Thursday, June 10, 2021

ਪੁਰਾਣੇ ਅੰਦਾਜ਼ ਨਾਲ ਕੀਤੀ ਅਗਲੀ ਸ਼ੁਰੂਆਤ

 

ਪੁਰਾਣੇ ਅੰਦਾਜ਼ ਨਾਲ ਕੀਤੀ ਅਗਲੀ ਸ਼ੁਰੂਆਤ

 

                ਨਵੇਂ ਬਣੇ ਅਮਰੀਕੀ ਰਾਸ਼ਟਰਪਤੀ ਨੇ ਆਪਣੀਆਂ ਜੰਗੀ ਮੁਹਿੰਮਾਂ ਦੀ ਸ਼ੁਰੂਆਤ 25 ਫਰਵਰੀ ਨੂੰ ਸੀਰੀਆ ਅੰਦਰ ਅਮਰੀਕੀ ਫੌਜਾਂ ਨੂੰ ਹਵਾਈ ਹਮਲਿਆਂ ਦੇ ਹੁਕਮਾਂ ਨਾਲ ਕੀਤੀ। ਇਹਨਾਂ ਹਵਾਈ ਹਮਲਿਆਂ 22 ਲੋਕ ਮਾਰ ਦਿੱਤੇ ਗਏ। ਅਮਰੀਕੀ ਫੌਜ ਨੇ ਦਾਅਵਾ ਕੀਤਾ ਕਿ ਇਸਨੇ ਇਰਾਨ ਦੀ ਸ਼ਹਿ ਵਾਲੇ ਦੋ ਸ਼ੀਆ ਮਲੀਸ਼ੀਆ ਨੂੰ ਨਿਸ਼ਾਨਾ ਬਣਾਇਆ ਹੈ। ਇਹਨਾਂ ਤੇ ਅਮਰੀਕੀ ਰਾਜ ਨੇ ਇਲਜ਼ਾਮ ਧਰਿਆ ਕਿ ਇਹ ਇਰਾਕ ਅੰਦਰ ਕਬਜ਼ਾ ਕਰੀ ਬੈਠੀਆਂ ਅਮਰੀਕੀ ਤੇ ਉਸ ਦੇ ਸਹਿਯੋਗੀਆਂ ਦੀਆਂ ਫੌਜਾਂ ਤੇ ਹਮਲੇ ਕਰ ਰਹੇ ਸਨ। ਇਉ ਨਵੇਂ ਅਮਰੀਕੀ ਰਾਸ਼ਟਰਪਤੀ ਨੇ ਇਹਨਾਂ ਹਮਲਿਆਂ ਰਾਹੀਂ ਅਮਰੀਕੀ ਸਾਮਰਾਜੀ ਜੰਗੀ ਮਿਸ਼ਨਾਂ ਦੀ ਕਮਾਨ ਸਾਂਭ ਲੈਣ ਦਾ ਐਲਾਨ ਕਰ ਦਿੱਤਾ ਤੇ ਦੁਨੀਆਂ ਦੇ ਉਨਾਂ ਹਲਕਿਆਂ ਨੂੰ ਭਰਮ-ਮੁਕਤ ਕਰ ਦਿੱਤਾ ਜਿਹੜੇ ਟਰੰਪ ਤੋਂ ਬਾਅਦ ਸਜੇ ਇਸ ਰਾਸ਼ਟਰਪਤੀ ਤੋਂ ਕਿਸੇ ਭਲੇ ਦੀ ਆਸਰੱਖ ਰਹੇ ਸਨ। ਖਾਸ ਕਰ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕੀ ਮੁਲਕਾਂ ਨੂੰ ਜਿੰਨਾਂ ਲਈ ਅਮਰੀਕੀ ਸੱਤਾ ਤਬਦੀਲੀ ਦਾ ਅਰਥ ਇਹੀ ਹੈ ਕਿ ਨਵਾਂ ਰਾਜ ਭਲਾ ਹੁਣ ਕਿੰਨਿਆਂ ਨੂੰ ਮਾਰੇਗਾ! ਇਨਾਂ ਮੁਲਕਾਂ ਤੇ ਹੁਣ ਕਿੰਨੇਂ ਹੋਰ ਬੰਬ ਡਿੱਗਣਗੇ ਜਾਂ ਇਨਾਂ ਮੁਲਕਾਂ ਦੇ ਸੋਮਿਆਂ ਤੇ ਕਿਰਤ ਦੀ ਲੁੱਟ ਲਈ ਹੁਣ ਕਿਹੜੀਆਂ ਕਾਰਪੋਰੇਸ਼ਨਾਂ ਨੂੰ ਠੇਕੇ ਮਿਲਣਗੇ। ਇਹਤੋਂ ਜ਼ਿਆਦਾ ਤਬਦੀਲੀ ਦੇ ਅਰਥ ਇਹਨਾਂ ਮੁਲਕਾਂ ਦੇ ਵਾਸੀਆਂ ਲਈ ਤਲਾਸ਼ਣੇ ਅਜੇ ਔਖੇ ਹਨ।

                ਜਦੋਂ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਰਿਹਾ ਤਾਂ ਉਸਦੀਆਂ ਨਸਲਵਾਦੀ ਤੰਗਨਜ਼ਰ ਤੇ ਫਾਸ਼ੀਵਾਦੀ ਨੀਤੀਆਂ ਦੀ ਦੁਨੀਆਂ ਭਰ ਚ ਅਲੋਚਨਾ ਹੋਈ। ਉਹ ਅਮਰੀਕੀ ਸਾਮਰਾਜ ਦੀ ਸੰਸਾਰ ਪੱਧਰ ਤੇ ਬਣੀ ਹੋਈ ਬੁਖਲਾਹਟ ਭਰੀ ਹਾਲਤ ਦਾ ਐਨ ਢੁੱਕਵਾਂ ਚਿਹਰਾ ਬਣ ਕੇ ਪੇਸ਼ ਹੋਇਆ ਪਰ ਇਹ ਚਿਹਰਾ ਤੇ ਤਰੀਕਾ ਅਮਰੀਕੀ ਸਾਮਰਾਜ ਨੂੰ ਮੁਆਫਕ ਨਹੀਂ ਬੈਠਾ ਤੇ ਅਮਰੀਕੀ ਪੂੰਜੀਪਤੀਆਂ ਨੇ ਇਹ ਚਿਹਰਾ ਬਦਲ ਲਿਆ। ਹਰ ਵਾਰ ਦੀ ਤਰਾਂ ਬਦਲੇ ਚਿਹਰੇ ਨਾਲ ਤੌਰ ਤਰੀਕੇ ਬਦਲਣ ਦਾ ਦਾਅਵਾ ਕੀਤਾ ਗਿਆ ਤੇ ਬਹੁਤ ਸਾਰੇ ਇਨਸਾਫਪਸੰਦ ਤੇ ਜਮਹੂਰੀਅਤ ਪਸੰਦ ਹਿੱਸਿਆਂ ਨੂੰ ਇਹ ਭਰਮ ਹੋਇਆ ਕਿ ਇੱਕ ਨਸਲਪ੍ਰਸਤ ਤੇ ਫਾਸ਼ੀਵਾਦੀ ਸ਼ਾਸਕ ਗੱਦੀਉ ਲਾਹ ਕੇ ਅਮਰੀਕਾ ਅੰਦਰ ਕੋਈ ਅਜਿਹੀ ਤਬਦੀਲੀ ਵਾਪਰ ਗਈ ਹੈ ਜੋ ਦੁਨੀਆਂ ਨੂੰ ਕੋਈ ਸੁਖ ਦਾ ਸਾਹ ਲੈਣ ਦਾ ਮੌਕਾ ਦੇਣ ਜਾ ਰਹੀ ਹੈ ਪਰ ਅਮਰੀਕੀ ਰਾਸ਼ਟਰਪਤੀਆਂ ਦੀਆਂ ਬਦਲੀਆਂ ਤੇ ਅਮਰੀਕੀ ਸਾਮਰਾਜ ਦਾ ਇਤਿਹਾਸ ਦੇਖਿਆਂ ਪਹਿਲਾਂ ਹੀ ਸਮਝਿਆ ਜਾ ਸਕਦਾ ਸੀ ਕਿ ਦੁਨੀਆਂ ਭਰ ਦੇ ਕਿਰਤੀ ਲੋਕਾਂ ਲਈ ਇਸ ਤਬਦੀਲੀ ਦੇ ਕੀ ਅਰਥ ਹਨ। ਜੇ ਪੁਰਾਣੇ ਇਤਿਹਾਸ ਚ ਬਹੁਤਾ ਡੂੰਘਾ ਜਾਣ ਦਾ ਇਰਾਦਾ ਨਾ ਹੋਵੇ ਤਾਂ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦਾ ਬੀਤਿਆ ਹੀ ਫਰੋਲ ਲਈਏ ਤਾਂ ਪਤਾ ਲੱਗ ਸਕਦਾ ਹੈ ਕਿ ਅਮਰੀਕੀ ਸਾਮਰਾਜ ਦੇ ਨੁਮਾਂਇੰਦੇ ਵਜੋਂ ਉਸਨੇ ਨਾ ਘੱਟ ਕੀਤੀ ਹੈ ਤੇ ਨਾ ਘੱਟ ਕਰਨੀ ਹੈ। ਇੱਕ ਹੋਰ ਤੁਲਨਾ ਰਾਹੀਂ ਵੀ ਅਮਰੀਕੀ ਰਾਸ਼ਟਰਪਤੀ ਦੀ ਬਦਲੀ ਦੇ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ। ਆਮ ਕਰਕੇ ਟਰੰਪ ਨੂੰ ਆਪਣੇ ਤੋਂ ਪਹਿਲਾਂ ਰਹੇ ਬਾਰਾਕ ਉਬਾਮਾ ਨਾਲੋਂ ਵਧੇਰੇ ਖੂੰਖਾਰ ਰਾਸ਼ਟਰਪਤੀ ਸਮਝਿਆ ਜਾਂਦਾ ਹੈ ਪਰ ਜੇਕਰ ਮੱਧ-ਪੂਰਬ ਤੇ ਲਾਤੀਨੀ ਅਮਰੀਕਾ ਦੇ ਲੋਕਾਂ ਨੂੰ ਪੁੱਛੀਏ ਤਾਂ ਉਨਾਂ ਦਾ ਜਵਾਬ ਉਲਟ ਹੋ ਸਕਦਾ ਹੈ। ਉਬਾਮਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਪਰ ਹਕੀਕਤ ਇਹ ਹੈ ਕਿ ਉਸਦੀ ਸਰਕਾਰ ਨੇ ਦੁਨੀਆਂ ਦੇ ਦੂਰ-ਦੁਰਾਡੇ ਦੇ ਦੇਸ਼ਾਂ ਚ ਸ਼ਾਂਤੀ ਤੇ ਵਿਕਾਸ ਦੇ ਨਾਂ ਹੇਠ ਹਰ ਘੰਟੇ ਚ ਔਸਤ ਤਿੰਨ ਬੰਬ ਆਪਣੇ ਕਾਰਜਕਾਲ ਦੌਰਾਨ ਸੁੱਟੇ ਜਦ ਕਿ ਟਰੰਪ ਇਹਤੋਂ ਪਿੱਛੇ ਹੀ ਰਿਹਾ। ਚਾਹੇ ਟਰੰਪ ਨੇ ਸੀਰੀਆ ਤੇ 52 ਮੀਜ਼ਾਈਲਾਂ ਸੁੱਟੀਆਂ, ਵੈਨਜ਼ੂਏਲਾ ਚ ਰਾਜ ਪਲਟੇ ਦਾ ਅਸਫਲ ਯਤਨ ਕੀਤਾ, ਅਫਗਾਨਿਸਤਾਨ ਚ ਡਰੋਨ ਹਮਲਿਆਂ ਨਾਲ 100 ਲੋਕ ਮਾਰੇ, ਇਰਾਨੀ ਜਨਰਲ ਕਤਲ ਕੀਤਾ ਤੇ ਦੁਨੀਆਂ ਭਰ ਚ ਅਜਿਹੀ ਤਬਾਹੀ ਮਚਾਈ ਪਰ ਇਹ ਉਬਾਮਾ ਤੋਂ ਫਿਰ ਵੀ ਪਿੱਛੇ ਹੀ ਰਿਹਾ। ਉਬਾਮਾ ਦੇ ਕਾਰਜਕਾਲ ਚ ਇਹਨਾਂ ਕੁਕਰਮਾਂ ਚ ਬਾਇਡਨ ਵੀ ਉਪ-ਰਾਸ਼ਟਰਪਤੀ ਵਜੋਂ ਹਿੱਸੇਦਾਰ ਰਿਹਾ ਹੈ। ਉਸਨੂੰ ਬਦਨਾਮ ਜੰਗਬਾਜ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਹਨਾਂ ਨੇ ਰਲਕੇ ਅਫਗਾਨਿਸਤਾਨ, ਇਰਾਕ, ਲੀਬੀਆ ਤੇ ਸੀਰੀਆ ਚ ਸਾਲਾਂ ਬੱਧੀ ਤਬਾਹੀ ਮਚਾਈ ਤੇ ਹੁਣ ਫਿਰ ਨਵੇਂ ਰਾਸ਼ਟਰਪਤੀ ਬਣੇ ਜੋਅ ਬਾਇਡਨ ਨੇ ਉਸ ਤੋਂ ਅੱਗੇ ਸ਼ੁਰੂ ਕਰ ਦਿੱਤਾ ਹੈ।

                ਆਪਣੇ ਆਪ ਨੂੰ ਜਮਹੂਰੀ, ਅਗਾਂਹਵਧੂ ਤੇ ਫਾਸ਼ੀਵਾਦ ਵਿਰੋਧੀ ਮੰਨਣ ਵਾਲੇ ਹਲਕਿਆਂ ਨੂੰ ਇਸ ਭਰਮ ਤੋਂ ਮੁਕਤ ਹੋਣਾ ਚਾਹੀਦਾ ਹੈ ਕਿ ਅਮਰੀਕਾ ਅੰਦਰ ਰਾਸ਼ਟਰਪਤੀ ਦੀ ਤਬਦੀਲੀ ਅਮਰੀਕੀ ਸਾਮਰਾਜ ਦੀਆਂ ਨੀਤੀਆਂ ਨੂੰ ਕੋਈ ਫਰਕ ਪਾ ਸਕਦੀ ਹੈ। ਇਹ ਅਮਰੀਕੀ ਸਾਮਰਾਜ ਦਾ ਮੂਲ ਸੁਭਾਅ ਹੈ ਕਿ ਉਹਨੇ ਦੁਨੀਆਂ ਭਰ ਚ ਫੈਲਾਏ ਹੋਏ ਆਪਣੇ ਲੋਟੂ ਪੰਜਿਆਂ ਦੀ ਪਕੜ ਹੋਰ ਵਧੇਰੇ ਮਜ਼ਬੂਤ ਕਰਨੀ ਹੈ, ਸੰਸਾਰ ਦੇ ਵਪਾਰ ਤੇ ਕੰਟਰੋਲ ਬਰਕਰਾਰ ਰੱਖਣਾ ਹੈ ਤੇ ਇਹਦੇ ਲਈ ਜੰਗਾਂ ਲਾਉਣੀਆਂ ਹਨ, ਤਬਾਹੀ ਮਚਾਉਣੀ ਹੈ ਤੇ ਸੰਸਾਰ ਦੀਆਂ ਮੰਡੀਆਂ ਤੇ ਕਬਜੇ ਜਮਾਉਣੇ ਹਨ। ਇਹ ਸਭ ਕੁੱਝ ਉਹ ਕਦੇ ਜਮਹੂਰੀਅਤ, ਸ਼ਾਂਤੀ ਤੇ ਲੋਕਤੰਤਰ ਦੀ ਬਹਾਲੀ ਵਾਲਾ ਦੇਵਤਾ ਬਣ ਕੇ ਕਰਦਾ ਹੈ ਤੇ ਕਦੇ ਟਰੰਪ ਵਾਂਗੂੰ ਐਲਾਨੀਆ ਅਮਰੀਕੀ ਕੌਮ ਦੀ ਉੱਤਮਤਾ ਤੇ ਗੋਰੀ ਨਸਲ ਦੀ ਮਹਾਨਤਾ ਦੇ ਐਲਾਨ ਕਰਕੇ ਕਰ ਸਕਦਾ ਹੈ ਪਰ ਇਹਨਾਂ ਸਭਨਾਂ ਦਾ ਮੰਤਵ ਅਮਰੀਕੀ ਪੂੰਜੀਪਤੀਆਂ ਲਈ ਸੰਸਾਰ ਭਰ ਚ ਲੁੱਟ ਮਚਾਉਣ ਦੇ ਇੰਤਜਾਮ ਕਰਦੇ ਰਹਿਣਾ ਹੈ। ਹੁਣ ਜਿਉ ਜਿਉ ਅਮਰੀਕੀ ਸਾਮਰਾਜ ਆਏ ਦਿਨ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਚ ਧਸਦਾ ਜਾ ਰਿਹਾ ਹੈ ਤਾਂ ਉਸ ਵੇਲੇ ਕਿਸੇ ਵੀ ਰਾਸ਼ਟਰਪਤੀ ਕੋਲ ਲਿਸ਼ਕਦੀਆਂ-ਚੋਪੜੀਆਂ ਗੱਲਾਂ ਮਾਰ ਕੇ ਦੁਨੀਆਂ ਨੂੰ ਭਰਮਾਉਣ ਦੀ ਬਹੁਤੀ ਗੰੁਜਾਇਸ਼ ਨਹੀਂ ਬਚ ਰਹੀ। ਛੇਤੀ ਹੀ ਉਸਨੂੰ ਅਜਿਹੇ ਕੁੱਝ ਦਾ ਪਰਦਾ ਚੁੱਕ ਕੇ ਆਪਣੇ ਖੂੰਖਾਰ ਚਿਹਰੇ ਦੀ ਨੁਮਾਇਸ਼ ਲਾਉਣੀ ਪੈ ਜਾਂਦੀ ਹੈ। ਅਮਰੀਕਾ ਦੇ ਅੰਦਰ ਇਨਾਂ ਪਰਦਿਆਂ ਨਾਲ ਕੁੱਝ ਭੁਲੇਖੇ ਪਾਏ ਜਾ ਸਕਦੇ ਹਨ ਪਰ ਅਮਰੀਕੀ ਸਮਾਜ ਤੋਂ ਬਾਹਰ ਦੁਨੀਆਂ ਭਰ ਦੇ ਕਿਰਤੀ ਲੋਕਾਂ ਲਈ ਇਹ ਪਰਦੇ ਕਿਸੇ ਤਰਾਂ ਦੇ ਵੀ ਭਰਮ ਪੈਦਾ ਨਹੀਂ ਕਰ ਸਕਦੇ। ਪਾਕਿਸਤਾਨ-ਅਫਗਾਨਿਸਤਾਨ ਦੀ ਸਰਹੱਦ ਤੇ ਵਸਦੇ ਕਬਾਇਲੀਆਂ ਨੂੰ ਵਰਦੇ ਡਰੋਨ ਬੰਬਾਂ ਚੋਂ ਕਿਸੇ ਟਰੰਪ ਜਾਂ ਬਾਇਡਨ ਦੀ ਆਵਾਜ਼ ਨਹੀਂ ਸੁਣਦੀ, ਉਹਨਾਂ ਲਈ ਤਾਂ ਬੱਸ ਹਰ ਸਮੇਂ ਸਿਰ ਤੇ ਮੌਤ ਕੂਕਦੀ ਹੈ ਜਿਹੜੇ ਕਦੇ ਵੀ ਰੋਜ਼ਮਰਾ ਦੇ ਕੰਮ ਨਿਪਟਾ ਰਹੇ ਲੋਕਾਂ ਦੇ ਵਿਹੜੇ ਆ ਡਿੱਗਦੀ ਹੈ ਤੇ ਘਰਾਂ ਚ ਸੱਥਰ ਬਣ ਵਿਛ ਜਾਂਦੀ ਹੈ। ਇਉ ਹੀ ਫਲਸਤਾਨੀ ਲੋਕਾਂ ਨੰੂ ਇਜ਼ਰਾਈਲੀ ਫੌਜੀਆਂ ਦੀਆਂ ਬੰਦੂਕਾਂ ਚੋਂ ਵਰਦੀ ਅੱਗ ਵੇਲੇ ਕਿਸੇ ਟਰੰਪ ਜਾਂ ਬਾਇਡਨ ਦਾ ਪ੍ਰਛਾਵਾਂ ਨਹੀਂ ਦਿਖਦਾ ਉਨਾਂ ਨੂੰ ਤਾਂ ਹਰ ਵੇਲੇ ਸੰਸਾਰ ਸਾਮਰਾਜ ਦਾ ਇਹ ਖੂੰਖਾਰ ਚਿਹਰਾ ਇਜ਼ਰਾਈਲੀ ਫੌਜ ਦੇ ਰੂਪ ਚ ਟੱਕਰਦਾ ਹੈ ਤੇ ਹਰ ਰੋਜ਼ ਟੱਕਰਦਾ ਹੈ।

                ਰਾਸ਼ਟਰਪਤੀ ਬਾਇਡਨ ਨੇ ਕੁਰਸੀ ਸੰਭਾਲਦਿਆਂ ਹੀ ਲੁਟੇਰੀਆਂ ਅਮਰੀਕੀ ਸਾਮਰਾਜੀ ਵਿਉਤਾਂ ਅਨੁਸਾਰ ਸੰਸਾਰ ਦੇ ਕੋਨੇ ਕੋਨੇ ਆਪਣੇ ਜੰਗੀ ਮਿਸ਼ਨਾਂ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਉਸਨੇ ਮੱਧ-ਪੂਰਬ ਅੰਦਰ ਅਮਰੀਕੀ ਯੁੱਧਨੀਤਿਕ ਗਿਣਤੀਆਂ ਤਹਿਤ ਕਦਮ ਲੈਣ ਦੇ ਨਾਲ  ਨਾਲ ਹੀ ਚੀਨ ਨਾਲ ਲੱਗੇ ਆਢੇ ਚੋਂ ਵੀ ਅਮਰੀਕੀ ਧੜੇ ਦੀ ਮਜ਼ਬੂਤੀ ਸ਼ੁਰੂ ਕਰ ਦਿੱਤੀ ਹੈ। ਇਸ ਖਿੱਤੇ ਚ ਆਸਟਰੇਲੀਆ, ਭਾਰਤ ਤੇ ਜਪਾਨ ਨਾਲ ਰਲਕੇ ਨਵਾਂ ਫੌਜੀ ਗੱਠਜੋੜ ਉਸਾਰਿਆ ਹੈ ਜਿਸਦੀ ਮੀਟਿੰਗ ਨੂੰ ਬਾਇਡਨ ਨੇ ਖੁਦ ਸੰਬੋਧਨ ਕੀਤਾ ਹੈ। ਇਹ ਚੀਨ ਦੀ ਘੇਰਾਬੰਦੀ ਲਈ ਇਹਨਾਂ ਮੁਲਕਾਂ ਦਾ ਗੱਠਜੋੜ ਹੈ। ਇਸ ਖਿੱਤੇ ਚ ਟਕਰਾਅ ਤਿੱਖਾ ਹੋਣ ਜਾ ਰਿਹਾ ਹੈ ਤੇ ਏਥੇ ਲੋਕਾਂ ਨੂੰ ਅਮਰੀਕੀ ਸਾਮਰਾਜ ਦਾ ਖੂੰਖਾਰ ਰੂਪ ਹੰਢਾਉਣਾ ਪੈ ਸਕਦਾ ਹੈ। ਇਉ ਹੀ ਇਰਾਨ ਨੂੰ ਵੀ ਦਬਾਈ ਰੱਖਣ ਲਈ ਬਦਲਵੀਂ ਨੀਤੀ ਨਾਲ ਨਜਿੱਠਣਾ ਸ਼ੁਰੂ ਕਰ ਦਿੱਤਾ ਹੈ।

