Sunday, March 7, 2021

ਸਮੁੱਚੇ ਰਾਜਕੀ ਢਾਂਚੇ ਦਾ ਉੱਘੜ ਰਿਹਾ ਲੋਕ-ਦੋਖੀ ਕਿਰਦਾਰ

 

ਸਮੁੱਚੇ ਰਾਜਕੀ ਢਾਂਚੇ ਦਾ ਉੱਘੜ ਰਿਹਾ ਲੋਕ-ਦੋਖੀ ਕਿਰਦਾਰ

ਲੋਕਾਂ ਦੀ ਚੇਤਨਾ ਤੇ ਘੋਲਾਂ ਦਾ ਏਜੰਡਾ ਬਣਾਓ !

            ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨਾਲ ਮੁਲਕ ਦਾ ਜੀਓ-ਜੀਅ  ਜੁੜਿਆ ਹੋਇਆ ਹੈ। ਸੰਘਰਸ਼ ਦੀਆਂ ਮੰਗਾਂ ਨਾਲ ਸਹਿਮਤੀ ਦਿਖਾ ਰਿਹਾ ਹੈ। ਦਿੱਲੀ ਧਰਨੇ ਚ ਜਾਣ ਅਤੇ ਟਰਾਲੀ ਵਿੱਚ ਰਾਤ ਕੱਟਣ ਨੂੰ ਬੜੇ ਮਾਣ ਨਾਲ ਸੁਣਾ ਰਿਹਾ ਹੈ। ਮੋਦੀ ਹਕੂਮਤ, ਭਾਜਪਾ ਪਾਰਟੀ, ਭਾਜਪਾ ਦੀਆਂ ਸੂਬਾਈ ਸਰਕਾਰਾਂ ਤੇ  ਭਾਜਪਾ ਪਾਰਟੀ ਦੇ ਤੱਤੇ ਬੁਲਾਰੇ, ਕਾਰਪੋਰੇਟ ਘਰਾਣੇ, ਬਹੁਰਾਸ਼ਟਰੀ ਕੰਪਨੀਆਂ ਤੇ ਸੰਸਾਰ-ਲੁਟੇਰੀ ਤਿੱਕੜੀ (ਸੰਸਾਰ ਬੈਂਕ, ਸੰਸਾਰ ਵਪਾਰ ਸੰਗਠਨ ਤੇ ਕੌਮਾਂਤਰੀ ਮੁਦਰਾ ਕੋਸ਼) ਸਭ ਲੋਕਾਂ ਦੇ ਗੁੱਸੇ ਦੀ ਮਾਰ ਹੇਠ ਆਏ ਹੋਏ ਹਨ।

