Thursday, June 10, 2021

ਮਲੋਟ ਘਟਨਾ ਬਾਰੇ :- ਭਾਜਪਾ ਆਗੂ ’ਤੇ ਹਮਲੇ ਦੀ ਕਾਰਵਾਈ

ਮਲੋਟ ਘਟਨਾ ਬਾਰੇ ਭਾਜਪਾ ਆਗੂ ’ਤੇ ਹਮਲੇ ਦੀ ਕਾਰਵਾਈ ਦੀ ਨੁਕਤਾਚੀਨੀ ਇਸ ਕਰਕੇ ਨਹੀਂ ਕੀਤੀ ਜਾਣੀ ਚਾਹੀਦੀ ਕਿ ‘ਲੋਕਾਂ ਦੇ ਚੁਣੇ ਨੁਮਾਇੰਦੇ’ ਨਾਲ ਅਜਿਹਾ ਵਿਹਾਰ ਕਿਉਂ ਹੋਇਆ, ਨਾ ਇਸ ਕਰ ਕੇ ਕੀਤੀ ਜਾਣੀ ਚਾਹੀਦੀ ਹੈ ਕਿ ਲੋਕਾਂ ਨੂੰ ਅਜਿਹਾ ‘ਅਸੱਭਿਅਕ’ ਤੇ ‘ਅਣਮਨੁਖੀ’ ਵਿਹਾਰ ਨਹੀਂ ਕਰਨਾ ਚਾਹੀਦਾ। ਇਨਾਂ ਦੋਹਾਂ ਅਧਾਰਾਂ ’ਤੇ ਨੁਕਤਾਚੀਨੀ ਤਾਂ ਹਾਕਮ ਜਮਾਤੀ ਸਿਆਸਤਦਾਨ ਕਰ ਰਹੇ ਹਨ। ਉਹ ਲੋਕਾਂ ਨੂੰ ਕੁੱਟਣਾ, ਮਾਰਨਾ, ਲਤਾੜਨਾ ਆਪਣਾ ਜਨਮਜਾਤ ਹੱਕ ਸਮਝਦੇ ਹਨ ਪਰ ਜਦੋਂ ਲੋਕਾਂ ਦਾ ਗੁੱਸਾ ਆਪਣਾ ਰਾਹ ਬਣਾਉਂਦਾ ਹੈ ਤਾਂ ਸੱਭਿਅਤਾ ਤੇ ਸ਼ਾਲੀਨਤਾ ਦੀਆਂ ਗੱਲਾਂ ਯਾਦ ਆਉਂਦੀਆਂ ਹਨ। ਬੇਹੱਦ ਖੂੰਖਾਰ ਤੇ ਲੁਟੇਰੀਆਂ ਹਾਕਮ ਜਮਾਤਾਂ ਦੇ ਇਹ ਨੁਮਾਇੰਦੇ ਆਪ ਗਲ਼ ਗਲ਼ ਤੱਕ ਅਸੱਭਿਅਤਾ ਤੇ ਜਾਹਲ ਪੁਣੇ ’ਚ ਖੁੱਭੇ ਹੋਏ ਹਨ। ਅਜਿਹੀਆਂ ਘਟਨਾਵਾਂ ਦੀ ਨਿੰਦਾ ਤਾਂ ਹਾਕਮ ਜਮਾਤੀ ਸਿਆਸਤਦਾਨ ਕਰ ਰਹੇ ਹਨ ਤੇ ਲੋਕਾਂ ਵੱਲੋਂ ਆਪਣੀ ਧਿਰ ਦੇ ਕਿਸੇ ਹਿੱਸੇ ਦੇ ਗਲਤ ਐਕਸ਼ਨ ਦੀ ਨੁਕਤਾਚੀਨੀ ਕਰਨ ਦਾ ਅਧਾਰ ਵੱਖਰਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਕਿਸਾਨਾਂ ਅੰਦਰ ਫੈਲ ਰਹੇ ਰੋਹ ਦਾ ਸੰਕੇਤ ਦੇ ਰਹੀਆਂ ਹਨ। ਇਸ ਕਾਰਵਾਈ ਦੀ ਨੁਕਤਾਚੀਨੀ ਕਿਸੇ ਨੈਤਿਕ ਅਨੈਤਿਕ ਆਧਾਰ ਨਾਲੋ ਜਿਆਦਾ ਘੋਲ ਦੀਆਂ ਲੋੜਾਂ ਤੇ ਘੋਲ ਦੇ ਪੱਧਰ ਅਨੁਸਾਰੀ ਸ਼ਕਲਾਂ ਦੀ ਚੋਣ ਕਰਨ ਦੇ ਹਵਾਲੇ ਨਾਲ ਹੋਣੀ ਚਾਹੀਦੀ ਹੈ। ਇਹ ਨੁਕਤਾਚੀਨੀ ਹੋਣੀ ਚਾਹੀਦੀ ਹੈ ਕਿਉਂਕਿ ਸਾਂਝੇ ਤੌਰ ’ਤੇ ਕੀਤੇ ਫੈਸਲਿਆਂ ਤੋਂ ਪਾਸੇ ਜਾ ਕੇ ਰੋਸ ਪ੍ਰਗਟਾਵੇ ਦੀਆਂ ਅਜਿਹੀਆਂ ਸ਼ਕਲਾਂ ਆਪ-ਮੁਹਾਰਤਾ ਫੈਲਾਉਣ ਦਾ ਜ਼ਰੀਆ ਬਣਨਗੀਆਂ।ਅਜਿਹੀਆਂ ਕਾਰਵਾਈਆਂ ਜਥੇਬੰਦ ਤੇ ਸ਼ਿਸ਼ਤ-ਬੰਨਵੀਂ ਲਹਿਰ ਦੀ ਚੋਟ ਸਮਰੱਥਾ ਦਾ ਹਰਜਾ ਕਰਨਗੀਆਂ। ਅਜਿਹੀ ਕਾਰਵਾਈ ਹਕੂਮਤ ਨੂੰ ਮੋੜਵਾਂ ਸਿਆਸੀ ਤੇ ਹਿੰਸਕ ਹਮਲਾ ਕਰਨ ਦਾ ਬਹਾਨਾ ਦੇਂਦੀ ਹੈ। ਸੰਘਰਸ਼ ਕਰ ਰਹੀ ਕਿਸਾਨੀ ਬਾਰੇ ਸਮਾਜ ਅੰਦਰ ਭਰਮ ਭੁਲੇਖੇ ਪੈਦਾ ਕਰਨ ਦਾ ਬਹਾਨਾ ਦੇਂਦੀ ਹੈ। ਇਸ ਸੰਘਰਸ਼ ਦੀ ਤਕੜਾਈ ’ਚ ਕਿਸਾਨਾਂ ਵੱਲੋਂ ਝੱਲੇ ਜਾ ਰਹੇ ਦੁੱਖ ਤਕਲੀਫ਼ਾਂ ਬਾਰੇ ਲੋਕਾਂ ਦੇ ਬਹੁਤ ਵੱਡੇ ਹਿੱਸਿਆਂ ’ਚ ਪੈਦਾ ਹੋਏ ਡੂੰਘੇ ਸਰੋਕਾਰਾਂ ਦੀ ਭਾਵਨਾ ਦਾ ਅੰਸ਼ ਵੀ ਹੈ। ਅਜਿਹੀਆਂ ਕਾਰਵਾਈਆਂ ਕਿਸਾਨੀ ਨੂੰ ਪੀੜਤ ਧਿਰ ਨਾਲੋਂ ਜ਼ਿਆਦਾ ਇੱਕ ਹਮਲਾਵਰ ਧਿਰ ਵਜੋਂ ਪੇਸ਼ ਕਰਨ ਦਾ ਸਾਧਨ ਬਣ ਸਕਦੀਆਂ ਹਨ। ਵਿਅਕਤੀਗਤ ਕੁੱਟਮਾਰ ਰਾਹੀਂ ਅਰਾਜਕਤਾ ਦਾ ਪ੍ਰਭਾਵ ਸਿਰਜਣ ਵਾਲੀਆਂ ਅਜਿਹੀਆਂ ਕਾਰਵਾਈਆਂ ਲੋਕਾਂ ਦੇ ਵੱਡੇ ਹਿੱਸੇ ਦੀ ਸੰਘਰਸ਼ ਨਾਲ ਹਮਦਰਦੀ ਨੂੰ ਖੋਰਨ ਦਾ ਸਾਧਨ ਬਣ ਸਕਦੀਆਂ ਹਨ। ਲੋਕ ਦੁਸ਼ਮਣ ਜਮਾਤਾਂ ਦੇ ਇੱਕ ਨੁਮਾਇੰਦੇ ਦਾ ਲੋਕਾਂ ਹੱਥੋਂ ਅਜਿਹਾ ਹਸ਼ਰ ਚਾਹੇ ਕਿਸੇ ਦੀ ਜਮਾਤੀ ਬਦਲੇ ਦੀ ਭਾਵਨਾ ਨੂੰ ਸਕੂਨ ਤਾਂ ਦਿੰਦਾ ਜਾਪਦਾ ਹੋ ਸਕਦਾ ਹੈ ਪਰ ਅਜਿਹੀਆਂ ਕਾਰਵਾਈਆਂ ਕਿਸੇ ਵੀ ਤਰਾਂ ਮੌਜੂਦਾ ਸੰਘਰਸ਼ ਅਤੇ ਸਮੁੱਚੀ ਲੋਕ ਲਹਿਰ ਦੇ ਪੱਧਰ ਅਨੁਸਾਰੀ ਨਹੀਂ ਬਣਦੀਆਂ। ਇਸ ਕਰਕੇ ਲੀਡਰਸ਼ਿਪ ਵੱਲੋਂ ਇਨਾਂ ਤੋਂ ਵਰਜਣਾ ਵਾਜਬ ਹੈ। ਅਜਿਹੀ ਵਰਜਣਾ ਦਾ ਹਾਕਮ ਜਮਾਤੀ ਹਲਕਿਆਂ ਦੀ ਫ਼ਿਕਰਮੰਦੀ ਨਾਲੋਂ ਵਖਰੇਵਾਂ ਲਾਜਮੀ ਹੋਣਾ ਚਾਹੀਦਾ ਹੈ।

No comments:

Post a Comment