Friday, July 22, 2011

Surkh Rekha (July-August) 2011 (ਸੁਰਖ਼ ਰੇਖਾ, ਜੁਲਾਈ-ਅਗਸਤ, 2011)


ਇਸ ਅੰਕ '
ਪੱਛਮੀ ਬੰਗਾਲ ਦੇ ਸੰਕੇਤ
ਜ਼ਮੀਨ ਗ੍ਰਹਿਣ ਕਾਨੂੰਨ ਸੋਧ ਬਾਰੇ
ਠੇਡੇ ਖਾਂਦਾ ਕੌਮੀ ਖੁਰਾਕ ਸੁਰੱਖਿਆ ਬਿਲ
ਖਾਣਾਂ ਦੀ ਸਨਅੱਤ ਬਾਰੇ ਸੋਧ ਬਿਲ
ਗਰੇਟਰ ਨੋਇਡਾ, ਸੁਪਰੀਮ ਕੋਰਟ ਦਾ ਫੈਸਲਾ
ਜ਼ਮੀਨਾਂ ਦੀ ਰਾਖੀ, ਵੱਡਾ ਹੱਲਾ-ਵੱਡੇ ਭੇੜ
ਬਿਹਾਰ- ਜ਼ਮੀਨ ਹੜੱਪਣ ਦੀ ਖੂਨੀ ਮੁਹਿੰਮ
ਕੋਇਆ ਕਮਾਂਡੋ, ਸੁਪਰੀਮ ਕੋਰਟ ਦੀ ਗਵਾਹੀ
ਕਬਾਇਲੀਆਂ 'ਤੇ 'ਵਿਕਾਸ' ਰੋਲਰ
ਮਹਿੰਗਾਈ ਦਾ ਵਧ ਰਿਹਾ ਸੇਕ
ਅੰਤਰ-ਵਜ਼ਾਰਤੀ ਗਰੁੱਪ ਦੀ ਖਤਰਨਾਕ ਸਿਫਾਰਸ਼
ਕੌਮੀ ਪੈਦਾਵਾਰੀ ਪੂੰਜੀ ਜ਼ੋਨ, ਇੱਕ ਹੋਰ ਨੀਤੀ ਹਮਲਾ
ਪੰਜਾਬ ਸਿਵਲ ਸਰਵਿਸਜ਼ ਐਕਟ ਦੀ ਵਾਪਸੀ
.ਟੀ.ਟੀ. ਅਧਿਆਪਕਾਂ ' ਰੋਹ
ਭ੍ਰਿਸ਼ਟਾਚਾਰ ਦਾ ਵਰਤਾਰਾ
ਸ਼ਰਾਬ-ਮਾਫੀਏ ਖਿਲਾਫ ਸੰਘਰਸ਼ ਦਾ ਮਹੱਤਵ
ਹੋਰਨਾਂ ਦੀ ਕਲਮ ਤੋਂ-  ਅਫਗਾਨਿਸਤਾਨ, ਪਾਕਿਸਤਾਨ, ਲਿਬੀਆ
ਇਜ਼ਰਾਈਲੀ ਦਹਿਸ਼ਤਗਰਦੀ
ਯੂਰਪ- ਜਨਤਕ ਰੋਹ ਦੀ ਅੰਗੜਾਈ
ਸਿਰਫ ਦਲਾਲ ਹੀ ਇਉਂ ਕਰ ਸਕਦੇ ਹਨ.....
