Thursday, June 10, 2021

ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੀ ਅਰਥ ਹਨ

 

ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੀ ਅਰਥ ਹਨ
 

ਸੇਵੇਵਾਲਾ ਕਾਂਡ ਨੂੰ ਪੂਰੇ ਤਿੰਨ ਦਹਾਕੇ ਗੁਜਰ ਗਏ ਹਨ। 9 ਅਪ੍ਰੈਲ 1991 ਨੂੰ ਸੇਵੇਵਾਲਾ ਪਿੰਡ ਦੇ ਖੇਤ ਮਜਦੂਰ ਵਿਹੜੇ ਦੀ ਧਰਮਸ਼ਾਲਾ ਚ ਜੁੜੇ ਸੈਂਕੜੇ ਜੁਝਾਰੂ ਕਿਰਤੀ ਲੋਕਾਂ ਦੇ ਇੱਕਠ ਤੇ ਖਾਲਿਸਤਾਨੀ ਦਹਿਸਤਗਰਦਾਂ ਨੇ ਗੋਲੀਆਂ ਦੀ ਵਾਛੜ ਕਰਕੇ 18 ਜਣਿਆਂ ਨੂੰ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਚ ਜਬਰ ਤੇ ਇਨਕਲਾਬੀ ਵਿਰੋਧੀ ਫਰੰਟ ਪੰਜਾਬ ਦੇ ਆਗੂ ਮੇਘ ਰਾਜ ਭਗਤੂਆਣਾ, ਜਗਪਾਲ, ਗੁਰਜੰਟ ਅਤੇ ਮਾਤਾ ਸਦਾ ਕੌਰ, ਸੁਖਵਿੰਦਰ ਪੱਪੀ ਸਮੇਤ ਕਈ ਕਾਰਕੰੁਨ ਸਾਮਲ ਸਨ। ਇਹ ਸਥਾਨਕ ਸਮਾਗਮ ਫਰੰਟ ਦੀ ਜੈਤੋ ਇਕਾਈ ਵੱਲੋਂ ਰੱਖਿਆ ਗਿਆ ਸੀ। ਇਹ 80ਵਿਆਂ ਦੇ ਸ਼ੁਰੂ ਤੋਂ ਚੱਲਿਆ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦਾ ਦੌਰ ਸੀ, ਜਦੋਂ ਇੱਕ ਪਾਸੇ ਸਿੱਖ ਫਿਰਕੂ ਤੇ ਜਨੂੰਨੀ ਟੋਲੇ ਲੋਕਾਂ ਤੇ ਕਹਿਰ ਢਾਅ ਰਹੇ ਸਨ, ਧਾਰਮਿਕ ਮੂਲਵਾਦੀ ਸੱਤਾ ਬਣਾਉਣ ਦੇ ਪਿਛਾਖੜੀ ਮਨਸੂਬਿਆਂ ਤਹਿਤ ਲੋਕਾਂ ਦੇ ਜਮਹੂਰੀ ਹੱਕਾਂ ਦੇ ਘਾਣ ਕਰਕੇ, ਉਹਨਾਂ ਤੇ ਤਰਾਂ ਤਰਾਂ ਦੀਆਂ ਬੰਦਿਸ਼ਾਂ ਮੜ ਰਹੇ ਸਨ, ਲੋਕਾਂ ਦੇ ਰਸਮਾਂ ਰਿਵਾਜਾਂ ਤੱਕ ਨੂੰ ਇਹਨਾਂ ਦੀ ਮਰਜੀ ਅਨੁਸਾਰ ਨਿਭਾਉਣ ਦੀਆਂ ਹਦਾਇਤਾਂ ਕਰ ਰਹੇ ਸਨ, ਲੋਕਾਂ ਦੀ ਸਮਾਜਿਕ ਜਿੰਦਗੀ ਤੇ ਜਬਰਨ ਇੱਕ ਧਰਮ ਦਾ ਠੱਪਾ ਮੜ ਰਹੇ ਸਨ। ਇਹ ਘੋਰ ਪਿਛਾਕੜੀ ਹਿੰਸਾ ਦਾ ਕਾਲਾ ਦੌਰ ਸੀ, ਜਿਸਦੇ ਇੱਕ ਸਿਰੇ ਖਾਲਿਸਤਾਨੀ ਫਾਸ਼ਿਸਟ ਸ਼ਕਤੀਆਂ ਸਨ ਤੇ ਦੂਜੇ ਸਿਰੇ ਹਕੂਮਤੀ ਦਹਿਸ਼ਤੀ ਪੁਲਿਸ ਫੌਜਾਂ ਸਨ। ਇੱਕ ਸਟੇਟ ਖਿਲਾਫ ਲੜਨ ਦੇ ਨਾਂ ਹੇਠ ਲੋਕਾਂ ਲਈ ਆਫਤ ਬਣੇ ਹੋਏ ਸਨ, ਮਨ-ਮਰਜੀਆਂ ਚਲਾਉਂਦੇ ਸਨ, ਧੀਆਂ-ਭੈਣਾਂ ਦੀਆਂ ਇੱਜਤਾਂ ਨਾਲ ਖੇਡਦੇ ਸਨ, ਹਰ ਅਗਾਂਹਵਧੂ ਗਤੀ ਵਿਧੀ ਤੇ ਪਾਬੰਦੀਆਂ ਮੜਦੇ ਸਨ, ਪੰਜਾਬ ਅੰਦਰ ਹਿੰਦੂ ਧਰਮੀਆਂ ਤੇ ਹੋਰ ਘੱਟ ਗਿਣਤੀ ਫਿਰਕਿਆਂ ਨੂੰ ਸਿੱਖ-ਫਿਰਕੂ ਟੋਲਿਆਂ ਦੀ ਰਜਾ ਚ ਰਹਿਣ ਦੇ ਫੁਰਮਾਨ ਸੁਣਾਉਂਦੇ ਸਨ। ਬੱਸਾਂ ਚੋਂ ਲਾਹ ਕੇ, ਬਜਾਰਾਂ , ਚੌਕਾਂ ਚ ਹਿੰਦੂ ਜਾਪਦੇ ਲੋਕਾਂ ਨੂੰ ਗੋਲੀਆਂ ਨਾਲ ਬਿੰਨ ਦਿੱਤਾ ਜਾਂਦਾ ਸੀ। ਇਸ ਦਹਿਸਤ ਦਾ ਵਿਰੋਧ ਕਰਨ ਵਾਲਾ, ਫਿਰਕਾਪ੍ਰਸਤੀ ਦਾ ਵਿਰੋਧ ਕਰਨ ਵਾਲਾ ਹਰ ਜਮਹੂਰੀਅਤ ਪਸੰਦ ਵਿਅਕਤੀ ਇਹਨਾਂ ਸਿੱਖ ਜਨੂੰਨੀਆਂ ਦੇ ਨਿਸ਼ਾਨੇ ਤੇ ਸੀ ਅਤੇ ਏ ਕੇ 47 ਦਾ ਕਹਿਰ ਝੱਲਦਾ ਸੀ ਤੇ ਦੂਜੇ ਹੱਥ ਇਹਨਾਂ ਜਨੂੰਨੀ ਤੇ ਖੂਨੀ ਟੋਲਿਆਂ ਨੂੰ ਕੁਚਲਣ ਦੇ ਨਾਂ ਹੇਠ ਰਾਜ ਸੱਤਾ ਹਿੰਸਾ ਦਾ ਨੰਗਾ ਨਾਚ ਨੱਚਦੀ ਸੀ। ਆਮ ਲੋਕਾਂ ਤੇ ਖਾਲਿਸਤਾਨੀਆਂ ਨੂੰ ਪਨਾਹ ਦੇਣ ਦੇ ਨਾਂ ਤੇ ਜਬਰ ਦਾ ਝੱਖੜ ਝਲਾਉਂਦੀ ਸੀ, ਰਾਜਕੀ ਦਹਿਸਤ ਦਾ ਤਾਂਡਵ ਨਾਚ ਹੁੰਦਾ ਸੀ, ਪਿੰਡਾਂ ਦੇ ਪਿੰਡ ਸੱਥਾਂ ਚ ਖੜਾ ਕੇ ਕੁੱਟ ਦਿੱਤੇ ਜਾਂਦੇ ਸਨ। ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸ਼ਿਕਾਰ ਖੇਡਿਆ ਜਾ ਰਿਹਾ ਸੀ। ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਵੀ ਕਾਨੂੰਨੀ ਕੇਸਾਂ ਰਾਹੀਂ ਸਜਾਵਾਂ ਦੇਣ ਦੀ ਥਾਂ, ਸਭ ਨਿਯਮ ਕਾਨੂੰਨ ਛਿੱਕੇ ਟੰਗ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਤਲ ਕਰ ਦਿੱਤਾ ਜਾਂਦਾ ਸੀ। ਇਸ ਦਹਿਸਤ ਦੇ ਦੌਰ ਚ ਇਸ ਦੋ-ਮੂੰਹੀ ਦਹਿਸ਼ਤਗਰਦੀ ਨਾਲ ਮੱਥਾ ਲਾਉਣ  ਵਾਲੀਆਂ ਜਥੇਬੰਦੀਆਂ ਚੋਂ ਇੱਕ ਸੀ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ। ਇਸ ਜਥੇਬੰਦੀ ਵੱਲੋਂ ਲੋਕਾਂ ਨੂੰ ਇਸ ਜਬਰ ਖਿਲਾਫ ਟਾਕਰੇ ਲਈ ਲਾਮਬੰਦ ਤੇ ਜਥੇਬੰਦ ਕੀਤਾ ਜਾ ਰਿਹਾ ਸੀ। ਵੱਖ-ਵੱਖ ਇਲਾਕਿਆਂ ਚ ਟਾਕਰੇ ਲਏ ਕੰਮ ਦੇ ਖੇਤਰਾਂ ਦੀ ਉਸਾਰੀ ਕੀਤੀ ਗਈ ਸੀ। ਇਹਨਾਂ ਖੇਤਰਾਂ ਚ ਹਕੂਮਤੀ ਤੇ ਖਾਲਿਸਤਾਨੀ ਦਹਿਸ਼ਤਗਰਦੀ ਵੱਲੋਂ ਜਬਰ ਢਾਉਣ ਤੇ ਕਤਲੋਗਾਰਦ ਮਚਾਉਣ ਦੀਆਂ ਘਟਨਾਵਾਂ ਖਿਲਾਫ ਜਨਤਕ ਸੰਘਰਸ਼ ਕੀਤੇ ਗਏ ਸਨ ਤੇ ਇਸ ਜਬਰ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਲਈ ਹੋਰਨਾਂ ਇਨਕਲਾਬੀ ਜਥੇਬੰਦੀਆਂ ਵਾਂਗ ਇਹ ਫਰੰਟ ਤੇ ਇਸਦੇ ਆਗੂ-ਕਾਰਕੁੰਨ ਖਾਲਿਸਤਾਨੀ ਟੋਲਿਆਂ ਤੇ ਹਕੂਮਤ ਦੀਆਂ ਅੱਖਾਂ ਚ ਰੜਕਦੇ ਸਨ। ਇਸ ਲਈ ਇਸ ਦੌਰ ਚ ਜਿੱਥੇ ਸੈਂਕੜੇ ਇਨਕਲਾਬੀ ਜਮਹੂਰੀ ਲਹਿਰ ਦੇ ਕਾਰਕੁੰਨ ਤੇ ਇਨਸਾਫਪਸੰਦ ਸ਼ਹਿਰੀ ਇਹਨਾਂ ਲੋਕ ਦੁਸਮਣ ਤਾਕਤਾਂ ਵੱਲੋਂ ਸ਼ਹੀਦ ਕੀਤੇ ਗਏ ਉੱਥੇ ਸੇਵੇਵਾਲੇ ਚ ਹੋਇਆ, ਇਹ ਕਤਲੇਆਮ ਕਿਸੇ ਜਨਤਕ ਜਮਹੂਰੀ ਇੱਕਠ ਚ ਹੋਇਆ ਵੱਡਾ ਕਤਲੇਆਮ ਸੀ ਜਿਸਨੇ ਦਹਿਸ਼ਤਗਰਦੀ ਵਿਰੋਧੀ ਲਹਿਰ ਨੂੰ ਵੱਡਾ ਜਖਮ ਦਿੱਤਾ ਸੀ। ਪਰ ਇਹ ਕਾਇਰਾਨਾ ਵਾਰ ਇਨਕਲਾਬੀ ਤੇ ਜਨਤਕ ਜਮਹੂਰੀ ਲਹਿਰ ਦੇ ਹੌਂਸਲੇ ਪਸਤ ਨਹੀਂ ਸੀ ਕਰ ਸਕਿਆ। ਧਰਮ ਨਿਰਪੱਖ, ਇਨਸਾਫਪਸੰਦ ਲੋਕਾਂ ਦੀ ਹਮਾਇਤ ਨਾਲ ਸਿਦਕਵਾਨ ਇਨਕਲਾਬੀ ਲਹਿਰ ਦਾ ਕਾਫਲਾ ਸੀਸ ਤਲੀ ਤੇ ਰੱਖ ਕੇ ਤੁਰਦਾ ਗਿਆ ਸੀ। ਲੋਕ ਦੁਸ਼ਮਣ ਖਾਲਿਸਤਾਨੀ ਫਾਸਿਸਟ ਤਾਕਤਾਂ ਆਖਿਰ ਨੂੰ ਮਰਮਊ ਹਾਲਤ ਚ ਪਹੁੰਚ ਗਈਆਂ ਤੇ ਲੋਕਾਂ ਦੀ ਲਹਿਰ ਉਸਤੋਂ ਮਗਰੋਂ ਕਿਤੇ ਵੱਡੀ ਕੱਦਾਵਰ ਲਹਿਰ ਬਣ ਗਈ। ਅੱਜ ਪੰਜਾਬ ਦੀ ਜਨਤਕ ਜਮਹੂਰੀ ਤੇ ਇਨਕਲਾਬੀ ਲਹਿਰ ਸੂਬੇ ਦੀ ਲੋਕਾਈ ਦੇ ਸੰਘਰਸ਼ਾਂ ਦੇ ਵਧਾਰੇ ਨਾਲ ਹੋਰ ਫੈਲ ਰਹੀ ਹੈ ਤਾਂ ਇਸਦੇ ਸੂਹੇ ਵਰਕਿਆਂ ਚ ਸੇਵੇਵਾਲੇ ਦੇ ਸ਼ਹੀਦਾਂ ਦੇ ਨਾਮ ਚਮਕ ਰਹੇ ਹਨ। ਇਹਨਾਂ ਸ਼ਹੀਦਾਂ ਨੂੰ ਫਿਰਕਾਪ੍ਰਸਤੀ ਵਿਰੋਧੀ ਇਨਕਲਾਬੀ ਜਨਤਕ ਲਹਿਰ ਦੇ ਸ਼ਹੀਦਾਂ ਦਾ ਦਰਜਾ ਹਾਸਲ ਹੈ। ਅੱਜ ਸੇਵੇਵਾਲਾ ਕਾਂਡ ਦੇ ਤਿੰਨ ਦਹਾਕੇ ਪੂਰੇ ਹੋਣ ਮੌਕੇ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਦੇ ਅਰਥਾਂ ਨੂੰ ਗ੍ਰਹਿਣ ਕਰਨ ਦੀ ਜਰੂਰਤ ਹੈ।

                ਜਿਸ ਫਿਰਕੂ-ਫਾਸ਼ੀ ਲਹਿਰ ਖਿਲਾਫ ਭਿੜਦਿਆਂ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਸੀ ਲੋਕਾਂ ਨੂੰ ਉਸ ਫਿਰਕੂ-ਫਾਸੀ ਸਿਆਸਤ ਦੀ ਚੁਣੌਤੀ ਅੱਜ ਵੀ ਬਰਕਰਾਰ ਹੈ। ਜੇਕਰ ਪੰਜਾਬ ਅੰਦਰ ਉਦੋਂ ਸਿੱਖ ਫਿਰਕੂ ਜਨੂੰਨੀ ਟੋਲਿਆਂ ਦੀ ਫਿਰਕੂ-ਫਾਸ਼ੀ ਦਹਿਸ਼ਤ ਦੇ ਦਿਨ ਸਨ ਤਾਂ ਅੱਜ ਮੁਲਕ ਭਰ ਚ ਹਿੰਦੂ ਫਾਸ਼ੀ ਗਿਰੋਹਾਂ ਦੀ ਦਹਿਸ਼ਤ ਦਾ ਦੌਰ ਹੈ। ਹਿੰਦੂ ਫਾਸ਼ੀ ਗਿਰੋਹਾਂ ਦਾ ਪਾਲਣਹਾਰ ਭਾਜਪਾਈ ਤੇ ਆਰ ਐਸ ਐਸ ਲਾਣਾ ਮੁਲਕ ਦੀ ਸੱਤਾ ਤੇ ਕਾਬਜ ਹੈ। ਰਾਜ ਮਸ਼ੀਨਰੀ ਦੀ ਖੁੱਲਮ ਖੁੱਲੀ ਵਰਤੋਂ ਰਾਹੀਂ ਮੁਲਕ ਭਰ ਅੰਦਰ ਹਰ ਪੱਧਰ ਤੇ ਫਿਰਕੂ ਜ਼ਹਿਰ ਦਾ ਪਸਾਰਾ ਕੀਤਾ ਜਾ ਰਿਹਾ ਹੈ। ਫਿਰਕੂ ਭੀੜਾਂ ਵੱਲੋਂ ਹਜੂਮੀ ਹਿੰਸਾ ਤੋਂ ਲੈ ਕੇ ਇਤਿਹਾਸ ਦੀ ਫਿਰਕੂ ਪੇਸ਼ਕਾਰੀ ਦੇ ਪ੍ਰੋਜੈਕਟਾਂ ਤੱਕ ਤੇ ਅੰਨੀ ਦੇਸ਼-ਭਗਤੀ ਦੇ ਫਿਰਕੂ ਕਰਨ ਤੋਂ ਲੈ ਕੇ ਨਾਗਰਿਕਤਾ ਹੱਕਾਂ ਦੇ ਫਿਰਕੂ ਕਰਨ ਤੱਕ ਗੱਲ ਕੀ ਹਰ ਪਾਸੇ ਹਰ ਤਰੀਕੇ ਫਿਰਕੂ ਜਹਿਰ ਭਰਿਆ ਜਾ ਰਿਹਾ ਹੈ। ਫਿਰਕੂ ਤੇ ਕੌਮੀ ਸ਼ਾਵਨਵਾਦ ਦੇ ਝੱਖੜ ਝੁਲਾ ਕੇ ਦਬਾਈਆਂ ਕੌਮੀਅਤਾਂ ਨੂੰ ਹੋਰ ਦਬਾਉਣ ਤੇ ਕੁਚਲਣ ਦਾ ਰਾਹ ਫੜਿਆ ਹੋਇਆ ਹੈ। ਲੋਕਾਂ ਦੇ ਇਨਕਲਾਬੀ ਜਮਹੂਰੀ ਸੰਘਰਸ਼ਾਂ ਨੂੰ ਅੰਨੇ ਕੌਮਵਾਦ ਦੀ ਆੜ ਚ ਨਿਸ਼ਾਨਾ ਬਣਾਇਆ ਜਾਂਦਾ ਹੈ। ਅੱਜ ਮੁਸਲਮਾਨ ਧਾਰਮਿਕ ਘੱਟ ਗਿਣਤੀ ਦੇ ਨਾਲ ਹਰ ਧਰਮ ਨਿਰਪੱਖ ਤੇ ਜਮਹੂਰੀਅਤ ਪਸੰਦ ਵਿਅਕਤੀ ਇਸ ਫਿਰਕੂ ਫਾਸ਼ੀ ਹਮਲੇ ਦਾ ਨਿਸ਼ਾਨਾ ਹੈ। ਇਸ ਫਿਰਕੂ ਫਾਸੀ ਜਹਿਰ ਪਸਾਰੇ ਦੀ ਚੁਣੌਤੀ ਦਾ ਲੋਕਾਂ ਦੇ ਹੱਕਾਂ ਦੀ ਲਹਿਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਜਮਹੂਰੀ ਹੱਕੀ ਸੰਘਰਸ਼ਾਂ ਨੂੰ ਵੀ ਕੁਚਲਣ ਲਈ ਫਿਰਕਾਪ੍ਰਸਤੀ ਦੀ ਉਟ ਲਈ ਜਾਂਦੀ। ਚਾਹੇ ਇਹਦੇ ਜਰੀਏ ਸੰਘਰਸ਼ ਚ ਸਾਮਲ ਜਨਤਾਂ ਨੂੰ ਵੰਡ ਪਾੜ ਕੇ ਤੇ ਚਾਹੇ ਕਿਸੇ ਵਿਸ਼ੇਸ਼ ਫਿਰਕੇ ਦਾ ਸੰਘਰਸ਼ ਦਿਖਾ ਕੇ ਉਸਨੂੰ ਹਿੰਦੂ ਫਿਰਕੂ ਫਾਸ਼ੀ ਹਮਲੇ ਦੀ ਮਾਰ ਹੇਠ ਲਿਆ ਕੇ ਕੁਚਲਣ ਦਾ ਮਨਸੂਬਾ ਪਾਲਿਆ ਜਾਂਦਾ ਹੈ। ਪਹਿਲਾਂ  ਵਿਰੋਧੀ ਸੰਘਰਸ਼ ਨੂੰ ਇਉਂ ਹੀ ਜਬਰ ਦੀ ਮਾਰ ਹੇਠ ਲਿਆਂਦਾ ਗਿਆ ਹੈ ਤੇ ਹੁਣ ਕਿਸਾਨ ਸੰਘਰਸ਼ ਨੂੰ ਵੀ ਅਜਿਹੀ ਮਾਰ ਹੇਠ ਲਿਆਉਣ ਦਾ ਯਤਨ ਕੀਤਾ ਗਿਆ ਹੈ। ਮੁਲਕ ਦੇ ਕਿਰਤੀ ਲੋਕ ਜਦੋਂ ਭਾਜਪਾਈ ਹਕੂਮਤ ਦੀ ਫਿਰਕੂ ਫਾਸੀ ਚੁਣੌਤੀ ਨਾਲ ਮੱਥਾ ਲਾ ਰਹੇ ਹਨ ਤਾਂ ਪੰਜਾਬ ਦੀ ਫਿਰਕਾਪ੍ਰਸਤੀ ਵਿਰੋਧੀ ਇਨਕਲਾਬੀ ਜਮਹੂਰੀ ਲਹਿਰ ਦੀ ਸਾਨਾਮੱਤੀ ਵਿਰਾਸਤ ਦੇ ਸਬਕਾਂ ਨੂੰ ਲੜ ਬੰਨਣ ਦੀ ਜਰੂਰਤ ਹੈ। ਹਰ ਤਰਾਂ ਦੇ ਫਿਰਕੂ ਪਾਟਕਾਂ ਤੋਂ ਉੱਪਰ ਉੱਠ ਕੇ ਜਮਾਤੀ ਤਬਕਾਤੀ ਏਕਾ ਉਸਾਰਨ ਦਾ ਹੋਕਾ ਉੱਚਾ ਕਰਨ ਦੀ ਜਰੂਰਤ ਹੈ। ਜਨਤਕ ਲਹਿਰ ਨੂੰ ਫਿਰਕੂ ਪਾਟਕਾਂ ਦੀ ਮਾਰ ਤੋਂ ਬਚਾ ਕੇ ਰੱਖਣਾ ਇਕ ਜਰੂਰੀ ਕਾਰਜ ਹੈ ਤੇ ਹਰ ਤਰਾਂ ਦੀ ਫਿਰਕਾਪ੍ਰਸਤੀ ਖਿਲਾਫ ਖੜ ਸਕਣ ਵਾਲੀ ਲਹਿਰ ਵੱਲੋਂ ਵਿਕਸਿਤ ਕਰਨ ਦੀ ਸੇਧ ਨੂੰ ਬੁਲੰਦ ਕਰਨ ਦੀ ਜਰੂਰਤ ਹੈ।

                ਜੇਕਰ ਮੁਲਕ ਪੱਧਰ ਤੇ ਹਿੰਦੂਤਵੀ ਫਿਰਕੂ ਫਾਸੀ ਸਿਆਸਤ ਨਾਲ ਮੱਥਾ ਲੱਗ ਰਿਹਾ ਹੈ ਤਾਂ ਪੰਜਾਬ ਅੰਦਰ ਸਿੱਖ ਧਰਮ ਦੇ ਦਾਅਵੇ ਵਾਲੇ ਫਿਰਕੂ ਜਨੂੰਨੀ ਅਨਸਰਾਂ ਦੀ ਪਾਟਕਪਾਊ ਲੋਕ ਦੁਸ਼ਮਣ ਸਿਆਸਤ ਮੁੜ ਉਭਰਨ ਲਈ ਪਰ ਤੋਲਦੀ ਆ ਰਹੀ ਹੈ। ਚਾਹੇ ਹੁਣ ਲੰਮੇ ਸਮੇਂ ਤੋਂ ਇਹ ਸਿੱਖ ਜਨੂੰਨੀ ਹਿੱਸੇ ਸੂਬੇ ਦੀ ਸਿਆਸਤ ਅੰਦਰ ਹਾਸ਼ੀਏ ਤੇ ਧੱਕੇ ਰਹੇ ਹਨ ਪਰ ਹਾਕਮ ਜਮਾਤਾਂ ਦੇ ਕੁੱਝ ਹਿੱਸੇ ਇਹਨਾਂ ਨੂੰ ਸਹਿਕਦੇ ਰੱਖਣ ਚ ਦਿਲਚਸਪੀ ਰੱਖਦੇ ਹਨ ਤਾਂ ਕਿ ਮੌਕੇ ਅਨੁਸਾਰ ਇਹਨਾਂ ਦਾ ਲਾਹਾ ਲਿਆ ਜਾ ਸਕੇ। ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਨ ਦੀਆਂ ਘਟਨਾਵਾਂ ਵੇਲੇ ਤੋਂ ਇਹਨਾਂ ਦੀ ਫਿਰਕੂ ਸਿਆਸਤ ਨੂੰ ਕੁੱਝ ਰਾਹ ਮਿਲ ਗਿਆ ਸੀ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਆੜ ਚ ਖੁੱਸੀ ਹੋਈ ਫਿਰਕੂ ਸਿਆਸਤ ਦੀ ਜਮੀਨ ਤਲਾਸ਼ਣ ਲਈ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਸੀ। ਉਦੋਂ ਤੋਂ ਲੈ ਕੇ ਉਹ ਫਿਰਕਾਪ੍ਰਸਤ ਅਨਸਰ ਫਿਰਕੂ ਮੁੱਦਿਆਂ ਦੁਆਲੇ  ਲਾਮਬੰਦੀਆਂ ਤੇ ਪ੍ਰਚਾਰ ਮੁਹਿਮਾਂ ਚਲਾ ਰਹੇ ਹਨ। ਪਰ ਇਸਦੇ ਬਾਵਜੂਦ ਇਹਨਾਂ ਦੇ ਪੈਰ ਪੰਜਾਬ ਦੀ ਸਿਆਸੀ ਧਰਤਾਲ ਤੋਂ ਉਖੜੇ ਹੀ ਆ ਰਹੇ ਸਨ। ਲੋਕਾਂ ਦੀ ਵਧ ਰਹੀ ਜਮਾਤੀ ਚੇਤਨਾ, ਸੂਬੇ ਚ ਲੋਕ ਹੱਕਾਂ ਦੀ ਲਹਿਰ ਦੀ ਮਜਬੂਤੀ, ਇਹਨਾਂ ਦੀ ਸਿਆਸਤ ਦਾ ਦੀਵਾਲੀਆਪਣ ਤੇ ਆਪਸ ਚ ਕਾਟੋ ਕਲੇਸ਼ ਬੁਰੀ ਤਰਾਂ ਨੱਕੋ ਬੁੱਲੋਂ ਲਹੇ ਹੋਏ ਆਗੂ ਆਦਿ ਕਾਰਨਾਂ ਕਰਕੇ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਸੀ ਲਾਇਆ ਤਾਂ ਵੀ ਇਹਨਾਂ ਸਕਤੀਆਂ ਦੀਆਂ ਵੱਖ-ਵੱਖ ਟੁਕੜੀਆਂ/ਵੰਨਗੀਆਂ ਜਮੀਨੀ ਪੱਧਰ ਤੇ ਭਿੰਡਰਾਂਵਾਲੇ ਦੇ ਹਵਾਲੇ ਨਾਲ ਫਿਰਕੂ ਪ੍ਰਚਾਰ ਚਲਾਉਂਦੀਆਂ ਆ ਰਹੀਆਂ ਹਨ। ਇਹ ਹਰ ਤਰਾਂ ਦੇ ਢੰਗ ਤਰੀਕੇ ਵਰਤਦੇ ਆ ਰਹੇ ਹਨ। ਜਿਵੇਂ ਪਿੰਡ ਪੱਧਰ ਤੇ ਗੁਰਦੁਆਰਿਆਂ ਚ ਆਪਣੀ ਦਖਲਅੰਦਾਜੀ ਰਾਹੀਂ ਪੈਰ ਲਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ।ਖਾਲਿਸਤਾਨੀ ਲਹਿਰ ਬਾਰੇ ਸੂਰਮਿਆਂ ਵਾਲੀ ਪੇਸ਼ਕਾਰੀ ਕਰਕੇ ਨੌਜਵਾਨਾਂ ਚ ਪ੍ਰਚਾਰ ਕਰਦੀਆਂ ਆ ਰਹੀਆਂ ਹਨ। ਇਹਨਾਂ ਚੋਂ ਵੱਡਾ ਹਿੱਸਾ ਵਿਦੇਸੀ ਫੰਡਾਂ ਦੇ ਆਸਰੇ ਆਪਣੀਆਂ ਸਰਗਰਮੀਆਂ ਤੇ ਤੋਰੀ ਫੁਲਕਾ ਚਲਾਉਂਦਾ ਆ ਰਿਹਾ ਸੀ। ਪੰਜਾਬ ਦੀ ਇਸ ਖਾਲਿਸਤਾਨੀ ਸਿਆਸਤ ਚ ਹੁਣ ਵੱਡੀ ਭੂਮਿਕਾ ਵਿਦੇਸੀ ਧਰਤੀਆਂ ਤੇ ਡਾਲਰ-ਪੌਂਡਾਂ ਚ ਕਾਰੋਬਾਰਾਂ ਚ ਜੁਟੇ ਲੋਕਾਂ ਦੀ ਹੈ ਜਿਹਨਾਂ ਦੇ ਆਪਣੇ ਕਾਰੋਬਾਰੀ ਤੇ ਫਿਰਕੂ ਮੰਤਵ ਹਨ।

                ਹੁਣ ਉੱਭਰੇ ਹੋਏ ਕਿਸਾਨੀ ਸੰਘਰਸ਼ ਦੌਰਾਨ ਇਹਨਾਂ ਫਿਰਕੂ ਤਾਕਤਾਂ ਨੇ ਆਪਣੀ ਫਿਰਕੂ ਸਿਆਸਤ ਲਈ ਜਮੀਨ ਮਿਲਣ ਦੀ ਆਸ ਪਾਲੀ ਤੇ ਇਸ ਵਿੱਚ ਘੁਸਪੈਠ ਕੀਤੀ ਹੈ। ਕਿਸਾਨ ਲੀਡਰਸ਼ਿਪ ਖਿਲਾਫ ਭੰਡੀ ਪ੍ਰਚਾਰ ਦੀ ਮੁਹਿੰਮ ਚਲਾਈ ਹੈ। ਇਸ ਲੀਡਰਸ਼ਿਪ ਨੂੰ ਕਾਮਰੇਡ ਕਰਾਰ ਦਿੱਤਾ ਹੈ ਤੇ ਕਾਮਰੇਡ . ਸਿੱਖਾਂ ਦਾ ਝੂਠਾ ਬਿਰਤਾਂਤ ਖੜਾ ਕੀਤਾ ਹੈ। ਇਹ ਸ਼ਕਤੀਆਂ ਉਹਨਾਂ ਖਾਲਿਸਤਾਨੀ ਫਿਰਕੂ ਗਿਰੋਹਾਂ ਦੀਆਂ ਵਾਰਿਸ ਹਨ ਜਿਹਨਾਂ ਖਿਲਾਫ ਜੂਝਦੇ ਹੋਏ ਸੇਵੇਵਾਲਾ ਚ 18 ਯੋਧਿਆਂ ਨੇ ਆਪਣੀਆਂ ਜਿੰਦਗੀਆਂ ਵਾਰੀਆਂ ਸਨ। ਇਸ ਖਾਲਿਸਤਾਨੀ ਲਹਿਰ ਨੇ ਨਾ ਸਿਰਫ ਉਦੋਂ ਆਮ ਲੋਕਾਂ ਤੇ ਸਾੜਸਤੀ ਲਿਆਂਦੀ ਸੀ ਸਗੋਂ ਲੋਕਾਂ ਦੇ ਹੱਕਾਂ ਦੀ ਲਹਿਰ ਕਮਜੋਰ ਹੋਈ। 