Friday, April 1, 2022

6. ਇੱਕ ਕਮਿਊਨਿਸਟ ਇਨਕਲਾਬੀ ਆਗੂ ਦੀ ਅਹਿਮ ਪੇਸ਼ੀਨਗੋਈ.. .. .. ਰੂਸੀ ਸਾਮਰਾਜ ਦੀ ਮੌਜੂਦਾ ਹਾਲਤ

6.  ਇੱਕ ਕਮਿਊਨਿਸਟ ਇਨਕਲਾਬੀ ਆਗੂ ਦੀ ਅਹਿਮ ਪੇਸ਼ੀਨਗੋਈ.. .. ..

 ਰੂਸੀ ਸਾਮਰਾਜ ਦੀ ਮੌਜੂਦਾ ਹਾਲਤ

(ਇਹ ਲਗਭਗ ਤਿੰਨ ਦਹਾਕੇ ਪਹਿਲਾਂ ਲਿਖੀ ਗਈ ਲੰਮੀ ਲਿਖਤ ਦਾ ਹਿੱਸਾ ਹੈ ਜਿਸ ਵਿੱਚ ਕਾ. ਹਰਭਜਨ ਸੋਹੀ ਨੇ ਉਸ ਵੇਲੇ ਅੰਤਰ-ਸਾਮਰਾਜੀ ਵਿਰੋਧਤਾਈ ਦੀ ਹਾਲਤ ਦਾ ਅਤੇ ਉਸਦੇ ਆਉਦੇ ਵਿਕਾਸ ਦਾ ਦੂਰਗਾਮੀ ਮਹੱਤਤਾ ਵਾਲਾ ਨਿਰਣਾ ਪੇਸ਼ ਕੀਤਾ ਸੀ। ਅਜੋਕੇ ਘਟਨਾ ਵਿਕਾਸ ਨੂੰ ਸਮਝਣ ਲਈ ਇਹ ਹੁਣ ਵੀ ਪ੍ਰਸੰਗਿਕ ਹੈ। -ਸੰਪਾਦਕ )

ਸੋਵੀਅਤ  ਸਮਾਜਕ ਸਾਮਰਾਜਵਾਦ ਦੇ ਮੁੱਖ ਵਾਰਸ ਵਜੋਂ ਰੂਸੀ ਸਾਮਰਾਜਵਾਦ ’ਤੇ ਸਿਰਫ ਇਸ ਕਰਕੇ ਹੀ ਸਾਮਰਾਜੀ ਖੇੇਮੇ ਅੰਦਰ ਹੋਣ ਵਾਲੀ ਤਾਕਤਾਂ ਦੀ ਕਤਾਰਬੰਦੀ ਨੂੰ ਪ੍ਰਭਾਵਤ ਕਰਨ ਵਾਲੇ ਅੰਸ਼ ਵਜੋਂ ਕੋਈ ਵੱਡਾ ਮਹੱਤਵ ਨਾ ਰਖਦਾ ਸਮਝ ਕੇ ਲੀਕ ਨਹੀਂ ਫੇਰੀ ਜਾ ਸਕਦੀ ਕਿ ਮੌਜੂਦਾ ਸਮੇਂ ’ਚ ਇਹ ਭਿਆਨਕ ਆਰਥਿਕ ਤੇ ਸਿਆਸੀ ਸੰਕਟ ਦੀ ਘੁੰਮਣਘੇਰੀ ’ਚ ਫਸਿਆ ਹੋਇਆ ਹੈ। ਫੌਜੀ ਸ਼ਕਤੀ ਪੱਖੋਂ, ਇਹ ਹਾਲੇ ਵੀ ਇੱਕ ਸਾਮਰਾਜੀ ਦਿਓ-ਤਾਕਤ ਹੈ ਅਤੇ ਰਹੇਗਾ ਵੀ ਬਸ਼ਰਤੇ ਕਿ ਇਹ ਯੁੱਧਨੀਤਕ ਨਿਊਕਲੀਆਈ ਸ਼ਕਤੀਆਂ-ਜੋ ਕਿ ਇੱਕ ਸਾਮਰਾਜੀ ਦਿਓ-ਤਾਕਤ ਦਾ ਵਿਲੱਖਣ ਪਛਾਣ ਚਿੰਨ ਹੈ-ਦਾ ਮਾਲਕ ਬਣਿਆ ਰਹਿੰਦਾ ਹੈ। ਇਸ ਕੋਲ ਕੌਮਾਂਤਰੀ ਪੱਧਰ ’ਤੇ ਚੌਧਰ ਦੇ ਖੇਤਰਾਂ ਲਈ ਮੜਿੱਕਣ ਵਾਲੀ ਇੱਕ ਸ਼ਕਤੀਸ਼ਾਲੀ ਸ਼ਕਤੀ ਦੇ ਰੂਪ ’ਚ ਮੁੜ ਉੱਭਰ ਆਉਣ ਲਈ ਆਰਥਕ ਤੇ ਤਕਨੀਕੀ ਵਸੀਲਿਆਂ ਦਾ ਸੰਭਾਵਤ ਆਧਾਰ ਮੌਜੂਦ ਹੈ। ਦੂਜੇ ਬੰਨੇ, ਮੌਜੂਦਾ ਅਤੇ ਆਉਣ ਵਾਲੇ ਸਮੇਂ ਅੰਦਰ, ਜਿੰਨਾਂ ਚਿਰ ਇਹ ਅੰਦਰੂਨੀ ਉੱਥਲ-ਪੁੱਥਲ ਨਾਲ ਘੁਲ ਰਿਹਾ ਹੈ, ਰੂਸੀ ਸਾਮਰਾਜਵਾਦ ਵੱਲੋਂ ਕੌਮਾਂਤਰੀ ਪੱਧਰ ’ਤੇ ਆਪਣੀ ਫੌਜੀ ਸ਼ਕਤੀ ਨੂੰ ਉਭਾਰਨ ਅਤੇ ਇਸ ਤਰਾਂ ਕੌਮਾਂਤਰੀ ਸਿਆਸੀ ਘਟਨਾ-ਵਿਕਾਸ ’ਚ ਅਸਰਦਾਰ ਦਖਲਅੰਦਾਜ਼ੀ ਕਰਨ ਦੀ ਗੁੰਜਾਇਸ਼ ਨਹੀਂ ਹੈ।

