Sunday, November 7, 2021

ਜਬਰ ਤੇ ਸਾਜਿਸ਼ਾਂ ਦੇ ਝੱਖੜਾਂ ’ਚੋਂ ਗੁਜ਼ਰਦਾ ਕਿਸਾਨ ਸੰਘਰਸ਼

ਹਕੂਮਤੀ ਬਲ ਤੇ ਛਲ ਦਾ ਸਾਹਮਣਾ. . . .

ਜਬਰ ਤੇ ਸਾਜਿਸ਼ਾਂ ਦੇ ਝੱਖੜਾਂ ਚੋਂ ਗੁਜ਼ਰਦਾ ਕਿਸਾਨ ਸੰਘਰਸ਼

 ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨ ਸੰਘਰਸ਼ ਹਕੂਮਤੀ ਬਲ ਤੇ ਛਲ ਦਾ ਸਾਹਮਣਾ  ਕਰਦਾ ਹੋਇਆ ਤੇ ਕਈ ਮੋੜਾਂ-ਘੋੜਾਂ ’ਚੋਂ ਗੁਜ਼ਰਦਾ ਹੋਇਆ ਅੱਗੇ ਵਧ ਰਿਹਾ ਹੈ। ਵੱਖ ਵੱਖ ਪੜਾਵਾਂ ਤੇ ਮੋਦੀ ਸਰਕਾਰ ਦੀਆਂ ਚਾਲਾਂ ਕੁੱਟਦਾ  ਤੇ ਜਬਰ ਦਾ ਸਾਹਮਣਾ ਕਰਦਾ ਹੋਇਆ ਪੂਰੀ ਸ਼ਾਨ ਨਾਲ ਅਡੋਲ ਰਹਿ ਰਿਹਾ ਹੈ।  ਮੋਦੀ ਹਕੂਮਤ ਦੇ ਫਾਸ਼ੀ ਜਬਰ ਨੂੰ ਟੱਕਰ ਦੇ ਰਿਹਾ ਹੋਣ ਕਰਕੇ ਦੇਸ਼ ਭਰ ਦੇ ਸਭਨਾਂ ਇਨਸਾਫਪਸੰਦ ਤੇ ਜਮਹੂਰੀ ਲੋਕਾਂ ਦੇ ਸਰੋਕਾਰ ਦਾ ਵੀ ਕੇਂਦਰ ਬਣਿਆ ਹੋਇਆ ਹੈ।

 ਮੁਜੱਫਰਨਗਰ ’ਚ ਸਤੰਬਰ ਮਹੀਨੇ ਦੇ ਸ਼ੁਰੂ ਚ ਹੋਈ ਮਹਾਂ-ਕਿਸਾਨ ਰੈਲੀ ਨੇ ਯੂ.ਪੀ. ਅੰਦਰ ਕਿਸਾਨ ਸੰਘਰਸ਼ ਦੇ ਫੈਲਰਨ ਦੀ ਨਵੀਂ ਸ਼ੁਰੂਆਤ ਕਰ ਦਿੱਤੀ ਸੀ। ਇਸ ਦੌਰਾਨ ਹੀ ਕਰਨਾਲ ਚ ਲਾਠੀਚਾਰਜ ਕਰਕੇ ਹਮਲਾਵਰ ਹੋਣ ਲੱਗੀ ਹਕੂਮਤ ਨੂੰ ਇਕ ਵਾਰ ਤਿੱਖੇ ਕਿਸਾਨ ਪ੍ਰਤੀਕਰਮ ਨੇ ਪਿੱਛੇ ਧੱਕ ਦਿੱਤਾ। ਉਸ ਤੋਂ ਮਗਰੋਂ 27 ਸਤੰਬਰ ਨੂੰ ਭਾਰਤ ਬੰਦ ਦੇ ਐਕਸ਼ਨ ਨੂੰ ਮੁਲਕ ਭਰ ਅੰਦਰ ਭਰਵਾਂ ਹੁੰਗਾਰਾ ਮਿਲਿਆ ਸੀ। ਪੰਜਾਬ, ਹਰਿਆਣੇ ਅੰਦਰ ਵਿਆਪਕ ਪੱਧਰ ’ਤੇ ਲਾਮਬੰਦੀਆਂ ਦਿਖੀਆਂ ਸਨ। ਕਿਸਾਨਾਂ ਤੋਂ ਇਲਾਵਾ ਹੋਰਨਾਂ ਤਬਕਿਆਂ ਨੇ ਵੀ ਹਮਾਇਤੀ ਮੋਢਾ ਲਾਇਆ ਸੀ। ਹੋਰਨਾਂ ਸੂਬਿਆਂ ਅੰਦਰ ਵੀ ਜਥੇਬੰਦ ਕਿਸਾਨ ਟੋਲੀਆਂ ਨੇ ਲਾਮਬੰਦੀਆਂ ਦੀ ਝਲਕ ਪੇਸ਼ ਕੀਤੀ ਸੀਚਾਹੇ ਦੂਰ-ਦੁਰਾਡੇ ਤੋਂ ਹੋਰਨਾਂ ਸੂਬਿਆਂ ਚ ਵੱਡੇ ਜਨਤਕ ਐਕਸ਼ਨਾਂ ਪੱਖੋਂ ਤਾਂ ਅਜਿਹਾ ਦਿ੍ਸ਼ ਇੱਕ ਦੋ ਸੂਬਿਆਂ ਤੱਕ ਹੀ ਸੀਮਤ ਸੀ ਪਰ ਤਾਂ ਵੀ ਮੁਲਕ-ਵਿਆਪੀ ਲਾਮਬੰਦੀ ਦੇ ਝਲਕਾਰੇ ਇਸ ਭਾਰਤ ਬੰਦ ਦੇ ਐਕਸ਼ਨ ਰਾਹੀਂ ਦਿੱਸੇ ਸਨ। ਜਥੇਬੰਦ ਕਿਸਾਨ ਟੋਲੀਆਂ ਦੀ ਜ਼ੋਰਦਾਰ ਹਰਕਤਸ਼ੀਲਤਾ ਦਿਖੀ ਸੀ। ਇਸ ਐਕਸ਼ਨ ਦੀ ਸਫਲਤਾ ਇਹ ਸੀ ਕਿ ਇਸਨੇ ਹਕੂਮਤ ਨੂੰ ਦਿਖਾ ਦਿੱਤਾ ਕਿ ਇਹ ਮੱਠਾ ਪੈਣ ਜਾਂ ਲੋਕਾਂ ਦੇ ਢੈਲੇ ਪੈਣ ਦੇ ਰੌਂਅ ਦੀ ਥਾਂ ਸਹਿਜੇ ਸਹਿਜੇ ਪਸਰ ਰਿਹਾ ਹੈ, ਲੜਾਕੂ ਰੌਂਅ ਬਰਕਾਰ ਰਹਿ ਰਿਹਾ ਹੈ ਤੇ ਕਿਸਾਨੀ ਦੇ ਇਸ ਉਭਾਰ ਤੋਂ ਛੇਤੀ ਖਹਿੜਾ ਛੁੱਟਣ ਵਾਲਾ ਨਹੀਂ ਹੈ। ਸੰਘਰਸ਼ ਦੀ ਚੜ੍ਹਤ ਤੋਂ ਮੋਦੀ ਸਰਕਾਰ ਬੁਖਲਾ ਉੱਠੀ ਹੈ। ਸੰਘਰਸ਼ ਨਾਲ ਬਲ ਤੇ ਛਲ ਨਾਲ ਨਜਿੱਠਣ ਦੀ ਨੀਤੀ ਤੇ ਚਲਦਿਆਂ ਉਸ ਨੇ ਦੋਹਾਂ ਹਥਿਆਰਾਂ ਤੇ ਦਾਬ ਵਧਾ ਦਿੱਤੀ ਹੈ। ਲਖੀਮਪੁਰ ਖੀਰੀ ਅੰਦਰ ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਦੇਣ ਦੀ ਘੋਰ ਵਹਿਸ਼ੀ ਕਾਰਵਾਈ ਅਤੇ ਮਗਰੋਂ ਸਿੰਘੂ ਬਾਰਡਰ ਦੇ ਮੋਰਚੇ ਤੇ ਸਿੱਖ ਧਾਰਮਿਕ ਭਾਵਾਨਾਵਾਂ ਨਾਲ ਖੇਡਣ ਦੀ ਸਾਜਿਸ਼ ਉਸ ਦੀ ਏਸ ਬਲ ਤੇ ਛਲ ਦੀ ਨੀਤੀ ਦੇ ਤਾਜ਼ਾ ਇਜ਼ਹਾਰ  ਹੋ ਨਿਬੜੇ ਹਨ।

                ਖੇਤੀ ਖੇਤਰ ਅੰਦਰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੇ ਦਾਖਲੇ ਦੀ ਨੀਤੀ ਲਾਗੂ ਕਰਨ ਲਈ ਮੋਦੀ ਸਰਕਾਰ ਦੀ ਵਚਨਬੱਧਤਾ ਹੀ ਹੈ ਜਿਹੜੀ ਉਸ ਨੂੰ ਕਾਨੂੰਨਾਂ ਤੋਂ ਪਿੱਛੇ ਨਹੀਂ ਮੁੜਨ ਦੇ ਰਹੀ। ਉਂਜ ਤਾਂ ਇਹ ਸਮੁੱਚੇ ਭਾਰਤੀ ਰਾਜ ਵੱਲੋਂ ਅਖਤਿਆਰ ਕੀਤਾ ਗਿਆ ਅਖੌਤੀ ਆਰਥਿਕ ਸੁਧਾਰਾਂ ਦਾ ਰਸਤਾ ਹੈ ਜੀਹਦੇ ਤਹਿਤ ਖੇਤੀ ਫਸਲਾਂ ਦੇ ਮੰਡੀਕਰਨ ਚੋਂ ਸਰਕਾਰੀ ਦਖਲਅੰਦਾਜ਼ੀ ਦੇ ਮੁਕੰਮਲ ਖਾਤਮੇ ਲਈ ਬੀਤੇ ਢਾਈ ਤਿੰਨ ਦਹਾਕਿਆਂ ਤੋਂ ਵਿਉਤਾਂ ਬਣਦੀਆਂ ਰਹੀਆਂ ਹਨ, ਲਾਗੂ ਵੀ ਹੋਈਆਂ ਹਨ ਤੇ ਕਈ ਵਾਰ ਕਿਸਾਨ ਰੋਹ ਅੜਿੱਕੇ ਵੀ ਡਾਹ ਦਿੰਦਾ ਰਿਹਾ ਹੈ। ਪਰ ਸਮੁੱਚੇ ਤੌਰ ਤੇ ਸਰਕਾਰ ਇਸ ਮਾਮਲੇ ਚ ਆਪਣੇ ਪੈਰ ਪਿੱਛੇ ਖਿੱਚਦੀ ਆ ਰਹੀ ਹੈ। ਮੋਦੀ ਹਕੂਮਤ ਵੀ ਸੱਤਾ ਸੰਭਲਣ ਤੋਂ ਲੈ ਕੇ ਏਸੇ ਰਸਤੇ ਤੇ ਪਈ ਹੋਈ ਹੈ। ਇਸ ਰਾਹ ਤੇ ਉਸ ਦੀ ਧੁੱਸ ਏਨੀ ਜੋਰਦਾਰ ਹੈ ਕਿ ਭਾਵੇਂ ਅਜੇ ਨਵੇਂ ਖੇਤੀ ਕਾਨੂੰਨ ਅਮਲ ਅਧੀਨ ਨਹੀਂ ਆਏ ਪਰ ਹੁਣ ਵੀ, ਸੰਘਰਸ਼ ਦੇ ਚਲਦਿਆਂ ਵੀ, ਇਹ ਸਰਕਾਰ ਕਾਰਪੋਰੇਟ ਵਪਾਰੀਆਂ ਨੂੰ ਕਿਸਾਨਾਂ ਦੀਆਂ ਜਿਣਸਾਂ ਲੁੱਟਣ ਲਈ ਮੌਕੇ ਮੁਹੱਈਆ ਕਰਵਾਉਣ ਖਾਤਰ ਹਰ ਹੀਲਾ ਵਰਤ ਰਹੀ ਹੈ। ਦੇਸ਼ ਦੇ ਵੱਖ ਵੱਖ ਖੇਤਰਾਂ ਚ ਰੁਲਦੀਆਂ ਫਸਲਾਂ ਵੀ ਏਸੇ ਦੀ ਗਵਾਹੀ ਦੇ ਰਹੀਆਂ ਹਨ। ਝੋਨੇ ਦੀ ਖਰੀਦ ਲਈ ਨਵੀਆਂ ਨਵੀਆਂ ਸ਼ਰਤਾਂ ਮੜਨ ਦੇ ਤਰੀਕੇ ਵੀ ਇਹੀ ਦੱਸਦੇ ਹਨ। ਸਰਕਾਰ ਕਾਰਪੋਰੇਟ ਵਪਾਰੀਆਂ ਨੂੰ ਫਸਲਾਂ ਲੁਟਾਉਣ ਲਈ ਏਨੀ ਤਹੂ ਹੈ ਤਾਂ ਕਾਨੂੰਨ ਵਾਪਸ ਲੈਣ ਤੇ ਐਮ ਐਸ ਪੀ ਦੇ ਹੱਕ ਦੀਆਂ ਕਿਸਾਨ ਸੰਘਰਸ਼ ਦੀਆਂ ਮੰਗਾਂ ਤੋਂ ਇਨਕਾਰੀ ਹੋਣ ਦੀ ਵਿਆਖਿਆ ਹੁੰਦੀ ਹੈ।

