ਫਿਰਕੂ ਰਾਸ਼ਟਰਵਾਦੀ ਵਿਚਾਰਧਾਰਾ ਦਾ ਧਾਰਨੀ ਦਿਖਾ ਕੇ, ਪੰਜਾਬੀ ਲੋਕਾਂ ਦੇ ਮਨਾਂ ’ਚ ਉਸਦੇ ਲਿਸ਼ਕਦੇ ਅਕਸ ਨੂੰ ਧੁੰਦਲਾ ਪਾਉਣ ਦੇ ਯਤਨ ਹਨ। 

ਝੂਠੀ ਫਿਰਕੂ ਪੇਸ਼ਕਾਰੀ 

ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਦਾ ਅਧਿਐਨ ਦੱਸਦਾ ਹੈ ਕਿ ਉਹ  ਨਾਸਤਿਕ ਵਿਚਾਰਾਂ ਦਾ ਧਾਰਨੀ ਸੀ ਤੇ ਧਰਮ ਨੂੰ ਬੀਤੇ ਯੁੱਗ ਦਾ ਵਰਤਾਰਾ ਸਮਝਦਾ ਸੀ ਉਹ ਧਰਮ ਨੂੰ ਸਿਆਸਤ ਤੋਂ ਲਾਂਭੇ ਰੱਖਣ ਦਾ ਮੁਦਈ ਸੀ  ਤੇ ਅੰਗਰੇਜ਼ ਸਾਮਰਾਜੀਆਂ ਵੱਲੋਂ ਭਾਰਤੀ ਕਿਰਤੀ ਲੋਕਾਂ ਨੂੰ ਆਪਸ ’ਚ ਲੜਾਉਣ ਲਈ ਇਸ ਦੀ ਕੀਤੀ ਜਾ ਰਹੀ ਵਰਤੋਂ ਤੋਂ ਫਿਕਰਮੰਦ ਸੀ ਤੇ ਲੋਕਾਂ ਨੂੰ ਇਹ ਪਛਾਣ ਕਰਨ ਦਾ ਸੱਦਾ ਦਿੰਦਾ ਸੀ। ਉਸ ਦੀ  ਜੀਵਨ ਸਰਗਰਮੀ ਤੇ ਵਿਚਾਰ ਦੱਸਦੇ ਹਨ ਕਿ ਉਸ ਤੇ ਆਰੀਆ ਸਮਾਜ ਦੇ ਪਿਛੋਕੜ ਦਾ ਕੋਈ ਪ੍ਰਭਾਵ ਨਹੀਂ ਸੀ ਸਗੋਂ ਉਹ ਡੂੰਘੇ ਸਿਧਾਂਤਕ ਅਧਿਐਨ ਰਾਹੀਂ ਇਕ ਵਿਚਾਰਵਾਨ ਕਮਿਊਨਿਸਟ ’ਚ ਤਬਦੀਲ ਹੋ ਚੁੱਕਿਆ ਸੀ। ਇਹ ਹਕੀਕਤ ਜੱਗ ਜਾਹਿਰ ਹੈ  ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਉਸ ਦੇ ਆਰੀਆ ਸਮਾਜੀ ਵਿਚਾਰਾਂ ਨੂੰ ਪ੍ਰਣਾਏ ਹੋਣ ਕਰਕੇ ਨਹੀਂ ਸਗੋਂ ਅੰਗਰੇਜ਼ ਸਾਮਰਾਜ  ਹੱਥੋਂ ਹੋਏਕੌਮੀ ਅਪਮਾਨ ਦੇ ਕਾਰਨ ਲਿਆ ਗਿਆ ਕਿਉਂਕਿ ਲਾਲੇ ਦੀ ਮੌਤ ਅੰਗਰੇਜ਼ ਬਸਤੀਵਾਦੀ ਜਕੜ ਨੂੰ ਹੋਰ ਮਜ਼ਬੂਤ ਕਰਨ ਦੀਆਂ ਵਿਉਂਤਾਂ ਬਨਾਉਣ ਆਏ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਿਆਂ ਹੋਏ ਲਾਠੀਚਾਰਜ ਮਗਰੋਂ ਹੋਈ ਸੀ ਫ਼ਿਰਕੂ ਹਿੱਸਿਆਂ ਵੱਲੋਂ ਕੀਤੀ ਜਾ ਰਹੀ ਇਹ ਪੇਸ਼ਕਾਰੀ  ਅਤਿ ਨਿੱਘਰੀ ਸਿਆਸਤ ਦਾ ਇਜ਼ਹਾਰ ਹੈ। ਇਉਂ ਹੀ ਲਿਪੀ ਦੇ ਮਸਲਿਆਂ ਸਬੰਧੀ ਉਸ ਵੱਲੋਂ ਬਹੁਤ ਅੱਲ੍ਹੜ ਉਮਰ ’ਚ ਪੇਸ਼ ਕੀਤੇ ਵਿਚਾਰਾਂ ਨੂੰ ਆਧਾਰ ਬਣਾ ਕੇ ਉਸ ਨੂੰ ਹਿੰਦੂ ਫਿਰਕੂ ਰਾਸ਼ਟਰਵਾਦੀ ਪੈਂਤੜੇ ਵਾਲਾ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।  ਹਕੀਕਤ ’ਚ ਤਾਂ ਭਗਤ ਸਿੰਘ ਆਪਣੀ ਜ਼ਿੰਦਗੀ ਦੇ ਮਗਰਲੇ ਸਾਲਾਂ ਦੌਰਾਨ ਡੂੰਘੇ ਅਧਿਐਨ ਰਾਹੀਂ ਵਿਚਾਰਧਾਰਕ ਸਪੱਸ਼ਟਤਾ ਹਾਸਿਲ ਕਰ ਰਿਹਾ ਸੀ ਤੇ ਸਕੂਲੀ ਉਮਰੇ ਲਿਖੀ ਕੋਈ  ਲਿਖਤ ਉਸ ਦੇ ਵਿਚਾਰਾਂ ਦੀ ਨੁਮਾਇੰਦਾ ਲਿਖਤ ਨਹੀਂ ਬਣਦੀ। ਇਹਨਾਂ ਲਿਖਤਾਂ ’ਚੋਂ ਉਸ ਦਾ ਮੁਲਕ ਭਰ ਦੇ ਲੋਕਾਂ ਦੀ ਅੰਗਰੇਜ਼ ਸਾਮਰਾਜ ਖ਼ਿਲਾਫ਼ ਏਕਤਾ ਦਾ ਸਰੋਕਾਰ ਜ਼ਰੂਰ ਝਲਕਦਾ ਹੈ।  ਜਦੋਂ ਕਿ ਬੋਲੀਆਂ ਦੇ ਮਾਮਲੇ ’ਚ ਉਸ ਦੇ ਉਹ ਵਿਚਾਰ ਅਜੇ ਨਹੀਂ ਬਣੇ ਹੋਏ ਸਨ ਜਿਹੜੇ ਮਗਰੋਂ ਚੱਲ ਕੇ  ਸੰਸਾਰ ਤੇ ਮੁਲਕ ਦੀ ਕਮਿਊਨਿਸਟ ਇਨਕਲਾਬੀ ਲਹਿਰ ਵੱਲੋਂ ਵਿਕਸਿਤ ਕੀਤੇ ਗਏ ਹਨ।  ਉਹ ਖ਼ੁਦ ਹੀ ਆਪਣੇ ਸ਼ੁਰੂਆਤੀ ਸਿਆਸੀ ਜੀਵਨ ਵੇਲੇ ਦੇ ਵਿਚਾਰਾਂ ਨਾਲੋਂ ਨਿਖੇੜਾ ਕਰਦਾ ਹੈ ਤੇ ਕਿਵੇਂ ਸੁਰੂਆਤ ’ਚ ਦਹਿਸਤਪਸੰਦ ਇਨਕਲਾਬੀ ਸੀ ਤੇ ਕਿਵੇਂ ਡੂੰਘੇ ਅਧਿਐਨ ਰਾਹੀਂ ਉਹ ਲੋਕ ਸਮੂਹਾਂ ਦੀ ਜਾਗਰਤੀ ਦੇ ਮਹੱਤਵ ਨੂੰ ਪਛਾਣ ਸਕਿਆ ਤੇ ਇਸ ਦੇ ਲਈ ਕੀਤੇ ਜਾਣ ਵਾਲੇ ਦਹਾਕਿਆਂ ਬੱਧੀ  ਮਨ ਮਾਰ ਕੇ ਕੰਮ ਦੇ ਮਹੱਤਵ ਨੂੰ ਵੇਖ ਸਕਿਆ। ਇਸ ਲਈ ਭਗਤ ਸਿੰਘ ਨੂੰ ਸਮਝਣ ਲਈ ਉਸ ਦੇ ਜੀਵਨ ਨੂੰ ਇਕ ਵਿਕਾਸ ਪ੍ਰਕਿਰਿਆ ਵਜੋਂ ਸਮਝਣਾ ਚਾਹੀਦਾ ਹੈ ਤੇ ਇਉਂ ਸਮਝਦਿਆਂ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਵਿਚਾਰਾਂ ’ਚ ਵਧੇਰੇ ਸਪੱਸ਼ਟਤਾ ਅਤੇ ਪਰਪੱਕਤਾ ਹਾਸਲ ਕਰਦਾ ਜਾ ਰਿਹਾ ਸੀ। ਪਰ ਇਨ੍ਹਾਂ ਫ਼ਿਰਕੂ ਜਨੂੰਨੀ ਅਨਸਰਾਂ  ਵੱਲੋਂ ਸਿਰੇ ਦੀ ਬਦਨੀਤੀ ਦੀ ਨੁਮਾਇਸ਼ ਲਾਉਂਦਿਆਂ ਉਸ ਨੂੰ ਹਿੰਦੂ ਰਾਸ਼ਟਰਵਾਦੀ ਦਰਸਾਉਣ ਲਈ ਟਿੱਲ ਲਾਇਆ ਗਿਆ ਹੈ। 

ਸ਼ਹੀਦ ਭਗਤ ਸਿੰਘ ਨਿਸ਼ਾਨਾ ਕਿਉਂ  

ਫਿਰਕੂ ਜਨੂੰਨੀ ਸਿੱਖ ਸਿਆਸਤਦਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਝੂਠੀ ਪੇਸ਼ਕਾਰੀ ਰਾਹੀਂ ਆਪਣੀ ਫਿਰਕੂ ਸਿਆਸਤ ਦੀ ਜ਼ਮੀਨ ਦਾ ਪਸਾਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਿਉਕਿ ਸ਼ਹੀਦ ਭਗਤ ਸਿੰਘ ਦੇ ਵਿਚਾਰ ਪੰਜਾਬ ਅੰਦਰ ਇਸ ਫਿਰਕੂ ਜ਼ਮੀਨ ਨੂੰ ਕੱਟਦੇ ਹਨ ਤੇ ਕਿਰਤੀ ਲੋਕਾਂ ਦੀ ਏਕਤਾ ਰਾਹੀਂ ਫਿਰਕੂ ਪਾੜਿਆਂ ਨੂੰ ਮੇਸਣ ਤੇ ਲੁਟੇਰੀਆਂ ਜਮਾਤਾਂ ਖਿਲਾਫ਼ ਸੰਘਰਸ਼ ਲਈ ਰਸਤਾ ਦਿਖਾਉਦੇ ਹਨ। ਇਨ੍ਹਾਂ ਫਿਰਕੂ ਜਨੂੰਨੀ ਹਲਕਿਆਂ ਦੀ ਸਿਆਸਤ ਦਾ ਬਿਰਤਾਂਤ ਪੰਜਾਬ ਬਨਾਮ ਦਿੱਲੀ ਦਾ ਹੈ, ਜਿੱਥੇ ਪੰਜਾਬ ਸਿੱਖਾਂ ਦਾ ਹੈ ਤੇ ਦਿੱਲੀ ਦਾ ਤਖਤ ਹਿੰਦੂਆਂ ਦਾ ਹੈ। ਇਸ ਝੂਠੇ ਬਿਰਤਾਂਤ ਰਾਹੀਂ ਉਹ ਨਾ ਸਿਰਫ਼ ਮੁਲਕ ਭਰ ਦੇ ਲੋਕਾਂ ਦੇ ਜਮਾਤੀ ਏਕੇ ਨੂੰ ਖੰਡਿਤ ਕਰਦੇ ਹਨ,  ਸਗੋਂ ਪੰਜਾਬ ਅੰਦਰ ਵੀ ਹਿੰਦੂ ਸਿੱਖ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ  ਹਨ। ਜਮਾਤੀ ਵੰਡੀਆਂ ਦੀ ਹਕੀਕਤ ਨੂੰ ਧਰਮਾਂ ਦੀਆਂ ਨਕਲੀ ਵੰਡੀਆਂ ਨਾਲ ਢਕਣ ਦੀ ਕੋਸ਼ਿਸ਼ ਕਰਦੇ ਹਨ। ਖਾਲਿਸਤਾਨ ਦੀ ਸਿਆਸਤ ਦਾ ਬਿਰਤਾਂਤ ਏਸੇ ਦੁਆਲੇ ਘੁੰਮਦਾ ਹੈ।। ਪੰਜਾਬ ਅੰਦਰ ਫਿਰਕੂ ਸਿੱਖ ਸਿਆਸਤ ਅਜਿਹੇ ਬਿਰਤਾਂਤ ਰਾਹੀਂ ਸਿੱਖ ਧਰਮੀ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਭਾਰਤੀ ਰਾਜ ’ਚ ਹਿੱਸਾ ਪੱਤੀ ਹਾਸਲ ਕਰਨ ਦਾ ਯਤਨ ਕਰਦੀ ਹੈ। ਖਾਲਿਸਤਾਨ ਦਾ ਇਹ ਬਿਰਤਾਂਤ ਤੱਤ ਰੂਪ ’ਚ ਏਸੇ ਭਾਰਤੀ ਰਾਜ ਅਧੀਨ ਸਿੱਖ ਜਗੀਰਦਾਰਾਂ ਤੇ ਕਾਰੋਬਾਰੀਆਂ ਲਈ ਵਿਸ਼ੇਸ਼ ਅਧਿਕਾਰ ਹਾਸਲ ਕਰਨ ਦਾ ਹੀ ਹੈ। ਅਜਿਹੀ ਸਿਆਸਤ ਦਾ ਤੋਰੀ ਫੁਲਕਾ ਚਲਾਉਣ ਲਈ  ਇਹ ਪੰਜਾਬ ਦੇ ਲੋਕਾਂ ਦੇ ਜਮਾਤੀ ਮੁੱਦਿਆਂ ਨੂੰ ਰੋਲ ਕੇ ਨਕਲੀ ਮੁੱਦੇ ਸਾਹਮਣੇ ਲਿਆਉਦੇ ਹਨ ਤੇ ਭਾਰਤੀ ਰਾਜ ਵੱਲੋਂ ਸਭਨਾਂ ਕਿਰਤੀ ਲੋਕਾਂ ਨਾਲ ਕੀਤੇ ਜਾਂਦੇ ਧੱਕਿਆਂ ਜੁਲਮਾਂ/ਵਿਤਕਰਿਆਂ ਨੂੰ ਵਿਸ਼ੇਸ਼ ਕਰਕੇ ਸਿੱਖਾਂ ਨਾਲ ਵਿਤਕਰੇ ਵਜੋਂ ਉਭਾਰਦੇ ਹਨ। ਹੁਣ ਭਾਜਪਾ ਹਕੂਮਤ ਦੀ ਹਿੰਦੂ ਫਿਰਕੂ ਸ਼ਾਵਨਵਾਦੀ ਸਿਆਸਤ ਇਹਨਾਂ ਹਿੱਸਿਆਂ ਨੂੰ ਹੋਰ ਵੀ ਰਾਸ ਬੈਠ ਰਹੀ ਹੈ ਤੇ ਸਿੱਖ ਫਿਰਕੂ ਸਿਆਸਤ ਦੇ ਪਸਾਰੇ ਲਈ ਜ਼ਮੀਨ ਮੁਹੱਈਆ ਕਰਵਾ ਰਹੀ ਹੈ। ਇਹ ਦੋਹਾਂ ਤਰ੍ਹਾਂ ਦੀ ਫਿਰਕਾਪ੍ਰਸਤੀ ਇੱਕ ਦੂਜੇ ਨੂੰ  ਤਾਕਤ ਦਿੰਦੀ ਹੈ। ਭਾਜਪਾ ਦੇ ਅਜਿਹੇ ਹਿੰਦੂ ਫਿਰਕੂ ਫਾਸ਼ੀ ਰਾਸ਼ਟਰਵਾਦੀ ਨਾਅਰਿਆਂ ਖਿਲਾਫ਼ ਪੰਜਾਬ  ਅੰਦਰ ਵਿਰੋਧ ਲਹਿਰ ਮੌਜੂਦ ਹੈ ਤੇ ਇਹ ਫਿਰਕੂ ਸਿਆਸਤਦਾਨ ਇਸ ਵਿਰੋਧ ਲਹਿਰ ਨੂੰ ਜਮਹੂਰੀ ਤੇ ਧਰਮ-ਨਿਰਪੱਖ ਲੀਹਾਂ ਤੋਂ ਲਾਹ ਕੇ, ਫਿਰਕੂ ਲੀਹਾਂ ’ਤੇ ਚੜ੍ਹਾਉਣ ਲਈ ਉਤਾਵਲੇ ਹਨ ਤਾਂ ਕਿ ਇਨ੍ਹਾਂ ਦੀ ਸਿਆਸੀ ਦੁਕਾਨਦਾਰੀ ਚਮਕ ਉੱਠੇ  ਅਤੇ 80 ਵਿਆਂ ਵਾਂਗ ਇਹ ਮੁੜ੍ ਸੂਬੇ ਦੀ ਹਾਕਮ ਜਮਾਤ ਦੀ ਸਿਆਸਤ ’ਚ ਕੇਂਦਰੀ ਸਥਾਨ ਹਾਸਲ ਕਰ ਸਕਣ। ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਇਹਨਾਂ ਦੇ ਅਜਿਹੇ ਮਨਸੂਬਿਆਂ ’ਚ ਇਹਨਾਂ ਨੂੰ ਵੱਡਾ ਅੜਿੱਕਾ ਦਿਖਦੀ ਹੈ ਤੇ ਲਹਿਰ ਖਿਲਾਫ਼ ਵਾਰ ਵਾਰ ਭੰਡੀ ਪ੍ਰਚਾਰ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਲੰਘੇ ਕਿਸਾਨ ਸੰਘਰਸ਼ ਦੌਰਾਨ ਵੀ ਕਾਮਰੇਡ ਬਨਾਮ ਸਿੱਖਾਂ ਦਾ ਖੜ੍ਹਾ ਕੀਤਾ ਗਿਆ ਨਕਲੀ ਬਿਰਤਾਂਤ ਇਹਨਾਂ ਫਿਰਕੂ ਸਿਆਸੀ ਮਨਸੂਬਿਆਂ ਦਾ ਹੀ ਸਿੱਟਾ ਸੀ ਜਿਸ ਤਹਿਤ ਧਰਮ-ਨਿਰਪੱਖ ਪੈਂਤੜੇ ਤੋਂ ਸੰਘਰਸ਼ ਲੜ ਰਹੀ ਕਿਸਾਨ ਲੀਡਰਸ਼ਿਪ ਨੂੰ ਕਾਮਰੇਡ ਕਰਾਰ ਦੇ ਕੇ ਤੇ ਸਿੱਖ ਧਰਮ-ਵਿਰੋਧੀ ਗਰਦਾਨ ਕੇ ਲੋਕਾਂ ’ਚ ਸਵਾਲ ਤੇ ਸ਼ੰਕੇ ਖੜ੍ਹੇ ਕਰਨ ਦਾ ਯਤਨ ਕੀਤਾ ਸੀ। ਇਹਨਾਂ ਸਿੱਖ ਫਿਰਕੂ ਸ਼ਕਤੀਆਂ ਵੱਲੋਂ ਪੰਜਾਬ ਦੀ ਜਮਹੂਰੀ ਲਹਿਰ ਖਿਲਾਫ਼ ਕਾਮਰੇਡ ਲਕਬ ਦੀ ਵਰਤੋਂ ਰਾਹੀਂ ਲਗਾਤਾਰ ਹਮਲਾ ਬੋਲਿਆ ਜਾਂਦਾ ਹੈ ਤੇ ਹਰ ਧਰਮ-ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਹਿੰਦੂ ਰਾਸ਼ਟਰਵਾਦੀ ਸਿਆਸਤੀ ਚੌਖਟੇ ’ਚ ਫਿੱਟ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰਕੂ ਪੈਂਤੜਿਆਂ ਖਿਲਾਫ ਲੜਨ ਵਾਲੇ ਹਿੱਸਿਆਂ ਨੂੰ ਸਿੱਖ ਧਰਮ ਵਿਰੋਧੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ ।    

ਇਹ ਕੋਸ਼ਿਸ਼ਾਂ ਪੰਜਾਬ ਅੰਦਰ ਇਨਕਲਾਬੀ ਜਮਹੂਰੀ ਲਹਿਰ ਦੀ ਲੋਕਾਂ ’ਚੋਂ ਪੜਤ ਖੋਰਨ ਦੀਆਂ ਨਾਪਾਕ ਕੋਸ਼ਿਸ਼ਾਂ ਹਨ। ਇਸ ਲਈ ਇਨਕਲਾਬੀ ਲੋਕ ਲਹਿਰ ਦੇ ਨਾਇਕਾਂ ’ਚ ਸ਼ਿਖਰ ’ਤੇ ਬੈਠੇ ਸ਼ਹੀਦ ਭਗਤ ਸਿੰਘ ਖਿਲਾਫ ਜ਼ਹਿਰ ਉਗਲਣ ਰਾਹੀਂ ਧਰਮ ਨਿਰਪੱਖ ਤੇ ਇਨਕਲਾਬੀ ਜਮਹੂਰੀ ਵਿਚਾਰਾਂ ਨੂੰ ਮੇਸਣ ਦੀ ਕੋਸ਼ਿਸ਼ ਹੈ। ਇਨਕਲਾਬ ਦਾ ਚਿੰਨ੍ਹ ਬਣਕੇ ਉੱਭਰੇ ਹੋਏ ਲੋਕਾਂ ਦੇ ਮਹਿਬੂਬ ਨਾਇਕ ਦੇ ਅਕਸ ’ਤੇ ਚਿੱਕੜ ਉਛਾਲਣ ਦੀ ਕੋਸ਼ਿਸ਼ ਹੈ ਤਾਂ ਕਿ ਲੋਕਾਂ ਨੂੰ ਪ੍ਰੇਰਨਾ ਦੇਣ ਵਾਲੇ ਨਾਇਕ ਤੇ ਉਸ ਦੇ ਵਿਚਾਰਾਂ ਤੋਂ ਵਾਂਝਾ ਕੀਤਾ ਜਾ ਸਕੇ। ਇਸ ਲਈ ਮਸਲਾ ਸਿਰਫ਼ ਭਗਤ ਸਿੰਘ ਦੇ ਸ਼ਹੀਦ ਹੋਣ ਜਾਂ ਨਾ ਹੋਣ ਦਾ ਹੀ ਨਹੀਂ ਹੈ , ਅਸਲ ਮਸਲਾ ਤਾਂ ਉਸ ਦੇ ਵਿਚਾਰਾਂ ’ਤੇ ਖੜ੍ਹ ਕੇ ਲੋਕਾਂ ਦੀ ਲਹਿਰ ਨੂੰ ਅੱਗੇ ਵਧਾ ਰਹੀਆਂ ਇਨਕਲਾਬੀ ਸ਼ਕਤੀਆਂ ਖਿਲਾਫ ਭੰਡੀ ਪ੍ਰਚਾਰ ਦਾ ਹੈ ।

ਬਸਤੀਵਾਦੀ ਸੇਵਾ ਦੀ ਵਿਰਾਸਤ ’ਤੇ ਪਹਿਰਾ  

ਬਸਤੀਵਾਦੀ ਸੇਵਾ ਦੀ ਵਿਰਾਸਤ ਦਾ ਪਹਿਰੇਦਾਰ ਸਿਮਰਜੀਤ ਮਾਨ ਪੂਰਾ ਨਿਸ਼ੰਗ ਹੋਕੇ ਆਪਣੇ ਪੁਰਖਿਆਂ ਵੱਲੋਂ ਅੰਗਰੇਜ ਬਸਤੀਵਾਦੀਆਂ ਦੀ ਸੇਵਾ ਕਰਨ ਦੀ ਵਿਰਾਸਤ ਦਾ ਵਾਰਿਸ ਬਣਕੇ ਡੱਟ ਰਿਹਾ ਹੈ। ਇਹ ਵਿਰਾਸਤ ਪੰਜਾਬ ਦੇ ਸਿੱਖ ਜਗੀਰਦਾਰਾਂ ਦੀ ਵਿਰਾਸਤ ਹੈ  ਜਿਹੜੇ ਅੰਗਰੇਜ਼ ਸਾਮਰਾਜੀਆਂ ਦੀ ਸੇਵਾ ਦੇ ਬਦਲੇ ’ਚ ਆਪਣੀਆਂ ਜਗੀਰਾਂ ਵੱਡੀਆਂ ਕਰਦੇ ਰਹੇ ਹਨ।  ਤੇ ਸਿੱਖ ਧਾਰਮਿਕ ਸੰਸਥਾਵਾਂ ਦੀ ਵਰਤੋਂ ਰਾਹੀਂ ਅੰਗਰੇਜ਼ਾਂ ਦੇ ਰਾਜ ਦੀਆਂ ਨੀਂਹਾਂ ਮਜਬੂਤ ਕਰਨ ਲੱਗੇ ਰਹੇ ਹਨ। ਸਿਮਰਨਜੀਤ ਮਾਨ ਆਪਣੇ ਨਾਨੇ ਵੱਲੋਂ ਜਨਰਲ ਡਾਇਰ ਨੂੰ ਸਿਰੋਪਾ ਪਾਉਣ ਦੀ ਕਾਰਵਾਈ ਨੂੰ ਉਹ ਹੁਣ ਵੀ ਵਾਜਬ ਠਹਿਰਾਉਂਦਾ ਹੈ ਤੇ ਬੇਹੂਦਾ ਬਹਾਨੇ ਬਣਾਉਂਦਾ ਹੈ । ਇਹ ਜਗੀਰੂ ਸਰਦਾਰ ਅਕਾਲ ਤਖਤ ਤੋਂ ਲੈ ਕੇ ਚੀਫ਼ ਖ਼ਾਲਸਾ ਦੀਵਾਨ ਵਰਗੀਆਂ ਸੰਸਥਾਵਾਂ ’ਤੇ ਕਾਬਜ਼ ਸਨ ਅਤੇ ਇਨ੍ਹਾਂ ਸੰਸਥਾਵਾਂ ਦੀ ਵਰਤੋਂ ਅੰਗਰੇਜ਼ਾਂ ਦੇ ਰਾਜ ਦੇ ਹਿੱਤ ’ਚ ਅਤੇ ਦੇਸ਼ ਭਗਤਾਂ ਦੇ ਖਿਲਾਫ਼ ਕਰਦੇ ਸਨ। ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਸਾਮਰਾਜੀ ਜਗੀਰੂ ਗਠਜੋੜ ਦੀ ਸੇਵਾ ’ਚ ਭੁਗਤਾਉਂਦੇ ਸਨ। 1857 ਦੇ ਗਦਰ ਵੇਲੇ ਇਹ ਰਾਜੇ ਤੇ ਜਗੀਰੂ ਸਰਦਾਰ ਅੰਗਰੇਜਾਂ ਦੀ ਸੇਵਾ ਚ ਭੁਗਤੇ ਸਨ ਤੇ ਬਗਾਵਤ ਦਬਾਉਣ ’ਚ ਮੂਹਰੇ ਸਨ। ਵੱਖ ਵੱਖ ਰਿਆਸਤਾਂ ਦੇ ਰਾਜੇ ਵੀ ਇਹੀ ਕਰਦੇ ਸਨ ਪਟਿਆਲਾ ਰਿਆਸਤ ਦਾ ਰਾਜਾ ਭੁਪਿੰਦਰ ਸਿੰਘ ਵੀ ਇਸ ਸੇਵਾ ’ਚ ਮੋਹਰੀ ਸੀ ਤੇ ਸਿੱਖ ਧਰਮ ਦੀ ਆੜ ’ਚ ਲੋਕਾਂ ’ਤੇ ਰਾਜ ਦੀ ਜਕੜ  ਰੱਖਦਾ ਸੀ ਤੇ ਅੰਗਰੇਜ ਬਸਤੀਵਾਦੀਆਂ ਦਾ ਸੇਵਾਦਾਰ ਸੀ। ਸਿਮਰਨਜੀਤ ਮਾਨ ਤੇ ਬਾਦਲ ਵਰਗੇ ਸਿਆਸਤਦਾਨਾਂ ਨੇ ਇਸ ਵਿਰਾਸਤ ਨੂੰ 1947 ਤੋਂ ਬਾਅਦ ਉਸੇ ਤਰ੍ਹਾਂ ਅੱਗੇ  ਵਧਾਇਆ ਹੈ। ਇਨ੍ਹਾਂ ਦੀ ਸਿਆਸਤ ਵੀ  ਸਾਮਰਾਜੀਆਂ ਦੀ ਸਰਪ੍ਰਸਤੀ ਵਾਲੇ ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਰਾਜ ’ਚ ਵੱਧ ਤੋਂ ਵੱਧ ਹਿੱਸਾਪੱਤੀ ਹਾਸਲ ਕਰਨ ਦੀ ਸਿਆਸਤ ਹੈ। ਇਸ ਖਾਤਰ ਇਨ੍ਹਾਂ ਨੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਰੱਜ ਕੇ ਵਰਤਿਆ ਹੈ ਤੇ ਇਸ ਦੀ ਵਰਤੋਂ ਲਈ ਇਨ੍ਹਾਂ ਸੰਸਥਾਵਾਂ ’ਤੇ ਕਾਬਜ਼ ਹੋਣ ਦੀ ਲੜਾਈ ’ਚ ਆਪਸ ’ਚ ਲੜਦੇ ਆਏ ਹਨ।  ਇਹ 47 ਤੋਂ ਪਹਿਲਾਂ ਤੋਂ ਤੁਰੇ ਆ ਰਹੇ ਮਾਮਰਾਜੀ ਤੇ ਜਗੀਰੂ ਗੱਠਜੋੜ ਦੀ ਲਗਾਤਾਰਤਾ ਹੈ।

ਸ਼ਹੀਦ ਭਗਤ ਸਿੰਘ ਦਾ ਰਾਸਟਰਵਾਦ ਦਾ ਸੰਕਲਪ  

ਸ਼ਹੀਦ ਭਗਤ ਸਿੰਘ ਇੱਕ ਵਿਚਾਰਵਾਨ ਇਨਕਲਾਬੀ ਸੀ ਜਿਸ ਨੇ ਹੈਰਾਨਕੁੰਨ ਤੇਜ਼ੀ ਨਾਲ  ਇੱਕ ਦਹਿਸ਼ਤਪਸੰਦ ਇਨਕਲਾਬੀ ਤੋਂ ਕਮਿਊਨਿਸਟ  ਤੱਕ ਦਾ ਸਫ਼ਰ ਕੀਤਾ। ਉਸ ਦਾ ਟੀਚਾ ਕਮਿਊਨਿਸਟ  ਸਮਾਜ ਦੀ ਸਿਰਜਣਾ ਸੀ  ਜਿਸ ਖ਼ਾਤਰ ਉਹ ਦੁਨੀਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ ਦਾ ਨਾਅਰਾ ਬੁਲੰਦ ਕਰਦਾ ਸੀ। ਉਹ ਰੂਸੀ ਇਨਕਲਾਬ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਹੋਇਆ ਸੀ ਤੇ ਮਾਰਕਸਵਾਦ ਦਾ ਗੰਭੀਰ ਵਿਦਿਆਰਥੀ ਬਣ ਗਿਆ ਸੀ। ਉਸ ਦਾ ਨਜ਼ਰੀਆ ਕੌਮਾਂਤਰੀਵਾਦੀ ਬਣ ਚੁੱਕਿਆ ਸੀ। ਭਾਰਤ ਅੰਦਰ ਉਹ ਅਜਿਹੇ ਇਨਕਲਾਬ ਦਾ ਧਾਰਨੀ ਸੀ, ਜਿਹੜਾ ਸਾਮਰਾਜਵਾਦ ਦੀ ਗੁਲਾਮੀ ਦੇ ਨਾਲ ਨਾਲ ਲੋਕਾਂ ਨੂੰ ਸਥਾਨਕ ਪੂੰਜੀਪਤੀਆਂ ਤੇ ਦੇਸੀ ਜਗੀਰਦਾਰਾਂ ਦੀ ਲੁੱਟ ਤੋਂ ਛੁਟਕਾਰਾ ਦਿਵਾਏਗਾ । ਅਜਿਹੇ ਇਨਕਲਾਬ ਲਈ ਅੰਗਰੇਜ਼ਾਂ ਅਧੀਨ ਵੱਸਦੇ ਭਾਰਤ ਦੇ ਸਭਨਾਂ ਕਿਰਤੀ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਵੰਡਾਂ/ਵਿੱਥਾਂ ਮੇਸ ਕੇ ਰਲ ਕੇ ਜੂਝਣਾ ਹੋਵੇਗਾ , ਮੁਲਕ ਭਰ ਦੇ ਕਿਰਤੀ ਲੋਕਾਂ ਦੀ ਏਕਤਾ ਹੀ ਲੋਕਾਂ ਦੀ ਅਜਿਹੀ ਸਾਂਝੀ ਭਾਵਨਾ ਨੂੰ ਉਭਾਰਦੀ ਹੈ,  ਜਿਸ ਦੀ ਭਾਵਨਾ ਸਾਮਰਾਜਵਾਦ ਦੀ ਵਿਰੋਧੀ ਹੈ ਤੇ ਆਜ਼ਾਦੀ ਦੀ ਚਾਹਵਾਨ ਹੈ।  ਇਹ ਭਾਰਤੀ ਹਾਕਮ ਜਮਾਤਾਂ ਦਾ ਰਾਸ਼ਟਰਵਾਦ ਹੈ ਜਿਹੜਾ ਤੱਤ ਰੂਪ ’ਚ ਭਾਰਤੀ  ਵੱਡੀ ਬੁਰਜੁਆਜ਼ੀ ਵੱਲੋਂ ਆਪਣੇ ਜਮਾਤੀ ਰਾਜ ਦੀਆਂ ਸਿਆਸੀ ਲੋੜਾਂ ਅਨੁਸਾਰ ਘੜਿਆ ਤਰਾਸ਼ਿਆ ਜਾਂਦਾ ਰਿਹਾ ਹੈ, ਜਿਹੜਾ ਵੱਖ ਵੱਖ ਕੌਮੀਅਤਾਂ ਨੂੰ ਦਬਾਉਂਦਾ ਹੈ ਤੇ ਉਨ੍ਹਾਂ ਦੀਆਂ ਜਮਹੂਰੀ  ਉਮੰਗਾਂ ਨੂੰ ਕੁਚਲਦਾ ਹੈ, ਜਿਹੜਾ ਸਾਮਰਾਜੀ ਅਧੀਨਗੀ ਤੇ ਸੇਵਾ ਭਾਵਨਾ ਵਾਲਾ ਹੈ। ਜਿਸ ਦਾ ਤੱਤ ਪਾਕਿਸਤਾਨੀ ਵਿਰੋਧੀ ਜਾਂ ਗੁਆਂਢੀ ਮੁਲਕਾਂ ਵਿਰੋਧੀ ਹੈ  ਤੇ ਜਿਸ ਨੂੰ ਲੋੜ ਅਨੁਸਾਰ ਹਿੰਦੂ ਸ਼ਾਵਨਵਾਦੀ ਪੁੱਠ ਚਾੜ੍ਹੀ ਜਾਂਦੀ ਹੈ। ਅੱਜਕੱਲ੍ਹ ਭਾਜਪਾ ਇਸ ਪ੍ਰਾਜੈਕਟ ਦੀ ਸਭ ਤੋਂ ਸਫਲ ਝੰਡਾ ਬਰਦਾਰ ਹੈ। ਜਿਹੜੀ ਹਿੰਦੂ  ਫ਼ਿਰਕੂ ਸ਼ਾਵਨਵਾਦ ਨੂੰ ਰਾਸ਼ਟਰਵਾਦ ਨਾਲ ਗੁੰਦ ਕੇ ਪੇਸ਼ ਕਰਦੀ ਹੈ ਅਤੇ ਮੁਲਕ ਦੇ ਮੁਸਲਿਮ ਭਾਈਚਾਰੇ ਖਿਲਾਫ਼ ਸੇਧਤ ਕਰਦਿਆਂ ਪਾਕਿਸਤਾਨ ਵਿਰੋਧੀ   ਰੰਗਤ ਦਿੰਦੀ ਹੈ। ਇਹ ਅੰਨੇ ਕੌਮਵਾਦ ਨੂੰ ਫਿਰਕੂ ਪੁੱਠ ਦਿੰਦੀ ਹੈ।  

ਸ਼ਹੀਦ ਭਗਤ ਸਿੰਘ ਕੌਮਾਂ ਇਲਾਕਿਆਂ ਖਿੱਤਿਆਂ ਦੀਆਂ ਸੌੜੀਆਂ ਹੱਦਾਂ ਹੱਦਬੰਦੀਆਂ ਤਕ ਨਹੀਂ ਸੋਚਦਾ। ਉਹ ਮਨੁੱਖਤਾ ਦੀ ਮੁਕਤੀ ਲਈ ਜੂਝਣ ਵਾਲਾ ਸੀ  ਤੇ ਭਾਰਤ ਦੀ ਆਜ਼ਾਦੀ ਦਾ ਉਸ ਦਾ ਤਸੱਵਰ ਵੀ ਮਨੁੱਖਤਾ ਦੀ ਮੁਕਤੀ ਦੇ ਮਹਾਨ ਮਿਸ਼ਨ ਦਾ ਹਿੱਸਾ ਸੀ ।

ਪੰਜਾਬ ਦੇ ਇਨ੍ਹਾਂ ਫ਼ਿਰਕੂ ਸਿਆਸਤਦਾਨਾਂ ਨੂੰ ਭਗਤ ਸਿੰਘ ਇਸ ਲਈ ਰੜਕਦਾ ਹੈ ਕਿਉਂਕਿ ਉਹ ਧਰਮ ਜਾਤ ਤੇ ਇਲਾਕਾ ਆਧਾਰਤ ਹਰ ਤਰ੍ਹਾਂ ਦੀਆਂ ਸੌੜੀਆਂ ਤੇ ਨਕਲੀ ਵਲਗਣਾਂ ਨੂੰ ਰੱਦ ਕਰਨ ਤੇ ਧਰਮ ਨਿਰਪੱਖਤਾ ਦੇ ਆਧਾਰ ’ਤੇ ਕਿਰਤੀਆਂ ਦੀ ਵਿਸ਼ਾਲ ਸਾਂਝ ਦਾ ਹੋਕਾ ਦਿੰਦਾ ਹੈ ਉਹ ਇੱਕ ਵਿਸ਼ੇਸ਼ ਧਰਮ ਦੇ ਆਧਾਰ ਤੇ ਰਾਜ ਦਾ ਹਾਮੀ ਨਹੀਂ ਸੀ। ਉਸ ਦੇ ਵਿਚਾਰ ਇਸ ਫਿਰਕੂ ਸਿਆਸਤ ਦੀ ਜ਼ਹਿਰ ਦਾ ਅਸਰ ਕੱਟਦੇ ਹਨ ।

ਅੱਜ ਪੰਜਾਬ ਦੇ ਲੋਕਾਂ ਦੀ ਲਹਿਰ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰ ਅਗਲੇ ਪੜਾਅ ਵੱਲ ਲਿਜਾ ਸਕਦੇ ਹਨ ਅਤੇ ਲੋਕਾਂ ਦੀ ਮੁਕਤੀ ਦੇ ਮਾਰਗ ’ਤੇ ਅੱਗੇ ਵਧਾ ਸਕਦੇ ਹਨ । ਪੰਜਾਬ ਦੇ ਲੋਕਾਂ ਦੇ  ਅੰਦਰ ਪਨਪ ਰਹੇ  ਰੋਹ ਤੇ ਬੇਚੈਨੀ ਨੂੰ ਸੰਘਰਸ਼ਾਂ ਰਾਂਹੀ ਸਹੀ ਮੂੰਹਾਂ ਮਿਲਣਾ ਸ਼ੁਰੂ ਹੋਇਆ ਹੈ ਤੇ ਲੋਕਾਂ ਦੀ ਜਮਾਤੀ ਤਬਕਾਤੀ ਮੁੱਦੇ ਸੂਬੇ ਦੇ ਸਿਆਸੀ ਦਿ੍ਰਸ਼ ’ਤੇ ਉੱਭਰ ਰਹੇ ਹਨ ਤੇ  ਹਾਕਮ ਜਮਾਤੀ ਸਿਆਸਤ ਅਸਰਅੰਦਾਜ਼ ਕਰ ਰਹੇ ਹਨ। ਅਜਿਹੇ ਸਮੇਂ ਲੋਕਾਂ ਦੇ ਰੋਹ ਅਤੇ ਬੇਚੈਨੀ ਦਾ ਆਪਣੇ ਹਾਕਮ ਜਮਾਤੀ ਸੌੜੇ ਸਿਆਸੀ ਤੇ ਫਿਰਕੂ ਮਨਸੂਬਿਆਂ ਲਈ ਲਾਹਾ ਲੈਣ ਖਾਤਰ ਫਿਰਕੂ ਸ਼ਕਤੀਆਂ ਬੁਰੀ ਤਰ੍ਹਾਂ ਤਰਲੋਮੱਛੀ  ਹੋ ਰਹੀਆਂ ਹਨ ਤੇ ਪੰਜਾਬ ਅੰਦਰ ਫ਼ਿਰਕੂ ਮੁੱਦਿਆਂ ਨੂੰ ਹਰ ਤਰੀਕੇ ਹਵਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੇ ਮਨਸੂਬਿਆਂ ਲਈ ਲੋਕਾਂ ਦੀ ਜਮਹੂਰੀ ਲਹਿਰ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਵਾਂਝੇ ਰੱਖਣਾ  ਇਨ੍ਹਾਂ ਹਿੱਸਿਆਂ ਦੀ ਅਣਸਰਦੀ ਲੋੜ ਹੈ ਤੇ ਇਹ ਸਾਰੀ ਕਸਰਤ ਇਸ ਲਈ ਕੀਤੀ ਜਾ ਰਹੀ ਹੈ। ਇਨ੍ਹਾਂ ਮਨਸੂਬਿਆਂ ਨੂੰ ਪਛਾਨਣ ਤੇ ਉਨ੍ਹਾਂ ਦਾ ਪਰਦਾ ਚਾਕ ਕਰਨ ਦੀ ਲੋੜ ਹੈ।    ਅਹਿਮ ਗੱਲ ਇਹ ਨਹੀਂ ਹੈ ਕਿ ਇਹ ਹਿੱਸੇ  ਸ਼ਹੀਦ ਭਗਤ  ਦੀ ਸ਼ਖਸੀਅਤ ਤੇ ਵਿਚਾਰਾਂ ਨੂੰ ਕੋਈ ਧੁੰਦਲਾਉਣ ’ਚ ਕਾਮਯਾਬ ਹੋ ਜਾਣਗੇ। ਅਹਿਮ ਗੱਲ ਇਹ ਹੈ ਕਿ ਇਹ ਹਿੱਸੇ ਕਿੰਨੀ ਨਿਸ਼ੰਗਤਾ ਨਾਲ ਆਪਣੀ  ਫਿਰਕੂ ਸਿਆਸਤ ਦੀ ਜ਼ਮੀਨ ਦਾ ਪਸਾਰਾ ਕਰਨ ’ਚ ਰੁੱਝੇ ਹੋਏ ਹਨ। ਇਹ ਹਰ ਉਸ ਚਿੰਨ੍ਹ ਨਾਅਰੇ ਤੇ ਵਿਚਾਰ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਹੜਾ ਵੀ ਇਨ੍ਹਾਂ ਦੀ ਫਿਰਕੂ ਸਿਆਸਤ ਲਈ ਅੜਿੱਕਾ ਜਾਪਦਾ ਹੈ।  ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਉਨ੍ਹਾਂ ਲਈ ਸਭ ਤੋਂ ਵੱਡਾ ਅੜਿੱਕਾ ਹੈ ਇਸ ਲਈ ਇਸ ਲਹਿਰ ਦੇ   ਰਹਿਬਰ ਦੇ ਚਿੰਨ੍ਹ ਵਜੋਂ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਇਨ੍ਹਾਂ ਨੂੰ ਫੁੱਟੀ ਅੱਖ ਨਹੀਂ ਭਾਉਂਦੀ।    

ਸਰਕਾਰਪ੍ਰਸਤਾਂ ਦੀ ਬੇਸ਼ਰਮੀ

 ਸਰਕਾਰਪ੍ਰਸਤਾਂ ਦੀ ਬੇਸ਼ਰਮੀ

(ਅੰਗਰੇਜ ਬਸਤੀਵਾਦੀਆਂ ਦੀ ਸੇਵਾ ਕਰਨ ਵਾਲੀ ਜਗੀਰਦਾਰਾਂ ਦੀ ਰਵਾਇਤ ਤੇ ਸਿਮਰਨਜੀਤ ਮਾਨ ਦੀ ਵਿਰਾਸਤ ਉੱਤੇ ਝਾਤ ਪਵਾਉਦੀ ਹੈ ਇਹ ਲਿਖਤ, ਇਸ ਵਿੱਚ ਨਾਵਾਂ ਦੀਆਂ ਲੰਮੀਆਂ ਸੂਚੀਆਂ ਥਾਂ ਦੀ ਘਾਟ ਕਾਰਨ ਨਹੀਂ ਦਿੱਤੀਆਂ ਜਾ ਰਹੀਆਂ- ਸੰਪਾਦਕ)

ਇੱਕ ਪਾਸੇ ਸਰਕਾਰ ਦੇ ਤਸ਼ੱਦਦ ਵਿਰੁੱਧ ਦੇਸ਼ ਭਰ ਵਿਚ ਪ੍ਰੋਟੈਸਟ ਦੀ ਇੱਕ ਲਹਿਰ ਚੱਲ ਰਹੀ ਸੀ। ਦੂਜੇ ਪਾਸੇ ਕਈ ਸ਼ਰਮਨਾਕ ਘਟਨਾਵਾਂ ਵੀ ਹੋ ਰਹੀਆਂ ਸਨ। ਇਹਨਾਂ ਵਿਚੋਂ ਸਭ ਤੋਂ ਵਧੇਰੇ ਸ਼ਰਮਨਾਕ ਘਟਨਾ ਇਹ ਸੀ :

ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਸਰਬਰਾਹ ਸਰਦਾਰ ਬਹਾਦਰ ਅਰੂੜ ਸਿੰਘ ਨੇ ਜਨਰਲ ਡਾਇਰ ਅਤੇ ਬਰਗੇਡ ਮੇਜਰ ਕੈਪਟਨ ਬਿ੍ਰਗਜ਼ ਨੂੰ ਜੱਲ੍ਹਿਆਂਵਾਲੇ ਬਾਗ ਵਿਚ ਗੋਲੀ ਚੱਲਣ ਦੇ 17 ਦਿਨ ਬਾਅਦ 30 ਅਪ੍ਰੈਲ ਨੂੰ ਦਰਬਾਰ ਸਾਹਿਬ ਵਿਖੇ ਬੁਲਾ ਕੇ ਸਿਰੋਪਾ ਦਿੱਤਾ। ਅਰੂੜ ਸਿੰਘ ਨੁਸ਼ਹਿਰਾ ਜਿਲ੍ਹਾ ਅੰਮਿ੍ਰਤਸਰ ਦਾ ਸੀ, ਜੋ ਕਿ ਉਸ ਸਮੇਂ ਦਾ ਬੜਾ ਤਕੜਾ ਸਰਕਾਰਪ੍ਰਸਤ ਅਤੇ ਦੇਸ਼ ਗਦਾਰ ਸੀ, ਜਿਸ ਕੋਲ 33 ਮੁਰੱਬੇ ਚਨਾਬ ਕਨਾਲ ਵਿਚ ਅਤੇ  800 ਘੁਮਾਂ ਜ਼ਮੀਨ ਜਿਲ੍ਹਾ ਅੰਮਿ੍ਰਤਸਰ ਵਿਚ ਸੀ। ਇਸ ਤੋਂ ਇਲਾਵਾ ਨਕਦ ਜਾਗੀਰ ਵੱਖਰੀ ਸੀ। 

ਜਨਰਲ ਡਾਇਰ ਦੀ ਜੀਵਨੀ ਲਿਖਣ ਵਾਲੇ ਮਿਸਟਰ ਕਾਲਵਿਨ ਨੇ ਇਉ ਬਿਆਨ ਕੀਤਾ ਹੈ :

‘‘ਸਾਹਿਬ, ਉਹਨਾਂ ਕਿਹਾ, ਤੁਹਾਨੂੰ ਤਾਂ ਸਿੱਖ ਸਜ ਜਾਣਾ ਚਾਹੀਦਾ ਹੈ। ਜਿਵੇਂ ਕਿ ਨਿਕਲੇਸਨ ਸਾਹਿਬ (ਗਦਰ ਵੇਲੇ ਦਾ ਇਕ ਜਨਰਲ)। ਜਨਰਲ ਨੇ ਇਹ ਮਾਣ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ। ਪਰ ਇਤਰਾਜ਼ ਕੀਤਾ ਕਿ ਉਹ ਬਰਤਾਨਵੀ ਫੌਜ ਦਾ ਅਫਸਰ ਹੁੰਦਿਆਂ ਹੋਇਆਂ ਆਪਣੇ ਕੇਸ ਲੰਬੇ ਨਹੀਂ ਵਧਾ ਸਕਦਾ। 

ਅਰੂੜ ਸਿੰਘ ਹੱਸਿਆ, ‘‘ਅਸੀਂ ਤੁਹਾਨੂੰ ਲੰਬੇ ਕੇਸ ਰੱਖਣ ਤੋਂ ਛੋਟ ਦੇ ਦਿਆਂਗੇ।’’ 

ਜਨਰਲ ਡਾਇਰ ਨੇ ਇੱਕ ਹੋਰ ਇਤਰਾਜ਼ ਕੀਤਾ, ‘‘ਪਰ ਮੈਂ ਤੰਬਾਕੂ ਪੀਣਾ ਨਹੀ ਛੱਡ ਸਕਦਾ।’’ 

‘‘ਉਹ ਤਾਂ ਤੁਹਾਨੂੰ ਛੱਡਣਾ ਪਵੇਗਾ’’ ਅਰੂੜ ਸਿੰਘ ਨੇ ਕਿਹਾ। 

‘‘ਨਹੀਂ’’ ਜਨਰਲ ਨੇ ਕਿਹਾ ‘‘ਮੈਨੂੰ ਬੜਾ ਅਫਸੋਸ ਹੈ, ਪਰ ਮੈਂ ਤੰਬਾਕੂ ਪੀਣਾ ਨਹੀਂ ਛੱਡ ਸਕਦਾ।’’

ਗਰੰਥੀ ਜੀ ਨੇ ਆਖਿਆ, ‘‘ਅਸੀਂ ਤੁਹਾਨੂੰ ਹੌਲੀ ਹੌਲੀ ਛੱਡਣ ਦੀ ਖੁੱਲ੍ਹ ਦੇ ਸਕਦੇ ਹਾਂ।’’

‘‘ਇਹਦਾ ਮੈਂ ਵਾਅਦਾ ਕਰਦਾ ਹਾਂ। ਸਾਲ ਦੀ ਇੱਕ ਸਿਗਰਟ ਛੱਡ ਦਿਆਂ ਕਰਾਂਗਾ।’’ ਜਨਰਲ ਡਾਇਰ ਨੇ ੳੱੁਤਰ ਦਿੱਤਾ। 

ਮਿਸਟਰ ਕਾਲਵਿਨ ਨੇ ਇਹ ਵੀ ਲਿਖਿਆ ਹੈ ਕਿ ਗੁਰੂਸਰ ਸੁਲਤਾਨੀ ਦੇ ਗੁਰਦੁਆਰੇ ਦੇ ਮਹੰਤ ਕਿਰਪਾਲ ਸਿੰਘ ਨੇ ਡਾਇਰ ਦੀ ਗੁਰਦੁਆਰੇ ਵਿੱਚ ਯਾਦਗਾਰ ਬਣਾਉਣ ਲਈ ਵੀ ਕਿਹਾ। 

ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਦੇ ਪੰਜਾਬ ਛੱਡਣ ’ਤੇ ਉਸ ਨੂੰ ਵਿਦਾਇਗੀ ਪੱਤਰਾਂ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਸਰਕਾਰਪ੍ਰਸਤਾਂ ਨੇ ਜਿਸ ਬੇਸ਼ਰਮੀ ਦਾ ਮੁਜ਼ਹਾਰਾ ਕੀਤਾ, ਉਸ ਨੂੰ ਪੜ੍ਹ ਕੇ ਅੱਜ ਦੀਆਂ ਨਸਲਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। 

12 ਮਈ 1919 ਨੂੰ ਲਾਹੌਰ ਹਾਊਸ ਵਿਖੇ, ਸਵੇਰ ਵੇਲੇ ਵੱਖ ਵੱਖ ਫਿਰਕਿਆਂ ਵੱਲੋਂ ਸਰ ਮਾਈਕਲ ਉਡਵਾਇਰ ਦੇ ਰਿਟਾਇਰ ਹੋਣ ’ਤੇ, ਉਸ ਨੂੰ ਵਿਦਾਇਗੀ ਐਡਰੈੱਸ ਪੇਸ਼ ਕੀਤੇ ਗਏ। 

ਇਸ ਅਵਸਰ ’ਤੇ ਉਡਵਾਇਰ ਦੀ ਪਤਨੀ, ਮੇਜਰ ਜਨਰਲ ਸਰ ਵਿਲੀਅਮ ਬੇਨਨ, ਮਿਸਟਰ ਮੇਨਾਰਡ, ਮਿਸਟਰ ਫਾਗਨ ਫਿਸਾਨਸ਼ਲ  ਕਮਿਸ਼ਨਰ, ਮਿਸਟਰ ਥਾਮਪਸਨ ਚੀਫ ਸੈਕਟਰੀ, ਬਰਗੇਡੀਅਰ ਜਨਰਲ ਕਲਾਰਕ, ਮਿਸਟਰ ਕਿਚਨ, ਕਮਿਸ਼ਨਰ ਲਾਹੌਰ, ਲੈਫਟੀਨੈਂਟ ਕਰਨਲ ਜਾਹਨਸਨ, ਮਿਸਟਰ ਸਟਿਊਆਰਟ ਆਈ ਜੀ. ਪੁਲੀਸ ਪੰਜਾਬ, ਮਿਸਟਰ ਫਿਸ਼ਨ ਡਿਪਟੀ ਕਮਿਸ਼ਨਰ ਲਾਹੌਰ ਅਤੇ ਉਹਨਾਂ ਦਾ ਅਮਲਾ ਫੈਲਾ ਮੌਜੂਦ ਸੀ। 

ਮੁਸਲਿਮ ਫਿਰਕੇ ਦੇੇ ਆਧਾਰ ’ਤੇ ਖਾਨ ਬਹਾਦਰ ਸਈਅਦ ਮਹਿਦੀ ਸ਼ਾਹ ਓ. ਬੀ. ਈ. ਨੇ ਐਡਰੈੱਸ ਪੇਸ਼ ਕੀਤਾ, ਜਿਸ ਵਿਚ ਕਿਹਾ ਗਿਆ :

‘‘ਪੰਜਾਬ ਹਿੰਦੁਸਤਾਨ ਦਾ ਤਲਵਾਰ ਵਾਲਾ ਹੱਥ ਰੱਖਦਾ ਹੈ’’ ਉਸ ਨੇ ਪੰਜਾਬ ਵੱਲੋਂ ਭਿਆਨਕ ਸੰਸਾਰ ਜੰਗ ਵਿਚ ਅਦਾ ਕੀਤੇ ਹਿੱਸੇ ਦਾ ਜ਼ਿਕਰ ਕੀਤਾ, ਅਤੇ ਇਹ ਇਸ਼ਾਰਾ ਕੀਤਾ ਕਿ ‘‘ਇਸ ਸੂਬੇ ਵਿਚ ਰਹਿਣ ਵਾਲੀ ਮੁਸਲਿਮ ਰਿਆਇਆ ਨੇ ਬਹੁਤ ਪ੍ਰੀਖਿਆ ਦੀ ਘੜੀ ਵਿੱਚ ਬੇਮਿਸਾਲ ਅਤੇ ਵਿਸ਼ੇਸ਼ ਵਫਾਦਾਰੀ ਦਾ ਸਬੂਤ ਦਿੱਤਾ ਹੈ।’’.. ..

‘‘ .. ..ਭਾਵੇਂ ਤੁਹਾਡੀ ਸ਼ਾਨਦਾਰ ਸਰਕਾਰ ਦੇ ਕਾਨੂੰਨ ਅਤੇ ਅਮਨ ਦੇ ਦੁਸ਼ਮਣਾਂ ਨੇ ਇੱਕ ਸੰਗਠਿਤ ਸਾਜਿਸ਼ ਦੇ ਨਤੀਜੇ ਵਜੋਂ ਉਹ ਲੋਕਾਂ ਦੇ ਇੱਕ ਭਾਗ ਨੂੰ ਫਸਾਦਾਂ ਅਤੇ ਗੜਬੜ ਵਿੱਚ ਪੁਆਉਣ ਵਿਚ ਸਫਲ ਹੋਏ ਹਨ, ਪਰ ਹਜ਼ੂਰ ਦੀ ਦੂਰਅੰਦੇਸ਼ੀ, ਸਟੇਟਸਮੈਨਸ਼ਿੱਪ ਅਤੇ ਦਿ੍ਰੜ੍ਹਤਾ ਨੇ ਮਾਰਸ਼ਲ ਲਾਅ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗਾਂ ਨੂੰ ਵਰਤਦੇ ਹੋਏ ਹਾਲਾਤ ਨੂੰ ਛੇਤੀ ਠੀਕ ਕਰ ਦਿੱਤਾ।.. ..ਅਸੀਂ ਸਾਰੇ ਬਾਦਸ਼ਾਹ ਸਲਾਮਤ ਦੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਤੁਹਾਡੇ ਆਹੁਦੇ ਦੀ ਹੋਰ ਮਿਆਦ ਵਧਾਈ ਸੀ। .. ..

‘‘ਹਜ਼ੂਰ ਨੇ ਤਬਾਹ-ਕਰੂ  ਗਦਰ ਲਹਿਰ ਨੂੰ ਦਬਾ ਕੇ ਸੂਬੇ ਨੂੰ ਬੜੇ ਅਹਿਸਾਨ ਥੱਲੇ ਦੱਬ ਦਿੱਤਾ ਹੈ।’’.. ..

ਅਸੀਂ ਮੁਸਲਿਮ, ਜਿਹਨਾਂ ਦਾ ਭਲਾਈ ਤੇ ਮੁਫਾਦ, ਵਸੋਂ ਦੇ ਇੱਕ ਮਹੱਤਵਪੂਰਨ ਭਾਗ ਦੇ ਤੌਰ ’ਤੇ, ਬਰਤਾਨਵੀ ਸਰਕਾਰ ਦੀ ਭਲਾਈ ਅਤੇ ਮੁਫਾਦ ਨਾਲ ਅਟੁੱਟ ਜੁੜੇ ਹੋਏ ਹਨ, ਅਤੇ ਜਿਹਨਾਂ ਦਾ ਆਪਣੇ ਬਾਦਸ਼ਾਹ ਦਾ ਹੁਕਮ ਮੰਨਣਾ ਇੱਕ ਮਜ੍ਹਬੀ ਫਰਜ਼ ਹੈ, ਗੈਰ-ਸਰਗਰਮ ਮੁਕਾਬਲੇ ਤੋਂ ਆਪਣੇ ਆਪ ਨੂੰ ਬਿਲਕੁਲ ਅਲਹਿਦਾ ਦੱਸਣ ਦਾ ਮੌਕਾ ਲੈਂਦੇ ਹਾਂ।’’ 

ਐਡਰੈੱਸ ਪੇਸ਼ ਕਰਨ ਵਾਲਿਆਂ ਵਿੱਚ ਇਹ ਲੋਕ ਸ਼ਾਮਲ ਸਨ :........

.......................

...................

ਸਿੱਖ ਫਿਰਕੇ ਦੇ ਆਧਾਰ ’ਤੇ ਸਰਦਾਰ ਬਹਾਦਰ ਸੁੰਦਰ ਸਿੰਘ ਮਜੀਠੀਏ ਨੇ ਇਹ ਐਡਰੈੱਸ ਪੜ੍ਹਿਆ। ਇਸ ਵਿੱਚ ਸਿੱਖਾਂ ਵੱਲੋਂ ਸਰਕਾਰ ਨੂੰ ਜੰਗੀ ਸਰਗਰਮੀਆਂ ਵਿੱਚ ਦਿੱਤਾ ਮਿਲਵਰਤਣ ਅਤੇ ਸਹਾਇਤਾ, ਮਾਂਟੇਗੋ ਚੈਮਸਫੋਰਡ ਸਕੀਮ ਅਧੀਨ ਸਿੱਖਾਂ ਨੂੰ ਮਿਲੀ ਵੱਖਰੀ ਪ੍ਰਤੀਨਿਧਤਾ ਅਤੇ ਸੱਚੇ ਸਿੱਖਾਂ ਨੂੰ ਪ੍ਰਤੀਨਿਧ ਲਏ ਜਾਣ ਦਾ ਜ਼ਿਕਰ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ :

‘‘.. ..ਵਕਤ ਜਿਹਦੇ ਵਿਚਦੀ ਅਸੀਂ ਲੰਘ ਚੁੱਕੇ ਹਾਂ, ਬੜਾ ਸਖਤ ਅਤੇ ਚਿੰਤਾਜਨਕ ਸੀ। ਅਤੇ ਆਪਣੀ ਦਿ੍ਰੜ੍ਹਤਾ ਸਿਆਣਪ ਅਤੇ ਭਿੰਨ ਭਿੰਨ ਤਜਰਬੇ ਨਾਲ ਤੁਸੀਂ ਸੂਬੇ ਦੇ ਲੋਕਾਂ ਨੂੰ ਉਹਨਾਂ ਦੇ (ਬਰਤਾਨਵੀ) ਸਲਤਨਤ ਪ੍ਰਤੀ ਕਰਤਵਾਂ ਨੂੰ ਕੀਮਤੀ ਅਤੇ ਯੋਗ ਢੰਗ ਨਾਲ ਨਿਭਾਉਣ ਲਈ ਅਗਵਾਈ ਦਿੱਤੀ। ਇਹ ਸਭ ਕੁੱਝ ਹਜ਼ੂਰ ਦੇ, ਹਾਲਾਤ ਨੂੰ , ਸਿਆਣਪ ਨਾਲ ਨਜਿੱਠਣ ਦੇ ਨਾਲ ਹੋਇਆ। ਉਦੋ ਜਦੋਂ ਕਿ ਸੰਸਾਰ ਜੰਗ ਜਾਰੀ ਸੀ, ਲੋਕ ਅਪਣੇ ਘਰਾਂ ਵਿਚ ਆਰਾਮਦੇਹ ਜੀਵਨ ਗੁਜ਼ਾਰ ਰਹੇ ਸਨ। .. ..

‘‘.. ..ਇਹ ਬੜੇ ਅਫਸੋਸ ਦਾ ਮਾਮਲਾ ਹੈ, ਕਿ ਹਜ਼ੂਰ ਦੀ ਸਫਲ ਹਕੂਮਤ ਦੇ ਅੰਤ ’ਤੇ ਕੁੱਝ ਬਦਮਾਸ਼ ਲੋਕਾਂ ਵੱਲੋਂ ਮੁਲਕ ਦੇ ਅਮਨ ਨੂੰ ਬੇਦਰਦੀ ਨਾਲ ਤਬਾਹ ਕਰਨ ਦੀ ਸ਼ਰਾਰਤ ਭਰੀ ਕੋਸ਼ਿਸ਼ ਕੀਤੀ ਗਈ। ਅਤੇ ਕਈਆਂ ਥਾਵਾਂ ’ਤੇ ਜ਼ੁਲਮ ਢਾਏ ਗਏ, ਜਿਹਨਾਂ ਨੇ ਸੂਬੇ ਦੇ ਪਵਿੱਤਰ ਨਾਮ ਨੂੰ ਦਾਗਦਾਰ ਕੀਤਾ। ਪਰ ਤੁਹਾਡੀ ਹਜ਼ੂਰ ਦੀ ਹਾਲਾਤ ੳੱੁਤੇ ਮਜ਼ਬੂਤ ਪਕੜ ਅਤੇ ਅਪਣਾਈਆਂ ਗਈਆਂ ਤਦਬੀਰਾਂ ਨੇ ਬੁਰਾਈ ਨੂੰ ਮੁੱਢ ਵਿੱਚ ਹੀ ਦੱਬ ਲਿਆ। .. ..