ਤਾਂ ਵੀ, ਦੂਸਰੇ ਦਰਜੇ ਦੀਆਂ ਸਾਰੀਆਂ  ਵੱਡੀਆਂ ਸਾਮਰਾਜੀ ਸ਼ਕਤੀਆਂ ਵੱਲੋਂ ਅਮਰੀਕੀ ਸਾਮਰਾਜ ਦੀ ਬਲ-ਰਾਜਨੀਤੀ, ਜਦੋਂ ਕਦੇ ਵੀ ਇਹ ਉਹਨਾਂ ਦੇ ਸਾਮਰਾਜੀ ਹਿੱਤਾਂ ਨੂੰ ਹਰਜਾ ਪੁਚਾਉਦੀ ਹੈ, ਦਾ ਮੋੜਵਾਂ ਉੱਤਰ ਦੇਣ ’ਚ, ਉਹਨਾਂ ਦੇ ਫੌਜੀ ਸਮਰੱਥਾ ਦੇ ਘੋਰ ਊਣੇਪਣ ਸਾਹਮਣੇ ਰੂਸੀ ਸਾਮਰਾਜ ਦੀ ਫੌਜੀ ਸਮਰੱਥਾ ਦਾ ਮਹੱਤਵ ਬਹੁਤ ਹੀ ਵਧ ਜਾਂਦਾ ਹੈ। ਸਪਸ਼ਟ ਤੌਰ ’ਤੇ ਹੀ ਅਮਰੀਕੀ ਸਾਮਰਾਜਵਾਦ ਦੀ ਨਿਊਕਲੀਆਈ ਬਲੈਕਮੇਲ ਖਿਲਾਫ਼ ਸਿਰਫ਼ ਇਹੀ ਜਵਾਬੀ ਵੱਟਾ ਹੋਣ ਕਰਕੇ ਅਮਰੀਕੀ ਸਾਮਰਾਜਵਾਦ ਅਤੇ ਇਸ ਦੇ ਭਵਿੱਖ ਦੇ ਇਤਿਹਾਦੀਆਂ ਵਿਰੁੱਧ ਬਣਨ ਵਾਲੇ ਭਵਿੱਖ ਦੇ ਕਿਸੇ ਵੀ ਸੰਭਾਵੀ ਸਾਮਰਾਜੀ ਗੱਠਜੋੜ ’ਚ ਰੂਸੀ ਸਾਮਰਾਜਵਾਦ ਇੱਕ ਅਜਿਹਾ ਅੰਸ਼ ਹੋਵੇਗਾ ਜਿਸ ਬਿਨਾਂ ਸਾਰਿਆ ਨਹੀਂ ਜਾ ਸਕਦਾ। 

