Wednesday, December 1, 2021

ਅਫਗਾਨਿਸਤਾਨ ਘਟਨਾ-ਵਿਕਾਸ

 

ਅਫਗਾਨਿਸਤਾਨ ਘਟਨਾ-ਵਿਕਾਸ

ਅਮਰੀਕਾ ਦੀ ਆਲਮੀ ਦਹਿਸ਼ਤਗਰਦ ਜੰਗ ਨੂੰ ਵੱਡਾ ਝਟਕਾ

  ਪਿਛਲੇ 20 ਸਾਲਾਂ ਤੋਂ ਅਫਗਾਨਿਸਤਾਨ ਤੇ ਫੌਜੀ ਕਬਜਾ ਕਰਕੇ ਬੈਠੇ ਅਮਰੀਕੀ ਸਾਮਰਾਜੀਆਂ ਨੂੰ ਆਖਿਰਕਾਰ ਅਫਗਾਨੀ ਕੌਮੀ ਟਾਕਰੇ ਮੂਹਰੇ ਗੋਡੇ ਟੇਕਣੇ ਪੈ ਗਏ ਹਨ ਤੇ ਲੰਘੀ 31 ਅਗਸਤ ਨੂੰ ਜੰਗਬਾਜ ਸਾਮਰਾਜੀਏ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਨਿੱਕਲ ਗਏ ਹਨ। ਇਕ ਵਾਰ ਅਫਗਾਨਿਸਤਾਨ ਚੋਂ ਸਿੱਧੀ ਅਮਰੀਕੀ ਬਸਤੀਵਾਦੀ ਚੌਧਰ ਦਾ ਖਾਤਮਾ ਹੋ ਗਿਆ ਹੈ। ਨਿਹੱਕੀਆਂ ਸਾਮਰਾਜੀ ਜੰਗਾਂ ਦੇ ਇਤਿਹਾਸ ਚ ਅਮਰੀਕੀ ਸਾਮਰਾਜ ਦੀ ਇੱਕ ਹੋਰ ਨਮੋਸ਼ੀਜਨਕ ਹਾਰ ਬਣ ਗਈ ਹੈ। ਸੰਸਾਰ ਅੰਦਰ ਅਮਰੀਕਾ ਦੇ ਇਉਂ ਭੱਜਣ ਨੂੰ ਉਸ ਦੇ ਵੀਅਤਨਾਮੀ ਜੰਗ ਚੋਂ ਬੁਰੀ ਤਰ੍ਹਾਂ ਹਾਰ ਕੇ ਭੱਜਣ ਦੇ ਘਟਨਾਕ੍ਰਮ ਨਾਲ ਤੁਲਨਾਇਆ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਚ ਤਾਲਿਬਾਨ ਵੱਲੋਂ ਬਚੇ-ਖੁਚੇ ਸਟਾਫ ਨੂੰ ਕੱਢਣ ਦੀ ਮੋਹਲਤ ਦਿੱਤੇ ਜਾਣ ਮਗਰੋਂ ਅਮਰੀਕੀ ਸਾਮਰਾਜੀਆਂ ਨੂੰ ਆਪਣਾ ਸਾਜੋ-ਸਮਾਨ ਸਮੇਟਣ ਲਈ ਸਮਾਂ ਮਿਲ ਗਿਆ, ਜਿਸ ਤੇ ਸਾਮਰਾਜੀ ਮੀਡੀਆ ਦੇ ਕੁੱਝ ਹਿੱਸਿਆਂ ਅੰਦਰ ਤਸੱਲੀ ਜਾਹਰ ਕੀਤੀ ਗਈ ਹੈ ਕਿ ਚਲੋ ! ਵੀਅਤਨਾਮ ਵਾਂਗ ਆਖਰੀ ਸਟਾਫ ਵੱਲੋਂ ਹੈਲੀਕਾਪਟਰ ਤੇ ਭੱਜਣ ਦੀ ਨੌਬਤ ਨਹੀਂ ਆਈ।

                ਪਰ ਕਾਬਲ ਦੇ ਹਵਾਈ ਅੱਡੇ ਤੋਂ ਦੇਸ਼ ਛੱਡ ਕੇ ਜਾਣਾ ਚਾਹੁੰਦੇ ਲੋਕਾਂ ਚ ਫੈਲੀ ਅਫਰਾ-ਤਫਰੀ ਸੰਸਾਰ ਭਰ ਚ ਚਰਚਾ ਦਾ ਵਿਸ਼ਾ ਬਣੀ। ਜਹਾਜਾਂ ਨਾਲ ਲਟਕਣ  ਮਗਰੋਂ ਡਿੱਗ ਕੇ ਮੌਤਾਂ ਵੀ ਹੋਈਆਂ। 20 ਸਾਲਾਂ ਦੇ ਅਮਰੀਕੀ ਫੌਜੀ ਕਬਜੇ ਦੌਰਾਨ ਅਮਰੀਕੀ ਸਾਮਰਾਜੀਆਂ ਦੀ ਸੇਵਾ ਚ ਲੱਗੇ ਰਹੇ ਅਫਗਾਨਿਸਤਾਨ ਅੰਦਰਲੇ ਹਿੱਸੇ ਤੇ ਹੋਰਨਾਂ ਮੁਲਕਾਂ ਚੋਂ ਅਮਰੀਕੀ ਸੇਵਾਦਾਰਾਂ ਵਜੋਂ ਲਿਆਂਦੇ ਲੋਕਾਂ ਚ ਅਮਰੀਕੀ ਫੌਜਾਂ ਦੇ ਜਾਣ ਨਾਲ ਡੁੰਘੀ ਦਹਿਸ਼ਤ ਫੈਲ ਗਈ ਤੇ ਉਹ ਇੱਕ ਦੂਜੇ ਤੋਂ ਅਗੇ ਹੋ ਕੇ ਅਫਗਾਨਿਸਤਾਨ ਚੋਂ ਉੱਡ ਜਾਣ ਲਈ ਕਾਹਲੇ ਪੈ ਗਏ। ਸਾਮਰਾਜੀ ਮੀਡੀਏ ਨੇ ਇਹਨਾਂ ਦਿ੍ਸ਼ਾਂ ਨੂੰ ਇਉਂ ਪੇਸ਼ ਕੀਤਾ ਜਿਵੇਂ ਅਫਗਾਨਿਸਤਾਨ ਚ ਤਾਲਿਬਾਨ ਹਕੂਮਤ ਆ ਜਾਣ ਨਾਲ ਹੀ ਲੋਕਾਂ ਚ ਵੱਡਾ ਖੌਫ ਪੈਦਾ ਹੋ ਗਿਆ ਹੈ। ਜਦ ਕਿ ਇਸ ਹਕੀਕਤ ਨੂੰ ਛੁਪਾ ਲਿਆ ਗਿਆ ਕਿ ਅਮਰੀਕੀ ਸਾਮਰਾਜੀਆਂ ਦੇ ਸੇਵਾਦਾਰ ਹਿੱਸਿਆਂ ਅੰਦਰ ਉਨ੍ਹਾਂ ਦੇ ਚਲੇ ਜਾਣ ਮਗਰੋਂ ਡਰ ਦੀ ਭਾਵਨਾ ਆਉਣੀ ਹੀ ਸੀ ਕਿਉਂਕਿ ਜਿਹੜੇ ਹਲਕੇ ਅਫਗਾਨ ਲੋਕਾਂ ਤੇ ਜੁਲਮ ਢਾਹੁਣ ਚ ਅਮਰੀਕੀ ਫੌਜਾਂ ਦੇ ਹਿੱਸੇਦਾਰ ਬਣੇ ਸਨ, ਅਫਗਾਨ ਲੋਕਾਂ ਦੇ ਮੋੜਵੇਂ ਰੋਹ ਦਾ ਖਤਰਾ ਹੁਣ ਉਹਨਾਂ ਨੂੰ ਡਰਾ ਰਿਹਾ ਸੀ। ਕਾਬੁਲ ਹਵਾਈ ਅੱਡੇ ਤੇ ਜੁੜੇ ਇਹ ਸਾਰੇ ਦੇ ਸਾਰੇ ਆਮ ਅਫਗਾਨ ਲੋਕ ਨਹੀਂ ਸਨ ਸਗੋਂ ਇਹਨਾਂ ਚੋਂ ਬਹੁਤੇ ਕਿਸੇ ਨਾ ਕਿਸੇ ਪੱਧਰ ਤੇ ਅਮਰੀਕੀ ਕਠਪੁਤਲੀ ਹਕੂਮਤ ਨਾਲ ਜੁੜੇ ਰਹੇ ਹਿੱਸੇ ਹੀ ਸਨ। ਇਹਨਾਂ ਚ ਅਜਿਹੇ ਵੀ ਸਨ ਜਿੰਨ੍ਹਾਂ ਨੂੰ ਅਮਰੀਕਾ ਜਾਂ ਹੋਰਨਾਂ ਸਾਮਰਾਜੀ ਮੁਲਕਾਂ ਅੰਦਰ ਨਾਗਰਿਕਤਾ ਵੀ ਦਿੱਤੀ ਹੋਈ ਸੀ। ਕਾਬੁਲ ਹਵਾਈ ਅੱਡੇ ਦੇ ਇਹ ਦਿ੍ਸ਼ ਕਬਜਾਧਾਰੀ ਵਿਦੇਸ਼ੀ ਫੌਜੀ ਤਾਕਤ ਵੱਲੋਂ ਹਾਰ ਖਾ ਕੇ ਦੇਸ਼ ਚੋਂ ਨਿੱਕਲਣ ਵੇਲੇ ਫੌਜਾਂ ਦੇ ਸਹਾਇਕ ਹਿੱਸਿਆਂ ਤੇ ਕਠਪੁਤਲੀ ਸਰਕਾਰ ਦੇ ਹਲਕਿਆਂ ਚ ਫੈਲੀ ਹਫੜਾ-ਤਫੜੀ ਦੇ ਦਿ੍ਸ਼ ਹੀ ਸਨ।

                ਉਂਞ ਤਾਂ ਪਿਛਲੇ ਕੁੱਝ ਸਾਲਾਂ ਤੋਂ ਹੀ ਇਹ ਦਿਖਣਾ ਸ਼ੁਰੂ ਹੋ ਗਿਆ ਸੀ ਕਿ ਅਫਗਾਨਿਸਤਾਨ ਅੰਦਰ ਜੂਝ ਰਹੀਆਂ ਟਾਕਰਾ ਸ਼ਕਤੀਆਂ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਸੀ ਤੇ ਤਾਲਿਬਾਨ ਲੜਾਕੇ ਮੁਲਕ ਦੇ ਕਾਫੀ ਵੱਡੇ ਹਿੱਸੇ ਤੇ ਕਾਬਜ ਹੋ ਚੁੱਕੇ ਸਨ। ਇਹ ਤੈਅ ਹੋ ਚੁੱਕਿਆ ਸੀ ਕਿ ਅਮਰੀਕਾ ਲਈ ਹੁਣ ਹੋਰ ਲੰਮਾ ਸਮਾਂ ਕਬਜਾ ਜਮਾ ਕੇ ਰੱਖਣਾ ਸੰਭਵ ਨਹੀਂ ਰਹੇਗਾ ਤੇ ਇਹ ਸਮੇਂ ਦਾ ਮਾਮਲਾ ਹੀ ਰਹਿ ਗਿਆ ਸੀ ਕਿ ਅਮਰੀਕਾ ਕਦੋਂ ਵਾਪਸ ਜਾਂਦਾ ਹੈ। ਪਿਛਲੇ ਸਾਲ ਟਰੰਪ ਵੱਲੋਂ ਤਾਲਿਬਾਨ ਨਾਲ ਸ਼ੁਰੂ ਕੀਤੀ ਗਈ ਗੱਲਬਾਤ ਏਸੇ ਨਿਕਾਲੇ ਨੂੰ ਸਿਰੇ ਚਾੜ੍ਹਨ ਲਈ ਹੀ ਕੀਤੀ ਗਈ ਸੀ। ਪਰ ਹੁਣ ਜਿਸ ਤੇਜੀ ਨਾਲ ਤਾਲਿਬਾਨ ਲੜਾਕੇ ਕਾਬਲ ਵੱਲ ਵਧੇ ਤੇ ਕਾਬਜ ਹੋਏ ਉਹਨੇ ਅਮਰੀਕੀ ਹਕੂਮਤ ਦੀਆਂ ਗਿਣਤੀਆਂ ਵੀ ਪੁੱਠੀਆਂ ਪਾ ਦਿੱਤੀਆਂ। ਅਮਰੀਕੀ ਫੌਜਾਂ ਦੇ ਨਿੱਕਲਣ ਮਗਰੋਂ ਗਨੀ ਦੀ ਕਠਪੁਤਲੀ ਹਕੂਮਤ ਹਫਤਾ ਵੀ ਨਹੀਂ ਕੱਟ ਸਕੀ। ਕੁੱਝ ਦਿਨਾਂ ਚ ਹੀ ਅਮਰੀਕੀ ਹੱਥ-ਠੋਕਾ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਿਆ ਤੇ ਅਮਰੀਕੀ ਫੌਜੀ ਜੋਰ ਤੇ ਖੜ੍ਹਾਈ ਗਈ ਅਫਗਾਨੀ ਕਠਪੁਤਲੀ ਹਕੂਮਤ ਦੀ ਫੌਜ ਨੇ ਬਿਨਾ ਕਿਸੇ ਟਾਕਰੇ ਦੇ ਹੀ ਸਮਰਪਣ ਕਰ ਦਿੱਤਾ। ਅਮਰੀਕੀ ਫੌਜਾਂ ਦੇ ਨਿੱਕਲਦਿਆਂ ਜਿਸ ਤੇਜੀ ਨਾਲ ਅਮਰੀਕੀ ਕਠਪੁਤਲੀ ਹਕੂਮਤ ਲੁੜਕੀ ਇਸ ਨੇ ਸਾਬਤ ਕਰ ਦਿੱਤਾ ਕਿ ਅਮਰੀਕੀ ਮੌਜੂਦਗੀ ਨਾਲ ਹੀ ਬਣਾਇਆ ਗਿਆ ਇਹ ਅਫਗਾਨੀ ਰਾਜ ਕਿਸ ਹੱਦ ਤੱਕ ਖੋਖਲਾ ਸੀ ਤੇ ਅਮਰੀਕੀ ਫੌਜੀ ਕਬਜੇ ਦਾ ਹੀ ਹਿੱਸਾ ਸੀ। ਅਮਰੀਕੀ ਸਾਮਰਾਜੀਆਂ ਦੇ ਆਪਣੇ ਹਲਕਿਆਂ ਦੇ ਅੰਦਾਜੇ ਅਜਿਹੇ ਸਨ ਕਿ ਅਮਰੀਕੀ ਫੌਜਾਂ ਦੇ ਨਿੱਕਲਣ ਮਗਰੋਂ ਅਫਗਾਨੀ ਹਕੂਮਤ ਦੀਆਂ ਫੌਜਾਂ ਡੇਢ ਕੁ ਸਾਲ ਤੱਕ ਟਿਕ ਸਕਣਗੀਆਂ ਪਰ ਉਹ ਸਭ ਅੰਦਾਜੇ ਪੁੱਠੇ ਪੈ ਗਏ। ਸਿਰਫ 4-5 ਦਿਨਾਂ ਚ ਹੀ ਤਾਲਿਬਾਨ ਨੇ 15 ਅਗਸਤ ਨੂੰ ਕਾਬਲ ਤੇ ਕਬਜਾ ਕਰ ਲਿਆ ਅਤੇ 7 ਸਿਤੰਬਰ ਨੂੰ ਨਵੀਂ ਹਕੂਮਤ ਦੇ ਗਠਨ ਦਾ ਐਲਾਨ ਕਰ ਦਿੱਤਾ।

                ਅਫਗਾਨਿਸਤਾਨ ਦੀ ਨਿਹੱਕੀ ਜੰਗ ਅਮਰੀਕੀ ਸਾਮਰਾਜੀਆਂ ਲਈ ਗਲੇ ਦੀ ਹੱਡੀ ਬਣ ਚੁੱਕੀ ਸੀ। 20 ਸਾਲਾਂ ਦੀ ਇਸ ਜੰਗ ਨੇ ਅਮਰੀਕੀ ਆਰਥਿਕਤਾ ਦਾ ਧੂੰਆਂ ਕੱਢ ਦਿੱਤਾ ਸੀ। ਸੰਕਟਾਂ ਚ ਘਿਰੀ ਅਮਰੀਕੀ ਆਰਥਿਕਤਾ ਲਈ ਇਹਨਾਂ ਜੰਗੀ ਖਰਚਿਆਂ ਨੂੰ ਹੋਰ ਜਾਰੀ ਰੱਖਣਾ ਪੁੱਗਦਾ ਨਹੀਂ ਸੀ ਤੇ ਅਮਰੀਕਾ ਦੇ ਅੰਦਰੋਂ ਹੀ ਇਸ ਜੰਗ ਖਿਲਾਫ ਤੇ ਅਮਰੀਕੀ ਲੋਕਾਂ ਤੇ ਟੈਕਸਾਂ ਦੇ ਬੋਝ ਖਿਲਾਫ ਆਵਾਜਾਂ ਉਠਦੀਆਂ ਆ ਰਹੀਆਂ ਸਨ। ਅਮਰੀਕੀ ਫੌਜੀਆਂ ਦੀਆਂ ਅਫਗਾਨਿਸਤਾਨ ਅੰਦਰ ਮੌਤਾਂ ਵੀ ਲੋਕਾਂ ਚ ਰੋਹ ਪੈਦਾ ਕਰਦੀਆਂ ਆ ਰਹੀਆਂ ਸਨ।ਅਫਗਨਿਸਤਾਨ ਚੋਂ ਫੌਜਾਂ ਦੀ ਵਾਪਸੀ ਦਾ ਮੁੱਦਾ ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਮੁੱਦਾ ਬਣਦਾ ਆ ਰਿਹਾ ਸੀ। ਪਹਿਲਾਂ ਟਰੰਪ ਨੇ ਵੀ ਚੋਣਾਂ ਚ ਇਹ ਵਾਅਦਾ ਕੀਤਾ ਸੀ ਕਿ ਅਫਗਾਨਿਸਤਾਨ ਚੋਂ ਅਮਰੀਕੀ ਫੌਜਾਂ ਵਾਪਸ ਬੁਲਾਈਆਂ ਜਾਣਗੀਆਂ ਤੇ ਹੁਣ ਜੋਅ ਬਾਇਡਨ ਵੀ ਅਜਿਹਾ ਵਾਅਦਾ ਕਰਕੇ ਕੁਰਸੀ ਤੇ ਆਇਆ ਸੀ। ਟਰੰਪ ਨੇ ਪਿਛਲੇ ਸਾਲ ਤਾਲਿਬਾਨ ਨਾਲ ਗੱਲਬਾਤ ਮਗਰੋਂ ਇੱਕ ਸਮਝੌਤਾ ਕੀਤਾ ਸੀ। ਉਂਞ ਇਸ ਸਮਝੌਤੇ ਦਾ ਬਹੁਤਾ ਅਰਥ ਨਹੀਂ ਸੀ, ਕਿਉਂਕਿ ਅਮਰੀਕਾ ਵੱਲੋਂ ਅਫਗਨਿਸਤਾਨ ਚੋਂ ਨਿੱਕਲਣ ਦੀ ਮਜ਼ਬੂਰੀ ਬਹੁਤ ਜਾਹਰਾ ਹਕੀਕਤ ਬਣ ਚੁੱਕੀ ਸੀ ਤੇ ਤਾਲਿਬਾਨ ਨੇ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤਾਲਿਬਾਨ ਨੇ ਕੋਈ ਜੰਗ-ਬੰਦੀ ਦੀ ਸ਼ਰਤ ਨਹੀਂ ਮੰਨੀ ਸੀ ਤੇ ਅਮਰੀਕੀ ਫੌਜਾਂ ਤੇ ਹਮਲੇ ਜਾਰੀ ਰੱਖੇ ਸਨ। ਅਸ਼ਰਫ ਗਨੀ ਹਕੂਮਤ ਨੂੰ ਇਸ ਗੱਲਬਾਤ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ ਤੇ ਨਾ ਹੀ ਉਸ ਨਾਲ ਕਿਸੇ ਤਰ੍ਹਾਂ ਦੀ ਸੱਤਾ ਦੀ ਹਿੱਸੇਦਾਰੀ ਨੂੰ ਤਾਲਿਬਾਨ ਨੇ ਤਸਲੀਮ ਕੀਤਾ ਸੀ। ਇਹ ਹਾਲਤ ਦੱਸ ਰਹੀ ਸੀ ਕਿ ਅਫਗਾਨ ਵਾਰਤਾ ਦੀਆਂ ਕੀਤੀਆਂ ਜਾ ਰਹੀਆਂ ਗੱਲਾਂ ਬੇਅਰਥ ਸਨ ਤੇ ਟਰੰਪ ਪ੍ਰਸਾਸ਼ਨ ਨਾਲ ਕੁੱਝ ਸਹਿਮਤੀਆਂ ਬਣਾਉਣ ਮਗਰੋਂ ਅਮਲੀ ਤੌਰ ਤੇ ਅਸ਼ਰਫ ਗਨੀ ਸਰਕਾਰ ਤੇ ਤਾਲਿਬਾਨ ਵਿੱਚ ਕੋਈ ਅਸਰਦਾਰ ਗੱਲਬਾਤ ਦਾ ਅਮਲ ਨਹੀਂ ਚੱਲਿਆ ਸੀ। ਇਹਨਾਂ ਹਾਲਤਾਂ ਦਰਮਿਆਨ ਹੀ 8 ਜੁਲਾਈ 2021 ਨੂੰ ਬਾਇਡਨ ਪ੍ਰਸਾਸ਼ਨ ਨੇ 30 ਅਗਸਤ ਤੱਕ ਅਫਗਾਨਿਸਤਾਨ ਚੋਂ ਵਾਪਸੀ ਦਾ ਐਲਾਨ ਕਰ ਦਿੱਤਾ ਸੀ। ਅਮਰੀਕੀ ਸਾਮਰਾਜੀਆਂ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਿਆ ਸੀ। ਉਹ ਅਫਗਾਨਿਸਤਾਨ ਚੋਂ ਨਿਕਲਣ ਲਈ ਮਜ਼ਬੂਰ ਹੋ ਚੁੱਕੇ ਸਨ।

                ਅਮਰੀਕਾ ਦਾ ਜੋ ਹਸ਼ਰ ਇੰਨੀਂ ਦਿਨੀਂ ਸੰਸਾਰ ਨੇ ਵੇਖਿਆ, ਇਸ ਲਈ ਅਮਰੀਕੀ ਸਾਮਰਾਜੀ ਹਲਕਿਆਂ ਚੋਂ ਅਮਰੀਕੀ ਰਾਸ਼ਟਰਪਤੀ ਬਾਇਡਨ ਦੀ ਅਲੋਚਨਾ ਹੋਈ ਕਿ ਅਮਰੀਕੀ ਨਿਕਾਲਾ ਹੋਣ ਵੇਲੇ ਅਮਰੀਕੀ ਸ਼ਾਖ ਦੀ ਪ੍ਰਵਾਹ ਨਹੀਂ ਕੀਤੀ ਗਈ। ਇਸ ਅਲੋਚਨਾ ਦਰਮਿਆਨ ਬਾਇਡਨ ਨੇ ਆਪਣੇ ਵਾਪਸੀ ਦੇ ਫੈਸਲੇ ਨੂੰ ਠੀਕ ਦਰਸਾਉਣ ਲਈ ਦਲੀਲਾਂ ਦਿੱਤੀਆਂ ਕਿ ਅਮਰੀਕਾ ਅਫਗਾਨਿਸਤਾਨ ਚ ਕੌਮ ਉਸਾਰੀ ਲਈ ਨਹੀਂ ਸੀ ਗਿਆ, ਸਾਡਾ ਸੀਮਤ ਮਿਸ਼ਨ ਸੀ ਤੇ ਉਹ ਪੂਰਾ ਕਰ ਲਿਆ ਗਿਆ ਸੀ। ਇਹ ਥੁੱਕ ਕੇ ਚੱਟਦੇ ਉਹੀ ਅਮਰੀਕੀ ਸਾਮਰਾਜੀਏ ਹਨ ਜਿਹੜੇ ਹਮਲਾ ਕਰਨ ਵੇਲੇ ਕਹਿੰਦੇ ਰਹੇ ਸਨ ਕਿ ਉਹ ਅਫਗਨਿਸਤਾਨ ਚ ਲੋਕਤੰਤਰ ਉਸਾਰਨ ਲਈ ਆਏ ਹਨ ਤੇ ਅਫਗਾਨੀ ਲੋਕਾਂ ਨੂੰ ਸੱਭਿਅਤਾ ਦਾ ਪਾਠ ਪੜ੍ਹਾਉਣਗੇ ਤੇ ਨਵਾਂ ਜਮਹੂਰੀ ਮੁਲਕ ਉਸਾਰਨਗੇ। ਅਮਰੀਕੀ ਰਾਸ਼ਟਰਪਤੀ ਬੁਸ਼ ਨੇ ਅਫਗਾਨਿਸਤਾਨ ਤੇ ਹਮਲਾ ਕਰਨ ਵੇਲੇ ਅਜਿਹੀਆਂ ਹੀ ਦਲੀਲਾਂ ਦਿੱਤੀਆਂ ਸਨ। ਪਰ ਹੁਣ ਉਹ ਸਭਨਾਂ ਦਲੀਲਾਂ ਨੂੰ ਤੱਜ ਕੇ ਵਾਪਸ ਮੁੜੇ ਹਨ ਤੇ 20 ਸਾਲਾਂ ਬਾਅਦ ਉਹੀ ਤਾਲਿਬਾਨ ਮੁੜ ਸੱਤਾ ਸਾਂਭ ਰਹੇ ਹਨ ਜਿੰਨ੍ਹਾਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਤਬਾਹ ਕਰਨ ਲਈ ਅਮਰੀਕਾ ਨੇ ਫੌਜੀ ਹਮਲਾ ਕੀਤਾ ਸੀ। ਪਰ ਹੁਣ 20 ਸਾਲਾਂ ਮਗਰੋਂ ਉਸੇ ਤਾਲਿਬਾਨ ਤੋਂ ਇਹ ਭਰੋਸੇ ਲਏ ਜਾ ਰਹੇ ਹਨ ਕਿ ਉਹ ਅਫਗਾਨਿਸਤਾਨ ਦੀ ਧਰਤੀ ਨੂੰ ਦਹਿਸ਼ਤਗਰਦ ਕਾਰਵਾਈਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ ਤੇ ਅਮਰੀਕੀ ਹਿੱਤਾਂ ਖਿਲਾਫ ਨਹੀਂ ਵਰਤੇਗਾ। ਅੱਜ ਸੰਸਾਰ ਸਾਮਰਾਜੀ ਤੇ ਬੁਰਜੂਆ ਪ੍ਰੈੱਸ ਹਲਕਿਆਂ ਵੱਲੋਂ ਹੀ ਅਮਰੀਕੀ ਸਾਮਰਾਜੀਆਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਹ ਜਿਸ ਮਕਸਦ ਲਈ ਆਏ ਸਨ, ਉਹਦੀ ਪੂਰਤੀ ਦਾ ਕੀ ਬਣਿਆ। ਜਿਸ ਤਾਲਿਬਾਨ ਨੂੰ ਤਬਾਹ ਕੀਤਾ ਜਾਣਾ ਸੀ ਅੱਜ ਉਹੀ ਫਿਰ ਦੁਬਾਰਾ ਸੱਤਾਤੇ ਕਾਬਜ ਹੋ ਗਿਆ ਹੈ ਤੇ ਅਮਰੀਕਾ ਵੱਲੋਂ ਖੜ੍ਹੀ ਕੀਤੀ ਗਈ ਹਕੂਮਤ ਚਾਰ ਦਿਨ ਵੀ ਨਹੀਂ ਕੱਟ ਸਕੀ ਤਾਂ ਫਿਰ ਇਸ 20 ਸਾਲਾਂ ਦੀ ਜੰਗ ਤੇ 2 ਟਿ੍ਲੀਅਨ ਡਾਲਰ ਖਰਚ ਕੇ, ਹਜਾਰਾਂ ਫੌਜੀ ਮਰਵਾ ਕੇ ਤੇ ਲੱਖਾਂ ਅਫਗਾਨਿਸਤਾਨੀਆਂ ਨੂੰ ਕਤਲ ਕਰਕੇ ਅਮਰੀਕੀ ਸਾਮਰਾਜੀਏ ਕੀ ਕਾਮਯਾਬੀ ਹਾਸਲ ਕਰ ਸਕੇ ਹਨ।

                ਅਫਗਾਨਿਸਤਾਨ ਚੋਂ ਅਮਰੀਕਾ ਦੇ ਇਉਂ ਹਾਰ ਕੇ ਨਿੱਕਲ ਜਾਣ ਨੇ ਉਸ ਦੇ ਦੱਖਣੀ ਏਸ਼ੀਆ ਤੋਂ ਲੈ ਕੇ ਮੱਧ-ਪੂਰਬ ਤੱਕ ਦੇ ਸਮੁੱਚੇ ਖੇਤਰ ਦੀਆਂ ਵਿਉਂਤਾਂ ਚ ਵੱਡਾ ਅੜਿੱਕਾ ਪਾ ਦਿੱਤਾ ਹੈ। ਜਿਹਨਾਂ ਵਿਉਂਤਾਂ ਨੂੰ ਦਹਿਸ਼ਤਗਰਦੀ ਖਿਲਾਫ ਜੰਗ ਦੇ ਨਾਂ ਹੇਠ ਸਿਰੇ ਚੜ੍ਹਾਇਆ ਜਾ ਰਿਹਾ ਸੀ। ਹੁਣ ਉਸ ਜੰਗ ਨੂੰ ਵੱਡਾ ਝਟਕਾ ਲੱਗ ਗਿਆ ਹੈ। ਜਿਸ ਯੁੱਧਨੀਤਕ ਮਹੱਤਤਾ ਕਾਰਨ ਇੱਕ ਲਾਂਘੇ ਦੇ ਤੌਰ ਤੇ ਅਫਗਾਨਿਸਤਾਨ ਨੂੰ ਸਿੱਧੇ ਫੌਜੀ ਕਬਜੇ ਹੇਠ ਰੱਖਿਆ ਗਿਆ ਸੀ, ਉਹ ਲਾਹਾ ਹੁਣ ਅਮਰੀਕਾ ਨੂੰ ਹਾਸਲ ਨਹੀਂ ਰਿਹਾ। ਤੇਲ-ਗੈਸ ਰੂਟਾਂ ਤੇ ਕਬਜਾ ਤੇ ਅਹਿਮ ਫੌਜੀ ਅੱਡੇ ਵਜੋਂ ਅਫਗਾਨਿਸਤਾਨ ਦੀ ਮਨਚਾਹੀ ਵਰਤੋਂ ਤੋਂ ਉਹ ਇੱਕ ਵਾਰ ਸੱਖਣਾ ਹੋ ਗਿਆ ਹੈ। ਰੂਸੀ ਸਾਮਰਾਜੀਆਂ  ਦਾ ਸਮੁੱਚੇ ਘਟਨਾਕ੍ਰਮ ਅੰਦਰ ਅਹਿਮ ਦਖਲ ਬਣਿਆ ਹੈ ਤੇ ਮਾਸਕੋ ਚ ਤਾਲਿਬਾਨ ਨਾਲ ਹੋਈਆਂ ਮੀਟਿੰਗਾਂ ਰਾਹੀਂ ਦਿਖਿਆ ਹੈ ਕਿ ਅਫਗਾਨਿਸਤਾਨ ਮਾਮਲੇ ਚ ਰੂਸੀ ਸਾਮਰਾਜ ਇੱਕ ਅਹਿਮ ਖਿਡਾਰੀ ਹੈ। ਚੀਨ ਨਾਲ ਜੁੜ ਕੇ ਇਹ ਅਮਰੀਕੀ ਸਾਮਰਾਜ ਵਿਰੋਧੀ ਖੇਮੇ ਦੀ ਇਸ ਮਾਮਲੇ ਚ ਵਧੀ ਹੋਈ ਪੁੱਗਤ ਹੈ ਜੋ ਅਮਰੀਕੀ ਵਿਉਂਤਾਂ ਚ ਵੱਡਾ ਵਿਘਨ ਸਾਬਤ ਹੋਵੇਗੀ। ਚਾਹੇ ਅਮਰੀਕੀ ਸਾਮਰਾਜੀਏ ਅਫਗਾਨਿਸਤਾਨ ਚੋਂ ਨਿੱਕਲਣ ਨੂੰ ਚੀਨ ਨੂੰ ਘੇਰਨ ਤੇ ਧਿਆਨ ਕੇਂਦਰਤ ਕਰਨ ਨਾਲ ਜੋੜ ਕੇ ਪੇਸ਼ ਕਰਦੇ ਹਨ ਪਰ ਜੇਕਰ ਤਾਲਿਬਾਨ ਰੂਸ-ਚੀਨ ਖੇਮੇ ਨਾਲ ਨੇੜਿਉਂ ਜੁੜਦੇ ਹਨ ਤਾਂ ਉਹ ਅੰਤਰ-ਸਾਮਰਾਜੀ ਵਿਰੋਧਤਾਈ  ਦੇ ਪ੍ਰਸੰਗ ਚ ਅਮਰੀਕੀ ਸਾਮਰਾਜੀਆਂ ਲਈ ਹੋਰ ਵੀ ਘਾਟੇਵੰਦੀ ਹਾਲਤ ਬਣੇਗੀ। ਅਜੇ ਤਾਲਿਬਾਨ ਹਕੂਮਤ ਵੱਲੋਂ ਸਾਮਰਾਜੀ ਮੁਲਕਾਂ ਨਾਲ ਆਪਣੇ ਸਬੰਧਾਂ ਦੀ ਸਥਾਪਤੀ ਦਾ ਅਮਲ ਚੱਲਣਾ ਹੈ ਤੇ ਸਾਰੀਆਂ ਸਾਮਰਾਜੀ ਤਾਕਤਾਂ ਆਪਣੇ ਆਪਣੇ ਹਿੱਤਾਂ ਦੇ ਵਧਾਰੇ ਲਈ ਨਵੇਂ ਰਿਸ਼ਤੇ ਘੜਨ ਖਾਤਰ ਪਰ ਤੋਲ ਰਹੀਆਂ ਹਨ ਪਰ ਇੱਕ ਹਾਲਤ ਸਾਫ ਹੈ ਕਿ ਇਸ ਵਾਰ ਤਾਲਿਬਾਨ ਹਕੂਮਤ ਪਹਿਲਾਂ ਵਾਂਗ ਨਿਖੇੜੇ ਦੀ ਹਾਲਤ ਚ ਨਹੀਂ ਹੈ ਸਗੋਂ ਕਈ ਵੱਡੇ ਮੁਲਕਾਂ ਵੱਲੋਂ ਉਸਨੂੰ ਮਾਨਤਾ ਦੇਣ ਤੇ ਉਸ ਨਾਲ ਰਿਸ਼ਤੇ ਸਥਾਪਿਤ ਕਰਨ ਦਾ ਅਮਲ ਤੁਰ ਵੀ ਪਿਆ ਹੈ। ਇਉਂ ਇਹ ਸਮੁੱਚਾ ਅਫਗਾਨਿਸਤਾਨ ਘਟਨਾਕ੍ਰਮ ਅਮਰੀਕੀ-ਸਾਮਰਾਜੀ ਲੋੜਾਂ ਤੇ ਵਿਉਂਤਾਂ ਲਈ ਵੱਡਾ ਨਾਂਹ-ਪੱਖੀ ਘਟਨਾਕ੍ਰਮ ਬਣਦਾ ਹੈ ਜੋ ਸਾਮਰਾਜੀ ਮਹਾਂਸ਼ਕਤੀ ਵਜੋਂ ਨਾ ਸਿਰਫ ਇਹਦੇ ਵੱਕਾਰ ਤੇ ਵੱਡੀ ਸੱਟ ਸਾਬਤ ਹੋਇਆ ਹੈ, ਸਗੋਂ ਸੰਸਾਰ ਘਟਨਾਵਾਂ ਨੂੰ ਪ੍ਰਭਾਵਤ ਕਰਨ ਦੀ ਇਸਦੀ ਖੁਰ ਰਹੀ ਤਾਕਤ ਦਾ ਪ੍ਰਤੀਕ ਵੀ ਬਣਿਆ ਹੈ। ਗਰੀਬ ਮੁਲਕਾਂ ਤੇ ਜੰਗਾਂ ਥੋਪ ਕੇ, ਹਕੂਮਤਾਂ ਉਲਟਾ ਕੇ ਵੀ ਉਸਨੂੰ ਮਨਚਾਹੇ ਨਤੀਜੇ ਹਾਸਲ ਨਹੀਂ ਹੋ ਰਹੇ, ਸਗੋਂ ਬਾਜੀਆਂ ਉਲਟੀਆਂ ਪੈਂਦੀਆਂ ਹਨ। ਕਈ ਵਿਉਂਤਾਂ ਅਧਵਾਟੇ ਛੱਡਣੀਆਂ ਪੈ ਜਾਂਦੀਆਂ ਹਨ।