‘‘.. ..ਪਰ ਸਾਡੇ ਲਈ ਇਹ ਮੁਬਾਰਕਬਾਦ ਦਾ ਮਾਮਲਾ ਹੈ ਕਿ ਸਾਡੇ ਫਿਰਕੇ ਨੇ ਆਪਣੇ ਆਪ ਨੂੰ ਇਸ ਗੜਬੜ ਨਾਲ ਜੁੜਨ ਤੋਂ ਵੱਖਰਾ ਰੱਖਿਆ ਹੈ। ਹਿਜ਼ ਮੈਜਿਸਟੀ ਬਾਦਸ਼ਾਹ ਸਲਾਮਤ ਦੇ ਤਖਤ ਵੱਲ ਆਪਣੀ ਰਵਾਇਤੀ ਵਫ਼ਾਦਾਰੀ ਅਤੇ ਸ਼ਰਧਾ ਨੂੰ ਦਾਗ ਨਹੀਂ ਲੱਗਣ ਦਿੱਤਾ।’’

ਐਡਰੈੱਸ ਪੇਸ਼ ਕਰਨ ਵਾਲਿਆਂ ਵਿਚ ਹੇਠ ਲਿਖੇ ਸਿੱਖ ਪ੍ਰਤੀਨਿਧ ਸ਼ਾਮਲ ਸਨ :

................................

.........................

ਰਾਜਾ ਨਰਿੰਦਰ ਨਾਥ ਨੇ ਹਿੰਦੁੂ ਕਮਿਊਨਿਟੀ ਵੱਲੋਂ ਐਡਰੈੱਸ ਪੜ੍ਹਿਆ,  ਜਿਸ ਵਿਚ ਇਹ ਪ੍ਰਗਟ ਕਰਨ ਦਾ ਯਤਨ ਕੀਤਾ ਗਿਆ ਕਿ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਤੋਂ ਘੱਟ ਵਫਾਦਾਰ ਨਹੀਂ। ਚੂੰਕਿ ਸੱਤਿਆਗ੍ਰਹਿ ਦੀ ਲਹਿਰ, ਅਤੇ ਰੋਲਟ ਐਕਟ ਵਿਰੁੱਧ ਸੰਗਰਾਮ ਵਿਚ ਹਿੰਦੂ ਪੜ੍ਹੀ ਲਿਖੀ ਸ਼੍ਰੇਣੀ, ਵਿਸ਼ੇਸ਼ ਕਰਕੇ ਵਿਦਿਆਰਥੀ ਅਤੇ ਵਕੀਲ ਵਧੇਰੇ ਅੱਗੇ ਸਨ। ਹਿੰਦੂ ਸਰਕਾਰਪ੍ਰਸਤਾਂ ਨੂੰ ਸਰਕਾਰ ਪ੍ਰਤੀ ਆਪਣੀ ਵਫਾਦਾਰੀ ਵਿਖਾਉਣ ਲਈ ਵਧੇਰੇ ਜ਼ੋਰ ਲਾਉਣਾ ਪਿਆ। ਉਹਨਾਂ ਆਪਣੇ ਐਡਰੈੱਸ ਵਿੱਚ ਕਿਹਾ :

‘‘ਸਾਨੂੰ ਬੜਾ ਅਫਸੋਸ ਹੈ ਕਿ ਹਜ਼ੂਰ ਦੇ ਕੈਰੀਅਰ (ਗਵਰਨਰੀ) ਦੇ ਅੰਤਲੇ ਕੁੱਝ ਦਿਨਾਂ ਵਿੱਚ ਗਲਤ ਰਾਹੇ ਪਾਏ ਗਏ ਆਦਮੀਆਂ ਨੇ ਮੂਰਖਤਾ-ਭਰੇ ਅਤੇ ਸ਼ੈਤਾਨੀ ਕਾਰੇ ਕੀਤੇ ਹਨ। .. ..

‘‘.. .. ਅਸੀਂ ਤਸ਼ੱਦਦ ਅਤੇ ਕਾਨੂੰਨ ਰਹਿਤ ਸਾਰੇ ਕਾਰਿਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ। ਸਾਨੂੰ ਨਿੱਜੀ ਅਤੇ ਸਰਕਾਰੀ ਸੰਪਤੀ ਨੂੰ ਹਾਨੀ ਪਹੁੰਚਾਏ ਜਾਣ ਦਾ ਬਹੁਤ ਅਫਸੋਸ ਹੈ।.. ..

‘‘.. .. ਸਾਡਾ ਇਹ ਪੱਕਾ ਵਿਸ਼ਵਾਸ਼ ਹੈ ਕਿ ਬਰਤਾਨਵੀ ਸੁਰੱਖਿਆ ਭਾਰਤ ਵਿਚ ਮਿਹਰ ਭਰੀ ਦੇਖ ਭਾਲ ਲਿਆਈ ਹੈ। .. ..

‘‘.. ..ਜਿਸ ਫਿਰਕੇ ਦੀ ਅਸੀਂ ਪ੍ਰਤੀਨਿਧਤਾ ਕਰਦੇ ਹਾਂ, ਉਸ ਵੱਲੋਂ ਅਸੀਂ ਸਰਕਾਰ ਨੂੰ ਪੱਕੀ ਵਫਾਦਾਰੀ ਅਤੇ ਦਿਲੀ ਸਹਾਇਤਾ ਦਾ ਯਕੀਨ ਦਿਵਾਉਦੇ ਹਾਂ। ਅਸੀਂ ਖੁਸ਼ੀ ਨਾਲ ਆਪਣੀਆਂ ਸਭ ਸੇਵਾਵਾਂ ਸਰਕਾਰ ਦੇ ਪੇਸ਼ ਕਰਦੇ ਹਾਂ।’’ ਸਭ ਹਿੰਦੂਆਂ ਦਾ ਆਪਣੇ ਆਪ ਨੂੰ ਪ੍ਰਤੀਨਿਧ ਦੱਸਣ ਵਾਲੇ ਇਹ ਵਿਅਕਤੀ ਸਨ 

.........................

ਇੱਕ ਹੋਰ ਐਡਰੈੱਸ ਪੰਜਾਬ ਐਸੋਸੀਏਸ਼ਨ ਨਾਂ ਦੀ ਸੰਸਥਾ ਵੱਲੋਂ ਸਰ ਜਸਟਿਸ ਸ਼ਾਦੀ ਲਾਲ ਨੇ ਪੜ੍ਹਿਆ, ਜਿਸ ਨੇ ਪਿਛਲੇ ਛੇ ਸਾਲਾਂ ਵਿਚ ਸੂਬੇ ਨੂੰ ਪਹੁੰਚਾਏ ਫਾਇਦਿਆਂ ਬਾਰੇ ਧੰਨਵਾਦ ਸਹਿਤ ਪ੍ਰਸੰਸਾ ਕੀਤੀ। ਇਸ ਵਿਚ ਸਰ ਮਾਈਕਲ ਉਡਵਾਇਰ ਦੇ ਨਾਲ ਨਾਲ ਲੇਡੀ ਉਡਵਾਇਰ ਦੀ ਵੀ ਕਾਫੀ ਮਹਿਮਾ ਦੇ ਗੀਤ ਗਾਏ ਹੋਏ ਸਨ।  

ਇਹਨਾਂ ਵਿਚ ਹੇਠ ਲਿਖੇ ਪ੍ਰਤੀਸ਼ਿਠ ਵਿਅਕਤੀ ਸ਼ਾਮਲ ਸਨ:...........

.......


ਇਹਨਾਂ ਐਡਰੈੱਸਾਂ ਨੂੰ ਬਾਅਦ ਵਿਚ ਪੰਜਾਬ ਸਰਕਾਰ ਅਤੇ ਸਰ ਮਾਈਕਲ ਉਡਵਆਇਰ ਨੇ ਹੰਟਰ ਕਮੇਟੀ ਅੱਗੇ ਗਵਾਹੀ ਵਿੱਚ ਹਵਾਲੇ ਦੇ ਤੌਰ ’ਤੇ ਅਤੇ ਸਰ ਮਾਈਕਲ ਉਡਵਾਇਰ ਨੇ ਹੋਰਨੀਂ ਥਾਈਂ ਆਪਣੀ ਹਮਾਇਤ ਲਈ ਵਰਤਿਆ। ਇਹਨਾਂ ਪ੍ਰਤੀਨਿਧਾਂ ਵਿੱਚੋ ਕਈਆਂ ਨੂੰ ਬਾਅਦ ਵਿਚ ਸਰ ਦੇ ਖਿਤਾਬ ਵੀ ਮਿਲੇ ਅਤੇ ਉਹਨਾਂ ਦੀ ਸਰਕਾਰਪ੍ਰਸਤੀ ਦੀ ਕੀਮਤ ਚੁਕਾਈ ਗਈ। 


--------------0-------------------
ਅਕਾਲ ਤਖਤ ਦੇ ਸਰਬਰਾਹ ਅਰੂੜ ਸਿੰਘ ਦਾ ਹੁਕਮਨਾਮਾ

ਹਜ਼ਾਰਾਂ ਦੀ ਗਿਣਤੀ ਵਿੱਚ ਕਿਰਤੀ ਯੋਧੇ ਕੈਨੇਡਾ ਤੇ ਅਮਰੀਕਾ ਦੀ ਧਰਤੀ ਛੱਡ ਕੇ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਜੂਝਣ ਵਾਸਤੇ ਦੇਸ਼ ਪਹੁਚ ਗਏ। ਦੇਸ਼ ਦੀ ਲੋਕਾਈ ਸੁੱਤੀ ਪਈ ਸੀ। ਪ੍ਰਦੇਸੀ ਹਾਕਮਾਂ ਨੇ ਹਰਿਮੰਦਰ ਸਾਹਿਬ ਦੇ ਸਰਕਾਰੀ ਸਰਬਰਾਹ ਅਰੂੜ ਸਿੰਘ ਤੋਂ ਬਿਆਨ ਦੁਆ ਦਿੱਤਾ ਕਿ ‘‘ਜੋ ਸਿੱਖ, ਬਾਹਰਲੇ ਮੁਲਕਾਂ ਤੋਂ ਜੰਗ ਦੇ ਦੌਰਾਨ, ਅੰਗੇਰਜ਼ਾਂ ਦੇ ਖਿਲਾਫ ਲੜਨ ਲਈ ਆ ਰਹੇ ਹਨ ਉਹ ਸਿੱਖ ਨਹੀਂ ਹਨ-ਗਦਾਰ ਹਨ।’’ 

(ਗਦਰ ਲਹਿਰ ਦੀ ਵਾਰਤਿਕ ’ਚੋਂ -ਪੰਨਾ 38) 

  

ਸਾਮਰਾਜੀ ਜਗੀਰੂ ਗੱਠਜੋੜ

 ਸਾਮਰਾਜੀ ਜਗੀਰੂ ਗੱਠਜੋੜ


ਬਗਾਵਤ ਤੋਂ ਬਾਅਦ ਬਰਤਾਨਵੀ ਸਰਕਾਰ ਨੇ ਪੰਜਾਬ ਦੇ ਰਾਜਿਆਂ ਮਹਾਰਾਜਿਆਂ ਅਤੇ ਜਾਗੀਰਦਾਰਾਂ ਨਾਲ ਪੱਕਾ ਗੱਠਜੋੜ ਬਣਾ ਲਿਆ ਤਾਂ ਜੋ ਬਦੇਸ਼ੀ ਰਾਜ ਨੂੰ ਬਰਤਾਨਵੀ ਪੂੰਜੀ ਦੇ ਹਿੱਤਾਂ ਦੀ ਰਾਖੀ ਲਈ ਸੂਬੇ ਵਿੱਚ ਪੱਕੇ ਪੈਰੀਂ ਕੀਤਾ ਜਾ ਸਕੇ ਅਤੇ ਮੁਲਕੀ ਜਗੀਰਦਾਰਾਂ ਦੇ ਹਿੱਤਾਂ ਦੀ ਰਾਖੀ ਹੋ ਸਕੇ। 

ਇਹ ਅਰਿਸਟੋਕਰੈਟ ਸੂਬੇ ਦੇ ਸਾਰੇ ਧਰਮਾਂ ਨਾਲ ਸਬੰਧਤ ਸਨ, ਸਾਰੇ ਕਬੀਲਿਆਂ ਅਤੇ ਸਾਰੇ ਖੇਤਰਾਂ ਨਾਲ ਸਬੰਧਤ ਸਨ। ਇਹਨਾਂ ਉੱਪਰਲੇ ਵਿਸ਼ੇਸ਼ ਹਿੱਸਿਆਂ ਤੋਂ ਹੇਠਾਂ ਵੀ ਛੋਟੇ ਮੁਖੀ ਅਤੇ ਜਗੀਰਦਾਰ ਮੌਜੂਦ ਸਨ, ਜਿਹਨਾਂ ਨੂੰ ਬਰਰਤਾਨਵੀ ਸਰਕਾਰ ਨੇ ਆਪ ਸਿਰਜਿਆ ਸੀ। 

ਲਾਹੌਰ ਦੇ ਸ਼ਾਲੀਮਾਰ ਬਾਗ ਵਿਚ ਸੰਨ 1864 ਦੀ 18 ਅਕਤੂਬਰ ਨੂੰ ਵਾਇਸਰਾਏ ਨੇ ਦਰਬਾਰ ਲਾਇਆ ਅਤੇ ਇਸ ਵਿਚ 603 ਰਾਜਿਆਂ ਅਤੇ ਮੁਖੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਬਿਨਾਂ 39 ਉੱਚ ਅਧਿਕਾਰੀਆਂ ਨੂੰ ਦਰਬਾਰ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ। ਗਰਿਫਨ ਨੇ ਅਜਿਹੇ ਸਾਰੇ ਵਿਅਕਤੀਆਂ ਦੀ ਸੂਚੀ ਦਰਜ ਕੀਤੀ ਹੈ ਅਤੇ ਦੱਸਿਆ ਹੈ ਕਿ ਹਰ ਇੱਕ ਦੇ ਜਿੰਮੇ ਕਿੰਨਾਂ ਨਜ਼ਰਾਨਾ ਆਉਦਾ ਸੀ, ਜੋ ਉਹਨਾਂ ਵੱਲੋਂ ਸਰਕਾਰ ਦੇ ਮੁਖੀ ਨੂੰ ਭੇਟ ਕੀਤਾ ਜਾਇਆ ਕਰਨਾ ਸੀ। 

ਪਹਿਲਾ ਨੰਬਰ ਜੰਮੂ-ਕਸ਼ਮੀਰ ਦੇ ਮਹਾਰਾਜਾ ਦਾ ਸੀ ਤੇ ਦੂਜਾ ਪਟਿਆਲੇ ਦੇ ਰਾਜੇ ਦਾ। ਇਸ ਤੋਂ ਬਾਅਦ ਜੀਂਦ, ਨਾਭਾ, ਕਪੂਰਥਲਾ, ਫਰੀਦਕੋਟ ਅਤੇ ਮਲੇਰਕੋਟਲਾ ਦੇ ਰਾਜਿਆਂ ਦਾ ਸੀ। 

ਪੰਜਾਬ ਦੀਆਂ ਰਿਆਸਤਾਂ

ਵੱਡੀਆਂ ਛੋਟੀਆਂ ਪੰਜਾਬ ਦੀਆਂ ਨਿਰਭਰ ਰਿਆਸਤਾਂ 36 ਬਣਦੀਆਂ ਸਨ। ਇਹਨਾਂ ਰਿਆਸਤਾਂ ਹੇਠਲਾ ਖੇਤਰ 1,04,000 ਵਰਗ ਮੀਲ ਬਣਦਾ ਸੀ ਅਤੇ 1891 ਵਿਚ ਇਹਨਾਂ ਹੇਠਲੀ ਆਬਾਦੀ 67,80,536 ਬਣਦੀ ਸੀ। ਇਹਨਾਂ ਦੀ ਲਗਾਨ ਆਮਦਨ 1.80 ਕਰੋੜ ਰੁਪਏ ਸਾਲਾਨਾ ਸੀ। ਇਹਨਾਂ ਵਲੋਂ ਬਰਤਾਨਵੀ ਸਰਕਾਰ ਨੂੰ ਦਿੱਤੇ ਜਾਣ ਵਾਲੇ ਨਜ਼ਰਾਨੇ ਦੀ ਰਕਮ 2.8 ਲੱਖ ਰੁਪਏ ਬਣਦੀ ਸੀ। ਰਿਜ਼ਰਵੀਆਂ ਨੂੰ ਛੱਡ ਕੇ ਉਹਨਾਂ ਦੀਆਂ ਫੌਜਾਂ ਦੀ ਗਿਣਤੀ 50000 ਬਣਦੀ ਸੀ। 

ਬਰਤਾਨਵੀ ਸਰਕਾਰ ਨਾਲ ਇਹਨਾਂ ਰਿਆਸਤਾਂ ਦੀਆਂ ਬਕਾਇਦਾ ਸੰਧੀਆਂ ਹੋ ਕੇ ਸੰਨਦਾਂ ਜਾਰੀ ਹੋਈਆਂ ਸਨ ਅਤੇ ਇਹਨਾਂ ਉੱਪਰ ਗਵਰਨਰ ਜਨਰਲ ਪੰਜਾਬ ਦੇ ਦਸਤਖਤ ਸਨ। 

ਸਾਰੀਆਂ ਜਾਗੀਰੂ ਰਿਆਸਤਾਂ ਦੀ ਇਹ ਨਿਸ਼ਚਿਤ ਜੁੰਮੇਵਾਰੀ ਸੀ ਕਿ ਉਹ ਲੋੜ ਪੈਣ ’ਤੇ ਬਰਤਾਨਵੀ ਸਰਕਾਰ ਨੂੰ ਫੌਜਾਂ ਮੁਹੱਈਆ ਕਰਨ, ਰੇਲਾਂ ਵਿਛਾਉਣ ਲਈ ਅਤੇ ਸੜਕਾਂ ਦੇ ਕੱਢਣ ਲਈ ਜ਼ਮੀਨ ਮੁਹੱਈਆ ਕਰਨ। 

ਸਾਮਰਾਜੀ ਜਗੀਰੂ ਗੱਠਜੋੜ ਦਾ ਅਸਰ
ਰਿਆਸਤਾਂ ਵਿਚ ਕਿਸਾਨਾਂ ਦੀ ਲੁੱਟ ਤਿੱਖੀ ਹੋਈ

ਪਟਿਆਲਾ ਰਿਆਸਤ ਦੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਤੋਂ ਉਹਨਾਂ ਦੇ ਜ਼ਮੀਨਾਂ ਦੇ ਮਾਲਕੀ ਹੱਕ ਖਾਰਜ ਕਰ ਦਿੱਤੇ ਗਏ। ਇਹ ਜ਼ਮੀਨਾਂ ਉਹਨਾਂ ਨੇ ਆਪਣੀ ਸਖਤ ਮਿਹਨਤ ਨਾਲ ਆਬਾਦ ਕੀਤੀਆਂ ਸਨ ਤੇ ਹੁਣ ਤੱਕ ਇਸ ਨੂੰ ਵਾਹੰੁਦੇ ਬੀਜਦੇ ਆਏ ਸਨ। ਹੁਣ ਇਹਨਾਂ ਜ਼ਮੀਨਾਂ ਨੂੰ ਬਿਸਵੇਦਾਰੀ ਪ੍ਰਬੰਧ ਹੇਠ ਲੈ ਆਂਦਾ ਗਿਆ।

ਮਲੇਰਕੋਟਲਾ ਰਿਆਸਤ ਅੰਦਰ ਕਿਸਾਨਾਂ ਨੂੰ ਰਿਆਸਤ ਦੀ ਸਮੁੱਚੀ ਜ਼ਮੀਨ ਅੰਦਰ ਅਦਨਾ ਮਾਲਕ ਬਣਾ ਦਿੱਤਾ ਗਿਆ। ਆਹਲਾ ਮਾਲਕੀ ਨਵਾਬ ਨੇ ਆਪਣੇ ਹੱਥ ਲੈ ਲਈ। ਇਸ ਤਬਦੀਲੀ ਦੇ ਸਿੱਟੇ ਵਜੋਂ ਇਸ ਰਿਆਸਤ ਅੰਦਰ ਜ਼ਮੀਨੀ ਟੈਕਸਾਂ ਦਾ ਭਾਰ ਲਾਗਲੀ ਲੁਧਿਆਣਾ ਰਿਆਸਤ ਦੇ ਮੁਕਾਬਲੇ 6 ਗੁਣਾ ਤੱਕ ਵਧਾ ਦਿੱਤਾ ਗਿਆ।  

ਫਰੀਦਕੋਟ ਦੀ ਰਿਆਸਤ ਦਾ ਮੁਖੀ ਕਿਸਾਨਾਂ ਦੀ ਸਾਰੀ ਜ਼ਮੀਨ, ਪਿੰਡਾਂ, ਸ਼ਾਮਲਾਟਾਂ ਅਤੇ ਸੜਕਾਂ ਅਤੇ ਲਾਗਲੀਆਂ ਥਾਵਾਂ ’ਤੇ ਦਰਖਤ ਆਦਿ ਸਭ ਕਾਸੇ ਦਾ ਆਹਲਾ ਮਾਲਕ ਬਣ ਗਿਆ। ਕਿਸਾਨਾਂ ਨੂੰ ਅਦਨਾ ਮਾਲਕ ਬਣਾ ਦਿੱਤਾ ਗਿਆ। ਇਸ ਰਾਜੇ ਨੇ ਬਰਤਾਨਵੀ ਸਰਕਾਰ ਨਾਲ ਚੱਲ ਰਹੇ ਰਿਆਸਤ ਦੇ ਸਾਰੇ ਵਪਾਰ ਨੂੰ ਆਪਣੇ ਹੱਥ ਵਿਚ ਲੈ ਲਿਆ ਤੇ ਏਕਾਧਿਕਾਰ (ਮਨੌਪਲੀ) ਸਥਾਪਤ ਕਰ ਦਿੱਤਾ। ਸਿੱਟੇ ਵਜੋਂ ਬੇਹੱਦ ਜ਼ਿਆਦਾ ਧਨ ਇਕੱਠਾ ਕਰ ਲਿਆ। 

ਕਪੂਰਥਲਾ ਦੇ ਰਾਜੇ ਨੇ ਕਿਸਾਨਾਂ ਤੋਂ ਲਿਆ ਜਾਂਦਾ ਲਗਾਨ ਲਾਗਲੇ ਜਲੰਧਰ ਜਿਲ੍ਹੇ ਤੋਂ ਦੁੱਗਣਾ ਕਰ ਦਿੱਤਾ। 

ਅਸ਼ੋਕ ਮਹਿਤਾ ਨੇ ਇਸ ਜਾਗੀਰਦਾਰ ਪੱਖੀ ਤਬਦੀਲੀ ਦਾ ਵਰਨਣ ਇਹਨਾਂ ਸ਼ਬਦਾਂ ਵਿਚ ਕੀਤਾ ਹੈ :

‘‘ਪੰਜਾਬ ਦੇ ਸੂਬੇ ਵਿਚਲੀ , ‘‘ਸਿਰਫ ਇੱਕ ਡਵੀਜਨ ’ਤੇ ਝਾਤ ਮਾਰਿਆਂ ਪਤਾ ਲੱਗ ਜਾਂਦਾ ਹੈ ਕਿ ਕਿਵੇਂ 46000 ਕਾਸ਼ਤਕਾਰਾਂ ਨੂੰ, ਜਿਹਨਾਂ ਨੂੰ ਕਾਬਜ ਮੁਜਾਰਿਆਂ ਵਜੋਂ ਪ੍ਰਵਾਨ ਕਰਕੇ ਰਜਿਸਟਰ ਕੀਤਾ ਹੋਇਆ ਸੀ, ਇਹਨਾਂ ਵਿੱਚੋਂ 3/4 ਹਿੱਸੇ ਨੂੰ ਕਲਮ ਦੀ ਇਕ ਝਰੀਟ ਨਾਲ (ਟੈਨੈਂਟਸ-ਐਟ-ਵਿੱਲ) ਰੱਖਣ-ਨਾ- ਰੱਖਣ ਦੀ ਮਰਜ਼ੀ ਵਾਲੇ ਮੁਜਾਰੇ ਐਲਾਨ ਕਰ ਦਿੱਤਾ,ਭਾਵ ਜਿਹਨਾਂ ਨੂੰ ਜਦੋਂ ਮਰਜ਼ੀ ਜ਼ਮੀਨ ਤੋਂ ਬਾਹਰ ਕੀਤਾ ਜਾ ਸਕਦਾ ਸੀ ਅਤੇ ਉਹਨਾਂ ਤੋਂ ਲਗਾਨ ਦੀ ਉੱਚੀ ਦਰ ਵਸੂਲ ਕੀਤੀ ਜਾ ਸਕਦੀ ਸੀ।’’

ਜਾਂ ਤਾਂ ਜਗੀਰਦਾਰਾਂ ਨੂੰ ਮਜ਼ਬੂਤ ਕਰ ਦਿੱਤਾ ਗਿਆ ਜਾਂ ਨਵੇਂ ਜਗੀਰਦਾਰਾਂ ਦੀ, ਕਨਾਲ ਕਲੌਨੀਆਂ ਵਸਾ ਕੇ ਨਵੀਂ ਕਿਸਮ ਪੈਦਾ ਕੀਤੀ ਗਈ। ਕੌਮੀ ਲਹਿਰ ਨੂੰ ਦਬਾਉਣ-ਕੁਚਲਣ ਵਿਚ ਵਫਾਦਾਰੀ ਨਾਲ ਰੋਲ ਨਿਭਾਉਣ ਵਾਲੇ ਉੱਚ ਫੌਜੀ ਅਫਸਰਾਂ ਨੂੰ 20-25 ਮੁਰੱਬੇ ਜ਼ਮੀਨਾਂ ਦੇ ਕੇ ਜਗੀਰਦਾਰ ਬਣਾਇਆ ਗਿਆ, ਵਫਾਦਾਰੀ ਖਰੀਦੀ ਗਈ। ਅਜਿਹੀ ਹੀ ਅਲਾਟਮੈਂਟ ਸਾਮਰਾਜੀ ਸੰਸਾਰ ਜੰਗ ਦੌਰਾਨ ਰੋਲ ਨਿਭਾਉਣ ਦੇ ਇਵਜ਼ਾਨੇ ਵਜੋਂ ਕੀਤੀ ਗਈ। 

ਜਗੀਰੂ ਰਈਸਾਂ (ਅਰਿਸਟੋਕਰੈਸੀ) ਦੀ ਸੁਰੱਖਿਆ ਅਤੇ ਪਾਲਣਾ-ਪੋਸਣਾ

ਬਰਤਾਨਵੀ ਹਕੂਮਤ ਨੇ ਇਹਨਾਂ ਜਗੀਰੂ ਅਮੀਰਜਾਦਿਆਂ, ਸ਼ਰੀਫਜ਼ਾਦਿਆਂ ਅਤੇ ਵੱਡੇ ਜਗੀਰਦਾਰਾਂ ਨੂੰ ਆਪਣੇ ਰਾਜ ਦੇ ਵਫਾਦਾਰ (ਪਰੌਪਸ) ਵਜੋਂ ਸੁਰੱਖਿਆ ਕੀਤੀ ਗਈ ਅਤੇ ਪਾਲਣਾ-ਪੋਸਣਾ ਕੀਤੀ ਗਈ। 

ਲਾਹੌਰ ਵਿਚ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਲਈ ਆਈਚੀਸਨ ਚੀਫਜ਼ ਕਾਲਜ ਖੋਲ੍ਹਿਆ ਗਿਆ। ਉਹਨਾਂ ਦੇ ਬੱਚਿਆਂ ਨੂੰ ਡੇਹਰਾਦੂਨ ਦੇ ਸ਼ਾਹੀ ਕੈਡਿਟ ਕਾਰਪਸ ਸਕੂਲ ਵਿਚ ਦਾਖਲਾ ਦੇਣ ਵਿਚ ਪਹਿਲ ਦਿੱਤੀ ਜਾਣ ਲੱਗੀ।  

ਉਹਨਾਂ ਨੂੰ ਸਰ, ਰਾਜਾ, ਸਿਰਦਾਰ ਬਹਾਦੁਰ, ਰਾਇ ਬਹਾਦਰ ਅਤੇ ਖਾਨ ਬਹਾਦੁਰ ਆਦਿ ਖਿਤਾਬ ਦੇ ਕੇ ਸਨਮਾਨਤ ਕੀਤਾ ਜਾਂਦਾ। ਇਹਨਾਂ ਵਿੱਚੋਂ ਆਨਰੇਰੀ ਮੈਜਿਸਟਰੇਟ, ਸਬ-ਰਜਿਸਟਰਾਰ ਅਤੇ ਜ਼ੈਲਦਾਰ ਆਦਿ ਅਸਾਮੀਆਂ ’ਤੇ ਨਿਯੁਕਤ ਕੀਤਾ ਜਾਂਦਾ। ਇਹਨਾਂ ਦੇ ਬੱਚਿਆਂ ਨੂੰ ਫੌਜ ਦੀਆਂ ਉੱਚ ਅਸਾਮੀਆਂ ਲਈ ਸਿੱਧੇ ਭਰਤੀ ਕਰ ਲਿਆ ਜਾਂਦਾ। 

ਸੰਵਿਧਾਨਕ ਸੁਧਾਰਾਂ ਦੇ ਦੌਰ ਵਿਚ (ਜੋ 1910 ਵਿਚ ਸ਼ੁਰੂ ਹੋਇਆ, ਇਹਨਾਂ ਅਰਿਸਟੋਕਰੈਟ ਜਮਾਤਾਂ ਵਿੱਚੋਂ ਸੂਬਾਈ ਤੇ ਕੇਂਦਰੀ ਕੌਂਸਲਾਂ ਵਿੱਚੋਂ ਨਿਯੁਕਤੀਆਂ ਹੋਈਆਂ। ਅਤੇ ਇਸ ਤੋਂ ਅੱੱਗੇ ਗਵਰਨਰ ਜਨਰਲ ਅਤੇ ਗਵਰਨਰ ਦੀਆਂ ਕਾਰਜਕਾਰੀ ਕੌਂਸਲਾਂ ਵਿੱਚ ਨਿਯੁਕਤੀਆਂ ਹੋਈਆਂ।

ਪੰਜਾਬ ਵਿਧਾਨ ਸਾਜ਼ ਕੌਂਸਲ ਵਿਚ ਜਗੀਰਦਾਰਾਂ ਦੀ ਭਾਰੂ ਹੈਸੀਅਤ ਸੀ, ਜਿਹੜੀ ਕਿ ਮੌਨਟੇਗੂ-ਚੈਲਮਜ਼ਫੋਰਡ ਸੁਧਾਰਾਂ ਤਹਿਤ ਸੰਗਠਤ ਕੀਤੀ ਗਈ ਸੀ। ਜਗੀਰਦਾਰਾਂ ਦੀ ਪਾਰਟੀ, ਯੂਨੀਅਨਿਸਟ ਪਾਰਟੀ ਨੇ 1937 ਵਿਚ ਬਹੁਮੱਤ ਹਾਸਲ ਕਰਕੇ ਸਰ ਸਿਕੰਦਰ ਹਿਯਾਤ ਦੀ ਅਗਵਾਈ ਵਾਲੀ ਵਜ਼ਾਰਤ ਕਾਇਮ ਕੀਤੀ। 

ਇਹਨਾਂ ਰਈਸਜਾਦਿਆਂ (ਅਰਿਸਟੋਕਰੈਟਾਂ) ਵਿਚੋਂ ਛੇ ਜਣਿਆਂ ਨੇ ਮਿਲ ਕੇ ਚੀਫ ਖਾਲਸਾ ਦੀਵਾਨ ਸਥਾਪਤ ਕੀਤਾ, ਜਿਸ ਦੀ ਅਗਵਾਈ ਸੁੰਦਰ ਸਿੰਘ ਮਜੀਠੀਏ ਨੇ ਕੀਤੀ। (ਸੁੰਦਰ ਸਿੰਘ ਦੇ ਪਿਤਾ ਰਾਜਾ ਸੂਰਤ ਸਿੰਘ ਨੇ 1857 ਦੇ ਗਦਰ ਨੂੰ ਦਬਾਉਣ ਲਈ ਅੰਗਰੇਜ਼ੀ ਫੌਜ ਨਾਲ ਆਪਣੀ ਫੌਜ ਨੂੰ ਮਿਲਾ ਕੇ ਫੌਜੀ ਲੜਾਈ ਵਿਚ ਹਿੱਸਾ ਲਿਆ ਸੀ। ਉਹ ਇਸ ਜੰਗ ਵਿਚ ਜ਼ਖਮੀ ਹੋਇਆ ਸੀ। ਉਸ ਨੂੰ 4800 ਰੁਪਏ ਸਾਲਾਨਾ ਪੈਨਸ਼ਨ ਅਤੇ ਯੂ.ਪੀ. ਦੇ ਜਿਲ੍ਹਾ ਗੋਰਖਪੁਰ ਵਿਚ ਜਾਗੀਰ ਮਿਲੀ। 1875 ਵਿਚ ਮੈਜਿਸਟਰੇਟ ਬਣਿਆ। ਹੋਰ ਅੰਗਰੇਜ਼ੀ ਬਖਸ਼ਿਸ਼ਾਂ ਜਾਰੀ ਰਹੀਆਂ। 

