Saturday, October 14, 2017

ਯੋਗੀ ਰਾਜ ਦੇ ਉਘੜਦੇ ਰੰਗ ਸਹਾਰਨਪੁਰ ਦੇ ਦਲਿਤਾਂ 'ਤੇ ਇਉਂ ਬਰਸਿਆ ਕਹਿਰ

ਲੰਘੇ ਅਪ੍ਰੈਲ ਮਈ ਮਹੀਨਿਆਂ ਦੌਰਾਨ ਉੱਤਰ ਪ੍ਰਦੇਸ਼ ਨੇ ਇੱਕ ਵਾਰ ਫਿਰ ਭਾਜਪਾ ਦੀਆਂ ਫਾਸ਼ੀ ਲਾਮਬੰਦੀਆਂ ਦਾ ਕਹਿਰ ਹੰਢਾਇਆ ਹੈ। ਯੂ.ਪੀ. ਦੇ ਸਹਾਰਨਪੁਰ ਜਿਲ੍ਹੇ ਅੰਦਰ ਆਉਂਦੇ ਵਰ੍ਹੇ ਨਗਰਪਾਲਿਕਾ ਦੀਆਂ ਚੋਣਾਂ ਹੋਣੀਆਂ ਹਨ। ਫਿਰਕੂਫਾਸ਼ੀ ਪੱਤੇ ਨੂੰ ਵਰਤਣ 'ਚ ਮਾਹਰ ਭਾਜਪਾ ਨੇ ਇਹਨਾਂ ਹੇਠਲੀ ਪੱਧਰ ਦੀਆਂ ਚੋਣਾਂ ਲਈ ਵੀ ਮੁਸਲਮਾਨਾਂ ਅਤੇ ਦਲਿਤਾਂ ਖਿਲਾਫ਼ ਫਿਰਕੂ ਮਾਹੌਲ ਸਿਰਜਣ ਲਈ ਜੋਰ ਮਾਰਿਆ ਹੈ ਜਿਸਦਾ ਨਤੀਜਾ 5 ਮਈ ਨੂੰ ਸਹਾਰਨਪੁਰ ਜਿਲ੍ਹੇ ਅੰਦਰ ਦਲਿਤਾਂ 'ਤੇ ਕਹਿਰ ਦੇ ਰੁਪ ਵਿੱਚ ਨਿਕਲਿਆ ਹੈ।
5
ਮਈ ਤੋਂ ਪਹਿਲਾਂ ਵੀ ਅਪ੍ਰੈਲ ਮਹੀਨੇ ਦੌਰਾਨ ਭਾਜਪਾ ਵੱਲੋਂ ਜਿਲ੍ਹੇ ਅੰਦਰ ਮੁਸਲਮਾਨਾਂ ਅਤੇ ਦਲਿਤਾਂ ਵਿੱਚ ਟਕਰਾਅ ਖੜ੍ਹੇ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਸਨ, ਜੋ ਸਿਰੇ ਨਹੀਂ ਚੜ੍ਹ ਸਕੀਆਂ। 20 ਅਪ੍ਰੈਲ ਨੂੰ ਭਾਜਪਾ ਐਮ.ਪੀ. ਰਾਘਵ ਲਖਨਪਾਲ ਸ਼ਰਮਾਂ ਵੱਲੋਂ ਅੰਬੇਦਕਰ ਦੇ ਜਨਮ ਦਿਨ ਦੇ ਬਹਾਨੇ ਸ਼ੁਬੀਰਪੁਰ ਤੇ ਦੁਧਲੀ ਪਿੰਡਾਂ 'ਚ ਸ਼ੋਭਾ ਯਾਤਰਾ ਕੱਢੀ ਗਈ ਸੀ ਜਿਸਦਾ ਮਕਸਦ ਦਲਿਤਾਂ ਚੋਂ ਵੋਟਾਂ ਬਟੋਰਨੀਆਂ ਸਨ। ਪਰ ਇਸ ਇਲਾਕੇ ਦੇ ਦਲਿਤ ਭਾਈਚਾਰੇ ਅੰਦਰ ਭਾਜਪਾ ਦੇ ਅਸਲ ਮਕਸਦਾਂ ਪ੍ਰਤੀ ਸ਼ੰਕੇ ਮੌਜੂਦ ਸਨ। ਦੂਜੇ, ਪਹਿਲਾਂ ਹੀ ਦਲਿਤ ਭਾਈਚਾਰੇ ਵੱਲੋਂ ਸ਼ਬੀਰਪੁਰ ਅੰਦਰ ਸ਼ੌਭਾ ਯਾਤਰਾ ਕੱਢੀ ਜਾ ਚੁੱਕੀ ਸੀ, ਸੋ ਕੁੱਲ ਮਿਲਾ ਕੇ ਅੰਬੇਦਕਰ ਦੇ ਨਾਂ ਦੀ ਵਰਤੋਂ ਦਲਿਤਾਂ ਅੰਦਰ ਸ਼ੋਭਾ ਯਾਤਰਾ ਪ੍ਰਤੀ ਬਹੂਤਾ ਉਤਸ਼ਾਹ ਪੈਦਾ ਕਰਨ 'ਚ ਕਾਮਯਾਬ ਨਹੀਂ ਰਹੀ। ਐਮ.