Thursday, June 10, 2021

ਕਿਸਾਨ ਮੋਰਚਾ : 26 ਜਨਵਰੀ ਨਾਲ ਜੁੜੇ ਸੁਆਲ

 

ਕਿਸਾਨ ਮੋਰਚਾ : 26 ਜਨਵਰੀ ਨਾਲ ਜੁੜੇ ਸੁਆਲ    

ਮਾਰਚ ਦੇ ਪਹਿਲੇ ਹਫਤੇ ਸੁਰਖ ਲੀਹ ਦੇ ਮੁੱਖ ਸੰਪਾਦਕ ਜਸਪਾਲ ਜੱਸੀ ਵੱਲੋੋ ਦਿੱਲੀ ਕਿਸਾਨ ਮੋਰਚੇ ਤੋਂ ਸੰਘਰਸ਼ ਦੇ ਵੱਖ ਵੱਖ ਪੱਖਾਂ ਬਾਰੇ ਟਿੱਪਣੀਆਂ ਕਰਦੀਆਂ ਵੀਡੀਓਜ ਦੀ ਇਕ ਲੜੀ ਜਾਰੀ ਕੀਤੀ ਗਈ ਸੀ। ਅਸੀ ਉਹਨਾਂ ਨੂੰ ਏਥੇ ਲਿਖਤੀ ਰੂਪ ਚ ਵੀ ਪੇਸ਼ ਕਰ ਰਹੇ ਹਾਂ।

                ਮੈਂ ਦਿੱਲੀ ਕਿਸਾਨ ਮੋਰਚੇ ਤੋਂ ਇਸ ਅੰਦੋਲਨ ਦੇ ਹਮਦਰਦਾਂ ਤੇ ਹਿਤੈਸ਼ੀਆਂ ਨੂੰ ਸੰਬੋਧਤ ਹੋ ਰਿਹਾ ਹਾਂ। ਬਹੁਤ ਸਾਰੇ ਪਾਠਕਾਂ ਵੱਲੋਂ ਕਿਸਾਨ ਮੋਰਚੇ ਸਬੰਧੀ ਪ੍ਰਸ਼ਨ ਉਠਾਏ ਜਾ ਰਹੈ ਨੇ। ਇਹਦੀ ਹੋਣੀ ਬਾਰੇ, ਇਹਦੇ ਭਵਿੱਖ ਬਾਰੇ, ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਵਾਰੋ ਵਾਰੀ ਉਹਨਾਂ ਸੁਆਲਾਂ ਨੂੰ ਸੰਬੋਧਤ ਹੋਇਆ ਜਾ ਸਕੇ। ਇਸ ਵੇਲੇ ਸਭ ਤੋਂ ਵੱਡਾ ਪ੍ਰਸ਼ਨ ਜਿਹੜਾ ਇਸ ਸੰਘਰਸ਼ ਦੇ ਹਮਾਇਤੀਆ, ਹਿਤੈਸ਼ੀਆਂ ਵੱਲੋਂ ਉਠਾਇਆ ਜਾ ਰਿਹੈ, ਉਹ 26 ਜਨਵਰੀ ਦੀਆਂ ਘਟਨਾਵਾਂ ਨਾਲ ਸਬੰਧਤ ਹੈ ਤੇ ਇਨਾਂ ਘਟਨਾਵਾਂ ਦੇ ਹੁਣ ਤੱਕ ਕਿਸਾਨ ਮੋਰਚੇ ਦੇ ਕਦਮ ਵਧਾਰੇ ਦੀ ਚਾਲ-ਢਾਲ ਤੇ ਪੈ ਰਹੇ ਅਸਰਾਂ ਨਾਲ ਸਬੰਧਤ ਹੈ। ਇਹ ਦਅਵਾ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਉਣ ਵਾਲੀਆਂ ਸ਼ਕਤੀਆਂ, ਉਨਾਂ ਨਾਲ ਜੁੜੇ ਕੁੱਝ ਮਹੱਤਵਪੂਰਨ ਵਿਅਕਤੀਆਂ ਦਾ ਕਿਸਾਨ ਅੰਦੋਲਨ ਨਾਲ ਰਿਸ਼ਤਾ ਕੀ ਹੈ? ਕੀ ਉਹ ਇਸ ਕਿਸਾਨ ਅੰਦੋਲਨ ਦਾ ਹਿੱਸਾ ਨੇ? ਕਿਉਂਕਿ, ਪਿਛਲੇ ਕੁੱਝ ਸਮੇਂ ਤੋਂ ਇਹ ਦਾਅਵਾ ਬਹੁਤ ਜੋਰ-ਸ਼ੋਰ ਨਾਲ ਹੋ ਰਿਹੈ ਕਿ ਉਹ ਹਿੱਸੇ ਕਿਸਾਨ ਸੰਘਰਸ਼ ਦਾ ਹਿੱਸਾ ਬਣ ਕੇ ਚੱਲਣਾ ਚਾਹੁੰਦੇ ਨੇ। ਜੋ ਕਿਸਾਨ ਮੋਰਚੇ ਦੀ ਲੀਡਰਸ਼ਿਪ ਫੈਸਲੇ ਕਰਦੀ ਹੈ ਉਹਨਾਂ ਤੇ ਫੁੱਲ ਚੜਾਉਣਾ ਚਾਹੁੰਦੇ ਨੇ। ਇਹਦੇ ਵਿੱਚ ਸਾਥ ਦੇਣਾ ਚਾਹੁੰਦੇ ਨੇ। ਇਸ ਕਰਕੇ ਉਨਾਂ ਨੂੰ ਮੋਰਚੇ ਦਾ ਹਿੱਸਾ ਸਮਝ ਕੇ ਉਨਾਂ ਨਾਲ ਵਿਹਾਰ ਕੀਤਾ ਜਾਵੇ। ਉਨਾਂ ਦੇ ਇਸ ਦਾਅਵੇ ਕਰਕੇ ਲੋਕਾਂ ਦੇ ਕੁੱਝ ਹਿੱਸੇ ਚ ਘਚੋਲੇ ਦੀ ਸਥਿਤੀ ਪੈਦਾ ਹੁੰਦੀ ਹੈ। ਮੋਰਚਾ ਜਿਸ ਮੋੜ ਤੇ ਹੈ ਇਸ ਸੁਆਲ ਨੂੰ ਬਹੁਤ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ।

