Saturday, October 14, 2017

ਬਾਬਾ ਫਰੀਦ ਯੂਨੀਵਰਸਿਟੀ:ਕੱਚੇ ਕਾਮਿਆਂ ਦਾ ਸਿਰੜੀ ਘੋਲ

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਠੇਕਾ ਅਤੇ ਆਊਟ ਸੋਰਸਿਜ਼ ਕਾਮਿਆਂ ਨੇ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ 32 ਦਿਨ ਹੜਤਾਲ ਕਰਕੇ ਸਿਰੜੀ ਘੋਲ ਲੜਿਆ ਹੈ।
ਯੂਨੀਵਰਸਿਟੀ ਅਧੀਨ 786 ਦੇ ਲਗਭਗ ਠੇਕਾ ਅਤੇ ਆਊਟ ਸੋਰਸਿਜ਼ ਮੁਲਾਜ਼ਮ ਕਾਮੇ ਕੰਮ ਕਰਦੇ ਹਨ। ਇਹਨਾਂ ਦੀਆਂ ਕੰਮ ਪੱਖੋਂ ਕਈ ਛੋਟੀਆਂ ਵੱਡੀਆਂ ਕੈਟਾਗਿਰੀਆਂ ਹਨ। ਵੱਖੋ ਵੱਖ  ਕੈਟੇਗਰੀਆਂ ਪੱਕੇ ਹੋਣ ਲਈ ਵੱਖੋ ਵੱਖਰੇ ਘੋਲ ਕਰਦੀਆਂ ਰਹੀਆਂ ਹਨ ਪਰ ਘੋਲ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ ਰਹੀ। ਹੁਣ ਇਹਨਾਂ ਸਾਰੇ ਕਾਮਿਆਂ ਨੇ ਇਕ 'ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ' ਬਣਾਕੇ 17 ਅਤੇ 18 ਮਈ ਨੂੰ ਗੇਟ ਰੈਲੀਆਂ ਕਰਕੇ ਸਾਂਝੇ ਘੋਲ ਦਾ ਮੁੱਢ ਬੰਨ੍ਹ ਲਿਆ। ਡੀ.ਸੀ. ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ 22 ਮਈ ਤੋਂ ਯੂਨੀਵਰਸਿਟੀ ਦੇ ਗੇਟ 'ਤੇ ਪੱਕਾ ਧਰਨਾ ਲਗਾ ਦਿੱਤਾ। ਇਸ ਧਰਨੇ ਵਿੱਚ ਗਿਣਤੀ ਕਈ ਵਾਰ 500 ਦੇ ਨੇੜੇ ਵੀ ਪੁਜਦੀ ਰਹੀ ਹੈ। ਹਰ ਰੋਜ਼ ਯੂਨੀਵਰਸਿਟੀ ਦੇ ਬਾਹਰਲੇ ਗੇਟ ਤੋਂ ਲੈ ਕੇ ਵੀ.ਸੀ. ਦੇ ਦਫਤਰ ਤੱਕ ਮੁਜਾਹਰਾ ਹੁੰਦਾ ਰਿਹਾ। ਵੀ.ਸੀ. ਦੀ ਸੱਦੀ ਪੁਲਸ ਨੇ ਯੂਨਵਰਸਿਟੀ  ਦੇ ਵਿਹੜੇ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰੀ ਰੱਖਿਆ।
