Sunday, May 22, 2011


ਨਵਾਂ ਮਜ਼ਦੂਰ ਦੋਖੀ ਬਿਲ :
ਕਿਰਤ-ਕਾਨੂੰਨਾਂ 'ਤੇ ਕੁਹਾੜਾ

ਸਾਡੇ ਮੁਲਕ ਅੰਦਰ ਕਿਰਤ-ਕਾਨੂੰਨ ਪਹਿਲਾਂ ਹੀ ਕਾਗਜ਼ਾਂ ਦਾ ਸ਼ਿੰਗਾਰ ਬਣੇ ਹੋਏ ਹਨ। ਸਰਮਾਏਦਾਰ ਮਾਲਕ ਇਹਨਾਂ ਦੀ ਥੋਕ ਉਲੰਘਣਾ ਕਰਦੇ ਹਨ। ਕੰਮ ਦੇ ਘੰਟੇ, ਘੱਟੋ ਘੱਟ ਤਨਖਾਹ, ਬੋਨਸ, ਛੁੱਟੀਆਂ, ਹਾਦਸਿਆਂ ਤੋਂ ਸੁਰੱਖਿਆ ਆਦਿਕ ਦੀ ਬਹੁਤੀਆਂ ਫੈਕਟਰੀਆਂ 'ਚ ਹੋਂਦ ਨਹੀਂ ਹੈ। ਇੱਕ ਟਰੇਡ ਯੂਨੀਅਨ ਆਗੂ ਵੱਲੋਂ ਪੇਸ਼ ਕੀਤੇ ਅੰਕੜਿਆਂ ਮੁਤਾਬਕ 70 ਫੀਸਦੀ ਫੈਕਟਰੀ ਮਾਲਕ ਨਾ ਰਜਿਸਟਰ ਲਾਉਂਦੇ ਹਨ, ਨਾ ਰਿਟਰਨਾਂ ਭਰਦੇ ਹਨ।
ਪਰ ਹੁਣ ਨਵੀਆਂ ਆਰਥਿਕ ਨੀਤੀਆਂ ਤਹਿਤ ਮੁਲਕ ਦੇ ਹਾਕਮ ਇਹਨਾਂ ਲੰਙੜੇ-ਲੂਲ੍ਹੇ ਕਿਰਤ-ਕਾਨੂੰਨਾਂ ਦਾ ਵੀ ਭੋਗ ਪਾਉਣ 'ਤੇ ਤੁਲੇ ਹੋਏ ਹਨ। ਅਜਿਹਾ ਵਿਦੇਸ਼ੀ ਅਤੇ ਦੇਸੀ ਪੂੰਜੀਪਤੀਆਂ ਲਈ ਅੰਨ੍ਹੇ ਮੁਨਾਫਿਆਂ 'ਚ ਵਾਧਾ ਕਰਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। 23 ਮਾਰਚ ਨੂੰ ਪਾਰਲੀਮੈਂਟ 'ਚ ਕਿਰਤ-ਕਾਨੂੰਨਾਂ 'ਚ ਸੋਧਾਂ ਬਾਰੇ ਇੱਕ ਬਿਲ ਪੇਸ਼ ਕੀਤਾ ਗਿਆ ਹੈ। ਇਹ ਬਿਲ 40 ਤੱਕ ਦੀ ਗਿਣਤੀ ਵਾਲੇ ਕਾਰੋਬਾਰਾਂ ਨੂੰ ਬੁਨਿਆਦੀ ਕਿਰਤ-ਕਾਨੂੰਨਾਂ ਨੂੰ ਲਾਗੂ ਕਰਨ ਤੋਂ ਛੋਟ ਦਿੰਦਾ ਹੈ। ਇਹਨਾਂ ਲਈ ਨਾ ਰਜਿਸਟਰ ਰੱਖਣੇ ਜ਼ਰੂਰੀ ਹੋਣਗੇ ਅਤੇ ਨਾ ਰਿਟਰਨਾਂ ਭਰਨ ਦੀ ਲੋੜ ਹੋਵੇਗੀ। ਇਸ ਕਰਕੇ ਇਸ ਬਿਲ ਨੂੰ ਸ਼ਰੇਆਮ ਰਜਿਸਟਰਾਂ ਅਤੇ ਰਿਟਰਨਾਂ ਤੋਂ ਛੋਟ ਬਿਲ ਦਾ ਨਾਂ ਦਿੱਤਾ ਗਿਆ ਹੈ।
ਪਹਿਲਾਂ ਹਕੂਮਤ ਦਾ ਇਰਾਦਾ 500 ਤੱਕ ਮਜ਼ਦੂਰਾਂ ਦੀ ਗਿਣਤੀ ਵਾਲੇ ਕਾਰੋਬਾਰਾਂ ਨੂੰ ਕਿਰਤ-ਕਾਨੂੰਨਾਂ ਤੋਂ ਮੁਕਤ ਕਰਨ ਦਾ ਸੀ। ਪਰ ਮੁਲਕ ਵਿੱਚ ਵਿਰੋਧ ਦੇ ਮਾਹੌਲ ਕਰਕੇ ਹਕੂਮਤ ਨੂੰ ਬੋਚ ਕੇ ਕਦਮ ਵਧਾਉਣ ਦੀ ਚੋਣ ਕਰਨੀ ਪਈ ਹੈ। ਤਾਂ ਵੀ ਸਨਅੱਤੀ ਖੇਤਰ ਦੀ 78 ਫੀਸਦੀ ਕਾਮਾ-ਸ਼ਕਤੀ ਇਸ ਬਿਲ ਦੇ ਨਤੀਜੇ ਵਜੋਂ ਕਿਰਤ-ਕਾਨੂੰਨਾਂ ਦੇ ਘੇਰੇ ਤੋਂ ਰਸਮੀ ਤੌਰ 'ਤੇ ਹੀ ਬਾਹਰ ਹੋ ਜਾਵੇਗੀ। ਵਰਨਣਯੋਗ ਹੈ ਕਿ ਵੱਡੀਆਂ ਫੈਕਟਰੀਆਂ ਦੇ ਮਾਲਕ ਵੀ ਕਈ ਢੰਗ ਤਰੀਕੇ ਵਰਤ ਕੇ ਕਿਰਤ-ਕਾਨੂੰਨਾਂ ਨੂੰ ਝਕਾਨੀ ਦੇਣ ਦੀ ਖੇਡ ਕਾਮਯਾਬੀ ਨਾਲ ਖੇਡਦੇ ਹਨ। ਉਹ ਸਨਅੱਤੀ ਕਾਰੋਬਾਰਾਂ ਨੂੰ ਨਕਲੀ ਤੌਰ 'ਤੇ ਨਿੱਕੇ ਨਿੱਕੇ ਆਜ਼ਾਦ ਟੁਕੜਿਆਂ 'ਚ ਵੰਡ ਕੇ ਮਜ਼ਦੂਰਾਂ ਦੀ ਗਿਣਤੀ ਘਟਾ ਦਿੰਦੇ ਹਨ। ਮੌਜੂਦਾ ਸੋਧ ਬਿਲ ਉਹਨਾਂ ਲਈ ਅਜਿਹਾ ਕਰਨਾ ਹੋਰ ਵੀ ਸਹਿਲ ਬਣਾ ਦੇਵੇਗਾ। ਦਿੱਲੀ ਦੇ ਕਈ ਸਨਅੱਤੀ ਖੇਤਰਾਂ ਵਿੱਚ ਮਜ਼ਦੂਰ 12-12 ਘੰਟੇ ਕੰਮ ਕਰਦੇ ਹਨ, ਉਹਨਾਂ ਨੂੰ ਕੋਈ ਬੋਨਸ ਨਹੀਂ ਮਿਲਦਾ ਅਤੇ 80 ਫੀਸਦੀ ਮਜ਼ਦੂਰਾਂ ਦੇ ਨਾਂ ਰਜਿਸਟਰਾਂ 'ਚ ਦਰਜ਼ ਨਹੀਂ ਹਨ।
ਮਜ਼ਦੂਰ ਜਮਾਤ ਨੂੰ ਇਸ ਹਮਲੇ ਦਾ ਵਿਰੋਧ ਕਰਨ ਅਤੇ ਇਸ ਨੂੰ ਪਛਾੜਨ ਲਈ ਇੱਕਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਦੀ ਲੋੜ ਹੈ।

ਨਵਾਂ ਪੰਜਾਬ ਸਿਵਲ ਸਰਵਿਸਜ਼ ਐਕਟ— ਰੁਜ਼ਗਾਰ ਅਸੁਰੱਖਿਆ ਦਾ ਕਾਨੂੰਨੀਕਰਨ

ਪੰਜਾਬ ਸਰਕਾਰ ਨੇ ਮਾਰਚ ਮਹੀਨੇ ਦੇ ਬਜਟ ਸੈਸ਼ਨ ਵਿੱਚ ਪੰਜਾਬ ਸਿਵਲ ਸਰਵਿਸਜ਼ ਐਕਟ 2011 ਪਾਸ ਕੀਤਾ ਹੈ, ਜੋ 5 ਅਪ੍ਰੈਲ 2011 ਤੋਂ ਲਾਗੂ ਹੋ ਚੁੱਕਿਆ ਹੈ। ਇਸ ਨਵੇਂ ਐਕਟ ਅਨੁਸਾਰ 5 ਅਪ੍ਰੈਲ ਤੋਂ ਬਾਅਦ ਪੰਜਾਬ ਅੰਦਰ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਮੁਲਾਜ਼ਮਾਂ ਨੂੰ ਪਹਿਲੇ ਤਿੰਨ ਸਾਲ ਪੂਰੀ ਤਨਖਾਹ ਦੀ ਥਾਵੇਂ, ਉੱਕੀ-ਪੁੱਕੀ ਤਨਖਾਹ 'ਤੇ ਕੰਮ ਕਰਨਾ ਪਵੇਗਾ, ਜੋ ਕਿ ਰੈਗੂਲਰ ਨੌਕਰੀ ਵਾਲੇ ਬਰਾਬਰ ਦੇ ਕਿਸੇ ਮੁਲਾਜ਼ਮਾਂ ਦੀ ਤਨਖਾਹ ਨਾਲੋਂ ਅੱਧੀ ਤੋਂ ਵੀ ਘੱਟ ਬਣੇਗੀ। ਇਹਨਾਂ ਤਿੰਨ ਸਾਲਾਂ ਦੇ ਅਰਸੇ ਨੂੰ ਪੀਰਡ ਆਫ ਇੰਡਕਸ਼ਨ ਕਿਹਾ ਗਿਆ ਹੈ, ਜਿਸ ਦੌਰਾਨ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ, ਭੱਤੇ ਅਤੇ ਇੰਕਰੀਮੈਂਟ ਸਮੇਤ ਹੋਰ ਲਾਭ ਬਗੈਰਾ ਨਹੀਂ ਮਿਲਣਗੇ। ਸਬੰਧਤ ਉੱਚ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੇ ਇਸ ਅਰਸੇ ਦਾ ਮੁਲਾਂਕਣ ਕੀਤਾ ਜਾਵੇਗਾ। ਕੰਮ ਗੈਰ-ਤਸੱਲੀਬਖਸ਼ ਪਾਏ ਜਾਣ ਦੀ ਸੂਰਤ ਵਿੱਚ, ਇਸ ਪੀਰਡ ਨੂੰ ਤਿੰਨ ਤੋਂ ਪੰਜ ਸਾਲ ਤੱਕ ਵਧਾਇਆ ਜਾ ਸਕਦਾ ਹੈ ਜਾਂ ਮੁਲਾਜ਼ਮ ਨੂੰ ਇੱਕ ਮਹੀਨੇ ਦਾ ਨੋਟਿਸ ਦੇ ਕੇ ਘਰ ਤੋਰਿਆ ਜਾ ਸਕਦਾ ਹੈ।
ਅਕਾਲੀ ਭਾਜਪਾ ਸਰਕਾਰ ਵੱਲੋਂ ਲਿਆਂਦਾ ਗਿਆ ਇਹ ਤਾਜ਼ਾ ਕਾਨੂੰਨ, ਰੁਜ਼ਗਾਰ ਦੀ ਅਸੁਰੱਖਿਆ ਨੂੰ ਕਾਨੂੰਨੀ ਰੁਤਬਾ ਦੇਣ ਲਈ ਚੁੱਕਿਆ ਇੱਕ ਵੱਡਾ ਕਦਮ ਹੈ। ਇਸੇ ਨੀਤੀ ਅਨੁਸਾਰ ਹੀ ਬਿਜਲੀ ਬੋਰਡ ਨੂੰ ਤੋੜ ਕੇ ਦੋ ਪਾਵਰ ਕਾਰਪੋਰੇਸ਼ਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਨਵੇਂ ਐਕਟ ਅਨੁਸਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਪਿਛਲੇ ਸਮੇਂ ਵਿੱਚ ਉੱਕਾ-ਪੁੱਕਾ ਨਿਗੂਣੀਆਂ ਤਨਖਾਹਾਂ 'ਤੇ ਕੀਤੀਆਂ ਨਿਯੁਕਤੀਆਂ ਦਾ ਕਾਨੂੰਨੀਕਰਨ ਕਰ ਦਿੱਤਾ ਗਿਆ ਹੈ। ਯਾਨੀ ਸਰਕਾਰ ਦੇ ਇਹਨਾਂ ਫੈਸਲਿਆਂ ਨੇ ਹੁਣ ਕਾਨੂੰਨੀ ਦਰਜਾ ਹਾਸਲ ਕਰ ਲਿਆ ਹੈ। ਇਸਦੇ ਦੇ ਨਾਲ ਨਾਲ, ਸਰਕਾਰ ਨੇ ਇਸ ਤਜਰਬੇ ਨੂੰ ਇੱਕ ਸਫਲ ਤਜਰਬਾ ਮੰਨਦੇ ਹੋਏ ਇਸ ਐਕਟ ਰਾਹੀਂ ਅਜਿਹੀਆਂ ਨਿਯੁਕਤੀਆਂ ਦੇ ਢੰਗ ਨੂੰ ਸਾਰੇ ਹੀ ਮਹਿਕਮਿਆਂ ਤੱਕ ਵਧਾ ਦਿੱਤਾ ਹੈ।
ਏਸ ਨਵੇਂ ਭਰਤੀ ਐਕਟ ਨੂੰ ਪਾਸ ਕਰਨ ਮੌਕੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਭੱਤਿਆਂ ਦੇ ਵਧ ਰਹੇ ਖਰਚਿਆਂ ਅਤੇ ਇਸ ਵਜਾਹ ਕਰਕੇ ਪੈਦਾ ਹੋ ਰਹੇ ਵਿੱਤੀ ਸੰਕਟ ਦਾ ਰੋਣਾ ਰੋਇਆ ਹੈ। ਪਰ ਸਰਕਾਰ ਦਾ ਇਹ ਰੋਣਾ ਨਿਰਾ ਦੰਭੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੀ ਕਰਮਚਾਰੀਆਂ ਦੀਆਂ ਤਨਖਾਹਾਂ ਭੱਤਿਆਂ ਉੱਪਰ ਖਰਚਾ 1980-85 ਵਿੱਚ 51.81 ਫੀਸਦੀ ਤੋਂ ਘਟ ਕੇ 2005-2010 ਵਿੱਚ 35.8 ਫੀਸਦੀ ਰਹਿ ਗਿਆ ਹੈ। ਇਹ ਇਸਦੇ ਬਾਵਜੂਦ ਹੈ ਕਿ ਇਹਨਾਂ ਸਾਲਾਂ ਦੌਰਾਨ ਮਹਿੰਗਾਈ ਅਸਮਾਨੀ ਚੜ੍ਹੀ ਹੈ ਅਤੇ ਸਰਕਾਰ ਵੱਲੋਂ ਬਿਠਾਏ ਪੇ-ਕਮਿਸ਼ਨਾਂ ਦੀ ਰਿਪੋਰਟਾਂ ਲਾਗੂ ਹੋਣ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਵੀ ਹੋਇਆ ਹੈ। ਸੋ ਤਨਖਾਹਾਂ ਦੇ ਪ੍ਰਤੀਸ਼ਤ ਬਜਟ ਖਰਚੇ ਤਾਂ ਇਹਨਾਂ ਸਾਰੇ ਸਾਲਾਂ ਦੌਰਾਨ ਘਟਦੇ ਹੀ ਗਏ ਹਨ। ਵੱਖ ਵੱਖ ਮਹਿਕਮਿਆਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵੀ ਘਟਦੀ ਹੀ ਗਈ ਹੈ। ਉਹਨਾਂ ਵਰ੍ਹਿਆਂ ਦੌਰਾਨ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਕੁੱਲ ਗਿਣਤੀ ਸਵਾ ਲੱਖ ਦੇ ਕਰੀਬ ਸੀ, ਜੋ ਬੋਰਡ ਭੰਗ ਕਰਨ ਵੇਲੇ ਘਟ ਕੇ 65-70 ਹਜ਼ਾਰ ਤੱਕ ਆਈ ਹੋਈ ਸੀ। ਏਹੀ ਹਾਲ ਸਿੱਖਿਆ ਅਤੇ ਸਿਹਤ ਦੇ ਮਹਿਕਮੇ ਵਿੱਚ ਹੈ। ਸਕੂਲ, ਕਾਲਜ ਅਤੇ ਹਸਪਤਾਲ (ਇਥੋਂ ਤੱਕ ਕਿ ਸੂਬਾ ਪੱਧਰੇ ਹਸਪਤਾਲ ਵੀ) ਖਾਲੀ ਪਈਆਂ ਅਸਾਮੀਆਂ ਕਰਕੇ ਸਾਹ ਵਰੋਲ ਰਹੇ ਹਨ। ਸਰਕਾਰੀ ਭਰਤੀ ਪਿਛਲੇ ਲੰਮੇ ਸਾਲਾਂ ਤੋਂ ਬੰਦ ਪਈ ਹੈ। ਸੇਵਾ ਮੁਕਤੀ ਧੜਾਧੜ ਹੋ ਰਹੀ ਹੈ। ਇਸ ਤੋਂ ਵੀ ਅੱਗੇ ਸਰਕਾਰ ਨੇ ਤਾਂ ਹੁਣ ਖਾਲੀ ਅਸਾਮੀਆਂ ਨੂੰ ਉਂਝ ਹੀ ਨੇਸਤੋ-ਨਾਬੂਦ ਕਰਨ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ ਤਾਂ ਕਿ ਖਾਲੀ ਅਸਾਮੀਆਂ 'ਤੇ ਆਵਾਜ਼ ਹੀ ਨਾ ਉੱਠ ਸਕੇ। ਸੇਵਾ ਦੇ ਸਾਰੇ ਹੀ ਮਹਿਕਮਿਆਂ ਲਈ ਬਜਟ ਰਕਮਾਂ ਵਿੱਚ ਲਗਾਤਾਰ ਛੰਗਾਈ ਕੀਤੀ ਜਾ ਰਹੀ ਹੈ। ਅਜਿਹੀ ਕੁੱਲ ਹਾਲਤ ਵਿੱਚ ਸਰਕਾਰ ਕਿਹੜੇ ਮੂੰਹ ਨਾਲ ਕਹਿੰਦੀ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ, ਭੱਤਿਆਂ 'ਤੇ ਖਰਚੇ ਵਧ ਰਹੇ ਹਨ।
ਸਰਕਾਰ ਦੇ ਵਿੱਤੀ ਸੰਕਟ ਦਾ ਕਾਰਨ ਕਰਮਚਾਰੀਆਂ ਉੱਪਰ ਵਧ ਰਿਹਾ ਖਰਚਾ ਨਹੀਂ ਹੈ, ਸਗੋਂ ਸਰਕਾਰ ਦੀਆਂ ਆਪਣੀਆਂ ਗਲਤ ਨੀਤੀਆਂ ਕਾਰਨ ਲਗਾਤਾਰ ਸਰਕਾਰ ਸਿਰ ਵਧ ਰਿਹਾ ਕਰਜ਼ਾ ਹੈ ਅਤੇ ਉਸ ਕਰਜ਼ੇ ਦਾ 'ਤਾਰਨਾ ਪੈ ਰਿਹਾ ਵਿਆਜ ਹੈ (ਕਰਜ਼ਾ ਜੋ ਕਿ ਅੰਦਾਜ਼ੇ ਅਨੁਸਾਰ, ਮੌਜੂਦਾ ਸਰਕਾਰ ਦੇ ਕਾਰਜਕਾਲ ਖਤਮ ਹੋਣ ਤੱਕ ਲੱਗਭੱਗ ਇੱਕ ਲੱਖ ਕਰੋੜ ਰੁਪਏ ਤੱਕ ਅੱਪੜ ਜਾਵੇਗਾ।)
''ਰਾਜ ਨਹੀਂ ਸੇਵਾ'' ਦੇ ਮਾਟੋ ਨੂੰ 'ਪ੍ਰਣਾਈ' ਅਕਾਲੀ ਦਲ ਦੀ ਅਗਵਾਈ ਵਾਲੀ ਪੰਥਕ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਸਾਰੇ ਹੱਦਾਂ ਬੰਨੇ ਟੱਪ ਚੁੱਕੀ ਹੈ। ਏਸ ਮੌਜੂਦਾ ਐਕਟ ਨੂੰ ਪਾਸ ਕਰਨ ਦੀ ''ਮਜਬੂਰੀ'' ਨੂੰ ਬਿਆਨਦਾ ਹੋਇਆ ਵਿੱਤ ਮੰਤਰੀ ਕਹਿੰਦਾ ਹੈ ਕਿ ਵਿੱਤੀ ਸੰਕਟ ਕਰਕੇ ਸਰਕਾਰ ਸੂਬੇ ਅੰਦਰ ਖਾਲੀ ਪਈਆਂ ਇੱਕ ਲੱਖ ਦੇ ਕਰੀਬ ਅਸਮੀਆਂ ਭਰਨ ਦੇ ਵੀ ਯੋਗ ਨਹੀਂ ਹੈ। ਵਿੱਤ ਮੰਤਰੀ ਵੱਲੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਇਹਨਾਂ ਖਾਲੀ ਅਸਾਮੀਆਂ ਨੂੰ ਭਰਨਾ ਚਾਹੁੰਦੀ ਹੈ, ਪਰ ਵਿੱਤੀ ਸੰਕਟ ਹੀ ਐਨਾ ਹੈ, ਸਰਕਾਰ ਕਰੇ ਤਾਂ ਕੀ ਕਰੇ! ਪਰ ਜੇ ਸਰਕਾਰੀ ਖਾਲੀ ਅਸਾਮੀਆਂ ਨੂੰ ਭਰਨਾ ਹੀ ਚਾਹੁੰਦੀ ਹੈ ਤਾਂ ਵੱਖ ਵੱਖ ਮਹਿਕਮਿਆਂ ਵਿੱਚ ਖਾਲੀ ਪੋਸਟਾਂ ਨੂੰ ਖਤਮ ਕਰਨ ਦਾ ਅਮਲ ਕਿਉਂ ਵਿੱਢਿਆ ਹੋਇਆ ਹੈ? ਅਗਲੀ ਗੱਲ, ਜੇ ਸਰਕਾਰ ਵਿੱਤੀ ਸੰਕਟ ਵਿੱਚ ਫਸੀ ਹੋਈ ਹੈ, ਤਾਂ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਤਨਖਾਹਾਂ-ਭੱਤਿਆਂ ਵਿੱਚ ਅਜੇ ਪਿੱਛੇ ਜਿਹੇ ਹੀ ਤਿੰਨ ਗੁਣਾਂ ਵਾਧਾ ਕਿਉਂ ਕੀਤਾ ਗਿਆ ਹੈ? ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨਾਂ ਦੌਰਾਨ ਕਰੋੜਾਂ ਰੁਪਏ ਦੀਆਂ ਗਰਾਂਟਾਂ ਵੰਡਣ ਸਮੇਂ (ਅਗਲੇ ਵਰ੍ਹੇ ਚੋਣਾਂ ਜੋ ਹੋਣ ਜਾ ਰਹੀਆਂ ਨੇ!) ਅਤੇ ਉੱਪ ਮੁੱਖ ਮੰਤਰੀ ਵੱਲੋਂ ਕਰੋੜਾਂ ਅਰਬਾਂ ਰੁਪਏ ਦੇ ਖਰਚੇ ਵਾਲੇ ਪ੍ਰੋਜੈਕਟਾਂ, ਖੇਡ ਮੈਦਾਨਾਂ, ਕਲੱਬਾਂ ਅਤੇ ਹੋਰ ਕਿੰਨੇ ਹੀ ਨਿੱਕ-ਸੁੱਕ ਲਈ ਕੀਤੇ ਜਾ ਰਹੇ ਉਦਘਾਟਨਾਂ ਸਮੇਂ ਖਜ਼ਾਨਾ ਕਿਥੋਂ ਭਰ ਜਾਂਦਾ ਹੈ? ਅਸਲ ਵਿੱਚ ਅਕਾਲੀ-ਭਾਜਪਾ ਸਰਕਾਰ ਲੋਕਾਂ ਨੂੰ ਉੱਲੂ ਬਣਾਉਣ ਦੀਆਂ ਖੇਡਾਂ ਖੇਡਦੀ ਹੈ। ਕਿਤੇ ''ਖਾਲੀ ਖਜ਼ਾਨੇ'' ਦੇ ਪੱਤੇ ਦਿਖਾਉਂਦੀ ਹੈ ਅਤੇ ਕਿਤੇ ''ਭਰੇ ਖਜ਼ਾਨੇ'' ਦੇ।
ਜੇ ਸਮਾਜ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ ਤਾਂ ਇਸਦਾ ਸਿੱਧਾ ਸਾਦਾ ਅਰਥ ਏਹੋ ਹੈ ਕਿ ਦੇਸ਼ ਤਰੱਕੀ ਨਹੀਂ ਕਰ ਰਿਹਾ। ਜੇ ਦੇਸ਼ ਤਰੱਕੀ ਨਹੀਂ ਕਰ ਰਿਹਾ ਤਾਂ ਇਸਦਾ ਦੋਸ਼ ਹਾਕਮਾਂ ਦੀਆਂ ਲੋਕ-ਵਿਰੋਧੀ, ਕੌਮ-ਵਿਰੋਧੀ ਗਲਤ ਨੀਤੀਆਂ ਸਿਰ ਆਉਂਦਾ ਹੈ, ਨਾ ਕਿ ਲੋਕਾਂ ਸਿਰ। ਲੋਕ ਆਪਣੀ ਯੋਗਤਾ ਅਨੁਸਾਰ ਕੰਮ ਦੀ ਮੰਗ ਕਰਦੇ ਹਨ। ਮਜ਼ਦੂਰ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਸਾਲ ਭਰ ਮਜ਼ਦੂਰੀ ਦੀ ਮੰਗ ਕਰਦਾ ਹੈ। ਇੱਕ ਪੜ੍ਹਿਆ-ਲਿਖਿਆ ਬੇਰੁਜ਼ਗਾਰ ਆਪਣੀ ਯੋਗਤਾ ਅਨੁਸਾਰ ਨੌਕਰੀ ਦੀ ਮੰਗ ਕਰਦਾ ਹੈ। ਪਰ ਸਰਕਾਰ ਨੇ ਆਪਣੀਆਂ ਗਲਤ ਨੀਤੀਆਂ 'ਤੇ ਝਾਤ ਮਾਰਨ ਦੀ ਬਜਾਏ, ਬੇਰੁਜ਼ਗਾਰੀ ਦੇ ਸਤਾਏ-ਤਪਾਏ ਨੌਜਵਾਨਾਂ ਵੱਲੋਂ ਉੱਕਾ-ਪੁੱਕਾ ਨਿਗੂਣੀਆਂ ਤਨਖਾਹਾਂ 'ਤੇ ਕੱਚੀਆਂ ਨੌਕਰੀਆਂ ਨੂੰ 'ਖੁਸ਼ੀ ਖੁਸੀਂ' ਪ੍ਰਵਾਨ ਕਰ ਲੈਣ ਦੇ ਤਜਰਬੇ ਨੂੰ ਇੱਕ ਨਿਆਮਤੀ ਤਜਰਬਾ ਸਮਝਦੇ ਹੋਏ, ਇਹਨਾਂ ਨੌਕਰੀਆਂ ਖਾਤਰ ਖਰਚ ਹੁੰਦੇ ਪੈਸੇ ਤੋਂ ਹੋਰ ਹੱਥ ਖਿੱਚਣ ਲਈ, ਕਾਨੂੰਨ ਹੀ ਬਣਾ ਲਿਆਂਦਾ ਹੈ। ਇਸ ਤਰ੍ਹਾਂ ਆਪਣੇ ਸਿਰੇ ਦੇ ਲੋਕ-ਵਿਰੋਧੀ ਹੋਣ ਦੀ ਨੁਮਾਇਸ਼ ਲਾਈ ਹੈ। ਇਸ ਨਵੇਂ ਕਾਨੂੰਨ ਅਨੁਸਾਰ ਨੌਕਰੀ ਲਈ ਯੋਗਤਾ ਪੂਰੀ ਅਤੇ ਕੰਮ ਵੀ ਪੂਰਾ ਲਿਆ ਜਾਣਾ ਹੈ, ਪਰ ਤਨਖਾਹ ਅੱਧੀ ਵੀ ਨਹੀਂ ਦੇਣੀ। ਇਹ ਬੇਰੁਜ਼ਗਾਰਾਂ ਦੀ ਨੰਗੀ-ਚਿੱਟੀ ਲੁੱਟ ਹੈ। ਸਰਕਾਰੀ ਨੌਕਰੀ ਨੂੰ ਅੰਸ਼ਿਕ ਵਗਾਰ 'ਚ ਬਦਲ ਦੇਣ ਦਾ ਗੁੱਝਾ ਤਰੀਕਾ ਹੈ। ਤਿੰਨ ਸਾਲ ਲਈ ਅਧਿਕਾਰੀਆਂ ਦੀ ਵਗਾਰ ਕਰਨ, ਉਹਨਾਂ ਦੀ ਅਧੀਨਗੀ ਝੱਲਣ, ਪੈਰ ਪੈਰ 'ਤੇ ਜਲੀਲ ਹੋਣ, ਆਪਣੇ ਨਾਲ ਦੇ ਦੁੱਗਣੀਆਂ ਤੋਂ ਵੱਧ ਤਨਖਾਹਾਂ 'ਤੇ ਉਹੀ ਕੰਮ ਕਰਦੇ ਮੁਲਾਜ਼ਮਾਂ ਅੱਗੇ ਹੀਣੇ ਮਹਿਸੂਸ ਕਰਨ ਅਤੇ ਇਸ ਤਰ੍ਹਾਂ ਆਪਣੇ ਸਵੈਮਾਣ ਨੂੰ ਵਾਰ ਵਾਰ ਪੈਂਦੀਆਂ ਸੱਟਾਂ ਝੱਲਣ ਲਈ ਸਰਾਪੇ ਜਾਣ ਦੇ ਤੁੱਲ ਹੈ।
ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਨੌਕਰੀ, ਜਿਸ ਦੇ ਖੁੱਸ ਜਾਣ ਦਾ ਖਤਰਾ ਦਿਨ ਰਾਤ ਸਿਰ 'ਤੇ ਮੰਡਲਾਉਂਦਾ ਹੋਵੇ, ਅਜੋਕੇ ਭ੍ਰਿਸ਼ਟਾਚਾਰ ਦੇ ਦੌਰ ਵਿੱਚ, ਰਿਸ਼ਵਤਖੋਰੀ ਦਾ ਰਾਹ ਖੋਲ੍ਹੇਗੀ। ਅਧਿਕਾਰੀ ਆਪਣੇ ਅਧੀਨ ਮੁਲਾਜ਼ਮਾਂ ਦੀ ਸਮੀਖਿਆ ਕਰਨ ਦੇ ਅਧਿਕਾਰਾਂ ਦਾ ਲਾਜ਼ਮੀ ਮੁੱਲ ਵੱਟਣਗੇ।
ਆਪਣੇ ਦੇਸ਼ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇ, ਇਹ ਉਹਨਾਂ ਦਾ ਜਮਾਂਦਰੂ ਹੱਕ ਹੈ। ਪਰ ਦੇਸ਼ ਦੀਆਂ ਸਰਕਾਰਾਂ ਦਾ ਇਹ ਹਾਲ ਹੋਇਆ ਪਿਆ ਹੈ ਕਿ ਮਾਮੂਲੀ ਜਿਹਾ ਰੁਜ਼ਗਾਰ ਜਾਂ ਨਿੱਕੀ-ਮੋਟੀ ਰਾਹਤ ਦੇ ਕੇ ਟਾਹਰਾਂ ਮਾਰਨ ਲੱਗਦੀਆਂ ਹਨ ਅਤੇ ਇਹ ਪ੍ਰਭਾਵ ਦੇਣ ਲਈ ਦੂਹਰੀਆਂ ਤੀਹਰੀਆਂ ਹੁੰਦੀਆਂ ਹਨ, ਜਿਵੇਂ ਕਿ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ, ਸਗੋਂ ਉਹਨਾਂ 'ਤੇ ਕੋਈ ਬਹੁਤ ਵੱਡਾ ਅਹਿਸਾਨ ਕੀਤਾ ਹੋਵੇ, ਕੋਈ ਰਹਿਮ ਕੀਤਾ ਹੋਵੇ। ਮਜ਼ਦੂਰਾਂ ਨੂੰ ਸਾਲ ਵਿੱਚ 120 ਦਿਨ (ਸਾਲ ਦੇ ਬਾਕੀ ਦਿਨਾਂ ਵਿੱਚ ਉਹ ਕਿਥੋਂ ਖਾਣ?) ਕੰਮ ਦੇ ਕੇ ਪੁਰੇ ਦੇਸ਼ ਵਿੱਚ ਅਜਿਹੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ। ਹੁਣ ਪੰਜਾਬ ਵਿੱਚ ਏਸ ਨਵੇਂ ਐਕਟ ਅਨੁਸਾਰ ਨੌਕਰੀਆਂ ਦੇ ਕੇ ਅਜਿਹੀਆਂ ਹੀ ਟਾਹਰਾਂ ਮਾਰੀਆਂ ਜਾਣਗੀਆਂ।
ਕੁੱਲ ਮਿਲਾ ਕੇ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਇਹ ਕਾਨੂੰਨ ਪੂਰੀ ਤਰ੍ਹਾਂ ਮੁਲਾਜ਼ਮ-ਮਾਰੂ, ਲੋਕ-ਵਿਰੋਧੀ ਅਤੇ ਅਣ-ਮਨੁੱਖੀ ਕਾਨੂੰਨ ਹੈ। ਇਹ ਕਾਨੂੰਨ ਲਾਗੁ ਕਰਕੇ ਪੰਜਾਬ ਸਰਕਾਰ ਨੇ ਆਪਣੇ ਹੀ ਮਾਟੋ 'ਰਾਜ ਨਹੀਂ ਸੇਵਾ'' ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਹੈ ਅਤੇ ਆਪਣਾ ਲੋਕ-ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਲਿਆ ਹੈ। ਇਹ ਲੋਕ ਦੁਸ਼ਮਣ ਨਵੀਆਂ ਆਰਥਿਕ ਨੀਤੀਆਂ ਨਾਲ ਵਫਾਦਾਰੀ ਦਾ ਲਾਜ਼ਮੀ ਸਿੱਟਾ ਹੈ- ਜਿਹਨਾਂ ਨੂੰ ਮੁਲਕ ਦੀਆਂ ਸਾਰੀਆਂ ਸਰਕਾਰਾਂ ਲਾਗੂ ਕਰ ਰਹੀਆਂ ਹਨ।
ਅਜਿਹੀਆਂ ਹਾਲਤਾਂ ਵਿੱਚ ਅੱਜ ਇਹ ਅਣਸਰਦੀ ਲੋੜ ਹੈ ਕਿ ਵੱਖਰੇ ਵੱਖਰੇ ਤੌਰ 'ਤੇ ਨੌਕਰੀਆਂ/ਰੁਜ਼ਗਾਰ ਲਈ ਜੂਝ ਰਹੇ ਬੇਰੁਜ਼ਗਾਰ ਇੱਕਜੁੱਟ ਹੋਣ। ਸਾਂਝੇ ਘੋਲ ਦੇ ਪਿੜ ਭਖਾਉਣ ਅਤੇ ਇਸ ਮੁਲਾਜ਼ਮ ਮਾਰੂ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਰੈਗੂਲਰ ਭਰਤੀ ਖੁਲ੍ਹਾਉਣ ਦੀ ਮੰਗ ਨੂੰ ਲੈ ਕੇ ਮੈਦਾਨ ਵਿੱਚ ਨਿੱਤਰਨ। ਪਰਿਵਾਰਾਂ ਸਮੇਤ ਸੰਘਰਸ਼ਾਂ ਵਿੱਚ ਸ਼ਾਮਲ ਹੋਣ। ਦ੍ਰਿੜ੍ਹ, ਲੰਮੇ ਅਤੇ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ। ਸੰਘਰਸ਼ਸ਼ੀਲ ਕਿਸਾਨਾਂ-ਮਜ਼ਦੂਰਾਂ ਨਾਲ ਸਾਂਝ ਦੀਆਂ ਪੀਡੀਆਂ ਗੰਢਾਂ ਦੀ ਉਸਾਰੀ ਕਰਨ। ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਹੀ ਇੱਕੋ ਇੱਕ ਦਰੁਸਤ ਰਾਹ ਹੈ। ਸੰਘਰਸ਼ ਬਿਨਾ ਕੋਈ ਚਾਰਾ ਨਹੀਂ।

ਝਾਰਖੰਡ:
ਮਜ਼ਦੂਰਾਂ ਦੇ ਉਜਾੜੇ ਲਈ ਲਹੂ ਦੀ ਹੋਲੀ- ਦਰਜਨ ਮਜ਼ਦੂਰ ਹਲਾਕ

27 ਅਪ੍ਰੈਲ ਨੂੰ ਝਾਰਖੰਡ ਦੀ ਪੁਲਸ ਨੇ ਸਰਮਾਏਦਾਰਾਂ ਦੇ ਹਿੱਤਾਂ ਲਈ ਮਜ਼ਦੂਰਾਂ 'ਤੇ ਗੋਲੀ ਚਲਾ ਕੇ 12 ਮਜ਼ਦੂਰਾਂ ਨੂੰ ਹਲਾਕ ਕਰ ਦਿੱਤਾ। 50 ਤੋਂ ਵੱਧ ਮਜ਼ਦੂਰ ਜਖ਼ਮੀ ਹੋ ਗਏ। ਜਿਹਨਾਂ 'ਚੋਂ ਕਈਆਂ ਦੀ ਹਾਲਤ ਨਾਜ਼ਕ ਬਣੀ ਹੋਈ ਹੈ। ਇਹ ਖੂਨੀ ਸਾਕਾ ਧਨਬਾਦ 'ਚ ਰਚਾਇਆ ਗਿਆ, ਜਿਥੇ ਕੋਲਾ ਖਾਣਾਂ ਦੇ ਮਜ਼ਦੂਰ ਕਾਫੀ ਚਿਰ ਤੋਂ ਉਹਨਾਂ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਖਿਲਾਫ ਸੰਘਰਸ਼ ਕਰ ਰਹੇ ਹਨ। ਇਹ ਮਜ਼ਦੂਰ ਦਹਾਕਿਆਂ ਤੋਂ ਮਜ਼ਦੂਰ ਕਲੋਨੀ ਵਿੱਚ ਬਣੀਆਂ ਆਪਣੀਆਂ ਝੁੱਗੀਆਂ ਵਿੱਚ ਰਹਿੰਦੇ ਆ ਰਹੇ ਹਨ। ਹੁਣ ਸਰਕਾਰ ਇਹ ਜ਼ਮੀਨ ਖਾਲੀ ਕਰਵਾ ਕੇ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ। ਮਜ਼ਦੂਰਾਂ ਵੱਲੋਂ ਇਸ ਕੋਸ਼ਿਸ਼ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਫਾਇਰਿੰਗ ਪਿੱਛੋਂ 100 ਤੋਂ ਵੱਧ ਮਜ਼ਦੂਰ ਗ੍ਰਿਫਤਾਰ ਕਰ ਲਏ ਗਏ ਅਤੇ ਮਜ਼ਦੂਰਾਂ ਦੀ ਰੋਸ ਆਵਾਜ਼ ਨੂੰ ਕੁਚਲਣ ਲਈ ਸਾਰੇ ਇਲਾਕੇ 'ਚ ਕਰਫਿਊ ਮੜ੍ਹ ਦਿੱਤਾ ਗਿਆ। ਟਰੇਡ ਯੂਨੀਅਨ ਜਥੇਬੰਦੀਆਂ ਵੱਲੋਂ 29 ਅਪ੍ਰੈਲ ਨੂੰ ਇਸ ਘਿਨਾਉਣੇ ਜਬਰ ਖਿਲਾਫ ਝਾਰਖੰਡ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਕੁਝ ਸਿਆਸੀ ਪਾਰਟੀਆਂ ਵੱਲੋਂ ਸਮਰਥਨ ਕੀਤਾ ਗਿਆ।
ਇਸ ਖ਼ੂਨੀ ਘਟਨਾ ਨੇ ਇੱਕ ਵਾਰੀ ਫਿਰ ਉੱਘੜਵੇਂ ਰੂਪ ਵਿੱਚ ਜ਼ਾਹਰ ਕੀਤਾ ਹੈ ਕਿ ਹਾਕਮ ਅੱਤਿਆਚਾਰੀ ਰਾਜ ਦੀ ਅੰਨ੍ਹੀਂ ਤਾਕਤ ਦੇ ਜ਼ੋਰ ਮਜ਼ਦੂਰ ਦੁਸ਼ਮਣ ਨੀਤੀਆਂ ਲਾਗੂ ਕਰਨ ਦੇ ਰਾਹ 'ਤੇ ਚੱਲ ਰਹੇ ਹਨ। ਇਹਨਾਂ ਹਮਲਿਆਂ ਦੇ ਟਾਕਰੇ ਅਤੇ ਮਜ਼ਦੂਰ ਹਿੱਤਾਂ ਦੀ ਰਾਖੀ ਲਈ ਸ਼ਕਤੀਸ਼ਾਲੀ, ਵਿਸ਼ਾਲ, ਖਾੜਕੂ ਅਤੇ ਇੱਕਜੁੱਟ ਮਜ਼ਦੂਰ ਲਹਿਰ ਦੀ ਉਸਾਰੀ ਦੀ ਜ਼ਰੂਰਤ ਹੈ।

ਏਅਰ ਇੰਡੀਆ ਹੜਤਾਲ ਦਾ ਸੰਕੇਤ
ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ ਕੇਂਦਰੀ ਹਵਾਬਾਜ਼ੀ ਮੰਤਰਾਲੇ ਨਾਲ ਗੱਲਬਾਤ ਪਿੱਛੋਂ ਸਮਾਪਤ ਹੋ ਗਈ ਹੈ। 10 ਦਿਨ ਚੱਲੀ ਇਸ ਹੜਤਾਲ ਦੌਰਾਨ ਏਅਰ ਇੰਡੀਆ ਨੂੰ 200 ਕਰੋੜ ਦਾ ਘਾਟਾ ਪਿਆ ਹੈ। 800 ਹੜਤਾਲੀ ਪਾਇਲਟ ਮੰਗ ਕਰਦੇ ਆ ਰਹੇ ਸਨ ਕਿ ਤਨਖਾਹਾਂ ਦੇ ਮਾਮਲੇ ਵਿੱਚ ਬਰਾਬਰਤਾ ਦਾ ਨਿਯਮ ਲਾਗੂ ਕੀਤਾ ਜਾਵੇ। ਤਨਖਾਹਾਂ ਦਾ ਨਿਸਚਿਤ ਹਿੱਸਾ ਵਧਾਇਆ ਜਾਵੇ। ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ ਨੂੰ ਮਾਨਤਾ ਦਿੱਤੀ ਜਾਵੇ ਅਤੇ ਏਅਰ ਇੰਡੀਆ 'ਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਈ ਜਾਵੇ। ਇਹ ਪਾਇਲਟ ਪਹਿਲਾਂ ਇੰਡੀਅਨ ਏਅਰ ਲਾਈਨਜ਼ ਨਾਲ ਸਬੰਧਤ ਸਨ, ਜਿਸ ਦਾ ਮਗਰੋਂ ਏਅਰ ਇੰਡੀਆ ਨਾਲ ਰਲੇਵਾਂ ਹੋ ਗਿਆ ਸੀ।
ਸਰਕਾਰ ਨੇ ਇਸ ਹੜਤਾਲ ਪ੍ਰਤੀ ਬਹੁਤ ਸਖਤ ਰਵੱਈਆ ਅਖਤਿਆਰ ਕੀਤਾ ਸੀ। ਸਰਕਾਰ ਦਾ ਪੈਂਤੜਾ ਇਹ ਸੀ ਕਿ ਪਾਇਲਟ ਪਹਿਲਾਂ ਹੜਤਾਲ ਵਾਪਸ ਲੈਣ, ਉਸ ਤੋਂ ਮਗਰੋਂ ਹੀ ਕੋਈ ਗੱਲ ਹੋ ਸਕਦੀ ਹੈ। ਸਰਕਾਰ ਦਾ ਕਹਿਣਾ ਸੀ ਕਿ ਪਾਇਲਟਾਂ ਨੂੰ ਹਕੂਮਤ ਨੂੰ ਹਦਾਇਤਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸਨੇ ਪਾਇਲਟਾਂ ਦੀਆਂ ਸਸਪੈਂਨਸ਼ਨਾਂ ਅਤੇ ਬਰਤਰਫੀਆਂ ਕੀਤੀਆਂ। ਪਾਇਲਟਾਂ ਦੀ ਯੂਨੀਅਨ ਦੀ ਮਾਨਤਾ ਰੱਦ ਕਰ ਦਿੱਤੀ ਗਈ। ਜ਼ਰੂਰੀ ਸੇਵਾਵਾਂ ਸਬੰਧੀ ਕਾਨੂੰਨ ਲਾਗੂ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਦਾਲਤ ਵੱਲੋਂ ਪਾਇਲਟਾਂ ਨੂੰ ਕੰਮ 'ਤੇ ਪਰਤਣ ਦੇ ਹੁਕਮ ਜਾਰੀ ਕਰਵਾਏ ਗਏ ਅਤੇ ਫੇਰ ਇਹਨਾਂ ਹੁਕਮਾਂ ਨੂੰ ਨਾ-ਮੰਨਣ ਕਰਕੇ ਅਦਾਲਤ ਨੇ ਇਹਨਾਂ ਨੂੰ ਮਾਨ-ਹਾਨੀ ਦੇ ਨੋਟਿਸ ਜਾਰੀ ਕੀਤੇ। ਪਾਇਲਟਾਂ ਨੇ ਦ੍ਰਿੜ੍ਹਤਾ ਨਾਲ ਐਲਾਨ ਕੀਤਾ ਕਿ ਉਹ ਜੇਲ੍ਹੀਂ ਜਾਣ ਲਈ ਤਿਆਰ ਹਨ, ਪਰ ਮੰਗਾਂ ਸਬੰਧੀ ਨਿਸਚਤ ਸਮੇਂ 'ਚ ਨਿਪਟਾਰੇ ਦੀ ਜਾਮਨੀ ਬਿਨਾ ਹੜਤਾਲ ਵਾਪਸ ਨਹੀਂ ਲੈਣਗੇ।
ਅਖੀਰ ਹਕੂਮਤ ਨੂੰ ਪਾਇਲਟਾਂ ਦੀ ਯੂਨੀਅਨ ਨਾਲ ਬਾਕਾਇਦਾ ਗੱਲਬਾਤ ਕਰਨੀ ਪਈ। ਮਗਰੋਂ ਯੂਨੀਅਨ ਦੀ ਮਾਨਤਾ ਰਸਮੀ ਤੌਰ 'ਤੇ ਬਹਾਲ ਕਰਨੀ ਪਈ। ਸਸਪੈਨਸ਼ਨਾਂ ਅਤੇ ਬਰਤਰਫੀਆਂ ਵਾਪਸ ਲੈਣੀਆਂ ਪਈਆਂ। ਜਸਟਿਸ ਧਰਮ ਅਧਿਕਾਰੀ ਕਮੇਟੀ ਰਾਹੀਂ ਮੰਗਾਂ ਸਬੰਧੀ ਨਵੰਬਰ ਤੱਕ ਫੈਸਲਾ ਕਰਨ ਦਾ ਵਚਨ ਦੇਣਾ ਪਿਆ ਅਤੇ ਸਮੇਂ ਦੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦਾ ਯਕੀਨ ਦੁਆਉਣਾ ਪਿਆ। ਹਕੂਮਤ ਨੇ ਕਿਹਾ ਹੈ ਕਿ ਧਰਮ ਅਧਿਕਾਰੀ ਕਮੇਟੀ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇਗੀ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਰਕਾਰ ਨੇ ਕਿਹਾ ਹੈ ਕਿ ਸਭਨਾਂ ਬੇਨਿਯਮੀਆਂ ਦੀ ਪੜਤਾਲ ਕੀਤੀ ਜਾਵੇਗੀ।
ਚਾਹੇ ਸਰਕਾਰ ਦੇ ਹੁਣ ਤੱਕ ਦੇ ਰਵੱਈਏ ਨੂੰ ਧਿਆਨ ਵਿੱਚ ਰੱਖਦਿਆਂ ਅੰਤਮ ਨਤੀਜਿਆਂ ਦਾ ਅਜੇ ਪਤਾ ਲੱਗਣਾ ਹੈ, ਪਰ ਤਾਂ ਵੀ ਹਕੂਮਤ ਨੂੰ ਅੜੀਅਲ ਰਵੱਈਏ ਤੋਂ ਪਿੱਛੇ ਹਟਣ ਲਈ ਮਜਬੂਰ ਕਰਨਾ, ਪਾਇਲਟਾਂ ਦੇ ਸੰਘਰਸ਼ ਦੀ ਮਹੱਤਵਪੂਰਨ ਪ੍ਰਾਪਤੀ ਹੈ। ਖਾਸ ਕਰਕੇ ਸੰਘਰਸ਼ ਅਤੇ ਜਥੇਬੰਦੀ ਦੇ ਅਧਿਕਾਰ ਨੂੰ ਕੁਚਲਣ ਅਤੇ ਪਾਇਲਟਾਂ ਦਾ ਮਨੋਬਲ ਡੇਗਣ ਦੀ ਜ਼ੋਰਦਾਰ ਹਕੂਮਤੀ ਕੋਸ਼ਿਸ਼ ਸਫਲਤਾ ਨਾਲ ਪਛਾੜ ਦਿੱਤੀ ਗਈ ਹੈ। ਇਹ ਇਸ ਗੱਲ ਦਾ ਟਰੇਲਰ ਵੀ ਹੈ ਕਿ ਸਰਕਾਰੀ ਕਰਮਚਾਰੀਆਂ 'ਚ ਵਧ ਰਹੀ ਬੈਚੈਨੀ ਦੀ ਹਾਲਤ 'ਚ ਅਹਿਮ ਅਤੇ ਕੁੰਜੀਵਤ ਵੱਡੇ ਸਰਕਾਰੀ ਕਾਰੋਬਾਰਾਂ ਅੰਦਰ ਆਉਂਦੇ ਸਮੇਂ 'ਚ ਕੀ ਹੋਣ ਜਾ ਰਿਹਾ ਹੈ।
ਭ੍ਰਿਸ਼ਟਾਚਾਰ ਸਬੰਧੀ ਪਾਇਲਟਾਂ ਦੀ ਮੰਗ ਨੇ ਏਅਰ ਇੰਡੀਆ ਦੀ ਅਸਲ ਹਾਲਤ 'ਤੇ ਝਾਤ ਪੁਆਈ ਹੈ। ਇਸ ਮੰਗ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਏਅਰ ਇੰਡੀਆ ਹਵਾਈ ਸਫਰ ਸਹੂਲਤਾਂ ਮੁਹੱਈਆ ਕਰਨ ਦੇ ਸਰਕਾਰੀ ਕਾਰੋਬਾਰ ਨਾਲੋਂ ਵੱਧ ਜਹਾਜ਼ ਕੰਪਨੀਆਂ ਨੂੰ ਗੱਫੇ ਲੁਆਉਣ ਦੀ ਸਰਗਰਮੀ ਵਿੱਚ ਮਸਰੂਫ ਅਦਾਰਾ ਹੈ। ਪਾਇਲਟਾਂ ਦੀ ਯੂਨੀਅਨ ਦਾ ਦੋਸ਼ ਹੈ ਕਿ 50 ਹਜ਼ਾਰ ਕਰੋੜ ਦੇ ਜਹਾਜ਼ਾਂ ਦੀ ਖਰੀਦ ਹਵਾਈ ਸਫਰ ਮਾਰਗਾਂ 'ਚ ਹਿੱਸੇ ਦੇ ਪਸਾਰੇ ਦੀ ਕਿਸੇ ਠੋਸ ਤਜਵੀਜ ਦੀ ਗੈਰ-ਹਾਜ਼ਰੀ ਵਿੱਚ ਕੀਤੀ ਗਈ ਹੈ। ਇਸਦਾ ਇੱਕੋ ਇੱਕ ਮਕਸਦ ਜਹਾਜ਼ ਕੰਪਨੀਆਂ ਨੂੰ ਭਾਰੀ ਮੁਨਾਫਿਆਂ ਦੀ ਖੱਟੀ ਕਰਵਾਉਣਾ ਅਤੇ ਭ੍ਰਿਸ਼ਟ ਢੰਗਾਂ ਨਾਲ ਇਸ ਧੰਦੇ 'ਚੋਂ ਹਿੱਸਾਪੱਤੀ ਹਾਸਲ ਕਰਨਾ ਸੀ। ਪਾਇਲਟਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਭ੍ਰਿਸ਼ਟ ਢੰਗਾਂ ਨਾਲ ਸਿਰੇ ਚੜ੍ਹੇ ਇਸ ਸੌਦੇ ਨੇ ਆਰਥਿਕ ਤੌਰ 'ਤੇ ਏਅਰ ਇੰਡੀਆ ਦਾ ਦਮ ਕੱਢਣ 'ਚ ਅਹਿਮ ਰੋਲ ਅਦਾ ਕੀਤਾ, ਜਿਸ ਦੀ ਸਜ਼ਾ ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈ। ਤਨਖਾਹਾਂ ਵਿੱਚ ਵਾਧੇ ਦੀਆਂ ਉਹਨਾਂ ਦੀਆਂ ਮੰਗਾਂ ਨੂੰ ਨਜਾਇਜ਼ ਅਤੇ ਲਾਲਚ ਤੋਂ ਪ੍ਰੇਰਤ ਆਖਿਆ ਜਾ ਰਿਹਾ ਹੈ। ਉਲਟਾ ਚੋਰ ਕੋਤਵਾਲ ਨੂੰ ਡਾਂਟ ਰਿਹਾ ਹੈ। ਇਉਂ ਇਸ ਹੜਤਾਲ ਨੇ ਏਅਰ ਇੰਡੀਆ ਦੇ ਕਾਰੋਬਾਰ ਦੀ ਔਕਾਤ ਅਤੇ ਖਸਲਤ ਨੰਗੀ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
*****

ਪੰਜਾਬ ਦੇ ਖੇਤ ਮਜ਼ਦੂਰ ਅਤੇ ਕਰਜ਼ਾ
—ਵਿਸ਼ਵ ਭਾਰਤੀ
ਪੰਜਾਬ ਸਰਕਾਰ ਇਸ ਗੱਲ ਤੋਂ ਢੀਠਤਾਈ ਨਾਲ ਇਨਕਾਰ ਕਰਦੀ ਰਹੀ ਹੈ ਕਿ ਖੇਤ ਮਜ਼ਦੂਰਾਂ ਵੱਲੋਂ ਗਰੀਬੀ ਅਤੇ ਕਰਜ਼ੇ ਦੀ ਵਜਾਹ ਕਰਕੇ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸਨੇ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਸਬੰਧੀ ਸਰਵੇ ਦੇ ਘੇਰੇ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਜਥੇਬੰਦ ਖੇਤ ਮਜ਼ਦੂਰ ਸ਼ਕਤੀ ਦੇ ਦਬਾਅ ਹੇਠ ਹੀ ਅਜਿਹਾ ਸਰਵੇ ਕਰਵਾਉਣਾ ਮਨਜੂਰ ਕੀਤਾ।
ਹੁਣ ਤੱਕ ਦੋ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਿਆਂ ਬਠਿੰਡਾ ਅਤੇ ਸੰਗਰੂਰ ਦੇ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੰਨ 2000 ਤੋਂ 2008 ਤੱਕ ਇਹਨਾਂ ਦੋਹਾਂ ਜ਼ਿਲ੍ਹਿਆਂ ਵਿੱਚ 1133 ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਇਹ ਗਿਣਤੀ ਕੁੱਲ ਖੁਦਕੁਸ਼ੀਆਂ ਦਾ 45.2 ਫੀਸਦੀ ਬਣਦੀ ਹੈ। 65 ਫੀਸਦੀ ਖੁਦਕੁਸ਼ੀਆਂ ਕਰਜ਼ੇ ਦੀ ਵਜਾਹ ਕਰਕੇ ਹੋਈਆਂ। ਖੁਦਕੁਸ਼ੀਆਂ ਕਰਨ ਵਾਲੇ ਖੇਤ ਮਜ਼ਦੂਰਾਂ ਦੀ ਔਸਤ ਸਾਲਾਨਾ ਆਮਦਨ 19419 ਰੁਪਏ ਬਣਦੀ ਹੈ। ਜਦੋਂ ਕਿ ਅਜਿਹੇ ਮਜ਼ਦੂਰਾਂ ਸਿਰ ਔਸਤ ਕਰਜ਼ਾ 70036 ਰੁਪਏ ਹੈ। ਇਉਂ ਕਰਜ਼ਾ ਸਾਲਾਨਾ ਆਮਦਨ ਦੇ ਸਾਢੇ ਤਿੰਨ ਗੁਣਾਂ ਤੋਂ ਵੱਧ ਬਣਦਾ ਹੈ। ਅਰਥ-ਸ਼ਾਸ਼ਤਰੀ ਕਹਿੰਦੇ ਹਨ ਕਿ ਜੇ ਕਰਜ਼ਾ ਸਾਲਾਨਾ ਆਮਦਨ ਤੋਂ ਦੁੱਗਣਾ ਹੋਵੇ ਤਾਂ ਉਸ ਵਿਅਕਤੀ ਨੂੰ ਦਿਵਾਲੀਆ ਸਮਝਿਆ ਜਾਣਾ ਚਾਹੀਦਾ ਹੈ। ਅਰਥ ਸ਼ਾਸ਼ਤਰੀਆਂ ਦਾ ਅੰਦਾਜ਼ਾ ਹੈ ਕਿ ਮਾਨਸਾ ਜ਼ਿਲ੍ਹੇ ਦੀ ਹਾਲਤ ਇਸ ਨਾਲੋਂ ਵੀ ਭਿਆਨਕ ਹੋ ਸਕਦੀ ਹੈ। ਜਿਥੇ ਲੁੱਟ ਦੇ ਅਰਧ ਜਗੀਰੂ ਰੂਪ ਵੱਧ ਉੱਘੜਵੇਂ ਹਨ।
ਇਸ ਤੋਂ ਪਹਿਲਾਂ 1998 ਵਿੱਚ ਵਿਕਾਸ ਅਤੇ ਸੰਚਾਰ ਸੰਸਥਾ ਚੰਡੀਗੜ੍ਹ ਦੇ ਇੱਕ ਸਰਵੇਖਣ ਰਾਹੀਂ ਇਹ ਗੱਲ ਸਾਹਮਣੇ ਆਈ ਸੀ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਹੋ ਰਹੀਆਂ ਖੁਦਕੁਸ਼ੀਆਂ 'ਚੋਂ 45.2 ਫੀਸਦੀ ਖੇਤ ਮਜ਼ਦੂਰਾਂ ਨਾਲ ਸਬੰਧਤ ਹਨ। ਕਈ ਮਾਮਲਿਆਂ 'ਚ ਘਰ ਦੇ ਆਦਮੀ ਦੀ ਖੁਦਕੁਸ਼ੀ ਤੋਂ ਮਗਰੋਂ ਉਸਦੀ ਵਿਧਵਾ ਵੀ ਖੁਦਕੁਸ਼ੀ ਕਰ ਲੈਂਦੀ ਹੈ। ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ 'ਚ 8 ਸਾਲਾਂ 'ਚ ਪੰਜਾਹ ਔਰਤਾਂ ਨੇ ਕਰਜ਼ੇ ਦੀ ਵਜਾਹ ਕਰਕੇ ਖੁਦਕੁਸ਼ੀਆਂ ਕੀਤੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਸਰਵੇਖਣ ਅਨੁਸਾਰ ਪੰਜਾਬ ਦੇ 70 ਫੀਸਦੀ ਤੋਂ ਵੱਧ ਖੇਤ ਮਜ਼ਦੁਰ ਕਰਜ਼ੇ ਵਿੱਚ ਫਸੇ ਹੋਏ ਹਨ। ਪੜਤਾਲੇ ਗਏ ਹਰ ਮਾਮਲੇ ਨੇ ਦਰਸਾਇਆ ਹੈ ਕਿ ਖੇਤ ਮਜ਼ਦੂਰਾਂ ਸਿਰ ਇਹ ਕਰਜ਼ਾ ਬਹੁਤ ਹੀ ਮੁਢਲੀਆਂ ਲੋੜਾਂ ਕਰਕੇ ਚੜ੍ਹਿਆ ਹੈ। ਪੰਜਾਬ ਦੇ 40 ਫੀਸਦੀ ਤੋਂ ਵੱਧ ਪੇਂਡੂ ਗਰੀਬ ਆਪਣੀ ਆਮਦਨ ਦਾ 62 ਫੀਸਦੀ ਰੋਟੀ 'ਤੇ ਖਰਚਦੇ ਹਨ। ਹੋਰ ਲੋੜਾਂ ਜੋੜ ਕੇ ਇਹ ਖਰਚਾ 76 ਫੀਸਦੀ ਬਣ ਜਾਂਦਾ ਹੈ। ਬਾਕੀ ਦਾ 24 ਫੀਸਦੀ ਕੱਪੜਿਆਂ ਅਤੇ ਬਾਲਣ 'ਤੇ ਖਰਚ ਹੁੰਦਾ ਹੈ। ਕਿਉਂਕਿ ਖੇਤ ਮਜ਼ਦੂਰ ਕਰਜ਼ਾ ਮੋੜਨ ਤੋਂ ਅਸਮਰੱਥ ਰਹਿੰਦੇ ਹਨ, ਇਸ ਕਰਕੇ ਉਹਨਾਂ ਨੂੰ ਵਿਆਜ ਲਾਹੁਣ ਲਈ ਵੀ ਵਗਾਰ ਕਰਨੀ ਪੈਂਦੀ ਹੈ। ਜਿਥੋਂ ਤੱਕ ਮੂਲ ਦਾ ਸਬੰਧ ਹੈ ਕਈ ਵਾਰੀ ਇਹ ਪੀੜ੍ਹੀਆਂ ਦੀ ਮੁਸ਼ੱਕਤ ਨਾਲ ਵੀ ਖਹਿੜਾ ਨਹੀਂ ਛੱਡਦਾ। ਸੰਗਰੂਰ ਜ਼ਿਲ੍ਹੇ ਦੇ ਢੰਡੋਲੀ ਕਲਾਂ ਦੀ ਹਮੀਰ ਕੌਰ ਦਾ ਮਾਮਲਾ ਕਰਜ਼ਾ ਗੁਲਾਮੀ ਦੀ ਤਸਵੀਰ ਪੇਸ਼ ਕਰਦਾ ਹੈ। ਉਸਨੇ 2000 ਰੁਪਏ ਦਾ ਕਰਜ਼ਾ ਲਾਹੁਣ ਲਈ 30 ਸਾਲ ਕੰਮ ਕੀਤਾ ਅਤੇ ਫੇਰ ਉਸਦੀ ਨੂੰਹ ਨੇ ਅੱਠ ਸਾਲ ਵਗਾਰ ਕੀਤੀ। 38 ਸਾਲਾਂ ਦੀ ਇਸ ਮੁਸ਼ੱਕਤ ਪਿੱਛੋਂ ਵੀ ਪਿੰਡ ਦੇ ਜਿੰਮੀਦਾਰ ਨੇ ਉਸਨੂੰ ''ਹਿਸਾਬ-ਕਿਤਾਬ'' ਲਾ ਕੇ ਦੱਸਿਆ ਕਿ ਉਸ ਦੇ ਸਿਰ 20000 ਦਾ ਕਰਜ਼ਾ ਖੜ੍ਹਾ ਹੈ! ਹਮੀਰ ਕੌਰ ਨੇ ਦੱਸਿਆ ਕਿ ਉਹ 30 ਸਾਲਾਂ ਤੱਕ ਬਿਨਾ ਤਨਖਾਹ ਤੋਂ ਉਸ ਜਿੰਮੀਦਾਰ ਦੇ 35 ਪਸ਼ੂ ਸਾਂਭਦੀ ਰਹੀ ਹੈ। ਜਦੋਂ ਉਹ ਬੁੱਢੀ ਹੋ ਗਈ ਤਾਂ ਜਿੰਮੀਦਾਰ ਨੇ ਉਸਨੂੰ ਇੱਕ ਵੱਛਾ ਦੇ ਦਿੱਤਾ ਅਤੇ ਕਿਹਾ ਕਿ ਹੁਣ ਉਹ ਆਪਣੀ ਨੂੰਹ ਨੂੰ ਕੰਮ 'ਤੇ ਭੇਜਿਆ ਕਰੇ। 2004 'ਚ ਉਸਦੇ ਮੁੰਡਿਆਂ ਨੇ ਜਿੰਮੀਦਾਰ ਤੋਂ ਹਿਸਾਬ-ਕਿਤਾਬ ਪੁੱਛਿਆ ਤਾਂ ਉਸਨੇ ਕਿਹਾ ਕਿ ਵਹੀਆਂ ਗੁਆਚ ਗਈਆਂ ਹਨ। ਉਸਦੀ ਨੂੰਹ ਕੰਮ 'ਤੇ ਜਾਣੋਂ ਹਟ ਗਈ। ਫੇਰ ਜਿੰਮੀਦਾਰ ਦੇ ਗੁੰਡੇ ਆਏ ਅਤੇ ਬੱਚਿਆਂ ਸਮੇਤ ਪੂਰੇ ਪਰਿਵਾਰ ਦੀ ਕੁੱਟਮਾਰ ਕੀਤੀ। ਜਿੰਮੀਦਾਰ ਨੇ ਫੇਰ ਦਾਅਵਾ ਕੀਤਾ ਕਿ 20 ਹਜ਼ਾਰ ਦਾ ਕਰਜ਼ਾ ਉਸਦੇ ਸਿਰ ਖੜ੍ਹਾ ਹੈ।
ਪੰਜਾਬ ਦੇ ਪੇਂਡੂ ਖੇਤਰਾਂ 'ਚ ਖੇਤ ਮਜ਼ਦੂਰਾਂ ਦੀ ਆਮ ਕਰਕੇ ਏਹੀ ਹਾਲਤ ਹੈ। ਸਿਰਫ ਲੁੱਟ ਦੇ ਢੰਗ ਤਰੀਕਿਆਂ ਦਾ ਫਰਕ ਹੈ। ਉਹ ਕਰਜ਼ੇ ਦੇ ਅਜਿਹੇ ਜਾਲ ਵਿੱਚ ਫਸ ਜਾਂਦੇ ਹਨ, ਕਿ ਉਹਨਾਂ ਦੀ ਹਾਲਤ ਬੰਧੂਆ ਮਜ਼ਦੂਰਾਂ ਵਾਲੀ ਬਣ ਜਾਂਦੀ ਹੈ।      ('ਨਿਊ ਏਜ' ਦੀ ਲੰਮੀ ਲਿਖਤ 'ਚੋਂ ਸੰਖੇਪ)

ਕਾਲੇ ਕਾਨੂੰਨਾਂ ਨੂੰ ਜਨਤਕ ਚੁਣੌਤੀ
—ਪੱਤਰਕਾਰ
ਪੰਜਾਬ ਸਰਕਾਰ ਵੱਲੋਂ ਲੋਕ ਘੋਲਾਂ ਨੂੰ ਦਬਾਉਣ ਦੇ ਚੰਦਰੇ ਇਰਾਦੇ ਨਾਲ ਅਕਤੂਬਰ 2010 ਵਿੱਚ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਵਿਰੁੱਧ ਐਕਸ਼ਨ ਲਈ 17 ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਕਦਮੀ ਕੀਤੀ ਗਈ। ਇਸ ਉੱਦਮ 'ਚ ਹੋਰ ਜਥੇਬੰਦੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਵਰ੍ਹੇ ਜਨਵਰੀ ਵਿੱਚ 34 ਜਨਤਕ ਜਥੇਬਦੰੀਆਂ ਦੇ ਸੱਦੇ 'ਤੇ ਹਰ ਜ਼ਿਲ੍ਹੇ ਦੇ  ਡੀ.ਸੀ. ਦਫਤਰ ਅੱਗੇ ਵਿਸ਼ਾਲ ਸਾਂਝੇ ਮੁਜਾਹਰੇ ਕਰਕੇ ਕਾਲੇ ਕਾਨੂੰਨਾਂ ਦੀਆਂ ਨਕਲਾਂ ਅਗਨ ਭੇਟ ਕੀਤੀਆਂ ਗਈਆਂ ਸਨ। 17 ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਨੇ ਫਿਰ ਫੈਸਲਾ ਕੀਤਾ ਕਿ ਕਾਲੇ ਕਾਨੂੰਨਾਂ ਨੂੰ ਮੁੱਢੋਂ ਹੀ ਰੱਦ ਕਰਨ ਦੀ ਮੰਗ ਨੂੰ ਲੈ ਕੇ 4 ਅਪ੍ਰੈਲ ਨੂੰ ਸੂਬਾ ਪੱਧਰ ਦੀ ਰੈਲੀ ਕੀਤੀ ਜਾਵੇ। ਇਸ ਉੱਦਮ ਦਾ ਘੇਰਾ ਵਿਸ਼ਾਲ ਕਰਨ ਲਈ ਵਡੇਰੀ ਮੀਟਿੰਗ ਸੱਦੀ ਗਈ। 38 ਜਥੇਬੰਦੀਆਂ ਨੇ 4 ਅਪ੍ਰੈਲ ਨੂੰ ਲੁਧਿਆਆ ਵਿੱਚ ਰੈਲੀ ਦਾ ਫੈਸਲਾ ਕਰ ਲਿਆ। ਸੰਗਰਾਮ ਰੈਲੀ ਦਾ ਨਾਮ ਦੇ ਕੇ ਇਸ ਨੂੰ 8 ਅਪ੍ਰੈੇਲ 1929 ਦੇ ਕਾਲੇ ਕਾਨੂੰਨਾਂ ਵਿਰੋਧੀ ਇਤਿਹਾਸਕ ਦਿਹਾੜੇ ਨੂੰ ਸਮਰਪਤ ਕੀਤਾ ਗਿਆ। ਇਸ ਦਿਨ ਕੇਂਦਰੀ ਅਸੈਂਬਲੀ ਦਿੱਲੀ ਵਿੱਚ ਧਮਾਕਾ ਕਰੂ ਬੰਬ ਸੁੱਟ ਕੇ ਕੌਮੀ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਅੰਗਰੇਜ਼ ਹਕੂਮਤ ਵੱਲੋਂ ਪਾਸ ਕੀਤੇ ਜਾ ਰਹੇ 'ਪਬਲਿਕ ਸੇਫਟੀ ਬਿੱਲ' ਨਾਂ ਦੇ ਕਾਲੇ ਕਾਨੂੰਨ ਦਾ ਤਿੱਖਾ ਵਿਰੋਧ ਕੀਤਾ ਸੀ। ਮੁਢਲੀ ਤਜਵੀਜ 8 ਅਪ੍ਰੈਲ ਨੂੰ ਹੀ ਰੈਲੀ ਕਰਨ ਦੀ ਸੀ, ਪਰ ਵਾਢੀਆਂ ਦੇ ਆ ਰਹੇ ਰੁਝੇਵੇਂ ਕਰਕੇ ਐਕਸ਼ਨ ਦੀ ਤਰੀਕ ਕੁਝ ਦਿਨ ਅੱਗੇ ਸਰਕਾਉਣੀ ਪਈ। ਰੈਲੀ ਦੀ ਤਿਆਰੀ ਵਾਸਤੇ ਸਾਂਝਾ ਕੰਧ ਪੋਸਟਰ 40 ਹਜ਼ਾਰ ਤੋਂ ਵੱਧ ਛਪਵਾ ਕੇ ਪੰਜਾਬ ਭਰ ਵਿੱਚ ਲਾਇਆ ਗਿਆ। ਰੈਲੀ ਵਿੱਚ ਭਾਰੀ ਗਿਣਤੀ ਔਰਤਾਂ ਸਮੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਬਿਜਲੀ ਅਤੇ ਸਨਅੱਤੀ ਅਤੇ ਰੈਲਵੇ ਕਾਮਿਆਂ, ਵਿਦਿਆਰਥੀਆਂ ਤੇ ਨੌਜਵਾਨਾਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਭਾਵਸ਼ਾਲੀ ਇਕੱਠ ਨਵੀਂ ਦਾਣਾ ਮੰਡੀ ਦੇ ਖੁੱਲ੍ਹੇ ਮੈਦਾਨ ਵਿੱਚ ਜੁੜਿਆ। ਬੁਲਾਰਿਆਂ ਨੇ ਇੱਕਮੁੱਠ ਹੋ ਕੇ ਦੋਸ਼ ਲਾਇਆ ਕਿ ਦੇਸ਼ ਦੇ ਕਰੋੜਾਂ ਕਿਰਤੀ ਕਿਸਾਨਾਂ ਨੂੰ ਰੁਜ਼ਗਾਰ ਅਤੇ ਜ਼ਮੀਨਾਂ ਤੋਂ ਉਜਾੜ ਰਹੀਆਂ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਅਖੌਤੀ ਨਵੀਆਂ ਆਰਥਿਕ ਨੀਤੀਆਂ ਨੂੰ ਲੋਕਾਂ ਉੱਤੇ ਜਬਰਦਸਤੀ ਲੱਦਣ ਖਾਤਰ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣਾ ਦਿੱਤਾ ਜਾਵੇਗਾ। ਰੱਦ ਕਰਵਾ ਕੇ ਹੀ ਦਮ ਲਿਆ ਜਾਵੇਗਾ। ਸਮੂਹ ਇਕੱਠ ਵੱਲੋਂ ਹੱਥ ਖੜ੍ਹੇ ਕਰਕੇ ਚਾਰ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ 'ਹਥਿਆਰਬੰਦ ਤਾਕਤਾਂ ਦੇ ਵਿਸ਼ੇਸ਼ ਅਧਿਕਾਰ ਐਕਟ' (ਏ.ਐਫ.ਐਸ.ਪੀ.ਏ.) ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਸਮੇਤ ਵੱਖ ਵੱਖ ਰਾਜ ਸਰਕਾਰਾਂ ਵੱਲੋਂ ਬਣਾਏ ਸਾਰੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਦੂਜੇ ਮਤੇ ਵਿੱਚ ਮਨੁੱਖੀ ਹੱਕਾਂ ਦੇ ਪਹਿਰੇਦਾਰ ਡਾ. ਬਿਨਾਇਕ ਸੇਨ ਨੂੰ ਕਾਲੇ ਕਾਨੂੰਨਾਂ ਤਹਿਤ ਕੀਤੀ ਗਈ ਉਮਰ ਕੈਦ ਦੀ ਸਜ਼ਾ ਰੱਦ ਕਰਨ ਅਤੇ ਅਜਿਹੀ ਹੀ ਪਹਿਰੇਦਾਰ ਬੀਬੀ ਐਰੋਮਾ ਸ਼ਰਮੀਲਾ (ਮਨੀਪੁਰ) ਦੀ 10 ਸਾਲਾਂ ਤੋਂ ਜਾਰੀ ਭੁੱਖ ਹੜਤਾਲ ਤੇ ਨਜ਼ਰਬੰਦੀ ਖਤਮ ਕਰਵਾਉਣ ਲਈ ਕਾਲੇ ਕਾਨੂੰਨ ਸਮੇਤ ਮਨੀਪੁਰ ਵਿਚੋਂ ਫੌਜ ਵਾਪਸ ਬੁਲਾਉਣ ਦੀ ਮੰਗ ਮੰਨੀ ਜਾਵੇ ਅਤੇ ਮਹਿਲ ਕਲਾਂ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਨੂੰ ਝੂਠੇ ਕਤਲ ਕੇਸ ਵਿੱਚ ਕੀਤੀ ਗਈ ਉਮਰ ਕੈਦ ਦੀ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਗਈ। ਤੀਜੇ ਮਤੇ ਵਿੱਚ ਸਾਧੂ ਸਿੰਘ ਤਖਤੂਪੁਰਾ ਕਤਲ ਕਾਂਡ, ਖੰਨਾ-ਚਮਾਰਾ ਕਤਲ ਕਾਂਡ ਅਤੇ ਪ੍ਰਿਥੀਪਾਲ ਚੱਕ ਅਲੀਸ਼ੇਰ ਕਤਲ ਕਾਂਡ  ਤਿੰਨਾਂ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਚੌਥੇ ਮਤੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਰਸ਼ਸ਼ੀਲ ਜਨਤਕ ਆਗੂਆਂ ਅਤੇ ਵਰਕਰਾਂ ਉੱਤੇ ਮੜ੍ਹੇ ਸਾਰੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਲੇ ਕਾਨੂੰਨਾਂ ਸਬੰਧੀ ਕਨਵੈਨਸ਼ਨ

15 ਮਾਰਚ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ, ਯਾਦਗਾਰ ਹਾਲ ਦੀ ਕਮੇਟੀ ਵੱਲੋਂ, ਪੰਜਾਬ ਅਸੈਂਬਲੀ ਦੇ ਤਾਜ਼ਾ ਕਾਲੇ ਕਾਨੂੰਨਾਂ ਖਿਲਾਫ ਇੱਕ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਵਿੱਚ ਪੰਜਾਬ ਦੇ ਵੱਖ ਵੱਖ ਖੇਤਰਾਂ 'ਚੋਂ ਕਿਸਾਨ, ਮਜ਼ਦੂਰ, ਮੁਲਾਜ਼ਮ, ਸਨਅੱਤੀ ਮਜ਼ਦੂਰ, ਨੌਜਵਾਨ ਸ਼ਾਮਲ ਹੋਏ। ਕਨਵੈਨਸ਼ਨ 'ਚ ਸ਼ਾਮਲ ਸਭਨਾਂ ਦੇ ਕਾਲੇ ਬੈਜ ਲੱਗੇ ਹੋਏ ਸਨ, ਜਿਹਨਾਂ ਉਪਰ ਲਿਖਿਆ ਹੋਇਆ ਸੀ, ''ਕਾਲੇ ਕਾਨੂੰਨ ਰੱਦ ਕਰੋ''। ਲੱਗਭੱਗ 1500 ਦੇ ਜੁੜੇ ਇਕੱਠ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਪ੍ਰਮਿੰਦਰ ਸਿੰਘ ਨੇ ਸੰਬੋਧਨ ਕੀਤਾ। ਕਾਲੇ ਕਾਨੂੰਨ ਜਮਹੂਰੀ ਹੱਕ ਤੇ ਲੋਕ ਵਿਸ਼ੇ 'ਤੇ ਬੋਲਦਿਆਂ ਉਹਨਾਂ ਕਿਹਾ, ''.......ਜਦ ਵੀ ਲੋਕਾਂ ਦੇ ਜੀਣ ਅਤੇ ਜਮਹੂਰੀ ਹੱਕਾਂ ਉਪਰ ਝਪਟਣ ਦਾ ਯਤਨ ਕੀਤਾ ਗਿਆ, ਉਸ ਖਿਲਾਫ ਤਿੱਖੇ ਲੋਕ ਸੰਗਰਾਮਾਂ ਦਾ ਉੱਠਣਾ ਸੁਭਾਵਕ ਅਤੇ ਲਾਜ਼ਮੀ ਹੈ। ਤਾਜ਼ਾ ਕਾਨੂੰਨਾਂ ਦਾ ਹਸ਼ਰ ਵੀ ਉਹੀ ਹੋਵੇਗਾ, ਜੋ ਅੰਗਰੇਜ਼ ਹਾਕਮਾਂ ਅਤੇ ਉਸ ਤੋਂ ਬਾਅਦ ਅੱਜ ਤੱਕ ਦੇ ਵੰਨ-ਸੁਵੰਨੇ ਹਾਕਮਾਂ ਵੱਲੋਂ ਮੜ੍ਹੇ ਕਾਨੂੰਨਾਂ ਦਾ ਹੁੰਦਾ ਆਇਆ ਹੈ.......।''
ਕਨਵੈਨਸ਼ਨ ਤੋਂ ਬਾਅਦ ਯਾਦਗਾਰ ਹਾਲ ਦੀ ਕਮੇਟੀ ਦੀ ਅਗਵਾਈ ਵਿੱਚ ਡੀ.ਸੀ. ਦਫਤਰ ਤੱਕ ਕਾਲੇ ਕਾਨੂੰਨਾਂ ਅਤੇ ਪੰਜਾਬ ਸਰਕਾਰ ਖਿਲਾਫ ਨਾਹਰੇ ਗੁੰਜਾਉਂਦੇ ਹੋਏ ਮਾਰਚ ਕੀਤਾ ਗਿਆ। ਡੀ.ਸੀ. ਨੂੰ ਗਵਰਨਰ ਪੰਜਾਬ ਨੂੰ ਭੇਜੇ ਜਾਣ ਵਾਲੇ ਮੈਮੋਰੈਂਡਮ ਦੇਣ ਆਉਣ ਸੰਬੰਧੀ ਦੇਸ਼ ਭਗਤ ਯਾਦਗਾਰ ਹਾਲ ਦੀ ਕੱਮੇਟੀ ਵੱਲੋਂ ਅਗਾਊਂ ਸੂਚਿਤ ਕੀਤਾ ਹੋਣ ਦੇ ਬਾਵਜੂਦ ਅਤੇ ਉਸ ਵਕਤ ਡੀ.ਸੀ. ਦੇ ਆਪਣੇ ਦਫਤਰ ਵਿੱਚ ਹਾਜ਼ਰ ਹੋਣ ਦੇ ਬਾਵਜੂਦ, ਉਸਨੇ ਮੈਮੋਰੈਂਡਮ ਲੈਣ ਆਉਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਰੋਸ ਵਜੋਂ ਇਕੱਠ ਵੱਲੋਂ ''ਡੀ.ਸੀ. ਮੁਰਦਾਬਾਦ!'' ਤੇ ''ਪੰਜਾਬ ਸਰਕਾਰ ਮੁਰਦਾਬਾਦ!'' ਦੇ ਨਾਹਰੇ ਗੁੰਜਾਏ ਅਤੇ ਮੈਮੋਰੈਂਡਮ ਦਿੱਤੇ ਬਗੈਰ ਮਾਰਚ ਸਮਾਪਤ ਕੀਤਾ।

ਲੰਬੀ :
ਪੁਲਸ ਤਸ਼ੱਦਦ ਨੂੰ ਚੁਣੌਤੀ
—ਲਛਮਣ ਸਿੰਘ ਸੇਵੇਵਾਲਾ
ਅਪ੍ਰੈਲ ਮਹੀਨੇ ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਗੈਸ ਸਿਲੰਡਰਾਂ ਦੀ ਏਜੰਸੀ ਦੇ ਮਾਲਕ ਪਵਨ ਕੁਮਾਰ ਵੱਲੋਂ ਆਪਣੇ ਇੱਕ ਨੌਕਰ (ਚੌਕੀਦਾਰ) ਨੂੰ ਸਿਲੰਡਰ ਚੋਰੀ ਕਰਨ ਦੇ ਝੂਠੇ ਕੇਸ ਵਿੱਚ ਪੁਲਸ ਥਾਣਾ ਲੰਬੀ ਵਿਖੇ ਗ੍ਰਿਫਤਾਰ ਕਰਵਾ ਦਿੱਤਾ ਗਿਆ। ਏਜੰਸੀ ਮਾਲਕ ਤੋਂ ਹਰ ਮਹੀਨੇ ਵਗਾਰ ਵਿੱਚ ਸਿਲੰਡਰ ਲੈਣ ਵਾਲੀ ਥਾਣਾ ਲੰਬੀ ਦੀ ਪੁਲਸ ਵੱਲੋਂ ਮਾਲਕ ਨਾਲ ਵਫਾਦਾਰੀ ਕਮਾਉਂਦਿਆਂ ਚੌਕੀਦਾਰ ਤੋਂ ਪੁੱਛ ਪੜਤਾਲ ਦੇ ਨਾਂ ਹੇਠ ਉਸ 'ਤੇ ਅੰਨ੍ਹਾਂ ਤਸ਼ੱਦਦ ਢਾਹਿਆ ਗਿਆ। ਅੰਤ ਉਸ ਨੂੰ ਚੁੱਪ ਰਹਿਣ ਤੇ ਮੂੰਹ ਖੋਲ੍ਹਣ 'ਤੇ ਇਸ ਤੋਂ ਵੀ ਬੁਰੇ ਨਤੀਜੇ ਭੁਗਤਣ ਦੀ ਧਮਕੀ ਦੇ ਕੇ ਛੱਡ ਦਿੱਤਾ ਗਿਆ। ਅੱਗੋਂ ਮਾਲਕ ਨੇ ਉਸਦੀ ਬਣਦੀ ਤਨਖਾਹ ਵੀ ਨੱਪ ਲਈ।
ਪੁਲਸ ਦੇ ਅੰਨ੍ਹੇ ਜਬਰ ਤੇ ਏਜੰਸੀ ਮਾਲਕ ਦੀ ਧੱਕੇਸ਼ਾਹੀ ਦੀ ਚਰਚਾ ਸੁਣ ਕੇ ਪੀੜਤ ਦੇ ਸਕੇ ਸਬੰਧੀ ਅਤੇ ਆਂਢੀਆਂ-ਗੁਆਂਢੀਆਂ ਨੇ ਇਸ ਜਬਰ ਵਿਰੁੱਧ ਡਟਣ ਲਈ ਉਸ ਨੂੰ ਹੱਲਾਸ਼ੇਰੀ ਦਿੱਤੀ। ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸਦਾ ਮੈਡੀਕਲ ਕਰਵਾਇਆ ਗਿਆ ਅਤੇ ਉੱਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਭੇਜੀਆਂ ਗਈਆਂ। ਲੋਕਾਂ ਵਿੱਚ ਉੱਠੇ ਇਸ ਗੁੱਸੇ 'ਤੇ ਠੰਢਾ ਛਿੜਕਣ ਲਈ ਪੁਲਸ ਤੇ ਏਜੰਸੀ ਮਾਲਕ ਵੱਲੋਂ ਪਿੰਡ ਦੇ ਅਕਾਲੀ ਤੇ ਕਾਂਗਰਸੀ ਚੌਧਰੀਆਂ ਤੇ ਪੰਚਾਇਤ ਰਾਹੀਂ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਗਿਆ। ਪਰ ਉਹ ਸਫਲ ਨਾ ਹੋ ਸਕੇ।
ਮਸਲੇ ਦੀ ਪੜਤਾਲ ਕਰਨ ਮਗਰੋਂ ਬੀ.ਕੇ.ਯੂ. ਏਕਤਾ ਵੱਲੋਂ ਆਰ.ਐਮ.ਪੀ. ਡਾਕਟਰ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਇਸ ਜਬਰ ਵਿਰੁੱਧ ਲੰਬੀ ਵਿਖੇ ਧਰਨੇ ਦਾ ਐਲਾਨ ਕਰ ਦਿੱਤਾ ਗਿਆ। ਹਾੜੀ ਦਾ ਜ਼ੋਰਦਾਰ ਸੀਜਨ ਹੋਣ ਦੇ ਬਾਵਜੂਦ ਪੁਲਸ ਗੈਸ ਏਜੰਸੀ ਮਾਲਕ ਦੇ ਦੁਰਵਿਹਾਰ ਤੋਂ ਅੱਕੇ ਤਪੇ ਦੋ ਸੌ ਦੇ ਕਰੀਬ ਕਿਸਾਨ ਅਤੇ ਮਜ਼ਦੂਰ ਧਰਨੇ ਵਿੱਚ ਆ ਪਹੁੰਚੇ। ਅਖੀਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਪੁਲਸ ਤੇ ਏਜੰਸੀ ਮਾਲਕ ਵੱਲੋਂ ਮੁਆਫੀ ਮੰਗਣ ਤੋਂ ਇਲਾਵਾ ਦਸ ਹਜ਼ਾਰ ਰੁਪਏ ਦਾ ਹਰਜਾਨਾ ਵੀ ਪੀੜਤ ਨੂੰ ਦੇਣ ਲਈ ਮਜਬੂਰ ਹੋਣਾ ਪਿਆ। ਨਾਲ ਹੀ ਪੀੜਤ ਦੀ ਬਣਦੀ 9000 ਦੇ ਕਰੀਬ ਤਨਖਾਹ ਦੇਣ ਤੋਂ ਇਲਾਵਾ ਲੋਕਾਂ ਨੂੰ ਨਿਰਵਿਘਨ ਸਿਲੰਡਰਾਂ ਦੀ ਸਪਲਾਈ ਕਰਨ ਲਈ ਮਹੀਨੇ ਵਿੱਚ ਦੋ ਵਾਰ ਹਰ ਪਿੰਡ ਵਿੱਚ ਜਾ ਕੇ ਸਿਲੰਡਰ ਦੇਣ ਦਾ ਲਿਖਤੀ ਸਮਝੌਤਾ ਕੀਤਾ ਗਿਆ। ਇਉਂ ਇਨਸਾਫ ਲਈ ਦਿੱਤਾ ਜਾਣ ਵਾਲਾ ਧਰਨਾ ਜੇਤੂ ਰੈਲੀ ਵਿੱਚ ਬਦਲ ਗਿਆ।
ਅਜੇ ਇਸ ਮੁਆਫੀਨਾਮੇ ਅਤੇ ਅਖਬਾਰੀ ਖਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਥਾਣਾ ਲੰਬੀ ਦੀ ਪੁਲਸ ਇੱਕ ਵਾਰ ਫੇਰ ਕੁੜਿੱਕੀ ਵਿੱਚ ਫਸ ਗਈ। ਹੋਇਆ ਇਉਂ ਕਿ ਕਤਲਾਂ ਤੇ ਹੋਰ ਸੰਗੀਨ ਧਾਰਾਵਾਂ ਵਿੱਚ ਫੜੇ ਗਏ ਦੋਸ਼ੀ ਲੰਬੀ ਥਾਣੇ ਦੀ ਹਵਾਲਾਤ ਵਿੱਚੋਂ ਹੀ ਹਵਾ ਹੋ ਗਏ। ਪੁਲਸ ਨੇ ਭਗੌੜੇ ਹੋਏ ਦੋਸ਼ੀਆਂ ਨੂੰ ਪਨਾਹ ਦੇਣ ਦੇ ਨਾਂ ਹੇਠ ਪਿੰਡ ਚੰਨੂੰ ਦੇ ਇੱਕ ਖੇਤ ਮਜ਼ਦੂਰ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟ ਧਰਿਆ। ਬਾਅਦ ਵਿੱਚ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ, ''ਬਈ ਸਾਨੂੰ ਦੋਸ਼ੀ ਦੇ ਨਾਂ ਦਾ ਭੁਲੇਖਾ ਲੱਗ ਗਿਆ ਸੀ।'' ਪਰ ਪੀੜਤ ਮਜ਼ਦੂਰ ਨੇ ਚੁੱਪ ਕਰਨ ਦੀ ਥਾਂ ਪਿੰਡ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂਆਂ ਤੱਕ ਪਹੁੰਚ ਕੀਤੀ। ਪਿੰਡ ਦੇ 40-50 ਖੇਤ ਮਜ਼ਦੂਰ ਮਰਦ ਔਰਤਾਂ ਦਾ ਇਕੱਠ ਕਰਕੇ ਕਿਸਾਨ ਤੇ ਖੇਤ ਮਜ਼ਦੂਰ ਆਗੂਆਂ ਵੱਲੋਂ ਕੁੱਟਮਾਰ ਦਾ ਸ਼ਿਕਾਰ ਹੋਏ ਮਜ਼ਦੂਰ ਨੂੰ ਲੰਬੀ ਦੇ ਸਰਕਾਰੀ ਹਸਪਤਾਲ ਵਿੱਚ ਲਿਆ ਦਾਖਲ ਕਰਵਾ ਕੇ ਮੈਡੀਕਲ ਰਿਪੋਰਟ ਦੀ ਮੰਗ ਕੀਤੀ ਗਈ। ਇਸ ਕਾਰਵਾਈ ਦਾ ਪਤਾ ਲੱਗਦਿਆਂ ਹੀ ਥਾਣਾ ਲੰਬੀ ਦਾ ਮੁਖੀ ਹਰਿੰਦਰ ਸਿੰਘ ਚੰਮੇਲੀ ਹਸਪਤਾਲ ਜਾ ਧਮਕਿਆ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਤੋਂ ਖਰੀਆਂ ਖਰੀਆਂ ਸੁਣਨ ਮਗਰੋਂ ਅਤੇ ਸੰਘਰਸ਼ ਲੜਨ ਦੀ ਚਿਤਾਵਨੀ ਕੰਨੀ ਪੈਣ ਸਾਰ ਉਹ ਭਿੱਜੀ ਬਿੱਲੀ ਬਣ ਕੇ ਸਮਝੌਤੇ ਲਈ ਬੇਨਤੀਆਂ ਕਰਨ ਲੱਗ ਪਿਆ। ਮਰੀਜਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਜੁੜੇ ਇਕੱਠ ਵਿੱਚ ਪੁਲਸ ਥਾਣਾ ਲੰਬੀ ਦੇ ਮੁਖੀ ਤੋਂ ਮਜ਼ਦੂਰ ਦੀ ਕੀਤੀ ਕੁੱਟਮਾਰ ਦੀ ਮੁਆਫੀ ਮੰਗਵਾਈ ਗਈ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਦੇ ਅੰਦਰ ਕਰੀਬ ਢਾਈ ਸੌ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀ ਜੇਤੂ ਰੈਲੀ ਕਰਕੇ ਪੀੜਤ ਮਜ਼ਦੂਰ ਨੂੰ ਜੁਰਮਾਨੇ ਵਾਲੀ ਰਾਸ਼ੀ ਸੌਂਪੀ ਗਈ।
*****


ਗਰੀਬੀ ਰੇਖਾ ਦਾ ਪੈਮਾਨਾ :
ਸੁਪਰੀਮ ਕੋਰਟ ਵੱਲੋਂ ਸਰਕਾਰ ਅਤੇ ਪਲੈਨਿੰਗ ਕਮਿਸ਼ਨ ਦੀ ਝਾੜ-ਝੰਬ
ਅੱਜ ਸੁਪਰੀਮ ਕੋਰਟ ਨੇ ਗਰੀਬੀ ਰੇਖਾ ਤੋਂ ਹੇਠਲੀ ਆਬਾਦੀ ਦੀ ਸ਼ਨਾਖਤ ਦਾ ਪੈਮਾਨਾ ਤਹਿ ਕਰਨ ਦੇ ਸਵਾਲ 'ਤੇ ਕੇਂਦਰ ਅਤੇ ਪਲੈਨਿੰਗ ਕਮਿਸ਼ਨ ਦੀ ਝਾੜਝੰਬ ਕੀਤੀ। ਅਦਾਲਤ ਨੇ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਨੂੰ ਹਦਾਇਤ ਕੀਤੀ ਕਿ ਉਹ ਹਫਤੇ ਦੇ ਅੰਦਰ ਅੰਦਰ ਇਹ ਪੈਮਾਨਾ ਤਹਿ ਕਰਨ ਦੇ ਮਾਮਲੇ ਵਿੱਚ ਸਵੈ-ਵਿਰੋਧਾਂ ਬਾਰੇ ਹਲਫਨਾਮਾ ਦਾਇਰ ਕਰਕੇ।
ਅਦਾਲਤ ਨੇ ਕੇਂਦਰ ਨੂੰ ਕਿਹਾ, ''ਦੋ ਭਾਰਤ ਨਹੀਂ ਹੋ ਸਕਦੇ। ਕੁਪੋਸ਼ਣ ਦੇ ਖਾਤਮੇ ਦੀ ਪਹੁੰਚ ਨੂੰ ਤੇਜੀ ਨਾਲ ਖੋਰਾ ਕਿਉਂ ਲੱਗ ਰਿਹਾ ਹੈ? ਤੁਸੀਂ ਕਹਿੰਦੇ ਹੋ ਅਸੀਂ ਸ਼ਕਤੀਸ਼ਾਲੀ ਮੁਲਕ ਹਾਂ, ਪਰ ਐਨ ਇਸੇ ਸਮੇਂ ਮੁਲਕ ਦੇ ਵੱਖ ਵੱਖ ਹਿੱਸਿਆਂ 'ਚ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ। ਇਸ ਹਾਲਤ ਦਾ ਪੁਰੀ ਤਰ੍ਹਾਂ ਖਾਤਮਾ ਹੋਣਾ ਚਾਹੀਦਾ ਹੈ। ਰਿਪੋਰਟਾਂ ਕਹਿੰਦੀਆਂ ਹਨ ਕਿ ਭਰਪੂਰ ਫਸਲ ਹੋਈ ਹੈ। ਇਹ ਖੁਸ਼ੀ ਭਰੀ ਹਾਲਤ ਹੈ। ਪਰ ਜੇ ਲੋਕਾਂ ਨੂੰ ਅੰਨ ਨਹੀਂ ਮਿਲਦਾ ਤਾਂ ਕੀ ਫਾਇਦਾ। ਤੁਹਾਡੇ ਗੁਦਾਮ ਭਰੇ ਹੋਏ ਹਨ- ਪਰ ਲੋਕ ਭੁੱਖ ਨਾਲ ਮਰ ਰਹੇ ਹਨ।''
ਪਲੈਨਿੰਗ ਕਮਿਸ਼ਨ ਦੀ ਖੁੰਬ ਠੱਪਦਿਆਂ ਅਦਾਲਤ ਨੇ ਕਿਹਾ, ''ਕੁਪੋਸ਼ਣ ਵਧ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਤੁਸੀਂ 36 ਫੀਸਦੀ ਲੋਕਾਂ ਨੂੰ ਗਰੀਬੀ ਦੀ ਰੇਖਾ ਤੋਂ ਥੱਲੇ ਗਿਣਦੇ ਹੋ। 2011 ਵਿੱਚ ਤੁਸੀਂ 1991 ਦੀ ਮਰਦਮ ਸ਼ੁਮਾਰੀ ਦੇ ਅੰਕੜਿਆਂ ਨੂੰ ਅਧਾਰ ਬਣਾਉਂਦੇ ਹੋ। ਕਈ ਸੁਬਿਆਂ ਨੇ ਪਲੈਨਿੰਗ ਕਮਿਸ਼ਨ ਦੇ ਦਾਅਵਿਆਂ 'ਤੇ ਕਿੰਤੂ ਕੀਤਾ ਹੈ, ਹਲਫੀਆ ਬਿਆਨ ਦਿੱਤੇ ਹਨ, ਕਾਂਗਰਸ ਸਰਕਾਰ ਹੇਠਲੇ ਸੂਬਿਆਂ ਨੇ ਵੀ। ਉਹ ਕਹਿੰਦੇ ਹਨ ਕਿ ਗਰੀਬੀ ਰੇਖਾ ਤੋਂ ਹੇਠਲੀ ਆਬਾਦੀ ਵੱਧ ਹੈ ਅਤੇ ਉਹ ਪਲੈਨਿੰਗ ਕਮਿਸ਼ਨ ਦੇ ਨਿਰਦੇਸ਼ ਮੰਨ ਰਹੇ ਹਨ। ਤੁਸੀਂ ਸ਼ਹਿਰੀ ਖੇਤਰਾਂ ਲਈ 20 ਰੁਪਏ ਅਤੇ ਪੇਂਡੂ ਖੇਤਰਾਂ ਲਈ 11 ਰੁਪਏ ਦਾ ਪੈਮਾਨਾ ਮਿਥਿਆ ਹੈ। ਤੁਸੀਂ ਇੰਨੀ ਨਿਗੂਣੀ ਰਕਮ ਨੂੰ ਪੈਮਾਨਾ ਮਿਥਣ ਨੂੰ ਕਿਵੇਂ ਵਾਜਬ ਠਹਿਰਾ ਸਕਦੇ ਹੋ। ਪੇਂਡੂ ਖੇਤਰਾਂ ਵਿੱਚ ਵੀ ਇਹ ਰਕਮ ਕਾਫੀ ਨਹੀਂ ਹੈ। ਪਲੈਨਿੰਗ ਕਮਿਸ਼ਨ ਨੂੰ ਇਸਦੀ ਵਿਆਖਿਆ ਕਰਨੀ ਚਾਹੀਦੀ ਹੈ।'' (ਐਨ.ਡੀ.ਏ. ਟੀ.ਵੀ. 20 ਅਪ੍ਰੈਲ)


ਬੇਰੁਜ਼ਗਾਰ ਲਾਇਨਮੈਨਾਂ ਨੇ ਸਰਕਾਰ ਦਾ ਹਠ ਤੋੜਿਆ
ਪਿਛਲੇ ਸਮੇਂ ਤੋਂ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪਾਵਰਕੌਮ ਦੇ ਬੇਰੁਜ਼ਗਾਰ ਲਾਇਨਮੈਨ, ਜਿਹੜੇ ਤਲਵੰਡੀ ਸਾਬੋ ਵਿਸਾਖੀ ਮੇਲੇ 'ਤੇ, ਅਕਾਲੀ ਦਲ ਦੀ ਕਾਨਫਰੰਸ 'ਚ ਵਾਰ ਵਾਰ ਵਿਘਨ ਪਾਉਣ ਕਾਰਨ, ਗ੍ਰਿਫਤਾਰ ਕਰ ਲਏ ਗਏ ਸਨ, ਨੂੰ ਵੱਖ ਵੱਖ ਜੇਲ੍ਹਾਂ ਤੋਂ ਬਿਨਾ ਸ਼ਰਤ ਰਿਹਾਅ ਕਰਨ, ਨੌਕਰੀ ਲਈ ਉਮਰ ਦੀ ਹੱਦ ਵਧਾ ਕੇ 45 ਸਾਲ ਕਰਨ ਅਤੇ 30 ਮਈ ਤੱਕ ਮੈਰਿਟ ਦੇ ਅਧਾਰ 'ਤੇ ਨੌਕਰੀਆਂ ਦੇਣ ਲਈ ਸਰਕਾਰ ਨੂੰ ਮੰਨਣਾ ਪਿਆ ਹੈ।
ਗ੍ਰਿਫਤਾਰ ਹੋਣ ਸਾਰ, ਲਾਇਨਮੈਨਾਂ ਨੇ ਜੇਲ੍ਹਾਂ ਦੇ ਅੰਦਰ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ ਅਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਸੰਘਰਸ਼ 'ਚ ਸ਼ਾਮਲ ਹੋ ਕੇ ਬਠਿੰਡੇ ਮੁੱਖ ਸਕੱਤਰੇਤ ਸਾਹਮਣੇ ਧਰਨਾ ਮਾਰ ਲਿਆ ਸੀ। ਯੂਨੀਅਨ ਦਾ ਪ੍ਰਧਾਨ ਜੇਲ੍ਹ ਦੇ ਅੰਦਰ ਅਤੇ ਉਸਦੀ ਬਿਰਧ ਮਾਤਾ ਮਿੰਨੀ ਸਕੱਤਰੇਤ ਸਾਹਮਣੇ ਮਰਨ ਵਰਤ 'ਤੇ ਸਨ। ਸਰਕਾਰ, ਪਾਵਰਕੌਮ ਦੇ ਅਧਿਕਾਰੀ ਅੜੀਅਲ ਰਵੱਈਆ ਧਾਰਨ ਕਰੀਂ ਬੈਠੇ ਸਨ। ਉਧਰ ਲਾਇਨਮੈਨਾਂ ਨੇ ਵੀ ਸਿਰੇ ਦੀ ਧਾਰੀ ਹੋਈ ਸੀ। ਪੈਦਾ ਹੋਈ ਇਸ ਹਾਲਤ ਨੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਨੂੰ ਲਾਇਨਮੈਨਾਂ ਦੇ ਸੰਘਰਸ਼ ਨਾਲ ਹਮਾਇਤੀ ਕੰਨ੍ਹਾ ਲਾਉਣ ਦੀ ਵਿਸ਼ੇਸ਼ ਖਿੱਚ ਪੈਦਾ ਕਰ ਦਿੱਤੀ। ਅੰਤ ਸਰਕਾਰ ਨੂੰ ਝੁਕਣਾ ਪਿਆ। ਪਹਿਲੀ ਮਈ ਦੇ ਨਵਾਂ ਜ਼ਮਾਨਾ ਅਖਬਾਰ ਵਿੱਚ ਖਬਰ ਅਨੁਸਾਰ ਯੂਨੀਅਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਗ੍ਰਿਫਤਾਰ ਕੀਤੇ ਕੁਲ 373 ਸਾਥੀ ਬਿਨਾ ਸ਼ਰਤ ਰਿਹਾਅ ਕਰ ਦਿੱਤੇ ਗਏ ਹਨ ਅਤੇ ਉਪਰੋਕਤ ਮੰਗਾਂ ਮੰਨ ਲਈਆਂ ਗਈਆਂ ਹਨ। ਮੰਗਾਂ ਤੋਂ ਮੁਕਰਨ ਦੀ ਹਾਲਤ ਵਿੱਚ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮੁੜ-ਸੰਘਰਸ਼ ਸ਼ੁਰੂ ਕਰਨਗੇ।



ਸ਼ੁਭ ਸ਼ਗਨ : ਬੇਰੁਜ਼ਗਾਰ ਅਧਿਆਪਕ ਸਾਂਝੇ ਘੋਲ ਦੇ ਰਾਹ
ਨਵੀਆਂ ਆਰਥਿਕ ਨੀਤੀਆਂ ਦੇ ਪੈ ਰਹੇ ਮਾਰੂ ਅਸਰਾਂ ਖਿਲਾਫ ਬੇਰੁਜ਼ਗਾਰ ਅਧਿਆਪਕਾਂ ਦੇ ਵੱਖ ਵੱਖ ਵਰਗ ਇਕੱਲੇ ਇਕੱਲੇ ਤੌਰ 'ਤੇ ਕਾਫੀ ਸਮੇਂ ਤੋਂ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ। ਆਪਣੇ ਸੰਘਰਸ਼ਾਂ ਦੇ ਤਜਰਬੇ 'ਚੋਂ ਹੋਰ ਅਨੇਕਾਂ ਗੱਲਾਂ ਸਿੱਖਣ ਦੇ ਨਾਲ ਨਾਲ ਉਹਨਾਂ ਨੇ ਵੱਖ ਵੱਖ ਵਰਗਾਂ ਵਿਚਲੇ ਵਿਰੋਧ-ਟਕਰਾਵਾਂ ਨੂੰ ਘਟਾਉਣ ਜਾਂ ਖਾਰਜ ਕਰਨ ਦੀ ਸੋਝੀ ਵੀ ਪ੍ਰਾਪਤ ਕਰਨੀ ਸ਼ੁਰੂ ਕੀਤੀ ਹੈ। ਇਸ ਤਰ੍ਹਾਂ ਵੱਖ ਵੱਖ ਵਰਗ ਇੱਕ ਦੂਜੇ ਦੇ ਨੇੜੇ ਆਉਣ ਅਤੇ ਰਲ-ਮਿਲ ਕੇ ਘੋਲ ਦੀਆਂ ਸਾਂਝੀਆਂ ਮੰਗਾਂ ਕੱਢ ਕੇ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਲੱਗੇ ਹਨ। ਏਸ ਪ੍ਰਸੰਗ ਵਿੱਚ 1 ਮਈ ਨੂੰ ਬੇਰੁਜ਼ਗਾਰ ਅਧਿਆਪਕਾਂ ਦੇ 5 ਵਰਗਾਂ- ਈ.ਟੀ.ਟੀ., ਬੀ.ਐੱਡ, ਡੀ.ਪੀ.ਐੱਡ/ਐਮ.ਪੀ.ਐੱਡ, ਪੀ.ਟੀ.ਆਈ. ਅਤੇ ਈ.ਟੀ.ਟੀ. ਸਿੱਖਿਆਰਥੀ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ- ਵੱਲੋਂ ਤਿੰਨ ਸਾਂਝੀਆਂ ਮੰਗਾਂ (1) ਟੈੱਟ (“5“) ਵਾਪਸ ਲਓ, (2) 30 ਵਿਦਿਆਰਥੀਆਂ ਮਗਰ ਇੱਕ ਅਧਿਆਪਕ ਅਨੁਸਾਰ ਪੋਸਟਾਂ ਦਿਓ ਅਤੇ (3) ਤੁਰੰਤ ਭਰਤੀ ਕਰੋ। ਉਪਰ ਬਠਿੰਡੇ ਵਿੱਚ 1500-1700 ਅਧਿਆਪਕਾਂ ਵੱਲੋਂ ਕੀਤੀ ਪੋਲ ਖੋਲ੍ਹ ਰੈਲੀ ਤੇ ਮੁਜਾਹਰਾ ਇੱਕ ਚੰਗਾ ਸ਼ਗਨ ਹੈ। ਭਾਵੇਂ ਇਹ ਜਨਤਕ ਐਕਸ਼ਨ ਈ.ਟੀ.ਟੀ. ਅਧਿਆਪਕਾਂ ਤੋਂ ਬਿਨਾ ਬਾਕੀ 4 ਅਧਿਆਪਕ ਜਥੇਬੰਦੀਆਂ ਦੀਆਂ ਜ਼ਿਲ੍ਹਾ ਪੱਧਰੀਆਂ ਲੀਡਰਸ਼ਿੱਪਾਂ ਵੱਲੋਂ ਕੀਤੇ ਫੈਸਲੇ 'ਤੇ ਅਧਾਰਤ ਹੀ ਸੀ, ਤਾਂ ਵੀ ਇਹ ਸਹੀ ਦਿਸ਼ਾ ਵਿੱਚ ਚੁੱਕਿਆ ਇੱਕ ਮਹੱਤਵਪੂਰਨ ਕਦਮ ਹੈ। ਇਸ ਦਿਸ਼ਾ ਵਿੱਚ ਅਗਲੇ ਕਦਮਾਂ ਵਜੋਂ 4 ਮਈ ਦੀ ਇਹਨਾਂ 5 ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਉਪਰੋਕਤ 3 ਮੰਗਾਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਨਵਾਂ ਸਿਵਲ ਸਰਵਿਸ ਐਕਟ ਰੱਦ ਕਰਵਾਉਣ ਅਤੇ ਪਹਿਲਾਂ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੀਆਂ ਮੰਗਾਂ ਨੂੰ ਸ਼ਾਮਲ ਕਰਕੇ ਇਸ ਮੰਚ ਨੂੰ ਸੂਬਾਈ ਪੱਧਰ ਦੇ ਸਾਂਝੇ ਮੰਚ 'ਚ ਤਬਦੀਲ ਕਰ ਦਿੱਤਾ ਗਿਆ ਹੈ। 6 ਮਈ ਨੂੰ ਬਰਨਾਲੇ ਭਰਾਤਰੀ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਸਮੇਤ ਦੋ ਦਰਜਨ ਦੇ ਕਰੀਬ ਜਥੇਬੰਦੀਆਂ ਪਹੁੰਚੀਆਂ ਹਨ। ਆਪਣੇ ਅਗਲੇ ਸੱਦੇ ਵਜੋਂ ਇਸ ਸਾਂਝੇ ਮੰਚ ਵਲੋਂ 11 ਮਈ ਨੂੰ ਰਾਮਪੁਰ ਸ਼ਹਿਰ 'ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।





ਕੇਂਦਰ ਸਰਕਾਰ ਦਾ ਨਵਾਂ ਪੈਨਸ਼ਨ ਬਿਲ
ਮਜ਼ਦੂਰ-ਮੁਲਾਜ਼ਮ ਹਿੱਤਾਂ 'ਤੇ ਹਮਲਾ
24 ਮਾਰਚ ਨੂੰ ਯੂ.ਪੀ.ਏ. ਸਰਕਾਰ ਨੇ ਪਾਰਲੀਮੈਂਟ ਵਿੱਚ ਪੈਨਸ਼ਨ ਫੰਡ ਨਿਯਮੀਕਰਨ ਅਤੇ ਵਿਕਾਸ ਅਥਾਰਟੀ ਬਿਲ (ਪੀ.ਐਫ.ਆਰ.ਡੀ.ਏ.) ਦੁਬਾਰਾ ਪੇਸ਼ ਕੀਤਾ ਹੈ। ਇਹ ਬਿਲ ਬੀ.ਜੇ.ਪੀ. ਦੀ ਹਮਾਇਤ ਨਾਲ ਪੇਸ਼ ਕੀਤਾ ਗਿਆ ਹੈ। 2005 'ਚ ਵੀ ਪਾਰਲੀਮੈਂਟ ਵਿੱਚ ਅਜਿਹਾ ਬਿਲ ਪੇਸ਼ ਹੋਇਆ ਸੀ। 2009 'ਚ ਯੂ.ਪੀ.ਏ. ਸਰਕਾਰ ਨੇ ਇਸ 'ਚ ਕੁਝ ਸੋਧਾਂ ਤਜਵੀਜ ਕੀਤੀਆਂ। ਪਰ ਇਹ ਬਿਲ ਪਾਸ ਕਰਵਾਉਣ ਦਾ ਅਮਲ ਸਿਰੇ ਚੜ੍ਹਨ ਤੋਂ ਪਹਿਲਾਂ ਹੀ 14ਵੀਂ ਲੋਕ ਸਭਾ ਸਮਾਪਤ ਹੋ ਗਈ। ਹੁਣ ਇਸ ਬਿਲ ਨੂੰ ਨਿੱਕੀਆਂ ਮੋਟੀਆਂ ਤਬਦੀਲੀਆਂ ਨਾਲ ਮੁੜ ਪੇਸ਼ ਕੀਤਾ ਗਿਆ ਹੈ।



Tuesday, May 17, 2011

Surkh Rekha (May-June) 2k11



ਇਸ ਅੰਕ 'ਚ


  1. ਲਾਦੇਨ ਦੀ ਹੱਤਿਆ ਅਤੇ ਅਮਰੀਕੀ ਸਾਮਰਾਜੀਏ
  2. ਅਫਗਾਨਿਸਤਾਨ : ਤਲੀਆਂ ਲੂੰਹਦੀ ਅੱਗ
  3. ਸਾਮਰਾਜੀ ਡਰੋਨ ਦਹਿਸ਼ਤਗਰਦੀ : ਟਿੱਪਣੀਆਂ
  4. ''ਤਾਇਆ ਜੀ'' ਦਾ ਭਤੀਜਾ!
  5. ਜੈਤਾਪੁਰ ਗੋਲੀ ਕਾਂਡ
  6. ਅੰਨਾ ਹਜ਼ਾਰੇ- ਤਹਿ ਹੇਠਲੇ ਖਤਰੇ
  7. ਅਪ੍ਰੇਸ਼ਨ ਗਰੀਨ ਹੰਟ ਦਾ ਫਾਸ਼ੀ ਚਿਹਰਾ
  8. ਡਾ. ਬਿਨਾਇਕ ਸੇਨ
  9. ਗਰੀਬੀ ਰੇਖਾ ਦਾ ਪੈਮਾਨਾ : ਸੁਪਰੀਮ ਕੋਰਟ ਦੀ ਟਿੱਪਣੀ
  10. ਵਿੱਕੀਲੀਕਸ : ਕੌਮ-ਧਰੋਹੀ ਚਿਹਰੇ
  11. ਲੋਕ ਦੁਸ਼ਮਣ ਕਾਨੂੰਨ ਸੋਧਾਂ :
  12. ਖੇਤੀਬਾੜੀ, ਪੈਨਸ਼ਨ, ਕਿਰਤ-ਕਾਨੂੰਨ, ਸਿਵਲ ਸੇਵਾਵਾਂ
  13. ਝਾਰਖੰਡ: ਮਜ਼ਦੂਰਾਂ ਦੇ ਉਜਾੜੇ ਲਈ ਲਹੂ ਦੀ ਹੋਲੀ
  14. ਏਅਰ ਇੰਡੀਆ ਹੜਤਾਲ ਦਾ ਸੰਕੇਤ
  15. ਪੰਜਾਬ ਦੇ ਖੇਤ ਮਜ਼ਦੂਰ ਅਤੇ ਕਰਜ਼ਾ
  16. ਰਿਪੋਰਟਾਂ, ਕਵਿਤਾਵਾਂ
  17. 'ਜਾਗੋ ਨੌਜੁਆਨ' ਕਾਨਫਰੰਸ
  18. ਮਈ ਦਿਨ ਇਨਕਲਾਬੀ ਸਰੋਕਾਰਾਂ ਦੀ ਗੂੰਜ
  19. ਪਲਸ ਮੰਚ- ਮਈ ਦਿਨ ਸਮਾਗਮ
  20. ਉਦਯੋਗਿਕ ਜਗਤ ਦੀ ਬੇਚੈਨੀ
  21. ਮਿਉਂਸਪਲ ਕਾਮਿਆਂ ਦਾ ਘੋਲ ਕੁਝ ਹਾਂਦਰੂ ਪੱਖ
  22. ਸ਼ਰਾਬ-ਮਾਫੀਏ ਦੀ ਸੇਵਾ ਲਈ ਸੇਲਬਰਾਹ 'ਚ ਕਹਿਰ
  23. ਗਰੇਟਰ ਨੋਇਡਾ : ਵਿਸਫੋਟਕ ਹਾਲਤ ਦਾ ਸੰਕੇਤ
  24. ਸਾਥੀ ਹਰਭਿੰਦਰ ਜਲਾਲ 'ਤੇ ਤਸ਼ੱਦਦ

Surkh Rekha (May-June) 2k11


ਲਾਦੇਨ ਦੀ ਹੱਤਿਆ ਅਤੇ ਅਮਰੀਕੀ ਸਾਮਰਾਜੀਏ
ਪਤਲੀ ਹਾਲਤ 'ਤੇ ''ਵਧਾਈਆਂ'' ਦਾ ਪਰਦਾ
ਦਹਾਕੇ ਤੋਂ ਵੱਧ ਅਰਸੇ ਦੀ ਤਰਸੇਵੇਂ ਭਰੀ ਤਲਾਸ਼ ਪਿੱਛੋਂ ਅਖੀਰ ਅਮਰੀਕੀ ਸਾਮਰਾਜੀਏ ਓਸਾਮਾ-ਬਿਨ-ਲਾਦੇਨ ਨੂੰ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਮਾਰ-ਮੁਕਾਉਣ ਵਿੱਚ ਸਫਲ ਹੋ ਗਏ ਹਨ। ਅੱਖ ਦੀ ਰੜਕ ਬਣੇ ਓਸਾਮਾ ਬਿਨ ਲਾਦੇਨ ਨੂੰ ਅਮਰੀਕੀ ਸਾਮਰਾਜੀਆਂ ਨੇ ਦੁਨੀਆਂ ਦਾ ਸਭ ਤੋਂ ਖਤਰਨਾਕ ਵਿਅਕਤੀ ਗਰਦਾਨਿਆ ਹੋਇਆ ਸੀ। ਕੋਈ ਵੇਲਾ ਸੀ, ਜਦੋਂ ਅਮਰੀਕੀ ਸਾਮਰਾਜੀਏ ਉਸ ਨਾਲ ਲਾਡ ਲਡਾਉਂਦੇ ਰਹੇ ਸਨ। ਉਸਨੂੰ ਏਸ਼ੀਆਈ ਖਿੱਤੇ ਵਿੱਚ ਸਾਮਰਾਜੀ ਸੋਵੀਅਤ ਯੂਨੀਅਨ ਖਿਲਾਫ ਅਮਰੀਕੀ ਸਾਮਰਾਜੀ ਯੁੱਧਨੀਤੀ ਦੇ ਹਥਿਆਰ ਵਜੋਂ ਵਰਤਦੇ ਰਹੇ ਸਨ। ਕੱਟੜ ਇਸਲਾਮੀ ਮੂਲਵਾਦ ਦਾ ਝੰਡਾ ਓਸਾਮਾ ਨੇ ਉਦੋਂ ਵੀ ਚੁੱਕਿਆ ਹੋਇਆ ਸੀ। ਪਰ ਜਿੰਨਾ ਚਿਰ ਇਹ ਝੰਡਾ ਅਮਰੀਕੀ ਸਾਮਰਾਜੀਆਂ ਦੀ ਛਤਰਛਾਇਆ ਹੇਠ, ਉਹਨਾਂ ਦੀ ਸ਼ਰਨ ਵਿੱਚ, ਉਹਨਾਂ ਦੇ ਹਿੱਤਾਂ ਲਈ ਲਹਿਰਾਉਂਦਾ ਰਿਹਾ, ਓਸਾਮਾ ਦੀ ਗਿਣਤੀ 'ਸੰਸਾਰ ਕਮਿਊਨਿਜ਼ਮ'' ਦੇ ਖਤਰੇ ਖਿਲਾਫ ਸਿਰ ਤਲੀ 'ਤੇ ਧਰ ਕੇ ਜੂਝ ਰਹੇ ''ਜਾਂਬਾਜ਼ ਹਥਿਆਰਬੰਦ ਸੂਰਮਿਆਂ'' ਵਿੱਚ ਹੁੰਦੀ ਰਹੀ।




ਵਧ ਰਹੇ ਡਰੋਨ ਹਮਲੇ:
ਵਹਿਸ਼ੀ ਅਤੇ ਡਰਾਕਲ ਅਮਰੀਕੀ ਸਾਮਰਾਜ ਦਾ ਹਥਿਆਰ
—ਡਾ. ਜਗਮੋਹਨ ਸਿੰਘ
ਸਾਮਰਾਜੀ ਸ਼ਕਤੀਆਂ ਵੱਲੋਂ ਧਰਤੀ 'ਤੇ ਛੇੜੀਆਂ ਅਨੇਕਾਂ ਛੋਟੀਆਂ ਵੱਡੀਆਂ ਜੰਗਾਂ ਨੇ ਹਮੇਸ਼ਾ ਮਨੁੱਖੀ  ਜਾਨਾਂ ਦੀ ਦੱਬ ਕੇ ਬਰਬਾਦੀ ਕੀਤੀ ਹੈ। ਸਾਮਰਾਜ ਆਪਣੇ ਕਿਰਦਾਰ ਪੱਖੋਂ ਜੰਗਬਾਜ਼  ਹੈ ਅਤੇ ਮਨੁੱਖਤਾ ਦਾ ਜਮਾਂਦਰੂ ਦੁਸ਼ਮਣ ਹੈ। ਕਿਸੇ ਵੇਲੇ ਇਹ ਗੁਰਜ ਬਰਤਾਨਵੀ ਅਤੇ ਜਰਮਨ ਸਾਮਰਾਜ ਕੋਲ ਸੀ। ਅੱਜ ਕੱਲ੍ਹ ਇਹ ਅਮਰੀਕਨ ਸਾਮਰਾਜ ਨੇ ਚੁੱਕੀ ਹੋਈ ਹੈ। ਹਿਟਲਰ ਦੇ ਗੈਸ ਚੈਂਬਰ ਅਤੇ ਹੀਰੋਸ਼ੀਮਾ, ਨਾਗਾਸਾਕੀ  ਵਿੱਚ ਅਮਰੀਕਾ ਵੱਲੋਂ ਸੁੱਟੇ ਐਟਮ ਬੰਬਾਂ ਦੀਆਂ ਹੌਲਨਾਕ ਘਟਨਾਵਾਂ ਅਤੇ ਇਹਨਾਂ ਵੱਲੋਂ ਨਿਗਲੀਆਂ ਅਣਗਿਣਤ ਮਨੁੱਖੀ ਜਾਨਾਂ ਦੀਆਂ ਦਿਲ ਕੰਬਾਊ ਯਾਦਾਂ, ਸੰਸਾਰ ਦੇ ਲੋਕਾਂ ਦੇ ਦਿਲਾਂ-ਮਨਾਂ 'ਚੋਂ ਕਦੇ ਨਿੱਕਲ ਨਹੀਂ ਸਕਦੀਆਂ ਅਤੇ ਸੰਸਾਰ ਇਤਿਹਾਸ 'ਚੋਂ ਅਲੋਪ ਨਹੀਂ ਹੋ ਸਕਦੀਆਂ।


ਮਨਪ੍ਰੀਤ ਦੀ ਜਮਾਤੀ ਖਸਲਤ :
''ਤਾਇਆ ਜੀ'' ਦਾ ਭਤੀਜਾ!
ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਬਾਦਲ ਜਦੋਂ ਆਪਣੀ ਅਤੇ ਸੁਖਬੀਰ  ਬਾਦਲ ਦੀ ਤੁਲਨਾ ਕਰਦਾ ਹੈ ਤਾਂ ਇਹੋ ਸੋਚਦਾ ਹੈ ਕਿ ਉਸ ਵਿੱਚ ਇਸ ਝੁੱਡੂ ਦੇ ਮੁਕਾਬਲੇ ਰਾਜ ਭਾਗ ਚਲਾਉਣ ਦੀ ਕਿਤੇ ਵੱਧ ਸਮਰੱਥਾ ਹੈ। ਉਹ ਆਪਣੇ ਆਪ ਨੂੰ ਅਜਿਹੇ ਕਾਬਲ ਬੰਦਿਆਂ ਵਿੱਚ ਸ਼ੁਮਾਰ ਕਰਦਾ ਹੈ ਜਿਹੜੇ ਸੰਸਾਰੀਕਰਨ ਅਤੇ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਦੇ ਮੌਜੂਦਾ ਦੌਰ ਵਿੱਚ ਸਿਆਸੀ ਪਾਰਟੀਆਂ ਨੂੰ ਵਿਸ਼ੇਸ਼ ਕਰਕੇ ਲੋੜੀਦੇ ਹਨ। ਜਿਹੜੇ ਆਪਣੇ ਗੁਣਾਂ ਕਰਕੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੀਆਂ ਨਜ਼ਰਾਂ 'ਚ ਛੇਤੀ ਪ੍ਰਵਾਨ ਚੜ੍ਹ ਸਕਦੇ ਹਨ। ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗਿਆਂ ਦੀ ਵੰਨਗੀ ਵਿੱਚ ਗਿਣਦਾ ਹੈ। ਇਸ ਕਰਕੇ ਉਹ ਸੋਚਦਾ ਹੈ ਕਿ ਬਾਦਲਾਂ ਦੇ ਖਾਨਦਾਨ 'ਚੋਂ ਪ੍ਰਕਾਸ਼ ਸਿੰਘ ਬਾਦਲ ਤੋਂ ਮਗਰੋਂ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਹੋਣ ਲਈ ਯੋਗ ਵਿਅਕਤੀ ਉਹੀ ਹੈ। ਅਕਾਲੀ ਦਲ ਰਾਹੀਂ ਸਿਆਸਤ ਵਿੱਚ ਉੱਭਰਨ ਖਾਤਰ ਉਸਨੇ ''ਤਾਇਆ ਜੀ'' ਦੀ ਸਰਪ੍ਰਸਤੀ ਹੇਠ ਸੁਭਾਵਿਕ ਖਾਨਦਾਨੀ ਰੂਟ ਦੀ ਚੋਣ ਕੀਤੀ ਅਤੇ ਆਪਣੇ ਆਪ ਨੂੰ ਸਥਾਪਤ ਕਰਨਾ ਸ਼ੁਰੂ ਕੀਤਾ। ਪਰ ''ਤਾਇਆ ਜੀ'' ਆਖਰ ''ਤਾਇਆ ਜੀ'' ਹੀ ਹਨ। ''ਬਾਪੂ ਜੀ'' ਨਹੀਂ ਸਨ! ਉਹਨਾਂ ਨੇ ਆਪਣੇ ਜਿਉਂਦੇ ਜੀਅ ਸੁਖਬੀਰ ਬਾਦਲ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਸਥਾਪਤ ਕਰਨ 'ਤੇ ਜ਼ੋਰ ਲਾ ਦਿੱਤਾ। ਅਕਾਲੀ ਦਲ ਦੀ ਪ੍ਰਧਾਨਗੀ ਉਸ ਨੂੰ ਸੰਭਾਲ ਦਿੱਤੀ ਗਈ ਅਤੇ ਡਿਪਟੀ ਮੁੱਖ ਮੰਤਰੀ ਬਣ ਕੇ ਉਹ ਲੱਗਭੱਗ ਮੁੱਖ ਮੰਤਰੀ ਦੇ ਅੰਦਾਜ਼ 'ਚ ਵਿਚਰਨ ਲੱਗ ਪਿਆ। ਆਪਣੇ ਪਰ ਕੱਟੇ ਜਾ ਰਹੇ ਵੇਖ ਕੇ ਮਨਪ੍ਰੀਤ ਬਾਦਲ ਲਈ ਸਿਆਸਤ ਦੇ ਖੇਤਰ ਵਿੱਚ ''ਤਾਇਆ ਜੀ'' ਦਾ ਸ਼ਰੀਕ ਬਣ ਕੇ ਉੱਭਰਨ ਦੀ ਜ਼ਰੂਰਤ ਉੱਭਰੀ। ਉਸ ਨੇ ਖਜ਼ਾਨਾ ਮੰਤਰੀ ਦੇ ਅਹੁਦੇ ਦੀ ਵਰਤੋਂ ਕਰਦਿਆਂ, ਆਪਣੇ 'ਨਿਵੇਕਲੇ' ਪੈਂਤੜੇ ਦੀ ਨੁਹਾਰ ਘੜੀ। ਉਹ ਲੋਕ-ਲੁਭਾਊ ਸਿਆਸਤ (ਪਾਪੂਲਿਜ਼ਮ) ਦੇ ਡਟਵੇਂ ਵਿਰੋਧੀ ਵਜੋਂ ਪੇਸ਼ ਹੋਇਆ। ਉਸਨੇ ਵੱਡੇ ਸਰਮਾਏਦਾਰਾਂ ਅਤੇ ਸਾਮਰਾਜੀ ਸੰਸਥਾਵਾਂ ਨੂੰ ਸੰਕੇਤ ਦੇਣੇ ਸ਼ੁਰੂ ਕੀਤੇ ਕਿ ਉਹ ਵੱਡੇ ਲੁਟੇਰਿਆਂ ਦੇ ਹਿੱਤਾਂ ਨੂੰ ਵੋਟ ਗਿਣਤੀਆਂ-ਮਿਣਤੀਆਂ ਦੇ ਪ੍ਰਛਾਵੇਂ ਤੋਂ ਬਚਾਅ ਕੇ ਰੱਖਣ ਦਾ ਮੁਦੱਈ ਹੈ। ਪੰਜਾਬ ਦੇ ਕਰਜ਼ੇ ਦੀ ਮੁਆਫੀ ਦਾ ਮੁੱਦਾ ਉਠਾ ਕੇ ਉਸ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਮਾਰਨੇ ਚਾਹੇ। ਲੋਕਾਂ 'ਚ ਪੰਜਾਬ ਦੇ ਹਿੱਤਾਂ ਦਾ ਸੂਝਵਾਨ ਅਤੇ ਸਫਲ ਰਖਵਾਲਾ ਬਣ ਕੇ ਪੇਸ਼ ਹੋਣ ਅਤੇ ਕਰਜ਼ਾ ਮੁਆਫੀ ਦੀ ਪ੍ਰਾਪਤੀ ਦੀ ਕਲਗੀ ਸਿਰ 'ਤੇ ਸਜਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਇਸ ਅੰਸ਼ਿਕ ਕਰਜ਼ਾ ਮੁਆਫੀ ਦੀਆਂ ਸ਼ਰਤਾਂ ਨੂੰ ਕਬੂਲ ਕਰਨ ਦੀ ਜ਼ੋਰਦਾਰ ਵਕਾਲਤ ਕਰਕੇ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਅਤੇ ਲੋਕਾਂ ਦੀ ਛਿੱਲ ਲਾਹੁਣ ਦਾ ਜ਼ੋਰਦਾਰ ਪੱਖੀ ਹੋਣ ਦਾ ਸੰਕੇਤ ਦਿੱਤਾ। ਉਸਨੇ ਸਬਸਿਡੀਆਂ ਦਾ ਭੋਗ ਪਾਉਣ ਦੀ ਵਕਾਲਤ ਕੀਤੀ, ਕਿਰਾਏ ਵਧਾ ਕੇ ਰੋਡਵੇਜ਼ ਦੇ ਅਖੌਤੀ ਘਾਟੇ ਪੁਰੇ ਕਰਨ ਦੀ ਵਕਾਲਤ ਕੀਤੀ। ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਕਢਵਾਉਣ ਦੇ ਅਧਿਕਾਰ ਨੂੰ ਛਾਂਗਣ ਦੀ ਸ਼ਰਤ ਕਬੂਲ ਕਰਨ ਦੀ ਵਕਾਲਤ ਕੀਤੀ। ਨਗਰ ਪਾਲਿਕਾਵਾਂ ਦੇ ਹਿਸਾਬ-ਕਿਤਾਬ ਦੀ ਕੇਂਦਰ ਵੱਲੋਂ ਆਡਿਟ ਨੂੰ ਪ੍ਰਵਾਨਗੀ ਦੇਣ ਦੀ ਵਕਾਲਤ ਕੀਤੀ ਤਾਂ ਜੋ ਇਹਨਾਂ ਵੱਲੋਂ ਨਵੀਆਂ ਆਰਥਿਕ ਨੀਤੀਆਂ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ 'ਤੇ ਵੱਧ ਤੋਂ ਵੱਧ ਭਾਰ ਲੱਦਣ ਦੀ ਜਾਮਨੀ ਹੋ ਸਕੇ।


ਜੈਤਾਪੁਰ ਗੋਲੀ ਕਾਂਡ :
ਪ੍ਰਮਾਣੂੰ ਦਲਾਲਾਂ ਦੀ ਖੂਨੀ ਬੇਸ਼ਰਮੀ
18 ਅਪ੍ਰੈਲ ਨੂੰ ਮਹਾਂਰਾਸ਼ਟਰ ਸਰਕਾਰ ਨੇ ਰਤਨਾਗਿਰੀ ਜ਼ਿਲ੍ਹੇ 'ਚ ਜੈਤਾਪੁਰਾ ਵਿਖੇ ਪੁਰਅਮਨ ਮੁਜਾਹਰਾਕਾਰੀਆਂ 'ਤੇ ਫਾਇਰਿੰਗ ਕਰ ਦਿੱਤੀ। ਇਹ ਮੁਜਾਹਰਾਕਾਰੀ ਜੈਤਾਪੁਰ ਪ੍ਰਮਾਣੂੰ ਊਰਜਾ ਪਲਾਂਟ ਖਿਲਾਫ਼ ਰੋਸ ਪ੍ਰਗਟ ਕਰ ਰਹੇ ਸਨ। ਅੰਨ੍ਹੇਵਾਹ ਫਾਇਰਿੰਗ ਦੌਰਾਨ ਇੱਕ ਵਿਅਕਤੀ ਤਬਰੇਜਸਾਏਕਾਰ ਮਾਰਿਆ ਗਿਆ ਅਤੇ ਡੇਢ ਦਰਜ਼ਨ ਦੇ ਕਰੀਬ ਜਖ਼ਮੀ ਹੋ ਗਏ। ਫਾਇਰਿੰਗ ਤੋਂ ਪਿੱਛੋਂ ਪੁਲਸ ਲੋਕਾਂ ਦੇ ਘਰਾਂ 'ਤੇ ਟੁੱਟ ਪਈ। ਔਰਤਾਂ ਨੂੰ ਘਰਾਂ ਤੋਂ ਬਾਹਰ ਘੜੀਸਿਆ ਗਿਆ ਅਤੇ ਬੇਇੱਜਤ ਕੀਤਾ ਗਿਆ।
ਇਸ ਖੇਤਰ ਦੇ ਲੋਕ ਪਿਛਲੇ ਪੰਜ ਸਾਲਾਂ ਤੋਂ ਜੈਤਾਪੁਰ ਪ੍ਰਮਾਣੂੰ ਪਲਾਂਟ ਖਿਲਾਫ਼ ਸੰਘਰਸ਼ ਕਰਦੇ ਆ ਰਹੇ ਹਨ। ਮਛੇਰੇ ਅਤੇ ਕਿਸਾਨ ਇਸ ਸੰਘਰਸ਼ ਦੀ ਮੁੱਖ ਤਾਕਤ ਹਨ। ਇਸ ਪਲਾਂਟ ਦੇ ਨਤੀਜੇ ਵਜੋਂ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਉਜੜਨਾ ਹੈ ਅਤੇ ਰੋਟੀ-ਰੋਜ਼ੀ ਖੁੱਸਣੀ ਹੈ, ਜਿਵੇਂ ਮੁਲਕ ਦੇ ਹੋਰ ਕਿੰਨੇ ਹੀ ਹਿੱਸਿਆਂ ਵਿੱਚ ਵਾਪਰ ਰਿਹਾ ਹੈ। ਇਸ ਤੋਂ ਇਲਾਵਾ ਪ੍ਰਮਾਣੂੰ ਪਲਾਂਟਾਂ ਸਦਕਾ ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਭਿਅੰਕਰ ਖਤਰਿਆਂ ਬਾਰੇ ਲੋਕਾਂ ਵਿੱਚ ਚਰਚਾ ਛਿੜੀ ਹੋਈ ਹੈ ਅਤੇ ਬੇਚੈਨੀ ਤੇ ਗੁੱਸਾ ਵਧਿਆ ਹੋਇਆ ਹੈ।

Surkh Rekha (May-June) 2k11

ਅੰਨਾ ਹਜ਼ਾਰੇ :
ਤਹਿ ਹੇਠਾਂ  ਛੁਪੇ ਖਤਰੇ

ਅੰਨਾ ਹਜ਼ਾਰੇ ਵੱਲੋਂ ਜਨ-ਲੋਕਪਾਲ ਬਿਲ ਦੇ ਮੁੱਦੇ 'ਤੇ ਪੰਜ ਅਪ੍ਰੈਲ ਤੋਂ ਨੌਂ ਅਪ੍ਰੈਲ ਤੱਕ ਦਿੱਲੀ ਵਿੱਚ ਰੱਖੇ ਮਰਨ ਵਰਤ, ਇਸ ਮੁੱਦੇ 'ਤੇ ਮੁਲਕ ਦੇ ਸੈਂਕੜੇ ਸ਼ਹਿਰਾਂ 'ਚ ਮੱਧ-ਵਰਗੀ ਹਿੱਸਿਆਂ ਦੇ ਤੇਜੀ ਨਾਲ ਸੜਕਾਂ 'ਤੇ ਆਉਣ ਅਤੇ ਸਰਕਾਰ ਵੱਲੋਂ ਕੁਝ ਦਿਨਾਂ ਵਿੱਚ ਹੀ ਉਸਦੀਆਂ ਮੰਗਾਂ ਮੰਨ ਲੈਣ ਪਿੱਛੋਂ ਇਸ ਘਟਨਾਕਰਮ ਦੀ ਚਰਚਾ ਅਜੇ ਤੱਕ ਜਾਰੀ ਹੈ। ਭਾਵੇਂ ਕਈ ਕਾਰਨਾਂ ਕਰਕੇ ਇਸ ਦਾ ਸ਼ੁਰੂ ਵਾਲਾ ਚੁੰਧਿਆਊ ਪ੍ਰਭਾਵ ਮੱਧਮ ਪੈਣਾ ਸ਼ੁਰੂ ਹੋ ਗਿਆ ਹੈ।





Surkh Rekha (May-June) 2k11


ਅਪ੍ਰੇਸ਼ਨ ਗਰੀਨ ਹੰਟ ਦਾ ਫਾਸ਼ੀ ਚਿਹਰਾ- ਅਖਬਾਰਾਂ ਦੇ ਝਰੋਖੇ 'ਚੋਂ
ਕਬਾਇਲੀ ਪਿੰਡਾਂ 'ਤੇ ਕਹਿਰ

ਅਪ੍ਰੇਸ਼ਨ 11 ਮਾਰਚ ਨੂੰ ਪਹੁ ਫੁੱਟਣ ਤੋਂ ਪਹਿਲਾਂ ਸ਼ੁਰੂ ਹੋਇਆ। ਸਾਢੇ ਤਿੰਨ ਸੌ ਤੋਂ ਵੱਧ ਹਥਿਆਰਾਂ ਨਾਲ ਲੱਦੇ ਹੋਏ ਸੁਰੱਖਿਆ ਦਸਤੇ ਦਾਂਤੇਵਾੜਾ ਦੇ ਜੰਗਲਾਂ ਵਿੱਚ ਦਾਖਲ ਹੋਏ। ਪੰਜ ਦਿਨਾਂ ਬਾਅਦ ਉਹ ਆਪਣੀਆਂ ਬੈਰਕਾਂ ਵਿੱਚ ਵਾਪਸ ਪਰਤੇ। ਉਦੋਂ ਤੱਕ ਤਿੰਨ ਪਿੰਡਾਂ ਨੂੰ ਅੱਗਾਂ ਲਾਈਆਂ ਜਾ ਚੁੱਕੀਆਂ ਸਨ। ਤਿੰਨ ਸੌ ਘਰ ਫੂਕ ਦਿੱਤੇ ਗਏ ਸਨ। ਅਨਾਜ ਨਸ਼ਟ ਕਰ ਦਿੱਤਾ ਗਿਆ ਸੀ। ਤਿੰਨ ਵਿਅਕਤੀ ਮਾਰੇ ਜਾ ਚੁੱਕੇ ਸਨ ਅਤੇ ਤਿੰਨ ਔਰਤਾਂ ਦੀ ਇੱਜਤ ਲੁੱਟੀ ਜਾ ਚੁੱਕੀ ਸੀ। ਇਹ ਜਾਣਕਾਰੀ ਬਹੁਤ ਸਾਰੇ ਪੀੜਤਾਂ ਅਤੇ ਮੌਕੇ ਦੇ ਗਵਾਹਾਂ ਵੱਲੋਂ 'ਦੀ ਹਿੰਦੂ' ਦੇ ਪੱਤਰਕਾਰਾਂ ਨੂੰ ਦਿੱਤੀ ਗਈ। ਪਿਛਲੇ ਹਫਤੇ ਛੱਤੀਸਗੜ੍ਹ ਪੁਲਸ ਨੇ ਦੱਸਿਆ ਸੀ ਕਿ ਇੱਕ ਆਮ ਤਲਾਸ਼ੀ ਦੌਰਾਨ ਮਾਓਵਾਦੀਆਂ ਨੇ ਤਿੰਨ ਕੋਇਆ ਕਮਾਂਡੋਆਂ ਨੂੰ ਘਾਤ ਲਾ ਕੇ ਕੀਤੇ ਹਮਲੇ ਵਿੱਚ ਮਾਰ ਦਿੱਤਾ ਸੀ। ਪਰ ਜਦੋਂ ਪੱਤਰਕਾਰਾਂ ਨੇ ਮੌਕੇ 'ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਬੰਦੂਕਾਂ ਲਹਿਰਾਉਂਦੇ ਪੁਲਸ ਅਫਸਰਾਂ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ। ਇਹ ਪੱਤਰਕਾਰ ਇੱਕ ਜੰਗਲੀ ਰਸਤੇ ਰਾਹੀਂ ਇਲਾਕੇ ਵਿੱਚ ਪਹੁੰਚਿਆ। ਉਸਨੂੰ ਜੋ ਨਜ਼ਰ ਆਇਆ, ਉਹ ਸੁਰੱਖਿਆ ਬਲਾਂ ਵੱਲੋਂ ਤਿੰਨ ਕਬਾਇਲੀ ਬਸਤੀਆਂ 'ਤੇ ਕੀਤੇ ਹਮਲੇ ਦੀਆਂ ਨਿਸ਼ਾਨੀਆਂ ਸਨ। ਚਿੰਤਲਨਾਰ ਪੁਲਸ ਕੈਂਪ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਕੀਤੇ ਇਹਨਾਂ ਹਮਲਿਆਂ ਦੌਰਾਨ ਸੈਂਕੜੇ ਲੋਕ ਵਹਿਸ਼ੀ ਜਬਰ ਦਾ ਨਿਸ਼ਾਨਾ ਬਣੇ ਅਤੇ ਬੇਘਰੇ ਕਰ ਦਿੱਤੇ ਗਏ। ਥੱਲੇ ਜੋ ਵੇਰਵੇ ਦਿੱਤੇ ਜਾ ਰਹੇ ਹਨ ਉਹ ਪੇਂਡੁ ਲੋਕਾਂ ਨਾਲ ਹੋਈ ਗੱਲਬਾਤ 'ਤੇ ਅਧਾਰਤ ਹਨ, ਜਿਹਨਾਂ ਨੇ ਬਾਕਾਇਦਾ ਬਿਆਨ ਦਿੱਤੇ। ਇਸ ਤੋਂ ਇਲਾਵਾ, ਇਹ ਉਹਨਾਂ ਸੀਨੀਅਰ ਪੁਲਸ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ 'ਤੇ ਅਧਾਰਤ ਹਨ, ਜਿਹਨਾਂ ਨੇ ਇਸ ਸ਼ਰਤ 'ਤੇ ਖੁੱਲ੍ਹ ਕੇ ਗੱਲ ਕਰਨੀ ਕਬੂਲ ਕੀਤੀ ਕਿ ਉਹਨਾਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ ਜਾਵੇਗਾ। ਜਿਹਨਾਂ ਔਰਤਾਂ ਨਾਲ ਬਲਾਤਕਾਰ ਹੋਏ, ਉਹਨਾਂ ਦੀ ਪਛਾਣ ਛੁਪਾਉਣ ਲਈ ਨਾਂ ਬਦਲੇ ਗਏ ਹਨ।



ਬਿਨਾਇਕ ਸੇਨ ਦੀ ਜਮਾਨਤ :
''ਦੇਸ਼ ਧਰੋਹੀ'' ਕਿਵੇਂ ਹੋਇਆ? ਸੁਪਰੀਮ ਕੋਰਟ ਦੀ ਟਿੱਪਣੀ
ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਡਾ. ਬਿਨਾਇਕ ਸੇਨ ਨੂੰ ਜਮਾਨਤ ਦੇ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਜਮਹੂਰੀ ਹੱਕਾਂ ਦੇ ਇਸ ਕਾਰਕੁੰਨ ਖਿਲਾਫ ਬਗਾਵਤ ਦਾ ਕੋਈ ਕੇਸ ਨਹੀਂ ਬਣਦਾ। ਬਿਨਾਇਕ ਸੇਨ ਛੱਤੀਸਗੜ੍ਹ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਸਟਿਸ ਐਚ.ਐਸ. ਬੇਦੀ ਅਤੇ ਸੀ.ਕੇ. ਪ੍ਰਸਾਦ ਦੇ ਬੈਂਚ ਨੇ ਸੀਨੀਅਰ ਵਕੀਲ ਰਾਮ ਜੇਠ ਮਲਾਨੀ ਦੀਆਂ ਦਲੀਲਾਂ ਸੁਣਨ ਪਿੱਛੋਂ ਅਤੇ ਸਰਕਾਰ ਵੱਲੋਂ ਸੀਨੀਅਰ ਵਕੀਲ ਯੂ.ਜੀ. ਲਲਿਤ ਦੀਆਂ ਦਲੀਲਾਂ ਸੁਣਨ ਪਿੱਛੋਂ ਡਾ. ਸੇਨ ਨੂੰ ਜਮਾਨਤ ਦੇ ਦਿੱਤੀ।.. ..ਜਸਟਿਸ ਪ੍ਰਸਾਦ ਨੇ ਸ੍ਰੀ ਲਲਿਤ ਨੂੰ ਕਿਹਾ, ''ਅਸੀਂ ਇੱਕ ਜਮਹੂਰੀ ਮੁਲਕ ਹਾਂ। ਉਹ ਹਮਦਰਦ ਹੋ ਸਕਦਾ ਹੈ। ਇਸ ਨਾਲ ਉਹ ਦੇਸ਼ ਧਰੋਹ ਦਾ ਦੋਸ਼ੀ ਨਹੀਂ ਬਣਦਾ। ਉਸਨੇ ਤੁਲਨਾਤਮਕ ਮਿਸਾਲ ਦਿੰਦੇ ਹੋਏ ਸ੍ਰੀ ਲਲਿਤ ਨੂੰ ਪੁੱਛਿਆ, ''ਜੇ ਕਿਸੇ ਕੋਲੋਂ ਮਹਾਤਮਾ ਗਾਂਧੀ ਦੀ ਸਵੈ-ਜੀਵਨੀ ਬਰਾਮਦ ਹੋ ਜਾਂਦੀ ਹੈ ਤਾਂ ਕੀ ਉਸ ਨੂੰ ਗਾਂਧੀਵਾਦੀ ਕਿਹਾ ਜਾਵੇਗਾ? ਕਿਸੇ ਕੋਲੋਂ ਕੋਈ ਸਮੱਗਰੀ ਹਾਸਲ ਹੋਣ ਦੇ ਅਧਾਰ 'ਤੇ ਉਸ ਖਿਲਾਫ ਦੇਸ਼ ਧਰੋਹ ਦਾ ਕੋਈ ਕੇਸ ਨਹੀਂ ਬਣਦਾ, ਜਿੰਨਾ ਚਿਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਉਹ ਸਰਗਰਮੀ ਨਾਲ ਅਜਿਹੇ ਲੋਕਾਂ ਦੀ ਮੱਦਦ ਕਰ ਰਿਹਾ ਹੈ ਅਤੇ ਉਹਨਾਂ ਨੂੰ ਪਨਾਹ ਦੇ ਰਿਹਾ ਹੈ।''.. ..ਜਸਟਿਸ ਬੇਦੀ ਨੇ ਸ੍ਰੀ ਲਲਿਤ ਨੂੰ ਕਿਹਾ, ''ਤੁਹਾਡਾ ਮੁੱਖ ਦੋਸ਼ ਹੈ ਕਿ ਡਾ. ਸੇਨ 11 ਮਹੀਨਿਆਂ 'ਚ 33 ਵਾਰ ਸਾਨਿਆਲ ਨੂੰ ਜੇਲ੍ਹ ਵਿੱਚ ਮਿਲਿਆ ਅਤੇ ਮਾਓਵਾਦੀ ਵਿਚਾਰਾਂ ਦਾ ਕੁਝ ਸਾਹਿਤ ਉਸ ਕੋਲੋਂ ਬਰਾਮਦ ਹੋਇਆ। ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਜਿਹੀ ਸਮੱਗਰੀ ਦੇ ਅਧਾਰ 'ਤੇ ਹੀ ਕਿਸੇ ਖਿਲਾਫ ਦੇਸ਼ ਧਰੋਹ ਦਾ ਕੇਸ ਬਣਦਾ ਹੈ।.. ..ਸਰਕਾਰ ਦੇ ਵਕੀਲ ਸ੍ਰੀ ਲਲਿਤ ਨੇ ਕਿਹਾ ਕਿ ਡਾ. ਸੇਨ ਨੇ ਜੇਲ੍ਹ ਦੇ ਦੌਰੇ ਕੀਤੇ ਅਤੇ ਕੈਦੀ ਗੁਹਾ ਨਾਲ ਅਤੇ ਹੋਰਨਾਂ ਨਾਲ ਦਸਤਾਵੇਜ਼ਾਂ ਦਾ ਵਟਾਂਦਰਾ ਕੀਤਾ। ਜਸਟਿਸ ਬੇਦੀ ਨੇ ਟਿੱਪਣੀ ਕੀਤੀ ਜੇਲ੍ਹ ਦਾ ਸਟਾਫ ਕੈਦੀਆਂ ਨੂੰ  ਮਿਲਣ ਵਾਲਿਆਂ ਦੀ ਪੜਤਾਲ ਕਰਦਾ ਹੈ ਅਤੇ ਤਲਾਸ਼ੀ ਲੈਂਦਾ ਹੈ ਅਤੇ ਅਜਿਹੀਆਂ ਮੀਟਿੰਗਾਂ ਜੇਲ੍ਹਰਾਂ ਦੀ ਹਾਜ਼ਰੀ ਵਿੱਚ ਹੁੰਦੀਆਂ ਹਨ। ਇਹਨਾਂ ਸਭ ਗੱਲਾਂ ਦੀ ਨਿਗਰਾਨੀ ਲਈ ਜੇਲ੍ਹਰ ਹਾਜ਼ਰ ਹੁੰਦੇ ਹਨ। ਇਸ ਕਰਕੇ ਚਿੱਠੀਆਂ ਜਾਂ ਦਸਤਾਵੇਜ਼ ਕੈਦੀਆਂ ਕੋਲ ਪਹੁੰਚਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।'' (ਦੀ ਹਿੰਦੂ, 15 ਅਪ੍ਰੈਲ 2011)


ਵਿੱਕੀਲੀਕਸ ਦੇ ਝਰੋਖੇ 'ਚੋਂ:
ਭਾਰਤੀ ਸਿਆਸਤਦਾਨਾਂ ਦੇ ਕੌਮ-ਧਰੋਹੀ ਚਿਹਰੇ


ਕੇਂਦਰ ਸਰਕਾਰ ਦਾ ਸਰਕੂਲਰ :
ਕਿਸਾਨ ਹਿੱਤਾਂ 'ਤੇ ਇੱਕ ਹੋਰ ਹਮਲਾ



ਕੇਂਦਰ ਸਰਕਾਰ ਦਾ ਨਵਾਂ ਪੈਨਸ਼ਨ ਬਿਲ
ਮਜ਼ਦੂਰ-ਮੁਲਾਜ਼ਮ ਹਿੱਤਾਂ 'ਤੇ ਹਮਲਾ
24 ਮਾਰਚ ਨੂੰ ਯੂ.ਪੀ.ਏ. ਸਰਕਾਰ ਨੇ ਪਾਰਲੀਮੈਂਟ ਵਿੱਚ ਪੈਨਸ਼ਨ ਫੰਡ ਨਿਯਮੀਕਰਨ ਅਤੇ ਵਿਕਾਸ ਅਥਾਰਟੀ ਬਿਲ (ਪੀ.ਐਫ.ਆਰ.ਡੀ.ਏ.) ਦੁਬਾਰਾ ਪੇਸ਼ ਕੀਤਾ ਹੈ। ਇਹ ਬਿਲ ਬੀ.ਜੇ.ਪੀ. ਦੀ ਹਮਾਇਤ ਨਾਲ ਪੇਸ਼ ਕੀਤਾ ਗਿਆ ਹੈ। 2005 'ਚ ਵੀ ਪਾਰਲੀਮੈਂਟ ਵਿੱਚ ਅਜਿਹਾ ਬਿਲ ਪੇਸ਼ ਹੋਇਆ ਸੀ। 2009 'ਚ ਯੂ.ਪੀ.ਏ. ਸਰਕਾਰ ਨੇ ਇਸ 'ਚ ਕੁਝ ਸੋਧਾਂ ਤਜਵੀਜ ਕੀਤੀਆਂ। ਪਰ ਇਹ ਬਿਲ ਪਾਸ ਕਰਵਾਉਣ ਦਾ ਅਮਲ ਸਿਰੇ ਚੜ੍ਹਨ ਤੋਂ ਪਹਿਲਾਂ ਹੀ 14ਵੀਂ ਲੋਕ ਸਭਾ ਸਮਾਪਤ ਹੋ ਗਈ। ਹੁਣ ਇਸ ਬਿਲ ਨੂੰ ਨਿੱਕੀਆਂ ਮੋਟੀਆਂ ਤਬਦੀਲੀਆਂ ਨਾਲ ਮੁੜ ਪੇਸ਼ ਕੀਤਾ ਗਿਆ ਹੈ।

