Friday, April 1, 2022

15. ਇਉ ਨਿਚੋੜੇ ਜਾਂਦੇ ਹਨ ਮੁਨਾਫ਼ੇ ਐਪਲ ਕਾਮਿਆਂ ਦੀ ਲੁੱਟ

 


15. ਇਉ ਨਿਚੋੜੇ ਜਾਂਦੇ ਹਨ ਮੁਨਾਫ਼ੇ

ਐਪਲ ਕਾਮਿਆਂ ਦੀ ਲੁੱਟ


ਐਪਲ ਸੰਸਾਰ ਦੀ ਸਭ ਤੋਂ ਧਨਵਾਨ ਕਾਰਪੋਰੇਸ਼ਨ ਹੈ। ਇਸ ਦੀ ਹਿੱਸਾ ਪੂੰਜੀ ਦਾ ਮਾਰਕੀਟ ਅੰਦਰ ਪੂੰਜੀ ਸੰਗ੍ਰਹਿ 3 ਟਿ੍ਰਲੀਅਨ ਅਮਰੀਕਣ ਡਾਲਰ (225 ਲੱਖ ਕਰੋੜ ਰੁਪਏ) ਤੋਂ ਵਧ ਗਿਆ ਹੈ। ਸੰਸਾਰ ਦੇ ਸਿਰਫ਼ 4 ਦੇਸ਼ਾਂ ਦਾ ਕੁੱਲ ਘਰੇਲੂ ਉਤਪਾਦ ਇਸ ਤੋਂ ਵੱਧ ਹੈ। ਆਰਥਿਕ ਮੁੜ-ਬਹਾਲੀ ਦੀਆਂ ਕਿਆਸਅਰਾਈਆਂ ਦੇ ਸਭ ਦਾਅਵਿਆਂ ਦੇ ਬਾਵਜੂਦ, ਇਸ ਸਾਲ ਭਾਰਤ ਦਾ ਕੁੱਲ ਘਰੇਲੂ ਉਤਪਾਦ ਕਰੀਬ 147 ਲੱਖ ਕਰੋੜ ਰਹਿਣ ਦਾ ਹੀ ਅਨੁਮਾਨ ਹੈ। ਇਸ ਦਿਉ-ਕੱਦ ਸਟਾਕ ਮਾਰਕੀਟ ਪੂੰਜੀ ਸੰਗ੍ਰਹਿ ਤੋਂ ਇਲਾਵਾ ਇਸ ਦਾ 200 ਬਿਲੀਅਨ ਡਾਲਰ ਤੋਂ ਵਧੇਰੇ ਨਗਦੀ ਰਾਖਵਾਂ ਭੰਡਾਰ ਉਨ੍ਹਾਂ ਦੇਸ਼ਾਂ ’ ਚ ਪਿਆ ਹੈ ਜਿੱਥੇ ਇਹ ਜ਼ੀਰੋ ਜਾਂ ਨਾਮਾਤਰ ਟੈਕਸ ਹੀ ਅਦਾ ਕਰਦੀ ਹੈ। ਐਪਲ ਬਹੁਤ ਮਹਿੰਗੇ ਆਈਫੋਨ ਵੇਚਦੀ ਹੈ। ਕੰਪਨੀ ਦੇ ਹੋਰ ਉਤਪਾਦ ਆਈ-ਪੈਡ, ਲੈਪ-ਟਾਪ, ਡੈਸਕ-ਟਾਪ ਵੀ ਬਹੁਤ ਮਹਿੰਗੇ ਹਨ। ਬੁਰਜੂਆ ਮੀਡੀਆ ਵਿੱਚ ਕੰਪਨੀ ਉਤਮਤਾ, ਨਮੂਨੇ ਦੀ ਨਵੀਨਤਾ,ਉਤਪਾਦ ਦੇ ਮਿਆਰ ਅਤੇ ਮੰਡੀਕਰਨ ਦੇ ਮੁਜੱਸਮੇ ਵਜੋਂ ਜਾਣੀ ਜਾਂਦੀ ਹੈ।


          ਦਸੰਬਰ 2021 ਵਿੱਚ ਇੱਕ ਛੋਟੀ ਜਿਹੀ ਖਬਰ ਆਈ ਕਿ ਫੈਕਟਰੀ ਦੇ ਸੌਣ ਵਾਲੇ ਵੱਡੇ ਦਲ੍ਹਾਨਾਂ (dormitories) ਵਿੱਚ ਕਾਮਿਆਂ ਨੂੰ ਬੁੱਸਿਆ ਭੋਜਨ ਦੇਣ ਨਾਲ ਇਸਦੇ ਜ਼ਹਿਰੀਲੇ ਅਸਰ ਕਰਕੇ ਬਿਮਾਰ ਹੋਏ 159 ਕਾਮਿਆਂ ਨੂੰ ਹਸਪਤਾਲ ਲਿਜਾਣਾ ਪਿਆ। ਸਿੱਟੇ ਵਜੋਂ ਤਾਮਿਲਨਾਡੂ ਦੇ ਆਈ-ਫੋਨ ਨਿਰਮਾਣ ਵਾਲੇ ਪਲਾਂਟ ਨੂੰ ਕਾਮਿਆਂ ਦੇ ਵਿਰੋਧ ਕਰਕੇ ਬੰਦ ਕਰਨਾ ਪਿਆ। ਤਾਮਿਲਨਾਡੂ ਦੀ ਇਸ ਫੈਕਟਰੀ ਦੀ ਮਾਲਕ ਫੌਕਸਕੌਨ ਕੰਪਨੀ ਹੈ।


