Friday, April 1, 2022

30. ਸਰਗਰਮ ਸਿਆਸੀ ਮੁਹਿੰਮ ਵਿਸ਼ੇਸ਼ ਅੰਕ ਬਾਰੇ ਪਾਠਕਾਂ ਦੇ ਖਤ

30.  ਸਰਗਰਮ ਸਿਆਸੀ ਮੁਹਿੰਮ ਵਿਸ਼ੇਸ਼ ਅੰਕ ਬਾਰੇ ਪਾਠਕਾਂ ਦੇ ਖਤ

ਇਸ ਮੈਗਜ਼ੀਨ ’ਚ ਪੰਜਾਬ  ਵਿਧਾਨ ਸਭਾ ਦੀਆਂ ਚੋਣਾਂ ਬਾਰੇ ਅਤੇ ਇਹਨਾਂ ਪਾਰਲੀਮਾਨੀ ਸੰਸਥਾਵਾਂ ਬਾਰੇ ਬਹੁਤ ਵਧੀਆ ਤੇ ਖਰੀ ਜਾਣਕਾਰੀ ਦਿੱਤੀ ਗਈ ਹੈ । ਜਿੱਥੇ ਇਸ ਮੈਗਜ਼ੀਨ ’ਚ ਸਾਥੀ ਪਾਵੇਲ ਦੁਆਰਾ ਲਿੱਖੀਆਂ ਗਈਆਂ ‘‘ਪੰਜਾਬ ਚੋਣਾਂ ਦਾ ਦਿ੍ਰਸ਼’’ ਸੰਬੰਧੀ ਅਹਿਮ ਗੱਲਾਂ ਮੌਜੂਦਾ ਵੋਟ ਸਿਸਟਮ ਦਾ ਲੋਕਾਂ ਪ੍ਰਤੀ ਨਿਗੂਣਾ ਤੇ ਸੰਕੁਚਿਤ ਰਵੱਈਆ ਪੇਸ਼ ਕਰਦੀਆਂ ਹਨ, ਉਥੇ ਹੀ ਇਸ ਵੋਟ ਸਿਆਸਤ ਪਿੱਛੇ ਤੇ ਇਸਦਾ ਫਾਇਦਾ ਚੁੱਕਦੀਆਂ ਸਾਮਰਾਜੀ ਤਾਕਤਾਂ ਦਾ ਵੀ ਸੱਪਸ਼ਟ ਰੂਪ ’ਚ ਨਿਖਾਰ ਕੇ ਪੇਸ਼ ਕੀਤਾ ਗਿਆ ਹੈ , ਇਸੇ ਹੀ ਤਰਾਂ  ਇਹਨਾਂ ਵੋਟਾਂ ਦੌਰਾਨ ਲੋਕਾਂ ’ਚ ਬਦਲ ਦਾ ਹੋਕਾ ਮਾਰਦੀਆਂ ਸਾਰੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦਾ ਕਿਰਦਾਰ ਜੋਕ-ਪੱਖੀ ਕਰਾਰ ਕੇ ਅਸਲ ’ਚ ਪੰਜਾਬ ਨੂੰ ਬਚਾਉਣ ਦੀ ਬੂ-ਦੁਹਾਈ ਮੁਕਾਬਲੇ ਹਕੀਕਤ ’ਚ ਲੋਕਾਂ ਦਾ ਸਹੀ ਤੇ ਖਰਾ ਵਿਕਾਸ ਕਰਨ ਲਈ ਲੋਕ-ਵਿਕਾਸ ਦਾ ਮਾਡਲ ਇਸ ਮੈਗਜ਼ੀਨ ’ਚ ਬਹੁਤ ਹੀ ਸਟੀਕ   ਰੂਪ ਵਿਚ ਪੇਸ਼ ਕੀਤਾ ਗਿਆ ਹੈ ।

ਜਿੱਥੇ  ਇਸ ਮੈਗਜ਼ੀਨ ’ਚ ਵੋਟ ਪਾਰਟੀਆਂ, ਵੋਟ-ਸਿਸਟਮ ਤੇ ਇਹਨਾਂ ਦਾ ਗੜ ਬਣਦੀਆਂ ਪਾਰਲੀਮਾਨੀ ਸੰਸਥਾਵਾਂ ਦਾ ਆਮ ਲੋਕਾਂ ਪ੍ਰਤੀ ਨਿਗੂਣਾ ਤੇ ਘਟੀਆ ਰਵੱਈਆ ਪੇਸ਼ ਕੀਤਾ ਗਿਆ ਹੈ ਉਥੇ ਹੀ ਇਸ ਸਵਾਲ ਦਾ ਜਵਾਬ ਵੀ ਬਾਖੂਬੀ ਤਰੀਕੇ ਨਾਲ ਦਿੱਤਾ ਗਿਆ ਹੈ ਕਿ ਇਹਨਾਂ ਸੰਸਥਾਵਾਂ ਤੋਂ ਝਾਕ ਛੱਡ ਕੇ ਲੋਕ ਅਸਲ ’ਚ ਕੀ ਕਰਨ ਤੇ 75,76 ਸਾਲਾਂ ਤੋਂ ਆਜ਼ਾਦੀ ਦਾ ਢੌਂਗ ਰਚਦੀਆਂ ਇਹਨਾਂ ਸਰਕਾਰਾਂ ਤੋਂ ਅਵੇਸਲੇ ਹੋ  ਕੇ ਉਹ ਕਿਸ ਤੋਂ ਅਸਲ ’ਚ ਆਸ ਕਰ ਸਕਣ, ਕਿਉਂਕਿ ਇਹ ਗੱਲ ਪੜਕੇ ਜਾਂ ਸੁਣ ਕੇ ਇਹ ਸਵਾਲ ਮਨ ’ਚ ਪੈਦਾ ਹੋਣਾ ਕੁਦਰਤੀ ਹੀ ਸੰਭਵ ਹੈ ਕਿ ਫੇਰ ਲੋਕ ਕੀ ਕਰਨ ਤੇ ਕਿੱਧਰ ਨੂੰ ਜਾਣ ; ਇਹਨਾਂ ਸਵਾਲਾਂ ਦੇ ਜਵਾਬ ਵਜੋਂ  ਮੈਗਜ਼ੀਨ ’ਚ  ਛਪੀਆਂ ‘‘ਮੌਜੂਦਾ ਲੁਟੇਰੇ ਪ੍ਰਬੰਧ ਦਾ ਇਨਕਲਾਬੀ ਬਦਲ’’  ਇਸ ਸਵਾਲ ਦੇ ਜਵਾਬ ਦੀ ਪੂਰਤੀ ਕਰਦਾ ਹੈ ਕਿ ਇੰਨੇਂ ਲੰਮੇਂ ਸਮੇਂ ਤੋਂ ਲੋਕਾਂ ਨੂੰ ਲੁੱਟਦੇ ਤੇ ਕੁੱਟਦੇ ਇਸ ਘਟੀਆ ਤੇ ਜਗੀਰੂ ਪ੍ਰਬੰਧ ਦਾ ਖਾਤਮਾ ਇਸ ਨੂੰ ਉਲਟਾ ਕੇ ਹੀ ਕੀਤਾ ਜਾ ਸਕਦਾ ਹੈ । ਇਸ ਤੋਂ ਵੀ ਇਹ ਅੱਗੇ ਇਸ ਲੋਕ-ਦੋਖੀ ਪ੍ਰਬੰਧ ਨੂੰ ਬਦਲਣ ਦਾ ਇੱਕੋ-ਇੱਕ ਰਾਹ ਲੋਕ ਸੰਘਰਸ਼ਾਂ ਨੂੰ ਹੋਰ ਮਘਾਉਣਾ ਤੇ ਲੋਕਾਂ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਇਹ ਇਸ ਗੱਲ ਦਾ ਜਵਾਬ ਬਣਦਾ ਹੈ ਕਿ ਫੇਰ ਲੋਕ ਅਸਲ ’ਚ ਕੀ ਕਰਨ।

