Wednesday, March 3, 2021

ਕਿਸਾਨ ਅੰਦੋਲਨ: ਗੱਲਬਾਤ ਤੇ ਸੰਘਰਸ਼ ਦਾ ਰਿਸ਼ਤਾ

 

ਕਿਸਾਨ ਅੰਦੋਲਨ: ਗੱਲਬਾਤ ਤੇ ਸੰਘਰਸ਼ ਦਾ ਰਿਸ਼ਤਾ

ਪੰਜਾਬ ਦਾ ਕਿਸਾਨ ਅੰਦੋਲਨ ਅਹਿਮ ਮੋੜ ਤੇ ਪੁੱਜ ਚੁੱਕਾ ਹੈਇਹ ਅਹਿਮ ਮੋੜ ਕੇਂਦਰ ਸਰਕਾਰ ਤੇ ਜੂਝਦੇ ਕਿਸਾਨਾਂ ਚ ਸ਼ੁਰੂ ਹੋਈ ਗੱਲਬਾਤ ਨਾਲ ਆਇਆ ਹੈ। ਕੇਂਦਰੀ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਅਗਲੀ ਹੋਣ ਦੀ ਸੰਭਾਵਨਾ ਹੈ। ਘੋਲ ਦੇ ਇਸ ਪੜਾਅ ਤੇ ਅੱਜ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਜ਼ਿਲਾ ਪੱਧਰਾਂ ਤੇ ਹਜਾਰਾਂ ਦੀ ਤਾਦਾਦ ਚ ਕੀਤੇ ਰੋਹ ਭਰਪੂਰ ਮੁਜ਼ਾਹਰੇ ਬਹੁਤ ਮਹੱਤਵਪੂਰਨ ਐਕਸ਼ਨ ਹੋ ਨਿਬੜੇ ਹਨ। ਇਸ ਐਕਸ਼ਨ ਦਾ ਮਹੱਤਵ ਗੱਲਬਾਤ ਤੇ ਸੰਘਰਸ਼ ਦੇ ਰਿਸ਼ਤੇ ਦੀ ਠੀਕ ਪਛਾਣ ਕਰ ਲੈਣ ਚ ਪਿਆ ਹੈ। ਅੱਜ ਦੇ ਇਸ ਐਕਸ਼ਨ ਰਾਹੀਂ ਦਹਿ ਹਜਾਰਾਂ ਕਿਸਾਨਾਂ ਨੇ ਸੜਕਾਂ ਤੇ ਉਤਰ ਕੇ ਮੋਦੀ ਹਕੂਮਤ ਨੂੰ ਸੁਣਵਾਈ ਕੀਤੀ ਕਿ ਉਹ ਹਕੂਮਤ ਨਾਲ ਆਪਣੇ ਰਿਸ਼ਤੇ ਬਾਰੇ ਕਿਸੇ ਭਰਮ ਦਾ ਸ਼ਿਕਾਰ ਹੋ ਕੇ ਗੱਲਬਾਤ ਦੀ ਮੇਜ਼ ਤੇ ਨਹੀਂ ਬੈਠੇ ਸਗੋਂ ਇਹ ਉਨਾਂ ਦਾ ਚਾਰ ਮਹੀਨਿਆਂ ਦਾ ਸੰਘਰਸ਼ ਹੈ ਜਿਸ ਨੇ ਮੋਦੀ ਹਕੂਮਤ ਨੂੰ ਮੇਜ਼ ਤੇ ਆ ਬੈਠਣ ਲਈ ਮਜਬੂਰ ਕੀਤਾ ਹੈ। ਹੁਣ ਤਕ ਮੋਦੀ ਹਕੂਮਤ ਲਈ ਇਹ ਸੰਘਰਸ਼ ਵਿਚੋਲਿਆਂ ਦਾ ਸੰਘਰਸ਼ ਸੀ ਜਾਂ ਫਿਰ ਅਰਬਨ ਨਕਸਲੀਆਂ ਦੀ ਕਾਰਵਾਈ ਸੀ । ਹਕੀਕਤ ਇਹ ਹੈ ਕਿ ਹੁਣ ਗੱਲਬਾਤ ਕਰ ਰਹੀ ਮੋਦੀ ਹਕੂਮਤ  ਨੂੰ ਕਿਸਾਨੀ ਦਾ ਦਰਦ ਅਚਾਨਕ  ਸਮਝ ਨਹੀਂ ਆਇਆ ਸਗੋਂ  ਕਿਸਾਨਾਂ ਨੇ ਆਪਣੇ ਸਿਦਕ  ਦੇ ਜ਼ੋਰ ਮੋਦੀ ਹਕੂਮਤ ਨੂੰ ਹਾਲਤ ਦਾ ਸ਼ੀਸ਼ਾ ਦਿਖਾਇਆ ਹੈ । ਸੰਘਰਸ਼ ਦੇ ਮੈਦਾਨ ਅੰਦਰ ਮਾਰਿਆ ਗਿਆ ਇਹ ਜ਼ੋਰਦਾਰ ਲਲਕਾਰਾ ਗੱਲਬਾਤ ਲਈ ਗਏ ਵਫਦਾਂ ਦੀ ਤਾਕਤ ਵੀ ਬਣਨਾ ਹੈ।

