Saturday, October 14, 2017

ਕਿਰਤੀ ਕਾਮਿਆਂ ਤੇ ਸਾਹਿਤਕਾਰਾਂ ਵੱਲੋਂ ਪ੍ਰੋ. ਅਜਮੇਰ ਔਲਖ ਨੂੰ ਇਨਕਲਾਬੀ ਸਲਾਮ

ਬੀਤੇ ਦਿਨੀਂ ਵਿਛੜੇ ਮਕਬੂਲ ਨਾਟਕਕਾਰ ਪ੍ਰੋ. ਅਜਮੇਰ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਉਸਦੇ ਨਾਟਕਾਂ ਦੇ ਪਾਤਰਾਂ (ਮਜ਼ਦੂਰ-ਕਿਸਾਨ) ਨੇ ਵੱਡੀ ਗਿਣਤੀ 'ਚ ਪੁੱਜ ਕੇ ਆਪਣੇ ਵਿਛੜੇ ਨਾਟਕਕਾਰ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਪ੍ਰੋ. ਔਲਖ ਦੀ ਯਾਦ 'ਚ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਜਿੱਥੇ ਉਹਨਾਂ ਦੀ ਸਾਹਿਤਕ ਘਾਲਣਾ ਤੇ ਵਿਰਾਸਤ ਦਾ ਮਹੱਤਵ ਚਰਚਾ 'ਚ ਆਇਆ ਉਥੇ ਖੁਸ਼ਹਾਲ ਤੇ ਚੰਗੇਰੇ ਸਮਾਜ ਦੀ ਉਸਾਰੀ ਲਈ ਕਿਰਤੀ ਕਾਮਿਆਂ ਤੇ ਸਾਹਿਤਕਾਰਾਂ ਕਲਾਕਾਰਾਂ ਦੀ ਜੋਟੀ ਦਾ ਸੰਦੇਸ਼ ਵੀ ਗੂੰਜਿਆ।ਪਹਿਲਾਂ ਪ੍ਰੋ: ਔਲਖ ਦੇ ਵਿਛੋੜੇ ਮਗਰੋਂ ਅੰਤਿਮ ਵਿਦਾਇਗੀ ਵਾਲੇ ਦਿਨ ਵੀ ਵੱਡਾ ਇਕੱਠ ਜੁੜਿਆ ਸੀ ਅਤੇ ਕਿਰਤੀ ਕਾਮਿਆਂ ਤੇ ਸਾਹਿਤਕਾਰਾਂ ਨੇ ਗੂੰਜਦੇ ਨਾਅਰਿਆਂ ਦੌਰਾਨ ਪ੍ਰੋ: ਔਲਖ ਦੀ ਦੇਹ ਨੂੰ ਵਿਦਾ ਕੀਤਾ ਸੀ। ਮਾਨਸਾ ਦੇ ਬਾਜ਼ਾਰਾਂ 'ਚੋਂ ਗੁਜ਼ਰਦਾ ਵੱਡਾ ਲੋਕ ਕਾਫਲਾ ਇੱਕ ਜਨਤਕ ਆਗੂ ਦੀ ਅੰਤਮ ਯਾਤਰਾ ਦਾ ਪ੍ਰਭਾਵ ਦੇ ਰਿਹਾ ਸੀ ਜਿਸਨੂੰ ਵਿਦਾ ਕਰਨ ਕਿਸਾਨ ਮਜ਼ਦੂਰ ਕਾਫਲੇ ਪੁੱਜੇ ਹੋਣ। 25 ਜੂਨ ਨੂੰ ਹੋਇਆ ਸ਼ਰਧਾਂਜਲੀ ਸਮਾਗਮ ਵੀ ਇੱਕ ਵੱਡੇ ਮੇਲੇ ਦਾ ਰੂਪ ਧਾਰਨ ਕਰ ਗਿਆ ਤੇ ਕਿਰਤੀ ਲੋਕਾਂ ਦੇ ਇਕੱਠ ਨੇ ਮਾਨਸਾ ਵਾਸੀਆਂ ਨੂੰ ਹੈਰਾਨ ਕਰ ਦਿੱਤਾ। ਮਾਨਸਾ ਦੀ ਨਵੀਂ ਦਾਣਾ ਮੰਡੀ 'ਚ ਲੱਗੇ ਵਿਸ਼ਾਲ ਪੰਡਾਲ 'ਚ ਜੁੜੇ ਹਜਾਰਾਂ ਲੋਕਾਂ ਵੱਲੋਂ ਪ੍ਰੋ. ਔਲਖ ਦੀ ਯਾਦ '2 ਮਿੰਟ ਦਾ ਮੋਨ ਧਾਰਨ ਮਗਰੋਂ ਪ੍ਰੋ. ਔਲਖ ਅਮਰ ਰਹੇ ਦੇ ਜੋਰਦਾਰ ਨਾਅਰਿਆਂ ਦੇ ਨਾਲ ਸਮਾਗਮ ਦੀ ਰਸਮੀ ਸ਼ੁਰੂਆਤ ਹੋਈ। ਕੇਂਦਰੀ ਪੰਜਾਬੀ ਲੇਖਕ ਸਭਾ, ਲੋਕ ਕਲਾ ਮੰਚ ਮਾਨਸਾ ਤੇ ਔਲਖ ਪਰਿਵਾਰ ਵੱਲੋਂ ਜਥੇਬੰਦ ਕੀਤੇ ਗਏ ਸਮਾਗਮ 'ਚ ਦਰਜਨਾਂ ਸਾਹਿਤਕ ਜਥੇਬੰਦੀਆਂ ਤੇ ਜਨਤਕ ਜਮਹੂਰੀ ਜਥੇਬੰਦੀਆਂ/ਪਲੇਟਫਾਰਮਾਂ ਦੇ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ। ਅਤੇ ਦੇਸ਼ੋ ਵਿਦੇਸ਼ੋ ਵੀ ਦਰਜਨਾਂ ਸ਼ੋਕ-ਸੁਨੇਹੇ ਪੁੱਜੇ। ਪ੍ਰੋ. ਔਲਖ ਦੀ ਅੰਤਮ ਇੱਛਾ ਅਨੁਸਾਰ ਜਥੇਬੰਦ ਕੀਤੇ ਗਏ ਸਮਾਗਮ ਨੂੰ ਸੰਖੇਪ ਰੱਖਣ ਦੀ ਜ਼ਰੂਰਤ ਕਾਰਨ, ਬੁਲਾਰਿਆਂ ਦੀ ਗਿਣਤੀ ਸੀਮਤ ਸੀ। ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਗੁਰਬਚਨ ਭੁੱਲਰ, ਸੁਰਜੀਤ ਪਾਤਰ, ਆਤਮਜੀਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਮੰਚ ਤੋਂ ਪ੍ਰੋ. ਔਲਖ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਹਨਾਂ ਪ੍ਰੋ. ਔਲਖ ਨੂੰ ਕਿਰਤੀ ਲੋਕਾਂ ਦਾ ਸਾਹਿਤਕਾਰ ਦਸਦਿਆਂ ਉਹਨਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪ੍ਰੌ. ਔਲਖ ਲੋਕਾਂ ਤੇ ਸਮਾਜ ਦੀ ਬੇਹਤਰੀ ਲਈ ਪ੍ਰਤੀਬੱਧ ਨਾਟਕਕਾਰ ਸਨ ਤੇ ਪੰਜਾਬੀ ਪੇਂਡੁ ਮਿਹਨਤਕਸ਼ ਜਮਾਤਾਂ ਦਾ ਜੀਵਨ ਚਿਤਰਨ 'ਚ ਉਹਨਾਂ ਨੂੰ ਕਮਾਲ ਦੀ ਮੁਹਾਰਤ ਹਾਸ਼ਲ ਸੀ। ਉਹਨਾਂ ਦੀ ਕਲਾ ਨੇ ਵੀ ਜਮਾਤੀ ਸਮਾਜ ਦਾ ਸੱਚ ਬਹੁਤ ਖੂਬਸੂਰਤੀ ਨਾਲ ਉਘਾੜਿਆ ਤੇ ਇਸ ਲੁਟੇਰੇ ਤੇ ਨਾ-ਬਰਾਬਰੀ ਵਾਲੇ ਸਮਾਜ ਦੀ ਤਬਦੀਲੀ ਲਈ ਤਾਂਘ ਨੂੰ ਪ੍ਰਚੰਡ ਕਰਨ 'ਚ ਅਹਿਮ ਹਿੱਸਾ ਪਾਇਆ ਅੱਜ ਸਮਾਜ 'ਚ ਮੌਜੂਦ ਵੱਡੀਆਂ ਚੁਣੌਤੀਆਂ ਦੇ ਸਨਮੁੱਖ ਉਹਨਾਂ ਦੇ ਨਾਟਕਾਂ ਦਾ ਮਹੱਤਵ ਹੋਰ ਜਿਆਦਾ ਵਧ ਗਿਆ ਹੈ। ਉਹਨਾਂ ਪੰਜਾਬੀ ਦੇ ਉਭਰਦੇ ਸਾਹਿਤਕਾਰਾਂ ਕਲਾਕਾਰਾਂ ਨੂੰ ਪ੍ਰੋ. ਔਲਖ ਦੀਆਂ ਪੈੜਾਂ 'ਤੇ ਚੱਲ ਕੇ ਅੱਗੇ ਵਧਣ ਦਾ ਸੱਦਾ ਦਿੱਤਾ। ਪਰਿਵਾਰ ਤਰਫੋਂ ਸੰਬੋਧਨ ਹੁੰਦਿਆਂ ਸੁਭਾਸ਼ ਬਿੱਟੂ, ਪ੍ਰੋ. ਅੱਛਰੂ ਸਿੰਘ, ਜਸਵਿੰਦਰ ਕੌਰ ਗੱਗੂ, ਗੁਰਵਿੰਦਰ ਬਰਾੜ ਤੇ ਜਗਜੀਤ ਚਾਹਲ ਨੇ ਪ੍ਰੋ. ਔਲਖ ਦੀ ਲੋਕਾਂ ਦੇ ਕਾਜ ਲਈ ਸਮਰਪਣ ਭਾਵਨਾ ਨੂੰ ਸਲਾਮ ਕਰਦਿਆਂ ਉਹਨਾਂ ਦੀ ਸਾਹਿਤ ਕਲਾ ਦੇ ਮੋਰਚੇ ਤੇ ਘਾਲੀ ਅਣਥੱਕ ਘਾਲਣਾ ਦੀ ਚਰਚਾ ਕੀਤੀ। ਉਹਨਾਂ ਨੇ ਪੰਜਾਬ ਦੇ ਰੰਗਕਰਮੀਆਂ ਤੇ ਲੋਕ ਜਥੇਬੰਦੀਆਂ ਨੂੰ ਪ੍ਰੋ. ਔਲਖ ਦੇ ਨਾਟਕ ਜਨਤਾ ਤੱਕ ਲੈ ਜਾਣ ਦੇ ਵੱਡੇ ਕਾਰਜ ਲਈ ਹੰਭਲਾ ਜਟਾਉਣ ਦੀ ਅਪੀਲ ਵੀ ਕੀਤੀ ਅਤੇ ਆਏ ਲੋਕਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਜਸਪਾਲ ਮਾਨਖੇੜਾ ਤੇ ਹਰਵਿੰਦਰ ਸਿਰਸਾ ਵਲੋਂ ਕੀਤਾ ਗਿਆ। ਅੱਜ ਦੇ ਸਮਾਗਮ 'ਚ ਪ੍ਰੋ. ਔਲਖ ਨੂੰ ਸ਼ਰਧਾਂਜਲੀ ਵਜੋਂ ਜਾਰੀ ਕੀਤਾ ਸਲਾਮ ਮੈਗਜੀਨ ਦਾ ਅੰਕ ਵੀ ਜਾਰੀ ਕੀਤਾ ਗਿਆ। ਸਲਾਮ ਦੀ ਕਾਪੀ ਚੋਟੀ ਦੇ ਪੰਜਾਬੀ ਕਹਾਣੀਕਾਰ ਗੁਰਬਚਨ ਭੁੱਲਰ ਨੇ ਸ਼੍ਰੀਮਤੀ ਮਨਜੀਤ ਔਲਖ ਨੂੰ ਨਾਮਵਰ ਪੰਜਾਬੀ ਸਾਹਿਤਕਾਰਾਂ ਤੇ ਸਲਾਮ ਕਾਫਲਾ ਆਗੂਆਂ ਦੀ ਹਾਜਰੀ 'ਚ ਭੇਂਟ ਕੀਤੀ। ਸਲਾਮ ਕਾਫਲੇ ਵੱਲੋਂ ਦੋ ਵਰ੍ਹੇ ਪਹਿਲਾਂ ਪ੍ਰੋ. ਔਲਖ ਨੂੰ ਵਿਸ਼ਾਲ ਜਨਤਕ ਇਕੱਠ 'ਚ ਭਾਈ ਲਾਲੋ ਕਲਾ ਸਨਮਾਨ ਨਾਲ ਸਨਮਾਨਿਆ ਗਿਆ ਸੀ। ਉਹਨਾਂ ਬਾਰੇ ਇਹ ਸਲਾਮ ਦਾ ਤੀਸਰਾ ਅੰਕ ਸੀ।