Saturday, October 14, 2017

ਰੋਂਦੇ ਬੋਹਲਾਂ ਦੇ ਦਰਦੀ ਨੂੰ ਸਲਾਮ!

ਪ੍ਰੋ. ਅਜਮੇਰ ਔਲਖ ਚਲੇ ਗਏ। ਉਹਨਾਂ ਦਾ ਤੁਰ ਜਾਣਾ ਪੰਜਾਬੀ ਨਾਟਕ ਤੇ ਰੰਗਮੰਚ ਲਈ ਵੱਡੀ ਸੱਟ ਹੈ। ਗੁਰਸ਼ਰਨ ਸਿੰਘ ਤੋਂ ਬਾਅਦ ਉਹ ਪੰਜਾਬੀ ਨਾਟਕ ਤੇ ਰੰਗਮੰਚ ਦੇ ਖੇਤਰ ਦੇ ਵੱਡੇ ਥੰਮ੍ਹ ਸਨ ਤੇ ਗੁਰਸ਼ਰਨ ਸਿੰਘ ਦੇ ਰੰਗਮੰਚ ਦੇ ਖਰੇ ਵਾਰਿਸ ਸਨ। ਉਹਨਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਤੇ ਨਾਟਕ ਜਗਤ ਇੱਕ ਅਜਿਹੀ ਮੁੱਲਵਾਨ ਪ੍ਰਤਿਭਾ ਤੋਂ ਸੱਖਣਾ ਹੋ ਗਿਆ ਹੈ ਜਿਸ ਕੋਲ ਪੇਂਡੂ ਮਿਹਨਤਕਸ਼ ਜਮਾਤਾਂ ਖਾਸ ਕਰਕੇ ਨਿਮਨ ਕਿਸਾਨੀ ਦੇ ਜੀਵਨ 'ਤੇ ਡੂੰਘੀ ਪਕੜ ਸੀ। ਪੰਜਾਬ ਦੀ ਗਰੀਬ ਕਿਸਾਨੀ ਦੇ ਜੀਵਨ ਦੀਅਾਂ ਅਣਦਿਸਦੀਆਂ ਤਹਿਆਂ ਨੂੰ ਫੜ ਕੇ ਚਿਤਰ ਸਕਣ ਤੇ ਮੰਚ 'ਤੇ ਪੇਸ਼ ਕਰਨ 'ਚ ਕੋਈ ਉਹਨਾਂ ਦਾ ਸਾਨੀ ਨਹੀਂ ਸੀ। ਉਹਨਾਂ ਦੇ ਵਿਛੋੜੇ ਨਾਲ ਪੰਜਾਬ ਦੀ ਗਰੀਬ ਤੇ ਬੇ-ਜਮੀਨੀ ਕਿਸਾਨੀ ਨੇ ਆਪਣੇ ਜੀਵਨ ਦਾ ਕਲਾਮਈ ਚਿਤੇਰਾ ਗੁਆ ਲਿਆ ਹੈ ਤੇ ਰੋਂਦੇ ਬੋਹਲਾਂ ਦਾ ਦਰਦੀ ਖੁੱਸ ਗਿਆ ਹੈ।
ਪ੍ਰੋ. ਔਲਖ ਲੋਕਾਂ ਦੀ ਧਿਰ ਦੇ ਮੋਹਰੀ ਪੰਜਾਬੀ ਸਾਹਿਤਕਾਰਾਂ ' ਸ਼ੁਮਾਰ ਸਨ। ਬਚਪਨ 'ਚ ਕਿਸਾਨ ਘੋਲਾਂ ਦੀ ਗੁੜ੍ਹਤੀ ਲੈ ਕੇ ਤੇ ਜਵਾਨੀ ਵੇਲੇ ਤੂਫਾਨੀ ਲੋਕ ਸੰਗਰਾਮਾਂ ਤੋਂ ਪ੍ਰੋਰਨਾ ਲੈ ਕੇ ਲੋਕ ਪੱਖੀ ਸਾਹਿਤ ਦੇ ਪਿੜ 'ਚ ਆਏ ਪ੍ਰੋ. ਔਲਖ ਨੇ ਹਮੇਸ਼ਾ 'ਕਲਾ ਲੋਕਾਂ ਲਈ' ਦੇ ਵਿਚਾਰ 'ਤੇ ਡਟ ਕੇ ਪਹਿਰਾ ਦਿੱਤਾ। ਲੰਮੇ ਸਾਹਿਤਕ ਸਫ਼ਰ ਦੌਰਾਨ ਕੋਈ ਵੀ ਕਾਰਨ ਉਹਨਾਂ ਨੂੰ ਇਸ ਪੰਧ ਤੋਂ ਥਿੜਕਾ ਨਾ ਸਕਿਆ। ਨਾ ਹਾਕਮ ਜਮਾਤਾਂ ਦੇ ਇਨਾਮ-ਸਨਮਾਨ ਤੇ ਨਾ ਹੀ ਸਥਾਪਤੀ ਦਾ ਡਰ-ਭੈਅ, ਉਹਨਾਂ ਨੂੰ ਦਰਬਾਰੀ-ਕਲਾ ਦੇ ਰਾਹ ਤੋਰ ਸਕੇ। ਉਹਨਾਂ ਦੇ ਪੈਰ ਹਮੇਸ਼ਾਂ ਧਰਤੀ 'ਤੇ ਰਹੇ ਅਤੇ ਸਾਹਿਤਕ ਨਜ਼ਰ ਹਮੇਸ਼ਾਂ ਕਿਰਤੀ ਜੀਵਨ 'ਤੇ ਕੇਂਦਰਤ ਰਹੀ। ਉਹਨਾਂ ਦੀ ਕਲਾ ਸਿਰਜਣਾ ਦੀ ਵਿਸ਼ੇਸ਼ਤਾ ਕਿਰਤੀ ਜ਼ਿੰਦਗੀ ਦੀਅਾਂ ਉਹਨਾਂ ਪਰਤਾਂ ਦਾ ਕਲਾਮਈ ਚਿਤਰਨ ਹੈ ਜੋ ਵਿਰਲੇ ਪੰਜਾਬੀ ਸਾਹਿਤਕਾਰਾਂ ਦੇ ਹਿੱਸੇ ਆਇਆ ਹੈ । ਖਾਸ ਕਰ ਨਾਟਕ ਦੇ ਖੇਤਰ ਮਿਹਨਤਕਸ਼ ਪੇਂਡੂ ਕਿਸਾਨੀ ਦੇ ਜੀਵਨ ਦੀਅਾਂ ਗੁੰਝਲਾਂ ਦੀ ਤੰਦ ਫੜਨ ਦੀ ਮੁਹਾਰਤ ਉਹਨਾਂ ਹਿੱਸੇ ਹੀ ਆਈ। ਉਹਨਾਂ ਨੇ ਪੰਜਾਬ ਦੀ ਕਿਸਾਨੀ ਅੰਦਰ ਉਬਾਲੇ ਮਾਰਦੇ ਰੋਹ ਨੂੰ ਦੇਖਿਆ, ਮਹਿਸੂਸ ਕੀਤਾ ਤੇ ਇਸ ਰੋਹ ਦੀ ਦਿਸ਼ਾ ਦੇ ਸਰੋਕਾਰ ਇੱਕ ਸਾਹਿਤਕਾਰ ਦੀ ਦ੍ਰਿਸ਼ਟੀ ਰਾਹੀਂ ਇਨਕਲਾਬੀਅਾਂ ਮੂਹਰੇ ਰੱਖੇ। ਜਨਤਾ ਦੇ ਇਸ ਉਬਾਲੇ ਮਾਰਦੇ ਰੋਹ ਨੂੰ ਭਟਕਣਾ ਤੋਂ ਬਚਾਉਣ ਦਾ ਸੰਦੇਸ਼ ਆਪਣੇ ਨਾਟਕਾਂ ਰਾਹੀਂ ਦਿੱਤਾ। ਉਹਨਾਂ ਦਾ ਨਾਟਕ 'ਬਹਿਕਦਾ ਰੋਹ' ਇਸ ਪੱਖੋਂ ਵਿਸ਼ੇਸ਼ ਜ਼ਿਕਰਯੋਗ ਹੈ। ਜੇਕਰ ਅੱਜ ਪੰਜਾਬ ਦੀ ਕਿਸਾਨ ਜਨਤਾ ਦਾ ਹੱਕੀ ਰੋਹ ਸਹੀ ਦਿਸ਼ਾ ਅਖਤਿਆਰ ਕਰਕੇ ਵਹਿਣ ਬਣ ਰਿਹਾ ਹੈ ਤਾਂ ਇਸ 'ਚ ਪ੍ਰੋ. ਔਲਖ ਦਾ ਸਾਹਿਤਕਾਰ ਵਜੋਂ ਅਹਿਮ ਹਿੱਸਾ ਹੈ। ਇਸ ਤੋਂ ਅੱਗੇ ਪੰਜਾਬ ਦੇ ਕਿਸਾਨ ਜਨ ਸਮੂਹਾਂ ਤੱਕ ਇਹਨਾਂ ਸੋਚਾਂ ਨੂੰ ਕਲਾ ਮਾਧਿਅਮ ਜ਼ਰੀਏ ਲਿਜਾਣ ਦੇ ਉਹਨਾਂ ਦੇ ਯੋਗਦਾਨ ਦਾ ਵਿਸ਼ੇਸ਼ ਮਹੱਤਵ ਤੇ ਸਥਾਨ ਹੈ। ਉਹਨਾਂ ਦੀ ਅਜਿਹੀ ਸਾਹਿਤਕ ਦੇਣ ਦੇ ਮਹੱਤਵ ਦੀ ਭਰਪੂਰ ਚਰਚਾ ਉਹਨਾਂ ਨੂੰ ''ਭਾਈ ਲਾਲੋ ਕਲਾ ਸਨਮਾਨ'' ਭੇਂਟ ਕਰਨ ਮੌਕੇ ਵੀ ਹੋਈ ਸੀ ਤੇ ਇਹ ਚਰਚਾ ਉਸਤੋਂ ਬਾਅਦ ਵੀ ਨਵੇ ਪਸਾਰਾਂ 'ਚ ਜਾਰੀ ਰਹਿ ਰਹੀ ਹੈ।
ਪ੍ਰੋ: ਔਲਖ ਨੇ ਸਾਹਿਤ-ਕਲਾ ਖੇਤਰ ਦੇ ਨਾਲ-ਨਾਲ ਜਮਹੂਰੀ ਹੱਕਾਂ ਦੀ ਲਹਿਰ ਦਾ ਮੋਰਚਾ ਵੀ ਮੱਲਿਆ। ਉਹ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਰਹੇ। ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਆਗੂ ਵੀ ਰਹੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਰਹੇ। ਇਉਂ ਉਹਨਾਂ ਨੇ ਅਮਲੀ ਸਰਗਰਮੀ ਦੇ ਖੇਤਰ 'ਚ ਨਿਤਰ ਕੇ ਲੋਕ ਹੱਕਾਂ ਦੀ ਲਹਿਰ ਨਾਲ ਜੋਟੀ ਪਾਈ। ਸਾਦਗੀ ਤੇ ਨਿਮਰਤਾ ਉਹਨਾਂ ਦੀ ਸਖਸ਼ੀਅਤ ਦੇ ਵਿਸ਼ੇਸ਼ ਉਭਰਵੇਂ ਗੁਣ ਸਨ।
ਹੁਣ ਉਹ ਭਾਵੇਂ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੀ ਮੁੱਲਵਾਨ ਸਾਹਿਤਕ ਘਾਲਣਾ ਦਾ ਵਿਰਸਾ ਸਾਡੇ ਕੋਲ ਹੈ, ਪੰਜਾਬੀ ਸਾਹਿਤ ਤੇ ਕਲਾ ਜਗਤ ਦੇ ਕੋਲ ਹੈ। ਉਹ ਲੋਕਾਂ ਦੇ ਅੰਗ ਸੰਗ ਤੇ ਸਾਥ ਨਾਲ ਕੈਂਸਰ ਖਿਲਾਫ ਜੂਝੇ। ਇਸ ਦੌਰਾਨ ਹੀ ਉਹਨਾਂ ਐਲਾਨ ਕੀਤਾ ਸੀ ਕਿ ਕਿਰਤ, ਸਿਰਜਣਾ ਤੇ ਜਿੰਦਗੀ ਉਸਦੇ ਸੰਗ ਹਨ ਤੇ ਉਹਨਾਂ ਮੌਤ ਦੇ ਭੈਅ ਤੋਂ ਇਨਕਾਰ ਕੀਤਾ। ਉਹ ਆਪਣੀ ਅਮਰ ਸਿਰਜਣਾ ਰਾਹੀਂ ਸਦਾ ਸਦਾ ਲਈ ਜ਼ਿੰਦਗੀ 'ਚ ਰਚ ਗਏ ਹਨ।
ਉਹਨਾਂ  ਨੂੰ ਸ਼ਰਧਾਂਜਲੀਆਂ ਵੇਲੇ ਲੋਕਾਂ ਦੀ ਲਹਿਰ ਲਈ ਵੀ ਤੇ ਸਾਹਿਤ ਕਲਾ ਜਗਤ ਲਈ ਵੀ ਕਈ ਫਿਕਰ ਤੇ ਜਿੰਮੇਵਾਰੀਅਾਂ ਹੋਰ ਡੂੰਘੇ ਹੋ ਗਏ ਹਨ। ਉਹਨਾਂ ਦਾ ਖੱਪਾ ਪੂਰਨਾ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਇੱਕ ਵੱਡੀ ਚਣੌਤੀ ਹੋਵੇਗੀ। ਇਹ ਖੱਪਾ ਪੂਰਨ 'ਚ ਅਜੇ ਸਮਾਂ ਲੱਗਣਾ ਹੈ ਤੇ ਇਸਨੇ ਸਭ ਤੋਂ ਪਹਿਲਾਂ ਅਜਮੇਰ ਔਲਖ ਤੇ ਗੁਰਸ਼ਰਨ ਸਿੰਘ ਵਰਗੀ ਲੋਕ-ਵਫਾਦਾਰੀ ਮੰਗਣੀ ਹੈ। ਇਹ ਸ਼ਰਤ ਪੂਰ ਕੇ ਹੀ ਅੱਗੇ ਵਧਿਆ ਜਾਣਾ ਹੈ। ਇੱਕ ਵਿਸ਼ੇਸ਼ ਕਾਰਜ ਉਹਨਾਂ ਦੇ ਬੀਤੇ ਹੋਏ ਕੰਮ ਨੂੰ ਲੋਕਾਂ ਤੱਕ ਲੈ ਕੇ ਜਾਣਾ ਵੀ ਹੈ। ਉਹਨਾਂ ਦੇ ਦਰਜਨਾਂ ਨਾਟਕਾਂ ਨੂੰ ਲੋਕਾਂ 'ਚ ਧੁਰ ਹੇਠਾਂ ਤੱਕ ਲਿਜਾਣ ਦਾ ਵੱਡਾ ਕਾਰਜ ਪ੍ਰਤੀਬੱਧ ਨਾਟਕ ਟੀਮਾਂ ਦੀ ਹਿੰਮਤ ਤੇ ਅਣਥੱਕ ਸਰਗਰਮੀ ਮੰਗਦਾ ਹੈ ਤੇ ਲੋਕਾਂ ਦੀ ਲਹਿਰ ਦੀਅਾਂ ਸਭਨਾਂ ਖਾਸ ਕਰ ਕਿਸਾਨ-ਮਜ਼ਦੂਰ ਟੁਕੜੀਅਾਂ ਦਾ ਡਟਵਾਂ ਸਾਥ ਮੰਗਦਾ ਹੈ। ਲੋਕਾਂ ਦੀ ਲਹਿਰ ਤੇ ਸਾਹਿਤਕਾਰਾਂ ਕਲਾਕਾਰਾਂ ਦੇ ਰਿਸ਼ਤੇ ਦੀ ਅਗਲੀ ਮੰਜ਼ਲ ਸਰ ਕਰਨੀ ਲੋੜਦਾ ਹੈ।

No comments:

Post a Comment