Monday, September 16, 2013

Surkh Rekha Sep-Oct 2013


Surkh Rekha Sep-Oct 2013


Surkh Rekha Sep-Oct 2013



ਆਓ! ਗ਼ਦਰ ਲਹਿਰ ਦੀ ਸੰਗਰਾਮੀ ਵਿਰਾਸਤ ਨੂੰ ਚਾਰ ਚੰਨ ਲਾਈਏ


ਆਓ! ਗ਼ਦਰ ਲਹਿਰ ਦੀ ਸੰਗਰਾਮੀ ਵਿਰਾਸਤ ਨੂੰ ਚਾਰ ਚੰਨ ਲਾਈਏ
ਇਹ ਵਰ੍ਹਾ ਗ਼ਦਰ ਪਾਰਟੀ ਦੀ ਸਥਾਪਨਾ ਦਾ ਸੌਵਾਂ ਵਰ੍ਹਾ ਹੈ। ਪਹਿਲੀ ਨਵੰਬਰ 1913 ਨੂੰ ਅਮਰੀਕਾ ਵਿੱਚ ਪ੍ਰਵਾਸ ਕਰਕੇ ਗਏ ਪੰਜਾਬੀਆਂ ਵੱਲੋਂ ਇਸਦਾ ਗਠਨ ਕੀਤਾ ਗਿਆ ਸੀ। ਇਹਨਾਂ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਭਾਰੀ ਹਿੱਸਾ ਪੰਜਾਬ ਦੀ ਜੱਟ-ਕਿਸਾਨੀ 'ਚੋਂ ਸੀ, ਜਿਹੜੀ ਬਰਤਾਨਵੀ ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਪਿੱਠੂਆਂ- ਜਾਗੀਰਦਾਰਾਂ, ਸੂਦਖੋਰ ਸ਼ਾਹੂਕਾਰਾਂ, ਵਪਾਰੀਆਂ ਦੀ ਬੇਤਹਾਸ਼ਾ ਲੁੱਟ-ਖੋਹ ਅਤੇ ਦਾਬੇ ਦੀ ਝੰਬੀ ਹੋਈ ਸੀ ਅਤੇ ਆਰਥਿਕ ਪੱਖੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਆਪਣੀ ਬਦਹਾਲ ਜ਼ਿੰਦਗੀ ਨੂੰ ਕੁੱਝ ਛਿੱਲੜਾਂ ਦਾ ਆਸਰਾ ਦੇਣ ਲਈ ਕਿਸਾਨੀ ਦੇ ਇੱਕ ਹਿੱਸੇ ਵੱਲੋਂ ਅਮਰੀਕਾ ਤੇ ਕੈਨੇਡਾ ਵੱਲ ਮੂੰਹ ਕੀਤਾ ਗਿਆ। ਕੁੱਝ ਵੱਲੋਂ ਚੰਦ ਛਿਲੜਾਂ ਵਦਲੇ ਗੋਰੇ ਸਾਮਰਾਜੀਆਂ ਦੀਆਂ ਫੌਜਾਂ ਵਿੱਚ ਭਰਤੀ ਹੋ ਕੇ ਬਸਤੀਆਂ ਵਿੱਚ ਉਹਨਾਂ ਦੀਆਂ ਜੰਗੀ ਮੁਹਿੰਮਾਂ ਦਾ ਖਾਜਾ ਬਣਨ ਤੁਰਿਆ ਗਿਆ ਅਤੇ ਕਈਆਂ ਵੱਲੋਂ ਸਿੰਘਾਪੁਰ, ਬਰਮਾ, ਮਲਾਇਆ, ਚੀਨ ਆਦਿ ਵਿੱਚ ਅੰਗਰੇਜ਼ ਅਫਸਰਾਂ ਤੇ ਧਨਾਢਾਂ ਦੇ ਬੰਗਲਿਆਂ 'ਚ ਚਾਕਰੀ ਦਾ ਪੇਸ਼ਾ ਚੁਣਨ ਲਈ ਮਜਬੂਰ ਹੋਇਆ ਗਿਆ।

ਪ੍ਰਦੇਸਾਂ ਨੂੰ ਧਾਹੇ ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਅਮਰੀਕਾ ਤੇ ਕੈਨੇਡਾ ਵਿੱਚ ਮੁਕਾਬਲਤਨ ਉੱਚੀਆਂ ਉਜਰਤਾਂ ਵਾਲਾ ਕੰਮ ਮਿਲਣ ਨਾਲ ਕੁਝ ਆਰਥਿਕ ਰਾਹਤ ਤਾਂ ਨਸੀਬ ਹੋਈ ਪਰ ਉਸ ਬੇਇੱਜਤੀ, ਜ਼ਲਾਲਤ ਅਤੇ ਕੌਮੀ ਹੀਣਤਾ ਦੇ ਅਹਿਸਾਸ ਨੇ ਉਹਨਾਂ ਦਾ ਖਹਿੜਾ ਨਾ ਛੱਡਿਆ, ਜਿਹੜਾ ਭਾਰਤੀ ਲੋਕਾਂ ਦੀ ਗੁਲਾਮ ਜ਼ਿੰਦਗੀ ਦੀ ਪੈਦਾਇਸ਼ ਸੀ। ਕਿਉਂਕਿ ਇੱਥੇ ਵੀ ਉਹਨਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਗੁਲਾਮ ਕੌਮ ਨੂੰ ਆਜ਼ਾਦ ਮੁਲਕ ਦੇ ਲੋਕਾਂ ਵੱਲੋਂ ਕਸੇ ਜਾਂਦੇ ਤਾਹਨਿਆਂ-ਮਿਹਣਿਆਂ ਦੇ ਡੰਗਾਂ ਦਾ ਸਾਹਮਣਾ ਕਰਨਾ ਪਿਆ। ਹੋਟਲਾਂ 'ਤੇ ਲਿਖਿਆ, ''ਇੱਥੇ ਕੁੱਤਿਆਂ ਅਤੇ ਭਾਰਤੀਆਂ ਦਾ ਦਾਖਲ ਹੋਣਾ ਮਨ੍ਹਾਂ ਹੈ'' ਪੜ੍ਹ ਕੇ ਸਿਰੇ ਦੀ ਕੌਮੀ ਹੀਣਤਾ ਤੇ ਨਮੋਸ਼ੀ ਦੀ ਚੀਸ ਝੱਲਣੀ ਪਈ। ਇਸ ਹਾਲਤ ਨੇ ਉਹਨਾਂ ਅੰਦਰ ਵਕਤੀ ਤੌਰ 'ਤੇ ਸੁੱਤੇ ਕੌਮੀ ਅਣਖ, ਸਵੈਮਾਣ ਅਤੇ ਦੇਸ਼ ਭਗਤੀ ਦੇ ਅਹਿਸਾਸ ਨੂੰ ਹਲੂਣਿਆਂ ਤੇ ਝੰਜੋੜਿਆ। ਵਿਦੇਸ਼ੀ ਲੁੱਟ ਤੇ ਦਾਬੇ ਖਿਲਾਫ ਨਫਰਤ ਅਤੇ ਰੋਹ ਨੂੰ ਪਲੀਤਾ ਲਾਇਆ ਅਤੇ ਉਹਨਾਂ ਨੂੰ ਇਸ ਗੱਲ ਦਾ ਬੋਧ ਕਰਵਾਇਆ ਕਿ ਬਰਤਾਨਵੀ ਸਾਮਰਾਜ ਦੀਆਂ ਜੰਜ਼ੀਰਾਂ ਤੋਂ ਮੁਕਤ ਹੋਏ ਬਗੈਰ ਗੁਲਾਮ ਭਾਰਤੀਆਂ ਨੂੰ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਅਤੇ ਇੱਕ ਚੰਗੇਰੀ ਜ਼ਿੰਦਗੀ ਜੀਣ ਦੇ ਸੁਪਨੇ ਲੈਣ ਦਾ ਵੀ ਹੱਕ ਨਹੀਂ ਹੈ। 

ਆਪਣੇ ਮੁਲਕ ਨੂੰ ਗੋਰੇ ਸਾਮਰਾਜੀਆਂ ਤੋਂ ਮੁਕਤ ਕਰਵਾਉਣ ਲਈ ਉਹਨਾਂ ਵੱਲੋਂ ਅਮਰੀਕਾ ਅਤੇ ਕੈਨੇਡਾ 'ਚੋਂ ਪੰਜਾਬੀ ਪ੍ਰਵਾਸੀਆਂ ਨੂੰ ਇੱਕਜੁੱਟ ਕਰਦਿਆਂ, 13 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਬਣਾਉਣ ਦਾ ਬੀੜਾ ਚੁੱਕਿਆ ਗਿਆ। ਸੋਹਣ ਸਿੰਘ ਭਕਨਾ ਨੂੰ ਗ਼ਦਰ ਪਾਰਟੀ ਦਾ ਪ੍ਰਧਾਨ ਅਤੇ ਲਾਲਾ ਹਰਦਿਆਲ ਨੂੰ ਇਸਦਾ ਜਨਰਲ ਸਕੱਤਰ ਚੁਣਿਆ ਗਿਆ। ਇਹਨਾਂ ਤੋਂ ਇਲਾਵਾ, ਕਈਆਂ ਨੂੰ ਕਮੇਟੀ ਮੈਂਬਰ ਬਣਾਇਆ ਆਿ। ਗ਼ਦਰ ਪਾਰਟੀ ਵੱਲੋਂ 1 ਨਵੰਬਰ 1913 ਨੂੰ ਗ਼ਦਰ ਅਖਬਾਰ ਦਾ ਪਹਿਲਾ ਅੰਕ ਛਪਵਾ ਕੇ ਜਾਰੀ ਕੀਤਾ ਗਿਆ। ਇਸੇ ਕਰਕੇ ਬਾਅਦ ਵਿੱਚ 1 ਨਵੰਬਰ 1913 ਨੂੰ ਹੀ ਪਾਰਟੀ ਸਥਾਪਨਾ ਦਿਨ ਮੰਨਿਆ ਜਾਣ ਲੱਗ ਪਿਆ। 

ਗ਼ਦਰ ਪਾਰਟੀ ਦਾ ਉਦੇਸ਼ ਭਾਰਤ ਨੂੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਵਾਉਣਾ, ਬਰਾਬਰਤਾ, ਆਜ਼ਾਦੀ ਤੇ ਭਾਈਚਾਰੇ 'ਤੇ ਆਧਾਰਤ ਜਮਹੂਰੀ ਰਾਜ ਦੀ ਸਥਾਪਨਾ ਕਰਨਾ, ਧਰਮ ਤੇ ਸਿਆਸਤ ਨੂੰ ਵੱਖ ਕਰਦਿਆਂ ਧਰਮ-ਨਿਰਪੱਖ ਨੀਤੀ ਦੀ ਪਾਲਣਾ ਕਰਨਾ, ਜਾਤ-ਪਾਤੀ ਵਿਤਕਰਾ ਖਤਮ ਕਰਨਾ ਅਤੇ ਇਸਦੇ ਨਾਲ ਹੀ ਔਰਤ-ਮਰਦ ਬਰਾਬਰਤਾ ਵਾਲਾ ਸਮਾਜੀ ਸਿਆਸੀ ਨਿਜ਼ਾਮ ਸਥਾਪਤ ਕਰਨਾ ਸੀ। ਇਹਨਾਂ ਨਿਸ਼ਾਨਿਆਂ ਦੀ ਪੂਰਤੀ ਲਈ ਕਾਂਗਰਸ ਦੀ ਅੰਗਰੇਜ਼ ਹਾਕਮਾਂ ਨਾਲ ਮੇਲ-ਮਿਲਾਪ ਦੀ ਨੀਤੀ ਨੂੰ ਰੱਦ ਕਰਦੇ ਹੋਏ, ਉਹਨਾਂ ਵੱਲੋਂ ਹਥਿਆਰਬੰਦ ਬਗਾਵਤ ਦਾ ਰਾਹ ਚੁਣਿਆ ਗਿਆ ਅਤੇ ਸਭਨਾਂ ਪ੍ਰਵਾਸੀਆਂ ਨੂੰ ਮੁਲਕ ਵੱਲ ਮੋੜਾ ਪਾਉਂਦਿਆਂ, ਇਸ ਬਗਾਵਤ ਨੂੰ ਜਥੇਬੰਦ ਕਰਨ ਦਾ ਖੁੱਲ੍ਹਾ ਹੋਕਾ ਦਿੱਤਾ ਗਿਆ। ਬਹੁਤ ਸਾਰੇ ਪ੍ਰਵਾਸੀਆਂ ਵੱਲੋਂ ਮੁਲਕ ਵਾਪਸ ਮੁੜਦਿਆਂ, ਵੱਖ ਵੱਖ ਫੌਜੀ ਛਾਉਣੀਆਂ ਵਿੱਚ ਫੌਜੀਆਂ ਤੱਕ ਪਹੁੰਚ ਤੰਦਾਂ ਬਣਾਉਣ ਅਤੇ ਫੌਜੀਆਂ ਨੂੰ ਬਗਾਵਤ ਵਾਸਤੇ ਤਿਆਰ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ ਗਿਆ। 

4 ਅਗਸਤ 1914 ਨੂੰ ਅੰਗਰੇਜ਼ ਸਾਮਰਾਜੀਆਂ ਅਤੇ ਜਰਮਨ ਸਾਮਰਾਜੀਆਂ ਦਰਮਿਆਨ ਜੰਗ ਦੇ ਐਲਾਨ ਨਾਲ ਸੰਸਾਰ ਜੰਗ ਸ਼ੁਰੂ ਹੋ ਗਈ। ਅੰਗਰੇਜ਼ ਸਾਮਰਾਜੀਆਂ ਦੇ ਜੰਗ ਵਿੱਚ ਉਲਝੇ ਹੋਣ ਅਤੇ ਅੰਤਰ-ਸਾਮਰਾਜੀ ਭੇੜ ਦਾ ਲਾਹਾ ਲੈਣ ਲਈ ਗ਼ਦਰ ਪਾਰਟੀ ਵੱਲੋਂ 21 ਫਰਵਰੀ 1915 ਨੂੰ ਬਗਾਵਤ ਕਰਨ ਦਾ ਮਤਾ ਪਕਾਇਆ ਗਿਆ। ਦੁਸ਼ਮਣ ਨੂੰ ਇਸਦਾ ਪਤਾ ਲੱਗ ਜਾਣ 'ਤੇ ਬਗਾਵਤ ਦੀ ਤਾਰੀਕ 19 ਫਰਵਰੀ ਕੀਤੀ ਗਈ। ਅੰਗਰੇਜ਼ ਹਾਕਮਾਂ ਵੱਲੋਂ ਰਾਜਿਆਂ-ਰਜਵਾੜਿਆਂ, ਜਾਗੀਰਦਾਰਾਂ ਤੇ ਟਾਊਟਾਂ ਦੀ ਮੱਦਦ ਨਾਲ ਗ਼ਦਰ ਪਾਰਟੀ ਦੀਆਂ ਬਗਾਵਤ ਉਠਾਉਣ ਦੀਆਂ ਕੋਸ਼ਿਸ਼ਾਂ ਨੂੰ ਬੇਇੰਤਹਾ ਜਬਰੋ-ਜ਼ੁਲਮ ਨਾਲ ਕੁਚਲ ਦਿੱਤਾ ਗਿਆ। ਅਨੇਕਾਂ ਗ਼ਦਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸੀ ਬੁੱਚੜਖਾਨਿਆਂ ਵਿੱਚ ਕੋਹਣ ਤੋਂ ਬਾਅਦ ਅਦਾਲਤੀ ਮੁਕੱਦਮਿਆਂ ਵਿੱਚ ਘੜੀਸਿਆ ਗਿਆ। 11 ਗ਼ਦਰੀ ਜੁਝਾਰੂਆਂ ਨੂੰ ਫਾਂਸੀ ਦਿੱਤੀ ਗਈ। 8 ਦੇਸ਼ ਭਗਤ ਜੇਲ੍ਹਾਂ ਵਿੱਚ ਭੁੱਖ ਹੜਤਾਲ ਕਰਕੇ ਸ਼ਹੀਦੀ ਜਾਮ ਪੀ ਗਏ। 306 ਗ਼ਦਰੀ ਸੂਰਬੀਰਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਅਤੇ ਕਾਲੇ ਪਾਣੀਆਂ ਦੀ ਆਦਮ-ਖਾਊ ਜੇਲ੍ਹਾਂ ਦਾ ਨਰਕ ਹੰਢਾਉਣਾ ਪਿਆ। 77 ਗ਼ਦਰੀਆਂ ਨੂੰ ਵੱਖ ਵੱਖ ਅਰਸਿਆਂ ਦੀਆਂ ਜੇਲ੍ਹ ਸਜ਼ਾਵਾਂ ਹੋਈਆਂ। 

ਅੰਗਰੇਜ਼ੀ ਹਾਕਮਾਂ ਦੀ ਦਰਿੰਦਗੀ ਦੀਆਂ ਹੱਦਾਂ ਬੰਨ੍ਹੇ ਟੱਪਿਆ ਇਹ ਜਬਰ ਤੇ ਕਹਿਰ ਨਾ ਸਿਰਫ ਫਾਂਸੀਆਂ 'ਤੇ ਮੌਤ ਨੂੰ ਮਖੌਲਾਂ ਕਰਨ ਵਾਲੇ, ਪੁਲਸੀ ਬੁੱਚੜਖਾਨਿਆਂ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਸ਼ੇਰਾਂ ਵਾਂਗ ਗਰਜਦੇ ਗ਼ਦਰੀ ਸੂਰਬੀਰਾਂ ਦੇ ਅਡੋਲਚਿੱਤ ਸਿਦਕ ਅਤੇ ਸਿਰੜ ਨੂੰ ਖੋਰ ਸਕਿਆ ਅਤੇ ਨਾ ਹੀ ਭਾਰਤੀ ਲੋਕਾਂ ਵਿੱਚ ਅੰਗਰੇਜ਼ੀ ਸਾਮਰਾਜੀਆਂ ਖਿਲਾਫ ਲਟ ਲਟ ਬਲਦੀ ਨਫਰਤ ਅਤੇ ਰੋਹ ਨੂੰ ਦਹਿਸ਼ਤ ਦੇ ਸੰਨਾਟੇ ਵਿੱਚ ਦਫਨਾ ਸਕਿਆ। ਇਸਦੇ ਉਲੱਟ, ਸਾਮਰਾਜੀ ਹਾਕਮਾਂ ਦੇ ਦਰਿੰਦਗੀ ਭਰੇ ਜ਼ੁਲਮ ਨੇ ਭਾਰਤੀ ਲੋਕਾਂ ਅੰਦਰ ਸਾਮਰਾਜ ਖਿਲਾਫ ਪਹਿਲੋਂ ਹੀ ਲਟ ਲਟ ਬਲਦੀ ਨਫਰਤ ਤੇ ਰੋਹ ਨੂੰ ਹੋਰ ਪ੍ਰਚੰਡ ਕਰਨ ਅਤੇ ਉਹਨਾਂ ਦੇ ਕੌਮੀ ਮਾਣ ਅਤੇ ਦੇਸ਼ਭਗਤੀ ਨੂੰ ਡੰਗਦਿਆਂ ਹੋਰ ਪ੍ਰਚੰਡ ਕਰਨ ਦਾ ਰੋਲ ਨਿਭਾਇਆ। ਗ਼ਦਰੀ ਸੂਰਬੀਰਾਂ ਦੀਆਂ ਸ਼ਹਾਦਤਾਂ ਭਾਰਤ ਦੀ ਕੌਮੀ ਮੁਕਤੀ ਲਹਿਰ ਦੇ ਇਤਿਹਾਸ ਵਿੱਚ ਖਰੀ ਕੌਮੀ ਆਜ਼ਾਦੀ ਦੀ ਇਨਕਲਾਬੀ ਤਾਂਘ, ਇਸ ਕਾਜ ਵਿੱਚ ਲਟ ਲਟ ਬਲਦੀ ਨਿਹਚਾ ਅਤੇ ਭਰੋਸੇ ਦੀ ਭਾਵਨਾ, ਸੰਗਰਾਮੀ ਸਿਦਕ ਤੇ ਆਪਾ-ਵਾਰੂ ਭਾਵਨਾ ਦਾ ਅਜਿਹਾ ਚਾਨਣ-ਮੁਨਾਰਾ ਬਣ ਗਈਆਂ, ਜਿਸਨੇ ਅਗਲੇਰੇ ਤੇ ਉਚੇਰੇ ਪੜਾਅ ਵਿੱਚ ਦਾਖਲ ਹੋਣ ਜਾ ਰਹੀ ਇਨਕਲਾਬੀ ਕੌਮੀ ਮੁਕਤੀ ਜੱਦੋਜਹਿਦ ਦਾ ਰਾਹ ਰੁਸ਼ਨਾਇਆ ਅਤੇ ਇਸਦੇ ਹੁਲਾਰ-ਪੈੜੇ ਦਾ ਰੋਲ ਨਿਭਾਇਆ। 

ਸੋ, ਗ਼ਦਰ ਪਾਰਟੀ ਅਤੇ ਗ਼ਦਰ ਲਹਿਰ ਸਾਡੇ ਸ਼ਾਨਾਂਮੱਤੀ ਇਨਕਲਾਬੀ ਵਿਰਸੇ ਦਾ ਇੱਕ ਸ਼ਾਨਦਾਰ ਅਤੇ ਕਾਬਲੇ-ਫ਼ਖਰ ਅਧਿਆਇ ਹੈ। ਇਹ ਅੱਜ ਵੀ ਪ੍ਰਸੰਗਕ ਹੈ। ਇਹ ਅੱਜ ਵੀ ਮੁਲਕ ਨੂੰ ਸਾਮਰਾਜੀ-ਜਾਗੀਰੂ ਗੱਠਜੋੜ ਤੋਂ ਮੁਕਤ ਕਰਵਾਉਣ ਅਤੇ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਜੂਝ ਰਹੀਆਂ ਅਤੇ ਸਿਰ ਧੜ ਦੀ ਬਾਜ਼ੀ ਲਾਉਣ ਤੁਰੀਆਂ ਇਨਕਲਾਬੀ-ਜਮਹੁਰੀ, ਕੌਮਪ੍ਰਸਤ ਅਤੇ ਦੇਸ਼ ਭਗਤ ਤਾਕਤਾਂ ਲਈ ਰਾਹ ਦਰਸਾਵਾ ਹੈ। ਅੱਜ ਵੀ ਮੁਲਕ ਸਾਮਰਾਜੀਆਂ ਦੀ ਨਵ-ਬਸਤੀਵਾਦੀ ਅਧੀਨਗੀ ਵਿੱਚ ਨਰੜਿਆ ਹੋਇਆ ਹੈ। ਸਾਮਰਾਜੀ ਦਲਾਲਾਂ-ਜਾਗੀਰਦਾਰਾਂ, ਵੱਡੇ ਸ਼ਾਹੂਕਾਰਾਂ, ਪਰਜੀਵੀ ਮੌਕਾਪ੍ਰਸਤ ਸਿਆਸਤਦਾਨਾਂ ਅਤੇ ਅਫਸਰਸ਼ਾਹਾਂ ਦੀ ਧਾੜਵੀ ਲੁੱਟ, ਦਾਬੇ ਅਤੇ ਧੌਂਸ ਦਾ ਸ਼ਿਕਾਰ ਹੈ। ਅੱਜ ਵੀ ਇਸ ਲੋਕ-ਦੁਸ਼ਮਣ ਲਾਣੇ ਵੱਲੋਂ ਇੱਕ ਹੱਥ ਲੁੱਟ ਤੇ ਦਾਬੇ ਖਿਲਾਫ ਉੱਠਦੇ ਲੋਕ-ਸੰਘਰਸ਼ਾਂ ਨੂੰ ਲਹੂ ਵਿੱਚ ਡਬੋਣ ਲਈ ਗੋਲੀ-ਸਿੱਕੇ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਅਪਰੇਸ਼ਨ ਗਰੀਨ ਹੰਟ ਦੇ ਨਾਂ 'ਤੇ ਲੋਕਾਂ 'ਤੇ ਫੌਜੀ ਹਮਲਾ ਵਿੱਢਿਆ ਹੋਇਆ ਹੈ। ਫਿਰਕਾਪ੍ਰਸਤੀ ਨੂੰ ਹਵਾ ਦੇ ਕੇ ਲੋਕਾਂ ਨੂੰ ਭਰਾਮਾਰ ਦੰਗਿਆਂ ਵਿੱਚ ਝੋਕਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਿਛਾਖੜੀ ਸਾਮਰਾਜੀ-ਜਾਗੀਰੂ ਨਿੱਘਰੇ ਸਭਿਆਚਾਰ, ਪਿਛਾਂਹ-ਖਿੱਚੂ ਪਿਤਾ-ਪੁਰਖੀ ਸਮਾਜਿਕ ਕਦਰਾਂ-ਕੀਮਤਾਂ ਦਾ ਬੋਲਬਾਲਾ ਹੈ। 

ਅਜਿਹੀ ਹਾਲਤ ਵਿੱਚ ਗ਼ਦਰ ਪਾਰਟੀ ਵੱਲੋਂ ਉਸ ਇਤਿਹਾਸਕ ਦੌਰ ਅੰਦਰ ਸਭਨਾਂ ਸੀਮਤਾਈਆਂ ਦੇ ਬਾਵਜੂਦ ਉਭਾਰੇ ਸਿਆਸੀ ਉਦੇਸ਼ਾਂ, ਨਿਸ਼ਾਨੇ, ਧਰਮ-ਨਿਰਪੱਖਤਾ, ਜਾਤ-ਪਾਤ ਵਿਰੋਧੀ ਤੇ ਔਰਤ-ਮਰਦ ਬਰਾਬਰਤਾ ਦੀਆਂ ਬੁਲੰਦ ਕੀਤੀਆਂ ਨੀਤੀਆਂ ਸਾਡਾ ਰਾਹ ਰੁਸ਼ਨਾਉਂਦੀਆਂ ਹਨ। ਅੱਜ ਵੀ ਅੰਗਰੇਜ਼  ਹਾਕਮਾਂ ਦੇ ਨਾਦਰਸ਼ਾਹੀ ਅੱਤਿਆਚਾਰਾਂ ਤੇ ਤਸ਼ੱਦਦ ਸਨਮੁੱਖ ਉਹਨਾਂ ਅੰਦਰਲੀ ਅਣਲਿਫ ਸਿਦਕਦਿਲੀ, ਸਿਰੜ ਅਤੇ ਡੁੱਲ੍ਹ ਡੁੱਲ੍ਹ ਪੈਂਦੀ ਕੌਮਪ੍ਰਸਤੀ ਤੇ ਦੇਸ਼ਭਗਤੀ ਦੀ ਭਾਵਨਾ ਇਨਕਲਾਬੀ ਘੁਲਾਟੀਆਂ ਦਾ ਪ੍ਰੇਰਨਾ ਸਰੋਤ ਬਣਦੇ ਹਨ।

ਆਓ- ਅੱਜ ਜਦੋਂ ਭਾਰਤੀ ਹਾਕਮਾਂ ਅਤੇ ਹਾਕਮਪ੍ਰਸਤ ਹਲਕਿਆਂ ਵੱਲੋਂ ਇੱਕ ਹੱਥ ਨਕਲੀ ਆਜ਼ਾਦੀ ਦਾ ਡੌਰੂ ਵਜਾਉਂਦਿਆਂ, ਲੋਕਾਂ ਨੂੰ ਧੋਖਾ ਦੇਣ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਦੂਜੇ ਹੱਥ ਗ਼ਦਰ ਲਹਿਰ ਦੀ ਸੰਗਰਾਮੀ ਵਿਰਾਸਤ ਦਾ ਹੁਲੀਆ ਵਿਗਾੜਦਿਆਂ, ਇਸ ਨੂੰ ਅਗਵਾ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ ਤਾਂ ਇਹਨਾਂ ਧੋਖੇਬਾਜ਼ ਹਲਕਿਆਂ ਨਾਲੋਂ ਨਿਖੇੜੇ ਦੀ ਸਪਸ਼ਟ ਲਕੀਰ ਖਿੱਚਦਿਆਂ, ਗ਼ਦਰ ਲਹਿਰ ਦੀ ਸ਼ਾਨਾਂਮੱਤੀ ਸੰਗਰਾਮੀ ਵਿਰਾਸਤ ਦੇ ਪਰਚਮ ਨੂੰ ਉੱਚਾ ਲਹਿਰਾਈਏ ਅਤੇ ਕੌਮੀ ਜਮਹੂਰੀ ਇਨਕਲਾਬ ਦੇ ਰਾਹ 'ਤੇ ਆਪਣੀ ਅਡੋਲਚਿੱਤ ਅਤੇ ਸਾਬਤਕਦਮ ਪੇਸ਼ਕਦਮੀ ਰਾਹੀਂ ਇਸਨੂੰ ਚਾਰ ਚੰਨ ਲਾਉਣ ਦਾ ਅਹਿਦ ਕਰੀਏ। 

ਇਨਕਲਾਬੀ ਪੰਜਾਬੀ ਰੰਗਮੰਚ ਦਿਹਾੜੇ 'ਤੇ


ਇਨਕਲਾਬੀ ਪੰਜਾਬੀ ਰੰਗਮੰਚ ਦਿਹਾੜੇ 'ਤੇ

ਗੁਰਸ਼ਰਨ ਸਿੰਘ ਦੀ ਸ਼ਾਨਾਂਮੱਤੀ ਰੰਗ-ਮੰਚ ਵਿਰਾਸਤ ਨੂੰ ਹੋਰ ਬੁਲੰਦ ਕਰਨ ਲਈ 
ਆਪਣੀ ਪ੍ਰਤੀਬੱਧਤਾ, ਨਿਹਚਾ ਅਤੇ ਜਜ਼ਬਿਆਂ ਨੂੰ ਸਾਣ 'ਤੇ ਲਾਓ
-ਨਵਜੋਤ ਸਿੰਘ
27 ਸਤੰਬਰ 2013 ਨੂੰ ਦੂਸਰਾ ''ਇਨਕਲਾਬੀ ਪੰਜਾਬੀ ਰੰਗ-ਮੰਚ'' ਦਿਹਾੜਾ ਹੈ। 27 ਸਤੰਬਰ 2011 ਨੂੰ ਇਨਕਲਾਬੀ ਪੰਜਾਬੀ ਰੰਗਮੰਚ ਲਹਿਰ ਦੇ ਮੋਢੀ ਉਸਰੱਈਏ ਅਤੇ ਇਸਦੇ ਸ਼ਾਹਸਵਾਰ ਗੁਰਸ਼ਰਨ ਸਿੰਘ ਇਸ ਫਾਨੀ ਸੰਸਾਰ ਤੋਂ ਤੁਰ ਗਏ ਸਨ। ਅਗਲੇ ਵਰ੍ਹੇ ਇਸ ਦਿਨ ਨੂੰ ਇਨਕਲਾਬੀ ਪੰਜਾਬੀ ਰੰਗ-ਮੰਚ ਨੂੰ ਸਮਰਪਤ ਨਾਟਕਕਾਰਾਂ, ਕਲਾਕਾਰਾਂ, ਸਾਹਿਤ-ਸਭਿਆਚਾਰ ਖੇਤਰ ਵਿੱਚ ਸਰਗਰਮ ਲੇਖਕਾਂ, ਬੁੱਧੀਜੀਵੀਆਂ ਅਤੇ ਜਨਤਕ-ਇਨਕਲਾਬੀ ਲਹਿਰ ਦੇ ਕਾਫਲਿਆਂ ਵੱਲੋਂ ''ਇਨਕਲਾਬੀ ਰੰਗ-ਮੰਚ ਦਿਹਾੜੇ'' ਵਜੋਂ ਮਨਾਇਆ ਗਿਆ ਸੀ ਅਤੇ ਭਵਿੱਖ ਵਿੱਚ ਨਾ ਸਿਰਫ ਆਏ ਵਰ੍ਹੇ ਇਹ ਦਿਹਾੜਾ ਮਨਾਉਣ ਦਾ, ਸਗੋਂ ਗੁਰਸ਼ਰਨ ਭਾਅ ਜੀ ਵੱਲੋਂ ਆਰੰਭੀ ਤੇ ਪਾਲੀ-ਪੋਸੀ ਇਨਕਲਾਬੀ ਪੰਜਾਬੀ ਰੰਗ-ਮੰਚ ਲਹਿਰ ਨੂੰ ਅੱਗੇ ਵਧਾਉਣ ਲਈ ਘਾਲਣਾ-ਘਾਲਣ ਦਾ ਅਹਿਦ ਲਿਆ ਗਿਆ ਸੀ। 

ਪੰਜਾਬੀ ਰੰਗ-ਮੰਚ ਦੇ ਇਤਿਹਾਸ ਵਿੱਚ ਬਹੁਤ ਸਾਰੇ ਇਨਕਲਾਬੀ, ਅਗਾਂਹਵਧੂ ਅਤੇ ਲੋਕ-ਪੱਖੀ ਰੰਗਕਰਮੀ ਹੋ ਗੁਜ਼ਰੇ ਹਨ, ਜਿਹਨਾਂ ਵੱਲੋਂ ਕਲਾ ਦੇ ਇਸ ਖੇਤਰ ਦੀ ਉਸਾਰੀ ਵਿੱਚ ਸ਼ਾਨਦਾਰ ਤੇ ਸਿਰਜਣਾਤਮਿਕ ਰੋਲ ਅਦਾ ਕੀਤਾ ਗਿਆ ਹੈ। ਉਹ ਸਾਰੇ ਸਾਡੀ ਪ੍ਰਸੰਸਾ ਤੇ ਸਲਾਮ ਦੇ ਹੱਕਦਾਰ ਹਨ। ਪਰ ਇਹ ਸਿਰਫ ਗੁਰਸ਼ਰਨ ਸਿੰਘ ਹੀ ਸਨ, ਜਿਹਨਾਂ ਵੱਲੋਂ ਇਨਕਲਾਬੀ ਪੰਜਾਬੀ ਰੰਗ-ਮੰਚ ਦੀ ਉਸਾਰੀ ਲਈ ਘਾਲੀ ਗਈ ਅਣਥੱਕ ਤੇ ਜਹਾਦੀ ਘਾਲਣਾ ਰਾਹੀਂ ਅਜਿਹੀ ਲਟ ਲਟ ਬਲ਼ਦੀ ਇਨਕਲਾਬੀ ਨਿਹਚਾ, ਪ੍ਰਤੀਬੱਧਤਾ, ਸਮਰਪਣ ਭਾਵਨਾ ਅਤੇ ਰੰਗ-ਮੰਚ ਸੂਝ ਦੇ ਮੁਜ਼ੱਸਮਾ ਹੋਣ ਦਾ ਸੂਬਤ ਦਿੱਤਾ ਗਿਆ ਹੈ- ਜਿਸ ਕਰਕੇ ਉਨ੍ਹਾਂ ਦੀ ਬਰਸੀ ਨੂੰ ਇਨਕਲਾਬੀ ਪੰਜਾਬੀ ਰੰਗ-ਮੰਚ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੀ ਇਸੇ ਹੈਸੀਅਤ ਨੂੰ ਸਲਾਮ ਕਰਨ ਲਈ 11 ਜਨਵਰੀ 2006 ਨੂੰ ਪਿੰਡ ਕੁੱਸਾ ਵਿਖੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵੱਲੋਂ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਨਿਵਾਜਿਆ ਗਿਆ ਸੀ। 

ਉਹ ਨਾ ਰੰਗ-ਮੰਚ ਕਲਾ ਦੀ ਗੁੜ੍ਹਤੀ ਲੈ ਕੇ ਜੰਮੇ ਸਨ ਅਤੇ ਨਾ ਹੀ ਰੰਗ-ਮੰਚ ਦੀ ਸਿੱਖਿਆ-ਸਿਖਲਾਈ ਲੈਂਦਿਆਂ ਜਵਾਨ ਹੋਏ ਸਨ। ਹਾਂ- ਉਹ ਅਲ੍ਹੜ ਉਮਰੇ (15-16 ਸਾਲ) ਹੀ ਕਮਿਊਨਿਸਟ ਲਹਿਰ ਨਾਲ ਜੁੜ ਗਏ ਸਨ ਅਤੇ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠਲੀ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਪ੍ਰਭਾਵ ਹੇਠ ਆ ਗਏ ਸਨ। ਪਰ ਜਦੋਂ 1952 ਵਿੱਚ ਹਿੰਦ ਕਮਿਊਨਿਸਟ ਪਾਰਟੀ ਵੱਲੋਂ ਮੁਲਕ ਦੀ ਨਕਲੀ ਆਜ਼ਾਦੀ ਨੂੰ ਖਰੀ ਆਜ਼ਾਦੀ ਅਤੇ ਨਹਿਰੂ ਹਕੂਮਤ ਨੂੰ ਖਰੀ ਕੌਮੀ ਹਕੂਮਤ ਪ੍ਰਵਾਨ ਕਰਦਿਆਂ, ਇਸ ਨੂੰ ਪੱਕੇ ਪੈਰੀਂ ਕਰਨ ਦਾ ਕਾਰਜ ਕੱਢ ਲਿਆ ਗਿਆ ਅਤੇ ਪਿਛਾਖੜੀ ਪਾਰਲੀਮਾਨੀ ਸਿਆਸੀ ਰਾਹ ਅਖਤਿਆਰ ਕਰਦਿਆਂ, ਇਨਕਲਾਬੀ ਸਮਾਜਿਕ ਤਬਦੀਲੀ ਦਾ ਰਾਹ ਤਿਆਗ ਦਿੱਤਾ ਗਿਆ ਤਾਂ ਇਸਦੇ ਨਾਲ ਹੀ ਇਪਟਾ ਵੱਲੋਂ ਵੀ ਸੁਧਾਰਵਾਦੀ ਦਿਸ਼ਾ ਅਪਣਾ ਲਈ ਗਈ। ਗੁਰਸ਼ਰਨ ਸਿੰਘ ਦੇ ਆਪਣੇ ਸ਼ਬਦਾਂ ਵਿੱਚ, ''ਮੈਂ 1952-53 ਦੀਆਂ ਗੱਲਾਂ ਕਰ ਰਿਹਾ ਹਾਂ। ਜਦੋਂ ਬੀ.ਟੀ. ਰੰਧੀਵੇ ਦਾ ਦੌਰ ਗੁਜ਼ਰ ਗਿਆ ਤਾਂ ਕਮਿਊਨਿਸਟ ਪਾਰਟੀ ਦੀ ਭਾਰੂ ਲੀਡਰਸ਼ਿੱਪ ਦਾ ਜਵਾਹਰ ਲਾਲ ਨਹਿਰੂ ਨਾਲ ਤਾਂ ਜਿਵੇਂ ਰੌਲਾ ਹੀ ਮੁੱਕ ਗਿਆ ਸੀ.... ਤਾਂ ਇਪਟਾ ਦਾ ਮੰਚ 'ਜੋਰੀ ਮੰਗੇ ਦਾਨ ਵੇ ਲਾਲੋ' ਦੀ ਥਾਂ ਇਸਤਰੀ ਸਾਖਰਤਾ 'ਤੇ ਕੇਂਦਰਤ ਹੋ ਰਿਹਾ ਸੀ.... ਮੈਂ ਇਪਟਾ ਦੀ ਸਟੇਜ 'ਤੇ ਵਾਪਰੀ ਇਸ ਤਬਦੀਲੀ ਨੂੰ ਸਮਝਣ ਦੀ ਗੱਲ ਕਰ ਰਿਹਾ ਹਾਂ...।'' ਉਹਨਾਂ ਦੇ ਕਹਿਣ ਦਾ ਮਤਲਬ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੱਲਦੀ ਇਪਟਾ ਵੱਲੋਂ ''ਸਮਾਜਿਕ ਤਬਦੀਲੀ ਦਾ ਸੰਦੇਸ਼'' ਦੇਣ ਦੀ ਥਾਂ ਸੁਧਾਰਵਾਦੀ ਰਾਹ ਅਖਤਿਆਰ ਕਰ ਲਿਆ ਗਿਆ ਸੀ। ਇੱਥੋਂ ਹੀ ਗੁਰਸ਼ਰਨ ਸਿੰਘ ਦੇ ਮਨ ਅੰਦਰ ਅਜਿਹੀ ਰੰਗਮੰਚ ਦੀ ਧਾਰਾ ਤੇ ਸ਼ੈਲੀ ਦਾ ਝੰਡਾ ਚੁੱਕਣ ਦੀ ਭਾਵਨਾ ਨੇ ਉੱਸਲਵੱਟਾ ਲਿਆ ਅਤੇ ਇਸ ਰਾਹ 'ਤੇ ਤੁਰਨ ਦਾ ਸੁਚੇਤ ਫੁਰਨਾ ਫੁਰਿਆ। ਅਗਲੇ ਵਰ੍ਹਿਆਂ ਵਿੱਚ ਇਹੀ ਲਟ ਲਟ ਬਲ਼ਦੀ ਭਾਵਨਾ ਉਸਦੀ ਇਨਕਲਾਬੀ ਰੰਗ-ਮੰਚ ਲਈ ਕੀਤੀ ਸਿਰਜਣਾਤਮਿਕ ਸਾਧਨਾ ਦੀ ਚਾਲਕ-ਸ਼ਕਤੀ ਬਣੀ ਹੈ ਅਤੇ ਇਹੀ ਵਿਚਾਰ-ਫੁਰਨਾ ਇਸ ਸਾਧਨਾ-ਸਫਰ ਦੇ ਨਕਸ਼ੇ-ਕਦਮਾਂ ਦਾ ਧਰੂ ਬਣਿਆ ਹੈ। ਇਸ ਫੁਰਨੇ ਨੂੰ ਸਾਕਾਰ ਕਰਨ ਲਈ ਜਿਉਂ ਹੀ ਉਹਨਾਂ ਚੰਗੀ ਤਰ੍ਹਾਂ ਸੋਚਿਆ ਸਮਝਿਆ ਫੈਸਲਾ ਲੈ ਕੇ ਰੰਗਮੰਚ ਦੇ ਰਾਹ 'ਤੇ ਪੈਰ ਧਰਿਆ ਤਾਂ ਉਹਨਾਂ ਅੰਦਰੋਂ ਰੰਗਮੰਚ ਦਾ ਇੱਕ ਚਸ਼ਮਾ ਫੁੱਟ ਤੁਰਿਆ। 

