Saturday, October 14, 2017

ਇਕ ਭਾਰਤੀ ਮੁਸਲਮਾਨ ਦੀ ਖੁੱਲ੍ਹੀ ਚਿੱਠੀ-ਸਈਅਦ ਜੂਨੈਦ ਹਾਸ਼ਮੀ

ਮੈਂ ਇਸ ਗੱਲੋਂ ਬੜਾ ਤ੍ਰਹਿਕਿਆ ਹੋਇਆ ਹਾਂ ਕਿ ਮੇਰੇ ਖਿਲਾਫ ਕਾਹਤੋਂ ਇੱਕ ਜੰਗ ਛੇੜ ਰੱਖੀ ਹੈ। ਟੀ ਵੀ ਸਟੁਡੀਓ ਤੋਂ ਲੈ ਕੇ ਕੌਮੀ ਸ਼ਾਹਰਾਹਾਂ, ਗਲੀਆਂ-ਕੂਚਿਆਂ, ਸਭ ਥਾਵਾਂ 'ਤੇ ਮੇਰੀ ਜਾਨ ਲੈਣ ਲਈ ਭੀੜਾਂ ਉਮੜ ਪਈਆਂ ਹਨ। ਉਹ ਮੈਨੂੰ ਇਸ ਲਈ ਮਾਰਨਾ ਚਾਹੁੰਦੇ ਹਨ ਕਿ ਮੈਂ ਦੇਸ਼-ਵਿਰੋਧੀ, ਜਾਨਵਰ-ਵਿਰੋਧੀ, ਗਊ-ਵਿਰੋਧੀ, ਭਾਰਤ-ਵਿਰੋਧੀ, ਪਾਕਿਸਤਾਨ-ਪੱਖੀ ਜਾਂ ਫਿਰ ਆਈ ਐਸ ਆਈ ਦੇ ਬਹਿਕਾਵੇ ਵਿਚ ਆਇਆ ਮੁਸਲਮਾਨ-ਜੱਹਾਦੀ ਹਾਂ। ਉਨ੍ਹਾਂ ਦਾ ਐਲਾਨ ਹੈ, ਜੋ ਮਰਜੀ ਹੋਵੇ, ਨਵਾਂ ਭਾਰਤ ਉਨ੍ਹਾਂ 'ਵਿਸ਼ੇਸ਼ ਸਹੂਲਤਾਂ' ਨੂੰ ਹੋਰ ਚਿਰ ਸਹਿਣ ਕਰਨ ਲਈ ਉੱਕਾ ਹੀ ਤਿਆਰ ਨਹੀਂ ਜਿਨ੍ਹਾਂ ਨੂੰ ਮੈਂ ਇਸ ਦੇਸ਼ ਵਿੱਚ ਮਾਣਦਾ ਆ ਰਿਹਾ ਹਾਂ। ਜਿਹੜੇ ਦੇਸ਼ 'ਚ ਮੇਰੇ ਪੁਰਖੇ ਹਜ਼ਾਰ ਸਾਲ ਤੱਕ ਰਾਜ ਕਰਦੇ ਰਹੇ ਸਨ ਅਤੇ ਜਿਸ ਦੇਸ਼ ਨੇ ਉਨ੍ਹਾਂ ਕਾਬਜਕਾਰਾਂ ਅਤੇ ਉਹਨਾਂ ਦੇ ਸਹਿਯੋਗੀਆਂ ਤੋਂ 15 ਅਗਸਤ 1947 ਦੀ ਅੱਧੀ ਰਾਤ ਤੋਂ ਨਹੀਂ ਬਲਕਿ 16 ਮਈ 2014 ਨੂੰ ਆਜ਼ਾਦੀ ਪ੍ਰਾਪਤ ਕੀਤੀ ਹੈ। ਨਵੇਂ ਭਾਰਤ 'ਚ ਮੁਸਲਮਾਨਾਂ ਦੀ 'ਮੁਸਲਮਾਨਾਂ ਨੂੰ ਪ੍ਰਸੰਨ ਕਰਨ ਦੀ ਸਿਆਸਤ' ਬਹੁਤ ਹੋ ਚੁੱਕੀ ਹੈ। ਹੁਣ ਇਹ ਪ੍ਰਸੰਨ ਕਰਨਾ ਹੋਰ ਨਹੀਂ ਚੱਲੇਗਾ। ਭਾਵੇ ਉਹ ਅਨ-ਪੜ੍ਹ ਜਾਂ ਅਧ-ਪੜ੍ਹ ਭਾਰਤੀ ਮੁਸਲਮਾਨ ਹੋਣ ਤੇ ਭਾਵੇਂ ''ਆਜ਼ਾਦੀ'' ਦੀ ਮੰਗ ਕਰਨ ਵਾਲੇ ਲਾਲ ਗੱਲ੍ਹਾਂ ਵਾਲੇ ਕਸ਼ਮੀਰੀ ਲਫੰਗੇ-ਬਦਮਾਸ਼, ਨਵਾਂ ਭਾਰਤ ਆਪਣੇ ਦਿੱਲੀ ਅਤੇ ਮੁੰਬਈ ਵਿਚਲੇ ਟੀ.ਵੀ ਸਟੁਡੀਓਜ਼ ਤੋਂ ਲੈ ਕੇ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਸਫਿਆਂ ਤੱਕ-ਹਰ ਥਾਂ ਤੋਂ ਕੂਕ ਕੂਕ ਕੇ ਕਹਿ ਰਿਹਾ ਹੈ, ''ਹੁਣ ਤਾਂ ਸਿਰਾ ਹੀ ਹੋ ਗਿਆ ਹੈ। ਵਿਦੇਸ਼ੀ ਖਾੜਕੂਆਂ ਦੀ ਲਾਲ ਗੱਲ੍ਹਾਂ ਵਾਲੀ ਨਾਜਾਇਜ਼ ਔਲਾਦੇ! ਤੇਰੀ ਸਰਕਾਰੀ ਫੌਜਾਂ ਨਾਲ ਬਹਾਦਰੀ ਨਾਲ ਭਿੜਨ ਦੀ ਜੁਰਅਤ ਕਿਵੇਂ ਪਈ? ਕੀ ਤੁਹਾਨੂੰ ਇਸ ਗੱਲ ਦਾ ਰਤਾ ਭਰ ਵੀ ਇਲਮ ਨਹੀਂ ਕਿ ਤੁਹਾਡੇ ਕੋਲ ਅਸਹਿਮਤੀ ਦੇ ਪ੍ਰਗਾਟਾਵੇ ਦਾ ਕੋਈ ਅਧਿਕਾਰ ਹੀ ਨਹੀਂ? ਤੁਸੀਂ ਸਾਡਾ ਹੀ ਦਾਣਾ-ਪਾਣੀ ਛਕਦੇ ਹੋ ਤੇ ਸਾਡੀਆਂ ਪਾਕ-ਪਵਿੱਤਰ ਸੁਰੱਖਿਆ ਸੈਨਾਵਾਂ ਉਤੇ ਪੱਥਰ ਵਰ੍ਹਾਉਂਦੇ ਹੋ। ਇਸ ਨੂੰ ਹੁਣ ਉੱਕਾ ਹੀ ਸਹਿਣ ਨਹੀਂ ਕੀਤਾ ਜਾਵੇਗਾ। ਇਹ ਹੁਣ ਇੱਕ ਨਵਾਂ ਰਾਸ਼ਟਰ (ਦੇਸ਼) ਹੈ। ਹੁਣ ਅਸੀਂ ਤੁਹਾਡੇ ਦੇਸ਼-ਵਿਰੋਧੀ ਕਾਰਿਆਂ ਨੂੰ ਚੁੱਪ-ਚੁਪੀਤੇ ਬੈਠ ਕੇ ਦੇਖਦੇ ਨਹੀਂ ਰਹਿ ਸਕਦੇ। ਹੁਣ ਅਸੀਂ ਤੁਹਾਨੂੰ ਦੇਸ਼ ਧ੍ਰੋਹੀ ਠੱਗਾਂ ਨੂੰ-ਅਜਿਹਾ ਸਬਕ ਸਿਖਾਵਾਂਗੇ ਜੋ ਤੁਹਾਨੂੰ ਮੁੱਦਤਾਂ ਤੱਕ ਯਾਦ ਰਹੇਗਾ।'
ਸਾਬਕਾ ਫੌਜੀ ਅਫਸਰਾਂ ਅਤੇ ਸੁਤੰਤਰ ਪੱਤਰਕਾਰਾਂ ਦੇ ਭੇਸ 'ਚ ਵਿੱਚਰ ਰਹੇ ਤੇ ਸੱਜੇ-ਪੱਖੀ ਲਾਗ ਨਾਲ ਗ੍ਰਹਿਣੇ ਕਾਰਕੁੰਨਾਂ ਵੱਲੋਂ ਮੈਨੂੰ ਸ਼ਰੇਆਮ ਸੁਣਾਇਆ ਜਾ ਰਿਹਾ ਹੈ ਕਿ ਮੈਂ ਉਸ ਦੇਸ਼ ਪ੍ਰਤੀ ਨਾ-ਸ਼ੁਕਰਾ ਹਾਂ, ਅਹਿਸਾਨ-ਫਰਾਮੋਸ਼ ਹਾਂ, ਜੋ ਦੇਸ਼ ਪਿਛਲੇ 70 ਸਾਲਾਂ ਤੋਂ ਮੇਰਾ ਢਿੱਡ ਭਰਦਾ ਆ ਰਿਹਾ ਹੈ।
ਇਹ ਸਾਰਾ ਕੁੱਝ ਉਸ ਸਰਕਾਰ ਦੇ ਐਨ ਨੱਕ ਥੱਲੇ ਹੋ ਰਿਹਾ ਹੈ ਜਿਹੜੀ 125 ਕਰੋੜ ਭਾਰਤੀਆਂ ਦੇ 'ਸਭ ਦਾ ਸਾਥ, ਸਭ ਦਾ ਵਿਕਾਸ' ਦੀਆਂ ਅਕਸਰ ਡੀਂਗਾਂ ਮਾਰਦੀ ਰਹਿੰਦੀ ਹੈ। ਮੈਂ ਇਸ ਗੱਲੋਂ ਕਈ ਵਾਰ ਬੜਾ ਹੈਰਾਨ ਹੁੰਦਾ ਹਾਂ ਕਿ ਇਹਨਾਂ 125 ਕਰੋੜ ਭਾਰਤੀਆਂ ਵਿਚ, ਕੀ 18 ਕਰੋੜ ਮੁਸਲਮਾਨ-ਤੇ ਵਿਸ਼ੇਸ਼ ਕਰਕੇ ਉਹ ਮੁਸਲਮਾਨ ਜੋ ਜੰਮੂ -ਕਸ਼ਮੀਰ ਦੇ ਵਸ਼ਿੰਦੇ ਹਨ-ਵੀ ਸ਼ਾਮਲ ਹਨ ਜਾਂ ਨਹੀਂ ? 'ਸਭ ਦਾ ਸਾਥ, ਸਭ ਦਾ ਵਿਕਾਸ' ਦੀ ਰਟ ਲਾਉਣ ਵਾਲੀ ਇਸ ਸਰਕਾਰ ਵੱਲੋਂ ਮੇਰੇ ਬਾਰੇ ਕਸੀਆਂ, ਉਪਰ ਜਿਕਰ ਕੀਤੀਆਂ ਫਬਤੀਆਂ ਬਾਰੇ  ਵੱਟੀ ਚੁੱਪੀ ਸਿਰਫ ਚੱਕਰ 'ਚ ਪਾਉਣ ਵਾਲੀ ਹੀ ਨਹੀਂ ਸਗੋਂ ਮੁਜ਼ਰਮਾਨਾ ਵੀ ਹੈ। ''ਦੇਸ਼-ਧਰੋਹੀ, ਲਾਲ-ਗੱਲ੍ਹਾਂ ਵਾਲੇ ਸ਼ੈਤਾਨ ਅਤੇ ਵਿਦੇਸ਼ੀ ਖਾੜਕੂਆਂ ਦੀ ਨਾਜ਼ਾਇਜ਼ ਔਲਾਦ''- ਕੀ ਕਸ਼ਮੀਰ ਬੱਸ ਇਹੋ ਕੁਝ ਹੈ? ਮੇਰਾ ਤਾਂ ਬਾਕੀ ਦੇ ਸਮੁੱਚੇ ਦੇਸ਼ 'ਚ ਇੱਕ ਜਾਂ ਦੁਜੇ ਬਹਾਨੇ, ਲਗਾਤਾਰ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਹੈ।
ਦੇਸ਼ ਦੇ ਕਿਸੇ ਇੱਕ ਹਿੱਸੇ ਵਿਚ ਮੇਰੇ ਖਾਣ-ਪਾਣ ਦੀਆਂ ਆਦਤਾਂ ਕਰਕੇ  ਤੇ ਕਿਸੇ ਦੂਜੇ ਭਾਗ ਵਿਚ  ''ਲਵ-ਜਹਾਦ'' ਦੇ ਨਾਂ ਹੇਠ ਮੈਨੂੰ ਭੀੜ ਵੱਲੋਂ ਚਿੱਪ ਦੇਣਾ ਜਾਂ ਮਾਰੇ ਜਾਣਾ ਵਾਜਬ ਬਣ ਜਾਂਦਾ ਹੈ। ਸਾਡਾ ਅਤਿ-ਸੰਵੇਦਨਸ਼ੀਲ ਤੇ ਅਤਿ-ਕੌਮਪ੍ਰਸਤ ਕੌਮੀ ਮੀਡੀਆ ਇਸ 'ਤੇ ਭੋਰਾ ਭਰ ਵੀ ਚੂੰ-ਚਰਾਂ ਨਹੀਂ ਕਰਦਾ। ਜੇ ਮੇਰੀ ਫਰਿਜ 'ਚ ਪਿਆ ਮੀਟ ਬੀਫ (ਗਊ-ਮਾਸ) ਹੋਵੇ ਤਾਂ ਅਜਿਹੀ ਹਾਲਤ 'ਚ ਭੀੜ ਵੱਲੋਂ ਮੈਨੂੰ ਥਾਏਂ ਫੇਹ ਦੇਣਾ ਜਾਇਜ਼ ਬਣ ਜਾਂਦਾ ਹੈ।