ਅੱਜ ਦਾ ਇਹ ਐਕਸ਼ਨ ਇਸ ਚੌਕਸੀ ਦਾ ਪ੍ਰਗਟਾਵਾ ਵੀ ਹੈ ਕਿ ਗੱਲਬਾਤ ਦਾ ਲਮਕਵਾਂ ਗੇੜ ਚਲਾ ਕੇ ਸਾਡੇ  ਸੰਘਰਸ਼ ਨੂੰ ਮੱਧਮ ਨਹੀਂ ਪਾਇਆ ਜਾ ਸਕਦਾ, ਸਾਡੀ ਲਾਮਬੰਦੀ ਨੂੰ ਊਣੀ ਨਹੀਂ ਕੀਤਾ ਜਾ ਸਕਦਾ, ਸਾਡੇ  ਰੋਹ ਦੀ ਕਾਂਗ ਨੂੰ ਮੱਠੀ ਨਹੀਂ ਪਾਇਆ ਜਾ ਸਕਦਾ ਤੇ  ਇਸ ਅਰਸੇ ਨੂੰ ਕਮਜੋਰ ਤੇ ਕੱਚ ਪੈਰੇ ਹਿੱਸਿਆਂ ਨੂੰ ਵਰਚਾਉਣ ਲਈ ਨਹੀਂ ਵਰਤਣ ਦਿੱਤਾ ਜਾਵੇਗਾ। ਐਕਸ਼ਨਾਂ ਦਾ ਵੇਗ ਠੱਲਣ ਨਹੀਂ ਦਿੱਤਾ ਜਾਵੇਗਾ।

ਅੱਜ ਦਾ ਇਹ ਐਕਸ਼ਨ ਇਸ ਸੋਝੀ  ਦਾ ਐਲਾਨ ਵੀ ਹੈ ਕਿ ਇਹ  ਗੱਲਬਾਤ ਸੰਘਰਸ਼ ਨੂੰ ਠਿੱਬੀ ਲਾ ਦੇਣ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਚਲਾਈ ਜਾ ਰਹੀ ਹੈ। ਇਸ ਸੋਝੀ ਨੂੰ ਮਨ ਮਸਤਕ ਚ ਵਸਾ ਕੇ ਚਲਾਈ ਜਾ ਰਹੀ ਹੈ ਕਿ ਸੰਘਰਸ਼ ਦੀਆਂ ਪ੍ਰਾਪਤੀਆਂ ਆਖਰ ਨੂੰ ਸਾਡੀ ਜਥੇਬੰਦ ਸਮਰੱਥਾ ਤੇ ਜੂਝਣ ਇਰਾਦਿਆਂ ਦੇ ਜ਼ੋਰ ਤੇ ਹੋਣਗੀਆਂ ਹਨ। ਗੱਲਬਾਤ ਦੇ ਨਾਲ ਨਾਲ ਹੀ ਇਹ ਇਰਾਦਿਆ ਨੂੰ ਚੰਡਦੇ ਰਹਿਣ ਦਾ ਵੇਲਾ ਵੀ ਹੈ, ਸੰਘਰਸ਼ ਦੀ ਧਾਰ ਨੂੰ ਤਿੱਖੀ ਕਰਦੇ ਰਹਿਣ ਦਾ ਵੇਲਾ ਵੀ ਹੈ।  

ਇਹ ਉਨਾਂ ਸਭ ਭਰਮਾਂ ਨੂੰ ਛੰਡ ਦੇਣ ਦਾ ਐਲਾਨ ਵੀ ਹੈ ਜਿਹੜੇ ਗੱਲਬਾਤ ਦੌਰਾਨ ਹਕੂਮਤੀ ਨਾਰਾਜ਼ਗੀ ਨਾ ਸਹੇੜਨ ਦੀ ਗ਼ਲਤ ਸਮਝ ਚੋਂ ਉਪਜਦੇ ਹਨ। ਇਹ ਭਰਮ ਲੋਕਾਂ ਤੇ ਹਕੂਮਤਾਂ ਦੇ ਰਿਸ਼ਤੇ ਦੀ ਸਹੀ ਥਾਹ ਨਾ ਪਾ ਸਕਣ  ਚੋਂ ਉਪਜਦੇ ਹਨ। ਸੜਕਾਂ ਤੇ ਖੌਲਦਾ ਕਿਸਾਨ ਜਨਤਾ ਦਾ ਰੋਹ ਕੇਂਦਰੀ ਹਕੂਮਤ ਨੂੰ ਇਹ ਸੁਣਵਾਈ ਵੀ ਹੋ ਨਿੱਬੜਿਆ ਹੈ ਕਿ ਕਾਨੂੰਨ ਰੱਦ ਕਰਨ ਤੋਂ ਬਿਨਾਂ ਉਨਾਂ ਨੂੰ ਵਰਾਉਣ-ਪਰਚਾਉਣ ਦੀ ਕਿਸੇ ਵੀ  ਕੋਸ਼ਿਸ਼ ਦਾ ਸਾਹਮਣਾ ਤਿੱਖੇ ਲੋਕ ਰੋਹ ਨਾਲ ਹੋਵੇਗਾ। ਅੱਜ ਦੇ ਵਿਸ਼ਾਲ ਜਨਤਕ ਮੁਜ਼ਾਹਰੇ ਇਸ ਰੋਹ ਦਾ ਟ੍ਰੇਲਰ ਬਣ ਗਏ ਹਨ।

No comments:

Post a Comment