Monday, June 8, 2020

ਰਾਜਕੀ ਨਸਲੀ ਜਬਰ ਖਿਲਾਫ਼ ਉੱਠੇ ਅਮਰੀਕੀ ਲੋਕ

ਰਾਜਕੀ ਨਸਲੀ ਜਬਰ ਖਿਲਾਫ਼ ਉੱਠੇ ਅਮਰੀਕੀ ਲੋਕ


ਇਹਨੀਂ ਦਿਨੀਂ ਅਮਰੀਕਾ ਅੰਦਰ ਵੱਡੇ ਜਨਤਕ ਮੁਜ਼ਾਹਰੇ ਹੋ ਰਹੇ ਹਨ। ਕਈ ਥਾਵਾਂ 'ਤੇ ਇਹ ਮੁਜ਼ਾਹਰੇ ਹਿੰਸਕ ਰੂਪ ਵੀ ਅਖਤਿਆਰ ਕਰ ਗਏ। ਲੋਕਾਂ ਨੇ ਪੁਲਿਸ ਨਾਲ ਟੱਕਰਾਂ ਵੀ ਲਈਆਂ, ਉਸ ਦੀਆਂ ਗੱਡੀਆਂ ਅਗਨ ਭੇਂਟ ਕੀਤੀਆਂ ਗਈਆਂ। ਇਹਨਾਂ ਮੁਜਾਹਰਿਆਂ ਨੇ ਦਰਜਨਾਂ  ਸ਼ਹਿਰਾਂ ਨੂੰ ਲਪੇਟ 'ਚ ਲੈ ਲਿਆ ਹੈ। 2 ਜੂਨ ਨੂੰ ਇਹ ਮੁਜ਼ਾਹਰੇ 75 ਸ਼ਹਿਰਾਂ 'ਚ ਫੈਲ ਗਏ। ਲੋਕਾਂ ਅੰਦਰ ਇਸ ਰੋਸ ਫੁਟਾਰੇ ਦਾ ਕਾਰਨ ਇਕ ਅਫਰੀਕਨ ਮੂਲ ਦੇ ਕਾਲੇ ਰੰਗ ਦੇ ਵਿਅਕਤੀ ਜੌਰਜ ਫਲਾਇਡ ਦੀ ਇਕ ਪੁਲਿਸ ਅਫਸਰ ਵੱਲੋਂ ਕੀਤੀ ਗਈ ਹੱਤਿਆ ਹੈ। ਗੋਰੇ  ਰੰਗ ਦੀ ਨਸਲ ਦੇ ਇਸ ਅਫਸਰ ਨੇ ਜੌਰਜ ਫਲਾਇਡ ਦੀ ਧੌਣ 'ਤੇ ਗੋਡਾ ਰੱਖਿਆ ਤੇ ਲਗਭਗ 9 ਮਿੰਟ ਤਕੱ ਇਸ ਹਾਲਤ 'ਚ ਬੈਠਾ ਰਿਹਾ। ਸਾਹ ਘੁਟਣ ਕਰਕੇ ਜੌਰਜ ਫਲਾਇਡ ਦੀ ਮੌਤ ਹੋ ਗਈ। ਇਸ ਅਤਿ ਵਹਿਸ਼ੀ ਤੇ ਦਰਦਨਾਕ ਕਾਰੇ ਦੀ ਵੀਡੀਓ ਬਣ ਗਈ ਜਿਸ ਵਿਚ ਹੇਠਾਂ ਡਿੱਗਿਆ ਕਾਲੇ ਰੰਗ ਦਾ ਵਿਅਕਤੀ ਵਾਰ ਵਾਰ ਇਹ ਕਹਿ ਰਿਹਾ ਹੈ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਤੇ ਉਸ ਨੂੰ ਛੱਡਿਆ ਜਾਵੇ। ਪਰ ਪੁਲਿਸ ਅਧਿਕਾਰੀ ਸਿਰੇ ਦੇ ਹੰਕਾਰੀ ਲਹਿਜੇ 'ਚ  ਉਵੇਂ ਹੀ ਉਸਦੀ ਧੌਣ ਨੱਪੀ ਰਖਦਾ ਹੈ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਣ ਮਗਰੋਂ ਅਮਰੀਕਾ ਦੇ ਕੋਨੇ ਕੋਨੇ 'ਚ ਲੋਕਾਂ ਅੰਦਰ ਰੋਹ ਦੀਆਂ ਤਰੰਗਾਂ ਫੈਲ ਗਈਆਂ। ਲੋਕ ਸੜਕਾਂ 'ਤੇ ਉੱਤਰ ਆਏ। ਉਸ ਪੁਲਿਸ ਅਧਿਕਾਰੀ ਤੇ ਉਸ ਨੂੰ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਕੋਲ ਖੜ੍ਹੇ ਉਸ ਦੇ ਸਾਥੀ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਜਬਰਦਸਤ ਰੋਸ ਪ੍ਰਦਸ਼ਨਾਂ ਦਾ ਤਾਂਤਾ ਬੰਨੁ ਦਿੱਤਾ। ਚਾਹੇ ਇਹਨਾਂ  ਪ੍ਰਦਰਸ਼ਨਾਂ 'ਚ ਮੋਹਰੀ ਕਾਲੇ ਰੰਗ ਦੇ ਅਫਰੀਕਨ ਮੂਲ ਦੇ ਲੋਕ ਸਨ ਪਰ ਉਹ ਇਕੱਲੇ ਹੀ ਨਹੀਂ ਸਨ, ਗੋਰੀ ਨਸਲ ਦੇ ਲੋਕ ਵੀ ਨਾਲ ਸ਼ਾਮਲ ਸਨ। ਇਸ ਪੁਲਿਸ ਅਧਿਕਾਰੀ ਦੇ ਵਹਿਸ਼ੀ ਕਾਰੇ ਦੀ ਅਮਰੀਕੀ ਪੁਲਿਸ ਦੇ ਹਲਕਿਆਂ 'ਚ ਵੀ ਨਿੰਦਾ ਹੋਈ। ਕਈ ਥਾਵਾਂ 'ਤੇ ਪੁਲਿਸ ਮੁਲਾਜ਼ਮ ਵੀ ਲੋਕਾਂ ਦੇ ਪ੍ਰਦਰਸ਼ਨਾਂ 'ਚ ਸ਼ਾਮਲ ਹੋਏ ਤੇ ਮੁਲਕ ਅੰਦਰ ਵੱਖ ਵੱਖ ਥਾਵਾਂ 'ਤੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਤੋਂ ਇਸ ਕਾਰੇ ਦੀ ਮੁਆਫੀ ਵੀ ਮੰਗੀ। ਜਾਰਜ ਫਲਾਇਡ ਦੇ ਮੂੰਹੋਂ ਨਿੱਕਲੇ ਸ਼ਬਦ ''ਮੈਨੂੰ ਸਾਹ ਨਹੀਂ ਆ ਰਿਹਾ'' ਇਹਨਾਂ ਪ੍ਰਦਰਸ਼ਨਾਂ ਦਾ ਨਾਅਰਾ ਬਣ ਕੇ ਗੂੰਜ ਉੱਠੇ ਹਨ ਤੇ ਲੋਕਾਂ ਵੱਲੋਂ ਨਸਲੀ ਵਿਤਕਰੇਬਾਜੀ ਤੇ ਜ਼ੁਲਮਾਂ ਖਿਲਾਫ ਪਨਪ ਰਹੇ ਰੋਹ ਦਾ ਪ੍ਰਗਟਾਵਾ ਬਣ ਕੇ ਉੱਭਰ ਆਏ। ਇਹਨਾਂ ਸ਼ਬਦਾਂ ਦੀਆਂ ਤਖਤੀਆਂ ਫੜੀ ਮੁਜਾਹਰਾਕਾਰੀਆਂ ਦੀਆਂ ਤਸਵੀਰਾਂ ਦੁਨੀਆਂ ਭਰ 'ਚ ਪਹੁੰਚੀਆਂ ਤਾਂ ਸੰਸਾਰ ਭਰ ਵਿਚ ਵਿਤਕਰਿਆਂ, ਜਾਤ-ਪਾਤੀ ਤੇ ਨਸਲੀ ਜੁਲਮਾਂ, ਵੱਖ ਵੱਖ ਤਰ੍ਹਾਂ ਦੇ ਦਾਬਿਆਂ ਦੇ ਸ਼ਿਕਾਰ ਲੋਕਾਂ ਲਈ ਇਹ ਆਪਣੇ ਅੰਦਰ ਜਮ੍ਹਾਂ ਹੋਏ ਰੋਹ ਨੂੰ ਪ੍ਰਗਟਾਉਂਦੇ ਸ਼ਬਦ ਜਾਪੇ। ਇਸ ਨਸਲੀ ਜ਼ੁਲਮ ਖਿਲਾਫ ਦੁਨੀਆਂ ਭਰ ਦੇ ਜਮਹੂਰੀ ਤੇ ਇਨਸਾਫ ਪਸੰਦ ਹਲਕਿਆਂ ਨੇ ਵੀ ਅਮਰੀਕੀ ਜਮਹੂਰੀ ਹਲਕਿਆਂ ਦੀ ਆਵਾਜ਼ ਨਾਲ ਆਵਾਜ਼ ਮਿਲਾਈ। ਕਰੋਨਾ  ਵਾਇਰਸ ਦੇ ਸੰਕਟ ਦਰਮਿਆਨ ਅਮਰੀਕੀ ਲੋਕਾਂ ਨੇ ਕਿਸੇ ਇਨਫੈਕਸ਼ਨ ਦੀ ਪ੍ਰਵਾਹ ਨਾ ਕੀਤੀ ਤੇ ਬੇਖੌਫ ਹੋ ਕੇ ਸ਼ੜਕਾਂ 'ਤੇ ਨਿੱਤਰੇ। ਵੱਡੇ ਇਕੱਠ ਹੋਏ ਤੇ ਲੋਕਾਂ ਨੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਨੂੰ ਇੱਕੋ ਝਟਕੇ ਤੋੜ ਦਿੱਤਾ।
ਇਨਸਾਫ ਪਸੰਦ ਅਮਰੀਕੀ ਹਲਕਿਆਂ ਦਾ ਇਹ ਵਿਰੋਧ ਏਨਾ ਜੋਰਦਾਰ ਤੇ ਰੋਹ ਭਰਪੂਰ ਸੀ ਕਿ ਸੰਸਾਰ ਭਰ 'ਚ ਸਾਮਰਾਜੀ ਚੌਧਰ ਦਾ ਚਿੰਨ੍ਹ ਬਣੇ ਹੋਏ ਵਾਈਟ ਹਾਊਸ  ਨੂੰ  ਕੰਬਣੀਆਂ ਛਿੜ ਗਈਆਂ। 1960ਵਿਆਂ ਤੋਂ ਬਾਅਦ ਪਿਛਲੇ 70ਸਾਲਾਂ 'ਚ ਇਹ ਪਹਿਲੀ ਵਾਰ ਸੀ ਕਿ ਨਸਲੀ ਜ਼ੁਲਮਾਂ ਖਿਲਾਫ ਅਜਿਹਾ ਦੇਸ਼-ਵਿਆਪੀ ਲੋਕ-ਉਭਾਰ ਉਠਿਆ। ਵਾਈਟ ਹਾਊਸ ਨੂੰ ਲੋਕਾਂ ਨੇ ਜਿਵੇਂ ਇਕ ਤਰ੍ਹਾਂ ਘੇਰਾ ਪਾ ਲਿਆ ਤੇ ਉਸ ਦੀਆਂ ਲਾਈਟਾਂ ਬੰਦ ਕਰਨੀਆਂ ਪੈ ਗਈਆਂ ਅਤੇ ਰਾਸ਼ਟਰਪਤੀ ਟਰੰਪ ਨੂੰ ਵਾਈਟ ਹਾਊਸ ਦੇ ਭੋਰੇ 'ਚ ਜਾ ਲੁਕਣਾ ਪਿਆ। ਸੰਸਾਰ ਦਾ ਥਾਣੇਦਾਰ ਬਣੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਦੀ ਅਜਿਹੀ ਹਾਲਤ ਦੁਨੀਆਂ ਨੇ ਦੇਖੀ ਤੇ ਸੁਣੀ। ਇਕ ਪਾਸੇ ਟਰੰਪ ਦੀ ਘਬਰਾਹਟ ਦਾ ਅਜਿਹਾ ਪ੍ਰਦਰਸ਼ਨ ਹੋਇਆ ਤੇ ਦੂਜੇ ਪਾਸੇ ਉਸ ਨੇ ਆਪਣੇ ਸਿਰੇ ਦੇ ਆਕੜਖੋਰ ਲਹਿਜ਼ੇ 'ਚ ਮੁਜ਼ਾਹਰਾਕਾਰੀਆਂ ਨੂੰ ਗੋਲੀਆਂ ਮਾਰਨ ਦੇ ਐਲਾਨ ਕੀਤੇ। ਟਰੰਪ ਦੇ ਅਜਿਹੇ ਬਿਆਨਾਂ ਨੇ ਲੋਕਾਂ ਦਾ ਰੋਹ ਹੋਰ ਭੜਕਾਉਣ ਦਾ ਹੀ ਕੰਮ ਕੀਤਾ। ਕਈ ਦਿਨਾਂ ਦੀ ਇਸ ਮੁਲਕ-ਵਿਆਪੀ ਰੋਸ ਲਹਿਰ ਮਗਰੋਂ ਆਖਿਰ ਨੂੰ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਮੁਕੱਦਮੇਂ ਚਲਾਉਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਮਗਰੋਂ ਪ੍ਰਦਰਸ਼ਨਾਂ ਦੀ ਕਾਂਗ ਕੁੱਝ ਮੱਠੀ ਪਈ ਜਾਪਦੀ ਹੈ।
             ਫੌਰੀ ਤੌਰ 'ਤੇ ਇਹ ਪ੍ਰਦਰਸ਼ਨ ਚਾਹੇ ਕਿਸੇ ਵੀ ਨੁਕਤੇ 'ਤੇ ਜਾਕੇ ਮੁੱਕਣ ਪਰ ਇਸ ਰੋਸ ਲਹਿਰ ਨੇ ਇਕ ਵਾਰ ਅਮਰੀਕੀ ਰਾਜ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੰਸਾਰ ਮਹਾਂਸ਼ਕਤੀ ਦੇ ਆਪਣੇ ਵਿਹੜੇ ਅੰਦਰੋਂ ਉੱਠੀ ਲੋਕ ਲਲਕਾਰ ਨੇ ਇਸ ਮਹਾਂਸ਼ਕਤੀ ਦੀ ਆਪਣੀ ਅੰਦਰੂਨੀ ਹਾਲਤ ਨੂੰ ਵੀ ਨਸ਼ਰ ਕਰ ਦਿੱਤਾ ਹੈ ਕਿ ਅਮਰੀਕੀ ਲੋਕ ਕਿਹੋ ਜਿਹੀ ਬੇਚੈਨੀ ਤੇ ਰੋਹ ਨਾਲ ਭਰੇ ਹੋਏ ਹਨ। ਸਭ ਤੋਂ ਅਹਿਮ ਗੱਲ, ਇਹ ਰੋਹ-ਫੁਟਾਰਾ ਅਮਰੀਕੀ ਰਾਜ ਮਸ਼ੀਨਰੀ ਅੰਦਰ ਭਰੀ ਪਈ ਨਸਲਪ੍ਰਸਤੀ ਦੀ ਬਿਮਾਰੀ ਖਿਲਾਫ ਹੋਇਆ ਹੈ। ਰਾਜ ਮਸ਼ੀਨਰੀ ਦੇ ਮਹੱਤਵਪੂਰਨ ਅੰਗ ਵਜੋਂ ਪੁਲਿਸ ਅੰਦਰ ਅਫਰੀਕੀ ਲੋਕਾਂ ਪ੍ਰਤੀ ਮੌਜੂਦ ਤੁਅੱਸਵੀ ਵਿਹਾਰ ਖਿਲਾਫ ਹੋਇਆ ਹੈ। ਕਾਲੇ ਲੋਕਾਂ ਨਾਲ ਬਾਕੀ ਦੇ ਜਮਹੂਰੀ, ਇਨਸਾਫ ਪਸੰਦ ਤੇ ਮਨੁੱਖਤਾਵਾਦੀ ਲੋਕਾਂ ਨੇ ਰਲ ਕੇ ਆਵਾਜ਼ ਉਠਾਈ ਹੈ।
                ਅਮਰੀਕਾ ਅੰਦਰ ਅਫਰੀਕੀ ਮੂਲ ਦੇ ਕਾਲੇ ਲੋਕਾਂ ਨਾਲ ਵਿਤਕਰਿਆਂ ਤੇ ਜ਼ੁਲਮਾਂ ਦਾ ਇਕ ਲੰਮਾ ਇਤਿਹਾਸ ਹੈ। ਚਾਹੇ ਅਮਰੀਕਾ ਆਪਣੇ ਆਪ ਨੂੰ ਅਮਰੀਕਾ ਦੀ ਸਭ ਤੋਂ ਪੁਰਾਣੀ ਜਮਹੂਰੀਅਤ ਕਰਾਰ ਦਿੰਦਾ ਹੈ ਪਰ ਕਾਲੇ ਲੋਕਾਂ ਨੂੰ ਏਥੇ ਕਦੇ ਵੀ ਬਰਾਬਰੀ ਨਹੀਂ ਮਿਲੀ, ਗੋਰੇ ਰੰਗ ਦੀ ਨਸਲ ਦਾ ਦਬਦਬਾ ਹੀ ਤੁਰਿਆ ਆ ਰਿਹਾ ਹੈ। ਕਿਸੇ ਵੇਲੇ ਅਮਰੀਕਾ ਅੰਦਰ ਕਾਲੇ ਲੋਕਾਂ ਨੂੰ ਅਫਰੀਕਾ ਤੋਂ ਗੁਲਾਮਾਂ ਵਜੋਂ ਲਿਆਂਦਾ ਗਿਆ ਸੀ ਤੇ ਉਹਨਾਂ ਨਾਲ ਜਾਨਵਰਾਂ ਵਰਗਾ ਵਿਹਾਰ ਕੀਤਾ ਜਾਂਦਾ ਸੀ। ਸਦੀਆਂ ਮਗਰੋਂ ਵੀ, ਚਾਹੇ ਜ਼ੁਲਮਾਂ ਦੇ ਰੂਪ ਬਦਲ ਗਏ ਪਰ ਕਾਲੇ ਲੋਕਾਂ ਦਾ ਅਮਰੀਕੀ ਸਮਾਜ ਅੰਦਰ ਸਥਾਨ ਉਹੀ ਰਿਹਾ ਹੈ। 1790 'ਚ ਅਮਰੀਕੀ ਸੰਵਿਧਾਨ ਪਾਸ ਹੋਣ ਤੋਂ ਮਗਰੋਂ ਵੀ ਅਮਰੀਕਾ ਦੀ ਆਬਾਦੀ ਦਾ 20% ਉਹ ਲੋਕ ਨਾਗਰਿਕ ਹੱਕਾਂ ਤੋਂ ਵਾਂਝੇ ਸਨ ਤੇ ਮੰਡੀਆਂ 'ਚ ਜਾਨਵਰਾਂ ਵਾਂਗ ਵੇਚੇ ਜਾਂਦੇ ਸਨ। ਉਸ ਤੋਂ ਮਗਰੋਂ 1865 ਤੇ 1876 ਦੇ ਦਰਮਿਆਨ ਸੰਵਿਧਾਨਕ ਸੋਧਾਂ  ਨਾਲ ਕਾਲੇ ਲੋਕਾਂ ਨੂੰ ਚਾਹੇ ਨਾਗਰਿਕਤਾ ਹੱਕ ਦਿਤੇ ਗਏ ਤੇ ਵੋਟ ਦਾ ਹੱਕ ਦਿੱਤਾ ਗਿਆ, ਚਾਹੇ ਇਸ ਤੋਂ ਮਗਰੋਂ ਕਾਲੇ ਲੋਕਾਂ 'ਚ ਵੀ ਸਥਾਨਕ ਸਰਕਾਰਾਂ ਤੇ ਪਾਰਲੀਮੈਂਟ 'ਚ ਲੋਕ ਜਾਣ ਲੱਗੇ ਪਰ ਮੂਲ ਰੂਪ 'ਚ ਕਾਲੇ ਲੋਕਾਂ ਨਾਲ ਨਸਲੀ ਵਿਤਕਰਾ ਤੇ ਦਾਬਾ ਕਾਇਮ ਰਿਹਾ। ਇਥੋਂ ਤੱਕ ਕਿ ਸੁਪਰੀਮ ਕੋਰਟ ਦੇ ਅੰਦਰ ਵੀ ਗੋਰੀ ਨਸਲ ਦੀ ਉਤਮਤਾ ਨੂੰ ਪ੍ਰਵਾਨ ਕਰਕੇ ਇਸ ਨੂੰ ਉਚਿਆਇਆ ਜਾਂਦਾ ਰਿਹਾ। ਵੱਖ ਵੱਖ ਦੌਰਾਂ 'ਚ ਇਸਦੇ ਰੂਪ ਵੱਖ ਵੱਖ ਰਹੇ। ਇਕ ਦੌਰ 'ਚ ਭੀੜਾਂ ਵੱਲੋਂ ਕਾਲੇ ਲੋਕਾਂ ਦੇ ਕਤਲ ਖੁਲ੍ਹੇਆਮ ਕੀਤੇ ਜਾਂਦੇ ਸਨ ਤੇ ਇਹਨਾਂ ਕਤਲਾਂ ਦੀ ਫੋਟੇਗਰਾਫੀ ਕੀਤੀ ਜਾਂਦੀ ਸੀ, ਜਿਸ ਦੀ ਮਗਰੋਂ ਪੋਸਟ ਕਾਰਡਾਂ ਵਜੋਂ ਵਿਆਪਕ ਵਿੱਕਰੀ ਵੀ ਹੁੰਦੀ ਸੀ। 