                ਜੋ 26 ਜਨਵਰੀ ਨੂੰ ਲਾਲ ਕਿਲੇ ਤੇ ਵਾਪਰਿਆ, ਕੀ ਉਹ ਆਪਮੁਹਾਰੇ ਤੌਰ ਤੇ ਵਾਪਰਿਆ? ਕੀ ਉਹ ਕਿਸੇ ਵਕਤੀ ਉਬਾਲ ਦੇ ਤੌਰ ਤੇ ਵਾਪਰਿਆ ਜਾਂ ਕਿਸੇ ਯੋਜਨਾਬੰਦ ਵਿਉਤਬੰਦੀ ਦੇ ਸਿੱਟੇ ਵਜੋਂ ਵਾਪਰਿਆ? ਉਸ ਯੋਜਨਾਬੰਦ ਵਿਉਤਬੰਦੀ ਦਾ ਕਿਸਾਨ ਅੰਦੋਲਨ ਨਾਲ, ਇਸ ਕਿਸਾਨ ਅੰਦੋਲਨ ਦੇ ਏਜੰਡੇ ਨਾਲ ਕੀ ਰਿਸ਼ਤਾ ਸੀ? ਤੇ ਉਨਾਂ ਅਨਸਰਾਂ ਦੀਆਂ ਅੱਜ ਦੀਆਂ ਸਰਗਰਮੀਆਂ ਦਾ ਵੀ ਇਸ ਅੰਦੋਲਨ ਨਾਲ ਰਿਸ਼ਤਾ ਕੀ ਹੈ।

                ਲਾਲ ਕਿਲੇ ਤੇ ਝੰਡਾ ਲਹਿਰਾਉਣ ਦੀ ਕਾਰਵਾਈ ਕਿਸੇ ਤਰਾਂ ਵੀ ਸੁਤੇ-ਸਿਧ ਕਾਰਵਾਈ ਨਹੀਂ ਸੀ। ਜਿਹੜੇ ਹਿੱਸੇ ਇਸ ਕਾਰਵਾਈ ਦੇ ਮੋਹਰੀ ਬਣੇ ਉਨਾਂ ਦੇ ਐਲਾਨ ਬਹੁਤ ਦੇਰ ਪਹਿਲਾਂ ਆਏ, ਉਨਾਂ ਦੇ ਇਰਾਦੇ ਬਹੁਤ ਦੇਰ ਪਹਿਲਾਂ ਪ੍ਰਸਤਤ ਹੋਏ, ਇਹ ਅਨਾਊਂਸਮੈਂਟਾਂ ਸ਼ੰਭੂ ਬੈਰੀਅਰ ਤੋਂ ਹੋਈਆਂ ਕਿ ਜੇ ਮਸਲਾ ਐਮਐਸਪੀ ਦੇ ਭਾਅਵਾਂ ਦਾ ਹੀ ਹੈ, ਜੇ ਮਸਲਾ ਸਿਰਫ਼ ਕਾਨੂੰਨਾਂ ਦਾ ਹੀ ਹੈ ਤਾਂ ਮੈਂ ਤਾਂ ਕਦਾਚਿੱਤ ਇਸ ਅੰਦੋਲਨ ਵਿੱਚ ਨਹੀਂ ਸੀ ਆਉਣਾ।ਮਸਲਾ ਹੋਂਦ ਦਾ ਹੈ, ਹੋਂਦ ਦੇ ਸੁਆਲ ਦਾ ਹੈ। ਹੋਂਦ ਕੀਹਦੀ ਦਾ ਸੁਆਲ ਹੈ? ਇਹਦਾ ਜੁਆਬ ਵੀ ਦਿੱਤਾ ਗਿਆ। ਸਿੱਖਾਂ ਦੀ ਹੋਂਦ ਦਾ ਸੁਆਲ ਹੈ, ਪੰਥ ਦੀ ਹੋਂਦ ਦਾ ਸੁਆਲ ਹੈ। ਏਹੋ ਜਿਹੀਆਂ ਆਵਾਜ਼ਾਂ ਰਾਹੀਂ ਉਹ ਸੁਆਲ ਜਿਹੜਾ ਹਿੰਦੁਸਤਾਨ ਦੇ ਸਭਨਾਂ ਕਿਸਾਨਾਂ ਦੀ ਹੋਂਦ ਦਾ ਸਵਾਲ ਹੈ, ਖਾਸ ਕਰਕੇ ਕਿਸਾਨਾਂ ਦੀਆਂ ਹੇਠਲੀਆਂ ਮਜ਼ਲੂਮ ਪਰਤਾਂ, ਥੋੜੀਆਂ ਜ਼ਮੀਨਾਂ ਵਾਲੇ ਕਿਸਾਨਾਂ ਦੀ ਹੋਂਦ ਦਾ ਸਵਾਲ ਹੈ ਉਸ ਸਵਾਲ ਨੂੰ ਇੱਕ ਫਿਰਕੇ, ਇੱਕ ਧਰਮ ਦੇ ਲੋਕਾਂ ਦੇ ਮੁੱਦੇ ਵਜੋਂ ਇਸ ਤਰਾਂ ਪੇਸ਼ ਕੀਤਾ ਗਿਆ ਜਿਵੇਂ ਇੱਕ ਫਿਰਕੇ ਦੀ ਧਾਰਮਿਕ ਹੋਂਦ ਦਾ ਸਵਾਲ ਇਸ ਵੇਲੇ ਦਾ ਸਭ ਤੋਂ ਵੱਡਾ ਸਵਾਲ ਹੈ ਤੇ ਇਹ ਲੜਾਈ ਇਸ ਗੱਲ ਤੇ ਕੇਂਦਰਤ ਹੋਣੀ ਚਾਹੀਦੀ ਹੈ, ਇਹਦੇ ਵਾਸਤੇ ਲੜੀ ਜਾਣੀ ਚਾਹੀਦੀ ਹੈ। ਜਦੋਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ ਉਸ ਤੋਂ ਮਗਰੋਂ ਵੀ ਇਹ ਐਲਾਨ ਖੁੱਲੇ ਤੌਰ ਤੇ ਹੋਇਆ ਕਿ ਅਸੀਂ ਆਪਣਾ ਮਕਸਦ ਸੰਕੇਤਕ ਤੌਰ ਤੇ ਪੂਰਾ ਕਰ ਲਿਆ ਹੈ। ਉਹ ਮਕਸਦ ਜਿਹੜਾ ਹੁਣ ਸੰਕੇਤਕ ਤੌਰ ਤੇ ਪੂਰਾ ਕੀਤਾ ਗਿਆ ਤੇ ਫੇਰ ਭਵਿੱਖ ਵਿੱਚ ਕਦੇ ਅਮਲੀ ਰੂਪ ਵਿੱਚ ਪੂਰਾ ਕੀਤਾ ਜਾਊਗਾ। ਉਹ ਮਕਸਦ ਕੀ ਹੈ?

                ਨਿਸ਼ਾਨ ਸਾਹਿਬ ਲਾਲ ਕਿਲੇ ਤੇ ਝੁਲਾ ਕੇ ਸੰਦੇਸ਼ ਇਹ ਦਿੱਤਾ ਗਿਆ ਕਿ ਮਸਲਾ ਭਾਰਤ ਦੇ ਅੰਦਰ ਕਿਸੇ ਨਾ ਕਿਸੇ ਹਿੱਸੇ ਚ ਧਾਰਮਿਕ ਨਾ-ਬਰਾਬਰੀ ਵਾਲਾ ਇੱਕ ਰਾਜ ਕਾਇਮ ਕਰਨਾ ਹੈ। ਇਹ ਨਿਸ਼ਾਨ ਸਾਹਿਬ ਗੁਰਦਵਾਰੇ ਵਿੱਚ ਝੁੱਲਦਾ ਸ਼ਰਧਾਲੂਆਂ ਨੂੰ ਚੰਗਾ ਲੱਗਦਾ, ਨਿਸ਼ਾਨ ਸਾਹਿਬ ਧਾਰਮਿਕ ਸਮਾਗਮਾਂ ਚ ਝੁੱਲਦਾ, ਨਿਸ਼ਾਨ ਸਾਹਿਬ ਘਰਾਂ ਤੇ ਝੁੱਲਦਾ ਇਹਦੇ ਰਾਹੀਂ ਧਾਰਮਿਕ ਸ਼ਰਧਾਲੂਆਂ ਦੀ ਆਸਥਾ ਪ੍ਰਗਟ ਹੁੰਦੀ ਹੈ ਔਰ ਇਹ ਹਰ ਇੱਕ ਦਾ ਨਿੱਜੀ ਹੱਕ ਹੈ, ਆਪਣੇ ਇਸ਼ਟ ਨੂੰ ਧਿਆਉਣ ਦਾ, ਆਪਣੇ ਕਿਸੇ ਵੀ ਰੱਬ ਨੂੰ ਪੂਜਣ ਦਾ ਹਰ ਇੱਕ ਦਾ ਹੱਕ ਹੈ। ਪਰ ਜਦੋਂ ਇਹ ਜ਼ਿੱਦ ਕੀਤੀ ਜਾਂਦੀ ਹੈ ਜਾਂ ਇਹ ਦਾਅਵਾ ਜਤਾਇਆ ਜਾਂਦਾ ਹੈ, ਇਹਨੂੰ ਬਹੁਤ ਹੀ ਸਧਾਰਨ ਤੇ ਸੁਭਾਵਿਕ ਚੀਜ਼ ਬਣਾਕੇ ਪੇਸ਼ ਕੀਤਾ ਜਾਂਦਾ ਹੈ ਕਿ ਨਿਸ਼ਾਨ ਸਾਹਿਬ ਕਿਸੇ ਵੀ ਪਬਲਿਕ ਥਾਂ ਤੇ ਝੁਲਾਇਆ ਜਾ ਸਕਦਾ ਹੈ, ਮਿਸਾਲ ਵਜੋਂ ਜੇ ਅਸੀਂ ਇਹ ਕਹੀਏ ਕਿ ਸਕੂਲਾਂ ਵਿੱਚ ਨਿਸ਼ਾਨ ਸਾਹਿਬ ਝੁੱਲੂਗਾ, ਬੈਂਕਾਂ ਵਿੱਚ ਨਿਸ਼ਾਨ ਸਾਹਿਬ ਝੁੱਲੂਗਾ, ਰੇਲਵੇ ਸਟੇਸ਼ਨ ਤੇ ਨਿਸ਼ਾਨ ਸਾਹਿਬ ਝੁੱਲੂਗਾ, ਜਿਰੜੀਆਂ ਸਾਡੀਆਂ ਪੁਰਾਤਨ ਯਾਦਗਾਰੀ ਥਾਵਾਂ ਨੇ-ਕੋਈ ਜੱਲਿਆਂਵਾਲਾ ਬਾਗ ਐ, ਕੋਈ ਤਾਜਮਹੱਲ ਐ-ਉੱਥੇ ਨਿਸ਼ਾਨ ਸਾਹਿਬ ਝੁੱਲੂਗਾ। ਜੇ ਨਿਸ਼ਾਨ ਸਾਹਿਬ ਦੇ ਇਹ ਅਰਥ ਬਣਾ ਦਿੱਤੇ ਜਾਂਦੇ ਨੇ, ਇਹਦਾ ਮਤਲਬ ਇਹ ਹੈ, ਜਿਹੜੇ ਵੀ ਖਿੱਤੇ ਵਿੱਚ, ਜਿਹੜੇ ਵੀ ਦੇਸ਼ , ਜਿਹੜੇ ਵੀ ਥਾਂ ਤੇ ਹਾਲਤ ਇਹ ਬਣ ਜਾਂਦੀ ਹੈ ਉਹਦਾ ਮਤਲਬ ਇਹ ਹੈ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਇੱਕ ਨਾ-ਬਰਾਬਰੀ ਦੀ ਪੁਜੀਸ਼ਨ ਤੇ ਧੱਕ ਦਿੱਤਾ ਗਿਆ ਹੈ। ਉਨਾਂ ਨੂੰ ਕਿਸੇ ਧਰਮ ਦੀ ਚੌਧਰ ਦੇ ਅਧੀਨ ਕਰ ਦਿੱਤਾ ਗਿਆ ਹੈ। ਏਹੋ ਜਿਹੇ ਧਰਮ ਦੀ ਚੌਧਰ ਦਾ ਸੰਕੇਤ ਦੇਣਾ ਹੀ, ਜਿਹਨੂੰ ਉਹ ਕਹਿੰਦੇ ਨੇ ਸੰਕੇਤਕ ਤੌਰ ਤੇ ਝੁਲਾਇਆ ਹੈ ਇਹ ਇਹਨੂੰ ਬੇਪਰਦ ਹੀ ਕੀਤਾ ਹੈ, ਇਹੀ ਸੰਕੇਤ ਦਿੱਤਾ ਹੈ ਕਿ ਅਸੀਂ ਧਾਰਮਿਕ ਨਾ-ਬਰਾਬਰੀ ਵਾਲਾ ਕੋਈ ਨਾ ਕੋਈ  ਖਿੱਤਾ ਕਾਇਮ ਕਰਨਾ ਚਾਹੁੰਦੇ ਹਾਂ। ਲੇਕਿਨ ਇਹੋ ਜਿਹਾ ਖਿੱਤਾ ਕਾਇਮ ਕਰਨ ਵਿੱਚ ਹਿੱਤ ਕੀਹਦਾ ਹੈ? ਕੀ ਸਧਾਰਨ ਗਰੀਬ ਸਿੱਖ ਮਜ਼ਦੂਰਾਂ ਦਾ, ਸਿੱਖ ਕਿਸਾਨਾਂ ਦਾ, ਮੱਧ ਵਰਗ ਦੇ ਸਿੱਖ ਲੋਕਾਂ ਦਾ? ਇਹੋ ਜਿਹਾ ਖਿੱਤਾ ਕਾਇਮ ਕਰਨ ਚ ਉਨਾਂ ਦਾ ਕੋਈ ਹਿੱਤ ਹੈ? ਇਹ ਖਿੱਤਾ ਕੀਹਦੇ ਹਿੱਤ ਪੂਰੂਗਾ? ਸਭ ਤੋਂ ਵੱਧ ਇਹੋ ਜਿਹੇ ਅਕੀਦੇ, ਇਹੋ ਜਿਹੇ ਨਿਸ਼ਾਨੇ ਤੇ ਨਜ਼ਰਾਂ ਉਨਾਂ ਦੀਆਂ ਲੱਗੀਆਂ ਹੋਈਆਂ ਨੇ ਜਿਹੜੇ ਲੋਕ ਵੱਡੀਆਂ ਜਾਇਦਾਦਾਂ ਦੇ ਮਾਲਕ ਨੇ, ਜਿਹੜੇ ਲੋਕ ਪੰਜਾਬ ਸੂਬੇ ਦੇ ਰਿਆਸਤੀ ਵਸੀਲਿਆਂ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ, ਇਸ ਲੜਾਈ ਦਾ ਧਰਮ ਨੂੰ ਹਥਿਆਰ ਬਣਾਉਣਾ ਚਾਹੁੰਦੇ ਨੇ। ਜਿਹੜੇ ਆਪਣੇ ਕਾਰੋਬਾਰਾਂ ਲਈ ਸਿੱਖੀ ਦੇ ਨਾਂ ਤੇ ਵੱਡੀਆਂ ਸਹੂਲਤਾਂ ਲੈਣਾ ਚਾਹੁੰਦੇ ਨੇ,ਕਿਸੇ ਟਰਾਂਸਪੋਰਟ ਦਾ ਨਾਂ ਸਿੱਖੀ ਨਾਲ ਜੋੜ ਕੇ ਰੱਖ ਦਿਉ, ਸਿੱਖੀ ਦਾ ਅੰਗ ਹੋਣ ਦੇ ਦਾਅਵੇ ਦੇ ਸਿਰ ਤੇ ਕੋਈ ਵਪਾਰਕ ਸੰਸਥਾ ਕੋਈ ਗੁਰੂਆਂ ਦੇ ਨਾਂ ਤੇ ਖੋਲੋ ਉਨਾਂ ਲਈ ਸਪੈਸ਼ਲ ਸਹੂਲਤਾਂ ਦੀ ਮੰਗ ਕਰੋ ਤੇ ਸਪੈਸ਼ਲ ਸਹੂਲਤਾਂ ਮਾਣੋ। ਇਹੋ ਜਿਹੀਆਂ ਲੋੜਾਂ ਨੂੰ ਮੁਖਾਤਬ ਲੋਕ ਪੰਜਾਬ ਚ ਵੀ ਨੇ, ਇਹੋ ਜਿਹੀਆਂ ਲਾਲਸਾਵਾਂ ਪਾਲਣ ਵਾਲੀ ਅਮੀਰਸ਼ਾਹੀ ਬਾਹਰਲੇ ਦੇਸ਼ਾਂ ਚ ਵੀ ਵਸਦੀ ਹੈ।

                ਜਦੋਂ ਅਸੀਂ ਐਨ ਆਰ ਆਈਜ਼ ਦੀ ਗੱਲ ਕਰਦੇ ਹਾਂ, ਐਨ ਆਰ ਆਈ ਦੋ ਕਿਸਮ ਦੇ ਹਨ। ਇੱਕ ਜਿਨਾਂ ਦਾ ਆਪਣੇ ਦੇਸ਼ ਨਾਲ, ਆਪਣੇ ਪਿਛੋਕੜ ਕਰਕੇ ਪਿਆਰ ਹੈ, ਮਾਤ ਭੂਮੀ ਨਾਲ ਕੋਈ ਹਿੱਤ ਹੈ, ਆਪਣੇ ਪਰਿਵਾਰਾਂ ਨਾਲ ਜੁੜੇ ਹੋਏ ਨੇ, ਉਨਾਂ ਦੇ ਗੁਜ਼ਾਰੇ ਦਾ ਕੋਈ ਨਾ ਕੋਈ ਜੁੰਮਾਂ ਓਟਦੇ ਨੇ ਉਨਾਂ ਦੀ ਕੋਈ ਨਾ ਕੋਈ ਸਹਾਇਤਾ ਕਰਦੇ ਨੇ, ਆਪਣੀ ਦਸਾਂ ਨਹੁੰਆਂ ਦੀ ਕਮਾਈ ਬਾਹਰਲੇ ਮੁਲਕ ਚ ਰਹਿ ਕੇ ਕਰਦੇ ਨੇ ਤੇ ਇੱਥੇ ਆਪਣੇ ਪਰਿਵਾਰ, ਸਕੇ ਸਬੰਧੀਆਂ ਨੂੰ ਪਾਲਦੇ ਪੋਸਦੇ ਨੇ। ਇੱਕ ਐਨ ਆਰ ਆਈਜ਼ ਦੀ ਕਿਸਮ ਉਹ ਹੈ ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਵਿਦੇਸ਼ੀ ਹੋ ਚੁੱਕੇ ਨੇ। ਭਾਰਤੀ ਹੋਣ ਦਾ, ਪੰਜਾਬੀ ਹੋਣ ਦਾ ਉਹ ਲੋਕ ਸਿਰਫ਼ ਨਾਂ ਵਰਤਦੇ ਨੇ। ਅਜਿਹੇ ਲੋਕ ਹਿੰਦੁਸਤਾਨ ਵਿੱਚ ਵੀ ਨੇ, ਪੰਜਾਬ ਵਿੱਚ ਵੀ ਨੇ।