80ਵਿਆਂ ਦੇ ਸ਼ੁਰੂਆਤੀ ਦੌਰ ਚ ਚੜਤ ਵਾਲੀ ਕਿਸਾਨ ਲਹਿਰ ਨੂੰ ਇਸ ਫਿਰਕੂ ਮਹੌਲ ਦੀ ਫੇਟ ਵੱਜੀ, ਕਿਸਾਨ ਜਥੇਬੰਦੀ ਦੀ ਲੀਡਰਸ਼ਿਪ ਇਸ ਗਲਤ ਫਿਰਕੂ ਪੈਂਤੜੇ ਵੱਲ ਖਿੱਚੀ ਗਈ ਤੇ ਆਮ ਸੁਹਿਰਦ ਕਿਸਾਨ ਕਾਰਕੁੰਨ ਨਿਰਾਸ਼ ਹੋਏ ਤੇ ਉਹਨਾਂ ਦੀ ਸਰਗਰਮੀ ਮੱਧਮ ਹੋਈ। ਕਿਸਾਨ ਮੁੱਦਿਆਂ ਤੇ ਸੰਘਰਸ਼ ਪਿੱਛੇ ਪੈ ਗਿਆ ਤੇ ਕਿਸਾਨਾਂ ਦੇ ਹਿੱਤਾਂ ਦੀ ਢਾਲ ਬਨਣ ਵਾਲੀ ਜਥੇਬੰਦੀ ਬੇਹੱਦ ਕਮਜੋਰ ਹੋ ਗਈ। ਅਜਿਹੀ ਫਿਰਕੂ ਚੁਣੌਤੀ ਦਾ ਸਾਹਮਣਾ ਹੀ ਹੋਰਨਾਂ ਜਥੇਬੰਦੀਆਂ ਨੂੰ ਕਰਨਾ ਪਿਆ। 70ਵਿਆਂ ਦੇ ਦਹਾਕੇ ਵਾਲੀ ਸਾਨਾਮੱਤੀ ਨੌਜਵਾਨ ਵਿਦਿਆਰਥੀ ਲਹਿਰ ਨੂੰ ਵੀ ਫਿਰਕੂਪ੍ਰਸਤੀ ਦੇ ਇਸ ਹੱਲੇ ਨੇ ਵੱਡੀ ਫੇਟ ਮਾਰੀ। ਨੌਜਵਾਨਾਂ ਦੇ ਪੂਰਾਂ ਦੇ ਪੂਰ ਫਿਰਕੂ ਸਿਆਸਤ ਦੀ ਲਪੇਟ ਚ ਆ ਕੇ ਖਾਲਿਸਤਾਨੀ ਗਿਰੋਹਾਂ ਦਾ ਹਿੱਸਾ ਬਣੇ ਜਾਂ ਫਿਰ ਦਹਿਸ਼ਤਜਦਾ ਹੋ ਕੇ ਦਿਨ ਕਟੀ ਕਰਨ ਲੱਗੇ। ਇਸ ਖਿਲਾਫ ਖੜਨ ਵਾਲਾ ਕਾਫਲਾ ਛੋਟਾ ਰਹਿ ਗਿਆ। ਸਭਨਾਂ ਤਬਕਿਆਂ ਦੀਆਂ ਜਥੇਬੰਦੀਆਂ ਨੂੰ ਹਕੂਮਤੀ ਤੇ ਖਾਲਿਸਤਾਨੀ ਦਹਿਸ਼ਤਗਰਦੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ। ਕਿੰਨੇ ਹੀ ਟਰੇਡ ਯੂਨੀਅਨ ਆਗੂ ਤੇ ਕਾਰਕੁੰਨ ਖਾਲਿਸਤਾਨੀਆ ਨੇ ਸ਼ਹੀਦ ਕੀਤੇ ਸਨ। ਨੌਜਵਾਨ ਆਗੂ ਬਲਦੇਵ ਮਾਨ, ਕਿਸਾਨ ਆਗੂ ਜੈਮਲ ਪੱਡਾ, ਭੱਠਾ ਮਜਦੂਰਾਂ ਦੇ ਆਗੂ ਗਿਆਨ ਸਿਘ ਸੰਘਾ ਵਰਗੇ ਦਰਜਨਾਂ ਆਗੂ ਸ਼ਹੀਦ ਕੀਤੇ ਗਏ। ਪਾਸ਼ ਵਰਗੇ ਕਵੀ, ਸੁਮੀਤ ਵਰਗੇ ਲੇਖਕ, ਸੁਖਦੇਵਪ੍ਰੀਤ ਵਰਗੇ ਕਲਾਕਾਰ ਫਾਸ਼ੀ ਕਹਿਰ ਦੀ ਭੇਂਟ ਚੜੇ। ਇਉਂ ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਦਾ ਇਹ ਦੌਰ ਪੰਜਾਬ ਦੇ ਲੋਕਾਂ ਦੀਆਂ ਜਦੋਜਹਿਦਾਂ ਦੀ ਚੜਤ ਮੱਧਮ ਪੈ ਜਾਣ ਦਾ ਦੌਰ ਬਣਿਆ ਤੇ ਹਕੂਮਤ ਨੂੰ ਲੋਕਾਂ ਦੇ ਹਿੱਤਾਂ ਤੇ ਵਾਰ ਕਰਨ ਦੀ ਖੁੱਲ ਮਿਲ ਗਈ। ਫਿਰਕੂ ਤੇ ਪਾਟਕਪਾਊ ਮਸਲੇ ਉਭਾਰੇ ਗਏ ਤੇ ਜਮਾਤੀ ਤਬਕਾਤੀ ਮਸਲੇ ਹਾਸ਼ੀਏ ਤੇ ਧੱਕੇ ਗਏ ਸਨ। ਜਮਾਤੀ ਏਕਤਾ ਖੰਡਿਤ ਹੋਈ ਸੀ ਤੇ ਲੋਕਾਂ ਦੀ ਭਾਈਚਾਰਕ ਸਾਂਝ ਚ ਵੀ ਤਰੇੜਾਂ ਆਉਣ ਦਾ ਖਤਰਾ ਪੈਦਾ ਹੋ ਗਿਆ ਸੀ।