1950 ਤੇ 60ਵਿਆਂ 'ਚ ਵੱਡੇ ਅੰਦੋਲਨਾਂ ਮਗਰੋਂ ਕਾਨੂੰਨੀ ਰੂਪ 'ਚ ਵਖਰੇਵੇਂ ਹਟਾ ਦਿੱਤੇ ਗਏ ਪਰ ਅਮਰੀਕੀ ਸਮਾਜ ਤੇ ਅਮਰੀਕੀ ਰਾਜ ਅੰਦਰ ਇਹ ਵਿਤਕਰੇਬਾਜੀ ਘੋਰ ਡੂੰਘੀ ਰਚੀ ਹੋਈ ਹੈ। ਚਾਹੇ ਕਾਲੇ ਰੰਗ ਦੀ ਨਸਲ ਦਾ ਬਰਾਕ ਉਬਾਮਾ 8 ਵਰ੍ਹੇ ਅਮਰੀਕਾ ਦਾ ਰਾਸ਼ਟਰਪਤੀ ਵੀ ਰਿਹਾ, ਪਰ ਇਹਦਾ ਅਰਥ ਅਮਰੀਕਾ ਅੰਦਰ ਕਾਲੇ ਲੋਕਾਂ ਦੀ ਹਕੀਕੀ ਬਰਾਬਰੀ ਨਹੀਂ ਬਣਦਾ। ਇਹ ਤਾਂ ਉਹੋ ਜਿਹਾ ਮਾਮਲਾ ਹੀ ਹੈ ਜਿਵੇਂ ਸਾਡੇ ਮੁਲਕ ਅੰਦਰ ਦਲਿਤਾਂ 'ਚੋਂ ਰਾਸ਼ਟਰਪਤੀ ਜਾਂ ਹੋਰ ਵੱਡੇ ਆਹੁਦਿਆਂ 'ਤੇ ਪਹੁੰਚ ਜਾਣ ਮਗਰੋਂ ਵੀ ਮੁਲਕ ਅੰਦਰ ਦਲਿਤਾਂ ਦੀ ਹਾਲਤ ਨਹੀਂ ਬਦਲਦੀ। ਦਬਾਏ ਹੋਏ ਲੋਕਾਂ ਲਈ ਇਹ ਸਿਰਫ ਛਲਾਵਾ ਹੀ ਹੁੰਦਾ ਹੈ।
ਕਾਲੇ ਅਫਰੀਕਨਾਂ ਨੂੰ ਆਮ ਕਰਕੇ ਜਰਾਇਮਪੇਸ਼ਾ ਲੋਕਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਅਮਰੀਕੀ ਸਮਾਜ ਦਾ ਸਭ ਤੋਂ ਪਛੜਿਆ ਰੱਖਿਆ ਗਿਆ ਤਬਕਾ ਹੈ। ਇਹ ਅਮਰੀਕਾ 'ਚ ਜਮਾਤੀ ਤੌਰ 'ਤੇ ਹੇਠਲੀ ਸ਼ਰੇਣੀ ਬਣਦੀ ਹੈ। ਇਹ ਨਸਲੀ ਜਬਰ ਜਮਾਤੀ ਦਾਬੇ ਦੀ ਇਕ ਸ਼ਕਲ ਵੀ ਹੈ। ਅਮਰੀਕੀ ਜੇਲ੍ਹਾਂ ਵੀ ਕਾਲੇ ਲੋਕਾਂ ਨਾਲ ਭਰੀਆਂ ਪਈਆਂ ਹਨ। ਅਮਰੀਕਾ 'ਚ ਇਹ ਅਬਾਦੀ ਦਾ 12 % ਹਿੱਸਾ ਬਣਦੇ ਹਨ। ਪਰ ਜੇਲ੍ਹਾਂ  'ਚ ਇਹਨਾਂ ਲੋਕਾਂ ਦੀ ਪ੍ਰਤੀਸ਼ੱਤ 38 ਹੈ। ਹਰ ਜ਼ੁਲਮ ਨੂੰ ਕਾਲੇ ਲੋਕਾਂ ਨਾਲ ਹੀ ਜੋੜ ਦੇਣ ਦੀ ਆਮ ਧਾਰਨਾ ਹੈ। ਅਮਰੀਕੀ ਰਾਜ ਮਸ਼ੀਨਰੀ ਦੀਆਂ ਰਗਾਂ 'ਚ ਤਾਂ ਨਸਲੀ ਵਿਤਰਕੇਬਾਜੀ ਭਰੀ ਪਈ ਹੈ। ਪੁਲਿਸ ਵੱਲੋਂ ਆਮ ਕਰਕੇ ਕਾਲੇ ਲੋਕਾਂ 'ਤੇ ਜ਼ੁਲਮ ਕੀਤੇ ਜਾਂਦੇ ਹਨ ਪਰ ਸਜਾਵਾਂ ਤੋਂ ਬਚ ਨਿੱਕਲਦੇ ਹਨ। ਅਦਾਲਤਾਂ 'ਚ ਵੀ ਜੱਜ ਇਨਸਾਫ ਦੀ ਤੱਕੜੀ 'ਚ ਰੰਗਾਂ ਦਾ ਵਜਨ ਵੱਖਰਾ ਜੋਖਦੇ ਹਨ। ਨਸਲ ਦੇ ਅਧਾਰ 'ਤੇ ਕਾਲੇ ਲੋਕਾਂ ਨਾਲ ਅਮਰੀਕਾ ਅੰਦਰ ਵਿਤਕਰੇ ਦਾ ਇਤਿਹਾਸ ਲੰਮਾ ਹੈ ਤੇ ਅਨੇਕਾਂ ਦਿਲ-ਕੰਬਾਊ ਕਹਾਣੀਆਂ ਨਾਲ ਭਰਿਆ ਪਿਆ ਹੈ।