                ਅਜਿਹੀ ਹਾਲਤ ਵਿਚ ਕਿਸਾਨ ਸੰਘਰਸ਼ ਨਾਲ ਨਜਿੱਠਣ ਲਈ ਮੋਦੀ ਸਰਕਾਰ ਲਗਾਤਾਰ ਸਾਜਿਸ਼ਾਂ ਰਚਦੀ ਆ ਰਹੀ ਹੈ ਤੇ ਜਾਬਰ ਹੱਥਕੰਡੇ ਅਪਣਾਉਦੀ ਆ ਰਹੀ ਹੈ। ਕਦੇ ਦਿੱਲੀ ਦੇ ਬਾਰਡਰਾਂ ਤੋਂ ਰਸਤੇ ਖੁਲਵਾਉਣ ਲਈ ਸੁਪਰੀਮ ਕੋਰਟ ਦਾ ਆਸਰਾ ਲੈਣ, ਖੱਟਰ ਵੱਲੋਂ ਭਾਜਪਾ ਵਰਕਰਾਂ ਨੂੰ ਡਾਂਗਾਂ ਚੁੱਕਣ ਦਾ ਸੱਦਾ ਦੇਣ, ਪਹਿਲਾਂ ਕਰਨਾਲ ਅੰਦਰ ਕਿਸਾਨਾਂ ਦੇ ਸਿਰ ਤੋੜਨ ਦੇ ਲਲਕਾਰੇ ਮਾਰਨ ਤੇ ਇਕ ਕਿਸਾਨ ਨੂੰ ਸ਼ਹੀਦ ਕਰਨ ਵਰਗੇ ਕਦਮ ਏਸ ਨੀਤੀ ਤਹਿਤ ਚੁੱਕੇ ਕਦਮ ਹੀ ਸਨ। ਇਹਨਾਂ ਦੀ ਕੜੀ ਵਜੋਂ ਵਾਪਰਿਆ ਲਖੀਮਪੁਰ ਖੀਰੀ ਦਾ ਕਤਲੇਆਮ ਏਸੇ ਨੀਤੀ ਦਾ ਹੀ ਸਿੱਟਾ ਹੈ। ਸ਼ਰੇਆਮ ਦਿਨ-ਦਿਹਾੜੇ ਕਿਸਾਨਾਂ ਨੂੰ ਇਉ ਕੁਚਲਣ ਤੋਂ ਬਾਅਦ ਸਮੁੱਚੀ ਕੇਂਦਰੀ ਹਕੂਮਤ ਮੰਤਰੀ ਦੀ ਪਿੱਠ ਤੇ ਖੜੀ ਹੈ। ਉਸ ਨੂੰ ਮੰਤਰੀ ਮੰਡਲ ਚ ਬਿਠਾਇਆ ਹੋਇਆ ਹੈ। ਇਹ ਘਟਨਾ ਆਪਣੇ ਆਪ ਚ ਹੀ ਕਿਸਾਨ ਸੰਘਰਸ਼ ਨਾਲ ਇਉ ਨਜਿੱਠਣ ਦਾ ਮੋਦੀ ਸਰਕਾਰ  ਦਾ ਐਲਾਨ ਬਣ ਗਈ ਹੈ। ਕਿਸਾਨ ਸੰਘਰਸ਼ ਨੂੰ ਖੂੰਨ ਚ ਡੁਬੋਣ ਦੇ ਮੋਦੀ ਸਰਕਾਰ ਦੇ ਜ਼ਾਲਮ ਤੇ ਖੂੰਖਾਰ ਇਰਾਦਿਆਂ ਦੀ ਨੁਮਾਇਸ਼ ਬਣ ਗਈ ਹੈ। ਪਰ ਇਹ ਜਾਬਰ ਹੱਲਾ ਕਿਸਾਨਾਂ ਦੇ ਇਰਾਦਿਆਂ ਨੂੰ ਪਸਤ ਕਰ ਸਕਣ ਦੀ ਥਾਂ ਹੋਰ ਸਿਦਕਵਾਨ ਹੋਣ ਦਾ ਕਾਰਨ ਬਣ ਗਿਆ। ਮੁਲਕ ਭਰ ਅੰਦਰ ਇਸਦਾ ਜੋਰਦਾਰ ਪ੍ਰਤੀਕਰਮ ਹੋਇਆ। ਅਗਲੇ ਦਿਨ ਹੀ ਦੇਸ਼ ਭਰ ਅੰਦਰ ਜਿਲਾ ਪੱਧਰਾਂ ਤੇ ਇਕੱਠ ਜੁੜੇ, ਲਖੀਮਪੁਰ ਖੀਰੀ ਚ ਵੀ ਵੱਡਾ ਇਕੱਠ ਹੋਇਆ। ਮੁਲਕ ਭਰ ਚੋਂ ਮੋਦੀ ਸਰਕਾਰ ਦੇ ਜ਼ਾਲਮ ਕਾਰੇ ਲਈ ਜੋਰਦਾਰ ਰੋਸ ਆਵਾਜਾਂ ੳੱੁਠੀਆਂ। ਵਿਦੇਸ਼ਾਂ ਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੀ ਆਵਾਜ ਉਠਾਈ। ਇਸ ਹਾਲਤ ਚ ਸੁਪਰੀਮ ਕੋਰਟ ਨੂੰ ਯੂ.ਪੀ. ਦੀ ਯੋਗੀ ਸਰਕਾਰ ਦੀ ਸੋਚੀ ਸਮਝੀ ‘‘ਢਿੱਲ-ਮੱਠ’’ ਦਾ ਨੋਟਿਸ ਲੈਣਾ ਪਿਆ ਤੇ ਮੰਤਰੀ ਪੁੱਤਰ ਨੂੰ ਸਲਾਖਾਂ ਪਿੱਛੇ ਕਰਨ ਲਈ ਦਬਾਅ ਪਾਉਣਾ ਪਿਆ। ਪਰ ਹਕੂਮਤ ਪੈਰ ਪੈਰ ਤੇ ਸਾਜਿਸ਼ਾਂ ਰਚਦੀ ਆ ਰਹੀ ਹੈ। ਲਖੀਮਪੁਰ ਵਿਚ ਸ਼ਹੀਦ ਕਿਸਾਨਾਂ ਦਾ ਸਸਕਾਰ ਕਰਨ ਨੂੰ ਲੈ ਕੇ ਹੋਏ ਸਮਝੌਤੇ ਨੂੰ ਆਪਣੇ ਮੀਡੀਆ ਜ਼ਰੀਏ ਟਿਕੈਤ ਦੀ ਮਿਲੀਭੁਗਤ ਕਰਾਰ ਦਿੱਤਾ ਗਿਆ ਤੇ ਇਉ ਸੰਯੁਕਤ ਮੋਰਚੇ ਦੇ ਲੀਡਰਸ਼ਿੱਪ ਅੰਦਰ ਤਰੇੜਾਂ ਪਾਉਣ ਤੇ ਨਾਲ ਹੀ ਲੋਕਾਂ ਅੰਦਰ ਲੀਡਰਸ਼ਿੱਪ ਬਾਰੇ ਬੇਭਰੋਸਗੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਹਕੂਮਤ ਦਾ ਇਹ ਤੀਰ ਵੀ ਟਿਕਾਣੇ ਨਾ ਲੱਗ ਸਕਿਆ ਤੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿੱਪ ਇਕਜੁੱਟ ਰਹੀ। ਲੀਡਰਸ਼ਿੱਪ ਨੇ ਇਸ ਨੂੰ ਇੱਕ ਜਾਬਰ ਫਾਸ਼ੀ ਵਾਰ ਵਜੋਂ ਲੈਂਦਿਆਂ ਡਟ ਕੇ ਇਨਸਾਫ ਦੇ ਹੱਕ ਲਈ ਸੰਘਰਸ਼ ਕਰਨ ਦਾ ਹੋਕਾ ਦਿੱਤਾ। ਭੋਗ ਸਮਾਗਮ ਮੌਕੇ ਇਕੱਠ ਕਰਨ ਦੇ ਸੱਦੇ ਦੇ ਨਾਲ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਸਾੜਨ ਤੇ 18 ਅਕਤੂਬਰ ਨੂੰ ਰੇਲਾਂ ਰੋਕਣ ਤੇ ਫਿਰ 26 ਅਕਤੂਬਰ ਨੂੰ ਲਖਨਊ ਚ ਰੈਲੀ ਕਰਨ ਦੇ ਸੱਦੇ ਦਿੱਤੇ ਗਏ। ਇਸ ਦੌਰਾਨ ਹੀ ਭਾਜਪਾ ਹਕੂਮਤ ਨੇ ਯੂ.ਪੀ. ਦੇ ਲਖੀਮਪੁਰ ਖੇਤਰ ਅੰਦਰ ਇਸ ਘਟਨਾ ਨੂੰ ਹਿੰਦੂ-ਸਿੱਖ ਦੀ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਕਿਉਕਿ ਭਾਜਪਾ ਗੁੰਡਿਆਂ ਵੱਲੋਂ ਕੁਚਲੇ ਗਏ ਕਿਸਾਨ ਸਿੱਖ ਧਰਮ ਨਲ ਸਬੰਧਤ ਸਨ ਤੇ ਮਗਰੋਂ ਦੇ ਟਕਰਾਅ ਚ ਮਾਰੇ ਗਏ ਭਾਜਪਾ ਵਰਕਰ ਹਿੰਦੂ ਧਰਮ ਨਲ ਸਬੰਧਤ ਸਨ। ਇਸ ਵਖਰੇਵੇਂ ਦੇ ਆਧਾਰ ਤੇ ਭਾਜਪਾਈ ਪ੍ਰਚਾਰ ਤੰਤਰ ਨੇ ਇਸ ਨੂੰ ਸਿੱਖ ਫਿਰਕੂ ਅੰਦੋਲਨ ਵਜੋਂ ਪੇਸ਼ ਕਰਨ ਲਈ ਵੀ ਟਿੱਲ ਲਾਇਆ ਪਰ ਮੰਤਰੀ ਦੇ ਗੁੰਡਿਆਂ ਦੀ ਇਸ ਜ਼ਾਲਮਾਨਾ ਕਰਤੂਤ ਦੀ ਕਰੂਰਤਾ ਏਨੀ ਜ਼ਾਹਰਾ ਹੋਣ ਕਰਕੇ ਇਹ ਪੱਤਾ ਵੀ ਚੱਲ ਨਾ ਸਕਿਆ।

