Saturday, October 14, 2017

ਸਲਾਮ ਕਾਫਲੇ ਵੱਲੋਂ ਔਲਖ ਦੀ ਕਰਨੀ ਨੂੰ ਸਿਜਦਾ

ਪਛਲੇ ਦਿਨੀਂ ਵਿਛੜੇ ਉੱਘੇ ਨਾਟਕਕਾਰ ਤੇ ਜਮਹੂਰੀ ਲਹਿਰ ਦੀ ਸਖਸ਼ੀਅਤ ਪ੍ਰੋ: ਅਜਮੇਰ ਔਲਖ ਨੂੰ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੇ ਸੱਦੇ 'ਤੇ ਸੰਖੇਪ ਮੁਹਿੰਮ ਰਾਹੀਂ ਸਰਧਾਂਜਲੀਆਂ ਦੀ ਲੜੀ ਚੱਲੀ ਹੈ। ਸਲਾਮ ਕਾਫ਼ਲੇ ਵੱਲੋਂ ਪ੍ਰੋ: ਔਲਖ ਦੇ ਵਿਛੋੜੇ ਤੋਂ ਮਗਰੋਂ 25 ਜੂਨ ਨੂੰ ਹੋ ਰਹੇ ਸ਼ਰਧਾਂਜਲੀ ਸਮਾਗਮ 'ਚ ਪੁੱਜਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਹਨਾਂ ਦਿਨਾਂ ਦੌਰਾਨ ਵੱਖ-2 ਥਾਵਾਂ 'ਤੇ ਸ਼ਰਧਾਂਜਲੀਆਂ ਭੇਂਟ ਕਰਨ ਦਾ ਫੈਸਲਾ ਵੀ ਕੀਤਾ ਸੀ। ਝੋਨੇ ਦੇ ਸੀਜ਼ਨ ਕਾਰਨ ਕੰਮ ਦੇ ਰੁਝੇਵੇਂ ਅਤੇ ਨਾਲ ਹੀ ਹੋਰਨਾਂ ਸੰਘਰਸ਼ ਰੁਝੇਵਿਆਂ ਦਰਮਿਆਨ ਹੋਣ ਕਰਕੇ ਇਸ ਸਰਗਰਮੀ ਨੂੰ ਸੰਖੇਪ ਹੀ ਵਿਉਂਤਿਆ ਗਿਆ ਸੀ। ਇਸ ਸੱਦੇ ਨੂੰ ਹੁੰਗਾਰਾ ਭਰਦਿਆਂ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ ਸਮੇਤ ਕਈ ਹਿੱਸਿਆ ਨੇ ਪ੍ਰੋ: ਔਲਖ ਨੂੰ ਸ਼ਰਧਾਂਜਲੀ ਇੱਕਤਰਤਾਵਾਂ ਕੀਤੀਆਂ। ਸਲਾਮ ਕਾਫ਼ਲੇ ਵਲੋਂ 21 ਜੂਨ ਨੂੰ ਮਾਨਸਾ ਸ਼ਹਿਰ 'ਚ ਸ਼ਰਧਾਂਜਲੀ ਮਾਰਚ ਕਰਕੇ ਪ੍ਰੋ: ਔਲਖ ਦੀ ਸਾਹਿਤਕ ਦੇਣ ਨੂੰ ਉਚਿਆਇਆ ਗਿਆ ਤੇ 25 ਜੂਨ ਦੇ ਸ਼ਰਧਾਂਜਲੀ ਸਮਾਗਮ 'ਚ ਪੁੱਜਣ ਦਾ ਸੱਦਾ ਦਿੱਤਾ। ਮਾਰਚ 'ਚ ਸੈਂਕੜੇ ਕਿਸਾਨ ਮਜ਼ਦੂਰ ਸ਼ਾਮਲ ਹੋਏ। ਸ਼ਹਿਰ ਦੇ ਮੇਨ ਬਾਜ਼ਾਰ 'ਚੋਂ ਹੁੰਦਾ ਹੋਇਆ ਮਾਰਚ ਬੱਸ ਅੱਡੇ 'ਤੇ ਆ ਕੇ ਸਮਾਪਤ ਹੋਇਆ। ਇਸਤੋਂ ਇਲਾਵਾ ਵੱਖ-2 ਖੇਤਰਾਂ ਦੇ ਚੋਣਵੇਂ ਪਿੰਡਾਂ 'ਚ ਪ੍ਰੋ: ਔਲਖ ਦੀ ਯਾਦ 'ਚ ਇਕੱਤਰਤਾਵਾਂ ਹੋਈਆਂ ਤੇ ਇਹਨਾਂ ਇਕੱਠਾਂ 'ਚ ਹਰਵਿੰਦਰ ਦੀਵਾਨਾ ਦੀ ਨਾਟਕ ਟੀਮ ਵੱਲੋਂ ਨਾਟਕ ਵੀ ਖੇਡੇ ਗਏ। ਇਹਨਾਂ ਇਕੱਤਰਤਾਵਾਂ 'ਚ ਪ੍ਰੋ: ਔਲਖ ਦੀ ਸਾਹਿਤਕ ਦੇਣ ਦਾ ਲੋਕਾਂ ਦੀ ਲਹਿਰ ਲਈ ਮਹੱਤਵ ਚਰਚਾ 'ਚ ਆਇਆ ਤੇ ਲੋਕਾਂ ਦੀ ਲਹਿਰ ਤੇ ਸਾਹਿਤ ਕਲਾ ਖੇਤਰ ਦੀ ਸਾਂਝ ਹੋਰ ਗੂੜ੍ਹੀ ਕਰਨ ਦਾ ਸੁਨੇਹਾ ਵੀ ਗੂੰਜਿਆ। ਇਹ ਸਾਰੇ ਪਿੰਡ ਉਹ ਹਨ ਜਿੱਥੇ ਅਜਮੇਰ ਔਲਖ ਦਾ ਨਾਂ ਜਾਣਿਆ ਪਹਿਚਾਣਿਆ ਹੈ ਤੇ ਉਹਨਾਂ ਦੇ ਸਨਮਾਨ ਵੇਲੇ ਇਹਨਾਂ ਪਿੰਡਾਂ 'ਚੋਂ ਹੀ ਲੋਕ ਭਾਰੀ ਗਿਣਤੀ 'ਚ ਬਰਨਾਲੇ ਪੁੱਜੇ ਸਨ। ਹੁਣ ਉਹਨਾਂ ਨੇ ਆਪਣੇ ਮਹਿਬੂਬ ਨਾਟਕਕਾਰ ਨੂੰ ਸੇਜਲ ਅੱਖਾਂ ਨਾਲ ਸਿਜਦਾ ਕੀਤਾ।

No comments:

Post a Comment