ਅਗਲੀ ਗੱਲ ਜਦੋਂ ਅਸੀਂ ਲੋਕਾਂ ਦੇ ਜੀਵਨ ’ਚ ਬਦਲਾਅ ਦੀ ਗੱਲ ਕਰਦੇ ਆਂ ਤਾਂ ਉਸ ਬਦਲਾ ਨੂੰ ਵੱਖ-ਵੱਖ ਕਿਸ  ਰੂਪ ’ਚ ਦੇਖਣ ਜਾਂ ਇਸ ਬਦਲਾਅ ਨਾਲ ਉਹਨਾਂ ਦੇ ਕਿਹੜੇ ਅਸਲ ਜ਼ਿੰਦਗੀ ਦੇ ਮੁੱਦੇ ਜਾਂ ਮਸਲੇ ਹੱਲ ਹੋਣਗੇ ਇਸ ਸਵਾਲ ਦਾ ਜਵਾਬ ਵੀ ਇਹ ਪੇਪਰ ਸਪੱਸ਼ਟ  ਰੂਪ ਚ ਪੇਸ਼ ਕਰਨ ਵਿੱਚ ਵੀ ਕਾਮਯਾਬ ਰਿਹੈ ਕਿਉਂਕਿ ਇਸ ’ਚ ਜਿੱਥੇ ਪੇਂਡੂ ਬੇਰੁਜ਼ਗਾਰੀ ਤੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਕੇਵਲ ਤੇ ਕੇਵਲ ਜ਼ਮੀਨੀ ਸੁਧਾਰਾਂ ਨਾਲ ਬਿਹਤਰ ਹੋਣ ਦੀ ਦਲੀਲ ਦਿੱਤੀ ਗਈ ਹੈ ਉਥੇ ਹੀ ਕਿਸਾਨਾਂ ਦੇ ਹਕੀਕੀ ਮੁੱਦੇ ਕਰਜੇ ਦਾ ਮਸਲਾ ਤੇ ਮੰਡੀਕਰਨ ਸੰਬੰਧੀ ਸੁਧਾਰਾਂ ਨਾਲ ਕਿਸਾਨਾਂ ਦੀ ਬਦਲ ਸਕਦੀ ਜੂਨ ਬਾਰੇ ਵੀ ਇਨਕਲਾਬੀ ਬਦਲ ਸਾਂਝਾ ਕੀਤਾ ਗਿਆ ਹੈ ।

ਸੋ , ਸੁਰਖ਼ ਲੀਹ ਦਾ ਇਹ ਵਿਸ਼ੇਸ਼ ਅੰਕ ਜਿੱਥੇ ਲੋਕਾਂ ’ਚ ਚੋਣ ਸਿਸਟਮ, ਸਿਆਸੀ ਪਾਰਟੀਆਂ ਤੇ ਪਾਰਲੀਮਾਨੀ ਸੰਸਥਾਵਾਂ ਦਾ ਅਸਲ ਰੂਪ ਪੇਸ਼ ਕਰਨ ’ਚ ਸਹਾਈ ਹੋਇਆ ਹੈ ਉਥੇ ਹੀ ਇਹ ਲੋਕਾਂ ਦੀ ਜ਼ਿੰਦਗੀ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਲਈ ਤੇ ਇਸ ਲੋਟੂ ਪ੍ਰਬੰਧ ਨੂੰ ਬਦਲਣ ਲਈ ਲੋਕਾਂ ਨੂੰ ਅੱਜ ਦੇ ਸਮੇਂ ਲੋੜੀਂਦੀ ਸਿਆਸੀ ਸੂਝ ਦੇਣ ’ਚ ਵੀ ਬਹੁਤ ਅਹਿਮ ਯੋਗਦਾਨ ਪਾ ਸਕਿਆ ਹੈ । ਕਿਰਤ ਕਰਨ ਵਾਲੇ ਸਾਰੇ ਹੀ ਲੋਕਾਂ ਨੂੰ  ਇਕਜੁੱਟ ਤਾਕਤ ਉਸਾਰ ਕੇ ਇਨਕਲਾਬੀ ਪਾਰਟੀ ਦੀ ਅਗਵਾਈ ਹੇਠ ਲੋਕ - ਰਾਜ ਉਸਾਰਨ ਦਾ ਸੁਨੇਹਾ ਦੇਣ ’ਚ ਸਫ਼ਲ ਸਾਬਤ ਹੋਇਆ ਹੈ।          - ਕੋਮਲ ਖਨੌਰੀ 



2  ਸੁਰਖ਼ ਲੀਹ ਵੱਲੋਂ ਪਾਰਲੀਮਾਨੀ ਚੋਣਾਂ ਦੇ ਸੰਦਰਭ ਵਿੱਚ ਕੱਢਿਆ “ਸਰਗਰਮ ਸਿਆਸੀ ਮੁਹਿੰਮ’’ ਵਿਸ਼ੇਸ਼ ਅੰਕ ਪੜਿਆ, ਬਹੁਤ ਵਧੀਆ ਲੱਗਿਆ। ਇਸ ਪਰਚੇ ਦਾ ਹਰ ਲੇਖ ਸੌਖੀ ਭਾਸ਼ਾ ਵਿੱਚ ਕਿਸੇ ਵੀ ਜ਼ਿਆਦਾ ਪੜੇ ਲਿਖੇ ਜਾ ਘੱਟ ਪੜੇ ਲਿਖੇ ਦੇ ਸਮਝ ਆਉਣ ਵਾਲਾ ਹੈ। ਇਸ ਨੂੰ ਪੜ ਕੇ ਇੱਕ ਗੱਲ ਤਾਂ ਸਾਫ ਹੈ ਕਿ ਹੁਣ ਤੱਕ ਜੋ ਪਾਰਲੀਮੈਂਟ ਦਾ ਇਤਿਹਾਸ ਰਿਹਾ ਹੈ ਇਸਨੇ ਹਮੇਸ਼ਾ ਸਾਮਰਾਜੀਆਂ, ਕਾਰਪੋਰੇਟਾਂ ਦੀਆਂ ਨੀਤੀਆਂ ਹੀ ਲਾਗੂ ਕੀਤੀਆਂ ਹਨ ਤੇ ਹੁਣ ਤੱਕ ਲੋਕ ਵਿਰੋਧੀ ਫੈਸਲੇ ਕੀਤੇ ਹਨ । ਲੋਕਾਂ ਦੀ ਤਾਕਤ ਨੇ ਵੱਖ ਵੱਖ ਸਮੇਂ ਲੜਕੇ ਉਹ ਫੈਸਲੇ ਰੱਦ ਕਰਵਾਏ ਹਨ ਤੇ ਲੋਕਾਂ ਦੇ ਹੱਕ ਵਿੱਚ ਫੈਸਲੇ ਕਰਵਾਏ ਹਨ। ਇਸ ਕਰਕੇ ਪਾਰਲੀਮੈਂਟ ਦੀ ਦਲਦਲ ਵਿੱਚ ਧਸਣ ਦੀ ਥਾਂ ਇਸਦੇ ਮੁਕਾਬਲੇ ਲੋਕ ਤਾਕਤ ਉਸਾਰਨ ਦੀ ਲੋੜ ਹੈ ਜੋ ਤਾਕਤ ਲੋਕਾਂ ਦੇ ਹੱਕ ਵਿੱਚ ਫ਼ੈਸਲੇ ਕਰ ਸਕੇ। ਇਸ ਦੇ ਨਾਲ ਹੀ ਲੋਕ ਲਹਿਰ ਦੀ  ਸਹੀ ਅਗਵਾਈ ਲਈ ਇੱਕ ਖਰੀ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਵੀ ਅਣਸਰਦੀ ਲੋੜ ਹੈ ਜੋ ਲੋਕਾਂ ਨੂੰ ਸਹੀ ਇਨਕਲਾਬ ਦਾ ਪਾਠ ਪੜਾ ਕੇ ਲੋਕਾਂ ਦੀ ਲਹਿਰ ਨੂੰ ਇਨਕਲਾਬ ਤੱਕ ਪਹੁੰਚਾ ਸਕੇ। - ਬਲਵਿੰਦਰ ਸੋਨੀ