ਅਗਲੇ ਦਹਾਕਿਆਂ ਵਿੱਚ ਰੰਗਮੰਚ ਦਾ ਉਹਨਾਂ ਅੰਦਰੋਂ ਫੁੱਟਿਆ ਮੁਢਲਾ ਚਸ਼ਮਾ ਜਿਵੇਂ ਸਭਨਾਂ ਰੋਕਾਂ-ਰੁਕਾਵਟਾਂ ਅਤੇ ਅੜਿੱਕਿਆਂ ਨੂੰ ਸਰ ਕਰਦਾ ਹੋਇਆ, ਸ਼ੂਕਦੀ ਅਤੇ ਗਰਜਦੀ ਇਨਕਲਾਬੀ ਪੰਜਾਬੀ ਰੰਗ-ਮੰਚ ਦੀ ਧਾਰਾ ਦੀ ਸ਼ਕਲ ਅਖਤਿਆਰ ਕਰਨ ਵੱਲ ਵਧਿਆ ਹੈ, ਇਸਨੇ ਗੁਰਸ਼ਰਨ ਭਾਅ ਜੀ ਵੱਲੋਂ ਕੀਤੀ ਚੋਣ ਦੇ ਢੁਕਵੀਂ ਤੇ ਦਰੁਸਤ ਹੋਣ 'ਤੇ ਮੋਹਰ ਲਾਈ ਹੈ। ਰੰਗਮੰਚ ਅਤੇ ਗੀਤ-ਸੰਗੀਤ ਕਲਾ ਖੇਤਰ ਦੀਆਂ ਅਜਿਹੀਆਂ ਕਲਾ-ਵੰਨਗੀਆਂ ਹਨ, ਜਿਹੜੀਆਂ ਲੋਕ-ਮਨਾਂ 'ਤੇ ਛਾਪ ਛੱਡਣ ਪੱਖੋਂ ਬਾਕੀ ਸਭਨਾਂ ਕਲਾ-ਵੰਨਗੀਆਂ (ਨਾਵਲ, ਕਹਾਣੀ, ਨਾਚ, ਪੇਂਟਿੰਗ, ਬੁੱਤਤਰਾਸ਼ੀ,ਫੋਟੋਗਰਾਫ਼ੀ ਵਗੈਰਾ) ਨਾਲੋਂ ਮੁਕਾਬਲਤਨ ਕਿਤੇ ਵਧੇਰੇ ਪ੍ਰਭਾਵਸ਼ਾਲੀ ਹਨ। ਇਹ ਦੋਵੇਂ (ਦੇਖਣ-ਸੁਣਨ) ਦੀਆਂ ਕਲਾ-ਵੰਨਗੀਆਂ  ਹੋਣ ਕਰਕੇ ਕਲਾਕਾਰਾਂ ਤੇ ਲੋਕਾਂ ਦਰਮਿਆਨ ਸਿੱਧੇ ਤੇ ਨੇੜਲੇ ਸੰਵਾਦ ਦਾ ਮਾਧਿਅਮ ਬਣਦੀਆਂ ਹਨ। ਇਹ ਦੋਵੇਂ ਸਾਧਾਰਨ ਜਨਤਾ ਦੀ ਸਭਿਆਚਾਰਕ ਜ਼ਿੰਦਗੀ ਦਾ ਸੁਭਾਵਿਕ ਤੇ ਸੁਧੇਸਿੱਧ ਅੰਗ ਹਨ। ਜਿਵੇਂ ਖੁਸ਼ੀਆਂ, ਗ਼ਮੀਆਂ, ਵਿਆਹ-ਸ਼ਾਦੀਆਂ ਅਤੇ ਤਿੱਥ-ਤਿਉਹਾਰਾਂ ਦੇ ਮੌਕਿਆਂ 'ਤੇ ਲੋਕਾਂ ਵੱਲੋਂ ਇਹ ਦੋਵੇਂ ਸ਼ਕਲਾਂ ਨਾਲੋਂ ਮਾੜੇ ਮੋਟੇ ਫਰਕਾਂ ਵਾਲੀਆਂ, ਇਹਨਾਂ ਨਾਲ ਮੇਲ ਖਾਂਦੀਆਂ ਸ਼ਕਲਾਂ ਜਾਂ ਇਹਨਾਂ ਦੋਵਾਂ ਦੇ ਸੁਮੇਲ ਵਿੱਚੋਂ ਨਿਕਲੀਆਂ ਸ਼ਕਲਾਂ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਇਸੇ ਕਰਕੇ, ਇਹ ਕਲਾ-ਵੰਨਗੀਆਂ, ਕਲਾਕਾਰਾਂ ਅਤੇ ਜਨ-ਸਾਧਾਰਨ ਸਰੋਤਿਆਂ ਦਰਮਿਆਨ ਸੰਵਾਦ ਰਚਾਉਣ ਦਾ ਜ਼ਰੀਆ ਬਣਦੇ ਪੁਲ ਦਾ ਕੰਮ ਕਰਦੀਆਂ ਹਨ। 

ਗੁਰਸ਼ਰਨ ਸਿੰਘ ਵੱਲੋਂ ਰੰਗਮੰਚ ਦੀ ਮਿਹਨਤਕਸ਼ ਲੋਕ-ਮਨਾਂ ਦੇ ਬੂਹਿਆਂ 'ਤੇ ਦਸਤਕ ਦੇਣ ਲਈ ਸਿਰਫ ਚੋਣ ਹੀ ਨਹੀਂ ਕੀਤੀ ਗਈ। ਉਹਨਾਂ ਵੱਲੋਂ ਇਸ ਕਲਾ-ਵੰਨਗੀ ਨੂੰ ਜਨ-ਸਾਧਾਰਨ ਦੀ ਤਰਜ਼ੇ-ਜ਼ਿੰਦਗੀ, ਯਾਨੀ ਬੋਲ-ਚਾਲ, ਮੁਹਾਵਰੇ, ਰਹਿਣ-ਸਹਿਣ ਅਤੇ ਸਮਾਜਿਕ-ਸਭਿਆਚਾਰਕ ਮਾਹੌਲ ਮੁਤਾਬਕ ਢਾਲਣ ਲਈ ਕਠਿਨ ਜੱਦੋਜਹਿਦ ਕੀਤੀ ਗਈ ਹੈ ਤਾਂ ਕਿ ਇਹ ਮਾਧਿਅਮ ਲੋਕ-ਮਨਾਂ ਵਿੱਚ ਖੌਰੂ ਪਾ ਰਹੀਆਂ ਸਮੱਸਿਆਵਾਂ, ਅਣਪੂਰੀਆਂ ਆਸਾਂ, ਉਮੰਗਾਂ ਤੇ ਸਧਰਾਂ ਦੇ ਜ਼ੋਰਦਾਰ ਪ੍ਰਗਟਾਅ, ਸਮੱਸਿਆਵਾਂ ਦੇ ਹੱਲ ਜਾਂ ਅਣ-ਪੂਰੀਆਂ ਆਸਾਂ, ਉਮੰਗਾਂ ਤੇ ਸਧਰਾਂ ਦੀ ਪੂਰਤੀ ਲਈ ਰਾਹ ਦੇ ਉੱਘੜਵੇਂ ਪੈਗਾਮ ਵੱਲੋਂ ਉਹਨਾਂ ਦੀ ਸੁਰਤੀ ਨੂੰ ਟੁੰਬਣ-ਝੰਜੋੜਨ ਅਤੇ ਸੋਚ-ਤਰੰਗਾਂ ਛੇੜਨ ਦਾ ਪ੍ਰਭਾਵਸ਼ਾਲੀ ਸਾਧਨ ਬਣ ਸਕੇ। ਇਸ ਕਾਰਜ ਨੂੰ ਹੱਥ ਪਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕਿਸੇ ਸਿਆਸੀ ਖੇਤਰ ਜਾਂ ਸਾਹਿਤ, ਕਲਾ ਆਦਿ ਖੇਤਰ ਦੀ ਹਾਂ-ਪੱਖੀ/ਲੋਕ-ਪੱਖੀ ਵਿਰਾਸਤ ਨੂੰ ਲੈ ਕੇ ਤੁਰਨਾ, ਇਸਨੂੰ ਬਰਕਰਾਰ ਰੱਖਣ ਲਈ ਇਸ 'ਤੇ ਆਪਣੀ ਕਥਨੀ ਤੇ ਕਰਨੀ ਰਾਹੀਂ ਪਹਿਰਾ ਦੇਣਾ ਅਤੇ ਕਿਸੇ ਹੱਦ ਤੱਕ ਇਹਦਾ ਮੁੰਹ-ਮੱਥਾ ਸੰਵਾਰਨਾ ਨਿਖਾਰਨਾ ਵੀ ਚਾਹੇ ਕੋਈ ਸੁਖਾਲਾ ਕੰਮ ਨਹੀਂ ਹੁੰਦਾ, ਇਸ ਲਈ ਵੀ ਨਿਹਚਾ, ਧੁਨ ਤੇ ਸਮਰਪਣ ਭਾਵਨਾ ਦੀ ਲੋੜ ਹੁੰਦੀ ਹੈ। ਪਰ ਅਜਿਹੀ ਕਿਸੇ ਵੰਨਗੀ ਦੀ ਵਿਰਾਸਤ ਨੂੰ ਇੱਕ ਚੰਗਿਆੜੀ ਤੋਂ ਲਟ ਲਟ ਬਲਦੀ ਲਾਟ ਵਿੱਚ ਬਦਲਣਾ ਤੇ ਇੱਕ ਤੰਗ ਘਾਟੀ ਵਿੱਚ ਵਹਿੰਦੇ ਚਸ਼ਮੇ ਤੋਂ ਸ਼ੂਕਦੀ ਤੇ ਗਰਜਦੀ ਧਾਰਾ ਵਿੱਚ ਬਦਲਣ ਦਾ ਕਰਮ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਜਾਂ ਚੋਣਵੇਂ ਵਿਅਕਤੀਆਂ ਦੇ ਹੀ ਹਿੱਸੇ ਆਉਂਦਾ ਹੈ। ਉਹਨਾਂ ਵਿਅਕਤੀਆਂ 'ਚੋਂ ਇੱਕ ਸਿਰਕੱਢਵਾਂ ਵਿਅਕਤੀ ਗੁਰਸ਼ਰਨ ਸਿੰਘ ਸਨ, ਜਿਹਨਾਂ ਪੰਜਾਬੀ ਰੰਗਮੰਚ ਨੂੰ ਯੂਨੀਵਰਸਿਟੀਆਂ, ਕਾਲਜਾਂ ਅਤੇ ਸ਼ਹਿਰੀ ਥੀਏਟਰਾਂ ਦੇ ਤੰਗ ਤੇ ਸੀਮਤ ਦਾਇਰੇ 'ਚੋਂ ਕੱਢਣ ਲਈ ਪੰਜਾਬ ਦੇ ਪੇਂਡੂ ਲੁੱਟੇ-ਪੁੱਟੇ, ਦੱਬੇ-ਕੁਚਲੇ ਮਿਹਨਤਕਸ਼ ਲੋਕਾਂ ਦੇ ਵਿਹੜਿਆਂ ਤੱਕ ਪਹੁੰਚਣ ਲਈ ਪਰਵਾਜ਼ ਮੁਹੱਈਆ ਕੀਤੀ। ਜਿਹਨਾਂ ਪਿੰਡਾਂ ਦੀਆਂ ਸੱਥਾਂ, ਧਰਮਸ਼ਾਲਾਵਾਂ ਅਤੇ ਮੇਲਿਆਂ-ਤਿਓਹਾਰਾਂ ਵਿੱਚ ਕਦੇ ਲੱਗਦੇ ਰਵਾਇਤੀ ਗੌਣ-ਅਖਾੜਿਆਂ ਵੱਲ ਉਮੜਦੇ ਪੇਂਡੂ ਲੋਕਾਂ ਨੂੰ ਅਜਿਹੇ ਇਨਕਲਾਬੀ ਰੰਗਮੰਚ ਦਾ ਬਦਲ ਪੇਸ਼ ਕੀਤਾ ਕਿ ਉਹਨਾਂ ਪਿੰਡਾਂ ਦੀਆਂ ਸੱਥਾਂ-ਗਲੀਆਂ 'ਚ ਲੋਕਾਂ ਦੇ ਕਾਫਲੇ ਗੁਰਸ਼ਰਨ ਸਿੰਘ ਦੇ ਨਾਟਕ-ਅਖਾੜਿਆਂ ਵੱਲ ਉਮੜਦੇ ਦੇਖੇ ਗਏ। 

ਇਹ ਕੰਮ ਦਗ਼ਦੀ ਭਾਵਨਾ, ਨਿਹਚਾ ਤੇ ਸਿਰੜ ਦੀ ਮੰਗ ਕਰਦਾ ਸੀ। ਉਹਨਾਂ ਵੱਲੋਂ ਪੰਜਾਬੀ ਰੰਗਮੰਚ ਨੂੰ ਇਨਕਲਾਬੀ ਧਾਰ ਅਤੇ ਮੂੰਹ-ਮੁਹਾਂਦਰਾ ਮੁਹੱਈਆ ਕਰਨ ਲਈ ਸਖਤ ਜਾਨ ਘਾਲਣਾ ਘਾਲੀ ਗਈ। ਉਹਨਾਂ ਵੱਲੋਂ ਉਸ ਵਕਤ ਪ੍ਰਚੱਲਤ ਨਾਟਕਾਂ ਵਿੱਚ ਪ੍ਰਚੱਲਤ ਵਿਸ਼ਾ-ਵਸਤੂ, ਤਕਨੀਕ, ਬੋਲੀ-ਸ਼ੈਲੀ ਅਤੇ ਪੈਗਾਮ ਦੀ ਪੇਸ਼ਕਾਰੀ ਪੱਖਾਂ ਤੋਂ ਉਸ ਮੌਕੇ ਦੇ ਬਹੁਤੇ ਨਾਟਕਕਾਰਾਂ ਤੇ ਬੁੱਧੀਜੀਵੀ ਹਲਕਿਆਂ ਵੱਲੋਂ ਅਣਕਿਆਸੀਆਂ ਤੇ ਵੱਡੀਆਂ ਤਬਦੀਲੀਆਂ ਕਰਨ ਦਾ ਰੁਖ ਅਖਤਿਆਰ ਕੀਤਾ ਗਿਆ। ਉਹਨਾਂ ਵੱਲੋਂ ਉਦੋਂ ਖੇਡੇ ਤੇ ਲਿਖੇ ਜਾਂਦੇ ਨਾਟਕਾਂ ਵਿੱਚ ਬਹੁਤਾ ਕਰਕੇ ਸਮਾਜਿਕ-ਸਭਿਆਚਾਰਕ ਖੇਤਰ ਦੇ ਵਿਸ਼ਿਆਂ ਤੋਂ ਅੱਗੇ ਪੁਲਾਂਘ ਪੁੱਟਦਿਆਂ, ਆਰਥਿਕ, ਸਿਆਸੀ, ਸਮਾਜਿਕ, ਸਭਿਆਚਾਰਕ ਸਭ ਖੇਤਰਾਂ ਨਾਲ ਸਬੰਧਤ ਵਿਸ਼ਿਆਂ ਨੂੰ ਕਲਾਵੇ ਵਿੱਚ ਲਿਆ ਗਿਆ। ਪੜ੍ਹੇ-ਲਿਖੇ ਮੱਧ-ਵਰਗ ਨਾਲ ਸਬੰਧਤ ਵਿਸ਼ਿਆਂ ਦੀ ਬਜਾਇ, ਪੇਂਡੂ ਮਿਹਨਤਕਸ਼ ਲੋਕਾਂ- ਖੇਤ ਮਜ਼ਦੂਰਾਂ, ਕਿਸਾਨਾਂ ਔਰਤਾਂ ਅਤੇ ਹੋਰਨਾਂ ਕਮਾਊ ਤਬਕਿਆਂ ਦੀ ਜ਼ਿੰਦਗੀ ਨਾਲ ਸਬੰਧਤ ਵਿਸ਼ਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ। ਕਮਾਊ ਲੋਕਾਂ ਦੀ ਆਰਥਿਕ ਖੋਹ-ਖਿੰਝ, ਰਵਾਇਤੀ ਸਿਆਸਤਦਾਨਾਂ ਦੇ ਲੋਕ-ਦੁਸ਼ਮਣ ਕਿਰਦਾਰ, ਪਿਛਾਂਹਖਿੱਚੂ ਰੂੜੀਵਾਦੀ ਕਦਰਾਂ-ਕੀਮਤਾਂ ਜਾਗੀਰੂ-ਪਿਤਾ ਪੁਰਖੀ ਅਤੇ ਔਰਤ ਵਿਰੋਧ ਰੀਤੀ-ਰਿਵਾਜਾਂ ਅਤੇ ਮਾਨਸਿਕਤਾ, ਫਿਰਕਾਪ੍ਰਸਤੀ ਅਤੇ ਮੱਧਯੁੱਗੀ ਜਾਤ-ਪਾਤੀ ਪ੍ਰਬੰਧ ਵਿਰੁੱਧ ਸੇਧਤ ਅਨੇਕਾਂ ਨਾਟਕ ਲਿਖੇ ਗਏ ਅਤੇ ਖੇਡੇ ਗਏ। ਪਿਛਾਖੜੀ ਰਾਜਭਾਗ 'ਤੇ ਕਾਬਜ਼ ਜਮਾਤਾਂ ਦੇ ਨੁਮਾਇੰਦਾ ਮੌਕਾਪ੍ਰਸਤ ਸਿਆਸੀ ਟੋਲਿਆਂ ਦੀ ਕਮਾਊ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀ ਧੋਖੇਬਾਜ਼ ਸਿਆਸਤ, ਅਤੇ ਪਾੜਨ-ਵੰਡਣ ਦੀ ਫਿਰਕੂ ਸਿਆਸਤ ਦੇ ਬੇਖੌਫ਼ ਬਖੀਏ ਉਧੇੜਦੇ ਨਾਟਕ ਖੇਡੇ ਗਏ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਦੋਵਾਂ ਕਿਸਮਾਂ ਦੀਆਂ ਦਹਿਸ਼ਤਗਰਦੀਆਂ ਖਿਲਾਫ ਬੋਲਣ, ਨਾਟਕ ਲਿਖਣ ਅਤੇ ਖੇਡਣ ਦਾ ਸਫਰ ਪੂਰੀ ਨਿੱਡਰਤਾ ਤੇ ਧੜੱਲੇ ਨਾਲ ਜਾਰੀ ਰੱਖਿਆ ਗਿਆ। 

ਇਹਨਾਂ ਵਿਸ਼ਿਆਂ 'ਤੇ ਲਿਖੇ ਤੇ ਖੇਡੇ ਨਾਟਕਾਂ ਵਿੱਚ ਪਿਛਾਖੜੀ ਨਿਜ਼ਾਮ ਦੀਆਂ ਲੋਕ-ਦੁਸ਼ਮਣ ਅਲਾਮਤਾਂ ਅਤੇ ਇਹਨਾਂ ਦੀਆਂ ਜੁੰਮੇਵਾਰ ਤਾਕਤਾਂ ਦੀ ਮਹਿਜ ਬਾਹਰਮੁਖੀ ਪੇਸ਼ਕਾਰੀ ਅਤੇ ਪਾਜ-ਉਘੜਾਈ ਹੀ ਨਹੀਂ ਕੀਤੀ ਗਈ, ਸਗੋਂ ਇਸ ਨਿਜ਼ਾਮ ਦੀਆਂ ਹਿਤੈਸ਼ੀ ਤਾਕਤਾਂ (ਰਾਜ-ਭਾਗ, ਮੌਕਾਪ੍ਰਸਤ ਸਿਆਸੀ ਟੋਲੇ, ਅਫਸਰਸ਼ਾਹੀ, ਫਿਰਕੂ ਜਨੂੰਨੀ, ਧਾਰਮਿਕ ਘੜੰਮ ਚੌਧਰੀਆਂ ਵਗੈਰਾ) ਨਾਲ ਮਜਲੂਮ ਜਨਤਾ ਦੇ ਬੁਨਿਆਦੀ ਅਤੇ ਸਮਝੌਤਾ ਰਹਿਤ ਟਕਰਾਅ ਨੂੰ ਉਭਾਰਿਆ ਗਿਆ ਹੈ ਅਤੇ ਇਸ ਭੇੜ ਅੰਦਰ ਇਸਨੂੰ ਇਨਕਲਾਬੀ ਰੁਖ ਅੱਗੇ ਵਧਾ ਰਹੀਆਂ ਤਾਕਤਾਂ ਦੀ ਮੌਜੂਦਗੀ ਜਾਂ ਅਜਿਹੀਆਂ ਤਾਕਤਾਂ ਦੀ ਲਾਜ਼ਮੀ ਲੋੜ ਨੂੰ ਜ਼ੋਰ ਨਾਲ ਉਭਾਰਿਆ ਗਿਆ ਹੈ। 

ਇਸ ਮੰਤਵ ਵਾਸਤੇ ਉਹਨਾਂ ਵੱਲੋਂ ਪੰਜਾਬ ਦੇ ਇਤਿਹਾਸਕ ਵਿਰਸੇ ਦੇ ਹਾਂਦਰੂ ਪੱਖਾਂ ਨੂੰ ਵਰਤਮਾਨ ਪ੍ਰਸੰਗ ਨੂੰ ਮੂਹਰੇ ਰੱਖਦੇ ਹੋਏ ਆਪਣੀ ਨਾਟਕੀ ਪੇਸ਼ਕਾਰੀ ਦੇ ਵਿਸ਼ੇ ਬਣਾਇਆ ਗਿਆ। ਵਰਤਮਾਨ ਸਮਾਜ ਨੇ ਬੀਤੇ 'ਚੋਂ ਵਜੂਦ ਧਾਰਿਆ ਹੈ। ਬੀਤੇ ਦੀਆਂ ਕਈ ਹਾਂ-ਪੱਖੀ ਤੇ ਨਰੋਈਆਂ ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ, ਸੰਗਰਾਮੀ ਅਤੇ ਲੋਕ-ਹਿਤੈਸ਼ੀ ਪਿਰਤਾਂ ਨੂੰ ਮੌਜੂਦਾ ਜਾਬਰ ਹਾਕਮਾਂ ਵੱਲੋਂ ਪਿਛਾਖੜੀ ਵਿਚਾਰਧਾਰਕ-ਸਭਿਆਚਾਰਕ ਹਮਲੇ ਰਾਹੀਂ ਖਾਰਜ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਮਿਹਨਤਕਸ਼ ਲੋਕਾਂ ਦੇ ਮਨਾਂ 'ਚੋਂ ਉੱਕਾ ਹੀ ਖਾਰਜ ਨਹੀਂ ਹੁੰਦੀਆਂ, ਪਰ ਇਸ ਹਮਲੇ ਦੇ ਗਰਦੋ-ਗੁਬਾਰ ਥੱਲੇ ਦੱਬ ਕੇ ਅਹਿੱਲ ਪਈਆਂ ਰਹਿੰਦੀਆਂ ਹਨ। ਇਹਨਾਂ ਨੂੰ ਆਰ ਲਾਉਣਾ, ਟੁੰਬਣਾ, ਹਲੂਣਨਾ ਅਤੇ ਜਗਾਉਣਾ ਅਤੇ ਵਰਤਮਾਨ ਅੰਦਰ ਜਾਬਰ ਹਾਕਮਾਂ ਖਿਲਾਫ ਉੱਠ ਰਹੀਆਂ ਦੱਬੀਆਂ-ਲਤਾੜੀਆਂ ਜਮਾਤਾਂ ਦੇ ਵਿਚਾਰਧਾਰਕ, ਸਿਆਸੀ ਅਤੇ ਨੈਤਿਕ ਪ੍ਰੇਰਨਾ ਸਰੋਤਾਂ ਵਜੋਂ ਉਭਾਰਨਾ ਅਗਾਂਹਵਧੂ ਅਤੇ ਇਨਕਲਾਬੀ ਸਾਹਿਤ-ਸਭਿਆਚਾਰਕ ਕਿਰਤਾਂ ਦਾ ਇੱਕ ਬਹੁਤ ਹੀ ਅਹਿਮ ਕਾਰਜ ਹੁੰਦਾ ਹੈ। ਗੁਰਸ਼ਰਨ ਸਿੰਘ ਵਲੋਂ ਇਤਿਹਾਸ ਦੇ ਪੰਨਿਆਂ 'ਚੋਂ ਹਾਂਦਰੂ ਅਤੇ ਉਸਾਰੀ ਅੰਸ਼ਾਂ ਨੂੰ ਆਪਣੇ ਨਾਟਕਾਂ ਦੇ ਵਿਸ਼ੇ ਬਣਾਉਂਦਿਆਂ, ਇਸ ਕਾਰਜ ਨੂੰ ਬਾਖੂਬੀ ਨਿਭਾਉਣ ਲਈ ਜ਼ੋਰਦਾਰ ਹੰਭਲਾ ਮਾਰਿਆ ਗਿਆ ਹੈ। ਇਸ ਹੰਭਲੇ ਵਿੱਚ ''ਕਿਵ ਕੂੜੇ ਤੁਟੈ ਪਾਲ'', ''ਧਮਕ ਨਗਾਰੇ ਦੀ'', ''ਚਾਂਦਨੀ ਚੌਕ ਤੋਂ ਸਰਹਿੰਦ ਤੱਕ'' ਦਾ ਉੱਭਰਵਾਂ ਜ਼ਿਕਰ ਕੀਤਾ ਜਾ ਸਕਦਾ ਹੈ। 
ਇਉਂ, ਉਹਨਾਂ ਵੱਲੋਂ ਆਪਣੀਆਂ ਇਹਨਾਂ ਪੇਸ਼ਕਾਰੀਆਂ ਰਾਹੀਂ ਇਤਿਹਾਸ ਦੇ ਸ਼ਾਨਦਾਰ ਵਿਰਾਸਤੀ ਪੱਖਾਂ ਨੂੰ ਉਭਾਰਿਆ, ਇਹਨਾਂ 'ਤੇ ਮਜ਼ਲੂਮ ਜਮਾਤਾਂ ਦੀ ਦਾਅਵਾ ਜਤਲਾਈ ਦੇ ਹੱਕ ਨੂੰ ਉਘਾੜਿਆ ਅਤੇ ਇਹਨਾਂ ਦੇ ਵਰਤਮਾਨ ਅੰਦਰ ਪ੍ਰਸੰਗਕਤਾ ਨੂੰ ਉਜਾਗਰ ਕੀਤਾ ਗਿਆ। 

ਵਿਸ਼ੇ ਦੀ ਚੋਣ ਤੋਂ ਬਾਅਦ, ਅਕਾਦਮਿਕ ਬੋਲੀ ਤੇ ਮੁਹਾਵਰੇਬਾਜ਼ੀ ਨੂੰ ਵਰਤਣ ਤੋਂ ਸੁਚੇਤ ਗੁਰੇਜ ਕਰਦਿਆਂ, ਉਹਨਾਂ ਵੱਲੋਂ ਨਾਟਕਾਂ ਨੂੰ ਪੇਂਡੂ ਕਮਾਊ ਲੋਕਾਂ ਦੀ ਬੇਬਾਕ, ਤਲਖ, ਉੱਚੀ ਸੁਰ, ਗਰਜ਼ਵੀਂ ਬੋਲ-ਚਾਲ, ਮੁਹਾਵਰੇ ਅਤੇ ਸਿੱਧੀ-ਸਾਦੀ ਜੀਵਨ-ਸ਼ੈਲੀ ਮੁਤਾਬਿਕ ਢਾਲਿਆ ਤਾਂ ਕਿ ਉਹ ਲੋਕ ਨਾਟਕ ਦੇ ਵਿਸ਼ਾ-ਵਸਤੂ ਅਤੇ ਕਹਾਣੀ ਦੇ ਅਰਥਾਂ ਨੂੰ ਗ੍ਰਹਿਣ ਕਰ ਸਕਣ ਅਤੇ ਇਸ 'ਚੋਂ ਆਪਣੀ ਅਸਲੀ ਜ਼ਿੰਦਗੀ ਦੇ ਅਕਸ ਦੀ ਪਛਾਣ ਕਰ ਸਕਣ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅਜਿਹੇ ਨਾਟਕਾਂ ਅੰਦਰ ਲੋਕ-ਦੁਸ਼ਮਣ ਤਾਕਤਾਂ ਖਿਲਾਫ ਸਮਝੌਤਾ ਰਹਿਤ ਅਤੇ ਤਿੱਖੇ ਭੇੜ ਦੀ ਪੇਸ਼ਕਾਰੀ ਦੋਸਤਾਨਾ ਲਹਿਜੇ ਵਾਲੀ ਨਰਮ, ਅਤੇ ਨੀਵੀਂ-ਸੁਰ ਵਾਲੀ ਬੋਲੀ-ਸ਼ੈਲੀ ਰਾਹੀਂ ਨਹੀਂ ਹੋ ਸਕਦੀ। ਨਾ ਹੀ ਇਹੋ ਜਿਹੀ ਬੋਲੀ-ਸ਼ੈਲੀ ਸਦੀਆਂ ਤੋਂ ਲੁੱਟ ਅਤੇ ਦਾਬੇ ਖਿਲਾਫ ਕਮਾਊ ਲੋਕਾਂ ਅੰਦਰ ਜਮ੍ਹਾਂ ਹੋ ਰਹੀ ਨਫਰਤ, ਬੇਚੈਨੀ, ਤਲਖੀ ਅਤੇ ਰੋਹ ਦਾ ਢੁਕਵਾਂ ਤੇ ਸਹੀ ਇਜ਼ਹਾਰ ਬਣ ਸਕਦੀ ਹੈ। 

ਨਾਟਕੀ ਰੂਪ ਤੋਂ ਅੱਗੇ ਇਸਦੀ ਸਟੇਜੀ ਪੇਸ਼ਕਾਰੀ ਦੀ ਕਮਾਊ ਜਨ-ਸਾਧਾਰਨ ਨੂੰ ਰਾਸ ਬਹਿੰਦੀਆਂ ਢੁਕਵੀਆਂ ਸ਼ਕਲਾਂ ਤਲਾਸ਼ਣ ਤੇ ਵਿਕਸਤ ਕਰਨ 'ਤੇ ਉਹਨਾਂ ਵੱਲੋਂ ਵਿਸ਼ੇਸ਼ ਜ਼ੋਰ ਲਾਇਆ ਗਿਆ। ਯੂਨੀਵਰਸਿਟੀਆਂ ਅਤੇ ਸ਼ਹਿਰੀ ਥੀਏਟਰਾਂ ਦੇ ਵੱਡੇ ਤੇ ਖਰਚੀਲੇ ਸਟੇਜਾਂ, ਸੈੱਟਾਂ ਤੇ ਗੁੰਝਲਾਦਾਰ ਤਕਨੀਕਾਂ ਨੂੰ ਲਾਂਭੇ ਛੱਡਦਿਆਂ, ਕਮਾਊ ਲੋਕਾਂ ਤੱਕ ਸੌਖਿਆਂ ਪਹੁੰਚਣ ਵਾਲੀਆਂ ਸਿੱਧੀਆਂ-ਸਾਦੀਆਂ, ਘੱਟ ਤੋਂ ਘੱਟ ਖਰਚੀਲੀਆਂ ਅਤੇ ਜਨ-ਸਾਧਾਰਨ ਦੀ ਜ਼ਿੰਦਗੀ ਨਾਲ ਮੇਲ ਖਾਂਦੀਆਂ ਰੰਗਮੰਚ ਤਕਨੀਕਾਂ ਈਜਾਦ ਤੇ ਵਿਕਸਤ ਕੀਤੀਆਂ ਅਤੇ ਸਥਾਪਤ ਕੀਤੀਆਂ ਗਈਆਂ। ਪਿੰਡਾਂ ਅੰਦਰ ਬੈਲ ਗੱਡਿਆਂ, ਰੇੜ੍ਹੀਆਂ ਅਤੇ ਟਰਾਲੀਆਂ 'ਤੇ ਕੁੱਝ ਫੱਟੇ ਰੱਖ ਕੇ ਸਟੇਜਾਂ ਤਿਆਰ ਕੀਤੀਆਂ। ਗਲੀਆਂ, ਸੱਥਾਂ, ਗਲੀਆਂ ਦੀਆਂ ਨੁਕਰਾਂ, ਸੜਕਾਂ, ਜਿੱਥੇ ਵੀ ਥਾਂ ਮਿਲ ਗਈ- ਆਪਣੇ ਨਾਟਕਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਲਈ ਸਫਲਤਾ ਨਾਲ ਵਰਤੀ ਗਈ। ਪੰਜਾਬ ਵਿੱਚ ਨੁੱਕੜ ਨਾਟਕ ਦੀ ਤਕਨੀਕ ਵੱਡੀ ਪੱਧਰ 'ਤੇ ਵਰਤਣ ਤੇ ਇੱਕ ਸਫਲ ਤੇ ਪ੍ਰਭਾਵਸ਼ਾਲੀ ਜਨਤਕ ਨਾਟ-ਤਕਨੀਕ ਵਜੋਂ ਸਥਾਪਤ ਕਰਨ ਦਾ ਸਿਹਰਾ ਸਿਰਫ ਤੇ ਸਿਰਫ ਗੁਰਸ਼ਰਨ ਸਿੰਘ ਨੂੰ ਜਾਂਦਾ ਹੈ। ਦਿੱਲੀ ਵਿੱਚ ਸਫਦਰ ਹਾਸ਼ਮੀ ਵੱਲੋਂ ਵੀ ਨੁੱਕੜ ਨਾਟਕ ਤਕਨੀਕ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਗਈ ਸੀ। 

ਸਹੀ ਵਿਸ਼ਿਆਂ ਦੀ ਚੋਣ, ਨਾਟਕੀ ਬੋਲੀ-ਸ਼ੈਲੀ ਅਤੇ ਢੁਕਵੀਂ ਪੇਸ਼ਕਾਰੀ ਤਕਨੀਕ ਵਰਤਣ ਦਾ ਹੀ ਨਤੀਜਾ ਸੀ ਕਿ ਉਹ ਆਪਣੀ ਰੰਗਮੰਚ ਕਲਾ ਰਾਹੀਂ ਇਨਕਲਾਬੀ ਸੁਨੇਹੇ ਨੂੰ ਸਿੱਧੀ-ਸਪਾਟ ਅਤੇ ਗਰਜਵੀਂ ਸ਼ਕਲ ਵਿੱਚ ਪੇਸ਼ ਕਰ ਸਕੇ ਅਤੇ ਇਸ ਨਾਲ ਲੋਕ ਮਨਾਂ ਅੰਦਰਲੇ ਉੱਸਲਵੱਟੇ ਲੈਂਦੇ ਜਜ਼ਬਿਆਂ ਦੀਆਂ ਖੌਲਦੀਆਂ ਤਰੰਗਾਂ ਛੇੜ ਸਕੇ ਅਤੇ ਲੋਕ-ਸੁਤਾ ਨੂੰ ਜੁਝਾਰੂ ਚਿਣਗਾਂ ਦੀ ਜਾਗ ਲਾ ਸਕੇ। ਐਮਰਜੈਂਸੀ ਦੌਰਾਨ (ਅਤੇ ਬਾਅਦ ਵਿੱਚ ਵੀ) ਉਹਨਾਂ ਵੱਲੋਂ ਇਤਿਹਾਸਕ ਨਾਟਕ ''ਕਿਵ ਕੂੜੇ ਤੁਟੈ ਪਾਲ'' ਖੇਡਣ ਬਦਲੇ ਉਹਨਾਂ ਨੂੰ ਮੀਸਾ ਅਧੀਨ ਗ੍ਰਿਫਤਾਰ ਕੀਤਾ ਗਿਆ ਅਤੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਕਿਉਂਕਿ ਇਸ ਨਾਟਕ ਦਾ ਲਲਕਾਰਵਾਂ ਪੈਗਾਮ ਸਮੇਂ ਦੇ ਹਾਕਮਾਂ ਦੇ ਸੀਨੇ ਵਿੱਚ ਬਰਛੇ ਵਾਂਗ ਲੱਗਿਆ ਸੀ। ਇਹ ਗੁਰਸ਼ਰਨ ਸਿੰਘ ਦੀ ਜੁਝਾਰ ਰੰਗਮੰਚ ਸ਼ੈਲੀ ਦੀ ਸਫਲਤਾ ਦਾ ਇੱਕ ਸਰਟੀਫਿਕੇਟ ਸੀ। 

ਉਹ ਕੋਈ ਕਿਸੇ ਡਰਾਮਾ/ਸੰਸਥਾ ਜਾਂ ਨਾਟਕਕਾਰ ਕੋਲੋਂ ਸਿਖਲਾਈ ਪ੍ਰਾਪਤ ਨਾਟਕਕਾਰ ਤੇ ਰੰਗਕਰਮੀ ਨਹੀਂ ਸਨ। ਨਾ ਹੀ ਉਹਨਾਂ ਨੇ ਰੰਗਮੰਚ ਨੂੰ ਮਹਿਜ ਇੱਕ ਪੇਸ਼ੇ ਵਜੋਂ ਅਪਣਾਇਆ ਸੀ। ਉਹਨਾਂ ਵੱਲੋਂ ਇਸ ਖੇਤਰ ਨੂੰ ਚੰਗੀ ਤਰ੍ਹਾਂ ਸੋਚੇ-ਸਮਝੇ ਸਿਆਸੀ ਮਨੋਰਥ ਨੂੰ ਸਾਹਮਣੇ ਰੱਖਦਿਆਂ ਚੁਣਿਆ ਗਿਆ ਸੀ। ਕਮਾਊ ਲੋਕਾਂ ਵਿੱਚ ਇਸ ਗਲੇ-ਸੜੇ ਪਿਛਾਖੜੀ ਨਿਜ਼ਾਮ ਨੂੰ ਬਦਲਣ ਦਾ ਹੋਕਾ ਦੇਣਾ, ਉਹਨਾਂ ਨੂੰ ਜਗਾਉਣਾ, ਝੰਜੋੜਨਾ ਅਤੇ ਇਸ ਇਨਕਲਾਬੀ ਤਬਦੀਲੀ ਲਈ ਤੱਤਪਰ ਕਰਨ ਵਿੱਚ ਹਿੱਸਾ ਪਾਉਣਾ- ਇਹ ਉਹਨਾਂ ਦੀ ਜ਼ਿੰਦਗੀ ਦਾ ਇਨਕਲਾਬੀ ਸਿਆਸੀ ਮਨੋਰਥ ਸੀ। ਇਸ ਮਨੋਰਥ ਦੀ ਤਾਕਤ ਤੇ ਧੂਹ ਨੇ ਉਹਨਾਂ ਨੂੰ ਰੰਗਮੰਚ ਕਲਾ ਦੇ ਬਿਖੜੇ ਰਾਹ 'ਤੇ ਤੁਰਨ ਦੀ ਸਿਦਕਦਿਲੀ, ਨਿਹਚਾ ਤੇ ਸਿਰੜ ਬਖਸ਼ੇ ਅਤੇ ਇਹਨਾਂ ਸਿਫਤਾਂ ਦੇ ਸਿਰ 'ਤੇ ਉਹਨਾਂ ਵੱਲੋਂ ਨਵੀਂ ਨਾਟ-ਸ਼ੈਲੀ ਅਤੇ ਰੰਗਮੰਚ ਕਲਾ ਨੂੰ ਤਰਾਸ਼ਣ ਅਤੇ ਵਿਕਸਤ ਕਰਨ ਦੀ ਘਾਲਣਾ ਦੇ ਰਾਹ 'ਤੇ ਡਟਿਆ ਗਿਆ। ਅੱਗੋਂ ਇਸ ਘਾਲਣਾ ਦੀ ਕੁਠਾਲੀ ਨੇ ਰੰਗਮੰਚ ਖੇਤਰ ਦੇ ਨਵੇਂ ਰਾਹੀ ਨੂੰ ਤਪਾਇਆ-ਢਾਲਿਆ ਅਤੇ ਰੰਗਮੰਜ ਦੀਆਂ ਨਵੀਆਂ ਜੁਗਤਾਂ ਤੇ ਤਕਨੀਕ ਦਾ ਮੁਹਾਂਦਰਾ ਤਰਾਸ਼ਣ ਦੇ ਯੋਗ ਬਣਾਇਆ। ਇਉਂ, ਜਿਸ ਸਖਤਜਾਨ ਘਾਲਣਾ ਦੀ ਕੁਠਾਲੀ 'ਚੋਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਰੰਗਮੰਚ ਕਲਾ ਨੇ ਰੂਪ ਧਾਰਿਆ ਅਤੇ ਸਿਰਜਣਾਤਮਿਕ ਪੇਸ਼ਕਾਰੀ ਦੀਆਂ ਸਿਖਰਾਂ ਨੂੰ ਛੂਹਿਆ, ਉਸੇ ਘਾਲਣਾ ਦੀ ਕੁਠਾਲੀ ਵਿੱਚ ਢਲਦਿਆਂ ਉਹਨਾਂ ਨੇ ਇਨਕਲਾਬੀ ਪੰਜਾਬੀ ਰੰਗਮੰਚ ਕਲਾ ਦੇ ਮੋਢੀ ਉਸਰੱਈਏ, ਪਿਤਾਮਾ ਅਤੇ ਚੋਟੀ ਦੇ ਦਬੰਗ ਕਲਾਕਾਰ ਦਾ ਰੂਪ ਧਾਰਿਆ। 

ਇਸ ਕੱਦਾਵਰ ਹੈਸੀਅਤ ਦੀ ਟੀਸੀ ਨੂੰ ਛੂਹਣਾ ਬਹੁਤ ਵੱਡੀ ਗੱਲ ਹੈ। ਪਰ ਉਹਨਾਂ ਦਾ ਕਲਾਕਾਰ ਕੱਦ ਇਸ ਤੋਂ ਵੀ ਵੱਡਾ ਸੀ। ਇਨਕਲਾਬੀ ਰੰਗਮੰਚ ਦੇ ਸੰਕਲਪ ਬਾਰੇ ਸੋਚਣਾ, ਸਾਫ ਹੋਣਾ, ਇਸਦੇ ਮੂੰਹ-ਮੁਹਾਂਦਰੇ ਅਤੇ ਤਕਨੀਕੀ ਸਾਰ ਨੂੰ ਤਰਾਸ਼ਣਾ ਅਤੇ ਵਿਕਸਤ ਕਰਨਾ ਇੱਕ ਗੱਲ ਹੈ ਅਤੇ ਇਸ ਨੂੰ ਲੋਕਾਂ ਦੀ ਸੱਥ ਵਿੱਚ ਅਮਲੀ ਰੂਪ ਦੇਣਾ ਦੂਜੀ ਗੱਲ ਹੈ। ਉਹਨਾਂ ਵੱਲੋਂ ਇਹ ਦੋਵੇਂ ਗੱਲਾਂ ਵਿੱਚ ਸਫਲਤਾ ਦੇ ਝੰਡੇ ਗੱਡੇ ਗਏ। ਆਪਣੀ ਅਗਵਾਈ ਵਿੱਚ ਟੀਮ ਜੱਥੇਬੰਦ ਕਰਦਿਆਂ, ਲੱਗਭੱਗ 45 ਸਾਲ ਪੰਜਾਬ ਦੇ ਹਜ਼ਾਰਾਂ ਪਿੰਡਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਨਾਟਕ  ਖੇਡਣ ਦਾ ਸਿਲਸਿਲਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰੱਖਿਆ ਗਿਆ। ਇਸ ਤੋਂ ਵੀ ਅੱਗੇ ਉਹਨਾਂ ਵੱਲੋਂ ਇਨਕਲਾਬੀ ਰੰਗਮੰਚ ਨੂੰ ਇੱਕ ਲਹਿਰ ਵਿੱਚ ਬਦਲਣ ਲਈ ਆਪਣੇ ਸਾਰੇ ਤਾਣ ਅਤੇ ਸੋਮਿਆਂ ਨੂੰ ਝੋਕਿਆ ਗਿਆ। ਆਪਣਾ, ਪਰਿਵਾਰ ਅਤੇ ਆਪਣੇ ਆਰਥਿਕ ਸੋਮਿਆਂ ਨੂੰ ਇਸ ਖੇਤਰ ਦੀ ਸੇਵਾ ਵਿਚ ਝੋਕਿਆ ਗਿਆ। ਅੰਮ੍ਰਿਤਸਰ ਨਾਟਕ ਕਲਾ ਕੇਂਦਰ ਬਣਾ ਕੇ ਇਸ ਰਾਹੀਂ ਦਰਜ਼ਨਾਂ ਨਵੇਂ ਕਲਾਕਾਰਾਂ ਨੂੰ ਸਿੱਖਿਆ ਦੇਣ ਦਾ ਅਮਲ ਵਿੱਢਿਆ ਗਿਆ। ਪੰਜਾਬ ਦੇ ਕੋਨੇ ਕੋਨੇ 'ਚੋਂ ਟੀਮਾਂ ਨੂੰ ਵੱਡੀਆਂ ਰੰਗਮੰਚ ਵਰਕਸ਼ਾਪਾਂ ਲਾ ਕੇ ਸਿੱਖਿਆ-ਸਿਖਲਾਈ 'ਤੇ ਜ਼ੋਰ ਲਾਇਆ ਗਿਆ। ਛੋਟੇ ਕਲਾਕਾਰਾਂ ਬੱਚਿਆਂ ਦੀਆਂ ਅਜਿਹੀਆਂ ਵਰਕਸ਼ਾਪਾਂ ਲਾਈਆਂ ਗਈਆਂ।

1982 ਵਿੱਚ ਉਹਨਾਂ ਵੱਲੋਂ ਸਾਹਿਤ-ਸਭਿਆਚਾਰਕ ਖੇਤਰ ਵਿੱਚ ਸਰਗਰਮ ਕਾਰਕੁਨਾਂ ਨੂੰ ਨਾਲ ਜੋੜਦਿਆਂ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਸਥਾਪਨਾ ਕੀਤੀ ਗਈ। ਉਹਨਾਂ ਦੀ ਅਗਵਾਈ ਹੇਠ ਪਲਸ ਮੰਚ ਵੱਲੋਂ ਪੰਜਾਬ ਵਿੱਚ ਸਭਿਆਚਾਰਕ ਮੇਲੇ (ਨਾਟਕ ਤੇ ਗੀਤ-ਸੰਗੀਤ ਪ੍ਰੋਗਰਾਮ ਕਰਾਉਣ ਦਾ ਸਿਲਸਿਲਾ ਤੋਰਿਆ ਗਿਆ। ਇਸ ਹੰਭਲੇ ਦੇ ਸਿੱਟੇ ਵਜੋਂ ਪੱਚੀ ਜਨਵਰੀ ਅਤੇ ਪਹਿਲੀ ਮਈ ਦੀਆਂ ਰਾਤਾਂ ਨੂੰ ਹੋਣ ਵਾਲੇ ਨਾਟਕ  ਤੇ ਗੀਤ-ਸੰਗੀਤ ਪ੍ਰੋਗਰਾਮ ਹਰ ਵਰ੍ਹੇ ਹੋਣ ਵਾਲੇ ਪ੍ਰੋਗਰਾਮਾਂ ਵਜੋਂ ਸਥਾਪਤ ਹੋ ਗਏ ਹਨ। ਪਲਸ ਮੰਚ ਵੱਲੋਂ ਪੰਜਾਬ ਭਰ ਵਿੱਚ ਨਵੇਂ ਰੰਗ-ਕਰਮੀਆਂ ਅਤੇ ਗੀਤਕਾਰਾਂ ਵਗੈਰਾ ਨੂੰ ਹੱਲਾਸ਼ੇਰੀ ਦੇਣ, ਥਾਪੜਾ ਦੇਣ ਅਤੇ ਸਟੇਜ 'ਤੇ ਮੌਕੇ ਦੇਣ 'ਤੇ ਵਿਸ਼ੇਸ਼ ਜ਼ੋਰ ਲਾਇਆ ਗਿਆ। ਸਿੱਟੇ ਵਜੋਂ, ਨਾਟਕਕਾਰਾਂ, ਰੰਗਕਰਮੀਆਂ ਤੇ ਗੀਤਕਾਰਾਂ ਦੀ ਇੱਕ ਨਵੀਂ ਪੀੜ੍ਹੀ ਪ੍ਰਵਾਨ ਚੜ੍ਹੀ। ਇਉਂ ਗੁਰਸ਼ਰਨ ਸਿੰਘ ਹੋਰਾਂ ਦੇ ਅਣਥੱਕ ਯਤਨਾਂ ਸਦਕਾ ਇਨਕਲਾਬੀ ਰੰਗਮੰਚ ਲਹਿਰ ਦਾ ਪੈੜਾ ਬੰਨ੍ਹਿਆ ਗਿਆ ਅਤੇ ਇਸ ਵੱਲੋਂ ਨਿੱਖਰਵਾਂ ਮੂੰਹ-ਮੁਹਾਂਦਰਾ ਅਖਤਿਆਰ ਕਰਨ ਦਾ ਅਮਲ ਸ਼ੁਰੂ ਹੋਇਆ। 

ਰੰਗਮੰਚ ਤੋਂ ਇਲਾਵਾ ਉਹਨਾਂ ਵੱਲੋਂ ਨਾਲੋ ਨਾਲ ਕੋਰੀਓਗਰਾਫੀ ਅਤੇ ਐਕਸ਼ਨ ਗੀਤਾਂ ਦੀ ਕਮਾਲ ਦੀ ਪੇਸ਼ਕਾਰੀ ਕੀਤੀ ਜਾਂਦੀ ਰਹੀ ਹੈ। ਉਹਨਾਂ ਵੱਲੋਂ ਜਗਮੋਹਨ ਜੋਸ਼ੀ, ਸੰਤ ਰਾਮ ਉਦਾਸੀ, ਜੈਮਲ ਪੱਡਾ ਤੇ ਪਾਸ਼ ਆਦਿ ਕਵੀਆਂ ਦੀਆਂ ਕਿਰਤਾਂ ਨੂੰ ਕੋਰੀਓਗਰਾਫੀਆਂ ਅਤੇ ਐਕਸ਼ਨ ਗੀਤਾਂ ਰਾਹੀਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਹਨਾਂ ਦੇ ਨਾਟਕਾਂ ਵਾਂਗ ਇਹ ਪੇਸ਼ਕਾਰੀਆਂ ਵੀ ਲੋਕ-ਮਨਾਂ 'ਤੇ ਗਹਿਰਾ ਪ੍ਰਭਾਵ ਛੱਡਦੀਆਂ ਰਹੀਆਂ ਹਨ। ਖਾਸ ਕਰਕੇ ਉਹਨਾਂ ਦੀਆਂ ''ਜੰਗੇ ਅਵਾਮੀ ਸੇ ਹਮ ਕੁਹਰਾਮ ਮਚਾ ਦੇਂਗੇ'', ''ਐ ਲਾਲ ਫਰੇਰੇ ਤੇਰੀ ਕਸਮ'' ਅਤੇ ਪਾਸ਼ ਦੀਆਂ ਕਵਿਤਾਵਾਂ 'ਤੇ ਆਧਾਰਤ ''ਅਸੀਂ ਲੜਾਂਗੇ ਸਾਥੀ'' ਪੇਸ਼ਕਾਰੀਆਂ ਲਾ-ਮਿਸਾਲ ਹੋ ਨਿੱਬੜੀਆਂ ਹਨ। 

ਉਹਨਾਂ ਅੰਦਰ ਇੱਕ ਅਗਨ ਸੀ। ਪਿਛਾਖੜੀ ਗਲੇ-ਸੜੇ ਸਮਾਜਿਕ ਪ੍ਰਬੰਧ ਲਈ ਤਬਦੀਲੀ ਦੀ ਅਗਨ। ਇਸ ਨਿਜ਼ਾਮ ਦੇ ਕਰਤਾ—ਧਰਤਾ ਬਣੇ ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਝੋਲੀਚੁੱਕ ਹਾਕਮਾਂ ਦੀ ਲੁੱਟ ਤੇ ਜਬਰੋ-ਜ਼ੁਲਮ ਵਿਰੁੱਧ ਨਫਰਤ ਦੀ ਅਗਨ। ਉਹਨਾਂ ਨੂੰ ਟਿਕ ਕੇ ਨਾ ਬੈਠਣ ਦੇਣ ਵਾਲੀ ਇਨਕਲਾਬੀ ਤਾਂਘ ਦੀ ਅਗਨ। ਇਹੀ ਅਗਨ ਉਹਨਾਂ ਦੇ ਰੰਗਮੰਚ ਸਫਰ 'ਤੇ ਇਨਕਲਾਬੀ ਜੰਗੀ ਨਾਦ ਬਣ ਕੇ ਗੂੰਜਦੀ ਰਹੀ। ਉਹਨਾਂ ਦੀ ਨਾਟ-ਕਲਾ ਦਾ ਗਰਜਵਾਂ ਸੰਦੇਸ਼ ਕੀ ਸੀ- ਇਹ ਉਹਨਾਂ ਦੀਆਂ ਤਿੰਨ ਕਿਰਤਾਂ- ਇੱਕ ਲੰਮਾ ਨਾਟਕ ਧਮਕ ਨਗਾਰੇ ਦੀ, ਅਤੇ ਕੈਸਿਟਾਂ ਜਗਮੋਹਨ ਜੋਸ਼ੀ ਦੀਆਂ ਨਜ਼ਮਾਂ ''ਜੰਗੇ ਆਵਾਮੀ ਸੇ ਕੁਹਰਾਮ ਮਚਾ ਦੇਂਗੇ'' ਅਤੇ ਪਾਸ਼ ਦੀਆਂ ਕਿਰਤਾਂ 'ਤੇ ਆਧਾਰਤ ''ਅਸੀਂ ਲੜਾਂਗੇ ਸਾਥੀ'' ਚੋਂ ਸੁਣਿਆ ਜਾ ਸਕਦਾ ਹੈ। ਉਹਨਾਂ ਦੇ ਮਨ ਅੰਦਰ ਹਾਕਮਾਂ ਦੇ ਜਬਰ ਤੇ ਦਬਸ਼ ਤੋਂ ਨਾਬਰੀ ਅਤੇ ਨਾਬਰੀ ਨੂੰ ਪੁਗਾਉਣ ਲਈ ਦਿੱਲੀ ਦੇ ਕਿੰਗਰੇ ਢਾਹੁਣ ਲਈ ਨਗਾਰੇ ਦੀ ਜੰਗੀ ਗੂੰਜ 'ਤੇ ਜੰਗੇ-ਆਵਾਮੀ ਨਾਲ ਕੁਹਰਾਮ ਮਚਾਉਣਾ, ਹੇਠਲੀ ਉੱਤੇ ਕਰਨਾ ਅਤੇ ਛਵੀਆਂ ਲੈ ਕੇ ਹਾਕਮਾਂ ਖਿਲਾਫ ਉੱਠਣਾ- ਇਹ ਉਹਨਾਂ ਅੰਦਰ ਖੌਲਦੀ ਤਾਂਘ  ਸੀ, ਉਹਨਾਂ ਦੀ ਕਲਾ ਦਾ ਤੱਤ, ਤਾਸੀਰ ਅਤੇ ਦਬੰਗ ਅੰਦਾਜ਼ੇ ਪੈਗਾਮ ਸੀ। ਇਹਨਾਂ ਤਿੰਨਾਂ ਕਲਾ-ਕਿਰਤਾਂ ਵਿੱਚ ਗੂੰਜਦੇ ਸੰਗੀਤ ਦੀ ਜੰਗੀ ਤਰਜ਼ ਇਸੇ ਪੈਗਾਮ ਦਾ ਜ਼ੋਰਦਾਰ ਪ੍ਰਗਟਾਅ ਬਣਦੀ ਹੈ।

ਉਹਨਾਂ ਵੱਲੋਂ ਘੜੀ-ਤਰਾਸ਼ੀ ਜਾ ਰਹੀ ਇਸ ਰੰਗਮੰਚ ਕਲਾ ਦਾ ਰੰਗ ਰੂਪ ਅਤੇ ਇਸ 'ਚੋਂ ਗੂੰਜਦੇ ਇਨਕਲਾਬੀ ਸੰਦੇਸ਼ ਦਾ ਜੰਗੀ-ਨਾਦ ਸਰਕਾਰੀ-ਦਰਬਾਰੀ ਨਾਟਕਕਾਰਾਂ ਤੇ ਰੰਗ ਕਰਮੀਆਂ ਨੂੰ ਤਾਂ ਰੜਕਣਾ ਹੀ ਸੀ, ਕਈ ਗੈਰ-ਸਰਕਾਰੀ-ਦਰਬਾਰੀ ਅਤੇ ਲੋਕ-ਹਿਤੈਸ਼ੀ ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਵੀ ਇਸ ਨੂੰ ਪ੍ਰਵਾਨ ਕਰਨ ਵਿੱਚ ਮੁਸ਼ਕਲ ਆਈ। ਜਿਸ ਕਰਕੇ, ਉਹਨਾਂ ਵੱਲੋਂ ਗੁਰਸ਼ਰਨ ਸਿੰਘ ਦੀ ਨਾਟਕਕਾਰੀ ਅਤੇ ਰੰਗਮੰਚ ਕਲਾ 'ਤੇ ਉਂਗਲਾਂ ਉਠਾਈਆਂ ਗਈਆਂ। ਨਾਟਕਕਾਰੀ ਤੇ ਸਟੇਜੀ ਪੇਸ਼ਕਾਰੀ ਦੇ ਪ੍ਰਚੱਲਤ ਤੇ ਸਥਾਪਤ ਮਾਪਦੰਡਾਂ ਤੋਂ ਬੇਪ੍ਰਵਾਹ ਗੁਰਸ਼ਰਨ ਸਿੰਘ ਦੀ ਇਸ ਕਲਾ ਨੂੰ ਕਲਾ ਮੰਨਣ ਤੋਂ ਇਨਕਾਰ ਕਰਦਿਆਂ, ਸਿਆਸੀ ਨਾਹਰੇਬਾਜ਼ੀ ਹੋਣ ਦੀ ਬੁੜਬੁੜ ਕੀਤੀ ਗਈ। ਅਸਲ ਵਿੱਚ ਇਹ ਵਿਚਾਰਧਾਰਕ ਟਕਰਾਅ ਦਾ ਹੀ ਇਜ਼ਹਾਰ ਸੀ। ਇੱਕ ਬੁਰਜੂਆ ਵਿਚਾਰ ਹੈ ਕਿ ''ਕਲਾ ਕਲਾ ਲਈ ਹੈ। ਕਲਾ ਜਨ ਸਾਧਾਰਨ ਦੇ ਸਮਝ ਵਿੱਚ ਆਉਣ ਵਾਲੀ ਸ਼ੈਅ ਨਹੀਂ। ਜਨ ਸਾਧਾਰਨ ਦਾ ਬੌਧਿਕ ਤੇ ਕਲਾਤਮਿਕ ਪੱਧਰ ਇਸ ਨੂੰ ਸਮਝਣ-ਮਾਨਣ ਦੇ ਹਾਣਦਾ ਨਹੀਂ'' ਦੂਜਾ ਦਰੁਸਤ ਤੇ ਮਾਰਕਸੀ ਵਿਚਾਰ ਹੈ ਕਿ ''ਕਲਾ, ਲੋਕਾਂ ਲਈ ਹੈ। ਇਹ ਲੋਕਾਂ 'ਚੋਂ ਪੈਦਾ ਹੁੰਦੀ ਹੈ। ਲੋਕ ਸੰਘਰਸ਼ਾਂ ਨਾਲ ਜੁੜ ਕੇ ਪ੍ਰਫੁੱਲਤ ਹੁੰਦੀ ਤੇ ਖਿੜਦੀ ਹੈ। ਕਲਾ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਨਾਲ ਗੁੰਦੀ ਹੋਈ ਹੈ।'' ਗੁਰਸ਼ਰਨ ਸਿੰਘ ਪਿਛਲੇ ਵਿਚਾਰ ਦਾ ਦ੍ਰਿੜ੍ਹ ਧਾਰਨੀ ਸੀ। ਇਸ ਲਈ, ਉਹਨਾਂ ਵੱਲੋਂ ਜਾਣੇ ਅਤੇ ਅਣਜਾਣੇ ਹੋ ਰਹੀ ਇਸ ਬੁੜਬੁੜ ਅਤੇ ਅਲੋਚਨਾ ਨੂੰ ਠੁਕਰਾਉਂਦਿਆਂ ਆਪਣੇ ਚੁਣੇ ਕਲਾਤਮਿਕ ਸਫਰ ਮਾਰਗ 'ਤੇ ਸਾਬਤ ਕਦਮੀ ਨਾਲ ਤੁਰਨਾ ਜਾਰੀ ਰੱਖਿਆ ਗਿਆ। ਬੁੜਬੁੜ ਕਰਦੇ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਦਾ ਇਹ ਛੋਟਾ ਹਿੱਸਾ ਇੱਕ ਤੰਗ-ਦਾਇਰੇ ਵਿੱਚ ਬੈਠਾ ਝੂਰਦਾ ਰਿਹਾ ਅਤੇ ਗੁਰਸ਼ਰਨ ਸਿੰਘ ਹੋਰਾਂ ਦੀ ਖਿੜ-ਵਿਗਸ ਰਹੀ ਕਲਾ ਦੀ ਜਨਤਕ ਮਕਬੂਲੀਅਤ ਦਾ ਘੇਰਾ ਪੇਂਡੂ ਅਤੇ ਸ਼ਹਿਰੀ ਕਮਾਊ ਲੋਕਾਂ ਤੋਂ ਲੈ ਕੇ ਸਭ ਯੂਨੀਵਰਸਿਟੀਆਂ, ਕਾਲਜਾਂ, ਵਿਦਿਆਰਥੀਆਂ ਤੇ ਬੁੱਧੀਜੀਵੀ ਹਲਕਿਆਂ ਤੱਕ ਫੈਲਦਾ ਗਿਆ। ਉਹਨਾਂ ਦੀ ਦਿਨ-ਰਾਤ ਦੀ ਅਣਥੱਕ ਘਾਲਣਾ ਦੇ ਜ਼ੋਰ ਪੰਜਾਬ (ਅਤੇ ਪੰਜਾਬ ਤੋਂ ਵੀ ਬਾਹਰ) ਭਰ ਅੰਦਰ ਉੱਠੀ ਵਿਸ਼ਾਲ ਜਨਤਕ ਮਕਬੂਲੀਅਤ ਦੀ ਗੂੰਜ ਨੇ ਅਣਜਾਣ ਤੇ ਲੋਕ-ਹਿਤੈਸ਼ੀ ਅਲੋਚਕ ਹਿੱਸਿਆਂ ਨੂੰ ਗੁਰਸ਼ਰਨ ਸਿੰਘ ਹੋਰਾਂ ਦੀ ਸੋਚ ਦੇ ਕਾਇਲ ਹੋਣ ਵੱਲ ਤੋਰਿਆ ਅਤੇ ਸਰਕਾਰੀ-ਦਰਬਾਰੀ ਅਲੋਚਕਾਂ ਦੀਆਂ ਜੀਭਾਂ ਠਾਕ ਦਿੱਤੀਆਂ। ਅੱਜ ਉਹਨਾਂ ਦੀ ਇਨਕਲਾਬੀ ਪੰਜਾਬੀ ਰੰਗਮੰਚ ਕਲਾ ਦਾ ਲੋਹਾ ਮੰਨਦਿਆਂ, ਸੁਹਿਰਦ ਅਕਾਦਮਿਕ ਹਲਕਿਆਂ ਨੇ ਬੜੀ ਸਾਫਗੋਈ ਨਾਲ ਇਹ ਪ੍ਰਵਾਨ ਕੀਤਾ ਹੈ ਕਿ ਗੁਰਸ਼ਰਨ ਸਿੰਘ ਹੋਰਾਂ ਦੀ ਰੰਗਮੰਚ ਕਲਾ ਦੇ ਸਹੀ ਸਹੀ ਮੁਲੰਕਣ ਲਈ ਪ੍ਰਚੱਲਤ ਤੇ ਸਥਾਪਤ ਮਾਪਦੰਡਾਂ ਦੀ ਬਜਾਇ, ਨਵੇਂ ਮਾਪਦੰਡ ਘੜਨੇ-ਤਰਾਸ਼ਣੇ ਪੈਣਗੇ। 

ਉਪਰੋਕਤ ਹਕੀਕਤ ਇਸ ਗੱਲ ਦੀ ਪੁਸ਼ਟੀ ਹੈ ਕਿ ਜਿਵੇਂ ਇਨਕਲਾਬੀ ਸਿਧਾਂਤ ਅਤੇ ਇਨਕਲਾਬੀ ਜਮਾਤੀ-ਘੋਲਾਂ ਦਾ ਅਭਿਆਸ ਇੱਕ ਦੂਜੇ ਨਾਲ ਦਵੰਧੀ ਰਿਸ਼ਤੇ ਵਿੱਚ ਗਤੀਮਾਨ ਹੁੰਦੇ ਹਨ, ਇੱਕ-ਦੂਜੇ ਵਿੱਚ ਅੰਤਰ-ਕਰਮ ਵਿੱਚ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦਿਆਂ, ਹਰਕਤਸ਼ੀਲ ਹੁੰਦੇ ਹਨ ਅਤੇ ਜਿਸ ਵਿੱਚ ਇਨਕਲਾਬੀ ਅਭਿਆਸ ਦਾ ਪੱਖ ਬੁਨਿਆਦੀ ਹੈ। ਕਿਉਂਕਿ ਸਿਧਾਂਤ ਅਸਲ ਵਿੱਚ ਇਨਕਲਾਬੀ ਅਭਿਆਸ ਦਾ ਹੀ ਸਿਧਾਂਤੀਕਰਨ ਹੁੰਦਾ ਹੈ। ਏਸੇ ਤਰ੍ਹਾਂ, ਕਲਾ ਅਤੇ ਕਲਾ ਦੇ ਮਾਪਦੰਡ ਸਥਿਰ ਤੇ ਸਦੀਵੀਂ ਨਹੀਂ ਹੁੰਦੇ, ਇਹ ਵੀ ਇੱਕ ਦੂਜੇ ਨਾਲ ਅੰਤਰਕਰਮ ਵਿੱਚ ਰਹਿੰਦਿਆਂ ਅਤੇ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦਿਆਂ ਗਤੀਮਾਨ ਹੁੰਦੇ ਹਨ, ਤਬਦੀਲੀ ਵਿੱਚ ਹੁੰਦੇ ਹਨ। ਕਲਾ ਦੇ ਮੌਜੂਦਾ ਮਾਪਦੰਡ ਕਲਾ ਨੂੰ ਸੇਧ ਮੁਹੱਈਆ ਕਰਦੇ ਹਨ ਅਤੇ ਮੋੜਵੇਂ ਰੂਪ ਵਿੱਚ ਕਲਾ-ਕਿਰਤਾਂ ਦੇ ਮਾਪਦੰਡਾਂ ਨੂੰ ਹੋਰ ਨਿਖਾਰਨ, ਸੰਵਾਰਨ, ਤਰਾਸ਼ਣ ਅਤੇ ਤਬਦੀਲ ਕਰਨ ਦਾ ਆਧਾਰ ਮੁਹੱਈਆ ਕਰਦੀਆਂ ਹਨ। ਹਾਕਮਾਂ ਤੇ ਹਾਕਮਪ੍ਰਸਤ ਹਲਕਿਆਂ ਨੂੰ ਮੌਜੂਦਾ ਨਿਜ਼ਾਮ ਵਿੱਚ ਕੋਈ ਵੀ ਅਗਾਂਹਵਧੂ ਤਬਦੀਲੀ ਹਜ਼ਮ ਨਹੀਂ ਹੋ ਸਕਦੀ। ਇਸੇ ਤਰ੍ਹਾਂ ਵਿਦਿਆ, ਸਾਹਿਤ ਅਤੇ ਕਲਾਵਾਂ ਦੇ ਖੇਤਰ ਵਿੱਚ ਅਗਾਂਹਵਧੂ ਤੇ ਇਨਕਲਾਬੀ ਪਿਰਤਾਂ ਦਾ ਉਭਰਨਾ ਤੇ ਵਿਕਸਤ ਹੋਣਾ ਉਹਨਾਂ ਨੂੰ ਕਦੇ ਵੀ ਰਾਸ ਨਹੀਂ ਆਉਂਦਾ। ਇਸਦੇ ਉਲਟ  ਲੁੱਟੇ ਅਤੇ ਲਤਾੜੇ ਮਿਹਨਤਕਸ਼ ਲੋਕ ਇਸ ਨਰਕੀ ਸਮਾਜਿਕ-ਪ੍ਰਬੰਧ ਨੂੰ ਤਬਦੀਲ ਕਰਨ ਲਈ ਹੋ ਰਹੇ ਯਤਨਾਂ ਨੂੰ ਜੀ ਆਇਆ ਕਹਿੰਦੇ ਹਨ। ਇਹ ਯਤਨ ਚਾਹੇ ਜਮਾਤੀ ਸਿਆਸੀ ਸੰਘਰਸ਼ ਦੇ ਖੇਤਰ ਵਿੱਚ ਹੋ ਰਹੇ ਹੋਣ ਅਤੇ ਚਾਹੇ ਸਾਹਿਤ-ਸਭਿਆਚਾਰ ਜਾਂ ਹੋਰ ਖੇਤਰ 'ਚ। ਇਹੀ ਵਜਾਹ ਹੈ ਕਿ ਇਨਕਲਾਬੀ ਸਮਾਜਿਕ ਤਬਦੀਲੀ ਨੂੰ ਪ੍ਰਣਾਈ ਗੁਰਸ਼ਰਨ ਸਿੰਘ ਦੀ ਉੱਘੜ ਰਹੀ ਰੰਗਮੰਚ ਕਲਾ ਨੂੰ ਪੰਜਾਬ ਦੇ ਕਮਾਊ ਔਰਤਾਂ, ਮਰਦਾਂ, ਨੌਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ ਵੱਲੋਂ ਬਾਹਾਂ ਉਲਾਰ ਕੇ ਹੁੰਗਾਰਾ ਦਿੱਤਾ ਗਿਆ ਅਤੇ ਗੁਰਸ਼ਰਨ ਸਿੰਘ ਨੂੰ ਆਪਣੀਆਂ ਪਲਕਾਂ 'ਤੇ ਬਿਠਾਇਆ ਗਿਆ। 

ਗੁਰਸ਼ਰਨ ਸਿੰਘ ਵੱਲੋਂ ਇਨਕਲਾਬੀ ਰੰਗਮੰਚ ਕਲਾ ਨੂੰ ਤਰਾਸ਼ਣ ਅਤੇ ਵਿਕਸਤ ਕਰਨ ਲਈ ਹੀ ਘਾਲਣਾ ਨਹੀਂ ਘਾਲੀ ਗਈ, ਸਗੋਂ ਉਸ ਵੱਲੋਂ ਇਨਕਲਾਬੀ ਰੰਗਮੰਚ ਲਹਿਰ ਨੂੰ ਪੰਜਾਬ ਦੀ ਇਨਕਲਾਬੀ ਜਨਤਕ ਜਮਹੂਰੀ ਲਹਿਰ ਨਾਲ ਜੋੜਨ ਲਈ ਲਗਾਤਾਰ ਕੋਸ਼ਿਸਾਂ ਜਾਰੀ ਰੱਖੀਆਂ ਗਈਆਂ। ਉਹਨਾਂ ਦੀ ਕਲਾ ਦਾ ਮਕਸਦ ਹੀ ਲੋਕਾਂ ਨੂੰ  ਸਮਾਜ ਦੀ ਇਨਕਲਾਬੀ ਤਬਦੀਲੀ ਲਈ ਉੱਠਣ ਦਾ ਸੁਨੇਹਾ ਦੇਣਾ ਸੀ। ਉਹਨਾਂ ਦੀ ਇਹ ਪੱਕੀ ਧਾਰਨਾ ਸੀ ਕਿ ਉਹਨਾਂ ਦਾ ਰੰਗਮੰਚ ਜਨਤਕ ਇਨਕਲਾਬੀ ਰੰਗਮੰਚ ਹੈ। ਇਹ ਜਨਤਾ ਦੀ ਸਮੁੱਚੀ ਇਨਕਲਾਬੀ ਲਹਿਰ ਦੇ ਵਹਿਣ ਦਾ ਇੱਕ ਅਨਿੱਖੜਵਾਂ ਅੰਗ ਹੈ।  ਇਸ ਧਾਰਨਾ ਨੂੰ ਮਨੀਂ ਵਸਾਉਂਦਿਆਂ ਹੀ ਇਨਕਲਾਬੀ ਜਨਤਕ ਲਹਿਰ ਦੇ ਵਿਹੜੇ 'ਚੋਂ ਆਏ ਹਰ ਸੱਦੇ ਨੂੰ ਚਾਅ ਨਾਲ ਕਬੂਲਿਆ ਅਤੇ ਹਜ਼ਾਰਾਂ ਪਿੰਡਾਂ ਵਿੱਚ ਆਪਣੇ ਨਾਟਕਾਂ ਦੀ ਪੇਸ਼ਕਾਰੀ ਕੀਤੀ। ਜਿਸ ਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਹੁਲਾਰਾ ਦੇਣ ਵਿੱਚ ਸ਼ਾਨਦਾਰ ਰੋਲ ਨਿਭਾਇਆ। ਮੋੜਵੇਂ ਰੂਪ ਵਿੱਚ ਜਨਤਕ ਇਨਕਲਾਬੀ ਲਹਿਰ ਨੇ ਇਨਕਲਾਬੀ ਰੰਗਮੰਚ ਅਤੇ ਲਹਿਰ ਦੇ ਆਧਾਰ ਨੂੰ ਮੋਕਲਾ ਕਰਨ ਅਤੇ ਇਸ ਨੂੰ ਨਵੇਂ ਰੰਗ ਕਰਮੀਆਂ ਤੇ ਕਲਾਕਾਰਾਂ ਦੇ ਉÎਭਰਨ ਅਤੇ ਖਿੜਨ ਲਈ ਸਾਜਗਾਰ ਮਾਹੌਲ ਸਿਰਜਣ ਦਾ ਰੋਲ ਨਿਭਾਇਆ। ਜਦੋਂ ਪੰਜਾਬ ਦੀ ਇਨਕਲਾਬੀ ਲਹਿਰ ਦੇ ਕਿਸੇ ਹਿੱਸੇ 'ਤੇ ਸਰਕਾਰੀ ਅਤੇ ਗੈਰ ਸਰਕਾਰੀ ਹਮਲਾ ਹੋਇਆ ਤਾਂ ਗੁਰਸ਼ਰਨ ਸਿੰਘ ਵੱਲੋਂ ਇਸਦਾ ਵਿਰੋਧ ਹੀ ਨਹੀਂ ਕੀਤਾ ਗਿਆ, ਇਸ ਖਿਲਾਫ ਆਪਣੀ ਨਾਟਕ-ਕਲਾ ਰਾਹੀਂ ਆਵਾਜ਼ ਉਠਾਈ ਅਤੇ ਖੁਦ ਆਪ ਅਜਿਹੇ ਜਨਤਕ ਥੜ੍ਹਿਆਂ ਦੀਆਂ ਜਿੰਮੇਵਾਰੀਆਂ ਸਾਂਭਣ ਲਈ ਅੱਗੇ ਆਏ, ਜਿਹਨਾਂ ਦਾ ਮਕਸਦ ਹਾਕਮਾਂ ਦੇ ਇਸ ਜਬਰ ਖਿਲਾਫ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਸੀ। ਮਿਸਾਲ ਵਜੋਂ ਉਹਨਾਂ ਦੀ ਆਵਾਜ਼ ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਤੋਂ ਵੀ ਗੂੰਜਦੀ ਰਹੀ। ਇਸ ਤਰ੍ਹਾਂ ਉਹਨਾਂ ਵੱਲੋਂ ਇਨਕਲਾਬੀ ਜਨਤਕ ਅਤੇ ਇਨਕਲਾਬੀ ਰੰਗਮੰਚ ਲਹਿਰ ਦਰਮਿਆਨ ਮਜਬੂਤ ਤੇ ਉਸਾਰੂ ਕੜੀ ਦਾ ਰੋਲ ਨਿਭਾਇਆ ਗਿਆ ਅਤੇ ਆਪਣੀ ਬੇਖੌਫ ਤੇ ਧੜੱਲੇਦਾਰ ਆਵਾਜ਼ ਨਾਲ ''ਕਲਾ, ਕਲਾ ਲਈ..'' ਦੀ ਬੁਰਜੂਆ ਧਾਰਨਾ 'ਤੇ ਆਧਾਰਤ ''ਸਾਹਿਤ/ਕਲਾ ਦੀ ਸਿਆਸਤ ਤੋਂ  ਨਿਰਲੇਪਤਾ'' ਦੀ ਲੋਕ-ਵਿਰੋਧੀ ਸਮਝ ਦਾ ਜ਼ੋਰਦਾਰ ਅਮਲੀ ਖੰਡਨ ਕੀਤਾ ਗਿਆ। 
ਉਹਨਾਂ ਵੱਲੋਂ ਆਪਣੀ ਕਮਿਊਨਿਸਟ ਸੋਚਣੀ ਨੂੰ ਛੁਪਾਉਣ-ਲੁਕਾਉਣ ਦੀ ਗੱਲ ਤਾਂ ਦੂਰ ਰਹੀ, ਪੂਰਾ ਗੱਜਵੱਜ ਕੇ ਸਾਰੀ ਉਮਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਹ ਕਮਿਊਨਿਸਟ ਵਿਚਾਰਧਾਰਾ ਦੇ ਧਾਰਣੀ ਹਨ ਅਤੇ ਚੜ੍ਹਦੀ ਉਮਰ ਤੋਂ ਲੈ ਕੇ ਅੱਜ ਤੱਕ ਕਮਿਊਨਿਸਟ ਹਨ। 1970 ਤੋਂ ਬਾਅਦ ਉਹ ਨਕਸਲਬਾੜੀ ਲਹਿਰ ਦੇ ਨੇੜੇ ਆਏ ਅਤੇ ਬਾਅਦ ਵਿੱਚ ਵੀ ਕਈ ਵਾਰੀ ਆਪਣੇ ਆਪ ਨੂੰ ਐਲਾਨੀਆ ਨਕਸਲੀ ਕਮਿਊਨਿਸਟ ਵੀ ਕਹਿੰਦੇ ਰਹੇ। ਬਿਨਾ ਸ਼ੱਕ, ਕਮਿਊਨਿਸਟ ਵਿਚਾਰਧਾਰਾ, ਸੋਚ ਤੇ ਅਕੀਦਿਆਂ ਦੇ ਰੰਗ ਨਾਲ ਉਹਨਾਂ ਦੀ ਸਖਸ਼ੀਅਤ ਰੰਗੀ ਹੋਈ ਸੀ।  ਇੱਕ ਇੰਟਰਵਿਊ ਦੌਰਾਨ ਉਹਨਾਂ ਕਿਹਾ ਕਿ ''1971 ਤੋਂ ਬਾਅਦ ਨਕਸਬਾੜੀਆਂ ਨਾਲ ਨੇੜਤਾ ਰਹੀ'' ਅਤੇ ''ਨੇੜਤਾ ਦੇ ਸੰਦਰਭ ਵਿੱਚ ਮੈਂ ਕਹਿ ਸਕਦਾ ਹਾਂ ਕਿ ਨਕਸਲਬਾੜੀ ਧਿਰਾਂ ਨੇ ਮੈਨੂੰ ਬੜਾ ਪਿਆਰ ਤੇ ਸਤਿਕਾਰ ਦਿੱਤਾ ਹੈ'' ਅਸਲ ਵਿੱਚ ਇਹੋ ਸੋਚ-ਚੰਗਿਆੜੀ ਸੀ, ਜਿਸਨੇ ਉਹਨਾਂ ਅੰਦਰਲੀ ਹਾਕਮ ਜਮਾਤਾਂ ਵਿਰੁੱਧ ਪਲਦੀ ਜਮਾਤੀ ਨਫਰਤ ਅਤੇ ਰੋਹ ਨੂੰ ਪ੍ਰਚੰਡ ਕੀਤਾ। ਇਨਕਲਾਬੀ ਮਨਰੋਥ ਨਾਲ ਪ੍ਰਤੀਬੱਧਤਾ ਅਤੇ ਇਸਦੇ ਵਿੱਚ ਨਿਹਚਾ ਨੂੰ ਬਲ ਤੇ ਪਕਿਆਈ ਬਖਸ਼ੀ। 