ਇਸ ਘੋਲ ਦੇ ਮੁੱਢ ਵਿੱਚ ਭਰਾਤਰੀ ਜਥੇਬੰਦੀਆਂ ਨੇ ਸਹਿਯੋਗ ਦੇਣ ਸ਼ੁਰੂ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਤੋਂ ਸਿਵਾਏ ਸਾਰੀਆਂ ਸਿਆਸੀ ਪਾਰਟੀਆਂ ਨੇ ਘੋਲ ਤੋਂ ਕਿਨਾਰਾ ਕਰੀ ਰੱਖਿਆ ਪਰ ਆਪ ਦਾ ਵੀ ਵਿਧਾਨ ਸਭਾ ਵਿੱਚ ਮੈਡੀਕਲ ਕਾਮਿਆਂ ਦੇ ਘੋਲ ਦਾ ਮੁੱਦਾ ਚੁੱਕਣ ਦਾ ਵਾਅਦਾ ਵਫਾ ਨਹੀਹੋਇਆ। ਚੰਡੀਗੜ੍ਹ ਤੋਂ ਘੋਲ ਦੀ ਹਮਾਇਤ ਵਿੱਚ ਆਏ ਇੱਕ ਫੈਡਰੇਸ਼ਨੀ  ਨੇਤਾ ਜੋ ਮਰਨ ਵਰਤ ਰੱਖਣ ਅਤੇ ਤੋੜਨ ਲਈ ਮਸ਼ਹੂਰ ਹੈ, ਨੇ ਪੁੱਠੀ ਗੱਲ ਵੀ.ਸੀ. ਨੂੰ ਮਿਲ ਕੇ ਇਹ ਕਹਿ ਦਿੱਤੀ ਕਿ ਮੈਂ ਸਿਹਤ ਸਕੱਤਰ ਨੂੰ ਮਿਲਕੇ ਯੂਨੀਵਰਸਿਟੀ ਦੇ ਕਾਮਿਆਂ ਨੂੰ ਰੈਗੂਲਰ ਕਰਨ ਦਾ ਮਸਲਾ ਹੱਲ ਕਰਵਾ ਦੇਵਾਂਗਾ। ਇਹੀ ਗੱਲ ਵੀ.ਸੀ.  ਘੋਲ ਦੇ ਸ਼ੁਰੂ ਤੋਂ ਕਹਿੰਦਾ ਆ ਰਿਹਾ ਸੀ, ਪੱਕੇ ਕਰਨ ਦਾ ਕੰਮ ਮੇਰੇ ਹੱਥ ਨਹੀਂ ਸਰਕਾਰ ਦੇ ਹੱਥ ਹੈ। ਇਹ ਨੇਤਾ ਵੀ.ਸੀ. ਦੇ ਪੈਂਤੜੇ ਨੂੰ ਹੋਰ ਮਜ਼ਬੂਤ ਕਰ ਗਿਆ। ਇਸ ਦੇ ਮੁਕਾਬਲੇ ਵਿੱਚ ਫਰੀਦਕੋਟ ਦੀਆਂ ਸਥਾਨਕ ਜਥੇਬੰਦੀਆਂ ਦੇ ਵਫਦ ਨੇ ਵੀ.ਸੀ. ਨੂੰ ਮਿਲਕੇ ਸਾਫ ਕਿਹਾ ਕਿ ਤੁਸੀਂ ਹੜਤਾਲ ਦਾ ਨਿਪਟਾਰਾ ਨਾ ਕਰਕੇ  ਗੁਰੂ ਗੋਬਿੰਦ ਸਿੰਘ ਹਸਪਤਾਲ ਨੂੰ ਬੰਦ ਕਰਨਾ ਚਾਹੁੰਦੇ ਹੋ ਇਸ ਲਈ ਅਸੀਂ ਹੜਤਾਲ ਕਰੀ ਬੈਠੇ ਕਾਮਿਆਂ ਦੇ ਨਾਲ ਹਾਂ। ਇਸ ਘੋਲ ਵਿੱਚ ਹਮਾਇਤ ਲਈ ਜਿਥੇ ਮੁਲਾਜ਼ਮ ਜਥੇਬੰਦੀਆਂ ਆਈਆਂ ਉਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ  ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਝੰਡੇ ਚੁੱਕ ਕੇ ਆ ਗਈਆਂ।
ਵੀ.ਸੀ. ਦੇ ਅੜੀਅਲ ਰਵਈਏ ਦੇ ਖਿਲਾਫ਼ ਅਤੇ ਬਹੁਤ ਹੀ ਜ਼ਜਬਾਤੀ ਹੋ ਕੇ ਇਕ ਸਾਥੀ ਨੇ ਧਰਨੇ ਵਾਲੀ ਥਾਂ 'ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਮੌਕੇ 'ਤੇ ਹਾਜ਼ਰ ਵਰਕਰਾਂ ਨੈ ਹਿੰਮਤ ਕਰਕੇ, ਉਸਨੂੰ ਹਸਪਤਾਲ ਦਾਖਲ ਕਰਵਾ ਕੇ ਬਚਾਇਆ। ਵੀ.