                ਨਾਵਾਂ ਦੀ ਗੱਲ ਆਉਦੀ ਹੈ ਸ਼ਿਵਰਾਜਪਾਲ ਹੈ, ਲਕਸ਼ਮੀ ਮਿੱਤਲ ਹੈ ਵੱਡੇ ਵੱਡੇ ਕਾਰੋਬਾਰੀਏ ਨੇ, ਹੁਣ ਵੀ ਅਸੀਂ ਦੇਖਦੇ ਹਾਂ ਕਿ ਦੇਸ਼ ਵਿੱਚੋਂ ਜਿਹੜੇ ਘਪਲੇ ਕਰਕੇ ਭੱਜਦੇ ਨੇ ਮੁੜਕੇ ਐਨ ਆਰ ਆਈਜ਼ ਦੇ ਤੌਰ ਤੇ ਬਾਹਰਲੇ ਦੇਸ਼ਾਂ ਚ ਸੈਟਲ ਹੁੰਦੇ ਨੇ ਜਾਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਨੇ।  ਇਹੋ ਜਿਹੇ ਪੰਜਾਬੀ ਲੋਕ ਵੀ ਨੇ ਵੱਡੇ ਵੱਡੇ ਕਾਰੋਬਾਰਾਂ ਵਾਲੇ ਉਨਾਂ ਸਭਨਾਂ ਦਾ ਮਕਸਦ ਇਹ ਹੈ ਕਿ ਧਰਮ ਦੇ ਅਧਾਰ ਤੇ ਸੂਬੇ ਬਣਾਉਣਾ, ਧਰਮ ਦੇ ਅਧਾਰ ਤੇ ਬਣੇ ਸੂਬੇ ਵਿੱਚ ਕੰਪਨੀਆਂ ਬਣਾ ਕੇ ਇੱਥੇ ਸਰਮਾਇਆ ਲਾਉਣਾ, ਇੱਥੋਂ ਦੇ ਕਿਰਤੀ ਕਾਮਿਆਂ ਦੀ ਲੁੱਟ ਕਰਨੀ ਤੇ ਅੰਨ੍ਵੇਂ ਮੁਨਾਫੇ ਕਮਾਉਣੇ । ਭਾਵੇਂ ਉਹ ਧਰਮ ਦੇ ਅਧਾਰ ਤੇ ਸਿੱਖ ਨੇ, ਭਾਵੇਂ ਉਹ ਇੱਥੋਂ ਗਏ ਹੋਏ ਨੇ, ਪਰ ਉਹ ਬਿਲਕੁਲ ਜਿਵੇਂ ਬਾਹਰਲੇ ਮੁਲਕਾਂ ਵਿੱਚ ਉਨਾਂ ਮੁਲਕਾਂ ਨਾਲ ਸਬੰਧਤ ਲੁਟੇਰੇ ਨੇ ਉਹ ਭਾਰਤ ਦੀ ਧਰਤੀ ਵਾਸਤੇ ਬਿਲਕੁਲ ਉਸੇ ਤਰਾਂ ਦੇ ਲੁਟੇਰੇ ਨੇ । ਇਹੋ ਜਿਹੇ ਏਜੰਡੇ ਲਿਆਉਣ ਚ ਜਾਂ ਇਹੋ ਜਿਹੀਆਂ ਚੀਜ਼ਾਂ ਨੂੰ ਉਭਾਰਨ ਚ ਉਨਾਂ ਲੋਕਾਂ ਦਾ ਹਿੱਤ ਹੈ। ਸਾਰੇ ਮੁਲਕ ਦੇ ਕਿਰਤੀ ਕਿਸਾਨਾਂ ਨੂੰ, ਖਾਸ ਕਰਕੇ ਪੰਜਾਬ ਦੀ ਸਿੱਖ ਜਨਤਾ ਨੂੰ ਇਸ ਮਨਸੂਬੇ ਦੀ ਪਛਾਣ ਕਰਨ ਦੀ ਲੋੜ ਹੈ ਤੇ ਜੇ ਅਸੀਂ ਕਹੀਏ, ਜਦੋਂ ਅਨੰਦਪੁਰ ਦੇ ਮਤੇ ਦੀ ਗੱਲ ਚਲਦੀ ਹੈ, ਅਨੰਦਪੁਰ ਦੇ ਮਤੇ ਦਾ ਵਿਸ਼ਾ ਵੀ ਇਹੋ ਹੀ ਹੈ ਉਹਦੇ ਵਿੱਚ ਰਾਜਾਂ ਦੇ ਵੱਧ ਅਧਿਕਾਰਾਂ ਦੀ ਵੀ ਗੱਲ ਕੀਤੀ ਹੋਈ ਹੈ, ਬੋਲੀ ਦੀ ਵੀ ਗੱਲ ਕੀਤੀ ਹੋਈ ਹੈ, ਗੱਲਾਂ ਬਹੁਤ ਸਾਰੀਆਂ ਕੀਤੀਆਂ ਹੋਈਆਂ ਨੇ ਪਰ ਕੇਂਦਰੀ ਗੱਲ ਕੀ ਐ, ਕੇਂਦਰੀ ਮੁੱਦਾ ਕੀ ਹੈ, ਇਜੋ ਜਿਹਾ ਸੂਬਾ ਹੈ, ਜਿੱਥੇ ਸਿੱਖਾਂ ਦੇ ਸਪੈਸ਼ਲ ਅਧਿਕਾਰ ਹੋਣ। ਇੱਕ ਡੇਢ ਕਿੱਲੇ ਵਾਲੇ ਦੇ ਸਪੈਸ਼ਲ ਅਧਿਕਾਰ ਨਹੀਂ ਕਹਿੰਦੇ, ਇਹ ਸਪੈਸ਼ਲ ਅਧਿਕਾਰ ਨੇ ਹਰਚਰਨ ਬਰਾੜ ਦੇ ਕੈਪਟਨ ਅਮਰਿੰਦਰ ਸਿੰਘ ਦੇ, ਉਹ ਸਪੈਸ਼ਲ ਅਧਿਕਾਰ ਨੇ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦੇ, ਵੱਡੇ ਘਰਾਣਿਆਂ ਦੇ ਵੱਡੇ ਵੱਡੇ ਕਾਰੋਬਾਰਾਂ ਦੇ ਵਿਸ਼ੇਸ਼ ਸਹੂਲਤਾਂ ਵਾਲੇ ਰਾਜ ਭਾਗ ਦੀ ਬਣਤਰ ਬਣਾਉਣਾ ਚਾਹੁੰਦੇ ਨੇ। ਸੋ ਏਸ ਮਕਸਦ ਵਾਲੇ ਲੋਕਾਂ ਨੇ ਕਿਸਾਨ ਲਹਿਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਐ, ਆਪਣਾ ਏਜੰਡਾ ਕਿਸਾਨਾਂ ਦੇ ਉੱਤੇ ਠੋਸਣ ਦੀ ਕੋਸ਼ਿਸ਼ ਕੀਤੀ ਐ ।