3.ਆਪ ਜੀ ਦੇ ਅਦਾਰੇ ਸੁਰਖ਼ ਲੀਹ ਵੱਲੋਂ ਚੋਣਾਂ ਦੇ ਦਿਨਾਂ ਦੇ ਅੰਦਰ ਛਾਪਿਆ ਗਿਆ ਸਰਗਰਮ ਸਿਆਸੀ ਮੁਹਿੰਮ ਵਿਸ਼ੇਸ਼ ਅੰਕ ਲੋਕਾਂ ਸਾਹਮਣੇ ਹਕੀਕੀ ਮੁਕਤੀ ਦਾ ਮਾਡਲ ਪੇਸ਼ ਕਰਦਾ ਸੀ। ਚੋਣਾਂ ਦੇ ਦਿਨਾਂ ਦੇ ਅੰਦਰ ਲੋਕ ਕਿਸੇ ਨਾ ਕਿਸੇ ਰਵਾਇਤੀ ਪਾਰਟੀਆਂ ’ਚੋਂ ਬਦਲ ਦੀ ਤਸਵੀਰ ਭਾਲਦੇ ਹਨ ਪਰ ਤੁਹਾਡੇ ਵੱਲੋਂ ਛਾਪਿਆ ਗਿਆ ਇਹ ਸਪਲੀਮੈਂਟ ਲੋਕਾਂ ਦੀ ਮੁਕਤੀ ਦਾ ਮਾਡਲ ਦੱਸਦਾ ਹੈ। ਜਿਹੜਾ ਲੋਕਾਂ ’ਚ ਕਿਸੇ  ਇਨਕਲਾਬੀ ਸਿਆਸਤ ਦੇ ਲੜ ਲੱਗਣ ਵੱਲ ਇਸ਼ਾਰਾ ਕਰਦਾ ਹੈ। ਜਿਹੜਾ ਇਸ ਲੁਟੇਰੇ ਰਾਜ ਪ੍ਰਬੰਧ ਦੇ ਅਦਾਰਿਆਂ ਦੀ ਤਸਵੀਰ ਉਘਾੜ ਕੇ ਲੋਕਾਂ ਦੇ ਸਾਹਮਣੇ ਰੱਖਦਾ ਹੈ ਤੇ ਇਹਨੂੰ ਬਦਲ ਕਿ ਅਸਲ ਲੋਕ ਪੁੱਗਤ ਵਾਲਾ ਸਮਾਜ ਸਿਰਜਣ ਦੀ ਸੇਧ ਦਿੰਦਾ ਹੈ ।  ਇਹ ਸਪਲੀਮੈਂਟ ਵਿਧਾਨ ਸਭਾਵਾਂ, ਪਾਰਲੀਮੈਂਂਟਾਂ ਤੋਂ ਝਾਕ ਛੱਡਕੇ ਲੋਕਾਂ ਨੂੰ ਜਮਾਤੀ ਸੰਘਰਸ਼ਾਂ ਨੂੰ ਤੇਜ਼ ਕਰਨ ਦੇ ਯਤਨਾਂ ਲਈ ਪ੍ਰੇਰਿਤ ਕਰਦਾ ਹੈ।

ਪਰ ਆਪ ਜੀ ਤੋਂ ਆਸ ਕਰਦੇ ਹਾਂ ਕਿ ਸਿਰਫ ਚੋਣਾਂ ਦੇ ਦਿਨਾਂ ਵਿੱਚ ਹੀ ਇਹ ਕੰਮ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਸਮੇਂ ਸਮੇਂ ’ਤੇ ਇਨਕਲਾਬੀ ਸਿਆਸਤ ਦਾ ਪ੍ਰਚਾਰ ਕਰਨ ਲਈ ਤਾਣ ਜੁਟਾਉਣੇ ਚਾਹੀਦੇ ਹਨ। ਵੱਖ-ਵੱਖ ਫਰੰਟਾਂ ’ਤੇ ਕੰਮ ਕਰ ਰਹੇ ਸਰਗਰਮ ਕਾਰਕੁੰਨਾਂ ਨੂੰ ਇਸ ਕਾਰਜ ’ਚ ਪਾਉਣਾ ਚਾਹੀਦਾ ਹੈ। -ਰਵਿੰਦਰ ਸੇਵੇਵਾਲਾ


    

   

No comments:

Post a Comment