ਮੈਨੂੰ ਇਹ ਗੱਲ ਸਮਝ ਨਹੀਂ ਪੈ ਰਹੀ ਕਿ ਮੈਂ ਆਪਣੇ ਨਾਲ ਦੇ ਹਮਵਤਨਾਂ ਨੂੰ ਇਹ ਗੱਲ ਕਿਵੇਂ ਸਮਝਾਵਾਂ-ਜਚਾਵਾਂ ਕਿ ਭਾਵੇਂ ਗੱਲ੍ਹਾਂ ਤਾਂ ਮੇਰੀਆਂ ਵੀ ਲਾਲ ਹਨ ਪਰ ਮੈਂ ਉਸ ਕਸ਼ਮੀਰ 'ਚ ਨਹੀਂ ਰਹਿੰਦਾ ਜਿੱਥੇ ''ਪਾਕਿਸਤਾਨ ਦੀ ਜਿੱਤ 'ਤੇ ਖੁਸ਼ੀ ਮਨਾਈ ਜਾਂਦੀ ਹੈ ਅਤੇ ਅਮਨ ਦੇ ਰਾਖਿਆਂ 'ਤੇ ਪੱਥਰ ਮਾਰੇ ਜਾਂਦੇ ਹਨ।'' ਕਸ਼ਮੀਰ ਵਿੱਚ ਤੁਸੀਂ ਮੈਨੂੰ ਮੇਰੇ ਵੱਲੋਂ ਕਹੀ ਉਪਰੋਕਤ ਗੱਲ ਲਈ ਦੋਸ਼ ਦਿੰਦੇ ਹੋ। ਪਰ ਇਹ ਗੱਲ ਮੇਰੀ ਸਮਝੋਂ ਬਾਹਰ ਹੈ ਕਿ ਬਾਕੀ ਦੇਸ਼ ਵਿਚ ਮੈਨੂੰ ਹੂਰੇ ਖਾਣ ਵਾਲਾ ਪੰਚਿੰਗ-ਬੈਗ ਕਾਹਤੋਂ ਬਣਾਇਆ ਜਾ ਰਿਹਾ ਹੈ?
ਮੈਂ ਇੱਕ ਭਾਰਤੀ ਮੁਸਲਮਾਨ ਹਾਂ। ਪਾਕਿਸਤਾਨ ਵਿਰੁੱਧ ਮੁਕਾਬਲੇ 'ਚ-ਭਾਵੇਂ ਜੰਗ ਦਾ ਮੈਦਾਨ ਹੋਵੇ, ਕ੍ਰਿਕਟ ਜਾਂ ਕਿਸੇ ਹੋਰ ਮੁਕਾਬਲੇ ਦਾ ਮੈਦਾਨ ਹੋਵੇ-ਮੈਂ ਪਾਕਿਸਤਾਨ ਉੱਪਰ ਭਾਰਤ ਦੀ ਜਿੱਤ ਦੀ ਖੁਸੀ ਮਨਾਉਂਦਾ ਹਾਂ। ਇਸ ਦੇ ਬਾਵਜੂਦ, ਭੀੜ ਵੱਲੋਂ ਮੈਨੂੰ ਰੌਂਦਿਆ ਜਾਂਦਾ ਹੈ, ਠੁੱਡੇ ਮਾਰੇ ਜਾਂਦੇ ਹਨ, ਗਾਲੀ-ਗਲੋਚ ਕੀਤਾ ਜਾਂਦਾ ਹੈ ਤੇ ਇਸ ਭੱਦੀ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ ਜੋ ਉਸ ਦੇਸ਼ ਨੂੰ ਸ਼ੋਭਾ ਨਹੀਂ ਦਿੰਦਾ ਜਿਸ ਦੀ ਤਾਕਤ ਹਮੇਸ਼ਾ ਹੀ ਇਸ ਦੀ ਬੇਹੱਦ ਦੁਰਕਾਰੀ ਜਾਂਦੀ ਧਰਮ ਨਿਰਪੱਖਤਾ ਰਹੀ ਹੈ। ਮੈਂ ਮੌਜੂਦਾ ਰਾਜ ਤੋਂ ਬਾਗੀ ਹੋ ਕੇ ਆਈ.ਐਸ.ਆਈ.ਐਸ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਮੇਰੇ ਬਾਰੇ ਕਿਹਾ ਜਾ ਰਿਹਾ ਹੈ ਕਿ ਮੈਂ ਆਉਂਦੇ ਦਹਾਕੇ ' ਹਿੰਦੂ ਭਾਰਤ ਨੂੰ ਮੁਸਲਮਾਨ ਭਾਰਤ 'ਚ ਤਬਦੀਲ ਕਰ ਦੇਣਾ ਚਾਹੁੰਦਾ ਹਾਂ। ਮੈਂ ਸੋਚੀਂ ਪੈ ਜਾਂਦਾ ਹਾਂ, ਮੈਂ ਇੱਕ ਅਜਿਹੀ ਬਰਾਦਰੀ 'ਚੋ ਆਉਂਦਾ ਹਾਂ ਜਿਸ ਦੀਆਂ ਨਰਕੀ ਰਹਾਇਸ਼ੀ ਥਾਵਾਂ, ਅਣਵਿਕਸਿਤ ਕਲੌਨੀਆਂ ਨੂੰ ''ਬੱਚੇ ਪੈਦਾ ਕਰਨ ਦੇ ਅੱਡੇ'' ਗਰਦਾਨਿਆ ਜਾ ਰਿਹਾ ਹੈ। ਹਾਲਾਂਕਿ ਇਹਨਾਂ ਦੀ ਵਿਕਾਸ-ਵਿਹੂਣੀ ਤੇ ਤਰਸਯੋਗ ਹਾਲਤ ਗੰਭੀਰ ਅਧਿਐਨ ਦਾ ਵਿਸ਼ਾ ਬਣਨ ਦੀ ਹੱਕਦਾਰ ਹੈ। ਇਹ ਸਾਰਾ ਕੁੱਝ ਇਸ  ਗੱਲ ਦੇ ਬਾਵਜੂਦ ਕਿਹਾ ਜਾ ਰਿਹਾ ਹੈ ਕਿ ਮੇਰੇ ਪੁਰਖਿਆਂ ਦੇ ਇਸ ਮੁਲਕ ਉੱਪਰ 900 ਸਾਲਾ ਸ਼ਾਸ਼ਨ ਦੇ ਹੁੰਦਿਆਂ ਇਹ ਹਿੰਦੂ ਬਹੁ-ਗਿਣਤੀ ਵਾਲਾ ਧਰਮ-ਨਿਰਪੱਖ ਤੇ ਸਮਾਜਵਾਦੀ ਦੇਸ਼ ਬਣਿਆ ਰਿਹਾ। ਇਸ ਤੋਂ ਵੀ ਅੱਗੇ, ਇਹ ਅਜਿਹਾ ਦੇਸ਼ ਬਣਿਆ ਰਿਹਾ ਜਿੱਥੇ ਮੋਹ-ਪਿਆਰ, ਵੰਨ-ਸੁਵੰਨਤਾ, ਮਨੁੱਖੀ-ਭਾਈਚਾਰੇ ਤੇ ਨਿਰਮਾਣਤਾ ਨੂੰ ਆਦਰ ਮਾਣ ਹੀ ਨਹੀਂ ਦਿੱਤਾ ਜਾਂਦਾ ਸਗੋਂ ਪੂਜਣਯੋਗ ਸਮਝਿਆ ਜਾਂਦਾ ਹੈ।
ਮੁਲਕ ਭਰ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਸ਼ਾਨਦਾਰ ਮੰਦਰ, ਜਿਨ੍ਹਾਂ ਦੀ ਭਵਨ ਉਸਾਰੀ ਕਲਾ ਕਈ ਸੈਂਕੜੇ ਸਾਲ ਪੁਰਾਣੀ ਹੈ, ਇਸ ਗੱਲ ਦੇ ਗੁਆਹ ਹਨ ਕਿ ਮੇਰੇ ਪੁਰਖਿਆਂ 'ਚ ਵਸੀ ਭਾਰਤੀ ਆਤਮਾ ਨੇ ਉਹਨਾਂ ਨੂੰ ਆਪਣੀ ਜੀਵਨ-ਜਾਚ ਹੋਰਾਂ ਉੱਪਰ ਮੜ੍ਹਨ ਦੀ ਇਜ਼ਾਜਤ ਨਹੀਂ ਦਿੱਤੀ। ਪਰ ਯੋਗੀ ਅਦਿੱਤਿਆ ਨਾਥ ਤੇ ਮਨੋਹਰ ਲਾਲ ਖੱਟੜ ਦਾ ਨਵਾਂ ਭਾਰਤ ਅਜਿਹੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ। ਤਦ ਹੀ ਮੈਂ ਚੁੱਪ ਨਾ ਰਹਿਣ ਅਤੇ ਉਨ੍ਹਾਂ ਕੁੱਝ ਕੁ ਢੁੱਕਵੇਂ ਸੁਆਲਾਂ ਦਾ Àੁੱਤਰ ਦੇਣ ਦੀ ਚੋਣ ਕੀਤੀ ਹੈ ਜਿਨ੍ਹਾਂ ਦੇ ਸਬੰਧ 'ਚ ਇੱਕ ਆਮ ਭਾਰਤੀ ਅਕਸਰ ਹੀ ਜਾਨਣਾ ਚਾਹੁੰਦਾ ਹੈ। ਟਵਿੱਟਰ ਤੋਂ ਲੈ ਕੇ ਫੇਸਬੁੱਕ ਤੱਕ, ਸਭ ਉਪਰ ਬਥੇਰਾ ਬੌਧਿਕ ਕੂੜ-ਕਬਾੜ ਪਿਆ ਹੈ। ਵਰਤੀ ਗਈ ਜ਼ੁਬਾਨ ਅਕਸਰ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਮੁਸਲਮਾਨਾਂ 'ਚ ਵਧ ਰਿਹਾ ਧਾਰਮਕ ਕੱਟੜ-ਪੰਥ, ਮੂਲਵਾਦ ਅਤੇ ਜਨੂੰਨ ਸਮੱਸਿਆ ਜਨਕ ਹੈ।
ਮੈਂ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹਾਂ। ਇਹ ਮੱਤ ਕਿ ਮੈਂ ਸਖਤ-ਪੰਥੀ ਇਸਲਾਮ ਦਾ ਤਿਆਗ ਕਰਕੇ ਇਕ ਹੋਰ ਅਨੋਖੇ ਲਕਬ 'ਸੂਫੀਵਾਦ' ਨੂੰ ਅਪਣਾ ਲੈਂਦਾ ਹਾਂ ਤਾਂ ਟਵਿੱਟਰ, ਫੇਸਬੁੱਕ ਤੇ ਇੰਸਟਾਗਰਾਮ ਵਾਲੇ ਇਸ ਨਵੇਂ ਭਾਰਤ ਦਾ ਆਗਿਆਕਾਰੀ ਸਾਊ ਨਾਗਰਿਕ ਬਣ ਜਾਵਾਂਗਾ, ਪੂਰੀ ਤਰ੍ਹਾਂ ਗਲਤ ਸੋਚ ਹੈ। ਕੱਟੜ-ਪੰਥੀ ਇਸਲਾਮ 'ਚ ਨੁਕਸ ਕੱਢਣ ਅਤੇ ਸੂਫੀ ਧਾਰਾ ਵਾਲਾ ਇਸਲਾਮ ਗ੍ਰਹਿਣ ਕਰਨ ਦੀ ਵਕਾਲਤ ਕਰਨ ਦੀ ਥਾਂ, ਨਵੇਂ ਭਾਰਤ ਨੂੰ ਮੈਨੂੰ ਠੋਸ ਰੂਪ 'ਚ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਸਮੱਸਿਆ ਅਸਲ 'ਚ ਕਿਹੜੀ ਗੱਲ ਦੀ ਹੈ ਅਤੇ ਇਹਦਾ ਹੱਲ ਕਰਨ ਲਈ ਮੈਨੂੰ ਦਰੁਸਤੀ ਦੇ ਕੀ ਕਦਮ ਚੁੱਕਣੇ ਚਾਹੀਦੇ ਹਨ। ਪਰੰਤੂ ਜਦ ਮੈਂ ਇਸ ਦੀ ਪੁਣ-ਛਾਣ ਕਰਦਾ ਹਾਂ ਤਾਂ ਮੈਨੂੰ ਪਤਾ ਲਗਦਾ ਹੈ ਕਿ ਜੋ ਕੁੱਝ ਕਿਹਾ ਜਾ ਰਿਹਾ ਹੈ, ਉਹ ਜ਼ਮੀਨੀ ਹਕੀਕਤ ਤੋਂ ਐਨ ਉਲਟ ਹੈ।
ਤੁਸ਼ਟੀਕਰਨ! ਤੁਸ਼ਟੀਕਰਨ!! ਤੇ ਤੁਸ਼ਟੀਕਰਨ!!!