                 ਕਿਸਾਨਾਂ ਦੀ ਲਹਿਰ ਬੜੀ ਮਿਹਨਤ ਨਾਲ ਇਥੋਂ ਤੱਕ ਪਹੁੰਚੀ ਹੈ। 86-87ਦਾ ਦੌਰ ਸੀ, ਉਹ ਸਮਾਂ ਸੀ ਜਿਹਨੂੰ ਖਾਸ ਕਰਕੇ ਦਹਿਸ਼ਤਗਰਦੀ ਦਾ ਦੌਰ ਆਖਿਆ ਜਾਂਦਾ ਸੀ, ਉਹ ਦੌਰ ਬੜੀ ਮੁਸ਼ਕਿਲ ਨਾਲ ਸਰ ਕਰਕੇ ਕਿਸਾਨੀ ਨੇ ਆਪਣੀਆਂ ਮੰਗਾਂ ਦੀ ਲੜਾਈ ਨੂੰ ਬਹਾਲ ਕੀਤਾ ਹੈ। ਇੱਕ ਵੇਲੇ ਕਿਸਾਨਾਂ ਦੀ ਲਹਿਰ ਨੂੰ ਦੂਜੀਆਂ ਚੀਜ਼ਾਂ ਦੀ ਲਹਿਰ ਬਣਾ ਦਿੱਤਾ ਗਿਆ ਸੀ। ਉਹ ਸਮਾਂ ਪੰਜਾਬ ਦੇ ਲੋਕਾਂ ਨੇ ਦੇਖਿਐ ਜਦੋਂ ਅਨਾਊਂਸਮੈਂਟਾਂ ਹੁੰਦੀਆਂ ਸੀ, ਕਿਸਾਨਾਂ ਦੇ ਸਹਾਇਕ ਧੰਦਿਆਂ ਉੱਤੇ ਹਮਲੇ ਹੋਏ,ਧਰਮ ਦੇ ਨਾਂ ਉੱਤੇ ਹਮਲੇ ਹੋਏ ਤੁਸੀਂ ਮੱਛੀਆਂ ਨਹੀਂ ਪਾਲ ਸਕਦੇ, ਤੁਸੀਂ ਸੂਰ ਨਹੀਂ ਪਾਲ ਸਕਦੇ, ਤੁਸੀਂ ਪੋਲਟਰੀ ਫਾਰਮ ਨਹੀਂ ਚਲਾ ਸਕਦੇ। ਜੇ ਕਰੋਗੇ ਤਾਂ ਸਜ਼ਾ ਗੋਲੀ ਦੇ ਰੂਪ ਚ ਦਿੱਤੀ ਜਾਵੇਗੀ।ਪੰਜਾਬ ਦੇ ਕਿਸਾਨ ਕਿੱਤੇ ਤੇ ਐਡੇ ਵੱਡੇ ਹਮਲੇ ਦਾ ਸਾਹਮਣਾ ਕਰ ਚੁੱਕੇ ਨੇ, ਇਸ ਕਰਕੇ ਉਸ ਹਾਲਤ ਨੂੰ ਮੁੜਕੇ ਦੁਹਰਾਇਆ ਜਾਣਾ ਕੋਈ ਨਹੀਂ ਚਾਹੂਗਾ, ਕੋਈ ਖਰਾ ਕਿਸਾਨ ਹਿਤੈਸ਼ੀ, ਨਾ ਭਾਰਤ ਦੇ ਕਿਸਾਨਾਂ ਚੋਂ, ਨਾ ਪੰਜਾਬ ਦੇ ਕਿਸਾਨਾਂ ਚੋਂ ਚਾਹੂਗਾ  ਕਿ ਉਹੋ ਜਿਹੇ ਦਿਨ ਵਾਪਸ ਪਰਤ ਕੇ ਆਉਣ।