            ਅਜਿਹੇ ਮੌਕੇ ਅਸੀਂ ਲੋਕ ਮੋਰਚਾ ਪੰਜਾਬ ਦੇ ਝੰਡੇ ਹੇਠ ਕਿਸਾਨ ਸੰਘਰਸ਼ ਨਾਲ ਜੁੜਵੀਂ ਸਰਗਰਮੀ ਕੀਤੀ ਹੈਵੱਡੀਆਂ ਇਕੱਤਰਤਾਵਾਂ ਕੀਤੀਆਂ ਗਈਆਂ ਹਨ। ਕਿਸਾਨਾਂ ਵਿਸੇਸ ਕਰਕੇ ਨੌਜਵਾਨਾਂ ਅਤੇ ਖੇਤ ਮਜ਼ਦੂਰਾਂ ਤੇ ਸਨਅਤੀ ਮਜ਼ਦੂਰਾਂ ਨੂੰ ਸੱਦਿਆ ਗਿਆ ਹੈ। ਇਹਨਾਂ ਇਕੱਤਰਤਾਵਾਂ ਵਿਚ ਮੋਰਚੇ ਵੱਲੋਂ ਇਹਨਾਂ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਦੀ ਮਾਰ ਬਾਰੇ, ਕਨੂੰਨਾਂ ਦੀਆਂ ਜਣਨਹਾਰ ਸਾਮਰਾਜੀ- ਸੰਸਾਰੀਕਰਨ ਦੀਆਂ ਨੀਤੀਆਂ ਬਾਰੇ, ਹਕੂਮਤ ਦੇ ਰਵੱਈਏ ਬਾਰੇ, ਪਾਰਲੀਮਾਨੀ ਸਿਆਸੀ ਪਾਰਟੀਆਂ ਦੀ ਲੋਕ ਦੋਖੀ ਖਸਲਤ ਬਾਰੇ ਤੇ ਸੰਘਰਸ਼ ਦੀ ਤਕੜਾਈ ਬਾਰੇ ਅਤੇ ਖੇਤੀ ਸੰਕਟ ਦੇ ਬੁਨਿਆਦੀ ਹੱਲ ਬਾਰੇ  ਪ੍ਰਚਾਰ ਮੁਹਿੰਮ ਹੱਥ ਲਈ ਗਈ।  ਦਸੰਬਰ ਤੋਂ ਅੱਧ ਜਨਵਰੀ ਤੱਕ ਲੱਗਭਗ ,50 ਛੋਟੀਆਂ ਵੱਡੀਆਂ ਇਕੱਤਰਤਾਵਾਂ ਕੀਤੀਆਂ ਜਾ ਚੁੱਕੀਆਂ ਹਨ। ਇਹਨਾਂ ਇੱਕਤਰਤਾਵਾਂ ਵਿੱਚ ਖੇਤੀ ਕਾਨੂੰਨਾਂ ਨੂੰ ਖੇਤੀ ਜਿਣਸਾਂ ਲੁੱਟੇ ਜਾਣ ਦਾ, ਖੇਤੀ ਖਰੀਦ ਸਿਸਟਮ ਵਿੱਚ ਕਿਸਾਨ-ਮਜ਼ਦੂਰ ਪੱਖੀ ਸੁਧਾਰ ਕਰਨ ਦੀ ਥਾਂ ਸਾਰਾ ਸਿਸਟਮ ਹੀ ਉਜਾੜੇ ਜਾਣ ਦਾ,  ਪੱਲੇਦਾਰਾਂ ਤੇ ਕਰਮਚਾਰੀਆਂ ਦਾ  ਰੁਜ਼ਗਾਰ ਖੋਹੇ ਜਾਣ ਦਾ, ਛੋਟੇ ਕਾਰੋਬਾਰਾਂ ਨੂੰ ਤਬਾਹ ਕੀਤੇ ਜਾਣ ਦਾ, ਅਨਾਜ ਪੈਦਾ ਕਰਨ-ਸਟੋਰ ਕਰਨ-ਸਪਲਾਈ ਕਰਨ ਦਾ ਕੁੱਲ ਕੰਮ ਮੋਟਾ ਮੁਨਾਫਾ ਲੋਟੂ ਵੱਡੇ ਕਾਰਪੋਰੇਟਾਂ ਦੀ ਝੋਲੀ ਪਾਏ ਜਾਣ ਦਾ ਅਤੇ ਬਿਜਲੀ ਸੋਧ ਬਿੱਲ ਦੇ ਮਾਰੂ ਸਿੱਟਿਆਂ ਦਾ ਕਿਸਾਨਾਂ, ਨੌਜਵਾਨਾਂ,  ਮਜ਼ਦੂਰਾਂ-ਮੁਲਾਜ਼ਮਾਂ ਤੇ ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਤੋਂ ਅਗਾਂਹ ਮੁਲਕ ਦੀ 90% ਵਸੋਂ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਮੀਟਿੰਗਾਂ ਦਾ ਅਜੰਡਾ ਬਣਦਾ ਰਿਹਾ ਹੈ। ਹਕੂਮਤੀ-ਹੰਕਾਰ ਪਿੱਛੇ ਤਾਕਤ ਬਣਦੀਆਂ ਇਥੋਂ ਦੇ ਕਾਰਪੋਰੇਟ ਘਰਾਣੇ, ਬਹੁਕੌਮੀ ਕੰਪਨੀਆਂ ਤੇ ਸੰਸਾਰ ਸਾਮਰਾਜੀ ਪ੍ਰਬੰਧ ਦੇ ਜੁੜਦੇ ਕੁਨੈਕਸਨ ਬੇਪਰਦ ਕੀਤੇ ਜਾਂਦੇ ਰਹੇ ਹਨ। ਇੱਕਤਰਤਾਵਾਂ ਵਿੱਚ ਸੰਘਰਸ਼ ਦੇ ਲੰਮਾਂ ਹੋ ਜਾਣ ਦੇ ਆਏ ਸੁਆਲ ਨੂੰ ਮੁਲਕ ਅੰਦਰ ਮੜੀਆਂ ਜਾ ਰਹੀਆਂ ਸਾਮਰਾਜੀ-ਸੰਸਾਰੀਕਰਨ ਦੀਆਂ ਨੀਤੀਆਂ ਥੋਪਣ ਦੀ ਭਾਜਪਾ ਹਕੂਮਤ ਦੀ ਧੱਕੜ-ਧੁੱਸ (ਫਿਰਕੂ ਤੇ ਫੌਜੀ ਧੱਕੇ ਦੇ ਨਾਲ ਨਾਲ ਆਰਥਿਕ ਹੱਲੇ) ਅਤੇ ਮੁਲਕ ਪੱਧਰੀ ਕਿਸਾਨਾਂ ਦੀ ਜਥੇਬੰਦਕ ਤਾਕਤ ਦੇ ਅਣਸਾਂਵੇਪਣ  ਦੇ ਹਵਾਲੇ ਨਾਲ ਦੱਸਿਆ ਗਿਆ ਹੈ। ਅਜਿਹੇ ਵੱਡੇ ਸੰਘਰਸ਼ਾਂ ਵਿੱਚ ਸਾਮਲ ਹੋਣ ਤੇ ਜਬਤ ਵਿਚ ਰਹਿਣ ਦੇ ਮਹੱਤਵ ਦੀ ਵਿਆਖਿਆ ਹੁੰਦੀ ਰਹੀ ਹੈ।  ਮੌਕਾਪ੍ਰਸਤ ਪਾਰਟੀਆਂ ਤੋਂ ਝਾਕ ਦਾ ਨਾ ਰਹਿਣਾ, ਨੌਜਵਾਨਾਂ ਦਾ ਸੰਘਰਸ਼ ਵਿੱਚ ਸਾਮਲ ਹੋਣਾ, ਖੇਤ ਮਜ਼ਦੂਰਾਂ ਨੂੰ ਨਾਲ ਲੈ ਆਉਣਾ ਅਤੇ ਐਡੇ ਵਿਸ਼ਾਲ ਸੰਘਰਸ਼ ਨੂੰ ਜਬਤ ਚ ਰੱਖ ਲੈਣ ਦੀਆਂ ਪ੍ਰਾਪਤੀਆਂ ਤੋਂ ਅੱਗੇ ਹਕੂਮਤ ਕਰਦੀ ਭਾਜਪਾ, ਹਕੂਮਤੀ ਪ੍ਰਸ਼ਾਸ਼ਨ, ਨਿਆਂ ਪ੍ਰਬੰਧ ਅਤੇ ਸਾਮਰਾਜੀ ਪ੍ਰਬੰਧ ਦੇ ਲੋਕ-ਦੋਖੀ ਕਿਰਦਾਰ ਨੂੰ ਲੋਕਾਂ ਸਾਹਮਣੇ ਲੈ ਆਉਣ ਦੀਆਂ ਪ੍ਰਾਪਤੀਆਂ ਵੱਜੋਂ ਉਭਾਰਿਆ ਗਿਆ। ਖੇਤੀ ਸੰਕਟ ਦੇ ਹੱਲ ਲਈ ਬਣ ਸਕਦੀਆਂ ਉਭਰਵੀਆਂ ਮੰਗਾਂ, ਸੰਘਰਸ਼ ਦੀਆਂ ਮੰਗਾਂ ਦੇ ਨਾਲ ਨਾਲ ਖੇਤੀ ਖੇਤਰ ਲਈ ਬਜਟ ਰਕਮਾਂ ਵਧਾਉਣ, ਵੱਡੇ ਪੂੰਜੀਪਤੀਆਂ ਦੀ ਪੂੰਜੀ ਜਬਤ ਕੀਤੇ ਜਾਣ, ਸੈਂਕੜੇ-ਹਜ਼ਾਰਾਂ ਏਕੜਾਂ ਦੇ ਮਾਲਕ ਜਗੀਰਦਾਰਾਂ ਦੀਆਂ ਜ਼ਮੀਨਾਂ ਬੇਜ਼ਮੀਨੇ ਤੇ ਥੁੜ ਜਮੀਨੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਚ ਵੰਡੇ ਜਾਣ,  ਫਸਲਾਂ ਦਾ ਲਾਹੇਵੰਦਾ ਭਾਅ ਦਿੱਤੇ ਜਾਣ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤੀ ਨਾਲ ਜਾਰੀ ਰੱਖੇ ਜਾਣ ਦੀਆਂ ਮੰਗਾਂ ਵਿਆਖਿਆ ਸਹਿਤ ਉਭਾਰੀਆਂ ਗਈਆਂ ਹਨ।

            ਇਹਨਾਂ ਇਕੱਤਰਤਾਵਾਂ ਵਿਚ ਬਠਿੰਡਾ, ਬਰਨਾਲਾ, ਮੁਕਤਸਰ, ਸੰਗਰੂਰ, ਮਾਨਸਾ ਜਿਲਿਆਂ ਦੇ ਨੌਜਵਾਨਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਭਰਵੀਂ ਹਾਜ਼ਰੀ ਰਹੀ ਹੈ। ਖੇਤ ਮਜ਼ਦੂਰਾਂ ਦੇ ਰੁਜ਼ਗਾਰ ਤੇ ਇਹਨਾਂ ਕਾਨੂੰਨਾਂ ਨਾਲ ਪੈਣ ਵਾਲੀ ਮਾਰ ਤੇ ਕਿਸਾਨਾਂ ਨਾਲ ਬਣਦੀ ਸੰਘਰਸ਼ੀ-ਸਾਂਝ ਨੂੰ ਉਭਾਰਿਆ ਗਿਆ। ਖੇਤ ਮਜ਼ਦੂਰ ਔਰਤਾਂ ਦੀਆਂ ਵੱਖਰੀਆਂ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਠੇਕਾ ਮੁਲਾਜ਼ਮਾਂ, ਰੈਗੂਲਰ ਮੁਲਾਜ਼ਮਾਂ, ਅਧਿਆਪਕਾਂ ਦੀਆਂ ਮੀਟਿੰਗਾਂ ਵਿੱਚ ਕਿਰਤ ਕਨੂੰਨਾਂ ਵਿੱਚ ਕਿਰਤੀਆਂ ਵਿਰੋਧੀ ਸੋਧਾਂ ਦੀ, ਸਰਕਾਰੀ ਮਹਿਕਮਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੀ ਤੇ ਨਵੀਂ ਸਿੱਖਿਆ ਨੀਤੀ ਦੀ ਮਾਰ ਦੀ ਅਤੇ ਬਣਦੇ ਸੰਘਰਸ਼ ਦੀ ਲੋੜ ਪ੍ਰੋਜੈਕਟ ਕੀਤੀ ਗਈ। ਸੂਬਾ ਕਮੇਟੀ ਮੈਂਬਰਾਂ ਅਤੇ ਬਠਿੰਡਾ ਤੇ ਮੁਕਤਸਰ ਤੋਂ ਕਮੇਟੀ ਮੈਂਬਰਾਂ ਨੇ ਮੀਟਿੰਗਾਂ ਕਰਾਉਣ ਵਿੱਚ ਹਿੱਸਾ ਪਾਇਆ।