ਸੀ. ਨੇ 12 ਜੂਨ ਨੂੰ ਇੱਕਤਰਫ਼ਾ ਪੱਤਰ ਜਾਰੀ ਕਰਕੇ ਇਹ ਮੰਨ ਲਿਆ ਕਿ ਜਦੋਂ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ ਰੈਗੂਲਰ  ਕਰੇਗੀ ਉਦੋਂ ਯੂਨੀਵਰਸਿਟੀ ਵੀ ਆਪਣੇ ਕਰਮਚਾਰੀਆਂ ਨੂੰ ਰੈਗੂਲਰ ਕਰ ਦੇਵੇਗੀ ਅਤੇ ਠੇਕਾ ਮੁਲਾਜ਼ਮ ਦੀ ਤਨਖਾਹ ਵਿੱਚ 15 ਫੀਸਦੀ ਵਾਧਾ ਕਰ ਦਿੱਤਾ ਜਾਵੇਗਾ, ਪਰ ਇਸ ਪੱਤਰ ਵਿੱਚ ਆਊਟ ਸੋਰਸਿਜ਼ ਵਾਲੇ ਕਾਮਿਆਂ ਬਾਰੇ ਕੁਝ ਨਹੀਂ ਸੀ ਕਿਹਾ ਗਿਆ। ਕਾਮਿਆਂ ਨੇ ਇਸ ਪੱਤਰ ਨੂੰ ਨਾ ਮਨਜ਼ੂਰ ਕਰਕੇ  ਘੋਲ ਜਾਰੀ ਰੱਖਿਆ। ਕਾਮਿਆਂ ਨੇ ਖੂਨ ਦਾ ਪਿਆਲਾ ਵੀ.ਸੀ. ਨੂੰ ਪੇਸ਼ ਕਰਨਾ ਚਾਹਿਆ ਜਿਸ ਨੂੰ ਪੁਲਸ ਨੇ ਅਸਫਲ ਬਣਾ ਦਿੱਤਾ 15 ਜੂਨ ਨੂੰ ਕਾਮਿਆਂ ਦੇ ਘੋਲ ਦਾ ਪਰਚਾਰ ਕਰਨ ਲਈ ਸ਼ਹਿਰ ਵਿੱਚੋਂ ਭੀਖ ਵੀ ਮੰਗੀ।  ਫਿਰ 16 ਜੂਨ ਸ਼ਹਿਰ ਵਿੱਚ ਬਹੁਤ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ ਗਿਆ ਜਿਸਦੇ ਅੰਤ ਵਿੱਚ ਅੱਧਾ ਘੰਟਾ ਸ਼ਹਿਰ ਦਾ ਮੁੱਖ ਚੌਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਮੁਜ਼ਾਹਰੇ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਥੇ ਨੇ ਮੁਲਾਜ਼ਮਾਂ ਦਾ ਹੌਂਸਲਾ ਇਸ ਕਦਰ ਵਧਾ ਦਿੱਤਾ ਕਿ ਉਹ 2 ਘੰਟੇ ਕਹਿਰਾਂ ਦੀ ਗਰਮੀ ਵਿੱਚ ਚੌਂਕ ਜਾਮ ਕਰਕੇ ਬੈਠੇ ਰਹੇ। 21 ਨੂੰ ਇਕ ਕਮੇਟੀ ਮੈਂਬਰ ਫਿਰ ਜ਼ਹਿਰ ਨਿਗਲ ਲਿਆ, ਜਿਸ ਤੋਂ ਰੋਹ ਵਿੱਚ ਆਏ ਕਾਮਿਆਂ ਨੇ ਮੈਡੀਕਲ ਹਾਸਪਤਾਲ ਸਾਹਮਣੇ ਅਣਮਿਥੇ ਸਮੇਂ ਲਈ ਟਰੈਫਿਕ ਜਾਮ ਕਰ ਦਿੱਤਾ। ਜਾਮ 'ਤੇ ਬੈਠੇ ਕਾਮਿਆਂ ਨੂੰ ਡੀ.ਸੀ. ਫਰੀਦਕੋਟ ਵੱਲੋਂ ਗੱਲਬਾਤ ਦਾ ਸੁਨੇਹਾ ਮਿਲਿਆ।
22