ਫੇਰ ਵੀ ਰੂਸੀ ਸਾਮਰਾਜਵਾਦ ਨੌ ਬਰ ਨੌਂ ਹੋਣ ਅਤੇ ਕਿਸੇ ਸਿਆਸੀ ਸਾਮਰਾਜੀ ਗੱਠਜੋੜ ’ਚ ਸ਼ਾਮਲ ਹੋਣ ਤੋਂ ਬਾਅਦ ਵੀ, ਆਪਣੇ ਪੂਰਵਜ਼ ਸੋਵੀਅਤ ਸਮਾਜਿਕ ਸਾਮਰਾਜਵਾਦ ਦੀ ਪਹਿਲਾਂ ਵਾਲੀ ਚੜਾਈ ਮੁੜ ਹਾਸਲ ਨਹੀਂ ਕਰ ਸਕਦਾ। ਇਸ ਸੰਭਾਵਨਾਂ ’ਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ’ਚ ਮੁੱਖ ਗੱਲ ਪੂੰਜੀਵਾਦੀ ਸਾਮਰਾਜਵਾਦ ਦੇ ਅਣਸਾਵੇਂ ਵਿਕਾਸ ਦਾ ਨਿਯਮ ਹੈ ਜਿਹੜਾ ਉਹਨਾਂ ਮੁਲਕਾਂ ਦੀ ਮੁੜ ਚੜਾਈ ਲਈ ਗੈਰ-ਸਾਜ਼ਗਾਰ ਹੈ ਜਿਹੜੇ ਕਿ ਸਾਮਰਾਜੀ ਦਿਓ-ਤਾਕਤ ਦੇ ਤੌਰ ’ਤੇ ਆਪਣੀ ਖੇਡ ਖੇਡ ਚੁੱਕੇ ਹਨ। ਦੂਸਰੇ ਉਹ ਵਿਸ਼ੇਸ਼ ਇਤਿਹਾਸਕ ਅੰਸ਼, ਜਿਨਾਂ ਨੇ ਸੋਵੀਅਤ ਯੂਨੀਅਨ ਦੀ ਇਕ ਸਾਮਰਾਜੀ ਦਿਓ-ਤਾਕਤ ਵਜੋਂ ਬੇਰੋਕਟੋਕ ਅਤੇ ਤੇਜ਼ ਰਫਤਾਰ ਚੜਾਈ ਨੂੰ ਆਸਾਨ ਬਣਾਇਆ ਸੀ, ਹੁਣ ਰੂਸੀ ਸਾਮਰਾਜਵਾਦ ਨੂੰ ਹਾਸਲ ਨਹੀਂ ਹਨ। ਹੁਣ ਨਾ ਤਾਂ ਵਧ-ਫੁੱਲ ਰਹੇ ਸਮਾਜਵਾਦੀ ਸਨਅਤੀ ਅਤੇ  ਫੌਜੀ ਢਾਂਚੇ ਮੌਜੂਦ ਹਨ ਜਿਹਨਾਂ ਨੂੰ  ਸੋਵੀਅਤ ਮਿਹਨਤਕਸ਼ ਲੋਕਾਂ ਨੇ ਹੈਰਾਨਕੁਨ ਤਰੀਕੇ ਨਾਲ ਸਿਰਜਿਆ ਸੀ (ਅਤੇ ਦੂਜੀ ਸੰਸਾਰ ਜੰਗ ਦੀ ਤਬਾਹੀ ਤੋਂ ਬਾਅਦ ਮੁੜ ਸਿਰਜਿਆ ਸੀ) ਅਤੇ ਨਾ ਹੀ ਸਮਾਜਵਾਦੀ ਕਾਜ਼ ਅਤੇ ਸੋਵੀਅਤ ਰਾਜ ’ਚ ਉਨਾਂ ਦਾ ਅਟੁੱਟ ਭਰੋਸਾ ਅਤੇ ਨਿਹਚਾ ਹੈ (ਜਿਸ ਨੂੰ ਸੋਵੀਅਤ ਯੂਨੀਅਨ ਦੇ ਬੁਰਜੂਆ ਸੋਧਵਾਦੀ ਹਾਕਮਾਂ ਨੇ ਪੈਰਾਂ ਹੇਠ ਮਿੱਧ ਸੁੱੱਟਿਆ ਸੀ ਤੇ ਫੇਰ ਵੀ ਝੂਠੀ-ਮੂਠੀ ਇਸ ਨੂੰ ਉਭਾਰਿਆ ਜਾਂਦਾ ਸੀ), ਨਾ ਹੀ ਪੂਰਬੀ ਯੂਰਪ ਦੇ ਸੋਧਵਾਦੀ ਰਾਜਾਂ ਦਾ ਮੁੱਠੀ ’ਚ ਰਹਿਣ ਵਾਲਾ ਉਹ ਫੌਜੀ ਗੁੱਟ ਹੈ ਜਿਹੜਾ ਕਿਸੇ ਵੇਲੇ ਪੂਰੀ ਚੜਾਈ ਵਾਲੇ ਸਮਾਜਵਾਦੀ ਕੈਂਪ ਦੇ ਬੁਰਜੂਆ ਨਿਘਾਰ ਦੀ ਉਪ-ਪੈਦਾਵਾਰ ਸੀ; ਅਤੇ ਨਾ ਹੀ ਇਸ ਦਾ ਉਹ ਕੌਮਾਂਤਰੀ ਵਕਾਰ ਅਤੇ ਵਿਚਾਰਧਾਰਕ ਕੀਲ ਹੈ ਜਿਹੋ ਜਿਹੀ ਸੋਵੀਅਤ ਯੂਨੀਅਨ ਦੀ ਸੀ ਜੋ ਇਸ ਨੇ ਆਪਣੇ ਸਮਾਜਵਾਦੀ ਅਤੀਤ ਤੋਂ ਹਾਸਲ ਕੀਤੀ ਸੀ। ਇਸ ਤੋਂ ਵੀ ਅੱਗੇ ਇਸ ਦੇ ਉੱਖੜੇ ਅਰਥਚਾਰੇ ਅਤੇ ਸਿਆਸੀ ਪ੍ਰਬੰਧ ਦੀ ਬਹਾਲੀ ਕਰਨੀ ਅਤੇ ਇਸ ਨੂੰ ਸਥਿਰ ਕਰਨਾ ਵੀ ਰੂਸੀ ਲੋਕਾਂ ਦੀਆਂ ਜੋਰਦਾਰ ਕੋਸ਼ਿਸ਼ਾਂ ’ਤੇ ਨਿਰਭਰ ਕਰੇਗਾ। ਰੂਸੀ ਲੋਕ ਜਿਹੜੇ ਹੁਕਮਰਾਨ ਬੁਰਜੂਆਜ਼ੀ ਦੁਆਲੇ ਜੁੜੇ ਸਿਆਸੀ ਲੀਡਰਾਂ ਬਾਰੇ ਭੰਬਲਭੂਸੇ, ਨਿਰਾਸਤਾ ਅਤੇ ਉਚਾਟਤਾ ਦੀ ਹਾਲਤ ’ਚ ਹਨ, ਤੋਂ ਅਜਿਹੀਆਂ ਕੋਸ਼ਿਸ਼ਾਂ ਕਰਵਾਉਣ ਲਈ ਹਾਕਮ ਬੁਰਜੁਆਜ਼ੀ ਕੋਲ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਕਿ ਇਹ ਉਦਾਰ ਜਮਹੂਰੀਅਤ ਦੇ ਉਸ ਤਜ਼ਰਬੇ ਨੂੰ, ਜਿਸ ਦਾ ਬਹੁਤ ਢੋਲ  ਕੁੱਟਿਆ ਗਿਆ ਹੈ, ਦਫਨਾ ਦੇਵੇ ਅਤੇ ਅਜੇਹੇ ਫਾਸ਼ੀ ਰਾਜ ਦੇ ਰਾਹ ਪੈ ਜਾਵੇ ਜਿਸ ਦੀ ਮੁੱਖ ਢੋਈ ਮਹਾਨ ਰੂਸੀ ਸ਼ਾਵਨਵਾਦ ਹੋਵੇ। 


   

No comments:

Post a Comment