          ਫੌਕਸਕੌਨ ਚੀਨ ਵਿੱਚ ਆਈ ਫੋਨ, ਆਈ ਪੈਡ ਤੇ ਐਪਲ ਦੇ ਹੋਰ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਨਿੱਜੀਖੇਤਰ ਦੀ ਸਭ ਤੋਂ ਵੱਡੀ ਕੰਪਨੀ ਹੈ। ਬਾਹਰੀ ਸ੍ਰੋਤਾਂ ਤੋਂ ਲਿਆਂਦੀ ਲੇਬਰ(outsourcing) ਵੱਲੋਂ ਨਿਰਮਾਣ ਨੂੰ ਸਰ-ਅੰਜਾਮ ਦੇਣ ਦੇ ਮੋਦੀ ਸਰਕਾਰ ਦੇ ਮੇਕ ਇਨ ਇੰਡੀਆ ਦੇ ਨਾਂ ਹੇਠ ਘਰੇਲੂ ਤੇ ਵਿਦੇਸ਼ੀ ਪੂੰਜੀ ਨੂੰ ਕਿਰਤੀ ਲਹਿਰਾਂ ਦੀਆਂ ਅਥਾਹ ਕੁਰਬਾਨੀਆਂ ਨਾਲ ਪ੍ਰਾਪਤ ਕੀਤੇ ਹੋਏ, ਪਹਿਲਾਂ ਹੀ ਕਮਜ਼ੋਰ ਪੂਰਬਲੇ ਕਿਰਤ ਅਧਿਕਾਰਾਂ ਨੂੰ ਦਬਾਕੇ ਕਾਮਿਆਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਹੱਲਾਸ਼ੇਰੀ ਵਜੋਂ ਨਗਦੀ ਲਾਭਾਂ, ਸਸਤੀਆਂ ਤੇ ਮੁਫ਼ਤ ਵਰਗੀਆਂ ਜ਼ਮੀਨਾਂ ਦੀਆਂ ਗਰਾਂਟਾਂ, ਟੈਕਸਾਂ ਤੇ ਫੀਸਾਂ ’ਚ ਛੋਟਾਂ ਵਰਗੇ ਦਿਲਕਸ਼ ਪ੍ਰੇਰਕਾਂ ਦੇ ਲਾਲਚ ਸੁੱਟੇ ਜਾ ਰਹੇ ਹਨ।


          ਮੋਦੀ ਦੀ ਇਸ ਸਕੀਮ ਦਾ ਫਾਇਦਾ ਲੈਣ ਲਈ ਫੌਕਸਕੌਨ ਨੇ ਤਾਮਿਲਨਾਡੂ ਵਿੱਚ ਸਿਰੀਪਰੁੰਮਬਦੂਰ ਵਿਖੇ ਸਪੈਸ਼ਲ ਆਰਥਿਕ ਜੋਨ ਵਿੱਚ ਐਪਲ ਦੇ ਆਈ-ਫੋਨਾਂ ਦੇ ਨਿਰਮਾਣ ਲਈ ਪਲਾਂਟ ਸਥਾਪਤ ਕੀਤਾ ਹੋਇਆ ਹੈ ਜਿੱਥੇ 11 ਹਜ਼ਾਰ ਔਰਤ ਕਾਮਿਆਂ ਸਮੇਤ 16 ਹਜ਼ਾਰ ਕਾਮੇ ਕੰਮ ’ਤੇ ਲੱਗੇ ਹੋਏ ਹਨ। ਬਹੁਤੇ ਕਾਮੇ ਪ੍ਰਵਾਸੀ ਹਨ। ਇਨ੍ਹਾਂ ਦੀ ਰਿਹਾਇਸ਼ ਲਈ ਕੰਪਨੀ ਨੇ 17 ਵੱਡੇ ਦਲ੍ਹਾਨ ਤਿਆਰ ਕਰਵਾਏ ਹੋਏ ਹਨ।


          ਜੇ ਅਸੀਂ ਭਾਰਤ ਅਤੇ ਚੀਨ ਵਿੱਚ ਫੌਕਸਕੌਨ ਦੇ ਹਕੀਕੀ ਕਾਰੋਬਾਰੀ ਮਾਡਲ ’ਤੇ ਧਿਆਨ ਮਾਰੀਏ, ਅਸੀਂ ਦੇਖਦੇ ਹਾਂ ਕਿ ਇਹ ਪ੍ਰਮੁੱਖ ਤੌਰ ’ਤੇ ਪ੍ਰਵਾਸੀ ਕਿਰਤ ’ਤੇ ਹੀ ਨਿਰਭਰ ਹੈ। ਪ੍ਰਵਾਸੀ ਕਾਮਿਆਂ ਨੂੰ ਕੰਪਨੀ ਦੀ ਮਾਲਕੀ ਵਾਲੇ ਵੱਡੇ ਦਲ੍ਹਾਨਾਂ ’ਚ ਰੱਖਿਆ ਜਾਂਦਾ ਹੈ। ਇਸ ਲਈ ਇਨ੍ਹਾਂ ਪ੍ਰਵਾਸੀ ਕਾਮਿਆਂ ਦੀਆਂ ਜ਼ਿੰਦਗੀਆਂ ਕੰਪਨੀ ਦੇ ਪੂਰੇ ਕਬਜ਼ੇ ’ਚ ਹੁੰਦੀਆਂ ਹਨ। ਸਵੇਰੇ ਜਾਗ ਪੈਣ ਤੋਂ ਲੈ ਕੇ ਤਿਆਰ ਹੋਣ, ਨਾਸ਼ਤਾ, ਕੰਮ, ਦਿਨ ਤੇ ਰਾਤ ਦੇ ਖਾਣੇ ਅਤੇ ਰਾਤ ਨੂੰ ਸੌਣ ਵੇਲੇ ਬੱਤੀਆਂ ਬੰਦ ਕਰਨ ਤੱਕ ਉਨ੍ਹਾਂ ਦੀਆਂ ਸਭਨਾਂ ਕਾਰਵਾਈਆਂ ਨੂੰ ਪਾਬੰਦ ਕੀਤਾ ਜਾਂਦਾ ਹੈ।