ਉਹਨਾਂ ਅੰਦਰ ਇਨਕਲਾਬੀ ਨਿਹਚਾ, ਪ੍ਰਤੀਬੱਧਤਾ ਅਤੇ ਜਜ਼ਬਿਆਂ ਦੀ ਖੌਲਦੀ ਅਗਨ ਸਦਕਾ ਹੀ ਗੁਰਸ਼ਰਨ ਭਾਅ ਜੀ ਸਾਹਿਤ-ਸਭਿਆਚਾਰਕ ਸਰਗਰਮੀ ਦੇ ਅਖਾੜੇ ਵਿੱਚ ਇੱਕ ਪਾਸੇ ਪਿਛਾਖੜੀ ਸਾਮਰਾਜੀ ਜਾਗੀਰੂ ਨਜ਼ਰੀਏ, ਸੋਚਾਂ-ਸੰਕਲਪਾਂ ਅਤੇ ਰਵਾਇਤਾਂ ਅਤੇ ਦੂਜੇ ਪਾਸੇ ਇਨਕਲਾਬੀ ਨਜ਼ਰੀਏ, ਸੋਚਾਂ-ਸੰਕਲਪਾਂ ਅਤੇ ਪਿਰਤਾਂ ਦਰਮਿਆਨ ਨਿੱਤਰਵੇਂ ਨਿਖੇੜੇ ਅਤੇ ਸਮਝੌਤਾ ਰਹਿਤ ਸੰਘਰਸ਼ ਦੇ ਇੱਕ ਮਿਸਾਲੀ ਜਹਾਦੀ ਯੋਧੇ ਹੋ ਨਿੱਬੜੇ ਹਨ, ਜਿਸਨੇ ਉਹਨਾਂ ਨੂੰ ਇਨਕਲਾਬੀ ਰੰਗਮੰਚ ਦੇ ਇਤਿਹਾਸ ਅੰਦਰ ਅਜਿਹਾ ਚਾਨਣ ਮੁਨਾਰਾ ਬਣਾ ਦਿੱਤਾ ਹੈ, ਜਿਹੜਾ ਇਨਕਲਾਬੀ ਨਾਟਕਕਾਰਾਂ ਅਤੇ ਰੰਗਮੰਚ ਦੀ ਉਸਾਰੀ ਵਿੱਚ ਜੁਟੇ ਰੰਗਕਰਮੀ ਘੁਲਾਟੀਆਂ ਦਾ ਰਾਹ ਰੁਸ਼ਨਾਉਂਦਾ ਰਹੇਗਾ। 

ਆਓ, ਆ ਰਹੇ ਇਨਕਲਾਬੀ ਰੰਗਮੰਚ ਦਿਹਾੜੇ 'ਤੇ ਇਨਕਲਾਬੀ ਰੰਗਮੰਚ ਲਹਿਰ ਦੀ ਉਸਾਰੀ ਲਈ ਮਾਰੇ ਹੰਭਲੇ 'ਤੇ ਮੋੜਵੀਂ ਝਾਤ ਮਾਰਦੇ ਹੋਏ, ਹੋਰ ਦ੍ਰਿੜ੍ਹ ਪ੍ਰਣ ਕਰੀਏ ਕਿ ਅਸੀਂ ਭਾਅ ਜੀ ਦੀ ਇਨਕਲਾਬੀ ਰੰਗਮੰਚ ਲਹਿਰ ਦੀ ਵਿਰਾਸਤ ਨੂੰ ਅੱਗੇ ਲਿਜਾਣ ਲਈ ਇਸ ਲਹਿਰ ਦਾ ਹੋਰ ਵਧਾਰਾ-ਪਸਾਰਾ ਕਰਾਂਗੇ ਅਤੇ ਇਸ ਕਾਜ ਨੂੰ ਸਮਰਪਤ ਆਪਣੀ ਨਿਹਚਾ, ਪ੍ਰਤੀਬੱਧਤਾ ਅਤੇ ਜਜ਼ਬਿਆਂ ਨੂੰ ਸਾਣ 'ਤੇ ਲਾਵਾਂਗੇ। 


ਜਨਤਕ ਥੀਏਟਰ ਦੀਆਂ ਜ਼ਰੂਰਤਾਂ ਹੀ ਹੋਰ ਹਨ, ਉਹਦੀ ਜੜਤ ਹੀ ਹੋਰ ਹੈ। ਮੈਂ ਇਹਨਾਂ ਨਾਲ ਆਪਣਾ ਮੁਕਾਬਲਾ ਕਿਉਂ ਕਰਾਂ? ਮੇਰੀ ਪ੍ਰਤੀਬੱਧਤਾ ਲੋਕਾਂ ਨਾਲ ਹੈ ਤੇ ਇਹ ਬੜੀ ਨਰੋਈ ਪ੍ਰਤੀਬੱਧਤਾ ਹੈ, ਇਉਂ ਮੋਢੀ ਵਾਲੀ ਭੂਮਿਕਾ ਨਿਭਾਈ ਗਈ, ਮੈਂ ਤੁਰਿਆ ਗਿਆ, ਖਲੋਤਾ ਨਹੀਂ। ਤੇ ਹੌਲੀ ਹੌਲੀ ਹੁਣ ਨਾਟਕ ਦੀ ਗੱਲ ਪੰਜਾਬ ਦੇ ਪਿੰਡਾਂ ਵਿੱਚ ਆਮ ਹੋਣ ਲੱਗ ਪਈ ਹੈ। ਜਦੋਂ ਆਮ ਹੋਣ ਲੱਗ ਪਈ ਹੈ ਤਾਂ ਚੰਗੀਆਂ ਸਟੇਜਾਂ ਵੀ ਬਣਨ ਲੱਗ ਪਈਆਂ ਨੇ। ਸੁਰਜੀਤ ਸਿੰਘ ਸੇਠੀ ਦਾ ਇਹ ਬੜਾ ਪੱਕਾ ਵਿਚਾਰ ਹੈ ਕਿ ਨਾਟਕ ਹੈ ਹੀ ਈਲੀਟ ਲੋਕਾਂ ਦਾ ਅਤੇ ਇਹਦੇ ਸਾਧਨ ਵੀ ਉਹੋ ਜਿਹੇ ਨੇ, ਖਰਚੇ ਵੀ ਉਹੋ ਜਿਹੇ ਨੇ। ਪਰ ਮੇਰਾ ਥੀਏਟਰ ਇਲੀਟ ਦਾ ਨਹੀਂ, ਆਵਾਮ ਦਾ ਹੈ। (ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 

—ਸਰਕਾਰੀ ਸਰਪ੍ਰਸਤੀ ਤੋਂ ਆਜ਼ਾਦ ਥੀਏਟਰ ਦੀ ਜੋ ਦੂਜੀ ਧਾਰਾ ਹੈ ਅਤੇ ਜੋ ਬਾਕੀ ਹਿੰਦੋਸਤਾਨ ਵਿੱਚ ਵੀ ਅਤੇ ਖਾਸ ਕਰਕੇ ਪੰਜਾਬ ਵਿੱਚ ਬੜੀ ਸਰਗਰਮ ਹੈ, ਉਹ ਬਹੁਤਾ ਕਰਕੇ ਸਿਆਸੀ ਜਾਂ ਅਵਾਮੀ ਥੀਏਟਰ ਹੈ ਅਤੇ ਆਮ ਤੌਰ 'ਤੇ ਉਹ ਸਟੇਟ ਵਿਰੋਧੀ ਹੈ। ਇਸ ਥੀਏਟਰ ਨੂੰ ਅਸੀਂ 'ਡਾਇਲੈਕਟੀਕਲ ਥੀਏਟਰ' ਕਹਿੰਦੇ ਹਾਂ। ਇਹਦੇ ਵਿਕਾਸ ਦੇ ਆਪਣੇ ਨਿਯਮ ਹਨ ਅਤੇ ਆਪਣੇ ਹੀ ਰੂਪ ਹਨ। ਇਸਦੇ ਲਕਸ਼ ਹਨ ਕਿ ਆਮ ਲੋਕਾਂ ਨੂੰ ਉਹਨਾਂ ਦੇ ਆਪਣੇ ਹੱਕਾਂ ਬਾਰੇ ਚੇਤਨ ਕੀਤਾ ਜਾਵੇ ਅਤੇ ਉਹਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ ਜਾਵੇ। ਇਹ ਥੀਏਟਰ ਉਡੀਕ ਨਹੀਂ ਕਰ ਸਕਦਾ ਕਿ ਲੋਕ ਉਹਦੇ ਤੱਕ ਚੱਲ ਕੇ ਆਉਣ। ਇਸ ਲਈ ਉਹਨੇ ਐਸੇ ਰੂਪ ਅਪਣਾਉਣੇ ਹਨ ਕਿ ਉਹ ਲੋਕਾਂ ਤੱਕ ਚੱਲ ਕੇ ਜਾ ਸਕੇ। ਇਹਦੇ ਲਈ ਉਹਦੀ ਮੋਬਾਲਿਟੀ ਬਹੁਤ ਆਸਾਨ ਹੋਣੀ ਚਾਹੀਦੀ ਹੈ। ਸਮਾਨ ਥੋੜ੍ਹਾ ਹੋਣਾ ਚਾਹੀਦਾ ਹੈ। ਪਾਤਰ ਥੋੜ੍ਹੇ ਹੋਣੇ ਚਾਹੀਦੇ ਹਨ। ਵਿਸ਼ਿਆਂ ਦੀ ਚੋਣ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਉਹ ਲੋਕਾਂ ਦੇ ਆਪਣੇ ਮਸਲੇ ਹੋਣ। ਗਲੀਆਂ ਦਾ ਥੀਏਟਰ (ਸਟਰੀਟ ਥੀਏਟਰ) ਇਸ ਵਿਚਾਰਧਾਰਾ ਦਾ ਥੀਏਟਰ ਨੂੰ ਦੇਣ ਹੈ। 

(ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ)
—ਹਾਂ, ਬਿਲਕੁੱਲ। ਮੈਂ ਨਾਟਕ ਕਰਦਾ ਹੀ ਸਿਆਸੀ ਮੰਤਵ ਲਈ ਹਾਂ। ਇਹਨੂੰ ਤੁਸੀਂ 'ਇੱਛਤ ਯਥਾਰਥ' ਕਹਿ ਸਕਦੇ ਹੋ। ਮੇਰੀ ਇਹ ਇੱਛਾ ਹੈ ਕਿ ਇੱਕ ਅਜਿਹਾ ਸਮਾਜ ਬਣੇ ਜਿਹੜਾ ਬੁਨਿਆਦੀ ਤੌਰ 'ਤੇ ਬਰਾਬਰੀ ਦਾ ਸਮਾਜ ਹੋਵੇ। (ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 
—ਮੈਂ ਆਪਣੇ ਲੋਕਾਂ ਨੂੰ ਇਹੋ ਗੱਲ ਕਹਿਣੀ ਹੈ ਕਿ ਮੇਰੇ ਲੋਕੋ। ਮੈਨੂੰ ਕੁਝ ਨਹੀਂ ਚਾਹੀਦਾ, ਬੱਸ ਮੇਰੀ ਇੱਛਾ ਹੈ ਤੁਸੀਂ ਇਰਾਦਾ ਬਣਾਓ ਇਰਾਦਾ। ਇਰਾਦਾ ਇਹ ਬਣਾਓ ਕਿ ਇਸ ਗਲ ਸੜੇ ਨਿਜ਼ਾਮ ਨੂੰ ਇੱਕ ਸਿਰੇ ਤੋਂ ਖਤਮ ਕਰਨਾ ਹੈ, ਖਤਮ ਕਰਨਾ ਹੈ, ਖਤਮ ਕਰਨਾ ਹੈ ਤੇ ਬੱਸ ਖਤਮ ਕਰਨਾ ਹੈ। 
(ਸਾਡੇ ਸਮਿਆਂ ਦਾ ਲੋਕ-ਨਾਇਕ, ਗੁਰਸ਼ਰਨ ਸਿੰਘ) 

ਉੱਤਰ-ਪ੍ਰਦੇਸ਼ 'ਚ ਮੁਸਲਿਮ ਭਾਈਚਾਰੇ ਦਾ ਇੱਕ ਹੋਰ ਕਤਲੇਆਮ


ਮੌਕਾਪ੍ਰਸਤ ਸਿਆਸੀ ਟੋਲਿਆਂ ਦੀ ਪਾਟਕ-ਪਾਊ ਖੇਡ ਦਾ ਨਤੀਜਾ
ਉੱਤਰ-ਪ੍ਰਦੇਸ਼ 'ਚ ਮੁਸਲਿਮ ਭਾਈਚਾਰੇ ਦਾ ਇੱਕ ਹੋਰ ਕਤਲੇਆਮ

-ਨਵਜੋਤ
ਪੱਛਮੀ ਉੱਤਰ ਪ੍ਰਦੇਸ਼ (ਯੂ.ਪੀ.) ਦੇ ਜ਼ਿਲ੍ਹਾ ਮੁਜੱਫਰਨਗਰ ਦਾ ਸ਼ਹਿਰ ਖੁਦ ਮੁਜੱਫਰਨਗਰ ਅਤੇ ਉਸਦੇ ਆਲੇ ਦੁਆਲੇ ਦੇ ਦਰਜਨਾਂ ਪਿੰਡਾਂ ਦੇ ਇਲਾਕੇ ਵਿੱਚ ਮੁਸਲਿਮ ਭਾਈਚਾਰੇ 'ਤੇ ਫਿਰੂਕ ਜਨੂੰਨ ਦੇ ਨਾਲ ਭੜਕੇ ਹਿੰਦੂ (ਜਾਟ) ਭੀੜਾਂ ਅਤੇ ਗਰੋਹਾਂ ਵੱਲੋਂ ਵੱਡੀ ਪੱਧਰ 'ਤੇ ਹਮਲੇ ਕੀਤੇ ਗਏ ਹਨ। ਅਖਬਾਰੀ ਖਬਰਾਂ ਮੁਤਾਬਕ 51 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੈਂਕੜੇ ਵਿਅਕਤੀ ਜਖ਼ਮੀ ਹੋਏ ਹਨ, ਦੁਕਾਨਾਂ, ਕਾਰੋਬਾਰਾਂ, ਘਰਾਂ-ਘਾਟਾਂ ਦੀ ਸਾੜਫੂਕ ਅਤੇ ਭੰਨਤੋੜ ਕੀਤੀ ਗਈ ਹੈ। ਪਿੰਡਾਂ ਵਿੱਚ ਆਪਣੇ ਬਚਾ ਲਈ ਨਿਕਲੇ ਮੁਸਲਮਾਨ ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਸ਼ਹਿ ਲਾਈ ਬੈਠੇ ਫਿਰਕੂ ਹਜ਼ੂਮਾਂ ਵੱਲੋਂ ਕਾਤਲਾਨਾ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ ਹੈ। ਹਾਕਮਾਂ ਵੱਲੋਂ ਵੱਡੇ ਪੈਮਾਨੇ  'ਤੇ ਪੁਲਸੀ, ਨੀਮ-ਪੁਲਸੀ ਅਤੇ ਫੌਜੀ ਬਲਾਂ ਦੀ ਤਾਇਨਾਤੀ ਨਾਲ ਚਾਹੇ ਇਹ ਹਿੰਦੂ ਫਿਰਕੂ ਜਨੂੰਨ ਦੀ ਹਨੇਰੀ ਰੁਕ ਗਈ ਲੱਗਦੀ ਹੈ, ਪਰ ਹਾਲੀਂ ਵੀ ਪਾਸੇ ਦੇ ਜ਼ਿਲ੍ਹਿਆਂ ਵਿੱਚ ਇਸਦੇ ਫੈਲਣ ਦੇ ਸੰਕੇਤ ਖਬਰਾਂ 'ਚੋਂ ਦੇਖੇ ਜਾ ਸਕਦੇ ਹਨ। 

ਮੁਸਲਮਾਨ ਭਾਈਚਾਰੇ ਦਾ ਇਹ ਕਤਲੇਆਮ ਨਾ ਪਹਿਲਾ ਹੈ ਅਤੇ ਨਾ ਹੀ ਆਖਰੀ। 1947 ਤੋਂ ਲੈ ਕੇ ਅੱਜ ਤੱਕ ਸੈਂਕੜੇ ਵਾਰੀ ਹਿੰਦੂ-ਮੁਸਲਿਮ ਫਿਰਕੂ ਦੰਗੇ ਭੜਕਾਉਂਦਿਆਂ, ਭਰਾਮਾਰ ਕਤਲੇਆਮ ਰਚਾਏ ਗਏ ਹਨ। ਸੈਂਕੜੇ ਵਾਰੀ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਫਿਰਕੂ ਜਨੂੰਨ ਦੀ ਪੁੱਠ ਦੇ ਕੇ ਮੁਸਲਿਮ ਘੱਟ ਗਿਣਤੀ 'ਤੇ ਹਮਲੇ ਲਈ ਉਕਸਾਇਆ ਹੈ ਅਤੇ ਉਹਨਾਂ ਦਾ ਕਤਲੇਆਮ ਰਚਾਇਆ ਹੈ। 2002 ਵਿੱਚ ਨਰਿੰਦਰ ਮੋਦੀ ਦੀ ਸਰਪ੍ਰਸਤੀ ਹੇਠਲੇ ਭਾਜਪਾ, ਬਜਰੰਗ ਦਲ ਤੇ ਹਿੰਦੂ ਸ਼ਿਵ ਸੈਨਾ ਵੱਲੋਂ ਮੁਸਲਮਾਨਾਂ ਦੇ ਖ਼ੂਨ ਨਾਲ ਖੇਡੀ ਚੰਗੇਜ਼ਖਾਨੀ ਹੋਲੀ ਇਤਿਹਾਸ ਦਾ ਇੱਕ ਕਲੰਕਤ ਪੰਨਾ ਬਣ ਗਈ ਹੈ। ਅਸਲ ਵਿੱਚ ਇਸ ਅਖੌਤੀ ਆਜ਼ਾਦ ਅਤੇ ਜਮਹੂਰੀ ਮੁਲਕ ਅੰਦਰ ਸਭਨਾਂ ਲੁੱਟੇ-ਲਤਾੜੇ ਲੋਕਾਂ ਵਾਂਗੂ ਧਾਰਮਿਕ ਘੱਟ-ਗਿਣਤੀਆਂ ਵੀ ਸੁਰੱਖਿਅਤ ਨਹੀਂ ਹਨ। ਸਭਨਾਂ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਵੱਲੋਂ ਅੰਗਰੇਜ਼ ਬਸਤੀਵਾਦੀਆਂ ਵੱਲੋਂ ਵਿਰਾਸਤ ਵਿੱਚ ਸੌਂਪੀ ''ਪਾੜੋ ਤੇ ਰਾਜ ਕਰੋ'' ਦੀ ਪਾਟਕ-ਪਾਊ ਨੀਤੀ ਦੀ ਰੱਜ ਕੇ ਵਰਤੋਂ ਕੀਤੀ ਜਾਂਦੀ ਹੈ। ਧਰਮਾਂ, ਜਾਤਾਂ, ਬੋਲੀ ਅਤੇ ਇਲਾਕਾਈ ਵਖਰੇਵਿਆਂ ਨੂੰ ਲੋਕਾਂ ਨੂੰ ਪਾੜਨ-ਵੰਡਣ ਦੀ ਭਰਾਮਾਰ ਲੜਾਈ ਵਿੱਚ ਝੋਕਣ ਅਤੇ ਇਉਂ ਆਪਣੇ ਪੱਖੀ ਵੋਟ ਪਾਲਾਬੰਦੀ ਕਰਨ ਦੀ ਖੇਡ 'ਚ ਵਰਤਿਆ ਜਾਂਦਾ ਹੈ। ਇਹਨਾਂ ਹਾਕਮ ਜਮਾਤੀ ਸਿਆਸੀ ਟੋਲਿਆਂ ਵਿੱਚ ਭਾਰਤੀ ਜਨਤਾ ਪਾਰਟੀ, ਸ਼ਿਵ ਸੈਨਾ ਅਤੇ ਅਕਾਲੀ ਦਲ ਤਾਂ ਐਲਾਨੀਆ ਹੀ ਫਿਰਕੂ ਪੱਤਾ ਖੇਡਦੇ ਹਨ। 

ਇਸ ਹਾਕਮ ਜਮਾਤੀ ਪਾਟਕ-ਪਾਊ ਵੋਟ ਸਿਆਸਤ ਨੇ ਜਿੱਥੇ ਸਮੁੱਚੇ ਮੁਲਕ ਨੂੰ ਲਪੇਟ ਵਿੱਚ ਲਿਆ ਹੋਇਆ ਹੈ, ਉੱਥੇ ਯੂ.ਪੀ. ਵਿੱਚ ਵੀ ਮਿਹਨਤਕਸ਼ ਲੋਕਾਂ ਦੀ ਜਮਾਤੀ/ਤਬਕਾਤੀ ਅਤੇ ਭਾਈਚਾਰਕ ਏਕਤਾ ਨੂੰ ਖੱਖੜੀਆਂ ਕਰੇਲੇ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਜਪਾ, ਕਾਂਗਰਸ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਲੋਕ ਦਲ ਵਰਗੀਆਂ ਸਭ ਪਾਰਟੀਆਂ ਇਸ ਹਮਾਮ ਵਿੱਚ ਨੰਗੀਆਂ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਅਯੁੱਧਿਆ ਵਿਖੇ ਰਾਮ ਮੰਦਰ ਬਣਾਉਣ ਦੇ ਮੁੱਦੇ ਦੁਆਲੇ ਹਿੰਦੂ ਭਾਈਚਾਰੇ ਦੀ ਵੋਟ ਪਾਲਾਬੰਦੀ ਕਰਨ ਦੀ ਵਿਉਂਤ ਬਣਾ ਕੇ ਚੱਲਿਆ ਜਾ ਰਿਹਾ ਹੈ। ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਲੋਕ ਦਲ ਵੱਲੋਂ ਜਾਤ ਅਧਾਰਤ ਪਾਲਾਬੰਦੀ ਕਰਨ 'ਤੇ ਦਾਅ ਲਾਇਆ ਜਾ ਰਿਹਾ ਹੈ। ਇਹ ਪਾਟਕਪਾਊ ਖੇਡ ਦਾ ਹੀ ਸਿੱਟਾ ਹੈ ਕਿ ਸਮੁੱਚੇ ਯੂ.ਪੀ. ਵਾਂਗ ਇਸਦੇ ਪੱਛਮੀ ਖਿੱਤੇ ਦੇ ਹਿੰਦੂ ਧਰਮ ਨਾਲ ਸੰਬੰਧਤ ਜਾਟਾਂ ਅਤੇ ਮੁਸਲਮਾਨਾਂ ਨੂੰ ਇਸ ਭਰਾਮਾਰ ਪਾਟਕ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜੀਤ ਸਿੰਘ ਅਗਵਾਈ ਹੇਠਲਾ ਲੋਕ ਦਲ ਜਾਟਾਂ ਦੇ ਨੁਮਾਇੰਦਾ ਹੋਣ ਦਾ ਦਾਅਵਾ ਕਰਦਾ ਹੈ ਅਤੇ ਮੁਸਲਮਾਨ ਧਰਮ ਨਾਲ ਸਬੰਧਤ ਲੋਕਾਂ ਦਾ ਬਹੁਤ ਭਾਰੀ ਹਿੱਸਾ ਸਮਾਜਵਾਦੀ ਪਾਰਟੀ ਦੇ ਅਸਰ ਹੇਠ ਚਲਿਆ ਆਉਂਦਾ ਹੈ। ਪੱਛਮੀ ਯੂ.ਪੀ. ਦੇ ਇਹਨਾਂ 12 ਜ਼ਿਲ੍ਹਿਆਂ (ਸਹਾਰਨਪੁਰ, ਮੁਜੱਫਰਨਗਰ, ਬਾਘਪਤ, ਮੇਰਠ, ਗਾਜ਼ੀਆਬਾਦ, ਜੀ.ਬੀ.ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਬਿਜਨੌਰ, ਜੇ.ਪੀ.ਨਗਰ, ਮੁਰਾਦਾਬਾਦ, ਰਾਮਪੁਰ) ਵਿੱਚ ਮੁਸਲਮਾਨ ਕੁਲ ਵਸੋਂ ਦੀ 33.2 ਫੀਸਦੀ ਬਣਦੇ ਹਨ। 2012 ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਇਹਨਾਂ ਜ਼ਿਲ੍ਹਿਆਂ ਦੀਆਂ ਕੁੱਲ 77 ਸੀਟਾਂ 'ਚੋਂ 26 'ਤੇ ਮੁਸਲਮਾਨ ਧਰਮ ਨਾਲ ਸਬੰਧਤ ਵਿਧਾਇਕ ਚੁਣੇ ਗਏ ਹਨ। ਸਮੁੱਚੇ ਯੂ.ਪੀ. ਵਿੱਚ ਮੁਸਲਮਾਨ ਵਸੋਂ ਦਾ 19 ਫੀਸਦੀ ਬਣਦੇ ਹਨ। 2014 ਨੂੰ ਆ ਰਹੀਆਂ ਲੋਕ-ਸਭਾਈ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸਮਾਜਵਾਦੀ ਪਾਰਟੀ, ਬਸਪਾ ਅਤੇ ਕਾਂਗਰਸ ਦਰਮਿਆਨ ਮੁਸਲਮਾਨ ਵੋਟ ਨੂੰ ਹਥਿਆਉਣ ਲਈ ਕੁੱਕੜਖੋਹੀ ਤੇਜ਼ ਹੋ ਰਹੀ ਹੈ, ਉੱਥੇ ਲੋਕ ਦਲ ਵੱਲੋਂ ਜਾਟ ਵੋਟ ਨੂੰ ਹਥਿਆਉਣ ਅਤੇ  ਭਾਰਤੀ ਜਨਤਾ ਪਾਰਟੀ ਵੱਲੋਂ ਬਹੁਗਿਣਤੀ ਹਿੰਦੂ ਵਸੋਂ ਦੀ ਵੋਟ ਦੀ ਫਿਰਕੂ ਪਾਲਾਬੰਦੀ ਦੇ ਅਖਾੜੇ ਮਘਾਉਣ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾ ਰਹੀਆਂ ਹਨ। 

ਮੁਜੱਫਰਨਗਰ ਵਿੱਚ ਛੇੜ-ਛਾੜ ਦੀਆਂ ਘਟਨਾਵਾਂ 'ਤੇ ਨੌਜਵਾਨਾਂ ਦੇ ਦੋ ਗਰੁੱਪਾਂ ਵਿੱਚ ਹੋਈ ਲੜਾਈ ਵਿੱਚ ਦੋ ਜਾਟ ਤੇ ਇੱਕ ਮੁਸਲਮਾਨ ਮੁੰਡਿਆਂ ਦੇ ਮਾਰੇ ਜਾਣ ਦੀ ਘਟਨਾ ਇਹਨਾਂ ਲੋਕ-ਦੋਖੀ ਟੋਲਿਆਂ ਲਈ ਇੱਕ ਨਿਆਮਤੀ ਬਹਾਨਾ ਬਣਕੇ ਬਹੁੜੀ ਹੈ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਵੱਲੋਂ ਇਸ ਘਟਨਾ ਵਿਰੁੱਧ ਇੱਕ ਜਾਟ ਇਕੱਠ (ਮਹਾਂ-ਪੰਚਾਇਤ) ਸੱਦਿਆ ਗਿਆ। ਉੱਥੇ ਭਾਰਤੀ ਜਨਤਾ ਪਾਰਟੀ ਦੇ ਯੂ.ਪੀ. ਵਿਧਾਨ ਸਭਾ ਅੰਦਰ ਨੇਤਾ ਹੁਕਮ ਸਿੰਘ ਸਮੇਤ 4 ਵਿਧਾਇਕ ਜਾ ਧਮਕੇ। ਇਸ ਤੋਂ ਇਲਾਵਾ ਕਾਂਗਰਸ ਦਾ ਇੱਕ ਹਾਰਿਆ ਹੋਇਆ ਵਿਧਾਇਕ ਵੀ ਜਾ ਪਹੁੰਚਿਆ। ਉੱਥੇ ਹਾਜ਼ਰ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੁਸਲਮਾਨ ਭਾਈਚਾਰੇ ਖਿਲਾਫ ਜਾਟ ਸ਼ਾਵਨਵਾਦ ਦਾ ਪਲੀਤਾ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੌਕਾ ਨਾ ਸਿਰਫ ਜਾਟ ਸ਼ਾਵਨਵਾਦ 'ਤੇ ਹਿੰਦੂ-ਸ਼ਾਵਨਵਾਦ ਦਾ ਫੂਸ ਪਾ ਕੇ ਹਿੰਦੂ ਜਾਟਾਂ ਵਿੱਚ ਪੈਰ ਪਾਉਣ ਦੇ ਗਨੀਮਤ ਮੌਕੇ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਗਈ, ਸਗੋਂ ਇਸ ਨੂੰ ਹਿੰਦੂ-ਮੁਸਲਮਾਨ ਲੜਾਈ ਵਜੋਂ ਭੜਕਾਉਣ ਦੀ ਕੋਸ਼ਿਸ਼ ਕਰਦਿਆਂ, ਸਮੁੱਚੇ ਯੂ.ਪੀ. ਵਿੱਚ ਹਿੰਦੂ ਵਸੋਂ ਦੀ ਵੋਟ ਪਾਲਾਬੰਦੀ ਨੂੰ ਉਗਾਸਾ ਦੇਣ ਦਾ ਪੱਤਾ ਵੀ ਚੱਲਿਆ ਗਿਆ। ਇਉਂ, ਇਹਨਾਂ ਲੋਕ-ਦੁਸ਼ਮਣ ਸਿਆਸੀ ਟੋਲਿਆਂ ਵੱਲੋਂ ਹਿੰਦੂ (ਜਾਟ) ਫਿਰਕੂ ਜਨੂੰਨ ਨੂੰ ਚੁਆਤੀ ਲਾਉਂਦਿਆਂ, 2002 ਦੇ ਗੁਜਰਾਤ ਕਤਲੇਆਮ ਵਾਂਗ ਮੁਸਲਮਾਨ ਭਾਈਚਾਰੇ ਦੇ ਇੱਕ ਹੋਰ ਕਤਲੇਆਮ ਰਚਾਉਣ ਦੀ ਸਾਜਿਸ਼ ਰਚੀ ਗਈ ਹੈ। ਸਮਾਜਵਾਦੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਇਸ ਮਾੜੇ ਘਟਨਾਚੱਕਰ ਵਿੱਚ ਮੌਕਾਪ੍ਰਸਤ ਸਿਆਸੀ ਲੀਡਰਾਂ ਵੱਲੋਂ ਇਹਨਾਂ ਹਮਲਿਆਂ ਦੀ ਤਿਆਰੀ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਸਮੇਂ ਬਾਮੌਕਾ ਦਖ਼ਲ ਦੇਣ ਦੀ ਬਜਾਇ, ਦੇਰ ਨਾਲ ਦਖਲ ਦੇਣ ਦਾ ਕਦਮ ਸੋਚਿਆ ਸਮਝਿਆ ਹੈ। ਸਮਾਜਵਾਦੀ ਪਾਰਟੀ ਦੀ ਗਿਣਤੀ ਵੀ ਇਹ ਸੀ ਕਿ ਇੱਕ ਹੱਦ ਤੱਕ ਘਟਨਾਚੱਕਰ ਨੂੰ ਭੜਕਣ ਦੀ ਖੁੱਲ੍ਹ ਦਿੰਦਿਆਂ, ਮੁਸਲਮਾਨ ਭਾਈਚਾਰੇ ਵਿੱਚ ਅਸੁਰੱਖਿਆ ਦੇ ਅਹਿਸਾਸ ਨੂੰ ਵਧਾਇਆ ਜਾਵੇ ਅਤੇ ਫਿਰ ਹਕੂਮਤੀ ਦਖਲ ਤੇ ਪਾਰਟੀ ਹੱਥਕੰਡਿਆਂ ਦੀ ਵਰਤੋਂ ਕਰਦਿਆਂ, ਮੁਸਲਮਾਨ ਭਾਈਚਾਰੇ ਦੇ ਇੱਕੋ ਇੱਕ ਸੁਰੱਖਿਆ ਅਵਤਾਰ ਵਜੋਂ ਪੇਸ਼ ਹੋਇਆ ਜਾਵੇ। 

ਮੁਲਕ ਅੰਦਰ ਇਸ ਘਟਨਾ ਸਮੇਤ ਬਹੁਗਿਣਤੀ ਵੱਲੋਂ ਘੱਟਗਿਣਤੀ 'ਤੇ, ਉੱਚ-ਜਾਤੀ ਲੋਕਾਂ ਵੱਲੋਂ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਨਾਲ ਸਬੰਧਤ ਲੋਕਾਂ 'ਤੇ, ਜਬਰ ਤੇ ਹਮਲੇ ਦੀਆਂ ਘਟਨਾਵਾਂ ਅਤੇ ਆਪਸੀ ਫਿਰਕੂ ਦੰਗਿਆਂ-ਫਸਾਦਾਂ ਅਤੇ ਝਗੜਿਆਂ ਵਿੱਚ ਮੌਕਾਪ੍ਰਸਤ ਪਾਰਲੀਮਾਨੀ ਟੋਲਿਆਂ ਦੀ ਸਿੱਧੀ/ਅਸਿੱਧੀ ਜ਼ਾਹਰਾ/ਲੁਕਵੀਂ ਅਤੇ ਐਲਾਨੀਆਂ/ਅਣ-ਐਲਾਨੀਆ ਸ਼ਮੂਲੀਅਤ ਤੇ ਦਖਲ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ। ਸਾਮਰਾਜੀ ''ਸੁਧਾਰਾਂ'' ਅਤੇ ''ਢਾਂਚਾ-ਢਲਾਈ'' 'ਤੇ ਸਭਨਾਂ ਹੀ ਟੋਲਿਆਂ ਦੀ ਸਰਬਸੰਮਤੀ ਹੋਣ ਕਰਕੇ, ਵੋਟ ਪਾਲਾਬੰਦੀ ਦੀ ਖੇਡ ਵਿੱਚ ਇਹਨਾਂ ਦੀ ਟੇਕ ਧੌਂਸ-ਧੱਕੇ, ਭ੍ਰਿਸ਼ਟ ਤੇ ਨਿੱਘਰੇ ਹੱਥਕੰਡਿਆਂ ਤੋਂ ਇਲਾਵਾ ਪਾਟਕਪਾਊ ਚਾਲਾਂ ਰਾਹੀਂ, ਭਰਾਮਾਰ ਭੇੜ ਭੜਕਾਉਣ ਦੀ ਖੇਡ 'ਤੇ ਵਧਦੀ ਜਾ ਰਹੀ ਹੈ। ਆਉਂਦੀਆਂ 2014 ਦੀਆਂ ਲੋਕ ਸਭਾ ਚੋਣਾਂ ਨੇ ਜਿਉਂ ਜਿਉਂ ਨੇੜੇ ਆਉਣਾ ਹੈ। ਇਹਨਾਂ ਦੀ ਇਸ ਲੋਕ-ਦੁਸ਼ਮਣ ਖੇਡ ਨੇ ਹੋਰ ਭਖਾਅ ਫੜਨਾ ਹੈ।

ਸਭਨਾਂ ਇਨਕਲਾਬੀ ਜਮਹੂਰੀ, ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ, ਤਾਕਤਾਂ ਨੂੰ ਇਹਨਾਂ ਹਾਕਮ ਜਮਾਤੀ ਸਿਆਸੀ ਟੋਲਿਆਂ ਦੀ ਇਸ ਖੇਡ ਨੂੰ ਬੁੱਝਦਿਆਂ, ਇਸ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਇਸ ਖਿਲਾਫ ਲੋਕ ਰਾਇ ਲਾਮਬੰਦ ਕਰਨੀ ਚਾਹੀਦੀ ਹੈ। 

ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਸਾਰੇ ਪਾਰਲੀਮਾਨੀ ਸਿਆਸੀ ਟੋਲਿਆਂ ਦਾ ਏਕਾ


2 ਸਾਲ ਤੋਂ ਵੱਧ ਸਜ਼ਾ ਪਾਉਣ ਵਾਲੇ ਮੁਜਰਮਾਂ ਨੂੰ ਅਖੌਤੀ ਪਾਰਲੀਮਾਨੀ ਸੰਸਥਾਵਾਂ ਤੋਂ ਬਾਹਰ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ 
ਸਾਰੇ ਪਾਰਲੀਮਾਨੀ ਸਿਆਸੀ ਟੋਲਿਆਂ ਦਾ ਏਕਾ
13 ਅਗਸਤ ਨੂੰ ਦਿੱਲੀ ਵਿਖੇ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਦੀ ਸਰਬ-ਪਾਰਟੀ ਮੀਟਿੰਗ ਹੋਈ, ਜਿੱਥੇ ਸਭਨਾਂ ਪਾਰਟੀਆਂ ਵੱਲੋਂ ਫਟਾਫਟ ਇੱਕਮੱਤ ਅਤੇ ਇੱਕਸੁਰ ਹੁੰਦਿਆਂ, ''ਸੁਪਰੀਮ ਕੋਰਟ ਵੱਲੋਂ ਪੁਲਸ ਜਾਂ ਨਿਆਇਕ ਹਿਰਾਸਤ ਵਿਚਲੇ ਵਿਅਕਤੀਆਂ ਨੂੰ ਚੋਣ ਲੜਨ 'ਤੇ ਪਾਬੰਦੀ ਲਾਉਣ'' ਬਾਰੇ ਫੈਸਲੇ ਦਾ ਵਿਰੋਧ ਕੀਤਾ ਗਿਆ। ਮੀਟਿੰਗ ਵਿੱਚ ਸਭਨਾਂ ਪਾਰਟੀਆਂ ਵੱਲੋਂ ਕੇਂਦਰੀ ਹਕੂਮਤ ਦੀ ਪਿੱਠ ਠੋਕਦਿਆਂ, ਇੱਕ ਆਵਾਜ਼ ਵਿੱਚ ਕਿਹਾ ਗਿਆ ਕਿ ਉਹ ਸਰਬ-ਉੱਚ ਅਦਾਲਤ ਦੇ ਤਾਜ਼ਾ ਫੈਸਲੇ ਨੂੰ ਬੇਅਸਰ ਕਰਨ ਲਈ ਸੰਵਿਧਾਨ ਵਿੱਚ ਸੋਧ ਦੀ ਤਜਵੀਜ ਪੇਸ਼ ਕਰੇ। ਇਸ ਫੈਸਲੇ ਤਹਿਤ ਦੋ ਸਾਲ ਤੋਂ ਵੱਧ ਸਜ਼ਾ ਪਾਉਣ ਵਾਲੇ ਪਾਰਲੀਮੈਂਟ ਮੈਂਬਰ ਅਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਤੁਰੰਤ ਆਯੋਗ ਕਰਾਰ ਦੇਣ ਦੀ ਹਦਾਇਤ ਕੀਤੀ ਗਈ ਸੀ। ਇਉਂ, ਇਹ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਨਾ ਸਿਰਫ ਸੁਪਰੀਮ ਕੋਰਟ ਦੇ ਮੌਜੂਦਾ ਫੈਸਲੇ ਨੂੰ ਬੇਅਸਰ ਕਰਨ ਬਾਰੇ ਇੱਕਸੁਰ ਹਨ, ਸਗੋਂ ਸੰਵਿਧਾਨ ਵਿੱਚ ਸੋਧ ਕਰਕੇ ਭਵਿੱਖ ਵਿੱਚ ਸਰਬ-ਉੱਚ ਅਦਾਲਤ ਕੋਲ ਮੌਕਾਪ੍ਰਸਤ ਸਿਆਸੀ ਟੋਲਿਆਂ 'ਤੇ ਅਜਿਹਾ ਫਤਵਾ ਦੇਣ ਦੇ ਅਧਿਕਾਰ ਨੂੰ ਛਾਂਗਣ ਲਈ ਵੀ ਪੂਰੀ ਤਰ੍ਹਾਂ ਇੱਕਮੱਤ ਹਨ। 
ਇਹ ਉਹਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦਾ ਲੁੰਗਲਾਣਾ ਹੈ, ਜਿਹੜਾ ਸਾਮਰਾਜੀ-ਨਿਰਦੇਸ਼ਤ ਨਵੀਆਂ ਆਰਥਿਕ ਨੀਤੀਆਂ ਦੇ ਅਖੌਤੀ ਸੁਧਾਰਾਂ ਅਤੇ ਵਿਕਾਸ ਦੇ ਨਾਂ ਹੇਠ ਵਿੱਢੇ ਹੱਲੇ ਬਾਰੇ ਪੂਰੀ ਤਰ੍ਹਾਂ ਇੱਕਮੱਤ ਹੋ ਕੇ, ਦੋਮ ਕਰਜ਼ੇ ਦੀਆਂ ਨਿਗੂਣੀਆਂ ਗੱਲਾਂ 'ਤੇ ਇੱਕ ਦੂਜੇ ਖਿਲਾਫ ਨਾ ਸਿਰਫ ਅਖਬਾਰੀ ਤੇ ਟੀ.ਵੀ. ਚੈਨਲਾਂ 'ਤੇ ਬਿਆਨਬਾਜ਼ੀ ਦੀ ਵਾਛੜ ਕਰਦੇ ਰਹਿੰਦੇ ਹਨ, ਸਗੋਂ ਪਾਰਲੀਮੈਂਟ ਅੰਦਰ ਮਿਹਣੋ-ਮਿਹਣੀ ਹੁੰਦੇ ਹਨ, ਇੱਕ ਦੂਜੇ ਦੇ ਗਲਾਮੇ ਵਿੱਚ ਹੱਥ ਪਾਉਣ ਤੀਕ ਜਾਂਦੇ ਹਨ, ਪਾਰਲੀਮੈਂਟ ਤੇ ਵਿਧਾਨ ਸਭਾਵਾਂ ਅੰਦਰ ਨਾਹਰੇਬਾਜ਼ੀ ਕਰਦੇ ਹਨ, ਧਰਨੇ ਮਾਰਦੇ ਹਨ, ਬਾਈਕਾਟ ਕਰਦੇ ਹਨ, ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੀਆਂ ਕਾਰਵਾਈਆਂ ਕਈ ਕਈ ਦਿਨ ਜਾਮ ਰੱਖਦੇ ਹਨ। ਇਹ ਵੱਖਰੀ ਗੱਲ ਹੈ ਕਿ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਅੰਦਰ ਇਸ ਮੌਕਾਪ੍ਰਸਤ ਲਾਣੇ ਵੱਲੋਂ ਅਜਿਹਾ ਖਰੂਦ ਪਾਉਣ ਦਾ ਜਿੱਥੇ ਇੱਕ ਮਕਸਦ ਜਨਤਾ ਦਾ ਧਿਆਨ ਅਸਲ ਮੁੱਦਿਆਂ (ਨਵੀਆਂ ਆਰਥਿਕ ਨੀਤੀਆਂ ਨਾਲ ਸਬੰਧਤ) ਤੋਂ ਤਿਲਕਾਉਣਾ ਹੈ, ਉੱਥੇ ਉਹਨਾਂ ਅੰਦਰ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਵੀ ਕਰਨਾ ਹੈ ਕਿ ਕਿਵੇਂ ਉਹਨਾਂ ਵੱਲੋਂ ਮੁਲਕ ਤੇ ਲੋਕਾਂ ਦੇ ਸਰੋਕਾਰਾਂ ਦੀ ਪੂਰਤੀ ਲਈ ਹੀ ਇੱਕ ਦੂਜੇ ਨਾਲ ਜੂਤ-ਪਤਾਣ ਕਰਨਾ ਪੈਂਦਾ ਹੈ। ਪਿਛਲੇ ਦਿਨੀਂ ਭਾਜਪਾ ਅਤੇ ਕੁੱਝ ਹੋਰਨਾਂ ਪਾਰਟੀਆਂ ਵੱਲੋਂ ਪਾਰਲੀਮੈਂਟ ਅੰਦਰ ਰੱਜ ਕੇ ਖਰੂਦ ਅਤੇ ਖਲਲ ਪਾਇਆ ਗਿਆ। ਉਹਨਾਂ ਵੱਲੋਂ ਇਸਦੀ ਵਾਜਬੀਅਤ ਦੱਸਦਿਆਂ ਕਿਹਾ ਗਿਆ, ਕਿ ਸਰਕਾਰ ਰੁਪਏ ਦੀ ਡਿਗਦੀ ਕੀਮਤ ਅਤੇ ਮਹਿੰਗਾਈ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਰਹੀ। ਪ੍ਰਧਾਨ ਮੰਤਰੀ ਵੱਲੋਂ ਰਾਜ ਸਭਾ ਵਿੱਚ ਬਿਆਨ ਦਿੰਦਿਆਂ, ਭਾਜਪਾ 'ਤੇ ਮੋੜਵਾਂ ਵਾਰ ਕਰਦਿਆਂ ਕਿਹਾ ਗਿਆ ਕਿ ਉਸ ਵੱਲੋਂ ਪਿਛਲੇ ਸਮੇਂ ਵਿੱਚ ਪਾਰਲੀਮੈਂਟ ਸੈਸ਼ਨਾਂ ਵਿੱਚ ਪਾਏ ਵਿਘਨ ਕਰਕੇ ਅਖੌਤੀ ਸੁਧਾਰਾਂ ਨੂੰ ਰਫਤਾਰ ਦੇਣ ਵਾਸਤੇ ਕਈ ਕਾਨੂੰਨ ਪਾਸ ਨਹੀਂ ਕੀਤੇ ਜਾ ਸਕੇ, ਜਿਸ ਕਰਕੇ ਕਾਰਪੋਰੇਟ ਜਗਤ ਅੰਦਰ ਮੁਲਕ ਦੀ ਆਰਥਿਕਤਾ ਬਾਰੇ ਵਿਸ਼ਵਾਸ਼ ਨੂੰ ਖੋਰਾ ਲੱਗਿਆ ਹੈ ਅਤੇ ਪੂੰਜੀ ਨਿਵੇਸ਼ ਘਟਿਆ ਹੈ। ਸਿੱਟੇ ਵਜੋਂ ਮੌਜੂਦਾ ਆਰਥਿਕ ਹਾਲਤ ਵਿੱਚ ਇਹ ਨਾਂਹ-ਪੱਖੀ ਘਟਨਾਵਿਕਾਸ ਹੋਇਆ ਹੈ। 
ਇੱਕ ਦੂਜੇ ਖਿਲਾਫ ਦੇਖਣ ਨੂੰ ਖੱਭੀਆਂ ਖਾਂਦੇ ਅਤੇ ਝੱਗ ਸਿੱਟਦੇ ਇਸ ਲਾਣੇ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲੱਦਣ ਵਾਸਤੇ ਇੱਕਜੁੱਟ ਹੋ ਕੇ ਕਮਰਕੱਸੇ ਕਰਨ ਵਿੱਚ ਭੋਰਾ ਭਰ ਵੀ ਆਨਾਕਾਨੀ ਕਰਨ ਦਾ ਵਿਖਾਵਾ ਨਹੀਂ ਕੀਤਾ ਗਿਆ। ਕਾਰਣ ਬਹੁਤ ਸਾਫ ਹੈ। ਸਾਰੇ ਮੌਕਾਪ੍ਰਸਤ ਸਿਆਸੀ ਟੋਲਿਆਂ ਵੱਲੋਂ ਸਮਾਜ ਵਿਰੋਧੀ ਗੁੰਡਾ ਅਨਸਰਾਂ, ਸਮਗਲਰਾਂ, ਮਾਫੀਆ ਸਰਗਣਿਆਂ, ਬਲਾਤਕਾਰੀਆਂ ਅਤੇ ਲੱਠਮਾਰ ਗਰੋਹਾਂ ਦੀ ਰੱਜ ਕੇ ਵਰਤੋਂ ਹੀ ਨਹੀਂ ਕੀਤੀ ਜਾਂਦੀ, ਸਗੋਂ ਅਜਿਹੇ ਸਮਾਜ-ਵਿਰੋਧੀ ਹਿੰਸਕ ਗਰੋਹਾਂ ਨੂੰ ਬਾਕਾਇਦਾ ਭਰਤੀ ਕੀਤਾ ਹੋਇਆ ਹੈ। ਪਾਰਟੀਆਂ ਅੰਦਰ ਅਹਿਮ ਅਹੁਦਿਆਂ 'ਤੇ ਸੰਸ਼ੋਭਿਤ ਕੀਤਾ ਹੋਇਆ ਹੈ। ਪੰਚਾਇਤਾਂ, ਪੰਚਾਇਤ ਸੰਮਤੀਆਂ, ਬੋਰਡਾਂ, ਕਾਰਪੋਰੇਸ਼ਨਾਂ ਤੋਂ ਲੈ ਕੇ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਅੰਦਰ 'ਜਮਹੂਰੀ ਨੁਮਾਇੰਦਿਆਂ' ਵਜੋਂ ਭੇਜਿਆ ਹੋਇਆ ਹੈ। ਇੱਕ ਜਾਣਕਾਰੀ ਮੁਤਾਬਿਕ ਮੁਲਕ ਦੇ 4835 ਪਾਰਲੀਮਾਨੀ ਮੈਂਬਰਾਂ ਅਤੇ ਵਿਧਾਨ ਸਭਾ ਮੈਂਬਰਾਂ 'ਚੋਂ 1448 ਖਿਲਾਫ ਮੁਜਰਮਾਨਾ ਮੁਕੱਦਮੇ ਦਰਜ ਹੋਏ ਹਨ। ਇਹਨਾਂ 1448 ਵਿਚੋਂ 641 ਕਤਲਾਂ, ਬਲਾਤਕਾਰਾਂ ਅਤੇ ਅਗਵਾ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਦੀ ਸਮਾਜ ਵਿਰੋਧੀ ਲੱਠਮਾਰ ਹਿੰਸਕ ਤਾਕਤ 'ਤੇ ਟੇਕ ਰੱਖਣਾ ਅਤੇ ਇਸ ਟੇਕ ਦੇ ਲਗਾਤਾਰ ਵਧਦੇ ਜਾਣਾ ਭਾਰਤ ਦੀ ਨਕਲੀ ਪਾਰਲੀਮਾਨੀ ਜਮਹੂਰੀਅਤ ਦਾ ਵਜੂਦ ਸਮੋਇਆ ਲੱਛਣ ਹੈ। ਇਹਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਮੁਲਕ ਦੀਆਂ ਅਖੌਤੀ ਜਮਹੂਰੀ ਸੰਸਥਾਵਾਂ ਦਾ ਲੱਠਮਾਰ ਤੇ ਮੁਜਰਮ ਗਰੋਹਾਂ ਦੀ ਠਾਹਰ ਬਣ ਜਾਣਾ ਇਸ ਲੱਛਣ ਦਾ ਸਭ ਤੋਂ ਉੱਘੜਵਾਂ ਇਜ਼ਹਾਰ ਹੈ। ਅਸਲ ਵਿੱਚ, ਇਸ ਅਖੌਤੀ ਜਮਹੂਰੀਅਤ ਦਾ ਲੋਕਾਂ ਦੀ ਜਮਹੂਰੀ ਰਜ਼ਾ ਅਤੇ ਹਿੱਤਾਂ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਕਿਉਂਕਿ ਇੱਕ ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਮੁਲਕ ਹੋਣ ਕਰਕੇ ਇੱਥੇ ਜਮਹੂਰੀਅਤ ਦਾ ਸਮਾਜਿਕ-ਸਿਆਸੀ ਆਧਾਰ ਹੀ ਮੌਜੂਦ ਨਹੀਂ ਹੈ। ਲੋਕਾਂ ਅੰਦਰ ਜਮਹੂਰੀ ਸੋਝੀ ਦਾ ਸੰਚਾਰ ਨਹੀਂ ਹੋਇਆ ਹੈ। ਇਸ ਲਈ, ਇੱਥੇ ਗੈਰ-ਜਮਹੂਰੀ ਧੱਕੜ ਅਤੇ ਭ੍ਰਿਸ਼ਟ ਹੱਥਕੰਡਿਆਂ ਤੇ ਹਰਬਿਆਂ ਦੀ ਵਰਤੋਂ ਰਾਹੀਂ ਵੋਟਾਂ ਬਟੋਰੀਆਂ ਜਾਂਦੀਆਂ ਹਨ। ਗੁੰਡਾ ਤੇ ਧੋਖੇਬਾਜ਼ ਤਾਕਤ ਦੀ ਵਰਤੋਂ ਇਸ ਅਮਲ ਦਾ ਇੱਕ ਉੱਭਰਵਾਂ ਹਿੱਸਾ ਹੈ। ਇਹ ਮੌਕਾਪ੍ਰਸਤ ਸਿਆਸੀ ਟੋਲੇ ਜਮਹੂਰੀ ਸੋਝੀ ਤੋਂ ਕੋਰੇ ਲੋਕਾਂ ਦੀਆਂ ਵੋਟਾਂ ਨੂੰ ਜਬਰੀ ਅਗਵਾ ਕਰਨ ਲਈ ਇਸ ਧੱਕੜ ਤੇ ਹਿੰਸਕ ਤਾਕਤ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਸਰਕਾਰ ਵਿੱਚ ਸੁਸ਼ੋਭਿਤ ਪਾਰਟੀ/ਪਾਰਟੀਆਂ ਵੱਲੋਂ ਮਿਹਨਤਕਸ਼ ਲੋਕਾਂ ਦੇ ਹੱਕੀ ਘੋਲਾਂ ਨੂੰ ਦਬਾਉਣ-ਕੁਚਲਣ ਲਈ ਅਜਿਹੀ ਹਿੰਸਕ ਲੱਠਮਾਰ ਤਾਕਤ ਦੀ ਵਰਤੋਂ ਕੋਈ ਲੁਕਵਾਂ ਵਰਤਾਰਾ ਨਹੀਂ ਹੈ। 
ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਦਾ ਇਹ ਲੱਛਣ ਇੱਕ ਰੜਕਵੀਂ ਤੇ ਉੱਭਰਵੀਂ ਸ਼ਕਲ ਅਖਤਿਆਰ ਕਰ ਗਿਆ ਹੈ ਅਤੇ ਇਹ ਜਨਤਾ ਅੰਦਰ ਇਹਨਾਂ ਪਾਰਟੀਆਂ ਲਈ ਬਦਨਾਮੀ ਦਾ ਧੱਬਾ ਬਣ ਰਿਹਾ ਹੈ। ਪਿਛਾਖੜੀ ਹਾਕਮ ਜਮਾਤੀ ਰਾਜ-ਭਾਗ ਦੀ ਇੱਕ ਥੰਮ੍ਹ ਸਮਝੀ ਜਾਂਦੀ ਸੁਪਰੀਮ ਕੋਰਟ ਵੱਲੋਂ ਇਹ ਗੱਲ ਨੋਟ ਕਰਦਿਆਂ, ਇਹਨਾਂ ਸਿਆਸੀ ਟੋਲਿਆਂ ਨੂੰ ਲੋਕਾਂ ਅੰਦਰ ਉਹਨਾਂ ਦੇ ਨੱਕੋਂ-ਬੁੱਲ੍ਹੋਂ ਲਹਿਣ ਦੇ ਸਿਰੇ ਦੇ ਲੱਗ ਰਹੇ ਅਮਲ ਬਾਰੇ ਖਬਰਦਾਰ ਕਰਨ ਤੇ ਸੰਭਾਲਾ ਦੇਣ ਦੀ ਚੇਤਾਵਨੀ ਕਰਨ ਵਜੋਂ ਹੀ ਉਪਰੋਕਤ ਫੈਸਲਾ ਲੈਣ ਦਾ ਕੌੜਾ ਅੱਕ ਚੱਬਣਾ ਪਿਆ ਸੀ। ਪਰ ਇਹਨਾਂ ਪਾਰਟੀਆਂ ਵੱਲੋਂ ਸੁਪਰੀਮ ਕੋਰਟ ਦੀ ਇਹ ਫਿਕਰਮੰਦੀ ਨੂੰ ਫਜੂਲ ਸਮਝਦਿਆਂ, ਉਲਟਾ ਉਸਦੇ ਖੰਭ ਕੁਤਰਨ ਦਾ ਮਤਾ ਪਕਾ ਲਿਆ ਗਿਆ ਹੈ। 
ਸੁਪਰੀਮ ਕੋਰਟ ਨੂੰ ਸ਼ਾਇਦ ਇਹ ਵਿਸਰ ਗਿਆ ਸੀ, ਕਿ ਸਿਆਸਤਦਾਨ ਸਜੇ ਇਹਨਾਂ ਲੱਠਮਾਰ ਅਤੇ ਮੁਜਰਮ ਗਰੋਹਾਂ ਨੂੰ ਅਖੌਤੀ ਜਮਹੂਰੀ ਠਾਹਰਾਂ 'ਚੋਂ ਬੇਦਖਲ ਕਰਨਾ ਉਸਦੇ ਵਸ ਦਾ ਰੋਗ ਨਹੀਂ ਹੈ।

ਰਾਜ ਧਰਮ


ਰਾਜ ਧਰਮ
ਇਸ਼ਟ ਦਾ ਨਾਮ
ਘੁੱਗ ਵਸਦੇ ਘਰਾਂ ਲਈ
ਮੌਤ ਦਾ ਸੁਨੇਹਾ ਬਣ ਓੁੱਤਰਦਾ,
ਹਰ ਪੰਜੀ ਸਾਲੀਂ
ਜਮਹੂਰੀਅਤ ਦੇ ਤਖਤ ਦੇ ਪਾਵੇ
ਨਿਰਦੋਸ਼ ਲਹੂ ਨਾਲ ਧੁਲਦੇ
ਹਰ ਯੁੱਗ ਵਿੱਚ
ਸੱਤਾ ਦੀਆਂ ਪੌੜੀਆਂ
“ਧਰਮ-ਗੁਰੂ'' ਤੇ ਰਾਜੇ
ਹੱਥਾਂ ਦੀ ਕਰਿੰਘੜੀ ਪਾ ਚੜ੍ਹਦੇ
(2)
ਬਹੁਤ ਮਕਾਰ ਹੈ
ਅਖਬਾਰਾਂ ਦੀ ਭਾਸ਼ਾ
'ਕਤਲੇਆਮ' ਨੂੰ ਫਸਾਦ ਆਖਦੀ
ਸ਼ਿਸ਼ਕਾਰੇ, ਸਿਧਾਏ ਤੇ ਪਾਲੇ 
ਗੁੰਡਾ-ਟੋਲਿਆਂ ਨੂੰ
'ਆਪ-ਮੁਹਾਰੀ' ਭੀੜ ਆਖਦੀ
ਬਸ ਲੋਥਾਂ ਦੀ ਗਿਣਤੀ ਦੱਸਦੀ
ਹਥਿਆਰਾਂ ਦੀਆਂ ਕਿਸਮਾਂ ਦੱਸਦੀ
ਵਰਤਣ ਵਾਲੇ ਹੱਥਾਂ ਦਾ
ਨਾਮ ਲੈਣ ਤੋਂ ਟਲਦੀ
(3)
ਲਾਲ ਕਿਲੇ ਦੀ ਫਸੀਲ ਹਰ ਵਰ੍ਹੇ
ਜਿੰਨੇ ਚਾਹੇ
'ਜਮਹੂਰੀਅਤ' ਦੇ ਐਲਾਨ ਕਰੇ
“ਧਰਮ-ਨਿਰਪੱਖਤਾ'' ਦੀ ਦਰਬਾਰੀ ਨਾਚੀ
ਅਖਬਾਰਾਂ, ਰੇਡੀਓ ਦੇ ਵਿਹੜੇ
ਜਿੰਨਾ ਚਾਹੇ ਨੱਚਦੀ ਰਹੇ
ਸਮੇਂ ਦੀ ਅੱਖ 
ਸਭ ਜਾਣਦੀ ਹੈ
ਸਮੇਂ ਦੀ ਅੱਖ ਨੂੰ
ਮੁਜੱਫਰਨਗਰ ਦਾ ਗੁਜਰਾਤ ਨਾਲ
'ਤੇ ਚੁਰਾਸੀ ਦਾ ਸੰਤਾਲੀ ਨਾਲ
ਰਿਸ਼ਤਾ ਪਤਾ ਹੈ।
 -ਮਨਪ੍ਰੀਤ

ਜਾਣਕਾਰੀ ਅਧਿਕਾਰ ਕਾਨੂੰਨ ਮੂਹਰੇ ਜਵਾਬਦੇਹੀ: ਸਾਰੀਆਂ ਪਾਰਲੀਮਾਨੀ ਸਿਆਸੀ ਪਾਰਟੀਆਂ ਨੇ ਝੰਡਾ ਚੁੱਕਿਆ


ਜਾਣਕਾਰੀ ਅਧਿਕਾਰ ਕਾਨੂੰਨ ਮੂਹਰੇ ਜਵਾਬਦੇਹੀ ਤੋਂ ਮੁਕਤ ਹੋਣ ਲਈ
ਸਾਰੀਆਂ ਪਾਰਲੀਮਾਨੀ ਸਿਆਸੀ ਪਾਰਟੀਆਂ ਨੇ ਝੰਡਾ ਚੁੱਕਿਆ

ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀਂ ਇਹ ਫਤਵਾ ਦਿੱਤਾ ਗਿਆ ਸੀ ਕਿ ਚੋਣ ਕਮਿਸ਼ਨ ਕੋਲ ਰਜਿਸਟਰਡ ਸਾਰੀਆਂ ਸਿਆਸੀ ਪਾਰਟੀਆਂ (ਯਾਨੀ ਹਾਕਮ ਜਮਾਤੀ ਪਾਰਟੀਆਂ) ਜਾਣਕਾਰੀ ਅਧਿਕਾਰ ਕਾਨੂੰਨ (ਆਰ.ਟੀ.ਆਈ.) ਦੇ ਘੇਰੇ ਵਿੱਚ ਆਉਂਦੀਆਂ ਹਨ। ਇਸ ਲਈ, ਉਹ ਉਹਨਾਂ ਦੀ ਹਰ ਕਾਰਵਾਈ ਅਤੇ ਕਾਰ-ਵਿਹਾਰ ਸਬੰਧੀ ਕਿਸੇ ਵੀ ਵੱਲੋਂ ਮੰਗੀ ਲੋੜੀਂਦੀ ਜਾਣਕਾਰੀ ਦੇਣ ਲਈ ਕਾਨੂੰਨੀ ਤੌਰ 'ਤੇ ਪਾਬੰਦ ਹਨ। ਸੁਪਰੀਮ ਕੋਰਟ ਵੱਲੋਂ ਜਾਣਕਾਰੀ ਅਧਿਕਾਰ ਕਾਨੂੰਨ ਦੀ ਇਹ ਵਿਆਖਿਆ ਆਉਣ ਦੀ ਦੇਰ ਸੀ ਕਿ ਇਹਨਾਂ ਸਭਨਾਂ ਪਾਰਟੀਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਕੁੱਝ ਵੱਲੋਂ ਤਾਂ ਮੋੜਵੇਂ ਬਿਆਨ ਦਾਗਦਿਆਂ ਤੇ ਸੁਪਰੀਮ ਕੋਰਟ ਦੀ ਇਸ ਵਿਆਖਿਆ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਇਹਨਾਂ ਸਿਆਸੀ ਪਾਰਟੀਆਂ ਦਾ ਸਿਆਸੀ ਜੀਵਨ ਹੀ ਚੌਪੱਟ ਹੋ ਜਾਵੇਗਾ। ਉਹਨਾਂ ਦਾ ਗੁਪਤ ਕਾਰ-ਵਿਹਾਰ ਨਸ਼ਰ ਹੋ ਜਾਵੇਗਾ, ਜਿਸ ਨੂੰ ਜਾਣਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। 
ਉਸ ਤੋਂ ਬਾਅਦ ਲੱਗਭੱਗ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਇਸ ਗੱਲ 'ਤੇ ਇੱਕਸੁਰਤਾ ਦਾ ਮੁਜਾਹਰਾ ਕੀਤਾ ਗਿਆ ਕਿ ਪਾਰਲੀਮਾਨੀ ਸਿਆਸੀ ਪਾਰਟੀਆਂ ਦਾ ਹਰ ਕਾਰ-ਵਿਹਾਰ ਅਤੇ ਚਲਣ-ਚਲਾਉਣ ਦਾ ਮਾਮਲਾ ਇਹਨਾਂ ਪਾਰਟੀਆਂ ਦਾ ਅੰਦਰੂਨੀ ਤੇ ਪਰਾਈਵੇਟ ਮਾਮਲਾ ਹੈ। ਕਿਸੇ ਵੀ ਵਿਅਕਤੀ ਨੂੰ ਇਹਨਾਂ (ਫੰਡਾਂ ਦੇ ਸਰੋਤ, ਖਰਚੇ, ਹਿਸਾਬ-ਕਿਤਾਬ, ਮੀਟਿੰਗਾਂ ਆਦਿ) ਬਾਰੇ ਜਾਣਕਾਰੀ ਲੈਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਇਸ ਗੱਲ ਦੀ ਜਾਮਨੀ ਕਰਨ ਲਈ ਫਟਾਫਟ ਜਾਣਕਾਰੀ ਅਧਿਕਾਰ ਕਾਨੂੰਨ ਵਿੱਚ ਸੋਧ ਕਰਨ ਲਈ ਬਿੱਲ ਲਿਆਉਣ 'ਤੇ ਉਵੇਂ ਹੀ ਸਹਿਮਤੀ ਕਰ ਲਈ ਗਈ, ਜਿਵੇਂ ਸੁਪਰੀਮ ਕੋਰਟ ਵੱਲੋਂ ਮੁਜਰਮਾਨਾ ਕਾਰਵਾਈਆਂ ਲਈ ਹੇਠਲੀ ਅਦਾਲਤ ਵੱਲੋਂ ਦੋ ਸਾਲ ਤੋਂ ਵੱਧ ਸਜ਼ਾ ਪਾਉਣ ਵਾਲੇ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਨ ਸਭਾ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਤੇ ਚੋਣ ਲੜਨ 'ਤੇ ਪਾਬੰਦੀ ਲਾਉਣ ਸਬੰਧੀ ਦਿੱਤੇ ਫੈਸਲੇ ਨੂੰ ਬੇਅਸਰ ਕਰਨ ਵਾਸਤੇ ਸੋਧ ਬਿੱਲ ਲਿਆਉਣ ਦੇ ਮਾਮਲੇ ਵਿੱਚ ਕੀਤਾ ਗਿਆ ਹੈ। 
ਇਹਨਾਂ ਪਾਰਲੀਮਾਨੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪ ਨੂੰ ਜਾਣਕਾਰੀ ਅਧਿਕਾਰ ਕਾਨੂੰਨ ਦੇ ਘੇਰੇ ਤੋਂ ਬਾਹਰ ਰੱਖਣ ਦੀ ਜਾਮਨੀ ਕਰਨ ਲਈ ਭਾਰਤ ਦੇ ਅਖੌਤੀ ਜਮਹੂਰੀ ਰਾਜਭਾਗ ਦੀ ਪਾਰਦਰਸ਼ਤਾ ਦੇ ਸ਼ੀਸ਼ੇ ਵਜੋਂ ਪ੍ਰਚਾਰੇ ਜਾਂਦੇ ਆਪਣੇ ਹੀ ਬਣਾਏ ਜਾਣਕਾਰੀ ਅਧਿਕਾਰ ਕਾਨੂੰਨ ਨੂੰ ਛਾਂਗਣ ਦਾ ਇਹ ਕਦਮ ਕਿਉਂ ਲਿਆ  ਗਿਆ ਹੈ? ਕਿਉਂਕਿ- ਇਹ ਸਾਰੀਆਂ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ, ਸਾਮਰਾਜ ਅਤੇ ਭਾਰਤੀ ਹਾਕਮ ਜਮਾਤਾਂ ਦੀਆਂ ਦਲਾਲ ਸਿਆਸੀ ਪਾਰਟੀਆਂ ਹਨ। ਦੇਸੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ, ਵੱਡੇ ਵਪਾਰੀਆਂ, ਜਾਗੀਰਦਾਰਾਂ, ਸੂਦਖੋਰ-ਸ਼ਾਹੂਕਾਰਾਂ ਵੱਲੋਂ ਇਹਨਾਂ ਟੋਲਿਆਂ ਨੂੰ ਫੰਡ ਦੀ ਸ਼ਕਲ ਵਿੱਚ ਕਰੋੜਾਂ-ਅਰਬਾਂ ਰੁਪਇਆ ਭੇਂਟ ਚੜ੍ਹਾਇਆ ਜਾਂਦਾ ਹੈ। ਪਾਰਲੀਮੈਂਟ ਮੈਂਬਰ ਅਤੇ ਵਿਧਾਨ ਸਭਾਵਾਂ ਦੇ ਮੈਂਬਰ ਬਣਨ ਦੇ ਚਾਹਵਾਨ ਮਾਫੀਆ ਸਰਦਾਰਾਂ, ਭ੍ਰਿਸ਼ਟ ਤੇ ਧਨਾਢ ਵਿਅਕਤੀਆਂ ਵੱਲੋਂ ਚੋਣ ਲੜਨ ਵਾਸਤੇ ਟਿਕਟਾਂ ਹਾਸਲ ਕਰਨ ਲਈ ਕਰੋੜਾਂ ਰੁਪਏ ਝੋਕੇ ਜਾਂਦੇ ਹਨ। ਚੋਣਾਂ ਜਿੱਤਣ ਲਈ ਨਸ਼ਿਆਂ ਤੇ ਮਾਇਆ ਦੀ ਵਾਛੜ ਕਰਨ, ਗੁੰਡਾ ਤੇ ਮਾਫੀਆ ਗਰੋਹਾਂ ਨੂੰ ਵੋਟਾਂ ਹਾਸਲ ਕਰਨ ਲਈ ਵਰਤਣ, ਵਿਰੋਧੀ ਉਮੀਦਵਾਰਾਂ ਨੂੰ ਖਰੀਦਣ ਆਦਿ 'ਤੇ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ। ਇਹ ਸਾਰਾ ਕਾਰਵਿਹਾਰ ਅਤੇ ਅਮਲ ਇਹਨਾਂ ਸਿਆਸੀ ਟੋਲਿਆਂ ਦੇ ਸਿਰੇ ਦੇ ਲੋਕ-ਦੁਸ਼ਮਣ, ਗੈਰ ਜਮਹੂਰੀ ਅਤੇ ਪਰਜੀਵੀ ਦਲਾਲ ਖਸਲਤ ਦਾ ਇਜ਼ਹਾਰ ਬਣਦਾ ਹੈ। ਇਹ ਇਸ ਹਕੀਕਤ ਦੀ ਜ਼ਾਹਰਾ ਗਵਾਹੀ ਬਣਦਾ ਹੈ ਕਿ ਇਹ ਮੌਕਾਪ੍ਰਸਤ ਸਿਆਸੀ ਪਾਰਟੀਆਂ ਸਾਮਰਾਜ ਅਤੇ ਦਲਾਲ ਹਾਕਮ ਜਮਾਤਾਂ ਦੇ ਬਾਕਾਇਦਾ ਜਥੇਬੰਦ ਕੀਤੇ ਹੋਏ ਸਿਆਸੀ ਗਰੋਹ ਹਨ। ਇਸ ਕਰਕੇ, ਇਹਨਾਂ ਟੋਲਿਆਂ ਦੀ ਹਮੇਸ਼ਾਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਸ ਸਾਰੇ ਕੁੱਝ ਨੂੰ ਵੱਧ ਤੋਂ ਵੱਧ ਹੱਦ ਤੀਕ ਲੋਕਾਂ ਤੋਂ ਛੁਪਾ ਕੇ ਰੱਖਿਆ ਜਾਵੇ। ਖਾਸ ਕਰਕੇ ਫੰਡ-ਸੋਮਿਆਂ, ਫੰਡ ਦੇ ਧਨ ਦੀ ਮਾਤਰਾ ਅਤੇ ਵਰਤੋਂ ਦੇ ਅੰਕੜਿਆਂ ਤੇ ਮਕਸਦਾਂ ਦੀ ਸਹੀ ਸਹੀ ਤਸਵੀਰ 'ਤੇ ਮਿੱਟੀ ਪਾ ਕੇ ਰੱਖੀ ਜਾਵੇ ਤਾਂ ਕਿ ਸਾਮਰਾਜ ਅਤੇ ਉਸਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ ਵੱਲੋਂ ਇਹਨਾਂ ਮੌਕਾਪ੍ਰਸਤ ਸਿਆਸੀ ਟੋਲਿਆਂ ਨੂੰ ਪਾਲ ਪੋਸ ਕੇ ਰੱਖਣ ਅਤੇ ਇਹਨਾਂ ਰਾਹੀਂ ਚੋਣ-ਦੰਗਲ ਰਚਾਉਣ ਦੀ ਦੰਭੀ ਕਸਰਤ ਰਾਹੀਂ ਲੋਕਾਂ ਨੂੰ ਨਕਲੀ ਪਾਰਲੀਮਾਨੀ ਜਮਹੂਰੀਅਤ ਦੇ ਵਿਹੁ-ਚੱਕਰ ਵਿੱਚ ਉਲਝਾ ਕੇ ਰੱਖਣ ਦੇ ਮਨਸੂਬਿਆਂ ਨੂੰ ਜਿੰਨਾ ਵੀ ਹੋ ਸਕੇ ਲੋਕਾਂ ਤੋਂ ਓਹਲੇ ਜਾਰੀ ਰੱਖਿਆ ਜਾ ਸਕੇ। 
ਸੋ, ਲੋਕਾਂ ਤੋਂ ਇਹ ਓਹਲਾ ਬਣਾ ਕੇ ਰੱਖਣ ਲਈ ਸਭਨਾਂ ਲੋਕ-ਦੋਖੀ ਸਿਆਸੀ ਟੋਲਿਆਂ ਨੇ ਆਰ.ਟੀ.ਆਈ. ਕਾਨੂੰਨ ਨੂੰ ਗਿੱਚੀਉਂ ਫੜਨ ਦਾ ਝੰਡਾ ਚੁੱਕ ਲਿਆ ਹੈ। ਇਹ ਗੱਲ ਇਹਨਾਂ ਮੌਕਾਪ੍ਰਸਤ ਪਾਰਲੀਮਾਨੀ ਟੋਲਿਆਂ ਦੇ ਜਨਤਕ ਨੁਮਾਇੰਦੇ ਹੋਣ ਅਤੇ ਅਖੌਤੀ ਜਮਹੂਰੀਅਤ ਦੇ ਅਲੰਬਰਦਾਰ ਹੋਣ ਦੇ ਦੰਭੀ ਦਾਅਵਿਆਂ ਦੀ ਇੱਕ ਸਪਸ਼ਟ ਗਵਾਹੀ ਬਣਦੀ ਹੈ। 

ਭਾਰਤੀ ਰੁਪਏ ਦੀ ਖੈਰ ਨਹੀਂ!

ਸਾਮਰਾਜੀ ਕਰੰਸੀਆਂ ਦੀ ਅਧੀਨਗੀ ਦਾ ਸਰਾਪ ਹੰਢਾ ਰਹੇ
ਭਾਰਤੀ ਰੁਪਏ ਦੀ ਖੈਰ ਨਹੀਂ!