                ਸੋ ਉਹੋ ਜਿਹੇ ਏਜੰਡੇ ਦੇ ਤਹਿਤ ਉਹ ਕਾਰਵਾਈ ਹੋਈ ਐ ਕਿਸੇ ਵੀ ਤਰਕ ਤੇ ੳੱਤਰਨ ਵਾਲੀ ਕਾਰਵਾਈ ਨਹੀਂ ਹੈ। ਜਦੋਂ ਕੋਈ ਸ਼ਰਧਾਲੂ ਐ ਅਸੀਂ ਸ਼ਰਧਾਲੂ ਦੇ ਅਧਾਰ ਤੇ ਨਿਸ਼ਾਨ ਸਾਹਿਬ ਦੀ ਇੱਜਤ ਕਰੀਏ, ਗੁਰਦਵਾਰੇ ਚ ਉਹਦੀ ਇੱਜਤ ਕਰੀਏ, ਪਰ ਇਹ ਗੱਲ ਕਿਵੇਂ ਉਠਦੀ ਐ ਬਈ ਉਥੇ ਜਾਣੈ, ਉਪਰ ਚੜਨੈ, ਲਾਲ ਕਿਲੇ ਤੇ ਲਹਿਰਾਉਣਾ ਹੈ ਕਿਸੇ ਹੋਰ ਥਾਂ ਤੇ ਜਾ ਕੇ ਇਸ ਦੀ ਗੱਲ ਕਿਉ ਉਠਦੀ ਹੈ। ਸ਼ਰਧਾ ਇਸ ਗੱਲ ਦੀ ਮੰਗ ਨਹੀਂ ਕਰਦੀ , ਧਰਮ ਇਸ ਗੱਲ ਦੀ ਮੰਗ ਨਹੀਂ ਕਰਦਾ, ਆਸਥਾ ਇਸ ਗੱਲ ਦੀ ਮੰਗ ਨਹੀਂ ਕਰਦੀ । ਇਸ ਚੀਜ਼ ਦੀ ਮੰਗ ਜਦੋਂ ਤਸੀਂ ਆਪਣੀ ਸਪੈਸ਼ਲ ਚੌਧਰ ਦਾ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਚੀਜ਼ ਦੀ ਲੋੜ ਤਾਂ ਪੈਂਦੀ ਹੈ, ਇਹੀ ਸੁਨੇਹਾ ਉਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਸਨੇ ਡਰ ਪੈਦਾ ਕੀਤਾ ਹੈ। ਹਰਿਆਣੇ ਦੇ ਕਿਸਾਨਾਂ ਵਿੱਚ ਇਸਨੇ ਡਰ ਪੈਦਾ ਕੀਤਾ ਹੈ, ਯੂ ਪੀ ਦੇ ਕਿਸਾਨਾਂ ਵਿੱਚ ਇਸਨੇ ਡਰ ਪੈਦਾ ਕੀਤਾ ਹੈ। ਇਹਨੇ ਕਿਸਾਨ ਮੋਰਚੇ ਦੇ ਖੰਡਤ ਹੋ ਜਾਣ ਦਾ ਖਤਰਾ ਪੈਦਾ ਕੀਤਾ ਹੈ। ਵਧਾਈ ਦੀ ਹੱਕਦਾਰ ਹੈ ਕਿਸਾਨਾਂ ਦੀ ਲੀਡਰਸ਼ਿਪ ਜਿਹਨੇ ਮੌਕੇ ਨੂੰ ਸੰਭਾਲਿਆ, ਆਪਣੀ ਉਹ ਸਾਰੀ ਗੱਲ ਨੂੰ ਬਹਾਲ ਕੀਤਾ।

