Wednesday, March 3, 2021

ਸ਼ਹੀਦੀ ਯਾਦਗਾਰ ’ਤੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਰਧਾਂਜਲੀਆਂ

 

 

ਸ਼ਹੀਦੀ ਯਾਦਗਾਰ ਤੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਰਧਾਂਜਲੀਆਂ

5 ਅਕਤੂਬਰ 1972 ਨੂੰ ਵਾਪਰੇ ਮੋਗਾ ਗੋਲੀ ਕਾਂਡਨੂੰ 48 ਵਰੇ ਵਾਪਰ ਚੁੱਕੇ ਹਨ। ਮੋਗਾ ਦੀ ਧਰਤੀ ਤੇ ਉਸ ਵੇਲੇ ਦੇ ਕਾਂਗਰਸੀ ਹਾਕਮਾਂ ਵੱਲੋਂ ਢਾਹੇ ਗਏ ਕਹਿਰ ਖਿਲਾਫ ਪੰਜਾਬ ਉੱਠ ਖੜਾ ਹੋਇਆ ਸੀ। ਇਹਨਾਂ ਦਿਨਾਂ ਵਿੱਚ ਪੰਜਾਬ ਦੀ ਧਰਤੀ ਤੇ ਘਮਸਾਨ ਮੱਚਿਆ ਹੋਇਆ ਸੀ ਕਿਉਂਕਿ ਲੋਕਾਂ ਨੇ ਹਕੂਮਤੀ ਜਬਰ ਨੂੰ ਹੋਰ ਝੱਲਣ ਤੋਂ ਇਨਕਾਰ ਕਰ ਦਿੱਤਾ ਸੀ। ਮੋਗਾ ਗੋਲੀ ਕਾਂਡ ਤੋਂ ਉੱਠਿਆ ਲੋਕ ਰੋਹ ਪੰਜਾਬ ਭਰ ਵਿੱਚ ਫੈਲ ਗਿਆ ਸੀ ਤੇ ਇਹ ਸੰਘਰਸ਼ ਮਹਾਨ ਮੋਗਾ ਘੋਲਵਜੋਂ ਇਤਿਹਾਸਕ ਘੋਲ ਹੋ ਨਿੱਬੜਿਆ। ਲੋਕ ਜਬਰ-ਜੁਲਮ ਖਿਲਾਫ ਉੱਠ ਖੜੇ ਹੋਏ ਸਨ। ਇਹ ਮਹਾਨ ਘੋਲ ਦੀਆਂ ਮੂਹਰਲੀਆਂ ਸਫਾਂ ਵਿੱਚ ਪੰਜਾਬ ਦੀ ਜਵਾਨੀ ਸੀ ਜਿਸਨੇ ਪੰਜਾਬ ਦੇ ਅੰਦਰ ਅਗਲੇ ਦਹਾਕਿਆਂ ਲਈ ਲੋਕ ਲਹਿਰ ਦੀ ਚੜਤ ਦਾ ਮੁੱਢ ਬੰਨ ਦਿੱਤਾ ਸੀ। ਇਸ ਦੌਰ ਅੰਦਰ ਪੰਜਾਬ ਦੀ ਜਵਾਨੀ ਨੇ ਮੋਗਾ ਘੋਲ ਤੋਂ ਭੰਨੀ ਅੰਗੜਾਈ ਮਗਰੋਂ ਦਹਾਕਾ ਭਰ ਪੰਜਾਬ ਦੀ ਧਰਤੀ ਤੇ ਨੌਜਵਾਨਾਂ-ਵਿਦਿਆਰਥੀਆਂ ਨੇ ਹੱਕਾਂ ਦੀ ਲੜਾਈ ਦੇ ਝੰਡੇ ਗੱਡੇ ਸਨ। ਲੋਕਾਂ ਨੂੰ ਹੱਕਾਂ ਲਈ ਜਥੇਬੰਦ ਹੋਣ ਤੇ ਸੰਘਰਸ਼ ਦੇ ਜ਼ੋਰ ਤੇ ਹੱਕਾਂ ਦੀ ਰਾਖੀ ਦਾ ਰਸਤਾ ਦਿਖਾਇਆ ਸੀ। ਮੋਗਾ ਗੋਲੀ ਕਾਂਡ ਚੋਂ ਉੱਭਰੀ ਨੌਜਵਾਨ-ਵਿਦਿਆਰਥੀ ਲਹਿਰ ਅਜਿਹੀ ਲਹਿਰ ਸੀ ਜਿਸਨੇ ਪੰਜਾਬ ਦੇ ਕਿਰਤੀ ਲੋਕਾਂ ਨੂੰ ਸਾਮਰਾਜੀ ਚੋਰ ਗੁਲਾਮੀ ਖਿਲਾਫ ਡਟਣ ਲਈ ਪ੍ਰੇਰਿਆ। ਦੇਸ਼ ਦੇ ਹਾਕਮਾਂ ਵੱਲੋਂ ਸਾਮਰਾਜੀਆਂ ਕੋਲ ਵੇਚੇ ਜਾ ਰਹੇ ਮਾਲ ਖਜ਼ਾਨਿਆਂ ਦੀ ਰਾਖੀ ਦਾ ਹੋਕਾ ਦਿੱਤਾ। ਹਾਕਮਾਂ ਨੂੰ ਸਾਮਰਾਜੀਆਂ ਦੇ ਦਲਾਲਾਂ ਵਜੋਂ ਨਸ਼ਰ ਕੀਤਾ ਤੇ ਲੋਕਾਂ ਨੂੰ ਸੰਘਰਸ਼ ਰਾਹੀਂ ਦਿਖਾਇਆ  ਕਿ ਸਾਡਾ ਮੁਲਕ ਅਜੇ ਵੀ ਵੱਡੇ ਸਰਮਾਏਦਾਰਾਂ,ਜਗੀਰਦਾਰਾਂ ਅਤੇ ਸਾਮਰਾਜੀਆਂ ਦੀ ਗੁਲਾਮੀ ਤੇ ਦਾਬਾ ਹੰਢਾ ਰਿਹਾ ਹੈ। ਉਸ ਲਹਿਰ ਨੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਅਰਥਾਂ ਨੂੰ ਉਘਾੜਿਆ ਸੀ।

