Friday, April 1, 2022

9. ਜੰਗ ਬਾਰੇ ਲੈਨਿਨ ਕੀ ਕਹਿੰਦਾ ਹੈ

                  9.  ਜੰਗ ਬਾਰੇ ਲੈਨਿਨ ਕੀ ਕਹਿੰਦਾ ਹੈ

ਜੰਗ ਵਿੱਚ ਸ਼ਾਮਲ ਕੋਈ ਵੀ ਟੋਲਾ ਮਾਰ-ਧਾੜ, ਜੁਲਮਾਂ ਅਤੇ ਜੰਗ ਦੇ ਅਥਾਹ ਵਹਿਸ਼ੀਪੁਣੇ ਵਿੱਚ ਦੂਜੇ ਨਾਲੋਂ ਘਟ ਨਹੀਂ ; ਪਰ ਪ੍ੋਲੇਤਾਰੀਆਂ ਨੂੰ ਧੋਖਾ ਦੇਣ ਲਈ ਅਤੇ ਉਹਨਾਂ ਦਾ ਧਿਆਨ ਆਜ਼ਾਦੀ ਦੀ ਇੱਕੋ ਇੱਕ ਸੱਚੀ ਜੰਗ ਤੋਂ ਅਰਥਾਤ, ‘‘ਆਪਣੀ’’ ਅਤੇ ‘‘ਬਦੇਸ਼ੀ’’, ਦੋਹਾਂ ਤਰਾਂ ਦੀ ਬੁਰਜੂਆਜ਼ੀ ਦੇ ਖਿਲਾਫ਼ ਘਰੇਲੂ ਜੰਗ ਤੋਂ ਲਾਂਭੇ ਲਿਜਾਣ ਲਈ ਏਨਾ ਉੱਚਾ ਨਿਸ਼ਾਨਾ ਪ੍ਰਾਪਤ ਕਰਨ ਲਈ ਹਰ ਦੇਸ਼ ਦੀ ਬੁਰਜੂਆਜ਼ੀ, ਦੇਸ਼ਭਗਤੀ ਬਾਰੇ ਝੂਠੀ ਲਫ਼ਾਜ਼ੀ ਦੀ ਸਹਾਇਤਾ ਨਾਲ, ‘‘ਆਪਣੀ’’ ਕੌਮੀ ਜੰਗ ਦੀ ਮਹੱਤਤਾ ਦੇ ਸੋਹਲੇ ਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਦਾਅਵਾ ਕਰਦਿਆਂ ਕਿ ਉਹ, ਲੁੱਟਮਾਰ ਅਤੇ ਇਲਾਕੇ ਉੱਪਰ ਕਬਜਾ ਕਰਨ ਲਈ ਨਹੀਂ, ਸਗੋਂ ਖੁਦ ਆਪਣੇ ਲੋਕਾਂ ਨੂੰ ਛੱਡ ਕੇ ਬਾਕੀ ਸਾਰੀਆਂ ਕੌਮਾਂ ਦੀ ‘‘ਆਜ਼ਾਦੀ’’ ਲਈ ਦੁਸ਼ਮਣ ਨੂੰ ਭਾਂਜ ਦੇਣ ਉੱਤੇ ਤੁਲੀ ਹੋਈ ਹੈ। 

ਪਰ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਬੁਰਜੂਆਜ਼ੀ ਮਜ਼ਦੂਰਾਂ ਨੂੰ ਪਾੜਨ ਦੀ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਖਿਲਾਫ਼ ਖੜਿਆਂ ਕਰਨ ਦੀ ਕੋਸ਼ਿਸ਼ ਵਿੱਚ ਜਿੰਨੇਂ ਜ਼ਿਆਦਾ ਜਾਂਗਲੀ ਤਰੀਕੇ ਨਾਲ ਮਾਰਸ਼ਲ ਲਾਅ ਅਤੇ ਫੌਜੀ ਸੈਂਸਰਸ਼ਿਪ ਠੋਸਦੀਆਂ ਹਨ, ਐਸੇ ਕਦਮ ਜਿਹੜੇ ਹੁਣ, ਜੰਗ ਦੇ ਸਮੇਂ ਵਿੱਚ, ਵੀ ਬਾਹਰਲੇ ਦੁਸ਼ਮਣ ਨਾਲ ‘‘ਅੰਦਰਲੇ’’ ਦੁਸ਼ਮਣ ਦੇ ਖਿਲਾਫ਼ ਵਧੇਰੇ ਕਰੜਾਈ ਨਾਲ ਲਾਗੂ ਕੀਤੇ ਜਾਂਦੇ ਹਨ। ਜਮਾਤੀ ਚੇਤਨਾ ਵਾਲੇ ਪ੍ਰੋਲੇਤਾਰੀਆਂ ਦਾ ਓਨਾ ਹੀ ਇਹ ਵਧੇਰੇ ਫ਼ਰਜ਼ ਬਣ ਜਾਂਦਾ ਹੈ ਕਿ ਉਹ ਸਾਰੇ ਦੇਸ਼ਾਂ ਵਿੱਚ ‘‘ਦੇਸ਼ਭਗਤ’’ ਬੁਰਜੂਆ ਜੁੰਡਲੀਆਂ ਦੇ ਬੇਲਗਾਮ ਅੰਧਰਾਸ਼ਟਰਵਾਦ ਦੇ ਖਿਲਾਫ਼ ਆਪਣੀ ਜਮਾਤੀ ਇੱਕਮੁੱਠਤਾ ਦੀ, ਆਪਣੀ ਕੌਮਾਂਤਰੀਵਾਦ ਦੀ ਅਤੇ ਆਪਣੇ ਸੋਸ਼ਲਿਸਟ ਵਿਸ਼ਵਾਸ਼ਾਂ ਦੀ ਰਾਖੀ ਕਰਨ। ਜੇ ਜਮਾਤੀ ਚੇਤਨਤਾ ਵਾਲੇ ਮਜ਼ਦੂਰਾਂ ਨੇ ਇਹ ਨਿਸ਼ਾਨਾ ਛੱਡ ਦਿੱਤਾ, ਤਾਂ ਇਸਦਾ ਮਤਲਬ, ਉਹਨਾਂ ਦੀਆਂ ਸੋਸ਼ਲਿਸਟ ਆਸ਼ਾਵਾਂ ਦਾ ਤਾਂ ਕਹਿਣਾ ਹੀ ਕੀ ਹੈ, ਆਜ਼ਾਦੀ ਅਤੇ ਜਮਹੂਰੀਅਤ ਲਈ ਵੀ ਉਹਨਾਂ ਦੀਆਂ ਆਸ਼ਾਵਾਂ ਦਾ ਤਿਆਗ ਹੋਵੇਗਾ.. .. .. ..

