Friday, April 1, 2022

29. ਚੰਡੀਗੜ ਦੇ ਬਿਜਲੀ ਕਾਮਿਆਂ ਦੀ ਪੰਜਾਬ ਅੰਦਰ ਜੋਰਦਾਰ ਹਮਾਇਤ

29.  ਚੰਡੀਗੜ ਦੇ ਬਿਜਲੀ ਕਾਮਿਆਂ ਦੀ ਪੰਜਾਬ ਅੰਦਰ ਜੋਰਦਾਰ ਹਮਾਇਤ

 ਪੱਤਰ ਪ੍ਰੇਰਕ 

ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਸਭਨਾਂ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੰਭਾਉਣ ਦੀ ਨੀਤੀ  ’ਤੇ ਅੱਗੇ ਵਧਦਿਆਂ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ ਦੀ ਬਿਜਲੀ ਕਾਰਪੋਰੇਸ਼ਨ ਨੂੰ ਇਕ ਪ੍ਰਾਈਵੇਟ  ਕੰਪਨੀ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਮੁਨਾਫ਼ੇ  ਵਿੱਚ ਚੱਲ ਰਹੀ ਬਿਜਲੀ ਕਾਰਪੋਰੇਸ਼ਨ ਦੀ ਲਗਪਗ 25000 ਕਰੋੜ ਦੀ ਜਾਇਦਾਦ ਨੂੰ ਸਿਰਫ਼ ਦੋ ਸਾਲ ਪੁਰਾਣੀ ਕੰਪਨੀ ਕੋਲ ਕੇਵਲ 871 ਕਰੋੜ ਵਿਚ ਵੇਚ ਦਿੱਤੀ ਗਈ ਹੈ।