ਹੁਣ ਤੋਂ ਪਹਿਲਾਂ ਦੀਆਂ ਸਭਨਾਂ ਸਰਕਾਰਾਂ ਦਾ ਇੱਕੋ ਇੱਕ ਮਕਸਦ ਮੇਰਾ ਤੁਸ਼ਟੀਕਰਨ (ਮੈਨੂੰ ਪ੍ਰਸੰਨ ਕਰਨਾ) ਰਿਹਾ ਹੈ। ਇਸ ਵਿੱਚ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਬਣੀ ਸਰਕਾਰ ਵੀ ਸ਼ਾਮਲ ਹੈ। 15 ਅਗਸਤ 1947 ਤੋਂ ਲੈ ਕੇ 16 ਮਈ 2014 ਤੱਕ ਕੀਤੀ ਮੇਰੀ ਭਰਪੂਰ ਤੁਸਟੀਕਰਨ ਦੇ ਬਾਵਜੂਦ, ਜਸਟਿਸ ਸੱਚਰ ਕਮੇਟੀ ਦੀ ਰਿਪੋਰਟ ਨੇ ਬਦਖੋਈ ਦਾ ਭਾਰੀ ਮੁੱਦਾ ਬਣੇ ''ਮੁਸਲਮ ਤੁਸ਼ਟੀਕਰਨ'' ਦੇ ਸੱਚ ਦਾ ਭਾਂਡਾ ਭੰਨ ਦਿੱਤਾ ਹੈ। ਤੁਸ਼ਟੀਕਰਨ ਦੀ ਇਹ ਸ਼ਬਦ-ਬਣਤਰ ਜਿਸ ਨੇ ਵੀ ਘੜੀ ਹੈ ਉਹ ਆਪਣੀ ਕਬਰ ਵਿਚ ਇਹ ਸੁਣ ਕੇ ਉਸਲਵੱਟੇ ਲੈ ਰਿਹਾ ਹੋਵੇਗਾ ਕਿ ਪੂਰੇ 67 ਸਾਲ ਤੱਕ ਮੇਰਾ ਤੁਸ਼ਟੀਕਰਨ ਜਾਰੀ ਰਿਹਾ ਅਤੇ 16 ਮਈ 2014 ਨੂੰ ਇਹ ਸਭ ਬੰਦ ਹੋ ਗਿਆ। ਫਿਰਕੂ ਦੰਗਿਆਂ ਤੇ ਉਨ੍ਹਾਂ ਦਾ ਬਾਅਦ 'ਚ ਜਿਹੋ ਜਿਹਾ ਇਨਸਾਫ ਮਿਲਿਆ, ਉਸ ਦਾ ਬਿਰਤਾਂਤ ਮੇਰੀ ਸਮਾਜੀ-ਆਰਥਕ ਹੈਸੀਅਤ ਅਤੇ ਰਾਜ-ਪ੍ਰਬੰਧਕੀ ਤਾਣੇ-ਬਾਣੇ ਵੱਲੋਂ ਮੇਰੇ ਨਾਲ ਕੀਤੇ ਜਾਂਦੇ ਵਰਤਾਅ-ਇਹ ਸਭ ਮਿਲ ਕੇ ਇਸ ਗੱਲ ਦੀ ਭਰਵੀਂ ਤਸਵੀਰ ਪੇਸ਼ ਕਰਦੇ ਹਨ ਕਿ 67 ਸਾਲ ਤੱਕ ਕਿੰਨਾ ਕੁ ਮੇਰਾ ਤੁਸ਼ਟੀਕਰਨ ਕੀਤਾ ਗਿਆ ਅਤੇ 16 ਮਈ 2014 ਤੋਂ ਬਆਦ ਕਿਵੇਂ ਮੇਰੇ ਲਈ ਸਭ ਕੁੱਝ ਬਦਲ ਗਿਆ।
ਮੈਨੂੰ ਤਾਂ ਹੁਣ ਇਹ ਗਿਣਤੀ ਕਰਨੀ ਵੀ ਵਿੱਸਰ ਗਈ ਹੈ ਕਿ ਮੈਨੂੰ ਕਿੰਨੇ ਵਾਰੀ ਜਾਨੋ ਮਾਰਿਆ ਗਿਆ ਹੈ। ਮੇਰੇ 'ਤੇ ਗੋਲੀਆਂ ਦੀ ਬੁਛਾੜ ਕੀਤੀ ਗਈ, ਪੈਲੇਟਸ (ਛਰਿਆਂ) ਦਾ ਛਾਣਾ ਦਿੱਤਾ ਗਿਆ, ਮੇਰਾ ਮਕਾਨ ਜਲਾ ਦਿੱਤਾ ਗਿਆ, ਮੇਰੀ ਮਸਜਦ ਦੀ ਲੁੱਟਮਾਰ ਕੀਤੀ ਗਈ, ਮੇਰੀ ਦਰਗਾਹ ਢਾਹ ਕੇ ਖੰਡਰ ਬਣਾ ਦਿੱਤੀ, ਮੇਰੀ ਨਿੱਜੀ ਸੰਪਤੀ ਦੀ ਭੰਨ-ਤੋੜ ਕੀਤੀ ਗਈ, ਮੇਰੀ ਇੱਜਤ ਰੋਲੀ ਗਈ, ਮੇਰੀਆਂ ਮਾਵਾਂ-ਭੈਣਾਂ ਦੀ ਇੱਜਤ ਲੁੱਟੀ ਗਈ ਤੇ ਮੇਰਾ ਪਸ਼ੂ ਡੰਗਰ ਖੋਲ੍ਹ ਕੇ ਲੈ ਗਏ, ਮੇਰਾ ਬੁੱਚੜਖਾਨਾ ਬੰਦ ਕਰ ਦਿੱਤਾ ਗਿਆ, ਮੇਰੀ ਗੋਸ਼ਤ ਦੀ ਦੁਕਾਨ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ, ਗਿਣ ਗਿਣ ਕੇ ਮੇਰਾ ਕਾਰੋਬਾਰ ਤਬਾਹ ਕੀਤਾ ਗਿਆ, ਮੇਰੀ ਨੌਕਰੀ ਖੋਹ ਲਈ ਗਈ, ਬੈਂਕ ਨੇ ਮੇਰੇ ਕਾਰੋਬਾਰ ਨੂੰ ਫਿਨਾਂਸ ਕਰਨ ਤੋਂ ਜੁਆਬ ਦੇ ਦਿੱਤਾ, ਮੇਰੀ ਕਾਰ ਦੀ ਭੰਨ-ਤੋੜ ਕੀਤੀ ਗਈ ਅਤੇ ਸਭ ਤੋਂ ਵੱਡੀ ਗੱਲ, ਅਸਹਿਮਤੀ ਦਾ ਮੇਰਾ ਅਧਿਕਾਰ ਖੋਹ ਲਿਆ ਗਿਆ। ਮੇਰੇ ਦੇਸ਼ ਵਾਸੀਆਂ ਨੂੰ ਮੈਂ ਦੱਸ ਦਿਆਂ: ਕਾਂਗਰਸ ਦੇ ਰਾਜ ਤੋਂ ਲੈ ਕੇ ਹੁਣ ਤੱਕ, ਮੇਰੇ ਲਈ ਕੋਈ ਖਾਸ ਨਹੀਂ ਬਦਲਿਆ। ਹਾਸ਼ਿਮਪੁਰਾ ਤੋਂ ਲੈ ਕੇ ਲਾਲ ਚੌਕ, ਚੇਨਈ ਤੱਕ, ਬੰਦੂਕ ਦੀਆਂ ਗੋਲੀਆਂ ਨੇ ਮੈਨੂੰ ਕਦੇ ਵੀ ਨਹੀਂ ਬਖਸ਼ਿਆ। ਇਨਸਾਫ ਨੇ ਮੈਨੂੰ ਹਮੇਸ਼ਾ ਚਕਮਾ ਹੀ ਦਿੱਤਾ ਹੈ।
ਤੁਸੀਂ 'ਅਤਿ-ਕੌਮਪ੍ਰਸਤੀ' ਦੇ ਪਰਦੇ ਉਹਲੇ ਲੁਕ ਨਹੀਂ ਸਕਦੇ ਅਤੇ ਟੈਲੀਵਿਜ਼ਨ ਸਟੁਡੀਓਜ਼ 'ਚੋਂ ਸੰਘ ਪਾੜ-ਪਾੜ ਚਿਲਾ ਕੇ ਮੈਨੂੰ ਚੁੱਪ ਨਹੀਂ ਕਰਾ ਸਕਦੇ। ਤੁਹਾਨੂੰ ਆਪਣੇ ਆਪ ਨੂੰ ਇਹ ਸੁਆਲ ਕਰਨਾ ਚਾਹੀਦਾ ਹੈ ਕਿ ਕਿਸ ਨੇ, ਕਦੋਂ ਅਤੇ ਕਿੱਥੇ ਮੇਰਾ ਤੁਸ਼ਟੀਕਰਨ ਕੀਤਾ। ਭਾਵੇਂ ਇਹ ਗੋਲੀ ਕਾਂਗਰਸ ਨੇ ਦਾਗੀ ਹੋਵੇ ਤੇ ਭਾਵੇਂ ਭਾਜਪਾ ਨੇ, ਇੱਕੋ ਇੱਕ ਛਾਤੀ ਜੋ ਇਸ ਨੇ ਵਿੰਨ੍ਹੀ, ਉਹ ਮੇਰੀ ਹੈ। ਪੈਲੇਟ ਗੰਨਾਂ ਹੋਣ ਜਾਂ ਦੂਜੀਆਂ ਗੰਨਾਂ, ਤੁਸੀਂ ਆਪਣੀ ਜ਼ਮੀਰ ਨੂੰ ਪੁੱਛੋ, ਹਰ ਬਾਰ ਮੈਂ ਹੀ ਇਹਨਾਂ ਦਾ ਆਸਾਨ ਨਿਸ਼ਾਨਾ ਕਿÀੁਂ ਬਣਿਆ ਹਾਂ? ਦੇਸ਼-ਧ੍ਰੋਹੀ ਦੀ ਤੋਤਾ ਰਟ ਨੂੰ ਪਾਸੇ ਰੱਖ ਕੇ ਜਰਾ ਸੁਣੋ; ਉੱਤਰ ਪ੍ਰਦੇਸ਼ ਦਾ ਪਹਿਲੂ ਖਾਨ ਹੋਣ ਦੇ ਬਾਵਜੂਦ ਮੈਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਤੁਸੀਂ ਲੋਕਾਂ ਨੇ  ਟੀ ਵੀ ਸਟੂਡੀਓ 'ਚ ਬੈਠ ਕੇ ਮੇਰੇ ਮਾਰੇ ਜਾਣ ਨੂੰ ਵਾਜਬ ਠਹਿਰਾਇਆ। ਪਹਿਲੂ ਖਾਨ ਦੇ ਪਰਿਵਾਰ ਖਿਲਾਫ ਹੀ ਐਫ. ਆਈ.ਆਰ ਦਰਜ ਕੀਤੇ ਜਾਣ ਖਿਲਾਫ ਤੁਸੀਂ ਕਿਸੇ ਨੇ ਚੂੰ ਤੱਕ ਵੀ ਨਹੀਂ ਕੀਤੀ। ਅਤੇ ਇਸ ਸਭ ਦੇ ਬਾਵਜੂਦ ਹਾਲੇ ਵੀ ਤੁਹਾਨੂੰ ''ਮੁਸਲਿਮ ਤੁਸ਼ਟੀਕਰਨ'' ਦੀ ਚਿੰਤਾ ਵੱਢ ਵੱਢ ਖਾਈ ਜਾ ਰਹੀ ਹੈ। ਜੇ ਹਾਲੇ ਵੀ ਕੋਈ ਘਾਟ ਲਗਦੀ ਹੈ ਤਾਂ ਬੌਲੀਵੁੱਡ, ਟੌਲੀਵੁੱਡ ਜਾਂ ਪੰਜਾਬੀ ਫਿਲਮਾਂ 'ਚ ਇਸ 'ਵਿਗੜੇ ਅਤੇ ਤੁਸ਼ਟੀਕਰਨ ਕੀਤੇ ਗੁਲਾਬੀ ਗੱਲ੍ਹਾਂ ਵਾਲੇ ਬਦਮਾਸ਼, ਯਾਨੀ ਮੈਨੂੰ, ਜਿਨ੍ਹਾਂ ਭੂਮਿਕਾਵਾਂ ਵਿਚ ਪੇਸ਼ ਕੀਤਾ ਜਾਂਦਾ ਹੈ, ਉਨ੍ਹਾਂ 