ਪੀ. ਨੇ ਹਿੰਦੂ ਯੁਵਾ ਵਾਹਿਨੀ ਨੂੰ ਨਾਲ ਲੈ ਕਿ ਸ਼ੋਭਾ ਯਾਤਰਾ ਕੱਢੀ। ਯੋਗੀ ਅਦਿਤਿਆਨਾਥ ਵੱਲੋਂ ਫਿਰਕੂ-ਮਕਸਦਾਂ ਦੀ ਪੂਰਤੀ ਲਈ ਹੀ ਸਿਰਜੀ ਇਸ ਜਥੇਬੰਦੀ ਦੇ ਕਾਰਕੁੰਨ ਸਾਰੀ ਸ਼ੋਭਾ ਯਾਤਰਾ ਦੌਰਾਨ ਅੰਬੇਦਕਰ ਜ਼ਿੰਦਾਬਾਦ ਦੀ ਥਾਵੇਂ 'ਮੰਦਰ ਵਹੀ ਬਨੇਗਾ' ਅਤੇ 'ਜੈ ਸ਼੍ਰੀ ਰਾਮ' ਵਰਗੇ ਫਿਰਕੂ ਨਾਹਰੇ ਹੀ ਲਾਉਂਦੇ ਰਹੇ ਅਤੇ ਉੱਚੀ ਅਵਾਜ਼ ਵਿੱਚ ਹੜਦੁੰਗ ਮਚਾਉੰਦੇ ਰਹੇ। ਸ਼ੋਭਾ ਯਾਤਰਾ ਦੇ ਦੁਧੱਲੀ ਪਿੰਡ ਪਹੁੰਚਣ 'ਤੇ ਇਹ ਅਨਸਰ ਜਲੂਸ ਨੂੰ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿਚੋਂ ਹੀ ਲੈ ਕੇ ਜਾਣ 'ਤੇ ਅੜ ਗਏ। ਇਸ ਯਾਤਰਾ ਦੇ ਮਕਸਦਾਂ ਪ੍ਰਤੀ ਪਹਿਲਾਂ ਹੀ ਸ਼ੱਕੀ ਤੇ ਆਸੇ-ਪਾਸੇ ਦੇ ਪਿੰਡਾਂ ਚੋਂ ਸ਼ਾਮਲ ਦਲਿਤ ਭਾਈਚਾਰਾ ਯਾਤਰਾ ਨੂੰ ਬਦਲਵੇਂ ਰੂਟ ਰਾਹੀਂ ਲਿਜਾਣਾ ਚਾਹੁੰਦਾ ਸੀ। ਪਰ ਹੜਦੁੰਗ ਮਚਾ ਰਹੀ ਹਿੰਦੂ ਵਾਹਿਨੀ ਅੜੀ ਰਹੀ। ਮੁਸਲਿਮ ਭਾਈਚਾਰੇ ਨੇ ਵੀ ਇਸ ਗੱਲ 'ਤੇ ਇਤਰਾਜ ਕੀਤਾ। ਮੌਕੇ ਤੇ ਪਹੁੰਚੇ ਐਸ.ਐਸ.ਪੀ. ਲਵ ਕੁਮਾਰ ਤੇ ਐਮ.ਪੀ. ਨੇ ਯੁਵਾ ਵਾਹਿਨੀ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਵਿਅਰਥ। ਜਲੂਸ ਨੇ ਮੁਸਲਿਮ ਇਲਾਕੇ 'ਚੋਂ ਲੰਘਦਿਆਂ ਖਰੂਦ ਕਰਦੇ ਹੋਏ 'ਮੰਦਰ ਵਹੀ ਬਨੇਗਾ' ਦੇ ਨਾਰ੍ਹੇ ਲਾਏ ਅਤੇ ਜਾਣਬੁੱਝ ਕੇ ਭੜਕਾਹਟ ਪੈਦਾ ਕੀਤੀ। ਇੱਟਾਂ ਰੋੜੇ ਚੱਲੇ ਅਤੇ ਦੋਨਾਂ ਧਿਰਾਂ ਦੇ ਕਈ ਬੰਦੇ ਜਖਮੀ ਹੋ ਗਏ। ਐਸ.ਐਸ.ਪੀ. ਦੀ ਦਖਲਅੰਦਾਜੀ ਸਦਕਾ ਐਮ.ਪੀ. ਅਤੇ ਯੁਵਾ ਵਾਹਿਨੀ ਨੂੰ ਉਥੋਂ ਭੇਜ ਦਿੱਤਾ ਗਿਆ।