Surkh Rekha (May-June) 2k11

ਜਬਰੀ ਜ਼ਮੀਨ ਐਕਵਾਇਰ ਕਰਨ ਵਿਰੁੱਧ ਕਿਸਾਨ ਤੇ ਖੇਤ ਮਜ਼ਦੂਰ ਸੰਘਰਸ਼ ਦੇ ਰਾਹ 'ਤੇ
—ਪੱਤਰਕਾਰਾਂ ਵੱਲੋਂ
ਵੱਡਾ ਹਮਲਾ
ਪੰਜਾਬ ਦੇ ਮਾਲਵਾ ਖੇਤਰ ਵਿੱਚ ਕਿਸਾਨਾਂ ਤੋਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਦਾ ਮੁੱਦਾ ਇੱਕ ਵਾਰ ਫੇਰ ਉੱਭਰ ਕੇ ਸਾਹਮਣੇ ਆ ਚੁੱਕਾ ਹੈ। ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਬਲਾਕ ਦੇ ਪਿੰਡ ਗੋਬਿੰਦਪੁਰਾ, ਜਲਵੇੜੀ, ਸਿਰਸੀਵਾਲਾ ਤੇ ਬਰੇਟਾ ਵਿਖੇ 925 ਏਕੜ, ਮੁਕਤਸਰ ਜ਼ਿਲ੍ਹੇ ਵਿੱਚ ਗਿੱਦੜਬਾਹਾ ਬਲਾਕ ਦੇ ਪਿੰਡ ਥੇਹੜ੍ਹੀ, ਘੱਗਾ ਤੇ ਬਬਾਣੀਆਂ ਵਿਖੇ 2004 ਏਕੜ ਅਤੇ 100 ਏਕੜ ਦੇ ਕਰੀਬ ਮਜ਼ਦੂਰ ਬਸਤੀ ਵਾਲੀ ਜਗਾ ਤੇ ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਨਾਲ ਲੱਗਦੇ ਪਿੰਡਾਂ 'ਚ 1200 ਏਕੜ ਦੇ ਕਰੀਬ ਜ਼ਮੀਨ ਥਰਮਲ ਪਲਾਟਾਂ ਲਈ ਐਕਵਾਇਰ ਕਰਨ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਕਬਜ਼ਾ ਲੈਣ ਦੀ ਕਾਰਵਾਈ ਵੱਲ ਵਧਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਹੀ ਰਾਮਾਮੰਡੀ ਅਤੇ ਰਿਫਾਇਨਰੀ ਦੇ ਘੇਰੇ 'ਚ ਪੈਂਦੇ 41 ਪਿੰਡਾਂ ਦੀ 1 ਲੱਖ 37 ਹਜ਼ਾਰ 500 ਏਕੜ ਜ਼ਮੀਨ ਸਨਅੱਤੀ ਜ਼ੋਨ ਲਈ ਐਲਾਨ ਕੀਤੀ ਜਾ ਚੁੱਕੀ ਹੈ।
ਜਬਰੀ ਜ਼ਮੀਨਾਂ ਖੋਹਣ ਦੇ ਇਸ ਸਰਕਾਰੀ ਹੱਲੇ ਨੇ ਜਿਥੇ ਇਸਦੀ ਮਾਰ ਹੇਠ ਆਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਬਿਪਤਾ ਖੜ੍ਹੀ ਕਰ ਦਿੱਤੀ ਹੈ, ਉਥੇ ਉਹਨਾਂ 'ਚ ਰੋਸ ਤੇ ਗੁੱਸੇ ਨੂੰ ਜਨਮ ਦੇ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ ਲਈ ਵੀ ਮਜਬੂਰ ਕਰ ਦਿੱਤਾ ਹੈ। ਜ਼ਿਲ੍ਹਾ ਬਠਿੰਡਾ ਦੇ 41 ਪਿੰਡਾਂ ਦੀ ਜ਼ਮੀਨ  ਨੂੰ ਸਨਅੱਤੀ ਜ਼ੋਨ ਐਲਾਨੇ ਜਾਣ ਅਤੇ ਇਸਦਾ ਮਾਸਟਰ ਪਲਾਨ ਤਿਆਰ ਹੋ ਕੇ, ਬਣ ਚੁੱਕੇ ਨਕਸ਼ਿਆਂ ਦੀਆਂ ਖਬਰਾਂ ਆਉਣ ਨਾਲ ਪਿੰਡਾਂ ਵਿੱਚ ਹਾਹਾਕਾਰ ਮੱਚ ਗਈ। ਉਜਾੜੇ ਦੀ ਚਿੰਤਾ ਲੋਕਾਂ ਦੀ ਨੀਂਦ ਹਰਾਮ ਕਰਨ ਲੱਗੀ।
‘ਟਾਕਰੇ ਦਾ ਝੰਡਾ ਬੁਲੰਦ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਨੇ ਇਹਨਾਂ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਵਿਸ਼ੇਸ਼ ਦਿਲਚਸਪੀ ਦਿਖਾਈ। ਜ਼ਿਲ੍ਹਾ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕਰਕੇ ਪਿੰਡ ਪਿੰਡ ਯੂਨੀਅਨ ਵਰਕਰਾਂ ਦੀਆਂ ਟੀਮਾਂ ਭੇਜੀਆਂ ਗਈਆਂ, ਜਿਹਨਾਂ ਨੇ ਪਿੰਡਾਂ ਦੇ ਲੋਕਾਂ ਦੀਆਂ ਮੀਟਿੰਗਾਂ ਕਰਵਾ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਅਤੇ ਰਿਪੋਰਟਾਂ ਇਕੱਠੀਆਂ ਕੀਤੀਆਂ। ਸਾਰੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਜ਼ਮੀਨਾਂ ਦੇਣ ਤੋਂ ਇਨਕਾਰ ਕਰਦੇ ਹੋਏ, ਜ਼ਮੀਨਾਂ ਦੀ ਰਾਖੀ ਲਈ ਲੜਨ ਦੇ ਇਰਾਦੇ ਪ੍ਰਗਟਾਏ। ਇਸ 'ਤੇ ਸਭਨਾਂ ਪਿੰਡਾਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਇਲਾਕੇ ਵਿੱਚ ਝੰਡਾ ਮਾਰਚ ਕੀਤਾ ਗਿਆ।
ਪਿੰਡ ਪਿੰਡ ਹੋ ਰਹੀ ਜਨਤਕ ਲਾਮਬੰਦੀ ਤੋਂ ਬੁਖਲਾ ਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਇਲਾਕੇ ਵਿੱਚ ਅਫਵਾਹਾਂ ਫੈਲਾਈਆਂ ਕਿ ਯੂਨੀਅਨ ਵਾਲੇ ਐਵੇਂ ਲੋਕਾਂ ਨੂੰ ਭੜਕਾ ਰਹੇ ਹਨ। ਪਰ ਉਸਦੇ ਇਹਨਾਂ ਹੱਥਕੰਡਿਆਂ ਨੂੰ ਫਲ ਨਾ ਪਿਆ।
ਇਸ ਦੌਰਾਨ ਹੀ ਜ਼ਮੀਨਾਂ ਬਚਾਉਣ ਦੇ ਇਸ ਸੰਘਰਸ਼ ਨੂੰ ਸਾਂਝੇ ਤੌਰ 'ਤੇ ਲੜਨ ਦਾ ਫੈਸਲਾ ਹੋ ਗਿਆ। ਸਿੱਟੇ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸਾਂਝੇ ਤੌਰ 'ਤੇ ਪੱਕਾ ਕਲਾਂ ਪਿੰਡ ਵਿਖੇ ਇੱਕ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ। 26 ਮਾਰਚ ਨੂੰ ਹੋਈ ਇਸ ਕਾਨਫਰੰਸ ਵਿੱਚ 2000 ਦੇ ਕਰੀਬ ਕਿਸਾਨ ਮਰਦਾਂ ਔਰਤਾਂ ਸ਼ਾਮਲ ਹੋਏ।
ਕਿਸਾਨਾਂ ਦੇ ਵਧ ਰਹੇ ਰੋਸ ਨੂੰ ਭਾਂਪਦਿਆਂ ਮੁੱਖ ਮੰਤਰੀ ਤੇ ਉੱਪ-ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਛਲਾਵੇ ਦੀ ਖੇਡ 'ਤੇ ਉੱਤਰਦੇ ਹੋਏ ਇਹ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ ਕਿ ਸਨਅੱਤੀ ਜ਼ੋਨ ਲਈ ਸਰਕਾਰ ਜ਼ਮੀਨ ਐਕਵਾਇਰ ਨਹੀਂ ਕਰੇਗੀ। ਮੁੱਖ ਮੰਤਰੀ ਦੇ ਕਹਿਣ ਦਾ ਅਰਥ ਇਹ ਹੈ ਕਿ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਸਰਕਾਰ ਵੱਖ ਵੱਖ ਢੰਗਾਂ ਰਾਹੀਂ ਗੁੱਝੇ ਰੂਪ ਵਿੱਚ ਰੋਲ ਨਿਭਾਵੇਗੀ ਅਤੇ ਪਰਦੇ ਦੇ ਪਿੱਛੇ ਰਹਿਣ ਦੀ ਕੋਸ਼ਿਸ਼ ਕਰੇਗੀ, ਜ਼ਾਹਰਾ ਤੌਰ 'ਤੇ ਆਹਮੋ-ਸਾਹਮਣੇ ਸਨਅੱਤੀ ਘਰਾਣੇ ਅਤੇ ਕਿਸਾਨਾਂ ਦੇ ਵਾਰਤਾਲਾਪ ਹੋਣਗੇ।
ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਬਲਾਕ ਵਿੱਚ ਪ੍ਰਾਈਵੇਟ ਕੰਪਨੀ ਲਈ ਜ਼ਮੀਨ ਐਕਵਾਇਰ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਅਗਵਾਈ ਵਿੱਚ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾ ਰਿਹਾ ਹੈ। ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਬਾਅਦ ਪਿੰਡਾਂ ਦੇ ਕਿਸਾਨਾਂ ਵੱਲੋਂ ਐਸ.ਡੀ.ਐਮ. ਦਫਤਰ ਅੱਗੇ ਧਰਨਾ ਦਿੱਤਾ ਗਿਆ। ਕੁੱਝ ਦਿਨਾਂ ਬਾਅਦ ਐਸ.ਡੀ.ਐਮ. ਦਫਤਰ ਦਾ ਘੇਰਾਓ ਕੀਤਾ ਗਿਆ ਅਤੇ ਬਰੇਟਾ ਤੇ ਬੁਢਲਾਡਾ ਵਿਖੇ ਟਰੈਫਿਕ ਜਾਮ ਕੀਤੇ ਗਏ। ਤਹਿਸੀਲਦਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਕਿ ਲੋਕ ਜ਼ਮੀਨ ਨਹੀਂ ਦੇਣਾ ਚਾਹੁੰਦੇ। ਪਰ ਇਸਦੇ ਦੇ ਬਾਵਜੂਦ ਜਦੋਂ ਕੁਝ ਕੁ ਛੋਟੇ ਕਿਸਾਨਾਂ ਨੂੰ ਚੈੱਕ ਵੰਡ ਕੇ ਸੰਘਰਸ਼ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਢਾਈ-ਤਿੰਨ ਸੌ ਦੇ ਕਰੀਬ ਮਰਦ ਔਰਤਾਂ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਸਰਕਾਰ ਦੀ ਅਰਥੀ ਘੁਮਾ ਕੇ ਐਸ.ਡੀ.ਐਮ. ਦਫਤਰ ਅੱਗੇ ਸਾੜ ਕੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
ਇਸ 'ਤੇ ਪ੍ਰਸਾਸ਼ਨ ਵੱਲੋਂ ਲੋਕਾਂ ਵਿੱਚ ਦਹਿਸ਼ਤ ਪਾ ਕੇ ਉਹਨਾਂ ਨੂੰ ਚੁੱਪ ਕਰਵਾਉਣ ਦੇ ਮਕਸਦ ਨਾਲ ਗੋਬਿੰਦਪੁਰਾ ਪਿੰਡ ਵਿੱਚ ਪੁਲਸ ਦੀ ਭਾਰੀ ਨਫਰੀ ਨਾਲ ਮਾਰਚ ਕੀਤਾ ਗਿਆ, ਜਿਸ ਨੂੰ ਤੁਰੰਤ ਹਰਕਤ ਵਿੱਚ ਆਏ ਲੋਕਾਂ ਵੱਲੋਂ ਚਕਨਾਚੂਰ ਕੀਤਾ ਗਿਆ।
ਮੰਗਾਂ ਦੇ ਨਿਤਾਰੇ ਲਈ ਚਰਚਾ
ਅੱਜ ਕੱਲ੍ਹ ਜ਼ਮੀਨਾਂ ਦੇ ਰੇਟ ਵਧੇ ਹੋਣ ਕਰਕੇ ਗਿੱਦੜਬਾਹਾ ਇਲਾਕੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਪ੍ਰਤੀ ਕਿੱਲਾ ਦਿੱਤੇ ਜਾ ਰਹੇ 21-22 ਲੱਖ ਰੁਪਏ ਨਾਲ ਵੀ ਬਰਾਬਰ ਦੀ ਜ਼ਮੀਨ ਨਾ ਬਣਨ ਕਰਕੇ ਪਿੰਡ ਥੇਹੜੀ, ਘੱਗਾ ਤੇ ਬਬਾਣੀਆਂ ਦੇ ਕਿਸਾਨਾਂ ਵੱਲੋਂ ਪਿੰਡ ਦੇ ਬੱਸ ਅੱਡੇ 'ਤੇ ਲਗਾਤਾਰ ਧਰਨਾ ਸ਼ੁਰੂ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ। ਇਸ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਬੀ.ਕੇ.ਯੂ. ਏਕਤਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੱਕ ਪਹੁੰਚ ਕੀਤੀ ਗਈ। ਦੋਹਾਂ ਜਥੇਬੰਦੀਆਂ ਵੱਲੋਂ ਕੀਤੀ ਜਾਂਚ ਪੜਤਾਲ ਉਪਰੰਤ ਇਹ ਤੱਥ ਉੱਭਰ ਕੇ ਸਾਹਮਣੇ ਆਏ ਕਿ ਕੁੱਲ 2004 ਏਕੜ ਜ਼ਮੀਨ ਵਿੱਚੋਂ 400 ਏਕੜ ਦੇ ਕਰੀਬ ਸੇਮ ਮਾਰੀ ਜ਼ਮੀਨ ਹੈ, ਜੋ ਉਪਜਾਊ ਨਹੀਂ ਹੈ। ਇਸ ਜ਼ਮੀਨ ਦੇ ਲੱਗਭੱਗ ਸਾਰੇ ਮਾਲਕ ਮਿੱਥੇ ਹੋਏ ਰੇਟ 'ਤੇ ਹੀ ਜ਼ਮੀਨ ਦੇਣ ਲਈ ਤਿਆਰ ਹਨ। ਪਰ ਉਪਜਾਊ ਜ਼ਮੀਨਾਂ ਦੇ ਮਾਲਕ ਇਸ ਲਈ ਰਾਜ਼ੀ ਨਹੀਂ ਹਨ। ਇਸ ਲਈ ਉਪਜਾਊ ਜ਼ਮੀਨਾਂ ਅਤੇ ਮਜ਼ਦੂਰ ਬਸਤੀ ਦੀਆਂ ਜ਼ਮੀਨਾਂ ਨੂੰ ਛੱਡ ਕੇ, ਸੇਮ ਮਾਰੀ ਜ਼ਮੀਨ ਥਰਮਲ ਲਈ ਐਕਵਾਇਰ ਕਰਨ ਦੀ ਮੰਗ ਅਨੁਸਾਰ ਨੋਟੀਫਿਕੇਸ਼ਨ ਵਿੱਚ ਸੋਧ ਕਰਵਾਉਣ ਦੀ ਮੰਗ ਰੱਖੀ ਜਾਵੇ ਅਤੇ ਜਿਸ ਕਿਸਾਨ ਦੀ ਜ਼ਮੀਨ ਥਰਮਲ ਵਿੱਚ ਜਾਂਦੀ ਹੈ, ਉਸ ਦੇ ਪ੍ਰਵਾਰ ਦੇ ਇੱਕ ਜੀਅ ਨੂੰ ਯੋਗਤਾ ਅਨੁਸਾਰ ਪੱਕੀ ਨੌਕਰੀ ਦਿੱਤੀ ਜਾਵੇ।
ਇਸ ਤੋਂ ਇਲਾਵਾ, ਇਹਨਾਂ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਪਹਿਲ ਦੇ ਅਧਾਰ 'ਤੇ ਰੁਜ਼ਗਾਰ ਦੇਣ ਵਰਗੀਆਂ ਮੰਗਾਂ ਦਾ ਨਿਤਾਰਾ ਕੀਤਾ ਗਿਆ। ਇਹਨਾਂ ਮੰਗਾਂ ਨੂੰ ਉਭਾਰਨ ਤੇ ਇਸ ਮੁੱਦੇ 'ਤੇ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕੰਨ੍ਹਾਂ ਲਾਉਣ ਦੇ ਫੈਸਲੇ ਨੂੰ ਉਭਾਰਨ ਲਈ 31 ਮਾਰਚ ਨੂੰ ਪਿੰਡ ਥੇਹੜੀ ਵਿਖੇ ਜ਼ਿਲ੍ਹਾ ਪੱਧਰੀ ਸਾਂਝੀ ਕਾਨਫਰੰਸ ਕੀਤੀ ਗਈ। ਦੋਹਾਂ ਜਥੇਬੰਦੀਆਂ ਅਤੇ ਸਥਾਨਕ ਸੰਘਰਸ਼ ਕਮੇਟੀ ਵੱਲੋਂ ਕੀਤੀ ਇਸ ਕਾਨਫਰੰਸ ਵਿੱਚ 1500 ਦੇ ਲੱਗਭੱਗ ਕਿਸਾਨ ਅਤੇ ਖੇਤ ਮਜ਼ਦੂਰ ਔਰਤਾਂ ਵੱਲੋਂ ਹਿੱਸਾ ਲਿਆ ਗਿਆ। ਕਾਨਫਰੰਸ ਤੋਂ ਬਾਅਦ ਪਿੰਡ ਵਿੱਚ ਮੁਜਾਹਰਾ ਕੀਤਾ ਗਿਆ। ਲੋਕਾਂ ਨੂੰ ਕਾਨਫਰੰਸ ਵਿੱਚ ਆਉ੍ਹਣੋ ਰੋਕਣ ਲਈ ਮੁਕਤਸਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਬੁਲਾਈ ਭਾਰੀ ਪੁਲਸ ਫੋਰਸ ਵੱਲੋਂ ਥੇਹੜੀ ਵਿੱਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਕਾਨਫਰੰਸ ਤੋਂ ਬਾਅਦ ਇਲਾਕੇ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਅਕਾਲੀ ਜਥੇਦਾਰਾਂ ਵੱਲੋਂ ਲੋਕਾਂ ਵਿੱਚ ਫੁੱਟ ਪਾ ਕੇ ਘੋਲ ਨੂੰ ਸਾਬੋਤਾਜ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਮਕਸਦ ਨਾਲ ਸੇਮ ਮਾਰੀ ਜ਼ਮੀਨ ਦੇ ਮਾਲਕ ਕੁੱਝ ਕਿਸਾਨਾਂ ਨੂੰ ਵਰਗਲਾ ਕੇ ਧਰਨਾ ਲੁਆਇਆ ਗਿਆ ਅਤੇ ਅਖਬਾਰਾਂ ਰਾਹੀਂ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਕਿ ਸਾਰੇ ਹੀ ਕਿਸਾਨ ਥਰਮਲ ਲਈ ਆਪਣੀਆਂ ਜ਼ਮੀਨਾਂ ਦੇਣ ਲਈ ਤਿਆਰ ਹਨ।
ਇਸੇ ਦੌਰਾਨ ਥਰਮਲ ਲਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਨੇ ਜਦ ਧੱਕੇ ਨਾਲ ਕਿਸਾਨਾਂ ਦੀਆਂ ਜਮੀਨਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਇਕੱਠੇ ਹੋਏ ਲੋਕਾਂ ਨੇ ਉਹਨਾਂ ਨੂੰ ਰੋਕ ਦਿੱਤਾ। ਇਸ 'ਤੇ ਜਦ ਉਹਨਾਂ ਨੇ ਗਿੱਦੜਬਾਹਾ ਥਾਣੇ ਕਿਸਾਨਾਂ ਦੀ ਸ਼ਕਾਇਤ ਕੀਤੀ ਤਾਂ ਸੌ ਸਵਾ ਸੌ s s ਕਿਸਾਨ ਥਾਣੇ ਜਾ ਪੁਜੇ ਅਤੇ ਪੁਲਸ ਨੂੰ ਸ਼ਿਕਾਇਤ ਵਾਲੀ ਦਰਖਾਸਤ ਰੱਦ ਕਰਨ ਲਈ ਮਜਬੂਰ ਕੀਤਾ।
ਜ਼ਮੀਨਾਂ ਜਬਰੀ ਐਕਵਾਇਰ ਕਰਨ ਵਿਰੁੱਧ ਤਿੰਨ ਥਾਵਾਂ 'ਤੇ ਚੱਲੀ ਮੁਹਿੰਮ ਦੌਰਾਨ ਕੀਤੀਆਂ ਮੀਟਿੰਗਾਂ, ਕਾਨਫਰੰਸਾਂ, ਧਰਨੇ ਘੇਰਾਓ ਅਤੇ ਟਰੈਫਿਕ ਜਾਮਾਂ ਸਮੇਂ ਕੀਤੇ ਪ੍ਰਚਾਰ ਦੇ ਜਿਹਨਾਂ ਨੁਕਤਿਆਂ ਨੂੰ ਉਭਾਰਿਆ ਗਿਆ, ਉਹਨਾਂ ਦਾ ਸਾਰ ਤੱਤ ਇਸ ਤਰ੍ਹਾਂ ਹੈ- ਪਹਿਲਾਂ ਕਰਜ਼ੇ ਅਤੇ ਗਰੀਬੀ ਦੇ ਭੰਨੇ ਕਿਸਾਨਾਂ ਤੇ ਮਜ਼ੂਦਰਾਂ ਨੂੰ ਇਸ ਹਾਲਤ ਵਿੱਚੋਂ ਬਾਹਰ ਕੱਢਣ ਲਈ ਜਮੀਨਾਂ ਦੀ ਸਹੀ ਵੰਡ ਕਰਕੇ ਖੁੱਸੀਆਂ ਜ਼ਮੀਨਾਂ ਦੀ ਮੁੜ ਵਾਪਸੀ ਕੀਤੀ ਜਾਵੇ, ਨਹੀਂ ਤਾਂ ਇਸਦਾ ਸਿੱਟਾ ਸਰਕਾਰ ਵੱਲੋਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਰਾਹੀਂ ਕਿਸਾਨਾਂ ਨੂੰ ਹੋਰ ਖੁਦਕੁਸ਼ੀਆਂ ਦੇ ਰਾਹ ਧੱਕਣ ਵਿੱਚ ਨਿਕਲੇਗਾ। ਕਿਸਾਨਾਂ ਕੋਲੋਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਦਾ ਮੁੱਦਾ ਟੁੱਟਵਾਂ ਇਕਹਿਰਾ ਨਹੀਂ, ਸਗੋਂ ਇਹ ਸਰਕਾਰ ਦੀ ਉਸੇ ਨੀਤੀ ਦਾ ਹਿੱਸਾ ਹੈ ਜੀਹਦੇ ਤਹਿਤ ਸਰਕਾਰੀ ਮਹਿਕਮੇ ਪ੍ਰਾਈਵੇਟ ਕੀਤਾ ਜਾ ਰਹੇ ਹਨ, ਸਬਸਿਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ ਦੀ ਨੀਤੀ ਅਪਣਾਈ ਹੋਈ ਹੈ। ਜਿਵੇਂ ਥਰਮਲ ਉਸਾਰ ਕੇ ਬਿਜਲੀ ਪੈਦਾ ਕਰਨ ਦੇ ਨਾਂ 'ਤੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ, ਅਸਲ ਵਿੱਚ ਇਸਦਾ ਮਨੋਰਥ ਸੱਚੀਮੁੱਚੀਂ ਬਿਜਲੀ ਪੈਦਾਵਾਰ ਵਧਾਉਣਾ ਨਹੀਂ ਹੈ। ਜੇਕਰ ਬਿਜਲੀ ਹੀ ਪੈਦਾ ਕਰਨੀ ਹੋਵੇ ਤਾਂ ਥਰਮਲਾਂ ਦੀ ਥਾਂ ਪਣ-ਬਿਜਲੀ ਪਰਜੈਕਟਾਂ, ਸੂਰਜੀ ਊਰਜਾ ਤੇ ਪੌਣ-ਊਰਜਾ ਵਰਗੇ ਸਰੋਤਾਂ ਰਾਹੀਂ ਨਾ ਸਿਰਫ ਬਿਜਲੀ ਦੀ ਅਥਾਹ ਪੈਦਾਵਾਰ ਕੀਤੀ ਜਾ ਸਕਦੀ ਹੈ ਬਲਕਿ ਇਹ ਸਸਤੀ ਵੀ ਹੋਵੇਗੀ। ਜਥੇਬੰਦ ਤਾਕਤ ਤੇ ਭੇੜੂ ਘੋਲਾਂ ਰਾਹੀਂ ਸਰਕਾਰ ਦੇ ਇਹਨਾਂ ਫੈਸਲਿਆਂ ਨੂੰ ਬਦਲ ਸਕਣ ਦੀ ਹਕੀਕੀ ਹਾਲਤ 'ਤੇ ਵੀ ਝਾਤ ਪੁਆਈ ਗਈ, ਇਸ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਸਾਂਝ ਤੇ ਘੋਲ ਮੋਰਚੇ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਭਰਤੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ।
ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨਾਂ ਐਕਵਾਇਰ ਨਾ ਕਰਨ ਦੇ ਦਾਅਵੇ ਕਰਨ ਵਾਲੀ ਬਾਦਲ ਸਰਕਾਰ ਵੱਲੋਂ ਕਿਸਾਨਾਂ ਦੇ ਭਾਰੀ ਵਿਰੋਧ ਅਤੇ ਚੋਣਾਂ ਨੇੜੇ ਹੋਣ ਕਰਕੇ ਭਾਰੀ ਸਿਆਸੀ ਕੀਮਤ ਚੁਕਾਉਣ ਦੇ ਪ੍ਰਤੱਖ ਦਿਸਦੇ ਖਤਰੇ ਦੇ ਬਾਵਜੂਦ, ਜ਼ਮੀਨਾਂ 'ਤੇ ਜਬਰੀ ਕਬਜ਼ੇ ਕਰਨ ਵੱਲ ਜਿਵੇਂ ਤੇਜੀ ਨਾਲ ਕਦਮ ਲਏ ਜਾ ਰਹੇ ਹਨ, ਉਹ ਇਸੇ ਗੱਲ ਦੇ ਸੰਕੇਤ ਕਰਦੇ ਹਨ ਕਿ ਹਾਕਮ ਜਮਾਤਾਂ ਵੱਲੋਂ ਆਰਥਿਕ ਸੁਧਾਰਾਂ ਨੂੰ ਲਾਗੁ ਕਰਨ ਲਈ ਕਾਫੀ ਹੱਦ ਤੱਕ ਸਿਆਸੀ ਹਰਜੇ ਝੱਲਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਸ ਲਈ ਅਜਿਹੇ ਹਮਲੇ ਨੂੰ ਹਾਕਮਾਂ ਲਈ ਵਿਆਪਕ ਸਿਰਦਰਦੀ ਖੜ੍ਹੀ ਕਰਨ ਵਾਲੀ ਵਿਸ਼ਾਲ ਤੇ ਭੇੜੂ ਕਿਸਾਨ ਲਹਿਰ ਦੇ ਬਲਬੂਤੇ ਹੀ ਠੱਲ੍ਹ ਪਾਈ ਜਾ ਸਕਦੀ ਹੈ।

