Saturday, June 19, 2021

ਬੀ ਕੇ ਯੂ ਏਕਤਾ (ਉਗਰਾਹਾਂ) ਦੀ ਉਸਾਰੀ ਜਨਤਕ ਪਹੁੰਚ ਲਾਗੂ ਕਰਨ ਦਾ ਰੋਲ

 ਬੀ ਕੇ ਯੂ ਏਕਤਾ (ਉਗਰਾਹਾਂ) ਦੀ ਉਸਾਰੀ
ਜਨਤਕ ਪਹੁੰਚ ਲਾਗੂ ਕਰਨ ਦਾ ਰੋਲ

ਚੱਲ ਰਹੇ ਕਿਸਾਨ ਸੰਘਰਸ਼ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇੱਕ ਸਿਰਕੱਢਵੀਂ ਜਥੇਬੰਦੀ ਹੈ ਜਿਸਦਾ ਵਿਸ਼ਾਲ ਜਨਤਕ ਆਧਾਰ, ਵੱਡੀ ਲਾਮਬੰਦੀ ਤੇ ਐਕਸ਼ਨਾਂ ਦੀ ਲਗਾਤਾਰਤਾ ਵਰਗੇ ਲੱਛਣ ਵਿਸ਼ੇਸ਼ ਕਰਕੇ ਲੋਕਾਂ ਦਾ ਧਿਆਨ ਖਿੱਚਦੇ ਹਨ। ਇਹ ਪਹਿਲੂ ਕਿਸਾਨ ਲਹਿਰ ਨਾਲ ਸਰੋਕਾਰ ਰੱਖਣ ਵਾਲੇ ਹਿੱਸਿਆਂ ਅੰਦਰ ਇਸਦੇ ਕੰਮਢੰਗ ਤੇ ਨੀਤੀਆਂ ਬਾਰੇ ਜਾਨਣ ਸਮਝਣ ਦੀ ਦਿਲਚਸਪੀ ਜਗਾਉਦੇ ਹਨ। ਇਸਦੇ ਸਮੁੱਚੇ ਵਿਕਾਸ ਅਮਲ, ਨੀਤੀਆਂ ਤੇ ਕੰਮ ਢੰਗ ਦੀ ਵਿਸਥਾਰੀ ਚਰਚਾ ਬਾਰੇ ਤਾਂ ਲੰਮੀ ਲਿਖਤ ਲੋੜੀਂਦੀ ਹੈ ਜੋ ਅਜੇ ਸੰਭਵ ਨਹੀਂ। ਪਰ ਇਸਦੇ ਇੱਕ ਅੰਸ਼ ਨੂੰ ਸੰਬੋਧਿਤ ਹੁੰਦਿਆਂ ਅਸੀਂ ਪਰਚੇ ਦੀ ਇੱਕ ਪੁਰਾਣੀ ਲਿਖਤ ਦਾ ਕੁੱਝ ਹਿੱਸਾ ਪ੍ਰਕਾਸ਼ਿਤ ਕਰ ਰਹੇ ਹਾਂ। ਇਹ ਹਿੱਸਾ ਜਥੇਬੰਦੀ ਦੀ ਕੀਤੀ ਗਈ ਸਿਰਜਾਣਤਿਮਕ ਅਗਵਾਈ ਬਾਰੇ ਹੈ। ਇਸ ਜਥੇਬੰਦੀ ਦੀ ਲੜਾਕੂ ਤੇ ਘੋਲ ਮੁਖੀ ਲੀਹ ਨੂੰ ਘੜਨ ਤੇ ਲਾਗੂ ਕਰਨ ’ਚ ਇਸ ਅਗਵਾਈ ਦਾ ਮਹੱਤਵਪੂਰਨ ਰੋਲ ਹੈ। ਵਿਸ਼ੇਸ਼ ਕਰਕੇ ਇਨਕਲਾਬੀ ਜਨਤਕ ਲੀਹ ਨੂੰ ਲਾਗੂ ਕਰਨ ਪੱਖੋਂ ਅਗਵਾਈ ਦਾ ਪਹਿਲੂ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਹਿੱਸਾ ਜੁਲਾਈ ਅਗਸਤ 2005 ਦੇ ਅੰਕ ’ਚ ਯੂਨੀਅਨ ਦੇ ਇਜਲਾਸ ਬਾਰੇ ਛਪੀ ਇੱਕ ਲੰਮੀ ਲਿਖਤ ’ਚੋ ਲਿਆ ਗਿਆ ਹੈ।                                                                                                                         - ਸੰਪਾਦਕ