ਉਕਤ ਘਟਨਾ ਦੇ ਸੰਬੰਧ ਵਿੱਚ ਇੱਕ ਚੰਗੀ ਗੱਲ ਇਹ ਰਹੀ ਕਿ ਦਲਿਤ ਭਾਈਚਾਰੇ ਦੇ ਲੋਕ ਭਾਜਪਾ ਦੇ ਅਸਲ ਮਕਸਦ ਪਛਾਣ ਕੇ ਉਕਸਾਹਟ ਵਿੱਚ ਆਕੇ ਮੁਸਲਮਾਨਾਂ ਖਿਲਾਫ ਕਿਸੇ ਕਾਰਵਾਈ ਦੇ ਭਾਗੀ ਨਹੀਂ ਬਣੇ ਅਤੇ ਇਸ ਪ੍ਰਚਾਰ ਤੋਂ ਕਿ ਮੁਸਲਮਾਨਾਂ ਨੇ ਅੰਬੇਦਕਰ ਯਾਤਰਾ ਵਿੱਚ ਵਿਘਨ ਪਾਇਆ, ਅਭਿੱਜ ਰਹੇ। ਸੋ, ਫਿਰਕੂ ਮਾਹੌਲ ਸਿਰਜਣ ਦੀ ਭਾਜਪਾ ਦੀ ਇਹ ਕੋਸ਼ਿਸ਼ ਅਸਫਲ ਰਹੀ, ਜਿਸਦਾ ਗੁੱਸਾ ਐਮ.ਪੀ. ਰਾਮ ਲਖਨਪਾਲ ਸ਼ਰਮਾਂ ਨੇ ਐਸ.ਐਸ.ਪੀ. ਲਵ ਕੁਮਾਰ 'ਤੇ ਕੱਢਿਆ। ਆਪਣੇ ਸਾਥੀਆਂ ਸਮੇਤ ਐਮ.ਪੀ. ਨੇ ਐਸ.ਐਸ.ਪੀ. ਦੇ ਘਰ ਦੀ ਭੰਨਤੋੜ ਕੀਤੀ, ਪੱਥਰ ਮਾਰੇ ਸੀਸੀਟੀਵੀ ਕੈਮਰੇ ਭੰਨ ਦਿੱਤੇ, ਨੇਮਪਲੇਟ ਲਾਹ ਦਿੱਤੀ। ਐਸ.ਐਸ.ਪੀ. ਦੀ ਪਤਨੀ ਨੇ ਬੱਚਿਆਂ ਸਮੇਤ ਗਾਵਾਂ ਦੇ ਵਾੜੇ 'ਚ ਲੁਕਕੇ ਜਾਨ ਬਚਾਈ। ਪਰ ਹੜਦੁੰਗ ਮਚਾਉਣ ਵਾਲੇ ਇਸ ਟੋਲੇ ਖਿਲਾਫ ਕੋਈ ਵੀ ਕਾਰਵਾਈ ਕਰਨ ਦੀ ਥਾਂਵੇਂ ਯੋਗੀ ਸਰਕਾਰ ਨੇ ਐਸ.ਐਸ.ਪੀ. ਲਵ ਕੁਮਾਰ ਨੂੰ ਰਾਤੋ ਰਾਤ ਸਹਾਰਨਪੁਰ ਤੋਂ ਨੋਇਡਾ ਤਬਦੀਲ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ 5 ਮਈ ਨੂੰ ਸ਼ਬੀਰਪੁਰ ਦੇ ਲਾਗਲੇ ਪਿੰਡ ਸ਼ਿਮਲਾਵੇ ਅੰਦਰ ਇਲਾਕੇ ਦੇ ਠਾਕੁਰਾਂ ਵੱਲੋਂ ਮਹਾਰਾਣਾ ਪ੍ਰਤਾਪ ਦੀ ਸਾਲਗਿਰਾਹ ਮਨਾਈ ਜਾਣੀ ਸੀ। ਮਹਾਰਾਣਾ ਪ੍ਰਤਾਪ ਦਾ ਯੂ.ਪੀ. ਨਾਲ ਕੋਈ ਇਤਿਹਾਸਕ ਲਾਗਾ ਦੇਗਾ ਨਹੀਂ ਹੈ। ਪਰ ਉਹ ਠਾਕੂਰ ਸੀ ਤੇ ਯੋਗੀ ਅਦਿਤਿਆਨਾਥ ਵੀ ਠਾਕੁਰ ਹੈ। ਮਹਾਰਾਣਾ ਪ੍ਰਤਾਪ ਵੇਲੇ ਦੇ ਮੁਸਲਮਾਨ ਹਾਕਮਾਂ ਖਿਲਾਫ ਬਗਾਵਤ ਕਰਨ ਕਰਕੇ ਬੀ.ਜੇ.ਪੀ. ਦੀ ਫਿਰਕੂ ਸਿਆਸਤ ਵਾਸਤੇ ਢੁੱਕਵਾਂ ਰੋਲ ਮਾਡਲ ਹੈ। ਇਸ ਕਰਕੇ ਮਿਉਂਸਪੈਲਟੀ ਦੀਆਂ ਚੋਣਾਂ 'ਚ ਠਾਕੁਰ ਵੋਟਾਂ ਪੱਕੀਆਂ ਕਰਨ ਵਾਸਤੇ ਬੀ.ਜੇ.ਪੀ. ਨੇ ਮਹਾਰਾਣਾ ਪ੍ਰਤਾਪ ਦੇ ਜਨਮ ਦਿਵਸ ਨੂੰ ਧੂਮ ਧੜੱਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੋਇਆ ਸੀ। ਅਜਿਹੇ ਸਮਾਗਮਾਂ ਦਾ ਦੂਜਾ ਮਕਸਦ ਦਲਿਤਾਂ ਤੇ ਮੁਸਲਮਾਨਾਂ ਅੰਦਰ ਡਰ ਤੇ ਦਾਬੇ ਦਾ ਮਾਹੌਲ ਪੈਦਾ ਕਰਕੇ ਉੱਚ ਜਾਤੀ ਠਾਕੁਰਾਂ ਦੀ ਸਮਾਜਕ ਦਬਸ਼ ਨੂੰ ਹੋਰ ਤਾਕਤਵਰ ਕਰਨਾ ਸੀ। ਏਸੇ ਮਕਸਦ ਤਹਿਤ ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਫੂਲਨ ਦੇਵੀ ਦੇ ਕਾਤਲ ਠਾਕੁਰ ਸ਼ੇਰ ਸਿੰਘ ਰਾਣਾ ਨੂੰ ਬਣਾਇਆ ਗਿਆ ਸੀ ਜੋ ਕਤਲ ਕੇਸ 'ਚੋਂ ਜਮਾਨਤ 'ਤੇ ਬਾਹਰ ਆਇਆ ਹੋਇਆ ਹੈ।
ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਇਲਾਕੇ ਦੇ 25-30 ਠਾਕੁਰਾਂ ਦਾ ਇੱਕ ਜਲੂਸ ਸ਼ਬੀਰਪੁਰ ਵਿੱਚੋਂ ਲੰਘ ਰਿਹਾ ਸੀ। ਜਦੋਂ ਇਹ ਜਲੂਸ ਦਲਿਤ ਬਸਤੀ ਦੇ ਰਵੀਦਾਸ ਮੰਦਰ ਕੋਲੋਂ ਲੰਘਣ ਲੱਗਿਆ ਤਾਂ ਦਲਿਤ ਭਾਈਚਾਰੇ ਨੇ ਸਰਪੰਚ ਦੀ ਅਗਵਾਈ 'ਚ ਡੀ ਜੇ ਦੇ ਉੱਚੀ ਸ਼ੋਰ 'ਤੇ ਇਤਰਾਜ ਕੀਤਾ। ਉਹਨਾਂ ਨੇ ਕਿਹਾ ਕਿ ਉੱਚੀ ਸ਼ੋਰ ਸ਼ਰਾਬੇ ਤੇ ਡੀ ਜੇ ਵਾਲਾ ਜਲੂਸ ਮੰਦਰ ਅੱਗੋਂ ਨਹੀਂ ਜਾਣਾ ਚਾਹੀਦਾ, ਪਰ ਠਾਕੁਰ ਓਸੇ ਰਸਤੇ 'ਤੇ ਜਾਣ ਲਈ ਅੜ ਗਏ। ਸਰਪੰਚ ਦੀ ਸੂਚਨਾ 'ਤੇ ਪਹੁੰਚੇ ਥਾਣੇਦਾਰ ਨੇ ਇੱਕ ਵਾਰ ਠਾਕੁਰਾਂ ਨੂੰ ਓਥੋਂ ਭੇਜ ਦਿੱਤਾ। ਪਰ ਇਸ ਗੱਲ ਨੂੰ ਆਪਣੀ ਹੇਠੀ ਸਮਝ ਕੇ ਬਾਅਦ ਵਿੱਚ ਠਾਕੁਰਾਂ ਵੱਲੋਂ ਭੇਜੇ ਮੁੰਡੇ ਰਵੀਦਾਸ ਅਤੇ ਅੰਬੇਦਕਰ ਨੂੰ ਗਾਲ੍ਹਾਂ ਕੱਢਦੇ ਅਤੇ ਮਹਾਰਾਣਾ ਪ੍ਰਤਾਪ ਜਿੰਦਾਬਾਦ, ਰਾਜਪੂਤਾਨਾ ਜਿੰਦਾਬਾਦ ਦੇ ਨਾਰ੍ਹੇ ਮਾਰਦੇ ਦਲਿਤ ਬਸਤੀ 'ਚ ਮੋਟਰਸਾਈਕਲਾਂ 'ਤੇ ਹਰਲ ਹਰਲ ਕਰਨ ਲੱਗੇ। ਇਹ ਨੌਜਵਾਨ ਜਦੋਂ ਰਵੀਦਾਸ ਮੰਦਰ ਵੱਲ ਵਧੇ ਤਾਂ ਦੋਨਾਂ ਧਿਰਾਂ 'ਚ ਟਕਰਾਅ ਹੋ ਗਿਆ ਤੇ ਡਾਂਗਾਂ ਇੱਟਾਂ ਰੋੜੇ ਚੱਲੇ। ਇੱਕ ਠਾਕੁਰ ਮੁੰਡਾ ਸੁਮਿਤ ਕੁਮਾਰ ਮੰਦਰ ਦੇ ਅੰਦਰ ਵੜ ਗਿਆ। ਰਵੀਦਾਸ ਦੀ ਮੂਰਤੀ ਦੀ ਭੰਨਤੋੜ ਕੀਤੀ, ਮੂਰਤੀ ਉਪਰ ਪਿਸ਼ਾਬ ਕਰਕੇ ਮੰਦਰ ਵਿੱਚ ਅੱਗ ਲਗਾ ਦਿੱਤੀ। ਅੱਗ ਨਾਲ ਫੈਲੇ ਧੂੰਏ ਕਾਰਨ ਮੰਦਰ ਚੋਂ ਬਾਹਰ ਨਿਕਲਦੇ ਸਮੇਂ ਉਹ ਸਾਹ ਘੁਟਣ ਕਰਕੇ ਬੇਹੋਸ਼ ਹੋ ਗਿਆ ਤੇ ਹਸਪਤਾਲ ਲਿਜਾਂਦੇ ਹੋਏ ਰਾਹ ਵਿੱਚ ਉਸਦੀ ਮੌਤ ਹੋ ਗਈ। ਇਸ ਘਟਨਾ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ। ਕੁਝ ਸਮੇਂ ਬਾਅਦ ਹੀ ਠਾਕੁਰਾਂ ਦੇ 2500-3000 ਦੇ ਹਜੂਮ ਨੇ ਡਾਂਗਾਂ, ਤਲਵਾਰਾਂ, ਬੰਦੂਕਾਂ, ਰਾਡਾਂ ਨਾਲ ਲੈਸ ਹੋ ਕੇ ਸ਼ਬੀਰਪੁਰ ਦੀ ਦਲਿਤ ਬਸਤੀ 'ਤੇ ਧਾਵਾ ਬੋਲ ਦਿੱਤਾ। 50 ਘਰ ਸਾੜ ਕੇ ਸੁਆਹ ਕਰ ਦਿੱਤੇ, ਘਰਾਂ ਦਾ ਸਮਾਨ ਲੁੱਟ ਲਿਆ ਜਾਂ ਭੰਨ ਦਿੱਤਾ। ਪਸ਼ੂਆਂ ਨੂੰ ਸੱਟਾਂ ਮਾਰਕੇ ਨਕਾਰਾ ਕਰ ਦਿੱਤਾ। ਵਹੀਕਲ, ਫਰਨੀਚਰ, ਅਨਾਜ ਸਾੜ ਦਿੱਤੇ। ਦਲਿਤ ਔਰਤਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇੱਕ ਗਰਭਵਤੀ ਔਰਤ ਦੀ ਕੁੱਖ 'ਚ ਪਲ ਰਹੇ ਬੱਚੇ ਨੂੰ ਮਾਰਨ ਲਈ ਕਿਰਪਾਨ ਚਲਾਈ ਤਾਂ ਉਸਨੂੰ ਬਚਾਉਂਦੇ ਹੋਏ ਇੱਕ ਹੋਰ ਔਰਤ ਦੀ ਲੱਤ ਵੱਢੀ ਗਈ। ਇੱਕ ਔਰਤ ਦੀਆਂ ਛਾਤੀਆਂ ਨੂੰ ਵੱਢਣ ਲਈ ਹਜੂਮ ਨੇ ਕਿਰਪਾਨ ਨਾਲ ਵਾਰ ਕੀਤੇ ਤਾਂ ਬਚਾਅ ਕਰਦੇ ਹੋਏ ਉਸਦੀਆਂ ਬਾਹਾਂ ਜਖਮੀ ਹੋ ਗਈਆਂ। ਇੱਕ ਛੋਟਾ ਬੱਚਾ ਅੱਗ 'ਚ ਬੁਰੀ ਤਰ੍ਹਾਂ ਝੁਲਸਿਆ ਗਿਆ। 12 ਦਲਿਤ ਮਰਦ ਔਰਤਾਂ ਗੰਭੀਰ ਜਖਮੀ ਹੋ ਗਈਆਂ। ਇਹ ਤਬਾਹੀ ਮਚਾਉਂਦਾ ਹੋਇਆ ਹਜੂਮ ਯੂ.ਪੀ. ਮੇਂ ਰਹਿਨਾ ਹੈ ਤੋਂ ਯੋਗੀ-ਯੋਗੀ ਕਹਿਨਾ ਹੈ ਅਤੇ ਅੰਬੇਦਕਰ ਮੁਰਦਾਬਾਦ, ਰਵੀਦਾਸ ਮੁਰਦਾਬਾਦ, ਜੈ ਸ਼੍ਰੀ ਰਾਮ ਦੇ ਨਾਰ੍ਹੇ ਲਾਉਂਦਾ ਰਿਹਾ। ਇਹ ਸਾਰਾ ਕੁਝ ਪੁਲਸ ਦੀ ਹਾਜਰੀ ਵਿੱਚ ਹੋਇਆ ਪਰ ਪੁਲਸ ਪੀੜਤਾਂ ਦਾ ਬਚਾਅ ਕਰਨ ਦੀ ਥਾਂ ਠਾਕੁਰਾਂ ਨੂੰ ਕਹਿੰਦੀ ਰਹੀ, ''ਆਪ ਕੇ ਪਾਸ ਏਕ-ਆਧਾ ਘੰਟਾ ਹੈ ਜੋ ਕਰਨਾ ਹੈ ਜਲਦੀ ਜਲਦੀ ਨਿਪਟਾਓ''
ਸਰਕਾਰੀ ਸ਼ਹਿ ਹੇਠ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂਵੇਂ ਪੁਲਸ ਨੇ ਝੂਠੇ ਕੇਸ ਦਰਜ ਕਰਕੇ ਦਲਿਤ ਮਰਦਾਂ ਦੀ ਫੜੋਫੜੀ ਸ਼ੁਰੂ ਕਰ ਦਿੱਤੀ। ਪੁਲਸ ਠਾਕੁਰਾਂ ਨਾਲ ਮਿਲਕੇ ਇਹ ਗੱਲ ਫੈਲਾਉਂਦੀ ਰਹੀ ਕਿ ਸੁਮਿਤ ਕੁਮਾਰ ਦੀ ਮੌਤ ਸੱਟਾਂ ਅਤੇ ਗੋਲੀ ਨਾਲ ਹੋਈ ਹੈ ਜਦੋਂ ਕਿ ਪੋਸਟਮਾਰਟਮ ਸਮੇਂ ਉਸਦੇ ਸਰੀਰ ਤੇ ਇੱਕ ਵੀ ਸੱਟ ਦਾ ਨਿਸ਼ਾਨ ਨਹੀਂ ਮਿਲਿਆ। ਡਾਕਟਰਾਂ ਮੁਤਾਬਕ ਉਸਦੀ ਮੌਤ ਸਾਹ ਘੁਟਣ ਨਾਲ ਹੋਈ। ਪੁਲਸ ਦਾ ਰਵੱਈਆ ਘਟਨਾ ਤੋਂ ਬਾਅਦ ਦਿੱਤੇ ਬਿਆਨਾਂ ਤੋਂ ਵੀ ਸਪਸ਼ਟ ਝਲਕਦਾ ਹੈ। ਇੰਸਪੈਕਟਰ ਤਿਵਾੜੀ ਜੋ ਘਟਨਾ ਤੋਂ ਬਾਅਦ ਸ਼ਬੀਰਪੁਰ ਵਿੱਚ ਤਾਇਨਾਤ ਸੀ, ਇਕ ਪੱਤਰਕਾਰ ਨੂੰ ਕਹਿੰਦਾ ਹੈ, ''ਯੇ ਮਤ ਸੋਚੋ ਕਿਆ ਚਲਾ ਗਿਆ....