ਚੀਫ ਖਾਲਸਾ ਦੀਵਾਨ ਵੱਲੋਂ ਅੰਮਿ੍ਰਤਸਰ ’ਚ ਖਾਲਸਾ ਕਾਲਜ ਖੋਲ੍ਹਿਆ ਗਿਆ ਅਤੇ ਵਿੱਦਿਅਕ ਸਰਗਰਮੀਆਂ ਜਾਰੀ ਰੱਖੀਆਂ ਗਈਆਂ। ਚੀਫ ਖਾਲਸਾ ਦੀਵਾਨ ਅਕਾਲੀ ਪਾਰਟੀ ਦੇ ਸੀਨ ’ਤੇ ਆਉਣ ਤੋਂ ਪਹਿਲਾਂ ਤੱਕ (1924-25 ਤੱਕ) ਸਿੱਖ ਭਾਈਚਾਰੇ ਦੇ ਸਿਆਸੀ ਬੁਲਾਰੇ (ਪੁਲੀਟੀਕਲ ਐਕਸਪੋਨੈਂਟ) ਵਜੋਂ ਵਿਚਰਦਾ ਰਿਹਾ ਹੈ। 

ਬਹੁਤ ਸਾਰੇ ਮੁਸਲਿਮ ਜਾਗੀਰਦਾਰਾਂ ਨੇ, ਜਿਹੜੇ ਯੂਨੀਅਨਿਸਟ ਪਾਰਟੀ ਦੀ ਹਮਾਇਤ ਕਰਦੇ ਆ ਰਹੇ ਸਨ, ਆਪਣੀ ਵਫਾਦਾਰੀ ਬਦਲ ਕੇ ਮੁਸਲਿਮ ਲੀਗ ਨਾਲ ਜੁੜ ਗਏ। ਅਜਿਹਾ ਦੂਸਰੀ ਸੰਸਾਰ ਜੰਗ ਤੋਂ ਬਾਅਦ ਹੋਇਆ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਪੰਜਾਬ ਵਿਚ ਲੀਗ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਨਾਲ ਹੀ ਉਹਨਾਂ ਨੂੰ ਭਿਣਕ ਪੈ ਗਈ ਕਿ ਬਰਤਾਨਵੀ ਮੁਲਕ ਦੀ ਵੰਡ ਕਰਨ ਲਈ ਦਿ੍ਰੜ੍ਹ ਸੰਕਲਪ ਹਨ ਅਤੇ ਪਾਕਿਸਤਾਨ ਬਣਨ ਵਾਲਾ ਹੈ। 

ਚੀਫਜ਼ ਐਸੋਸੀਏਸ਼ਨ ਦਾ ਬਣਨਾ-ਸਿਆਸੀ ਰੋਲ

ਬਰਤਾਨਵੀ ਸਰਕਾਰ ਨੇ 20ਵੀਂ ਸਦੀ ਦੇ ਸ਼ੁਰੂ ਦੇ ਸਮੇਂ ਦੌਰਾਨ ਪੰਜਾਬ ਵਿਚ ਇਹਨਾਂ ਅਮੀਰਜ਼ਾਦਿਆਂ ਦੀ ਐਸੋਸੀਏਸ਼ਨ ਬਣਾਉਣ ਨੂੰ ਉਤਸ਼ਾਹਤ ਕੀਤਾ ਅਤੇ ਹੱਲਾਸ਼ੇਰੀ ਦਿੱਤੀ। ਮਕਸਦ ਇਹ ਸੀ ਕਿ ਵਧ ਰਹੀ ਸਾਮਰਾਜ ਵਿਰੋਧੀ ਲਹਿਰ, ਜਿਹੜੀ ਕਿ ਬੰਗਾਲ ਦੀ ਵੰਡ ਤੋਂ ਬਾਅਦ ਅਤੇ ਪੰਜਾਬ ਵਿਚ ਕਲੋਨੀਆਂ ਵਸਾਉਣ ਵਾਲਾ ਕਾਨੂੰਨ ਲਿਆਉਣ ਦੇ ਸੁਝਾਵਾਂ ਦੇ ਵਿਰੋਧ ਵਿਚ ਉੱਠ ਰਹੀ ਸੀ, ਇਸ ਲਹਿਰ ਦਾ ਵਿਰੋਧ ਕਰਨਾ ਸੀ। 

ਇਹ ਉਹੀ ਸਮਾਂ ਸੀ ਜਦੋਂ ਤਿਲਕ ਦੀ ਗਿ੍ਰਫਤਾਰੀ ਖਿਲਾਫ ਬੰਬਈ ਦੀ ਮਜ਼ਦੂਰ ਜਮਾਤ ਨੇ ਆਮ ਹੜਤਾਲ ਦਾ ਸੱਦਾ ਦਿੱਤਾ ਸੀ ਤੇ ਇਸ ਨੂੰ ਲਾਗੂ ਕਰ ਦਿੱਤਾ ਸੀ। ਦੁੂਜੇ ਪਾਸੇ ਪੰਜਾਬ ਵਿਚ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗਿ੍ਰਫਤਾਰ ਕਰਕੇ ਬਰ੍ਹਮਾ ਵਿਚ ਜਲਾਵਤਨ ਕਰ ਦਿੱਤਾ ਸੀ। ਇਸ ਖਾਤਰ 1918 ਦਾ ਬੰਗਾਲ ਰੈਗੂਲੇਸ਼ਨ-3 ਵਰਤਿਆ ਗਿਆ ਸੀ। ਗਵਰਨਰ ਜਨਰਲ ਇਸ ਵਿਰੋਧ ਲਹਿਰ ਦੇ ਸਿੱਟੇ ਵਜੋਂ ਬੰਗਾਲ ਦੀ ਵੰਡ ਕਰਨੋਂ ਰੁਕ ਗਿਆ ਸੀ ਅਤੇ ਬਸਤੀਆਂ ਬਣਾਉਣ ਵਾਲਾ ਬਿੱਲ (ਕੋਲੋਨਾਈਜੇਸ਼ਨ ਬਿੱਲ) ਪਾਸ ਨਹੀਂ ਹੋ ਸਕਿਆ ਸੀ। 

ਇਸੇ ਸਮੇਂ ਦੌਰਾਨ ਕਾਂਗਰਸ ਦੇ ੳੱੁਭਰਨ ਸਦਕਾ, ਵਕੀਲ, ਪ੍ਰੋਫੈਸਰ,  ਅਧਿਆਪਕ, ਪੱਤਰਕਾਰ ਤੇ ਸਿਆਸਤਦਾਨ ਇਸਦੀ ਅਗਵਾਈ ਵਿਚ ਆਵਾਜ਼ ਉਠਾਉਣ ਲੱਗੇ ਸਨ। 

ਉਪਰੋਕਤ ਹਾਲਤ ਦੇ ਸਨਮੁੱਖ ਚੀਫਾਂ ਦਾ ਜਨਤਕ ਆਧਾਰ ਸੁੰਗੜ ਰਿਹਾ ਸੀ ਤੇ ਉਹਨਾਂ ਦੀ ਮਹੱਤਤਾ ਗੁਆਚ ਰਹੀ ਸੀ। ਉਹ ਲੋਕਾਂ ਦੇ ਕਿੰਤੂ-ਰਹਿਤ ਲੀਡਰ ਵਾਲੀ ਹੈਸੀਅਤ ਬਰਕਾਰ ਰੱਖਣ ਜੋਗਰੇ ਨਹੀਂ ਰਹੇ ਸਨ। ਚੀਫਾਂ ਦੀ ਐਸੋਸੀਏਸ਼ਨ ਇਸ ਹਾਲਤ ਨੂੰ ਹੁੰਗਾਰਾ ਸੀ। 

ਚੀਫਾਂ ਨੇ ਆਪਣੀ ਸਿਆਸੀ ਜਥੇਬੰਦੀ ਦਾ ਗਠਨ ਕਰਕੇ ਇਸ ਦਾ ਨਾਂ ਚੀਫਾਂ ਦੀ ਐਸੋਸੀਏਸ਼ਨ ਰੱਖਿਆ। 

ਲੰਡਨ ਟਾਈਮਜ਼ ਨੇ ਇਸ ਮੀਟਿੰਗ ਦੇ ਵੇਰਵੇ ਛਾਪਦਿਆਂ ਲਿਖਿਆ :

‘‘ਪੰਜਾਬ ਦੇ ਪੁਰਾਤਨ ਕਾਲ ਦੇ ਘਰਾਣਿਆਂ ਨਾਲ ਸਬੰਧਤ ਸੌ ਤੋਂ ਵੱਧ ਚੀਫਾਂ ਅਤੇ ਵਿਰਾਸਤੀ ਸ਼ਰੀਫਜ਼ਾਦਿਆਂ ਨੇ ਇੱਕ ਸਿਆਸੀ ਐਸੋਸੀਏਸ਼ਨ ਬਣਾ ਕੇ ਸੰਗਠਨ ਬਣਾਇਆ ਹੈ, ਇਸ ਦਾ ਮਕਸਦ ਬਰਤਾਨਵੀ  ਸਰਕਾਰ ਦੀ ਮੱਦਦ ਕਰਨਾ ਹੈ ਅਤੇ ਬੇਚੈਨੀ ਪੈਦਾ ਕਰਨ ਵਾਲੀਆਂ ਖਿੰਡਾਉੂ ਸ਼ਕਤੀਆਂ ਤੋਂ ਅਰਿਸਟੋਕਰੇਸੀ ਦੀ ਉੱਤਮਤਾ ਦੀ ਰਾਖੀ ਕਰਨਾ ਹੈ।’’ 

ਇਸ ਐਸੋਸੀਏਸ਼ਨ ਦਾ ਸਰਪ੍ਰਸਤ ਲੈਫਟੀਨੈਂਟ ਗਵਰਨਰ ਨੂੰ ਬਣਾਇਆ ਗਿਆ। 130 ਅਰਿਸਟੋਕਰੇਟਾਂ ਨੇ ਮੈਂਬਰਸ਼ਿੱਪ ਹਾਸਲ ਕੀਤੀ।

ਜੈਤੋ ਮੋਰਚਾ ਤੇ ਮਹਾਰਾਜਾ ਨਾਭਾ

ਮਹਾਰਾਜਾ ਪਟਿਆਲਾ ਦਾ ਅਕਾਲੀ ਮੋਰਚੇ ਪ੍ਰਤੀ ਰਵੱਈਆ ਸਖਤ ਸੀ ਅਤੇ ਉਸ ਨੇ ਆਪਣੀ ਰਿਆਸਤ ਵਿਚ ਅਕਾਲੀ ਲਹਿਰ ਨੂੰ ਠੱਲ੍ਹ ਪਾਉਣ ਲਈ ਜਬਰ ਦਾ ਸਹਾਰਾ ਲਿਆ। ਇਸ ਦੇ ਮੁਕਾਬਲੇ ਨਾਭੇ ਦੇ ਮਹਾਰਾਜਾ ਨੇ ਅਜਿਹਾ ਨਹੀਂ ਕੀਤਾ, ਸਗੋਂ ਉਸ ਦੀ ਹਮਦਰਦੀ ਅਕਾਲੀ ਲਹਿਰ ਨਾਲ ਸੀ। ਕੇਂਦਰ ਸਰਕਾਰ ਨੇ ਚੱਲ ਰਹੇ ਪਟਿਆਲਾ-ਨਾਭਾ ਦੇ ਕਿਸੇ ਰੱਟੇ ਦੀ ਪੜਤਾਲ ਦੀ ਆੜ ਲੈ ਕੇ ਨਾਭਾ ਦੇ ਰਾਜਾ ਨੂੰ ਪਾਸੇ ਕਰ ਦਿੱਤਾ(ਐਬਡੀਕੇਟ) । ਅਸਲ ਵਿਚ ਇਹ ਉਸ ਨੂੰ ਗੱਦੀਉ ਲਾਹੁਣ ਦੇ ਬਰਾਬਰ ਸੀ। ਮਹਾਰਾਜਾ ਨੂੰ ਡੇਹਰਾਦੂਨ ਵਿਚ ਲਿਜਾ ਕੇ ਜਲਾਵਤਨ ਕਰ ਦਿੱਤਾ। ਨਾਭਾ ਰਿਆਸਤ ਦੇ ਖਜ਼ਾਨੇ ਵਿਚੋਂ ਤਿੰਨ ਲੱਖ ਰੁਪਏ ਸਾਲਾਨਾ ਰਾਜੇ ਦੀ ਸਾਂਭ ਸੰਭਾਲ ਕਰਨ ਦੇ ਨਾਂ ’ਤੇ ਵਸੂਲਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਸ ਨੂੰ ਦੱਖਣ ਵਿਚ ਕੋਡਿਆ ਕਨਾਲ ਵਿਖੇ ਤਬਦੀਲ ਕਰ ਦਿੱਤਾ। ਉਸ ਦੇ ਭੱਤੇ ਘਟਾ ਦਿੱਤੇ ਗਏ। 

ਕੇਂਦਰ ਸਰਕਾਰ ਨੇ ਵਿਲਸਨ ਜੌਹਨਸਟਨ ਨੂੰ ਨਾਭਾ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ। 

ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

13 ਅਕਤੂਬਰ 1920 ਨੂੰ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਨੇ ਇਕ ਨੌਂ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ, ਜਿਹੜੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਬਣਾਈ ਗਈ। ਸਿੱਖਾਂ ਨੇ ਇਹ ਕਮੇਟੀ ਪ੍ਰਵਾਨ ਨਹੀਂ ਕੀਤੀ। 

ਅਕਾਲ ਤਖਤ ਦੇ ਜਥੇਦਾਰ ਨੇ 15 ਅਤੇ 16 ਨਵੰਬਰ 1920 ਨੂੰ  ਇਕ ਵੱਡੀ ਇਕੱਤਰਤਾ ਸੱਦੀ। ਇਸ ਤੋਂ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਮਹਾਰਾਜਾ ਪਟਿਆਲਾ ਨਾਲ ਰਾਇ-ਮਸ਼ਵਰਾ ਕਰਕੇ ਇੱਕ 36 ਮੈਂਬਰੀ ਕਮੇਟੀ ਬਣਾ ਦਿੱਤੀ। 

ਅਕਾਲ ਤਖਤ ’ਤੇ ਹੋਈ ਇਕੱਤਰਤਾ ਨੇ ਇਸ ਨੂੰ ਇਸ ਰੂਪ ਵਿਚ ਅਪ੍ਰਵਾਨ ਕਰਦਿਆਂ 175 ਮੈਂਬਰੀ ਕਮੇਟੀ ਬਣਾ ਦਿੱਤੀ। ਮਹਾਰਾਜਾ ਪਟਿਆਲਾ ਤੇ ਪੰਜਾਬ ਸਰਕਾਰ ਦੇ ਦਖਲ ਨਾਲ ਸ਼ਾਮਲ ਕੀਤੇ 36 ਮੈਂਬਰ ਵੀ ਇਸ ਵਿਚ ਸ਼ਾਮਲ ਕਰ ਲਏ ਗਏ। ਇਉ ਇਹ ਪਹਿਲੀ ਕਮੇਟੀ ਬਣਾਈ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਦਿੱਤਾ ਗਿਆ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ ਗਿਆ। ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ ਅਤੇ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸਕੱਤਰ ਬਣਾਇਆ ਗਿਆ। ਸੁੰਦਰ ਸਿੰਘ ਮਜੀਠੀਆ ਨੂੰ ਜਲਦੀ ਹੀ ਗਵਰਨਰ ਪੰਜਾਬ ਦੀ ਕਾਰਜਕਾਰੀ ਕੌਂਸਲ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਤੇ ਉਸ ਨੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਦਿੱਤਾ। ਨਵਾਂ ਪ੍ਰਧਾਨ ਬ. ਖੜਕ ਸਿੰਘ ਚੁਣਿਆ ਗਿਆ। ਇਸ ਤੋਂ ਬਾਅਦ ਇਸ  ਕਮੇਟੀ ਦੀ ਅਗਵਾਈ ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ।

ਅਕਾਲੀਆਂ ਦੀ ਗੁਰਦੁਆਰਾ ਸੁਧਾਰ ਲਹਿਰ ਦੇ ਅਖੀਰ ’ਤੇ ਜੈਤੋ ਮੋਰਚੇ ਦੇ ਸਮੇਂ ਸਰਕਾਰ ਅਤੇ ਅਕਾਲੀ ਦਲ ਵਿੱਚ ਸਮਝੌਤਾ ਹੋਇਆ। ਸਰਕਾਰ ਨੇ ਆਪਣੇ 15 ਸਤੰਬਰ 1925 ਦੇ ਹੁਕਮ ਮੁਤਾਬਿਕ ਸ਼੍ਰੋਮਣੀ ਪ੍ਰੰਬਧਕ ਕਮੇਟੀ  ਅਤੇ ਸ਼ੋਮਣੀ ਅਕਾਲੀ ਦਲ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। ਸਰਦਾਰ ਬਹਾਦਰ ਗਰੁੱਪ ਵੱਲੋਂ ਜੇਲਾਂ ਵਿੱਚ ਬੈਠੇ ਅੰਦੋਲਨਕਾਰੀਆਂ ਦੀ ਰਿਹਾਈ ਤੋਂ ਬਿਨਾ ਹੀ ਲਿਖਤੀ ਸਮਝੌਤਾ ਕਰ ਲਿਆ ਤੇ ਬਾਹਰ ਆ ਗਏ। ਮਾਸਟਰ ਤਾਰਾ ਸਿੰਘ ਗਰੁੱਪ ਦੀ ਚੜਦੀ ਕਲਾ ਸਥਾਪਤ ਹੋ ਗਈ।

ਰਕਾਬਗੰਜ ਮੋੋਰਚਾ

ਦਿੱਲੀ ਦੇ ਗੁਰਦੁਆਰੇ ਰਕਾਬਗੰਜ ਦੀ ਕੰਧ ਢਾਹ ਕੇ (1914 ਵਿਚ) ਇਹ ਥਾਂ ਪੁਲਸ ਕੋਤਵਾਲੀ ਦੇ ਨਾਂ ਕਰ ਦਿੱਤੀ। ਚੀਫ ਖਾਲਸਾ ਦੀਵਾਨ ਨੇ ਇਸ ਨੂੰ ਪ੍ਰਵਾਨਗੀ ਦਿੱਤੀ। 

ਅਕਾਲੀ ਅਖਬਾਰ ਵਿੱਚ ਇੱਕ ਲੇਖ ਰਾਹੀਂ ਸੌ ਮੈਂਬਰੀ ਸ਼ਹੀਦੀ ਜਥਾ ਬਣਾਉਣ ਦਾ ਸੱਦਾ ਦਿੱਤਾ। ਇਹ ਸੱਦਾ ਸਰਦੂਲ ਸਿੰਘ ਕਵੀਸ਼ਰ ਵੱਲੋਂ ਦਿੱਤਾ ਗਿਆ । ਇਸ ਜਥੇ ਨੇ ਪਹਿਲੀ ਦਸੰਬਰ 1920 ਨੂੰ ਗੁਰਦੁਆਰਾ ਰਕਾਬਗੰਜ ਵਿਚ ਜਾ ਕੇ ਪੁਲਸ ਕੋਤਵਾਲੀ ਨੂੰ ਦਿੱਤੀ ਜਗਾਹ ਮੁੜ ਹਾਸਲ ਕਰਨ ਲਈ ਗੁਰਦੁਆਰੇ ਦੀ ਕੰਧ ਉਸਾਰਨੀ ਸੀ। ਅਜਿਹੀ ਕਾਰਵਾਈ ਨੂੰ ਸਿਰੇ ਲਾਉਣ ਖਾਤਰ ਸ਼ਹੀਦੀ ਜਾਮ ਪੀਣ ਤੱਕ ਤਿਆਰੀ ਰੱਖਣੀ ਸੀ। 

ਨਾਭਾ ਦੇ ਰਾਜੇ ਦੇ ਦਖਲ ਨਾਲ ਮਿਥੀ ਹੋਈ ਤਰੀਕ ਤੋਂ ਪਹਿਲਾਂ ਕੰਧ ਦੀ ਉਸਾਰੀ ਮੁੜ ਕਰ ਦਿੱਤੀ ਗਈ। 

                                                 ਸਰਬਰਾਹ ਅਰੂੜ ਸਿੰਘ

1859 ਨੂੰ ਕੇਂਦਰ ਸਰਕਾਰ ਨੇ ਦਰਬਾਰ ਸਾਹਿਬ ਅੰਮਿ੍ਰਤਸਰ (ਸਮੇਤ ਹਰਿਮੰਦਰ ਸਾਹਿਬ ਅਤੇ ਇਸ ਦੇ ਨਾਲ ਜੁੜਵੇਂ ਗੁਰਦੁਆਰਿਆਂ ਅਤੇ ਅਕਾਲ ਤਖਤ) ਦਾ ਪ੍ਰਬੰਧ ਚਲਾਉਣ ਲਈ ਇਕ ਟਰੱਸਟੀ ਕਮੇਟੀ  ਨਿਯੁਕਤ  ਕੀਤੀ। ਇਸ ਕਮੇਟੀ ਨੇ 1881 ਤੱਕ ਕੰਮ ਕੀਤਾ। 

1881 ਵਿਚ ਇਹ ਕਮੇਟੀ ਭੰਗ ਕਰ ਦਿੱਤੀ ਅਤੇ ਇਸ ਦੀ ਥਾਂ ’ਤੇ ਸਰਬਰਾਹ (ਮੈਨੇਜਰ) ਨਿਯੁਕਤ ਕਰ ਦਿੱਤਾ। 

1906 ਤੋਂ 1921 ਤੱਕ ਆਨਰੇਰੀ ਮੈਜਿਸਟਰੇਟ ਅਰੂੜ ਸਿੰਘ ਨੂੰ ਸਰਬਰਾਹ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਇਸ ਕੋਲ ਦਰਬਾਰ ਸਾਹਿਬ ਤਰਨਤਾਰਨ ਦੇ ਸਰਬਰਾਹ ਦੀਆਂ ਜੁੰਮੇਵਾਰੀਆਂ ਵੀ ਸਨ। ਅਰੂੜ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਗਦਰੀ ਲਹਿਰ ਚਲਾਉਣ ਵਾਲੇ ਬਾਬਿਆਂ ਬਾਰੇ ਗੈਰ ਸਿੱਖ ਹੋਣ ਦਾ ਮਤਾ ਪਾਸ ਕੀਤਾ। ਕਾਮਾਗਾਟਾ ਮਾਰੂ ਦੇ ਸੂਰਮਿਆਂ ਦੀ ਨਿਖੇਧੀ ਕੀਤੀ। ਜੱਲ੍ਹਿਆਂਵਾਲੇ ਬਾਗ ਵਿਚ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਅਤੇ ਅੰਮਿ੍ਰਤ ਛਕਾ ਕੇ ਸਿੰਘ ਬਣਾਇਆ। ਕੇਸ ਨਾ ਰੱਖਣ ਦੀ ਛੋਟ ਦਿੱਤੀ ਅਤੇ ਸਿਗਰਟ ਪੀਣੀ ਛੱਡਣ ਤੋਂ ਇਨਕਾਰੀ ਜਨਰਲ ਡਾਇਰ ਨੂੰ ਇੱਕ ਸਾਲ ਵਿਚ ਇੱਕ ਸਿਗਰਟ ਘਟਾਉਣ ਦਾ ਵਚਨ ਲੈ ਕੇ ਸਿਗਰਟ ਪੀਣ ਦੀ ਇਜਾਜ਼ਤ ਦਿੱਤੀ। ਪਹਿਲੀ ਸੰਸਾਰ ਜੰਗ ਲਈ ਫੌਜੀ ਭਰਤੀ ਲਈ ਸਿੱਖਾਂ ਨੂੰ ਪ੍ਰੇਰਣਾ ਦਿੱਤੀ ਅਤੇ ਗੁਰੂ ਦੀ ਗੋਲਕ ਵਿਚੋਂ 50,000 ਰੁਪਏ ਜੰਗ ਫੰਡ ਦਿੱਤਾ।     

ਅਸੈਂਬਲੀ ਵਿਚ ਬੰਬ ਸੁੱਟਣ ਦਾ ਫੈਸਲਾ ਕਿਵੇਂ ਅਤੇ ਕਦੋਂ ਕੀਤਾ ਗਿਆ?

 


ਅਸੈਂਬਲੀ ਵਿਚ ਬੰਬ ਸੁੱਟਣ ਦਾ ਫੈਸਲਾ ਕਿਵੇਂ ਅਤੇ ਕਦੋਂ ਕੀਤਾ ਗਿਆ?

ਰਾਸ਼ਟਰੀ ਮੁਕਤੀ ਸੰਘਰਸ਼ ਦੇ ਇਤਿਹਾਸ ਵਿਚ ਤੀਜੇ ਦਹਾਕੇ ਦੇ ਆਖਰੀ ਵਰ੍ਹੇ, ਖਾਸ ਕਰਕੇ 1928-30 ਵਰ੍ਹੇ, ਬਹੁਤ ਹੀ ਮਹੱਤਵਪੂਰਨ ਸਨ। ਇਹ ਹੀ ਸਮਾਂ ਸੀ ਜਦੋਂ ਖੱਬੇ-ਪੱਖੀ ਸ਼ਕਤੀਆਂ ਨੇ ਸੰਗਠਿਤ ਰੂਪ ਨਾਲ ਦਿ੍ਰੜਤਾਪੂਰਵਕ ਬੋਲਣਾ ਆਰੰਭ ਕਰ ਦਿੱਤਾ ਸੀ। ਸਰਵਹਾਰਾ ਵਰਗ ਦੀਆਂ ਵੱਡੀਆਂ ਵੱਡੀਆਂ ਜੁਝਾਰੂ ਹੜਤਾਲਾਂ ਨੇ ਦੇਸ਼-ਵਿਆਪੀ ਰੂਪ ਧਾਰਨ ਕਰ ਲਿਆ ਸੀ। ਮਜ਼ਦੂਰਾਂ ਦੀਆਂ ਸੰਗਠਿਤ ਟਰੇਡ ਯੂਨੀਅਨਾਂ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਸਨ, ਜਿਸ ਦੇ ਫਲਸਰੂਪ ਮਜ਼ਦੂਰ ਕੰਮ ਦੀਆਂ ਹਾਲਤਾਂ ਵਿਚ ਸੁਧਾਰ ਅਤੇ ਮਜ਼ਦੂਰੀ ਵਿਚ ਵਾਧੇ ਦੇ ਵਾਸਤੇ ਹੋਰ ਵੱਧ ਭਰੋਸੇ ਤੇ ਦਿ੍ਰੜ੍ਹਤਾ ਦੇ ਨਾਲ ਸੰਘਰਸ਼ ਕਰਨ ਦੀ ਸਥਿਤੀ ਵਿਚ ਆ ਗਏ ਸਨ। ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਕਮਿਊਨਿਸਟਾਂ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਸੀ। ਦੇਸ਼ ਵਿਚ ਪਹਿਲੀ ਵਾਰੀ ਖੱਬੇ-ਪੱਖੀ ਰਾਜਨੀਤਕ ਅੰਦੋਲਨ ਸਿਰ ਚੁੱਕ ਰਿਹਾ ਸੀ, ਉਸ ਸਮੇਂ ਦੀ ਨੌਜਵਾਨ ਪੀੜ੍ਹੀ ਦੀ ਸੋਚ ਦੀ ਦਿਸ਼ਾ ਦਾ ਵਰਨਣ ਕਰਦਿਆਂ ਹੋਇਆਂ ਜਵਾਹਰ ਲਾਲ ਨਹਿਰੂ ਨੇ ਲਿਖਿਆ ਹੈ, ‘‘ਬੁੱਧੀਜੀਵੀਆਂ, ਇਥੋਂ ਤੱਕ ਕਿ ਸਰਕਾਰੀ ਅਫਸਰਾਂ ਦੇ ਵਿਚ ਵੀ ਕਮਿਊਨਿਜ਼ਮ ਅਤੇ ਸਮਾਜਵਾਦ ਦੇ ਅਸਪਸ਼ਟ ਵਿਚਾਰ ਫੈਲ ਚੁੱਕੇ ਸਨ। ਕਾਂਗਰਸ ਦੇ ਨੌਜਵਾਨ ਮਰਦ ਅਤੇ ਔਰਤਾਂ , ਜੋ ਪਹਿਲਾਂ ‘ਬਰਾਇਸ ਔਨ ਡੈਮੋਕਰੇਸੀ’ ਮਾਰਲੇ ਅਤੇ ਕੀਥ ਤੇ ਮੈਜਿਨੀ ਪੜ੍ਹਿਆ ਕਰਦੇ ਸਨ, ਹੁਣ ਜਦੋਂ ਵੀ ਉਨ੍ਹਾਂ ਨੂੰ ਉਪਲਭਦ ਹੁੰਦੀਆਂ ਤਾਂ ਸਮਾਜਵਾਦ, ਕਮਿਊਨਿਜ਼ਮ ਅਤੇ ਰੂਸ ਬਾਰੇ ਕਿਤਾਬਾਂ ਪੜ੍ਹਦੇ ਸਨ, ਇਹਨਾਂ ਨਵੇਂ ਵਿਚਾਰਾਂ ਦੇ ਵੱਲੀਂ ਲੋਕਾਂ ਦਾ ਰੁਝਾਨ ਪੈਦਾ ਕਰਨ ਵਿਚ ਮੇਰਠ ਸਾਜਿਸ਼ ਕਾਂਡ ਨੇ ਵੀ ਕਾਫੀ ਮਦਦ ਕੀਤੀ ਸੀ। ਵਿਸ਼ਵ ਆਰਥਿਕ ਸੰਕਟ ਨੇ ਵੀ ਲੋਕਾਂ ਨੂੰ ਇਸ ਪਾਸੇ ਧਿਆਨ ਦੇਣ ਲਈ ਮਜ਼ਬੂਰ ਕਰ ਦਿੱਤਾ ਸੀ। ਚਾਰੇ ਪਾਸੇ ਜਗਿਆਸਾ ਦੀ ਇੱਕ ਨਵੀਂ ਭਾਵਨਾ ਸਪਸ਼ਟ ਵਿਖਾਈ ਦੇ ਰਹੀ ਸੀ। ਮੌਜੂਦਾ ਸੰਸਥਾਵਾਂ ਦੇ ਪ੍ਰਤੀ ਇਕ ਪ੍ਰਸ਼ਨਵਾਚਕ ਤੇ ਚੁਣੌਤੀ ਭਰਪੂਰ ਜਗਿਆਸਾ ਉਸ ਮਾਨਸਿਕ ਤੂਫਾਨ ਦਾ ਆਮ ਰੁਖ ਸਪਸ਼ਟ ਸੀ। ਪ੍ਰੰਤੂ ਇਹ ਹਾਲਾਂਕਿ ਇੱਕ ਹਵਾ ਦਾ ਝੌਂਕਾ ਹੀ ਸੀ, ਖੁਦ ਆਪਣੇ ਆਪ ਤੋਂ ਅਣਜਾਣ।’’ (ਜਵਾਹਰ ਲਾਲ ਨਹਿਰੂ ਦੀ ਸਵੈ-ਜੀਵਨੀ) 