                ਉਪਰੋਕਤ ਚਰਚਾ ਦਾ ਸਾਰ ਤੱਤ ਹੈ ਕਿ ਇਹ ਅਮਰੀਕੀ ਸਾਮਰਾਜੀ ਜੰਗੀ ਮਿਸ਼ਨ ਦੀ ਬੁਰੀ ਤਰ੍ਹਾਂ ਨਾਕਾਮੀ ਹੈ ਤੇ ਉਸ ਦੀ ਨਮੋਸ਼ੀਜਨਕ ਹਾਰ ਹੈ। ਇਹ ਸੰਸਾਰ ਭਰ ਦੇ ਦੱਬੇ ਕੁਚਲੇ ਲੋਕਾਂ ਲਈ ਅਹਿਮ ਘਟਨਾ-ਵਿਕਾਸ ਹੈ। ਸਾਮਰਾਜੀ ਮਹਾਂਸ਼ਕਤੀ ਦੀ ਇਹ ਹਾਰ ਸਾਮਰਾਜ ਖਿਲਾਫ ਜੂਝ ਰਹੇ ਸੰਸਾਰ ਭਰ ਦੇ ਲੋਕਾਂ ਨੂੰ ਹੌਂਸਲਾ ਤੇ ਉਤਸ਼ਾਹ ਦੇਣ ਵਾਲੀ ਹੈ। ਸੰਸਾਰ ਦੇ ਲੋਕਾਂ ਨੇ ਇੱਕ ਵਾਰ ਫਿਰ ਦੇਖ ਲਿਆ ਹੈ ਕਿ ਅਮਰੀਕੀ ਸਾਮਰਾਜ ਕੱਚੀ ਮਿੱਟੀ ਦੇ ਪੈਰਾਂ ਵਾਲਾ ਦਿਓ ਹੈ, ਕਿ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਅਜਿੱਤ ਨਹੀਂ ਹੈ, ਸਗੋਂ ਦੁਨੀਆਂ ਦੇ ਅੱਤ-ਅਧੁਨਿਕ ਹਥਿਆਰਾਂ ਨਾਲ ਲੈਸ ਇਸ ਅਮਰੀਕੀ ਸਾਮਰਾਜ ਨੂੰ ਬਹੁਤ ਨਿਗੂਣੀ ਤੇ ਛੋਟੀ ਫੌਜੀ ਤਾਕਤ ਵਾਲਾ ਲੋਕ ਟਾਕਰਾ ਵੀ ਹੰਭਾ-ਥਕਾ ਸਕਦਾ ਹੈ ਤੇ ਦਮੋਂ ਕੱਢ ਸਕਦਾ ਹੈ ਤੇ ਆਪਣੀ ਧਰਤੀ ਤੋਂ ਦਬੱਲ ਸਕਦਾ ਹੈ। ਅਫਗਾਨਿਸਤਾਨ ਦੇ ਲੋਕਾਂ ਨੇ ਮਿਸਾਲੀ ਟਾਕਰਾ ਕੀਤਾ ਹੈ। ਅਫਗਾਨਿਸਤਾਨ ਅੰਦਰ ਲੋਕ  ਟਾਕਰੇ ਚ ਵੱਖ ਵੱਖ ਵੰਨਗੀ ਦੀਆਂ ਸ਼ਕਤੀਆਂ ਸ਼ਾਮਲ ਸਨ ਤੇ ਆਮ ਕਰਕੇ ਇਹ ਟਾਕਰਾ ਧਾਰਮਿਕ ਪੈਂਤੜੇ ਤੋਂ ਸੀ। ਇਸ ਦੀ ਅਗਵਾਈ ਇਨਕਲਾਬੀ ਸ਼ਕਤੀਆਂ ਹੱਥ ਨਹੀਂ ਸੀ ਤੇ ਜੂਝ ਰਹੇ ਲੋਕਾਂ ਸਾਹਮਣੇ ਕੋਈ ਸਾਮਰਾਜ-ਵਿਰੋਧੀ ਜਾਗੀਰਦਾਰੀ-ਵਿਰੋਧੀ ਕੌਮੀ ਮੁਕਤੀ ਦਾ ਪ੍ਰੋਗਰਾਮ ਨਹੀਂ ਸੀ ਭਾਵ ਕਿ ਇਹ ਪੈਂਤੜਾ ਆਪਣੇ ਆਪ ਚ ਅਫਗਾਨ ਲੋਕਾਂ ਦੇ ਸਮੁੱਚੇ ਲੜਾਕੂ ਤੰਤ ਨੂੰ ਉਭਾਰਨ ਪੱਖੋਂ ਕਮਜੋਰ ਸੀ ਪਰ ਬੁਨਿਆਦੀ ਨੁਕਤਾ ਇਹ ਸੀ ਕਿ ਅਮਰੀਕੀ ਸਾਮਰਾਜੀ ਹਮਲੇ ਤੇ ਕਬਜੇ ਨੂੰ ਅਫਗਾਨ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ।ਅਪਣੇ ਮੁਲਕ ਅੰਦਰ ਬਾਹਰੀ ਸਾਮਰਾਜੀ ਦਖਲ ਨੂੰ ਰੱਦ ਕੀਤਾ ਤੇ ਇਸ ਖਿਲਾਫ ਦੋ ਦਹਾਕੇ ਲੜੇ। ਇਹ ਅਫਗਾਨਿਸਤਾਨ ਦੀ ਧਰਤੀ ਤੇ ਤੀਜੀ ਸਾਮਰਾਜੀ ਸ਼ਕਤੀ ਦੀ ਹਾਰ ਸੀ। ਇਸ ਤੋਂ ਪਹਿਲੀਆਂ  ਦੋ ਸਦੀਆਂ   ਅੰਗਰੇਜ ਤੇ ਰੂਸੀ ਸਾਮਰਾਜ ਇਉਂ ਹੀ ਹਾਰ ਕੇ ਅਫਗਨਿਸਤਾਨ ਦੀ ਧਰਤੀ ਚੋਂ ਨਿੱਕਲੇ ਸਨ। ਹੁਣ ਅਫਗਾਨ ਲੋਕਾਂ ਵੱਲੋਂ ਕੀਤਾ ਗਿਆ ਟਾਕਰਾ ਉਦੋਂ ਸ਼ੁਰੂ ਕੀਤਾ ਗਿਆ ਸੀ ਜਦੋਂ ਉਸ ਨੂੰ ਅਮਰੀਕੀ ਸਾਮਰਾਜ ਵਿਰੋਧੀ ਸਾਮਰਾਜੀ ਖੇਮੇ ਵੱਲੋਂ ਕੋਈ ਹਿਮਾਇਤ ਜਾਂ ਸਹਾਇਤਾ ਦੀ ਕੋਈ ਗੁੰਜਾਇਸ਼ ਨਹੀਂ ਸੀ। ਸਗੋਂ ਇਕ ਵਾਰ ਤਾਂ ਇਸ ਹਮਲੇ ਪਿੱਛੇ ਅਮਰੀਕਾ ਵੱਲੋਂ ਸਮੁੱਚਾ ਸਾਮਰਾਜੀ ਕੈਂਪ ਖੜ੍ਹਾ ਕਰ ਲਿਆ ਗਿਆ ਸੀ। ਨਾ ਸਿਰਫ ਨਾਟੋ ਮੁਲਕਾਂ ਵੱਲੋਂ ਹੀ, ਸਗੋਂ ਰੂਸ ਵੱਲੋਂ ਵੀ ਸਹਿਮਤੀ ਦਿੱਤੀ ਗਈ ਸੀ। ਇਹ ਉਹ ਦੌਰ ਸੀ ਜਦੋਂ ਅੰਤਰ-ਸਾਮਰਾਜੀ ਵਿਰੋਧਤਾਈ ਮੁਕਾਬਲਤਨ ਮੱਧਮ ਦੌਰ ਚ ਸੀ ਅਤੇ ਲੋਕਾਂ ਦੀਆਂ ਲਹਿਰਾਂ ਵਾਸਤੇ ਇਸ ਨੂੰ ਵਰਤ ਸਕਣ ਲਈ ਹਾਲਤ ਮਾਫਕ ਨਹੀਂ ਸੀ। ਇਸ ਪ੍ਰਸੰਗ ਚ ਹੀ ਅਫਗਾਨੀ ਲੋਕਾਂ ਨੂੰ ਕਿਸੇ ਸਾਮਰਾਜੀ ਖੇਮੇ ਵੱਲੋਂ ਸਿੱਧੀ ਜਾਂ ਗੁੱਝੀ ਹਮਾਇਤ ਵੀ ਹਾਸਲ ਨਹੀਂ ਸੀ। ਨਾ ਹੀ ਅਜੋਕੇ ਦੌਰ ਚ ਸੰਸਾਰ ਅੰਦਰ ਕੋਈ ਸਮਾਜਵਾਦੀ ਮੁਲਕ ਮੌਜੂਦ ਹੈ ਜਿਵੇਂ ਕਿਸੇ ਵੇਲੇ ਰੂਸ ਤੇ ਚੀਨ ਹੋਇਆ ਕਰਦੇ ਸਨ।  ਇਹ ਟਾਕਰਾ ਅਜਿਹੇ ਦੌਰ ਚ ਹੋਇਆ ਹੈ ਜਿਸ ਨੂੰ ਅਮਰੀਕੀ ਸਾਮਰਾਜੀ ਸਰਦਾਰੀ ਵਾਲਾ ਇੱਕ-ਧਰੁਵੀ ਦੌਰ ਕਿਹਾ ਗਿਆ ਸੀ, ਭਾਵ ਸੰਸਾਰ ਅਮਰੀਕੀ ਸਾਮਰਾਜੀ ਚੌਧਰ ਹੇਠ ਵਿਚਰ ਰਿਹਾ ਸੀ ਤੇ ਇਸ ਨੂੰ ਕਿਸੇ ਸ਼ਰੀਕ ਸਾਮਰਾਜੀ ਤਾਕਤ ਵੱਲੋਂ ਫੌਰੀ ਤੌਰ ਤੇ ਕੋਈ ਚਣੌਤੀ ਨਹੀਂ ਸੀ। ਸਾਮਰਾਜੀ ਮੀਡੀਆ ਉਸ ਨੂੰ ਚੁਣੌਤੀ-ਰਹਿਤ ਮਹਾਂਸ਼ਕਤੀ ਵਜੋਂ ਪੇਸ਼ ਕਰਦਾ ਆ ਰਿਹਾ ਸੀ। ਅਫਗਾਨ ਕੌਮੀ ਟਾਕਰਾ ਉਹਨਾਂ ਹਾਲਤਾਂ ਚ ਹੋਇਆ ਹੈ ਜਦੋਂ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਖਿਲਾਫ ਹਰਕਤਸ਼ੀਲ ਹੋ ਸਕਣ ਵਾਲੇ ਕਈ ਵਿਸ਼ੇਸ਼ ਹਾਲਾਤ ਗੈਰ-ਹਾਜ਼ਰ ਸਨ ਜਿਨ੍ਹਾਂ ਦਾ ਲਾਹਾ ਕਿਸੇ ਦੇਸ਼ਭਗਤ ਟਾਕਰਾ ਜੰਗ ਦੌਰਾਨ ਹੋ ਸਕਦਾ ਹੁੰਦਾ ਹੈ, ਪਰ ਇਸ ਦੇ ਬਾਵਜੂਦ ਹੋਈ ਅਮਰੀਕਾ ਦੀ ਨਮੋਸ਼ੀਜਨਕ ਹਾਰ ਤੇ ਅਫਗਾਨੀ ਕੌਮੀ ਟਾਕਰਾ ਜਿੱਤ ਇਹ ਦੱਸਦੀ ਹੈ ਕਿ ਸੰਸਾਰ ਸਾਮਰਾਜ ਵੱਲੋਂ ਦੁਨੀਆਂ ਭਰ ਚ ਮਚਾਈ ਜਾ ਰਹੀ ਲੁੱਟ ਤੇ ਤਬਾਹੀ ਤੀਜੀ ਦੁਨੀਆਂ ਦੇ ਦੱਬੇ-ਕੁਚਲੇ ਲੋਕਾਂ ਅੰਦਰ ਅਜਿਹੇ ਰੋਹ ਦੇ ਭਾਂਬੜ ਬਾਲ ਰਹੀ ਹੈ ਜਿਹੜੇ ਲੋਕਾਂ ਦੀਆਂ ਟਾਕਰਾ ਲਹਿਰਾਂ ਦਾ ਜਾਨਦਾਰ ਤੰਤ ਹੋ ਨਿੱਬੜਦੇ ਹਨ। ਘਾਟੇਵੰਦੀਆਂ ਹਾਲਤਾਂ ਚ ਵੀ  ਲੋਕ ਟਾਕਰਾ ਜਾਰੀ ਰੱਖ ਸਕਦੇ ਹਨ ਤੇ ਕਮਜੋਰ ਤੇ ਊਣੀ ਫੌਜੀ ਤਾਕਤ ਨਾਲ ਵੀ ਵੱਡੀ ਸਾਮਰਾਜੀ ਫੌਜੀ ਤਾਕਤ ਨੂੰ ਮਾਤ ਦੇ ਸਕਦੇ ਹਨ। ਇਹ ਜਿੱਤ ਦੱਸਦੀ ਹੈ ਕਿ ਉੱਪਰੋਂ ਖੂੰਖਾਰ ਤੇ ਅਜਿੱਤ ਦਿਖਦੀ ਇਹ ਸੰਸਾਰ ਮਹਾਂਸ਼ਕਤੀ ਅੰਦਰੋਂ ਦਿਨੋਂ ਦਿਨ ਖੋਖਲੀ ਹੋ ਰਹੀ ਹੈ, ਇਸਦੇ ਆਰਥਿਕ ਸੰਕਟ ਏਨੇ ਗਹਿਰੇ ਹੋ ਚੁੱਕੇ ਹਨ ਕਿ ਵੱਡੇ ਜੰਗੀ ਉਲਝਾ ਇਹਨੂੰ ਨਿਭਾਉਣੇ ਔਖੇ ਹੋ ਰਹੇ ਹਨ। ਅਫਗਾਨਿਸਤਾਨ ਦੇ ਇਸ ਕੌਮੀ ਟਾਕਰੇ ਨੂੰ ਸੰਸਾਰ ਭਰ ਦੇ ਦੱਬੇ ਕੁਚਲੇ ਲੋਕਾਂ ਦੀ ਨੈਤਿਕ ਹਮਾਇਤ ਹਾਸਲ ਸੀ ਤੇ ਸੰਸਾਰ ਦੇ ਕਿਰਤੀ ਲੋਕ ਅਫਗਾਨਿਸਤਾਨ ਉੱਪਰ ਅਮਰੀਕੀ ਹਮਲੇ ਦੇ ਵੇਲੇ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਸਨ। ਇਉਂ ਅਫਗਾਨਿਸਤਾਨ  ਚੋਂ ਅਮਰੀਕੀ ਨਿਕਾਲੇ ਅੰਦਰ ਸੰਸਾਰ ਭਰ ਦੇ ਅਗਾਂਹਵਧੂ, ਜਮਹੂਰੀ ਤੇ ਇਨਕਲਾਬੀ ਲੋਕ ਲਹਿਰਾਂ ਦਾ ਵਜ਼ਨ ਵੀ ਸ਼ਾਮਲ ਹੈ, ਜਿਹਨਾਂ ਨੇ ਇਹਨਾਂ 20 ਸਾਲਾਂ ਦੌਰਾਨ ਵਾਰ ਵਾਰ ਅਮਰੀਕੀ ਦਹਿਸ਼ਤਗਰਦ ਮਨਸੂਬਿਆਂ ਖਿਲਾਫ ਆਵਾਜ਼ ਉਠਾਈ ਹੈ। ਇਸ ਨਿਹੱਕੇ ਫੌਜੀ ਹਮਲੇ ਤੇ ਕਬਜੇ ਨੂੰ ਵੰਗਾਰਿਆ ਹੈ ਤੇ ਅਮਰੀਕੀ ਜੰਗੀ ਕੁਕਰਮਾਂ ਨੂੰ ਵਾਰ ਵਾਰ ਨਸ਼ਰ ਕੀਤਾ ਹੈ।

                ਅਮਰੀਕੀ ਹਾਰ ਨਾਲ ਅਫਗਾਨਿਸਤਾਨ ਦੇ ਲੋਕਾਂ ਨੂੰ ਸਿੱਧੇ ਸਾਮਰਾਜੀ ਬਸਤੀਵਾਦੀ ਕਬਜੇ ਤੋਂ ਛੁਟਕਾਰਾ ਮਿਲਿਆ ਹੈ ਜਦ ਕਿ ਇਹ ਅਗਲਾ ਸਵਾਲ ਹੈ ਕਿ ਅਮਰੀਕਾ ਤੇ ਹੋਰ ਸਾਮਰਾਜੀ ਤਾਕਤਾਂ ਆਪਣੀ ਨਵ-ਬਸਤੀਆਨਾ ਨੀਤੀ ਰਾਹੀਂ ਅਫਗਾਨਿਸਤਾਨ ਦੀ ਲੁੱਟ ਕਰਨ ਦੇ ਮਨਸੂਬਿਆਂ ਨੂੰ ਕਿਵੇਂ ਅੱਗੇ ਵਧਾਉਂਦੀਆਂ ਹਨ। ਨਵੇਂ ਬਣਨ ਵਾਲੇ ਰਾਜ ਨਾਲ ਸਾਮਰਾਜੀ ਤਾਕਤਾਂ ਕਿਸ ਪੱਧਰ ਦੇ ਰਿਸ਼ਤੇ ਸਥਾਪਿਤ ਕਰਦੀਆਂ ਹਨ। ਇਸ ਲਈ ਸਾਮਰਾਜੀ ਲੁੱਟ ਤੇ ਦਾਬੇ ਤੋਂ ਮੁਕੰਮਲ ਮੁਕਤੀ ਲਈ ਅਫਗਾਨਿਸਤਾਨ ਦੇ ਕਿਰਤੀ ਲੋਕਾਂ ਸਾਹਮਣੇ ਨਵ-ਜਮਹੂਰੀ ਇਨਕਲਾਬ ਦਾ ਕਾਰਜ ਖੜ੍ਹਾ ਹੈ। ਹੁਣ ਵੀ ਇਸ ਟਾਕਰਾ ਜੰਗ ਦੇ ਫਲ ਤਾਂ ਹੀ ਅਫਗਾਨੀ ਲੋਕਾਂ ਨੂੰ ਮਿਲ ਸਕਦੇ ਹਨ ਜੇਕਰ ਉਹ ਸਾਮਰਾਜੀ ਤੇ ਜਗੀਰੂ ਲੁੱਟ-ਖਸੁੱਟ ਤੋਂ ਮੁਕਤ ਅਫਗਾਨਿਸਤਾਨ ਸਿਰਜਣ ਲਈ ਨਵ-ਜਮਹੂਰੀ ਇਨਕਲਾਬ ਦੇ ਰਾਹ ਤੇ ਅੱਗੇ ਵਧਣ। ਅਜਿਹਾ ਨਾ ਕਰਨ ਦੀ ਹਾਲਤ ਚ ਇਸ ਟਾਕਰਾ ਜੰਗ ਦੇ ਫਲ ਸਥਾਨਕ ਜਗੀਰੂ ਤਾਕਤਾਂ ਤੇ ਜੰਗੀ ਸਰਦਾਰਾਂ ਦੀ ਝੋਲੀ ਪੈ ਜਾਣਗੇ ਜਿਵੇਂ ਪਹਿਲਾਂ ਵੀ ਸੋਵੀਅਤ ਸਮਾਜਕ ਸਾਮਰਾਜ ਖਿਲਾਫ ਅਫਗਾਨੀ ਲੋਕਾਂ ਦੀ ਟਾਕਰਾ ਜੰਗ ਵੇਲੇ ਹੋਇਆ ਸੀ। ਸੋਵੀਅਤ ਸਾਮਰਾਜੀਆਂ ਨੂੰ ਮੁਲਕ ਚੋਂ ਕੱਢਣ ਮਗਰੋਂ ਚੱਲੀ ਖਾਨਾਜੰਗੀ ਚ ਆਖਰ ਨੂੰ ਅਮਰੀਕੀ ਹਮਾਇਤ ਹਾਸਲ ਤਾਲਿਬਾਨ ਸੱਤਾਚ ਆ ਗਏ ਸਨ ਤੇ ਜਿਹਨਾਂ ਨੇ ਅੱਤ-ਪਿਛਾਖੜੀ ਰਾਜ ਲੋਕਾਂ ਤੇ ਮੜ੍ਹ ਦਿੱਤਾ ਸੀ। ਇਸ ਰਾਜ ਅਧੀਨ ਹਰ ਤਰ੍ਹਾਂ ਦੀਆਂ ਅਗਾਂਹਵਧੂ ਤੇ ਜਮਹੂਰੀ ਰਵਾਇਤਾਂ ਦਾ ਗਲਾ ਘੁੱਟ ਕੇ ਪਿਛਾਖੜੀ ਬੁਨਿਆਦ-ਪ੍ਰਸਤ ਨੀਤੀਆਂ ਲਾਗੂ ਕੀਤੀਆਂ ਗਈਆਂ ਸਨ। ਹੁਣ ਦੁਬਾਰਾ ਫਿਰ ਅਜਿਹਾ ਰਾਜ ਬਣਨ ਜਾ ਰਿਹਾ ਜਾਪਦਾ ਹੈ। ਚਾਹੇ ਪਿਛਲੇ ਤਜਰਬੇ ਦੇ ਆਧਾਰ ਤੇ ਅਤੇ ਟਾਕਰਾ ਜੰਗ ਚ ਲੋਕਾਂ ਦੀ ਮੋਹਰੀ ਸ਼ਕਤੀ ਹੋ ਕੇ ਜੂਝਣ ਮਗਰੋਂ ਤਾਲਿਬਾਨ ਵੱਲੋਂ ਕੁੱਝ ਪੱਖਾਂ ਚ ਨਰਮੀ ਦੇ ਸੰਕੇਤ ਦਿੱਤੇ ਜਾ ਰਹੇ ਹਨ, ਪਰ ਤਾਂ ਵੀ ਇਹ ਇੱਕ ਐਲਾਨੀਆ ਧਰਮ ਅਧਾਰਿਤ ਰਾਜ ਹੋਵੇਗਾ ਜਿਸ ਦੇ ਅਧੀਨ ਅਫਗਾਨੀ ਲੋਕ ਨਪੀੜੇ ਜਾਣਗੇ। ਅਫਗਾਨੀ ਲੋਕਾਂ ਨੂੰ ਸਾਮਰਾਜੀ ਤੇ ਜਗੀਰੂ ਲੁੱਟ ਤੋਂ ਮੁਕਤ ਦੇਸ਼ ਸਿਰਜਣ ਲਈ ਲੰਮੀ ਜਦੋਜਹਿਦ ਕਰਨੀ ਪੈਣੀ ਹੈ।