                ਇਉ  ਕਿਸਾਨਾਂ ਨੂੰ ਖੌਫਜ਼ਦਾ ਕਰਨਾ ਚਾਹੁੰਦੀ ਮੋਦੀ ਸਰਕਾਰ ਉਲਟਾ ਕਿਸਾਨ ਰੋਹ ਦੀ ਕੁੜਿੱਕੀ ਚ ਘਿਰ ਗਈ ਤੇ ਕੌਮਾਂਤਰੀ ਪੱਧਰ ਤੇ ਫਾਸ਼ੀ ਹਕੂਮਤ ਵਜੋਂ ਮੁੜ ਨਸ਼ਰ ਹੋ ਗਈ। ਕਿਸਾਨ ਰੋਹ ਦੀ ਕੁੜਿੱਕੀ ਚੋਂ ਜਾਨ ਛੁਡਾਉਣ ਲਈ ਭਾਜਪਾ ਹਕੂਮਤ ਨੇ ਫਿਰ ਅਗਲੀ ਚਾਲ ਚੱਲੀ। ਸਿੰਘੂ ਬਾਰਡਰ ਤੇ ਬੈਠੇ ਨਿਹੰਗ ਹਲਕਿਆਂ ਨਾਲ ਪਹਿਲਾਂ ਸਾਧੇ ਹੋਏ ਰਾਬਤੇ ਦੇ ਜੋਰ ਸਿੱਖ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਣ ਰਾਹੀਂ  ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਤੇ ਲਖੀਮਪੁਰ ਖੀਰੀ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੀ ਖੇਡ ਖੇਡੀ ਗਈ। ਹੁਣ ਤੱਕ ਨਸ਼ਰ ਹੋ ਹਰੀਆਂ ਖਬਰਾਂ ਤੇ ਵੱਖ ਵੱਖ ਜਾਣਕਾਰੀਆਂ ਦੀਆਂ ਤੰਦਾਂ ਜੋੜਦਿਆਂ ਕਿਹਾ ਜਾ ਸਕਦਾ ਹੈ ਕਿ ਨਿਹੰਗ ਹਿੱਸਿਆਂ ਚੋਂ ਕੇਂਦਰੀ ਹਕੂਮਤ ਨੇ ਆਪਣੀਆਂ ਚਾਲਾਂ ਲਈ ਕੁੱਝ ਹਿੱਸਿਆਂ ਨੂੰ ਗੰਢ ਲਿਆ ਹੋਇਆ ਸੀ। ਇਹਨਾਂ ਨੇ ਗਿਣੀ-ਮਿਥੀ ਸਾਜਿਸ਼ ਨਾਲ ਇਕ ਕਿਰਤੀ ਵਿਅਕਤੀ ਲਖਬੀਰ ਸਿੰਘ ਨੂੰ ਸਿੰਘੂ ਬਾਰਡਰ ਤੇ ਲਿਆ ਕੇ, ਧਾਰਮਿਕ ਗਰੰਥ ਦੀ ਬੇਅਦਬੀ ਦਾ ਦਾਅਵਾ ਕੀਤਾ ਤੇ ਉਸ ਨੂੰ ਕੋਹ ਕੋਹ ਕੇ ਕਤਲ ਕਰ ਦਿੱਤਾ ਗਿਆ। ਇੱਕ ਪਾਸੇ ਇਸ ਘਟਨਾ ਨੂੰ ਮੋਦੀ ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਵਰਤਿਆ ਤੇ ਉਸ ਦੇ ਵਿਕਾਊ ਮੀਡੀਆ ਚੈਨਲਾਂ ਨੇ ਇਸ ਨੂੰ ਜਨੂੰਨੀ ਸਿੱਖਾਂ ਦੇ ਸੰਘਰਸ਼ ਵਜੋਂ ਪੇਸ਼ ਕੀਤਾ। ਸਮੁੱਚੇ ਕਿਸਾਨ ਸੰਘਰਸ਼ ਨੂੰ ਸਿੱਖ ਸੰਘਰਸ਼ ਦਿਖਾਉਣ ਤੇ ਜ਼ੋਰ ਲਾਇਆ। ਇਸ ਵਹਿਸ਼ੀ ਕਾਰੇ ਦੀ ਆੜ ਹੇਠ ਕਿਸਾਨ ਮੋਰਚਿਆਂ ਨੂੰ ਪੁੱਟ ਦੇਣ ਦੇ ਹੋਕਰੇ ਮਾਰੇ ਗਏ ਤੇ ਇਸ ਬਹਾਨੇ ਸੁਪਰੀਮ ਕੋਰਟ ਦਾ ਫਿਰ ਰੁਖ ਕੀਤਾ ਗਿਆ। ਨਾਲ ਹੀ ਇਸ ਸਮੁੱਚੇ ਘਟਨਾਕ੍ਰਮ ਦੀ ਸਨਸਨੀ ਭਰੀ ਚਰਚਾ ਦੀ ਆੜ ਚ ਲਖੀਮਪੁਰ ਖੀਰੀ ਦੇ ਮੁੱਦੇ ਤੋਂ ਧਿਆਨ ਲਾਂਭੇ ਲਿਜਾਣ ਦੀ ਕੋਸ਼ਿਸ਼ ਹੋਈ। ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਲਈ ਇਨਸਾਫ ਲੈਣ ਖਾਤਰ ਹੋ ਰਹੇ ਐਕਸ਼ਨਾਂ ਦਾ ਪ੍ਰਭਾਵ ਕਿਸੇ ਹੱਦ ਤੱਕ ਪ੍ਰੈਸ ਅੰਦਰ ਮੱਧਮ ਪਿਆ। ਖਾਸ ਕਰਕੇ 16 ਅਕਤੂਬਰ ਨੂੰ ਮੋਦੀ ਦੇ ਪੁਤਲੇ ਫੂਕਣ ਦਾ ਵੱਡਾ ਜਨਤਕ ਐਕਸ਼ਨ ਤੇ 18 ਅਕਤੂਬਰ ਨੂੰ ਰੇਲਾਂ ਰੋਕਣ ਦੇ ਐਕਸ਼ਨ ਦੀ ਮੀਡੀਆ ਅੰਦਰ ਉੱਭਰਵੀਂ ਚਰਚਾ ਨਾ ਹੋ ਸਕੀ ਕਿਉਕਿ ਸਿੰਘੂ ਬਾਰਡਰ ਤੇ ਹੋਇਆ ਕਤਲ ਤੇ ਇਸ ਨਾਲ ਜੁੜਵੀਂ ਸਮੁੱਚੀ ਚਰਚਾ ਨੇ ਲੋਕਾਂ ਦੀ ਸੁਰਤ ਮੱਲੀ ਰੱਖੀ। ਇਉਂ ਸਿੰਘੂ ਬਾਰਡਰ ’ਤੇ ਕੀਤਾ ਗਿਆ ਵਹਿਸ਼ੀ ਕਤਲ ਮੋਦੀ ਸਰਕਾਰ ਦੀ ਗਿਣੀ-ਮਿਥੀ ਸਾਜਿਸ਼ ਦਾ ਹਿੱਸਾ ਸੀ। ਇਸ ਰਾਹੀਂ ਸਰਕਾਰ ਨੇ ਗੁਰੂ ਗਰੰਥ ਸਾਹਿਬ ਦੇ ਅਦਬ ਨਾਲ ਜੁੜੀਆਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਤੀਰ ਛੱਡਿਆ ਸੀ, ਕਿਉਕਿ ਪਹਿਲਾਂ ਵੀ ਸੂਬੇ ਅੰਦਰ ਵਾਪਰੀਆਂ ਅਜਿਹੀਆਂ ਘਟਨਾਵਾਂ ਦਾ ਭੇਤ ਨਾ ਖੁੱਲ੍ਹਣ ਤੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ ਕਾਰਨ ਲੋਕਾਂ ਅੰਦਰ ਅਜੇ ਤੱਕ ਰੋਸ ਬਰਕਰਾਰ ਰਹਿ ਰਿਹਾ ਹੈਅਜਿਹੀ ਸਥਿੱਤੀ ਚ ਬੇਅਦਬੀ ਦੀ ਘਟਨਾ ਨੇ ਇਸ ਰੋਹ ਨੂੰ ਭੜਕਾਉਣ ਦਾ ਜ਼ਰੀਆ ਬਣਨਾ ਸੀ।

                ਲੋਕ-ਪੱਖੀ ਪੱਤਰਕਾਰਾਂ ਦੇ ਵੇਲੇ ਸਿਰ ਨਿਭਾਏ ਰੋਲ ਨੇ, ਲੋਕਾਂ ਦੀ ਫਿਰਕੂ ਸਾਜਿਸ਼ਾਂ ਪ੍ਰਤੀ ਚੌਕਸੀ ਨੇ ਅਤੇ ਵੱਖ ਵੱਖ ਕਾਰਨਾਂ ਦੇ ਜੋੜ-ਮੇਲ ਨਾਲ ਇਸ ਕਾਰੇ ਦੇ ਹਕੂਮਤੀ ਸਾਜਿਸ਼ ਵਜੋਂ ਬੇਪਰਦ ਹੋ ਜਾਣ ਨਾਲ ਸੰਘਰਸ਼ ਤੇ ਆਇਆ ਨਵਾਂ ਸੰਕਟ ਟਲ ਗਿਆ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿੱਪ ਨੇ ਮੌਕੇ ਸਿਰ ਠੀਕ ਪੈਂਤੜਾ ਲੈਂਦਿਆਂ ਨਿਹੰਗਾਂ ਦੀ ਇਸ ਜ਼ਾਲਮਾਨਾ ਕਾਰਵਾਈ ਨਾਲੋਂ ਸਪਸ਼ਟ ਨਿਖੇੜਾ ਕਰਦਿਆਂ ਘਟਨਾ ਦੀ ਜਾਂਚ ਦੀ ਮੰਗ ਕੀਤੀ ਤੇ ਦੋਸ਼ੀਆਂ ਨੂੰ ਸਜਾਵਾਂ ਦੇ ਦੇਣ ਦੀ ਮੰਗ ਰੱਖੀ। ਇਹ ਕਾਰਵਾਈ ਏਨੀ ਜ਼ਾਲਮਾਨਾ ਸੀ ਤੇ ਸੰਘਰਸ਼ ਦੇ ਨਾਲ ਐਨ ਟਕਰਾਵੀਂ ਵੀ ਸੀ ਕਿ ਸੰਯੁਕਤ ਕਿਸਾਨ ਮੋਰਚੇ ਚੋਂ ਫਿਰਕੂ ਸਿੱਖ ਹਲਕਿਆਂ ਪ੍ਰਤੀ ਸਖਤ ਸਟੈਂਡ ਨਾ ਲੈਣ ਦੀ ਕਮਜੋਰੀ ਦਿਖਾਉਂਦੇ ਰਹੇ ਹਿੱਸੇ ਵੀ ਮੁਕਾਬਲਤਨ ਸਪਸ਼ਟਤਾ ਨਾਲ ਇਸ ਖਿਲਾਫ ਖੜ੍ਹੇ ਇਸ ਦਾ ਸਿੱਟਾ ਇਹ ਹੋਇਆ ਕਿ ਨਿਹੰਗ ਪੂਰੀ ਤਰ੍ਹਾਂ ਨਿਖੇੜੇ ਦੀ ਹਾਲਤ ਚ ਚਲੇ ਗਏ।

                ਇਸ ਘਟਨਾ ਨੂੰ ਮੌਕਾਪ੍ਰਸਤ ਤੇ ਫਿਰਕੂ ਸਿੱਖ ਜਨੂੰਨੀ ਅਨਸਰਾਂ ਨੇ ਫਿਰ ਸੰਯੁਕਤ ਮੋਰਚੇ ਦੀ ਲੀਡਰਸ਼ਿੱਪ ਨੂੰ ਬਦਨਾਮ ਕਰਨ ਲਈ ਵਰਤਣ ਦੀ ਨਾਕਾਮ ਕੋਸ਼ਿਸ਼ ਕੀਤੀ। ਸੰਯੁਕਤ ਮੋਰਚੇ ਦੇ ਆਗੂਆਂ ਵੱਲੋਂ  ਨਿਹੰਗਾਂ ਨਾਲੋਂ ਨਿਖੇੜਾ ਕਰਨ ਦੀ ਪੁਜੀਸ਼ਨ ਤੇ ਉਹਨਾਂ ਖਿਲਾਫ ਧੂੰਆਂ-ਧਾਰ ਭੰਡੀ ਪ੍ਰਚਾਰ ਵਿੱਢਿਆ। ਇਸ ਘਟਨਾ ਦੀ ਆੜ ਚ ਮੁੜ ਸੰਘਰਸ਼ ਅੰਦਰ ਕਾਮਰੇਡ ਬਨਾਮ ਸਿੱਖ ਦਾ ਨਕਲੀ ਬਿਰਤਾਂਤ ਖੜ੍ਹਾ ਕਰਨ ਦਾ ਯਤਨ ਕੀਤਾ। ਇੱਕ ਮਜ਼ਦੂਰ ਵਿਅਕਤੀ ਦੇ ਵਹਿਸ਼ੀ ਕਤਲ ਦੀ ਘਟਨਾ ਨੂੰ ਨਿਹੰਗਾਂ ਦੀ ਬਹਾਦਰੀ ਦੇ ਕਾਰਨਾਮੇ ਵਜੋਂ ਉਚਿਆਇਆ ਗਿਆ ਤੇ ਬੇਅਦਬੀ ਦੀਆਂ ਘਟਨਾਵਾਂ ਦੇ ਇਨਸਾਫ ਲਈ ਉਦਾਹਰਣ ਵਜੋਂ ਪੇਸ਼ ਕੀਤਾ ਗਿਆ। ਪਰ 26 ਜਨਵਰੀ ਦੇ ਵੇਲੇ ਤੋਂ ਨਿੱਖੜ ਚੁੱਕੇ ਅਜਿਹੇ ਅਨਸਰਾਂ ਦੀ ਇਸ ਵਾਰ ਦਾਲ ਨਾ ਗਲ ਸਕੀ ਤੇ ਇਹ ਭੰਡੀ ਪ੍ਰਚਾਰ ਅਮਲੀ ਪੱਧਰ ਤੇ ਕੋਈ ਅਸਰ ਨਾ ਪਾ ਸਕਿਆ ਸਗੋਂ ਕੱਟੜ, ਜਨੂੰਨੀ ਤੇ ਮੌਕਾਪ੍ਰਸਤ ਅਨਸਰਾਂ ਦੇ ਘੋਰ ਨਿਖੇੜੇ ਦਾ ਹੀ ਜ਼ਰੀਆ ਬਣਿਆ। ਕੁੱਲ ਮਿਲਾ ਕੇ ਮੋਦੀ ਸਰਕਾਰ ਦੀ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਇਹ ਚਾਲ ਕਾਮਯਾਬ ਨਾ ਹੋ ਸਕੀ ਤੇ ਅਜਿਹੀਆਂ ਸਾਜਿਸ਼ਾਂ ਰਚਣ ਵਾਲੀ ਫਾਸ਼ੀ ਹਕੂਮਤ ਵਜੋਂ ਫਿਰ ਨਸ਼ਰ ਹੋ ਗਈ।