ਆਈ.ਐਮ.ਐਫ. ਦਫ਼ਾ ਹੋਵੇ
ਪੂੰਜੀਵਾਦ ਦਾ ਅਣ-ਮਨੁੱਖੀ ਚਿਹਰਾ
ਮਮਤਾ ਖੱਬੇ ਫਰੰਟ ਦੇ ਰਾਹ
ਪੋਸਕੋ ਸੰਘਰਸ਼ ਦੀ ਗੂੰਜ
ਮਾਰੂਤੀ ਸਜ਼ੂਕੀ ਕਾਮਿਆਂ ਦਾ ਘੋਲ
ਮਿਉਂਸਪਲ ਕਾਮਿਆਂ ਦਾ ਘੋਲ ਅਤੇ ਹਕੂਮਤੀ ਨੀਤੀ
ਜੂਝ ਰਹੇ ਬੇਰੁਜ਼ਗਾਰ ਅਧਿਆਪਕ
ਮਾਓਵਾਦੀ ਆਗੂ 'ਤੇ ਤਸ਼ੱਦਦ ਖਿਲਾਫ ਆਵਾਜ਼ ਬੁਲੰਦ
ਕਵਿਤਾ
ਸੱਥ-ਚਰਚਾ
ਰਿਪੋਰਟਾਂ
ਕਾਮਰੇਡ ਟੀ. ਨਾਗੀ ਰੈਡੀ ਅਤੇ ਬਸਤੀਵਾਦੀ ਕਾਨੂੰਨ
ਸ਼ਹੀਦ ਪਿਰਥੀਪਾਲ ਰੰਧਾਵਾ ਦੀ ਤਕਰੀਰ

Surkh Rekha (July-August) 2011 (ਸੁਰਖ਼ ਰੇਖਾ, ਜੁਲਾਈ-ਅਗਸਤ, 2011)

ਅਸੰਬਲੀ ਚੋਣ ਨਤੀਜੇ:
ਪੱਛਮੀ ਬੰਗਾਲ ਦੇ ਸੰਕੇਤ


ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਸਿਆਸੀ ਨਤੀਜਾ ਪੱਛਮੀ ਬੰਗਾਲ ਵਿੱਚ ''ਖੱਬੇ ਮੋਰਚਾ'' ਦੀ ਬੁਰੀ ਤਰ੍ਹਾਂ ਹੋਈ ਹਾਰ ਹੈ। ਇਹ ਨਤੀਜਾ ਕੰਧ 'ਤੇ ਲਿਖਿਆ ਹੋਇਆ ਸੀ। ਭਾਵੇਂ ਮਾਰਕਸੀ ਪਾਰਟੀ ਵੱਲੋਂ ਖੁਰਦੀ ਸ਼ਾਖ ਬਚਾਉਣ ਲਈ ਜ਼ੋਰਦਾਰ ਹੱਥ-ਪੈਰ ਮਾਰੇ ਗਏ। ਵੱਡੇ ਪੱਧਰ 'ਤੇ ਖੱਬੇ ਮੋਰਚੇ ਦੇ ਬਦਨਾਮ ਚੌਧਰੀਆਂ ਦੀ ਥਾਂ ''ਨਵੇਂ ਚਿਹਰਿਆਂ'' ਨੂੰ ਅਸੈਂਬਲੀ ਟਿਕਟਾਂ ਦਿੱਤੀਆਂ ਗਈਆਂ। ਪਰ ਇਸਦੇ ਬਾਵਜੂਦ ਜੋ ਵਾਪਰਿਆ, ਉਹ ਖੱਬੇ ਮੋਰਚੇ ਦੇ ਲੀਡਰਾਂ ਨੂੰ ਚਕਰਾਅ ਦੇਣ ਵਾਲਾ ਸੀ। ਮਾਰਕਸੀ ਪਾਰਟੀ ਦੇ ਇੱਕ ਜ਼ਿਲ੍ਹਾ ਲੀਡਰ ਨੇ ਟਿੱਪਣੀ ਕੀਤੀ, ''ਸਾਡੀ ਹਾਲਤ ਉਸ ਨਾਲੋਂ ਕਿਤੇ ਭੈੜੀ ਸਾਬਤ ਹੋਈ, ਜਿਸਦੀ ਅਸੀਂ ਕਲਪਨਾ ਕਰ ਸਕਦੇ ਸਾਂ।'' ਮਾਰਕਸੀ ਪਾਰਟੀ ਦੇ ਕਈ ਤਕੜੇ ਗੜ੍ਹਾਂ ਨੂੰ ਹੂੰਝਾ ਫਿਰ ਗਿਆ। ਕਲਕੱਤੇ ਦੀਆਂ 11 ਸੀਟਾਂ 'ਚੋਂ ਇਸਦੇ ਪੱਲੇ ਇੱਕ ਵੀ ਸੀਟ ਨਾ ਪਈ। ਦਾਰਜੀਲਿੰਗ, ਪੁਰਬੋਮੇਦਨੀਪੁਰ ਅਤੇ ਹਾਵੜਾ ਜ਼ਿਲ੍ਹਿਆਂ ' ਵੀ ਇੱਕ ਵੱਡੀ ਸਿਫਰ ਤੋਂ ਬਿਨਾ ਇਸ ਦੇ ਕੁਝ ਹੱਥ ਨਾ ਆਇਆ। 


ਮਾਰਕਸੀ ਪਾਰਟੀ ਵੱਲੋਂ 34 ਸਾਲ ਬਾਅਦ ਲੱਗੇ ਇਸ ਵੱਡੇ ਸਿਆਸੀ ਝਟਕੇ ਤੋਂ ਸਬਕ ਸਿੱਖਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਮਾਰਕਸੀ ਪਾਰਟੀ ਨੇ ਇਹ ਸਬਕ ਆਪਣੇ ਜਮਾਤੀ ਮਨੋਰਥਾਂ ਅਤੇ ਆਪਣੀ ਜਮਾਤੀ ਖਸਲਤ ਮੁਤਾਬਕ ਕੱਢਣੇ ਹਨ। ਪਿਛਲਾ ਸਾਰਾ ਸਮਾਂ ਮਾਰਕਸੀ ਪਾਰਟੀ ਦਾ ਜ਼ੋਰ ਆਪਣੇ ਆਪ ਨੂੰ ਵੱਡੀਆਂ ਜੋਕਾਂ ਦੀ ਸਭ ਤੋਂ ਸਮਰੱਥ ਸੇਵਕ ਸਾਬਤ ਕਰਨ 'ਤੇ ਲੱਗਿਆ ਰਿਹਾ ਹੈ। ਇਸਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬਗੈਰ ਕਿਸੇ ਥਿੜਕਣ ਦੇ ਵਿਦੇਸ਼ੀ ਅਤੇ ਦੇਸੀ ਵੱਡੀਆਂ ਕੰਪਨੀਆਂ ਲਈ ਪੱਛਮੀ ਬੰਗਾਲ ਦੀ ਧਰਤੀ 'ਤੇ ਮੁਨਾਫਿਆਂ ਦੇ ਗੱਫਿਆਂ ਦੀ ਜਾਮਨੀ ਕਰ ਸਕਦੀ ਹੈ। ਆਪਣੇ ਕਮਿਊਨਿਸਟ ਪਿਛੋਕੜ ਕਰਕੇ ਅਤੇ ਟਰੇਡ ਯੂਨੀਅਨਾਂ ਵਿੱਚ ਅਸਰਰਸੂਖ ਕਰਕੇ ਲੋਕ-ਵਿਰੋਧ ਨੂੰ ਕਾਮਯਾਬੀ ਨਾਲ ਕਾਬੂ ਕਰ ਸਕਦੀ ਹੈ। ਇਸ ਵਿਰੋਧ ਨੂੰ ਕੁਚਲਣ ਲਈ ਸਭ ਤੋਂ ਵੱਧ ਕਾਮਯਾਬੀ ਨਾਲ ਲੱਠਮਾਰ ਫਾਸ਼ੀ ਗਰੋਹ ਜਥੇਬੰਦ ਕਰ ਸਕਦੀ ਹੈ। ਇਉਂ ਹੱਥਾਂ 'ਤੇ ਸਰੋਂ ਜਮਾ ਕੇ ਵਿਖਾ ਸਕਦੀ ਹੈ। ਪੱਛਮੀ ਬੰਗਾਲ ਨੂੰ ਸੰਸਾਰੀਕਰਨ ਦੀ ਅਮਲਦਾਰੀ ਦਾ ਸਭ ਤੋਂ ਸਫਲ ਮਾਡਲ ਬਣਾ ਕੇ ਮਾਰਕਸੀ ਪਾਰਟੀ ਮੁਲਕ ਦੇ ਰਾਜਭਾਗ ਦੀ ਵਾਗਡੋਰ ਸੰਭਾਲਣ ਦੀ ਦਾਅਵੇਦਾਰੀ ਪੇਸ਼ ਕਰਨ ਨੂੰ ਫਿਰਦੀ ਸੀ। ਪਰ ਜਮਾਤੀ ਘੋਲ ਦਾ ਜ਼ੋਰਾਵਰ ਅਟੱਲ ਨੇਮ ਇਸਦੇ ਬੁਰੀ ਤਰ੍ਹਾਂ ਮੱਥੇ ਵਿੱਚ ਵੱਜਿਆ ਹੈ। ਫਿਲਹਾਲ ਇਹ ਆਪਣੀਆਂ ਵੱਡੀਆਂ ਲਾਲਸਾਵਾਂ ਦੀਆਂ ਭੁੰਜੇ ਡਿਗੀਆਂ ਠੀਕਰੀਆਂ ਇਕੱਠੀਆਂ ਕਰਨ ਲੱਗੀ ਹੋਈ ਹੈ। 


ਪੱਛਮੀ ਬੰਗਾਲ ਦੇ ਘਟਨਾ-ਵਿਕਾਸ ਦਾ ਬਹੁਤ ਹੀ ਮਹੱਤਵਪੂਰਨ ਸਿਆਸੀ ਪੱਖ ਇਹ ਹੈ ਕਿ ਰਾਜਭਾਗ ਲਈ ਭਿੜਦੀਆਂ ਵੱਡੀਆਂ ਜੋਕਾਂ ਦੀਆਂ ਪਾਰਟੀਆਂ ਦੇ ਆਪਸੀ ਸ਼ਰੀਕਾ-ਭੇੜ 'ਤੇ ਲੋਕਾਂ ਦੇ ਮੁੱਦਿਆਂ ਅਤੇ ਸਰੋਕਾਰਾਂ ਦਾ ਪਰਛਾਵਾਂ ਉੱਘੜਵੇਂ ਰੂਪ ਵਿੱਚ ਮੌਜੂਦ ਰਿਹਾ ਹੈ। ਇਹ ਸਿੰਗੂਰ, ਨੰਦੀਗਰਾਮ ਅਤੇ ਲਾਲਗੜ੍ਹ ਦੇ ਖੇਤਰਾਂ ' ਸੁਤੇਸਿਧ ਜਮਾਤੀ ਘੋਲ ਦੀ ਸ਼ਕਤੀਸ਼ਾਲੀ ਗੂੰਜ ਹੀ ਸੀ ਜਿਸ ਨੇ ਵੱਡੇ ਪੂੰਜੀਪਤੀਆਂ ਅਤੇ ਪੇਂਡੂ ਧਨਾਢ ਚੌਧਰੀਆਂ ਨੂੰ ਮਾਰਕਸੀ ਪਾਰਟੀ ਦੀਆਂ ਸੀਮਤਾਈਆਂ ਦਾ ਅਹਿਸਾਸ ਕਰਵਾਇਆ ਅਤੇ ਉਹ ਬਦਲਵੇਂ ਸਿਆਸੀ-ਸੇਵਕਾਂ ਨੂੰ ਗਲ਼ ਲਾਉਣ ਵੱਲ ਧੱਕੀਆਂ ਗਈਆਂ। ਮਮਤਾ ਬੈਨਰਜੀ ਵੱਡੇ ਲੁਟੇਰਿਆਂ ਖਿਲਾਫ ਲੋਕਾਂ ਦੇ, ਖਾਸ ਕਰਕੇ ਕਿਸਾਨਾਂ ਦੇ ਰੋਹ ਦੀ ਤਰੰਗ 'ਤੇ ਸਵਾਰ ਹੋ ਕੇ ਗੱਦੀ 'ਤੇ ਆਈ ਹੈ। ਕਿਸੇ ਸਮੇਂ ਮਾਰਕਸੀ ਪਾਰਟੀ ਨੇ ਜ਼ਮੀਨੀ ਸੁਧਾਰਾਂ ਦੀ ਝੰਡਾਬਰਦਾਰ ਹੋਣ ਦੇ ਪਰਭਾਵ ਦੇ ਸਿਰ 'ਤੇ ਮਹਿਮਾ ਖੱਟੀ ਸੀ। ਪਰ ਸਮੇਂ ਨਾਲ ਇਸ ਦਾ ਅਜਿਹਾ ਰੰਗ ਉੱਘੜਿਆ ਕਿ ਇਹ ਲਾਠੀ-ਗੋਲੀ ਦੇ ਜ਼ੋਰ ਜ਼ਮੀਨਾਂ ਖੋਹਣ ਲੱਗ ਪਈ ਅਤੇ ਗਰੀਬ ਤੇ ਬੇਜ਼ਮੀਨੇ ਕਿਸਾਨਾਂ ਦੀ ਰੋਟੀ-ਰੋਜ਼ੀ 'ਤੇ ਝੱਪਟਾਂ ਮਾਰਨ ਲੱਗ ਪਈ। ਇਸਨੇ ਭੋਂ-ਅਜਾਰੇਦਾਰੀ ਦੀ ਸੇਵਕ ਵਜੋਂ ਆਪਣੇ ਆਪ ਨੂੰ ਬੇਪਰਦ ਕਰ ਲਿਆ। ਸਿੱਟੇ ਵਜੋਂ ਮਾਰਕਸੀ ਪਾਰਟੀ ਦੇ ਹੱਥਾਂ ' ਫੜਿਆ ਮਿਹਨਤਕਸ਼ਾਂ ਅਤੇ ਦੱਬੇ-ਕੁਚਲਿਆਂ ਦਾ ਲਾਲ ਝੰਡਾ ਲੋਕਾਂ ਨੂੰ ਕਾਲਾ ਕਾਲਾ ਨਜ਼ਰ ਆਉਣ ਲੱਗ ਪਿਆ। ਮਾਰਕਸੀ ਪਾਰਟੀ ਨੂੰ ਆਪਣੇ ਇਸ ਅਸਲੀ ਰੂਪ ਨੂੰ ਜੱਗਰ ਕਰ ਲੈਣ ਦੀ ਭਾਰੀ ਕੀਮਤ 'ਤਾਰਨੀ ਪਈ ਹੈ। 


ਦੂਜੇ ਪਾਸੇ, ਮਮਤਾ ਬੈਨਰਜੀ ਨੂੰ ਇਸ ਕਰਕੇ ਸਫਲਤਾ ਮਿਲੀ ਹੈ, ਕਿ ਉਹ ਵਕਤੀ ਤੌਰ 'ਤੇ ਵੱਡੇ ਲੁਟੇਰਿਆਂ ਨਾਲ ਆਪਣੀ ਸਾਂਝ ਦੀ ਝਲਕ ਨੂੰ ਕਿਸੇ ਹੱਦ ਤੱਕ ਮੱਧਮ ਰੱਖ ਸਕੀ ਹੈ। ਉਸ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਆਪਣੇ ਸਿਆਸੀ ਤੀਰਾਂ ਦੀ ਤਿੱਖੀ ਨੋਕ ਬਣਾ ਲਿਆ ਅਤੇ ਖੱਬੇ ਮੋਰਚੇ ਦੀ ਛਾਤੀ ਵਿੰਨ੍ਹ ਸੁੱਟੀ। 


ਪਰ ਛੇਤੀ ਹੀ ਇਹ ਗੱਲ ਉੱਘੜਨ ਵਾਲੀ ਹੈ ਕਿ ਮਮਤਾ ਬੈਨਰਜੀ ਵੱਲੋਂ ਖੱਬੇ ਮੋਰਚੇ 'ਤੇ ਜਿਹੜੇ ਪੱਥਰ ਵਰ੍ਹਾਏ ਗਏ ਹਨ, ਉਹ ਸ਼ੀਸ਼ੇ ਦੇ ਘਰ 'ਚੋਂ ਵਰ੍ਹਾਏ ਗਏ ਹਨ। ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਲੋਕਾਂ ਵਿੱਚ ਖਾਸ ਕਰਕੇ ਖੱਬੇ ਮੋਰਚੇ ਦੀ ਹਕੂਮਤ ਹੇਠ ਜੰਮੀ-ਪਲ਼ੀ ਨੌਜਵਾਨ ਪੀੜ੍ਹੀ ' ਤਬਦੀਲੀ ਦੀਆਂ ਜੋ ਆਸਾਂ ਜਗਾਈਆਂ ਹਨ, ਹੁਣ ਉਹਨਾਂ ਦੇ ਤੇਜੀ ਨਾਲ ਖੁਰਨ ਦੀ ਵਾਰੀ ਹੈ। ਸਿੰਗੂਰ ' ਕਿਸਾਨਾਂ ਦੀ ਜ਼ਮੀਨ ਵਾਪਸੀ ਦੇ ਫੈਸਲੇ ਦੇ ਬਾਵਜੂਦ ਅਤੇ ਰਾਹਤ ਐਲਾਨਾਂ ਰਾਹੀਂ ਭੱਲ ਬਣਾਉਣ ਦੀਆਂ ਤਾਜ਼ੀਆਂ ਤਾਜ਼ੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਮਤਾ ਬੈਨਰਜੀ ਦੀ ਟਾਟਿਆਂ ਨਾਲ ਗਿੱਟਮਿੱਟ ਸਾਹਮਣੇ ਚੁੱਕੀ ਹੈ। ਇਸ ਤੋਂ ਵੀ ਅੱਗੇ ਖੱਬੇ ਮੋਰਚੇ ਤੋਂ ਹੱਥ ਲਈ ਰਾਜਭਾਗ ਦੀ ਲਾਠੀ ਹੁਣ ਉਸਨੇ ਵਰਤਣੀ ਵੀ ਸ਼ੁਰੂ ਕਰ ਲਈ ਹੈ। ਜ਼ਮੀਨ ਦੀ ਰਾਖੀ ਲਈ ਜੂਝਦੇ ਸੋਨਪੁਰ ਦੇ ਕਿਸਾਨਾਂ ਨੂੰ ਉਸਦੀਆਂ ਲਾਠੀਆਂ ਦੀ ਵਹਿਸ਼ੀ ਮਾਰ ਝੱਲਣੀ ਪਈ ਹੈ। (ਪੜ੍ਹੋ ''ਮਮਤਾ ਖੱਬੇ ਫਰੰਟ ਦੇ ਰਾਹ'' ਸਫਾ 42) ਇਹ ਆਉਂਦੇ ਸਮੇਂ ਦਾ ਟਰੇਲਰ ਹੈ। 


ਭੋਂ-ਅਜਾਰੇਦਾਰੀ ਅਤੇ ਜ਼ਮੀਨਾਂ ਦੀ ਸੱਟੇਬਾਜ਼ੀ ਵੱਡੇ ਲੁਟੇਰਿਆਂ ਲਈ ਗੱਫੇ ਲਾਉਣ ਦਾ ਬਹੁਤ ਹੀ ਅਹਿਮ ਖੇਤਰ ਬਣ ਗਈ ਹੈ। ਸਾਰੇ ਮੁਲਕ ਵਿੱਚ ਹੀ, ਜ਼ਮੀਨਾਂ ਦੀ ਲੁੱਟ ਪਈ ਹੋਈ ਹੈ ਅਤੇ ਨੰਗੇ-ਚਿੱਟੇ ਡਾਕੇ ਪੈ ਰਹੇ ਹਨ। ਇਹ ਹਕੀਕਤ ਮੁਲਕ ਦੀ ਉੱਚ-ਅਦਾਲਤ ਤੱਕ ਨੂੰ ਮੰਨਣੀ ਪੈ ਰਹੀ ਹੈ। ਇਸ ਹਾਲਤ ਵਿੱਚ ਜ਼ਮੀਨ ਦੇ ਸੁਆਲ 'ਤੇ ਕਿਸਾਨਾਂ ਦਾ ਆਪਣੇ ਜਮਾਤੀ ਦੁਸ਼ਮਣਾਂ ਨਾਲ ਭੇੜ ਤਿੱਖਾ ਹੋ ਰਿਹਾ ਹੈ। ਵੱਡੇ ਲੁਟੇਰਿਆਂ ਦੀਆਂ ਸੇਵਕ ਸਿਆਸੀ ਪਾਰਟੀਆਂ ਦੇ ਆਪਸੀ ਸ਼ਰੀਕਾ-ਭੇੜ ਵਿੱਚ ਇਹ ਮਸਲਾ, ਮੱਲੋ-ਮੱਲੀ ਹਵਾਲੇ ਦਾ ਨੁਕਤਾ ਬਣ ਰਿਹਾ ਹੈ। ਹਕੂਮਤਾਂ ਤੋਂ ਬਾਹਰਲੀਆਂ ਸਭ ਪਾਰਟੀਆਂ ਆਪੋ ਆਪਣੇ ਥਾਈਂ ਕਿਸਾਨ-ਹਿੱਤੂ ਹੋਣ ਦਾ ਵਿਖਾਵਾ ਕਰ ਰਹੀਆਂ ਹਨ। ਜਿਥੇ ਹਕੂਮਤ ਉਹਨਾਂ ਕੋਲ ਹੈ, ਉਥੇ ਉਹ ਟਾਟਿਆਂ, ਅੰਬਾਨੀਆਂ, ਜਿੰਦਲਾਂ ਅਤੇ ਮਿੱਤਲਾਂ ਦੇ ਹਿੱਤਾਂ ਦੇ ਰਖਵਾਲਿਆਂ ਵਜੋਂ, ਸਾਹਮਣੇ ਰਹੀਆਂ ਹਨ। ਚਾਹੇ ਫੌਰੀ ਤੌਰ 'ਤੇ ਲੋਕਾਂ ਦੀ ਨਫਰਤ ਹਕੂਮਤ ਕਰਦੀਆਂ ਪਾਰਟੀਆਂ ਖਿਲਾਫ ਸੇਧਤ ਹੁੰਦੀ ਹੈ ਪਰ ਇਸ ਹਾਲਤ ਵਿੱਚ ਸਭਨਾਂ ਪਾਰਟੀਆਂ ਦਾ ਅਸਲਾ ਤੇਜੀ ਨਾਲ ਬੇਨਕਾਬ ਹੋਣ ਦੇ ਬੀਜ ਸਮੋਏ ਹੋਏ ਹਨ। ਸੋ ਮਮਤਾ ਬਹੁਤਾ ਚਿਰ ਮਮਤਾ ਦੀ ਮੂਰਤ ਬਣ ਕੇ ਪੇਸ਼ ਨਹੀਂ ਹੋ ਸਕਦੀ। 


ਚੋਣ-ਨਤੀਜਿਆਂ ਨੇ ਵੱਡੇ ਲੁਟੇਰਿਆਂ ਦੇ ਰਾਜਭਾਗ ਦੇ ਵਧ ਰਹੇ ਸੰਕਟ ਨੂੰ ਸਾਹਮਣੇ ਲਿਆਂਦਾ ਹੈ। ਐਨ.ਡੀ.. ਗੱਠਜੋੜ ਅਤੇ ਯੂ.ਪੀ. ਗੱਠਜੋੜ ਦੀ ਬਦਨਾਮੀ ਦੀ ਹਾਲਤ ਵਿੱਚ ਖੱਬੇ ਮੋਰਚੇ ਦੇ ਲੀਡਰ ''ਤੀਜੇ ਬਦਲ'' ਦੀ ਗੁਲੀ ਬਣਕੇ ਡੋਲਦੇ ਰਾਜ ਸਿੰਘਾਸਨ ਨੂੰ ਠੁੰਮ੍ਹਣਾ ਦੇਣ ਦੀ ਸਮਰੱਥਾ ਵਿਖਾਉਣ ਨੂੰ ਫਿਰਦੇ ਸਨ। ਪਰ ਪੱਛਮੀ ਬੰਗਾਲ ਦੇ ਝਟਕੇ ਨਾਲ ਹਾਕਮ ਜਮਾਤੀ ਸਿਆਸੀ ਕੈਂਪ ਦੀ ਖਸਤਾ ਹਾਲਤ ਹੋਰ ਬੇਨਕਾਬ ਹੋ ਗਈ ਹੈ। ਸਥਿਰ ਅਤੇ ਪਾਏਦਾਰ ਹਕੂਮਤ ਦਾ ਹਾਕਮ ਜਮਾਤਾਂ ਦਾ ਸੁਪਨਾ ਪੂਰਾ ਹੋਣ ਵਾਲਾ ਨਹੀਂ ਹੈ। ਇਸ ਹਾਲਤ ਵਿੱਚ ਤੇਜ ਹੋ ਰਹੀਆਂ ਲੋਕਾਂ ਦੀਆਂ ਜੱਦੋਜਹਿਦਾਂ ਲਈ ਸੰਭਾਵਨਾਵਾਂ ਵੀ ਵਧ ਰਹੀਆਂ ਹਨ ਅਤੇ ਖਤਰੇ ਵੀ।