            ਦਿੱਲੀ ਦੇ ਟਿੱਕਰੀ ਬਾਰਡਰ ਉਪਰ ਚੱਲ ਰਹੀਆਂ ਰੈਲੀਆਂ ਨੇੜੇ ਦੋ ਵੱਖ-ਵੱਖ ਨਾਹਰੇ ਲਿਖੇ ਬੈਨਰਾਂ ਤੇ ਹੱਥ ਪਰਚਿਆਂ ਨਾਲ ਪ੍ਰਦਰਸ਼ਨੀ ਲਗਾਈ ਗਈ। ਹੱਥ ਪਰਚਾ ਲੈਣ ਤੇ ਨਾਹਰੇ ਪੜਨ ਵਿੱਚ ਦਿਲਚਸਪੀ ਦਿਖਾਈ ਅਤੇ ਮੋਰਚੇ ਦੀ ਸਲਾਹੁਤਾ ਵੀ ਕੀਤੀ। ਪੱਚੀ ਹਜ਼ਾਰ ਪੰਜਾਬੀ ਵਿੱਚ ਤੇ ਦਸ ਹਜ਼ਾਰ ਹਿੰਦੀ ਵਿੱਚ ਹੱਥ ਪਰਚੇ ਛਪਵਾ ਕੇ ਦਿੱਲੀ ਦੇ ਟਿੱਕਰੀ ਤੇ ਸਿੰਘੂ ਬਾਰਡਰਾਂ ਤੇ ਜੂਝ ਰਹੇ ਕਿਸਾਨਾਂ ਵਿੱਚ ਵੰਡੇ ਗਏ।

            ਇਹ ਸਰਗਰਮੀ ਅਗਾਂਹ ਵੀ ਜਾਰੀ ਰੱਖੀ ਜਾ ਰਹੀ ਹੈ। ਅੱਗੇ ਖੇਤ ਮਜ਼ਦੂਰ ਫੋਕਸ ਵਿੱਚ ਰਹਿਣਗੇ।

 


No comments:

Post a Comment