                ਸਿੰਘੂ ਬਾਰਡਰ ਤੇ ਵਾਪਰੀ ਇਸ ਘਟਨਾ ਨੇ ਮੁੜ ਇਸ ਵਿਚਾਰ ਦੀ ਪੁਸ਼ਟੀ ਕੀਤੀ ਹੈ ਕਿ ਕਿਸਾਨ ਸੰਘਰਸ਼ ਦਾ ਧਰਮ-ਨਿਰਪੇਖ ਖਾਸਾ ਕਿਉ ਲੋੜੀਂਦਾ ਹੈ ਤੇ ਕਿਉਂ ਇਸ ਦੀ ਰਾਖੀ ਲਈ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਇਸ ਤੋਂ ਪਾਸੇ ਜਾ ਕੇ ਸੰਘਰਸ਼ ਨੂੰ ਵਿਸ਼ੇਸ਼ ਧਾਰਮਿਕ ਰੰਗਤ ਦੇਣਾ ਚਾਹੁੰਦਾ ਕੋਈ ਵੀ ਹਿੱਸਾ ਗਲਤ ਕਿਉ ਹੈ? ਇਸ ਘਟਨਾ ਨੇ ਦਿਖਾਇਆ ਹੈ ਕਿ ਮੁੱਦਿਆਂ ਨੂੰ ਧਾਰਮਿਕ ਪੁੱਠ ਦੇ ਕੇ, ਲੋਕਾਂ ਨੂੰ ਉਲਝਾਉਣਾ ਤੇ ਆਪਸੀ ਟਕਰਾਅ ਪੈਦਾ ਕਰਨਾ, ਵਿਸ਼ੇਸ਼ ਧਾਰਮਿਕ ਰੰਗਤ ਦੇ ਕੇ ਸੰਘਰਸ਼ ਨੂੰ ਲੋਕਾਂ ਚੋਂ ਨਿਖੇੜਨਾ ਤੇ ਜਬਰ ਦੀ ਮਾਰ ਹੇਠ ਲਿਆਉਣਾ ਭਾਜਪਾ ਦਾ ਬਹੁਤ ਹੀ ਅਹਿਮ ਹਥਿਆਰ ਹੈ ਤੇ ਇਸ ਸੰਘਰਸ਼ ਨੂੰ ਸੱਟ ਮਾਰਨ ਲਈ ਉਹ ਐਨ ਸ਼ੁਰੂ ਤੋਂ ਹੀ ਇਸਦੀ ਵਰਤੋਂ ਕਰਦੀ ਆ ਰਹੀ ਹੈ। 26 ਜਨਵਰੀ ਨੂੰ ਲਾਲ ਕਿਲੇ ਤੇ ਝੰਡਾ ਝੁਲਾਉਣ ਦੀ ਕਾਰਵਾਈ ਦੀ ਸਾਜਿਸ਼ ਨੂੰ ਅੰਜਾਮ ਦੇ ਕੇ ਵੀ ਅਜਿਹੀ ਹੀ ਸੱਟ ਮਾਰਨ ਦਾ ਯਤਨ ਕੀਤਾ ਗਿਆ ਸੀ। ਹੁਣ ਇਸ ਸਾਜਿਸ਼ ਰਾਹੀਂ ਮੁੜ ਉਹੀ ਨਾਪਾਕ ਕੋਸ਼ਿਸ਼ ਦੁਹਾਰਾਈ ਗਈ ਹੈ ਪਰ ਇਸ ਵਾਰ ਇਹ ਬੁੱਝਣੀ ਹੋਰ ਵੀ ਸੌਖੀ ਹੋ ਗਈ ਹੈ। ਇਸ ਘਟਨਾ ਦਾ ਸਬਕ ਉਹੀ ਹੈ ਕਿ ਸੰਘਰਸ਼ ਦੇ ਧਰਮ ਨਿਰਪੇਖ ਕਿਰਦਾਰ ਦੀ ਰਾਖੀ ਲਈ ਡਟਿਆ ਜਾਵੇ, ਇਸ ਨੂੰ  ਕੋਈ ਵਿਸ਼ੇਸ਼ ਧਾਰਮਿਕ ਰੰਗਤ ਦੇਣ ਦੇ ਯਤਨਾਂ ਨੂੰ ਪਛਾੜਿਆ ਜਾਵੇ, ਹਕੂਮਤ ਦੀਆਂ ਧਾਰਮਿਕ ਪੱਤੇ ਖੇਡਣ ਦੀਆਂ ਚਾਲਾਂ ਨੂੰ ਵੇਲੇ ਸਿਰ ਚੌਕਸੀ ਰੱਖ ਕੇ ਪਛਾੜਿਆ ਜਾਵੇ ਤੇ ਸਭਨਾਂ ਧਰਮਾਂ, ਜਾਤਾਂ ਤੇ ਇਲਾਕਿਆਂ-ਬੋਲੀਆਂ ਦੇ ਕਿਸਾਨਾਂ ਦੇ ਸੰਘਰਸ਼ ਵਜੋਂ ਇਸਦੀ ਰਾਖੀ ਕੀਤੀ ਜਾਵੇ।

                ਲਖੀਮਪੁਰ ਖੀਰੀ ਦੇ ਕਤਲ ਕਾਂਡ ਨੇ ਦਿਖਾਇਆ ਹੈ ਕਿ ਸੰਘਰਸ਼ ਦਾ ਮੱਥਾ ਆਪਾਸ਼ਾਹ ਤੇ ਫਾਸ਼ੀ ਰਾਜ ਨਾਲ ਲੱਗਿਆ ਹੋਇਆ ਹੈ। ਇਸ ਲਈ ਕਿਸਾਨ ਸੰਘਰਸ਼ ਨੂੰ ਅਜਿਹੇ ਹਮਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਹਕੂਮਤੀ ਫੌਜੀ ਪੁਲਸੀ ਬਲਾਂ ਤੇ ਲੱਠਮਾਰ ਗੁੰਡਾ ਸੈਨਾਵਾਂ ਵੱਲੋਂ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਹੱਲੇ ਬੋਲਣਾ ਕੋਈ ਨਵਾਂ ਵਰਤਾਰਾ ਨਹੀਂ ਹੈ। ਇਸ ਲਈ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਸਾਨ ਸੰਘਰਸ਼ ਅਜਿਹੇ ਗੁੰਡਾ ਹਮਲਿਆਂ ਤੋਂ ਆਪਣੇ ਇਕੱਠਾਂ ਤੇ ਆਗੂਆਂ ਦੀ ਸੁਰੱਖਿਆ ਦੇ ਇੰਤਜ਼ਾਮ ਕਰੇ  ਲੋਕਾਂ ਨੂੰ ਅਜਿਹੇ ਜਬਰ ਦੇ ਟਾਕਰੇ ਲਈ ਤਿਆਰ ਕਰੇ ਤੇ ਅਜਿਹੇ ਇੰਤਜ਼ਾਮਾਂ ਦੇ ਰਾਹੀਂ ਅੱਗੇ ਵਧੇ।

                ਸੰਘਰਸ਼ ਨੇ ਜਾਬਰ ਹੱਲਿਆਂ ਤੇ ਸਾਜਿਸ਼ਾਂ ਦੇ ਅਜਿਹੇ ਕਈ ਗੇੜਾਂ ਚੋਂ ਗੁਜ਼ਰਨਾ ਹੈ। ਹੱਲਿਆਂ ਦਾ ਸਾਹਮਣਾ ਕਰਨ ਦੀ ਤਾਕਤ ਜੁਟਾਉਣੀ, ਸਿਦਕ ਤੇ ਸਬਰ ਕਾਇਮ ਰੱਖਣਾ, ਸਾਜਿਸ਼ਾਂ ਤੋਂ ਲੋਕਾਂ ਨੂੰ ਚੌਕਸ ਕਰਨਾ, ਵੇਲੇ ਸਿਰ ਪਛਾਨਣਾ ਤੇ ਪਛਾੜਨਾ ਹੀ ਲੀਡਰਸ਼ਿੱਪ ਦੇ ਜਿੰਮੇ ਹੈ। ਇਹਦੇ ਲਈ ਲੋਕਾਂ ਨੂੰ ਤਿਆਰ ਕਰਨਾ ਹੈ। ਮੋਦੀ ਸਰਕਾਰ ਕੋਲ ਸੰਘਰਸ਼ ਨੂੰ ਖਦੇੜਨ ਦਾ ਇਹੀ ਰਸਤਾ ਬਚਦਾ ਹੈ ਤੇ ਉਹਦੀ ਟੇਕ ਜਬਰ ਤੇ ਵਧਣੀ ਹੈ। ਉਸ ਦੀ ਨੀਤੀ ਸਾਜਿਸ਼ਾਂ ਰਾਹੀਂ ਸੰਘਰਸ਼ ਨੂੰ ਬਦਨਾਮ ਕਰਨ, ਲੋਕਾਂ ਦੀ ਹਮਾਇਤ ਤੋਂ ਵਿਰਵਾ ਕਰਕੇ ਕਮਜ਼ੋਰ ਕਰਨ ਤੇ ਫਿਰ ਜਬਰ ਦੀ ਸੱਟ ਮਾਰਨ ਦੀ ਹੈ। ਲੋਕਾਂ ਨੂੰ ਇਸ ਨੀਤੀ ਦੀ ਪਛਾਣ ਕਰਨ ਤੇ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ।                                                                       (24-10-2021)

ਦੋਹਾਂ ਕਹਾਣੀਆਂ ਦਾ ਸਬਕ ਪੱਲੇ ਬੰਨ੍ਹ ਲਓ....

 26 ਜਨਵਰੀ ਨੂੰ ਲਾਲ ਕਿਲੇ ਤੇ ਧਾਰਮਕ ਝੰਡਾ ਝੁਲਾਉਣ ਦੀ ਕਾਰਵਾਈ ਮੋਦੀ ਸਰਕਾਰ ਦੀ ਸਾਜ਼ਿਸ਼ ਸੀ। ਕੁੱਝ ਸਾਜਿਸ਼ ਵਿੱਚ ਹਿੱਸੇਦਾਰ ਸਨ, ਕੁੱਝ ਅਣਭੋਲ ਵਰਤੇ ਗਏ। ਹੁਣ ਸਿੰਘੂ ਬਾਰਡਰ ’ਤੇ ਇੱਕ ਵਿਅਕਤੀ ਦਾ ਕਤਲ ਵੀ ਅਜਿਹੀ ਹੀ ਕਿਸੇ ਸਾਜਿਸ਼ ਦਾ ਹਿੱਸਾ ਹੈ। ਦੋਹਾਂ ਦਾ ਮਕਸਦ ਇੱਕ ਹੈ ਕਿ  ਕਿਸਾਨ ਸੰਘਰਸ਼ ਤੇ ਕਿਸਾਨੀ ਦੇ ਮੁੱਦਿਆਂ ਦੇ ਮੁਕਾਬਲੇ ਧਾਰਮਿਕ ਮੁੱਦਿਆਂ ਨੂੰ ਮੂਹਰੇ ਲਿਆਉਣਾ, ਸੰਘਰਸ਼ ਕਰਦੇ ਲੋਕਾਂ ਚ ਪਾਟਕ ਪਾਉਣਾ, ਇਸ ਰਾਮ ਰੌਲੇ ਵਿੱਚ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਨੂੰ ਬਦਨਾਮ ਕਰਨਾ ਤੇ ਆਖ਼ਰ ਨੂੰ ਕਿਸਾਨ ਸੰਘਰਸ਼ ਤੇ ਸੱਟ ਮਾਰਨੀ।

ਦੋਹਾਂ ਸਾਜਿਸ਼ਾਂ ਦਾ ਮਕਸਦ ਇੱਕੋ ਹੈ, ਪਲਾਟ ਵੀ ਇਕੋ ਹੈ, ਬੱਸ ਕਹਾਣੀ ਵੱਖੋ ਵੱਖਰੀ ਹੈ, ਕਹਾਣੀ ਦੀ ਲੋੜ ਅਨੁਸਾਰ ਪਾਤਰ ਬਦਲ ਗਏ ਹਨ , ਸਟੇਜ ਨਵੀਂ ਲੱਗੀ ਹੈ ਪਰ ਮਗਰਲੇ ਵਿਚ ਇਕ ਵਿਅਕਤੀ ਦੀ ਬਲੀ ਲੈ ਲਈ ਗਈ ਹੈ

ਦੋਹਾਂ ਕਹਾਣੀਆਂ ਦਾ ਸਬਕ ਇੱਕੋ ਹੈ ਕਿ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਦੀ ਰਾਖੀ ਬਹੁਤ ਜਰੂਰੀ ਹੈ ਤੇ ਸਰਕਾਰ ਦਾ ਜੋਰ ਇਸ ਨੂੰ ਧਾਰਮਕ ਰੰਗ ਦੇਣ ਤੇ  ਹੈ 

 ਪਹਿਲੀ ਸਕਿ੍ਪਟ ਲੋਕਾਂ ਨੂੰ ਕੁੱਝ ਉਲਝਣ ਚਪਾਉਂਦੀ ਸੀ ਕਿਉਂਕਿ ਝੰਡਾ ਲਾਲ ਕਿਲੇ ਤੇ  ਝੁਲਾਇਆ ਜਾ ਰਿਹਾ ਸੀ,

ਪਰ ਜਦੋਂ ਦੁਸ਼ਮਣ ਹਾਰਨਾ ਸੁਰੂ ਹੁੰਦਾ ਹੈ ਤਾਂ ਬੌਖਲਾਹਟ ਚਆਉਂਦਾ ਹੈ, ਸਕਿ੍ਪਟ ਵੀ ਕਮਜੋਰ ਹੋ ਜਾਂਦੀ ਹੈ ਤੇ ਆਪਾ ਵਿਰੋਧੀ ਵੀ ਹੋ ਜਾਂਦੀ ਹੈ। ਐਤਕੀਂ ਵਾਰ ਦੀ ਕਮਜੋਰ ਸਕਰਿਪਟ ਨੇ ਲੋਕਾਂ ਸਾਹਮਣੇ ਆਪਣੇ ਆਪ ਹੀ ਬਹੁਤ ਕੁਝ ਨਸ਼ਰ ਕਰ ਦਿੱਤਾ। 26 ਜਨਵਰੀ ਵੇਲੇ ਲੀਡਰਸ਼ਿਪ ਵੱਲੋਂ ਲੋਕਾਂ ਦੇ ਇੱਕ ਹਿੱਸੇ ਨੂੰ ਇਹ ਸਮਝਾਉਣਾ ਪਿਆ ਸੀ ਕਿ ਧਾਰਮਿਕ ਰੰਗਤ ਦੇਣੀ ਗਲਤ ਕਿਵੇਂ ਹੈ ਪਰ ਐਤਕੀਂ ਜਲਦੀ ਸਮਝ ਆ ਰਿਹਾ ਹੈ।

 

ਦੁਸ਼ਮਣ ਪੱਲੇ ਸੱਚ ਨਹੀਂ ਹੈ, ਸਾਰੀ ਟੇਕ ਝੂਠ ਤੇ  ਹੈ ,ਫਰੇਬ ਤੇ ਹੈ, ਸਬਰ ਤਹੱਮਲ ਨਾਲ ਡਟੇ ਰਹੋ, ਅਗਲੀਆਂ ਸਕਰਿਪਟਾਂ ਹੋਰ ਵੀ ਕਮਜ਼ੋਰ ਹੋਣਗੀਆਂ ਤੇ ਸਾਜਿਸ਼ਾਂ ਪਛਾਣਨੀਆਂ ਹੋਰ ਸੌਖੀਆਂ ਹੋਣਗੀਆਂ

 

ਜੂਝਦੇ ਲੋਕਾਂ ਕੋਲ ਸਾਜ਼ਿਸ਼ਾਂ ਪਛਾਨਣ ਦਾ ਕਾਫੀ ਤਜਰਬਾ ਇਕੱਠਾ ਹੁੰਦਾ ਜਾ ਰਿਹਾ ਹੈ। ਇਸ ਤਜਰਬੇ ਦੇ ਆਧਾਰ ’ਤੇ ਅਗਲੀਆਂ ਚਾਲਾਂ ਵੀ ਪਛਾੜ ਦਿੱਤੀਆਂ ਜਾਣਗੀਆਂ।

ਹੁਣ ਪਰਖ ਦੀ ਅਗਲੀ ਘੜੀ ਹੈ  .......

 ਕਿਸਾਨ ਸੰਘਰਸ਼ ਪਹਿਲਾਂ ਵੀ ਪਰਖਾਂ ਦੇ ਕਈ ਦੌਰਾਂ ਚੋਂ ਗੁਜ਼ਰ ਚੁੱਕਿਆ ਹੈ। ਹੁਣ ਫਿਰ ਨਵੀਂ ਤਰ੍ਹਾਂ ਦੀ ਪਰਖ ਹੈ। ਕਿਉਂਕਿ ਹੁਣ ਦੁਸ਼ਮਣ ਰੂਪ ਬਦਲ ਕੇ ਆ ਰਿਹਾ ਹੈ। ਸਭ ਤੋਂ ਵੱਧ ਟੁੰਬੇ ਜਾਣ ਵਾਲੀ ਰਗ ਨੂੰ ਛੇੜਨ ਦਾ ਯਤਨ ਕਰ ਰਿਹਾ ਹੈ। ਉਹਨੂੰ ਪਤਾ ਹੈ ਕਿ ਸਿਰਾਂ ਤੇ  ਕੱਫਨ ਬੰਨ੍ਹ ਕੇ ਨਿੱਤਰੇ ਲੋਕਾਂ ਨੂੰ ਸਾਹਮਣੇ ਖੜੇ ਹਥਿਆਰਬੰਦ ਲਸ਼ਕਰਾਂ ਤੋਂ ਡਰ ਨਹੀਂ ਲੱਗਦਾ। ਕੋਈ ਹੋਰ ਥਾਂ ਹੈ ਜਿੱਥੋਂ ਇਸ ਸਮਾਜ ਨੂੰ ਉਲਝਾਇਆ ਜਾ ਸਕਦਾ ਹੈ। ਇਸ ਲਈ ਇਹ ਸਾਰੇ ਪੰਜਾਬੀ ਸਮਾਜ ਤੇ ਸਿੱਖ ਧਾਰਮਿਕ ਭਾਵਨਾਵਾਂ ਵਾਲੇ ਸਾਰੇ ਲੋਕਾਂ ਲਈ ਨਵੀਂ ਤਰ੍ਹਾਂ ਦੀ ਪਰਖ ਦੀ ਘੜੀ ਹੈ।

             ਇਹ ਸੱਚਾਈ ਜ਼ਾਹਰ ਹੁੰਦੀ ਜਾ ਰਹੀ ਹੈ ਕਿ ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਸਿੱਖ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਣ ਦੇ ਯਤਨਾਂ ਚਹੈ। ਸਾਲ ਭਰ ਤੋਂ ਕਿਸਾਨ ਸੰਘਰਸ਼ ਨੂੰ ਭੰਨਣ ਤੋੜਨ ਦੇ ਉਸ ਦੇ ਸਾਰੇ ਮਨਸੂਬੇ ਫੇਲ੍ਹ ਹੁੰਦੇ ਆ ਰਹੇ ਹਨ। ਹਰ ਜਾਬਰ ਹੱਲਾ ਰੋਹ ਨੂੰ ਹੋਰ ਸਿਖਰਾਂ ਤੇ ਪਹੁੰਚਾ ਦਿੰਦਾ ਹੈ। ਕੁਰਬਾਨੀ ਦਾ ਜਜ਼ਬਾ ਹੋਰ ਡੂੰਘਾ ਜਾਗ ਉੱਠਦਾ ਹੈਹੁਣ ਆਖਰੀ ਹੱਲੇ ਵਜੋ ਸਭ ਤੋਂ ਸੰਵੇਦਨਸ਼ੀਲ ਮੁੱਦੇ ਨੂੰ ਵਰਤਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਚਾਹੇ ਕਿਸੇ ਵਾਪਰੀ ਘਟਨਾ ਨੂੰ ਹਵਾ ਦੇ ਕੇ ਵਰਤਿਆ ਜਾਵੇ ਤੇ ਚਾਹੇ ਗਿਣ ਮਿਥ ਕੇ ਸਾਜਿਸ਼ ਰਚੀ ਜਾਵੇ, ਮਕਸਦ ਕਿਸਾਨ ਸੰਘਰਸ਼ ਨੂੰ ਠਿੱਬੀ ਲਾ ਕੇ ਇਸ ਵਿੱਚੋਂ ਆਪਣੇ ਫਸੀ ਧੌਣ ਕਢਵਾਉਣ ਦਾ ਹੈ।

 ਘਟਨਾ ਦੀ ਨਿਰਪੱਖ ਪੜਤਾਲ ਕਰਨ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ ਤੇ ਸਾਰੇ ਇਨਸਾਫ਼ਪਸੰਦ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਨਾਲ ਹੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਕੂਮਤਾਂ ਅਜਿਹੀਆਂ ਘਟਨਾਵਾਂ ਚਸੱਚ ਸਾਹਮਣੇ ਨਹੀਂ ਲਿਆਉਣਾ ਚਾਹੁੰਦੀਆਂ, ਨਾ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਹੋਈ ਹੈ, ਨਾ ਹੁਣ ਹੋਣੀ ਹੈ। ਅਜੇ ਲੋਕਾਂ ਕੋਲ ਅਜਿਹੇ ਸਾਧਨ/ ਸੋਮੇ ਨਹੀਂ ਹਨ ਕਿ ਉਹ ਤੱਥਾਂ ਸਬੂਤਾਂ ਦੇ ਆਧਾਰ ਤੇ   ਅਸਲ ਦੋਸ਼ੀ ਦੀ ਪੈੜ ਨੱਪਦਿਆਂ ਸਿਰੇ ਤੱਕ ਪਹੁੰਚ ਸਕਣ। ਅਜਿਹੇ ਸਾਧਨ ਰਾਜ ਤੰਤਰ ਕੋਲ ਹਨ ਤੇ ਰਾਜਤੰਤਰ ਦੀਆਂ ਵੱਖ ਵੱਖ ਸ਼ਕਤੀਆਂ ਸਦਾ ਹੀ ਇਨ੍ਹਾਂ ਖੇਡਾਂ ’ਚ ਸ਼ੁਮਾਰ ਰਹਿੰਦੀਆਂ ਹਨ। ਅਜਿਹਾ ਸੱਚ ਉਨਾਂ ਨੂੰ ਰਾਸ ਨਹੀਂ ਬੈਠਦਾ। ਜੇ ਹਕੂਮਤ ਆਪ ਹੀ ਸਿੱਧੀ ਸਾਮਲ ਹੋਵੇ ਫਿਰ ਉਹਨੇ ਤਾਂ ਕਰਨਾ ਹੀ ਕੀ ਹੈ।

 ਅਜਿਹੇ ਹਾਲਾਤਾਂ ਵਿੱਚ ਕਿਸਾਨ ਸੰਘਰਸ਼ ਦੀ ਚੜਦੀ ਕਲਾ ਨੂੰ ਕਾਇਮ ਰੱਖਣ ਲਈ ਧਾਰਮਿਕ ਜਜ਼ਬਾਤਾਂ ਨੂੰ ਕਾਬੂ ਚ ਰੱਖਣਾ ਤੇ ਆਪਸੀ ਏਕਾ ਬਣਾਈ ਰੱਖਣਾ ਹੀ ਇੱਕੋ ਇੱਕ ਰਸਤਾ ਹੈ। ਸਾਰੇ ਪੰਜਾਬੀ ਸਮਾਜ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ੍ਹਣੀ ਚਾਹੀਦੀ ਹੈ ਕਿ ਬੇਅਦਬੀ ਰਾਹੀਂ ਜਾਂ ਕਿਸੇ ਵੀ ਹੋਰ ਤਰੀਕੇ ਰਾਹੀਂ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਣ ਦਾ ਅਸਲ ਮਕਸਦ ਕਿਸਾਨ ਸੰਘਰਸ਼ ਹੈ ਤੇ ਅਸੀਂ ਇਨ੍ਹਾਂ ਜਜ਼ਬਾਤਾਂ ਨੂੰ ਕਾਬੂ ਚ ਰੱਖ ਕੇ ਸਾਰੀ ਸ਼ਕਤੀ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਦੇ ਲੇਖੇ ਲਾਉਣੀ ਹੈ। ਆਪਣੇ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਦੀ ਹਕੂਮਤੀ ਚਾਲ ਪਛਾੜਨੀ ਹੈ। ਸਿਦਕ ਤੇ ਸਬਰ ਨਾਲ ਕਿਸਾਨ ਸੰਘਰਸ਼ ਅੰਦਰ ਡਟੇ ਰਹਿਣਾ ਹੈ। ਖੇਤੀ ਕਾਨੂੰਨਾਂ ਤੇ ਬਾਕੀ ਮੁੱਦਿਆਂ ’ਤੇ ਧਿਆਨ ਕੇਂਦਰਤ ਰੱਖਣਾ ਹੈ। ਲਖੀਮਪੁਰ ਖੀਰੀ ਕਤਲੇਆਮ ਕਾਂਡ ਸਮੇਤ ਸਭਨਾਂ ਕਿਸਾਨ ਸ਼ਹੀਦਾਂ ਦੇ ਡੁੱਲੇ ਲਹੂ ਦਾ ਹਿਸਾਬ ਲੈਣਾ ਹੈ। ਇਸ ਲਈ ਅਜ਼ਮਾਇਸ਼ ਦੀਆਂ ਇਨ੍ਹਾਂ ਘੜੀਆਂ ’ਚੋਂ ਸਾਬਤ ਪਾਰ ਹੋਣ ਲਈ ਸਬਰ ਤੇ ਸਿਦਕ ਦਾ ਪੱਲਾ ਘੁੱਟ ਕੇ ਫੜਨਾ ਪੈਣਾ ਹੈ। 

ਸਿੰਘੂ ਬਾਰਡਰ ਘਟਨਾ

ਪੰਜਾਬ 

ਪੰਜਾਬ ਕਾਂਗਰਸ ਸਰਕਾਰ ਦੀ ਮੁੱਖ ਮੰਤਰੀ ਬਦਲੀ

 

ਪੰਜਾਬ ਕਾਂਗਰਸ ਸਰਕਾਰ ਦੀ  ਮੁੱਖ ਮੰਤਰੀ ਬਦਲੀ   

                                                                                                                     

 ਕਾਂਗਰਸ ਪਾਰਟੀ ਅੰਦਰਲੀ ਉਥਲ-ਪੁਥਲ ਆਖਿਰ ਨੂੰ ਪੰਜਾਬ ਦੀ ਹਕੂਮਤ ਅੰਦਰ ਮੁੱਖ ਮੰਤਰੀ ਬਦਲੀ ਦਾ ਕਾਰਨ ਹੋ ਨਿੱਬੜੀ ਹੈਕਾਂਗਰਸ ਦੇ ਨਵੇਂ ਸਜੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਖ਼ਿਲਾਫ਼ ਖੜ੍ਹੇ  ਕੀਤੇ ਉੱਧ-ਮੂਲ ਦਰਮਿਆਨ ਕੁਰਸੀ ਲਈ ਦਾਅ ਕਿਸੇ ਹੋਰ ਦਾ ਲੱਗ ਗਿਆ ਹੈ।  ਕੈਪਟਨ ਅਮਰਿੰਦਰ ਨੂੰ ਕੁਰਸੀਓਂ ਲਾਹ ਕੇ ਪੰਜਾਬ ਅੰਦਰ ਕਾਂਗਰਸ ਦੇ ਦਲਿਤ ਚਿਹਰੇ ਕਹੇ ਜਾ ਰਹੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾ ਦਿੱਤਾ ਗਿਆਇਸ ਬਦਲੀ ਨਾਲ ਕਾਂਗਰਸ ਪਾਰਟੀ ਨੇ ਇਕ ਪਾਸੇ ਕਾਂਗਰਸ ਦੇ ਪੰਜਾਬ ਅੰਦਰਲੇ ਧੜਿਆਂ ਦੀਆਂ ਸਮੀਕਰਨਾਂ ਨਾਲ ਨਜਿੱਠਣ ਦਾ ਯਤਨ ਕੀਤਾ ਹੈ ਤੇ ਨਾਲ ਹੀ ਦਲਿਤ ਵੋਟ ਬੈਂਕ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਅੰਦਰ ਖਿੱਚਣ ਦਾ ਪੱਤਾ ਖੇਡਿਆ ਹੈਮੁੱਖ ਮੰਤਰੀ ਦੀ ਬਦਲੀ ਰਾਹੀਂ ਤੇ ਕੁਝ ਮੰਤਰੀਆਂ ਦੀ ਤਬਦੀਲੀ ਰਾਹੀਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਜਿਵੇਂ ਪੰਜਾਬ ਅੰਦਰ ਕੋਈ ਨਵੀਂ ਸਰਕਾਰ ਆ ਗਈ ਹੋਵੇਹੁਣ ਨਵੇਂ ਮੰਤਰੀ ਸਜੇ ਰਾਜਾ ਵੜਿੰਗ ਵਰਗੇ ਲੀਡਰ ਪ੍ਰਾਈਵੇਟ ਟਰਾਂਸਪੋਰਟਰਾਂ ਖ਼ਿਲਾਫ਼ ਆਤਿਸ਼ਬਾਜ਼ੀਆਂ ਛੱਡਦੇ ਹੋਏ ਬੱਸ ਅੱਡਿਆਂ ਦੇ ਗੇੜੇ ਕੱਢ ਕੇ ਲੋਕਾਂ ਦੀ ਸਰਕਾਰ ਆ ਜਾਣ ਦਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਤੇ ਪਹਿਲੇ ਸਾਢੇ ਚਾਰ ਸਾਲ ਦੀ ਨਖਿੱਧ ਕਾਰਗੁਜ਼ਾਰੀ ਦਾ ਭਾਂਡਾ ਕੈਪਟਨ ਸਿਰ ਭੰਨ ਕੇ ਤੇ ਆਪ ਲੋਕਾਂ ਤੋਂ ਮੁਆਫ਼ੀ ਮੰਗ ਕੇ ਅਗਲੇ ਪੰਜ  ਸਾਲ ਲਈ ਚੁਣ ਲੈਣ ਦੀਆਂ ਬੇਨਤੀਆਂ ਕਰ ਰਹੇ ਹਨਅਜਿਹਾ ਪ੍ਰਭਾਵ ਹੀ ਉੱਤਰਾਖੰਡ ਤੇ ਗੁਜਰਾਤ ਅੰਦਰ ਭਾਜਪਾ ਨੇ ਮੁੱਖ ਮੰਤਰੀਆਂ ਦੀ ਬਦਲੀ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈਇਹ ਅਦਲਾ ਬਦਲੀਆਂ ਇਕ ਪਾਸੇ ਪਾਰਟੀਆਂ ਅੰਦਰਲੀਆਂ ਧੜੇਬੰਦੀਆਂ ਨੂੰ ਨਜਿੱਠਣ ਦਾ ਜ਼ਰੀਆ ਤੇ ਨਾਲ ਹੀ ਲੋਕਾਂ ਦੀ ਸਰਕਾਰ ਖ਼ਿਲਾਫ਼ ਜ਼ਾਹਰ ਹੋ ਰਹੀ ਬੇਚੈਨੀ ਨੂੰ ਪਾਰਟੀ ਦੇ ਖਾਤੇ ਪੈਣ ਤੋਂ ਬਚਾਉਣ ਖਾਤਰ ਕੀਤੇ ਜਾ ਰਹੇ ਹੀਲੇ ਵਸੀਲੇ ਹਨ ਅਜਿਹੀ ਬਦਲੀ ਆਪਣੇ ਆਪ ਵਿੱਚ ਹੀ ਪਹਿਲੇ ਸਾਢੇ ਚਾਰ ਸਾਲਾਂ ’ਚ ਪਾਰਟੀ ਦੀ ਹਕੂਮਤ ਦੀ ਨਾਕਾਮੀ ਨੂੰ ਤਸਲੀਮ ਕਰਨਾ ਹੈਉਂਞ ਹਾਕਮ ਜਮਾਤੀ ਸਿਆਸਤ ਦੇ ਅੰਦਰ ਵੀ ਇਹ ਕੋਈ ਬਹੁਤ ਬ੍ਰਹਮ ਅਸਤਰ ਵਰਗਾ ਕਦਮ ਨਹੀਂ ਹੈ ਸਗੋਂ ਜਾਂਦੀ ਵਾਰ ਦਾ ਮਾਰਿਆ ਤਰਲਾ ਹੀ ਹੈਖੜ੍ਹੇ ਪੈਰ ਲਿਆ ਗਿਆ ਰਿਸਕ ਹੈ, ਜੇ ਚੱਲ ਗਿਆ ਤਾਂ ਤੀਰ ਵਰਗਾ ਮਾਮਲਾ ਹੈ

ਪੰਜਾਬ ਅੰਦਰ ਵਾਪਰੇ ਇਸ ਨਾਟਕੀ ਘਟਨਾਕ੍ਰਮ ਨਾਲ ਹਾਕਮ ਜਮਾਤੀ ਪਾਰਟੀ ਦੀ ਧੜੇਬੰਦੀ ਦੀ ਰੱਜਵੀਂ ਨੁਮਾਇਸ਼ ਲੱਗੀ ਹੈਨਵਜੋਤ ਸਿੱਧੂ ਦੀਆਂ ਕਲਾਬਾਜ਼ੀਆਂ ਨਾਲ ਹਾਕਮ ਜਮਾਤੀ ਸਿਆਸਤ ਅੰਦਰ ਮਜਮੇ ਵਰਗਾ ਮਾਹੌਲ ਬਣਿਆ ਹੋਇਆ ਹੈ ਤੇ ਉਹਦੀ ਮੁੱਖ ਮੰਤਰੀ ਦੀ ਕੁਰਸੀ ਲਈ ਲਾਲਸਾ ਦੀ ਜ਼ਾਹਰਾ ਨੁਮਾਇਸ਼ ਕਾਂਗਰਸ ਹਾਈ ਕਮਾਂਡ ਵੱਲੋਂ ਟਿਕ ਟਿਕਾਅ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਫਲ ਨਹੀਂ ਪੈਣ ਦੇ ਰਹੀ ਜਾਪਦੀਇਸ ਸਭ ਕੁਝ ਦਰਮਿਆਨ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜਿਹੜਾ ਲੋਕਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਅਰਥਹੀਣ ਹੈ, ਬੱਸ ਹਾਕਮ ਜਮਾਤੀ ਸਿਆਸਤ ਦੇ ਦੀਵਾਲੀਆ-ਪੁਣੇ ਦਾ ਸੂਚਕ ਹੈ

 ਲੋਕਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਪੰਜਾਬ ਦੇ ਇਸ ਘਟਨਾਕ੍ਰਮ ’ਤੇ ਤਿੱਖੇ ਹੋ ਰਹੇ ਆਰਥਿਕ ਸਮਾਜਿਕ ਸੰਕਟਾਂ ਦੀ ਮੋਹਰ ਛਾਪ ਵੀ ਮੌਜੂਦ ਹੈਦਿਨੋ ਦਿਨ ਗੰਭੀਰਤਾ ਅਖਤਿਆਰ ਕਰਦੇ ਜਾ ਰਹੇ ਸੰਕਟਾਂ ਦਾ ਪਰਛਾਵਾਂ ਹਾਕਮ ਜਮਾਤੀ ਸਿਆਸਤ ’ਤੇ ਵੀ ਪੈ ਰਿਹਾ ਹੈਕਈ ਵਾਰ ਇਹ ਗੂੜ੍ਹਾ ਹੋਇਆ ਪ੍ਰਛਾਵਾਂ ਵੀ ਹਾਕਮ ਜਮਾਤੀ ਸਿਆਸਤਦਾਨਾਂ ਦੇ ਆਪਸੀ ਸ਼ਰੀਕਾ ਭੇੜ ਨੂੰ ਅੱਡੀ ਲਾਉਣ ਵਾਲਾ ਇਕ ਕਾਰਕ ਬਣ ਜਾਂਦਾ ਹੈਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਅੰਦਰ ਵਿਆਪਕ ਪੱਧਰ ’ਤੇ ਲੋਕਾਂ ਦੀ ਉਥਲ ਪੁਥਲ ਦੇ ਝਲਕਾਰੇ ਦਿਖ ਰਹੇ ਹਨਲੋਕ ਬੇਚੈਨੀ ਦੇ ਇਹ ਪ੍ਰਗਟਾਵੇ ਖੇਤੀ ਕਾਨੂੰਨਾਂ ਨਾਲ ਜੁੜ ਕੇ ਆਏ ਕਿਸਾਨ ਉਭਾਰ ਤਕ ਹੀ ਸੀਮਤ ਨਹੀਂ ਹਨ ਸਗੋਂ ਉਸ ਤੋਂ ਪਹਿਲਾਂ ਵੀ ਰਵਾਇਤੀ ਸਿਆਸਤ ਤੋਂ ਬਦਜ਼ਨੀ ਦੇ ਜ਼ੋਰਦਾਰ ਪ੍ਰਗਟਾਵੇ ਹੁੰਦੇ ਆ ਰਹੇ ਹਨਇਹ ਪ੍ਰਗਟਾਵੇ ਬਦਲਵੀਂ ਸਿਆਸਤ ਲੜ ਲੱਗਣ ਦੀ ਤਾਂਘ ਨੂੰ ਵੀ ਦਰਸਾਉਂਦੇ ਆ ਰਹੇ ਹਨਇਸ ਹਾਲਤ ਦਾ ਇੱਕ ਇਜ਼ਹਾਰ ਸੂਬੇ ਅੰਦਰ ਲੋਕਾਂ ਦੇ ਜਮਾਤੀ ਤਬਕਾਤੀ ਸੰਘਰਸ਼ਾਂ ਦੇ ਤਿੱਖੇ ਹੋਣ ਤੇ ਇਨ੍ਹਾਂ ਦਾ ਆਏ ਦਿਨ ਹੋਰ ਪਸਾਰਾ ਹੋਣ ’ਚ ਦਿਖ ਰਿਹਾ ਹੈਕਿਸਾਨ ਸੰਘਰਸ਼ ਅੰਦਰ ਰਿਕਾਰਡ ਲਾਮਬੰਦੀ ਤੇ ਬੇਅੰਤ ਗਹਿਰਾਈ ਇਸ ਹਾਲਤ ਦਾ ਹੀ ਇੱਕ ਹੋਰ ਪ੍ਰਗਟਾਵਾ ਹੈਵਿਆਪਕ ਤਾਣੇ-ਬਾਣੇ ਵਾਲੀਆਂ ਮਜ਼ਬੂਤ ਤੇ ਲਗਾਤਾਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੌਜੂਦਗੀ ਨੇ ਇਸ ਬੇਚੈਨੀ ਨੂੰ ਢੁਕਵਾਂ ਰਾਹ ਮੁਹੱਈਆ ਕਰਵਾ ਦਿੱਤਾ ਹੈਇਹ ਤਿੱਖੀ ਹੋ ਰਹੀ ਬੇਚੈਨੀ ਤੇ ਲੋਕ ਹੱਕਾਂ ਦੀ ਵਧ ਰਹੀ ਚਰਚਾ ਹੈ ਜਿਸ ਦਾ ਲੀਵਰ ਵਰਤ ਕੇ ਕੈਪਟਨ ਨੂੰ ਕਾਂਗਰਸ ਹਾਈ ਕਮਾਂਡ ਗੱਦੀ ਤੋਂ ਲਾਂਭੇ ਕਰ ਸਕੀ ਹੈਇਸ ਬੇਚੈਨੀ ਦੇ ਪ੍ਰਤਾਪ ਦੀ ਵੀ ਭੂਮਿਕਾ ਹੈ ਕਿ ਹੁਣ ਤਕ ਆਪਣੇ ਆਪ ਨੂੰ ਮਜ਼ਬੂਤ ਸਥਿਤੀ ’ਚ ਸਮਝਦਾ ਆ ਰਿਹਾ ਕੈਪਟਨ ਅਮਰਿੰਦਰ ਹੱਥਲ ਪਾਇਆ ਗਿਆ ਹੈਸਾਢੇ ਚਾਰ ਸਾਲਾਂ ਦੀ ਨਖਿੱਧ ਕਾਰਗੁਜ਼ਾਰੀ ਤੇ ਲੋਕ ਵਿਰੋਧੀ ਅਮਲ ਨੇ ਕੈਪਟਨ ਅਮਰਿੰਦਰ ਨੂੰ ਪੰਜਾਬ ਦੇ ਖਲਨਾਇਕ ਵਜੋਂ ਦੇਖਣ ਲਾ ਦਿੱਤਾ ਹੈ ਤੇ ਲੋਕਾਂ ਦੇ ਦੋਖੀਆਂ ਵਜੋਂ ਬਾਦਲਕਿਆਂ ਦੀ ਕਤਾਰ ਵਿੱਚ ਬਰਾਬਰ ’ਤੇ ਜਾ ਖੜ੍ਹਾ ਕੀਤਾ ਹੈਕੈਪਟਨ ਦੇ ਖੇਮੇ ਵਿਚਲੇ ਵਿਧਾਇਕਾਂ ਨੂੰ ਉਸ ਦਾ ਜ਼ਮਾਨਾ ਲੰਘ ਗਿਆ ਜਾਪਿਆ ਹੈ ਤੇ ਵੱਡੇ ਹਿੱਸੇ ਨੇ ਉਸ ਤੋਂ ਕਿਨਾਰਾ ਕਰਨ ’ਚ ਹੀ ਭਲਾਈ ਸਮਝੀ ਹੈਲੋਕ ਬੇਚੈਨੀ ਤੇ ਲੋਕ ਹੱਕਾਂ ਦੀ ਚਰਚਾ ਦੇ ਇਸੇ ਮਾਹੌਲ ਨਾਲ ਹੁਣ ਚੰਨੀ ਦੀ ਅਗਵਾਈ ਵਾਲੀ ਸਰਕਾਰ ਦਾ ਮੱਥਾ ਲੱਗ ਰਿਹਾ ਹੈਨਵ ਉਦਾਰਵਾਦੀ ਨੀਤੀਆਂ ਦੀ ਇਸੇ ਧੁੱਸ ਦੇ ਰਹਿੰਦਿਆਂ ਚੰਨੀ ਸਰਕਾਰ ਕੋਲ ਮਹਿਜ਼ ਦਿਖਾਵਾ ਕਰ ਸਕਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ ਜਿਸ ਨਾਲ ਲੋਕਾਂ ਦੇ ਮੂੰਹ ਅੱਡੀ ਖੜ੍ਹੇ ਮੁੱਦਿਆਂ ਦਾ ਕੋਈ ਹੱਲ ਹੋ ਸਕੇਚੰਨੀ ਸਰਕਾਰ ਵੀ ਇਸੇ ਹਕੂਮਤ ਵਿਰੋਧੀ ਰੋਸ ਦਾ ਨਿਸ਼ਾਨਾ ਬਣਨ ਲਈ  ਸਰਾਪੀ ਹੋਈ ਹੈ ਜਿਸ ਵਿੱਚ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਵੀ ਜੁੜਨੀ ਹੈਗੱਦੀ ਸੰਭਾਲਣ ਸਾਰ ਹੀ ਚੰਨੀ ਸਰਕਾਰ ਦਾ ਸਾਹਮਣਾ  ਪੱਕੇ ਰੁਜ਼ਗਾਰ, ਤਨਖਾਹਾਂ, ਪੈਨਸ਼ਨਾਂ, ਮੁਆਵਜ਼ਾ ਹੱਕਾਂ, ਰਾਸ਼ਨ ਕਾਰਡਾਂ, ਪਲਾਟਾਂ ਤੇ ਕਰਜ਼ਾ ਮੁਕਤੀ ਵਰਗੇ ਮੁੱਦਿਆਂ ’ਤੇ ਉੱਠੇ ਹੋਏ ਲੋਕ ਰੋਹ ਨਾਲ ਹੋ ਰਿਹਾ ਹੈਇਸ ਰੋਹ ਤੋਂ ਖਹਿੜਾ ਛੁਡਾਉਣ ਲਈ ਉਸ ਦੇ ਪੱਲੇ ਬਹੁਤਾ ਕੁਝ ਨਹੀਂ ਹੈ