          ਇਹ ਮਾਡਲ ਕੇਵਲ ਫੌਕਸਕੌਨ ਦੀ ਤਰਫੋਂ ਹੀ ਨਹੀਂ ਹੈ, ਖੁਦ ਐਪਲ ਦੀ ਸਹਿਮਤੀ ਨਾਲ ਹੀ ਬਣਾਇਆ ਗਿਆ ਹੈ। ਕਿਉਕਿ ਇਸ ਢੰਗ ਨਾਲ ਨਿਚੋੜੇ ਮੁਨਾਫ਼ਿਆਂ ਦਾ ਸਭ ਤੋਂ ਵੱਡਾ ਹਿੱਸਾ ਐਪਲ ਦੀਆਂ ਤਿਜੌਰੀਆਂ ’ਚ ਹੀ ਜਾਂਦਾ ਹੈ।


          ਐਪਲ ਦਾ ਦਾਅਵਾ ਹੈ ਕਿ ਕਾਮਿਆਂ ਲਈ ਰਹਿਣ-ਯੋਗ ਘੱਟੋ-ਘੱਟ ਮਿਆਰ ਨੂੰ ਯਕੀਨੀ ਕੀਤਾ ਗਿਆ ਹੈ। ਇਸ ਅਨੁਸਾਰ ਵੱਡੇ ਦਲ੍ਹਾਨ ਦੇ ਸੌਣ ਵਾਲੇ ਇੱਕ ਹਾਲ ਕਮਰੇ ਵਿੱਚ 8 ਤੋਂ ਵੱਧ ਕਾਮੇ ਨਹੀਂ ਹੋਣਗੇ, ਹਰੇਕ ਕਾਮੇ ਲਈ 3 ਵਰਗ ਮੀਟਰ ਥਾਂ ਯਕੀਨੀ ਕੀਤੀ ਗਈ ਹੈ, 15 ਕਾਮਿਆਂ ਲਈ ਇੱਕ ਪਖਾਨਾ ਅਤੇ ਇੱਕ ਵਾਸ਼ ਰੂਮ ਹੈ ਅਤੇ ਪੀਣ ਵਾਲਾ ਪਾਣੀ ਹਾਲ ਕਮਰੇ ਤੋਂ 200 ਫੁੱਟ ਦੂਰੀ ਤੋਂ ਵੱਧ ਨਾ ਹੋਵੇ, ਖਾਣਾ ਬਣਾਉਣ ਵਾਲੀ ਜਗ੍ਹਾ ’ਤੇ ਲੋੜੀਂਦੀ ਸਫਾਈ ਹੋਵੇ। ਪਰ ਹਕੀਕੀ ਹਾਲਤਾਂ ਸਿਰੇ ਦੀ ਹੱਦ ਤੱਕ ਨਿਕੰਮੀਆਂ ਹਨ। ਹਾਲ ਕਮਰਿਆਂ ’ਚ 3 ਵਰਗ ਮੀਟਰ ਦੇ ਬੈੱਡ ਦੀਆਂ ਹੇਠਾਂ ਉੱਤੇ ਦੋ ਪਰਤਾਂ ਹਨ ਅਤੇ ਬਹੁਤੀ ਵਾਰੀ ਦਿਨ ਤੇ ਰਾਤ ਦੀ ਸ਼ਿਫਟ ਵਾਲੇ ਦੋ ਕਾਮੇ ਵਾਰੋਵਾਰੀ ਇੱਕੋ ਬੈੱਡ ਦੀ ਵਰਤੋਂ ਕਰਦੇ ਹਨ। ਭਾਰਤ ਤੇ ਚੀਨ ਦੋਹਾਂ ਦੇਸ਼ਾਂ ’ਚ ਹੀ ਅਜਿਹੀ ਹਾਲਤ ਹੈ।


          ਤਾਮਿਲਨਾਡੂ ਦੀ ਫੈਕਟਰੀ ’ਚ ਕੀਤੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਸੌਣ ਵਾਲੇ ਵੱਡੇ ਦਲ੍ਹਾਨ ਦੇ ਹਰੇਕ ਹਾਲ ਵਿੱਚ 8 ਕਾਮਿਆਂ ਦੇ ਘੱਟੋ ਘੱਟ ਮਿਆਰ ਦੇ ਉਲਟ 25-30 ਕਾਮਿਆਂ ਦੀ ਰਿਹਾਇਸ਼ ਹੈ। ਰਿਹਾਇਸ਼ੀ ਤੇ ਰਸੋਈ ਵਾਲੀਆਂ ਥਾਵਾਂ ’ਤੇ ਸਫਾਈ ਪੱਖੋਂ ਬਹੁਤ ਮੰਦੀ ਹਾਲਤ ਹੈ।


          ਕਾਮਿਆਂ ਵੱਲੋਂ ਵਿਰੋਧ ਕਰਨ ਮਗਰੋਂ ਜਦ ਪਲਾਂਟ ਬੰਦ ਕਰਨਾ ਪਿਆ, ਐਪਲ ਤੇ ਫੌਕਸਕੌਨ ਵੱਲੋਂ ਹਾਲਤਾਂ ’ਚ ਸੁਧਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ ਸਟਾਲਿਨ ਨੇ ਇਨ੍ਹਾਂ ਯਕੀਨਦਹਾਨੀਆਂ ’ਤੇ ਅਧਾਰਤ 12 ਜਨਵਰੀ ਤੋਂ ਪੜਾਅਵਾਰ ਫੈਕਟਰੀ ਖੋਲ੍ਹਣ ਲਈ ਕੰਪਨੀ ਨੂੰ ਇਜਾਜ਼ਤ ਦੇ ਦਿੱਤੀ ਹੈ, ਪਰ ਬੁੱਸਿਆ ਭੋਜਨ ਦੇਣ ਨਾਲ ਕਾਮਿਆਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਮੂੰਹ ਪਾਉਣ ਦੇ ਜਿੰਮੇਵਾਰ ਅਧਿਕਾਰੀਆਂ ਨੂੰ ਸਜ਼ਾ ਦੇਣ ਬਾਰੇ ਚੁੱਟ ਸਾਧੀ ਹੋਈ ਹੈ।


          ਫੌਕਸਕੌਨ ਚੀਨ ਵਿੱਚ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਹੈ, ਉੱੇਥੇ ਉਸਦੇ ਪਲਾਂਟਾਂ ਵਿੱਚ ਕਿਰਤੀਆਂ ਦੀ ਤਿੱਖੀ ਲੁੱਟ ਦੀਆਂ ਇਹੋ ਜਿਹੀਆਂ ਖਬਰਾਂ ਵਾਰ ਵਾਰ ਦੀ ਕਹਾਣੀ ਬਣਦੀਆਂ ਰਹਿੰਦੀਆਂ ਹਨ ਲੰਮੇ ਕੰਮ ਘੰਟੇ, ਕੰਮ ਦੀ ਜਬਰੀ ਰਫ਼ਤਾਰ, ਖਾਣੇ ਤੇ ਪਖਾਨੇ ਲਈ ਬਹੁਤ ਹੀ ਸੰਕੋਚਵੀਂ ਛੁੱਟੀ, ਨਾਕਸ ਭੋਜਨ ਤੇ ਰਿਹਾਇਸ਼ੀ ਹਾਲਤਾਂ, ਕੰਪਨੀ ਵੱਲੋਂ ਕਾਮਿਆਂ ਦੀਆਂ ਜ਼ਿੰਦਗੀਆਂ ’ਤੇ ਮੁਕੰਮਲ ਕੰਟਰੋਲ ਵਗੈਰਾ ਵਗੈਰਾ। 2010 ਵਿੱਚ ਵੱਡੇ ਦਲ੍ਹਾਨਾਂ ਤੋਂ ਲਮਕਕੇ ਬਹੁਤ ਸਾਰੇ ਕਾਮਿਆਂ ਨੇ ਖੁਦਕੁਸ਼ੀਆਂ ਕੀਤੀਆਂ। ਐਪਲ ਤੇ ਫੌਕਸਕੌਨ ਵੱਲੋਂ ਨੁਕਤਾਚੀਨੀ ਦੇ ਸਨਮੁੱਖ ਹੀ ਇਹਨਾਂ ਘੱਟੋ-ਘੱਟ ਮਿਆਰਾਂ ਦਾ ਐਲਾਨ ਕੀਤਾ ਗਿਆ ਸੀ। ਤਾਂ ਵੀ ਸਪਸ਼ਟ ਰੂਪ ’ਚ ਇਹ ਸਿਰਫ ਪ੍ਰਚਾਰ ਖਾਤਰ ਹੀ ਰਹਿ ਰਹੀਆਂ ਹਨ, ਹਕੀਕੀ ਰੂਪ ’ਚ ਨਹੀਂ।