ਇਸ ਦਿਨ ਦਿਹਾੜੇ ਨਹੱਕੇ ਡਾਕੇ ਦੇ ਖਿਲਾਫ਼ ਬਿਜਲੀ ਕਾਰਪੋਰੇਸ਼ਨ ਚੰਡੀਗੜ ਦੇ ਕਰਮਚਾਰੀਆਂ ਵੱਲੋਂ ਮੋਰਚਾ ਖੋਲ ਦਿੱਤਾ ਗਿਆ। ਸਰਕਾਰ ਦੇ ਇਹ ਫੈਸਲਾ ਆਉਣ ’ਤੇ ਹੀ ਕਰਮਚਾਰੀਆਂ ਵੱਲੋਂ ਬਹੱਤਰ ਘੰਟਿਆਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਨਾਲ ਰਾਜਧਾਨੀ ਦੇ ਬਿਜਲੀ ਪ੍ਰਬੰਧ ਡਗਮਗਾ ਗਏ। ਬਿਜਲੀ ਤੋਂ ਬਿਨਾਂ ਅੱਧਾ ਚੰਡੀਗੜ  ਸ਼ਹਿਰ ਹਨੇਰੇ ਵਿੱਚ ਡੁੱਬਣ ਦੇ ਨਾਲ ਨਾਲ ਟ੍ਰੈਫਿਕ ਲਾਈਟਾਂ ਤੇ ਸਰਕਾਰੀ ਦਫਤਰਾਂ ਦੇ ਕੰਮਕਾਜ ਬੁਰੀ ਤਰਾਂ ਪ੍ਰਭਾਵਤ ਹੋ ਗਏ। ਚੰਡੀਗੜ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਬਿਜਲੀ ਇੰਜਨੀਅਰਾਂ ਰਾਹੀਂ ਬਿਜਲੀ ਪ੍ਰਬੰਧ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੰਜਾਬ ਦੇ ਬਿਜਲੀ ਕਰਮਚਾਰੀ ਕੋਰਾ ਜਵਾਬ ਦੇ ਕੇ ਚੰਡੀਗੜ  ਦੇ ਕਰਮਚਾਰੀਆਂ ਦੇ ਹੱਕ ਵਿੱਚ ਡਟ ਗਏ। ਚੰਡੀਗੜ  ਦੇ ਕਰਮਚਾਰੀਆਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਦਿਆਂ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ’ਤੇ ਐਸਮਾ ਮੜ ਕੇ ਹੜਤਾਲ ਵਾਪਸ ਲੈਣ ਦਾ ਦਬਾਅ ਬਣਾਇਆ ਗਿਆ, ਪਰ ਕਰਮਚਾਰੀ ਹੜਤਾਲ ਕਰਨ ’ਤੇ ਦਿ੍ਰੜ ਰਹੇ  । ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਇਸ ਹੱਕੀ ਸੰਘਰਸ਼ ਨੂੰ ਪੁਰਜ਼ੋਰ ਹਮਾਇਤ ਦਿੱਤੀ ਗਈ। ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ,  ਟੈਕਨੀਕਲ ਸਰਵਿਸ ਯੂਨੀਅਨ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਸਰਕਾਰ ਦੇ ਇਸ ਕਦਮ ਨੂੰ ਮੁਲਕ ਵਿਆਪੀ ਨਿਜੀਕਰਨ ਦੀ ਲੜਾਈ ਦੇ ਅੰਗ ਵਜੋਂ ਲਿਆ। ਇਨਾਂ ਜਥੇਬੰਦੀਆਂ ਨੇ ਬਿਆਨ ਜਾਰੀ ਕਰਕੇ ਚੰਡੀਗੜ ਦੇ ਬਿਜਲੀ ਕਾਮਿਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ। ਜਥੇਬੰਦੀਆਂ ਅਨੁਸਾਰ ਇਹ ਹੱਲਾ ਬਿਜਲੀ ਕਾਨੂੰਨ-2003 ਅਤੇ ਬਿਜਲੀ ਬਿੱਲ 2020 ਤਹਿਤ ਅੱਗੇ ਵਧਾਇਆ ਗਿਆ ਹੈ। ਇਸ ਹਮਲੇ ਰਾਹੀਂ ਸਰਕਾਰੀ ਥਰਮਲਾਂ ਦਾ ਭੋਗ ਪਾਇਆ ਜਾ ਰਿਹਾ ਹੈ ਅਤੇ ਨਿੱਜੀ ਥਰਮਲਾਂ ’ਤੇ ਰਿਆਇਤਾਂ  ਦੇ ਗੱਫੇ ਵਰਾਏ ਜਾ ਰਹੇ ਹਨ। ਇਸ ਨੀਤੀ ਦੇ ਅੱਗੇ ਵਧਣ ਦੇ ਸਿੱਟੇ ਘਰੇਲੂ ਅਤੇ ਸਨਅਤੀ ਬਿਜਲੀ ਦੇ ਅਤੀ ਮਹਿੰਗੀ ਹੋਣ ਅਤੇ ਪੱਕੇ ਰੁਜ਼ਗਾਰ ਦਾ ਭੋਗ ਪਾਉਣ ਦੇ ਰੂਪ ਵਿੱਚ ਨਿਕਲਣੇ ਹਨ। ਇਸੇ ਤਰਾਂ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ  ਇਸ ਸੰਘਰਸ਼ ਦੀ ਹਮਾਇਤ ਵਿਚ ਚੌਵੀ ਫਰਵਰੀ ਨੂੰ ਸਬ ਡਿਵੀਜ਼ਨ ਪੱਧਰ ਤੇ ਰੈਲੀਆਂ ਕਰਨ ਉਪਰੰਤ ਚੰਡੀਗੜ ਪ੍ਰਸ਼ਾਸਨ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ ਗਿਆ।  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਸ ਸੰਘਰਸ਼ ਦੇ ਮੋਢੇ ਨਾਲ ਮੋਢਾ ਜੋੜਦਿਆਂ ਪੰਜਾਬ ਦੇ 16 ਜ਼ਿਲਿਆਂ ਦੇ 716 ਪਿੰਡਾਂ ’ਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਤੇ ਮੁਲਾਜ਼ਮਾਂ ਨੇ ਵੀ ਇਨਾਂ ਰੋਸ ਪ੍ਰਦਰਸ਼ਨਾਂ ਵਿੱਚ  ਸ਼ਮੂਲੀਅਤ ਕੀਤੀ। ਇਨਾਂ ਪ੍ਰਦਰਸ਼ਨਾਂ ਰਾਹੀਂ ਨਿੱਜੀਕਰਨ ਦੇ ਸਾਮਰਾਜੀ ਹੱਲੇ ਲਈ ਇੱਕਮੱਤ ਸਭਨਾਂ ਸਿਆਸੀ ਪਾਰਟੀਆਂ ਵਿਰੁੱਧ ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪੰਜਾਬ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਆਪਣੀ ਨਿਜੀਕਰਨ ਵਿਰੋਧੀ ਲੜਾਈ,  ਜੋ ਤਿੱਖੇ ਦੌਰਾਂ ਵਿੱਚੋਂ ਹੋ ਕੇ ਲੰਘਣੀ ਹੈ, ਦੀ ਤਿਆਰੀ ਵਜੋਂ ਹੀ ਚੰਡੀਗੜ ਦੇ ਬਿਜਲੀ ਮੁਲਾਜਮਾਂ ਦੇ ਸੰਘਰਸ਼ ਨੂੰ ਲਾਇਆ ਹਮਾਇਤੀ ਕੰਨਾ ਸਲਾਹੁਣਯੋਗ ਵਰਤਾਰਾ ਹੈ।   

   

No comments:

Post a Comment