                ਅਮਰੀਕੀ ਲੋਕਾਂ ਲਈ ਵੀ ਇਹ ਤਬਦੀਲੀ ਕੋਈ ਵੱਡਾ ਮਹੱਤਵ ਨਹੀਂ ਰੱਖਦੀ। ਇਹ ਤਾਂ ਠੀਕ ਹੈ ਕਿ ਟਰੰਪ ਦੀ ਸਿਆਸਤ ਦੇ ਘੋਰ ਪਿਛਾਖੜੀ ਪੈਂਤੜਿਆਂ ਕਾਰਨ ਉਹਨੇ ਅਮਰੀਕੀ ਸਮਾਜ ਅੰਦਰ ਨਸਲਪ੍ਰਸਤੀ ਨੂੰ ਤੇ ਅਮਰੀਕੀ ਅੰਧ-ਰਾਸ਼ਟਰਵਾਦ ਨੂੰ ਉਭਾਰਿਆ ਪਰ ਉਜ ਇਹ ਪਿਛਾਖੜੀ ਵਰਤਾਰੇ ਸਿਰਫ਼ ਟਰੰਪ ਤੱਕ ਹੀ ਸੀਮਤ ਨਹੀਂ ਹਨ। ਤਿੱਖੇ ਹੋ ਰਹੇ ਸਾਮਰਾਜੀ ਸੰਕਟ ਦੀ ਮਾਰ ਸੰਸਾਰ ਦੇ ਕਿਰਤੀ ਲੋਕਾਂ ਵਾਂਗ ਅਮਰੀਕੀ ਮਜ਼ਦੂਰ ਜਮਾਤ ਤੇ ਵੀ ਪੈ ਰਹੀ ਹੈਦੁਨੀਆਂ ਭਰ ਦੇ ਲੋਕਾਂ ਦੀ ਲੁੱਟ ਦੇ ਸਿਰ ਤੇ ਅਮਰੀਕੀ ਮਜ਼ਦੂਰ ਜਮਾਤ ਨੂੰ ਜਿੰਨਾਂ ਰਿਆਇਤਾਂ ਸਹੂਲਤਾਂ ਨਾਲ ਵਰਚਾ ਕੇ ਰੱਖਿਆ ਹੋਇਆ ਸੀ, ਉਹ ਵੀ ਹੁਣ ਖੋਹੀਆਂ ਜਾ ਰਹੀਆਂ ਹਨ ਤੇ ਅਮਰੀਕੀ ਸਮਾਜ ਅੰਦਰ ਡੂੰਘੀ ਬੇਚੈਨੀ ਤੇ ਰੋਸ ਨੂੰ ਜਨਮ ਦੇ ਰਹੀਆਂ ਹਨ। ਇਹ ਸੰਕਟ ਨਾਲ ਹੀ ਡੂੰਘੇ ਸਮਾਜਿਕ ਸੱਭਿਆਚਾਰਕ ਸੰਕਟਾਂ ਨੂੰ ਜਨਮ ਦੇ ਰਿਹਾ ਹੈਅਮਰੀਕੀ ਪੂੰਜੀਵਾਦੀ ਸਮਾਜ ਜਿੰਨਾਂ ਚੌਤਰਫੇ ਸੰਕਟਾਂ ਚ ਘਿਰਿਆ ਹੋਇਆ ਹੈ,ਅਮਰੀਕੀ ਸਰਮਾਏਦਾਰ ਜਮਾਤ ਕੋਲ ਇਹਨਾਂ ਦਾ ਕੋਈ ਹੱਲ ਨਹੀਂ ਹੈ। ਰਿਪਬਲਿਕਾਂ ਦੀ ਥਾਂ ਡੈਮੋਕਰੇਟ ਲੈ ਲੈਂਦੇ ਹਨ ਤੇ ਫਿਰ ਅਗਲੀ ਵਾਰ ਫਿਰ ਰਿਪਬਲਿਕ ਆ ਜਾਂਦੇ ਹਨ। ਪਰ ਸਾਰੇ ਹੀ ਮਜ਼ਦੂਰ ਜਮਾਤ ਤੇ ਹੋਰ ਤੋਂ ਹੋਰ ਭਾਰ ਲੱਦ ਰਹੇ ਹਨ ਤੇ ਇਹਨਾਂ ਸੰਕਟਾਂ ਨਾਲ ਨਜਿੱਠਣ ਲਈ ਪਿਛਾਖੜੀ ਵਰਤਾਰਿਆਂ ਨੂੰ ਉਤਸ਼ਾਹ ਦਿੰਦੇ ਹਨ, ਫੈਲਾਉਦੇ ਹਨ ਅਮਰੀਕੀ ਸੰਸਾਰ ਚੌਧਰ ਦੇ ਝੱਲ ਚ ਜਿਉਣ ਲਈ ਪ੍ਰੇਰਦੇ ਹਨ ਤੇ ਅਮਰੀਕੀ ਉੱਤਮਤਾ ਦਾ ਝੂਠਾ ਪਾਠ ਪੜਾਉਦੇ ਹਨ। ਵੱਧ ਘੱਟ ਫਰਕਾਂ ਤੇ ਵੱਖ ਵੱਖ ਢੰਗਾਂ ਨਾਲ ਸਭ ਇਹੋ ਕਰਦੇ ਹਨ ਤੇ ਇਸ ਪੱਖੋਂ ਜੋਅ ਬਿਡੇਨ ਵੀ ਇਹੀ ਕਰਨ ਜਾ ਰਿਹਾ ਹੈ।

                ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਨਵਾਂ ਰਾਸ਼ਟਰਪਤੀ ਹੁਣ ਵਧੇਰੇ ਸ਼ਾਲੀਨ ਭਾਸ਼ਾ, ਵਧੇਰੇ ਸੂਖਮ ਤਰੀਕਿਆਂ ਨਾਲ ਤੇ ਅਮਨ ਸ਼ਾਂਤੀ ਦੇ ਨਾਅਰਿਆਂ ਨਾਲ ਉਹਨਾਂ ਸਾਮਰਾਜੀ ਜੰਗੀ ਮਿਸ਼ਨਾਂ ਨੂੰ ਅੱਗੇ ਵਧਾਏਗਾ ਜਿੰਨਾਂ ਨੂੰ ਟਰੰਪ ਵਿਚਕਾਰ ਛੱਡ ਗਿਆ ਹੈ। ਨਵੇਂ ਰਾਸ਼ਟਰਪਤੀ ਨੇ ਆਪਣੇ ਪੁਰਾਣੇ ਅੰਦਾਜ਼ ਚ ਨਵੀਂ ਸ਼ੁਰੂਆਤ ਕਰ ਦਿੱਤੀ ਹੈ। ਦੁਨੀਆਂ ਭਰ ਦੇ ਕਿਰਤੀ ਲੋਕਾਂ ਲਈ ਅਮਰੀਕੀ ਰਾਸ਼ਟਰਪਤੀ ਦੀ ਤਬਦੀਲੀ ਨਹੀਂ, ਸਗੋਂ ਅਮਰੀਕੀ ਸਾਮਰਾਜ ਦੀ ਤਬਾਹੀ ਹੀ ਕੋਈ ਅਰਥ ਰੱਖਦੀ ਹੈ। ਇਸ ਸੰਸਾਰ ਵਿੱਚੋਂ ਸਾਮਰਾਜੀ ਲੁੱਟ-ਖਸੁੱਟ ਦੇ ਖਾਤਮੇ ਨਾਲ ਹੀ ਦੁਨੀਆਂ ਦੇ ਲੋਕਾਂ ਲਈ ਨਵਾਂ ਸੂਰਜ ਚੜਨਾ ਹੈ।     


No comments:

Post a Comment