                ਅੱਜ ਦੇ ਦੌਰ ਚ ਮੁਲਕ ਪੱਧਰ ਤੇ ਹਿੰਦੂਤਵੀ ਫਾਸ਼ੀਵਾਦੀ ਹੱਲਾ ਹੋਰਨਾਂ ਧਰਮਾਂ ਦੇ ਮੂਲਵਾਦੀ ਤੇ ਫਿਰਕੂ ਤੱਤਾਂ ਚ ਜਾਨ ਪਾਉਣ ਦਾ ਸਾਧਨ ਵੀ ਬਣ ਰਿਹਾ ਹੈ। ਇੱਕ ਧਰਮ ਦਾ ਬੋਲਬਾਲਾ ਦੂਜੇ ਧਰਮ ਦੇ ਫਿਰਕੂ ਅਨਸਰਾਂ ਦਾ ਕਾਰਜ ਸੁਖਾਲਾ ਕਰਦਾ ਹੈ। ਅੱਜ ਪੰਜਾਬ ਅੰਦਰ ਚਾਹੇ ਪਹਿਲਾਂ ਵਾਂਗ ਖਾਲਿਸਤਾਨੀ ਦਹਿਸ਼ਤਗਰਦੀ ਦੀ ਚੁਣੌਤੀ ਮੌਜੂਦ ਨਹੀਂ ਹੈ ਪਰ ਸਿੱਖ ਜਨੂੰਨੀ ਸ਼ਕਤੀਆਂ  ਵੱਲੋਂ ਫਿਰਕਾਪ੍ਰਸਤੀ ਦੇ ਸੰਚਾਰ ਪਸਾਰ ਦੀ ਚੁਣੌਤੀ ਸਿਰ ਚੱਕ ਰਹੀ ਹੈ। ਹਕੂਮਤਾਂ ਅਤੇ ਰਾਜ ਮਸ਼ੀਨਰੀ ਦਾ ਵੀ ਫਿਰਕੂ ਮਾਹੌਲ ਦਾ ਪਸਾਰੇ ਚ ਹਿੱਤ ਮੌਜੂਦ ਰਹਿੰਦਾ ਹੈ ਬਸ਼ਰਤੇ ਉਹਨਾਂ ਦੀਆਂ ਬਾਕੀ ਦੀਆਂ ਵਿਉਂਤਾਂ ਚ ਵਿਘਨ ਨਾਂ ਪਵੇ। ਪੰਜਾਬ ਦੀ ਜਨਤਕ ਜਮਹੂਰੀ ਤੇ ਇਨਕਲਾਬੀ ਲਹਿਰ ਦਾ ਇਹ ਵੀ ਇੱਕ ਕਾਰਜ ਹੈ ਕਿ ਉਹ ਇਹਨਾਂ ਫਿਰਕੂ ਸ਼ਕਤੀਆਂ ਦੇ ਪੈਂਤੜਿਆਂ ਤੇ ਮਕਸਦਾਂ ਦੀ ਪਾਜ ਉਘੜਾਈ ਕਰਨ। ਜਨਤਕ ਜਮਹੂਰੀ ਲਹਿਰ ਦੀਆਂ ਸਫਾਂ ਨੂੰ ਇਹਨਾਂ ਦੇ ਕਿਰਦਾਰ ਤੇ ਅਮਲਾਂ ਬਾਰੇ ਚੇਤਨ ਕਰਨ। ਖਾਸ ਕਰਕੇ ਉਸ ਕਾਲੇ ਦੌਰ ਤੋਂ ਮਗਰੋਂ ਜਵਾਨ ਹੋਈ ਨੌਜਵਾਨ ਪੀੜੀ ਨੂੰ ਉਸ ਦੌਰ ਦੀ ਹਕੀਕਤ ਤੋਂ ਜਾਣੂ ਕਰਵਾਉਣ ਤੇ ਫਿਰਕਾਪ੍ਰਸਤਾਂ ਵੱਲੋਂ ਲੋਕਾਂ ਦੇ ਕੀਤੇ ਘਾਣ ਬਾਰੇ ਚੇਤਨ ਕਰਨ। ਮੌਜੂਦਾ ਜਮਾਤੀ ਘੋਲਾਂ ਚ ਫਿਰਕੂ ਪੈਂਤੜਿਆਂ ਨਾਲ ਲੱਗਣ ਵਾਲੀਆਂ ਪਛਾੜਾਂ ਬਾਰੇ ਅਤੇ ਹਕੂਮਤ ਨੂੰ ਮਿਲਣ ਵਾਲੇ ਲਾਹੇ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ। ਲੋਕਾਂ ਦੇ ਸੰਘਰਸ਼ ਦੀ ਲਹਿਰ ਦੇ ਧਰਮ ਨਿਰਲੇਪ ਕਿਰਦਾਰ ਦੀ ਉਸਾਰੀ ਤੇ ਰਾਖੀ ਲਈ ਜੋਰਦਾਰ ਯਤਨ ਜਟਾਉਣ। ਹਰ ਤਰਾਂ ਦੀ ਫਿਰਕਾਪ੍ਰਸਤੀ ਤੇ ਹਕੂਮਤੀ ਦਹਿਸ਼ਤਗਰਦੀ ਖਿਲਾਫ ਡਟਣ ਤੇ ਆਪਾ ਵਾਰਨ ਦੀ ਸੇਵੇਵਾਲੇ ਦੀ ਸ਼ਹੀਦਾਂ ਦੀ ਭਾਵਨਾ ਗ੍ਰਹਿਣ ਕਰਨ ਤੇ ਸੰਘਰਸ਼ ਦੀ ਨਿਹਚਾ ਨੂੰ ਮਨੀ ਵਸਾਉਣ। ਇਹੀ ਸੇਵੇਵਾਲਾ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਾ ਅਰਥ ਬਣਦਾ ਹੈ।   

No comments:

Post a Comment