ਅਗਰ ਕੋਈ ਤੁਮਾਰੇ ਪਰਿਵਾਰ ਕੇ ਮੈਂਬਰ ਕੋ ਮਾਰ ਦੇ ਤੋ ਕਿਆ ਆਪ ਗੁੱਸਾ ਨਹੀਂ ਹੋਂਗੇ'' ਅਤੇ ''ਯੇ ਤੋ ਐਕਸ਼ਨ ਕਾ ਹੀ ਰੀਐਕਸ਼ਨ ਹੂਆ ਹੈ''। ਜਾਤੀ ਤੁਅੱਸਬ ਨੂੰ ਜਾਹਰ ਕਰਦਾ ਹੋਇਆ ਇਹ ਇੰਸਪੈਕਟਰ ਅੱਗੇ ਕਹਿੰਦਾ ਹੈ, ''ਏਕ ਸਾਊਥ ਮੇਂ ਮਰਾ ਥਾ ਰੋਹਿਤ ਵੇਮੁੱਲਾ। ਸੂਈਸਾਈਡ ਕਰ ਲੀਆ ਥਾ, ਪਤਾ ਨਹੀਂ ਕਿਆ ਦਿਮਾਗ ਮੇਂ ਆਇਆ-ਔਰ ਕਿਤਨਾ ਡਰਾਮਾ ਮਚਾਇਆ।'' ਇਹੀ ਜੁਬਾਨ ਡੀ.ਐਸ.ਪੀ. ਅਤੇ ਐਸ.ਐਚ.ਓ. ਦੀ ਹੈ। ਯੂ.ਪੀ. ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਸਹਾਰਨਪੁਰ ਦੀ ਘਟਨਾ ਪਿੱਛੇ ਖਣਨ ਮਾਫੀਏ ਦਾ ਹੱਥ ਹੈ।
ਇਸ ਘਟਨਾ ਦੇ ਪੀੜਤਾਂ ਨੂੰ ਮੁਆਵਜਾ ਦੁਵਾਉਣ ਅਤੇ ਦੋਸ਼ੀਆਂਖਿਲਾਫ ਕਾਰਵਾਈ ਦੀਆਂ ਮੰਗਾਂ ਨੂੰ ਲੈ ਕੇ ਇੱਕ ਦਲਿਤ ਜਥੇਬੰਦੀ ਭੀਮ ਸੈਨਾ ਵੱਲੋਂ 9 ਮਈ ਨੂੰ ਮਹਾਂ-ਪੰਚਾਇਤ ਸੱਦੀ ਗਈ ਪਰ ਪ੍ਰਸ਼ਾਸਨ ਨੇ ਇਸ ਮਹਾਂ-ਸਭਾ 'ਤੇ ਬੈਨ ਲਗਾ ਦਿੱਤਾ ਤੇ ਜਿਲ੍ਹੇ ਵਿੱਚ ਦਫਾ 144 ਲਾ ਦਿੱਤੀ ਗਈ। ਇਸਦੇ ਬਾਵਜੂਦ ਸੋਸ਼ਲ ਮੀਡੀਆ ਉਪਰ ਇਸ ਮਹਾਂ-ਸਭਾ ਲਈ ਹੋਏ ਵਿਆਪਕ ਪ੍ਰਚਾਰ ਸਦਕਾ ਵੱਡੀ ਗਿਣਤੀ ਦਲਿਤ ਇਕੱਠੇ ਹੋਣੇ ਸ਼ੁਰੂ ਹੋ ਗਏ। ਬਿਨਾਂ ਕਿਸੇ ਭੜਕਾਹਟ ਜਾਂ ਚੇਤਾਵਨੀ ਤੋਂ ਪੁਲਸ ਵੱਲੋਂ ਉਹਨਾਂ 'ਤੇ ਲਾਠੀਚਾਰਜ ਕਰ ਦਿੱਤਾ ਗਿਆ। ਭੜਕੇ ਲੋਕਾਂ ਨੇ ਪੁਲਸ ਦੀ ਇੱਕ ਪੋਸਟ ਸਾੜ ਦਿੱਤੀ, ਕਈ ਵਹੀਕਲ ਨੁਕਸਾਨੇ ਗਏ ਵਧੀਕ ਜਿਲ੍ਹਾ ਮੈਜਿਸਟਰੇਟ ਅਤੇ 6 ਪੁਲਸੀਆਂ ਦੇ ਸੱਟਾਂ ਲੱਗੀਆਂ ਭੀਮ ਸੈਨਾ ਦੇ ਆਗੂ ਚੰਦਰਸ਼ੇਖਰ ਨੇ ਸੋਸ਼ਲ ਮੀਡੀਆ ਉਪਰ ਪਾਏ ਸੰਦੇਸ਼ ਵਿੱਚ ਕਿਹਾ ਕਿ ਪੁਲਸ ਨੇ ਸ਼ਾਂਤਮਈ ਵਿਖਾਵਾਕਾਰੀਆਂ 'ਤੇ ਲਾਠੀਚਾਰਜ ਕੀਤਾ। ਸਥਿਤੀ ਸ਼ਾਂਤ ਕਰਨ ਵਿੱਚ ਪੁਲਸ ਨੂੰ ਸਹਿਯੋਗ ਦੇਣ ਦੇ ਬਾਵਜੂਦ ਉਸ ਉਪਰ ਵੀ ਕੇਸ ਦਰਜ ਕਰ ਦਿੱਤਾ ਗਿਆ।