ਪਿਛਲੇ ਅਰਸੇ ਵਿੱਚ ਆਏ ਦਿਨ ਭਾਰਤੀ ਰੁਪਏ ਦੀ ਅਮਰੀਕੀ ਡਾਲਰ ਦੇ ਮੁਕਾਬਲੇ ਕੀਮਤ ਤੇਜੀ ਨਾਲ ਗਿਰਦੀ ਗਈ ਹੈ। ਇਸ ਲਗਾਤਾਰ ਗਿਰਾਵਟ ਕਰਕੇ ਅੱਜ ਡਾਲਰ ਦੀ ਕੀਮਤ 68 ਰੁਪਏ ਤੋਂ ਉੱਪਰ ਹੋ ਗਈ ਹੈ। ਰੁਪਏ ਦੀ ਇਹ ਧੜੰਮ ਗਿਰਾਵਟ ਭਾਰਤ ਦੇ ਹਾਕਮ ਜਮਾਤੀ ਪਾਰਲੀਮਾਨੀ ਹਲਕਿਆਂ ਵਿੱਚ ਭਖਵੀਂ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਮੌਜੂਦਾ ਕੇਂਦਰੀ ਹਕੂਮਤ ਦੀਆਂ ਸਭਨਾਂ ਵਿਰੋਧੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਪਾਰਲੀਮੈਂਟ ਅੰਦਰ ਤੇ ਬਾਹਰ ਉਸ ਖਿਲਾਫ ਲਫਾਜ਼ੀ ਗੋਲਾਬਾਰੀ ਤੇਜ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਮਨਮੋਹਨ ਸਿੰਘ ਸਰਕਾਰ ਨੂੰ ਮੁਲਕ ਦਾ ਖਹਿੜਾ ਛੱਡਣ ਦੇ ਬਿਆਨ ਦਾਗੇ ਜਾ ਰਹੇ ਹਨ। ਇਹ ਪਾਰਟੀਆਂ, ਖਾਸ ਕਰਕੇ ਬੀ.ਜੇ.ਪੀ. ਵੱਲੋਂ ਇਸਦਾ ਕਾਰਨ ਘਪਲਿਆਂ ਵਿੱਚ ਘਿਰੀ ਕੇਂਦਰੀ ਹਕੂਮਤ ਵੱਲੋਂ ਦੇਸੀ-ਵਿਦੇਸ਼ੀ ਪੂੰਜੀ ਨਿਵੇਸ਼ਕਾਰਾਂ ਦਾ ਵਿਸ਼ਵਾਸ਼ ਗੁਆਉਣ ਕਰਕੇ ਪੂੰਜੀ ਨਿਵੇਸ਼ ਵਿੱਚ ਆਈ ਖੜੋਤ ਨੂੰ ਦੱਸਿਆ ਜਾ ਰਿਹਾ ਹੈ। ਖਾਸ ਕਰਕੇ ਵਿਦੇਸ਼ੀ ਸਿੱਧਾ ਨਿਵੇਸ਼ (ਐਫ.ਡੀ.ਆਈ.) ਨੂੰ ਖਿੱਚਣ ਵਿੱਚ ਹਕੂਮਤ ਦੀ ਨਾਕਾਮੀ ਨੂੰ ਦੱਸਿਆ ਜਾ ਰਿਹਾ ਹੈ। 
ਅਸਲ ਵਿੱਚ ਰੁਪਏ ਦੀ ਕੀਮਤ ਦਾ ਧੜੰਮ ਡਿਗਣਾ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ, ਸਗੋਂ ਇਹ ਕਿਸੇ ਹੋਰ ਗੰਭੀਰ ਬਿਮਾਰੀ ਦੀ ਇੱਕ ਅਲਾਮਤ ਹੈ। ਇਹ ਗੰਭੀਰ ਬਿਮਾਰੀ ਭਾਰਤ ਦਾ ਅਰਧ-ਬਸਤੀਵਾਦੀ, ਅਰਧ-ਜਾਗੀਰੂ ਸਾਮਾਜੀ-ਆਰਥਿਕ ਪ੍ਰਬੰਧ ਹੈ। ਅਰਧ-ਜਾਗੀਰੂ ਪੈਦਾਵਾਰੀ ਰਿਸ਼ਤੇ ਨਾ ਸਿਰਫ ਖੇਤੀ ਦੇ ਵਿਕਾਸ ਨੂੰ ਬੰਨ੍ਹ ਮਾਰ ਰਹੇ ਹਨ, ਸਗੋਂ ਸਨਅੱਤ ਲਈ ਕੱਚੇ ਅਤੇ ਪੱਕੇ ਮਾਲ ਦੀ ਮੰਡੀ ਨੂੰ ਸੋਕੇਮਾਰੀ ਰੱਖਦਿਆਂ, ਸਨਅੱਤ ਦੇ ਸਹਿਜ-ਅਮਲ ਵਧਾਰੇ-ਪਸਾਰੇ ਨੂੰ ਵੀ ਬੰਨ੍ਹ ਮਾਰੀਂ ਬੈਠੇ ਹਨ। ਨਤੀਜੇ ਵਜੋਂ- ਭਾਰਤੀ ਆਰਥਿਕਤਾ ਦੇ ਸਾਵੇਂ ਅਤੇ ਸੰਤੁਲਤ ਵਿਕਾਸ ਦੀ ਥਾਂ ਉੱਘੜ-ਦੁੱਘੜੇ ਲੰਗੜੇ-ਲੂਲ੍ਹੇ ਅਤੇ ਆਸਾਧਾਰਨ ਤੌਰ 'ਤੇ ਅਣਸਾਵੇਂ ਆਰਥਿਕ-ਵਿਕਾਸ ਦੀ ਬੁਨਿਆਦੀ ਵਜਾਹ ਬਣ ਰਹੇ ਹਨ ਅਤੇ ਭਾਰਤੀ ਆਰਥਿਕਤਾ ਦੇ ਵਜੂਦ ਸਮੋਈ ਖੜੋਤ ਅਤੇ ਸੰਕਟਗ੍ਰਸੀ ਆਰਥਿਕ ਹਾਲਤ ਦਾ ਆਧਾਰ  ਬਣ ਰਹੇ ਹਨ। ਉਤੋਂ ਸਾਮਰਾਜੀਆਂ ਵੱਲੋਂ ਭਾਰਤ ਦੇ ਕੱਚੇ-ਮਾਲ, ਸਸਤੀ ਕਿਰਤ ਅਤੇ ਕਮਾਈ ਦੀ ਤਿੱਖੀ ਲੁੱਟ-ਖੋਹ ਦੇ ਸਿੱਟੇ ਵਜੋਂ ਮੁਲਕੋਂ ਬਾਹਰ ਜਾ ਰਹੀ ਸਰਮਾਏ ਦੀ ਰੇੜ੍ਹ ਇਸ ਆਰਥਿਕ-ਖੜੋਤ ਤੇ ਸੰਕਟ ਨੂੰ ਹੋਰ ਤਿੱਖਾ ਕਰਦੀ ਰਹੀ ਹੈ। ਨਤੀਜੇ ਵਜੋਂ- ਭਾਰਤੀ ਆਰਥਿਕਤਾ ਪੈਦਾਵਾਰ ਪੱਖੋਂ ਖੜੋਤ-ਮੁਖੀ ਹੈ। ਇਹ ਸੰਕਟ ਦੀ ਦਲਦਲ ਵਿੱਚ ਫਸੇ ਰਹਿਣ ਲਈ ਬੱਝੀ ਹੋਈ ਹੈ। ਜਿਸ ਕਰਕੇ ਇਹ ਥੋਕ ਪੱਧਰ 'ਤੇ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਦੇ ਪਸਾਰੇ ਦਾ ਆਧਾਰ ਬਣਦੀ ਹੈ। ਮਿਹਨਤਕਸ਼ ਲੋਕਾਂ ਦੀ ਖਰੀਦਸ਼ਕਤੀ ਨੂੰ ਆਸਾਧਰਨ ਖੋਰਾ ਲਾਉਣ ਦਾ ਕਾਰਨ ਬਣਦੀ ਹੈ। ਸਨਅੱਤੀ ਪੈਦਾਵਾਰ ਲਈ ਲੋੜੀਂਦੀ ਮੰਡੀ ਨੂੰ ਹੋਰ ਸੁੰਗੇੜਦੀ ਹੈ। ਇਉਂ ਅੰਨ੍ਹੀਂ ਸਾਮਰਾਜੀ ਲੁੱਟ ਰਾਹੀਂ ਨਿਚੋੜੀ ਪੂੰਜੀ ਦਾ ਵਹਾਅ ਸਾਮਰਾਜੀ ਮੁਲਕਾਂ ਵੱਲ ਹੋਣ ਕਰਕੇ, ਉੱਥੇ ਪੂੰਜੀ ਦੇ ਢੇਰਾਂ ਦੇ ਢੇਰ ਜਮ੍ਹਾਂ ਹੋ ਰਹੇ ਹਨ, ਜਿਹੜੇ ਉਹਨਾਂ ਦੀਆਂ ਕਰੰਸੀਆਂ ਨੂੰ ਤਕੜਾਈ ਅਤੇ ਸਰਦਾਰੀ ਬਖਸ਼ਦੇ ਹਨ। 
ਸਾਮਰਾਜੀ-ਜਾਗੀਰੂ ਲੁੱਟ-ਖੋਹ ਨਾਲ ਬੁਰੀ ਤਰ੍ਹਾਂ ਗ੍ਰਹਿਣੇ ਅਤੇ ਅਧਰੰਗੇ ਪੈਦਾਵਾਰੀ ਅਮਲ ਕਰਕੇ ਅਤੇ ਸਾਮਰਾਜੀ ਵਿੱਤੀ ਸਰਮਾਏ ਨਾਲ ਟੋਚਨ ਹੋਣ ਕਰਕੇ ਭਾਰਤ ਦਾ ਰੁਪਇਆ ਨਾ ਸਿਰਫ ਸਾਮਰਾਜੀ ਕਰੰਸੀਆਂ ਦੇ ਮਾਤਹਿਤ ਰਹਿਣ ਲਈ ਬੱਝਿਆ ਹੋਇਆ ਹੈ, ਸਗੋਂ ਉਹਨਾਂ ਦੇ ਮੁਕਾਬਲੇ ਨਿਰਬਲ ਤੇ ਨਿਤਾਣਾ  ਰਹਿਣ ਲਈ ਵੀ ਸਰਾਪਿਆ ਹੋਇਆ ਹੈ। ਅਗਸਤ 1947 ਦੀ ਅਖੌਤੀ ਆਜ਼ਾਦੀ ਤੋਂ ਲੈਕੇ ਅੱਜ ਤੱਕ ਦੇ ਅਰਸੇ ਵਿੱਚ ਸਾਮਰਾਜੀ ਕਰੰਸੀਆਂ, (ਖਾਸ ਕਰਕੇ ਡਾਲਰ) ਅਤੇ ਰੁਪਏ ਦਰਮਿਆਨ ਸਬੰਧ 'ਤੇ ਝਾਤ ਮਾਰਿਆਂ, ਇਹ ਦੇਖਿਆ ਜਾ ਸਕਦਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਲਗਾਤਾਰ ਹੁੰਦੀ ਆਈ ਹੈ। ਅਜਿਹੇ ਵੀ ਮੌਕੇ ਆਏ ਹਨ, ਜਦੋਂ ਸਾਮਰਾਜੀਆਂ ਵੱਲੋਂ ਭਾਰਤੀ ਹਾਕਮਾਂ ਦੀ ਬਾਂਹ ਨੂੰ ਮਰੋੜਾ ਦੇ ਕੇ ਰੁਪਏ ਦੀ ਕੀਮਤ ਘਟਾਈ (ਡੀਵੈਲਿਊਏਸ਼ਨ) ਗਈ ਹੈ। ਜਿਵੇਂ 1981 ਵਿੱਚ ਕੌਮਾਂਤਰੀ ਮੁਦਰਾ ਫੰਡ ਤੋਂ ਕਰਜ਼ਾ ਲੈਣ ਲਈ ਅਤੇ ਸਾਮਰਾਜੀ ਮੁਲਕਾਂ ਤੋਂ ਹੋਰ ਕਰਜ਼ੇ ਵਾਸਤੇ ਰਾਹ ਸਾਫ ਕਰਨ ਲਈ ਇੰਦਰਾ ਗਾਂਧੀ ਹਕੂਮਤ ਵੱਲੋਂ ਕੌਮਾਂਤਰੀ ਮੁਦਰਾ ਫੰਡ ਦੀ ਸ਼ਰਤ ਤਹਿਤ ਰੁਪਏ ਦੀ ਕੀਮਤ ਨੂੰ ਘਟਾਇਆ ਗਿਆ ਸੀ। ਵਿਦੇਸ਼ੀ ਸਿੱਧੇ ਨਿਵੇਸ਼, ਕਰਜ਼ਿਆਂ ਅਤੇ ਗਰਾਂਟ ਦੇ ਰੂਪ ਵਿੱਚ ਸਾਮਰਾਜੀ ਪੂੰਜੀ 'ਤੇ ਟੇਕ ਨੂੰ ਚਾਲੂ ਖਾਤਾ ਘਾਟੇ ਅਤੇ ਮਾਲੀ ਘਾਟੇ ਤੋਂ ਛੁਟਕਾਰਾ ਪਾਉਣ ਦੇ ਨੁਸਖੇ ਵਜੋਂ ਉਭਾਰਿਆ ਗਿਆ ਸੀ। ਪਰ ਘਾਟਾ ਵਧਦਾ ਗਿਆ ਅਤੇ 1990-91 ਵਿੱਚ ਫਿਰ ਹਾਕਮਾਂ ਦੀ ਸਿਰਦਰਦੀ ਬਣ ਗਿਆ। 
ਸਾਮਰਾਜੀ ਆਰਥਿਕਤਾਵਾਂ ਦੀ ਅਜਾਰੇਦਾਰੀ ਸਰਦਾਰੀ ਹੋਣ ਕਰਕੇ ਅਤੇ ਭਾਰਤ ਦੀ ਆਰਥਿਕਤਾ ਦੇ ਪਛੜੇ ਤੇ ਸੰਕਟਗ੍ਰਸਤ ਹੋਣ ਕਰਕੇ ਮੁਲਕ ਨੂੰ ਚਾਲੂ ਖਾਤਾ ਘਾਟਾ ਅਤੇ ਭੁਗਤਾਨ ਸੰਤੁਲਨ (ਕਰੰਟ ਅਕਾਊਂਟ ਡੈਫਿਸਿਟ ਐਂਡ ਬੈਲੇਂਸ ਆਫ ਪੇਮੈਂਟ ਡੈਫੈਸਿਟ) ਘਾਟਾ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ। 
ਅਜਿਹੇ ਘਾਟੇ ਨੂੰ ਪੂਰਨ ਲਈ ਭਾਰਤੀ ਹਾਕਮਾਂ ਵੱਲੋਂ ਆਪਣੀ ਦਲਾਲ ਖਸਲਤ ਅਤੇ ਸੋਚ ਦੇ ਵਫਾਦਾਰ ਰਹਿੰਦਿਆਂ ਇਸ ਘਾਟੇਵੰਦੀ ਤੇ ਸੰਕਟਗ੍ਰਸ਼ਤ ਹਾਲਤ ਦੇ ਬੁਨਿਆਦੀ ਕਾਰਨਾਂ ਵੱਲ ਝਾਕਣ ਦੀ ਬਜਾਇ ਸਾਮਰਾਜੀ ਪੂੰਜੀ ਦੇ ਹੀ ਪੈਰੀਂ ਡਿੱਗਿਆ ਜਾਂਦਾ ਹੈ। ਸੋ, ਹਾਕਮਾਂ ਵੱਲੋਂ ਫਿਰ ਮੁਲਕ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਂ ਹੇਠ ਅਖੌਤੀ ''ਆਰਥਿਕ ਸੁਧਾਰਾਂ'' ਅਤੇ ਢਾਂਚਾ ਢਲਾਈ ਦੇ ਪ੍ਰੋਗਰਾਮ ਦਾ ਨੁਸਖਾ ਲਾਗੂ ਕਰਨ ਦਾ ਝੰਡਾ ਚੁੱਕ ਲਿਆ ਗਿਆ। ਸਾਮਰਾਜੀ ਧਾੜਵੀਆਂ ਮੂਹਰੇ ਡੰਡੌਤ ਕਰਦਿਆਂ, ਭਾਰਤ ਅੰਦਰ ਸਿੱਧਾ ਪੂੰਜੀ ਨਿਵੇਸ਼ ਕਰਨ, ਕਰਜ਼ਾ ਮੁਹੱਈਆ ਕਰਨ ਅਤੇ ਸੱਟਾ ਬਾਜ਼ਾਰ ਵਿੱਚ ਪੈਰ ਪਾਉਣ ਲਈ ਲਿਲ੍ਹਕੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸਭ ਰੋਕਾਂ-ਰੁਕਾਵਟਾਂ ਚੁੱਕਦਿਆਂ, ਸਾਮਰਾਜੀ ਪੂੰਜੀ ਲਈ ਮੁਲਕ ਦੇ ਦਰ ਚੌਪੱਟ ਖੋਲ੍ਹ ਦਿੱਤੇ ਗਏ। ਸਰਕਾਰੀ ਅਦਾਰਿਆਂ ਨੂੰ ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਭਾਈਵਾਲਾਂ ਦੇ ਹੱਥਾਂ ਵਿੱਚ ਦੇਣ ਦਾ ਅਮਲ ਵਿੱਢ ਦਿੱਤਾ ਗਿਆ। ਦੇਸੀ-ਵਿਦੇਸ਼ੀ ਕਾਰਪੋਰੇਟ ਧਾੜਵੀਆਂ ਨੂੰ ਭਾਰੀ ਟੈਕਸ-ਛੋਟਾਂ ਤੇ ਸਬਸਿਡੀਆਂ ਦੇ ਗੱਫੇ ਵਰਤਾਉਣ ਦਾ ਅਮਲ ਤੇਜ ਕਰ ਦਿੱਤਾ ਗਿਆ। ਇਸਦੇ ਐਨ ਉਲਟ, ਮਿਹਨਤਕਸ਼ ਲੋਕਾਂ ਦੇ ਰੁਜ਼ਗਾਰ, ਉਜਰਤਾਂ, ਸਬਸਿਡੀਆਂ, ਸੇਵਾ-ਸੁਰੱਖਿਆ ਅਤੇ ਹੋਰ ਸਹੂਲਤਾਂ ਛਾਂਗਣ ਦਾ ਰਾਹ ਅਖਤਿਆਰ ਕਰ ਲਿਆ ਗਿਆ। ਜਬਰੀ ਛਾਂਟੀਆਂ ਤੇ ਠੇਕਾ ਉਜਰਤੀ ਪ੍ਰਬੰਧ ਠੋਸਣ ਦਾ ਅਮਲ ਵਿੱਢਿਆ ਗਿਆ। ਖੇਤੀਬਾੜੀ, ਛੋਟੀਆਂ ਸਨਅੱਤਾਂ ਅਤੇ ਛੋਟੇ ਕਾਰੋਬਾਰਾਂ ਨੂੰ ਮਿਲਦੀਆਂ ਮਾੜੀਆਂ-ਮੋਟੀਆਂ ਆਰਥਿਕ ਰਿਆਇਤਾਂ ਖੋਹ ਕੇ ਉਹਨਾਂ ਨੂੰ ਤਬਾਹੀ ਮੂੰਹ ਧੱਕਣ ਦਾ ਰਾਹ ਅਪਣਾਇਆ ਗਿਆ। ਪ੍ਰਚੂਨ ਖੇਤਰ ਦੀ ਤਬਾਹੀ ਲਈ ਸਾਮਰਾਜੀ ਕਾਰਪੋਰੇਟਾਂ (ਵਾਲ ਮਾਰਟ, ਮੈਟਰੋ ਆਦਿ) ਦੇ ਦਾਖਲੇ ਨੂੰ ਹਰੀ ਝੰਡੀ ਦੇ ਦਿੱਤੀ ਗਈ। 
ਸਾਮਰਾਜੀ ਧਾੜਵੀਆਂ ਵੱਲੋਂ ਮੜ੍ਹੇ ਅਖੌਤੀ ਆਰਥਿਕ ਵਿਕਾਸ ਦੇ ਇਸ ਮਾਡਲ ਦਾ ਸਿੱਟਾ ਰੁਜ਼ਗਾਰ ਅਤੇ ਉਜਰਤਾਂ ਵਿੱਚ ਵੱਡੇ ਖੋਰੇ, ਕਮਾਈ ਦੇ ਵਸੀਲਿਆਂ ਦੇ ਵੱਡੀ ਪੱਧਰ 'ਤੇ ਉਜਾੜੇ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਵੱਡੇ ਤੇ ਵਿਆਪਕ ਖੋਰੇ ਦੇ ਰੂਪ ਵਿੱਚ ਸਾਹਮਣੇ ਆਇਆ। ਲੋਕਾਂ ਵਿੱਚ ਗਰੀਬੀ, ਕੰਗਾਲੀ, ਭੁੱਖਮਰੀ ਅਤੇ ਬਿਮਾਰੀਆਂ ਨੇ ਵਿਰਾਟ ਸ਼ਕਲ ਅਖਤਿਆਰ ਕਰ ਲਈ ਹੈ। ਮੁਲਕ ਅੰਦਰਲੀ ਮੰਡੀ ਹੋਰ ਸੁੰਗੜ ਗਈ ਹੈ। ਸਾਮਰਾਜੀ ਪੂੰਜੀ ਨਿਵੇਸ਼ ਪੈਦਾਵਾਰੀ ਅਮਲ ਦੀ ਬਜਾਇ ਗੈਰ-ਪੈਦਾਵਾਰੀ ਖੇਤਰਾਂ ਅਤੇ ਰਾਤੋ-ਰਾਤ ਉਡਾਰੀ ਮਾਰ ਜਾਣ ਵਾਲੇ ਕਾਰੋਬਾਰਾਂ ਵੱਲ ਵਹਿ ਤੁਰਿਆ ਹੈ। ਸਨਅੱਤੀ ਖੇਤਰ ਅੰਦਰ ਸਾਮਰਾਜੀ ਪੂੰਜੀ ਨਿਵੇਸ਼ ਵੱਲੋਂ ਪਿੱਠ ਕਰ ਲਈ ਗਈ ਹੈ। ਜਿਸ ਕਰਕੇ ਪੈਦਾਵਾਰੀ ਅਮਲ (ਖੇਤੀਬਾੜੀ ਅਤੇ ਸਨਅੱਤ ਖੇਤਰਾਂ ਦਾ ਪੈਦਾਵਾਰ ਅਮਲ ਹੋਰ ਅਧਰੰਗਿਆ ਗਿਆ, ਖਾਸ ਕਰਕੇ ਸਨਅੱਤੀ ਪੈਦਾਵਾਰ ਖੜੋਤ ਅਤੇ ਹੋਰ ਵੀ ਡੂੰਘੇ ਸੰਕਟ ਵਿੱਚ ਜਾ ਡਿਗੀ ਹੈ। 
ਕੁਲ ਮਿਲਾ ਕੇ ਸਿੱਟਾ ਇਹ ਨਿਕਲਿਆ, ਕਿ ਕੁਲ ਘਰੇਲੂ ਪੈਦਾਵਾਰ ਦੇ ਮੁਕਾਬਲੇ ਦਰਾਮਦਾਂ (ਇੰਪੋਰਟਜ਼) ਵਿੱਚ ਵੱਡਾ ਵਾਧਾ ਹੋਇਆ ਹੈ। 2001-02 ਵਿੱਚ ਦਰਾਮਦਾਂ ਕੁਲ ਘਰੇਲੂ ਪੈਦਾਵਾਰ ਦਾ 12.2 ਪ੍ਰਤੀਸ਼ਤ ਸਨ। ਇਹ ਆਏ ਵਰ੍ਹੇ ਵਧਦੀਆਂ ਗਈਆਂ ਅਤੇ 2012-13 ਵਿੱਚ ਜਾ ਕੇ ਕੁੱਲ ਘਰੇਲੂ ਪੈਦਾਵਾਰ ਦਾ 27.2 ਪ੍ਰਤੀਸ਼ਤ ਹੋ ਗਈਆਂ ਹਨ। ਇਉਂ, ਮੁਲਕ ਦਾ ਵਪਾਰਕ ਘਾਟਾ ਵੀ ਛਾਲਾਂ ਮਾਰਦਾ ਉੱਪਰ ਗਿਆ ਹੈ। 2000-01 ਵਿੱਚ ਵਪਾਰਕ ਘਾਟਾ ਕੁੱਲ ਘਰੇਲੂ ਪੈਦਾਵਾਰ ਦਾ -2.6ਫੀਸਦੀ ਸੀ ਅਤੇ 2012-13 ਵਿੱਚ ਘਰੇਲੂ ਪੈਦਾਵਾਰ ਦਾ -10.9 ਫੀਸਦੀ 'ਤੇ ਜਾ ਅੱਪੜਿਆ ਹੈ, ਸਿੱਟੇ ਵਜੋਂ ਚਾਲੂ ਖਾਤਾ ਘਾਟਾ (ਸੀ.ਏ.ਡੀ.) 2012-13 ਵਿੱਚ 5 ਫੀਸਦੀ 'ਤੇ ਜਾ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਹ 1957-58 ਵਿੱਚ 3.1 ਫੀਸਦੀ 1990-91 ਵਿੱਚ 3 ਫੀਸਦੀ ਅਤੇ 2011-12 ਵਿੱਚ 4.2 ਫੀਸਦੀ ਤੱਕ ਪਹੁੰਚਿਆ ਸੀ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਕੁੱਲ ਘਰੇਲੂ ਪੈਦਾਵਾਰ ਦੇ 2.5 ਫੀਸਦੀ ਤੋਂ ਵੱਧ ਘਾਟਾ ਝੱਲਣਯੋਗ ਨਹੀਂ ਹੈ। 
ਵਧ ਰਹੇ ਚਾਲੂ ਖਾਤਾ ਘਾਟੇ ਨੂੰ ਮੇਲਣ ਲਈ ਭਾਰਤ ਵੱਲੋਂ ਪਿਛਲੇ ਸਾਲਾਂ ਵਿੱਚ ਸਾਮਰਾਜੀ ਕਰਜ਼ੇ ਅਤੇ ਪੂੰਜੀ ਨਿਵੇਸ਼ 'ਤੇ ਲਗਾਤਾਰ ਵਧਦੀ ਟੇਕ ਕਰਕੇ ਜਿੱਥੇ ਮੁਲਕ ਸਿਰ ਕਰਜ਼ਾ 2005-06 ਵਿੱਚ 139.1 ਬਿਲੀਅਨ ਡਾਲਰ ਤੋਂ ਵਧ ਕੇ ਦਸੰਬਰ 2012 ਤੱਕ 376.3 ਬਿਲੀਅਨ ਡਾਲਰ ਹੋ ਗਿਆ ਹੈ, ਉੱਥੇ ਕੁੱਲ ਵਿੱਤੀ ਦੇਣਦਾਰੀਆਂ 2009 ਵਿੱਚ 66.6 ਬਿਲੀਅਨ ਡਾਲਰ ਤੋਂ ਛਾਲ ਮਾਰ ਕੇ ਦਸੰਬਰ 2012 ਤੱਕ 282 ਬਿਲੀਅਨ ਡਾਲਰ ਤੱਕ ਜਾ ਪਹੁੰਚੀਆਂ ਹਨ। ਇਹਨਾਂ ਦੇਣਦਾਰੀਆਂ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਅਤੇ ਚਾਲੂ ਖਾਤਾ ਘਾਟਾ ਹੋਰ ਪੈਰ ਪਸਾਰਦਾ ਜਾ ਰਿਹਾ ਹੈ। ਮੁਲਕ ਦੇ ਖੜੋਤਗ੍ਰਸੇ ਅਤੇ ਸੰਕਟਗ੍ਰਸੇ ਪੈਦਾਵਾਰੀ ਅਮਲ ਵਿੱਚ ਇਸ ਘਾਟੇ ਨੂੰ ਪੂਰਨ ਯਾਨੀ ਦੇਣਦਾਰੀਆਂ ਚੁੱਕਦਾ ਕਰਨ ਦਾ ਤੰਤ ਹੀ ਨਹੀਂ ਹੈ। ਜਿਸ ਕਰਕੇ, ਹਾਕਮਾਂ ਵੱਲੋਂ ਜਿੱਥੇ ਆਪਣਾ ਦਾਰੋਮਦਾਰ ਸਾਮਰਾਜੀ ਕਰਜ਼ਿਆਂ, ਨਿਵੇਸ਼ਾਂ ਅਤੇ ਗਰਾਂਟਾਂ ਦੇ ਰੂਪ ਵਿੱਚ ਹਾਸਲ ਹੋ ਸਕਣ ਵਾਲੀ ਵਿੱਤੀ ਪੂੰਜੀ 'ਤੇ ਰੱਖਿਆ ਜਾ ਰਿਹਾ ਹੈ, ਉੱਥੇ ਮੁਲਕ ਦੇ ਕਮਾਊ ਲੋਕਾਂ ਦੀ ਰੋਟੀ-ਰੋਜ਼ੀ, ਸਬਸਿਡੀਆਂ, ਕਮਾਈ ਦੇ ਵਸੀਲਿਆਂ ਅਤੇ ਨਿਗੂਣੀਆਂ ਆਰਥਿਕ ਸਹੂਲਤਾਂ ਨੂੰ ਖੋਹਣ ਅਤੇ ਕਾਰਪੋਰੇਟ ਗਿਰਝਾਂ ਹਵਾਲੇ ਕਰਨ ਦੇ ਅਮਲ ਦੀ ਧਾਰ ਤਿੱਖੀ ਕਰਨ 'ਤੇ ਰੱਖ ਕੇ ਚੱਲਿਆ ਜਾ ਰਿਹਾ ਹੈ। ਸਿੱਧੇ ਵਿਦੇਸ਼ੀ ਨਿਵੇਸ਼ ਲਈ ਵਿੱਤੀ ਪੂੰਜੀ ਹਾਸਲ ਕਰਨ ਲਈ ਪਹਿਲਾਂ ਵੀ ਵਿੱਤ ਮੰਤਰੀ ਵੱਲੋਂ ਹਾਂਗਕਾਂਗ, ਸਿੰਘਾਪੁਰ, ਡੁਬੱਈ, ਬਰਸੱਲਜ਼, ਨਿਊਯਾਰਕ, ਲੰਡਨ ਵਗੈਰਾ ਵਿੱਚ ਸਾਮਰਾਜੀ ਕਾਰਪੋਰੇਟ ਘਾਗਾਂ ਮੂਹਰੇ ਗਿੜਗਿੜਾਇਆ ਗਿਆ ਹੈ। ਹੁਣ ਫਿਰ ਅਜਿਹੀ ਗੁਲਾਮਾਨਾ ਕਸਰਤ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 
ਹਾਕਮਾਂ ਵੱਲੋਂ ਅਖਤਿਆਰ ਕੀਤਾ ਇਹ ਸਾਮਰਾਜੀ ਨਿਰਦੇਸ਼ਤ ਦਿਵਾਲੀਆ ਰਾਹ ਸਾਮਰਾਜੀਆਂ ਨੂੰ ਮਾਲਾਮਾਲ ਕਰਨ ਤੇ ਵਿੱਤੀ ਪੂੰਜੀ ਦੇ ਭੜੋਲਿਆਂ ਨੂੰ ਰੰਗ-ਭਾਗ ਲਾਉਣ ਦਾ ਰਾਹ ਹੈ ਅਤੇ ਮੁਲਕ ਨੂੰ ਆਰਥਿਕ ਤਬਾਹੀ ਤੇ ਉਜਾੜੇ ਦੇ ਮੂੰਹ ਧੱਕਦੇ ਜਾਣ ਦਾ ਰਾਹ ਹੈ। ਮੁਲਕ ਦੀ ਸਾਮਰਾਜੀ ਵਿੱਤੀ ਪੂੰਜੀ 'ਤੇ ਨਿਰਭਰਤਾ ਨੂੰ ਹੋਰ ਵਧਾਉਣ ਅਤੇ ਇਸ ਨੂੰ ''ਢਾਂਚਾ-ਢਲਾਈ'' ਦੇ ਨਾਂ ਹੇਠ ਸਾਮਰਾਜੀ ਵਿੱਤੀ ਪੂੰਜੀ ਦੀਆਂ ਲੋੜਾਂ ਮੁਤਾਬਕ ਢਾਲਦੇ ਜਾਣ ਦਾ ਰਾਹ ਹੈ। 
ਇਸ ਸਾਮਰਾਜੀ ਮੁਥਾਜਗੀ ਤੇ ਅਧੀਨਗੀ ਦੀ ਹਾਲਤ ਦਾ ਹੀ ਲਾਜ਼ਮੀ ਨਤੀਜਾ ਹੈ ਕਿ ਭਾਰਤੀ ਕਰੰਸੀ ਨੂੰ ਸਾਮਰਾਜੀ ਕਰੰਸੀਆਂ ਦੀ ਅਧੀਨਗੀ ਦਾ ਸਰਾਪ ਲੱਗਿਆ ਰਹਿਣਾ ਹੈ। ਅਗਲੀ ਗੱਲ, ਮੁਲਕ ਦੀ ਆਰਥਿਕਤਾ ਦੇ ਸਾਮਰਾਜੀ ਵਿੱਤੀ ਪੂੰਜੀ ਦੀਆਂ ਲੋੜਾਂ ਮੁਤਾਬਕ ਢਲਦੇ ਜਾਣ ਅਤੇ ਹੋਰ ਸੰਕਟ ਮੂੰਹ ਧੱਕੇ ਜਾਣ ਦੇ ਅਮਲ ਕਰਕੇ ਭਾਰਤੀ ਕਰੰਸੀ ਨੇ ਮੁੜ-ਬਹਾਲ ਤਾਂ ਕੀ ਹੋਣਾ ਹੈ, ਸਗੋਂ ਇਸਦੇ ਗਿਰਾਵਟ ਵੱਲ ਜਾਣ ਦੀਆਂ ਹੋਰ ਗੁੰਜਾਇਸ਼ਾਂ ਦਾ ਆਧਾਰ-ਪਸਾਰਾ ਹੋ ਰਿਹਾ ਹੈ। ਉਪਰੋਕਤ ਦੋਵਾਂ ਗੱਲਾਂ ਦੇ ਹੁੰਦਿਆਂ, ਭਾਰਤੀ ਰੁਪਏ ਦੀ ਖੈਰ ਬਾਰੇ ਕਿਵੇਂ ਸੋਚਿਆ ਜਾ ਸਕਦਾ ਹੈ। 
ਇੱਥੇ ਇਹ ਗੱਲ ਕਾਬਲੇ-ਗੌਰ ਹੈ ਕਿ ਵਿੱਤੀ ਪੂੰਜੀ ਦੀ ਵਕਤੀ ਮੁੜ-ਉਡਾਰੀ (ਡਾਲਰ ਦਾ ਅਮਰੀਕਾ ਵੱਲ ਮੁੜ-ਵਹਾਅ) ਦੇ ਸਿੱਟੇ ਵਜੋਂ ਰੁਪਏ ਦੀ ਕੀਮਤ 'ਤੇ ਨਾਂਹ-ਪੱਖੀ ਅਸਰ ਪੈਣਾ ਇੱਕ ਵਕਤੀ ਵਰਤਾਰਾ ਹੈ। ਡਾਲਰ ਜਾਂ ਸਾਮਰਾਜੀ ਪੂੰਜੀ ਦੇ ਭਾਰਤੀ ਮੰਡੀ ਵੱਲ ਤੇਜ ਜਾਂ ਮੱਧਮ ਵਹਾਅ ਦਾ ਰੁਪਏ ਦੀ ਕੀਮਤ 'ਤੇ ਅਸਰ ਵਕਤੀ ਹੋ ਸਕਦਾ ਹੈ। ਇਹ ਗੱਲ ਰੁਪਏ ਦੀ ਕੀਮਤ ਨੂੰ ਤਹਿ ਕਰਦਾ ਪੱਖ ਨਹੀਂ ਹੈ। ਰੁਪਏ ਦੀ ਸਾਮਰਾਜੀ ਪੂੰਜੀ 'ਤੇ ਨਿਰਭਰਤਾ ਹੀ ਅਜਿਹਾ ਤਹਿ ਕਰਦਾ ਪੱਖ ਹੈ, ਜਿਸ ਕਰਕੇ ਰੁਪਏ ਦੀ ਕੀਮਤ ਦਾ ਗਿਰਾਵਟਮੁਖੀ ਝੁਕਾਅ (ਟੈਂਡੈਂਸੀ) ਅਟੱਲ ਤੌਰ 'ਤੇ ਬਰਕਰਾਰ ਰਹਿਣਾ ਹੈ। 
ਦੁਨੀਆਂ ਭਰ ਦੇ ਮਜ਼ਦੂਰਾਂ, ਕੌਮਾਂ ਅਤੇ ਲੋਕਾਂ ਨੂੰ ਆਪਣੀ ਅਧੀਨਗੀ ਦੀ ਤੰਦੂਆ ਜਕੜ ਵਿੱਚ ਰੱਖਣਾ ਚਾਹੁੰਦੀ ਜਰਵਾਣੀ ਵਿੱਤੀ ਪੂੰਜੀ ਦੇ ਠੁੱਡਿਆਂ ਮੂਹਰੇ ਕੱਖੋਂ ਹੌਲੇ ਅਤੇ ਬੇਵੁੱਕਤ ਹੋ ਰਹੇ ਰੁਪਏ ਦੀ ਕੀਮਤ ਤੇ ਵੁੱਕਤ-ਬਹਾਲੀ ਦਾ ਮਾਮਲਾ ਵਕਤੀ ਓਹੜਾਂ-ਪੋਹੜਾਂ ਨਾਲ ਹੱਲ ਹੋਣ ਵਾਲਾ ਮਾਮਲਾ ਨਹੀਂ ਹੈ। ਅਸਲ ਵਿੱਚ- ਇਹ ਮੁਲਕ ਨੂੰ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲ ਦੇਸੀ ਹਾਕਮ ਲਾਣੇ ਦੀ ਅੰਨ੍ਹੀਂ ਲੁੱਟ ਅਤੇ ਦਾਬੇ ਦੇ ਜਕੜਪੰਜੇ 'ਚੋਂ ਮੁਕਤ ਕਰਵਾਉਂਦਿਆਂ, ਉਸ ਦੇ ਸਿਰ 'ਤੇ ਖਰੀ ਆਜ਼ਾਦੀ, ਮੁਕਤੀ ਅਤੇ ਜਮਹੂਰੀਅਤ ਦਾ ਤਾਜ ਸਜਾਉਣ ਦਾ ਮਾਮਲਾ ਹੈ। ਮੁਲਕ ਦੇ ਆਜ਼ਾਦਾਨਾ, ਸਵੈ-ਚਾਲਕ ਅਤੇ ਆਤਮ-ਨਿਰਭਰ ਆਰਥਿਕ ਵਿਕਾਸ ਤੇ ਖੁਸ਼ਹਾਲੀ ਦਾ ਰਾਹ ਖੋਲ੍ਹਣ ਦਾ ਮਾਮਲਾ ਹੈ ਅਤੇ ਸੰਕਟ-ਮੂੰਹ ਆ ਰਹੇ ਸਾਮਰਾਜੀ ਮੁਲਕਾਂ ਦੀਆਂ ਕਰੰਸੀਆਂ ਦੇ ਮੁਕਾਬਲੇ ਰੁਪਏ ਦੇ ਕੱਦ ਕੱਢਣ ਅਤੇ ਤਕੜਾਈ ਹਾਸਲ ਕਰਦੇ ਜਾਣ ਦਾ ਬੁਨਿਆਦੀ ਆਧਾਰ ਸਿਰਜਣ ਦਾ ਮਾਮਲਾ ਹੈ। 

4 ਸਤੰਬਰ 2013 ਨੂੰ ਲੋਕ ਸਭਾ ਵਿੱਚ ਬੋਲਦੇ ਹੋਏ ਵਿੱਤ ਮੰਤਰੀ ਚਿਦੰਬਰਮ ਵੱਲੋਂ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਨੂੰ ''ਨਿਰਾਸ਼ਾਜਨਕ'' ਦੱਸਦਿਆਂ ਕਿਹਾ ਗਿਆ ਕਿ ''ਰੁਪਏ ਦੀ ਕੀਮਤ ਵਾਕਈ ਚਿੰਤਾ ਦਾ ਮਾਮਲਾ ਹੈ। .......ਰੁਪਇਆ ਆਪਣਾ ਮੁਕਾਮ ਬਣਾ ਲਵੇਗਾ........ ਸਾਡਾ ਖਿਆਲ ਹੈ ਕਿ ਇਸਦੀ ਕੀਮਤ ਬੇਲੋੜੀ ਘਟੀ ਹੈ। ਰੁਪਏ ਦੀ ਦਰੁਸਤੀ ਨੂੰ ਕੁੱਝ ਸਮਾਂ ਲਗੇਗਾ।'' ਇਸ ਤੋਂ ਇਲਾਵਾ ਉਹਨਾਂ ਮੰਨਿਆ ਕਿ ਰੁਪਏ ਦੀ ਕੀਮਤ ਮਾਲੀ ਘਾਟੇ, ਚਾਲੂ ਖਾਤਾ ਘਾਟਾ ਅਤੇ ਮਹਿੰਗਾਈ ਕਰ ਜਿਹੇ ਵੱਡੇ ਆਰਥਿਕ ਕਾਰਨਾਂ 'ਤੇ ਨਿਰਭਰ ਕਰਦੀ ਹੈ। 
ਇਹ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੇ ਸਾਮਰਾਜੀ ਆਰਥਿਕ ਹੱਲੇ ਦੇ ਇੱਕ ਮੋਹਰੀ ਪਿਆਦੇ ਵਿੱਤ ਮੰਤਰੀ ਚਿੰਦਬਰਮ ਨੂੰ ਇਹ ਇਕਬਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਕੁੱਲ ਘਰੇਲੂ ਪੈਦਾਵਾਰ ਦਾ ਅਮਲ ਸੰਕਟਗ੍ਰਸਤ ਹਾਲਤ ਵਿੱਚ ਫਸਿਆ ਹੋਇਆ ਹੈ। ਸਿੱਟੇ ਵਜੋਂ, ਮਾਲੀ ਘਾਟਾ, ਚਾਲੂ ਖਾਤਾ ਘਾਟਾ ਅਤੇ ਮਹਿੰਗਾਈ ਰੁਪਏ ਦੀ ਹੋ ਰਹੀ ਦੁਰਗਤੀ ਦੇ ''ਵੱਡੇ ਆਰਥਿਕ ਕਾਰਨ'' ਬਣਦੇ ਹਨ। ਪਰ ਉਹ ਇੱਥੋਂ ਅੱਗੇ ਨਹੀਂ ਜਾ ਸਕਦਾ। ਉਹ ਇਹ ਇਕਬਾਲ ਨਹੀਂ ਕਰ ਸਕਦਾ ਕਿ ਹਾਕਮਾਂ ਦੀ ਨੀਂਦ ਹਰਾਮ ਕਰ ਰਹੀਆਂ ਮਾਲੀ ਘਾਟੇ, ਚਾਲੂ ਖਾਤਾ ਘਾਟੇ ਅਤੇ ਮਹਿੰਗਾਈ ਜਿਹੀਆਂ ਡਰਾਉਣੀਆਂ ਅਲਾਮਤਾਂ ਦੇ ਬੁਨਿਆਦੀ ਪੈਦਾਇਸ਼ੀ ਕਾਰਨ ਕੀ ਹਨ। 

ਨਿੱਜੀ ਕਾਰੋਬਾਰੀਆਂ ਦੀ ਮੁਨਾਫ਼ਾ ਹਵਸ ਨੇ
ਗੰਢਿਆਂ ਦੀਆਂ ਕੀਮਤਾਂ ਛੱਤਣੀ ਚਾੜ੍ਹੀਆਂ
-ਮਨਦੀਪ
ਜੁਲਾਈ 2012 ਵਿੱਚ 20 ਰੁਪਏ ਕਿਲੋ ਵਿਕਦੇ ਪਿਆਜ ਦੀ ਕੀਮਤ ਅਗਸਤ 2013 ਵਿੱਚ 80 ਰੁਪਏ ਕਿਲੋ ਹੋ ਗਈ। ਪਿਛਲੇ ਕੁੱਝ ਮਹੀਨਿਆਂ ਅੰਦਰ ਖਾਧ-ਪਦਾਰਥਾਂ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਦੀ ਮਾਰ ਝੱਲ ਰਹੇ ਭਾਰਤ ਦੇ ਕਮਾਊ ਲੋਕਾਂ ਲਈ ਪਿਆਜ ਕੀਮਤਾਂ ਵਿੱਚ 200 ਫੀਸਦੀ ਵਾਧੇ ਨੇ ਮੂੰਹੋਂ ਰੋਟੀ ਖੋਹਣ ਦਾ ਕੰਮ ਕੀਤਾ ਹੈ। ਹਾਕਮ ਜਮਾਤ ਵੱਲੋਂ ਇਸ ਵਾਧੇ ਦਾ ਭਾਂਡਾ ਵਧੇਰੇ ਮਾਨਸੂਨ ਨਾਲ ਘਟੀ ਪਿਆਜ ਦੀ ਪੈਦਾਵਾਰ ਸਿਰ ਭੰਨ ਕੇ ਪੱਲਾ ਝਾੜਿਆ ਜਾ ਰਿਹਾ ਹੈ, ਪਰ ਹਕੀਕਤ ਕੁੱਝ ਹੋਰ ਹੈ। 
ਪਿਆਜਾਂ ਦੀਆਂ ਕੀਮਤਾਂ ਵਿੱਚ ਇਹ ਅਥਾਹ ਵਾਧਾ ਜਖੀਰੇਬਾਜ਼ੀ ਦਾ ਸਿੱਟਾ ਹੈ। ਭਾਰਤ ਵਿੱਚ ਪਿਆਜਾਂ ਦਾ ਸਲਾਨਾ 10000 ਕਰੋੜ ਦਾ ਕਾਰੋਬਾਰ ਹੈ। ਹਰ ਸਾਲ ਮੁਲਕ ਅੰਦਰ ਲੱਗਭੱਗ 160 ਲੱਖ ਟਨ ਪਿਆਜਾਂ ਦੀ ਪੈਦਾਵਾਰ ਹੁੰਦੀ ਹੈ ਤੇ ਮੁਲਕ ਦੀ ਘਰੇਲੂ ਮੰਗ ਲੱਗਭੱਗ 120 ਲੱਖ ਟਨ ਹੈ। 18 ਲੱਖ ਟਨ ਪਿਆਜ ਸਾਲਾਨਾ ਬਰਾਮਦ ਕੀਤੇ ਜਾਂਦੇ ਹਨ ਤੇ 16 ਲੱਖ ਟਨ ਭੰਡਾਰਨ ਖੁਣੋਂ ਨੁਕਸਾਨੇ ਜਾਂਦੇ ਹਨ। ਪਿਆਜਾਂ ਦੇ ਇਸ ਕਾਰੋਬਾਰ ਦਾ ਵੱਡਾ ਹਿੱਸਾ ਕੁਝ ਕੁ ਥੋਕ ਵਪਾਰੀਆਂ ਦੇ ਹੱਥਾਂ ਵਿੱਚ ਕੇਂਦਰਤ ਹੈ। ਇਹਨਾਂ ਵੱਡੇ ਵਪਾਰੀਆਂ ਦਾ ਲੱਗਭੱਗ ਸਭਨਾਂ ਮੁੱਖ ਪਿਆਜ ਮੰਡੀਆਂ ਅੰਦਰ ਆਪਣੇ ਦਲਾਲਾਂ ਅਤੇ ਆੜ੍ਹਤੀਆਂ ਦਾ ਤਾਣਾ-ਬਾਣਾ ਵਿਛਿਆ ਹੋਇਆ ਹੈ। ਪਿਆਜਾਂ ਦੇ ਕਾਰੋਬਾਰ ਅੰਦਰ ਇਹ ਵਪਾਰੀ ਆਪਸੀ ਮੁਕਾਬਲੇਬਾਜ਼ੀ ਵਿੱਚ ਨਾ ਪੈ ਕੇ ਇੱਕ ਗੁੱਟ ਬਣਾ ਕੇ ਚੱਲਦੇ ਹਨ। ਸਾਂਝੀ ਸੰਮਤੀ ਬਣਾ ਕੇ ਇਹ ਆਪਣੇ ਗੁਦਾਮਾਂ ਅੰਦਰ ਪਿਆਜਾਂ ਦੀ ਜਮ੍ਹਾਂਖੋਰੀ ਕਰਦੇ ਹਨ ਤੇ ਨਕਲੀ ਘਾਟ ਪੈਦਾ ਕਰਦੇ ਹਨ। ਇਹਨਾਂ ਜਖੀਰੇਬਾਜ਼ਾਂ ਨੂੰ ਸਿਆਸੀ ਸ਼ਹਿ ਤੇ ਸਰਪ੍ਰਸਤੀ ਹਾਸਲ ਹੈ। 
ਮੌਜੂਦਾ ਸੀਜਨ ਦੌਰਾਨ ਇਹਨਾਂ ਜਖੀਰੇਬਾਜ਼ਾਂ ਨੇ ਜੂਨ-ਜੁਲਾਈ ਵਿੱਚ ਕਿਸਾਨਾਂ ਤੋਂ ਆੜ੍ਹਤੀਆਂ ਰਾਹੀਂ ਵੱਧ ਤੋਂ ਵੱਧ 1500 ਰੁਪਏ ਕੁਇੰਟਲ ਦੇ ਹਿਸਾਬ ਨਾਲ ਪਿਆਜ ਖਰੀਦੇ ਤੇ ਵੱਖ ਵੱਖ ਥਾਈਂ ਸਟੋਰ ਕਰ ਲਏ। ਇਸ ਜਖੀਰੇਬਾਜ਼ੀ ਸਦਕਾ ਪੈਦਾ ਹੋਈ ਘਾਟ ਨੇ ਅਗਸਤ ਮਹੀਨੇ ਅੰਦਰ ਪਿਆਜਾਂ ਦੀ ਥੋਕ ਕੀਮਤ 45 ਰੁਪਏ ਪ੍ਰਤੀ ਕਿਲੋ ਤੇ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚਾ ਦਿੱਤੀ। ਜਦੋਂ ਮੰਡੀਆਂ ਅੰਦਰ ਪਿਆਜ ਇਹਨਾਂ ਇੱਛਤ ਕੀਮਤਾਂ 'ਤੇ ਵਿਕਣ ਲੱਗਿਆ ਤਾਂ ਜਖੀਰੇਬਾਜ਼ਾਂ ਨੇ ਪਿਆਜ ਸਟੋਰਾਂ 'ਚੋਂ ਕੱਢਣੇ ਸ਼ੁਰੂ ਕੀਤੇ। 12 ਤੋਂ 15 ਅਗਸਤ ਦੇ ਚਾਰ ਦਿਨਾਂ ਦੇ ਅੰਦਰ ਅੰਦਰ ਹੀ 5 ਲੱਖ ਕੁਇੰਟਲ ਪਿਆਜ ਸਟੋਰਾਂ 'ਚੋਂ ਨਿਕਲੇ ਤੇ ਇਹਨਾਂ ਚਾਰ ਦਿਨਾਂ ਵਿੱਚ ਹੀ ਜਖੀਰੇਬਾਜ਼ਾਂ ਨੇ 150 ਕਰੋੜ ਰੁਪਏ ਦਾ ਮੁਨਾਫਾ ਵੱਟ ਲਿਆ। 25 ਅਗਸਤ 2013 ਦੇ ਟਾਈਮਜ਼ ਆਫ ਇੰਡੀਆ ਅਖਬਾਰ ਵਿੱਚ ਛਪੀ ਇੱਕ ਰਿਪੋਰਟ ਵਿੱਚ ਪਿਆਜ ਪੈਦਾਵਾਰ ਦੇ ਉੱਘੇ ਕੇਂਦਰ ਨਾਸਿਕ ਦੀ ਖੇਤੀ ਉਪਜ ਮੰਡੀਕਰਨ ਕਮੇਟੀ ਦੇ ਡਿਪਟੀ ਡਾਇਰੈਕਟਰ ਦਾ ਬਿਆਨ ਆ ਗਿਆ। ਇਸ ਬਿਆਨ ਵਿੱਚ ਉਸਨੇ ਇਹ ਖੁਲਾਸਾ ਕੀਤਾ ਹੈ ਕਿ ''ਇਸ ਸਮੇਂ ਕਿਸਾਨਾਂ ਕੋਲ ਪੱਚੀ ਲੱਖ ਕੁਇੰਟਲ ਪਿਆਜ ਹਨ, ਜਿਹਨਾਂ ਵਿੱਚੋਂ 13.5 ਲੱਖ ਕੁਇੰਟਲ ਲਾਸਾਲਗਾਉਂ ਕਮੇਟੀ ਦੇ ਅਧੀਨ ਪੈਂਦੇ 66 ਪਿੰਡਾਂ ਵਿੱਚ ਹੀ ਮੌਜੂਦ ਹਨ।'' ਉਸਦਾ ਇਹ ਬਿਆਨ ਸਪਸ਼ਟ ਕਰਦਾ ਹੈ ਕਿ ਪਿਆਜਾਂ ਦੀ ਘਾਟ ਦਾ ਸ਼ੋਰ ਸ਼ਰਾਬਾ ਅਸਲ ਵਿੱਚ ਜਖੀਰੇਬਾਜ਼ਾਂ ਵੱਲੋਂ ਸਿਆਸੀ ਸਰਪ੍ਰਸਤੀ ਨਾਲ ਖੇਡਿਆ ਗਿਆ ਇੱਕ ਨਾਟਕ ਸੀ। ਲੋਕਾਂ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹ ਕੇ ਵੱਡੇ ਮੁਨਾਫੇ ਹਾਸਲ ਕਰਨ ਦਾ ਇਹ ਅਮਲ ਲੋਕ ਦੁਸ਼ਮਣ ਹਕੂਮਤਾਂ ਹੇਠ ਹੀ ਚੱਲਦਾ ਰਹਿ ਸਕਦਾ ਹੈ। 
ਇੱਕ ਪਾਸੇ- ਕੀਮਤਾਂ ਛੱਤਣੀ ਚਾੜ੍ਹ ਕੇ ਖਪਤਕਾਰਾਂ ਦੀ ਛਿੱਲ ਪੱਟੀ ਜਾਂਦੀ ਹੈ ਅਤੇ ਦੂਜੇ ਪਾਸੇ- ਕੀਮਤਾਂ ਥੱਲੇ ਸੁੱਟ ਕੇ ਮਿਹਨਤਕਸ਼ ਕਿਸਾਨਾਂ ਦੀ ਛਿੱਲ ਲਾਹੀ ਜਾਂਦੀ ਹੈ। ਪਿਆਜ ਦੇ ਉਤਪਾਦਕ ਮੁੱਖ ਤੌਰ 'ਤੇ ਗੁਜਰਾਤ, ਮਹਾਂਰਾਸ਼ਟਰ ਤੇ ਕਰਨਾਟਕ ਦੇ ਡੇਢ-ਦੋ ਕਿੱਲਿਆਂ ਵਾਲੇ ਗਰੀਬ ਕਿਸਾਨ ਹਨ, ਜਿਹੜੇ ਪਿਆਜ ਦੀਆਂ ਕੀਮਤਾਂ ਤਹਿ ਕਰਨ ਵਿੱਚ ਕੋਈ ਰੋਲ ਅਦਾ ਨਹੀਂ ਕਰ ਸਕਦੇ। ਸਗੋਂ ਆੜ੍ਹਤੀਏ ਤੇ ਵਪਾਰੀ ਇਹਨਾਂ ਛੋਟੇ ਕਿਸਾਨਾਂ ਤੋਂ ਬਹੁਤ ਘੱਟ ਮੁੱਲ 'ਤੇ ਪਿਆਜ ਬਟੋਰ ਲਿਜਾਂਦੇ ਹਨ। ਅਕਸਰ ਇਹ ਖਰੀਦ ਬੋਲੀ ਰਾਹੀਂ ਕੀਤੀ ਜਾਂਦੀ ਹੈ। ਲੋਕਲ ਮੰਡੀਆਂ ਵਿੱਚ ਆੜ੍ਹਤੀਏ ਤੇ ਵਪਾਰੀਆਂ ਦੇ ਗੁੱਟ ਆਪਸੀ ਸਹਿਮਤੀ ਰਾਹੀਂ ਬੋਲੀ ਬਹੁਤ ਨੀਵੀਂ ਰੱਖਦੇ ਹਨ। ਇੰਸਟੀਚਿਊਟ ਆਫ ਸੋਸ਼ਲ ਐਂਡ ਇਕਨੌਮਿਕ ਚੇਂਜ ਵੱਲੋਂ ਸਰਵੇ ਕਰ ਰਹੀ ਟੀਮ ਦੀ ਰਿਪੋਰਟ ਵਿੱਚ ਕਿਸਾਨਾਂ ਦੀ ਇਸ ਲੁੱਟ ਦਾ ਜ਼ਿਕਰ ਕੀਤਾ ਗਿਆ ਹੈ। ਇਹ ਟੀਮ ਜਦੋਂ ਅਹਿਮਦਨਗਰ ਮੰਡੀ ਵਿੱਚ ਗਈ ਤਾਂ ਪਿਆਜ ਦੀ ਬੋਲੀ ਹੋ ਰਹੀ ਸੀ। ਵਪਾਰੀਆਂ ਨੇ 300 ਰੁਪਏ ਪ੍ਰਤੀ ਕੁਇੰਟਲ ਤੋਂ ਬੋਲੀ ਸ਼ੁਰੂ ਕੀਤੀ ਜੋ 400 ਰੁਪਏ ਪ੍ਰਤੀ ਕੁਇੰਟਲ ਤੱਕ ਗਈ। ਜਦੋਂ ਇੱਕ ਵਪਾਰੀ ਨੇ 400 ਰੁਪਏ ਪ੍ਰਤੀ ਕੁਇੰਟਲ ਬੋਲੀ ਲਾਈ ਤਾਂ ਦੂਸਰੇ ਨੇ 405 ਰੁਪਏ ਪ੍ਰਤੀ ਕੁਇੰਟਲ ਬੋਲੀ ਦਿੱਤੀ। ਇਸ ਤੋਂ ਬਾਅਦ ਬੋਲੀ ਖਤਮ ਕਰ ਦਿੱਤੀ ਗਈ ਤੇ ਜਿਣਸ ਨੂੰ ਇਹਨਾਂ ਦੋਹਾਂ ਵਪਾਰੀਆਂ ਨੇ ਆਪਸ ਵਿੱਚ ਵੰਡ ਲਿਆ। ਗੁੱਟਬਾਜ਼ੀ ਰਾਹੀਂ ਬੋਲੀ ਨੀਵੀਂ ਰੱਖ ਕੇ ਗਰੀਬ ਕਿਸਾਨਾਂ ਦੀ ਲੁੱਟ ਪਿਆਜ ਮੰਡੀਆਂ ਵਿੱਚ ਆਮ ਵਰਤਾਰਾ ਹੈ। ਮਾਮੂਲੀ ਕੀਮਤਾਂ 'ਤੇ ਖਰੀਦੇ ਇਹ ਪਿਆਜ਼ ਆੜ੍ਹਤੀਆਂ, ਦਲਾਲਾਂ, ਥੋਕ ਵਪਾਰੀਆਂ ਦੇ ਹੱਥਾਂ 'ਚੋਂ ਲੰਘਦੇ ਲੰਘਦੇ ਖਪਤਕਾਰਾਂ ਤੱਕ ਪਹੁੰਚਦੇ ਪਹੁੰਚਦੇ ਇਹ ਕਈ ਗੁਣਾਂ ਮਹਿੰਗੇ ਹੋ ਜਾਂਦੇ ਹਨ। 
ਪਿਆਜਾਂ ਦੇ ਕਾਰੋਬਾਰ ਦਾ ਮੁੱਖ ਹਿੱਸਾ ਨਿੱਜੀ ਹੱਥਾਂ ਵਿੱਚ ਕੇਂਦਰਤ ਹੈ। ਇਸ ਤੋਂ ਵੀ ਅੱਗੇ ਪਿਆਜ ਮੰਡੀ ਅੰਦਰ ਕੁਝ ਕੁ  ਵਪਾਰੀਆਂ ਦੀ ਅਜਾਰੇਦਾਰੀ ਹੈ, ਜਿਸ ਸਦਕਾ ਜਖੀਰੇਬਾਜ਼ੀ ਤੇ ਮੁਨਾਫਾਖੋਰੀ ਵਧਦੇ ਫੁੱਲਦੇ ਹਨ। ਨੈਫੇਡ ਵਰਗੀਆਂ ਸਰਕਾਰੀ ਏਜੰਸੀਆਂ ਵੀ ਕਿਸਾਨਾਂ ਤੋਂ ਸਿੱਧੀ ਖਰੀਦ ਨਾ ਕਰਕੇ ਆੜ੍ਹਤੀਆਂ ਤੇ ਵਿਚੋਲਿਆਂ ਤੋਂ ਖਰੀਦ ਕਰਦੀਆਂ ਹਨ। ਸਰਾਕਰੀ ਖਰੀਦ, ਭੰਡਾਰਨ ਤੇ ਮੰਡੀਕਰਨ ਦੇ ਪ੍ਰਬੰਧਾਂ ਦੀ ਅਣਹੋਂਦ ਵਰਗੀ ਹਾਲਤ ਹੈ। ਜਿਸ ਕਰਕੇ ਉਪਜ ਦਾ ਇੱਕ ਹਿੱਸਾ ਬਰਬਾਦ ਹੋ ਜਾਂਦਾ ਹੈ ਤੇ ਬਾਕੀ ਮੁਨਾਫੇਖੋਰਾਂ ਦੇ ਭੰਡਾਰਾਂ ਵਿੱਚ ਪਹੁੰਚ ਜਾਂਦਾ ਹੈ। ਮੁਲਕ ਦੇ ਬਹੁਗਿਣਤੀ ਲੋਕਾਂ ਦੀਆਂ ਲੋੜਾਂ ਤੋਂ ਟੁੱਟੇ ਪੈਦਾਵਾਰ ਅਤੇ ਦਰਾਮਦਾਂ-ਬਰਾਮਦਾਂ ਦੇ ਅਮਲ ਮਹਿੰਗਾਈ ਨੂੰ ਅੱਡੀ ਲਾਉਂਦੇ ਹਨ। ਦਸੰਬਰ 2010 ਵਿੱਚ ਜਦੋਂ ਪਿਆਜ ਦੀਆਂ ਕੀਮਤਾਂ 150 ਫੀਸਦੀ ਵਧੀਆਂ ਤਾਂ ਉਸ ਵਿੱਚ ਹੋਰ ਕਾਰਨਾਂ ਦੇ ਨਾਲ ਇਸ ਗੱਲ ਦਾ ਵੀ ਰੋਲ ਸੀ ਕਿ ਸਤੰਬਰ-ਅਕਤੂਬਰ ਵਿੱਚ ਬੇਮੌਸਮੀ ਬਾਰਸ਼ਾਂ ਨਾਲ ਪਿਆਜ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਸੀ, ਪਰ ਇਸਦੇ ਬਾਵਜੂਦ ਸਰਕਾਰ ਨੇ 1.04 ਲੱਖ ਟਨ ਪਿਆਜ ਦੀ ਬਰਾਮਦ ਹੋਣ ਦਿੱਤੀ। 
ਲੋਕਾਂ ਲਈ ਲੋੜੀਂਦੇ ਖਾਧ-ਪਦਾਰਥਾਂ ਦੀਆਂ ਵਾਜਬ ਕੀਮਤਾਂ ਤੇ ਉਪਲਬਧਤਾ ਯਕੀਨੀ ਕਰਨ ਵਿੱਚ ਮੁਲਕ ਅੰਦਰ ਇਹਨਾਂ ਪਦਾਰਥਾਂ ਦੀ ਮੰਗ ਦਾ ਠੋਸ ਜਾਇਜ਼ਾ, ਪੈਦਾਵਾਰ ਉੱਪਰ ਹੁੰਦੇ ਲਾਗਤ ਖਰਚਿਆਂ 'ਤੇ ਕੰਟਰੋਲ, ਮੌਸਮੀ ਬਿਪਤਾਵਾਂ ਨਾਲ ਨਜਿੱਠਣ ਦੇ ਕਾਰਗਰ ਪ੍ਰਬੰਧ, ਲੋੜੀਂਦੀਆਂ ਸਬਸਿਡੀਆਂ, ਉਪਜ ਦੀ ਸਰਕਾਰੀ ਖਰੀਦ, ਭੰਡਾਰਨ ਦੇ ਸੁਚੱਜੇ ਪ੍ਰਬੰਧ ਤੇ ਕੰਟਰੋਲ ਰੇਟਾਂ ਉੱਪਰ ਵਿੱਕਰੀ ਲੋੜੀਂਦੇ ਕਦਮ ਹਨ। ਪਰ ਇਹ ਕਦਮ ਹਾਕਮ ਜਮਾਤ ਤਾਂ ਹੀ ਚੁੱਕਦੀ ਹੈ ਜੇ ਉਸ ਉੱਤੇ ਲੋਕਾਂ ਦਾ ਡੰਡਾ ਹੋਵੇ ਜਾਂ ਫਿਰ ਹਕੂਮਤ ਹੀ ਆਪ ਲੋਕ ਹਿਤੂ ਹੋਵੇ। ਮੌਜੂਦਾ ਲੋਕ ਦੁਸ਼ਮਣ ਹਾਕਮ ਜਮਾਤ ਦਾ ਸਰੋਕਾਰ ਲੋਕ ਹਿੱਤਾਂ ਦੀ ਬਲੀ ਦੇ ਕੇ ਦੇਸ਼ੀ ਵਿਦੇਸ਼ੀ ਧਨਾਢਾਂ ਦੀ ਸੇਵਾ ਕਰਨਾ ਹੈ। ਬਹੁਕੌਮੀ ਕਾਰਪੋਰੇਸ਼ਨਾਂ ਲਈ ਖੇਤੀ ਖੇਤਰ ਅੰਦਰ ਵੱਡੇ ਮੁਨਾਫੇ ਬਟੋਰਨ ਲਈ ਰਾਹ ਖੋਲ੍ਹਣਾ ਹੈ। ਸਰਕਾਰੀ ਖਰੀਦ ਤੇ ਪ੍ਰਬੰਧਾਂ ਦਾ ਮੁਕੰਮਲ ਭੋਗ ਪਾ ਕੇ ਇਹਨਾਂ ਨੂੰ ਨਿੱਜੀ ਕਾਰੋਬਾਰੀਆਂ ਦੇ ਹਵਾਲੇ ਕਰਨਾ ਹੈ। ਪਿਆਜ ਕੀਮਤਾਂ ਦੇ ਛੱਤਣੀਂ ਚੜ੍ਹਨ ਪਿੱਛੇ ਨਿੱਜੀ ਕਾਰੋਬਾਰੀਆਂ ਦੀ ਮੁਨਾਫੇ ਦੀ ਹਵਸ ਹੈ। ਹੁਣ ਕੀਮਤਾਂ ਵਿੱਚ ਇਸੇ ਵਾਧੇ ਦਾ ਝੂਠਾ ਸਹਾਰਾ ਲੈ ਕੇ ਭਾਰਤੀ ਹਾਕਮਾਂ ਵੱਲੋਂ ਕਾਰਪੋਰੇਟ ਕੰਪਨੀਆਂ ਨੂੰ ਪਿਆਜ ਤੇ ਹੋਰਨਾਂ ਖੇਤੀ ਜਿਣਸਾਂ ਦੇ ਖਰੀਦ ਤੇ ਮੰਡੀਕਰਨ ਦੇ ਅਮਲ ਦੀ ਵਾਗਡੋਰ ਸੰਭਾਉਣ ਦਾ ਪੈੜਾ ਬੰਨ੍ਹਿਆ ਜਾਣਾ ਹੈ।


22 ਅਗਸਤ 2013 ਦੇ ਇੰਡੀਅਨ ਐਕਸਪ੍ਰੈਸ ਅਖਬਾਰ ਅੰਦਰ 'ਲਾਗਤਾਂ ਤੇ ਕੀਮਤਾਂ ਦੇ ਕਮਿਸ਼ਨ' (ਕਮਿਸ਼ਨ ਫਾਰ ਕੈਸ਼ ਐਂਡ ਪਰਾਈਸਜ਼) ਦੇ ਚੇਅਰਮੈਨ ਅਸ਼ੋਕ ਗੁਲਾਟੀ ਦਾ ਬਿਆਨ ਛਪਿਆ ਹੈ। ਉਸਨੂੰ ਜਖੀਰੇਬਾਜ਼ੀ ਵਰਗੇ ਗਲਤ ਵਪਾਰਕ ਅਮਲਾਂ ਖਿਲਾਫ ਸਖਤ ਐਕਸ਼ਨ ਲੈਣ ਦੀ ਕੋਈ ਲੋੜ ਨਹੀਂ ਲੱਗਦੀ। ਉਹਦੇ ਖਿਆਲ ਅਨੁਸਾਰ ਨਿੱਜੀ ਵਪਾਰ ਅੰਦਰ ਭ੍ਰਿਸ਼ਟਾਚਾਰ ਜਾਇਜ਼ ਹੈ, ਕਿਉਂਕਿ ਇਹ ਹੋਰਨੀਂ ਥਾਵੀਂ ਵੀ ਵਾਪਰ ਰਿਹਾ ਹੈ। ਉਸ ਨੂੰ ਪਿਆਜ਼ ਕੀਮਤਾਂ ਦੀ ਸਮੱਸਿਆ ਦਾ ਹੱਲ ਪ੍ਰਾਸੈਸਿੰਗ ਸਨਅਤ ਸਥਾਪਤ ਕਰਨ ਤੇ ਕੋਲਡ ਸਟੋਰਾਂ ਲਈ ਲੜੀ (ਵੈਲਿਊ ਚੇਨ) ਬਣਾਉਣ ਵਿੱਚ ਦਿਖਦਾ ਹੈ। ਇਹ ਉਹੋ ਹੱਲ ਹੈ, ਜਿਸ ਨੂੰ ਲੋਕਾਂ ਨੂੰ ਜਚਾਉਣ ਦਾ ਵਾਅਦਾ ਭਾਰਤੀ ਹਾਕਮਾਂ ਨੇ ਅਮਰੀਕਾ ਨਾਲ ਖੇਤੀ ਸਬੰਧੀ ਸਮਝੌਤੇ ਵਿੱਚ ਕੀਤਾ ਹੈ। ਖੇਤੀ ਸਬੰਧੀ ਸਮਝੌਤੇ ਵਿੱਚ ਫਲਾਂ-ਸਬਜ਼ੀਆਂ ਨੂੰ ਕੋਲਡ ਸਟੋਰਾਂ ਤੱਕ ਲਿਜਾਣ ਲਈ ਠੰਢੀਆਂ ਲੜੀਆਂ ਸਥਾਪਤ ਕਰਨ ਤੇ ਭੰਡਾਰਨ ਲਈ ਗੁਦਾਮ ਬਣਾਉਣ ਲਈ ਭਾਰਤੀ ਕੰਪਨੀਆਂ ਤੇ ਅਮਰੀਕਾ ਵਿਚਕਾਰ ਸਮਝੌਤਾ ਹੋ ਚੁੱਕਿਆ ਹੈ। 