ਜੇਕਰ ਪੰਜਾਬ ਅੰਦਰ ਹਕੂਮਤੀ ਅਸਥਿਰਤਾ ਵਰਗਾ ਇਹ ਮਾਹੌਲ ਇੱਕ ਪਾਰਟੀ ਕੋਲ ਸੀਟਾਂ ਹੋਣ ਦੇ ਬਾਵਜੂਦ ਵੀ ਬਣਿਆ ਹੋਇਆ ਹੈ ਤਾਂ ਇਹ ਇਸ ਪਹਿਲੂ ਦਾ ਹੀ ਸੂਚਕ ਹੈ ਕਿ ਸਥਿਰਤਾ ਸਿਰਫ ਵਿਧਾਨ ਸਭਾ ਦੇ ਸੀਟਾਂ ਦੇ ਅੰਕੜਿਆਂ ਨਾਲ ਹੀ ਕਾਇਮ ਨਹੀਂ ਰਹਿੰਦੀਇਹ ਸੂਬੇ ਦੀ ਹਾਕਮ ਜਮਾਤੀ ਸਿਆਸਤ ਅੰਦਰ ਲੋਕਾਂ ਦੀ ਬੇਚੈਨੀ ਦੇ ਵਰਤਾਰੇ ਦੇ ਝਟਕੇ ਹਨ ਜਿਹੜੇ ਪਾਰਟੀ ਅੰਦਰਲੇ ਸ਼ਰੀਕਾ ਭੇੜ ਨੂੰ ਵੀ ਪ੍ਰਭਾਵਤ ਕਰ ਰਹੇ ਹਨ ਤੇ ਹਕੂਮਤੀ ਭੇੜ ਲਈ ਕਿਸੇ ਹੱਦ ਤਕ ਹਵਾਲਾ ਨੁਕਤਾ ਬਣ ਰਹੇ ਹਨਉਨ੍ਹਾਂ ਨੂੰ ਇੱਕ ਦੂਜੇ ਨੂੰ ਗੱਦੀ ਤੋਂ ਲਾਹੁਣ ਲਈ ਲੋਕ ਮੁੱਦਿਆਂ ਨੂੰ ਹਵਾਲਾ ਨੁਕਤਾ ਬਣਾਉਣਾ ਪੈ ਰਿਹਾ ਹੈਚਾਹੇ ਵੋਟ ਸਿਆਸਤਦਾਨਾਂ ਦੇ ਆਪਸੀ ਭੇੜ ਵੇਲੇ ਇਨ੍ਹਾਂ ਮੁੱਦਿਆਂ ਦੀ ਪੇਸ਼ਕਾਰੀ ਗ਼ੈਰ-ਜਮਾਤੀ ਢੰਗ ਨਾਲ ਅਤੇ ਅਲਾਮਤਾਂ ਦੇ ਅੰਸ਼ਕ ਪ੍ਰਗਟਾਵਿਆਂ ਤਕ ਸੀਮਤ ਰੱਖਣ ਤੱਕ  ਹੁੰਦੀ ਹੈ ਪਰ ਤਾਂ ਵੀ ਇਸ ਮਾਹੌਲ ਦਾ ਲਾਹਾ ਲੋਕਾਂ ਦੇ ਹੱਕਾਂ ਦੀ ਲਹਿਰ ਦੀ ਤੇਜ਼ ਰਫ਼ਤਾਰ ਪੇਸ਼ਕਦਮੀ ਲਈ ਲਿਆ ਜਾ ਸਕਦਾ ਹੈ

ਚੰਨੀ ਨੂੰ ਗੱਦੀ ’ਤੇ ਬਿਠਾਉਣ ਦਾ ਪੈਂਤੜਾ ਕੁੱਝ ਦਲਿਤ ਹਿੱਸਿਆਂ ਅੰਦਰ ਕਿਸੇ ਹੱਦ ਤਕ ਭਰਮ ਪੈਦਾ ਕਰਨ ਦਾ ਸਾਧਨ ਜ਼ਰੂਰ ਬਣ ਸਕਦਾ ਹੈ ਜੀਹਦਾ ਕੁਝ ਲਾਹਾ ਆਉਂਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਹੋ ਸਕਦਾ ਹੈਪਰ ਤਾਂ ਵੀ ਵੋਟ ਸਿਆਸਤ ਅੰਦਰ ਬਾਕੀ ਦੀਆਂ ਕੁੱਲ ਸਮੀਕਰਨ ਦੇ ਜਮ੍ਹਾਂ ਜੋੜ ਨੇ ਆਖ਼ਿਰ ਨੂੰ ਰੰਗ ਦਿਖਾਉਣੇ ਹਨਪਰ ਹਾਈ ਕਮਾਂਡ ਦੀ ਸਾਰੀ ਟੇਕ ਇਸੇ ਪੱਖ ’ਤੇ ਹੈਇਸੇ ਲਈ ਇਸ ਤਬਦੀਲੀ ਨੂੰ ਗ਼ਰੀਬ ਪੁੱਤ ਨੂੰ ਗੱਦੀ ’ਤੇ ਬਿਠਾ ਦੇਣ ਵਜੋਂ ਘੁਮਾਇਆ ਗਿਆ ਹੈ ਤੇ ਇਉਂ ਪੇਸ਼ ਕੀਤਾ ਗਿਆ ਹੈ ਕਿ ਇਹ ਕਰਨ ਵਾਲੀ ਕਾਂਗਰਸ ਪਹਿਲੀ ਪਾਰਟੀ ਹੈਉਂਜ ਭਾਰਤੀ ਹਾਕਮ ਜਮਾਤੀ ਸਿਆਸਤ ਅੰਦਰ ਦਲਿਤ ਹਿੱਸਿਆਂ ਨੂੰ ਭਰਮਾਉਣ ਹਥਿਆਉਣ ਲਈ ਇਹ ਚਿਰਾਂ ਤੋਂ ਵਾਰ ਵਾਰ ਖੇਡਿਆ ਜਾ ਰਿਹਾ ਪੱਤਾ ਹੈਰਾਸ਼ਟਰਪਤੀ ਤੋਂ ਲੈ ਕੇ ਸਰਪੰਚਾਂ ਤੱਕ ਬਹੁਤ ਸਾਰੇ ਪੱਧਰਾਂ ’ਤੇ ਦਲਿਤ ਹਿੱਸੇ ਸੁਸ਼ੋਭਿਤ ਹੁੰਦੇ ਹਨ ਪਰ ਇਹ ਅਹੁਦੇਦਾਰੀਆਂ ਦਲਿਤਾਂ ਦੀ ਹੋਣੀ ਬਦਲਣ ਦਾ ਜ਼ਰੀਆ ਨਹੀਂ ਬਣ ਸਕਦੀਆਂਪੰਜਾਬ ਅੰਦਰ ਇਹ ਤਬਦੀਲੀ ਸੂਬੇ ਅੰਦਰ ਵਧ ਰਹੀ ਦਲਿਤ ਅਧਿਕਾਰ ਜਤਾਈ ਦੇ ਵਰਤਾਰੇ ਦਾ ਵੋਟ ਗਿਣਤੀਆਂ ਤਹਿਤ ਲਾਹਾ ਲੈਣ ਦੀ ਕਵਾਇਦ ਕਹੀ ਜਾ ਸਕਦੀ ਹੈਇਹ ਵਧ ਰਹੀ ਦਲਿਤ ਅਧਿਕਾਰ ਜਤਾਈ ਨੂੰ ਹਾਕਮ ਜਮਾਤੀ ਹੁੰਗਾਰਾ ਹੈਇਹਦੇ ’ਤੇ ਸਵਾਰ ਹੋ ਕੇ ਗੱਦੀ ਤੱਕ ਪਹੁੰਚਣ ਦੀ ਕੋਸ਼ਿਸ਼ ਹੈ

ਸਾਰੀਆਂ ਵੋਟ ਪਾਰਟੀਆਂ ਹੀ ਦਲਿਤ ਵੋਟ ਬੈਂਕ ’ਤੇ ਅੱਖ ਰੱਖੀਂ ਬੈਠੀਆਂ ਹਨਜਾਤ ਪਾਤੀ ਦਾਬੇ-ਵਿਤਕਰੇ ਤੇ ਸਮਾਜਿਕ ਪਛੜੇਵੇਂ ਅੰਦਰੋਂ ਜਮ੍ਹਾਂ ਹੋ ਰਹੇ ਰੋਸ ਨੂੰ ਵੋਟਾਂ ’ਚ ਢਾਲਣ ਲਈ ਜੁਟੀਆਂ ਹੋਈਆਂ ਹਨਜਿਸ ਰਾਜ ਨੇ ਇਨ੍ਹਾਂ ਅਣਮਨੁੱਖੀ ਹਾਲਤਾਂ ਨੂੰ ਦਲਿਤਾਂ ਦੀ ਹੋਣੀ ਬਣਾਇਆ ਹੋਇਆ ਹੈ ਉਸੇ ਰਾਜ ਦੀ ਭਰਮਾਊ ਸਿਆਸਤ ਦੇ ਲੜ ਲੱਗ ਕੇ ਹੋਣੀ ਨੂੰ ਬਦਲਣ ਦੇ ਦਾਅਵੇ ਕੀਤੇ ਜਾ ਰਹੇ ਹਨਅਜਿਹੀ ਹਾਲਤ ਵਿਚ ਇਨਕਲਾਬੀ ਸ਼ਕਤੀਆਂ ਸਿਰ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਦਲਿਤਾਂ ਦੀ ਜਾਤ ਪਾਤੀ ਦਾਬੇ ਤੇ ਵਿਤਕਰੇ ਤੋਂ ਮੁਕੰਮਲ ਮੁਕਤੀ ਦੇ ਹਕੀਕੀ ਰਾਹ ’ਤੇ ਝਾਤ ਪਵਾਉਣ ਅਤੇ ਇਸ ਨੂੰ ਕਾਰਜ ਨੂੰ ਜਮਾਤੀ ਸੰਘਰਸ਼ਾਂ ਦੇ ਅਹਿਮ ਹਿੱਸੇ ਵਜੋਂ ਉਭਾਰਨਦਲਿਤ ਭਾਈਚਾਰੇ ਦੇ ਹਕੀਕੀ ਜਮਾਤੀ ਮੁੱਦਿਆਂ ਨੂੰ ਤੇ ਜ਼ਬਰ ਵਿਤਕਰੇ ਦੇ ਮੁੱਦਿਆਂ ਨੂੰ ਸਾਂਝੇ ਤੌਰ ’ਤੇ ਗੁੰਦ ਕੇ ਪੇਸ਼ ਕਰਨÍ ਇਨ੍ਹਾਂ ਮੁੱਦਿਆਂ ਉੱਪਰ ਸੰਘਰਸ਼ਾਂ ਜਨਤਕ ਖਾੜਕੂ ਸੰਘਰਸ਼ਾਂ ਦੀ ਜ਼ਰੂਰਤ ਉਭਾਰਨਹਰ ਹਾਕਮ ਜਮਾਤੀ ਪਾਰਟੀ ਵੱਲੋਂ ਦਲਿਤ ਭਲਾਈ ਦੇ ਦਾਅਵਿਆਂ ਨੂੰ ਇਹਨਾਂ ਹਕੀਕੀ ਮੁੱਦਿਆਂ ਦੀ ਕਸਵੱਟੀ ’ਤੇ ਪਰਖਣ ਦੀ ਚਣੌਤੀ ਪੇਸ਼ ਕਰਨ।

ਲਖੀਮਪੁਰ ਕਤਲੇਆਮ

ਲਖੀਮਪੁਰ ਕਤਲੇਆਮ : ਭਾਰਤੀ ਰਾਜ ਤੇ ਲੋਕਾਂ ਦੇ ਰਿਸ਼ਤੇ ਦੀ ਪਛਾਣ ਯਾਦ ਰਹੇ

 ਲਖੀਮਪੁਰ ਕਤਲੇਆਮ ਕਿਸੇ ਹੰਕਾਰੇ ਹੋਏ ਮੰਤਰੀ ਦੇ ਹੰਕਾਰ ਦਾ ਹੀ ਸਿੱਟਾ ਨਹੀਂ ਹੈ।ਇਹ ਭਾਜਪਾਈ ਹਕੂਮਤ ਵੱਲੋਂ ਕਿਸਾਨ ਸੰਘਰਸ਼ ਨੂੰ ਨਜਿੱਠਣ ਦੀ ਨੀਤੀ ਦਾ ਸਿੱਟਾ ਹੈ।ਵੱਖ ਵੱਖ ਤਰ੍ਹਾਂ ਦੇ ਭਰਮਾਊ ਪਾਟਕ-ਪਾਊ ਹੱਥ ਕੰਡੇ ਬੇਅਸਰ ਹੋਣ ਜਾਣ ਮਗਰੋਂ ਹੁਣ ਮੋਦੀ ਸਰਕਾਰ ਸੰਘਰਸ਼ ਨੂੰ ਜਬਰ ਦੇ ਜੋਰ ਕੁਚਲਣ ਦੇ ਨਾਪਾਕ ਇਰਾਦੇ ਜਾਹਰ ਕਰ ਰਹੀ ਹੈ।ਇਹ ਜਾਬਰ ਮਨਸੂਬੇ ਦੱਸਦੇ ਹਨ ਕਿ ਕਿਸਾਨਾਂ ਦੀਆਂ ਫਸਲਾਂ ਤੇ ਸਾਮਰਾਜੀ ਕੰਪਨੀਆਂ ਦਾ ਮਕੁੰਮਲ ਕੰਟਰੋਲ ਕਰਵਾਉਣ ਲਈ ਸਰਕਾਰ ਕਿਤੋਂ ਤੱਕ ਵੀ ਜਾਣ ਲਈ ਤਿਆਰ ਹੈ।