ਮੌਜੂਦਾ ਘਟਨਾਕ੍ਰਮ 'ਚ ਰਾਸ਼ਟਰਪਤੀ ਟਰੰਪ ਦੀ ਟੇਕ ਨਸਲਪ੍ਰਸਤੀ ਦੇ ਇਸ ਵਿਤਕਰੇ ਦੇ ਅਧਾਰ 'ਤੇ ਅਮਰੀਕੀ ਸਮਾਜ 'ਚ ਪਾਲਾਬੰਦੀ ਤੇਜ਼ ਕਰਨ ਤੇ ਇਸਦਾ ਸਿਆਸੀ ਲਾਹਾ ਲੈਣ ਦੀ ਹੀ ਹੈ। ਸੱਜਪੱਖੀ ਸਿਆਸਤ 'ਤੇ ਟੇਕ ਰੱਖ ਕੇ ਚਲਦੇ ਆ ਰਹੇ ਟਰੰਪ ਨੇ ਪਿਛਲੀਆਂ ਚੋਣਾਂ ਵੀ ਅਜਿਹੇ ਮੁੱਦੇ ਉਭਾਰ ਕੇ ਤੇ ਪਿਛਾਖੜੀ ਪਾਲਾਬੰਦੀਆਂ ਤੇਜ਼ ਕਰਕੇ ਜਿੱਤੀਆਂ ਸਨ। ਉਸ ਦਾ ਵੋਟ ਅਧਾਰ ਵੀ ਗੋਰੀ ਨਸਲ ਦੇ ਘੋਰ ਪਿਛਾਖੜੀ ਹਿੱਸਿਆਂ 'ਚ ਹੈ। ਹੁਣ ਵੀ ਉਸ ਨੇ  ਇਹਨਾਂ ਹਿੱਸਿਆਂ ਦੀ ਪਿਛਾਖੜੀ ਲੀਹਾਂ 'ਤੇ ਲਾਮਬੰਦੀ ਲਈ ਭੜਕਾਊ ਬਿਆਨ ਦਿੱਤੇ ਹਨ। ਉਹ ਵਾਈਟ ਹਾਊਸ ਨੇੜਲੀ ਚਰਚ 'ਚ ਹੱਥ 'ਚ ਬਾਈਬਲ ਲੈ ਕੇ ਗਿਆ। ਇਹ ਇਸਾਈ ਮੱਤ 'ਚ ---ਮੱਤ ਦੇ ਧਾਰਨੀਆਂ ਦੇ ਵੋਟ ਬੈਂਕ ਨੂੰ  ਸੰਬੋਧਿਤ ਟਰਿਪ ਸੀ ਤੇ ਇਉਂ ਟਰੰਪ ਨੇ ਇਸ ਮੌਕੇ ਨੂੰ ਆਪਣੀ ਚੋਮ ਮੁਹਿੰਮ ਨੂੰ ਹੋਰ ਭਖਾਉਣ ਦੇ ਮੌਕੇ ਵਜੋਂ ਵਰਤਿਆ। ਇਕ ਹੱਥ ਮੁਜਾਹਰਾਕਾਰੀਆਂ ਨੂੰ ਕੁਚਲਣ ਦੇ ਐਲਾਨ ਤੇ ਦੂਜੇ ਹੱਥ ਬਾਈਬਲ ਲੈ ਕੇ ਆਏ ਟਰੰਪ ਦਾ ਇਹ ਪੈਂਤੜਾ ਘੋਰ ਪਿਛਾਖੜੀ ਪੈਂਤੜਾ ਹੈ।
ਇਸ ਸਮੁੱਚੇ ਘਟਨਾਕ੍ਰਮ ਦੇ ਦਰਸਾਇਆ ਹੈ ਕਿ ਲੋਕ ਰੋਹ ਦਾ ਇਹ ਫੁਟਾਰਾ ਚਾਹੇ ਨਸਲੀ ਜਬਰ ਦੀ ਇਕ ਹਿਰਦਵੇਦਿਕ ਘਟਨਾ ਰਾਹੀਂ ਹੋਇਆ ਹੈ ਪਰ ਇਸਦੀ ਤਹਿ ਹੇਠਾਂ ਅਮਰੀਕੀ ਸਮਾਜ 'ਚ ਪਸਰ ਰਹੀ ਡੂੰਘੀ ਬੇਚੈਨੀ ਤੇ ਰੋਹ ਵੀ ਮੌਜੂਦ ਹੈ। ਇਸ ਰੋਸ 'ਚ ਅਮਰੀਕਾ ਅੰਦਰ ਡੂੰਘੇ ਹੋਏ ਆਰਥਕ ਸੰਕਟ ਦੇ ਅਸਰਾਂ ਦੀ ਮਾਰ ਹੰਢਾ ਰਹੇ ਲੋਕਾਂ ਦੀਆਂ ਮੁਸ਼ਕਲਾਂ ਦਾ ਰੋਲ ਵੀ ਸ਼ਾਮਲ ਹੈ। ਟਰੰਪ ਦੀ ਸੱਜੇਪੱਖੀ ਸਿਆਸਤ ਦੀ ਇਸ ਸੰਕਟ 'ਤੇ ਵਿਸ਼ੇਸ਼ ਮੋਹਰਸ਼ਾਪ ਵੀ ਮੌਜੂਦ ਹੈ। ਇਸ ਸਿਆਸਤ ਨੇ ਅਮਰੀਕੀ ਰਾਜ ਤੇ ਸਮਾਜ ਦੇ ਘੋਰ ਪਿਛਾਖੜੀ ਅੰਸ਼ਾਂ ਨੂੰ ਹੋਰ ਤਕੜਾਈ ਦਿੱਤੀ ਹੈ। ਲੋਕਾਂ ਦਾ ਇਹ ਰੋਸ ਪ੍ਰਦਰਸ਼ਨ ਇਕ ਤਰ•ਾ ਇਸ ਸੱਜੇ ਪੱਖੀ ਸਿਆਸਤ ਖਿਲਾਫ ਜਮਹੂਰੀ ਤੇ ਇਨਸਾਫਪਸੰਦ ਹਲਕਿਆਂ ਦੀ ਇਕਜੁੱਟ ਹੋ ਗੂੰਜੀ ਆਵਾਜ਼ ਵੀ ਹੈ। ਇਸ ਸਮੁੱਚੇ ਘਟਨਾਕ੍ਰਮ ਨੇ ਅਮਰੀਕੀ ਸਮਾਜ ਦੇ ਡੂੰਘੇ ਹੋ ਰਹੇ ਚੌਤਰਫੇ ਸੰਕਟ ਨੂੰ ਉਘਾੜ ਕੇ ਦਰਸਾ ਦਿੱਤਾ ਹੈ।
ਅਮਰੀਕੀ ਸਾਮਰਾਜ ਦੀ ਇਹ ਹਾਲਤ ਉਸ ਦੇ ਦੁਨੀਆਂ ਨੂੰ ਜਮਹੂਰੀਅਤ ਦਾ ਪਾਠ ਪੜਾਉਣ ਦੇ ਦੰਭੀ ਦਾਅਵਿਆਂ ਦੀ ਖਿੱਲੀ ਉਡਾ ਰਹੀ ਹੈ। ''ਜ਼ਿਦਗੀ ਦੇ ਅਮਰੀਕੀ ਅੰਦਾਜ਼'' ਨੂੰ ਬਚਾਉਣ ਦੇ ਦਾਅਵਿਆਂ ਉਹਲੇ ਅਮਰੀਕਾ ਨੇ ਥਾਂ-ਥਾਂ ਜੰਗਾਂ ਥੋਪੀਆਂ ਹਨ। ਜਾਰਜ ਦੀ ਮੌਤ ਰਾਹੀਂ ਉਸ ਅਮਰੀਕੀ ਅੰਦਾਜ਼ ਨੂੰ ਦੁਨੀਆਂ ਨੇ ਫਿਰ ਦੇਖ ਲਿਆ ਹੈ। ਦੁਨੀਆਂ ਦੇ ਮੁਲਕਾਂ 'ਚ ਜਮਹੂਰੀ ਸਰਕਾਰਾਂ ਕਾਇਮ ਕਰਨ ਦੇ ਨਾਂ ਹੇਠ ਥਾਂ-ਥਾਂ ਰਾਜ ਪਲਟੇ ਕਰਦੇ ਆ ਰਹੇ ਅਮਰੀਕੀ ਸਾਮਰਾਜ ਦੀ ਆਪਣੀ ''ਜਮਹੂਰੀਅਤ'' ਤੇ ਨਸਲਪ੍ਰਸਤੀ ਦੀ ਇਹ ਝਾਲਰ ਫਿਰ ਚਮਕ ਉਠੀ ਹੈ। ਸੰਸਾਰ ਸਾਮਰਾਜ ਦੇ ਚੌਧਰੀ ਅਮਰੀਕੀ ਸਾਮਰਾਜ ਦੇ ਵਿਹੜੇ 'ਚੋਂ ਉੱਠੀ ਇਹ ਲਲਕਾਰ ਦੁਨੀਆਂ ਭਰ 'ਚ ਸਾਮਰਾਜ ਖਿਲਾਫ ਜੂਝਦੇ ਲੋਕਾਂ 'ਚ ਵੀ ਜੋਸ਼ ਦਾ ਸੰਚਾਰ ਕਰਨ ਵਾਲੀ ਹੈ।