ਅਫਗਾਨਿਸਤਾਨ ’ਤੇ ਅਮਰੀਕੀ ਹਮਲੇ ਦੇ ਪਿਛੋਕੜ ਬਾਰੇ

 

   ਅਫਗਾਨਿਸਤਾਨ ਤੇ ਅਮਰੀਕੀ ਹਮਲੇ ਦੇ ਪਿਛੋਕੜ ਬਾਰੇ

                11 ਸਤੰਬਰ ਨੂੰ ਅਮਰੀਕਾ ਵਿਚਲੇ ਸੰਸਾਰ ਵਪਾਰ ਕੇਂਦਰਾਂ ਤੇ ਪੈਂਟਾਗਨ ਦੀ ਇਮਾਰਤ ਤੇ ਹਵਾਈ ਜਹਾਜਾਂ ਦੀ ਟੱਕਰ ਨਾਲ ਹੋਏ ਆਤਮਘਾਤੀ ਹਮਲਿਆਂ ਮਗਰੋਂ ਅਮਰੀਕੀ ਸਾਮਰਾਜੀਆਂ ਨੇ ਦਹਿਸਤਗਰਦੀ ਖਿਲਾਫ ਜੰਗ ਦੇ ਨਾਂ ਹੇਠ ਜੰਗੀ ਜਨੂੰਨ ਦੀ ਮੁਹਿੰਮ ਵਿੱਢ ਦਿੱਤੀ ਸੀ। ਇਹਨਾਂ ਹਮਲਿਆਂ ਲਈ ਓਬਾਮਾ ਬਿਨ ਲਾਦੇਨ ਨੂੰ ਜਿੰਮੇਵਾਰ ਕਰਾਰ ਦੇ ਕੇ ਅਤੇ ਉਸਦੇ ਅਫਗਾਨਿਸਤਾਨ ਚ ਛੁਪੇ ਹੋਣ  ਦਾ ਐਲਾਨ ਕਰਕੇ, ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਤੇ ਹਮਲਾ ਬੋਲ ਦਿੱਤਾ ਸੀ। ਇਸਨੂੰ ਆਪਣੀ ਕੌਮਾਂਤਰੀ ਦਹਿਸ਼ਤਗਰਦੀ ਖਿਲਾਫ ਜੰਗਦੇ ਨਾਂ ਹੇਠ ਸ਼ੁਰੂ ਕੀਤਾ ਗਿਆ ਸੀ ਅਤੇ ਸਾਮਰਾਜੀ ਤਾਕਤਾਂ ਤੇ ਹੋਰ ਪਿਛਾਖੜੀ ਤਾਕਤਾਂ ਨੂੰ ਨਾਲ ਲੈ ਕੇ ਸੰਸਾਰ ਵਿਆਪੀ ਗੱਠਜੋੜ ਦਾ ਪ੍ਰਭਾਵ ਦਿੱਤਾ ਸੀ। ਉਂਞ ਇਹ ਸੰਸਾਰ ਦਹਿਸ਼ਤਗਰਦੀ ਵਿਰੋਧੀ ਜੰਗ ਉਦੋਂ ਹੀ ਨਹੀਂ ਐਲਾਨੀ ਗਈ ਸੀ  ਸਗੋਂ ਉਸ ਤੋਂ ਪਹਿਲਾਂ ਵੀ ਏਸੇ ਨਾਂ ਹੇਠ ਅਮਰੀਕੀ ਸਾਮਰਾਜੀਏ ਸੰਸਾਰ ਭਰ ਅੰਦਰ ਵੱਖ ਵੱਖ ਮੁਲਕਾਂ ਨੂੰ ਧਮਕਾਉਂਦੇ, ਯਰਕਾਉਂਦੇ ਆ ਰਹੇ ਹਨ। ਕਿੰਨੇਂ ਹੀ ਮੁਲਕਾਂ ਚ ਬੰਬਾਰੀ ਕੀਤੀ ਗਈ ਸੀ ਤੇ ਕਿੰਨੀਆਂ ਹੀ ਹਕੂਮਤਾਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਫੌਜੀ ਹਮਲਿਆਂ ਨਾਲ ਉਲਟਾਇਆ ਗਿਆ ਸੀ। ਅਮਰੀਕੀ ਸਾਮਰਾਜੀ ਰਜਾ ਅਨੁਸਾਰ ਨਾ ਚੱਲਣ ਵਾਲੀ ਹਕੂਮਤ ਨੂੰ ਦਹਿਸ਼ਤਗਰਦ ਕਰਾਰ ਦੇ ਕੇ,ਹਮਲੇ ਹੇਠ ਲਿਆਉਣਾ, ਤੁਰੀ ਆ ਰਹੀ ਅਮਰੀਕੀ ਵਿਉਂਤ ਸੀ। ਇਸ ਵਿਉਂਤ ਤਹਿਤ ਹੀ ਅਮਰੀਕਾ ਓਸਾਮਾ ਬਿਨ ਲਾਦੇਨ ਮਗਰ ਪਿਆ ਹੋਇਆ ਸੀ ਤੇ ਉਸਨੂੰ ਮਾਰ ਮੁਕਾਉਣ ਦੇ ਨਾਂ ਹੇਠ ਸੂਡਾਨ ਤੇ ਅਫਗਾਨਿਸਤਾਨ ਤੇ ਬੰਬਾਰੀ ਕਰ ਚੁੱਕਿਆ ਸੀ।

                ਓਸਾਮਾ ਬਿਨ ਲਾਦੇਨ ਤੇ ਹੋਰ  ਇਸਲਾਮਿਕ ਮੂਲਵਾਦੀ ਤਾਕਤਾਂ ਨੂੰ ਕਿਸੇ ਦੌਰ ਚ ਅਮਰੀਕੀ ਸਾਮਰਾਜੀਆਂ ਨੇ ਹੀ ਪਾਲਿਆ-ਪੋਸਿਆ ਸੀ ਤੇ 1980 ਵਿਆਂ ਚ ਸੋਵੀਅਤ ਰੂਸ ਦੇ ਕਬਜੇ ਖਿਲਾਫ ਅਫਗਾਨਿਸਤਾਨ ਅੰਦਰ ਵਰਤਿਆ ਸੀ। ਮੱਧ-ਪੂਰਬ ਅੰਦਰ ਅਮਰੀਕਾ ਵੱਲੋਂ ਮਚਾਈ ਗਈ ਲੁੱਟ ਨੂੰ ਦੇਖ ਕੇ ਤੇ ਹੋਰਨਾਂ ਕਾਰਨਾਂ ਕਰਕੇ ਲਾਦੇਨ ਅਮਰੀਕਨ ਸਾਮਰਾਜ ਵਿਰੋਧੀ ਹੋ ਗਿਆ ਸੀ ਤੇ ਉਸਦੀ ਅਗਵਾਈ ਚ ਇਸਲਾਮਿਕ ਮੂਲਵਾਦੀ ਤਾਕਤਾਂ ਦਾ ਇੱਕ ਗਿਣਨਯੋਗ ਹਿੱਸਾ ਅਮਰੀਕੀ ਸਾਮਰਾਜ ਖਿਲਾਫ ਡਟ ਰਿਹਾ ਸੀ। ਆਪਣੇ ਇਸ ਪੈਂਤੜੇ ਕਾਰਨ ਹੀ ਉਹ ਅਮਰੀਕੀ ਸਾਮਰਾਜੀਆਂ ਦੇ ਨਿਸ਼ਾਨੇ ਤੇ ਤੁਰਿਆ ਆ ਰਿਹਾ ਸੀ। ਚਾਹੇ ਅਮਰੀਕੀ ਸਾਮਰਾਜੀਆਂ ਨੇ ਲਾਦੇਨ ਦੀ ਮੌਜੂਦਗੀ ਦਾ ਬਹਾਨਾ ਬਣਾ ਕੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ ਪਰ ਹਕੀਕਤ ਇਹ ਸੀ ਕਿ ਅਮਰੀਕੀ ਟਾਵਰਾਂ ਤੇ ਹੋਏ ਹਮਲੇ ਤਾਂ ਅਮਰੀਕੀ ਸਾਮਰਾਜੀਆਂ ਲਈ ਅਫਗਾਨਿਸਤਾਨ ਉੱਤੇ ਹਮਲੇ ਖਾਤਰ ਹੱਥ ਆਇਆ ਮੌਕਾ ਸਨ, ਜਦ ਕਿ ਉਸ ਤੋਂ ਪਹਿਲਾਂ ਹੀ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਹਮਲੇ ਦੀਆਂ ਵਿਉਂਤਾਂ ਬਣ ਚੁੱਕੀਆਂ ਸਨ। ਇਹ ਮਨਸ਼ੇ ਏਨੇ ਜਾਹਰਾ ਸਨ ਕਿ ਅਮਰੀਕੀ ਆਗੂਆਂ ਦੇ ਬਿਆਨਾਂ ਚੋਂ ਡੁੱਲ ਡੁੱਲ ਪੈਂਦੇ ਰਹੇ ਸਨ।  ਏਸੇ ਲਈ ਕੁੱਝ ਲੋਕਾਂ ਨੇ ਇਹਨਾਂ ਹਮਲਿਆਂ ਨੂੰ ਅਮਰੀਕੀ ਸਾਜਿਸ਼ ਤੱਕ ਕਿਹਾ ਸੀ।

                ਉਸ ਵੇਲੇ ਅਫਗਾਨਿਸਤਾਨ ਅੰਦਰ ਤਾਲਿਬਾਨ ਦੀ ਹਕੂਮਤ ਸੀ। ਤਾਲਿਬਾਨ ਇੱਕ ਇਸਲਾਮੀ ਬੁਨਿਆਦਪ੍ਰਸਤ ਜੱਥੇਬੰਦੀ ਸੀ ਜੋ 1980 ’ਚ ਸੋਵੀਅਤ ਸਾਮਰਾਜ ਦੇ ਹਮਲੇ ਖਿਲਾਫ ਅਫਗਾਨੀ ਟਾਕਰੇ ਚ ਸ਼ਾਮਲ ਸੀ ਤੇ ਉਸ ਨੂੰ ਉਦੋਂ ਅਮਰੀਕੀ ਸਹਾਇਤਾ ਹਾਸਲ ਸੀ। ਸੋਵੀਅਤ ਸਾਮਰਾਜੀਆਂ ਦੇ ਮਾਤ ਖਾ ਕੇ ਚਲੇ ਜਾਣ ਮਗਰੋਂ ਅਫਗਾਨਿਸਤਾਨ ਚ ਸੱਤਾ ਲਈ ਹੋਏ ਭੇੜ ਚੋਂ ਤਾਲਿਬਾਨ ਇੱਕ ਵਾਰ ਮੁਲਕ ਦੇ ਰਾਜ ਦੇ ਵੱਡੇ ਹਿੱਸੇ ਉੱਤੇ ਕਾਬਜ ਹੋ ਗਈ ਸੀ। 1996 ’ਚ ਜਦੋਂ ਇਹ ਸੱਤਾ ਤੇ ਬੈਠੀ ਸੀ ਤਾਂ ਉਦੋਂ ਅਮਰੀਕਾ ਦਾ ਇਸ ਨਾਲ ਕੋਈ ਟਕਰਾਅ ਨਹੀਂ ਸੀ, ਸਗੋਂ ਹਮਾਇਤ ਤੇ ਹੱਲਾਸ਼ੇਰੀ ਹਾਸਲ ਰਹੀ ਹੈ। ਕਲਿੰਟਨ ਪ੍ਰਸਾਸ਼ਨ ਦੇ ਇਹਦੇ ਨਾਲ ਚੰਗੇ ਸਬੰਧ ਰਹੇ ਸਨ। ਪਰ ਨਵੀਆਂ ਅਮਰੀਕੀ ਜਰੂਰਤਾਂ ਦੇ ਪ੍ਰਸੰਗ ਚ ਤਾਲਿਬਾਨ ਹਕੂਮਤ ਅਮਰੀਕੀ ਸਾਮਰਾਜੀਆਂ ਦੇ ਸਮੁੱਚੇ ਮੰਤਵਾਂ ਦਾ ਮੁਕੰਮਲ ਸਾਧਨ ਨਹੀਂ ਬਣਦੀ ਸੀ ਖਾਸ ਕਰਕੇ ਅਫਗਾਨਿਸਾਤਨ ਤੇ ਮੁਕੰਮਲ ਕੰਟਰੋਲ ਲਈ ਅਮਰੀਕਾ ਨੂੰ ਪੂਰੀ ਤਰ੍ਹਾਂ ਕਠਪੁਤਲੀ ਹਕੂਮਤ ਦੀ ਜ਼ਰੂਰਤ ਸੀ। ਅਜਿਹੀ ਕਠਪੁਤਲੀ ਹਕੂਮਤ ਦੀ ਜਿਸਦਾ ਪੂਰੇ ਅਫਗਾਨਿਸਤਾਨ ਤੇ ਕੰਟਰੋਲ ਹੋਵੇ ਪਰ ਤਾਲਿਬਾਨ ਇਹਨਾਂ ਅਮਰੀਕੀ ਲੋੜਾਂ ਦਾ ਸਾਧਨ ਬਣਨ ਵਾਲੇ ਨਹੀਂ ਸਨ। ਨਾ ਤਾਂ ਉਹਨਾਂ ਦਾ ਸਮੁੱਚੇ ਮੁਲਕ ਤੇ ਪੂਰੀ ਤਰ੍ਹਾਂ ਕਬਜਾ ਸੀ ਤੇ ਨਾ ਹੀ ਉਹ ਪੂਰੀ ਤਰ੍ਹਾਂ ਅਮਰੀਕੀ ਰਜਾ ’ਚ ਸਨ। ਇਸ ਲਈ ਅਮਰੀਕਾ ਨੇ ਅਫਗਾਨਿਸਤਾਨ ਤੇ ਸਿੱਧੇ ਫੌਜੀ ਕਬਜੇ ਦਾ ਰਾਹ ਫੜ ਲਿਆ ਸੀ ਤੇ 9/11 ਦੇ ਹਮਲਿਆਂ ਨੂੰ ਮੌਕਾ ਸਮਝ ਕੇ ਇਸਨੇ ਸੰਸਾਰ ਸਾਹਮਣੇ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਕੇ ਅਫਗਾਨਿਸਤਾਨ ਤੇ ਹਮਲਾ ਬੋਲ ਦਿੱਤਾ।

                ਲਾਦੇਨ ਦੇ ਅਫਗਾਨਿਸਤਾਨ ਚ ਹੋਣ ਤੇ ਉਸ ਨੂੰ ਸੌਂਪਣ ਦੀ ਮੰਗ ਕਰਨ ਤੋਂ ਮਗਰੋਂ ਤਾਲਿਬਾਨ ਹਕੂਮਤ ਨੇ ਕਿਸੇ ਤੀਜੀ ਧਿਰ ਨੂੰ ਸੌਂਪਣ ਦੀ ਪੇਸ਼ਕਸ਼ ਕਰ ਦਿੱਤੀ ਸੀ, ਇਹ ਪੇਸ਼ਕਸ਼ ਵੀ ਸੀ ਕਿ ਅਮਰੀਕਾ ਵੱਲੋਂ ਜਾਣਕਾਰੀ ਮੁਹੱਈਆ ਕਰਵਾਉਣ ਤੇ ਲਾਦੇਨ ਉੱਪਰ ਮੁੱਕਦਮਾ ਚਲਾਇਆ ਜਾਵੇਗਾ। ਪਰ ਅਮਰੀਕੀ ਸਾਮਰਾਜੀਆਂ ਲਈ ਇਹ ਸਭ ਬਹਾਨੇ ਸਨ। ਸਿਰਫ ਲਾਦੇਨ ਦਾ ਹੀ ਮਸਲਾ ਨਹੀਂ ਸੀ ਉਹ ਤਾਂ ਅਫਗਾਨਿਸਤਾਨ ਦੇ ਹਰ ਚੱਪੇ ਚੱਪੇ ਤੱਕ ਆਪਣੀ ਸਿੱਧੀ ਪਹੁੰਚ ਚਾਹੰਦੇ ਸਨ ਤੇ ਅਮਰੀਕੀ ਵਿਰੋਧੀ ਸ਼ਕਤੀਆਂ ਦੇ ਹਰ ਤਰ੍ਹਾਂ ਦੇ ਨੈੱਟਵਰਕ ਤੱਕ ਰਸਾਈ ਚਾਹੁੰਦੇ ਸਨ। ਕਿਸੇ ਤਰ੍ਹਾਂ ਦੀ ਵੀ ਗੱਲਬਾਤ ਤੋਂ ਇਨਕਾਰੀ ਹੋ ਕੇ ਤੇ ਕਿਸੇ ਵੀ ਤਰ੍ਹਾਂ ਦੇ ਕੌਮਾਂਤਰੀ ਕਾਨੂੰਨਾਂ ਦੀ ਪ੍ਰਵਾਹ ਨਾ ਕਰਦਿਆਂ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਤੇ ਖੁੱਲ੍ਹ-ਮ ਖੁੱਲ੍ਹਾ ਹਮਲਾ ਬੋਲ ਦਿੱਤਾ। ਬੁਸ਼ ਨੇ ਐਲਾਨ ਕੀਤੇ ਕਿ ਜਿਹੜਾ ਅਮਰੀਕਾ ਨਾਲ ਨਹੀਂ, ਉਹ ਦਹਿਸਤਗਰਦਾਂ ਨਾਲ ਸਮਝਿਆ ਜਾਵੇਗਾ। ਇਹਦਾ ਅਰਥ ਸਾਫ ਸੀ ਕਿ ਜਿਹੜਾ ਮੁਲਕ ਜਾਂ ਸ਼ਕਤੀ ਅਮਰੀਕੀ ਸਾਮਰਾਜੀਆਂ ਦੇ ਇਸ ਜੰਗੀ ਮਿਸ਼ਨ ਖਿਲਾਫ ਖੜ੍ਹੇਗੀ ਤਾਂ ਉਸ ਤੇ ਵੀ ਦਹਿਸ਼ਤਗਰਦੀ ਦਾ ਲੇਬਲ ਚਿਪਕਾ ਕੇ ਉਸ ਨੂੰ ਹਮਲੇ ਦੀ ਮਾਰ ਹੇਠ ਲਿਆਂਦਾ  ਜਾਵੇਗਾ। ਉਸ ਤੋਂ ਪਹਿਲਾਂ ਅਫਗਾਨਿਸਤਾਨ ਤੇ ਸੂਡਾਨ ਤੇ ਬੰਬਾਰੀ ਕਰਨ ਵੇਲੇ ਸਿਰਫ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ ਹੀ ਕੀਤੇ ਗਏ ਸਨ, ਜਦ ਕਿ ਇਸ ਵਾਰ ਅਫਗਾਨਿਸਤਾਨ ਤੇ ਬਕਾਇਦਾ ਹਰ ਪਾਸੇ ਤੋਂ ਧਾਵਾ ਬੋਲਿਆ ਗਿਆ ਸੀ ਤੇ ਤਾਲਿਬਾਨ ਨੂੰ ਸੱਤਾ ਤੋਂ ਉਖਾੜ ਕੇ ਮੁਲਕ ਤੇ ਕਬਜਾ ਜਮਾਉਣ ਦੀ ਵਿਉਂਤ ਨਾਲ ਚੱਲਿਆ ਗਿਆ ਸੀ।