ਇਸ ਵਰੇ ਇਹਨਾਂ ਦਿਨਾਂ ਵਿੱਚ ਖੇਤੀ ਕਾਨੂੰਨਾਂ ਖਿਲਾਫ ਘੋਲ ਪੂਰੇ ਵੇਗ ਨਾਲ ਜਾਰੀ ਸੀ। ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਵਿੱਚ ਨੌਜਵਾਨਾਂ ਦੀ ਗਿਨਣਯੋਗ ਸਮੂਲੀਅਤ ਹੋ ਰਹੀ ਸੀ। ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸੰਘਰਸ਼ ਦੇ ਮੈਦਾਨਾਂ ਵਿੱਚ ਨਿੱਤਰੇ ਹੋਏ ਨੌਜਵਾਨਾਂ ਨੂੰ ਕਾਰਪੋਰੇਟ ਹੱਲੇ ਖਿਲਾਫ ਵੱਡੇ ਇਰਾਦੇ ਤੇ ਸਿਦਕ ਦਿਲੀ ਨਾਲ ਜੂਝਣ ਹਿੱਤ ਆਪਣੀ ਸ਼ਾਨਾਮੱਤੀ ਇਨਕਲਾਬੀ ਵਿਰਾਸਤ ਤੋਂ ਪ੍ਰੇਰਣਾ ਲੈਣ ਲਈ ਰੀਗਲ ਸਿਨੇਮਾ ਮੋਗਾ ਵਿਖੇ ਪਹੁੰਚ ਕੇ 1972 ਦੇ ਮੋਗਾ ਗੋਲੀ ਕਾਂਡ ਵਿੱਚ ਕੁਰਬਾਨ ਹੋਏ ਵਿਦਿਆਰਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਸੱਦਾ ਦਿੱਤਾ ਗਿਆ। ਸੱਤਰਵਿਆਂ ਦੀ ਨੌਜਵਾਨ-ਵਿਦਿਆਰਥੀ ਲਹਿਰ ਦੀਆਂ ਮਹੱਤਵਪੂਰਨ ਦੇਣਾਂ ਜਿਵੇਂ ਕਿ ਲੋਕਾਂ ਤੇ ਟੇਕ ਰੱਖਦਿਆਂ ਜਥੇਬੰਦਕ ਸੰਘਰਸ਼ ਉਸਾਰੀ, ਸਿਆਸੀ ਪਾਰਟੀਆਂ ਤੋਂ ਨਿਖੇੜਾ, ਭਟਕਾਊ ਰੁਝਾਣਾਂ ਪ੍ਰਤੀ ਦਰੁਸਤ ਲੋਕ ਪੱਖੀ ਪਹੁੰਚ, ਹਕੂਮਤੀ ਫਾਸ਼ੀ ਵਾਰਾਂ ਦਾ ਟਾਕਰਾ ਆਦਿ ਨੂੰ ਨੌਜਵਾਨਾਂ-ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਵੱਖ-ਵੱਖ ਇਲਾਕਿਆਂ ਵਿੱਚ ਮੁਹਿੰਮ ਚਲਾਈ ਗਈ। ਇਲਾਕਾ ਮੌੜ, ਸੰਗਤ, ਨਥਾਣਾ (ਬਠਿੰਡਾ), ਨਿਹਾਲ ਸਿੰਘ ਵਾਲਾ (ਮੋਗਾ), ਮੂਣਕ (ਸੰਗਰੂਰ), ਸਿਹੌੜਾ (ਲੁਧਿਆਣਾ) ਵਿੱਚ ਮੀਟਿੰਗਾਂ ਅਤੇ ਮਸ਼ਾਲ ਮਾਰਚਾਂ ਰਾਹੀਂ ਸੰਗਰਾਮ ਦੀ ਤਿਆਰੀ ਲਈ ਲਾਮਬੰਦੀ ਕੀਤੀ ਗਈ। ਇਸ ਤੋਂ ਬਿਨਾਂ ਇਹਨਾਂ ਇਲਾਕਿਆਂ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀਆਂ ਵੱਖ-ਵੱਖ ਸਟੇਜਾਂ ਉੱਤੋਂ ਵੀ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ।