ਪੰਡਾਲ 'ਚ ਲੱਗੇ ਬੈਨਰਾਂ ਰਾਹੀਂ ਜਿੱਥੇ ਪ੍ਰੋ: ਔਲਖ ਦੇ ਨਾਟਕਾਂ 'ਚ ਸਮੋਇਆ ਸੰਦੇਸ਼ ਉੱਭਰਦਾ ਸੀ ਉਥੇ ਉਹਨਾਂ ਬਾਰੇ ਪੰਜਾਬੀ ਸਾਹਿਤ ਜਗਤ ਦੀਆਂ ਨਾਮੀ ਸ਼ਖਸ਼ੀਅਤਾਂ ਤੇ ਅਲੋਚਕਾਂ ਵੱਲੋਂ ਕੀਤੀਆਂ ਟਿੱਪਣੀਆਂ ਵੀ ਵਿਸ਼ੇਸ਼ ਧਿਆਨ ਖਿਚਦੀਆਂ ਸਨ।
ਭਾਈ ਲਾਲੋਆਂ ਨੇ ਚਲਾਇਆ ਲੰਗਰਸ਼ਰਧਾਂਜਲੀ ਸਮਾਗਮ 'ਚ ਚਾਹ ਤੇ ਰੋਟੀ ਦੇ ਲੰਗਰ ਦਾ ਇੰਤਜਾਮ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੀਤਾ ਗਿਆ ਸੀ। ਕੜਾਹ ਪ੍ਰਸਾਦ ਤੇ ਮਿੱਠੇ ਚੌਲਾਂ ਦੇ ਲੰਗਰ ਨਾਲ ਕਿਰਤੀਆਂ ਨੇ ਆਪਣੇ ਨਾਟਕਕਾਰ ਲਈ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਵੀ ਕੀਤਾ ਤੇ ਕਿਰਤ, ਕਲਾ ਤੇ ਸੰਗਰਾਮਾਂ ਦੀ ਜੋਟੀ ਦਾ ਸੰਦੇਸ਼ ਵੀ ਦਿੱਤਾ।ਵੱਖ-2 ਪਿੰਡਾਂ 'ਚੋਂ ਭਾਂਤ-ਸੁਭਾਂਤੀਆਂ ਦਾਲਾਂ ਸਬਜ਼ੀਆਂ ਦੇ ਨਾਲ-2 ਵਿਸ਼ੇਸ਼ ਤੌਰ 'ਤੇ ਬਣਾਏ ਚੌਲ ਤੇ ਕੜਾਹ-ਪ੍ਰਸ਼ਾਦ ਦੇ ਭੰਡਾਰੇ ਰਾਹੀਂ ਕਿਰਤੀਆਂ ਨੇ ਆਪਣੇ ਪਿਆਰੇ ਨਾਟਕਕਾਰ ਪ੍ਰਤੀ ਅਪੱਣਤ ਜ਼ਾਹਰ ਕੀਤੀ। 21 ਕੜਾਹੇ ਚੌਲਾਂ ਤੇ ਕੜਾਹ ਦੇ ਹੀ ਸਨ। ਸਮੁੱਚਾ ਲੰਗਰ ਲਗਭਗ 100 ਤੋਂ ਜ਼ਿਆਦਾ ਪਿੰਡਾਂ 'ਚੋਂ ਤਿਆਰ ਹੋ ਕੇ ਆਇਆ ਸੀ। ਕਿਸੇ ਸਾਹਿਤਕਾਰ ਪ੍ਰਤੀ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਲੇਖਕਾਂ 'ਤੇ ਕਲਾਕਾਰਾਂ ਨੂੰ ਟੁੰਬਦਾ ਗਿਆ ਤੇ ਸਮਾਗਮ 'ਚ ਸ਼ਾਮਲ ਸਾਹਿਤਕਾਰਾਂ 'ਚ ਇਸ 'ਅਪਣੱਤ' ਦੀ ਵਿਸ਼ੇਸ਼ ਚਰਚਾ ਹੋਈ। ਸਮਾਗਮ ਦੌਰਾਨ ਪ੍ਰੋ. ਔਲਖ ਨੂੰ ਸ਼ਰਧਾਂਜਲੀ ਵਜੋਂ ਗੀਤਾਂ ਦੀ ਲੜੀ ਚਲਦੀ ਰਹੀ ਹੈ ਜਿਸਦਾ ਸਿਖਰ ਸਮਾਗਮ ਦੇ ਅੰਤ ਤੇ ਪੇਸ਼ ਹੋਈ ਕੋਰੀਓਗ੍ਰਾਫੀ ਰਾਹੀਂ ਹੋਇਆ। ਕਿਰਤ, ਕਲਾ ਤੇ ਸੰਗਰਾਮਾਂ ਦੀ ਜੋਟੀ ਉੱਚੀ ਕਰਨ ਦਾ ਹੋਕਾ ਦੇ ਰਹੇ ਗੀਤ ਨੂੰ ਚੇਤਨਾ ਕਲਾ ਕੇਂਦਰ ਬਰਨਾਲਾ ਤੇ ਲੋਕ ਕਲਾ ਮੰਚ ਮਾਨਸਾ ਦੇ ਕਲਾਕਾਰਾਂ ਨੇ ਸਾਂਝੇ ਤੌਰ 'ਤੇ ਪੇਸ਼ ਕੀਤਾ। ਪ੍ਰੋ. ਔਲਖ ਦੀਆਂ ਤਿੰਨੋਂ ਧੀਆਂ ਵੱਲੋਂ ਕੋਰੀਓਗ੍ਰਾਫੀ ਦੌਰਾਨ ਭੂਮਿਕਾ ਅਦਾ ਕਰਕੇ, ਉਹਨਾਂ ਦੇ ਰੰਗਮੰਚ ਦੇ ਸਫ਼ਰ ਨੂੰ ਜਾਰੀ ਰੱਖਣ ਦਾ ਐਲਾਨ ਨਿਵੇਕਲੇ ਅੰਦਾਜ਼ 'ਚ ਕੀਤਾ। ਇਹ ਗੀਤ ਦੋ ਵਰ੍ਹੇ ਪਹਿਲਾਂ ਪ੍ਰੋ. ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਭੇਂਟ ਕਰਨ ਵੇਲੇ ਵਿਸ਼ੇਸ਼ ਤੌਰ 'ਤੇ ਲਿਖਿਆ ਗਿਆ ਸੀ ਤੇ ਮੰਚ 'ਤੋਂ ਪੇਸ਼ ਹੋਇਆ ਸੀ।
ਸਮਾਗਮ ਦੇ ਅੰਤ 'ਤੇ ਇੱਕ ਵਿਸ਼ਾਲ ਕਾਫਲਾ ਉਹਨਾਂ ਦੀਆਂ ਅਸਥੀਆਂ ਲੈ ਕੇ, ਉਹਨਾਂ ਦੇ ਜੱਦੀ ਪਿੰਡ ਕਿਸ਼ਨਗੜ੍ਹ ਫਰਵਾਹੀ ਵੱਲ ਰਵਾਨਾ ਹੋਇਆ ਜਿਥੇ ਪਿੰਡ ਦੇ ਲੋਕਾਂ ਵੱਲੋਂ ਕਾਫਲੇ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪਿੰਡ ਦੇ ਸਕੂਲ 'ਚ ਹੋਏ ਸੰਖੇਪ ਸਮਾਗਮ ਮਗਰੋਂ ਅਸਥੀਆਂ ਪਿੰਡ ਕੋਲੋਂ ਲੰਘਦੀ ਨਹਿਰ 'ਚ ਜਲ ਪ੍ਰਵਾਹ ਕੀਤੀਆਂ ਗਈਆਂ। ਇਉਂ ਲੋਕਾਂ ਨੇ ਆਪਣੇ ਮਹਿਬੂਬ ਨਾਟਕਕਾਰ ਨੂੰ ਜਿਵੇਂ ਪਹਿਲਾਂ ਪਲਕਾਂ 'ਤੇ ਬਿਠਾਇਆ ਸੀ, ਹੁਣ ਉਸੇ ਮਾਣ ਸਨਮਾਨ ਨਾਲ ਵਿਦਾ ਕਰਕੇ ਸਿਜਦਾ ਕੀਤਾ। ਪ੍ਰੋ: ਔਲਖ ਨੂੰ ਸ਼ਰਧਾਂਜਲੀਆਂ ਲਈ ਉਮੜਿਆ ਵਿਸ਼ਾਲ ਇਕੱਠ ਤੇ ਇਕੱਠ 'ਚ ਸ਼ਾਮਲ ਲੋਕਾਂ ਦਾ ਜਜ਼ਬਾ ਉਹਨਾਂ ਨੂੰ ਨਿਵੇਕਲੀ ਸ਼ਰਧਾਂਜਲੀ ਹੋ ਨਿਬੜਿਆ।

No comments:

Post a Comment