                ਅਫਗਾਨਿਸਤਾਨ ਤੇ ਹਮਲੇ ਰਾਹੀਂ ਅਮਰੀਕਾ ਕਈ ਮਕਸਦ ਹਾਸਲ ਕਰਨਾ ਚਾਹੁੰਦਾ ਸੀ। ਸਭ ਤੋਂ ਅਹਿਮ ਗੱਲ ਅਫਗਾਨਿਸਤਾਨ ਦੀ ਭੂਗੋਲਿਕ ਸਥਿਤੀ ਹੈ ਜੋ ਸਾਮਰਾਜੀ ਯੁੱਧਨੀਤਕ ਵਿਉਂਤਾਂ ਪੱਖੋਂ ਅਹਿਮ ਹੈ। ਲੰਮੇਂ ਸਮੇਂ ਤੋਂ ਅਫਗਾਨਿਸਤਾਨ ਇੱਕ ਲਾਂਘੇ ਦੇ ਤੌਰ ਤੇ ਬਹੁਤ ਮਹੱਤਵਪੂਰਨ ਮੁਲਕ ਹੈ। ਅਮਰੀਕਾ ਲਈ ਅਫਗਾਨਿਸਤਾਨ ਤੇ ਕਬਜਾ ਕੇਂਦਰੀ ਏਸ਼ੀਆਈ ਖਿੱਤੇ ਤੋਂ ਦੱਖਣੀ ਏਸ਼ੀਆ ਤੱਕ ਫੌਜੀ ਅੱਡਿਆਂ ਦਾ ਪਸਾਰਾ ਕਰਨ ਲਈ ਲੋੜੀਂਦਾ ਸੀ। ਇਹਨਾਂ ਫੌਜੀ ਅੱਡਿਆਂ ਦਾ ਮੁੱਖ ਮਕਸਦ ਇਸ ਖਿੱਤੇ ਚ ਗੈਸ ਤੇ ਤੇਲ ਦੇ ਸੋਮਿਆਂ ਤੇ ਮੁਕੰਮਲ ਕੰਟਰੋਲ ਕਰਨਾ ਸੀ ਤੇ ਨਾਲ ਹੀ ਇਸ ਖੇਤਰ ਚ ਰੂਸ ਤੇ ਹੋਰਨਾਂ ਸ਼ਕਤੀਆਂ ਦੇ ਪ੍ਰਭਾਵ ਨੂੰ ਕੰਟਰੋਲ ਹੇਠ ਰੱਖਣਾ ਸੀ। ਅਫਗਾਨਿਸਤਾਨ ਦੀ ਸਥਿਤੀ ਦਾ ਮਹੱਤਵ ਇਹਨਾਂ ਪਾਈਪ ਲਾਈਨਾਂ ਦੇ ਲਾਂਘਿਆਂ ਦੇ ਪੱਖ ਤੋਂ ਵਿਸ਼ੇਸ਼ ਕਰਕੇ ਸੀ। ਨਾਲ ਇਹ ਇਸਲਾਮਿਕ ਮੂਲਵਾਦੀ ਸ਼ਕਤੀਆਂ ਤੇ ਸੱਟ ਮਾਰਨਾ ਵੀ ਸੀ ਜਿਹੜੀਆਂ ਅਮਰੀਕੀ ਸਾਮਰਾਜੀ ਵਿਉਂਤਾਂ ਦੀ ਉਧੇੜ ਚ ਅੜਿੱਕਾ ਬਣ ਰਹੀਆਂ ਸਨ। ਇਹਦੇ ਲਈ ਅਫਗਾਨਿਸਤਾਨ ਸੌਖਾ ਨਿਸ਼ਾਨਾ ਬਣਦਾ ਸੀ ਕਿਉਂਕਿ ਇਹ ਪਹਿਲਾਂ ਹੀ ਜੰਗ ਦਾ ਭੰਨਿਆ ਹੋਇਆ ਸੀ ਤੇ ਤਾਲਿਬਾਨ ਹਕੂਮਤ ਕੌਮਾਂਤਰੀ ਪੱਧਰ ਤੇ ਨਿਖੇੜੇ ਦੀ ਹਾਲਤ ਚ ਸੀ। ਇਹਨਾਂ ਕਈ ਮਕਸਦਾਂ ਦੀ ਪੂਰਤੀ ਲਈ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਤੇ ਸਿੱਧੇ ਫੌਜੀ ਕਬਜੇ ਦਾ ਰਾਹ ਚੁਣਿਆ ਸੀ। ਇਹ ਹਮਲਾ ਚਾਹੇ ਫੌਰੀ ਤੇ ਸਿੱਧੇ ਤੌਰ ਤੇ ਅਫਗਾਨਿਸਤਾਨ ਤੇ ਬੋਲਿਆ ਗਿਆ ਸੀ ਪਰ ਇਹ ਸਮੁੱਚੇ ਤੌਰ ਤੇ ਤੀਜੀ ਦੁਨੀਆਂ ਦੇ ਮੁਲਕਾਂ ਦੇ ਲੋਕਾਂ ਖਿਲਾਫ ਸੇਧਤ ਸੀ ਤੇ ਅਮਰੀਕੀ ਸਾਮਰਾਜੀ ਲੁਟੇਰੇ ਮੰਤਵਾਂ ਦੀ ਪੂਰਤੀ ਲਈ ਯੁੱਧਨੀਤਕ ਮਹੱਤਤਾ ਵਾਲੇ ਖੇਤਰਾਂ ਚ ਫੌਜੀ ਅੱਡਿਆਂ ਦਾ ਤਾਣਾ-ਬਾਣਾ ਉਸਾਰਨ ਦੀ ਵੱਡ-ਆਕਾਰੀ ਵਿਉਂਤ ਦਾ ਹਿੱਸਾ ਸੀ। ਇਸ ਤੋਂ ਵੀ ਅੱਗੇ ਇਸਦਾ ਮਕਸਦ ਦੁਨੀਆਂ ਭਰ ਅੰਦਰ, ਖਾਸ ਕਰਕੇ ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ, ਉਹਨਾਂ ਹਕੂਮਤਾਂ ਨੂੰ ਉਲਟਾ ਕੇ ਕਠਪੁਤਲੀ ਹਕੂਮਤਾਂ ਕਾਇਮ ਕਰਨਾ ਸੀ ਜਿਹੜੀਆਂ ਵੀ ਹਕੂਮਤਾਂ ਅਮਰੀਕੀ ਲੋੜਾਂ ਦੇ ਫਿੱਟ ਨਹੀਂ ਬੈਠਦੀਆਂ ਸਨ।

                ਇਉਂ ਸਾਮਰਾਜੀ ਤਾਕਤਾਂ ਦਾ ਹੁੰਗਾਰਾ ਲੈ ਕੇ ਨਾਟੋ ਦੇ ਕਵਰ ਹੇਠ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਦੇ ਲੋਕਾਂ ਤੇ ਜੰਗੀ ਕਹਿਰ ਢਾਇਆ ਜੋ 20 ਵਰ੍ਹੇ ਜਾਰੀ ਰਿਹਾ। ਕੁੱਝ ਮਹੀਨਿਆਂ ਚ ਹੀ ਤਾਲਿਬਾਨ ਵਿਰੋਧੀ ਖੇਮੇ ਦੇ ਜੰਗੀ ਸਰਦਾਰਾਂ ਅਤੇ ਹੋਰਨਾਂ ਹਿੱਸਿਆਂ ਨੂੰ ਲੈ ਕੇ ਅਮਰੀਕੀ ਸਾਮਰਾਜੀਂਆਂ ਨੇ ਆਪਣੀ ਕਠਪੁਤਲੀ ਹਕੂਮਤ ਲੋਕਾਂ ਤੇ ਮੜ੍ਹ ਦਿੱਤੀ ਜਿਹੜੀ ਪੂਰੀ ਤਰ੍ਹਾਂ ਅਮਰੀਕੀ ਫੌਜੀ ਤੇ ਆਰਥਕ ਸਹਾਇਤਾ ਤੇ ਨਿਰਭਰ ਸੀ। ਪਰ ਅਫਗਾਨੀ ਲੋਕਾਂ ਨੇ ਅਮਰੀਕੀ ਹਮਲੇ ਮੂਹਰੇ ਝੁਕਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਫੌਜੀ ਧਾਵੇ ਖਿਲਾਫ ਹੱਕੀ ਟਾਕਰਾ ਜੰਗ ਸ਼ੁਰੂ ਕਰ ਦਿੱਤੀ। ਰਾਜ-ਭਾਗ ਤੋਂ ਲਾਂਭੇ ਕਰ ਦਿੱਤੇ ਗਏ ਤਾਲਿਬਾਨ ਵੀ ਇਸ ਟਾਕਰਾ ਜੰਗ ਵਿੱਚ ਮੋਹਰੀ ਸ਼ਕਤੀ ਬਣ ਗਏ ਤੇ ਸਾਮਰਾਜੀ ਕਬਜੇ ਤੇ ਜੰਗ ਖਿਲਾਫ ਜੂਝ ਰਹੋ ਲੋਕਾਂ ਦੇ ਕੈਂਪ ਦਾ ਹਿੱਸਾ ਬਣ ਗਏ। ਇੱਕ ਬੁਨਿਆਦ-ਪ੍ਰਸਤ ਪਿਛਾਖੜੀ  ਸ਼ਕਤੀ ਹੋ ਕੇ ਵੀ ਅਮਰੀਕੀ ਸਾਮਰਾਜੀ ਹਮਲੇ ਦੇ ਪ੍ਰਸੰਗ ਚ ਉਸਦਾ ਰੋਲ ਬਦਲ ਗਿਆ ਤੇ ਉਹ ਪੂਰੇ 20 ਸਾਲ ਅਮਰੀਕੀ ਕਬਜੇ ਖਿਲਾਫ ਲੋਕ ਟਾਕਰਾ ਜੰਗ ਚ ਜੂਝੇ। ਅਫਗਾਨਿਸਤਾਨ ਦੇ ਲੋਕਾਂ ਦਾ ਇਹ ਟਾਕਰਾ ਮਿਸਾਲੀ ਸੀ। ਅਮਰੀਕੀ ਫੌਜ ਵੱਲੋਂ ਕੀਤੇ ਅਥਾਹ ਜੁਲਮਾਂ ਦੇ ਬਾਵਜੂਦ,ਡਰੋਨ ਹਮਲਿਆਂ ਤੇ ਹੋਰ ਅਨੇਕਾਂ ਅਧੁਨਿਕ ਹਥਿਆਰਾਂ ਦੇ ਕਹਿਰ ਮੂਹਰੇ ਵੀ ਅਫਗਾਨ ਲੋਕ ਅਮਰੀਕੀ ਈਨ ਮੰਨਣੋਂ ਇਨਕਾਰੀ ਰਹੇ । ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ, ਲੋਕਾਂ ਨੂੰ ਉਜਾੜਿਆ, ਬੇਘਰ ਕੀਤਾ ਤੇ ਮਨੁੱਖਤਾ ਤੇ ਜੁਲਮਾਂ ਦੇ ਨਵੇਂ ਰਿਕਾਰਡ ਬਣਾਏ।

                ਅਫਗਾਨਿਸਤਾਨ ਤੇ ਹਮਲੇ ਮਗਰੋਂ ਅਮਰੀਕਾ ਦਾ ਤੀਜੀ ਦੁਨੀਆਂ ਤੇ ਇਉਂ ਹਮਲਿਆਂ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਿਹਾ। ਇਰਾਕ ਤੇ ਫਿਰ ਸੀਰੀਆ, ਲਿਬੀਆ ਤੇ ਹੋਰਨਾਂ ਥਾਵਾਂ ਤੇ ਅਮਰੀਕੀ ਸਾਮਰਾਜੀ ਜੰਗਬਾਜ ਹਮਲੇ ਕਰਦੇ ਰਹੇ । ਅਮਰੀਕੀ ਜੰਗੀ ਮਸ਼ੀਨਰੀ ਤਬਾਹੀ ਮਚਾਉਂਦੀ ਰਹੀ ਤੇ ਅਮਰੀਕੀ ਕੰਪਨੀਆਂ ਨਵੇਂ ਨਵੇਂ ਉਸਾਰੀ ਕੰਮਾਂ ਦੇ ਠੇਕੇ ਲੈਂਦੀਆਂ ਰਹੀਆਂ। ਇਹਨਾਂ ਜੰਗਾਂ ਚ ਅਮਰੀਕੀ ਜੰਗੀ ਕਾਰੋਬਾਰੀ ਕੰਪਨੀਆਂ ਨੇ ਮੋਟੇ ਮੁਨਾਫੇ ਕਮਾਏ, ਹਥਿਆਰਾਂ ਦੇ ਕਾਰੋਬਾਰ ਕਈ ਗੁਣਾ ਵਧੇ ਫੁੱਲੇ। ਪਰ ਅਫਗਾਨਿਸਤਾਨ ਤੇ ਇਹ ਕਬਜਾ ਅਮਰੀਕਾ ਲਈ ਆਖਰ ਨੂੰ ਗਲੇ ਦੀ ਹੱਡੀ ਬਣਦਾ ਗਿਆ ਤੇ ਹੁਣ 20 ਸਾਲਾਂ ਮਗਰੋਂ ਅਮਰੀਕੀ ਸਾਮਰਾਜ ਹਾਰ ਖਾ ਕੇ ਅਫਗਾਨਿਸਤਾਨ ਚੋਂ ਨਿੱਕਲਿਆ ਹੈ।

ਅਫਗਾਨਿਸਤਾਨ ’ਤੇ ਹਮਲੇ ਦੀ ਯੋਜਨਾ ਕਦੋਂ ਬਣੀ!

 

ਅਫਗਾਨਿਸਤਾਨ ਤੇ ਹਮਲੇ ਦੀ ਯੋਜਨਾ ਕਦੋਂ ਬਣੀ!  

                ਇਸ ਗੱਲ ਦੇ ਹੁਣ ਕਾਫੀ ਸਬੂਤ ਸਾਹਮਣੇ ਆ ਚੁੱਕੇ ਹਨ ਕਿ ਅਮਰੀਕਣ ਸਾਮਰਾਜੀਆਂ ਵੱਲੋਂ ਅਫਗਾਨਿਸਤਾਨ ਉੱਪਰ ਕੀਤੇ ਹਮਲੇ ਦੀ ਯੋਜਨਾ ਇਸਲਾਮਿਕ ਜਹਾਦੀਆਂ ਵੱਲੋਂ 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਪਰ ਕੀਤੇ ਦਹਿਸ਼ਤੀ ਹਮਲੇ ਦੀ ਮੁਥਾਜ ਜਾਂ ਸਿਰਫ ਇਸਦਾ ਜੁਆਬੀ ਕਰਮ ਨਹੀਂ ਸੀ, ਸਗੋਂ ਇਸ ਹਮਲੇ ਤੋਂ ਬਹੁਤ ਸਾਲ ਪਹਿਲਾਂ ਤੋਂ ਹੀ ਅਮਰੀਕਾ ਅਜਿਹੇ ਹਮਲੇ ਦੀਆਂ ਤਿਆਰੀਆਂ ਕਰਦਾ ਆ ਰਿਹਾ ਸੀ ਤੇ ਅਜਿਹੀ ਦਖਲਅੰਦਾਜੀ ਲਈ ਵੱਧ ਢੁੱਕਵੇਂ ਬਹਾਨੇ ਤੇ ਮੌਕੇ ਦੀ ਤਲਾਸ਼ ਚ ਸੀ। ਅਜਿਹੇ ਹਮਲੇ ਤੇ ਦਖਲਅੰਦਾਜੀ ਦਾ ਕਾਰਨ ਅਫਗਾਨਿਸਤਾਨ ਦਾ ਵਿਲੱਖਣ ਥਾਂ ਤੇ ਸਥਿੱਤ ਹੋਣਾ ਸੀ। ਇੱਥੇ ਉਸਦਾ ਪੈਰ-ਧਰਾਅ ਹੋਣ ਨਾਲ ਉਹ ਆਪਣੇ ਯੁੱਧਨੀਤਕ ਵਿਰੋਧੀਆਂ-ਚੀਨ, ਰੂਸ ਤੇ ਇਰਾਨ ਦੇ ਐਨ ਸਿਰਹਾਣੇ ਤੇ ਸਿਰ ਚੜ੍ਹ ਕੇ ਬੈਠ ਸਕਦਾ ਸੀ। ਦੱਖਣੀ ਏਸ਼ੀਆ ਨੂੰ ਕੇਂਦਰੀ ਏਸ਼ੀਆ, ਮੱਧ-ਪੂਰਬ ਤੇ ਯੂਰਪ ਆਦਿਕ ਨਾਲ ਜੋੜਨ ਦੇ ਛੋਟੇ ਜ਼ਮੀਨੀ ਆਵਾਜਾਈ ਰਸਤੇ (ਖਾਸ ਕਰਕੇ ਤੇਲ ਦੇ ਵਪਾਰ ਲਈ) ਵਜੋਂ ਵੀ ਇਹ ਬਹੁਤ ਅਹਿਮ ਸੀ ਅਤੇ ਇਸ ਸਪਲਾਈ ਲਾਈਨ ਤੇ ਕਬਜਾ ਅਮਰੀਕਾ ਲਈ ਭਾਰੀ ਮਹੱਤਵ ਰੱਖਦਾ ਸੀ। ਅਮਰੀਕਾ ਦੀ ਜੰਗੀ ਸਨਅਤ ਅਤੇ ਤੇਲ ਸਨਅਤ ਦੇ ਪੱਖ ਤੋਂ ਵੀ ਇਹ ਅਹਿਮੀਅਤ ਵਾਲੀ ਲੋਕੇਸ਼ਨ ਸੀ। ਇਹਨਾਂ ਅਤੇ ਅਜਿਹੇ  ਹੋਰ ਸਾਮਰਾਜੀ ਮਕਸਦਾਂ ਲਈ ਅਫਗਾਨਿਸਤਾਨ ਚ ਅਮਰੀਕਨ ਸਾਮਰਾਜ ਦੀ ਵਫਾਦਾਰ ਸਰਕਾਰ ਹੋਣਾ ਅਤਿਅੰਤ ਲਾਜ਼ਮੀ ਸੀ।

                ਓਸਾਮਾ ਬਿਨ ਲਾਦੇਨ, ਜੋ ਰੂਸ ਦੀ ਅਫਗਾਨਿਸਤਾਨ ਅੰਦਰ ਮੌਜੂਦਗੀ ਸਮੇਂ ਅਮਰੀਕਾ ਦਾ ਵਫਾਦਾਰ ਹੱਥ-ਠੋਕਾ ਸੀ, ਬਾਅਦ ਚ ਕਈ ਕਾਰਨਾਂ ਕਰਕੇ ਅਮਰੀਕਾ ਤੋਂ ਖਫਾ ਹੋ ਕੇ ਉਸ ਵਿਰੁੱਧ ਸਰਗਰਮ ਹੋਣ ਕਰਕੇ ਅਮਰੀਕਾ ਦੀ ਹਿੱਟ ਲਿਸਟ ਉੱਪਰ ਆ ਚੁੱਕਾ ਸੀ। ਅਫਗਾਨਿਸਤਾਨ ਵਿੱਚ ਰੱਬਾਨੀ ਸਰਕਾਰ ਦੇ ਮੌਕੇ ਉਸਦੇ ਅਫਗਾਨਿਸਤਾਨ ਚ ਸ਼ਰਨ ਲੈਣ ਨਾਲ ਅਮਰੀਕਾ ਨੂੰ ਅਜਿਹੇ ਹਮਲੇ ਤੇ ਦਬਾਅ ਲਈ ਇੱਕ ਹੱਦ ਤੱਕ ਬਹਾਨਾ ਮਿਲ ਗਿਆ ਸੀ ਤੇ ਇਸੇ ਅਧਾਰ ਉੱਤੇ ਉਹ ਅਮਰੀਕਾ ਦੇ ਟਰੇਡ ਸੈਂਟਰ ਤੇ ਹੋਏ ਹਮਲੇ ਤੋਂ ਬਹੁਤ ਅਰਸਾ ਪਹਿਲਾਂ ਹੀ ਅਜਿਹੀਆਂ ਵਿਉਂਤਾਂ ਬਣਾਉਂਦਾ ਆ ਰਿਹਾ ਸੀ। ਉਦਾਹਰਨ ਲਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਕਹਿਣਾ ਸੀ :