                ਹੁਣ ਵੀ ਜਦੋਂ ਇੱਕ ਚਲਾਕੀ ਭਰੀਆਂ ਕੁਛ ਗੱਲਾਂ ਆ ਰਹੀਆਂ ਨੇ, ਕੁੱਝ ਹਿੱਸੇ ਕਹਿ ਰਹੇ ਨੇ ਇੱਕ ਜਿਹੜਾ ਇਹਨਾਂ ਘਟਨਾਵਾਂ ਦੇ ਦੋ ਨਾਇਕ ਲਿਆ ਕੇ ਪੇਸ਼ ਕੀਤੇ ਗਏ ਨੇ ਇੱਕ ਵੱਲੋਂ ਕਿਹਾ ਗਿਐ, ਨਾਲੇ ਤਾਂ ਇਹ ਦਾਅਵਾ ਹੈ ਕਿ ਮੈਂ ਤਾਂ ਲਾਲ ਕਿਲੇ ਤੇ ਗਿਆ ਹੀ ਨਹੀਂ ਮੈਂ ਤਾਂ ਹੈ ਹੀ ਨਹੀਂ ਸੀ ਉਥੇਦੂਜੇ ਪਾਸੇ ਉਨਾਂ ਘਟਨਾਵਾਂ ਦੀ ਉਸਤਤ ਹੋ ਰਹੀ ਹੈ ਜਿਹਨੇ ਕੋਲ ਖੜ ਕੇ ਉਥੇ ਝੰਡਾ ਝੁਲਾਉਣ ਦਾ ਕੰਮ ਕਰਵਾਇਆ ਉਹਦੀਆਂ ਫੋਟੋਆਂ ਚੁੱਕੀ ਥਾਂ ਥਾਂ ਤੁਰੇ ਫਿਰਦੇ ਐ ਫਿਰ ਉਹ ਫੋਟੋਆਂ ਕਿਉਂ ਚੁੱਕੀ ਫਿਰਦੇ ਹੋ? ਤਸੀਂ ਇਸ ਗੱਲ ਦਾ ਖੰਡਨ ਕੀਤਾ? ਤੁਸੀਂ ਇਸ ਗੱਲ ਦੀ ਨਿਖੇਧੀ ਕੀਤੀ? ਤੁਸੀਂ ਉਹਦੇ ਨਾਲੋਂ ਨਿਖੇੜਾ ਕੀਤਾ? ਬਿਨਾਂ ਇਹੋ ਜਿਹੀ ਕੋਈ ਗੱਲ ਕੀਤਿਆਂ, ਕਹਿੰਦੇ ਅਸੀਂ ਤਾਂ ਕਿਸਾਨ ਸੰਘਰਸ਼ ਦਾ ਹਿੱਸਾ ਹੀ ਹਾਂ ਅਸੀਂ ਤਾਂ ਲੀਡਰਸ਼ਿਪ ਦੀ ਹਰ ਗੱਲ ਨੂੰ ਮੰਨਾਂਗੇ। ਪਹਿਲਾਂ ਤੁਸੀਂ ਸੰਘਰਸ਼ ਨੂੰ ਹੋਰ ਲੀਹਾਂ ਤੇ ਵਗਾਉਣ ਦੀ ਕੋਸ਼ਿਸ਼ ਕਰਦੇ ਹੋ ਸਾਰੀਆਂ ਗੱਲਾਂ ਦੀ ਉਲੰਘਣਾ ਕਰਦੇ ਹੋ, ਉਸ ਤੋਂ ਮਗਰੋਂ ਤੁਸੀਂ ਕਹਿੰਦੇ ਹੋ ਕਿ ਨਹੀਂ, ਅਸੀਂ ਤਾਂ ਕਿਸਾਨ ਸੰਘਰਸ਼ ਦਾ ਹਿੱਸਾ ਹੀ ਹਾਂਇਹਦੇ ਵਿੱਚ ਇਮਾਨਦਾਰੀ ਨਹੀਂ ਹੈ ਇਹਦੇ ਵਿੱਚ ਕਿਸ਼ੇ ਚੀਜ਼ ਦੀ ਆਸਥਾ, ਕਿਸੇ ਚੀਜ਼ ਦਾ ਕੋਈ ਵਿਸ਼ਵਾਸ, ਕੋਈ ਧਾਰਮਿਕ ਇਮਾਨ ਇਹਨਾਂ ਗੱਲਾਂ ਵਿੱਚ ਕੰਮ ਨਹੀਂ ਕਰਦਾ। ਇਹ ਆਪਣੀਆਂ ਗੱਲਾਂ ਤੇ ਪਰਦਾ ਪਾਉਣ ਦੀ ਕੋਸਿਸ਼ ਹੈ। ਧੋਖਾ ਦੇਣ ਦੀ ਕੋਸ਼ਿਸ਼ ਹੇ। ਸੋ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ। ਅਗਲੀ ਵਾਰ ਆਪਾਂ ਦੂਸਰੇ ਵਿਸ਼ੇ ਤੇ ਗੱਲ ਕਰਾਂਗੇ ਉਹ ਇਹ ਕਿ ਜਿਹੜਾ ਇਹ ਸੰਘਰਸ਼ ਹੈ ਇਹ ਜਿਹੜੀ ਗੱਲ ਪੇਸ਼ ਕੀਤੀ ਜਾ ਰਹੀ ਹੈ ਕਿ ਇੱਕ ਪਾਸੇ ਤਾਂ ਨੌਜਵਾਨ ਨੇ ਤੇ ਦੂਜੇ ਪਾਸੇ ਪੁਰਾਣੀ ਲੀਡਰਸ਼ਿਪ ਹੈ। ਕੀ ਸੱਚਮੁੱਚ ਹੀ ਇਉ ਹੈ? ਸੰਘਰਸ਼ ਦੇ ਵੇਰਵੇ ਜਾਹਰ ਕਰਦੇ ਨੇ ਕਿ ਨੌਜਵਾਨ ਕਿੱਥੇ ਵਿਚਰ ਰਹੇ ਨੇ। ਨੌਜਵਾਨ ਕਿੱਥੇ ਨੇ, ਨੌਜਵਾਨ ਕਿਸਾਨ ਜਥੇਬੰਦੀ ਦੀ ਬੁੱਕਲ ਚ ਨੇ, ਇਸਨੇ ਨੌਜਵਾਨਾਂ ਨੂੰ ਆਪਣੇ ਚ ਸਮੋਇਆ ਹੋਇਆ ਹੈ, ਜਿਹੜੇ ਕਿਸਾਨ ਸੰਘਰਸ਼ ਦੀ ਅਗਵਾਈ , ਸੰਘਰਸ਼ ਕਰ ਰਹੇ ਹਨ ਤੇ ਅੱਗੇ ਵਧ ਰਹੇ ਹਨ।

No comments:

Post a Comment