'ਤੇ ਜ਼ਰਾ ਨਜ਼ਰ ਮਾਰੋ। ਧੋਖੇਬਾਜ, ਵਿਸਵਾਸ਼ ਨਾ ਕਰਨਯੋਗ, ਫਿਰਕੂ ਕੱਟੜ ਪੰਥੀ ਜਾਂ ਫਿਰ ਦਹਿਸ਼ਤ ਗਰਦ ਦੇ ਰੂਪ ਵਿਚ ਪੇਸ਼ ਕਰਨ ਤੋਂ ਇਲਾਵਾ ਹੋਰ ਭੂਮਿਕਾਵਾਂ ਹਨ: ਕਸਾਈ, ਦਰਜੀ, ਮੋਚੀ, ਤਰਖਾਣ, ਮਕੈਨਿਕ, ਇਲੈਕਟ੍ਰੀਸ਼ਨ, ਹੌਲਦਾਰ, ਯਤੀਮ, ਅੰਗਹੀਣ, ਭਿਖਾਰੀ, ਦਲਾਲ, ਵੇਸਵਾ, ਡਾਂਸਰ, ਨਫੀਸ ਗਣਿਕਾ, ਨੌਕਰ ਦੋਸਤ, ਪਹਿਰੇਦਾਰ, ਚਾਲ ਵਾਲਾ, ਟਾਂਗੇਵਾਲਾ, ਸ਼ਿਕਾਰੇਵਾਲਾ, ਖਲਨਾਇਕ, ਜਨੂੰਨੀ, ਮੂਲਵਾਦੀ, ਗੈਂਗਸਟਰ, ਮਾਫੀਆ ਡੌਨ ਜਾਂ ਦੇਸ਼-ਧਰੋਹੀ। ਹੁਣ ਬੌਲੀਵੁੱਡ ਦੇ ਖਾਨਾਂ ਦੇ ਸੋਹਲੇ ਨਾ ਗਾਉਣੇ ਸ਼ੁਰੂ ਕਰ ਦੇਣਾ। ਇੱਥੋਂ ਤੱਕ ਕਿ ਉਹ ਵੀ ਤਾਂ ਆਪਣੀਆੰ ਫਿਲਮਾਂ ' ਕੋਈ ਖਾਸ ਪੇਸ਼ਕਾਰੀ ਨਹੀਂ ਕਰ ਸਕੇ। ਉਹ ਉਹੀ ਬਣਾਉਂਦੇ ਹਨ ਜੋ ਵਿਕਦਾ ਹੈ। ਸ਼ਾਹਰੁਖ ਖਾਨ 'ਲਵ-ਸਟੋਰੀ' 'ਚ ਰਾਜੀਵ ਬਣਨ ਨੂੰ ਤੇ ਗੈਂਗਸਟਰ ਦੀ ਕਹਾਣੀ ਬਿਆਨ ਕਰਨ ਵੇਲੇ ਰਾਈਸ ਬਣਨ ਨੂੰ ਤਰਜੀਹ ਦਿੰਦਾ ਹੈ। ਸਲਮਾਨ ਸਰਹੱਦ ਦੇ ਉਸ ਪਾਰ ਤੱਕ ਜਾਂਦੀ ਕਹਾਣੀ ਦਾ ਬਿਰਤਾਂਤ ਪੇਸ਼ ਕਰਨ ਲਈ ਬਜਰੰਗੀ ਬਣ ਜਾਂਦਾ ਹੈ। ਫਿਰ ਵੀ ਕਿਹਾ ਜਾ ਰਿਹਾ ਹੈ ਕਿ ਮੇਰਾ ਪਿਛਲੇ 67 ਸਾਲ ਤੋਂ ਤੁਸ਼ਟੀਕਰਨ ਹੋਇਆ ਹੈ। ਇਸ ਨੂੰ ਹੋਰ ਵੀ ਰੌਚਕ ਬਣਾਉਣ ਵਾਲੀ ਗੱਲ ਇਹ ਹੈ ਕਿ ਨਵੀਂ ਸਰਕਾਰ ਨੂੰ ਇਸ 'ਤੁਸ਼ਟੀਕ੍ਰਿਤ ਬਰਾਦਰੀ' ਅੰਦਰ 'ਬਹੁ-ਪਤਨੀ ਵਿਆਹਾਂ' ਅਤੇ 'ਤੀਹਰੇ ਤਲਾਕ' ਦੀ ਸਮੱਸਿਆ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ। ਮੇਰਾ ਤੁਸ਼ਟੀਕਰਨ ਕਰਨ 'ਚ ਨੰਬਰ ਇੱਕ ਕਾਂਗਰਸ ਦੇ 10 ਸਾਲਾਂ 'ਚ ਉਸ ਵੱਲੋਂ ਮੇਰੇ ਕੀਤੇ ਕਤਲਾਂ ਦਾ ਲੇਖਾ ਜੋਖਾ ਕਰੋ ਅਤੇ ਮੈਨੂੰ ਦੱਸੋ ਕਿ ਆਖਰੀ ਬਾਰ ਮੇਰਾ ਤੁਸਟੀਕਰਨ ਕਦੋ ਤੇ ਕਿੱਥੇ ਹੋਇਆ ਸੀ।
ਇਸ਼ਰਤ ਜਹਾਂ ਨੂੰ ਮਰਿਆਂ ਬਹੁਤ ਸਾਲ ਹੋ ਚੱਲੇ ਹਨ। ਅਤੇ ਜਿਨ੍ਹਾਂ ਨੇ ਉਸ ਨੂੰ ਮਾਰਿਆ ਸੀ ਉਹ ਹੁਣ ਰਾਜ ਭਾਗ ਚਲਾ ਰਹੇ ਹਨ। ਪਰ ਫਿਰ ਵੀ ਮੇਰਾ ਤੁਸ਼ਟੀਕਰਨ ਹੋਇਆ ਹੈ। ਕੀ ਉਹ ਮੁੜ ਜਿਉਂਦੀ ਹੋ ਗਈ ਜਾਂ ਫਿਰ ਉਸ ਨੇ ਆਪਣੀ ਕਬਰ 'ਚੋਂ ਹੀ ਮੇਰੇ ਦੇਸ਼ ਵਿਰੁੱਧ ਕੋਈ ਸਾਜਿਸ਼ ਰਚੀ? ਤੇ ਜੇ ਤੁਸ਼ਟੀਕਰਨ ਦੇ ਇਸ ਵਾਦ-ਵਿਵਾਦ ਦਾ ਜੇਲ੍ਹ ਤੱਕ ਵਿਸਥਾਰ ਕਰ ਦਿੱਤਾ ਜਾਵੇ ਤਾਂ ਮੈਨੂੰ ਸੰਜੇ ਦੱਤ ਜਾਂ ਕੋਈ ਸਿੱਖ ਦਹਿਸ਼ਤਗਰਦ ਜਾਂ ਅਜਿਹਾ ਸ਼ਖਸ਼ ਜਿਸ ਨੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮਾਰਨ 'ਚ ਸ਼ਮੂਲੀਅਤ ਕੀਤੀ ਹੋਵੇ, ਬਣਨ ਦੀ ਐਯਾਸ਼ੀ ਕਰਨ ਦਾ ਮੌਕਾ ਕਦੇ ਨਹੀਂ ਮਿਲਿਆ। ਤਾਮਿਲ ਨਾਡੂ ਦੀ ਅਸੈਂਬਲੀ ਸਵਰਗੀ ਰਾਜੀਵ ਗਾਂਧੀ ਦੇ ਤਿੰਨ ਕਾਤਲਾਂ ਪ੍ਰਤੀ ਰਹਿਮ ਦੀ ਅਪੀਲ ਪਾਸ ਕਰਦੀ ਹੈ ਤਾਂ ਸਾਰਾ ਮੁਲਕ ਚੁੱਪ ਚਾਪ ਇਸ ਨੂੰ ਦੇਖਦਾ ਰਹਿੰੰਦਾ ਹੈ ਪਰ ਜੇ ਮੈਂ ਕਿਸੇ ਦਹਿਸ਼ਤੀ ਕਾਰਵਾਈ ਤੋਂ ਬਆਦ ਪੁਲਸ ਵੱਲੋਂ ਐਧਰੋਂ-ਉਧਰੋਂ ਫੜੇ ਆਮ ਲੋਕਾਂ ਲਈ ਮੁਕੱਦਮੇ ਨਿਆਂਪੂਰਨ ਢੰਗ ਨਾਲ ਚਲਾਉਣ ਦੀ ਮੰਗ ਵੀ ਕਰ ਲਵਾਂ ਤਾਂ ਮੇਰੇ 'ਤੇ ਝੱਟ ਦੇਸ਼-ਵਿਰੋਧੀ, ਪਾਕਿਸਤਾਨੀ, ਲਾਲ ਗੱਲ੍ਹਾਂ ਵਾਲਾ, ਬਦਮਾਸ਼, ਫਿਰਕੂ, ਕੱਟੜ ਪੰਥੀ, ਜੱਹਾਦੀ ਝੱਲੇ, ਅੱਤਵਾਦੀ-ਹਿਮਾਇਤੀ ਜਾਂ ਮੂਲਵਾਦੀ ਹੋਣ ਦਾ ਠੱਪਾ ਲਾ ਦਿੱਤਾ ਜਾਵੇਗਾ। ਅਤੇ ਫੇਰ ਵੀ, ਉਹ ਮੈਂ ਹੀ ਹਾਂ ਜਿਸ ਦਾ ਤੁਸਟੀਕਰਨ ਹੋ ਰਿਹਾ ਹੈ। ਸਰਦਾਰ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਪੋਸਟਰ ਜਾਂ '1984 ਨੂੰ ਕਦੇ ਨਾ ਭੁੱਲੋ'' ਦਾ ਧੂਹ-ਪਾਊ ਸਿਰਲੇਖ ਹਕੂਮਤੀ ਕਹਿਰ ਨੂੰ ਸੱਦਾ ਨਹੀਂ ਦਿੰਦੇ। ਪਰ ਜੇ ਮੈਂ ਆਪਣੀ ਕਾਰ 'ਚ ਕੋਈ ਧਾਰਮਕ ਚਿੰਨ੍ਹ ਵੀ ਲਟਕਾ ਲੈਂਦਾ ਹਾਂ ਤਾਂ ਮੇਰੇ 'ਤੇ ਦੇਸ਼-ਧਰੋਹ ਦਾ ਮੁਕੱਦਮਾ ਦਰਜ ਕਰ ਲਿਆ ਜਾਵੇਗਾ ਅਤੇ ਕੌਮੀ ਪਾਗਲ-ਖਾਨਿਆਂ( ਟੀ.ਵੀ. ਚੈਨਲਾਂ-ਅਨੁਵਾਦਕ) 'ਤੇ ਸ਼ਾਮ ਨੂੰ ਭੌਂਕੇ ਇੱਕ ਦੂਜੇ ਦੇ ਉਤੋਂ ਦੀ ਹੋ ਕੇ ਮੈਨੂੰ ਕੋਸਣ ਤੇ ਭੰਡਣਗੇ। ਅਗਲੀ ਸਵੇਰ ਸਾਰਾ ਦੇਸ਼ ਟਵਿੱਟਰ ਤੇ ਫੇਸਬੁੱਕ ਤੇ ਇਸ ਵਾਦ-ਵਿਵਾਦ ਵਿੱਚ ਜੁੱਟ ਜਾਵੇਗਾ। ਅਤੇ ਜੇ ਕੋਈ ਮੇਰਾ ਬਚਾਅ ਕਰਨ ਲਈ ਸਾਹਮਣੇ ਆਇਆ ਤਾਂ ਉਸ ਨੂੰ ਆਪਣਾ ਰੁਖ ਨਰਮ ਕਰਨ ਜਾਂ ਚੁੱਪ ਕਰ ਜਾਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਅਖੇ ਫੇਰ ਵੀ ਮੇਰਾ ਤੁਸ਼ਟੀਕਰਨ ਕੀਤਾ ਜਾ ਰਿਹਾ ਹੈ ਅਤੇ ਇਹ ਤੁਸ਼ਟੀਕਰਨ ਬੰਦ ਕੀਤਾ ਜਾਣਾ ਚਾਹੀਦਾ ਹੈ।


No comments:

Post a Comment