ਇਸ ਨੇ ਜਨਤਕ ਪਹੁੰਚ ਨੂੰ ਭਰਪੂਰਤਾ ’ਚ ਲਾਗੂ ਕਰਕੇ ਸਿਰਜਣਾਤਮਿਕ ਸਰਗਰਮੀ ਕਰਨ ਪੱਖੋਂ ਚੰਗਾ ਮਿਆਰ ਦਿਖਾਇਆ ਹੈ। ਇਸ ਨੇ ਕਿਸਾਨ  ਸ਼ਕਤੀ ਦੀ ਲੁਪਤ ਸਮਰੱਥਾ ਨੂੰ ਬੁੱਝਿਆ ਹੈ। ਇਸ ਨੂੰ ਜੋਹਿਆ ਹੈ। ਇਸ ’ਤੇ ਵੱਡਾ ਭਰੋਸਾ ਕਰਕੇ ਇਸ ਨੂੰ ਧੜੱਲੇ ਨਾਲ ਉਭਾਰਿਆ ਹੈ। ਲੁਪਤ-ਭੇੜੂ ਸਮਰੱਥਾ ਨੂੰ ਪ੍ਰਤੱਖ ਕਰਕੇ, ਲੜਾਕੂ ਸ਼ਕਤੀ ਵਜੋਂ ਸੰਗਠਤ ਕਰਕੇ ਦਿਖਾਇਆਹੈ। ਇਸ ਜਥੇਬੰਦੀ ਨੇ ਅਗਵਾਈ ਕਰਨ ਦੇ ਉੱਤਮ ਤਰੀਕੇ ਨੂੰ ਅਪਣਾਇਆ ਹੋਇਆ ਹੈ। ਇਸ ਨੇ ਆਗੂ ਟੀਮ ਵਾਲੀ ਗੁਲੀ ਨੂੰ ਇੱਕਜੁਟ-ਇੱਕਮੱਤ ਕਰਨ ਅਤੇ ਮਿਥੀ ਐਕਸ਼ਨ ਯੋਜਨਾ ਦੇ ਸਾਰੇ ਪੱਖਾਂ ਨੂੰ ਸੰਭਵ ਹੱਦ ਤੱਕ ਚਿਤਾਰਨ ਦਾ ਪਹਿਲਾ ਮਹੱਤਵਪੂਰਨ ਕਦਮ ਬਿਨਾ ਨਾਗਾ ਚੁੱਕਿਆ ਹੈ। ਇਸ ਆਗੂ ਗੁਲੀ ਦੁਆਲੇ ਕਿਸਾਨੀ ਦੀ ਪਹਿਲੀਵਿਕਸਤ ਪਰਤ ਨੂੰ ਲਾਮਬੰਦ ਕਰਕੇ, ਸਾਰੇ ਪੱਖਾਂ ਤੋਂ ਲੈਸ ਕਰਕੇ, ਵਿਆਪਕ ਲਾਮਬੰਦੀ ਕਰਨ ਦਾ ਤਰੀਕਾਕਾਰ ਅਪਣਾਇਆ ਹੈ। ਅਗਵਾਈ ਕਰਨ ਦੇ ਅਜਿਹੇ ਵਿਕਸਤ ਤਰੀਕਾਕਾਰ ਦੇ ਆਸਰੇ ਇਸ ਜਥੇਬੰਦੀ ਨੇ ਲੇਖੇ-ਜੋਖੇ ਹੇਠਲੇ ਛੋਟੇ ਅਰਸੇ ਅੰਦਰ ਹੀ ਜਨਤਕ ਜਾਮੇ ਵਿਚ ਵਿਕਸਤ ਹੋ ਸਕਣ ਵਾਲੀ ਸਮਰੱਥ ਆਗੂ ਪਰਤ ਅਤੇ ਵਿਕਸਤ ਪਹਿਲੀ ਪਰਤ ਨੂੰ ਗਿਣਤੀ ਅਤੇ ਗੁਣਾਂ, ਦੋਹਾਂ ਪੱਖਾਂ ਤੋਂ ਹੀ ਕਾਫੀ ਤਕੜੀ ਕਰ ਲਿਆ ਹੈ। 

ਜੂਨ 2002 ਵਿਚ ਜੇਠੂ ਕੇ ਇਜਲਾਸ ਵੇਲੇ ਇਸ ਦੀ ਜਨਤਕ ਇਕੱਠਾਂ ਵਿਚ ਲਾਮਬੰਦੀ ਕਰਨ ਦੀ ਸਮਰੱਥਾ ਦੋ ਤੋਂ ਢਾਈ ਹਜਾਰ ਤੱਕ ਸੀ। ਚਾਰ ਮਹੀਨਿਆਂ ਦੇ ਛੋਟੇ ਅਰਸੇ ਵਿਚ ਇਹ ਪੰਜ ਹਜ਼ਾਰ ਨੂੰ ਢੁਕ ਗਈ। 13 ਸਤੰਬਰ 2004 ਨੂੰ ਕੀਤੀ ਗਈ ਲਲਕਾਰ ਰੈਲੀ ਵਿਚ ਇਸ ਜਥੇਬੰਦੀ ਦੀ ਨਫਰੀ 9500 ਦੇ ਕਰੀਬ ਜਾ ਪਹੁੰਚੀ। 15 ਮਾਰਚ 2005 ਦੀ ਚੰਡੀਗੜ੍ਹ ਰੈਲੀ ਸਮਂੇ ਅਗਲੇ ਛੇ ਮਹੀਨੇ ਦੇ ਅਰਸੇ ’ਚ ਕੀਤੀ ਤਰੱਕੀ ਦੇ ਸਿਰ ’ਤੇ ਇਸ ਨੇ ਇਹ ਗਿਣਤੀ 12000 ਦੇ ਨੇੜੇ ਪਹੁੰਚਾ ਦਿੱਤੀ। 