          ਸੰਸਾਰ ਦੇ ਘਿ੍ਰਣਤ ਅਮੀਰਾਂ ਨੂੰ ਬਾਹਰੀ ਸ੍ਰੋਤਾਂ ਤੋਂ ਖੜ੍ਹੀ ਕੀਤੀ ਲੇਬਰ ਦੇ ਠੇਕਿਆਂ ਰਾਹੀਂ ਨਿਰਮਾਣ ਕੀਤੇ ਹੋਏ ਅਯਾਸ਼ੀ  ਦੇ ਮਹਿੰਗੇ ਉਤਪਾਦ ਵੇਚਣ ਲਈ ਕਈ ‘ਮਸ਼ਹੂਰ’ ਕੰਪਨੀਆਂ ਵੱਲੋਂ ਸਿਰੇ ਦੇ ਲੋਟੂ ਤੇ ਕਸ਼ਟਦਾਇਕ ਇਸ ਮਾਡਲ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਕਿਉਕਿ ਇਸ ਨਾਲ ਅਤਿ-ਅਧਿਕ ਉਪਜਾਇਕਤਾ ਹੋਣ ’ਤੇ ਯਾਨੀ, ਘੱਟ ਉਜਰਤਾਂ ’ਤੇ ਲੰਮੇ ਘੰਟੇ ਕੰਮ ਕਰਨ ਨਾਲ, ਉੱਚੀ ਦਰ ਵਾਲੀ ਵਾਫਰ ਕਦਰ ਯਕੀਨੀ ਹੁੰਦੀ ਹੈ।


          ਚੀਨ, ਭਾਰਤ, ਬੰਗਲਾਦੇਸ਼, ਤਾਇਵਾਨ, ਵੀਅਤਨਾਮ, ਫਿਲਪਾਈਨਜ਼ ਤੇ ਅਫਰੀਕਨ ਦੇਸ਼ਾਂ ਵਗੈਰਾ ਕੋਈ ਵੀ ਦੇਸ਼ ਹੋਵੇ, ਉਚੇਰੀ ਕਿਰਤ ਦੀ ਹਿੱਸਾਪਾਈ  ਦੀ ਮੰਗ ਕਰਨ ਵਾਲੇ ਹੱਥ-ਝੋਲੇ, ਜੁੱਤੇ,ਇਲੈਕਟਰੌਨਿਕਸ ਦਾ ਸਮਾਨ ਕੱਪੜੇ ਤੇ ਹੋਰ ਅਯਾਸ਼ ਵਸਤਾਂ ਇਸੇ ਢੰਗ ਨਾਲ ਪੈਦਾ ਕੀਤੀਆਂ ਜਾਂਦੀਆਂ ਹਨ। ਹੇਠਲੀ ਪਰਤ ਦੇ ਠੇਕੇਦਾਰਾਂ ਵੱਲੋਂ ਮੁਲਕਾਂ ਦੇ ਅਣਵਿਕਸਤ ਦਿਹਾਤੀ ਇਲਾਕਿਆਂ ਤੋਂ ਲਿਆਂਦੇ ਇਹਨਾਂ ਕਿਰਤੀਆਂ ਨੂੰ ਖਾਣੇ ਤੇ ਪਖਾਨੇ ਵਗੈਰਾ ਲਈ ਸੰਕੋਚਵੀਆਂ ਛੁੱਟੀਆਂ ਤੋਂ ਇਲਾਵਾ ਸਫਾਈ ਪੱਖੋਂ ਮਾੜੀਆਂ ਹਾਲਤਾਂ ਕਰਕੇ ਥੋੜ੍ਹੇ ਅਰਸੇ ’ਚ ਹੀ ਸਿਹਤ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਹੋ ਜਾਂਦਾ ਹੈ, ਵਿਸ਼ੇਸ਼ ਕਰਕੇ ਔਰਤਾਂ ਦੇ ਜਣਨ ਅੰਗਾਂ ਲਈ ਜੋ ਅਤਿਅੰਤ ਦੁਖਦਾਈ ਹੁੰਦੀਆਂ ਹਨ।


          ਕਰਨਾਟਕਾ ਤੇ ਤਾਮਿਲਨਾਡੂ ਦੇ ‘ਬਹੁਤ ਸੁਲਾਹੇ’ ਜਾਂਦੇ ਸਨਅਤੀ ਇਲਾਕਿਆਂ ਬਾਰੇ ਐਹੋ ਜਿਹੀਆਂ ਰਿਪੋਰਟਾਂ ਜੱਗ ਜਾਹਰ ਹੋਈਆਂ ਹਨ। ਦਿੱਲੀ ਤੇ ਮੁੰਬਈ ਦੀਆਂ ਛੋਟੀਆਂ ਇਕਾਈਆਂ ਵਿੱਚ ਸੌਣ ਲਈ ਵੱਖਰੇ ਵੱਡੇ ਦਲ੍ਹਾਨ ਮੌਜੂਦ ਨਹੀਂ ਹਨ ਅਤੇ ਕਾਮੇ ਕੰਮ ਦੀਆਂ ਥਾਵਾਂ ’ਤੇ ਹੀ ‘ਨਿਰਭਾਹ’ ਕਰਦੇ ਹਨ। ਅੱਗਾਂ ਲੱਗਣ ਅਤੇ ਇਮਾਰਤ ਦੇ ਢਹਿ-ਢੇਰੀ ਹੋਣ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ ਜਦ ਕਾਮੇ ਫੈਕਟਰੀ ਦੀ ਚਾਰ-ਦੀਵਾਰੀ ਦੇ ਅੰਦਰ ਹੀ ਤੜੇ ਹੋਏ ਸਨ. ਅਤੇ ਬਾਹਰ ਨਿੱਕਲ ਜਾਣ ਲਈ ਕੋਈ ਰਸਤਾ ਨਹੀਂ ਸੀ ਕਿਉਕਿ ਮਾਲਕ ਤੇ ਮੈਨੇਜਰ ਸ਼ਾਮ ਨੂੰ ਜੰਦਰੇ ਮਾਰ ਕੇ ਘਰਾਂ ਨੂੰ ਚਲੇ ਜਾਂਦੇ ਹਨ। ਅਜਿਹੀਆਂ ਘਟਨਾਵਾਂ ’ਚਕਈਆਂ ਦੀਆਂ ਜਾਨਾਂ ਗਈਆਂ ਹਨ। ਅਜਿਹੀਆਂ ਹਾਲਤਾਂ ਵਿੱਚ ਔਰਤਾਂ ਨੂੰ ਲਿੰਗਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਭ ਰਿਹਾਇਸ਼ੀ ਤੇ ਖਾਣੇ ਦੇ ਪ੍ਰਬੰਧ ਮਾਲਕਾਂ ਵੱਲੋਂ ਮਨਮਰਜ਼ੀ ਨਾਲ ਉਜਰਤਾਂ ’ਚੋਂ ਤਹਿ ਕੀਤੀਆਂ ਕਟੌਤੀਆਂ ਦੀ ਮਾਰ ਹੇਠ ਹਨ, ਜਿਸ ਨਾਲ ਸਸਤੇ ਤੇ ਘਟੀਆ ਖਾਣੇ ’ਚੋਂ ਹੋਰ ਵਧੇਰੇ ਮੁਨਾਫੇ ਯਕੀਨੀ ਹੁੰਦੇ ਹਨ। ਬੰਗਲੌਰ ਵਗੈਰਾ ਦੀਆਂ ਕੱਪੜਾ ਮਿਲਾਂ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਹਨ ਜਿੱਥੇ ਕਾਮਿਆਂ ਨੂੰ ਦਿਨੇ ਫੈਕਟਰੀਆਂ ’ਚ ਲਿਜਾਣ ਵੇਲੇ ਹੀ ਬਾਹਰ ਕੱਢਿਆ ਜਾਂਦਾ ਹੈ ਅਤੇ ਬਾਕੀ ਸਮੇਂ ਦੌਰਾਨ ਉਹਨਾਾਂ ਨੂੰ ਵੱਡੇ ਦਲ੍ਹਾਨਾਂ ’ਚ ਬੰਦ ਰੱਖਿਆ ਜਾਂਦਾ ਹੈ ਅਤੇ ਬਾਹਰ ਕਿਸੇ ਨੂੰ ਮਿਲਣ ਦੀ ਆਗਿਆ ਨਹੀਂ ਹੁੰਦੀ। ਇਸ ਤਰ੍ਹਾਂ ਉਨ੍ਹਾਂ ਨੂੰ ਜਥੇਬੰਦ ਹੋਣ ਅਤੇ ਇਸ ਲੁੱਟ ਵਿਰੁੱਧ ਰੋਸ ਕਰਨ ਤੋਂ ਰੋਕਿਆ ਜਾਂਦਾ ਹੈ।


          ਅਜਿਹੇ ਬੰਦੋਬਸਤ ਦਾ ਇੱਕ ਹੋਰ ਪੱਖ ਹੈ ਕਿ ਹਮੇਸ਼ਾ ਮਿਥੇ ਸਮੇਂ ’ਤੇ ਉਜਰਤਾਂ ਦਿੱਤੀਆਂ ਨਹੀਂ ਜਾਂਦੀਆਂ। ਹਫਤੇ ਜਾਂ ਮਹੀਨੇ ਵਾਰ ਉਜਰਤਾਂ ਦਾ ਭੁਗਤਾਨ ਕਰਨ ਦੀ ਬਜਾਏ ਕੰਪਨੀਆਂ ਅਕਸਰ ਸਾਲ ਦੇ ਅੰਤ ’ਤੇ ਕਰਦੀਆਂ ਹਨ ਜਾਂ ਜਦੋਂ ਕਾਮਿਆਂ ਨੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਘਰ ਜਾਣਾ ਹੁੰਦਾ ਹੈ। ਭਾਰਤ ਵਿੱਚ ਬਹੁਤ ਵਾਰੀ ਜਵਾਨ ਔਰਤ ਕਾਮਿਆਂ ਦੀਆਂ ਉਜਰਤਾਂ ਠੇਕੇਦਾਰਾਂ ਰਾਹੀਂ ਪ੍ਰਵਾਰਾਂ ਨਾਲ ਤਹਿ ਕੀਤੀਆਂ ਜਾਂਦੀਆਂ ਹਨ, ਜਿਸਦਾ ਸਿੱਟਾ ਇਹਨਾਂ ਜਵਾਨ ਔਰਤਾਂ ਦੀ ਪਿਤਰੀ ਲੁੱਟ ’ਚ ਨਿੱਕਲਦਾ ਹੈ। ਉਜਰਤਾਂ ਦੇ ਅਜਿਹੇ ਮੌਸਮੀ ਫੈਸਲਿਆਂ ਕਰਕੇ ਮਾਲਕ ਮਨਮਰਜ਼ੀ ਦੀਆਂ ਕਟੌਤੀਆਂ ਵੀ ਕਰਦੇ ਹਨ। ਕਈ ਵਾਰੀ ਪੂਰੀਆਂ ਉਜਰਤਾਂ ਦੇਣ ਦੀ ਬਜਾਏ, ਉਹ ਕੁੱਝ ਬਕਾਏ ਕੋਲ ਰੱਖ ਲੈਂਦੇ ਹਨ ਤਾਂ ਕਿ ਕਾਮਿਆਂ ਨੂੰ ਵਾਪਸ ਮੁੜ ਆਉਣ ਦੀ ਮਜ਼ਬੂਰੀ ਬਣੀ ਰਹੇ। ਉਜਰਤਾਂ ਤਹਿ ਕਰਨ ਦੀ ਇਹ ਸਮੱਸਿਆ ਭਾਰਤ ਦੇ ਜਥੇਬੰਦ ਸੈਕਟਰ ’ਚ ਹਮੇਸ਼ਾ ਮੌਜੂਦ ਰਹੀ ਹੈ, ਪਰ ਯੂਨੀਅਨਾਂ ’ਚ ਜਥੇਬੰਦ ਹੋਏ ਸੈਕਟਰਾਂ ’ਚ ਕਾਮਿਆਂ ਦੀਆਂ ਯੂਨੀਅਨਾਂ ਨੇ ਲੁੱਟ-ਖਸੁੱਟ ਦੇ ਅਜਿਹੇ ਅਮਲਾਂ ’ਤੇ ਰੋਕ ਲਗਾਈ ਹੈ। ਤਾਂ ਵੀ ਖਾੜਕੂ ਮਜ਼ਦੂਰ ਲਹਿਰ ਦੀ ਲਹਿਤ ਦੇ ਸਿੱਟੇ ਵਜੋਂ ਪ੍ਰਮੁੱਖ ਤੌਰ ’ਤੇ ਪ੍ਰਵਾਸੀ ਕਿਰਤ ਵਾਲੀਆਂ ਨਵੀਆਂ ਗੈਰ-ਯੂਨੀਅਨ ਸਨਅਤਾਂ ਵਿੱਚ ਅਜਿਹੇ ਅਮਲ ਮੁੜ ਸਿਰ ਚੁੱਕ ਰਹੇ ਹਨ।


          ਚੀਨ ਵਿੱਚ 290 ਮਿਲੀਅਨ ਦੇ ਕਰੀਬ ਪ੍ਰਵਾਸੀ ਕਾਮੇ ਹਨ ਅਤੇ ਹਾਲਤ ਅਤਿਅੰਤ ਭੈੜੀ ਹੈ ਕਿਉਕਿ ਕਾਮੇ ਆਪਣੀਆਂ ਆਜ਼ਾਦ ਯੁਨੀਅਨਾਂ ਨਹੀਂ ਬਣਾ ਸਕਦੇ ਅਤੇ ਜਬਰਨ ਦਫਤਰੀ ਯੂਨੀਅਨ ਦੇ ਮੈਂਬਰ ਬਣਨਾ ਪੈਂਦਾ ਹੈ ਜਦਕਿ ਦਿਹਾਤੀ ਬਸ਼ਿੰਦਿਆਂ ਲਈ ਕੰਮ ਦੀਆਂ ਉਜਰਤਾਂ ਹੀ ਆਮਦਨ ਦਾ ਮੁੱਖ ਸੋਮਾ ਹੈ।


          ਇਸ ਤਰ੍ਹਾਂ ਅਸੀਂ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਸੰਸਾਰ ਭਰ ਦੇ ਵੱਡੇ ਕਾਰਪੋਰੇਟ ਵਿਸ਼ੇਸ਼ ਕਰਕੇ ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਕਾਰਪੋਰੇਟ ਆਪਣੇ ਨਿਰਮਾਣ ਕਾਰੋਬਾਰ ਚੀਨ ਦੀ ਬਾਹਰੀ ਲੇਬਰ ਤੋਂ ਕਿਉ ਕਰਵਾਉਦੇ ਹਨ। ਅਤੇ ਕਿਉ ਮੋਦੀ ਸਰਕਾਰ ਕੋਵਿਡ ਪੈਂਡਿਮਿਕ ਦੌਰਾਨ ਬੁਰਜੂਆ ਜਮਹੂਰੀ ਭੇਖ ਦੀ ਕਿਸੇ ਰਸਮੀ ਵਿਚਾਰ-ਚਰਚਾ ਤੋਂ ਛੁੱਟ ਪਾਰਲੀਮੈਂਟ ’ਚ ਧੁੱਸ ਦੇ ਕੇ ਸਾਰੇ ਪੂਰਬਲੇ ਕਿਰਤ ਅਧਿਕਾਰਾਂ ਨੂੰ 4 ਨਵੇਂ ਲੇਬਰ ਕੋਡ ਲਾਗੂ ਕਰਨ ਰਾਹੀਂ ਦਬਾਉਣ ਤੇ ਨਾਜਾਇਜ਼ ਕਬਜੇ ਹੇਠ ਕਰਨ ’ਤੇ ਤੁਲੀ ਹੋਈ ਹੈ ਉਹ ਦੇਸੀ ਤੇ ਵਿਦੇਸ਼ੀ ਪੂੰਜੀ ਲਈ ਮੁਨਾਫਾਬਖ਼ਸ਼ ਪੂੰਜੀ ਨਿਵੇਸ਼ ਲਈ ਵੱਧ ਤੋਂ ਵੱਧ ਲਾਹੇਵੰਦਾ ਸਥਾਨ ਥਾਲੀ ’ਚ ਪਰੋਸ ਕੇ ਦੇਣਾ ਚਾਹੁੰਦੀ ਹੈ, ਜਿੱਥੇ ਮਜ਼ਦੂਰਾਂ ਨੂੰ ਆਪਣੇ ਇੱਕਮਾਤਰ ਘੱਟੋ ਘੱਟ ਜਮਹੂਰੀ ਤੇ ਲੇਬਰ ਅਧਿਕਾਰਾਂ ਲਈ ਯੂਨੀਅਨ ਬਣਾਉਣ, ਵਿਰੋਧ ਤੇ ਸੰਘਰਸ਼ ਕਰਨ ਦੀ ਇਜਾਜ਼ਤ ਨਾ ਹੋਣ ’ਤੇ ਅਜਿਹੇ ਨਿਰਮਾਣ ਕਾਰੋਬਾਰ ਹੋ ਸਕਣਗੇ। ਕਿਰਤ ਦੀ ਤਿੱਖੀ ਲੁੱਟ ਕਰਕੇ ਹੀ ਹੈ ਕਿ 500-600 ਜਾਂ ਵੱਧ ਅਮਰੀਕੀ ਡਾਲਰਾਂ ਦੀ ਕੀਮਤ ਵਾਲੇ ਮਹਿੰਗੇ ਆਈ-ਫੋਨਾਂ ਦੇ ਨਿਰਮਾਣ ਦੀ ਸਿਰਫ਼10-20 ਡਾਲਰ ਦੇ ਆਸ-ਪਾਸ ਬਣਦੀ ਕੀਮਤ ਐਪਲ ਅਤੇ ਇਹਦੇ ਪਿੱਛੇ ਬੈਠੀ ਵਿੱਤੀ ਪੂੰਜੀ ਲਈ ਭਾਰੀ ਮੁਨਾਫੇ ਪੈਦਾ ਕਰਦੀ ਹੈ। ਏਸ਼ੀਆ ਤੇ ਅਫਰੀਕਣ ਦੇਸ਼ਾਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਹੋਰਨਾਂ ਆਯਾਸ਼ ਵਸਤਾਂ ’ਚ ਵੀ ਮੁਨਾਫੇ ਦਾ ਅਜਿਹਾ ਹੀ ਪੱਧਰ ਹੈ।