ਨੌਜਵਾਨ ਭਾਰਤ ਸਭਾ ਦੀ ਸਥਾਪਨਾ
ਜਾਗੋ ਨੌਜੁਆਨ ਕਾਨਫਰੰਸ ਨੂੰ ਉਤਸ਼ਾਹੀ ਹੁੰਗਾਰਾ
—ਇੱਕ ਸਾਬਕਾ ਨੌਜੁਆਨ ਆਗੂ
6 ਮਾਰਚ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਵਿਖੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਨਵੈਨਸ਼ਨ  ਕੀਤੀਗਈ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ 200 ਦੇ ਲੱਗਭੱਗ ਨੌਜਵਾਨ ਸਰਗਰਮਾਂ ਨੇ ਹਿੱਸਾ ਲਿਆ। ਸਥਾਪਨਾ ਕਨਵੈਨਸ਼ਨ ਵਿੱਚ ਮੌਜੂਦਾ ਸਿਆਸੀ ਸਮਾਜਕ ਹਾਲਤ 'ਤੇ ਗੰਭੀਰ ਚਰਚਾ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੀ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ। ਸੂਬਾ ਜਥੇਬੰਦਕ ਕਮੇਟੀ ਦਾ ਐਲਾਨ ਕਰਦੇ ਹੋਏ, ਸੂਬਾ ਜਥੇਬੰਦਕ ਸਕੱਤਰ ਨੇ ਐਲਾਨ ਕੀਤਾ ਕਿ ਮੌਜੂਦਾ ਨੌਜਵਾਨ ਭਾਰਤ ਸਭਾ ਸੱਤਰਵਿਆਂ ਦੇ ਦਹਾਕੇ ਦੀ ਨੌਜਵਾਨ ਭਾਰਤ ਸਭਾ ਦੀ ਵਿਰਾਸਤ ਨੂੰ ਅੱਗੇ ਤੋਰਨ ਅਤੇ ''ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਰਾਹ'' ਤੋਂ ਪਰੇਰਨਾ ਲੈਣ ਦਾ ਯਤਨ ਹੋਵੇਗਾ। ਜਥੇਬੰਦ ਸਕੱਤਰ ਵੱਲੋਂ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 'ਤੇ ਰਾਮਪੁਰਾ ਜ਼ਿਲ੍ਹਾ ਬਠਿੰਡਾ ਵਿਖੇ ਜਾਗੋ ਕਾਨਫਰੰਸ ਕਰਨ ਦਾ ਐਲਾਨ ਵੀ ਕੀਤਾ ਗਿਆ।
ਨੌਜਵਾਨ ਭਾਰਤ ਸਭਾ ਦੀ ਤਿਆਰੀ ਕਮੇਟੀ ਨੇ ਫਰਵਰੀ ਮਹੀਨੇ ਸ਼ਹੀਦ ਸਾਧੂ ਸਿੰਘ ਤਖਤੁਪੁਰਾ (ਜਿਸਨੇ ਆਪਣੇ ਇਨਕਲਾਬੀ ਜੀਵਨ ਦੀ ਸ਼ੁਰੂਆਤ ਸੱਤਰਵਿਆਂ ਦੇ ਵਰ੍ਹਿਆਂ ਦੌਰਾਨ ਮੋਗਾ ਇਲਾਕੇ ਵਿੱਚ ਨੌਜਵਾਨ ਭਾਰਤ ਸਭਾ ਜਥੇਬੰਦ ਕਰਨ ਰਾਹੀਂ ਕੀਤੀ ਸੀ ਅਤੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੁਬਾਈ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਸੀ, ਜਿਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜ਼ਮੀਨੀ ਮਸਲਿਆਂ 'ਤੇ ਕਿਸਾਨਾਂ ਨੂੰ ਜਥੇਬੰਦ ਕਰਦਿਆਂ ਅਕਾਲੀ ਦਲ (ਬਾਦਲ) ਦੇ ਇਲਾਕੇ ਦੇ ਲੀਡਰ ਅਤੇ ਭੋਇੰ-ਮਾਫੀਆ ਗਰੋਹ ਦੇ ਸਰਗਣੇ ਬੀਰ ਸਿੰਘ ਲੋਪੋਕੇ ਦੇ ਗੁੰਡਿਆਂ ਨੇ ਪਿਛਲੇ ਸਾਲ ਸ਼ਹੀਦ ਕਰ ਦਿੱਤਾ ਸੀ) ਦੀ ਪਹਿਲੀ ਬਰਸੀ ਦੀ ਤਿਆਰੀ ਵਿੱਚ ਸਰਗਰਮ ਰੋਲ ਨਿਭਾ ਕੇ ਸ਼ਰਧਾਂਜਲੀ ਸਮਾਗਮ ਵਿੱਚ ਬਸੰਤੀ ਪੱਗਾਂ ਬੰਨ੍ਹ ਕੇ ਸ਼ਾਮਲ ਹੋਏ 100 ਨੌਜਵਾਨਾਂ ਦੇ ਜਥੇ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਤੋਂ ਨੌਜਵਾਨਾਂ ਨੂੰ ਸ਼ਾਮਲ ਕਰਵਾ ਕੇ ਅਤੇ ਸ਼ਰਧਾਂਜਲੀ ਸਮਾਗਮ ਦੌਰਾਨ ਭਰਪੁਰ ਚੌਕਸੀ ਨਾਲ ਵਾਲੰਟੀਅਰ ਅਤੇ ਪ੍ਰਬੰਧਕੀ ਡਿਊਟੀਆਂ ਨਿਭਾ ਕੇ ਸ਼ਹੀਦ ਸਾਥੀ ਨੂੰ ਸਿਜਦਾ ਕੀਤਾ।
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਰਾਮਪੁਰੇ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ 'ਜਾਗੋ ਨੌਜਵਾਨ ਕਾਨਫਰੰਸ' ਦੇ ਦਿੱਤੇ ਸੱਦੇ ਅਨੁਸਾਰ, ਨੌਜਵਾਨਾਂ ਤੱਕ ਪਹੁੰਚ ਕਰਨ ਲਈ ਜਾਗੋ ਨੌਜਵਾਨ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਸ਼ਹੀਦਾਂ ਦੇ ਇਨਕਲਾਬੀ ਆਦਰਸ਼ਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਂਦਿਆਂ ਇਹਨਾਂ ਆਦਰਸ਼ਾਂ ਨੂੰ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਹਰ ਤਰ੍ਹਾਂ ਦੀ ਬਰਾਬਰੀ ਭਰਿਆ ਸਮਾਜ ਉਸਾਰਨ ਦਾ ਸ਼ਹੀਦਾਂ ਦਾ ਸੁਪਨਾ ਪੂਰਾ ਕਰਨ ਲਈ ਨੌਜਵਾਨਾਂ ਨੂੰ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ। ਖਾਸ ਤੌਰ 'ਤੇ ਦੋ ਮਸਲਿਆਂ ਨੂੰ ਉਭਾਰਿਆ ਗਿਆ। ਪਹਿਲਾ, ਸਭਨਾਂ ਲਈ ਰੁਜ਼ਗਾਰ ਗਾਰੰਟੀ ਅਤੇ ਬੇਰੁਜ਼ਗਾਰੀ ਭੱਤੇ ਦੀ ਮੰਗ ਅਤੇ ਦੂਜਾ, ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਾਜ਼ਾ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦਾ ਮਸਲਾ। ਰੁਜ਼ਗਾਰ ਪ੍ਰਾਪਤੀ ਲਈ ਚੱਲਦੇ ਸੰਘਰਸ਼ਾਂ ਨੂੰ ਬੇਰੁਜ਼ਗਾਰੀ ਵਿਰੋਧੀ ਵਿਸ਼ਾਲ ਨੌਜਵਾਨ ਲਹਿਰ ਵਿੱਚ ਬਦਲਣ ਦਾ ਸੱਦਾ ਦਿੱਤਾ ਗਿਆ। ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਸਾਮਰਾਜੀ ਨੀਤੀਆਂ ਖਿਲਾਫ ਸੰਘਰਸ਼ਾਂ ਨੂੰ ਸੇਧਤ ਕਰਨ ਦੀ ਲੋੜ ਉਭਾਰੀ ਗਈ।
ਮੁਹਿੰਮ ਦੌਰਾਨ, ਮੀਟਿੰਗਾਂ, ਰੈਲੀਆਂ, ਜਾਗੋ ਮਾਰਚਾਂ, ਪ੍ਰਭਾਤ ਫੇਰੀਆਂ ਆਦਿ ਦੀ ਲੜੀ ਚੱਲੀ ਹੈ। 7000 ਕੰਧ ਪੋਸਟਰ 20000 ਹੱਥ ਪਰਚਾ ਵੰਡਿਆ ਗਿਆ। ਕੁਝ ਕੁ ਪਿੰਡਾਂ ਵਿੱਚ ਨੌਜਵਾਨ ਕੁੜੀਆਂ ਦੀਆਂ ਮੀਟਿੰਗਾਂ ਹੋਈਆਂ। ਮੁਹਿੰਮ ਦੌਰਾਨ ਆਗੂ ਟੀਮਾਂ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
23 ਮਾਰਚ ਦੀ ਕਾਨਫਰੰਸ ਜਾਗੋ ਨੌਜਵਾਨ ਮੁਹਿੰਮ ਦਾ ਸਿਖਰ ਸੀ, ਜੀਹਦੇ ਤਹਿਤ ਹਜ਼ਾਰਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਦਰਸਾਏ ਇਨਕਲਾਬੀ ਮਾਰਗ 'ਤੇ ਚੱਲ ਕੇ ਆਪਣਾ ਤੇ ਕੌਮ ਦਾ ਭਵਿੱਖ ਸਿਰਜਣ ਦਾ ਸੱਦਾ ਦਿੱਤਾ ਗਿਆ।
ਸਮਾਗਮ ਦਾ ਪੰਡਾਲ ਸ਼ਹੀਦਾਂ ਦੀਆਂ ਤਸਵੀਰਾਂ, ਨਾਅਰਿਆਂ ਅਤੇ ਬੈਨਰਾਂ ਨਾਲ ਸਜਿਆ ਹੋਇਆ ਸੀ। ਪੰਜਾਬ ਦੇ 9 ਜ਼ਿਲ੍ਹਿਆਂ 'ਚੋਂ 2500 ਦੇ ਲੱਗਭੱਗ ਨੌਜਵਾਨ ਪੁੱਜੇ। ਕੁੜੀਆਂ ਦੀ ਗਿਣਤੀ ਪੌਣੇ ਦੋ ਸੈ ਦੇ ਕਰੀਬ ਸੀ। ਬਸੰਤੀ ਪੱਗਾਂ ਵਿੱਚ ਸਜੇ ਨੌਜਵਾਨਾਂ ਦੇ ਕਾਫਲਿਆਂ ਦੀ ਦਿੱਖ ਨਿਵੇਕਲੀ ਸੀ। ਇਨਕਲਾਬੀ ਗੀਤ ਤੇ ਕੋਰੀਓਗ੍ਰਾਫੀ ਉਪਰੰਤ ਸ਼ਹੀਦਾਂ ਦੀਆਂ ਫੋਟੋਆਂ 'ਤੇ ਸੂਬਾ ਜਥੇਬੰਦਕ ਕਮੇਟੀ ਵੱਲੋਂ ਨਾਅਰਿਆਂ ਦੀ ਗੂੰਜ ਵਿੱਚ ਫੁੱਲ ਭੇਟ ਕੀਤੇ ਗਏ।
ਪੰਜਾਬ ਅਸੈਂਬਲੀ ਵੱਲੋਂ ਮੜ੍ਹੇ ਗਏ ਨਵੇਂ ਕਾਲੇ ਕਾਨੂੰਨਾਂ ਖਿਲਾਫ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵਿੱਚ ਸ਼ਾਮਲ ਹੋ ਕੇ, ਨੌਜਵਾਨ ਭਾਰਤ ਸਭਾ, ਪੰਜਾਬ ਸਰਕਾਰ ਵੱਲੋਂ ਆਪਣੇ ਜਾਬਰ ਹਥਿਆਰਾਂ ਨੂੰ ਤਿੱਖੇ ਕਰਨ ਖਿਲਾਫ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿੱਚ ਸ਼ਰੀਕ ਹੋਈ ਹੈ ਅਤੇ 4 ਅਪ੍ਰੈਲ ਨੂੰ ਲੁਧਿਆਣੇ ਸੂਬਾਈ ਵਿਸ਼ਾਲ ਰੈਲੀ ਵਿਚ ਸ਼ਮੂਲੀਅਤ ਕੀਤੀ ਹੈ।
ਕਾਨਫਰੰਸ ਦੇ ਜੋਸ਼ੀਲੇ ਨੌਜਵਾਨ ਇਕੱਠ ਵੱਲੋਂ, ''ਜ਼ੰਜੀਰ ਤੋਂ ਤਕਦੀਰ ਵੱਲ'' ਚੇਤੰਨ ਅਤੇ ਸਾਬਤ ਕਦਮਾਂ ਨੂੰ ਅੱਗੇ ਵਧਾਉਣ ਦੇ ਕੀਤੇ ਅਹਿਦ ਨੇ ਸੱਤਰਵਿਆਂ ਦੇ ਦਹਾਕੇ ਵਿੱਚ ਪੰਜਾਬ ਦੀ ਜੁਆਨੀ ਦੀ ਜੁਬਾਨ 'ਤੇ ਮਚਲਦੇ ਅਤੇ ਮੱਥਿਆਂ 'ਤੇ ਲਿਸ਼ਕਦੇ, ਹਾਕਮਾਂ ਨੂੰ ਚੁਣੌਤੀ ਦਿੰਦੇ ਨਾਅਰੇ- ''ਅਸੀਂ ਜਿਉਂਦੇ ਅਸੀਂ ਜਾਗਦੇ'' ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਸੂਬਾ ਜਥੇਬੰਦਕ ਸਕੱਤਰ ਪਵੇਲ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਸੰਸਾਰ ਦੇ ਨੌਜਵਾਨਾਂ ਦੀਆਂ ਹੱਕੀ ਲਹਿਰਾਂ ਨਾਲ ਕਦਮਤਾਲ ਕਰਦਿਆਂ, ਮੁਲਕ ਵਿੱਚੋਂ ਸਾਮਰਾਜੀਆਂ ਦੇ ਦੇਸੀ ਲੁਟੇਰਿਆਂ ਦੀ ਲੁੱਟ-ਖਸੁੱਟ ਖਿਲਾਫ ਜਥੇਬੰਦ ਹੋਣ ਅਤੇ ਲੋਕ ਸੰਗਰਾਮਾਂ ਵਿੱਚ ਕੁੱਦਣ ਦਾ ਸੱਦਾ ਦਿੱਤਾ। ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ 23 ਮਾਰਚ ਦੇ ਸ਼ਹੀਦਾਂ ਦੇ ਇਨਕਲਾਬੀ ਆਦਰਸ਼ਾਂ ਬਾਰੇ ਗੱਲ ਕੀਤੀ। ਅਖੀਰ ਵਿੱਚ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਮਾਰਚ ਕੀਤਾ। ਸ਼ਹਿਰ ਵਾਸੀਆਂ ਲਈ ਅਨੁਸਾਸ਼ਤ ਨੌਜਵਾਨਾਂ ਦਾ ਇਕੱਠ ਹੈਰਾਨ ਕਰਨ ਵਾਲਾ ਸੀ।
*****
ਮਈ ਦਿਨ ਸਮਾਗਮਾਂ 'ਚ ਇਨਕਲਾਬੀ ਸਰੋਕਾਰਾਂ ਦੀ ਗੂੰਜ
ਲੁਧਿਆਣਾ : ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਨਾਂ ਹੇਠ ਕੰਮ ਕਰਦੀਆਂ ਸਨਅੱਤੀ ਮਜ਼ਦੂਰਾਂ ਦੀਆਂ ਦੋ ਜਥੇਬੰਦੀਆਂ ਅਤੇ ਲੋਕ ਏਕਤਾ ਸੰਗਠਨ ਨਾਂ ਦੀ ਇੱਕ ਜਥੇਬੰਦੀ ਵੱਲੋਂ ਹੌਜ਼ਰੀ ਵਰਕਰਜ਼ ਯੂਨੀਅਨ, ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ), ਮਹਾਂ ਸਭਾ ਲੁਧਿਆਣਾ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਹਿਯੋਗ ਨਾਲ ਗਿੱਲ ਰੋਡ ਸਥਿੱਤ ਲੇਬਰ ਦਫਤਰ ਵਿਖੇ ਮਈ ਦਿਨ ਰੈਲੀ ਕੀਤੀ ਗਈ।
ਮਈ ਦਿਵਸ ਦੀ ਤਿਆਰੀ ਵਜੋਂ ਪਹਿਲਾਂ ਇੱਕ ਜਨਤਕ ਪ੍ਰਚਾਰ ਮੁਹਿੰਮ ਚਲਾਈ ਗਈ, ਜਿਸਦੀ ਸ਼ੁਰੂਆਤ ਮਜ਼ਦੂਰ ਮੁਹੱਲਿਆਂ ਅਤੇ ਬਸਤੀਆਂ ਵਿੱਚ 1000 ਦੀ ਗਿਣਤੀ ਵਿੱਚ ਇੱਕ ਵੱਡਾ ਕੰਧ ਪੋਸਟਰ ਲਗਾਉਣ ਰਾਹੀਂ ਕੀਤੀ ਗਈ। ਪੋਸਟਰ ਵਿੱਚ ਦੇਸ਼ ਵਿੱਚ ਵੱਡੀ ਪੱਧਰ 'ਤੇ ਫੈਲੇ ਮੰਦਵਾੜੇ ਕਰਕੇ ਤਾਲਾਬੰਦੀਆਂ, ਛਾਂਟੀਆਂ, ਬੇਰੁਜ਼ਗਾਰੀ ਅਤੇ ਵੱਧ ਫੁੱਲ ਰਹੀ ਭ੍ਰਿਸ਼ਟਾਚਾਰੀ, ਭੁੱਖਮਰੀ ਤੇ ਬਿਮਾਰੀਆਂ ਲਈ ਸਾਮਰਾਜੀਆਂ ਵੱਲੋਂ ਮੜ੍ਹੀਆਂ ਨਵੀਆਂ ਆਰਥਿਕ ਨੀਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ। ਦੇਸ਼ ਦੇ ਹਾਕਮਾਂ ਦੀ ਸਾਮਰਾਜੀਆਂ ਨਾਲ ਮਿਲੀ ਭੁਗਤ ਨੂੰ ਉਭਾਰਿਆ ਗਿਆ, ਜਿਹੜੇ ਵੱਡੀ ਪੱਧਰ 'ਤੇ ਲੋਕ ਵਿਰੋਧ ਦੇ ਬਾਵਜੂਦ ਛੋਟੇ ਕਾਰੋਬਾਰ, ਖੇਤੀ ਅਤੇ ਦੇਸ਼ ਦੇ ਹੋਰ ਮਾਲ ਖਜ਼ਾਨੇ, ਤਾਕਤ ਦੇ ਜ਼ੋਰ ਬਦੇਸ਼ੀ ਲੁਟੇਰਿਆਂ ਮੂਹਰੇ ਪਰੋਸ ਰਹੇ ਹਨ। ਇਹਨਾਂ ਲੋਕ-ਮਾਰੂ ਤੇ ਕੌਮ-ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਨੌਜਵਾਨਾਂ ਆਦਿ ਸਮਾਜ ਦੇ ਵੱਖ ਵੱਖ ਤਬਕਿਆਂ ਨਾਲ ਸਾਂਝਾਂ ਪਾਉਣ, ਗਰੀਨ ਹੰਟ ਅਪਰੇਸ਼ਨ ਅਤੇ ਵੱਖ ਵੱਖ ਨਾਵਾਂ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲੋਕਾਂ 'ਤੇ ਮੜ੍ਹੇ ਜਾ ਰਹੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਅਤੇ ਕੁੱਲ ਮਿਲਾ ਕੇ ਦੇਸ਼ ਦੇ ਅੰਦਰ ਅਤੇ ਬਾਹਰ ਸਭਨਾਂ ਲੋਕ-ਪੱਖੀ ਤੇ ਸਾਮਰਾਜ ਵਿਰੋਧੀ ਜਨਤਕ ਉਭਾਰਾਂ, ਮੁਹਿੰਮਾਂ ਅਤੇ ਅੰਦੋਲਨਾਂ ਨਾਲ ਯਕਯਹਿਤੀ ਪੈਦਾ ਕਰਨ ਦਾ ਸੰਦੇਸ਼ ਦਿੱਤਾ ਗਿਆ।
ਵੱਖ ਵੱਖ ਮਜ਼ਦੂਰ ਵਿਹੜਿਆਂ ਅਤੇ ਫੈਕਟਰੀਆਂ ਵਿੱਚ ਛੋਟੀਆਂ ਵੱਡੀਆਂ ਮੀਟਿੰਗਾਂ ਤੋਂ ਇਲਾਵਾ 24 ਅਪ੍ਰੈਲ ਨੂੰ ਤਿੰਨ ਦਰਜਨ ਮਜ਼ਦੂਰਾਂ ਨੇ ਹੱਥਾਂ ਵਿੱਚ ਲਾਲ ਫਰੇਰੇ ਅਤੇ ਵੱਖ ਵੱਖ ਮਜ਼ਦੂਰ ਪੱਖੀ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ-ਕਦਮਾਂ ਨੂੰ ਉਭਾਰਦੇ ਅਤੇ ਸਾਮਰਾਜ ਵਿਰੋਧੀ ਨਾਹਰਿਆਂ ਵਾਲੇ ਮਾਟੋ ਤੇ ਬੈਨਰ ਲੈ ਕੇ ਮਜ਼ਦੂਰ ਬਸਤੀਆਂ ਵਿੱਚ ਇੱਕ ਪ੍ਰਭਾਵਸ਼ਾਲੀ ਝੰਡਾ ਮਾਰਚ ਕੀਤਾ ਗਿਆ, ਜਿਸ ਦੌਰਾਨ ਦੋ ਅਲੱਗ ਅਲੱਗ ਥਾਵਾਂ 'ਤੇ ਭਰਵੀਆਂ ਮਜ਼ਦੂਰ ਰੈਲੀਆਂ ਕੀਤੀਆਂ ਗਈਆਂ, ਜਿਹਨਾਂ ਵਿੱਚ ਲੱਗਭੱਗ ਢਾਈ ਢਾਈ ਸੌ ਮਜ਼ਦੂਰ ਸ਼ਾਮਲ ਹੋਏ।
4 ਅਪ੍ਰੈਲ ਨੂੰ ਲੁਧਿਆਣੇ ਵਿੱਚ ਪੰਜਾਬ ਅਸੈਂਬਲੀ ਵੱਲੋਂ ਮੜ੍ਹੇ ਤਾਜ਼ਾ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਦੀਆਂ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਵੱਡੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਤੋਂ ਮਗਰਲੇ ਦਿਨਾਂ ਵਿੱਚ ਚਲਾਈ ਦੋ ਹਫਤੇ ਦੀ ਮਈ ਦਿਨ ਤਿਆਰੀ ਮੁਹਿੰਮ ਦੌਰਾਨ 4000 ਹੱਥ ਪਰਚਾ ਹਿੰਦੀ ਵਿੱਚ ਛਪਵਾ ਕੇ ਮਜ਼ਦੂਰਾਂ ਵਿੱਚ ਵੰਡਿਆ ਗਿਆ।
ਪਹਿਲੀ ਮਈ ਨੂੰ ਸਵੇਰੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਗਿੱਲ ਰੋਡ ਸਥਿੱਤ ਦਫਤਰ 'ਤੇ ਅਤੇ ਐਫ.ਸੀ.ਆਈ. ਐਂਡ ਫੂਡ ਏਜੰਸੀਜ਼ ਪੱਲੇਦਾਰ ਯੂਨੀਅਨ (ਆਜ਼ਾਦ) ਗਿੱਲ ਰੋਡ ਦਫਤਰ 'ਤੇ, ਦੋਹਾਂ ਮਜ਼ਦੂਰ ਜਥੇਬੰਦੀਆਂ ਨਾਲ ਜੁੜੇ ਵਰਕਰਾਂ ਨੇ ਸਾਂਝੇ ਤੌਰ 'ਤੇ ਲਾਲ ਝੰਡੇ ਲਹਿਰਾਏ ਅਤੇ ਮਈ ਦਿਨ ਦੇ ਅਮਰ ਸ਼ਹੀਦਾਂ ਨੂੰ ਸੁਰਖ਼ ਸ਼ਰਧਾਂਜਲੀ ਅਰਪਤ ਕਰਦਿਆਂ ਅਸਮਾਨ ਗੁੰਜਾਊ  ਨਾਹਰੇ ਲਾਏ, ''ਦੁਨੀਆਂ ਭਰ ਦੇ ਮਜ਼ਦੂਰੋ ਤੇ ਮਿਹਨਤਕਸ਼ੋ ਇੱਕ ਹੋ ਜਾਓ।'' ''ਮਈ ਦਿਨ ਦੇ ਸ਼ਹੀਦਾਂ ਨੂੰ ਲਾਲ ਸਲਾਮ! ਸਾਮਰਾਜਵਾਦ-ਮੁਰਦਾਬਾਦ!!
ਲੇਬਰ ਦਫਤਰ ਵਿਖੇ ਸਾਂਝੀ ਰੈਲੀ ਨੂੰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ- ਹਰਜਿੰਦਰ ਸਿੰਘ, ਵਿਜੈ ਨਰਾਇਣ, ਰਮੇਸ਼ ਕੁਮਾਰ ਤੋਂ ਇਲਾਵਾ ਗੱਲਰ ਚੌਹਾਨ ਅਤੇ ਜਮਹੂਰੀ ਅਧਿਕਾਰ ਸਭਾ ਦੇ ਡਾ. ਸਤੀਸ਼ ਸਚਦੇਵਾ ਨੇ ਸੰਬੋਧਨ ਕੀਤਾ। ਵੱਖ ਵੱਖ ਬੁਲਾਰਿਆਂ ਵੱਲੋਂ ਸਾਮਰਾਜੀ ਬਹੁਕੌਮੀ ਕੰਪਨੀਆਂ ਨਾਲ ਮਿਲ ਜੁਲ ਕੇ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੇ ਮਾਲ ਖਜ਼ਾਨਿਆਂ ਦੀ ਅੰਤਾਂ ਦੀ ਵਧਾਈ ਲੁੱਟ-ਖਸੁੱਟ, ਮਜ਼ਦੂਰਾਂ ਕਿਸਾਨਾਂ ਦੇ ਰੁਜ਼ਾਗਰ ਦੇ ਧੜਾਧੜ ਕੀਤੇ ਜਾ ਰਹੇ ਉਜਾੜੇ ਅਤੇ ਲੋਕ ਵਿਰੋਧ ਨੂੰ ਕੁਚਲਣ ਲਈ ਮੜ੍ਹੇ ਜਾ ਰਹੇ ਕਾਲੇ ਕਾਨੂੰਨਾਂ ਅਤੇ ਹੋਰ ਜਾਬਰ ਹੱਥਕੰਡਿਆਂ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਗਈ। ਸਰਕਾਰ ਦੇ ਇਹਨਾਂ ਧੱਕੜ ਤੇ ਲੋਕ-ਵਿਰੋਧੀ ਕਦਮਾਂ ਨੂੰ ਠੱਲ੍ਹ ਪਾਉਣ ਲਈ ਮਜ਼ਦੂਰਾਂ ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਇੱਕਜੁੱਟ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਰੈਲੀ ਵਿੱਚ ਜੁੜੇ ਮਜ਼ਦੂਰ ਮਰਦ ਔਰਤਾਂ ਤੇ ਹੋਰਨਾਂ ਲੋਕਾਂ ਨੇ ਰੋਹ ਭਰਪੂਰ ਨਾਹਰਿਆਂ ਨਾਲ ਆਗੂਆਂ ਦੇ ਭਾਸ਼ਣਾਂ ਨੂੰ ਆਪਣੇ ਸਮਰਥਨ ਦਾ ਪ੍ਰਗਟਾਵਾ ਕੀਤਾ।
ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਵੱਲੋਂ ਨਾਟਕ- ''ਉਹ ਸੁਭਾ ਕਦੋਂ ਆਵੇਗੀ'' ਅਤੇ ਨੌਜਵਾਨ ਗਰੁੱਪ ਵੱਲੋਂ 'ਭਗਤ ਸਿੰਘ'' ਪੇਸ਼ ਕਰਕੇ ਮਿਹਨਤਕਸ਼ ਲੋਕਾਂ ਨਾਲ ਜੁੜੇ ਆਪਣੇ ਨਾਜ਼ਕ ਇਨਕਲਾਬੀ ਜਜ਼ਬਿਆਂ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਵਰ੍ਹਿਆਂ ਤੋਂ ਆਪਣੇ ਮਨ ਅੰਦਰ ਮਜ਼ਦੂਰ ਜਮਾਤ ਪ੍ਰਤੀ ਹਮਦਰਦੀ ਭਰੀਆਂ ਭਾਵਨਾਵਾਂ ਨੂੰ ਪਾਲਦੀ ਆ ਰਹੀ ਭੈਣ ਅਵਤਾਰ ਕੌਰ ਵੱਲੋਂ ਮਜ਼ਦੂਰਾਂ ਦਾ ਗੀਤ ਪੇਸ਼ ਕੀਤਾ ਗਿਆ। ਅੰਤ ਸਾਮਰਾਜ ਵਿਰੋਧੀ ਤੇ ਮਜ਼ਦੂਰ ਪੱਖੀ ਨਾਹਰੇ ਗੁੰਜਾਉਂਦੇ ਹੋਏ ਰੈਲੀ ਸਮਾਪਤ ਕੀਤੀ ਗਈ।
ਬਠਿੰਡਾ :  ਵੱਖ ਵੱਖ ਬੇਰੁਜ਼ਗਾਰ ਅਧਿਆਪਕ ਵਰਗਾਂ ਦੀਆਂ ਜਥੇਬੰਦੀਆਂ, ਡੀ.ਟੀ.ਐਫ., ਟੀ.ਐਸ.ਯੂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ- ਪਹਿਲੀ ਮਈ ਨੂੰ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਮਕਸਦ ਨਾਲ, ਮਈ ਦਿਨ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ।
ਇੱਕ ਮੀਟਿੰਗ ਕਰਕੇ ਮਈ ਦਿਨ ਦੇ ਇਤਿਹਾਸ ਨੂੰ ਯਾਦ ਕਰਦਿਆਂ, ਇਸ ਦਿਨ 'ਤੇ ਉਭਾਰੀ ਜਾਣ ਵਾਲੀ ਸਾਂਝੀ ਸਮਝ ਦੇ ਨੁਕਤੇ ਤਹਿ ਕੀਤੇ ਗਏ। ਮਈ ਦਿਨ 8 ਘੰਟੇ ਦੀ ਕੰਮ ਦਿਹਾੜੀ ਦੇ ਠੋਸ ਮਸਲੇ ਨੂੰ ਲੈ ਕੇ ਸਰਮਾਏਦਾਰੀ ਲੁੱਟ ਦੇ ਖਿਲਾਫ ਲੁਟੇਰੇ ਸਰਮਾਏਦਾਰੀ ਪ੍ਰਬੰਧ (ਅੱਜ ਸਾਮਰਾਜੀ ਪ੍ਰਬੰਧ) ਦੇ ਖਿਲਾਫ, ਇਸ ਲੁਟੇਰੇ ਪ੍ਰਬੰਧ ਨੂੰ ਜੜ੍ਹੋਂ ਪੁੱਟਣ ਲਈ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਾਲੇ ਲੁੱਟ ਰਹਿਤ ਸਮਾਜ ਸਿਰਜਣ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਦਿਨ ਹੈ।
ਮਈ ਦਿਨ ਨਾ ਛੁੱਟੀ ਮਨਾਉਣ ਦਾ ਦਿਨ ਹੈ, ਨਾ ਹੀ ਨਿਗੂਣੀਆਂ ਮੰਗਾਂ ਮੰਨਵਾਉਣ ਦਾ ਦਿਨ ਹੈ। ਸਗੋਂ ਮਈ ਦਿਨ ਵੱਖ ਵੱਖ ਪੱਧਰਾਂ 'ਤੇ ਚੱਲ ਰਹੀਆਂ ਮਜ਼ਦੂਰ ਤੇ ਮਿਹਨਤਕਸ਼ ਲੋਕਾਂ ਦੀਆਂ ਹੱਕੀ ਲਹਿਰਾਂ ਨੂੰ ਅੱਗੇ ਵਧਾਉਣ ਤੇ ਮੰਜ਼ਿਲ ਵੱਲ ਵਧਣ ਦਾ ਦਿਨ ਹੈ।
ਅੱਜ ਦੀਆਂ ਹਾਲਤਾਂ ਵਿਚੱ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਸੁਧਾਰਾਂ ਦੇ ਨਾਂ ਹੇਠ ਮੜ੍ਹੀਆਂ ਜਾ ਰਹੀਆਂ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ-ਵਿਰੋਧੀ ਤੇ ਕੌਮ ਵਿਰੋਧੀ ਨੀਤੀਆਂ ਸਾਮਾਰਜੀ ਦੇਖ-ਰੇਖ ਹੇਠ ਦੇਸੀ ਬਦੇਸ਼ੀ ਕਾਰਪੋਰੇਸ਼ਨਾਂ ਨੂੰ ਪਰੋਸੇ ਜਾ ਰਹੇ ਦੇਸ਼ ਦੇ ਮਾਲ ਖਜ਼ਾਨੇ, ਵੱਡੀ ਪੱਧਰ 'ਤੇ ਕੀਤਾ ਜਾ ਰਿਹਾ ਦੇਸ਼ ਦੇ ਮਜ਼ਦੂਰਾਂ ਤੇ ਕਿਸਾਨਾਂ ਦਾ ਉਜਾੜਾ ਅਤੇ ਇਹਨਾਂ ਦੇ ਵਿਰੋਧ ਵਿੱਚ ਥਾਂ ਥਾਂ ਉੱਠ ਰਹੀਆਂ ਹੱਕੀ ਲੋਕ ਆਵਾਜ਼ਾਂ ਨੂੰ ਕੁਚਲਣ ਲਈ ਮੜ੍ਹੇ ਜਾ ਰਹੇ ਵੱਖ ਵੱਖ ਕਾਲੇ ਕਾਨੂੰਨਾਂ ਅਤੇ ਹੋਰ ਜਾਬਰ ਹੱਥਕੰਡਿਆਂ ਖਿਲਾਫ ਆਵਾਜ਼ ਉਠਾਉਣ ਅਤੇ ਇਹਨਾਂ ਦੇ ਖਿਲਾਫ ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੀ ਸਾਂਝੀ ਇੱਕਜੁੱਟ ਲਹਿਰ ਉਸਾਰਨ ਦੇ ਰਾਹ ਅੱਗੇ ਵਧਣ ਦੇ ਪ੍ਰਣ ਕਰਨ ਦਾ ਦਿਨ ਹੈ।
ਏਸ ਸਮਝ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪੋ ਆਪਣੇ ਥਾਈਂ ਜਨਤਕ ਮੀਟਿੰਗਾਂ ਕਰਵਾਈਆਂ ਗਈਆਂ। ਪਹਿਲੀ ਮਈ ਨੂੰ ਆਪੋ ਆਪਣੇ ਥਾਈਂ ਦਫਤਰਾਂ 'ਤੇ ਝੰਡੇ ਲਹਿਰਾ ਕੇ, ਰੈਲੀਆਂ ਕਰਨ ਉਪਰੰਤ ਟੀਚਰ ਹੋਮ ਦੇ ਹਾਲ ਵਿੱਚ 150 ਬਿਜਲੀ ਕਾਮਿਆਂ, ਅਧਿਆਪਕਾਂ, ਵੱਖ ਵੱਖ ਵਰਗਾਂ ਦੇ ਬੇਰੁਜ਼ਗਾਰ ਅਧਿਆਪਕਾਂ, ਨੌਜਵਾਨਾਂ ਅਤੇ ਮਿਉਂਸਪਲ ਕਾਮਿਆਂ 'ਚੋਂ ਪਹੁੰਚੇ ਕੁਝ ਸਾਥੀਆਂ ਨੇ ਸਾਂਝੀ ਰੈਲੀ ਕੀਤਾ, ਜਿਸ ਨੂੰ ਸਾਬਕਾ ਟਰੇਡ ਯੂਨੀਅਨ ਆਗੂ ਐਨ.ਕੇ. ਜੀਤ ਨੇ ਸੰਬੋਧਨ ਕੀਤਾ। ਰੈਲੀ ਦੀ ਸ਼ੁਰੁਆਤ ਸਟੇਜ 'ਤੇ ਰੱਖੀਆਂ ਮਈ ਦਿਨ ਦੇ ਸ਼ਹੀਦਾਂ ਦੀਆਂ ਫੋਟੋਆਂ ਦੇ ਰੂ-ਬ-ਰੂ ਹੋ ਕੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਰਾਹੀਂ ਕੀਤੀ ਗਈ।
ਸ੍ਰੀ ਐਨ.ਕੇ. ਜੀਤ ਨੇ ਆਪਣੇ ਭਾਸ਼ਣ ਵਿੱਚ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਦੇ ਹਾਕਮਾਂ ਵੱਲੋਂ ''ਸੁਧਾਰਾਂ' ਦੇ ਨਾਂ ਹੇਠ ਕਾਰਪੋਰੇਟ ਹਿੱਸਿਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਸੁਆਲ ਨੂੰ ਉਭਾਰਿਆ ਅਤੇ ਸਰਕਾਰ ਵੱਲੋਂ ਮੜ੍ਹੇ ਕਾਲੇ ਕਾਨੂੰਨਾਂ, ਗਰੀਨ ਹੰਟ ਅਪਰੇਸ਼ਨ, ਡਾ. ਬਿਨਾਇਕ ਸੈਨ ਨੂੰ ਕੀਤੀ ਉਮਰ ਕੈਦ ਵਰਗੇ ਲੋਕ-ਵਿਰੋਧੀ ਕੋਝੇ ਹੱਥਕੰਡਿਆਂ ਦਾ ਪਰਦਾਫਾਸ਼ ਕੀਤਾ। ਮੁਲਾਜ਼ਮਾਂ ਵੱਲੋਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਸਹੂਲਤਾਂ ਜੋ ਅੱਜ ਖੋਹੀਆਂ ਜਾ ਰਹੀਆਂ ਹਨ ਦੇ ਖਿਲਾਫ ਉੱਠਣ ਦੀ ਲੋੜ ਉਭਾਰੀ ਗਈ। ਅਰਬ ਜਗਤ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਉੱਠੇ ਹੱਕੀ ਲੋਕ ਉਭਾਰਾਂ ਨਾਲ ਯਕਯਹਿਤੀ ਦਾ ਪ੍ਰਗਟਾਵਾ ਕੀਤਾ ਗਿਆ। ਅੰਤ ਇਨਕਲਾਬੀ ਨਾਹਰਿਆਂ ਨਾਲ ਰੈਲੀ ਸਮਾਪਤ ਕੀਤੀ ਗਈ।
ਚਾਨਣ ਦਾ ਛੱਟਾ :
ਪਲਸ ਮੰਚ ਦਾ ਮਈ ਦਿਨ ਮੇਲਾ
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਪਿਛਲੇ 27 ਵਰ੍ਹਿਆਂ ਤੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਤ ਮਨਾਈ ਗਈ ਨਾਟਕਾਂ ਅਤੇ ਗੀਤਾਂ ਭਰੀ ਰਾਤ ਲੋਕ-ਪੱਖੀ, ਇਨਕਲਾਬੀ ਸਭਿਆਚਾਰ ਦਾ ਬਦਲ ਉਭਾਰਨ ਦਾ ਹੋਕਾ ਦੇਣ ਵਿੱਚ ਸਫਲ ਰਹੀ।
ਸਮਾਗਮ ਦਾ ਆਗਾਜ਼ ਕਵੀ ਦਰਬਾਰ ਨਾਲ ਹੋਇਆ। ਸੱਭਿਆਚਾਰਕ ਰਾਤ ਦਾ ਮੰਚ ਸੰਚਾਲਨ ਕਰਦਿਆਂ ਕੰਵਲਜੀਤ ਖੰਨਾ ਨੇ ਖਚਾਖਚ ਭਰੇ ਪੰਡਾਲ ਵਿੱਚ ਜੁੜੇ ਲੋਕਾਂ ਨੂੰ ਬਿਮਾਰ ਸਭਿਆਚਾਰ ਖਿਲਾਫ ਮੁਹਿੰਮ ਵਿੱਚ ਇੱਕਜੁੱਟ ਹੋ ਜਾਣ ਦਾ ਸੱਦਾ ਦਿੱਤਾ।
ਨਾਟਕਾਂ ਦੀ ਲੜੀ 'ਚ 'ਵਿੱਥ', 'ਵੰਗਾਰ', ਇਹਨਾਂ ਜਖ਼ਮਾਂ ਦਾ ਕੀ ਕਰੀਏ' ਅਤੇ 'ਰਾਹਤ' ਨਾਟਕ ਖੇਡੇ ਗਏ। ਇਹਨਾਂ ਨਾਟਕਾਂ ਨੇ ਅੰਤਰ-ਜਾਤੀ ਵਿਆਹ ਦੇ ਹੱਕ ਨੂੰ ਬੁਲੰਦ ਕੀਤਾ, ਇਤਿਹਾਸ ਦੇ ਅਮੁੱਲੇ ਸਫਿਆਂ ਤੋਂ ਸਿੱਖਦਿਆਂ ਅਜੋਕੇ ਨਿਜ਼ਾਮ ਨੂੰ ਬਦਲ ਕੇ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਨਿਜ਼ਾਮ ਸਿਰਜਣ ਦਾ ਸੱਦਾ ਦਿੱਤਾ। ਨਸ਼ਿਆਂ ਕਾਰਨ ਜਖ਼ਮੀ ਹੋਏ ਸਮਾਜ ਨੂੰ ਤੰਦਰੁਸਤ ਕਿਵੇਂ ਕਰੀਏ ਅਤੇ ਰਾਹਤ ਵੰਡਣ ਦੇ ਖੇਖਣ ਦਾ ਪਾਜ਼ ਉਘੇੜਿਆ।
ਪਲਸ ਮੰਚ ਦੇ ਬੁਲਾਰੇ ਅਮੋਲਕ ਸਿੰਘ ਨੇ ਮਿਹਨਤਸ਼ ਲੋਕਾਂ, ਉਹਨਾਂ ਦੀ ਮੁਕਤੀ ਲਈ ਜੂਝਦੇ ਸੰਗਰਾਮੀਆਂ ਅਤੇ ਕਲਮਕਾਰਾਂ ਨੂੰ ਆਪੋ ਆਪਣੇ ਮੋਰਚੇ ਅਤੇ ਸਾਂਝੇ ਕਾਰਜ ਵਜੋਂ ਸੂਹੀ ਸਵੇਰ ਲਿਆਉਣ ਲਈ ਅੱਗੇ ਵਧਣ ਦਾ ਸੱਦਾ ਦਿੱਤਾ।
ਆਰਟ ਸੈਂਟਰ ਸਮਰਾਲਾ, ਲੋਕ ਸੰਗੀਤ ਮੰਡਲੀ ਭਦੌੜ, ਨਵਚਿੰਤਨ ਕਲਾ ਮੰਚ ਬਿਆਨ ਤੋਂ ਇਲਾਵਾ ਅੰਮ੍ਰਿਤਪਾਲ ਬਠਿੰਡਾ, ਵਿਕਟਰ ਅਤੇ ਗੁਰਮੀਤ ਜੱਜ ਨੇ ਗੀਤ-ਸੰਗੀਤ ਦਾ ਰੰਗ ਭਰਿਆ।
ਪੰਜਾਬ ਦੇ ਜਾਣੇ ਪਛਾਣੇ ਰਕੰਗ ਕਰਮੀ ਕਰਾਂਤੀਪਾਲ (ਨਵਚਿੰਤਨ ਕਲਾ ਮੰਚ ਭਿਆਸ) ਦੇ ਰੰਗ ਮੰਚ ਲਈ ਪਾਏ ਯੋਗਦਾਨ 'ਤੇ ਸਨਮਾਨ ਕੀਤਾ ਗਿਆ।
ਨਾਹਰ ਔਜਲਾ (ਕਨੇਡਾ) ਦਾ ਨਾਟ-ਸੰਗ੍ਰਹਿ 'ਡਾਲਰਾਂ ਦੀ ਦੌੜ', ਦਿਲਦੀਪ ਪ੍ਰਕਾਸ਼ਨ ਵੱਲੋਂ 'ਮਘਦੇ ਸੂਰਜਾਂ ਦੀ ਲੋਅ', ਕਾਮਰੇਡ ਮਾਓ-ਜ਼ੇ-ਤੁੰਗ ਦੀ ਅਮਰ ਰਚਨਾ 41 ਸਾਲ ਬਾਅਦ ਦੁਬਾਰਾ ਰਲੀਜ਼ ਕੀਤੀ ਗਈ 'ਲਾਲ ਕਿਤਾਬ'। ਪੰਜਾਬ ਭਵਨ ਦੇ ਖੁੱਲ੍ਹੇ ਲਾਅਨ 'ਚ ਪੰਜਾਬ ਭਰ 'ਚੋਂ ਆਏ ਦਰਸ਼ਖਾਂ ਨੇ ਲੱਗੀਆਂ ਪੁਸਤਕ ਪ੍ਰਦਰਸ਼ਨੀਆਂ ਤੋਂ ਹਜ਼ਾਰਾਂ ਰੁਪਏ ਦਾ ਅਗਾਂਹਵਧੂ ਸਾਹਿਤ ਖਰੀਦਿਆ। ਸਵੇਰੇ ਸੂਰਜ ਦੀ ਲੋਅ ਦੇ ਨਾਲ ਹੀ ਜਮਾਤੀ ਚੇਤਨਾ ਦੀ ਲੋਅ ਵੰਡਦਾ ਰਾਤ ਭਰ ਦਾ ਨਾਟਕ ਤੇ ਗੀਤ ਸੰਗੀਤ ਮੇਲਾ ਆਪਣੇ ਸਫਲ ਅੰਜਾਮ 'ਤੇ ਪਹੁੰਚਿਆ।
ਮਿਉਂਸਪਲ ਕਾਮਿਆਂ ਦਾ ਘੋਲ— ਕੁਝ ਹਾਂਦਰੂ ਪੱਖ
—ਸੁਰਖ਼ ਰੇਖਾ ਨਿਊਜ਼ ਸਰਵਿਸ
ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ, ਸੂਬੇ ਦੇ ਮਿਊਂਸਪਲ ਕਾਮਿਆਂ ਵੱਲੋਂ 7 ਮਾਰਚ ਤੋਂ 21 ਮਾਰਚ ਤੱਕ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਕੰਮ-ਛੋੜ ਹੜਤਾਲ ਕੀਤੀ ਗਈ ਹੈ। ਐਕਸ਼ਨ ਕਮੇਟੀ ਵੱਲੋਂ ਉਭਾਰੀਆਂ ਗਈਆਂ ਕੁੱਝ ਮਹੱਤਵਪੂਰਨ ਮੰਗਾਂ ਇਸ ਪ੍ਰਕਾਰ ਹਨ; ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਨਵੀਂ ਭਰਤੀ ਕੀਤੀ ਜਾਵੇ, ਦਰਜਾ ਤਿੰਨ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਤਨਖਾਹ ਵਧਾਈ ਜਾਵੇ, ਪੇ-ਕਮਿਸ਼ਨ ਦਾ 43 ਮਹੀਨੇ ਦਾ ਬਕਾਇਾ ਤੁਰੰਤ ਦਿੱਤਾ ਜਾਵੇ, ਸਫਾਈ ਕਰਮੀਆਂ ਨੂੰ ਕੰਮ ਦੌਰਾਨ ਦਸਤਾਨੇ, ਮਾਸਕ ਅਤੇ ਆਈ ਕਵਰ ਦਿੱਤੇ ਜਾਣ, ਰਿਟਾਇਰਡ ਮੁਲਾਜ਼ਮਾਂ ਨੂੰ ਸਮੇਂ ਸਿਰ ਪੈਨਸ਼ਨ ਦਿੱਤੀ ਜਾਵੇ, ਮਿਉਂਸਪਲ ਕਾਮਿਆਂ ਦਾ ਵੱਖਰਾ ਪੈਨਸ਼ਨ ਸੈੱਲ ਬਣਾਇਆ ਜਾਵੇ।
ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਢੰਗਾਂ ਰਾਹੀਂ ਸਰਕਾਰ ਨੂੰ ਆਪਣੀਆਂ ਇਹਨਾਂ ਮੰਗਾਂ ਬਾਰੇ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਜਦ ਉਸਨੇ ਭੋਰਾ-ਭਰ ਵੀ ਗੌਰ ਨਾ ਕੀਤਾ ਤਾਂ ਅੰਤ ਮਿਉਂਸਪਲ ਕਾਮੇ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ, ਜਿਸ ਵਿੱਚ 3 ਨਗਰ ਨਿਗਮਾਂ ਸਮੇਤ ਸੂਬੇ ਦੀਆਂ 136 ਨਗਰ ਕੌਂਸਲਾਂ ਦੇ ਕਾਮੇ ਸ਼ਾਮਲ ਹੋਏ। ਦੋ ਹਫਤੇ ਰਹੀ ਇਸ ਹੜਤਾਲ ਦੌਰਾਨ ਅਨੇਕਾਂ ਸ਼ਹਿਰਾਂ ਤੇ ਕਸਬਿਆਂ ਅੰਦਰ ਰੈਲੀਆਂ, ਮੁਜਾਹਰਿਆਂ, ਅਰਥੀ ਸਾੜ ਮੁਜਾਹਰਿਆਂ, ਧਰਨਿਆਂ ਅਤੇ ਜਾਮਾਂ ਦਾ ਤਾਂਤਾ ਬੱਝਿਆ ਰਿਹਾ, ਜਿਹਨਾਂ ਵਿੱਚ ਹਰੇਕ ਥਾਂ ਸੈਂਕੜੇ ਕਾਮਿਆਂ ਤੋਂ ਇਲਾਵਾ ਵੱਖ ਸ਼ਹਿਰਾਂ/ਨਗਰਾਂ ਵਿੱਚ ਵੱਖ ਵੱਖ ਭਰਾਤਰੀ ਜਥੇਬੰਦੀਆਂ ਪੈਰਾ ਮੈਡੀਕਲ ਸਟਾਫ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ, ਪਾਵਰ-ਕੌਮ ਇੰਪਲਾਈਜ਼ ਯੂਨੀਅਨ ਆਦਿ ਨੇ ਵੀ ਉਹਨਾਂ ਦੀਆਂ ਵੱਖ ਵੱਖ ਸਰਗਰਮੀਆਂ ਅਤੇ ਘੋਲ ਐਕਸ਼ਨਾਂ 'ਚ ਸ਼ਾਮਲ ਹੋ ਕੇ ਸਹਿਯੋਗੀ ਰੋਲ ਨਿਭਾਇਆ।
ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਹਿਰੀਆਂ ਨੇ ਅਨੇਕਾਂ ਸ਼ਹਿਰਾਂ /ਨਗਰਾਂ ਵਿੱਚ ਆਪੋ ਆਪਣੇ ਢੰਗਾਂ ਨਾਲ ਵਿਸ਼ੇਸ਼ ਕਰਕੇ ਗਰੀਬ ਸਫਾਈ ਸੇਵਕਾਂ ਦੇ ਘੋਲ ਨਾਲ ਡੂੰਘੇ ਸਰੋਕਾਰ ਅਤੇ ਯਕਯਹਿਤੀ ਦਾ ਪ੍ਰਗਟਾਵਾ ਕੀਤਾ। ਉਹ ਗਲੀਆਂ। ਬਾਜ਼ਾਰਾਂ ਵਿੱਚ ਇਕੱਠੇ ਹੋ ਰਹੇ ਕੂੜੇ ਦੇ ਢੇਰਾਂ, ਵਧ ਰਹੀ ਗੰਦਗੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਕਰਕੇ ਖਿਲਰੇ ਗੰਦੇ ਪਾਣੀ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਆਪਣੇ ਪੱਧਰ 'ਤੇ ਹੱਲ ਕਰਨ ਲਈ ਅੱਗੇ ਆਏ। ਉਹਨਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ ਅਧਿਕਾਰੀਆਂ ਨੂੰ ਮਿਲ ਕੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਧਾਰਨ ਕੀਤੇ ਗੈਰ-ਜੁੰਮੇਵਾਰਾਨਾ ਰਵੱਈਏ ਕਰਕੇ ਕੋਸਿਆ, ਪੱਤਰਕਾਰਾਂ ਕੋਲ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਹੜਤਾਲੀ ਕਾਮਿਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ ਦਬਾਅ ਪਾਇਆ। ਕੁੱਝ ਸ਼ਹਿਰਾਂ 'ਚ ਉਹ ਹੜਤਾਲੀ ਸਫਾਈ ਸੇਵਕਾਂ ਨੂੰ ਅਜਿਹੇ ਸੁਝਾਅ ਦੇਣ ਤੱਕ ਗਏ ਕਿ ਸੰਘਰਸ਼ ਦੌਰਾਨ ਪਬਲਿਕ ਦੀ ਸਹੂਲਤ ਦਾ ਧਿਆਨ ਰੱਖਿਆ ਜਾਵੇ ਅਤੇ ਸੰਘਰਸ਼ ਦਾ ਕੋਈ ਅਜਿਹਾ ਢੰਗ ਅਪਣਾਇਆ ਜਾਵੇ ਜਿਸ ਨਾਲ ਮੰਤਰੀਆਂ ਅਤੇ ਨੇਤਾਵਾਂ ਨੂੰ ਕੁਝ ਸੇਕ ਲੱਗੇ। ਪਰ ਕਿਸੇ ਵੀ ਸਿਆਸੀ ਪਾਰਟੀ ਨੇ ਮਿਉਂਸਪਲ ਕਾਮਿਆਂ ਦੇ ਘੋਲ ਪ੍ਰਤੀ ਹਾਅ ਦਾ ਨਾਅਰਾ ਨਹੀਂ ਮਾਰਿਆ।
ਇਸ ਹੜਤਾਲ ਦੌਰਾਨ ਸਭਨੀਂ ਥਾਈਂ ਵੱਖ ਵੱਖ ਜਨਤਕ ਐਕਸ਼ਨਾਂ ਵਿੱਚ ਦਰਜਾ ਚਾਰ ਕਾਮਿਆਂ ਅਤੇ ਸਫਾਈ ਸੇਵਕਾਂ ਦੀ ਵੱਧ ਚੜ੍ਹ ਕੇ ਸ਼ਮੂਲੀਅਤ ਹੁੰਦੀ ਰਹੀ ਹੈ। ਇਹ ਕਹਿਣਾ ਵੀ ਅਤਕਥਨੀ ਨਹੀਂ ਹੋਵੇਗੀ ਕਿ ਮਿਉਂਸਪਲ ਕਾਮਿਆਂ ਦੇ ਇਹੱਹਿੱਸੇ ਪੂਰੀ ਹੜਤਾਲ ਦੌਰਾਨ ਘੋਲ ਦੀ ਗੁਲੀ ਬਣਦੇ ਹੋਏ ਘੋਲ ਦੀਆਂ ਮੰਗਾਂ ਮਨਾਉਣ ਲਈ ਸਰਕਾਰ ਤੇ ਪ੍ਰਸਾਸ਼ਨ 'ਤੇ ਤਿੱਖਾ ਦਬਾਅ ਪਾਉਣ ਵਿੱਚ ਮੋਹਰੀ ਰਹੇ ਹਨ ਅਤੇ ਇਹ ਗਰੀਬ ਸਫਾਈ ਸੇਵਕ ਆਮ ਸ਼ਹਿਰੀਆਂ, ਸਮਾਜ ਸੇਵੀ ਹਿੱਸਿਆਂ ਸਮੇਤ ਹੋਰਨਾਂ ਵਰਗਾਂ ਦੇ ਕਾਮਾ-ਨੁਮਾ ਮੁਲਾਜ਼ਮਾਂ ਦੀ ਹਮਦਰਦੀ ਦੇ ਪਾਤਰ ਬਣੇ ਰਹੇ ਹਨ।
ਨੀਵੇਂ ਪੱਧਰ 'ਤੇ ਚੱਲ ਰਹੀ ਟਰੇਡ ਯੂਨੀਅਨ ਲਹਿਰ ਕਿਸੇ ਇੱਕ ਤਬਕੇ ਦੇ ਸੰਘਰਸ਼ ਕਰਕੇ (ਛੋਟੇ ਛੋਟੇ ਆਪਸੀ ਤਬਕਾਤੀ ਵਿਰੋਧ-ਟਕਰਾਵਾਂ ਦੀ ਅਣਉਚਿੱਤ ਹੈਸੀਅਤ ਕਰਕੇ) ਹੋਰਨਾਂ ਸਮਾਜਿਕ ਹਿੱਸਿਆਂ ਲਈ ਪੈਦਾ ਹੋਈ ਸਮੱਸਿਆ ਉਹਨਾਂ ਅੰਦਰ ਭੜਕਾਹਟ ਪੈਦਾ ਕਰ ਸਕਦੀ ਹੁੰਦੀ ਹੈ। ਵਧੇਰੇ ਲੰਮਾ ਸਮਾਂ ਪਿੱਛੇ ਜਾ ਕੇ ਦੇਖੀਏ ਤਾਂ ਵੱਖ ਵੱਖ ਸਰਕਾਰਾਂ ਅਜਿਹੀ ਹਾਲਤ ਵਿੱਚ ਉਹਨਾਂ ਹਿੱਸਿਆਂ ਨੂੰ ਭੜਕਾ ਕੇ ਘੋਲ ਦੀ ਫੂਕ ਕੱਢਣ ਲਈ ਵਰਤਦੀਆਂ ਵੀ ਰਹੀਆਂ ਹਨ। ਅਕਾਲੀ-ਭਾਜਪਾ ਸਰਕਾਰ ਨੂੰ ਵੀ ਸ਼ਾਇਦ ਇਹ ਆਸ ਹੋਵੇ ਕਿ ਸ਼ਹਿਰਾਂ ਅਤੇ ਨਗਰਾਂ 'ਚ ਗੰਦਗੀ ਦੇ ਲੱਗੇ ਢੇਰਾਂ ਤੋਂ ਦੁਖੀ ਹੋਏ ਲੋਕ ਸਫਾਈ ਸੇਵਕਾਂ ਦੇ ਖਿਲਾਫ ਉੱਠ ਪੈਣਗੇ ਅਤੇ ਹੜਤਾਲ ਠੁੱਸ ਹੋ ਕੇ ਰਹਿ ਜਾਵੇਗੀ। ਅਜਿਹੇ ਸੰਭਾਵੀ ਖਤਰੇ ਨੂੰ ਅਗਾਊਂ ਭਾਂਪ ਕੇ ਸਫਾਈ ਸੇਵਕ ਆਪਣੀ ਹੜਤਾਲ ਦੌਰਾਨ ਲਗਾਤਾਰ ਵਾਰ ਵਾਰ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਆਪਣੀ ਮਜਬੂਰੀ ਨੂੰ ਰੈਲੀਆਂ, ਮੁਜਾਹਰਿਆਂ ਵਿੱਚ ਉਭਾਰਦੇ ਹੋਏ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਪ੍ਰਤੀ ਸਰੋਕਾਰ ਦਿਖਾਉਂਦੇ ਰਹੇ ਹਨ। ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਦਿਖਾਏ ਇਸ ਸਰੋਕਾਰ ਅਤੇ ਮੋੜਵੇਂ ਰੂਪ ਵਿੱਚ ਲੋਕਾਂ ਵੱਲੋਂ ਘੋਲ ਪ੍ਰਤੀ ਦਿਖਾਏ ਸਰੋਕਾਰ ਨੇ ਉਲਟਾ ਸਰਕਾਰ ਦੀਆਂ ਗਿਣਤੀਆਂ-ਮਿਣਤੀਆਂ ਨੂੰ ਠੁੱਸ ਕਰਕੇ ਰੱਖ ਦਿੱਤਾ।
ਪ੍ਰਸਾਸ਼ਨ ਵੱਲੋਂ ਵੱਖ ਵੱਖ ਸ਼ਹਿਰਾਂ 'ਚ ਹੜਤਾਲ ਨੂੰ ਫੇਲ੍ਹ ਕਰਨ ਲਈ ਵਰਤੇ ਗਏ ਹੱਥਕੰਡੇ ਸਫਾਈ ਕਾਮਿਆਂ ਦੇ ਤਿੱਖੇ ਵਿਰੋਧ ਮੂਹਰੇ ਟਿਕ ਨਾ ਸਕੇ। ਅੰਤ ਪ੍ਰਸਾਸ਼ਨ ਨੂੰ ਸਭਨੀਂ ਥਾਈਂ ਮਜਬੂਰੀ ਵੱਸ ਪਿੱਛੇ ਹਟਣਾ ਪਿਆ। ਇਸੇ ਦੌਰਾਨ ਮਿਉਂਸਪਲ ਕਾਮਿਆਂ ਦੇ ਆਗੂਆਂ ਨੇ ਪਾਰਟ ਟਾਈਮ ਕਾਮਿਆਂ ਨੂੰ ਕਈ ਸ਼ਰਤਾਂ ਲਾ ਕੇ ਪੱਕਾ ਕਰਨ ਦੀ ਤਜਵੀਜ਼ ਨੂੰ ਉਹਨਾਂ ਨਾਲ ਮਜ਼ਾਕ ਆਖ ਕੇ ਰੱਦ ਕਰ ਦਿੱਤਾ। 14 ਮਾਰਚ ਨੂੰ ਮਨੋਰੰਜਨ ਕਾਲੀਆ ਵੱਲੋਂ ਆਗੂਆਂ ਨਾਲ ਕੀਤੀ, ਬੇਸਿੱਟਾ ਰਹੀ ਮੀਟਿੰਗ ਨੂੰ ਉਹਨਾਂ ਨੇ ਸੰਘਰਸ਼ ਨੂੰ ਭਟਕਾਉਣ ਦੀ ਇੱਕ ਕੋਸ਼ਿਸ਼ ਵਜੋਂ ਲਿਆ ਅਤੇ ਅਜਿਹੇ ਹੱਥਕੰਡਿਆਂ ਤੋਂ ਸੁਚੇਤ ਰਹਿਣ ਦੇ ਐਲਾਨ ਕੀਤੇ।
ਅੰਤ 21 ਮਾਰਚ ਨੂੰ ਸਥਾਨਕ ਸਵੈ-ਸਾਸ਼ਨ ਮੰਤਰੀ ਮਨੋਰੰਜਨ ਕਾਲੀਆ ਨੇ ਸੰਘਰਸ਼ ਕਮੇਟੀ ਨਾਲ ਸਮਝੌਤਾ ਕਰਕੇ ਮੁਹੱਲਾ ਸਫਾਈ ਕਮੇਟੀਆਂ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਪੱਕਾ ਕਰਨ, ਠੇਕੇ 'ਤੇ 10 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਤੋਂ ਕੰਮ ਕਰਦੇ ਕਲਰਕਾਂ ਨੂੰ ਪੱਕਾ ਕਰਨ ਅਤੇ ਠੇਕੇ 'ਤੇ ਕੰਮ ਕਰਦੇ ਕਿਸੇ ਵੀ ਕੰਮ ਲਈ ਨਿਰਧਾਰਤ ਦਿਹਾੜੀ ਰੇਟ 'ਤੇ ਅਦਾਇਗੀ ਕਰਨ ਅਤੇ ਹੜਤਾਲ ਦੇ ਸਮੇਂ ਨੂੰ ਛੁੱਟੀ ਵਜੋਂ ਪ੍ਰਵਾਨ ਕਰਨ ਵਰਗੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ। ਸਰਕਾਰ ਨੇ ਬਾਕੀ ਰਹਿੰਦੀਆਂ ਮੰਗਾਂ 'ਤੇ ਛੇਤੀ ਵਿਚਾਰ ਕਰਨ ਦਾ ਭਰੋਸਾ ਦਿਤਾ ਹੈ।
ਭਾਵੇਂ ਮੰਤਰੀ ਨੇ ਐਕਸ਼ਨ ਕਮੇਟੀ ਵੱਲੋਂ ਇਤਰਾਜ਼ ਕਰਨ 'ਤੇ ਸਮਝੌਤੇ ਦੀ ਲਿਖਤੀ ਚਿੱਠੀ ਵਿਚੋਂ ਇਤਰਾਜ਼ਯੋਗ ਸ਼ਬਦ ਕਿ ''ਮੰਗਾਂ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਮੰਨੀਆਂ ਜਾਣਗੀਆਂ'', ਕੱਢ ਦਿੱਤੇ ਹਨ, ਪਰ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਪੱਕੇ ਕਰਨ ਲਈ ਸਬੰਧਤ ਨਗਰ ਕੌਂਸਲਾਂ ਤੋਂ ਮਤੇ ਮੰਗਵਾਉਣ ਪਿੱਛੇ ਸਰਕਾਰ ਦਾ ਮਕਸਦ ਉਸ ''ਪਾਲਿਸੀ'' ਨੂੰ ਲਾਗੂ ਕਰਨ ਦਾ ਹੀ ਹੈ, ਜਿਸ ਮੁਤਾਬਕ ਇਹਨਾਂ ਕਰਮੀਆਂ ਦੇ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਦੇ ਹੋਏ ਪੱਕੇ ਹੋਣ ਨਾਲ ਪੈਣ ਵਾਲੇ ਆਰਥਿਕ ਬੋਝ ਨੂੰ ਸਰਕਾਰ ਦੀ ਬਜਾਏ ਨਗਰ ਕੌਂਸਲਾਂ 'ਤੇ ਪਾਇਆ ਜਾਣਾ ਹੈ। ਇਹ ਲੋਕ ਭਲਾਈ ਦੇ ਕਾਰਜਾਂ ਤੋਂ ਕਦਮ-ਬਾ-ਕਦਮ ਪੈਰ ਪਿੱਛੇ ਖਿੱਚਣ ਦਾ ਮਾਮਲਾ ਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਰਕਾਰ ਸਫਾਈ ਸੇਵਕਾਂ ਨੂੰ ਛੱਡ ਕੇ, ਬਾਕੀ ਮੰਗਾਂ ਖਾਸ ਕਰਕੇ ਕਲਰਕਾਂ ਨੂੰ ਰੈਗੂਲਰ ਕਰਨ ਦੀਆਂ ਮੰਗਾਂ ਤੋਂ ਪਿੱਛੇ ਹਟ ਰਹੀ ਹੈ। ਮਿਉਂਸਪਲ ਕਾਮੇ ਦੁਬਾਰਾ ਘੋਲ ਲੜਨ ਦੇ ਰੌਂਅ 'ਚ ਹਨ।

ਸ਼ਰਾਬ-ਮਾਫੀਏ ਦੀ ਸੇਵਾ ਲਈ ਸੇਲਬਰਾਹ 'ਚ ਪੁਲਸ ਕਹਿਰ
—ਰਿਪੋਰਟਰ
ਜਬਰਦਸਤੀ ਸ਼ਰਾਬ ਦਾ ਠੇਕਾ ਖੋਲ੍ਹਣ ਸਬੰਧੀ ਸੇਲਬਰਾਹ ਪਿੰਡ ਦੀਆਂ ਘਟਨਾਵਾਂ ਦੇ ਦਿਖਾ ਦਿੱਤਾ ਹੈ ਕਿ ਸੂਬੇ ਅੰਦਰ ਸ਼ਰਾਬ ਦੀ ਵੱਧ ਤੋਂ ਵੱਧ ਵਿੱਕਰੀ ਦੇ ਬੰਦੋਬਸਤ ਕਰਨੇ ਸਰਕਾਰ ਦੀ ਆਬਕਾਰੀ ਨੀਤੀ ਦਾ ਸੁਆਲ ਹੀ ਨਹੀਂ ਹੈ, ਸਗੋਂ ਡਾਂਗਾਂ ਨਾਲ ਲੋਕਾਂ ਦੀਆਂ ਢੂਈਆਂ ਭੰਨ ਕੇ ਵੀ ਸਰਕਾਰ ਨੇ ਸ਼ਰਾਬ ਤੋਂ ਕਮਾਈ ਕਰਨ ਦੀ ਠਾਣੀ ਹੋਈ ਹੈ।
2 ਮਈ ਦੀ ਸਵੇਰ ਨੂੰ ਮੂੰਹ ਹਨੇਰੇ ਤਿੰਨ ਪੁਲਸੀ ਐਸ.ਪੀਜ਼ ਦੀ ਅਗਵਾਈ ਵਿੱਚ ਬਠਿੰਡਾ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੀ ਪੁਲਸ ਦੀ ਭਾਰੀ ਨਫਰੀ ਨੇ ਪਿੰਡ ਦੇ ਸੁੱਤੇ ਪਏ ਲੋਕਾਂ, ਖਾਸ ਕਰਕੇ ਮਜ਼ਦੂਰ ਵਿਹੜੇ 'ਤੇ ਜਬਰਦਸਤ ਧਾਵਾ ਬੋਲ ਦਿੱਤਾ। ਅੰਨ੍ਹਾਂ ਤਾਂਡਵ ਨਾਚ ਨੱਚਦਿਆਂ ਪੁਲਸ ਨੇ ਬੱਚਿਆਂ, ਬੁੱਢਿਆਂ ਅਤੇ ਔਰਤਾਂ ਸਮੇਤ ਲਾ-ਵਾਢਿਉਂ ਹੱਥ ਆਏ ਹਰ ਵਿਅਕਤੀ ਨੂੰ ਕੁਟਾਪਾ ਚਾੜ੍ਹਿਆ। ਮਰੀਜਾਂ, ਗਰਭਵਤੀ ਔਰਤਾਂ ਅਤੇ ਬਾਹਰੋਂ ਆਏ ਮਹਿਮਾਨਾਂ ਤੱਕ ਨੂੰ ਵੀ ਬਖਸ਼ਿਆ ਨਾ ਗਿਆ। ਘਰਾਂ ਦੀ, ਘਰਾਂ ਦੇ ਸਮਾਨ ਦੀ ਭੰਨ-ਤੋੜ ਕੀਤੀ ਗਈ) ਕਣਕ, ਦਾਲਾਂ ਅਤੇ ਹੋਰ ਰਾਸ਼ਨ ਵਸਤਾਂ ਨੂੰ ਖੇਹ-ਖਰਾਬ ਕੀਤਾ ਗਿਆ। ਪਸ਼ੂ-ਡੰਗਰਾਂ ਨੂੰ ਖੋਲ੍ਹ ਕੇ ਡਾਂਗਾਂ ਮਾਰ ਮਾਰ ਘਰਾਂ ਤੋਂ ਭਜਾ ਦਿੱਤਾ ਗਿਆ। ਵਿਹੜੇ ਦਾ ਕੋਈ ਵੀ ਘਰ ਇਸ ਖਰੂਦੀ ਹਮਲੇ ਤੋਂ ਬਚ ਨਾ ਸਕਿਆ। ਅੰਤ 40 ਔਰਤਾਂ ਸਮੇਤ ਸਵਾ ਸੌ ਦੇ ਲੱਗਭੱਗ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮਗਰੋਂ ਇਹਨਾਂ ਵਿਚੋਂ ਦੋ ਦਰਜਨ ਦੇ ਕਰੀਬ ਮਰਦ ਔਰਤਾਂ 'ਤੇ ਧਾਰਾ 307 ਦੇ ਸੰਗੀਨ ਕੇਸ ਮੜ੍ਹ ਕੇ ਬਾਕੀਆਂ ਨੂੰ ਛੱਡ ਦਿੱਤਾ ਗਿਆ। ਐਨੇ ਖਰੂਦੀ ਅਤੇ ਜ਼ਾਲਮ ਹਮਲੇ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਐਸ.ਐਸ.ਪੀ. ਦਾ ਪ੍ਰਤੀਕਰਮ ਸੀ ਕਿ ਪੁਲਸ ਨੇ ਕੋਈ ਵਧੀਕੀ ਨਹੀਂ ਕੀਤੀ।
ਸੇਲਬਰਾਹ ਪਿੰਡ ਦੇ ਠੇਕੇ ਦਾ ਮਸਲਾ ਚਿਰ ਪੁਰਾਣਾ ਮਸਲਾ ਹੈ। ਇਹ ਤੁਰੰਤ-ਪੈਰ ਖੜ੍ਹਾ ਹੋਇਆ ਮਸਲਾ ਨਹੀਂ ਹੈ, ਜਿਵੇਂ ਕਿ ਪੁਲਸ ਪ੍ਰਸਾਸ਼ਨ ਵੱਲੋਂ ਇਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਦੇ ਰਿਕਾਰਡ ਅਨੁਸਾਰ ਤਾਂ ਲੰਘੇ ਵਰ੍ਹੇ ਤੱਕ ਸੇਲਬਰਾਹ ਵਿੱਚ ਸ਼ਰਾਬ ਦਾ ਕੋਈ ਠੇਕਾ ਹੈ ਹੀ ਨਹੀਂ। ਪਰ ਅਮਲੀ ਤੌਰ 'ਤੇ ਨਾਲ ਲੱਗਦੇ ਹਰਨਾਮ ਸਿੰਘ ਵਾਲਾ ਪਿੰਡ ਦੇ ਠੇਕੇ ਦੀ ਬਰਾਂਚ ਕਹਿ ਕੇ ਸੇਲਬਰਾਹ ਵਿੱਚ ਸ਼ਰਾਬ ਦਾ ਠੇਕਾ ਚੱਲਦਾ ਰਿਹਾ ਹੈ। ਇਸ ਤੋਂ ਇਲਾਵਾ ਹਾਕਮ ਅਕਾਲੀ ਪਾਰਟੀ ਦੇ ਇਲਾਕੇ ਦੇ ਲੀਡਰਾਂ ਦੀ ਸਰਪ੍ਰਸਤੀ ਪ੍ਰਾਪਤ ਮਜ਼ਦੂਰ ਵਿਹੜੇ ਦਾ ਹੀ ਇੱਕ ਵਿਅਕਤੀ ਅਲੱਗ ਸ਼ਰਾਬ ਦੀ ਵਿੱਕਰੀ ਕਰਦਾ ਰਿਹਾ ਹੈ। ਇਹੀ ਉਹ ਵਿਅਕਤੀ ਹੈ, ਜਿਸ ਨਾਲ 30 ਅਪ੍ਰੈਲ ਨੂੰ ਲੋਕਾਂ ਦੇ ਹੋਏ ਤਕਰਾਰ ਤੋਂ ਬਾਅਦ, ਉਸ ਦੇ ਬੁਲਾਉਣ 'ਤੇ, ਪੁਲਸ ਪਾਰਟੀ ਸੇਲਬਰਾਹ ਪਿੰਡ ਪਹੁੰਚੀ ਸੀ। ਇਸ ਤਰ੍ਹਾਂ ਪਿੰਡ ਵਿੱਚ ਦੋ ਠੇਕੇ ਚੱਲਦੇ ਰਹੇ ਹਨ। ਦੋਵੇਂ ਹੀ ਠੇਕੇ ਸਰਕਾਰ ਦੇ ਆਪਣੇ ਨਿਯਮਾਂ ਦੀ ਘੋਰ ਉਲੰਘਣਾ ਹੈ ਅਤੇ ਇੱਕ ਨਜਾਇਜ਼ ਕਾਰਵਾਈ ਬਣਦੀ ਹੈ।
ਪਿੰਡ ਦੇ, ਖਾਸ ਕਰਕੇ ਮਜ਼ਦੂਰ ਵਿਹੜੇ ਦੇ ਲੋਕ ਆਬਾਦੀ ਦੇ ਐਨ ਵਿਚਕਾਰ ਚੱਲਦੇ ਸ਼ਰਾਬ ਦੇ ਇਸ ਧੰਦੇ ਦਾ ਵਿਰੋਧ ਕਰਦੇ ਆ ਰਹੇ ਸਨ। ਉਹਨਾਂ ਨੇ ਇਸ ਦੇ ਖਿਲਾਫ ਜ਼ਿਲ੍ਹਾ ਅਧਿਕਾਰੀਆਂ ਕੋਲ ਪਹੁੰਚ ਵੀ ਕੀਤੀ ਸੀ। ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਆਬਕਾਰੀ  ਵਿਭਾਗ ਨੂੰ ਪਿੰਡ ਵਿੱਚ ਠੇਕਾ ਨਾ ਰੱਖਣ ਬਾਰੇ ਬੇਨਤੀ ਵੀ ਕੀਤੀ ਸੀ। ਆਬਕਾਰੀ ਵਿਭਾਗ ਨੇ ਪੰਚਾਇਤ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਲ੍ਹਾ ਪ੍ਰਸਾਸ਼ਨ ਨੇ ਵੀ ਕੋਈ ਉੱਤਾ ਨਾ ਵਾਚਿਆ। ਇਸ ਤੋਂ ਇਲਾਵਾ, ਸੇਲਬਰਾਹ ਪਿੰਡ ਦਹਾਕਿਆਂ ਤੋਂ ਹੀ ਵੱਖ ਵੱਖ ਪਾਰਲੀਮਾਨੀ ਵੋਟ ਪਾਰਟੀਆਂ ਦੀ ਕੁੱਕੜ ਲੜਾਈ ਵਾਲਾ ਪਿੰਡ ਰਿਹਾ ਹੈ। ਅੱਜ ਏਸ ਮਸਲੇ ਵਿੱਚ ਵੀ ਦੋਵੇ ਹਾਕਮ ਪਾਰਟੀਆਂ- ਅਕਾਲੀ ਦਲ ਅਤੇ ਕਾਂਗਰਸ- ਦੀ ਆਪਸੀ ਖਹਿਬਾਜ਼ੀ ਅਤੇ ਇੱਕ ਦੂਜੀ ਨੂੰ ਠਿੱਬੀ ਲਾਉਣ ਦੀਆਂ ਅੰਦਰਖਾਤੇ ਚੱਲਦੀਆਂ ਖੇਡਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹਨਾਂ ਦਿਨਾਂ ਵਿੱਚ ਤਿੱਖੇ ਰੂਪ ਵਿੱਚ ਉੱਭਰ ਕੇ ਪੇਸ਼ ਹੋਏ ਸੇਲਬਰਾਹ ਪਿੰਡ ਦੇ ਇਸ ਮਸਲੇ ਦੀ ਪਿੱਠ-ਭੂਮੀ ਵਿੱਚ ਕੰਮ ਕਰਦੇ ਇਹਨਾਂ ਪੱਖਾਂ ਨੂੰ ਗਿਣਤੀ ਵਿੱਚ ਰੱਖੇ ਬਗੈਰ ਪਿੰਡ ਦੇ ਮਜ਼ਦੂਰ ਪਰਿਵਾਰਾਂ ਦੀ ਸੰਤੁਸ਼ਟੀ ਕਰਾਉਂਦਾ ਸਹੀ ਹੱਲ ਨਹੀਂ ਕੀਤਾ ਜਾ ਸਕਦਾ। ਪਰ ਪੁਲਸ ਪ੍ਰਸਾਸ਼ਨ ਏਸ ਪ੍ਰਸੰਗ ਵਿੱਚ ਇਸ ਮਸਲੇ ਨੂੰ ਹੱਥ ਪਾਉਂਦਾ ਨਜ਼ਰ ਨਹੀਂ ਆ ਰਿਹਾ।
ਇਸਦੇ ਉਲਟ, ਸਿਤਮਜ਼ਰੀਫ਼ੀ ਇਹ ਹੈ ਕਿ ਇਸ ਸਾਰੀ ਹਾਲਤ ਦਾ ਖਮਿਆਜਾ ਗਰੀਬ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ, ਜਿਸ ਲਈ ਉਹ ਅਕਸਰ ਬਿਲਕੁਲ ਹੀ ਕਸੂਰਵਾਰ ਨਹੀਂ ਹੁੰਦੇ, ਜਾਂ ਉਹਨਾਂ ਦਾ ਨਾ-ਮਾਤਰ ਕਸੂਰ ਹੀ ਹੁੰਦਾ ਹੈ ਅਤੇ ਉਹ ਵੀ ਮਾੜੀ-ਮੋਟੀ ਪੁਲਸੀ ਕੁੱਟਮਾਰ ਜਾਂ ਸਾਧਾਰਨ ਪੁਲਸੀ ਕੇਸਾਂ ਦੇ ਰੂਪ ਵਿੱਚ ਨਹੀਂ ਸਗੋਂ ਪੁਲਸੀ ਕੁੱਟਮਾਰ ਰਾਹੀਂ ਲੱਤਾਂ-ਬਾਹਾਂ ਤੋੜਨ ਤੇ ਤੁਰਨੋਂ-ਫਿਰਨੋਂ ਆਹਰੀ ਕਰਨ, ਇਰਾਦਾ ਕਤਲ ਵਰਗੇ ਸੰਗੀਨ ਕੇਸ, ਘਰਾਂ ਦੇ ਸਮਾਨ ਦੀ ਤੋੜ ਭੰਨ ਆਦਿ ਅਣਮਨੁੱਖੀ ਤੇ ਜ਼ਾਲਮਾਨਾ ਕਹਿਰ ਦੇ ਰੂਪ ਵਿੱਚ ਝੱਲਣਾ ਪੈਂਦਾ ਹੈ, ਜਿਸ ਦੇ ਇਹਨਾਂ ਗਰੀਬ ਪਰਵਾਰਾਂ ਨੂੰ ਦੂਰ ਰਸ ਗੰਭੀਰ ਆਰਥਿਕ ਸਿੱਟੇ ਭੁਗਤਣੇ ਪੈਂਦੇ ਹਨ। ਇਸ ਦਾ ਇੱਕੋ ਇੱਕ ਕਾਰਣ ਇਹ ਹੈ ਕਿ ਅਜਿਹੇ ਸਮਾਜਿਕ ਮਸਲਿਆਂ ਵਿੱਚ (ਜਿਹੜੇ ਭਾਵੇਂ ਕਿੰਨੇ ਵੀ ਜਾਇਜ਼ ਵਾਜਬ ਹੋਣ) ਗਰੀਬ ਤੇ ਤਾਕਤ ਵਿਹੂਣੇ ਲੋਕਾਂ ਦਾ ਮੱਥਾ ਆਰਥਿਕ ਤੇ ਸਿਆਸੀ ਤਾਕਤ ਦੇ ਮਾਲਕ ਡਾਢਿਆਂ ਨਾਲ, ਜਾਂ ਉਹਨਾਂ ਤੋਂ ਲਏ ਉਧਾਰੇ ਸਾਹਾਂ ਦੇ ਸਿਰ 'ਤੇ ਪਲ ਰਹੇ ਚੰਦ ਕੁ ਅੱਥਰਿਆਂ ਨਾਲ ਲੱਗਿਆ ਹੁੰਦਾ ਹੈ। ਗਰੀਬ ਲੋਕਾਂ ਨਾਲ ਸਬੰਧਤ ਅਨੇਕਾਂ ਸਮਾਜਕ ਮਸਲਿਆਂ ਵਿੱਚ ਪੁਲਸ ਵੱਲੋਂ ਰਚੇ ਜਾਂਦੇ ਅਜਿਹੇ ਨਾਟਕਾਂ ਦਾ ਇੱਕੋ ਇੱਕ ਮਕਸਦ ਇਹ ਹੈ ਕਿ ਇਹ ਗਰੀਬ ਲੋਕ ਅਗਾਂਹ ਨੂੰ ਇਹਨਾਂ ਡਾਢਿਆਂ ਮੂਹਰੇ ਅੱਖ ਚੁੱਕ ਕੇ ਦੇਖ ਨਾ ਸਕਣ, ਚੁੱਪਚਾਪ ਇਹਨਾਂ ਦੇ ਦਾਬੇ ਵਿੱਚ ਰਹਿਣ, ਇਹਨਾਂ ਦੀ ਚਾਕਰੀ ਕਰਦੇ ਰਹਿਣ ਅਤੇ ਇਹਨਾਂ ਦੀਆਂ ਮਨਮਾਨੀਆਂ ਨੂੰ ਸੱਤ-ਵਚਨ ਸਮਝ ਕੇ ਮੰਨਦੇ ਰਹਿਣ, ਇਸ ਤੋਂ ਵੀ ਅਗਾਂਹ, ਸਗੋਂ ਇਹਨਾਂ ਦੀਆਂ ਨਾ-ਜਾਇਜ਼ ਕਾਰਵਾਈਆਂ ਵਿੱਚ ਸਹਾਈ ਹੁੰਦੇ ਰਹਿਣ।
ਕਿਸਾਨਾਂ ਮਜ਼ਦੂਰਾਂ ਦੀਆਂ, ਸਿਰਫ ਤੇ ਸਿਰਫ, ਆਪਣੀਆਂ ਹੀ ਜਮਹੂਰੀ ਜਨਤਕ ਜਥੇਬੰਦੀਆਂ ਹਨ, ਜਿਹੜੀਆਂ ਮੁਸੀਬਤਾਂ ਵਿੱਚ ਫਸੇ ਗਰੀਬ ਲੋਕਾਂ ਦੀ ਬਾਂਹ ਫੜਦੀਆਂ ਹਨ। 2 ਮਈ ਦੀ ਘਟਨਾ ਤੋਂ ਅਗਲੇ ਹੀ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਦੀਆਂ ਉਗਰਾਹਾਂ ਅਤੇ ਡਕੌਂਦਾ ਧਿਰਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਖੇਤ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਸੇਲਬਰਾਹ ਪਿੰਡ ਦੇ ਲੋਕਾਂ ਨੂੰ ਮਿਲ ਕੇ ਘਟਨਾ ਦੇ ਤੱਥ ਇਕੱਠੇ ਕੀਤੇ ਹਨ। 4 ਮਈ ਨੂੰ ਬਠਿੰਡੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲ ਕੇ ਇਹਨਾਂ ਆਗੂਆਂ ਨੇ (ਪ੍ਰਸਾਸ਼ਨ ਵੱਲੋਂ ਕੀਤੀ ਜਾਣ ਵਾਲੀ ਜਾਂਚ-ਪੜਤਾਲ 'ਤੇ ਪੱਖਪਾਤੀ ਹੋਣ ਦੇ ਖਤਰੇ ਕਰਕੇ ਬੇ-ਵਿਸ਼ਵਾਸ਼ੀ ਜ਼ਾਹਰ ਕਰਦੇ ਹੋਏ) ਮੰਗ ਕੀਤੀ ਹੈ ਕਿ ਸੇਲਬਰਾਹ ਵਿੱਚ ਪੁਲਸ ਵੱਲੋਂ ਕੀਤੀ ਵਧੀਕੀ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਬੇਕਸੂਰ ਲੋਕਾਂ ਨੂੰ ਰਿਹਾਅ ਕੀਤਾ ਜਾਵੇ।
ਬਾਅਦ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਹਨਾਂ ਆਗੂਆਂ ਨੇ ਪੁਲਸ ਵੱਲੋਂ ਲੋਕਾਂ ਦੇ ਘਰਾਂ ਦੇ ਸਮਾਨ ਦੀ ਕੀਤੀ ਭੰਨ-ਤੋੜ, ਹਿਰਾਸਤ ਵਿੱਚ ਲਏ ਮਰਦ-ਔਰਤਾਂ ਅਤੇ ਦੋ ਦਰਜਨ ਦੇ ਕਰੀਬ ਲੋਕਾਂ 'ਤੇ ਮੜ੍ਹੇ ਝੂਠੇ ਸੰਗੀਨ ਕੇਸਾਂ ਦੇ ਵੇਰਵੇ ਨਸ਼ਰ ਕੀਤੇ ਅਤੇ ਢੁੱਕਵੇਂ ਮੁਆਵਜੇ ਦੀ ਮੰਗ ਨੂੰ ਉਭਾਰਿਆ। ਪ੍ਰੈੱਸ ਕਾਨਫਰੰਸ ਵਿੱਚ ਆਗੂਆਂ ਨੇ ਐਲਾਨ ਕੀਤਾ ਕਿ ਉਹ ਪੁਲਸ ਵੱਲੋਂ ਲੋਕਾਂ 'ਤੇ ਢਾਹੇ ਜ਼ੁਲਮ ਖਿਲਾਫ ਜਨਤਕ ਮੁਹਿੰਮ ਸ਼ੁਰੂ ਕਰਨਗੇ।
ਮਜ਼ਦੂਰ ਮੁਕਤੀ  ਮੋਰਚਾ ਪੰਜਾਬ ਦੀ ਟੀਮ ਵੱਲੋਂ ਸੇਲਬਹਾਰ ਵਾਸੀਆਂ ਨਾਲ ਗੱਲਬਾਤ ਕਰਨ ਉਪਰੰਤ ਜਾਰੀ ਕੀਤੀ ਰਿਪੋਰਟ ਵਿੱਚ ਦੋਸ਼ ਲਾਏ ਹਨ ਕਿ ''ਸੱਤਾਧਾਰੀ ਆਗੂਆਂ ਦੇ ਸ਼ਰਾਬ ਦੇ ਕਥਿਤ ਨਜਾਇਜ਼ ਧੰਦੇ ਨੂੰ ਜਾਰੀ ਰੱਖਣ ਲਈ ਹੀ ਪੁਲਸ ਪ੍ਰਸਾਸ਼ਨ ਨੇ ਪਿੰਡ ਦੇ ਦਲਿਤਾਂ ਅਤੇ ਗਰੀਬਾਂ ਉਪਰ ਕਹਿਰ ਢਾਇਆ ਹੈ ਅਤੇ ਪੁਲਸ ਕੇਸ ਦਰਜ ਕੀਤੇ ਹਨ।''
ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਫੈਸਲਾ ਕਰਕੇ ਸੇਲਬਰਾਹ ਪਿੰਡ ਦੇ ਇਨਸਾਫਪਸੰਦ ਵਿਅਕਤੀਆਂ ਨੂੰ ਮਿਲ ਕੇ ਗ੍ਰਿਫਤਾਰ ਵਿਅਕਤੀਆਂ ਦੀ ਕਾਨੂੰਨੀ ਅਤੇ ਹੋਰ ਲੋੜੀਂਦੀ ਮੱਦਦ ਕਰਨ ਅਤੇ ਪਿੰਡ 'ਚੋਂ ਨਜਾਇਜ਼ ਠੇਕੇ ਚੁਕਵਾਉਣ ਲਈ ਜਨਤਕ ਲਾਮਬੰਦੀ ਰਾਹੀਂ ਢੁਕਵੇਂ ਪ੍ਰਬੰਧ ਕਰਨ ਲਈ ਅੱਗੇ ਆਉਣ ਦੀ ਸਲਾਹ ਦਿੱਤੀ ਗਈ ਹੈ।
ਇਸੇ ਦੌਰਾਨ ਆਬਕਾਰੀ ਤੇ ਕਰ ਅਫਸਰ ਆਰ.ਐਸ. ਰੋਮਾਣਾ ਨੇ ਕਿਹਾ ਹੈ ਕਿ ''ਸਾਲ 2011-12 ਲਈ ਪਿੰਡ ਸੇਲਬਰਾਹ ਲਈ ਸ਼ਰਾਬ ਦਾ ਠੇਕਾ ਪ੍ਰਵਾਨ ਹੋ ਚੁੱਕਿਆ ਹੈ.. ..ਸ਼ਰਾਬ ਦਾ ਠੇਕਾ ਜ਼ਰੂਰ ਖੁੱਲ੍ਹੇਗਾ.. ..ਸਰਕਾਰ ਨੂੰ ਆਮਦਨ ਹੋਣੀ ਹੈ, ਜਿਸ ਕਰੇ ਠੇਕਾ ਤਾਂ ਖੋਲ੍ਹਿਆ ਹੀ ਜਾਵੇਗਾ।''
ਜ਼ਿਲ੍ਹਾ ਪੁਲਸ ਅਲੱਗ ਇਸ ਘਟਨਾ ਦੀ ਮੂਲ ਵਜਾਹ ਬਣੇ ਪਹਿਲੂਆਂ ਦੀ ਜਾਂਚ-ਪੜਤਾਲ ਵਿੱਚ ਪੈਣ ਦੀ ਬਜਾਏ, ਇਸ ਨੂੰ ਮਾਓਵਾਦੀ ਹਿੰਸਾ ਕਰਾਰ ਦੇ ਕੇ ਪਿੰਡ ਦੇ ਗਰੀਬ ਮਜ਼ਦੂਰਾਂ 'ਤੇ ਹੋਰ ਅੰਨ੍ਹਾਂ ਜਬਰ ਢਾਹੁਣ ਦੇ ਮਨਸੂਬੇ ਪਾਲ ਰਹੀ ਹੈ ਅਤੇ ਨਾਮਣਾ ਖੱਟਣ ਦੀਆਂ ਤਿਆਰੀਆਂ ਵੱਟ ਰਹੀ ਹੈ।
ਮਜ਼ਦੂਰਾਂ, ਕਿਸਾਨਾਂ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਰਲ-ਮਿਲ ਕੇ ਚਲਾਈ ਮੁਹਿੰਮ ਅਤੇ ਲੋਕਾਂ ਦੀ ਵਿਸ਼ਾਲ ਲਾਮਬੰਦੀ ਹੀ ਅਧਿਕਾਰੀਆਂ ਦੀਆਂ ਧੱਕੜ ਤੇ ਪੱਖਪਾਤੀ ਕਾਰਵਾਈਆਂ ਅਤੇ ਪੁਲਸ ਦੇ ਚੰਦਰੇ ਮਨਸੂਬਿਆਂ ਨੂੰ ਠੱਲ੍ਹ ਪਾ ਸਕਦੀਆਂ ਹਨ।