                ‘‘ਮੈਂ ਓਸਾਮਾ ਬਿਨ ਲਾਦੇਨ ਦੀ ਗਿ੍ਫਤਾਰੀ ਤੇ ਲੋੜ ਪੈਣ ਤੇ ਉਸਦੇ ਕਤਲ ਕਰਨ ਦਾ ਹੁਕਮ ਦੇ ਦਿੱਤਾ ਸੀ ਅਤੇ ਇਸ ਮਕਸਦ ਲਈ ਅਫਗਾਨਿਸਤਾਨ ਵਿਚਲੇ ਇੱਕ ਗਰੁੱਪ ਨਾਲ ਸੰਪਰਕ ਵੀ ਕਰ ਲਿਆ ਸੀ। ਅਸੀਂ ਸੰਭਾਵਤ ਜ਼ਮੀਨੀ ਫੌਜੀ ਕਾਰਵਾਈ ਲਈ ਕਮਾਂਡੋ ਵੀ ਟਰੇਂਡ ਕਰ ਰੱਖੇ ਸਨ, ਪਰ ਅਜਿਹੇ ਐਕਸ਼ਨ ਨੂੰ ਅੰਜਾਮ ਦੇਣ ਲਈ ਜਿਹੋ ਜਿਹੀ ਸੂਹ ਦੀ ਜ਼ਰੂਰਤ ਹੁੰਦੀ ਹੈ, ਉਹੋ ਜਿਹੀ ਸੂਹ ਸਾਨੂੰ ਹਾਸਲ ਨਾ ਹੋਣ ਕਾਰਨ ਅਸੀਂ ਇਹ ਕਾਰਵਾਈ ਕਰ ਨਹੀਂ  ਸਕੇ।’’

                ਇਨ੍ਹਾਂ ਸਾਲਾਂ ਦੌਰਾਨ, ਅਫਗਾਨਿਸਤਾਨ ਅਮਰੀਕੀ ਵਿਦੇਸ਼ ਮੰਤਰਾਲੇ ਲਈ ਸਰੋਕਾਰ ਦਾ ਵੱਡਾ ਵਿਸ਼ਾ ਬਣਿਆ ਹੋਇਆ ਸੀ। ਇਸਦੀ ਪੁਸ਼ਟੀ ਜਨਵਰੀ 2001 ’ਚ ਹਕੂਮਤ ਬਦਲੀ ਮੌਕੇ ਹਕੂਮਤੀ ਕੁਰਸੀ ਛੱਡ ਕੇ ਜਾ ਰਹੇ ਵਿਦੇਸ਼ ਮੰਤਰਾਲੇ ਚ ਅਫਗਾਨਿਸਤਾਨ ਮਾਮਲਿਆਂ ਦੇ ਇੰਚਾਰਜ ਰਹੇ ਉੱਚ ਅਧਿਕਾਰੀ  ਕਾਰਲ ਇੰਦਰ ਫਰਥ- ਦੇ ਹੇਠ ਲਿਖੇ ਸ਼ਬਦਾਂ ਚੋਂ ਹੁੰਦੀ ਹੈ :

                ‘‘ਬੁਸ਼ ਸਰਕਾਰ ਨੂੰ ਬਹੁਤ ਸਾਰੀਆਂ ਚਣੌਤੀਆਂ ਦਾ ਸਹਮਣਾ ਕਰਨਾ ਪੈਣਾ ਹੈ ਅਤੇ ਬਦਕਿਸਮਤੀ ਨਾਲ ਦਹਿਸ਼ਤਗਰਦੀ ਅਤੇ ਬਿਨ ਲਾਦੇਨ ਦੇ ਮਸਲੇ ਕਰਕੇ, ਅਫਗਾਨਿਸਤਾਨ ਵੀ ਉਨ੍ਹਾਂ ਚਣੌਤੀਆਂ ਵਿੱਚੋਂ ਇੱਕ ਹੋਵੇਗੀ... ਅਤੇ ਇਹਨਾਂ ਮਸਲਿਆਂ ਨੂੰ ਲੈ ਕੇ ਉੱਥੇ ਹਾਲਤ ਬਦਤਰ ਹੁੰਦੀ ਜਾ ਰਹੀ ਹੈ।’’ ਇਹ ਸ਼ਬਦ ਅਮਰੀਕੀ ਜੌੜੇ ਟਾਵਰਾਂ ਉੱਪਰ ਹੋਏ ਹਵਾਈ ਹਮਲਿਆਂ ਤੋਂ 8 ਮਹੀਨੇ ਪਹਿਲਾਂ ਬੋਲੇ ਗਏ ਸਨ ਜੋ ਅਫਗਾਨਿਸਤਾਨ ਚ ਦਹਿਸ਼ਤਗਰਦੀ ਦੀ ਵਿਗੜ ਰਹੀ ਅਵਸਥਾ ਨਾਲ ਸਿੱਝਣ ਦੇ ਅਮਰੀਕਨ ਸਰਕਾਰ ਦੇ ਸਰੋਕਾਰ ਵੱਲ ਇਸ਼ਾਰਾ ਕਰਦੇ ਹਨ।

                ਇਸ ਤੋਂ ਵੀ ਅੱਗੇ, 26 ਸਤੰਬਰ 2001 ਦੇ ਅੰਗਰੇਜੀ ਅਖਬਾਰ , ਗਾਰਡੀਅਨ ਨੇ ਇਸ ਗੱਲ ਦਾ ਇੰਕਸ਼ਾਫ ਕੀਤਾ ਹੈ ਕਿ 2001 ਦੀਆਂ ਗਰਮੀਆਂ ਵਿੱਚ, ਯਾਨੀ ਕਿ ਵਰਲਡ ਟਰੇਡ ਸੈਂਟਰ ਤੇ ਹਮਲੇ ਤੋਂ ਕਾਫੀ ਮਹੀਨੇ ਪਹਿਲਾਂ, ਅਫਗਾਨਿਸਤਾਨ ਨਾਲ ਪੂਰੀ-ਸੂਰੀ ਜੰਗ ਲੜਨ ਲਈ ਤਿਆਰੀਆਂ ਜੋਰ-ਸ਼ੋਰ ਨਾਲ ਜਾਰੀ ਸਨ ਅਤੇ ਪਰਦੇ ਪਿੱਛੇ ਚੱਲ ਰਹੀ ਗੱਲਬਾਤ (ਟਰੈਕ-2 ਚੈਨਲਾਂ ਰਾਹੀਂ ) ਦੇ ਜ਼ਰੀਏ ਤਾਲਿਬਾਨ ਹਕੂਮਤ ਨੂੰ ਵੀ ਇਸਦੀ ਚਿਤਾਵਨੀ ਦਿੱਤੀ ਗਈ ਸੀ :

                ਇਸ ਸਾਲ ਦੇ ਅਰੰਭਕ ਸਮਿਆਂ ਦੌਰਾਨ ਇਸ ਗੱਲ ਦੇ ਸੰਕੇਤ ਮਿਲ ਰਹੇ ਸਨ ਕਿ ਵਸ਼ਿੰਗਟਨ ਉੱਤਰ ਵਾਲੇ ਪਾਸਿਉਂ, ਜਿੱਥੇ ਕਿ ਰੂਸ ਤੋਂ ਪਰਵਾਹੀਆਂ ਹੋਈਆਂ ਸਾਬਕਾ ਸੋਵੀਅਤ ਸਰਕਾਰਾਂ ਹਨ, ਅਫਗਾਨਿਸਤਾਨ ਨੂੰ ਫੌਜੀ ਪੱਖ ਤੋਂ ਧਮਕਾਉਣ ਜਾ ਰਿਹਾ ਹੈ। ਅਮਰੀਕਾ ਦੇ ਸੁਰੱਖਿਆ ਮੰਤਰਾਲੇ ਦਾ ਇੱਕ ਅਧਿਕਾਰੀ ਡਾ. ਜੈਫਰੀ ਸਟਾਰ, ਜਨਵਰੀ ਚ ਤਜਾਕਿਸਤਾਨ ਜਾ ਕੇ ਆਇਆ ਹੈ। ਗਾਰਡੀਅਨ ਅਖਬਾਰ ਦੇ ਪੱਤਰਕਾਰ ਫੈਲਿਸਟੀ ਲਾਰੰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਰੇਂਜਰ ਕਿਰਗਿਸਤਾਨ ਚ ਵਿਸ਼ੇਸ਼ ਦਸਤਿਆਂ ਨੂੰ ਸਿਖਲਾਈ ਦੇ ਰਹੇ ਹਨ। ਅਪੁਸ਼ਟ ਸੂਚਨਾਵਾਂ ਅਨੁਸਾਰ, ਤਾਜਿਕ ਅਤੇ ਉਜ਼ਬੇਕੀ ਸੈਨਿਕਾਂ ਤੇ ਅਧਾਰਤ ਵਿਸ਼ੇਸ਼ ਦਸਤਿਆਂ ਨੂੰ ਅਲਾਸਕਾ ਅਤੇ ਮੋਨਟੈਨਾ ਚ ਸਿਖਲਾਈ ਦਿੱਤੀ ਜਾ ਰਹੀ ਹੈ। ਅਮਰੀਕਨ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਟੌਮੀ ਫਰੈਂਕਸ ਨੇ 16 ਮਈ ਨੂੰ ਦੁਸਾਂਬੇ ਦੇ ਆਪਣੇ ਦੌਰੇ ਦੌਰਾਨ ਬੁਸ਼ ਪ੍ਰਸਾਸ਼ਨ ਦਾ ਇਹ ਸੁਨੇਹਾ ਦਿੱਤਾ ਕਿ ‘‘ਅਮਰੀਕਾ ਤਜਾਕਿਸਤਾਨ ਨੂੰ ਆਪਣਾ ਇੱਕ ਅਹਿਮ ਯੁੱਧਨੀਤਕ ਸੰਗੀ ਦੇਸ਼ ਮੰਨਦਾ ਹੈ।’’ ਅਫਗਾਨਿਸਤਾਨ ਨੂੰ ਧਮਕਾਉਣ ਤੇ ਲੋੜ ਪੈਣ ਤੇ ਸਬਕ ਸਿਖਾਉਣ ਦੀਆਂ ਇਹ ਤਿਆਰੀਆਂ ਉਨਾਂ ਵੇਲਿਆਂ ਚ ਚੱਲ ਰਹੀਆਂ ਸਨ ਜਦ ਵਰਲਡ ਟਰੇਡ ਸੈਂਟਰ ਤੇ ਹਮਲੇ ਦਾ ਕੋਈ ਨਾਂ-ਥੇਹ ਵੀ ਨਹੀਂ ਸੀ।

                ਗਾਰਡੀਅਨ ਅਖਬਾਰ ਅਨੁਸਾਰ, ‘‘ਭਰੋਸੇਯੋਗ ਪੱਛਮੀ ਸੈਨਿਕ ਸੂਤਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਖਤਮ ਹੁੰਦੇ ਸਾਰ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਹਮਲਾ ਕਰਨ ਦੀ ਯੋਜਨਾ ਦਸਤਾਵੇਜਾਂ ਚ ਮੌਜੂਦ ਹੈ। ਇਹ ਹਮਲਾ ਉੱਤਰ ਵਾਲੇ ਪਾਸਿਓਂ ਕੀਤਾ ਜਾਣਾ ਹੈ। 8 ਜੁਲਾਈ ਤੱਕ ਅਫਗਾਨ ਵਿਰੋਧੀ ਧਿਰ, ਪਾਕਿਸਤਾਨੀ ਡਿਪਲੋਮੈਟ ਅਤੇ ਬਰਤਾਨਵੀ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਅਫਗਾਨਿਸਤਾਨ ਦੀ ਹਾਲਤ ਤੇ ਗੈਰ-ਰਸਮੀ ਨਿੱਜੀ ਚਰਚਾ ਲਈ, ਯੂ. ਐਨ. ਦੀ ਛੱਤਰਛਾਇਆ ਹੇਠ, ਵੈਸਟਰਨ ਪਾਰਕ ਚ ਇਕੱਠੇ ਹੋਣ ਜਾ ਰਹੇ ਹਨ।’’

                ਇਉਂ ਹੀ ਟਰੈਕ-2 ਡਿਪਲੋਮੇਸੀ ਦੇ ਚੈਨਲ ਰਾਹੀਂ ਹੀ ਜੁਲਾਈ 2001 ’ਚ (ਯਾਨੀ ਕਿ ਵਰਲਡ ਟਰੇਡ ਸੈਂਟਰ ਦੀ ਉਸ ਘਟਨਾ ਤੋਂ 2 ਮਹੀਨੇ ਪਹਿਲਾਂ, ਜਿਸ ਨੂੰ ਅਮਰੀਕੀ ਹਮਲੇ ਦਾ ਕਾਰਨ ਦੱਸਿਆ ਜਾ ਰਿਹਾ ਹੈ) ਬਰਲਿਨ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਅਮਰੀਕਾ (ਇੰਦਰਪਰਥ, ਟੌਮ ਸਾਇਮਨਜ, ਜੋ ਕਿ ਪਾਕਿਸਤਾਨ ਚ ਅਮਰੀਕੀ ਸਫੀਰ ਰਹਿ ਚੁੱਕਾ ਸੀ ਅਤੇ ਲੀ ਕੋਲਡਰਨ, ਜੋ ਵਿਦੇਸ਼ ਵਿਭਾਗ ਚ ਅਫਗਾਨਿਸਤਾਨ ਦੇ ਮਾਮਲਿਆਂ ਨੂੰ ਨਜਿੱਠਦਾ ਸੀ), ਰੂਸ, ਪਾਕਿਸਤਾਨ ਤੇ ਇਰਾਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆਪਾਕਿਸਾਤਾਨੀ ਸਫਾਰਤੀ ਅਧਿਕਾਰੀ ਨਿਆਜ਼ ਨਾਇਕ ਅਨੁਸਾਰ :

                ‘‘ਅਮਰੀਕਨ ਅਧਿਕਾਰੀਆਂ ਨੇ ਸਾਨੂੰ ਇਹ ਸੰਕੇਤ ਦੇ ਦਿੱਤਾ ਕਿ ਜੇ ਅਫਗਾਨਿਸਤਾਨ ਬੰਦੇ ਦਾ ਪੁੱਤ ਨਹੀਂ ਬਣਦਾ, ਤੇ ਜੇ ਪਾਕਿਸਤਾਨ ਅਫਗਾਨ ਸਰਕਾਰ ਨੂੰ ਸਮਝਾਉਣ ਚ ਸਾਡੀ ਮਦਦ ਨਹੀਂ ਕਰਦਾ ਤਾਂ ਫਿਰ ਅਮਰੀਕਾ ਕੋਲ ਅਫਗਾਨਿਸਤਾਨ ਵਿਰੁੱਧ ਖੁੱਲ੍ਹਮ-ਖੁਲ੍ਹਾ ਕਾਰਵਾਈ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹੇਗਾ। ਮੈਂ ਇਹ ਗੱਲ ਪਾਕਿਸਤਾਨ ਸਰਕਾਰ ਨੂੰ ਦੱਸ ਦਿੱਤੀ ਤੇ ਉਸਨੇ ਅੱਗਿਉਂ ਸਾਡੇ ਵਿਦੇਸ਼ ਮੰਤਰਾਲੇ ਰਾਹੀਂ ਅਤੇ ਪਾਕਿਸਤਾਨ ਚ ਤਾਲਿਬਾਨ ਸਫੀਰ ਰਾਹੀਂ ਤਾਲਿਬਾਨੀ ਸਰਕਾਰ ਨੂੰ ਸੂਚਿਤ ਕਰ ਦਿੱਤਾ।’’ ਜਦੋਂ ਨਿਆਜ਼ ਨਾਇਕ ਨੇ ਪੁੱਛਿਆ ਕਿ ਅਮਰੀਕਾ ਨੂੰ ਇੰਨਾਂ ਭਰੋਸਾ ਕਿਉਂ ਹੈ ਕਿ ਉਨ੍ਹਾਂ ਦਾ ਹਮਲਾ ਸਫਲ ਰਹੇਗਾ ਤਾਂ ਸਾਈਮਨਜ਼ ਦਾ ਜੁਆਬ ਸੀ ਕਿ ਇਸ ਵਾਰ ਉਹਨਾਂ ਕੋਲ ਲੋੜੀਂਦੀ ਸੂਹੀਆ ਜਾਣਕਾਰੀ ਹੈ ਤੇ ਉਹਨਾਂ ਦਾ ‘‘ਪੱਕਾ ਵਿਸ਼ਵਾਸ਼ ਹੈ ਕਿ ਇਸ ਵਾਰ ਲਾਦੇਨ ਤੇ ਉਹਨਾਂ ਦਾ ਨਿਸ਼ਾਨਾ ਚੁੱਕੇਗਾ ਨਹੀਂ। ਇਹ ਹਵਾਈ ਮਾਰਗ ਰਾਹੀਂ ਕੀਤੀ ਕਾਰਵਾਈ ਹੋਵੇਗੀ, ਸੰਭਵ ਹੈ ਕਿ ਹੈਲੀਕਾਪਟਰ ਗੰਨ ਰਾਹੀਂ ਕੀਤੀ ਜਾਵੇ। ਇਹ ਨਾ-ਸਿਰਫ ਖੁੱਲ੍ਹੇਆਮ ਕੀਤੀ ਕਾਰਵਾਈ ਹੋਵੇਗੀ, ਸਗੋਂ ਅਫਗਾਨਿਸਤਾਨ ਦੇ ਬਹੁਤ ਲਾਗਲੇ ਟਿਕਾਣੇ ਤੋਂ ਹੀ ਕੀਤੀ ਜਾਵੇਗੀ।’’ ਇਸ ਤੇ ਗਾਰਡੀਅਨ ਨੇ ਆਪਣੀ ਟਿੱਪਣੀ ਕਰਦਿਆਂ ਲਿਖਿਆ, ‘‘ਇਸ ਪ੍ਰਾਈਵੇਟ ਵਾਰਨਿੰਗ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਗੱਲ ਇਹ ਹੈ ਕਿ, ਉੱਥੇ ਪ੍ਰਤੱਖ ਦਰਸ਼ੀਆਂ ਚੋਂ ਇੱਕ ਪਾਕਿਸਤਾਨੀ ਅਧਿਕਾਰੀ ਨਿਆਜ਼ ਨਾਇਕ ਅਨੁਸਾਰ ਇਹ ਕਾਰਵਾਈ ਦੀ ਉਸ ਵਿਆਖਿਆ ਨਾਲ ਆਈ ਕਿ ਉਸ ਕੰਮ ਚ ਹੁਣ ਬੁਸ਼ ਸਰਕਾਰ ਕਿਵੇਂ ਸਫਲ ਹੋਵੇਗੀ, ਜਿਸ ਚ ਕਲਿੰਟਨ ਪ੍ਰਸਾਸ਼ਨ ਅਸਫਲ ਰਿਹਾ ਸੀ। ਵਸ਼ਿੰਗਟਨ ਚ ਘਾਗ ਹੁਣ ਰੂਸੀ ਸੈਨਿਕਾਂ ਦੀ ਮਿਲੀ ਭੁਗਤ ਅਤੇ ਉਜ਼ਬੇਕਿਸਤਾਨ ਤੇ ਤਜਾਕਿਸਤਾਨ ਜਿਹੀਆਂ ਥਾਵਾਂ, ਜਿੱਥੇ ਕਿ ਅਮਰੀਕਨ ਫੌਜੀ ਸਲਾਹਕਾਰ ਪਹਿਲਾਂ ਹੀ ਡੇਰੇ ਲਾਈ ਬੈਠੇ ਹਨ, ਉੱਤੇ ਮੌਜੂਦ ਫੌਜੀ ਤਾਣੇ-ਬਾਣੇ ਉੱਪਰ ਟੇਕ ਰੱਖ ਸਕਦੇ ਹਨ।’’ ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਅਮਰੀਕੀ ਸਾਮਰਾਜੀ ਜਦ ਲਾਦੇਨ ਵਿਰੁੱਧ ਫੌਜੀ ਕਾਰਵਾਈ ਦੀ ਗੱਲ ਕਰਦੇ ਹਨ ਤਾਂ ਹਕੀਕਤ ਚ ਇਹ ਇੱਕ ਵਿਅਕਤੀ-ਵਿਸ਼ੇਸ ਵਿਰੁੱਧ ਕਾਰਵਾਈ ਤੱਕ ਸੀਮਤ ਕਾਰਵਾਈ ਦੀ ਗੱਲ ਨਹੀਂ, ਇਹ ਸਬੰਧਤ ਮੁਲਕਾਂ ਦੀ ਪ੍ਰਭੂਸਤਾ ਨੂੰ ਲਿਤਾੜਨ, ਜਨਤਕ ਕਤਲੇਆਮ ਕਰਨ ਅਤੇ ਸਮੁੱਚਾ ਅਰਥਚਾਰਾ ਤਬਾਹ ਕਰਨ ਦੀ ਹੀ ਕਾਰਵਾਈ ਹੁੰਦੀ ਹੈ। ਅਫਗਾਨਿਸਤਾਨ ਚ ਬਿਨ ਲਾਦੇਨ, ਇਰਾਕ ਚ ਸੱਦਾਮ ਹੁਸੈਨ, ਲੀਬੀਆ ਚ ਕਰਨਲ ਮੀਆਂਮਾਰ ਗੱਦਾਫੀ ਤੇ ਸੀਰੀਆ ਚ ਬਸ਼ਰ ਅਲ- ਅਸਦ ਆਦਿਕ ਜਿਹੇ ਵਿਅਕਤੀਆਂ ਨੂੰ ਸਜਾ ਦੇਣ ਦੇ ਬਹਾਨੇ ਅਮਰੀਕੀ ਸਾਮਰਾਜੀਆਂ ਵੱਲੋਂ ਜਿਵੇਂ ਉੱਥੇ ਆਮ ਵਸੋਂ ਦਾ ਕਤਲੇਆਮ ਰਚਾਇਆ ਗਿਆ ਹੈ ਅਤੇ ਪੂਰੇ ਦੇ ਪੂਰੇ ਮੁਲਕਾਂ ਚ ਵਿਆਪਕ ਤਬਾਹੀ ਕੀਤੀ ਗਈ ਹੈ, ਉਹ ਸਭ ਦੇ ਸਾਹਮਣੇ ਹੈ ਤੇ ਸਾਮਰਾਜੀ ਦੰਭੀ ਕੂੜ-ਪ੍ਰਚਾਰ ਤੇ ਰਤਾ ਭਰ ਵੀ ਵਿਸ਼ਵਾਸ਼ ਕਰਨ ਦੀ ਇਜਾਜ਼ਤ ਨਹੀਂ ਦਿੰਦੀ।