ਅੰਗਰੇਜ਼ ਸਾਮਰਾਜਵਾਦੀਆਂ ਨੂੰ ਇਸ ਸਭ ਤੋਂ ਚਿੰਤਾ ਹੋਈ ਅਤੇ ਉਹਨਾਂ ਨੇ  ਅੰਦੋਲਨ ਨੂੰ ਆਰੰਭ ਵਿਚ ਹੀ ਕੁਚਲ ਸੁੱਟਣ ਦਾ ਫੈਸਲਾ ਕੀਤਾ। ਅਧਿਕਾਰੀ ਕਿੰਨੇ ਘਬਰਾਏ ਹੋਏ ਸਨ ਅਤੇ ਸਰਕਾਰ ਦਾ ਦਿਮਾਗ ਕਿਸ ਤਰ੍ਹਾਂ ਕੰਮ ਕਰ ਰਿਹਾ ਸੀ ਇਹ ਵੇਖਣ ਲਈ ਇਕ ਉਦਾਹਰਣ ਹੀ ਕਾਫੀ ਹੋਵੇਗੀ। ਖੁਫੀਆ ਬਿਊਰੋ ਦੇ ਨਿਰਦੇਸ਼ਕ ਸਰ ਡੇਵਿਡ ਪੈਟਿ੍ਰਕ ਨੇ ‘‘ਭਾਰਤ ਵਿਚ ਕਮਿਊਨਿਜ਼ਮ’’ ਬਾਰੇ ਆਪਣੀ ਰਿਪੋਰਟ ਵਿਚ, ਜਿਹੜੀ ਕਿ ਉਹਨਾਂ ਨੇ 1929 ਵਿਚ ਤਿਆਰ ਕੀਤੀ ਸੀ, ‘ਬਾਲਸ਼ਵਿਕ ਸ਼ਰਾਪ’ ਦੇ ਸਰੂਪ ਦਾ ਹੇਠਲੇ ਸ਼ਬਦਾਂ ’ਚ ਵਰਨਣ ਕੀਤਾ ਹੈ, ‘‘ਸੰਨ 1920 ਵਿਚ ਤੀਜੀ ਇੰਟਰਨੈਸ਼ਨਲ ਨੇ ਆਪਣੀ ਦੂਜੀ ਕਾਂਗਰਸ ਵਿਚ ਜੋ ਥੀਸਿਸ ਪਾਸ ਕੀਤਾ ਸੀ ਉਸ ਵਿਚ ਸਰ ਸੋਸਲ ਕੇਇ ਨੇ ਭਾਰਤ ਦੇ ਖਿਲਾਫ ਇਕ ਨਿਸ਼ਚਿਤ ਸਾਜਿਸ਼ ਦੇ ਜਰਾਸੀਮਾਂ ਨੂੰ ਠੀਕ ਹੀ ਪਛਾਣਿਆ ਸੀ। ਉਸ ਥੀਸਿਸ ਵਿਚ ਕਿਹਾ ਗਿਆ ਸੀ,‘‘ਬਸਤੀਵਾਦੀ ਅਤੇ ਅਰਧ-ਬਸਤੀਵਾਦੀ ਦੇਸ਼ਾਂ ਦਾ ਰਾਸ਼ਟਰੀ ਅੰਦੋਲਨ ਵਸਤੂਗਤ ਦਿ੍ਰਸ਼ਟੀਕੋਣ ਤੋਂ ਅਤੇ ਬੁਨਿਆਦੀ ਤੌਰ ’ਤੇ ਇਨਕਲਾਬੀ ਸੰਘਰਸ਼ ਹੈ ਅਤੇ ਏਸੇ ਕਰਕੇ ਉਹ ਸੰਸਾਰ ਇਨਕਲਾਬੀ ਸੰਘਰਸ਼ ਦਾ ਇੱਕ ਹਿੱਸਾ ਹੈ।’’ ਇਸ ਵਿਚ ਕੋਈ ਸੰਦੇਹ ਨਹੀਂ ਹੋ ਸਕਦਾ ਕਿ ਗਰੇਟ ਬਿ੍ਰਟੇਨ ਨੇ ਬਾਲਸ਼ਵਿਕ ਹਮਲੇ ਦੀ ਮੁੱਖ ਚੋਟ ਆਪਣੇ ੳੱੁਪਰ ਖਾਧੀ ਹੈ.. ..ਕਿਉਕਿ ਉਹ ਸੰਸਾਰ ਇਨਕਲਾਬ, ਜਿਸ ਨੂੰ ਬਾਲਸ਼ਵਿਕ ਲੋਕ ਆਪਣੀ ਅੰਤਿਮ ਸਫਲਤਾ ਦੇ ਵਾਸਤੇ ਲਾਜ਼ਮੀ ਸ਼ਰਤ ਮੰਨਦੇ ਹਨ, ਦੇ ਖਿਲਾਫ ਮੁੱਖ ਕਿਲ੍ਹਿਆਂ ਦੇ ਵਿੱਚੋਂ ਇੱਕ ਹੈ। ਬਾਲਸ਼ਵਿਕਾਂ ਦਾ ਇਹ ਵਿਸ਼ਵਾਸ਼ ਹੈ ਕਿ ਬਿ੍ਰਟਿਸ਼ ਸਾਮਰਾਜ ਭਾਰਤ ਵਿਚ ਸਭ ਤੋਂ ਕਮਜ਼ੋਰ ਬਿੰਦੂ ਹੈ ਅਤੇ ਉਹ ਇਸ ਨੂੰ ਧਾਰਮਿਕ ਵਿਸ਼ਵਾਸ਼ ਦੇ ਰੂਪ ਵਿਚ ਦਿਲ ’ਚ ਸਮੋਏ ਹੋਏ ਹਨ ਕਿ ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੋ ਜਾਂਦਾ ਉਦੋਂ ਤੱਕ ਰੂਸ ਇੰਗਲੈਂਡ ਦੇ ਸਰਾਪ ਤੋਂ ਮੁਕਤ ਨਹੀਂ ਹੋ ਸਕੇਗਾ।’’(ਪਰਤਿਮਾ ਘੋਸ਼, ਮੇਰਟ ਸਾਜਿਸ਼ ਕੇਸ, ਅਤੇ ਭਾਰਤੀ ਖੱਬੇਪੱਖੀ) 

ਜੇ ਕ੍ਰੇਰਰ ਨੇ ਜੋ ਉਸ ਸਮੇਂ ਭਾਰਤੀ ਸਰਕਾਰ ਦੇ ਹੋਮ ਮੈਂਬਰ ਸਨ, ਕਿਹਾ ਸੀ ਕਿ ‘‘ਇੱਕ ਸੁਦਿ੍ਰੜ੍ਹ ਸਮਾਜ ਦੇ ਵਾਸਤੇ ਕਮਿਊਨਿਜ਼ਮ ਦੇ ਸਿਧਾਂਤ ਅਤੇ ਅਮਲ ਤੋਂ ਵੱਧ ਮਾਰੂ ਹੋਰ ਕੋਈ ਚੀਜ਼ ਨਹੀਂ ਹੋ ਸਕਦੀ।’’ 

ਕਮਿਊਨਿਜ਼ਮ, ਖੱਬੇ-ਪੱਖੀ ਸ਼ਕਤੀਆਂ ਅਤੇ ਮਜ਼ਦੂਰ ਵਰਗ ਦੇ ਅੰਦੋਲਨ ਨੂੰ ਕੁਚਲਣ ਦੇ ਵਾਸਤੇ ਸਰਕਾਰ ਨੇ ਕੇਂਦਰੀ ਅਸੈਂਬਲੀ ਵਿਚ ਦੋ ਬਿੱਲ ਪੇਸ਼ ਕਰਨ ਦਾ ਫੈਸਲਾ ਕੀਤਾ-ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ। ਪਹਿਲਾ ਬਿੱਲ ਉਹਨਾਂ ਲੋਕਾਂ ਦੇ ਖਿਲਾਫ ਸੀ ਜੋ ਬਿ੍ਰਟਿਸ਼ ਭਾਰਤ ਜਾਂ ਕਿਸੇ ਭਾਰਤੀ ਰਿਆਸਤਾਂ ਦੇ ਬਸ਼ਿੰਦੇ ਨਹੀਂ ਸਨ। ਪਹਿਲੇ ਬਿੱਲ ਵਿਚ ਗਵਰਨਰ ਜਨਰਲ ਨੂੰ ਇਹ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਅੰਗਰੇਜ਼ ਜਾਂ ਹੋਰ ਵਿਦੇਸ਼ੀ ਕਮਿਊਨਿਸਟ ਨੂੰ ਭਾਰਤ ਵਿਚੋਂ ਕੱਢ ਦੇਵੇ। ਦੂਜੇ ਬਿੱਲ ਦਾ ਉਦੇਸ਼ ਮਜ਼ਦੂਰਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਦੀ ਕਟੌਤੀ ਕਰਨਾ ਸੀ। 

ਅਸੈਂਬਲੀ ਵਿਚ ਸਮੁੱਚੀ ਵਿਰੋਧੀ ਧਿਰ ਨੇ, ਲੋਕਾਂ ਨੇ ਅਤੇ ਪ੍ਰੈਸ ਨੇ ਦੋਵਾਂ ਬਿੱਲਾਂ ਦਾ ਪੁਰਜ਼ੋਰ ਵਿਰੋਧ ਕੀਤਾ। ਇਸ ਚੌਮੁੱਖ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ ਹੋਇਆਂ ਸਰਕਾਰ ਨੇ 6 ਸਤੰਬਰ 1928 ਨੂੰ ਪਬਲਿਕ ਸੇਫਟੀ ਬਿੱਲ ਅਸੈਂਬਲੀ ਵਿਚ ਪੇਸ਼ ਕਰ ਦਿੱਤਾ। 24 ਸਤੰਬਰ ਨੂੰ ਸਦਨ ਨੇ ਉਸ ਨੂੰ ਨਾ ਮਨਜੂਰ ਕਰ ਦਿੱਤਾ।  1 ਜਨਵਰੀ 1929 ਵਿਚ ਕੁੱਝ ਫੇਰ ਬਦਲ ਕਰਕੇ ਸਰਕਾਰ ਨੇ ਉਸ ਨੂੰ ਫੇਰ ਅਸੈਂਬਲੀ ਦੇ ਸਾਹਮਣੇ ਰੱਖਿਆ।’’

ਜਿਸ ਸਮੇਂ ਅਖਬਾਰਾਂ ਵਿਚ ਇਹ ਖਬਰ ਛਪੀ ਕਿ ਸਰਕਾਰ ਨੇ ਬਿੱਲ ਨੂੰ ਅਸੈਂਬਲੀ ਵਿਚ ਫੇਰ ਤੋਂ ਪੇਸ਼ ਕਰਨ ਦਾ ਫੈਸਲਾ ਕਰ ਲਿਆ ਹੈ, ਉਸ ਸਮੇਂ ਭਗਤ ਸਿੰਘ ਆਗਰੇ ਵਿਚ ਸੀ। ਖਬਰ ਬਾਰੇ ਉਸ ਦੀ ਜੋ ਪ੍ਰਤੀਕਿਰਆ ਹੋਈ ਉਹ ਬੇਹੱਦ ਤਿੱਖੀ ਸੀ। ਉਸ ਨੇ ਆਖਿਆ ਕਿ ਸਰਕਾਰ ਦੀ ਇਸ ਮਨਮਾਨੀ ਦੇ ਖਿਲਾਫ ਜਵਾਬੀ ਕਾਰਵਾਈ ਦੇ ਰੂਪ ਵਿਚ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ। ਉਹ ਲਾਹੌਰ ਗਿਆ, ਸੁਖਦੇਵ ਦੇ ਨਾਲ ਆਪਣੇ ਪ੍ਰਸਤਾਵ ਬਾਰੇ ਗੱਲਬਾਤ ਕੀਤੀ, ਵਾਪਸ ਆਇਆ, ਕੇਂਦਰੀ ਕਮੇਟੀ ਦੀ ਬੈਠਕ ਬੁਲਾਈ ਅਤੇ ਉਸ ਦੇ ਸਾਹਮਣੇ ਆਪਣੇ ਪ੍ਰਸਤਾਵ ਰੱਖੇ। ਸੰਖੇਪ ਵਿਚ ਉਸ ਦੇ ਪ੍ਰਸਤਾਵ ਇਸ ਤਰ੍ਹਾਂ ਸਨ। (1) ਪਾਰਟੀ ਨੂੰ ਅਸੈਂਬਲੀ ਵਿਚ ਬੰਬ ਸੁੱਟ ਕੇ ਸਰਕਾਰ ਦੇ ਇਸ ਅੜੀਅਲ ਤੇ ਸਖਤ ਰਵੱਈਏ ਦਾ ਵਿਰੋਧ ਕਰਨਾ ਚਾਹੀਦਾ ਹੈ, (2) ਇਸ ਕੰਮ ਨੂੰ ਕਰਨ ਦੇ ਵਾਸਤੇ ਜੋ ਸਾਥੀ ਤਾਇਨਾਤ ਕੀਤੇ ਜਾਣ ਉਹ ਕੰਮ ਦੇ ਬਾਅਦ ਭੱਜਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉੱਥੇ ਹੀ ਆਤਮ ਸਮਰਪਣ ਕਰ ਦੇਣ ਅਤੇ ਕੇਸ ਦੇ ਦੌਰਾਨ ਅਦਾਲਤ ਨੂੰ ਪਾਰਟੀ ਉਦੇਸ਼ਾਂ ਦੇ ਪ੍ਰਚਾਰ ਵਾਸਤੇ ਮੰਚ ਦੇ ਤੌਰ ’ਤੇ ਇਸਤੇਮਾਲ ਕਰਨ, ਅਤੇ (3) ਇਸ ਫੈਸਲੇ ਨੂੰ ਸਿਰੇ ਚਾੜ੍ਹਨ ਦੇ ਵਾਸਤੇ ਇਕ ਹੋਰ ਸਾਥੀ ਦੇ ਨਾਲ ਉਸ ਨੂੰ ਖੁਦ ਜਾਣ ਦੀ ਆਗਿਆ ਦਿੱਤੀ ਜਾਵੇ। ਭਗਤ ਸਿੰਘ ਦੇ ਪਹਿਲੇ ਦੋ ਸੁਝਾਵਾਂ ਦਾ ਕੇਂਦਰੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਵਾਗਤ ਕੀਤਾ।  ਪ੍ਰੰਤੂ ਉਸ ਦਾ ਤੀਜਾ ਸੁਝਾਅ ਕਿਸੇ ਨੇ ਵੀ ਨਹੀਂ ਮੰਨਿਆ। ਇਹ ਮੀਟਿੰਗ ਆਗਰੇ ਵਿਚ ਹੋਈ ਅਤੇ ਪਹਿਲੇ ਦਿਨ ਸੁਖਦੇਵ ਉਸ ਵਿਚ ਹਾਜ਼ਰ ਨਹੀਂ ਸੀ। ਦੂਜੇ ਦਿਨ ਉਹ ਆਇਆ ਸੀ। ਸੁਖਦੇਵ ਦੇ ਆ ਜਾਣ ’ਤੇ ਭਗਤ ਸਿੰਘ ਨੂੰ ਬਲ ਮਿਲਿਆ ਅਤੇ ਕਾਫੀ ਬਹਿਸ ਦੇ ਬਾਅਦ ਅੰਤ ਵਿਚ ਕਮੇਟੀ ਨੇ ਭਗਤ ਸਿੰਘ ਦਾ ਤੀਜਾ ਪ੍ਰਸਤਾਵ ਮੰਨ ਲਿਆ। 

ਦੂਜਾ ਬਿੱਲ, (ਟਰੇਡ ਡਿਸਪਿਊਟ ਬਿੱਲ) ਅਸੈਂਬਲੀ ਵਿਚ 4 ਸਤੰਬਰ 1928 ਨੂੰ ਪੇਸ਼ ਕੀਤਾ ਗਿਆ। ਸਦਨ ਨੇ ਉਸ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ। ਉੱਥੋਂ ਕੁੱਝ ਅਦਲਾ-ਬਦਲੀਆਂ ਦੇ ਨਾਲ ਉਸ ਨੂੰ 2 ਅਪ੍ਰੈਲ 1929 ਨੂੰ ਬਹਿਸ ਵਾਸਤੇ ਅਸੈਂਬਲੀ ਦੇ ਸਾਹਮਣੇ ਫਿਰ ਲਿਆਂਦਾ ਗਿਆ। ਸਦਨ ਨੇ 8 ਅਪ੍ਰੈਲ ਨੂੰ 38 ਦੇ ਮੁਕਾਬਲੇ ਕੁੱਝ ਵੋਟਾਂ ਨਾਲ ਉਸ ਨੂੰ ਪਾਸ ਕਰ ਦਿੱਤਾ। ਜਿਉ ਹੀ ਸਪੀਕਰ ਵੋਟਿੰਗ ਦਾ ਨਤੀਜਾ ਐਲਾਨ ਕਰਨ ਦੇ ਵਾਸਤੇ ਖੜ੍ਹੇ ਹੋਏ, ਵੈਸੇ ਹੀ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੇ ਦਰਸ਼ਕ ਗੈਲਰੀ ਵਿੱਚੋਂ ਅਸੈਂਬਲੀ ਵਿਚ ਬੰਬ ਸੁੱਟਣ ਅਤੇ ਨਾਅਰੇ ਲਾਉਣ ਦੇ ਨਾਲ ਨਾਲ ਪਰਚੇ ਵੀ ਸੁੱਟੇ, ਜਿਹਨਾਂ ਵਿਚ ਬੰਬ ਸੁੱਟਣ ਦੇ ਰਾਜਨੀਤਕ ਉਦੇਸ਼ ਨੂੰ ਸਪਸ਼ਟ ਕੀਤਾ ਗਿਆ ਸੀ। ਇਹ ਸਾਨੂੰ ਇਨਕਲਾਬੀ ਅੰਦੋਲਨ ਦੇ ਇਕ ਛੋਟੇ ਦੌਰ ਵਿਚ ਪੁਚਾ ਦਿੰਦਾ ਹੈ, ਜਿਸ ਦਾ ਜਿਕਰ ਲੋਕ ਕਦੇ ਕਦੇ ਆਤੰਕਵਾਦੀ ਕਮਿਊਨਿਜ਼ਮ ਜਾਂ ਟੋਰੋ-ਕਮਿਊਨਿਜ਼ਮ ਦੇ ਨਾਂ ਨਾਲ ਕਰਦੇ ਹਨ।


                                                                                            (ਸ਼ਿਵ ਵਰਮਾ ਦੀ ਲੰਮੀ ਲਿਖਤ ਦਾ ਅੰਸ਼)   

ਇਨਕਲਾਬ ਦਾ ਨਾਅਰਾ ਤੇ ਹਾਕਮ ਜਮਾਤਾਂ

ਇਨਕਲਾਬ  ਦਾ ਨਾਅਰਾ ਤੇ ਹਾਕਮ ਜਮਾਤਾਂ 


ਮੁਲਕ ਦੀਆਂ ਹਾਕਮ ਜਮਾਤਾਂ ਦੇ ਵੱਖ ਵੱਖ ਹਿੱਸੇ ਸਦਾ ਹੀ ਇਨਕਲਾਬ ਦੇ ਅਰਥਾਂ ਦੇ ਅਨਰਥ ਕਰਦੇ ਆਏ ਹਨ ਤੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਆਦਰਸ਼ਾਂ ਨਾਲ ਖਿਲਵਾੜ ਕਰਦੇ ਆਏ ਹਨ। ਅਖੌਤੀ ਆਜ਼ਾਦੀ ਤੋਂ ਮਗਰੋਂ ਵੱਖ ਵੱਖ ਮੌਕਿਆਂ ’ਤੇ ਹਾਕਮ ਜਮਾਤਾਂ ਦੇ ਵੱਖ ਵੱਖ ਧੜਿਆਂ ਵੱਲੋਂ ਗੱਦੀ ਤਕ ਪਹੁੰਚਣ ਲਈ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਨੂੰ ਤੇ ਉਸ ਵੱਲੋਂ ਬੁਲੰਦ ਕੀਤੇ ਗਏ ਇਨਕਲਾਬ ਦੇ ਨਾਅਰੇ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਕਿਸੇ ਵੇਲੇ ਸੱਤਰਵਿਆਂ ਵਿਚ ਲੋਕਾਂ ਦੀ ਬੇਚੈਨੀ ’ਤੇ ਸਵਾਰ ਹੋ ਕੇ ਮੁਲਕ ਦੀ ਸੱਤਾ ਤੱਕ ਪੁੱਜਣ ਲਈ ਹਾਕਮ ਜਮਾਤਾਂ ਦੇ ਇੰਦਰਾ ਗਾਂਧੀ ਵਿਰੋਧੀ ਧੜੇ ਨੇ ਇਸ ਨਾਅਰੇ ਨੂੰ ਖ਼ੂਬ ਵਰਤਿਆ ਸੀ ਤੇ ਕਾਂਗਰਸੀ ਰਹੇ ਜੈ ਪ੍ਰਕਾਸ਼ ਨਾਰਾਇਣ ਨੂੰ ਮੂਹਰੇ ਲਾ ਕੇ ਸੰਪੂਰਨ ਇਨਕਲਾਬ ਦਾ ਨਾਅਰਾ ਦਿੱਤਾ ਸੀ। ਬੇਰੁਜਗਾਰੀ, ਮਹਿੰਗਾਈ, ਭਿ੍ਰਸ਼ਟਾਚਾਰ ਤੇ ਗਰੀਬੀ ਵਰਗੇ ਮੁੱਦਿਆਂ ਨੂੰ ਜਮਾਤੀ ਨਕਸ਼ਾਂ ਤੋਂ ਵਿਰਵੇ ਰੱਖ ਕੇ ਉਭਾਰਿਆ ਗਿਆ ਸੀ ਤੇ ਇੰਦਰਾ ਗਾਂਧੀ ਨੂੰ ਗੱਦੀਓਂ ਲਾਹੁਣ ਨੂੰ ਹੀ ਸੰਪੂਰਨ ਇਨਕਲਾਬ ਕਹਿ ਲਿਆ ਗਿਆ ਸੀ। ਪੰਜਾਬ ਅੰਦਰ ਵੀ ਵੱਖ ਵੱਖ ਸਿਆਸਤਦਾਨ ਇਨਕਲਾਬ ਦੇ ਨਾਅਰੇ ਨੂੰ ਤੇ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਨੂੰ ਵੋਟਾਂ ਬਟੋਰਨ ਲਈ ਵਰਤਦੇ ਰਹੇ ਹਨ ਕਿਸੇ ਵੇਲੇ ਗਿਆਨੀ ਜੈਲ ਸਿੰਘ ਨੇ ਇਹ ਦੰਭ ਕੀਤਾ ਸੀ ਤੇ ਕਦੇ ਬਾਦਲ ਲਾਣੇ ਨਾਲ ਸ਼ਰੀਕਾ ਭੇੜ ਵਿੱਚ ਕੁਰਸੀ ਵੱਲ ਲਪਕ ਰਹੇ ਮਨਪ੍ਰੀਤ ਬਾਦਲ ਨੇ ਖਟਕੜ ਕਲਾਂ ਦੀ ਧਰਤੀ ’ਤੇ ਜਾ ਕੇ ਸੌਹਾਂ ਖਾਧੀਆਂ ਸਨ। ਪਰ ਬਾਦਲ ਪਰਿਵਾਰ ਦੀ ਵਿਰਾਸਤ ਦਾ ਮੁਕਟ ਸ਼ਹੀਦ ਭਗਤ ਸਿੰਘ ਦੇ ਬਸੰਤੀ ਰੰਗ ਹੇਠ ਢਕਿਆ ਨਹੀਂ ਸੀ ਜਾ ਸਕਿਆ ਤੇ ਉਹਨੂੰ ਬਹੁਤੀ ਕਾਮਯਾਬੀ ਨਾ ਮਿਲ ਸਕੀ। ਉਸ ਤੋਂ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦੇ ਨਾਅਰੇ ਨੂੰ ਵੋਟ ਸਿਆਸਤ ਅੰਦਰ ਵੋਟਾਂ ਵਟੋਰਨ ਦੀ ਖੇਡ ’ਚ ਕਾਮਯਾਬੀ ਨਾਲ ਵਰਤਿਆ ਹੈ। 

ਇਸ ਨੇ ਵੀ ਹਾਕਮ ਜਮਾਤੀ ਹਲਕਿਆਂ ਵਾਂਗ ਇਨਕਲਾਬ ਦੇ ਨਾਅਰੇ ਦੇ ਅਰਥਾਂ ਦੇ ਰੱਜ ਕੇ ਅਨਰਥ ਕੀਤੇ ਹਨ। ਪਿਛਲੇ ਡੇਢ ਦਹਾਕਿਆਂ ਦੌਰਾਨ ਵਿਸੇਸ ਕਰਕੇ ਪੰਜਾਬ ਅੰਦਰ ਮਕਬੂਲ ਹੋਇਆ ਬਸੰਤੀ ਰੰਗ ਇਸਨੇ ਆਪਣੀ ਸ਼ਨਾਖਤ ਉਭਾਰਨ ਲਈ ਵਰਤਿਆ ਹੈ। ਬਿਨਾਂ ਕੋਈ ਅਰਥ ਦੱਸੇ ਇਨਕਲਾਬ ਦਾ ਨਾਅਰਾ ਧੁਮਾਇਆ ਹੈ ਤੇ ਲੋਕਾਂ ਦੇ ਰਵਾਇਤੀ ਪਾਰਟੀਆਂ ਤੇ ਸਿਆਸਤਦਾਨਾਂ ਤੋਂ ਬਦਜ਼ਨੀ ਦਾ ਲਾਹਾ ਲਿਆ ਹੈ। ਇਸ ਵੱਲੋਂ ਲਗਾਏ ਗਏ ਨਾਅਰੇ ਦਾ ਅਰਥ ਸਿਰਫ਼ ਤੇ ਸਿਰਫ਼ ਰਵਾਇਤੀ ਹਾਕਮ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨਾ ਸੀ। ਚੋਣ ਜਿੱਤ ਲੈਣ ਤੋਂ ਮਗਰੋਂ ਭਗਵੰਤ ਮਾਨ ਨੇ ਸਹੁੰ ਵੀ ਖਟਕੜ ਕਲਾਂ ਜਾ ਕੇ ਚੁੱਕੀ ਤੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਦੀ ਫੋਟੋ ਸਰਕਾਰੀ ਦਫਤਰਾਂ ’ਚ ਲਾਉਣ ਦਾ ਐਲਾਨ ਕੀਤਾ ਇਉਂ ਦਾਅਵਾ ਕੀਤਾ ਗਿਆ ਕਿ ਪੰਜਾਬ ’ਚ ਇਨਕਲਾਬ ਵਾਪਰ ਚੁੱਕਿਆ ਹੈ ਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਅਨੁਸਾਰ ਪੰਜਾਬ ਦਾ ਰਾਜਭਾਗ ਚੱਲੇਗਾ ਆਮ ਆਦਮੀ ਪਾਰਟੀ ਵੱਲੋਂ ਬੀਤੇ ਸਾਲਾਂ ’ਚ ਲੋਕਾਂ ਦੇ ਸੰਘਰਸ਼ਾਂ ਰਾਹੀਂ ਤਿੱਖੀ ਹੋਈ ਤਬਦੀਲੀ ਦੀ ਤਾਂਘ ਦਾ ਰੱਜ ਕੇ ਲਾਹਾ ਲਿਆ ਗਿਆ ਹੈ। ਇਹ ਮਾਲਵੇ ਦੇ ਉਸ ਖੇਤਰ ’ਚੋਂ ਉੱਭਰੀ ਜਿੱਥੇ ਲੋਕ ਸੰਘਰਸ਼ਾਂ ਦਾ ਜੋਰ ਸਭ ਤੋਂ ਜ਼ਿਆਦਾ ਸੀ।

ਪੰਜਾਬ ਦੀ ਨਵੀਂ ਸਰਕਾਰ ਦੀ ਇਸ ਬੇਹੱਦ ਖੋਖਲੀ ਤੇ ਸਸਤੀ ਦਾਅਵੇਦਾਰੀ ਦਰਮਿਆਨ ਸ਼ਹੀਦ ਭਗਤ ਸਿੰਘ ਦੇ ਹਕੀਕੀ ਵਿਚਾਰਾਂ ਨੂੰ ਤੇ ਇਨਕਲਾਬ ਦੇ ਨਾਅਰੇ ਦੇ ਅਰਥਾਂ ਨੂੰ ਵਿਸ਼ੇਸ਼ ਕਰਕੇ  ਉਭਾਰਨ ਦੀ ਜਰੂਰਤ ਹੈ।  ਸੰਕਟਾਂ ’ਚ ਘਿਰੀ ਪੰਜਾਬ ਤੇ ਦੇਸ਼ ਦੀ ਲੋਕਾਈ ਨੂੰ ਇਨ੍ਹਾਂ ਸੰਕਟਾਂ ਦੇ ਨਿਵਾਰਨ ਦਾ ਰਾਹ ਸਾਮਰਾਜਵਾਦ ਦੇ ਗਲਬੇ ਤੇ ਜਗੀਰੂ ਲੁੱਟ ਤੋਂ ਨਿਜਾਤ ਦਿਵਾਉਣ ਲਈ ਇਨਕਲਾਬੀ ਤਬਦੀਲੀ ’ਚ ਦਿਖਾਉਣ ਦੀ ਲੋੜ ਹੈ। ਜਿਹੜੀ ਹਾਕਮ ਜਮਾਤਾਂ ਦੇ ਇੱਕ ਜਾਂ ਦੂਜੇ ਧੜੇ ਦੀ ਕੁਰਸੀ ਤੋਂ ਬਦਲੀ ਨਾਲੋਂ ਮੂਲੋਂ ਵੱਖਰੀ ਹੈ। ਲੋਕਾਂ ਵੱਲੋਂ ਇਨਕਲਾਬ ਦੇ ਨਾਅਰੇ ਨੂੰ ਭਾਵਨਾ ਦੇ ਪੱਧਰ ’ਤੇ ਦਿੱਤਾ ਜਾ ਰਿਹਾ ਹੁੰਗਾਰਾ ਦਰਸਾਉਂਦਾ ਹੈ ਕਿ ਲੋਕ ਮੌਜੂਦਾ ਲੁਟੇਰੇ ਪ੍ਰਬੰਧ ਤੋਂ ਅੱਕੇ ਸਤੇ ਪਏ ਹਨ ਤੇ ਵੱਡੀ ਹਾਂ ਮੁਖੀ ਤਬਦੀਲੀ ਲੋਚਦੇ ਹਨ। ਪਰ ਇਸ ਤਬਦੀਲੀ ਦੇ ਸਪੱਸ਼ਟ ਨਕਸ਼ ਤੇ ਮਾਰਗ ਨੂੰ ਪਛਾਨਣ ਤੋਂ ਅਸਮਰੱਥ ਨਿੱਬੜ ਰਹੇ ਹਨ। ਲੋਕਾਂ ਦੀਆਂ ਸੋਚਾਂ ’ਤੇ ਅਜੇ ਹਾਕਮ ਜਮਾਤੀ ਵਿਚਾਰਧਾਰਾ ਤੇ ਸਿਆਸਤ ਦੀ ਜਕੜ ਹੈ ਤੇ ਕੁਝ ਬਿਹਤਰ ਹੋ ਜਾਣ ਦੀ ਉਨ੍ਹਾਂ ਦੀ ਭਾਵਨਾ ਇਸ ਰਾਜਭਾਗ ਦੇ ਅੰਦਰ ਅੰਦਰ ਦੇ ਚੌਖਟੇ ’ਚ ਰਹਿੰਦੀ ਹੈ। ਇਹ ਭਾਵਨਾ ਇਸੇ ਰਾਜ ਮਸ਼ੀਨਰੀ ਰਾਹੀਂ ਤਬਦੀਲੀ ਕਿਆਸਦੀ ਹੈ। ਇਸੇ ਸੰਵਿਧਾਨ, ਅਦਾਲਤਾਂ, ਅਫਸਰਸ਼ਾਹੀ ਤੇ ਪਾਰਲੀਮੈਂਟਰੀ ਸੰਸਥਾਵਾਂ ਰਾਹੀਂ ਬਿਹਤਰ ਹੋ ਜਾਣ ਦੀ ਆਸ ਪਾਲਦੀ ਹੈ। ਇਸ ਨੀਵੀਂ ਸਿਆਸੀ ਚੇਤਨਾ ਦੇ ਦਾਇਰੇ ’ਚ ਰਹਿੰਦੀ ਤਬਦੀਲੀ ਦੀ ਭਾਵਨਾ ਦਾ ਲਾਹਾ ਹਰ ਵਾਰ ਹਾਕਮ ਜਮਾਤਾਂ ਲੈਂਦੀਆਂ ਹਨ ਤੇ ਵਾਰ ਵਾਰ ਇਕ ਜਾਂ ਦੂਜੇ ਧੜੇ ਸੱਤਾ ਦਾ ਨਿੱਘ ਮਾਣਦੇ ਹਨ।

ਇਸ ਵੇਲੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਦੀ ਵਰਤੋਂ ਦੇ ਦੰਭ ਨੂੰ ਉਜਾਗਰ ਕਰਨਾ ਤੇ ਅਸਲ ਇਨਕਲਾਬ ਦੇ ਅਰਥਾਂ ਨੂੰ ਦਰਸਾਉਣਾ ਸ਼ਹੀਦ ਭਗਤ ਸਿੰਘ ਦੇ ਰਾਹ ਦੇ ਰਾਹੀਆਂ ਦਾ ਲਾਜ਼ਮੀ ਕਾਰਜ ਹੈ । ਇਹ ਕਾਰਜ ਲੋਕਾਂ ਦੇ ਹੱਕਾਂ ਦੀ ਲਹਿਰ ਨੂੰ ਅਗਲੀ ਦਿਸ਼ਾ ਦੇਣ ਲਈ ਵੀ ਜ਼ਰੂਰੀ ਹੈ।  ਅਸਲ ਇਨਕਲਾਬ ਦੇ ਅਰਥਾਂ ਰਾਹੀਂ ਲੋਕਾਂ ਅੰਦਰ ਤਬਦੀਲੀ ਦੀ ਇਸ ਤਾਂਘ ਨੂੰ ਠੋਸ ਸਿਆਸੀ ਭਵਿੱਖ ਨਕਸ਼ਾ ਮੁਹੱਈਆ ਕਰਵਾਉਣ ਦੀ ਲੋੜ ਹੈ। ਲੋਕਾਂ ਦੇ ਜਮਾਤੀ ਤਬਕਾਤੀ ਸੰਘਰਸ਼ ਨੂੰ ਇਸ ਠੋਸ ਸਿਆਸੀ ਭਵਿੱਖ ਨਕਸ਼ੇ ਦੀ ਸੇਧ ’ਚ ਅੱਗੇ ਵਧਾਉਣ ਦੀ ਲੋੜ ਹੈ ।     

Tuesday, September 20, 2022

ਉਨ੍ਹਾਂ ਲਈ ਸਦੀਵੀ ਹਊਆ ਸੀ ਸ਼ਹੀਦ ਭਗਤ ਸਿੰਘ



ਉਨ੍ਹਾਂ ਲਈ ਸਦੀਵੀ ਹਊਆ ਸੀ ਸ਼ਹੀਦ ਭਗਤ ਸਿੰਘ


 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ। ਇਸ ਬੰਬ ਦਾ ਧਮਾਕਾ ਸਮੁੱਚੇ ਭਾਰਤ ਅੰਦਰ ਹੀ ਗੂੰਜ ਉੱਠਿਆ। ਇਹ ਬੰਬ ਕਿਸੇ ਦੀ ਜਾਨ ਲੈਣ ਵਾਸਤੇ ਨਹੀਂ ਸੀ ਸੁੱਟਿਆ ਗਿਆ। ਇੱਥੋਂ ਤੱਕ ਕਿ ਇਸ ਬੰਬ ਦਾ ਨਿਸ਼ਾਨਾ ਲਾਰਡ ਸਾਈਮਨ ਨੂੰ ਵੀ ਨਹੀਂ ਬਣਾਇਆ ਗਿਆ, ਜਿਹੜਾ ਕਿ ਅਸੈਂਬਲੀ ਵਿੱਚ ਨੇੜੇ ਹੀ ਬੈਠਾ ਸੀ।  ਇਸ ਬੰਬ ਦਾ ਮਨੋਰਥ ਤਾਂ ਅੰਗਰੇਜ਼ ਸਰਕਾਰ ਵੱਲੋਂ ਪਾਸ ਕਰਵਾਏ ਜਾ ਰਹੇ ਫਾਸ਼ੀ ਅਤੇ ਜਾਬਰ ਟਰੇਡ ਡਿਸਪਿਊਟ ਬਿੱਲ ਅਤੇ ਇਸ ਖਿਲਾਫ਼ ਭਾਰਤ ਦੇ ਲੱਖਾਂ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਵੱਲੋਂ  ਉਠਾਈ ਜਾ ਰਹੀ ਰੋਹ ਭਰੀ ਆਵਾਜ਼ ਨੂੰ ਅਣਸੁਣਿਆ ਅਤੇ ਅਣਗੌਲਿਆ ਕਰ ਦਿੱਤੇ ਜਾਣ ਪ੍ਰਤੀ ਰੋਸ ਪ੍ਰਗਟ ਕਰਨਾ ਸੀ। ਭਗਤ ਸਿੰਘ ਹੁਰਾਂ ਨੇ ਜਿਹੜਾ ਪਰਚਾ ਇਸ ਬੰਬ ਦੇ ਨਾਲ ਹੀ ਅਸੈਂਬਲੀ ਵਿੱਚ ਸੁੱਟਿਆ ਸੀ, ਉਸ ਵਿੱਚ ਇਸ ਦਾ ਮਨੋਰਥ ਸਾਫ਼ ਅਤੇ ਸਪਸ਼ਟ ਬਿਆਨ ਕੀਤਾ ਸੀ ਕਿ “ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਜ਼ਰੂਰਤ ਹੁੰਦੀ ਹੈ ।’’


 ਭਗਤ ਸਿੰਘ ਹੁਰਾਂ ਦੀ ਇਸ ਕਾਰਵਾਈ ਨੇ , ਕਰੋੜਾਂ ਭਾਰਤੀ ਲੋਕਾਂ ਦੇ ਸੀਨਿਆਂ ਅੰਦਰ ਧੁਖਦੀ ਗੁਲਾਮੀ ਪ੍ਰਤੀ ਨਫ਼ਰਤ ਨੂੰ ਪਲੀਤਾ ਲਾ ਦਿੱਤਾ। ਉਨ੍ਹਾਂ ਨੂੰ ਦੇਸ਼ ਭਗਤੀ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਸਰਸ਼ਾਰ ਕਰ ਦਿੱਤਾ। ਗਾਂਧੀ ਦੇ ਅਹਿੰਸਾਵਾਦ ਦੇ ਭਰਮਾਊ ਮਖੌਟੇ ਨੂੰ ਤਾਰ ਤਾਰ ਕਰ ਕੇ , ਇਸ ਦਾ ਨਿਪੁੰਸਕ ਅਤੇ ਸਮਝੌਤਾਵਾਦੀ ਖਾਸਾ ਉਜਾਗਰ ਕਰ ਦਿੱਤਾ। ਕਰੋੜਾਂ ਭਾਰਤੀ ਲੋਕਾਂ ਦੇ ਹਿਰਦਿਆਂ ਅੰਦਰ “ਭਾਰਤ ਮਾਤਾ ਦੀ ਜੈ’’ ਦੇ ਨਾਲ  “ਇਨਕਲਾਬ ਜ਼ਿੰਦਾਬਾਦ’’ ਦਾ ਸੁਰਮੇਲ ਕਰਦਿਆਂ, ਕੌਮੀ ਭਾਵਨਾ ਨੂੰ ਇਨਕਲਾਬੀ ਰੰਗਣਾਂ ਨਾਲ ਗੜੁੱਚ ਕਰ ਦਿੱਤਾ।


ਭਾਰਤ ਦੇ ਸਿਆਸੀ ਦਿ੍ਰਸ਼  ’ਤੇ , ਭਗਤ ਸਿੰਘ, ਅਸਮਾਨੀ ਬਿਜਲੀ ਦੇ ਡਿੱਗਣ ਵਾਂਗ ਗਰਜਿਆ। ਉਸ ਦੇ ਇਨਕਲਾਬੀ ਵਿਚਾਰਾਂ ਦੇ ਚਾਨਣ ਨਾਲ ਭਾਰਤ ਦਾ ਆਕਾਸ਼ ਭਰ ਗਿਆ।  ਗਾਂਧੀ ਦੇ ਅਹਿੰਸਾਵਾਦ ਅਤੇ ਸੁਧਾਰਵਾਦ ਦੀ ਧੁੰਦ ਛਟਣੀ ਸ਼ੁਰੂ ਹੋਈ। ਕਾਂਗਰਸ ਦੇ ਇਤਿਹਾਸਕਾਰ ਸੀਤਾ ਰਮੱਈਆ ਨੇ ਖੁਦ ਕਬੂਲਿਆ ਹੈ ਕਿ ਭਗਤ ਸਿੰਘ ਦਾ ਨਾਂ “ਗਾਂਧੀ ਜਿੰਨਾਂ ਹੀ ਮਕਬੂਲ ਹੋ ਗਿਆ ਸੀ। ’’ ਅੰਗਰੇਜ਼ ਸਰਕਾਰ ਦੀ ਖੁਫੀਆ ਏਜੰਸੀ , ਇੰਟੈਲੀਜੈਂਸ ਬਿਊਰੋ ਨੇ ਆਪਣੀਆਂ ਰਿਪੋਰਟਾਂ ਵਿੱਚ ਦਰਜ ਕੀਤਾ ਕਿ ਭਗਤ ਸਿੰਘ “ਗਾਂਧੀ ਨੂੰ ਉਸ ਸਮੇਂ ਦੀ ਸਭ ਤੋਂ ਉੱਭਰਵੀਂ ਸਿਆਸੀ ਸਖਸ਼ੀਅਤ ਵਜੋਂ ਪਿੱਛੇ ਛੱਡਣ ਵਿੱਚ ਕਾਮਯਾਬ ਹੋ ਗਿਆ ਸੀ ।’’      


ਇਹੀ ਕਾਰਨ ਸੀ ਕਿ ਭਗਤ ਸਿੰਘ ਨਾ ਸਿਰਫ਼ ਅੰਗਰੇਜ਼ ਸਾਮਰਾਜੀਆਂ ਲਈ ਅੱਖ ਦਾ ਰੋੜ ਬਣ ਗਿਆ ਸੀ, ਸਗੋਂ ਦਲਾਲ ਸਰਮਾਏਦਾਰੀ ਦੇ ਨੁਮਾਇੰਦੇ ਗਾਂਧੀ ਲਈ ਵੀ ਇੱਕ ਖ਼ਤਰਾ ਤੇ ਹਊਆ ਬਣ ਕੇ ਉੱਭਰਿਆ ਸੀ। ਸੋ ਅੰਗਰੇਜ਼ ਸਾਮਰਾਜੀਏ ਅਤੇ ਗਾਂਧੀ, ਭਗਤ ਸਿੰਘ ਦੇ ਰੂਪ ਵਿੱਚ ਉੱਠ ਰਹੀ ਇਨਕਲਾਬੀ ਚੁਣੌਤੀ ਨੂੰ ਖਤਮ ਕਰਨ ਲਈ ਇੱਕ ਦੂਜੇ ਦੇ ਸਹਿਯੋਗੀ ਬਣੇ। ਅਸੈਂਬਲੀ ਬੰਬ ਕਾਂਡ ਤੋਂ ਤੁਰੰਤ ਬਾਅਦ ਹੀ, ਇਹ ਜਾਣਦਿਆਂ ਹੋਇਆਂ ਵੀ ਕਿ ਇਸ ਬੰਬ ਦਾ ਮਨੋਰਥ ਕਿਸੇ ਦਾ ਜਾਨੀ ਨੁਕਸਾਨ ਕਰਨਾ ਨਹੀਂ ਸੀ, ਅਤੇ ਹਕੀਕਤ ਵਿੱਚ ਕਿਸੇ ਅਸੈਂਬਲੀ ਮੈਂਬਰ ਦੇ ਝਰੀਟ ਤੱਕ ਆਈ ਵੀ ਨਹੀਂ ਸੀ ਤਾਂ ਵੀ ਗਾਂਧੀ ਨੇ ਉਨ੍ਹਾਂ ਨੂੰ ਕਾਤਲ ਦਾ  ਲਕਬ ਦੇ ਕੇ ਕਿਹਾ ਕਿ “ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਾਤਲਾਂ ਨੂੰ ਆਪਣੇ ਗੁਨਾਹਾਂ ਦੇ ਬਦਲੇ ਵੱਡੀ ਤੋਂ ਵੱਡੀ ਸਜ਼ਾ  ਭੁਗਤਣੀ ਪਵੇਗੀ।’’


ਗਾਂਧੀ ਆਪ ਅਕਸਰ ਹੀ ਭੁੱਖ ਹੜਤਾਲਾਂ ਦੇ ਡਰਾਮੇ ਰਚਦਾ ਰਹਿੰਦਾ ਸੀ। ਪਰ ਜਦ ਜੇਲ੍ਹ ਅੰਦਰ ਸਿਆਸੀ ਕੈਦੀਆਂ ਦੀਆਂ ਮੰਗਾਂ ਉਭਾਰਦੇ ਹੋਏ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰਕੇ, ਅੰਗਰੇਜ਼ ਅਧਿਕਾਰੀਆਂ ਵੱਲੋਂ ਜਬਰੀ ਖੁਰਾਕ ਦੇ ਸਭ ਹੱਥ-ਕੰਡਿਆਂ ਨੂੰ ਫੇਲ੍ਹ ਕਰਕੇ, ਇਸ ਮਾਮਲੇ ਵਿੱਚ ਹੀ, ਲਾਸਾਨੀ ਆਪਾਵਾਰੂ ਭਾਵਨਾ ਦਾ ਪ੍ਰਗਟਾਵਾ ਕੀਤਾ ਤਾਂ ਸਮੁੱਚੇ ਭਾਰਤ ਅੰਦਰ ਹੀ ਇਨ੍ਹਾਂ ਨੌਜਵਾਨਾਂ ਪ੍ਰਤੀ ਹਮਦਰਦੀ ਦੀ ਭਾਵਨਾ ਦਾ ਹੜ੍ਹ ਆ ਗਿਆ। ਅੰਗਰੇਜ਼ ਅਧਿਕਾਰੀਆਂ ਦੇ ਤਸੀਹਿਆਂ ਸਨਮੁੱਖ ਦਿ੍ਰੜ੍ਹਤਾ, ਸਾਬਤ ਕਦਮੀ ਅਤੇ ਇਨਕਲਾਬੀ ਭਾਵਨਾ ਦਾ ਇੱਕ ਨਵਾਂ ਮੀਲ-ਪੱਥਰ ਸਥਾਪਿਤ ਕਰਦਿਆਂ ਜਤਿੰਦਰ ਨਾਥ ਦਾਸ, 64 ਦਿਨਾਂ ਦੀ ਲੰਮੀ ਤੇ ਲਗਾਤਾਰ ਭੁੱਖ ਹੜਤਾਲ ਉਪਰੰਤ  13 ਸਤੰਬਰ 1929 ਨੂੰ ਸ਼ਹੀਦੀ ਪਾ ਗਿਆ। ਇਸ ਨੇ ਸਮੁੱਚੇ ਭਾਰਤ ਦੀ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ । ਮੁਲਕ ਦੇ ਹਰ ਕੋਨੇ ਅੰਦਰ ਰੋਸ-ਵਿਖਾਵੇ ਹੋਣ ਲੱਗੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ । ਕਲਕੱਤੇ ਅੰਦਰ ਪੰਜ ਲੱਖ ਲੋਕਾਂ ਨੇ ਰੋਸ ਮਾਰਚ ਕੀਤਾ। ਉਸ ਸਮੇਂ ਦੇ ਸਿਆਸੀ ਮਾਹੌਲ ਅੰਦਰ ਏਡਾ ਜਨਤਕ ਵਿਖਾਵਾ, ਆਪਣੇ ਆਪ ਵਿੱਚ ਹੀ ਇੱਕ ਵਿਲੱਖਣ ਗੱਲ ਸੀ। ਭੁੱਖ ਹੜਤਾਲ ਨੂੰ ਵੀ ਜੱਦੋਜਹਿਦ ਦੇ ਇੱਕ ਹਥਿਆਰ ਵਜੋਂ ਵਰਤਣ ਅਤੇ ਇਸ ਰਾਹੀਂ ਗਾਂਧੀ ਦੀ ਵਿਖਾਵੇਬਾਜ਼ੀ ਦੀ ਥਾਂ ਆਪਣੀ ਆਪਾਵਾਰੂ ਭਾਵਨਾ ਦਾ ਪੁਰਜ਼ੋਰ ਪ੍ਰਗਟਾਵਾ ਕਰਨ ਦੇ ਨਤੀਜੇ ਵਜੋਂ , ਇਸ ਮਾਮਲੇ ਅੰਦਰ ਵੀ ਭਗਤ ਸਿੰਘ ਹੋਰੀਂ, ਗਾਂਧੀ ਦੀ ਫੂਕ ਕੱਢਣ ਵਿੱਚ ਕਾਮਯਾਬ ਰਹੇ। ਇਸ ਕਰਕੇ, ਜਦ ਸਾਰਾ ਮੁਲਕ ਭਗਤ ਸਿੰਘ ਹੁਰਾਂ ਪ੍ਰਤੀ ਹਮਦਰਦੀ ਅਤੇ ਹਮਾਇਤ ’ਤੇ  ਖੜ੍ਹਾ ਸੀ ਤਾਂ ਇਹ ਗਾਂਧੀ ਸੀ, ਜਿਹੜਾ ਸੜਿਆ-ਭੁੱਜਿਆ ਬੈਠਾ ਸੀ।  ਭਗਤ ਸਿੰਘ ਹੋਰਾਂ ਵੱਲੋਂ ਸਿਆਸੀ ਕੈਦੀਆਂ ਦੇ ਮਸਲਿਆਂ ’ਤੇ ਵਿੱਢੇ ਇਸ ਸ਼ਾਂਤੀਪੂਰਨ ਸੰਘਰਸ਼ ਪ੍ਰਤੀ ਵੀ, ਹਮਦਰਦੀ ਜਾਂ ਹਮਾਇਤ ਦੇ ਬੋਲ ਉਸ ਦੇ ਮੂੰਹੋਂ ਨਹੀਂ ਨਿੱਕਲੇ।  ਉਸ ਨੇ ਇਸ ਸਭ ਕਾਸੇ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਸਮਝਿਆ। ਉਸ ਨੇ ਖੁਦ ਕਬੂਲਿਆ ਹੈ ਕਿ  “ਇਹ ਇੱਕ ਗੈਰ ਪ੍ਰਸੰਗਕ ਕਾਰਗੁਜ਼ਾਰੀ ਸੀ’’ ਅਤੇ “ਜਤਿੰਦਰ ਨਾਥ ਦਾਸ ਦੀ ਸਵੈ-ਕੁਰਬਾਨੀ ’ਤੇ  ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ, ਕਿਉਂਕਿ ਮੈਂ ਮਹਿਸੂਸ ਕਰਦਾ ਸੀ ਕਿ ਮੇਰੇ ਵੱਲੋਂ ਇਸ ਬਾਰੇ ਲਿਖਣ ਨਾਲ ਮੁਲਕ ਦੇ ਕਾਜ ਦੇ ਫ਼ਾਇਦੇ ਨਾਲੋਂ ਵੱਧ ਨੁਕਸਾਨ ਹੋਵੇਗਾ।’’ 




ਨਹਿਰੂ ਦੀ ਭੂਮਿਕਾ ਵੀ ਗਾਂਧੀ ਨਾਲੋਂ ਕੋਈ ਵੱਖਰੀ ਨਹੀਂ ਸੀ। ਉਸ ਸਮੇਂ ਕਾਂਗਰਸ ਦੇ ਬੁਲਿਟਨ ਅੰਦਰ ਭਗਤ ਸਿੰਘ ਅਤੇ ਸਾਥੀਆਂ ਦੇ ਬਿਆਨ ਦੇ ਕੁਝ ਅੰਸ਼ ਛਾਪੇ ਗਏ ਸਨ। ਇਸ ਬਾਰੇ ਗਾਂਧੀ ਨੇ ਨਹਿਰੂ ਤੋਂ ਪੁੱਛ-ਪੜਤਾਲ ਕੀਤੀ ਤਾਂ ਨਹਿਰੂ ਨੇ ਕਿਹਾ ,“ਮੈਂ ਤਾਂ ਆਪ ਦੋ-ਚਿੱਤੀ ’ਚ ਸੀ, ਮੇਰਾ ਵਿਚਾਰ ਤਾਂ ਇਸ ਨੂੰ ਛੱਡਣ ਦਾ ਸੀ, ਪਰ ਜਦੋਂ ਮੈਂ ਵੇਖਿਆ ਕਿ ਕਾਂਗਰਸ ਦੀਆਂ ਸਫ਼ਾਂ ਅੰਦਰ ਇਸ ਬਿਆਨ ਬਾਰੇ ਵਿਆਪਕ ਪ੍ਰਸ਼ੰਸਾ ਮੌਜੂਦ ਹੈ ਤਾਂ ਮੈਂ ਇਸ ਦੇ ਅੰਸ਼ ਛਾਪਣ ਦਾ ਫੈਸਲਾ ਕਰ ਲਿਆ ।’’ ਭਗਤ ਸਿੰਘ ਹੋਰਾਂ ਦੀ ਭੁੱਖ ਹੜਤਾਲ ਨਾਲ ਵੀ ਨਹਿਰੂ ਅਸਹਿਮਤ ਸੀ। ਉਸ ਨੇ ਖੁਦ ਕਿਹਾ ਕਿ “ਜਿਹੜੇ ਵੀ ਨੌਜਵਾਨ ਇਸ ਵਿਸ਼ੇ ’ਤੇ  ਮੇਰੇ ਨਾਲ ਗੱਲ ਕਰਨ ਆਏ ਮੈਂ ਉਨ੍ਹਾਂ ਨੂੰ ਇਹ ਗੱਲ ਕਹੀ ਹੈ, ਪਰ ਮੈਂ ਇਹ ਯੋਗ ਨਹੀਂ ਸਮਝਿਆ ਕਿ ਇਹ ਭੁੱਖ ਹੜਤਾਲ ਦੀ ਜਨਤਕ ਤੌਰ ’ਤੇ  ਨਿਖੇਧੀ ਕੀਤੀ ਜਾਵੇ।’’ 


ਹਕੀਕਤ ਵਿਚ ਜਨਤਕ ਤੌਰ ’ਤੇ  ਨਿਖੇਧੀ ਨਾ ਕਰਕੇ ਨਹਿਰੂ ਭਗਤ ਸਿੰਘ ਹੋਰਾਂ ਦੇ ਪੱਖ ਵਿੱਚ  ਨਹੀਂ ਸੀ ਭੁਗਤ ਰਿਹਾ, ਆਪਣੇ ਸਿਆਸੀ ਬਿੰਬ ਨੂੰ ਬਚਾ ਕੇ ਰੱਖਣ ਦੇ ਹੀ ਯਤਨ ਕਰ ਰਿਹਾ ਸੀ। ਭਗਤ ਸਿੰਘ ਦੇ ਸਮਾਜਵਾਦ ਬਾਰੇ ਸਾਫ਼ ਸਪਸ਼ਟ ਵਿਚਾਰ, ਧੜੱਲੇਦਾਰ ਲੇਖਣੀ ਅਤੇ ਇਨ੍ਹਾਂ ਵਿਚੋਂ ਝਲਕਦੀ ਦਿ੍ਰੜ੍ਹ ਨਿਹਚਾ ਨੇ, ਕਾਂਗਰਸ ਅੰਦਰਲੇ ਸਮਾਜਵਾਦੀ  ਝੁਕਾ ਵਾਲੇ ਨੌਜਵਾਨਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਉਂ ਨਹਿਰੂ ਦੇ ਪੈਰਾਂ ਹੇਠੋਂ ਵੀ ਜ਼ਮੀਨ ਪੋਲੀ ਹੋਣੀ ਸ਼ੁਰੂ ਹੋ ਗਈ।


ਸੋ, ਸਥਿਤੀ ਅਜਿਹੀ ਬਣ ਰਹੀ ਸੀ ਜਿਸ ਅੰਦਰ ਭਗਤ ਸਿੰਘ ਅਤੇ ਉਸ ਦੇ ਵਿਚਾਰਾਂ ਦਾ ਗਲਾ ਘੁੱਟਣਾ, ਅੰਗਰੇਜ਼ ਸਾਮਰਾਜੀਆਂ ਅਤੇ ਦਲਾਲਾਂ ਦੇ ਨੁਮਾਇੰਦੇ, ਗਾਂਧੀ-ਨਹਿਰੂ  ਹੋਰਾਂ ਦਾ ਸਾਂਝਾ ਹਿੱਤ ਬਣ ਗਿਆ ਸੀ। ਭਾਵੇਂ ਕਿ ਕਾਂਗਰਸੀ ਪ੍ਰਚਾਰਕਾਂ ਨੇ, ਕਾਂਗਰਸ ਦੇ ਮੱਥੇ ਲੱਗੇ ਇਸ ਕਲੰਕ ਦੇ ਟੀਕੇ ਨੂੰ ਸੰਧੂਰੀ ਰੰਗ ਦੇਣ ਲਈ, ਅਨੇਕਾਂ ਭਰਮਾਊ ਯਤਨ ਕੀਤੇ ਹਨ, ਪਰ ਮੂੰਹ ਬੋਲਦੀਆਂ ਹਕੀਕਤਾਂ ਤੇ ਤੱਥਾਂ ਸਨਮੁੱਖ ਇਹ ਵਾਰ ਵਾਰ ਅਸਫਲ ਹੋਏ ਹਨ। ਕਾਂਗਰਸੀ ਇਤਿਹਾਸਕਾਰ ਸੀਤਾ ਰਮੱਈਆ ਲਿਖਦਾ ਹੈ ਕਿ “ਗਾਂਧੀ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਇਨ੍ਹਾਂ ਨੌਜਵਾਨਾਂ ਦੀ ਸਜ਼ਾ ਰੱਦ ਕਰਵਾਉਣ ਵਿਚ ਅਸਫਲ ਰਿਹਾ।’’ ਇਸੇ ਲਹਿਜ਼ੇ ਵਿੱਚ ਨਹਿਰੂ ਬੋਲਦਾ ਹੈ,“ਭਗਤ ਸਿੰਘ ਦੀ ਮੌਤ ਦੀ ਸਜ਼ਾ ਰੱਦ ਕਰਵਾਉਣ ਬਾਰੇ ਗਾਂਧੀ ਵੱਲੋਂ ਕੀਤੀ ਗਈ ਜ਼ੋਰਦਾਰ ਵਕਾਲਤ ਨਾਲ ਸਰਕਾਰ ਸਹਿਮਤ ਨਹੀਂ ਹੋਈ। ਉਸ ਦੀ ਦਰਿਆਫਤ ਅਸਫ਼ਲ ਗਈ।’’ 


 ਜਦ ਭਗਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ, ਉਸ ਸਮੇਂ ਗਾਂਧੀ-ਇਰਵਿਨ ਵਾਰਤਾਲਾਪ ਚੱਲ ਰਹੀ ਸੀ। ਇਸ ਸਬੰਧੀ ਖ਼ੁਦ ਇਰਵਿਨ ਲਿਖਦਾ ਹੈ ਕਿ 18 ਫਰਵਰੀ 1931 ਨੂੰ ਗਾਂਧੀ ਨੇ ਸਰਸਰੀ ਜਿਹੇ ਢੰਗ ਨਾਲ ਭਗਤ ਸਿੰਘ ਦਾ ਜ਼ਿਕਰ ਕੀਤਾ ਅਤੇ ਉਸ ਨੇ ਸਜ਼ਾ ਨੂੰ ਰੱਦ ਕਰਨ ਦੀ  ਗੱਲ ਨਹੀਂ ਕੀਤੀ। ਉਸ ਨੇ ਮੌਜੂਦਾ ਹਾਲਤਾਂ ਵਿੱਚ ਇਸ ਨੂੰ(ਫਾਂਸੀ ਲਾਏ ਜਾਣ ਨੂੰ ) ਮੁਲਤਵੀ ਕਰਨ ਲਈ ਜ਼ਰੂਰ ਆਖਿਆ।’’ ਇਰਵਿਨ ਦੇ ਇਸ ਬਿਆਨ ਦੀ ਗਵਾਹੀ ਤਾਂ ਖੁਦ ਗਾਂਧੀ ਹੀ ਭਰ ਦਿੰਦਾ ਹੈ। ਇਸ ਮੀਟਿੰਗ ਦਾ ਜ਼ਿਕਰ ਕਰਦਿਆਂ ਉਹ ਬਿਆਨ ਕਰਦਾ ਹੈ ਕਿ ਤੀਜੀ ਹਲਕੀ-ਫੁਲਕੀ ਗੱਲ ਇਹ ਸੀ, ਜਿਸ ਤੋਂ ਉਸ ਨੇ ਅਤੇ ਇਰਵਿਨ ਨੇ ਖ਼ੂਬ ਸੁਆਦ ਲਿਆ। ਇਹ ਭਗਤ ਸਿੰਘ ਬਾਰੇ ਸੀ। “ਮੈਂ ਉਸ ਨੂੰ ਦੱਸਿਆ ਕਿ ਸਾਡੀ ਵਾਰਤਾਲਾਪ ਨਾਲ ਇਸ ਗੱਲ ਦਾ ਕੋਈ ਸਬੰਧ ਨਹੀਂ ਹੈ ਅਤੇ ਮੇਰੇ ਵੱਲੋਂ ਇਸ ਦਾ ਜ਼ਿਕਰ ਕਰਨਾ ਵੀ ਉੱਕਾ ਹੀ ਗੈਰ-ਵਾਜਬ ਹੋਵੇਗਾ। ਪਰ ਜੇ ਤੁਸੀਂ ਮੌਜੂਦਾ ਮਾਹੌਲ ਨੂੰ ਹੋਰ ਵਧੇਰੇ ਸਾਜ਼ਗਾਰ ਬਣਾਉਣਾ ਚਾਹੁੰਦੇ ਹੋ, ਤਾਂ ਤਹਾਨੂੰ ਭਗਤ ਸਿੰਘ ਦੀ ਫਾਂਸੀ ਪਿੱਛੇ ਪਾ ਦੇਣੀ ਚਾਹੀਦੀ ਹੈ।’’ ਇਨ੍ਹਾਂ ਰਿਪੋਰਟਾਂ ਅੰਦਰ ਗਾਂਧੀ ਨੇ ਕਬੂਲ ਕੀਤਾ ਕਿ ਉਹ ਸਜ਼ਾ ਨੂੰ ਮੁਲਤਵੀ ਕਰਾਉਣਾ ਚਾਹੁੰਦਾ ਸੀ ਤਾਂ ਕਿ ਮੁਲਕ ਅੰਦਰ ਗੈਰ-ਲੋੜੀਂਦੀ ਉਥਲ-ਪੁਥਲ ਨਾ ਪੈਦਾ ਹੋਵੇ।


19 ਮਾਰਚ ਨੂੰ ਗਾਂਧੀ ਨੇ ਇਰਵਿਨ ਤੋਂ ਇਲਾਵਾ ਗ੍ਰਹਿ ਸਕੱਤਰ ਐਮਰਸਨ ਨਾਲ ਵੀ ਮੀਟਿੰਗ ਕੀਤੀ। ਐਮਰਸਨ ਲਿਖਦਾ ਹੈ  “ਗਾਂਧੀ ਦਾ ਇਸ ਗੱਲ ਨਾਲ ਮੈਨੂੰ ਕੋਈ ਵਿਸ਼ੇਸ਼ ਸਰੋਕਾਰ ਨਹੀਂ ਲੱਗਿਆ।’’ ਗਾਂਧੀ ਨੇ ਸਗੋਂ ਫਾਂਸੀ ਤੋਂ ਬਾਅਦ ਪੈਦਾ ਹੋਣ ਵਾਲੀ ਬਦਅਮਨੀ ਵਾਲੀ ਸਥਿਤੀ ਸੰਬੰਧੀ ਐਮਰਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜਦੋਂ ਐਮਰਸਨ ਨੇ ਇਸ ਗੱਲ ਵੱਲ ਧਿਆਨ ਦੁਆਇਆ ਕਿ ਅਗਲੇ ਦਿਨ ਹੀ ਸੁਭਾਸ਼ ਬੋਸ ਦੀ ਅਗਵਾਈ ਹੇਠ ਦਿੱਲੀ ਵਿਚ ਹੀ ਕਾਂਗਰਸੀਆਂ ਦੀ ਇੱਕ ਮੀਟਿੰਗ ਹੋ ਰਹੀ ਹੈ ਤਾਂ ਮਹਾਤਮਾ ਨੇ ਕਿਹਾ, “ਮੈਂ ਸਾਰੀ ਸੰਭਵ ਉਪਾਅ ਪਹਿਲਾਂ ਹੀ ਕਰ ਲਏ ਹਨ। ਮੇਰਾ ਸੁਝਾਅ ਹੈ ਕਿ ਉੱਥੇ ਨਾ ਤਾਂ ਜ਼ਿਆਦਾ ਪੁਲੀਸ ਤਾਕਤ ਦਾ ਮੁਜ਼ਾਹਰਾ ਕੀਤਾ ਜਾਵੇ ਅਤੇ ਨਾ ਹੀ ਮੀਟਿੰਗ ਵਿੱਚ ਦਖ਼ਲਅੰਦਾਜ਼ੀ ਕੀਤੀ ਜਾਵੇ। ਬਿਨਾਂ ਸ਼ੱਕ, ਲੋਕਾਂ ਵਿਚ ਔਖ ਮੌਜੂਦ ਹੈ। ਪਰ ਬਿਹਤਰ ਇਹੀ ਹੋਵੇਗਾ ਕਿ ਜੇ ਇਹ ਮੀਟਿੰਗ ਵਗੈਰਾ ਰਾਹੀਂ ਹੀ ਖਾਰਜ ਹੋ ਜਾਵੇ।’’