ਜੰਗਲ ਦੀ 'ਅੱਗ' 'ਤੇ ਕਟਕ ਚਾੜ੍ਹਨ ਦੀ ਤਿਆਰੀ


ਜੰਗਲ ਦੀ 'ਅੱਗ' 'ਤੇ ਕਟਕ ਚਾੜ੍ਹਨ ਦੀ ਤਿਆਰੀ
-ਐਨ.ਕੇ.ਜੀਤ
ਮਹਾਰਾਸ਼ਟਰ ਦੇ ਇੱਕ ਸੀਨੀਅਰ ਆਈ.ਪੀ.ਐਸ. ਅਧਿਕਾਰੀ ਡਾ. ਸਤਿਆਪਾਲ ਸਿੰਘ ਨੇ, ਜੋ ਮੁੰਬਈ ਦਾ ਪੁਲਿਸ ਕਮਿਸ਼ਨਰ ਹੈ, ਨੇ ''ਜੰਗਲ ਵਿੱਚ ਅੱਗ- ਮਾਓਵਾਦੀ ਖਤਰੇ ਦਾ ਟਾਕਰਾ'' ਸਿਰਲੇਖ ਹੇਠ ਇੱਕ ਲੇਖ ਲਿਖਿਆ ਹੈ, ਜੋ ਭਾਰਤੀ ਪੁਲਸ ਰਸਾਲੇ ਦੇ ਜਨਵਰੀ-ਮਾਰਚ 2013 ਅੰਕ ਵਿੱਚ ਛਪਿਆ ਹੈ। 20 ਸਫਿਆਂ ਦੇ ਇਸ ਲੇਖ ਵਿੱਚ ਇਹ ਪੁਲਸ ਅਧਿਕਾਰੀ ''ਮਾਓਵਾਦੀ ਖਤਰੇ'' ਨਾਲ ਨਜਿੱਠਣ ਲਈ, ਇਸਦੀਆਂ ''ਉੱਭਰਦੀਆਂ ਕਰੂੰਬਲਾਂ ਨੂੰ ਕੁਤਰਨ ਅਤੇ ਮਾਓਵਾਦੀ ਲਹਿਰ ਦੀ ਤਾਕਤ ਨੂੰ ਢਾਅ ਲਾਉਣ'' ਦੀ ''ਬਹੁ-ਪੱਖੀ, ਬਹੁ-ਵਿਭਾਗੀ ਅਤੇ ਗੈਰ-ਰਵਾਇਤੀ ਪਹੁੰਚ'' ਦਾ ਖਾਕਾ ਪੇਸ਼ ਕਰਦਾ ਹੈ। ਅੰਨ੍ਹੇ ਜਬਰ ਤਸ਼ੱਦਦ, ਗੈਰ-ਕਾਨੂੰਨੀ ਕਤਲਾਂ, ਬਲਾਤਕਾਰ ਅਤੇ ਲੋਕਾਂ ਦੇ ਉਜਾੜੇ ਆਦਿ 'ਤੇ ਆਧਾਰਤ ਇਹ ਪਹੁੰਚ ਉਹੀ ਹੈ, ਜੋ ਸਾਰੇ ਹਾਕਮ ਦਹਾਕਿਆਂ ਤੋਂ ਉੱਤਰ-ਪੂਰਬੀ ਖਿੱਤੇ, ਜੰਮੂ-ਕਸ਼ਮੀਰ ਅਤੇ ਅਪਰੇਸ਼ਨ ਗਰੀਨ ਹੰਟ ਦੀ ਮਾਰ ਹੇਠਲੇ ਇਲਾਕਿਆਂ, ਵਿੱਚ ਲਾਗੂ ਕਰਦੇ ਆ ਰਹੇ ਹਨ। ਉਸ ਅਨੁਸਾਰ:
-ਸਰਕਾਰ ਨੂੰ ਮਾਓਵਾਦੀਆਂ ਖਿਲਾਫ ਪ੍ਰਚਾਰ ਅਤੇ ਪ੍ਰਾਪੇਗੰਡੇ ਰਾਹੀਂ ਖੁੱਲ੍ਹੀ ਮਨੋਵਿਗਿਆਨਕ ਜੰਗ ਛੇੜਨੀ ਚਾਹੀਦੀ ਹੈ। ਇਸ ਜੰਗ ਵਿੱਚ ਜਨਤਕ ਮੀਡੀਆ- ਅਖਬਾਰਾਂ, ਟੀ.ਵੀ., ਰੇਡੀਓ ਅਤੇ ਸਰਕਾਰੀ ਵਿਭਾਗਾਂ ਦੀ ਖੁੱਲ੍ਹੀ ਵਰਤੋਂ ਕਰਕੇ ਲੋਕਾਂ ਨੂੰ ਮਾਓਵਾਦੀਆਂ ਦੇ ਵਿਰੁੱਧ ਕਰਨਾ ਚਾਹੀਦਾ ਹੈ। ਸਰਕਾਰ ਸਮੁੱਚੇ ਦੌਰ 'ਤੇ ਆਪਣੇ ਆਪ ਨੂੰ ਕਬਾਇਲੀਆਂ ਦੇ ਦੋਸਤ ਵਜੋਂ ਪੇਸ਼ ਕਰੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਕਸਲੀਆਂ ਦੇ ਖਿਲਾਫ ਪ੍ਰਚਾਰ ਵਿੱਚ ਇੱਕੁਜੱਟ ਕਰੇ। 
ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਇਸ ਤਜਵੀਜ਼ 'ਤੇ ਜ਼ੋਰ-ਸ਼ੋਰ ਨਾਲ ਅਮਲ ਹੋ ਰਿਹਾ ਹੈ। ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਥਿਤ ਨਕਸਲੀਆਂ ਅਤੇ ਨਿਰਦੋਸ਼ ਲੋਕਾਂ ਨੂੰ ਮਾਰਨ ਤੋਂ ਬਾਅਦ ਪੁਲਸ ਸਾਰੇ ਜ਼ਿਲ੍ਹੇ ਵਿੱਚ ਵੱਡੀਆਂ ਵੱਡੀਆਂ ਫਲੈਕਸਾਂ ਅਤੇ ਬੈਨਰ ਲਵਾਉਂਦੀ ਹੈ। ਇਹਨਾਂ ਵਿੱਚ ਜਾਰੀ ਕਰਨ ਵਾਲੇ ਵਿਅਕਤੀ ਜਾਂ ਸੰਸਥਾ ਦਾ ਕੋਈ ਨਾਂ ਜਾਂ ਅਤਾ-ਪਤਾ ਨਹੀਂ ਹੁੰਦਾ- ਸਿਰਫ ਪੁਲਿਸ ਦੀ ਪ੍ਰਸੰਸਾ ਕੀਤੀ ਹੁੰਦੀ ਹੈ ਅਤੇ ਨਕਸਲੀਆਂ ਨੂੰ ਗਾਲ੍ਹਾਂ ਕੱਢੀਆਂ ਹੁੰਦੀਆਂ ਹਨ। 23 ਤੋਂ 26 ਅਗਸਤ ਤੱਕ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੀ ਤਾਲਮੇਲਵੀਂ ਸੰਸਥਾ ਅਤੇ ਲੋਕ-ਪੱਖੀ ਵਕੀਲਾਂ ਦੀ ਭਾਰਤੀ ਐਸੋਸੀਏਸ਼ਨ ਦੀ ਸਾਂਝੀ 23 ਮੈਂਬਰੀ ਤੱਥ-ਖੋਜ ਟੀਮ ਦੇ ਨਾਲ ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਵੱਖ ਵੱਖ ਥਾਈਂ ਘੁੰਮਦਿਆਂ ਮਰਾਠੀ ਅਤੇ ਹਿੰਦੀ ਭਾਸ਼ਾ ਵਿੱਚ ਅਜਿਹੇ ਬੈਨਰ ਮੈਂ ਕਈ ਥਾਈਂ ਵੇਖੇ। ਮਰਾਠੀ ਵਿੱਚ ਛਪੇ ਇੱਕ ਬੈਨਰ ਤੇ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੀਆਂ ਗਈਆਂ ਲੜਕੀਆਂ ਦੀਆਂ ਲਾਸ਼ਾਂ ਦੀਆਂ ਫੋਟੋਆਂ ਤੇ ਸਿਰਲੇਖ ਦਿੱਤਾ  ਗਿਆ ਸੀ, ''ਆਮ ਜਨਤਾ ਸੇ ਜੋ ਅਨਿਆਏ ਕਰੇਗਾ- ਵੋ ਪੁਲਸ ਕੀ ਬੰਦੂਕ ਸੇ ਹੀ ਮਰੇਗਾ।''
ਸਿੰਦੇਸੁਰ ਪਿੰਡ ਦੀ ਘਟਨਾ ਦੇ ਸਬੰਧ ਵਿੱਚ ਜਿੱਥੇ ਪੁਲਸ ਹੱਥੋਂ ਚਾਰ ਕਥਿਤ ਨਕਸਲੀ, ਦੋ ਨਿਰਦੋਸ਼ ਪੇਂਡੂ ਨੌਜੁਆਨ (ਜਿਹਨਾਂ 'ਚੋਂ ਇੱਕ ਗੂੰਗਾ ਅਤੇ ਬੋਲਾ ਸੀ ਅਤੇ ਇੱਕ ਕਮਾਂਡੋ ਮਾਰਿਆ ਗਿਆ ਸੀ, ਬਾਰੇ ਪੁਲਸ ਦੀ ਸ਼ਹਿ 'ਤੇ ਜਾਰੀ ਇਸ਼ਤਿਹਾਰਾਂ ਅਤੇ ਬੈਨਰਾਂ ਦਾ ਸਿਰਲੇਖ ਹੈ, ''ਨਕਸਲੀਓਂ ਕੀ ਹੈਵਾਨੀਅਤ, ਪੁਲਸ ਕੀ ਇਨਸਾਨੀਅਤ''। ਇਹਨਾਂ ਇਸ਼ਤਿਹਾਰਾਂ ਵਿੱਚ ਪੁਲਸ ਨੇ ਦਾਅਵਾ ਕੀਤਾ ਹੈ ਕਿ ਪਿੰਡ ਦੇ ਦੋਵੇਂ ਨੌਜੁਆਨ ਸੰਤੋਸ਼ ਉਰਫ ਕਾਲੀ ਦਾਸ ਅਤੇ ਸੁਖਦੇਵ ਦੁਵੱਲੀ ਗੋਲੀਬਾਰੀ ਵਿੱਚ ਮਾਰੇ ਗਏ ਹਨ ਕਿਉਂਕਿ ਨਕਸਲੀ ਉਹਨਾਂ ਨੂੰ 'ਮਨੁੱਖੀ ਢਾਲ' ਵਜੋਂ ਵਰਤ ਰਹੇ ਸਨ ਅਤੇ ਪੁਲਸ ਨੇ ਮਾਰੇ ਗਏ ਦੋਵਾਂ ਨੌਜੁਆਨਾਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਦਾ ਮੁਆਵਜਾ ਦੇ ਕੇ 'ਇਨਸਾਨੀਅਤ' ਦਾ ਸਬੂਤ ਦਿੱਤਾ ਹੈ। ਪ੍ਰੰਤੂ ਦੋਹਾਂ ਨੌਜੁਆਨਾਂ ਦੇ ਪਰਿਵਾਰਾਂ ਅਤੇ ਪਿੰਡ ਦੇ ਲੋਕਾਂ ਨੇ ਸਪਸ਼ਟ ਦੋਸ਼ ਲਾਇਆ ਕਿ ਨੌਜੁਆਨਾਂ ਦੇ ਕਤਲ ਲਈ ਪੁਲਸ ਜੁੰਮੇਵਾਰ ਹੈ। ਮ੍ਰਿਤਕਾਂ ਦੀਆਂ ਡਾਕਟਰੀ ਰਿਪੋਰਟਾਂ ਵੀ ਪੁਲਸ ਦੇ ਦਾਅਵੇ ਨੂੰ ਝੁਠਲਾਉਂਦੀਆਂ ਹਨ ਕਿਉਂਕਿ ਸੰਤੋਸ਼ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਸਗੋਂ ਬੰਦੂਕਾਂ ਦੇ ਬੱਟ ਮਾਰ ਕੇ ਪੱਸਲੀਆਂ ਭੰਨਣ ਨਾਲ ਹੋਈ ਹੈ। ਦੋਹਾਂ ਪਰਿਵਾਰਾਂ ਨੇ ਉਦੋਂ ਤੱਕ ਪੁਲਸ ਤੋਂ ਕੋਈ ਮੁਆਵਜਾ ਮਿਲਣ ਦੀ ਗੱਲ ਤੋਂ ਵੀ ਇਨਕਾਰ ਕੀਤਾ। 
-ਇਸ ਤੋਂ ਅੱਗੇ ਇਹ ਪੁਲਸ ਅਧਿਕਾਰੀ 'ਨਕਸਲੀਆਂ ਦਾ ਤੋਰਾ-ਫੇਰਾ ਰੋਕਣ' ਦੇ ਬਹਾਨੇ ਹੇਠ ਲੋਕਾਂ 'ਤੇ ਸਮੂਹਿਕ ਬੰਦਸ਼ਾਂ ਲਾਉਣ, ਸਮੂਹਿਕ ਸਜ਼ਾਵਾਂ ਦੇਣ ਅਤੇ ਜੰਗਲਾਂ 'ਚੋਂ ਉਹਨਾਂ ਦਾ ਉਜਾੜਾ ਕਰਨ ਦੀ ਵਕਾਲਤ ਕਰਦਾ ਹੈ ਤਾਂ ਜੋ ਜੰਗਲਾਤ ਦੇ ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਮਿਲੇ ਅਤੇ ਖਣਿਜ ਪਦਾਰਥ ਕੱਢਣ ਵਾਲੀਆਂ ਦੇਸੀ-ਬਦੇਸ਼ੀ ਕੰਪਨੀਆਂ ਨੂੰ ਖਾਣਾਂ ਲਾ ਕੇ ਇੱਥੋਂ ਦੀ ਕੁਦਰਤੀ ਧਨ-ਦੌਲਤ ਹਥਿਆਉਣ ਵਿੱਚ ਕੋਈ ਦਿੱਕਤ ਨਾ ਆਏ। ਇਸਦਾ ਅਸਲ ਮਕਸਦ ਜੰਗਲ ਅਤੇ ਜ਼ਮੀਨ ਧਾੜਵੀਂ ਲੁਟੇਰਿਆਂ ਦੇ ਹਵਾਲੇ ਕਰਨਾ ਹੈ। 
ਇਹ ਪੁਲਸ ਅਧਿਕਾਰੀ ਚਾਹੁੰਦਾ ਹੈ ਕਿ ਸਾਰੇ ਪਿੰਡਾਂ ਵਿੱਚ 12 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਦੀ ਜ਼ਿਲ੍ਹਾ ਪ੍ਰਸਾਸ਼ਨ ਕੋਲ ਰਜਿਸਟਰੇਸ਼ਨ ਕਰਕੇ ਪਛਾਣ-ਪੱਤਰ ਜਾਰੀ ਕੀਤੇ ਜਾਣ। ਜੰਗਲਾਂ ਵਿੱਚ ਦੂਰ-ਦੁਰਾਡੇ ਵਸੇ ਆਦਿਵਾਸੀਆਂ ਨੂੰ ਉੱਥੋਂ ਉਜਾੜ ਕੇ ਸੜਕਾਂ ਨੇੜਲੇ ਵੱਡੇ ਪਿੰਡਾਂ ਵਿੱਚ ਵਸਾਇਆ ਜਾਵੇ। (ਛੱਤੀਸਗੜ੍ਹ ਵਿੱਚ ਸਲਵਾ-ਜੁਦਮ ਤਹਿਤ ਵੀ ਇਹੋ ਕੀਤਾ ਗਿਆ ਸੀ)
ਜੇਕਰ ਕਿਸੇ ਪਿੰਡ ਦਾ ਕੋਈ ਵਿਅਕਤੀ ਨਕਸਲੀਆਂ ਨੂੰ ਰੋਟੀ-ਪਾਣੀ ਜਾਂ ਠਾਹਰ ਦਿੰਦਾ ਹੈ, ਜਾਂ ਉਹਨਾਂ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਹੁੰਦਾ ਹੈ ਤਾਂ ਸਾਰੇ ਪਿੰਡ ਦੇ ਲੋਕਾਂ ਨੂੰ ਸਮੂਹਿਕ ਸਜ਼ਾ ਦਿੱਤੀ ਜਾਵੇ। ਇਹ ਸਜ਼ਾ ਸਮੁਹਿਕ ਜੁਰਮਾਨੇ, ਜਾਂ ਦੋ ਦਿਨਾਂ ਲਈ ਪਿੰਡ ਵਿੱਚ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ 'ਚ ਡੱਕਣ ਆਦਿ ਦੀ ਵੀ ਹੋ ਸਕਦੀ ਹੈ। ਪਿੰਡ ਦੇ ਸਰਪੰਚ, ਪਟੇਲ ਜਾਂ ਬਜ਼ੁਰਗਾਂ ਨੂੰ  ਵੀ ਇਸ ਕਾਰਨ ਢੁਕਵੀਂ ਸਜ਼ਾ ਦਿੱਤੀ ਜਾਵੇ ਅਤੇ ਸਰਕਾਰ ਇਹਦੇ ਲਈ ਲੋੜੀਂਦੇ ਕਾਨੂੰਨ ਬਣਾਵੇ। 
ਇਸ ਇਲਾਕੇ ਵਿੱਚ ਨਕਸਲੀਆਂ ਦੀ ਸਰਗਰਮੀ ਸਰਕਾਰ ਨੂੰ ਕਿਉਂ ਚੁਭਦੀ ਹੈ?
ਅਸੀਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਲਈ ਦੂਰ-ਦੁਰਾਡੇ ਜੰਗਲਾਂ ਵਿੱਚ ਵਸੇ ਪਿੰਡਾਂ ਵਿੱਚ ਰਹਿੰਦੇ ਆਦਿਵਾਸੀਆਂ ਅਤੇ ਹੋਰਾਂ ਲੋਕਾਂ ਨੂੰ ਮਿਲੇ। ਬੁੱਧੀਜੀਵੀਆਂ, ਪੱਤਰਕਾਰਾਂ, ਰਾਜਨੀਤਕ ਆਗੂਆਂ, ਵੱਖ ਵੱਖ ਪੱਧਰਾਂ ਦੇ ਚੁਣੇ ਹੋਏ ਪ੍ਰਤੀਨਿਧਾਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ, ਦੁਕਾਨਦਾਰਾਂ ਅਤੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਗੱਲਾਂ-ਬਾਤਾਂ ਕੀਤੀਆਂ। ਇਸ ਸਚਾਈ ਨੂੰ ਸਾਰਿਆਂ ਨੇ ਤਸਲੀਮ ਕੀਤਾ ਕਿ ਨਕਸਲੀਆਂ ਦੀ ਸਰਗਰਮੀ ਕਾਰਨ ਆਦਿਵਾਸੀਆਂ ਦੀ ਲੁੱਟ ਅਤੇ ਉਹਨਾਂ 'ਤੇ ਵੱਖ ਵੱਖ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਜਬਰ 'ਤੇ ਇੱਕ ਹੱਦ ਤੱਕ ਰੋਕ ਲੱਗੀ ਹੈ। ਨਕਸਲੀਆਂ ਦੀ ਸਰਗਰਮੀ ਤੋਂ ਪਹਿਲਾਂ ਜੰਗਲ 'ਚੋਂ ਬੀੜੀਆਂ ਬਣਾਉਣ ਲਈ ਵਰਤੇ ਜਾਂਦੇ ਤੇਂਦੂ-ਪੱਤੇ ਦੀ ਤੁੜਾਈ ਵਿੱਚ ਠੇਕੇਦਾਰ ਭਾਰੀ ਲੁੱਟ ਕਰਦੇ ਸਨ। 7000 ਤੇਂਦੂ ਪੱਤੇ ਇਕੱਠੇ ਕਰਨ 'ਤੇ ਸਿਰਫ ਢਾਈ ਰੁਪਏ ਮਜ਼ਦੂਰੀ ਦਿੱਤੀ ਜਾਂਦੀ ਸੀ, ਜੋ ਹੁਣ ਵਧ ਕੇ ਢਾਈ ਸੌ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਬਾਂਸ ਦੀ ਕਟਾਈ ਦੇ ਮਾਮਲੇ ਵਿੱਚ ਮਜ਼ਦੂਰੀ ਕਈ ਗੁਣਾਂ ਵਧ ਗਈ ਹੈ। ਕੁੱਝ ਸਾਲ ਪਹਿਲਾਂ ਸਾਰਾ ਦਿਨ ਕੰਮ ਕਰਵਾ ਕੇ ਵੀ ਕਾਗਜ਼ ਮਿੱਲਾਂ ਦੇ ਠੇਕੇਦਾਰ ਆਦਿਵਾਸੀਆਂ ਨੂੰ ਮੁਸ਼ਕਿਲ ਨਾਲ 50 ਰੁਪਏ ਦਿਹਾੜੀ ਦਿੰਦੇ ਸਨ। ਹੁਣ 10 ਫੁੱਟ ਤੋਂ ਵੱਧ ਲੰਮੇ ਇੱਕੋ ਬਾਂਸ ਦੀ ਕਟਾਈ 50 ਰੁਪਏ ਹੈ। 
ਪਹਿਲਾਂ ਜੰਗਲਾਤ ਵਿਭਾਗ ਦੇ ਅਧਿਕਾਰੀ ਨਾ ਤਾਂ ਆਦਿਵਾਸੀਆਂ ਨੂੰ ਮਾਮੂਲੀ ਜੰਗਲੀ ਪੈਦਾਵਾਰ ਜਿਵੇਂ ਮਹੂਆ, ਬਾਂਸ, ਚਿੜੋਲੀ, ਬਹੇੜਾ, ਇਮਲੀ ਆਦਿ ਜੰਗਲ 'ਚੋਂ ਇਕੱਠੀ ਕਰਨ ਦਿੰਦੇ ਸੀ ਅਤੇ ਨਾ ਹੀ ਉਹਨਾਂ ਨੂੰ ਜੰਗਲੀ ਜ਼ਮੀਨ 'ਤੇ ਖੇਤੀ ਕਰਨ ਦਿੰਦੇ ਸੀ। ਵਰਨਣਯੋਗ ਹੈ ਕਿ ਸਦੀਆਂ ਤੋਂ ਆਦਿਵਾਸੀ ਜੰਗਲਾਂ ਦਾ ਅਨਿੱਖੜਵਾਂ ਅੰਗ ਰਹੇ ਹਨ, ਇਹਨਾਂ ਦੀ ਰਾਖੀ ਅਤੇ ਵਧਾਰਾ-ਪਸਾਰਾ ਕਰਦੇ ਰਹੇ ਹਨ ਅਤੇ ਮੋੜਵੇਂ ਰੁਪ ਵਿੱਚ ਇਸਦੀ ਉਪਜ ਲੈਣ ਅਤੇ ਜੰਗਲਾਂ ਹੇਠਲੀ ਜ਼ਮੀਨ 'ਤੇ ਖੇਤੀ ਕਰਨ ਦਾ ਹੱਕ ਮਾਣਦੇ ਰਹੇ ਹਨ। ਨਕਸਲੀਆਂ ਦੇ ਆਉਣ ਨਾਲ ਉਹਨਾਂ ਦੇ ਇਹ ਸਾਰੇ ਹੱਕ ਮੁੜ ਬਹਾਲ ਹੋ ਗਏ। 
ਪੀ.ਟੀ.ਆਈ. ਅਤੇ ਹਿਤਵਾਦਾ ਅਖਬਾਰ ਦੇ ਪੱਤਰਕਾਰ ਰੋਹਿਤ ਕੁਮਾਰ ਰਾਓਤ. ਜੋ ਬਹੁਜਨ ਮਹਾਂਸੰਘ ਦਾ ਕਾਰਕੁੰਨ ਵੀ ਹੈ, ਨੇ ਸਾਨੂੰ ਦੱਸਿਆ ਕਿ ਜੰਗਲਾਤ ਦੇ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਅੰਦਾਜ਼ਾ ਇਹਨਾਂ ਗੱਲਾਂ ਤੋਂ ਲਾਇਆ ਜਾ ਸਕਦਾ ਹੈ ਕਿ ਬੀੜੀਆਂ ਬਣਾਉਣ ਲਈ ਤੇਂਦੂ ਪੱਤੇ ਜਿਸ ਰੇਟ 'ਤੇ ਆਦਿਵਸੀਆਂ ਤੋਂ ਠੇਕੇਦਾਰਾਂ ਵੱਲੋਂ ਖਰੀਦੇ ਜਾਂਦੇ ਸਨ, ਅੱਗੋਂ ਉਹ ਫੈਕਟਰੀਆਂ ਨੂੰ 300 ਗੁਣਾਂ ਵੱਧ ਰੇਟ 'ਤੇ ਵੇਚਦੇ ਸਨ। ਚਿੜੋਲੀ- ਜੋ ਬਾਜ਼ਾਰ ਵਿੱਚ 400 ਰੁਪਏ ਕਿਲੋਂ ਤੋਂ ਵੀ ਵੱਧ ਵਿਕਦੀ ਠੇਕੇਦਾਰ ਕਿਲੋ ਚੌਲਾਂ ਜਾਂ ਕਿਲੋ ਲੂਣ ਦੇ ਵੱਟੇ ਆਦਿਵਾਸੀਆਂ ਤੋਂ ਲੈ ਜਾਂਦੇ ਸਨ। 
ਸਿਰ ਚੜ੍ਹ ਕੇ ਬੋਲ ਰਿਹਾ ਸੱਚ
ਇਸ ਸਚਾਈ ਨੂੰ ਡਾ. ਸਤਿਆਪਾਲ ਸਿੰਘ ਵੀ ਪ੍ਰਵਾਨ ਕਰਦਾ ਹੈ। ਉਹ ਲਿਖਦਾ ਹੈ:
''ਠੀਕ ਜਾਂ ਗਲਤ, ਚਾਹੇ ਡਰ ਹੇਠ ਜਾਂ ਪੱਖ ਕਰਦਿਆਂ ਹੋਇਆਂ, ਸਮਾਜ ਦੇ ਕਮਜ਼ੋਰ ਤਬਕਿਆਂ ਦੀ ਭਾਰੀ ਬਹੁਗਿਣਤੀ (ਆਦਿਵਾਸੀ, ਦਲਿਤ, ਸੀਮਾਂਤ ਕਿਸਾਨ ਆਦਿ) ਜਾਂ ਤਾਂ ਮਾਓਵਾਦੀਆਂ ਦੀ ਹਮਾਇਤੀ ਹੈ ਜਾਂ ਘੱਟੋ ਘੱਟ ਪ੍ਰਸਾਸ਼ਨ ਪ੍ਰਤੀ ਬੇਰੁਖ ਹੈ। ਸਥਾਨਕ ਲੋਕ ਮਾਓਵਾਦੀਆਂ ਨੂੰ ਨਵੇਂ ਰੰਗਰੂਟ, ਰੋਟੀ-ਪਾਣੀ, ਆਸਰਾ ਅਤੇ ਖੁਫੀਆ ਤਾਣਾ-ਬਾਣਾ ਉਪਲਭਦ ਕਰਵਾਉਂਦੇ ਹਨ ਅਤੇ ਇਹਨਾਂ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਔਰਤਾਂ ਅਤੇ ਬੱਚਿਆਂ ਦੇ ਪਿੰਡ-ਪੱਧਰੇ ਸੈੱਲਾਂ ਵਿੱਚ ਸ਼ਾਮਲ ਹੁੰਦੇ ਹਨ। ਸਥਾਨਕ ਲੋਕਾਂ ਦੀ ਬਹੁਗਿਣਤੀ ਮਾਓਵਾਦੀਆਂ ਨੂੰ ਉਪਕਾਰੀ ਜਾਂ ਭਲਾ ਕਰਨ ਵਾਲਿਆਂ ਵਜੋਂ ਦੇਖਦੀ ਹੈ। ਇਹ ਵੱਡੀ ਪੱਧਰ 'ਤੇ ਵਿਸ਼ਵਾਸ਼ ਕੀਤਾ ਜਾਂਦਾ ਹੈ  (ਭਾਰੀ ਹੱਦ ਤੱਕ ਠੀਕ ਵੀ ਹੈ) ਕਿ ਮਾਓਵਾਦੀਆਂ ਨੇ ਆਦਿਵਾਸੀਆਂ ਵਿੱਚ ਜਮਾਤੀ ਚੇਤਨਤਾ ਪੈਦਾ ਕੀਤੀ ਹੈ, ਉਹਨਾਂ ਨੂੰ ਠੇਕੇਦਾਰਾਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਲੁੱਟ ਤੋਂ ਮੁਕਤੀ ਦਿਵਾਈ ਹੈ; ਵੱਧ ਉਜਰਤਾਂ ਲੈਣ ਵਿੱਚ ਮੱਦਦ ਕੀਤੀ ਹੈ, ਉਹਨਾਂ ਨੂੰ, ਜੰਗਲ 'ਚ ਪੈਦਾ ਹੋਣ ਵਾਲੀਆਂ ਵਸਤਾਂ ਹਾਸਲ ਕਰਨ ਅਤੇ ਜੰਗਲ ਵਿਚਲੀ ਸਰਕਾਰੀ ਜ਼ਮੀਨ 'ਤੇ ਨਿਧੱੜਕ ਹੋ ਕੇ ਕਬਜ਼ਾ ਕਰਨ- ਜਿਸਦੀ ਕਿ ਕਾਨੂੰਨਣ ਮਨਾਹੀ ਹੈ, ਲਈ ਉਤਸ਼ਾਹਿਤ ਕੀਤਾ ਹੈ।''
ਲੋਕ-ਵਿਰੋਧੀ ਜਾਬਰ ਕਦਮਾਂ ਦੀ ਹਾਰ ਅਟੱਲ ਹੈ
ਗੜ੍ਹਚਿਰੋਲੀ ਜ਼ਿਲ੍ਹੇ ਦੇ ਕੁੱਲ 1491 ਪਿੰਡਾਂ 'ਚੋਂ 47 ਪ੍ਰਤੀਸ਼ਤ ਦੀ ਆਬਾਦੀ 300 ਤੋਂ ਵੀ ਘੱਟ ਹੈ। 76 ਪ੍ਰਤੀਸ਼ਤ ਪਿੰਡਾਂ ਦੀ ਆਬਾਦੀ 600 ਤੋਂ ਘੱਟ ਹੈ। ਵੰਡੋਲੀ ਅਤੇ ਮੱਕਾਪੱਲੀ ਅਜਿਹੇ ਪਿੰਡ ਹਨ, ਜਿੱਥੇ ਸਿਰਫ ਇੱਕ ਇੱਕ ਘਰ ਹੈ। ਇਹਨਾਂ ਪਿੰਡਾਂ ਵਿੱਚ ਵਸਦੇ ਲੋਕਾਂ ਦੀ ਉਪਜੀਵਕਾ ਜੰਗਲਾਂ 'ਤੇ ਨਿਰਭਰ ਹੈ। ਉਹਨਾਂ ਦਾ ਰੁਜ਼ਗਾਰ, ਜ਼ਿੰਦਗੀ, ਸਭਿਆਚਾਰ ਖੇਤੀ ਅਤੇ ਗੁਜ਼ਾਰੇ ਦੇ ਸਾਧਨ ਜੰਗਲ ਹੀ ਹਨ। ਸਰਕਾਰ ਇਹਨਾਂ ਲੋਕਾਂ ਨੂੰ ਜੰਗਲਾਂ ਤੋਂ ਉਜਾੜ ਕੇ, ਠੇਕੇਦਾਰਾਂ ਅਤੇ ਵੱਡੀਆਂ ਕੰਪਨੀਆਂ ਨੂੰ ਇੱਥੇ ਵਾੜਨਾ ਚਾਹੁੰਦੀ ਹੈ। ਪਹਿਲਾਂ ਛੱਤੀਸਗੜ੍ਹ ਦੀ ਸਰਕਾਰ ਨੇ 'ਸਲਵਾ ਜੁਦਮ' ਪ੍ਰੋਗਰਾਮ ਤਹਿਤ, ਗੁੰਡਿਆਂ ਦੀ ਇੱਕ ਫੌਜ ਖੜ੍ਹੀ ਕਰਕੇ ਉੱਥੋਂ ਦੇ ਆਦਿਵਾਸੀਆਂ ਦਾ ਉਜਾੜਾ ਕੀਤਾ ਸੀ। ਅਧੁਨਿਕ ਸੁੱਖ-ਸਹੂਲਤਾਂ ਉਪਲਭਦ ਕਰਵਾਉਣ ਦੇ ਬਹਾਨੇ ਹੇਠ ਸੈਂਕੜੇ ਪਿੰਡ ਉਜਾੜ ਦਿੱਤੇ ਸਨ, ਲੋਕਾਂ ਦੀਆਂ ਝੁੱਗੀਆਂ ਅਤੇ ਅਨਾਜ ਸਾੜ ਦਿੱਤੇ ਸਨ, ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ। ਜ਼ਰਾ ਜਿੰਨੀ ਚੂੰ-ਚਰਾਂ ਕਰਨ ਵਾਲੇ ਆਦਿਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਾਂ ਜੇਲ੍ਹਾਂ ਵਿੱਚ ਸੁੱਟ ਦਿੱਤਾ ਸੀ। ਐਡੀ ਵੱਡੀ ਪੱਧਰ 'ਤੇ ਵਾਪਰੇ ਇਸ ਮਾਨਵੀ ਦੁਖਾਂਤ ਨੂੰ ਆਖਰ ਸਰਵ-ਉੱਚ ਅਦਾਲਤ ਨੂੰ ਵੀ ਗੈਰ-ਕਾਨੂੰਨੀ ਐਲਾਨਣਾ ਪਿਆ। ਡਾ. ਸਤਿਆਪਾਲ ਸਿੰਘ ਹੁਣ ਇਹੋ ਤਜਰਬਾ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਦੁਹਰਾਉਣਾ ਚਾਹੁੰਦਾ ਹੈ। ਲੋਕਾਂ ਨੂੰ ਬਾਗੀਆਂ ਨਾਲ ਸਬੰਧ ਰੱਖਣ ਤੇ ਸਮੂਹਿਕ ਸਜ਼ਾਵਾਂ ਦੇਣ ਦੀ ਪਿਰਤ ਭਾਰਤ ਵਿੱਚ ਬਰਤਾਨਵੀ ਸਾਮਰਾਜੀ ਹਾਕਮਾਂ ਨੇ ਪਾਈ ਸੀ। ਦੇਸੀ ਹਾਕਮਾਂ ਨੇ ਉੱਤਰ-ਪੂਰਬੀ ਖਿੱਤੇ ਅਤੇ ਜੰਮੂ-ਕਸ਼ਮੀਰ ਵਿੱਚ ਇਸ ਨੂੰ ਖੁੱਲ੍ਹ ਕੇ ਲਾਗੂ ਕੀਤਾ। ਟਾਡਾ ਅਤੇ ਪੋਟਾ ਵਰਗੇ ਕਾਲੇ ਕਾਨੂੰਨਾਂ ਤਹਿਤ ਵੱਖ ਵੱਖ ਰਾਜਾਂ ਨੂੰ ਗੜਬੜ ਵਾਲੇ ਖੇਤਰ ਐਲਾਨ ਕੇ ਉੱਥੋਂ ਦੇ ਲੋਕਾਂ ਦੀਆਂ ਵੀ ਮੁਸ਼ਕਾਂ ਕਸੀਆਂ ਗਈਆਂ। ਪੰਜਾਬ ਵਿੱਚ ਖਾਲਿਸਤਾਨੀ-ਦਹਿਸ਼ਤਗਰਦੀ ਦੀ ਆੜ ਹੇਠ ਪੁਲਸ ਨੇ ਪਿੰਡਾਂ ਦੇ ਪਿੰਡ ਜਬਰ ਦਾ ਸ਼ਿਕਾਰ ਬਣਾਏ। ਟਿੱਪਣੀ ਅਧੀਨ ਲੇਖ ਇਹਨਾਂ ਸਾਰੇ ਕਦਮਾਂ ਨੂੰ ਕਾਨੂੰਨੀ 'ਜਾਮਾ' ਪਹਿਨਾਉਣ ਦੀ ਵਕਾਲਤ ਕਰਦਾ ਹੈ। 
ਹਥਿਆਰਬੰਦ ਫੌਜਾਂ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਕਾਨੂੰਨ (ਅਫਸਪਾ) ਦੀ ਤਰਜ਼ 'ਤੇ ਲੋਕਾਂ ਨੂੰ ਲੁੱਟਣ, ਕੁੱਟਣ ਅਤੇ ਮਾਰਨ ਦੀ ਖੁੱਲ੍ਹ ਦੀ ਵਕਾਲਤ
ਡਾ. ਸਤਿਆਪਾਲ ਸਿੰਘ ਮਾਓਵਾਦੀ ਖਤਰੇ ਦਾ ਟਾਕਰਾ ਕਰਨ ਵਿੱਚ ਪੁਲਸ  ਦੀ ਕਾਮਯਾਬੀ ਲਈ ਤਿੰਨ ਨੁਕਾਤੀ ਫਾਰਮੂਲਾ ਪੇਸ਼ ਕਰਦਾ ਹੈ:
-ਜੇ ਪੁਲਸ ਨੇ ਮਾਓਵਾਦੀਆਂ 'ਤੇ ਜਿੱਤ ਹਾਸਲ ਕਰਨੀ ਹੈ ਤਾਂ ਹਮੇਸ਼ਾਂ ਪਹਿਲਕਦਮੀ ਆਪਣੇ ਹੱਥ ਵਿੱਚ ਰੱਖਣੀ ਚਾਹੀਦੀ ਹੈ। ਚਾਹੇ ਮਸਲਾ ਘਾਤ ਲਾ ਕੇ ਹਮਲਾ ਕਰਨ ਦਾ ਹੋਵੇ, ਪਿੰਡ ਪੱਧਰ 'ਤੇ ਆਪਣੇ ਸੈੱਲ ਖੜ੍ਹੇ ਕਰਨ ਦਾ ਹੋਵੇ ਜਾਂ ਲੋਕਾਂ ਨੂੰ ਮਾਓਵਾਦੀਆਂ ਤੋਂ ਦੂਰ ਕਰਕੇ ਆਪਣੇ ਨਾਲ ਜੋੜਨ ਦਾ ਹੋਵੇ, ਪੁਲਸ ਨੂੰ ਹਮੇਸ਼ਾਂ ਪਹਿਲ ਕਰਨੀ ਚਾਹੀਦੀ ਹੈ। ਪੁਲਸ ਦਾ ਲੋਕਾਂ ਪ੍ਰਤੀ ਰਵੱਈਆ ਖੁੱਲ੍ਹ ਕੇ ਦੋਸਤੀ ਅਤੇ ਬੇਦਰੇਗੀ ਤਾਕਤ ਦੀ ਵਰਤੋਂ ਵਾਲਾ ਹੋਵੇ ਜਾਂ ਦੂਜੇ ਸ਼ਬਦਾਂ ਵਿੱਚ ਮਖਮਲੀ ਦਸਤਾਨਿਆਂ  'ਚ ਛੁਪੇ ਖੂੰਖਾਰ ਲੋਹ-ਪੰਜੇ ਵਾਲਾ।'
-'ਰੱਬ ਚੰਗੇ ਨਿਸ਼ਾਨੇਬਾਜ਼ਾਂ ਦੀ ਮੱਦਦ ਕਰਦਾ ਹੈ। ਜਿੱਤ ਭਾਰੀ ਫੌਜੀ ਬਲਾਂ  ਨਾਲ ਨਹੀਂ ਸਗੋਂ ਚੰਗੇ ਨਿਸ਼ਾਨਚੀਆਂ ਨਾਲ ਹੁੰਦੀ ਹੈ।'
-'ਘਰ ਅੰਦਰਲੇ ਸੱਪ ਨੂੰ ਲੱਭ ਕੇ ਬਾਹਰ ਕੱਢਣਾ ਅਤੇ ਬੇਅਸਰ ਕਰਨਾ (ਮਾਰ ਦੇਣਾ) ਚਾਹੀਦਾ ਹੈ।' ਕੁੱਝ ਲੋਕਾਂ ਨੂੰ ਇਹ ਅਸੂਲ ਪਸ਼ੂਆਂ ਦੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲੱਗ ਸਕਦਾ ਹੈ। ਕੀ ਸੁਰੱਖਿਆ ਏਜੰਸੀਆਂ, ਮਾਓਵਾਦੀਆਂ ਦੇ ਹਮਲੇ ਦਾ ਇੰਤਜ਼ਾਰ ਕਰਨ ਜਾਂ ਪੂਰੇ ਜ਼ੋਰ ਨਾਲ ਉਹਨਾਂ ਦੀ ਭਾਲ ਕਰਨ। ਜਦੋਂ ਸਵਾਲ ਮਾਰਨ ਜਾਂ ਮਾਰੇ ਜਾਣ ਦਾ ਹੋਵੇ ਤਾਂ ਕੌਣ ਦੂਜੇ ਨੂੰ ਮਾਰਨ ਨਾਲੋਂ ਆਪ ਮਾਰੇ ਜਾਣ ਨੂੰ ਤਰਜੀਹ ਦੇਵੇਗਾ?'
ਅਮਲੀ ਰੂਪ ਵਿੱਚ ਇਸ ਤਿੰਨ ਨੁਕਾਤੀ ਫਾਰਮੂਲੇ ਦਾ ਸਿੱਧ-ਪੱਧਰਾ ਮਤਲਬ ਇਹ ਨਿਕਲਦਾ ਹੈ ਕਿ ਪੁਲਸ ਹਰ ਉਸ ਵਿਅਕਤੀ ਨੂੰ ਗੋਲੀ ਮਾਰ ਦੇਵੇ, ਜਿਸ 'ਤੇ ਉਸਨੂੰ ਨਕਸਲੀ ਹੋਣ ਦਾ ਸ਼ੱਕ ਹੋਵੇ। ਸੰਵਿਧਾਨ ਅਤੇ ਕਾਨੂੰਨ ਵਿੱਚ ਦਰਜ਼ ਸ਼ਹਿਰੀ ਆਜ਼ਾਦੀਆਂ ਅਤੇ ਬੁਨਿਆਦੀ ਹੱਕ, ਅਦਾਲਤਾਂ ਨਿਆਂ-ਪ੍ਰਣਾਲੀ ਆਦਿ ਪੈਣ ਢੱਠੇ ਖੂਹ 'ਚ- ਪੁਲਸ ਹੀ ਸਵ-ਸ਼ਕਤੀਮਾਨ ਹੈ। ਜਦੋਂ ਪੁਲਸ ਸਰਵ-ਸ਼ਕਤੀਮਾਨ ਹੁੰਦੀ ਹੈ ਤਾਂ ਬੁੱਚੜਾਂ ਦੀ ਇੱਕ ਪੂਰੀ ਧਾੜ ਪੈਦਾ ਹੁੰਦੀ ਹੈ। ਇਹ ਗੱਲ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ, ਜਿਹਨਾਂ ਨੇ ਲੱਗਭੱਗ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ- ਖਾਲਿਸਤਾਨੀ ਦਹਿਸ਼ਤਗਰਦੀ ਨਾਲ ਮੜਿੱਕਣ ਦੀ ਆੜ ਹੇਠ, ਹਕੂਮਤੀ ਦਹਿਸ਼ਤਗਰਦੀ ਦਾ ਕਟਕ ਆਪਣੇ ਪਿੰਡਿਆਂ 'ਤੇ ਹੰਢਾਇਆ ਹੈ। 
ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੋਏ ਪੰਜ ਕਥਿਤ ਪੁਲਸ ਮੁਕਾਬਲਿਆਂ ਵਿੱਚ 26 ਲੋਕ ਮਾਰੇ ਗਏ ਹਨ, ਜਿਹਨਾਂ 'ਚੋਂ ਅੱਧੀਆਂ ਲੜਕੀਆਂ ਹਨ। 4-5 ਅਜਿਹੇ ਵਿਅਕਤੀ ਸਨ, ਜਿਹਨਾਂ ਦਾ ਨਕਸਲੀਆਂ ਨਾਲ ਕੋਈ ਦੂਰ ਦਾ ਸਬੰਧ ਵੀ ਨਹੀਂ ਸੀ। ਪੁਲਸ ਨੇ ਉਹਨਾਂ ਲੜਕੀਆਂ ਨੂੰ ਵੀ ਗੋਲੀਆਂ ਨਾਲ ਭੁੰਨਿਆ ਹੈ, ਜਿਹਨਾਂ ਨੇ ਹਥਿਆਰ ਸੁੱਟ ਕੇ, ਹੱਥ ਖੜ੍ਹੇ ਕਰਕੇ ਆਤਮ-ਸਮਰਪਣ ਕੀਤਾ ਸੀ। ਇਹ ਸਭ ਕੁੱਝ ਉੱਕਤ ਲੇਖ ਵਿੱਚ ਦਰਜ਼ ਨੀਤੀ ਦਾ ਹੀ ਲਾਗੂ ਰੂਪ ਹੈ। 
ਝੂਠੇ ਪੁਲਸ ਮੁਕਾਬਲਿਆਂ ਤੋਂ ਇਲਾਵਾ ਲੋਕਾਂ ਨੇ ਸਾਨੂੰ ਪੁਲਸ ਵਧੀਕੀਆਂ ਦੀਆਂ ਅਨੇਕਾਂ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ। ਮਹੇਸ਼ ਰਾਓਤ ਨਾਂ ਦਾ ਇੱਕ ਚੰਗਾ ਪੜ੍ਹਿਆ-ਲਿਖਿਆ ਸਮਾਜਿਕ ਕਾਰਕੁਨ ਗੜ੍ਹਚਿਰੋਲੀ ਵਿੱਚ ਪ੍ਰਧਾਨ ਮਤੰਰੀ ਪੇਂਡੂ ਵਿਕਾਸ ਪ੍ਰੋਗਰਾਮ ਵਿੱਚ ਫੈਲੋ ਵਜੋਂ ਤਾਇਨਾਤ ਸੀ। ਇਹ ਇੱਕ ਸਰਕਾਰੀ ਪ੍ਰੋਗਰਾਮ ਹੈ। ਉਸਦੇ ਨਾਲ ਇਸ ਪ੍ਰੋਗਰਾਮ ਵਿੱਚ ਇੱਕ ਲੜਕੀ ਵੀ ਕੰਮ ਕਰਦੀ ਸੀ। ਪੁਲਸ ਨੇ ਇਹਨਾਂ ਦੋਹਾਂ ਨੂੰ ਨਕਸਲੀ ਕਹਿ ਕੇ ਹਵਾਲਾਤ ਵਿੱਚ ਸੁੱਟ ਦਿੱਤਾ। ਕਈ ਦਿਨ ਇਹਨਾਂ ਦੋਹਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ। ਕੁੱਝ ਪੱਤਰਕਾਰਾਂ ਨੇ ਜਦੋਂ ਇਹ ਮਾਮਲਾ ਕੁਲੈਕਟਰ ਦੇ ਧਿਆਨ ਵਿੱਚ ਲਿਆਂਦਾ- ਜਿਸ ਦੇ ਅਧੀਨ ਇਹ ਦੋਵੇਂ ਕੰਮ ਕਰਦੇ ਸਨ ਤਾਂ ਉਸਨੇ ਦਖਲ ਦੇ ਕੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਪੁਲਸ ਦੇ ਪੰਜੇ 'ਚੋਂ ਛੁਡਵਾਇਆ। ਹੁਣ ਪੁਲਸ ਨੇ ਦਿੱਲੀ ਦੇ ਇੱਕ ਵਿਦਿਆਰਥੀ ਹੇਮ ਮਿਸ਼ਰਾ ਅਤੇ ਰਾਜਨੀਤਕ ਕੈਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਪ੍ਰਸ਼ਾਂਤ ਰਾਹੀ ਨੂੰ ਝੂਠੇ ਕੇਸਾਂ ਵਿੱਚ ਜੇਲ੍ਹ ਵਿੱਚ ਸੁੱਟ ਦਿੱਤਾ ਹੈ। 
ਸਾਨੂੰ ਗੜ੍ਹਚਿਰੋਲੀ ਜ਼ਿਲ੍ਹਾ ਪ੍ਰੀਸ਼ਦ ਦਾ ਸਾਬਕਾ ਚੇਅਰਮੈਨ ਸੌਮਈਆ ਪਸੂਲਾ ਮਿਲਿਆ, ਜੋ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ ਅਤੇ ਇੱਕ ਆਦਿਵਾਸੀ ਕਬੀਲੇ ਦਾ ਆਗੂ ਹੈ। ਉਸਨੇ ਸਾਨੂੰ ਗਲਾਸਫੋਰਡ ਪੇਟਾ (ਸਿਰੰਚ ਤਾਲੁਕਾ) ਦੇ 30 ਸਾਲਾ ਵਿਅਕਤੀ ਵਿਅੰਕਟੀ ਅਲੂਰੀ ਲਿੰਗਈਆ ਨੂੰ ਸੀ-60 ਕਮਾਂਡੋਆਂ (ਨਕਸਲ ਵਿਰੋਧੀ ਵਿਸ਼ੇਸ਼ ਪੁਲਸ ਦਸਤਾ) ਵੱਲੋਂ ਰਾਤ ਨੂੰ ਅਗਵਾ ਕਰਕੇ ਕਈ ਦਿਨ ਨਜਾਇਜ਼ ਪੁਲਸ ਹਿਰਾਸਤ ਵਿੱਚ ਰੱਖਣ ਅਤੇ ਅੱਤ ਦਾ ਤਸ਼ੱਦਦ ਕਰਨ ਦੀ ਘਟਨਾ ਬਾਰੇ ਦੱਸਿਆ। ਇਸ ਦਸ਼ੱਦਦ ਦੇ ਨਤੀਜੇ ਵਜੋਂ ਲਿੰਗਈਆ ਦਾ ਸਾਰਾ ਸਰੀਰ ਜਖਮੀ ਅਤੇ ਨਕਾਰਾ ਹੋ ਗਿਆ। ਕਈ ਦਿਨ ਤਸ਼ੱਦਦ ਕਰਨ ਤੋਂ ਬਾਅਦ ਜਦੋਂ ਪੁਲਸ ਨੂੰ ਲੱਗਾ ਕਿ ਉਸਦਾ ਬਚਣਾ ਸੰਭਵ ਨਹੀਂ ਤਾਂ ਉਹ ਲਿੰਗਈਆ ਨੂੰ ਘਰ ਛੱਡ ਗਏ ਅਤੇ ਕਿਸੇ ਕੋਲ ਇਸ ਮਾਮਲੇ ਦੀ ਭਾਫ ਵੀ ਨਾ ਕੱਢਣ ਦੀ ਹਿਦਾਇਤ ਦੇ ਗਏ। ਪੁਲਸ ਦੇ ਡਰੋਂ ਪਰਿਵਾਰ ਲਿੰਗਈਆ ਦਾ ਇਲਾਜ ਕਰਵਾਉਣ ਲਈ ਉਸਨੂੰ ਮਨਚਰਿਆਲ (ਆਂਧਰਾ ਪ੍ਰਦੇਸ਼) ਦੇ ਹਸਪਤਾਲ ਵਿੱਚ ਲੈ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਕਿਡਨੀ ਅਤੇ ਫੇਫੜੇ ਜਖਮੀ ਹੋ ਜਾਣ ਕਾਰਨ ਉਹ ਬਚ ਨਹੀਂ ਸਕਦਾ। ਕੁਝ ਦਿਨ ਬਾਅਦ ਲਿੰਗਈਆ ਦੀ ਮੌਤ ਹੋ ਗਈ। ਪਤਾ ਲੱਗਣ 'ਤੇ ਸੌਮਈਆ ਪਸੂਲਾ ਅਤੇ ਉਹਦੇ ਸਾਥੀਆਂ ਨੇ ਦੋਸ਼ੀ ਪੁਲਸੀਆਂ ਖਿਲਾਫ ਕਾਰਵਾਈ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਉੱਚ ਅਧਿਕਾਰੀਆਂ ਅਤੇ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ, ਧਰਨੇ, ਮੁਜਾਹਰੇ ਕੀਤੇ ਪਰ ਕੋਈ ਅਸਰ ਨਹੀਂ ਹੋਇਆ। ਪੁਲਸ ਨੇ ਸ਼ਿਕਾਇਤ ਵੀ ਦਰਜ ਨਹੀਂ ਕੀਤੀ। ਅਸੀਂ ਉਸ ਨੂੰ ਪੁੱਛਿਆ ਕਿ ਸਰਕਾਰ ਤਾਂ ਕਾਂਗਰਸ ਪਾਰਟੀ ਚਲਾ ਰਹੀ ਹੈ, ਫਿਰ ਉਹਨਾਂ ਦੀ ਕਿਉਂ ਨਹੀਂ ਸੁਣੀ ਗਈ? ਉਸਦਾ ਕਹਿਣਾ ਸੀ ਕਿ ਪੁਲਸ ਖਿਲਾਫ ਕਾਰਵਾਈ ਦੇ ਮਾਮਲੇ ਵਿੱਚ ਕਿਸੇ ਦੀ ਕੋਈ ਸੁਣਵਾਈ ਨਹੀਂ। 
ਪੁਲਸ ਦੇ ਗੈਰ-ਕਾਨੂੰਨੀ, ਤਾਨਾਸ਼ਾਹ, ਜਾਬਰ ਅਤੇ ਜ਼ਾਲਮ ਰਵੱਈਏ ਦੀ ਪੁਸ਼ਟੀ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਮਹੇਸ਼ ਕੋਪੁਲਵਾਰ, ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਦੀ ਪ੍ਰੋਫੈਸਰ ਬੇਲਾ ਭਾਟੀਆ, ਭਮਰਗੜ੍ਹ ਤਹਿਸੀਲ ਵਿੱਚ ਹੇਮਾ ਲਕਸਾ ਪਿੰਡ ਅੰਦਰ ਕਬਾਇਲੀਆਂ ਲਈ ਆਸ਼ਰਮ, ਸਕੂਲ ਅਤੇ ਹਸਪਤਾਲ ਚਲਾ ਰਹੇ ਬਾਬਾ ਆਮਟੇ ਦੇ ਪੁੱਤਰ ਡਾ. ਪ੍ਰਕਾਸ਼ ਆਮਟੇ, ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਵਕੀਲਾਂ ਨੇ ਵੀ ਕੀਤੀ। 
ਇਸ ਤਰ੍ਹਾਂ ਡਾ. ਸਤਿਆਪਾਲ ਸਿੰਘ ਵੱਲੋਂ ਸੁਝਾਇਆ- ਮਾਓਵਾਦੀਆਂ ਨਾਲ ਨਿਪਟਣ ਦਾ ਜ਼ਾਲਮਾਨਾ, ਗੈਰ-ਜਮਹੂਰੀ, ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ, ਲੋਕ-ਦੋਖੀ ਤਰੀਕਾ ਅਸਲ ਵਿੱਚ ਗੜ੍ਹਚਿਰੋਲੀ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ। ਇਹ ਜਮਹੂਰੀ ਹੱਕਾਂ ਦੇ ਹਮਾਇਤੀਆਂ ਲਈ ਖੁੱਲ੍ਹੀ ਚੁਣੌਤੀ ਹੈ। ਇਸ ਵਿਰੁੱਧ ਦ੍ਰਿੜ੍ਹਤਾ ਪੂਰਵਕ ਸੰਘਰਸ਼ ਦੀ ਲੋੜ ਹੈ।