                ਤੇ ਆਖਰ ਚ ਰਾਸ਼ਟਰਪਤੀ ਬੁਸ਼ ਦੇ ਅਮਰੀਕਾ ਉੱਤੇ ਹੋਏ ਜਹਾਦੀ ਹਮਲੇ ਤੋਂ ਬਾਅਦ ਦਹਿਸ਼ਤਗਰਦੀ ਵਿਰੁੱਧ ਲੜਾਈ ਦੇ ਅਮੁੱਕ ਸਿਲਸਿਲੇ ਦੇ ਐਲਾਨ ਬਾਰੇ ਸੁਣੋ:

                ‘‘ਦੁਨੀਆਂ ਅੰਦਰ 60 ਦੇਸ਼ਾਂ ਚ ਫੈਲੇ ਹੋਏ ਹਜਾਰਾਂ ਦੀ ਗਿਣਤੀ ਚ ਦਹਿਸ਼ਤਗਰਦ ਮੌਜੂਦ ਹਨ। ...ਦਹਿਸ਼ਤਗਰਦੀ ਵਿਰੁੱਧ ਸਾਡੀ ਜੰਗ ਅਲਕਾਇਦਾ ਵਿਰੁੱਧ ਲੜਾਈ ਨਾਲ ਆਰੰਭ ਹੋ ਰਹੀ ਹੈ ਪਰ ਇਹ ਇਸ ਨਾਲ ਮੁੱਕੇਗੀ ਨਹੀਂ। ਇਹ ਓਨਾ ਚਿਰ ਨਹੀਂ ਮੁੱਕੇਗੀ ਜਿੰਨਾਂ ਚਿਰ ਵਿਸ਼ਵ-ਵਿਆਪੀ ਮਾਰ ਕਰਨ ਵਾਲਾ ਇਕੱਲਾ ਇਕੱਲਾ ਗਰੁੱਪ ਲੱਭ ਨਹੀਂ ਲਿਆ ਜਾਂਦਾ, ਉਸਦੀਆਂ ਕਾਰਵਾਈਆਂ ਠੱਪ ਨਹੀਂ ਕਰ ਦਿੱਤੀਆਂ ਜਾਂਦੀਆਂ ਤੇ ਉਸਨੂੰ ਪਛਾੜ ਨਹੀਂ ਦਿੱਤਾ ਜਾਂਦਾ।

                ਇਸ ਦਹਿਸ਼ਤਗਰਦੀ ਵਿਰੁੱਧ ਸਾਡਾ ਪ੍ਰਤੀਕਰਮ ਟੁੱਟਵੀਆਂ ਹਮਲਾ ਕਾਰਵਾਈਆਂ ਜਾਂ ਫੌਰੀ ਬਦਲੇ ਦੀਆਂ ਕਾਰਵਾਈਆਂ ਦੀਆਂ ਹੱਦਾਂ ਤੋਂ ਕਿਤੇ ਪਾਰ ਜਾਣ ਵਾਲਾ ਹੈ। ਅਮਰੀਕਣ ਲੋਕਾਂ ਨੂੰ ਸਿਰਫ ਇੱਕ ਲੜਾਈ ਦੀ ਹੀ ਆਸ ਨਹੀਂ ਰੱਖਣੀ ਚਾਹੀਦੀ, ਸਗੋਂ ਇੱਕ ਅਜਿਹੀ ਲੰਮੀਂ ਮੁਹਿੰਮ ਬਾਰੇ ਸੋਚਣਾ ਚਾਹੀਦਾ ਹੈ ਜਿਹੋ ਜਿਹੀ ਮੁਹਿੰਮ ਅਸੀਂ ਪਹਿਲਾਂ ਕਦੇ ਨਹੀਂ ਦੇਖੀ। ਇਸ ਅੰਦਰ ਟੀ ਵੀ ਸਕਰੀਨ ਤੇ ਵੇਖੀਆਂ ਜਾ ਸਕਣ ਵਾਲੀਆਂ ਨਾਟਕੀ ਹਮਲੇ ਦੀਆਂ ਕਾਰਵਾਈਆਂ ਵੀ ਹੋਣਗੀਆਂ ਅਤੇ ਅਦਿੱਖ ਕਾਰਵਾਈਆਂ ਵੀ ਹੋਣਗੀਆਂ ਜਿੰਨ੍ਹਾਂ ਦੇ ਸਿੱਟੇ ਵੀ ਗੁਪਤ ਹੀ ਹੋਣਗੇ।’’ ਤੇ ਅਮਰੀਕੀ ਸਾਮਰਾਜੀਆਂ ਦੀ ਇਹ ਲੰਮੀਂ ਮੁਹਿੰਮ ਅਫਗਾਨਿਸਤਾਨ ਤੋਂ ਮਗਰੋਂ ਇਰਾਕ, ਲਿਬੀਆ, ਸੀਰੀਆ ਵਰਗੇ ਮੁਲਕਾਂ ਤੱਕ ਜਾਂਦੀ ਹੋਈ ਅਜੇ ਵੀ ਜਾਰੀ ਹੈ।

                ਦਹਿਸ਼ਤਗਰਦੀ ਵਿਰੁੱਧ ਇਸ ਲੰਮੀਂ ਤੇ ਅਮੁੱਕ ਲੜਾਈ ਦੇ ਅਮਰੀਕਨ ਸਾਮਰਾਜੀਆਂ ਦੇ ਗੁਮਰਾਹਕੁੰਨ ਦਾਅਵਿਆਂ ਦੇ ਬੁਣੇ ਸ਼ਬਦਜਾਲ ਬਾਰੇ ਕਿਸੇ ਭਰਮ-ਭੁਲੇਖੇ ਚ ਪੈਣ ਦਾ ਉੱਕਾ ਹੀ ਅਧਾਰ ਨਹੀਂ। ਇਸੇ ਅਫਗਾਨਿਸਤਾਨ ਚ ਜਿਸ ਅਲ-ਕਾਇਦਾ ਅਤੇ ਤਾਲਿਬਾਨੀ ਦਹਿਸ਼ਤਗਰਦੀ ਵਿਰੁੱਧ ਲੜਾਈ ਦੀਆਂ ਉਹ ਡੀਂਗਾਂ ਮਾਰ ਰਹੇ ਹਨ, ਉਸ ਨੂੰ ਸਾਰੇ ਜੱਗ ਦੇ ਸਾਹਮਣੇ ਹੱਲਾ-ਸ਼ੇਰੀ ਦੇਣ, ਪਾਲਣ-ਪੋਸਣ ਤੇ ਹਥਿਆਰਬੰਦ ਕਰਨ ਦੇ ਸਭ ਤੋਂ ਵੱਡੇ ਮੁਜ਼ਰਮ ਉਹ ਆਪ ਹਨ। ਦਹਿਸ਼ਤਗਰਦੀ ਅਤੇ ਜੰਗ ਅਮਰੀਕਨ ਸਾਮਰਾਜੀਆਂ ਦੇ ਚਹੇਤੇ ਹਥਿਆਰ ਹਨ ਜਿੰਨ੍ਹਾਂ ਦੀ ਵਰਤੋਂ ਉਹ ਆਪਣੇ ਸਾਮਰਾਜੀ ਹਿੱਤਾਂ ਦੀ ਪੂਰਤੀ ਲਈ ਕਰਦੇ ਆ  ਰਹੇ ਹਨ ਤੇ ਕਰਦੇ ਰਹਿਣਗੇ। ਦੁਨੀਆਂ ਭਰ ਅੰਦਰ ਆਪਣਾ ਗਲਬਾ ਜਮਾਉਣ, ਵਧਾਉਣ ਜਾਂ ਕਾਇਮ ਰੱਖਣ ਤੇ ਆਪਣੇ ਵਿਰੋਧੀ ਜਾਂ ਨਾਬਰ ਸਕਤੀਆਂ ਨੂੰ ਨਕੇਲ ਪਾਉਣ, ਦਬਾਉਣ ਜਾਂ ਕੁਚਲਣ ਲਈ ਉਹ ਕਦੇ ਨਿਊਕਲੀਅਰ ਹਥਿਆਰਾਂ ਦਾ ਪਸਾਰ ਰੋਕਣ,ਕਦੇ ਜਨਤਕ ਤਬਾਹੀ ਦੇ ਹਥਿਆਰਾਂ ਦੇ ਖਾਤਮੇ ਤੇ ਕਦੇ ‘‘ਦਹਿਸ਼ਤਵਾਦ ਵਿਰੁੱਧ ਲੜਾਈ’’, ਕਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਆਦਿਕ ਨਾਹਰਿਆਂ ਦੇ ਹੇਠ ਲੋਕਾਂ ਨੂੰ ਗੁਮਰਾਹ ਕਰਨ ਅਤੇ ਆਪਣੇ ਸਾਮਰਾਜੀ ਹਿੱਤ ਸਾਧਣ ਦੀਆਂ ਸਾਜਸ਼ਾਂ ਰਚਦੇ ਰਹਿੰਦੇ ਹਨ। ਦਹਿਸ਼ਤਵਾਦ ਵਿਰੁੱਧ ਲੜਾਈ ਦਾ ਇਹ ਨਾਅਰਾ ਆਪਣੇ ਕਿਸੇ ਵੀ ਵਿਰੋਧੀ ਤੇ ਦਹਿਸ਼ਤਗਰਦੀ ਦੇ ਹਮਾਇਤੀ ਹੋਣ ਦਾ ਠੱਪਾ ਲਾ ਕੇ ਉਸ ਵਿਰੁੱਧ ਹਮਲਾਵਾਰ ਮਨਮਾਨੀਆਂ ਕਾਰਵਾਈਆਂ ਕਰਨ ਦਾ ਅਮਰੀਕਨ ਸਾਮਰਾਜੀਆਂ ਵੱਲੋਂ ਖੁਦ ਨੂੰ ਦਿੱਤਾ ਲਾਇਸੰਸ ਹੈ। ਪਹਿਲਾਂ ਵੀ, ਦਹਿਸ਼ਤਗਰਦੀ ਵਿਰੁੱਧ ਕਾਰਵਾਈ ਕਰਨ ਦੇ ਨਾਂ ਹੇਠ ਅਫਗਾਨਿਸਤਾਨ ਚ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਵਫਾਦਾਰ ਸਰਕਾਰ ਕਾਇਮ ਕਰਨ ਲਈ ਯਤਨ ਜਾਰੀ ਸਨ। ਅਮਰੀਕਾ ਉੱਪਰ ਦਹਿਸ਼ਤੀ ਹਮਲੇ ਨੇ ਨਾ ਸਿਰਫ ਅਫਗਾਨਿਸਤਾਨ ਚ ਸਗੋਂ ਖਾੜੀ ਤੇ ਮੱਧ-ਪੂਰਬ ਦੇ ਕਈ ਦੇਸ਼ਾਂ ਚ ਅਮਰੀਕਨ ਸਾਮਰਾਜ ਤੋਂ ਨਾਬਰ ਜਾਂ ਉਸਦੇ ਵਿਰੁੱਧ ਹੀਲ-ਹੁੱਜਤ ਕਰਨ ਵਾਲੀਆਂ ਕਈ ਸਰਕਾਰਾਂ ਨੂੰ ਉਲਟਾਇਆ ਅਤੇ ਸਬਕ ਸਿਖਾਇਆ ਗਿਆ ਹੈ।

   ਤਾਲਿਬਾਨ ਦੇ ਰੋਲ ਦਾ ਸਵਾਲ

                ਅਫਗਾਨਿਸਤਾਨ ਚੋਂ ਅਮਰੀਕਾ ਦੀ ਹਾਰ ਮਗਰੋਂ ਦੇ ਸਮੁੱਚੇ ਘਟਨਾਕ੍ਰਮ ਨੂੰ ਸਾਮਰਾਜੀ ਮੀਡੀਏ ਤੇ ਉਸ ਦੇ ਨਵ-ਬਸਤੀਵਾਦੀ ਰਾਜਾਂ ਦੇ ਮੀਡੀਏ ਨੇ ਇਉਂ ਪੇਸ਼ ਕੀਤਾ ਹੈ ਜਿਵੇਂ ਅਫਗਾਨਿਸਤਾਨ ਅੰਦਰ ਕੋਈ ਬਹੁਤ ਨਾਂਹ-ਪੱਖੀ ਤਬਦੀਲੀ ਵਾਪਰ ਗਈ ਹੈ ਜਿਵੇਂ ਕਿਤੇ ਇੱਕ ਜਮਹੂਰੀ ਲੋਕਰਾਜ ਨੂੰ ਉਲਟਾਇਆ ਗਿਆ ਹੈ। ਸਾਮਰਾਜੀ ਪ੍ਰਚਾਰ ਤੰਤਰ ਦੇ ਧੂੰਆਂਧਾਰ ਪ੍ਰਚਾਰ ਦੀ ਲਪੇਟ ਚ ਆ ਕੇ ਕਈ ਅਗਾਂਹਵਧੂ ਜਮਹੂਰੀ ਹਲਕੇ ਵੀ ਇਸ ਘਟਨਾ ਵਿਕਾਸ ਦੀ ਚਰਚਾ ਔਰਤਾਂ ਤੇ ਜ਼ੁਲਮਾਂ ਦੇ ਫ਼ਿਕਰਾਂ ਦੇ ਹਵਾਲੇ ਨਾਲ ਇਉਂ ਕਰ ਰਹੇ ਹਨ ਜਿਵੇਂ 20 ਸਾਲਾਂ ਦੇ ਅਮਰੀਕੀ ਕਬਜ਼ੇ ਦੇ ਰਾਜ ਦੌਰਾਨ ਅਫ਼ਗਾਨਿਸਤਾਨ ਅੰਦਰ ਔਰਤਾਂ ਆਜਾਦੀ ਤੇ ਬਰਾਬਰੀ ਮਾਣਦੀਆਂ ਆ ਰਹੀਆਂ ਸਨ ਤੇ ਅਫ਼ਗਾਨੀ ਲੋਕ ਕਿਸੇ ਲੋਕ ਜਮਹੂਰੀ ਗਣਰਾਜ ਦੀਆਂ ਬਰਕਤਾਂ ਹੰਢਾਉਂਦੇ ਆ ਰਹੇ ਸਨ। ਸਾਮਰਾਜੀ ਪ੍ਰਚਾਰਤੰਤਰ ਹੈ ਜਿਹੜਾ ਇਸ ਹਕੀਕਤ ਨੂੰ ਦੁਨੀਆਂ ਦੇ ਲੋਕਾਂ ਤੋਂ ਲੁਕਾਉਣਾ ਚਾਹੁੰਦਾ ਹੈ ਕਿ ਅਫਗਾਨਿਸਤਾਨ ਦੀ ਧਰਤੀ ਤੇ ਦੋ ਦਹਾਕਿਆਂ ਤੋਂ ਅਮਰੀਕੀ ਸਾਮਰਾਜੀਆਂ ਨੇ ਫੌਜੀ ਕਬਜ਼ਾ ਜਮਾਇਆ ਹੋਇਆ ਸੀ ਤੇ ਅਫਗਾਨਿਸਤਾਨ ਦੀ ਧਰਤੀ ਦੇ ਚੱਪੇ ਚੱਪੇ ਤੇ ਬੈਠੀਆਂ  ਜਾਲਮ ਸਾਮਰਾਜੀ ਫੌਜਾਂ ਵੱਲੋਂ  ਅਫਗਾਨੀ ਲੋਕਾਂ ਤੇ ਅੰਤਾਂ ਦਾ ਕਹਿਰ ਢਾਹਿਆ ਜਾ ਰਿਹਾ ਸੀ। ਅਫ਼ਗਾਨਿਸਤਾਨ ਦੇ ਲੋਕ ਦੋ ਦਹਾਕਿਆਂ ਤੋਂ ਇਸ ਕਬਜ਼ੇ ਖਿਲਾਫ ਹੱਕੀ ਦੇਸ਼ ਭਗਤ ਜੰਗ ਲੜ ਰਹੇ ਸਨ। ਤੇ ਉਨ੍ਹਾਂ ਨੇ ਇਸ ਜੰਗ ਵਿੱਚ ਇੱਕ ਵਾਰ ਅਮਰੀਕਾ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਹੈ।