ਬਾਅਦ ਵਿੱਚ 21 ਮਈ ਨੂੰ 5 ਮਈ ਤੇ 9 ਮਈ ਦੀ ਘਟਨਾ ਖਿਲਾਫ ਭੀਮ ਸੈਨਾ ਵੱਲੋਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਜੰਤਰ-ਮੰਤਰ ਦਿੱਲੀ ਵਿਖੇ ਇੱਕ ਰੋਸ ਰੈਲੀ ਕੀਤੀ ਗਈ। ਜਿਸ ਵਿੱਚ ਹਜਾਰਾਂ ਲੋਕਾਂ ਦਾ ਇਕੱਠ ਹੋਇਆ। ਘਟਨਾ ਤੋਂ 3 ਹਫਤੇ ਤੱਕ ਹਾਲਾਤ ਦੇ ਆਮ ਹੋਣ ਦੀ ਉਡੀਕ ਕਰਨ ਤੋਂ ਬਾਅਦ ਮਾਇਆਵਤੀ ਵੱਲੋਂ 23 ਮਈ ਨੂੰ ਸ਼ਬੀਰਪੁਰ ਵਿੱਚ ਰੈਲੀ ਰੱਖੀ ਗਈ ਸੀ। ਇਸ ਰੈਲੀ ਤੋਂ ਵਾਪਸ ਮੁੜਦੇ ਦਲਿਤਾਂ ਉਪਰ ਇੱਕ ਵਾਰ ਫੇਰ ਠਾਕੁਰਾਂ ਦੇ ਹਜੂਮ ਵੱਲੋਂ ਡਾਂਗਾਂ, ਬੰਦੂਕਾਂ ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇੱਕ 24 ਸਾਲਾ ਦਲਿਤ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ 10 ਤੋਂ ਵੱਧ ਦਲਿਤ ਗੰਭੀਰ ਜਖਮੀ ਹੋ ਗਏ। ਪਰ ਬੀ.ਜੇ.ਪੀ. ਦਾ ਇੱਕ ਹੋਰ ਐਮ.ਪੀ. ਕੁੰਵਰ ਬਰਜੇਸ਼ ਸਿੰਘ ਠਾਕੁਰਾਂ ਨੂੰ ਕਲੀਨ ਚਿਟ ਦਿੰਦਾ ਹੋਇਆ ਕਹਿੰਦਾ ਹੈ ਕਿ ਹਮਲਾ ਠਾਕੁਰਾਂ ਨੇ ਨਹੀਂ ਕੀਤਾ। ਇੱਹ ਬਸਪਾ ਤੇ ਭੀਮ ਸੈਨਾ ਦੀ ਲੜਾਈ ਹੈ ।ਉਹਦੇ ਅਨੁਸਾਰ ਤਾਂ ਦਲਿਤਾਂ ਦੇ ਘਰਾਂ ਨੂੰ ਵੀ ਦਲਿਤਾਂ ਨੇ ਆਪ ਅੱਗ ਲਗਾਈ ਸੀ। ਯੋਗੀ ਸਰਕਾਰ ਵੱਲੋਂ ਠਾਕੁਰਾਂ ਖਿਲਾਫ ਜਾਂ ਤਾਂ ਕੇਸ ਦਰਜ ਹੀ ਨਹੀਂ ਕੀਤੇ ਜਾ ਰਹੇ ਤੇ ਜਾਂ ਕੇਸਾਂ ਨੂੰ ਕਮਜੋਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਦਲਿਤ ਆਗੂਆਂ ਨੂੰ ਨਕਸਲੀ ਗਰਦਾਨ ਕੇ ਸਖਤ ਕਾਰਵਾਈ ਕਰਨ ਲਈ ਰੱਸੇ ਪੈੜੇ ਵੱਟੇ ਜਾ ਰਹੇ ਹਨ।***

No comments:

Post a Comment