31 ਜਨਵਰੀ 2000 ਨੂੰ ਜੇਠੂਕੇ ਸਟੇਸ਼ਨ ’ਤੇ ਪੁਲਸੀ ਹਮਲੇ ਦਾ ਹਿੱਕਾਂ ਤਾਣ ਕੇ ਸਾਹਮਣਾ ਕਰਨ ਵਾਲੇ ਕਿਸਾਨ ਮਰਦਾਂ-ਔਰਤਾਂ ਦੀ ਗਿਣਤੀ ਸੈਂਕੜਿਆਂ ਵਿਚ ਸੀ। 29 ਮਾਰਚ 2004 ਨੂੰ ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਹਕੂਮਤੀ ਬਾਹੂਬਲਾਂ ਦੇ ਬਲ ਦਾ ਸਾਹਮਣਾ ਕਰਨ ਵਾਲੇ ਦੋਹਾਂ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਗਿਣਤੀ ਹਜ਼ਾਰਾਂ ਵਿਚ ਸੀ। 25 ਅਕਤੂਬਰ 2004 ਨੂੰ ਚੱਠੇਵਾਲਾ ਦੀ ਕੁਰਕੀ ਦੇ ਮੌਕੇ ’ਤੇ ‘‘ਕਰੋ ਜਾਂ ਮਰੋ’’ ਲਈ ਸੱਚ-ਮੁੱਚ ਤਿਆਰ ਮਰਦਾਂ-ਔਰਤਾਂ ਦੀ ਗਿਣਤੀ 5000 ਦੇ ਕਰੀਬ ਸੀ। 

ਇਸ ਜਥੇਬੰਦੀ ਦੀ ਪਹਿਲੀ ਪਰਤ ਵਜੋਂ ਗਿਣੇ ਜਾਣ ਵਾਲੇ ਆਗੂਆਂ, ਵਰਕਰਾਂ ਅਤੇ ਸਰਗਰਮ ਹਮਾਇਤੀ ਮਰਦਾਂ-ਔਰਤਾਂ ਦੀ ਗਿਣਤੀ 1500 ਤੋਂ ਉੱਪਰ ਨੂੰ ਜਾਂਦੀ ਹੈ, ਜਿਹੜੇ ਜੇਲ੍ਹਾਂ, ਲਾਠੀਚਾਰਜਾਂ, ਟੀਅਰ ਗੈਸ ਜਾਂ ਹਵਾਈ ਫਾਇਰਾਂ ਅਤੇ ਸਿੱਧਮ-ਸਿੱਧੇ ਫਾਇਰਾਂ ਵਿਚਦੀ ਕਈ ਕਈ ਵਾਰ ਲੰਘ ਚੁੱਕੇ ਹਨ। ਇਹ ਜੁਝਾਰ ਗੁਲੀ ਇਸ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਹੈ। ਇਸ ਰੀੜ੍ਹ ਦੀ ਹੱਡੀ ਵਿਚ ਵਰ੍ਹਦੇ ਅੱਗ-ਪਾਣੀ ਵਿਚ ਅਗਵਾਈ ਕਰਨ ਦੀ ਸਮਰੱਥਾ ਵਾਲੇ, ਚੜ੍ਹਾਈ ਵੇਲੇ ਕੰਨ੍ਹਾ ਲਾਉਣ ਵਾਲੇ,ਉਤਰਾਈ ਵੇਲੇ ਢਲਕ ਦਾ ਭਾਰ ਥੰਮ੍ਹਣ ਵਾਲੇ ਆਗੂਆਂ ਤੇ ਵਰਕਰਾਂ ਦੀ ਗਿਣਤੀ ਸੈਂਕੜਿਆਂ ਵਿਚ ਹੁੰਦੀ ਹੈ। ਇਹ ਸੈਂਕੜੇ, ਭਖੀਆਂ ਮੁਹਿੰਮਾਂ ਵਿਚ, ਹਫਤਿਆਂ, ਮਹੀਨਿਆਂ-ਬੱਧੀ ਦਿਨ-ਰਾਤ ਇੱਕ ਕਰਦੇ ਹਨ ਅਤੇ ਇਹ ਮਿਲ ਕੇ ਜਥੇਬੰਦੀ ਦੀ ਕਿਸੇ ਜਾਨਹੂਲਵੀਂ ਮੁਹਿੰਮ ਦੀ ਸਮੁੱਚੀ ਕਮਾਂਡ ਬਣ ਜਾਂਦੇ ਹਨ। ਜਥੇਬੰਦੀ ਦੀ ਕਿਸੇ ਪੱਧਰ ਦੀ ਸਟੇਜ ਨੂੰ ਬੁਲਾਰਿਆਂ ਦੀ ਤੋਟ ਖੜ੍ਹੀ ਨਹੀਂ ਹੁੰਦੀ ਜਿਹੜੇ ਹੱਥ ਲਏ ਮਸਲੇ ਦੇ ਸਬੰਧਤ ਵੱਖ ਵੱਖ ਪੱਖਾਂ ਦੀ ਫਰੋਲ ਕਰਦੇ ਹਨ। ਜਨਤਾ ਦੀ ਤਸੱਲੀ ਕਰਾਉਦੇ ਹਨ, ਉਭਾਰਦੇ ਤੇ ਸਮਝ ਵਧਾਉਦੇ ਹਨ। ਸੰਨ 2002 ਦੀ ਸੋਕੇ ਦੇ ਮਸਲੇ ਨੂੰ ਉਭਾਰਨ ਦੀ ਜੂਨ-ਜੁਲਾਈ-ਅਗਸਤ-ਸਤੰਬਰ ਵਿਚ ਭਖ ਕੇ ਚੱਲਣ ਵਾਲੀ ਮੁਹਿੰਮ, ਝੋਨਾ ਪਾਲਣ ਲਈ ਕਿਸਾਨੀ ਦੇ ਸਿਰੇ ਦੇ ਖੇਤੀ ਕੰਮ ਦੇ ਰੁਝੇਵੇਂ ਸਮੇਂ ਚੱਲੀ ਹੈ। ਮਾਨਾਂਵਾਲਾ ਗੋਲੀਕਾਂਡ29 ਮਾਰਚ 2004 ਨੂੰ ਮਾਲਵਾ ਖੇਤਰ ਵਿਚ ਹਾੜ੍ਹੀ ਦੀ ਵਾਢੀ ਦੇ ਸ਼ੁਰੂ ਦੇ ਦਿਨਾਂ ਵਿਚ ਹੋਇਆ ਹੈ ਤੇ ਸਮੁੱਚੇ ਪੰਜਾਬ ਵਿਚ ਵਾਢੀ ਦੇ ਭਖੇ ਸੀਜਨ ਦੇ ਲੰਘ ਜਾਣ ਤੱਕ ਜਾਰੀ ਰਿਹਾ ਹੈ। ਚੱਠੇਵਾਲਾ ਦਾ ਘੋਲ ਅਤੇ ਇਸ ਤੋਂ ਬਾਅਦ ਨਰਮੇ ਦਾ ਭਾਅ ਵਧਾਉਣ ਲਈ ਹੋਇਆ ਰੋਲ-ਰੋਕੋ ਅਤੇ ਇਸ ’ਤੇ ਹਕੂਮਤੀ ਹੱਲਾ, ਨਰਮੇ ਦੀ ਚੋਣੀ ਪੈ ਜਾਣ ਤੋਂ ਬਾਅਦ ਲੜਿਆ ਗਿਆ। ਖੇਤੀ ਦੇ ਕੰਮ ਦੇ ਸਿਖਰਲੇ ਦਿਨਾਂ ਵਿਚ ਵੀ ਕਿਸਾਨੀ ਦੀ ਲਾਮਬੰਦੀ ਨੂੰ ਸਿਖਰਾਂ ਤੱਕ ਪਹੁੰਚਾ ਦੇਣਾ, ਸਿਖਰਲੇ ਤਿੱਖੇ ਘੋਲ ਰੂਪਾਂ ਵਿਚ ਲੈ ਜਾਣਾ ਅਤੇ ਇਸ ਦਾ ਭਖਾਅ ਬਣਾਈ ਰੱਖਣਾ, ਜਥੇਬੰਦੀ ਦੇ ਢਾਂਚੇ ਦੇ ਉੱਪਰ ਦਰਜ ਕੀਤੇ ਲੱਛਣਾਂ ਦੀ ਬਰਕਤ ਹੈ। ਇਹੀ ਇਹਨਾਂ ਲੱਛਣਾਂ ਦੇ ਤੱਤ ਦੀ ਠੋਸ ਗਵਾਹੀ ਹੈ। 

ਜਥੇਬੰਦੀ ਦੇ ਚੇਤਨਾ ਵਾਲੇ ਅੰਸ਼ ਨੂੰ ਵਧਾਉਣ ਖਾਤਰ ਵੱਡੀਆਂ ਸਿੱਖਿਆ ਮੀਟਿੰਗਾਂ ਜਥੇਬੰਦ ਕਰਨ ਰਾਹੀਂ ਗੰਭੀਰ ਉਦਮ ਹੋਇਆ ਹੈ। ਇਹ ਮੀਟਿੰਗਾਂ ਜਥੇਬੰਦੀ ਦੀ ਲੀਡਰਸ਼ਿੱਪ ਅਤੇ ਵਰਕਰ-ਸਮੂਹ ਦੀ ਗੁਲੀ ਨੂੰ ਆਪਣੇ ਘੇਰੇ ਵਿਚ ਲੈਂਦੀਆਂ ਹਨ। ਅੱਗੋਂ ਇਹ ਵਰਕਰ ਅਗਲੇਰੀਆਂ ਮੀਟਿੰਗਾਂ ਰਾਹੀਂ, ਜੁਬਾਨੀ ਖੁੰਢ-ਪ੍ਰਚਾਰ ਰਾਹੀਂ ਜਾਂ ਬੁਲਾਰਿਆਂ ਰਾਹੀਂ ਅੱਗੋਂ ਆਮ ਜਨਤਾ ਤੱਕ ਲਿਜਾਂਦੇ ਰਹੇ ਹਨ। ਇਹਨਾਂ ਮੀਟਿੰਗਾਂ ਦੇ ਤੱਤ ਬਾਰੇ ਇਜਲਾਸ ਵਿਚ ਪਾਸ ਕੀਤੀ ਲੇਖਾ-ਜੋਖਾ ਰਿਪੋਰਟ ਵਿਚ ਇਉਦਰਜ ਕੀਤਾ ਗਿਆ ਹੈ, ‘‘ਕਿਸੇ ਵੀ ਘੋਲ ਦੀ ਲਾਮਬੰਦੀ ਕਰਦਿਆਂ,ਮਸਲੇ ਦੀ ਵਾਜਬੀਅਤ ਲਈ ਪ੍ਰਚਾਰ, ਹਕੂਮਤ ਜਾਂ ਵਿਰੋਧੀ ਧਿਰ ਦੇ ਪ੍ਰਚਾਰ ਦੀ ਠੋਸ ਤੱਥਾਂ ’ਤੇ ਅਧਾਰਤ ਕਾਟ ਕਰਨ ਲਈ ਪ੍ਰਚਾਰ, ਗਲਤ ਸੋਚਾਂ ਵਾਲੀਆਂ ਧਿਰਾਂ ਦੇ ਪ੍ਰਚਾਰ ਦੀ ਕਾਟ, ਫਿਰਕੂ ਜਾਂ ਭਟਕਾਊ ਪੈਂਤੜੇ ਦੀ ਕਾਟ (ਜੇ ਕੋਈ ਹੋਵੇ ਤਾਂ) । ਅਸੀਂ ਘੋਲਾਂ ਦੌਰਾਨ ਵੱਖ ਵੱਖ ਮੌਕਿਆਂ ’ਤੇ ਕਰਨ ਵਾਲੇ ਪ੍ਰਚਾਰ ਵਿਚ ਇਸ ਗੱਲ ਦਾ ਧਿਆਨ ਰਖਦੇ ਹਾਂ ਕਿ ਅਸੀਂ ਲੋਕਾਂ ਦੀ ਕਿਹੜੀ ਪਰਤ ਨੂੰ ਸੰਬੋਧਤ ਹੋਣਾ ਹੈ। ਇਹਨਾਂ ਮੀਟਿੰਗਾਂ ਵਿਚ ਹੱਥ ਲਈ ਮੁਹਿੰਮਨਾਲਨਜਿਠਣ ਲਈ ਹਕੂਮਤੀ ਰਵੱਈਏ ਦੇ ਸੰਭਵ ਤੌਰ ਤਰੀਕਿਆਂ ਬਾਰੇ ਜਾਇਜ਼ਾ ਕੀ ਬਣਦਾ ਹੈ? ਇਸ ਨੂੰ ਕਿਵੇਂ ਨਜਿੱਠਿਆ ਜਾਣਾ ਠੀਕ ਰਹੇਗਾ। ਇਸ ਮੁਹਿੰਮ ਵਿਚ ਅਸੀਂ ਕਿਹੋ ਜਿਹੀਆਂ ਪ੍ਰਾਪਤੀਆਂ ਦੀ ਆਸ ਕਰਦੇ ਹਾਂ ਵਗੈਰਾ ਮੁੱਦੇ ਵਿਚਾਰੇ ਜਾਂਦੇ ਰਹੇ ਹਨ।’’

ਚੇਤਨਾ ਵਧਾਰੇ ਲਈ ਸਿੱਖਿਆ ਮੀਟਿੰਗਾਂ ਅਤੇ ਤਿੱਖੇ ਸੰਘਰਸ਼ਾਂ ’ਚੋਂ ਹਾਸਲ ਕੀਤੀ ਸਿਖਲਾਈ, ਸਿੱਖਿਆ ਅਤੇ ਵਧੀ ਹੋਈ ਚੇਤਨਾ ਨੂੰ ਨੋਟ ਕਰਦਿਆਂ ਲੇਖਾ-ਜੋਖਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ, ‘‘ਜਥੇਬੰਦੀ ਦੇ ਚੇਤਨਾ ਪੱਧਰ ਪੱਖੋਂ ਅਥਾਹ ਵਾਧਾ ਹੋਇਆ ਹੈ। ਅੱਜ ਜਥੇਬੰਦੀ ਦਾ ਸਧਾਰਨ ਵਰਕਰ ਵੀ ਇਹ ਜਾਣਦਾ ਹੈ ਕਿ ਉਹ ਕਿਉ ਲੜ ਰਿਹਾ ਹੈ। ਕਰਜੇ ਦੇ ਕੀ ਕਾਰਨ ਹਨ? ਹਕੂਮਤੀ ਨੀਤੀਆਂ ਦਾ ਇਸ ਨਾਲ ਕੀ ਸੰਬੰਧ ਹੈ?ਸੰਸਾਰ ਵਪਾਰ ਸੰਸਥਾ ਕੀ ਹੈ?ਇਹਦੀਆਂ ਨੀਤੀਆਂ ਦਾ ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ’ਤੇ ਕੀ ਅਸਰ ਪੈ ਰਿਹਾ ਹੈ? ਇਸ ਤੋਂ ਵੀ ਅੱਗੇ ਵਧ ਕੇ,ਉਸ ਨੂੰ ਸਿਆਸੀ ਪਾਰਟੀਆਂ ਅਤੇ ਹਕੂਮਤਾਂ ਦੇ ਕਿਰਦਾਰ ਦੀ ਵੀ ਸੋਝੀ ਹੈ। ਦੂਜੇ ਪਾਸੇ ਉਹ ਜਾਣਦਾ ਹੈ ਕਿ ਬਿਜਲੀ ਮੁਲਾਜ਼ਮਾਂ, ਖੇਤ ਮਜ਼ਦੂਰਾਂ, ਵਿਦਿਆਰਥੀਆਂ ਅਤੇ ਹੋਰ ਮਿਹਨਤਕਸ਼ ਤਬਕਿਆਂ ਨਾਲ ਉਸ ਦੀ ਕੀ ਸਾਂਝ ਹੈ ਅਤੇ ਇਹਨਾਂ ਨਾਲ ਆਮ ਜਿੰਦਗੀ ਵਿੱਚ ੳੱੁਭਰਦੀਆਂ ਵਿਰੋਧਤਾਈਆਂ ਕਿਵੇਂ ਇਸ ਸਾਂਝ ਤੋਂ ਛੋਟੀਆਂ ਹਨ। ਜੁਝਾਰ ਖਾਸੇ ਪੱਖੋਂ ਉਹਨਾਂ ਨੂੰ ਪਤਾ ਹੈ ਕਿ ਅੱਜ ਦੀਆਂ ਹਾਲਤਾਂ ਵਿਚ ਕਿਵੇਂ ਉਹਨਾਂ ਦੇ ਹਿੱਤਾਂ ਦੀ ਰਾਖੀ ਅਤੇ ਵਧਾਰਾ ਜਾਨ- ਹੂਲਵੇਂ ਸੰਘਰਸ਼ਾਂ ਨਾਲ ਹੀ ਕੀਤਾ ਜਾ ਸਕਦਾ ਹੈ। ਕਿਵੇਂ ਅਜਿਹੇ ਜੁਝਾਰ ਸੰਘਰਸ਼ਾਂ ਦੇ ਆਸਰੇ ਆਪਣੀ ਪੁੱਗਤ ਬਣਾਈ ਜਾ ਸਕਦੀ ਹੈ। ਕਿਵੇਂ ਇਹਨਾਂ ਸੰਘਰਸ਼ਾਂ ਅੰਦਰ ਕੁਰਬਾਨੀਆਂ ਜਰੂਰੀ ਅੰਗ ਹਨ। ਚੇਤਨਾ ਅਤੇ ਜੁਝਾਰ ਭਾਵਨਾ ਦੇ ਪਸਾਰੇ ਪੱਖੋਂ ਸੂਬਾ ਲੀਡਰਸ਼ਿੱਪ ਵੱਲੋਂ ਕਰਿੰਦਿਆਂ ਦੀ ਸਿਖਲਾਈ ਅਤੇ ਸਿੱਖਿਆ ਲਈ ਕੀਤੀਆਂ ਜਾਂਦੀਆਂ  ਕੋਸ਼ਿਸ਼ਾਂ ਦੇ ਸਿੱਟੇ ਵਜੋਂ ਅੱਜ ਜਥੇਬੰਦੀ ਕੋਲ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਚੇਤਨ ਵਰਕਰ ਮੌਜੂਦ ਹਨ। ਜਥੇਬੰਦੀ ਦੇ ਜੋਰ ਵਾਲੇ ਪਿੰਡਾਂ ਵਿਚ 10-15 ਤੋਂ ਲੈ ਕੇ 50-100 ਤੱਕ ਦੇ ਚੇਤਨ ਅਤੇ ਜੁਝਾਰ ਕਾਫਲੇ ਮੌਜੂਦ ਹਨ।’’ 

ਕਿਸਾਨ ਜਨਤਾ ਦੀ ਜਮਾਤ ਦੇ ਤੌਰ ’ਤੇ ਏਕਤਾ ਵਧਾਉਣ ਅਤੇ ਪੱਕੇ ਪੈਰੀਂ ਕਰਨ ਖਾਤਰ ਇਸ ਜਥੇਬੰਦੀ ਦਾ ਰੋਲ ਨਵੇਂ ਲਾਂਘੇ ਬਣਾਉਣ ਵਾਲਾ ਹੈ। ਇਸ ਨੇ ਆਪਣੀ ਅਗਵਾਈ ਹੇਠ ਕੰਮ ਕਰ ਰਹੀ ਕਿਸਾਨ ਜਨਤਾ ਦੀਆਂ ਵੱਖ ਵੱਖ ਪਰਤਾਂ ਨੂੰ ਆਪਣੀ ਜਥੇਬੰਦੀ ਦੀ ਲੀਹ ਅਤੇ ਲੀਡਰਸ਼ਿੱਪ ਦੁਆਲੇ ਪੂਰੇ ਵਿਸ਼ਵਾਸ਼ ਨਾਲ ਜੋੜਿਆ ਹੋਇਆ ਹੈ। ਕਿਸਾਨੀ ਦੀਆਂ ਹੇਠਲੀਆਂ, ਜ਼ਮੀਨ, ਸੰਦ-ਸਾਧਨਾਂ ਅਤੇ ਵਾਜਬ ਸਮਾਜਕ ਰੁਤਬੇ ਤੋਂ ਵਿਰਵੀਆਂ ਪਰਤਾਂ ਮੌਜੂਦ ਹਨ। ਇਹਨਾਂ ਦੀਆਂ ਮੰਗਾਂ, ਮੁੱਦੇ, ਸਰੋਕਾਰ ਅਤੇ ਲੜਨ ਰੌਂਅ ਛੋਟੀ ਮਾਲਕੀ ਦੇ ਹਿਸਾਬ ਤਹਿ ਹੁੰਦਾ ਹੈ। ਇਵੇਂ ਹੀ ਉੱਪਰਲੀਆਂ ਪਰਤਾਂ ਹਨ। ਜਿਹਨਾਂ ਪਾਸ ਜ਼ਮੀਨ, ਸੰਦ-ਸਾਧਨ ਅਤੇ ਇਕ ਹੱਦ ਤੱਕ ਸਰਮਾਇਆ ਮੌਜੂਦਾ ਹੈ। ਇਹਨਾਂ ਦੀ ਹੋਰਨਾਂ ਮੰਗਾਂ ਮੁੱਦਿਆਂ ’ਤੇ ਵੱਧ ਦਾਬ ਹੈ। ਜਥੇਬੰਦੀ ਨੇ ਘੋਲ ਵਿਉਤ ਬਣਾਉਦਿਆਂ, ਮੁੱਦੇ ਅਤੇ ਘੋਲ ਰੂਪ ਛਾਂਟਦਿਆਂ ਹਮੇਸ਼ਾਂ ਦੋਹਾਂ ਪਰਤਾਂ ਦੇ ਹਿਸਾਬ ਦਾਬ ਦੀ ਵਾਧ-ਘਾਟ ਕੀਤੀ ਹੈ। ਇਵੇਂ ਹੀ ਪਿੰਡ ਦੀ ਚੌਧਰ ਸਿਆਸਤ ਅਤੇ ਪਾਰਲੀਮਾਨੀ ਚੋਣ-ਸਿਆਸਤ ਦੇ ਆਧਾਰ ’ਤੇ ਪਿੰਡਾਂ ਅੰਦਰ ਪੈਦਾ ਹੋਏ ਪਾਟਕ ਨੂੰ ਸੰਭਵ ਹੱਦ ਤੱਕ ਕਮਜੋਰ ਕੀਤਾ ਹੈ। ਜਥੇਬੰਦੀ ਦੇ ਅੰਦਰ ਬਿਲਕੁਲ ਦਾਖਲ ਨਹੀਂ ਹੋਣ ਦਿੱਤਾ। ਸਗੋਂ ਇਸ ਵੰਡ ਨੂੰ ਭੰਨ ਕੇ ਸਾਰੀਆਂ ਸਿਆਸਤਾਂ ਵਾਲਿਆਂ ਦੇ ਪ੍ਰਭਾਵ ਘੇਰੇ ਨੂੰ ਆਪਣੀਆਂ ਸਫਾਂ ਵਿਚ ਖਿੱਚਿਆ ਹੈ। ਇਸ ਪ੍ਰਾਪਤੀ ਨੂੰ ਹਾਸਲ ਕਰਨ ਵਿਚ ਪੰਚਾਇਤੀ ਅਤੇ ਪਾਰਲੀਮਾਨੀ ਚੋਣਾਂ ਤੋਂ ਨਿਰਲੇਪ ਰਹਿਣ ਦੀ ਨੀਤੀ ਅਤੇ ਧੁਰ ਹੇਠਾਂ ਤੱਕ ਇਸ ਨੀਤੀ ਦੀ ਪਹਿਰੇਦਾਰੀ ਦਾ ਵੱਡਾ ਹਿੱਸਾ ਹੈ। 

ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਜਥੇਬੰਦ ਹੋਈ ਕਿਸਾਨ ਜਨਤਾ ਨਾਲ ਘੱਟੋ ਘੱਟ ਸਾਂਝ ਦੇ ਆਧਾਰ ’ਤੇ ਸਾਂਝੀਆਂ ਸਰਗਰਮੀਆਂ ਲਈ ਲਗਾਤਾਰ ਪਹਿਲਕਦਮੀ ਕੀਤੀ ਹੈ। ਇਸ ਪਹਿਲਕਦਮੀ ਦੇ ਕਈ ਰੂਪ ਵਰਤੋਂ ਵਿਚ ਆਏ ਹਨ। ਆਪਣੇ ਪਲੇਟਫਾਰਮ ਤੋਂ ਮੰਗਾਂ-ਮੁੱਦੇ ਉਭਾਰਨਾ, ਘੋਲ ਭਖਾਉਣਾ ਅਤੇ ਲ਼ੜਾਈ ਦੇ ਮੈਦਾਨ ਵਿਚ ਆਉਣ ਲਈ ਸਾਜਗਾਰ ਮਹੌਲ ਸਿਰਜ ਕੇ, ਧੱਕ ਪੈਦਾ ਕਰਨਾ, ਇੱਕ ਰੂਪ ਹੈ। ਦੂਜੀਆਂ ਜਥੇਬੰਦੀਆਂ ਵੱਲੋਂ ਲਏ ਮੁੱਦਿਆਂ ਦੀ, ਖਾਸ ਕਰਕੇ ਲੁਟੇਰੇ ਵਰਗਾਂ ਦੀ ਧੱਕੇਸ਼ਾਹੀ ਦੇ ਦਬਾਅ ਵਾਲੇ ਮੁੱਦਿਆਂ ’ਤੇ ਸਾਂਝੀ ਸਰਗਰਮੀ ਤੋਂ ਟਾਲਾ ਵੱਟਣ ਵਾਲਿਆਂ ਦੀ ਡਟਵੀਂ ਬਿਨਾ ਸ਼ਰਤ ਹਮਾਇਤ ਕਰਨਾ ਇੱਕ ਹੋਰ ਰੂਪ ਹੈ। ਇਸ ਹਮਾਇਤ ਨੂੰ ਵਿਸ਼ਾਲ ਪੈਮਾਨੇ ’ਤੇ ਲਿਜਾਣਾ, ਤਾਂ ਕਿ ਇਹ ਤੱਤ ਪੱਖੋਂ ਸਾਂਝੀ ਸਰਗਰਮੀ ਜਿੰਨੀ ਤਾਕਤਵਰ ਬਣ ਜਾਵੇ, ਸਾਂਝੀ ਸਰਗਰਮੀ ਤੋਂ ਟਾਲਾ ਵੱਟਣ ਵਾਲਿਆਂ ਦੇ ਮੁਕਾਬਲੇ ਹਾਂਪੱਖੀ ਨਮੂਨਾ ਬਣੇ ਅਤੇ ਇਹਨਾਂ ਦੀ ਅਗਵਾਈ ਹੇਠਲੀ ਕਿਸਾਨ ਜਨਤਾ ਪ੍ਰਤੀ ਢੁਕਵੀਂ ਜਮਾਤੀ ਇੱਕਮੁੱਠਤਾ ਵੀ ਪ੍ਰਗਟ ਹੋਵੇ। ਕਿਸਾਨੀ ਦੀ ਜਮਾਤੀ ਏਕਤਾ  ਅਮਲੀ ਪੱਖ ਤੋਂ ਹਾਸਲ ਕਰਨ ਲਈ ਤਾਲਮੇਲਵੇਂ ਐਕਸ਼ਨ ਕਰਨ ਦੇ ਰੂਪ ਦੀ ਵਰਤੋਂ ਵੀ ਹੋਈ ਹੈ। ਸਭ ਤੋਂ ਵੱਧ ਵਰਤੋਂ ਘੱਟੋ-ਘੱਟ ਸਾਂਝੀ ਸਮਝ ਅਤੇ ਮੁੱਦੇ ਦੇ ਆਧਾਰ ’ਤੇ ਸਾਂਝੀ ਸਰਗਰਮੀ ਕਰਨ ਦੀ ਰਹੀ ਹੈ। ਇਸ ਵਿਚ ਪੈਦਾ ਹੁੰਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਹੋਏ ਹਨ। ਇਸ ਕਿਸਾਨ ਜਥੇਬੰਦੀ ਨੇ ਅਜਿਹੀਆਂ ਸਾਂਝੀਆਂ ਸਰਗਰਮੀਆਂ ਸਮੇਂ ਇਸ ਅਸੂਲ ਦੀ ਪਾਲਣਾ ਕੀਤੀ ਹੈ ਕਿ ਸਾਂਝੀ ਸਰਗਰਮੀ ਕਿਸਾਨ ਜਥੇਬੰਦੀਆਂ ਨਾਲ ਹੈ ਨਾ ਕਿ ਇਹਨਾਂ ਦੀਆਂ ਸਰਪ੍ਰਸਤ ਸਿਆਸੀ ਪਾਰਟੀਆਂ ਨਾਲ ਜਾਂ ਉਹਨਾਂ ਦੀ ਸਿਆਸਤ ਨਾਲ। ਇਸ ਆਧਾਰ ’ਤੇ ਅਸੂਲੀ ਟੁੱਟ-ਫੁੱਟ ਹੋਣ ਅਤੇ ਮੁੜ ਸਾਂਝ ਬਣਨ ਦਾ ਅਮਲ ਚੱਲਿਆ ਹੈ। ਇਸ ਜਥੇਬੰਦੀ ਨੇ ਇਸ ਅਸੂਲ  ਦੀ ਪਾਲਣਾ ਕੀਤੀ ਹੈ ਕਿ ਸਾਂਝੀਆਂ ਸਰਗਰਮੀਆਂ, ਸਰਗਰਮੀ ਨੂੰ ਵਧਾਉਣ ਲਈ ਹਨ ਨਾ ਕਿ ਸਾਂਝੀ ਗੈਰ-ਸਰਗਰਮੀ ਨੂੰ ਯਕੀਨੀ ਬਣਾਉਣ ਲਈ । ਇਸ ਆਧਾਰ ’ਤੇ ਟੁੱਟ-ਫੁੱਟ ਹੋਣ ਅਤੇ ਮੁੜ ਸਾਂਝ ਬਣਨ ਦਾ ਅਮਲ ਚੱਲਿਆ ਹੈ। ਇਸ ਜਥੇਬੰਦੀ ਨੇ ਇਸ ਅਸੂਲ ਦੀ ਪਾਲਣਾ ਕੀਤੀ ਹੈ ਕਿ ਸਾਂਝੀ ਸਰਗਰਮੀ ਲਈ ਪਲੇਟਫਾਰਮ ਬਣਾਉਣ ਅਤੇ ਆਜ਼ਾਦ ਸਰਗਰਮੀ ਕਰਨ ਦਾ ਅਧਿਕਾਰ ਇੱਕੋ ਜਿੰਨੇ ਕੀਮਤੀ ਹਨ। ਇਸ ਅਸੂਲ ਦੀ ਪਾਲਣਾ ਕਰਦਿਆਂ ਆਪਣੇ ਰਹੇ ਫਰਕਾਂ ਨੂੰ ਨੋਟ ਕੀਤਾ ਹੈ। ਹੋਰਨਾਂ ਸਾਹਮਣੇ ਮੰਨਿਆ ਹੈ।    

No comments:

Post a Comment