                ਸਾਮਰਾਜੀ ਪ੍ਰਚਾਰ ਸਾਧਨਾਂ ਵੱਲੋਂ ਪਾਈ ਜਾ ਰਹੀ ਬੂ-ਦੁਹਾਈ ਕਿ ਅਫਗਾਨਿਸਤਾਨ ਅੰਦਰ ਤਾਲਿਬਾਨ ਨੇ ਕਬਜਾ ਕਰ ਲਿਆ ਹੈ, ਇਸ ਘਟਨਾ ਵਿਕਾਸ ਦੀ ਗਲਤ ਪੇਸ਼ਕਾਰੀ ਹੈ। ਹਕੀਕਤ ਇਹ ਹੈ ਕਿ ਪਿਛਲੇ ਵੀਹ ਸਾਲਾਂ ਤੋਂ ਅਫਗਾਨਿਸਤਾਨ ਅੰਦਰ ਨਿਹੱਕੇ ਅਮਰੀਕੀ ਫ਼ੌਜੀ ਕਬਜ਼ੇ ਖ਼ਿਲਾਫ਼ ਅਫ਼ਗਾਨਿਸਤਾਨ ਦੇ ਲੋਕਾਂ ਦੀ ਦੇਸ਼ ਭਗਤ ਟਾਕਰਾ ਜੰਗ ਚੱਲ ਰਹੀ ਸੀ। ਲੋਕਾਂ ਦੀ ਇਸ ਟਾਕਰਾ ਜੰਗ ਵਿੱਚ ਵੱਖ ਵੱਖ ਵੰਨਗੀਆਂ ਦੀਆਂ ਸ਼ਕਤੀਆਂ ਸ਼ੁਮਾਰ ਸਨ। ਇਸ ਟਾਕਰਾ ਜੰਗ ਅੰਦਰ ਇਨਕਲਾਬੀ ਜਮਹੂਰੀ ਤੇ ਦੇਸ਼ ਭਗਤ ਤਾਕਤਾਂ ਤੋਂ ਲੈ ਕੇ ਧਾਰਮਕ ਮੂਲਵਾਦੀ ਕਿਰਦਾਰ ਵਾਲੀਆਂ ਕਈ ਵੰਨਗੀਆਂ ਦੀਆਂ ਸ਼ਕਤੀਆਂ ਸ਼ਾਮਲ ਸਨ। ਇਹ ਸ਼ਕਤੀਆਂ ਆਪਣੇ ਕਿਸੇ ਵੀ ਕਿਰਦਾਰ ਦੇ ਬਾਵਜੂਦ ਸਾਮਰਾਜ ਵਿਰੋਧੀ ਰੋਲ ਅਦਾ ਕਰ ਰਹੀਆਂ ਸਨ ਇਨਕਲਾਬੀ ਜਮਹੂਰੀ ਦੇਸ਼ ਭਗਤ ਤਾਕਤਾਂ ਤੋਂ ਲੈ ਕੇ ਧਾਰਮਿਕ ਮੂਲਵਾਦੀ ਪੈਂਤੜੇ ਵਾਲੀਆਂ ਕਈ ਵੰਨਗੀਆਂ ਦੀਆਂ ਸ਼ਕਤੀਆਂ ਸ਼ਾਮਲ ਸਨ ਤੇ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਦੀ ਹਮਾਇਤ ਦੀਆਂ ਹੱਕਦਾਰ ਬਣੀਆਂ ਹੋਈਆਂ ਸਨ। ਧਾਰਮਿਕ ਮੂਲਵਾਦੀ ਪੈਂਤੜੇ ਵਾਲੀਆਂ ਤਾਲਿਬਾਨ ਵਰਗੀਆਂ ਸ਼ਕਤੀਆਂ ਵੱਲੋਂ ਇਸ ਸਾਮਰਾਜੀ ਹਮਲੇ ਤੇ ਕਬਜ਼ੇ ਖ਼ਿਲਾਫ਼ ਲਿਆ ਹੋਇਆ ਟਾਕਰੇ ਦਾ ਪੈਂਤੜਾ ਇਨ੍ਹਾਂ ਨੂੰ ਦੁਨੀਆਂ ਭਰ ਦੇ ਸਾਮਰਾਜ ਵਿਰੋਧੀ ਲੋਕਾਂ ਦੇ ਕੈਂਪ ਚ ਖੜ੍ਹਾ ਕਰਦਾ ਸੀ। 

                ਤਾਲਿਬਾਨ ਵਰਗੀ ਕਿਸੇ ਧਾਰਮਕ ਬੁਨਿਆਦ-ਪ੍ਰਸਤ ਸ਼ਕਤੀ ਨੂੰ ਲੋਕਾਂ ਦੇ ਕੈਂਪ ਚ ਰੱਖ ਕੇ ਨਜਿੱਠਣ ਦਾ ਆਧਾਰ ਇਹ ਪਹੁੰਚ ਬਣਦੀ ਹੈ ਕਿ ਕਿਸੇ ਵੀ ਪਿਛਾਖੜੀ ਰਾਜ ਜਾਂ ਜਥੇਬੰਦੀ ਦੇ ਕਿਰਦਾਰ ਨੂੰ ਤੇ ਵਿਸ਼ੇਸ਼ ਹਾਲਤਾਂ ਵਿੱਚ ਉਸ ਵੱਲੋਂ ਅਦਾ ਕੀਤੇ ਜਾ ਰਹੇ ਸਿਆਸੀ ਰੋਲ ਨੂੰ ਨਿਖੇੜ ਕੇ ਦੇਖਿਆ ਜਾਣਾ ਚਾਹੀਦਾ ਹੈ । ਜਦੋਂ ਅਜਿਹੀ ਕੋਈ ਵੀ ਸ਼ਕਤੀ ਸਾਮਰਾਜੀ ਹਮਲੇ ਜਾਂ ਕਬਜ਼ੇ ਖ਼ਿਲਾਫ਼ ਲੋਕਾਂ ਦੀ ਧਿਰ ਦੀ ਤਰਫੋਂ ਖੜ੍ਹ ਕੇ ਭਿੜਦੀ ਹੈ ਤਾਂ ਉਹ ਲੋਕਾਂ ਦੇ ਸਾਮਰਾਜ ਵਿਰੋਧੀ ਕੈਂਪ ’ਚ ਹੀ ਗਿਣੀ ਜਾਂਦੀ ਹੈ। ਅਫਗਾਨਿਸਤਾਨ ਤੇ ਅਮਰੀਕੀ ਸਾਮਰਾਜੀਆਂ ਵੱਲੋਂ ਕੀਤਾ ਗਿਆ ਹਮਲਾ ਪਿਛਾਖੜੀ ਸਮਾਜੀ ਸਿਆਸੀ ਕਿਰਦਾਰ ਕਰਕੇ ਨਹੀਂ ਕੀਤਾ ਗਿਆ ਸੀ ਸਗੋਂ ਇਹ ਤਾਂ ਅਫਗਾਨਿਸਤਾਨ ਦੀ ਧਰਤੀ ’ਤੇ ਸਾਮਰਾਜੀ ਚੌਧਰ ਜਮਾਉਣ ਖਾਤਰ ਕੀਤਾ ਗਿਆ ਸੀ। ਇਸ ਖਿਲਾਫ ਅਫਗਾਨਿਸਤਾਨ ਦੇ ਲੋਕਾਂ ਦਾ ਟਾਕਰਾ ਇਸ ਸਾਮਰਾਜੀ ਹਮਲੇ ਨੂੰ ਚੁਣੌਤੀ ਬਣਦਾ ਸੀ। ਇਹ ਦੋ ਟਕਰਾਵੇਂ ਹਿੱਤ ਹੀ ਇਸ ਜੰਗ ਦੇ ਕਿਰਦਾਰ ਤੇ ਸੁਭਾਅ ਨੂੰ ਤੈਅ ਕਰ ਰਹੇ ਸਨ ਤੇ ਇਉਂ ਇਸੇ ਅਨੁਸਾਰ ਹੀ ਤਾਕਤਾਂ ਦੇ ਰੋਲ ਨੂੰ ਪਰਖਣ ਲਈ ਆਧਾਰ ਬਣ ਰਹੇ ਸਨ। ਇਸੇ ਪਹੁੰਚ ਦੇ ਅਧਾਰ ਤੇ ਹੀ ਦੁਨੀਆਂ ਭਰ ਅੰਦਰ ਸਾਮਰਾਜੀ ਹੱਲੇ ਖ਼ਿਲਾਫ਼ ਪੁਜੀਸ਼ਨ ਲੈਣ ਵਾਲੇ ਪਿਛਾਖੜੀ ਸ਼ਾਸਕਾਂ ਦਾ ਰੋਲ ਉਨਾਂ ਦੇ ਕਿਰਦਾਰ ਨਾਲੋਂ ਨਿਖੇੜ ਕੇ ਦੇਖਿਆ ਜਾਣਾ ਚਾਹੀਦਾ ਹੈ।

                ਅਫਗਾਨਿਸਤਾਨ ਅੰਦਰ ਅਮਰੀਕਾ ਨੇ ਤਾਲਿਬਾਨ ਨੂੰ ਆਪਣੇ ਮੁਲਕ ਦੀ ਪ੍ਰਭੂਸੱਤਾ ਛੱਡ ਕੇ ਸਾਮਰਾਜੀ ਅਧੀਨਗੀ ਪ੍ਰਵਾਨ ਕਰਨ ਲਈ ਦਬਾਅ ਪਾਇਆ ਸੀ ਪਰ ਤਾਲਿਬਾਨ ਨੇ ਸੰਸਾਰ ਦੀ ਮਹਾਂਸ਼ਕਤੀ ਸਾਹਮਣੇ ਝੁਕਣ ਦੀ ਥਾਂ ਟਾਕਰਾ ਕਰਨ ਦਾ ਰਾਹ ਚੁਣਿਆ ਤੇ ਲਗਾਤਾਰ ਵੀਹ ਵਰ੍ਹੇ ਇਸ ਖਿਲਾਫ ਜੂਝੇ ਤੇ ਹੱਕੀ ਜੰਗ ਵਿਚ ਲੋਕਾਂ ਦੇ ਕੈਂਪ ਵਿੱਚ ਸ਼ੁਮਾਰ ਰਹੇ।ਇਸ ਹੱਕੀ ਲੋਕ ਟਾਕਰੇ ਨੇ ਆਖਰ ਨੂੰ ਅਮਰੀਕੀ ਸਾਮਰਾਜੀਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਇਸ ਲਈ ਸੰਸਾਰ ਭਰ ਅੰਦਰ ਸਾਮਰਾਜੀਆਂ ਤੇ ਲੋਕਾਂ ਵਿਚਲੀ ਵੱਡੀ ਵਿਰੋਧਤਾਈ ਦੇ ਪ੍ਰਸੰਗ ਅੰਦਰ ਇਹ ਲੋਕਾਂ ਲਈ ਉਤਸ਼ਾਹਜਨਕ ਤੇ ਹੌਸਲਾ ਵਧਾਊ ਘਟਨਾ ਵਿਕਾਸ ਹੈ। ਇੱਕ ਅਤਿ ਗ਼ਰੀਬ ਤੇ ਪਛੜੇ ਮੁਲਕ ਦੇ ਲੋਕਾਂ ਨੇ ਇੱਕ ਸਾਮਰਾਜੀ ਧਾੜਵੀ ਤਾਕਤ ਨੂੰ ਆਪਣੀ ਧਰਤੀ ਤੋਂ ਭਜਾਉਣ ਵਿੱਚ ਇੱਕ ਵਾਰ ਸਫਲਤਾ ਹਾਸਲ ਕਰ ਲਈ ਹੈ ਅਤੇ ਆਪਣੇ ਦੇਸ਼ ਦੇ ਨਾਲ ਸਬੰਧਤ ਫੈਸਲੇ ਲੈਣ ਦੇ ਆਪਣੇ ਬੁਨਿਆਦੀ ਜਮਹੂਰੀ ਹੱਕ ਨੂੰ ਸਾਮਰਾਜੀ ਤਾਕਤ ਤੋਂ ਖੋਹਿਆ ਹੈ। ਇਉਂ ਇਹ ਅਫ਼ਗਾਨਿਸਤਾਨ ਦੇ ਲੋਕਾਂ ਦੀ ਸਾਂਝੀ ਜਿੱਤ ਹੈ ਅਤੇ ਸਾਮਰਾਜੀ ਮਹਾਂਸ਼ਕਤੀ ਦੀ ਕਰਾਰੀ ਹਾਰ ਹੈ।

                ਅਗਲਾ ਸੁਆਲ ਇਹ ਹੈ ਕਿ ਇਸ ਟਾਕਰੇ ਦੀ ਜਿੱਤ ਦੇ ਫਲ ਲੋਕ ਕਿਵੇਂ ਮਾਣ ਸਕਦੇ ਹਨ ਪਰ ਇਹ ਮਸਲਾ ਵੀ ਅਫ਼ਗਾਨਿਸਤਾਨ ਦੇ ਲੋਕਾਂ ਦਾ ਮਸਲਾ ਹੈ ਇਸ ਨੂੰ ਤੈਅ ਕਰਨ ਦਾ ਅਧਿਕਾਰ ਕਿਸੇ ਬਾਹਰੀ ਸ਼ਕਤੀ ਨੂੰ ਨਹੀਂ ਹੋ ਸਕਦਾ ਕਿ ਅਫਗਾਨਿਸਤਾਨ ਦੇ ਲੋਕ ਕਿਹੋ ਜਿਹਾ ਰਾਜ ਭਾਗ ਬਣਾਉਣ ਤੇ ਉਸ ਨੂੰ ਕਿਵੇਂ ਚਲਾਉਣ। ਇਹ ਅਫ਼ਗਾਨਿਸਤਾਨ ਦੇ ਲੋਕਾਂ ਸਾਹਮਣੇ ਅਗਲਾ ਕਾਰਜ ਹੈ ਕਿ ਉਹ ਹਰ ਤਰ੍ਹਾਂ ਦੇ ਸਾਮਰਾਜੀ ਦਾਬੇ ਤੇ ਗ਼ੁਲਾਮੀ ਤੋਂ ਮੁਕਤੀ ਲਈ ਖਰਾ ਲੋਕ ਜਮਹੂਰੀ ਨਿਜ਼ਾਮ ਕਾਇਮ ਕਰਨ ਖਾਤਰ ਜੂਝਣ। ਜਿਸ ਰਾਜ ਵਿੱਚ ਔਰਤਾਂ ਸਮੇਤ ਹਰ ਦਬਾਏ ਹੋਏ ਤਬਕੇ ਨੂੰ ਆਜ਼ਾਦੀ ਤੇ ਬਰਾਬਰੀ ਦਾ ਹੱਕ ਮਿਲੇ। ਅਜਿਹਾ ਰਾਜ ਤੇ ਸਮਾਜ ਉਸਾਰਨ ਵੱਲ ਅੱਗੇ ਵਧ ਕੇ ਹੀ ਅਫ਼ਗਾਨਿਸਤਾਨ ਦੇ ਲੋਕ ਇਸ ਹੱਕੀ ਜੰਗ ਚ ਅਮਰੀਕੀ ਹਾਰ ਦੇ ਫਲ ਹਾਸਲ ਕਰ ਸਕਣਗੇ। ਇਸ ਰਾਹ ਤੇ ਅੱਗੇ ਵਧਦਿਆਂ ਕਿਸੇ ਵੀ ਧਾਰਮਿਕ ਮੂਲਵਾਦੀ ਜਾਂ ਪਿਛਾਖੜੀ ਤਾਕਤਾਂ ਨਾਲ ਸਿੱਝਣਾ ਵੀ ਅਫਗਾਨੀ ਲੋਕਾਂ ਦਾ ਕਾਰਜ ਹੈ ਤੇ ਦੁਨੀਆਂ ਭਰ ਦੇ ਕਿਰਤੀ ਲੋਕ ਉਨਾਂ ਦੇ ਇਸ ਕਾਰਜ ਦੀ ਹਮਾਇਤ ਕਰਦੇ ਹਨ।ਅਮਰੀਕੀ ਸਾਮਰਾਜ ਨੂੰ ਸਿੱਧੇ ਫ਼ੌਜੀ ਕਬਜ਼ੇ ਚ ਹਰਾ ਦੇਣ ਮਗਰੋਂ ਇਹ ਅਫਗਾਨੀ ਲੋਕਾਂ ਦਾ ਅਗਲਾ ਸਫਰ ਬਣਦਾ ਹੈ ਜੋ ਉਨਾਂ ਨੇ ਖ਼ੁਦ ਤੈਅ ਕਰਨਾ ਹੈ।

                ਜਿੱਥੋਂ ਤੱਕ ਤਾਲਿਬਾਨ ਦੇ ਰਾਜ ਦੇ ਕਿਰਦਾਰ ਤੇ ਰੋਲ ਨੂੰ ਅੰਗਣ-ਜੋਖਣ ਦਾ ਸਵਾਲ ਹੈ ਇਹਦੀ ਖਾਤਰ ਅਮਰੀਕੀ ਸਾਮਰਾਜੀਆਂ ਜਾਂ ਦੂਸਰੀਆਂ ਸਾਮਰਾਜੀ ਤਾਕਤਾਂ ਨਾਲ ਰਾਜ ਵੱਲੋਂ ਅਖਤਿਆਰ ਕੀਤੀ ਜਾਣ ਵਾਲੀ ਪਹੁੰਚ ਇੱਕ ਅਹਿਮ ਹਵਾਲਾ ਨੁਕਤਾ ਬਣੇਗੀ। ਬਿਨਾ ਸ਼ੱਕ ਤਾਲਿਬਾਨ ਇੱਕ ਧਾਰਮਿਕ ਮੂਲਵਾਦੀ ਸ਼ਕਤੀ ਹੈ ਤੇ ਉਸ ਦਾ ਰਾਜ ਪ੍ਰਬੰਧ ਧਰਮ ਆਧਾਰਤ ਪਿਛਾਖੜੀ ਰਾਜ ਪ੍ਰਬੰਧ ਹੀ ਬਣੇਗਾ ਪਰ ਜਿੱਥੋਂ ਤੱਕ ਸੰਸਾਰ ਸਾਮਰਾਜੀ ਪ੍ਰਬੰਧ ਅੰਦਰ ਇਸ ਦੇ ਰੋਲ ਦਾ ਸਵਾਲ ਹੈ ਇਹ ਇਸ ਰਾਜ ਵੱਲੋਂ ਸਾਮਰਾਜੀ ਮਹਾਂਸ਼ਕਤੀ ਜਾਂ ਹੋਰਨਾਂ ਸਾਮਰਾਜੀ ਸ਼ਕਤੀਆਂ ਦੀ ਅਧੀਨਗੀ ਪ੍ਰਵਾਨ ਕਰਨ ਜਾਂ ਨਾਬਰੀ ਦੇ ਰਾਹ ਤੇ ਚੱਲਣ ਨਾਲ ਜੁੜਿਆ ਹੋਇਆ ਹੈ। ਲੋਕਾਂ ਦੇ ਕੈਂਪ ਦੀਆਂ ਟਾਕਰਾ ਸ਼ਕਤੀਆਂ ’ਚ ਸ਼ੁਮਾਰ ਰਹੀ ਤਾਲਿਬਾਨ ਵੱਲੋਂ ਰਾਜ ਸੱਤਾ ਤੇ ਕਾਬਜ਼ ਹੋ ਜਾਣ ਮਗਰੋਂ ਅਫਗਾਨਿਸਤਾਨ ਦੇ ਲੋਕਾਂ ਤੇ ਤਾਲਿਬਾਨ ਦਾ ਆਪਸੀ ਰਿਸ਼ਤਾ ਵੀ ਬਦਲ ਜਾਵੇਗਾ ਤੇ ਇਹ ਮੁੜ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਵੇਗਾ। ਪਰ ਇਸ ਰਿਸ਼ਤੇ ਤੇ ਸਾਮਰਾਜੀ ਦਖ਼ਲ ਅੰਦਾਜ਼ੀ ਦਾ ਪੱਖ ਡੂੰਘੀ ਤਰ੍ਹਾਂ ਅਸਰਅੰਦਾਜ਼ ਹੋਵੇਗਾ।