  ਇਉਂ ਗਾਂਧੀ ਨੇ ਵੀ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਵਿਚਾਰਾਂ ਦਾ ਗਲਾ ਘੁੱਟਣ ਵਿੱਚ ਅੰਗਰੇਜ਼ ਸਾਮਰਾਜੀਆਂ ਦੀ ਕੋਸ਼ਿਸ਼ ਵਿੱਚ ਆਪਣਾ ਯੋਗਦਾਨ ਪਾਇਆ। ਅੰਗਰੇਜ਼ ਅਤੇ ਗਾਂਧੀ ਦੋਵੇਂ ਹੀ ਸੋਚਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਲਾ ਕੇ ਉਹ ਇਸ ਹਊਏ ਤੋਂ ਨਿਜ਼ਾਤ ਪਾ ਲੈਣਗੇ। ਪਰ ਭਗਤ ਸਿੰਘ ਫਾਂਸੀ ਦੇ ਰੱਸੇ ਨੂੰ ਚੁੰਮਕੇ, ਲੋਕਾਂ ਦੇ ਸੀਨਿਆਂ ਵਿੱਚ ਡੂੰਘਾ ਉੱਤਰ ਗਿਆ। ਭਗਤ ਸਿੰਘ ਉਨ੍ਹਾਂ ਦਾ ਇੱਕ ਅਮਰ ਨਾਇਕ ਬਣ ਗਿਆ।


ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ, ਅੰਗਰੇਜ਼ ਸਰਕਾਰ ਦੇ ਅਮਨ ਕਾਨੂੰਨ ਕਾਇਮ ਰੱਖਣ ਦੇ ਕੀਤੇ ਸਾਰੇ ਇੰਤਜ਼ਾਮਾਂ ਅਤੇ ਮਹਾਤਮਾ ਗਾਂਧੀ ਵੱਲੋਂ ਲੋਕਾਂ ਦੀ ਔਖ ਅਤੇ ਗੁੱਸੇ ਨੂੰ ਰਸਮੀ ਬੁੜਬੁੜ ਰਾਹੀਂ ਖਾਰਜ ਕਰਨ ਦੇ  ਸਭ ਯਤਨਾਂ ਦੇ ਬਾਵਜੂਦ ਵੀ,  ਲੋਕਾਂ ਦਾ ਗੁੱਸਾ ਠੱਲ੍ਹਿਆ ਨਹੀਂ ਗਿਆ। ਮੁਲਕ ਭਰ ਅੰਦਰ ਹੀ ਥਾਂ ਥਾਂ ਲੋਕਾਂ ਨੇ ਖਾੜਕੂ ਵਿਰੋਧ ਪ੍ਰਦਰਸ਼ਨ ਕੀਤੇ। ਪੁਲਸ ਨਾਲ ਟੱਕਰਾਂ ਲਈਆਂ। ਗਾਂਧੀ ਦਾ ਇੱਕ ਚੇਲਾ ਅਤੇ ਆਜ਼ਾਦੀ ਦਾ ਇਤਿਹਾਸਕਾਰ ਤੇਂਦੁਲਕਰ ਲਿਖਦਾ ਹੈ, ਕਿ  ਫਾਂਸੀ ਤੋਂ ਤੁਰੰਤ ਬਾਅਦ “ਸਮੁੱਚਾ ਭਾਰਤ ਹੀ ਭਗਤ ਸਿੰਘ  ਜ਼ਿੰਦਾਬਾਦ’’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। 24 ਮਾਰਚ 1931 ਨੂੰ ਸ਼ੋਕ ਦਿਹਾੜੇ ਵਜੋਂ ਮਨਾਇਆ ਗਿਆ। ਲਾਹੌਰ ਵਿੱਚ ਤਾਂ ਅਧਿਕਾਰੀਆਂ ਨੇ ਯੂਰਪੀਅਨ ਔਰਤਾਂ ਨੂੰ ਦਸ ਦਿਨਾਂ ਤੱਕ ਘਰਾਂ ਵਿਚੋਂ ਬਾਹਰ ਨਾ ਨਿਕਲਣ ਲਈ ਖ਼ਬਰਦਾਰ ਕਰ ਦਿੱਤਾ ਸੀ। ਬੰਬਈ ਅਤੇ  ਮਦਰਾਸ ਅੰਦਰ ਗੁੱਸੇ ਵਿੱਚ ਭਰੇ ਲੋਕਾਂ ਨੇ ਵਿਸ਼ਾਲ ਪ੍ਰਦਰਸ਼ਨ ਕੀਤੇ। ਕਲਕੱਤੇ ਅੰਦਰ ਹਥਿਆਰਬੰਦ ਗਸ਼ਤੀ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ। ਮੁਜ਼ਾਹਰਾਕਾਰੀਆਂ ਨੇ ਅਨੇਕਾਂ ਥਾਵਾਂ ’ਤੇ ਪੁਲੀਸ ਨਾਲ ਝੜੱਪਾਂ ਲਈਆਂ ਇਨ੍ਹਾਂ ਝੜਪਾਂ ਅੰਦਰ 141 ਵਿਅਕਤੀ ਮਾਰੇ ਗਏ ਅਤੇ 586 ਜ਼ਖਮੀ ਹੋਏ। ‘‘ ਇਉਂ ਲਗਭਗ ਦੋ ਹਫਤੇ ਸਮੁੱਚਾ ਭਾਰਤ ਭਗਤ ਸਿੰਘ ਨੂੰ ਫਾਂਸੀ ਖ਼ਿਲਾਫ਼ ਗੁੱਸੇ ਅਤੇ ਸ਼ੋਕ ਵਿੱਚ ਗ੍ਰਸਤ ਰਿਹਾ। ਕਾਂਗਰਸ ਦੇ ਕਰਾਚੀ ਸੈਸ਼ਨ ਦੌਰਾਨ ਦੋ ਲੱਖ ਲੋਕਾਂ ਨੇ ਰੋਸ ਜਲੂਸ ਕੱਢਿਆ। “ਗਾਂਧੀ, ਨਹਿਰੂ, ਪਟੇਲ -ਵਾਪਸ ਜਾਓ’’ ਦੇ ਨਾਅਰੇ ਲਾਏ ਅਤੇ ਗਾਂਧੀ ਨੂੰ ਕਾਲੇ ਫੁੱਲ ਭੇਂਟ ਕੀਤੇ ਗਏ।


 ਅੰਗਰੇਜ਼ਾਂ ਦੀਆਂ ਦਬਾਊ ਅਤੇ ਗਾਂਧੀ ਦੀਆਂ  ਭੜਕਾਊ ਕੋਸ਼ਿਸ਼ਾਂ ਦੇ ਬਾਵਜੂਦ ਵੀ ਭਗਤ ਸਿੰਘ ਲੋਕਾਂ ਦੇ ਦਿਲਾਂ ਅੰਦਰ ੳੱੁਤਰ ਗਿਆ। ਰਮਤੇ ਗਾਇਕਾਂ  ਨੇ ਉਸ ਦੀਆਂ ‘‘ਘੋੜੀਆਂ’’, ਜੋੜੀਆਂ ਅਤੇ ਪਿੰਡ ਪਿੰਡ ਅੰਦਰ ਗਾਉਂਦੇ ਫਿਰਨ ਲੱਗੇ। ਕਵੀਸ਼ਰਾਂ ਅਤੇ ਢਾਡੀਆਂ ਨੇ ਭਗਤ ਸਿੰਘ ਦੀਆਂ ਵਾਰਾਂ ਲਿਖੀਆਂ ਅਤੇ ਗਾਈਆਂ। ਕਵੀਆਂ ਨੇ ਭਗਤ ਸਿੰਘ ਦੇ ਕਿੱਸੇ ਲਿਖੇ। ਇਉਂ ਭਗਤ ਸਿੰਘ ਭਾਰਤੀ ਲੋਕਾਂ ਦਾ ਸਭ ਤੋਂ ਮਹਿਬੂਬ ਸ਼ਹੀਦ ਨਾਇਕ ਬਣ ਗਿਆ। ਭਾਵੇਂ ਭਗਤ ਸਿੰਘ ਨੂੰ ਸ਼ਹੀਦ ਕਰਕੇ ਸਾਮਰਾਜੀਆਂ ਅਤੇ ਉਨ੍ਹਾਂ ਦੇ ਦਲਾਲ ਕਾਂਗਰਸੀਆਂ ਨੇ -1947 ਵਿੱਚ ਕੀਤੇ ਸਮਝੌਤੇ ਲਈ ਰਾਹ ਪੱਧਰਾ ਕਰ ਲਿਆ ਸੀ, ਪਰ ਭਗਤ ਸਿੰਘ ਦਾ ਮਹਿਬੂਬ ਨਾਇਕ ਦਾ ਬਿੰਬ, ਉਸਦੇ “ਇਨਕਲਾਬ ਜ਼ਿੰਦਾਬਾਦ’’ ਅਤੇ “ਸਾਮਰਾਜਵਾਦ ਮੁਰਦਾਬਾਦ’’ ਦੇ ਨਾਅਰੇ ਅਤੇ ਉਸ ਦੇ ਪਰਪੱਕ ਇਨਕਲਾਬੀ ਸੋਝੀ ਨਾਲ ਭਰਪੂਰ ਲਿਖਤਾਂ ਤੇ ਵਿਚਾਰ ਮਜਦੂਰਾਂ, ਮਿਹਨਤਕਸ਼ਾਂ, ਨੌਜਵਾਨਾਂ ਅਤੇ ਇਨਕਲਾਬ ਤਾਂਘਦੇ ਨਿੱਤ ਨਵੇਂ ਤੁਰਨ ਵਾਲੇ ਕਾਫਲਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਏ। ਇਨਕਲਾਬ ਦੀ ਅਟੱਲਤਾ ਤੇ ਲੋਕਾਂ ਦੀ ਇਤਿਹਾਸ ਸਿਰਜਣ ਦੀ ਸ਼ਕਤੀ ਅਗੰਮੀ ਸ਼ਕਤੀ ਬਣ ਗਏ। ਉਸ ਦੇ ਰੋਮ ਰੋਮ ਵਿਚੋਂ ਝਲਕਦੀ ਆਪਾ ਵਾਰੂ ਭਾਵਨਾ, ਇਨਕਲਾਬੀ ਧੜੱਲਾ, ਕਰਮਸ਼ੀਲਤਾ ਨਵੇਂ ਉੱਠ ਰਹੇ ਇਨਕਲਾਬੀਆਂ ਲਈ ਮਿਸਾਲ ਬਣ ਗਏ। ਇਉਂ ਭਗਤ ਸਿੰਘ, ਸ਼ਹੀਦ ਹੋ ਕੇ, ਅਮਰ ਹੋ ਗਿਆ ਅਤੇ ਸਾਮਰਾਜਵਾਦੀਆਂ ਅਤੇ ਗਾਂਧੀਵਾਦੀਆਂ ਲਈ ਸਦਾ ਲਈ ਹਊਆ ਬਣ ਗਿਆ।


(ਇਹ ਲਿਖਤ ਸੁਨੀਤੀ ਕੁਮਾਰ ਘੋਸ਼ ਦੀ ਕਿਤਾਬ “ਇੰਡੀਆ ਐਂਡ ਦਾ ਰਾਜ’’ (ਗਰੰਥ ਪਹਿਲਾ) ਦੀ ਇਬਾਰਤ  ’ਤੇ ਆਧਾਰਤ ਹੈ ।)   

ਵਿਵੇਕਸ਼ੀਲ ਆਗੂ ਸ਼ਹੀਦ ਭਗਤ ਸਿੰਘ ਵਿਗਿਆਨਕ ਸਮਾਜਵਾਦ ਦੇ ਵੱਲ ਨੂੰ

 ਸ਼ਿਵ ਵਰਮਾ ਦੀਆਂ ਨਜ਼ਰਾਂ ’ਚ.....

ਵਿਵੇਕਸ਼ੀਲ ਆਗੂ  ਸ਼ਹੀਦ ਭਗਤ ਸਿੰਘ
ਵਿਗਿਆਨਕ ਸਮਾਜਵਾਦ ਦੇ ਵੱਲ ਨੂੰ

---------------------------

ਹਿੰਦੁਸਤਾਨੀ ਸਮਾਜਵਾਦੀ ਪਰਜਾਤੰਤਰ ਸੰਘ ਦੇ ਬਹੁਤੇ ਪ੍ਰਮੁੱਖ ਆਗੂ 1929 ਦੇ ਮੱਧ ਤੱਕ ਗਿ੍ਰਫਤਾਰ ਕਰਕੇ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ ਸਨ, ਜਿੱਥੇ ਉਹਨਾਂ ਨੂੰ ਪੜ੍ਹਨ ਅਤੇ ਵਿਚਾਰ-ਵਟਾਂਦਰਾ ਕਰਨ ਦਾ ਭਰਪੂਰ ਮੌਕਾ ਮਿਲਿਆ। ਇਸ ਨਾਲ ਉਹਨਾਂ ਦੇ ਅੰਦਰ ਜੋ ਨਵੀਂ ਸਮਝ ਪੈਦਾ ਹੋਈ ਸੀ, ਉਸਦੇ ਆਧਾਰ ’ਤੇ ਉਹਨਾਂ ਨੇ ਆਪਣੇ  ਪੂਰੇ ਅਤੀਤ ਨੂੰ, ਖਾਸ ਤੌਰ ’ਤੇ ਵਿਅਕਤੀਗਤ   ਸਰਗਰਮੀਆਂ ਅਤੇ ਸੂਰਬੀਰਤਾ ਦੇ ਪ੍ਰਦਰਸ਼ਨ ਦੇ ਆਦਰਸ਼ ਨੂੰ ਨਵੇਂ ਸਿਰੇ ਤੋਂ ਜਾਂਚਿਆ, ਪਰਖਿਆ ਅਤੇ ਆਪਣੀ ਹੁਣ ਤੱਕ ਦੀ ਕਾਰਜ ਪ੍ਰਣਾਲੀ ਨੂੰ ਛੱਡ ਕੇ ਸਮਾਜਵਾਦੀ ਰਾਜ ਦਾ ਰਾਹ ਅਪਣਾਉਣ ਦਾ ਨਿਸ਼ਚਾ ਕੀਤਾ। ਗਹਿਨ ਅਧਿਐਨ ਅਤੇ ਬੋਸਟਨ ਜੇਲ੍ਹ ਵਿਚ ਦੂਜੇ ਸਾਥੀਆਂ ਨਾਲ ਲੰਬੇ ਵਿਚਾਰ ਵਟਾਂਦਰੇ ਦੇ ਬਾਅਦ ਭਗਤ ਸਿੰਘ ਇਸ ਨਿਰਣੇ ’ਤੇ ਪਹੁੰਚੇ ਕਿ ਏਥੇ ਉੱਥੇ ਕੁੱਝ ਮੁਖਬਰਾਂ ਤੇ ਸਰਕਾਰੀ ਅਫਸਰਾਂ ਦੀਆਂ ਵਿਅਕਤੀਗਤ ਹੱਤਿਆਵਾਂ ਨਾਲ ਟੀਚੇ ਦੀ ਪ੍ਰਾਪਤੀ ਨਹੀਂ ਹੋ ਸਕਦੀ। 

ਭਗਤ ਸਿੰਘ ਨੇ 19 ਅਕਤੂਬਰ 1929 ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੀ ਕਾਂਗਰਸ ਦੇ ਨਾਂ ਇਕ ਸੰਦੇਸ਼ ਭੇਜਿਆ ਸੀ, ਜਿਸ ਵਿਚ ਉਨਾਂ ਨੇ ਕਿਹਾ ਸੀ, ‘‘ਅੱਜ ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਬਣਾਉਣ ਦੇ ਵਾਸਤੇ ਨਹੀਂ ਆਖ ਸਕਦੇ।  ਇਹਨਾਂ ਨੇ ਉਦਯੋਗਕ ਖੇਤਰਾਂ ਦੀਆਂ ਗੰਦੀਆਂ ਬਸਤੀਆਂ ਵਿਚ ਅਤੇ ਪਿੰਡਾਂ ਦੀਆਂ ਟੁੱਟੀਆਂ ਫੁੱਟੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਕਰੋੜਾਂ ਲੋਕਾਂ ਨੂੰ ਜਗਾਉਣਾ ਹੈ।’’

2 ਫਰਵਰੀ 1931 ਨੂੰ ਉਹਨਾਂ ਨੇ ‘ਨੌਜਵਾਨ ਰਾਜਨੀਤਕ ਕਾਰਕੁੰਨਾਂ ਦੇ ਨਾਂ’ ਇੱਕ ਅਪੀਲ ਲਿਖੀ ਸੀ ਜਿਸ ਵਿਚ ਉਹਨਾਂ ਨੇ ਆਮ ਲੋਕਾਂ ਵਿਚ ਕੰਮ ਕਰਨ ਦੇ ਮਹੱਤਵ ਨੂੰ ਵਾਰ ਵਾਰ ਰੇਖਾਂਕਿਤ ਕੀਤਾ ਸੀ। ਉਹਨਾਂ ਨੇ ਕਿਹਾ ਸੀ, ‘‘ਪਿੰਡਾਂ ਅਤੇ ਕਾਰਖਾਨਿਆਂ ਵਿਚ ਕਿਸਾਨ-ਮਜ਼ਦੂਰ ਹੀ ਅਸਲੀ ਇਨਕਲਾਬੀ ਸਿਪਾਹੀ ਹਨ।’’

ਏਸੇ ਅਪੀਲ ਵਿਚ  ਭਗਤ ਸਿੰਘ ਨੇ ਬਲਪੂਰਵਕ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਹ ਆਤੰਕਵਾਦੀ ਹਨ। ਉਹਨਾਂ ਦਾ ਕਹਿਣਾ ਸੀ, ‘‘ਮੈਂ ਇੱਕ ਆਤੰਕਵਾਦੀ ਦੀ ਭਾਂਤੀ ਕੰਮ ਕੀਤਾ ਹੈ। ਪ੍ਰੰਤੂ ਮੈਂ ਆਤੰਕਵਾਦੀ ਨਹੀਂ ਹਾਂ। ਮੈਂ ਤਾਂ ਅਜਿਹਾ ਇਨਕਲਾਬੀ ਹਾਂ ਜਿਸ ਦੇ ਕੋਲ ਇੱਕ ਲੰਬਾ ਪ੍ਰੋਗਰਾਮ ਅਤੇ ਉਸ ਦੇ ਬਾਰੇ ਸੁਨਿਸ਼ਚਿਤ ਵਿਚਾਰ ਹੁੰਦੇ ਹਨ। ਮੈਂ ਪੂਰੀ ਤਾਕਤ ਦੇ ਨਾਲ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਤੰਕਵਾਦੀ ਨਹੀਂ ਹਾਂ ਅਤੇ ਕਦੇ ਸੀ ਵੀ ਨਹੀਂ, ਕਦਾਚਿੱਤ ਉਹਨਾਂ ਕੁੱਝ ਦਿਨਾਂ ਨੂੰ ਛੱਡਕੇ ਜਦੋਂ ਮੈਂ ਆਪਣੇ ਇਨਕਲਾਬੀ ਜੀਵਨ ਦੀ ਸ਼ੁਰੂਆਤ ਕਰ ਰਿਹਾ ਸੀ। ਮੈਨੂੰ ਵਿਸ਼ਵਾਸ਼ ਹੈ ਕਿ ਅਸੀ ਅਜਿਹੇ ਤਰੀਕਿਆਂ ਨਾਲ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ।’’ ਉਹਨਾਂ ਨੇ ਨੌਜਵਾਨ ਰਾਜਨੀਤਕ ਕਾਰਕੁੰਨਾਂ ਨੂੰ ਸਲਾਹ ਦਿੱਤੀ ਕਿ ਉਹ ਮਾਰਕਸ ਅਤੇ ਲੈਨਿਨ ਦਾ ਅਧਿਐਨ ਕਰਨ, ਉਹਨਾਂ ਦੀ ਸਿੱਖਿਆ ਨੂੰ ਆਪਣਾ ਮਾਰਗ ਦਰਸ਼ਕ ਬਣਾਉਣ। ਲੋਕਾਂ ਦੇ ਵਿਚ ਜਾਣ। ਮਜ਼ਦੂਰਾਂ, ਕਿਸਾਨਾਂ ਅਤੇ ਪੜ੍ਹੇ ਲਿਖੇ ਮੱਧਵਰਗੀ ਨੌਜਵਾਨਾਂ ਵਿਚ ਕੰਮ ਕਰਨ, ਉਹਨਾਂ ਨੂੰ ਰਾਜਨੀਤਕ ਨਜ਼ਰੀਏ ਤੋਂ ਸਿੱਖਿਅਤ ਕਰਨ, ਉਹਨਾਂ ਵਿਚ ਵਰਗ ਚੇਤਨਾ ਪੈਦਾ ਕਰਨ, ਉਹਨਾਂ ਨੂੰ ਯੂਨੀਅਨਾਂ ਵਿਚ ਸੰਗਠਿਤ ਕਰਨ ਆਦਿ। ਉਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਇਹ ਸਾਰਾ ਕੰਮ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਲੋਕਾਂ ਦੀ ਇੱਕ ਆਪਣੀ ਪਾਰਟੀ ਨਾ ਹੋਵੇ, ਉਹ ਕਿਸ ਤਰ੍ਹਾਂ ਦੀ ਪਾਰਟੀ ਚਾਹੁੰਦੇ ਸਨ, ਇਸ ਦਾ ਖੁਲਾਸਾ ਕਰਦੇ ਹੋਏ ਉਹਨਾਂ ਨੇ ਲਿਖਿਆ ਸੀ,‘‘ਸਾਨੂੰ ਪੇਸ਼ੇਵਰ ਇਨਕਲਾਬੀਆਂ ਦੀ ਜ਼ਰੂਰਤ ਹੈ-ਇਹ ਸ਼ਬਦ ਲੈਨਿਨ ਨੂੰ ਬਹੁਤ ਪਿਆਰਾ ਸੀ, ਕੁਲਵਕਤੀ ਕਾਰਕੁੰਨਾਂ ਦੀ, ਜਿਹਨਾਂ ਦੀ ਇਨਕਲਾਬ ਦੇ ਸਿਵਾਏ ਹੋਰ ਕੋਈ ਤਮੰਨਾ ਨਾ ਹੋਵੇ, ਨਾ ਜ਼ਿੰਦਗੀ ਦਾ ਕੋਈ ਦੂਜਾ ਉਦੇਸ਼ ਹੋਵੇ। ਅਜਿਹੇ ਕਾਰਕੁੰਨ ਜਿੰਨੀ ਵੱਡੀ ਸੰਖਿਆ ਵਿੱਚ ਇੱਕ ਪਾਰਟੀ ਦੇ ਰੂਪ ਵਿੱਚ ਸੰਗਠਿਤ ਹੋਣਗੇ, ਉਨੀ ਹੀ ਤੁਹਾਡੀ ਕਾਮਯਾਬੀ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ’’

ਉਹਨਾਂ ਨੇ ਅੱਗੇ ਲਿਖਿਆ,‘‘ਯੋਜਨਾਬੱਧ ਢੰਗ ਨਾਲ ਅੱਗੇ ਵਧਣ ਦੇ ਵਾਸਤੇ ਤੁਹਾਨੂੰ ਜਿਸ ਦੀ ਸਭ ਤੋਂ ਵੱਧ ਲੋੜ ਹੈ ਉਹ ਹੈ ਇੱਕ ਪਾਰਟੀ ਜਿਸ ਕੋਲੇ ਜਿਸ ਕਿਸਮ ਦੇ ਕਾਰਕੁੰਨਾਂ ਦਾ ਉੱਪਰ ਜ਼ਿਕਰ ਕੀਤਾ ਜਾ ਚੁੱਕਿਆ ਹੈ ਵੈਸੇ ਕਾਰਕੁੰਨ ਹੋਣ-ਅਜਿਹੇ ਕਾਰਕੁੰਨ ਜਿਹਨਾਂ ਦੇ ਦਿਮਾਗ ਸਪਸ਼ਟ ਹੋਣ ਅਤੇ ਸਮੱਸਿਆਵਾਂ ਦੀ ਤਿੱਖੀ ਪਕੜ ਹੋਵੇ ਅਤੇ ਪਹਿਲ ਕਰਨ ਅਤੇ ਤੁਰੰਤ ਫੈਸਲਾ ਲੈਣ ਦੀ ਸਮਰੱਥਾ ਹੋਵੇ। ਇਸ ਪਾਰਟੀ ਦਾ ਅਨੁਸ਼ਾਸਨ ਬਹੁਤ ਕਠੋਰ ਹੋਵੇਗਾ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਭੂਮੀਗਤ ਪਾਰਟੀ ਹੋਵੇ, ਬਲਕਿ ਭੂਮੀਗਤ (ਅੰਡਰ ਗਾਰਾਉੂਂਡ) ਨਹੀਂ ਹੋਣੀ ਚਾਹੀਦੀ। ਪਾਰਟੀ ਨੂੰ ਆਪਣੇ ਕੰਮ ਦੀ ਸ਼ੁਰੂਆਤ ਲੋਕਾਂ ਦੇ ਵਿੱਚ ਪ੍ਰਚਾਰ ਨਾਲ ਕਰਨੀ ਚਾਹੀਦੀ ਹੈ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਗਠਤ ਕਰਨ ਅਤੇ ਉਹਨਾਂ ਦੀ ਸਰਗਰਮ ਸਹਾਨਭੂਤੀ (ਹਮਦਰਦੀ) ਪ੍ਰਾਪਤ ਕਰਨ ਦੇ ਵਾਸਤੇ ਇਹ ਬਹੁਤ ਜ਼ਰੂਰੀ ਹੈ। ਇਸ ਪਾਰਟੀ ਨੂੰ ਕਮਿਊਨਿਸਟ ਪਾਰਟੀ ਦਾ ਨਾਂ ਦਿੱਤਾ ਜਾ ਸਕਦਾ ਹੈ।’’ 

ਏਥੇ ਭਗਤ ਸਿੰਘ ਸ਼ਰੇਆਮ ਮਾਰਕਸਵਾਦ, ਕਮਿਊਨਿਜ਼ਮ ਅਤੇ ਕਮਿਊੁਨਿਸਟ ਪਾਰਟੀ ਦੀ ਵਕਾਲਤ ਕਰਦੇ ਵਿਖਾਈ ਦਿੰਦੇ ਹਨ। 


ਇਨਕਲਾਬ ਦੀ ਪ੍ਰੀਭਾਸ਼ਾ

ਇਨਕਲਾਬ ਦੇ ਸੰਬੰਧ ਵਿਚ ਭਗਤ ਸਿੰਘ ਦੇ ਵਿਚਾਰ ਬਹੁਤ ਸਪਸ਼ਟ ਸਨ। ਹੇਠਲੀ ਅਦਾਲਤ ਵਿਚ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਇਨਕਲਾਬ ਸ਼ਬਦ ਤੋਂ ਤੁਹਾਡਾ ਕੀ ਮਤਲਬ ਹੈ, ਤਾਂ ਜਵਾਬ ਵਿੱਚ ਉਹਨਾਂ ਨੇ ਕਿਹਾ ਸੀ, ‘‘ਇਨਕਲਾਬ ਦੇ ਵਾਸਤੇ ਖੂਨੀ ਸੰਘਰਸ਼ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਉਸ ਵਿਚ ਵਿਅਕਤੀ ਪ੍ਰਤੀ ਹਿੰਸਾ ਦੀ ਕੋਈ ਥਾਂ ਹੈ। ਉਹ ਬੰਬ ਅਤੇ ਪਿਸਤੌਲ ਦੀ ਸੰਸਕਿਰਤੀ ਨਹੀਂ ਹੈ। ਇਨਕਲਾਬ ਤੋਂ ਸਾਡਾ ਮਤਲਬ ਇਹ ਹੈ ਵਰਤਮਾਨ ਪ੍ਰਬੰਧ , ਜੋ ਖੁੱਲ੍ਹੇ ਤੌਰ ’ਤੇ ਅਨਿਆਂ, ਬੇਇਨਸਾਫੀ ਉੱਪਰ ਟਿਕੀ ਹੋਈ ਹੈ, ਬਦਲਣੀ ਚਾਹੀਦੀ ਹੈ।’’ ਆਪਣੀ ਗੱਲ ਨੂੰ ਹੋਰ ਵੱਧ ਸਪਸ਼ਟ ਕਰਦੇ ਹੋਏ ਉਹਨਾਂ ਕਿਹਾ ਸੀ, ‘‘ਇਨਕਲਾਬ ਤੋਂ ਸਾਡਾ ਮਤਲਬ ਇੱਕ ਅਜਿਹੀ ਸਮਾਜਕ ਪ੍ਰਬੰਧ ਦੀ ਸਥਾਪਨਾ ਤੋਂ ਹੈ, ਜਿਸ ਨੂੰ ਇਸ ਕਿਸਮ ਦੇ ਘਾਤਕ ਖਤਰਿਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਿਸ ਵਿਚ ਪ੍ਰੋਲੇਤਾਰੀ ਜਮਾਤ ਦੀ ਪ੍ਰਭੂਸਤਾ ਨੂੰ ਮਾਨਤਾ ਹੋਵੇ ਅਤੇ ਇੱਕ ਵਿਸ਼ਵ ਸੰਘ ਮਾਨਵ ਜਾਤੀ ਨੂੰ ਪੂੰਜੀਵਾਦ ਦੇ ਬੰਧਨ ਤੋਂ ਅਤੇ ਸਾਮਰਾਜਵਾਦੀ ਯੁੱਧਾਂ ਤੋਂ ਪੈਦਾ ਹੋਣ ਵਾਲੀ ਬਰਬਾਦੀ ਅਤੇ ਮੁਸੀਬਤਾਂ ਤੋਂ ਬਚਾ ਸਕੇ। ’’

ਸਮਾਜਵਾਦ ਦੀ ਦਿਸ਼ਾ ਵਿਚ ਭਗਤ ਸਿੰਘ ਦੀ ਸਿਧਾਂਤਕ ਤਰੱਕੀ ਦੀ ਰਫਤਾਰ ਬਹੁਤ ਤੇਜ਼ ਸੀ। ਉਹਨਾਂ ਨੇ 1924 ਤੋਂ 1928 ਦੇ ਵਿਚਕਾਰ ਵਿਭਿੰਨ ਵਿਸ਼ਿਆਂ ਦਾ ਵਿਸਥਾਰਪੂਰਵਕ ਅਧਿਐਨ ਕੀਤਾ। ਲਾਲਾ ਲਾਜਪਤ ਰਾਏ ਦੀ ਦਵਾਰਕਾ ਦਾਸ ਲਾਇਬਰੇਰੀ ਦੇ ਪ੍ਰਧਾਨ ਰਾਜ ਰਾਮ ਸ਼ਾਸਤਰੀ ਦੇ ਅਨੁਸਾਰ ਉਹਨੀਂ ਦਿਨੀਂ ਭਗਤ ਸਿੰਘ ਦਰਅਸਲ ‘‘ਕਿਤਾਬਾਂ ਨੂੰ ਨਿਗਲਿਆ ਕਰਦਾ ਸੀ।’’ ਉਹਨਾਂ ਦੇ ਪਿਆਰੇ ਵਿਸ਼ੇ ਸਨ ਰੂਸੀ ਇਨਕਲਾਬ, ਸੋਵੀਅਤ ਸੰਘ, ਆਇਰਲੈਂਡ, ਫਰਾਂਸ ਅਤੇ ਭਾਰਤ ਦਾ ਇਨਕਲਾਬੀ ਅੰਦੋਲਨ, ਅਰਾਜਕਤਾਵਾਦ ਅਤੇ ਮਾਰਕਸਵਾਦ। ਉਹਨਾਂ ਨੇ ਅਤੇ ਉਸ ਦੇ ਸਾਥੀਆਂ ਨੇ 1928 ਦੇ ਅੰਤ ਤੱਕ ਸਮਾਜਵਾਦ ਨੂੰ ਆਪਣੇ ਅੰਦੋਲਨ ਦਾ ਅੰਤਿਮ ਉਦੇਸ਼ ਐਲਾਨ ਕਰ ਦਿੱਤਾ ਸੀ ਅਤੇ ਆਪਣੀ ਪਾਰਟੀ ਦਾ ਨਾਂ ਵੀ ਇਸ ਅਨੁਸਾਰ ਬਦਲ ਲਿਆ ਸੀ। ਉਹਨਾਂ ਦੀ ਇਹ ਸਿਧਾਂਤਕ ਤਰੱਕੀ ਉਹਨਾਂ ਦੇ ਫਾਂਸੀ ਉਤੇ ਚੜ੍ਹਨ ਦੇ ਦਿਨ ਤੱਕ ਜਾਰੀ ਰਹੀ। 