ਜੂਨ ਨੂੰ ਵੀ.ਸੀ. ਸਮੇਤ ਵਰਸਿਟੀ ਪ੍ਰਸ਼ਾਸ਼ਨ ਨਾਲ ਡੀ.ਸੀ. ਫਰੀਦਕੋਟ ਦੀ ਹਾਜ਼ਰੀ ਵਿੱਚ ਗਲਬਾਤ ਹੋਈ। ਗੱਲਬਾਤ ਵਿੱਚ ਲਿਖਤੀ ਫੈਸਲਾ ਹੋਇਆ ਕਿ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 33 ਫੀਸਦੀ ਵਾਧਾ ਕੀਤਾ ਜਾਵੇਗਾ ਪਰ ਹੁਣ ਯੂਨਵਰਸਿਟੀ ਕਾਮਿਆਂ ਨੂੰ ਤੁਰੰਤ 15 ਫੀਸਦੀ ਵਾਧਾ ਹੀ ਦੇਵੇਗੀ ਅਤੇ 18 ਫੀਸਦੀ ਵਾਧਾ ਬਾਅਦ ਵਿੱਚ ਦਿੱਤਾ ਜਾਵੇਗਾ (ਜਿਸ ਦੀ ਕੋਈ ਸਮਾਂ ਤੇ ਸੀਮਾ ਤਹਿ ਨਹੀਂ ਹੈ) ਆਊਟ ਸੋਰਸਿਜ਼ ਕਾਮਿਆਂ ਦੀਆਂ ਤਨਖਾਹਾਂ ਵਿੱਚ 800 ਤੋਂ ਇੱਕ ਹਜ਼ਾਰ ਤੱਕ ਵਾਧਾ, ਡੀ.ਸੀ. ਰੇਟ ਰਾਹੀਂ ਕਰਨਾ ਪਰਵਾਨ  ਕਰ ਲਿਆ ਗਿਆ ਅਤੇ 32 ਦਿਨਾਂ ਹੜਤਾਲ ਦੀ ਤਨਖਾਹ ਦੇ ਕੇ ਹੜਤਾਲ ਦਾ ਸਮਾਂ ਰੈਗੂਲਰ ਗਿਣਿਆ ਜਾਵੇਗਾ। ਇਸ ਤਰ੍ਹਾਂ ਯੂਨੀਵਰਸਿਟੀ ਕਾਮਿਆਂ ਦੇ ਘੋਲ ਦੀ ਜਿੱਤ ਹੋਈ ਹੈ। ਵੀ.ਸੀ. ਦੇ 12 ਜੂਨ ਦੇ ਪੱਤਰ ਮੁਤਾਬਕ ਕਾਮਿਆਂ ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਨਾਲ ਹੀ ਰੈਗੂਲਰ ਕਰਨ ਅਤੇ ਤਨਖਾਹਾਂ ਵਿੱਚ ਆਉਣ ਵਾਲੇ ਸਮੇਂ ਵਿੱਚ 18 ਫੀਸਦ ਵਾਧਾ ਕਰਨ ਦੇ ਲਿਖਤੀ ਭਰੋਸੇ ਨੇ ਯੂਨੀਵਰਸਿਟੀ ਦੇ ਕਾਮਿਆਂ ਦੇ ਆਉਣ ਵਾਲੇ ਘੋਲ ਦਾ ਆਧਾਰ ਸਿਰਜ ਦਿੱਤਾ ਹੈ।
ਘੋਲ ਦੀ ਅਗਵਾਈ ਕਰ ਰਹੀ ਸਾਂਝੀ ਕਮੇਟੀ ਨੇ ਠੀਕ ਸਿੱਟਾ ਕੱਢਿਆ ਹੈ ਕਿ ਕੋਈ ਇਕੱਲੀ ਜਥੇਬੰਦੀ ਪੱਕੇ ਰੁਜ਼ਗਾਰ ਦੀ ਮੰਗ ਨਹੀਂ ਮਨਵਾ ਸਕਦੀ। ਆਗੂਆਂ ਨੇ ਜੇਤੂ ਰੈਲੀ ਵਿੱਚ ਐਲਾਨ ਕੀਤਾ ਹੈ ਕਿ ਸਾਂਝੀ ਸੰਘਰਸ਼ ਕਮੇਟੀ ਆਉਣ ਵਾਲੇ ਸਮੇਂ ਵਿੱਚ ਠੇਕਾ ਮੁਲਾਜ਼ਮਾਂ ਦੇ ਸਾਂਝੇ ਸੰਘਰਸ਼ ਦਾ ਹਿੱਸਾ ਬਣਕੇ ਘੋਲ ਲੜੇਗੀ ਅਤੇ ਆਪਣੀਆ ਸਫਾਂ ਨੂੰ ਕਿਹਾ ਹੈ ਕਿ ਇਹ ਘੋਲ ਅਜੇ ਮੁੱਕਿਆ ਨਹੀਂ, ਘੋਲ ਅਜੇ ਜਾਰੀ ਹੈ।

No comments:

Post a Comment