ਗਰੇਟਰ ਨੋਇਡਾ 'ਚ ਪੁਲਸ-ਕਿਸਾਨ ਟੱਕਰ
ਵਿਸਫੋਟਕ ਹਾਲਤ ਦਾ ਸੰਕੇਤ
ਵਿਕਾਸ ਦੇ ਨਾਂ 'ਤੇ ਕਿਸਾਨਾਂ ਤੋਂ ਜਬਰਦਸਤੀ ਜ਼ਮੀਨਾਂ ਹਥਿਆਉਣ ਦਾ ਅਮਲ ਪੁਰੇ ਜ਼ੋਰ ਨਾਲ ਚੱਲ ਰਿਹਾ ਹੈ। ਧੱਕੇ ਨਾਲ ਕੀਤੇ ਜਾ ਰਹੇ ਇਸ ਉਜਾੜੇ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਅਤੇ ਅੱਗੋਂ ਪੁਲਸੀ ਜਬਰ ਨਾਲ ਇਸ ਵਿਰੋਧ ਨੂੰ ਕੁਚਲਣ ਦਾ ਅਮਲ ਦਿਨੋਂ ਦਿਨ  ਤੇਜ਼ ਹੋ ਰਿਹਾ ਹੈ। ਸਿੱਟੇ ਵਜੋਂ ਮੁਲਕ ਵਿੱਚ ਹਾਲਤ ਵਿਸਫੋਟਕ ਬਣਦੀ ਜਾ ਰਹੀ ਹੈ।
ਇਹਨਾਂ ਦਿਨਾਂ ਦੀ ਤਾਜ਼ਾ ਰਿਪੋਰਟ ਪੱਛਮੀ ਯੂ.ਪੀ. ਦੀ ਹੈ, ਜਿਥੇ ਗਰੇਟਰ ਨੋਇਡਾ ਤੋਂ ਆਗਰਾ ਤੱਕ ਐਕਸਪ੍ਰੈਸ ਵੇਅ (ਸ਼ਾਹ ਮਾਰਗ) ਉਸਾਰਨ ਲਈ ਕਿਸਾਨਾਂ ਤੋਂ ਨਿਗੂਣੀਆਂ ਜਿਹੀਆਂ ਕੀਮਤਾਂ 'ਤੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਨੋਇਡਾ, ਅਲੀਗੜ੍ਹ, ਆਗਰਾ ਦੇ ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਕਿਸਾਨ ਇਸ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਹਨ। ਥਾਂ ਥਾਂ ਪੁਲਸ ਨਾਲ ਜਬਰਦਸਤ ਝੜੱਪਾਂ ਹੋ ਰਹੀਆਂ ਹਨ। ਕਿਸਾਨਾਂ 'ਤੇ ਲਾਠੀਆਂ, ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹਨ। ਗਰੇਟਰ ਨੋਇਡਾ 'ਚ ਹੋਈ ਤਾਜ਼ਾ ਪੁਲਸ-ਕਿਸਾਨ ਝੜੱਪ ਦੌਰਾਨ ਦੋ ਕਿਸਾਨਾਂ ਅਤੇ ਦੋ ਪੁਲਸੀਆਂ ਦੇ ਮਾਰੇ ਜਾਣ ਦੀ ਖਬਰ ਛਪੀ ਹੈ। ਕਿਸਾਨ ਰੋਹ ਹੋਰ ਵੱਡੇ ਘੇਰੇ ਵਿੱਚ ਫੈਲ ਰਿਹਾ ਹੈ ਅਤੇ ਸ਼ਾਹ ਮਾਰਗ ਦੇ ਆਸਪਾਸ ਦੇ ਪਿੰਡਾਂ ਦੀ ਪੂਰੀ ਪੱਟੀ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ। ਰੋਹ ਵਿੱਚ ਆਏ ਕਿਸਾਨਾਂ ਨੇ ਇਸ ਸ਼ਾਹਮਾਰਗ ਨੂੰ ਉਸਾਰਨ ਵਾਲੀ ਜੇ.ਪੀ. ਕੰਪਨੀ ਦੇ ਦਫਤਰ ਨੂੰ ਅੱਗ ਲਾ ਦਿੱਤੀ। ਹੋਰ ਅਨੇਕਾਂ ਥਾਵਾਂ 'ਤੇ ਸਾੜ-ਫੂਕ ਦੀਆਂ ਖਬਰਾਂ ਆਈਆਂ ਹਨ। ਸਰਕਾਰ ਵੱਲੋਂ ਕਿਸਾਨ ਘੋਲ ਦੀ ਅਗਵਾਈ ਕਰ ਰਹੇ 6 ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਇਨਾਮਾਂ ਦਾ ਐਲਾਨ ਕੀਤਾ ਹੈ।
ਜ਼ਮੀਨ ਬਚਾ ਲੈ
-ਪ੍ਰਸ਼ੋਤਮ ਪੱਤੋ
ਏਕਾ ਕਰਕੇ ਕਿਰਤੀਆ ਜ਼ਮੀਨ ਬਚਾ ਲੈ,
ਭੁੱਖੇ ਮਰਦੇ ਸੀਰੀ ਨੂੰ ਹੁਣ ਗਲ਼ ਨਾ' ਲਾ ਲੈ।

ਖੇਤ ਵਿੱਚ ਡੁੱਲ੍ਹਦਾ ਮੁੜ੍ਹਕਾ ਕਿਸੇ ਕੰਮ ਨਾ ਆਵੇ,
ਕੋਠੇ ਜਿੱਡੀ ਧੀ ਦਾ ਝੋਰਾ ਵੱਢ ਵੱਢ ਖਾਵੇ।
ਰਹਿਮ-ਕਰਮ 'ਤੇ ਰਹਿਣ ਦਾ ਖਹਿੜਾ ਛੁਡਵਾ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..

ਕਣਕਾਂ, ਝੋਨੇ ਬੀਜ ਕੇ ਨਾ ਕਰਜ਼ਾ ਲਹਿੰਦਾ,
ਬੋਹਲ ਸਿਰ੍ਹਾਣੇ ਆੜ੍ਹਤੀਆ ਮਾਲਕ ਬਣ ਬਹਿੰਦਾ।
ਤੈਨੂੰ ਦੇਣ ਨਸੀਹਤਾਂ ਬੱਸ ਰੱਬ ਧਿਆ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..

ਵਿਹਲੜ ਲੋਕਾਂ ਵਾਸਤੇ ਕਿਉਂ ਕਰੇ ਕਮਾਈਆਂ,
ਸੁਪਨੇ ਰਹਿਣ ਅਧੂਰੇ ਜੋ ਆਸਾਂ ਲਾਈਆਂ।
ਆ ਫਿਰ ਦੱਬੇ ਕੁਚਲੇ ਨੂੰ ਵੀ ਨਾਲ ਰਲਾ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..

ਇੱਕੋ ਰਾਹ ਸੰਘਰਸ਼ ਦਾ ਜੋ ਤੇਰਾ ਸਾਥੀ,
ਹੱਕ ਆਪਣੇ ਲੈਣ ਲਈ ਲੜਨੇ ਘੋਲ ਜਮਾਤੀ।
ਸਾਥੀ ਬਣਕੇ 'ਪੱਤੋ' ਦਾ ਲਹਿਰ 'ਚ ਹਿੱਸਾ ਪਾ ਲੈ-
ਭੁੱਖ ਮਰਦੇ ਸੀਰੀ ਨੂੰ.. .. . . ..
ਲੋਕ ਮੋਰਚਾ ਪੰਜਾਬ ਦਾ ਸੂਬਾਈ ਵਿਸ਼ੇਸ਼ ਅਜਲਾਸ
24 ਅਪ੍ਰੈਲ ਨੂੰ ਲੋਕ ਮੋਰਚਾ ਪੰਜਾਬ ਦਾ ਸੂਬਾਈ ਵਿਸ਼ੇਸ਼ ਅਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਇਆ, ਜਿਸ  ਵਿੱਚ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਵਿਸ਼ੇਸ਼ ਪ੍ਰਤੀਨਿਧ ਸ਼ਾਮਲ ਹੋਏ। ਇਹ ਸੂਚਨਾ ਲੋਕ ਮੋਰਚਾ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ 'ਚ ਦਿੱਤੀ ਗਈ ਹੈ।
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਆਦਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਇਨਕਲਾਬ ਜ਼ਿੰਦਾਬਾਦ! ਸਾਮਰਾਜਵਾਦ-ਮੁਰਦਾਬਾਦ! ਦੇ ਨਾਅਰਿਆਂ ਨਾਲ ਅਜਲਾਸ ਦਾ ਆਗਾਜ਼ ਹੋਇਆ।
ਪ੍ਰਧਾਨ ਸ੍ਰੀ ਐਨ.ਕੇ. ਜੀਤ ਨੇ ਸਰਗਰਮੀਆਂ ਦਾ ਖਾਕਾ ਪੇਸ਼ ਕੀਤਾ। ਜਨਰਲ ਸਕੱਤਰ ਅਮੋਲਕ ਸਿੰਘ ਨੇ ਅਜੋਕੀ ਹਾਲਤ ਅਤੇ ਅਗਲੇ ਸੇਧਕ ਕਾਰਜਾਂ ਦੀ ਲਿਖਤੀ ਰਿਪੋਰਟ ਪੇਸ਼ ਕੀਤੀ, ਜਿਸ ਉੱਪਰ ਵੱਖ ਵੱਖ ਪ੍ਰਤੀਨਿਧਾਂ ਨੇ ਗੰਭੀਰ ਵਿਚਾਰ-ਚਰਚਾ ਕੀਤੀ। ਲੋਕਾਂ ਉਪਰ ਮੜ੍ਹੀਆਂ ਦਾ ਰਹੀਆਂ ਨਵੀਆਂ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਅਤੇ ਬਹੁਗਿਣਤੀ ਲੋਕਾਂ ਦੇ ਕੀਤੇ ਜਾ ਰਹੇ ਵਿਨਾਸ਼ ਉਪਰ ਚਿੰਤਾ ਜ਼ਾਹਰ ਕੀਤੀ ਗਈ।
ਆਦਿਵਾਸੀ ਖੇਤਰਾਂ ਵਿੱਚ ਸਰਕਾਰੀ ਹਥਿਆਰਬੰਦ ਤਾਕਤਾਂ ਅਤੇ ਸਲਵਾ ਜੁਦਮ ਵਰਗੀਆਂ ਨਿੱਜੀ ਸੈਨਾਵਾਂ ਵੱਲੋਂ ਲੋਕਾਂ ਉਪਰ ਢਾਹੇ ਜਾ ਰਹੇ ਜ਼ੁਲਮਾਂ ਬਾਰੇ ਚਰਚਾ ਕੀਤੀ ਗਈ। ਪੰਜਾਬ ਅੰਦਰ ਵੀ ਖੰਨਾ-ਚਮਾਰਾ ਵਿੱਚ ਦੋ ਕਿਸਾਨਾਂ ਦੇ ਕਤਲ ਅਤੇ ਸਾਧੂ ਸਿੰਘ ਤਖਤੂਪੁਰਾ, ਪ੍ਰਿਥੀਪਾਲ ਸਿੰਘ ਉੱਪਰ ਹੋਏ ਕਾਤਲੀ ਹਮਲਿਆਂ ਤੋਂ ਜਮਹੂਰੀ ਇਨਕਲਾਬੀ ਲਹਿਰ ਨੂੰ ਖੜ੍ਹੇ ਹੋਏ ਖਤਰਿਆਂ ਤੋਂ ਸੁਚੇਤ ਰਹਿਣ ਦੇ ਨਾਲ ਨਾਲ ਜਮਹੂਰੀ ਇਨਕਲਾਬੀ ਲਹਿਰ ਦੇ ਜਨਤਕ ਅਧਾਰ ਨੂੰ ਮਜਬੂਤ ਕਰਨ ਅਤੇ ਸਵੈ-ਰਾਖੀ ਲਈ ਉੱਭਰੀ ਲੋੜ ਨੂੰ ਸੰਬੋਧਤ ਹੋਣ ਦੀ ਚਰਚਾ ਕੀਤੀ ਗਈ।
ਸਰਵਸੰਮਤੀ ਨਾਲ 5 ਮੈਂਬਰੀ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚੋਂ ਗੁਰਦਿਆਲ ਸਿੰਘ ਭੰਗਲ ਨੂੰ ਪ੍ਰਧਾਨ ਅਤੇ ਅਮੋਲਕ ਸਿੰਘ ਨੂੰ ਸਕੱਤਰ ਚੁਣਿਆ ਗਿਆ। ਸਾਬਕਾ ਪ੍ਰਧਾਨ ਸ੍ਰੀ ਐਨ.ਕੇ. ਜੀਤ ਨੂੰ ਸਲਾਹਕਾਰ ਰੱਖਣ ਤੋਂ ਇਲਾਵਾ ਸੂਬਾਈ ਟੀਮ ਦੀ ਸਹਾਇਤਾ ਲਈ ਦੋ ਸਹਿਯੋਗੀ ਮੈਂਬਰ ਲਏ ਗਏ।
ਅਜਲਾਸ ਵਿੱਚ ਪਾਸ ਕੀਤੇ ਵੱਖ ਵੱਖ ਮਤਿਆਂ ਰਾਹੀਂ  ਅਰਬ ਜਗਤ ਵਿੱਚ ਉੱਠੇ ਲੋਕ ਉਭਾਰ ਦੀ ਜੈ-ਜੈਕਾਰ ਕੀਤੀ ਗਈ। ਜੰਮੂ ਕਸ਼ਮੀਰ ਤੇ ਉੱਤਰੀ ਪੂਰੀ ਖਿਤੇ ਦੀਆਂ ਲਹਿਰਾਂ ਦੀ ਹਮਾਇਤ ਅਤੇ 10 ਸਾਲਾਂ ਤੋਂ ਸੰਘਰਸ਼ ਕਰ ਰਹੀ ਇਰੋਮਾ ਸ਼ਰਮੀਲਾ ਦਾ ਸਮਰਥਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਮੜ੍ਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
...........................................................
ਸੁਰਖ਼ ਰੇਖਾ ਨੂੰ ਸਹਾਇਤਾ
-ਵਿਕਾਸ, ਪੁੱਤਰ ਨੀਲਮ-ਕਸਤੂਰੀ, ਦੇ ਜਨਮ ਦਿਨ 'ਤੇ  200-
-ਬਿੰਦਰ ਬਿੰਦੂ ਪੋਤਰੀ ਸ੍ਰੀ ਸ਼ਾਦੀ ਲਾਲ, ਮੈਡੀਸਿਟੀ ਹਸਪਤਾਲ ਦੀ ਪਹਿਲੀ ਤਨਖਾਹ 'ਚੋਂ 100-
-ਸੁਨੀਤਾ ਰਾਣੀ ਪਤਨੀ ਸ੍ਰੀ ਬਨਾਰਸੀ ਲਾਲ 200-
-ਪਿੰਕੀ ਪੋਤਰੀ ਸ਼ਾਦੀ ਲਾਲ 200-
-ਕ੍ਰਿਸ਼ਨ-ਸੁਨੀਤਾ, ਨਿਊ ਪ੍ਰੇਮ ਨਗਰ ਵੱਲੋਂ  ਅਰਮਾਨ ਦੇ ਜਨਮ ਮੌਕੇ 350-
-ਨਵਲ ਕਿਸ਼ੋਰ ਇੰਨਸਪੈਕਟਰ ਪਟਿਆਲਾ ਵਿਖੇ  ਸੇਵਾ ਮੁਕਤੀ 'ਤੇ 200-
-ਬਿਮਲ ਕਿਸ਼ੋਰ-ਸ਼ਮੀ ਗਗਨਦੀਪ ਕਲੋਨੀ ਲੁਧਿਆਣਾ ਵੱਲੋਂ  ਰਿਤੀਕਾ-ਅੰਮ੍ਰਿਤ ਦੇ ਵਿਆਹ ਮੌਕੇ 500-
-ਭੂਰ ਪ੍ਰਕਾਸ਼-ਸੁਨੀਤਾ ਰਾਣੀ,  ਗਗਨਦੀਪ ਕਲੋਨੀ ਲੁਧਿਆਣਾ ਵੱਲੋਂ  ਰਸ਼ਮੀ ਦੀਪਕ ਦੇ ਵਿਆਹ ਮੌਕੇ 500-
-ਨਵਲ ਕਿਸ਼ੋਰ ਬਸੀ, ਵਿਜੈ ਬਸੀ  ਪਟਿਆਲਾ ਵੱਲੋਂ  ਵਰੁਣ ਸ਼ਾਲਿਨੀ ਦੇ ਵਿਆਹ ਮੌਕੇ 500-
-ਕੁਸ਼ੱਲਿਆ-ਮਹਿਲ ਸਿੰਘ,  ਹਿੰਮਤਪੁਰਾ (ਕੈਥਲ) ਗੁਰਜੀਤ-ਜਗਜੀਤ ਦੇ  ਵਿਆਹ ਮੌਕੇ 500-
-ਇੱਕ ਪਾਠਕ ਵੱਲੋਂ  ਆਪਣੀ ਪਹਿਲੀ ਤਨਖਾਹ ਮੌਕੇ 500-
-ਤਰਸੇਮ ਲਾਲ ਫਿਲੌਰ ਵੱਲੋਂ ਆਪਣੇ  ਪੁੱਤਰ ਦੇ ਵਿਆਹ ਦੀ ਖੁਸ਼ੀ 'ਚ 500-
-ਮਾਸਟਰ ਕ੍ਰਿਪਾਲ ਸਿੰਘ ਦੇ ਸ਼ਰਧਾਂਜਲੀ  ਸਮਾਗਮ 'ਤੇ ਪਰਿਵਾਰ ਵੱਲੋਂ 500-
-ਇੱਕ ਪਾਠਕ ਬਠਿੰਡਾ ਤੋਂ 1000-
-ਇੱਕ ਪਾਠਕ, ਆਪਣੇ ਭਤੀਜੇ ਦੇ ਜਨਮ ਦਿਨ 'ਤੇ 300-
(ਅਦਾਰਾ ਸੁਰਖ਼ ਰੇਖਾ ਸਾਥੀਆਂ ਦਾ ਤਹਿ ਦਿਲੋਂ ਧੰਨਵਾਦੀ ਹੈ।)

Surkh Rekha (May-June) 2k11

ਬਿਨਾਇਕ ਸੇਨ ਦੀ ਜਮਾਨਤ :
''ਦੇਸ਼ ਧਰੋਹੀ'' ਕਿਵੇਂ ਹੋਇਆ? ਸੁਪਰੀਮ ਕੋਰਟ ਦੀ ਟਿੱਪਣੀ

ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਡਾ. ਬਿਨਾਇਕ ਸੇਨ ਨੂੰ ਜਮਾਨਤ ਦੇ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਜਮਹੂਰੀ ਹੱਕਾਂ ਦੇ ਇਸ ਕਾਰਕੁੰਨ ਖਿਲਾਫ ਬਗਾਵਤ ਦਾ ਕੋਈ ਕੇਸ ਨਹੀਂ ਬਣਦਾ। ਬਿਨਾਇਕ ਸੇਨ ਛੱਤੀਸਗੜ੍ਹ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਸਟਿਸ ਐਚ.ਐਸ. ਬੇਦੀ ਅਤੇ ਸੀ.ਕੇ. ਪ੍ਰਸਾਦ ਦੇ ਬੈਂਚ ਨੇ ਸੀਨੀਅਰ ਵਕੀਲ ਰਾਮ ਜੇਠ ਮਲਾਨੀ ਦੀਆਂ ਦਲੀਲਾਂ ਸੁਣਨ ਪਿੱਛੋਂ ਅਤੇ ਸਰਕਾਰ ਵੱਲੋਂ ਸੀਨੀਅਰ ਵਕੀਲ ਯੂ.ਜੀ. ਲਲਿਤ ਦੀਆਂ ਦਲੀਲਾਂ ਸੁਣਨ ਪਿੱਛੋਂ ਡਾ. ਸੇਨ ਨੂੰ ਜਮਾਨਤ ਦੇ ਦਿੱਤੀ।.. ..ਜਸਟਿਸ ਪ੍ਰਸਾਦ ਨੇ ਸ੍ਰੀ ਲਲਿਤ ਨੂੰ ਕਿਹਾ, ''ਅਸੀਂ ਇੱਕ ਜਮਹੂਰੀ ਮੁਲਕ ਹਾਂ। ਉਹ ਹਮਦਰਦ ਹੋ ਸਕਦਾ ਹੈ। ਇਸ ਨਾਲ ਉਹ ਦੇਸ਼ ਧਰੋਹ ਦਾ ਦੋਸ਼ੀ ਨਹੀਂ ਬਣਦਾ। ਉਸਨੇ ਤੁਲਨਾਤਮਕ ਮਿਸਾਲ ਦਿੰਦੇ ਹੋਏ ਸ੍ਰੀ ਲਲਿਤ ਨੂੰ ਪੁੱਛਿਆ, ''ਜੇ ਕਿਸੇ ਕੋਲੋਂ ਮਹਾਤਮਾ ਗਾਂਧੀ ਦੀ ਸਵੈ-ਜੀਵਨੀ ਬਰਾਮਦ ਹੋ ਜਾਂਦੀ ਹੈ ਤਾਂ ਕੀ ਉਸ ਨੂੰ ਗਾਂਧੀਵਾਦੀ ਕਿਹਾ ਜਾਵੇਗਾ? ਕਿਸੇ ਕੋਲੋਂ ਕੋਈ ਸਮੱਗਰੀ ਹਾਸਲ ਹੋਣ ਦੇ ਅਧਾਰ 'ਤੇ ਉਸ ਖਿਲਾਫ ਦੇਸ਼ ਧਰੋਹ ਦਾ ਕੋਈ ਕੇਸ ਨਹੀਂ ਬਣਦਾ, ਜਿੰਨਾ ਚਿਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਉਹ ਸਰਗਰਮੀ ਨਾਲ ਅਜਿਹੇ ਲੋਕਾਂ ਦੀ ਮੱਦਦ ਕਰ ਰਿਹਾ ਹੈ ਅਤੇ ਉਹਨਾਂ ਨੂੰ ਪਨਾਹ ਦੇ ਰਿਹਾ ਹੈ।''.. ..ਜਸਟਿਸ ਬੇਦੀ ਨੇ ਸ੍ਰੀ ਲਲਿਤ ਨੂੰ ਕਿਹਾ, ''ਤੁਹਾਡਾ ਮੁੱਖ ਦੋਸ਼ ਹੈ ਕਿ ਡਾ. ਸੇਨ 11 ਮਹੀਨਿਆਂ 'ਚ 33 ਵਾਰ ਸਾਨਿਆਲ ਨੂੰ ਜੇਲ੍ਹ ਵਿੱਚ ਮਿਲਿਆ ਅਤੇ ਮਾਓਵਾਦੀ ਵਿਚਾਰਾਂ ਦਾ ਕੁਝ ਸਾਹਿਤ ਉਸ ਕੋਲੋਂ ਬਰਾਮਦ ਹੋਇਆ। ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਜਿਹੀ ਸਮੱਗਰੀ ਦੇ ਅਧਾਰ 'ਤੇ ਹੀ ਕਿਸੇ ਖਿਲਾਫ ਦੇਸ਼ ਧਰੋਹ ਦਾ ਕੇਸ ਬਣਦਾ ਹੈ।.. ..ਸਰਕਾਰ ਦੇ ਵਕੀਲ ਸ੍ਰੀ ਲਲਿਤ ਨੇ ਕਿਹਾ ਕਿ ਡਾ. ਸੇਨ ਨੇ ਜੇਲ੍ਹ ਦੇ ਦੌਰੇ ਕੀਤੇ ਅਤੇ ਕੈਦੀ ਗੁਹਾ ਨਾਲ ਅਤੇ ਹੋਰਨਾਂ ਨਾਲ ਦਸਤਾਵੇਜ਼ਾਂ ਦਾ ਵਟਾਂਦਰਾ ਕੀਤਾ। ਜਸਟਿਸ ਬੇਦੀ ਨੇ ਟਿੱਪਣੀ ਕੀਤੀ ਜੇਲ੍ਹ ਦਾ ਸਟਾਫ ਕੈਦੀਆਂ ਨੂੰ  ਮਿਲਣ ਵਾਲਿਆਂ ਦੀ ਪੜਤਾਲ ਕਰਦਾ ਹੈ ਅਤੇ ਤਲਾਸ਼ੀ ਲੈਂਦਾ ਹੈ ਅਤੇ ਅਜਿਹੀਆਂ ਮੀਟਿੰਗਾਂ ਜੇਲ੍ਹਰਾਂ ਦੀ ਹਾਜ਼ਰੀ ਵਿੱਚ ਹੁੰਦੀਆਂ ਹਨ। ਇਹਨਾਂ ਸਭ ਗੱਲਾਂ ਦੀ ਨਿਗਰਾਨੀ ਲਈ ਜੇਲ੍ਹਰ ਹਾਜ਼ਰ ਹੁੰਦੇ ਹਨ। ਇਸ ਕਰਕੇ ਚਿੱਠੀਆਂ ਜਾਂ ਦਸਤਾਵੇਜ਼ ਕੈਦੀਆਂ ਕੋਲ ਪਹੁੰਚਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।'' (ਦੀ ਹਿੰਦੂ, 15 ਅਪ੍ਰੈਲ 2011)
ਸੁਪਰੀਮ ਕੋਰਟ ਦੇ ਇਸ ਫੈਸਲੇ ਅਤੇ ਟਿੱਪਣੀਆਂ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਅਤੇ ਪੁਲਸ ਨੇ ਕਿਵੇਂ ਨਿਰ-ਅਧਾਰ ਦੋਸ਼ਾਂ ਦੇ ਸਿਰ 'ਤੇ ਡਾ. ਬਿਨਾਇਕ ਸੇਨ ਨੂੰ ਨਿਹੱਕੇ ਮੁਕੱਦਮਿਆਂ ਵਿੱਚ ਫਸਾਇਆ ਅਤੇ ਲੰਮੇ ਅਰਸੇ ਲਈ ਜੇਲ੍ਹ ਵਿੱਚ ਡੱਕਣ ਦੀ ਸਾਜਸ਼ ਰਚੀ। ਬੇਤੁਕੇ ਦੋਸ਼ ਲਾ ਕੇ ਡਾ. ਸੇਨ ਖਿਲਾਫ ਕੀਤੀ ਕਾਰਵਾਈ ਨੇ ਮੁਲਕ ਅੰਦਰ ਜ਼ੋਰਦਾਰ ਰੋਸ ਜਗਾਇਆ। ਨਿਆਂ ਪ੍ਰਣਾਲੀ ਨਾਲ ਜੁੜੇ ਰਹੇ ਕਈ ਸਾਬਕਾ ਜੱਜਾਂ ਤੱਕ ਨੇ ਵੀ ਇਹਨਾਂ ਕਦਮਾਂ ਖਿਲਾਫ ਟਿੱਪਣੀਆਂ ਕੀਤੀਆਂ ਅਤੇ ਡਾ. ਬਿਨਾਇਕ ਸੇਨ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਕਰਕੇ ਨਿਆਂ ਪ੍ਰਬੰਧ ਦੀ ਪੜਤ ਦਾ ਜਲੂਸ ਨਿਕਲ ਜਾਣ ਬਾਰੇ ਟਿੱਪਣੀਆਂ ਕੀਤੀਆਂ। ਇਹਨਾਂ ਸਥਿਤੀਆਂ ਦੇ ਪ੍ਰਸੰਗ ਵਿੱਚ ਅਖੀਰ ਡਾ. ਬਿਨਾਇਕ ਸੇਨ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲੀ ਹੈ। ਪਰ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਰੀ ਖੱਜਲ-ਖੁਆਰੀ 'ਚੋਂ ਲੰਘਣਾ ਪਿਆ ਹੈ ਅਤੇ ਅਜੇ ਵੀ ਮੁਕੱਦਮੇ ਦੀ ਤਲਵਾਰ ਉਹਨਾਂ 'ਤੇ ਲਟਕ ਰਹੀ ਹੈ। ਇਸ ਮਾਮਲੇ ਨੇ ਰਾਜ ਪ੍ਰਬੰਧ ਵੱਲੋਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਜਾਬਰ ਸਮਰੱਥਾ ਨੂੰ ਨਸ਼ਰ ਕੀਤਾ ਹੈ।

Surkh Rekha (May-June) 2k11

ਸਿਆਸੀ ਸਰਗਰਮੀ ਦੀ ਵਜਾਹ ਕਰਕੇ ਹਰਭਿੰਦਰ ਜਲਾਲ 'ਤੇ ਤਸ਼ੱਦਦ
ਰਿਹਾਈ ਲਈ ਆਵਾਜ਼ ਉੱਚੀ ਕਰੋ

3 ਮਈ ਨੂੰ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅਹਿਮ ਕਾਰਕੁੰਨ ਹਰਭਿੰਦਰ ਜਲਾਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪ੍ਰਾਪਤ ਸੂਚਨਾਵਾਂ ਅਨੁਸਾਰ ਉਹਨਾਂ ਦੀ ਗ੍ਰਿਫਤਾਰੀ ਚੰਡੀਗੜ੍ਹ ਜਾ ਰਹੀ ਬੱਸ ਦੀ ਘੇਰਾਬੰਦੀ ਕਰਕੇ ਕੀਤੀ ਗਈ। ਸ੍ਰੀ ਹਰਭਿੰਦਰ ਜਲਾਲ ਕਮਿਊਨਿਸਟ ਇਨਕਲਾਬੀ ਪਰਚੇ ਚਮਕਦਾ ਲਾਲ ਤਾਰਾ ਦੇ ਸੰਪਾਦਕ ਰਹੇ ਹਨ। ਕਿਸੇ ਸਮੇਂ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਰਗਰਮ ਕਾਰਕੁੰਨ ਰਹੇ ਹਨ। ਲੰਮੇ ਅਰਸੇ ਤੋਂ ਉਹ ਕਮਿਊਨਿਸਟ ਲਹਿਰ ਅੰਦਰ ਆਪਣੀ ਸਰਗਰਮੀ ਰਾਹੀਂ ਯੋਗਦਾਨ ਪਾਉਂਦੇ ਆ ਰਹੇ ਹਨ। ਉਹਨਾਂ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਵੀ ਇਨਕਲਾਬੀ ਜਮਹੂਰੀ ਲਹਿਰ ਦੀ ਸਰਗਰਮ ਕਾਰਕੁੰਨ ਹੈ। ਕਾਮਰੇਡ ਜਲਾਲ ਦੀ ਗ੍ਰਿਫਤਾਰੀ ਪਿੱਛੋਂ ਚਾਰ ਅਤੇ ਪੰਜ ਮਈ ਨੂੰ ਰਾਮਪੁਰਾ 'ਚ ਉਹਨਾਂ ਦੇ ਘਰ ਛਾਪੇ ਮਾਰੇ ਗਏ। ਪੁਲਸ ਉਹਨਾਂ ਦੇ ਘਰ 'ਚੋਂ ਇਨਕਲਾਬੀ ਸਾਹਿਤ ਦੀਆਂ ਕਿਤਾਬਾਂ ਚੁੱਕ ਕੇ ਲੈ ਗਈ। ਕਈ ਗੁਆਂਢੀ ਘਰਾਂ 'ਤੇ ਵੀ ਛਾਪੇ ਮਾਰੇ ਗਏ।
ਗ੍ਰਿਫਤਾਰੀ ਤੋਂ ਦੋ ਦਿਨ ਬਾਅਦ ਉਹਨਾਂ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਉਹਨਾਂ ਖਿਲਾਫ ਪਿਸਤੌਲ ਦੀ ਬਰਾਮਦਗੀ ਦਾ ਝੂਠਾ ਕੇਸ ਦਰਜ ਕਰ ਲਿਆ ਗਿਆ। ਕਾਮਰੇਡ ਜਲਾਲ ਵੱਲੋਂ ਪਿਸਤੌਲ ਦੇ ਦੋਸ਼ ਨੂੰ ਜ਼ੋਰ ਨਾਲ ਰੱਦ ਕੀਤਾ ਗਿਆ ਅਤੇ ਅਦਾਲਤ ਵਿੱਚ ਨਾਅਰੇ ਲਾਏ ਗਏ। ਅਦਾਲਤ ਨੇ ਉਹਨਾਂ ਖਿਲਾਫ ਪੰਜ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਐਡਵੋਕੇਟ ਐਨ.ਕੇ. ਜੀਤ ਵੱਲੋਂ ਸਾਡੇ ਦਫਤਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਸਾਥੀ ਜਲਾਲ ਨੂੰ ਪੁਲ ਹਿਰਾਸਤ ਵਿੱਚ ਬਿਜਲੀ ਦੇ ਝਟਕੇ ਦਿੱਤੇ ਜਾ ਰਹੇ ਹਨ ਅਤੇ ਕੁਰਸੀਆਂ ਲਾਈਆਂ ਜਾ ਰਹੀਆਂ ਹਨ। ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਸੀ.ਪੀ.ਆਈ.(ਮਾਓਵਾਦੀ) ਦੀ ਪੰਜਾਬ ਇਕਾਈ ਦੇ ਸਕੱਤਰ ਹਨ। ਅਖਬਾਰਾਂ ਵਿੱਚ ਛਪੇ ਪੁਲਸ ਦੇ ਬਿਆਨਾਂ ਵਿੱਚ ਇਹ ਮੰਨਿਆ ਗਿਆ ਹੈ ਕਿ ਸ੍ਰੀ ਜਲਾਲ ਖਿਲਾਫ ਗ੍ਰਿਫਤਾਰੀ ਤੋਂ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਸੀ। ਸਪਸ਼ਟ ਹੈ ਕਿ ਸ੍ਰੀ ਜਲਾਲ ਨੂੰ ਸਿਰਫ ਉਹਨਾਂ ਦੇ ਵਿਚਾਰਾਂ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪਿਸਤੌਲ ਦਾ ਝੂਠਾ ਕੇਸ ਪਾ ਕੇ ਤਸ਼ੱਦਦ ਦਾ ਬਹਾਨਾ ਬਣਾਇਆ ਗਿਆ ਹੈ। ਪੁਲਸ ਦੇ ਬਿਆਨਾਂ ਅਤੇ ਸਰਗਰਮੀਆਂ ਤੋਂ ਸੰਕੇਤ ਮਿਲਦੇ ਹਨ ਕਿ ਉਹ ਆਉਂਦੇ ਦਿਨਾਂ 'ਚ ਇਨਕਲਾਬੀ ਲਹਿਰ ਦੇ ਹੋਰਨਾਂ ਕਾਰਕੁੰਨਾਂ ਨੂੰ ਵੀ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ। ਪਤਾ ਲੱਗਿਆ ਹੈ ਕਿ ਪੁਲਸ ਕਾਮਰੇਡ ਜਲਾਲ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਦੀ ਵੀ ਤਲਾਸ਼ ਕਰ ਰਹੀ ਹੈ।
ਚੇਤੇ ਰਹੇ ਕਿ ਜਮਹੂਰੀ ਹੱਕਾਂ ਦੀ ਲਹਿਰ ਦੇ ਉੱਘੇ ਕਾਰਕੁੰਨ ਬਿਨਾਇਕ ਸੇਨ ਦੀ ਜਮਾਨਤ ਸਬੰਧੀ ਫੈਸਲਾ ਕਰਦਿਆਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਕਿਸੇ ਵਿਅਕਤੀ ਨੂੰ ਕਿਸੇ ਜਥੇਬੰਦੀ ਨਾਲ ਵਿਚਾਰਾਂ ਦੇ ਰਿਸ਼ਤੇ ਦੇ ਅਧਾਰ 'ਤੇ ਅਪਰਾਧੀ ਨਹੀਂ ਸਮਝਿਆ ਜਾ ਸਕਦਾ, ਜਿੰਨਾ ਚਿਰ ਉਸਨੇ ਕਿਸੇ ਹਿੰਸਕ ਕਾਰਵਾਈ ਵਿੱਚ ਹਿੱਸਾ ਨਾ ਲਿਆ ਹੋਵੇ। ਨਾ ਹੀ ਉਸ ਕੋਲੋਂ ਬਰਾਮਦ ਹੋਏ ਸਾਹਿਤ ਦੇ ਅਧਾਰ 'ਤੇ ਉਸ ਉੱਤੇ ਕੋਈ ਮੁਕੱਦਮਾ ਚਲਾਇਆ ਜਾ ਸਕਦਾ ਹੈ। ਚਾਹੇ ਇਹ ਸਾਹਿਤ ਕਿਸੇ ਪਾਬੰਦੀ ਸ਼ੁਦਾ ਜਥੇਬੰਦੀ ਨਾਲ ਸਬੰਧਤ ਵੀ ਕਿਉਂ ਨਾ ਹੋਵੇ। ਇਸ ਪ੍ਰਸੰਗ ਵਿੱਚ ਪੁਲਸ ਵੱਲੋਂ ਕਾਮਰੇਡ ਜਲਾਲ 'ਤੇ ਪਿਸਤੌਲ ਦਾ ਝੂਠਾ ਕੇਸ ਦਰਜ ਕਰਨਾ ਜ਼ਾਹਰ ਕਰਦਾ ਹੈ ਕਿ ਉਹ ਹਰ ਹਾਲਤ ਉਹਨਾਂ 'ਤੇ ਤਸ਼ੱਦਦ ਢਾਹੁਣ ਅਤੇ ਉਹਨਾਂ ਨੂੰ ਲੰਮੇ ਸਮੇਂ ਲਈ ਜੇਲ੍ਹ ਵਿੱਚ ਡੱਕਣ 'ਤੇ ਉਤਾਰੂ ਹੈ।
ਪੰਜਾਬ ਦੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਸਿਆਸੀ ਵਿਚਾਰਾਂ ਦੇ ਅਧਾਰ 'ਤੇ ਸਿਆਸੀ ਕਾਰਕੁੰਨਾਂ ਨੂੰ ਜਬਰ ਦਾ ਨਿਸ਼ਾਨਾ ਬਣਾਉਣ ਦੀ ਅੱਤਿਆਚਾਰੀ ਹਕੂਮਤੀ ਨੀਤੀ ਦਾ ਪਹਿਲਾਂ ਹੀ ਵਿਰੋਧ ਕਰਦੀਆਂ ਆ ਰਹੀਆਂ ਹਨ। ਉਹਨਾਂ ਵੱਲੋਂ ਸੀ.ਪੀ.ਆਈ.(ਮਾਓਵਾਦੀ) ਤੋਂ ਪਾਬੰਦੀ ਹਟਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਲੋੜ ਹੈ ਕਿ ਸਮੂਹ ਇਨਕਲਾਬੀ ਜਮਹੂਰੀ ਸ਼ਕਤੀਆਂ ਸ੍ਰੀ ਜਲਾਲ ਦੀ ਗ੍ਰਿਫਤਾਰੀ ਦਾ ਜ਼ੋਰਦਾਰ ਵਿਰੋਧ ਕਰਨ, ਉਹਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕਰਨ।
—ਅਦਾਰਾ ਸੁਰਖ਼ ਰੇਖਾ