ਰੱਬ ਅਤੇ ਧਰਮ ਦੇ ਸੰਬੰਧ ਵਿੱਚ

ਰੱਬ, ਧਰਮ ਅਤੇ ਰਹੱਸਵਾਦ ਬਾਰੇ ਭਗਤ ਸਿੰਘ ਦੇ ਵਿਚਾਰਾਂ ਦੇ ਸੰਬੰਧ ਵਿਚ ਕੁੱਝ ਸ਼ਬਦ ਆਖੇ ਬਗੈਰ ਇਹ ਭੂਮਿਕਾ ਅਧੂਰੀ ਰਹਿ ਜਾਵੇਗੀ। ਇਹ ਇਸ ਵਾਸਤੇ ਵੀ ਜ਼ਰੂਰੀ ਹੈ ਕਿ ਅੱਜ ਹਰ ਤਰ੍ਹਾਂ ਦੇ ਪਿਛਾਂਹ ਖਿੱਚੂ, ਰੂੜੀਵਾਦੀ ਅਤੇ ਫਿਰਕਾਪ੍ਰਸਤ ਲੋਕ ਭਗਤ ਸਿੰਘ ਅਤੇ ਚੰਦਰ ਸ਼ੇਖਰ ਦੇ ਨਾਂ ਅਤੇ ਸ਼ੋਭਾ ਨੂੰ ਆਪਣੀ ਨਿੱਜ ਦੀ ਰਾਜਨੀਤੀ ਅਤੇ ਵਿਚਾਰਧਾਰਾ ਦੇ ਪੱਖ ਵਿਚ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। 

ਆਪਣੇ ਆਪ ਨੂੰ ਨਾਸਤਿਕ ਆਖਦੇ ਹੋਏ, ਭਗਤ ਸਿੰਘ ਨੇ ਸ਼ੁਰੂ ਦੇ ਇਨਕਲਾਬੀਆਂ ਦੇ ਤਰੀਕੇ ਅਤੇ ਦਿ੍ਰਸ਼ਟੀਕੋਣ ਦੇ ਵਾਸਤੇ ਪੂਰਾ ਆਦਰ ਪ੍ਰਗਟਾਇਆ ਹੈ ਅਤੇ ਉਹਨਾਂ ਦੀ ਧਾਰਮਿਕਤਾ (ਧਰਮ-ਸ਼ਰਧਾ) ਦੇ ਸਰੋਤਾਂ ਦੀ ਪੜਤਾਲ ਕੀਤੀ ਹੈ। ਉਹ ਇਸ਼ਾਰਾ ਕਰਦੇ ਹਨ ਕਿ ਆਪਣੇ ਖੁਦ ਦੇ ਰਾਜਨੀਤਕ ਕਾਰਜਾਂ ਦੀ ਵਿਗਿਆਨਕ ਸਮਝ ਦੀ ਘਾਟ ਵਿੱਚ ਉਹਨਾਂ ਇਨਕਲਾਬੀਆਂ ਨੂੰ  ਆਪਣੀ ਅਧਿਆਤਮਕਤਾ ਦੀ ਹਿਫ਼ਾਜ਼ਤ ਕਰਨ, ਵਿਅਕਤੀਗਤ ਲਾਲਚਾਂ ਦੇ ਵਿਰੁੱਧ ਸੰਘਰਸ਼ ਕਰਨ, ਵਿਨਾਸ਼ ਤੋਂ ਬਾਹਰ ਨਿੱਕਲਣ, ਭੌਤਿਕ ਸੁੱਖਾਂ ਅਤੇ ਆਪਣੇ ਪਰਿਵਾਰਾਂ ਦੇ ਜੀਵਨ ਤੱਕ ਨੂੰ ਤਿਆਗਣ ਦੀ ਸ਼ਕਤੀ ਜੁਟਾਉਣ ਦੇ ਵਾਸਤੇ ਵਿਵੇਕਹੀਣ ਵਿਸ਼ਵਾਸ਼ਾਂ ਅਤੇ ਰਹੱਸਵਾਦਤਾ ਦੀ ਜ਼ਰੂਰਤ ਸੀ। ਇੱਕ ਵਿਅਕਤੀ ਜਦੋਂ ਲਗਾਤਾਰ ਆਪਣੇ ਜੀਵਨ ਨੂੰ ਜੋਖ਼ਮ ਵਿਚ ਪਾਉਣ ਅਤੇ ਹੋਰ ਸਾਰੇ ਬਲੀਦਾਨ ਕਰਨ ਦੇ ਵਾਸਤੇ ਤਿਆਰ ਹੁੰਦਾ ਹੈ ਤਾਂ ਉਸ ਨੂੰ ਪ੍ਰੇਰਣਾ ਦੇ ਡੂੰਘੇ ਸਰੋਤ ਦੀ ਲੋੜ ਹੁੰਦੀ ਹੈ। ਸ਼ੁਰੂ ਦੇ ਇਨਕਲਾਬੀ ਆਤੰਕਵਾਦੀਆਂ ਦੀ ਇਹ ਲਾਜ਼ਮੀ ਲੋੜ ਰਹੱਸਵਾਦ ਅਤੇ ਧਰਮ ਤੋਂ ਪੂਰੀ ਹੁੰਦੀ ਸੀ। ਪ੍ਰੰਤੂ ਉਹਨਾਂ ਲੋਕਾਂ ਨੂੰ ਅਜਿਹੇ ਸਰੋਤਾਂ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਨਹੀਂ ਰਹਿ ਗਈ ਸੀ ਜੋ ਆਪਣੀਆਂ ਸਰਗਰਮੀਆਂ ਦੀ ਪ੍ਰਕਿਰਤੀ ਨੂੰ ਸਮਝਦੇ ਸਨ, ਜੋ ਇਨਕਲਾਬੀ ਵਿਚਾਰਧਾਰਾ ਦੀ ਦਿਸ਼ਾ ਵਿਚ ਅੱਗੇ ਵਧ ਚੁੱਕੇ ਸਨ, ਜੋ ਬਨਾਵਟੀ ਅਧਿਆਤਮਕਤਾ ਦੀਆਂ  ਬੈਸਾਖੀਆਂ ਲਾਏ ਬਗੈਰ ਬੇਇਨਸਾਫੀਆਂ ਦੇ ਵਿਰੁੱਧ ਸੰਘਰਸ਼ ਕਰ ਸਕਦੇ ਸਨ, ਜੋ ਸਵਰਗ ਅਤੇ ਮੁਕਤੀ ਦੇ ਲਾਲਚਾਂ ਅਤੇ ਭਰੋਸਿਆਂ ਦੇ ਬਿਨਾ ਹੀ ਵਿਸ਼ਵਾਸ਼ ਦੇ ਨਾਲ ਅਤੇ ਨਿੱਡਰ ਭਾਵਨਾ ਨਾਲ ਫਾਂਸੀ ਦੇ ਤਖਤੇ ’ਤੇ  ਚੜ੍ਹ ਸਕਦੇ ਸਨ, ਜੋ ਦੱਬੇ ਕੁਚਲਿਆਂ ਦੀ ਮੁਕਤੀ ਅਤੇ ਸੁਤੰਤਰਤਾ ਦੇ ਪੱਖ ਵਿਚ ਇਸ ਲਈ ਲੜੇ ਕਿਉਕਿ ਲੜਨ ਤੋਂ ਇਲਾਵਾ ਹੋਰ ਕੋਈ ਰਸਤਾ ਹੀ ਨਹੀਂ ਸੀ।

ਅਸੈਂਬਲੀ ਬੰਬ ਕੇਸ ਦੀ ਅਪੀਲ ਦੇ ਦੌਰਾਨ ਲਾਹੌਰ ਹਾਈ ਕੋਰਟ ਵਿੱਚ ਬਿਆਨ ਦਿੰਦੇ ਹੋਇਆਂ ਭਗਤ ਸਿੰਘ ਨੇ ਵਿਚਾਰਾਂ ਦੀ ਮਹੱਤਤਾ ਉੱਪਰ ਜ਼ੋਰ ਦਿੰਦਿਆਂ ਆਖਿਆ, ‘‘ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਕੀਤੀ ਜਾਂਦੀ ਹੈ।’’ ਅਤੇ ਉਸ ਦੇ ਆਧਾਰ ’ਤੇ ਉਹਨਾਂ ਨੇ ਇਹ ਸੂਤਰ ਪ੍ਰਸਤੁਤ ਕੀਤਾ ਸੀ ਕਿ, ‘‘ਅਲੋਚਨਾ ਅਤੇ ਸੁਤੰਤਰ ਵਿਚਾਰ ਕਿਸੇ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹਨ।’’ ਅਤੇ ਕਿਹਾ ਕਿ, ‘‘ਜੋ ਆਦਮੀ ਤਰੱਕੀ ਦੇ ਵਾਸਤੇ ਸੰਘਰਸ਼ ਕਰਦਾ ਹੈ ਉਸ ਨੂੰ ਪੁਰਾਣੇ ਵਿਸ਼ਵਾਸ਼ਾਂ ਦੀ ਇੱਕ ਇੱਕ ਗੱਲ ਦੀ ਅਲੋਚਨਾ ਕਰਨੀ ਹੋਵੇਗੀ, ਉਸ ਉੱਪਰ ਬੇਭਰੋਸਗੀ ਕਰਨੀ ਹੋਵੇਗੀ ਅਤੇ ਉਸ ਨੂੰ ਚੁਣੌਤੀ ਦੇਣੀ ਹੋਵੇਗੀ। ਇਸ ਪ੍ਰਚੱਲਤ ਵਿਸ਼ਵਾਸ਼ ਦੇ ਇੱਕ ਇੱਕ ਖੂੰਜੇ ਵਿਚ ਝਾਕ ਕੇ ਉਸ ਨੂੰ ਤਰਕਪੂਰਵਕ ਸਮਝਣਾ ਹੋਵੇਗਾ।’’ ਉਹਨਾਂ ਨੇ ਦਿ੍ਰੜ੍ਹਤਾ ਦੇ ਨਾਲ ਆਖਿਆ ਸੀ ਕਿ ‘‘ਨਿਰਾ ਵਿਸ਼ਵਾਸ਼ ਅਤੇ ਅੰਧਵਿਸ਼ਵਾਸ਼ ਖਤਰਨਾਕ ਹੈ, ਇਸ ਨਾਲ ਦਿਮਾਗ ਕੁੰਠਤ ਹੁੰਦਾ ਹੈ ਅਤੇ ਆਦਮੀ ਪਿਛਾਂਹ-ਖਿੱਚੂ ਬਣ ਜਾਂਦਾ ਹੈ।’’ 

ਭਗਤ ਸਿੰਘ ਸਵੀਕਾਰ ਕਰਦੇ ਸਨ ਕਿ ‘‘ਰੱਬ ਵਿਚੋਂ ਕਮਜ਼ੋਰ ਆਦਮੀ ਨੂੰ ਜਬਰਦਸਤ ਭਰੋਸਾ ਅਤੇ ਸਹਾਰਾ ਮਿਲਦਾ ਹੈ ਅਤੇ ਵਿਸ਼ਵਾਸ਼ ਉਸ ਦੀਆਂ ਮੁਸ਼ਕਲਾਂ ਨੂੰ ਆਸਾਨ ਨਹੀਂ ਬਲਕਿ ਸੁਖਮਈ ਵੀ ਬਣਾ ਦਿੰਦਾ ਹੈ।’’ ਉਹ ਇਹ ਵੀ ਜਾਣਦੇ ਸਨ ਕਿ ‘‘ਹਨੇਰੀ ਅਤੇ ਝੱਖੜ ਦੌਰਾਨ ਆਪਣੇ ਪੈਰਾਂ ਉੱਤੇ ਖੜ੍ਹੇ ਰਹਿਣਾ ਕੋਈ ਬੱਚਿਆਂ ਦੀ ਖੇਡ ਨਹੀਂ।’’ ਪ੍ਰੰਤੂ ਉਹ ਸਹਾਰੇ ਦੇ ਵਾਸਤੇ ਕਿਸੇ ਵੀ ਬਨਾਉਟੀ ਤਸੱਲੀ ਦੇ ਵਿਚਾਰ ਨੂੰ ਦਿ੍ਰੜ੍ਹਤਾਪੂਰਵਕ ਅਸਵੀਕਾਰ ਕਰਦੇ ਸਨ। ਉਹ ਆਖਦੇ ਸਨ,‘‘ਆਪਣੀ ਹੋਣੀ ਦਾ ਸਾਹਮਣਾ ਕਰਨ ਦੇ ਲਈ ਮੈਨੂੰ ਕਿਸੇ ਨਸ਼ੇ ਦੀ ਲੋੜ ਨਹੀਂ ਹੈ।’’ ਉਹਨਾਂ ਨੇ ਐਲਾਨ ਕੀਤਾ ਸੀ ਕਿ ‘‘ਜੋ ਆਦਮੀ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਯਥਾਰਥਵਾਦੀ ਬਣ ਜਾਂਦਾ ਹੈ, ਉਸ ਨੂੰ ਧਾਰਮਿਕ ਵਿਸ਼ਵਾਸ਼ ਨੂੰ ਇੱਕ ਪਾਸੇ ਰੱਖ ਕੇ, ਜਿਹਨਾਂ ਜਿਹਨਾਂ ਮੁਸੀਬਤਾਂ ਅਤੇ ਦੁੱਖਾਂ ਵਿਚ ਪ੍ਰਸਥਿਤੀਆਂ ਨੇ ਉਸ ਨੂੰ ਪਾ ਦਿੱਤਾ ਹੈ, ਉਹਨਾਂ ਦਾ ਇੱਕ ਮਰਦ ਦੀ ਤਰ੍ਹਾਂ ਬਹਾਦਰੀ ਦੇ ਨਾਲ ਸਾਹਮਣਾ ਕਰਨਾ ਹੋਵੇਗਾ।’’

ਰੱਬ, ਧਾਰਮਿਕ ਵਿਸ਼ਵਾਸ਼ ਅਤੇ ਧਰਮ ਨੂੰ ਇਹ ਤਿਲਾਂਜਲੀ ਭਗਤ ਸਿੰਘ ਦੇ ਲਈ ਨਾ ਤਾਂ ਅਚਨਚੇਤੀ ਸੀ ਅਤੇ ਨਾ ਹੀ ਉਹਨਾਂ ਦੇ ਹੰਕਾਰ ਅਤੇ ਹਾਊਮੈ ਦਾ ਪਰਿਣਾਮ ਸੀ। ਉਹਨਾਂ ਨੇ ਬਹੁਤ ਪਹਿਲਾਂ 1926 ਵਿਚ ਰੱਬ ਦੀ ਸੱਤਾ ਨੂੰ ਅਸਵੀਕਾਰ ਕਰ ਦਿੱਤਾ ਸੀ। ਉਹਨਾਂ ਦੇ ਹੀ ਸ਼ਬਦਾਂ ਵਿਚ ,‘‘1926 ਦੇ ਅੰਤ ਤੱਕ ਮੈਨੂੰ ਇਸ ਗੱਲ ਬਾਰੇ ਯਕੀਨ ਹੋ ਗਿਆ ਸੀ ਕਿ ਸ਼ਿ੍ਰਸ਼ਟੀ ਦਾ ਨਿਰਮਾਣ, ਸਥਾਪਨਾ ਅਤੇ ਕੰਟਰੋਲ ਕਰਨ ਵਾਲੀ ਕਿਸੇ ਸਰਬ-ਸ਼ਕਤੀਮਾਨ ਪਰਮ ਸੱਤਾ ਦੀ ਹੋਂਦ ਦਾ ਸਿਧਾਂਤ ਇੱਕਦਮ ਬੇਬੁਨਿਆਦ ਹੈ।’’ 

ਭਾਵਨਾ ਕਦੇ ਨਹੀਂ ਮਰਦੀ

ਉਹ ਜੁਲਾਈ 1930 ਦਾ ਆਖਰੀ ਐਤਵਾਰ ਸੀ। ਭਗਤ ਸਿੰਘ ਲਾਹੌਰ ਸੈਂਟਰਲ ਜੇਲ੍ਹ ਵਿਚੋਂ ਸਾਨੂੰ ਮਿਲਣ ਬੋਸਟਨ ਜੇਲ੍ਹ ਆਏ ਸਨ। ਉਹ ਇਸ ਤਰਕ ਨਾਲ ਸਰਕਾਰ ਤੋਂ ਇਹ ਸੁਵਿਧਾ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਏ ਸਨ ਕਿ ਉਹਨਾਂ ਨੇ ਦੂਜੇ ਦੋਸ਼ੀਆਂ ਦੇ ਨਾਲ ਬਚਾਓ ਦੇ ਤਰੀਕਿਆਂ ਬਾਰੇ ਗੱਲਬਾਤ ਕਰਨੀ ਹੈ। ਤਾਂ ਉਸ ਦਿਨ ਅਸੀਂ ਕਿਸੇ ਰਾਜਨੀਤਕ ਵਿਸ਼ੇ ਬਾਰੇ ਗੱਲਬਾਤ ਕਰ ਰਹੇ ਸਾਂ ਕਿ ਗੱਲਾਂ ਦਾ ਰੁਖ਼ ਫੈਸਲੇ ਵੱਲੀਂ ਮੁੜ ਗਿਆ, ਜਿਸ ਦਾ ਸਾਨੂੰ ਸਭ ਨੂੰ  ਬੇਸਬਰੀ ਨਾਲ ਇੰਤਜ਼ਾਰ ਸੀ। ਮਜ਼ਾਕ ਮਜ਼ਾਕ ਵਿਚ ਅਸੀਂ ਇੱਕ ਦੂਜੇ ਦੇ ਖਿਲਾਫ ਫੈਸਲੇ ਸੁਣਾਉਣ ਲੱਗੇ, ਸਿਰਫ ਰਾਜਗੁਰੂ ਅਤੇ ਭਗਤ ਸਿੰਘ ਨੂੰ ਇਹਨਾਂ ਫੈਸਲਿਆਂ ਤੋਂ ਬਰੀ ਰੱਖਿਆ ਗਿਆ। ਅਸੀਂ ਜਾਣਦੇ ਸਾਂ ਕਿ ਉਹਨਾਂ ਨੂੰ ਫਾਂਸੀ ਉੱਪਰ ਲਟਕਾਇਆ ਜਾਵੇਗਾ। 

‘‘ਤੇ ਰਾਜਗੁਰੂ ਅਤੇ ਮੇਰਾ ਫੈਸਲਾ? ਕੀ ਤੁਸੀਂ ਸਾਨੂੰ ਬਰੀ ਕਰ ਰਹੇ ਹੋ? ਮੁਸਕਰਾਉਦਿਆਂ ਹੋਇਆਂ ਭਗਤ ਸਿੰਘ ਨੇ ਪੁੱਛਿਆ। 

ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। 

‘‘ਅਸਲੀਅਤ ਨੂੰ ਸਵੀਕਾਰ ਕਰਦੇ ਡਰ ਲਗਦਾ ਹੈ?’’ ਧੀਮੀ ਆਵਾਜ਼ ਵਿਚ ਉਹਨਾਂ ਨੇ ਪੁੱਛਿਆ, ਚੁੱਪ ਬਣੀ ਰਹੀ। 

ਸਾਡੀ ਚੁੱਪ ਉੱਪਰ ਉਹਨਾਂ ਨੇ ਠਹਾਕਾ ਮਾਰਿਆ ਅਤੇ ਬੋਲੇ,‘‘ਸਾਨੂੰ ਗਰਦਨ ਤੋਂ ਫਾਂਸੀ ਦੇ ਫੰਦੇ ’ਤੇ ਉਦੋਂ ਤੱਕ ਲਟਕਾਇਆ ਜਾਵੇ ਜਦੋਂ ਤੱਕ ਅਸੀਂ ਮਰ ਨਾ ਜਾਈਏ। ਇਹ ਹੈ ਅਸਲੀਅਤ। ਮੈਂ ਇਸ ਨੂੰ ਜਾਣਦਾ ਹਾਂ। ਤੁਸੀਂ ਵੀ ਜਾਣਦੇ ਹੋ। ਫੇਰ ਇਸ ਵੱਲੋਂ ਅੱਖਾਂ ਕਿਉ ਬੰਦ ਕਰਦੇ ਹੋ?’’

ਹੁਣ ਤੱਕ ਭਗਤ ਸਿੰਘ ਆਪਣਾ ਰੰਗ ਫੜ ਚੁੱਕੇ ਸਨ। ਉਹ ਬਹੁਤ ਹੀ ਧੀਮੀ ਆਵਾਜ਼ ਵਿਚ ਬੋਲ ਰਹੇ ਸਨ। ਇਹ ਹੀ ਉਹਨਾਂ ਦਾ ਤਰੀਕਾ ਸੀ। ਸੁਣਨ ਵਾਲਿਆਂ ਨੂੰ ਲਗਦਾ ਸੀ ਕਿ ਉਹ ਉਹਨਾਂ ਨੂੰ ਫੁਸਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਖ ਕੇ ਬੋਲਣਾ ਉਹਨਾਂ ਦੀ ਆਦਤ ਨਹੀਂ ਸੀ। ਇਹ ਹੀ ਸ਼ਾਇਦ ਉਹਨਾਂ ਦੀ ਸ਼ਕਤੀ ਵੀ ਸੀ। 

ਉਹ ਆਪਣੇ ਸੁਭਾਵਕ ਅੰਦਾਜ਼ ਵਿਚ ਬੋਲਦੇ ਰਹੇ, ‘‘ਦੇਸ਼ ਭਗਤੀ ਦੇ ਵਾਸਤੇ ਇਹ ਸਰਬ-ਉਚ ਪੁਰਸਕਾਰ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਇਹ ਪੁਰਸਕਾਰ ਪ੍ਰਪਤ ਕਰਨ ਜਾ ਰਿਹਾ ਹਾਂ। ਉਹ ਸੋਚਦੇ ਸਨ ਕਿ ਮੇਰੇ ਨਾਸ਼ਵਾਨ ਸਰੀਰ ਨੂੰ ਨਸ਼ਟ ਕਰਕੇ ਉਹ ਇਸ ਦੇਸ਼ ਵਿਚ ਸੁਰੱਖਿਅਤ ਰਹਿ ਜਾਣਗੇ। ਇਹ ਉਹਨਾਂ ਦੀ ਭੁੱਲ ਹੈ। ਉਹ ਮੈਨੂੰ ਮਾਰ ਸਕਦੇ ਹਨ, ਪ੍ਰੰਤੂ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ, ਪ੍ਰੰਤੂ ਮੇਰੀਆਂ ਭਾਵਨਾਵਾਂ ਨੂੰ ਨਹੀਂ ਕੁਚਲ ਸਕਣਗੇ। ਬਿ੍ਰਟਿਸ਼ ਹਕੂਮਤ ਦੇ ਸਿਰ ’ਤੇ ਮੇਰੇ ਵਿਚਾਰ ਉਸ ਸਮੇਂ ਤੱਕ ਇੱਕ ਸਰਾਪ ਦੀ ਤਰ੍ਹਾਂ ਮੰਡਰਾਉਦੇ ਰਹਿਣਗੇ, ਜਦੋਂ ਤੱਕ ਉਹ ਇੱਥੋਂ ਭੱਜਣ ਦੇ ਵਾਸਤੇ ਮਜ਼ਬੂਰ ਨਾ ਹੋ ਜਾਣ।’’ 

ਭਗਤ ਸਿੰਘ ਪੂਰੇ ਲੋਰ ਵਿਚ ਬੋਲ ਰਹੇ ਸਨ। ਕੁੱਝ ਸਮੇਂ ਵਾਸਤੇ ਅਸੀਂ ਭੁੱਲ ਗਏ ਕਿ ਜੋ ਆਦਮੀ ਸਾਡੇ ਸਾਹਮਣੇ ਬੈਠਾ ਹੈ, ਉਹ ਸਾਡਾ ਸਹਿਯੋਗੀ ਹੈ। ਉਹ ਬੋਲੀ ਜਾ ਰਹੇ ਸਨ, ‘‘ਪ੍ਰੰਤੂ ਇਹ ਤਸਵੀਰ ਦਾ ਸਿਰਫ ਇੱਕ ਪਹਿਲੂ ਹੈ। ਦੂਜਾ ਪਹਿਲੂ ਵੀ ਓਨਾ ਹੀ ਉੱਜਲ ਹੈ। ਬਿ੍ਰਟਿਸ਼ ਹਕੂਮਤ ਦੇ ਵਾਸਤੇ ਮਰਿਆ ਹੋਇਆ ਭਗਤ ਸਿੰਘ ਜਿਉਦੇ ਭਗਤ ਸਿੰਘ ਤੋਂ ਵੱਧ ਖਤਰਨਾਕ ਹੋਵੇਗਾ। ਮੈਨੂੰ ਫਾਂਸੀ ਹੋ ਜਾਣ ਦੇ ਬਾਅਦ ਮੇਰੇ ਇਨਕਲਾਬੀ ਵਿਚਾਰਾਂ ਦੀ ਸੁਗੰਧ ਸਾਡੇ ਇਸ ਮਨੋਹਰ ਦੇਸ਼ ਦੇ ਵਾਤਾਵਰਨ ਵਿਚ ਘੁਲ-ਮਿਲ ਜਾਵੇਗੀ। ਉਹ ਨੌਜਵਾਨਾਂ ਨੂੰ ਮਦਹੋਸ਼ ਕਰੂਗੀ ਅਤੇ ਉਹ ਆਜ਼ਾਦੀ ਅਤੇ ਇਨਕਲਾਬ ਦੇ ਵਾਸਤੇ ਦੀਵਾਨੇ ਹੋ ਜਾਣਗੇ। ਨੌਜਵਾਨਾਂ ਦਾ ਇਹ ਦੀਵਾਨਾਪਣ ਹੀ ਬਿ੍ਰਟਿਸ਼ ਸਾਮਰਾਜਵਾਦੀਆਂ ਨੂੰ ਵਿਨਾਸ਼ ਦੇ ਕੰਢੇ ਤੱਕ ਪੁਚਾ ਦੇਵੇਗਾ। ਇਹ ਮੇਰਾ ਦਿ੍ਰੜ੍ਹ ਵਿਸ਼ਵਾਸ਼ ਹੈ। ਮੈਂ ਬੇਸਬਰੀ ਦੇ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ ਜਦੋਂ ਮੈਨੂੰ ਦੇਸ਼ ਵਾਸੀਆਂ ਦੇ ਵਾਸਤੇ ਮੇਰੀਆਂ ਸੇਵਾਵਾਂ ਅਤੇ ਲੋਕਾਂ ਦੇ ਲਈ ਮੇਰੇ ਪਿਆਰ ਦਾ ਸਰਬ-ੳੱੁਚ ਪੁਰਸਕਾਰ ਮਿਲੂਗਾ।’’ 

ਭਗਤ ਸਿੰਘ ਦੀ ਭਵਿੱਖਬਾਣੀ ਇੱਕ ਸਾਲ ਦੇ ਅੰਦਰ ਹੀ ਸੱਚ ਸਾਬਤ ਹੋਈ। ਉਹਨਾਂ ਦਾ ਨਾਂ ਮੌਤ ਨੂੰ ਵੰਗਾਰਨ ਵਾਲੇ ਸਾਹਸ, ਬਲੀਦਾਨ, ਦੇਸ਼ਭਗਤੀ ਅਤੇ ਸੰਕਲਪਸ਼ੀਲਤਾ ਦਾ ਪ੍ਰਤੀਕ ਬਣ ਗਿਆ। ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਉਹਨਾਂ ਦਾ ਸੁਪਨਾ ਪੜ੍ਹੇ ਲਿਖੇ ਨੌਜਵਾਨਾਂ ਦਾ ਸੁਪਨਾ ਬਣ ਗਿਆ ਅਤੇ ‘‘ਇਨਕਲਾਬ-ਜ਼ਿੰਦਾਬਾਦ’’ ਦਾ ਉਹਨਾਂ ਦਾ ਨਾਅਰਾ ਸਮੁੱਚੇ ਰਾਸ਼ਟਰ ਦਾ ਯੁੱਧ-ਨਾਦ ਬਣ ਗਿਆ। (1930-32) ਵਿਚ ਲੋਕ ਇੱਕ ਹੋ ਕੇ ਉੱਠ ਖੜ੍ਹੇ ਹੋਏ । ਜੇਲ੍ਹਾਂ ਕੋੜੇ ਅਤੇ ਡਾਂਗਾਂ ਦੀਆਂ ਚੋਟਾਂ ਉਹਨਾਂ ਦੇ ਮਨੋਬਲ ਨੂੰ ਤੋੜ ਨਹੀਂ ਸਕੀਆਂ। ਇਹੀ ਭਾਵਨਾ ਇਸ ਤੋਂ ਵੀ ਉੱਚੀ ਟੀਸੀ ’ਤੇ, ‘‘ਭਾਰਤ ਛੱਡੋ’’ ਅੰਦੋਲਨ ਦੇ ਦੌਰਾਨ ਦਿਖਾਈ ਦਿੱਤੀ ਸੀ। ਭਗਤ ਸਿੰਘ ਦਾ ਨਾਂ ਹੋਠਾਂ ਉੱਤੇ ਅਤੇ ਉਹਨਾਂ ਦਾ ਨਾਅਰਾ ਆਪਣੇ ਝੰਡਿਆਂ ਉੱਤੇ ਲਈ ਨੌਜਵਾਨਾਂ ਅਤੇ ਬੱਚਿਆਂ ਨੇ ਗੋਲੀਆਂ ਦਾ ਸਾਹਮਣਾ ਇਸ ਤਰ੍ਹਾਂ ਕੀਤਾ ਜਿਵੇਂ ਉਹ ਮੱਖਣ ਦੀਆਂ ਬਣੀਆਂ ਹੋਈਆਂ ਹੋਣ। ਪੂਰਾ ਦੇਸ਼ ਪਾਗਲ ਹੋ ਗਿਆ ਸੀ ਅਤੇ ਫੇਰ ਆਇਆ 1945-46 ਦਾ ਦੌਰ ਜਦੋਂ ਸੰਸਾਰ ਨੇ ਇੱਕ ਬਿਲਕੁਲ ਨਵੇਂ ਭਾਰਤ ਨੂੰ ਅੰਗੜਾਈਆਂ ਲੈਂਦੇ ਵੇਖਿਆ। ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ, ਜਲ ਸੈਨਾ, ਥਲ ਸੈਨਾ, ਵਾਯੂ ਸੈਨਾ ਅਤੇ ਪੁਲਸ ਤੱਕ ਸਭ ਆਖਰੀ ਹੱਲਾ ਬੋਲਣ ਲਈ ਵਿਆਕੁਲ ਸਨ। ਗੈਰ-ਸਰਗਰਮ ਵਿਰੋਧ ਦੀ ਥਾਂ ਸਰਗਰਮ ਜੁਆਬੀ ਹਮਲੇ ਨੇ ਲੈ ਲਈ ਸੀ। ਬਲੀਦਾਨ ਅਤੇ ਤਸੀਹਿਆਂ ਨੂੰ ਬਰਦਾਸ਼ਤ ਕਰਨ ਦੀ ਜੋ ਭਾਵਨਾ 1930-31 ਤੱਕ ਥੋੜ੍ਹੇ ਜਿਹੇ ਨੌਜਵਾਨਾਂ ਤੱਕ ਸੀਮਤ ਸੀ, ਹੁਣ ਉਹ ਸਮੁੱਚੇ ਲੋਕਾਂ ਵਿੱਚ ਵਿਖਾਈ ਦੇ ਰਹੀ ਸੀ। ਬਗਾਵਤ ਦੀ ਭਾਵਨਾ ਨੇ ਸਮੁੱਚੇ ਰਸ਼ਾਟਰ ਨੂੰ ਆਪਣੀ ਲਪੇਟ ਵਿਚ ਜਕੜ ਲਿਆ ਸੀ। ਭਗਤ ਸਿੰਘ ਨੇ ਠੀਕ ਹੀ ਤਾਂ ਆਖਿਆ ਸੀ,‘‘ਭਾਵਨਾ ਕਦੇ ਨਹੀਂ ਮਰਦੀ।’’ ਅਤੇ ਉਸ ਸਮੇਂ ਵੀ ਉਹ ਮਰੀ ਨਹੀਂ ਸੀ। 

( ਲੰਮੀ ਲਿਖਤ ਦਾ ਅੰਸ਼)