5 ਅਕਤੂਬਰ ਨੂੰ ਵੱਖ-ਵੱਖ ਖੇਤਰਾਂ ਵਿੱਚੋਂ ਭਰਵੀਂ ਗਿਣਤੀ ਵਿੱਚ ਨੌਜਵਾਨ-ਵਿਦਿਆਰਥੀ ਨੇਚਰ ਪਾਰਕ ਮੋਗਾ ਵਿਖੇ ਇੱਕਠੇ ਹੋਏ। ਇਸ ਥਾਂ ਤੋਂ ਬਜ਼ਾਰ ਵਿੱਚੋਂ ਦੀ ਹੋ ਕੇ ਮਾਰਚ ਕਰਦਿਆਂ ਨੌਜਵਾਨ-ਵਿਦਿਆਰਥੀਆਂ ਦਾ ਲੰਬਾ ਕਾਫਲਾ ਰੀਗਲ ਸਿਨਮੇ ਪਹੁੰਚਿਆ। ਮਾਰਚ ਦੌਰਾਨ ਨੌਜਵਾਨਾਂ ਨੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀਆਂ ਵੱਡੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ। ਬਜ਼ਾਰ ਵਿੱਚ ਸ਼ਹੀਦੋ ਥੋਡੇ ਕਾਜ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇਵਰਗੇ ਨਾਹਰੇ ਗੂੰਜਾਉਂਦੀ ਜਵਾਨੀ ਦਾ ਜੋਸ਼ ਦੇਖਦਿਆਂ ਹੀ ਬਣਦਾ ਸੀ। ਸ਼ਹੀਦਾਂ ਦੀ ਯਾਦਗਰ ਦੇ ਵਿਹੜੇ ਜੁੜੇ ਨੌਜਵਾਨ-ਵਿਦਿਆਰਥੀਆਂ ਦੇ ਇੱਕਠ ਨੇ ਦੋ ਮਿੰਟ ਦਾ ਮੌਨ ਧਾਰਨ ਉਪਰੰਤ ਜੋਸ਼ੀਲੇ ਨਾਹਰਿਆਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸੰਘਰਸ਼ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਹੁਸਿਆਰ ਸਿੰਘ ਸਲੇਮਗੜ ਵੱਲੋਂ ਸੱਤਰਵਿਆਂ ਦੇ ਦਹਾਕੇ ਵਿਚਲੀ ਦੇਸ਼ ਦੀ ਸਮਾਜਿਕ-ਰਾਜਨੀਤਿਕ ਹਾਲਤ ਦੇ ਪ੍ਰਸੰਗ ਵਿੱਚ ਉਸਾਰੀ ਨੌਜਵਾਨ-ਵਿਦਿਆਰਥੀ ਲਹਿਰ ਅਤੇ ਇਸ ਲਹਿਰ ਵੱਲੋਂ ਦਹਾਕਾ ਭਰ ਜਥੇਬੰਦਕ ਖੇਤਰਾਂ ਵਿੱਚ ਪਾਈਆਂ ਰੌਸ਼ਨ ਪੈੜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਮੋਗਾ ਗੋਲੀ ਕਾਂਡ ਤੋਂ ਪ੍ਰਭਾਵਿਤ ਹੋ ਕੇ ਲੋਕ ਲਹਿਰ ਦਾ ਅੰਗ ਬਣੇ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਉਸ ਸਮੇਂ ਦੀ ਨੌਜਵਾਨ-ਵਿਦਿਆਰਥੀ ਲਹਿਰ ਦੇ ਵੱਖ-ਵੱਖ ਪੱਖਾਂ ਤੇ ਝਾਤ ਪਾਉਂਦਿਆਂ ਦੱਸਿਆ ਕਿ ਸੂਬੇ ਦੀ ਮੌਜੂਦਾ ਜਨਤਕ ਜਮਹੂਰੀ ਲਹਿਰ ਵਿਚਲਾ ਵੱਡਾ ਆਗੂ ਹਿੱਸਾ ਉਸ ਲਹਿਰ ਤੋਂ ਪ੍ਰੇਰਣਾ ਲੈ ਕੇ ਹੀ ਅੱਜ ਤੱਕ ਆਗੂ ਰੋਲ ਦੇ ਰਿਹਾ ਹੈ। ਨੌਜਵਾਨ ਕਿਸਾਨ ਆਗੂ ਅਜੇਪਾਲ ਘੁੱਦਾ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਆ ਰਹੇ ਨੌਜਵਾਨਾਂ ਨੂੰ ਮੋਗਾ ਗੋਲੀ ਕਾਂਡ ਦੀ ਵਿਰਾਸਤ ਤੋਂ ਪ੍ਰੇਰਨਾ ਲੈਂਦਿਆਂ ਸਾਮਰਾਜ ਅਤੇ ਜਗੀਰਦਾਰੀ ਖਿਲਾਫ ਇਕਜੁੱਟ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਮੌਜੂਦਾ ਖੇਤੀ ਆਰਡੀਨੈਂਸਾਂ ਵਿਰੋਧੀ ਘੋਲ ਦੀਆਂ ਸੀਮਤਾਈਆਂ ਅਤੇ ਤਕੜਾਈਆਂ ਨੂੰ ਵਿਸਥਾਰ ਨਾਲ ਪੇਸ਼ ਕਰਦਿਆਂ ਨੌਜਵਾਨਾਂ ਨੂੰ ਕਿਹਾ ਕਿ ਖੇਤੀ ਵਿਚਲੀ ਜਗੀਰੂ ਅਤੇ ਸਾਮਰਾਜੀ ਲੁੱਟ ਦੇ ਖਾਤਮੇ ਨਾਲ ਹੀ ਮੁਲਕ ਦਾ ਵਿਕਾਸ ਜੁੜਿਆ ਹੋਇਆ ਹੈ। ਨੌਜਵਾਨਾਂ ਦੀ ਬੇਰੁਜਗਾਰੀ ਦਾ ਸਥਾਈ ਹੱਲ ਖੇਤੀ ਸੰਕਟ ਦੇ ਹੱਲ ਵਿੱਚ ਹੀ ਹੈ। ਇਸ ਲਈ  ਨੌਜਵਾਨਾਂ ਨੂੰ ਇਕਜੁੱਟ ਲਹਿਰ ਦੀ ਲੋੜ ਦਰਕਾਰ ਹੈ। ਸਮਾਗਮ ਵਿੱਚ ਖੇਤੀ ਬਿੱਲ ਵਾਪਸ ਲੈਣ, ਬੁੱਧੀਜੀਵੀਆਂ ਨੂੰ ਰਿਹਾਅ ਕਰਨ ਅਤੇ ਹਾਥਰਸ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੇ ਮਤੇ ਵੀ ਪਾਸ ਕੀਤੇ ਗਏ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱਲੋਂ ਇਨਕਲਾਬੀ ਕਵੀਸ਼ਰੀਆਂ ਵੀ ਪੇਸ਼ ਕੀਤੀਆਂ ਗਈਆਂ। ਨੌਜਵਾਨ ਭਾਰਤ ਸਭਾ ਵੱਲੋਂ ਛਾਪੀ ਗਈ ਸ਼ਹੀਦ ਪਿ੍ਰਥੀਪਾਲ ਸਿੰਘ ਰੰਧਾਵਾ ਬੀਰਗਾਥਾ ਅਤੇ ਪੋਸਟਰ ਨੂੰ ਕਾਫੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਖਰੀਦਿਆ ਗਿਆ। ਭਰਾਤਰੀ ਜਥੇਬੰਦੀ ਡੀ.ਟੀ.ਐਫ. ਵੱਲੋਂ ਵੀ ਸਮੂਲੀਅਤ ਕੀਤੀ ਗਈ। ਇਸ ਤਰਾਂ ਨੌਜਵਾਨ-ਵਿਦਿਆਰਥੀਆਂ ਦੀ ਇਹ ਸਰਗਰਮੀ ਤੱਤ ਅਤੇ ਲਾਮਬੰਦੀ ਪੱਖੋਂ ਸਫਲ ਰਹੀ। ਨਵੇਂ ਨੌਜਵਾਨ ਹਿੱਸਿਆਂ ਵਿੱਚ ਸ਼ਹੀਦਾਂ ਦੀ ਯਾਦਗਾਰ ਨੂੰ ਵੇਖਣ ਦੀ ਕਾਫੀ ਦਿਲਚਸਪੀ ਦੇਖੀ ਗਈ। ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਵੱਲੋਂ ਨਿਭਾਏ ਗਏ ਸ਼ਾਨਦਾਰ ਰੋਲ ਦੀ ਗੈਰ-ਰਸਮੀ ਚਰਚਾ ਸਮਾਗਮ ਤੋਂ ਪਿੱਛੋਂ ਕਾਫੀ ਸਮਾਂ ਚਲਦੀ ਰਹੀ। ਸ਼ਹਿਰ ਦੇ ਕਈ ਸਥਾਨਕ ਲੋਕ ਵੀ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਨੌਜਵਾਨਾਂ ਦੇ ਇਸ ਉੱਦਮ ਦੀ ਸਲਾਘਾ ਕਰਦਿਆਂ ਮਾਲੀ ਸਹਾਇਤਾ ਵੀ ਕਰਕੇ ਗਏ। ਖੇਤੀ ਕਾਨੂੰਨਾਂ ਰਾਹੀਂ ਨਵੇਂ ਸਾਮਰਾਜੀ ਹੱਲੇ ਖਿਲਾਫ ਨਿੱਤਰੇ ਹੋਏ ਨੌਜਵਾਨਾਂ ਨੂੰ ਕਾਰਪੋਰੇਟ ਹੱਲੇ ਖਿਲਾਫ ਵੱਡੇ ਇਰਾਦੇ ਅਤੇ ਸਿਦਕ ਦਿਲੀ ਨਾਲ ਜੂਝਣ ਲਈ ਆਪਣੇ ਸਾਨਾਮੱਤੇ ਇਨਕਲਾਬੀ ਸੰਗਰਾਮੀ ਵਿਰਸੇ ਨੂੰ ਚੇਤੇ ਕਰਵਾਉਣ, ਲੋਕ ਸ਼ਕਤੀ ਦੇ ਜਲੌਅ ਦਾ ਇਤਿਹਾਸ ਪੇਸ਼ ਕਰਨ ਅਤੇ ਮਹਾਨ ਮੋਗਾ ਘੋਲ ਦੀਆਂ ਰਿਵਾਇਤਾਂ ਬੁਲੰਦ ਕਰਨ ਦਾ ਸੱਦਾ ਦੇਣ ਪੱਖੋਂ ਇਹ ਇੱਕ ਸਫਲ ਸਮਾਗਮ ਹੋ ਨਿੱਬੜਿਆ।

(ਨੌਜਵਾਨ ਰਿਪੋਰਟਰ)

No comments:

Post a Comment