 ਦੇਸ ਅੰਦਰ ਕਿਸਾਨਾਂ ਦਾ ਇਉਂ ਕਤਲੇਆਮ ਪਹਿਲੀ ਵਾਰ ਨਹੀਂ ਰਚਾਇਆ ਗਿਆ। ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ’ਚ ਇਉਂ ਕਈ ਵਾਰ ਕੀਤਾ ਗਿਆ ਹੈ। ਭਾਰਤੀ ਹਾਕਮਾਂ ਦੀ ਇਨ੍ਹਾਂ ਕੰਪਨੀਆਂ ਨਾਲ ਵਫ਼ਾਦਾਰੀ ਪੁਰਾਣੀ ਹੈ। ਉੱਨੀ ਸੌ ਸੰਤਾਲੀ ’ਚ ਨਵੇਂ ਰਾਜ ਦੇ ਬਣਨ ਦੇ ਵੇਲੇ ਤੋਂ ਚੱਲੀ ਆ ਰਹੀ ਹੈ। ਨਵ-ਉਦਾਰਵਾਦੀ ਨੀਤੀਆਂ ਦੇ ਦੌਰ ਚ ਇਹ ਹੋਰ ਜ਼ਿਆਦਾ ਗੂੜ੍ਹੀ ਹੋ ਗਈ ਹੈ। ਇਨ੍ਹਾਂ ਕੰਪਨੀਆਂ ਨੂੰ ਜ਼ਮੀਨਾਂ ਅਤੇ ਜੰਗਲ ਸੰਭਾਉਣ ਲਈ ਦੇਸ਼ ਦੇ ਹਾਕਮ ਵਰ੍ਹਿਆਂ ਤੋਂ ਆਦਿਵਾਸੀ ਕਿਸਾਨਾਂ ਦਾ ਕਤਲੇਆਮ ਰਚਾਉਂਦੇ ਆ ਰਹੇ ਹਨ। ਪਿੰਡਾਂ ਦੇ ਪਿੰਡ ਉਜਾੜੇ ਗਏ ਹਨ। ਕਿਸਾਨਾਂ ਨੂੰ ਉਜਾੜ ਕੇ ਟਾਟਿਆਂ ਨੂੰ ਜ਼ਮੀਨਾਂ ਦੇਣ ਲਈ ਪੱਛਮੀ ਬੰਗਾਲ ਦੀ ਧਰਤੀ ਤੇ ਨੰਦੀਗ੍ਰਾਮ ਤੇ ਸਿੰਗੂਰ ਦੇ ਕਤਲੇਆਮ ਰਚੇ ਗਏ ਹਨ। ਇਸੇ ਡੂੰਘੀ ਵਫ਼ਾਦਾਰੀ ਦੇ ਕਾਰਨ ਹੀ ਤਿੰਨ ਵਰ੍ਹੇ ਪਹਿਲਾਂ ਤਾਮਿਲਨਾਡ ਅੰਦਰ ਵੇਦਾਂਤਾ ਦੇ ਕਾਪਰ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖ਼ਿਲਾਫ਼ ਮੁਜ਼ਾਹਰਾ ਕਰਦੇ ਲੋਕ ਸਿੱਧੀਆਂ ਗੋਲੀਆਂ ਮਾਰਕੇ ਮਾਰੇ ਗਏ ਸਨ। ਕਿਸਾਨਾਂ ਦਾ ਉਜਾੜਾ ਤੇ ਦੇਸੀ ਵਿਦੇਸੀ ਕਾਰਪੋਰੇਟਾਂ ਦੇ ਕਾਰੋਬਾਰਾਂ ਦਾ ਪਸਾਰਾ ਹੀ ਭਾਰਤੀ ਹਾਕਮਾਂ ਲਈ ਵਿਕਾਸ ਹੈ।

 ਹੁਣ ਮੋਦੀ ਹਕੂਮਤ ਇਸੇ ਵਫ਼ਾਦਾਰੀ ਨੂੰ ਹੋਰ ਸਿਰੇ ਲਾ ਰਹੀ ਹੈ। ਗੱਡੀਆਂ ਦੇ ਟਾਇਰਾਂ ਥੱਲੇ ਕੁਚਲ ਦਿੱਤੇ ਗਏ ਕਿਸਾਨ ਭਾਰਤੀ ਰਾਜ ਦੀਆਂ ਫੌਜਾਂ ਪੁਲਿਸਾਂ ਵੱਲੋਂ ਸਿੱਧਿਆਂ ਗੋਲੀਆਂ ਮਾਰ ਕੇ ਵੀ ਮਾਰੇ ਜਾ ਸਕਦੇ ਹਨ। ਭਾਰਤੀ ਰਾਜ ਦੇ ਗੈਰ-ਕਾਨੂੰਨੀ ਲੱਠਮਾਰ ਹਿੰਸਕ ਗਰੋਹਾਂ ਦੇ ਕਹਿਰ ਦਾ ਸ਼ਿਕਾਰ ਹੋ ਸਕਦੇ ਹਨ।

 ਇਸ ਦੇਸ਼ ਅੰਦਰ ਜੋਕਾਂ ਦੀ ਪੁੱਗਦੀ ਹੈ। ਹਰ ਕਿਤੇ ਜੋਕਾਂ ਕਾਬਜ਼ ਹਨ। ਵੱਡੀਆਂ ਕੰਪਨੀਆਂ ,ਦੇਸੀ ਧਨਾਢ ਤੇ ਜਗੀਰਦਾਰ ਇਸ ਦੇਸ਼ ਦੀਆਂ ਜੋਕਾਂ ਹਨ। ਸਭ ਮੰਤਰੀ ਸੰਤਰੀ ਇਨਾਂ ਦੇ ਹੀ ਨੁਮਾਇੰਦੇ ਹਨ। ਇਹ ਜੋਕਤੰਤਰ ਚ ਹੀ ਵਾਪਰ ਸਕਦਾ ਹੈ ਕਿ ਸਵਾ ਸਾਲ ਤੋਂ ਸੜਕਾਂ ਤੇ ਕਿਸਾਨਾਂ ਦੀ ਆਵਾਜ਼ ਪੂਰੀ ਤਰ੍ਹਾਂ ਅਣਸੁਣੀ ਕੀਤੀ ਹੋਈ ਹੈ। ਆਖਰ ਦਿਨ ਦਿਹਾੜੇ ਨਿਹੱਥੇ ਕਿਸਾਨ ਸੜਕ ਤੇ ਕੁਚਲ ਦਿੱਤੇ ਜਾਂਦੇ ਹਨ। ਇਸ ਹੌਲਨਾਕ ਦਿ੍ਸ਼ ਦੀ ਵੀਡੀਓ ਸਾਰਾ ਸੰਸਾਰ ਦੇਖਦਾ ਹੈ। ਅਜਿਹਾ ਕੀਤੇ ਜਾਣ ਦੇ ਐਲਾਨ ਦੀ ਵੀਡੀਓ ਵੀ ਸਾਰਾ ਸੰਸਾਰ ਸੁਣ ਚੁੱਕਿਆ ਹੈ। ਦੇਸ਼ ਦਾ ਗ੍ਰਹਿ ਰਾਜ ਮੰਤਰੀ ਸਿੱਧਾ ਦੋਸ਼ੀ ਹੈ। ਪਰ ਉਹਦੇ ਲਈ ਇਹ ਕੋਈ ਨਵਾਂ ਜੁਰਮ ਨਹੀਂ ਹੈਉਹ ਆਇਆ ਹੀ ਜੁਰਮਾਂ ਦੀ ਦੁਨੀਆਂ ਚੋਂ ਹੈ। ਸਿਰਫ਼ ਬਾਰਾਂ ਵਰ੍ਹਿਆਂ ਦੇ ਸਿਆਸੀ ਜੀਵਨ ਚ ਉਹ ਸੱਤਾ ਦੀਆਂ ਪੌੜੀਆਂ ਚੜ੍ਹਦਾ ਕੇਂਦਰੀ ਮੰਤਰੀ ਮੰਡਲ ਤੱਕ ਪੁੱਜਿਆ ਹੈ। ਇਉਂ ਕਤਲ ਕਰਨੇ ਤਾਂ ਉਹਦੀ ਯੋਗਤਾ ਹੈ। ਉਹਤੋਂ ਉਪਰ ਬੈਠੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਵੀ ਅਜਿਹੀ ਹੀ ਯੋਗਤਾ ਹੈ।ਇਸ ਯੋਗਤਾ ਤੋਂ ਬਿਨਾਂ ਹੁਣ ਜੋਕਤੰਤਰ ਚਲਦਾ ਨਹੀਂ ਹੈ, ਬਚਦਾ ਨਹੀਂ ਹੈ।

 ਦੇਸ਼ ਦਾ ਕਾਨੂੰਨ, ਅਦਾਲਤਾਂ, ਅਫਸਰਸ਼ਾਹੀ ਤੇ ਰਾਜ ਮਸ਼ੀਨਰੀ ਦਾ ਹਰ ਪੁਰਜਾ ਜੋਕਾਂ ਦੀ ਮੁੱਠੀ ਚ ਹੈ। ਡੂੰਘੇ ਹੁੰਦੇ ਸੰਕਟਾਂ ਦਰਮਿਆਨ ਇਹ ਮੁੱਠੀ ਹੋਰ ਜਿਆਦਾ ਘੁੱਟਣੀ ਪੈ ਰਹੀ ਹੈ। ਸਿਰਫ਼ ਫ਼ੌਜਾਂ ਪੁਲਸਾਂ ਨਾਲ ਵੀ ਨਹੀਂ ਸਰਦਾ, ਨਿੱਜੀ ਗੁੰਡਾ ਸੈਨਾਵਾਂ ਰੱਖਣੀਆਂ ਇਸ ਜੋਕਤੰਤਰ ਦਾ ਦਸਤੂਰ ਹੈ। ਇੱਥੇ ਇਨਸਾਫ਼ ਸਿਰਫ਼ ਜੋਕਾਂ ਲਈ ਹੀ ਰਾਖਵਾਂ ਹੈ। ਲੋਕਾਂ ਲਈ ਇਨਸਾਫ਼ ਦਾ ਛਲਾਵਾ ਹੈ। ਹੁਣ ਸਾਰੀ ਰਾਜ ਮਸ਼ੀਨਰੀ ਮੰਤਰੀ ਨੂੰ ਨਿਰਦੋਸ਼ ਤੇ ਕਿਸਾਨਾਂ ਨੂੰ ਦੋਸ਼ੀ ਸਾਬਤ ਕਰਨ ਲਈ ਝੋਕ ਦਿੱਤੀ ਗਈ ਹੈ। ਅਜਿਹਾ ਸਭ ਕੁਝ ਜੋਕਤੰਤਰ ਚ ਹੀ ਹੁੰਦਾ ਹੈ।

            ਇਹ ਸੰਘਰਸ਼ ਕਿਸੇ ਲੋਕਤੰਤਰ ਵਾਲੇ ਦੇਸ਼ ਅੰਦਰ ਨਹੀਂ ਲੜਿਆ ਜਾ ਰਿਹਾ ਹੈ , ਕਿਸਾਨੀ ਦਾ ਮੱਥਾ ਇੱਕ ਜੋਕਤੰਤਰ ਨਾਲ ਲੱਗਿਆ ਹੋਇਆ ਹੈ। ਸੰਘਰਸ਼ ਦੌਰਾਨ ਇਹ ਹਕੀਕਤ ਵਾਰ ਵਾਰ ਯਾਦ ਰਹਿਣੀ ਚਾਹੀਦੀ ਹੈ। ਜੋ ਵੀ ਇਨਸਾਫ਼ ਮਿਲਣਾ ਹੈ ਹਕੂਮਤ ਦੇ ਗਲ ਗੂਠਾ ਦੇ ਕੇ ਲਿਆ ਜਾਣਾ ਹੈ। ਸੰਘਰਸ਼ ਦੀਆਂ ਸਾਰੀਆਂ ਨੀਤੀਆਂ, ਸਾਰੇ ਦਾਅ ਪੇਚ ਤੇ ਪੈਂਤੜੇ ਜੋਕਤੰਤਰ ਦੇ ਇਸ ਕਿਰਦਾਰ ਨੂੰ ਧਿਆਨ ਚ ਰੱਖ ਕੇ ਘੜੇ ਜਾਣੇ ਚਾਹੀਦੇ ਹਨ। ਇਨ੍ਹਾਂ ਜੋਕਾਂ ਦਾ ਕਦੇ ਦਿਲ ਨਹੀਂ ਪਸੀਜਦਾ, ਇਹ ਲੋਕਾਂ ਵੱਲੋਂ ਧੌਣ ਤੇ ਗੋਡਾ ਰੱਖਣ ਨਾਲ ਹੀ ਝੁਕਦੀਆਂ ਹਨ।  

  ਇਹ ਲੜਾਈ ਕਿਸੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨਹੀਂ ਹੈ। ਇਸ ਜੋਕਤੰਤਰ ਨੂੰ ਢਾਹੁਣ ਦੀ ਲੜਾਈ ਹੈ ਤੇ ਖ਼ਰਾ ਲੋਕਤੰਤਰ ਉਸਾਰਨ ਦੀ ਲੜਾਈ ਹੈ।