          ਸੰਖੇਪ ’ਚ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਐਪਲ ਤੇ ਹੋਰਨਾਂ ਕੰਪਨੀਆਂ ਦੇ ਅਜਿਹੇ ਸੁਪਰ ਮੁਨਾਫੇ ਅਤੇ ਪੂੰਜੀ ਭੰਡਾਰਾਂ ਦਾ ਸ੍ਰੋਤ ਚੀਨ, ਭਾਰਤ, ਬੰਗਲਾਦੇਸ਼, ਵੀਅਤਨਾਮ ਅਤੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਬੁਰੀ ਤਰ੍ਹਾਂ ਲੁੱਟੀ ਜਾਂਦੀ  ਬਾਹਰੋਂ ਭਰਤੀ ਕੀਤੀ ਪ੍ਰਵਾਸੀ ਕਿਰਤ ’ਤੇ ਅਧਾਰਤ ਨਿਰਮਾਣ ਕਾਰੋਬਾਰ ਦਾ ਮਾਡਲ ਹੈ, ਨਾ ਕਿ ਪੰੂਜੀਪਤੀਆਂ ਤੇ ਉਨ੍ਹਾਂ ਦੇ ਮੈਨੇਜਰਾਂ ਦੀ ਯੋਗਤਾ, ਉਤਮਤਾ ਤੇ ਨਵੀਨਤਾ ਦੀ ਕੀਤੀ ਜਾਂਦੀ ਫੋਕੀ ਵਡਿਆਈ। ਘੱਟ ਉਜਰਤਾਂ ’ਤੇ ਲੰਮੇ ਲੰਮੇ ਘੰਟੇ ਜਬਰਨ ਠੋਸੀ ਰਫਤਾਰ ਨਾਲ ਕੰਮ ਕਰਨ ਵਾਲੀ ਇਹ ਪ੍ਰਵਾਸੀ ਲੇਬਰ ਅਸਲੀਅਤ ਵਿੱਚ ਪੂੰਜੀਪਤੀਆਂ ਦੀ ਅਰਧ-ਗੁਲਾਮ ਬਣੀ ਹੋਈ ਹੈ, ਜਿਹੜੇ ਉਨ੍ਹਾਂ ਤੋਂ ਵੱਡੀ ਤਾਦਾਦ ’ਚ ਵਾਧੂ ਕਦਰ ਨਿਚੋੜਦੇ ਹਨ, ਜੋ ਪੂੰਜੀਪਤੀ ਜਮਾਤ ਦੇ ਸਭਨਾਂ ਹਿੱਸਿਆਂ ਵਿਸ਼ੇਸ਼ ਕਰਕੇ ਵਿੱਤੀ ਪੂੰਜੀਪਤੀਆਂ ਦੇ ਸੁਪਰ ਮੁਨਾਫਿਆਂ ਦਾ ਇੱਕੋ-ਇੱਕ ਸੋਮਾ ਹੈ।


(ਦੀ ਟਰੁੱਥ ਮੈਗਜ਼ੀਨ ’ਚੋਂ) (ਅੰਗਰੇਜ਼ੀ ਤੋਂ ਅਨੁਵਾਦ)


 


 


 


 


    

No comments:

Post a Comment