ਸੋਸ਼ਲਿਜ਼ਮ ਦੇ ਅਸੂਲ ਤੇ 1914-15 ਦੀ ਜੰਗ 
ਜੰਗਾਂ ਵੱਲ ਸੋਸ਼ਲਿਸਟਾਂ ਦਾ ਵਤੀਰਾ 

ਸੋਸ਼ਲਿਸਟਾਂ ਨੇ ਹਮੇਸ਼ਾ ਹੀ ਕੌਮਾਂ ਵਿਚਕਾਰ ਜੰਗਾਂ ਨੂੰ ਜਾਲਮ ਤੇ ਵਹਿਸ਼ੀ ਕਹਿ ਕੇ ਨਿੰਦਿਆ ਹੈ। ਪਰ ਜੰਗਾਂ ਵੱਲ ਸਾਡਾ ਵਤੀਰਾ ਬੁਰਜੂਆ ਸ਼ਾਂਤੀਵਾਦੀਆਂ ( ਅਮਨ ਦੇ ਸਮਰਥਕਾਂ ਤੇ ਵਕੀਲਾਂ ) ਤੇ ਅਰਾਜਕਤਾਵਾਦੀਆਂ ਦੇ ਵਤੀਰੇ ਨਾਲੋਂ ਬੁਨਿਆਦੀ ਤੌਰ ’ਤੇ ਵੱਖਰਾ ਹੈ। ਸ਼ਾਂਤੀਵਾਦੀਆਂ ਨਾਲੋਂ ਸਾਡਾ ਫਰਕ ਇਹ ਹੈ ਕਿ ਅਸੀਂ ਜੰਗਾਂ ਤੇ ਕਿਸੇ ਦੇਸ਼ ਅੰਦਰਲੇ ਜਮਾਤੀ ਘੋਲ ਵਿਚਕਾਰ ਅਟੱਲ ਸੰਬੰਧ ਨੂੰ ਸਮਝਦੇ ਹਾਂ; ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਜਮਾਤਾਂ ਨਹੀਂ ਖਤਮ ਕਰ ਦਿੱਤੀਆਂ ਜਾਂਦੀਆਂ ਤੇ ਸੋਸ਼ਲਿਜ਼ਮ ਨਹੀਂ ਸਿਰਜ ਲਿਆ ਜਾਂਦਾ, ਉਦੋਂ ਤੱਕ ਜੰਗਾਂ ਖਤਮ ਨਹੀਂ ਕੀਤੀਆਂ ਜਾ ਸਕਦੀਆਂ; ਸਾਡੇ ਵਿਚਕਾਰ ਇਹ ਵੀ ਫਰਕ ਹੈ ਕਿ ਅਸੀਂ ਘਰੇਲੂ ਜੰਗਾਂ ਨੂੰ, ਭਾਵ, ਦੱਬੀ-ਕੁਚਲੀ ਜਮਾਤ ਵੱਲੋਂ ਦਬਾਉਣ ਵਾਲੀ ਜਮਾਤ ਦੇ ਖਿਲਾਫ਼, ਗੁਲਾਮਾਂ ਵੱਲੋਂ ਗੁਲਾਮ-ਮਾਲਕਾਂ ਦੇ ਖਿਲਾਫ਼, ਭੂਮੀ-ਗੁਲਾਮਾਂ ਵੱਲੋਂ ਭੂਮੀਪਤੀਆਂ ਦੇ ਖਿਲਾਫ਼, ਤੇ ਉਜਰਤੀ ਮਜ਼ਦੂਰਾਂ ਵੱਲੋਂ ਸਰਮਾਏਦਾਰਾਂ ਦੇ ਖਿਲਾਫ਼ ਲੜੀਆਂ ਜਾਂਦੀਆਂ ਜੰਗਾਂ ਨੂੰ ਪੂਰੀ ਤਰਾਂ ਕਾਨੂੰਨੀ, ਅਗਾਂਹਵਧੂ ਤੇ ਜ਼ਰੂਰੀ ਸਮਝਦੇ ਹਾਂ। ਸਾਡਾ, ਮਾਰਕਸਵਾਦੀਆਂ ਦਾ, ਸ਼ਾਂਤੀਵਾਦੀਆਂ ਤੇ ਅਰਾਜਕਤਾਵਾਦੀਆਂ ਨਾਲੋਂ ਇਸ ਗੱਲ ਵਿੱਚ ਵੀ ਫਰਕ ਹੈ ਕਿ ਅਸੀਂ ਹਰ ਜੰਗ ਦਾ ਇਤਿਹਾਸਕ ਤੌਰ ’ਤੇ ( ਮਾਰਕਸ ਦੇ ਦਵੰਦਵਾਦੀ ਭੌਤਕਵਾਦ ਦੇ ਦਿ੍ਰਸ਼ਟੀਕੋਣ ਤੋਂ) ਤੇ ਵੱਖਰੇ ਤੌਰ ’ਤੇ ਅਧਿਐਨ ਕਰਨਾ ਜ਼ਰੂਰੀ ਸਮਝਦੇ ਹਾਂ। ਬੀਤੇ ਜ਼ਮਾਨੇ ਵਿੱਚ ਅਣਗਿਣਤ ਜੰਗਾਂ ਹੋਈਆਂ ਹਨ ਜਿਹੜੀਆਂ, ਸਾਰੀਆਂ ਭਿਅੰਕਰਤਾਵਾਂ, ਜੁਲਮਾਂ, ਕਸ਼ਟਾਂ ਤੇ ਮੁਸੀਬਤਾਂ ਦੇ ਬਾਵਜੂਦ, ਜੋ ਕਿ ਅਟੱਲ ਤੌਰ ’ਤੇ ਸਭ ਜੰਗਾਂ ਨਾਲ ਲੈ ਕੇ ਆਉਦੀਆਂ ਹਨ, ਅਗਾਂਹਵਧੂ ਜੰਗਾਂ ਸਨ, ਭਾਵ, ਜਿੰਨਾਂ ਨੇ ਅਤਿ ਦੀਆਂ ਹਾਨੀਕਾਰਕ ਤੇ ਪਿਛਾਂਹ-ਖਿੱਚੂ ਸੰਸਥਾਵਾਂ (ਜਿਵੇਂ ਕਿ ਇੱਕਪੁਰਖਾ ਰਾਜ ਜਾਂ ਭੂਮੀ-ਗੁਲਾਮੀ )ਤੇ ਯੂਰਪ ਵਿੱਚ ਅਤਿ ਦੇ ਵਹਿਸ਼ੀ ਨਿਰੰਕੁਸ਼ ਰਾਜ ( ਤੁਰਕ ਤੇ ਰੁੂਸੀ) ਤਬਾਹ ਕਰਨ ਵਿੱਚ ਸਹਾਇਤਾ ਕਰਕੇ ਮਨੁੱਖਤਾ ਦੇ ਵਿਕਾਸ ਨੂੰ ਲਾਭ ਪੁਚਾਇਆ। ਇਸੇ ਕਰਕੇ ਉਹਨਾਂ ਲੱਛਣਾਂ ਦੀ ਨਿਰਖ-ਪਰਖ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਇਤਿਹਾਸਕ ਤੌਰ ’ਤੇ ਮੌਜੂਦਾ ਜੰਗ ਲਈ ਵਿਲੱਖਣ ਹਨ। 

   

No comments:

Post a Comment