Friday, April 1, 2022

27. ਪੰਜਾਬ ਵਿਧਾਨ ਸਭਾ ਚੋਣਾਂ: ਲੋਕ ਮੋਰਚਾ ਪੰਜਾਬ ਦੀ ਵਿਸ਼ਾਲ ਜਨਤਕ ਮੁਹਿੰਮ ਰਾਹੀਂ ਇਨਕਲਾਬੀ ਬਦਲ ਉਸਾਰਨ ਦਾ ਸੰਦੇਸ਼

 ਪੰਜਾਬ ਵਿਧਾਨ ਸਭਾ ਚੋਣਾਂ:

ਲੋਕ ਮੋਰਚਾ ਪੰਜਾਬ ਦੀ ਵਿਸ਼ਾਲ ਜਨਤਕ ਮੁਹਿੰਮ ਰਾਹੀਂ

 ਇਨਕਲਾਬੀ ਬਦਲ ਉਸਾਰਨ ਦਾ ਸੰਦੇਸ਼


 ਇਨਕਲਾਬੀ ਸੰਗਠਨ ਲੋਕ ਮੋਰਚਾ ਪੰਜਾਬ ਅਜਿਹੀਆਂ ਚੋਣਾਂ ਸਮੇਂ, ਚੋਣਾਂ ਵਿੱਚ ਭਾਗ ਲੈਣ ਜਾਂ ਬਾਈਕਾਟ ਦਾ ਸੱਦਾ ਦੇਣ ਦੀ ਥਾਂ ਰਾਜ ਪ੍ਰਬੰਧ ਦਾ ਇਨਕਲਾਬੀ ਬਦਲ ਉਭਾਰਨ ਦੀ ਸਰਗਰਮੀ ਜਾਰੀ ਰੱਖਦਾ ਆ ਰਿਹਾ ਹੈ। ਇਸ ਵਾਰ ਦੀਆਂ ਵਿਧਾਨ ਸਭਾਈ ਚੋਣਾਂ ਦੌਰਾਨ ਵੀ ਮਾਲਵਾ, ਮਾਝਾ, ਦੁਆਬਾ ਦੇ ਸੰਘਰਸ਼ੀ ਖੇਤਰਾਂ ਅੰਦਰ ਵੱਡੀਆਂ ਇਕੱਤਰਤਾਵਾਂ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਹਰ ਵਰਗ ਦੇ ਸੰਘਰਸ਼ਾਂ ਵਿੱਚ ਸਰਗਰਮ ਕਿਸਾਨ, ਸਨਅਤੀ ਮਜ਼ਦੂਰ, ਖੇਤ ਮਜ਼ਦੂਰ, ਔਰਤਾਂ, ਨੌਜਵਾਨ, ਮੁਲਾਜ਼ਮ, ਵਿਦਿਆਰਥੀ, ਅਧਿਆਪਕ, ਰੋਡਵੇਜ ਕਾਮੇ, ਠੇਕਾ ਭਰਤੀ ਮੁਲਾਜ਼ਮ, ਟੌਲ ਪਲਾਜ਼ਾ ਤੇ ਬੈਸਟ ਪ੍ਰਾਈਸ ਮਾਲ ਦੇ ਕਰਮਚਾਰੀ ਸ਼ਾਮਲ ਹੋਏ।

 ਚੋਣਾਂ ਸਮੇਂ ਲੋਕਾਂ ਵਿੱਚ ਸੁਣਨ ਤੇ ਸਮਝਣ ਦੀ ਵਧੀ ਹੁੰਦੀ ਦਿਲਚਸਪੀ ਅੰਦਰ ਇਸ ਵਾਰ ਕਿਸਾਨ ਸੰਘਰਸ਼ ਸਦਕਾ ਲੋਕਾਂ ਵਿਸੇਸ਼ ਕਰਕੇ ਸੰਘਰਸ਼ਸ਼ੀਲ ਲੋਕਾਂ ਦੀ ਵਧੀ ਹੋਈ ਚੇਤਨਾ ਦੇ ਇਜ਼ਹਾਰ ਸਾਹਮਣੇ ਆਏ। ਹਾਕਮ ਸਿਆਸੀ ਪਾਰਟੀਆਂ ਖਿਲਾਫ਼ ਔਖ, ਸਰਕਾਰਾਂ ਦੇ ਨਾਲ ਨਾਲ ਦੇਸੀ ਵਿਦੇਸ਼ੀ ਕਾਰਪੋਰੇਟਾਂ ਤੇ ਡਬਲਯੂ.ਟੀ.ਓ. ਵਰਗੀਆਂ ਸਾਮਰਾਜੀ ਸੰਸਥਾਵਾਂ ਖਿਲਾਫ਼ ਵਧੇ ਗੁੱਸੇ, ਸੰਘਰਸ਼ ਉਪਰ ਬੱਝੇ ਭਰੋਸੇ ਤੇ ਵਧੀ ਟੇਕ ਅਤੇ ਬਦਲ ਦੀ ਉਭਰੀ ਤਾਂਘ ਵੱਖ ਵੱਖ ਸ਼ਕਲਾਂ ਵਿਚ ਪ੍ਰਗਟ ਹੁੰਦੇ ਰਹੇ ਹਨ। 

ਹਰ ਵਰਗ ਦੇ ਸੰਘਰਸ਼ਾਂ ਅੰਦਰ ਸਰਗਰਮ ਸਖਸ਼ੀਅਤਾਂ ਤੱਕ ਪਹੁੰਚ ਕੀਤੀ ਗਈ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਹਨਾਂ ਵੱਲੋਂ ਹੁੰਗਾਰਾ ਭਰਿਆ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਜਥੇਬੰਦੀ ਦੇ ਤੌਰ ’ਤੇ ਅਤੇ ਕਿਸਾਨਾਂ, ਸਨਅਤੀ ਮਜ਼ਦੂਰਾਂ, ਵਿਦਿਆਰਥੀਆਂ, ਮੁਲਾਜ਼ਮਾਂ ਦੇ ਉਭੱਰਵੇਂ ਆਗੂਆਂ ਅਤੇ ਮੋਰਚੇ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਕੱਤਰ ਹੋਰਾਂ ਵੱਲੋਂ ਵਿਅਕਤੀਗਤ ਰੂਪ ਵਿਚ ਦਿੱਤੇ ਸਹਿਯੋਗ ਨਾਲ ਮੋਰਚੇ ਦੀ ਸਹਿਯੋਗੀ ਕਮੇਟੀ ਜਥੇਬੰਦ ਕੀਤੀ ਗਈ। ਜਿਸ ਦੇ ਸਹਿਯੋਗ ਸਦਕਾ ਸੰਘਰਸ਼ਸ਼ੀਲ ਸਰਗਰਮਾਂ ਦੀ ਹਾਜ਼ਰੀ ਵਾਲੀ ਸੂਬਾ ਪੱਧਰੀ ਇਕੱਤਰਤਾ ਕਰਕੇ “ਇਨਕਲਾਬੀ ਬਦਲ ਉਸਾਰੋ” ਮੁਹਿੰਮ ਦੀ ਸ਼ੁਰੂਆਤ ਕਰਦਿਆਂ “ਸਰਕਾਰਾਂ ਨਹੀਂ,ਰਾਜ ਬਦਲਣ ਲਈ ਜੂਝੋ” ਦਾ ਸੱਦਾ ਉਭਾਰਿਆ ਗਿਆ। ਸਹਿਯੋਗੀ ਮੈਂਬਰਾਂ ਨੂੰ ਸ਼ਾਮਲ ਕਰਕੇ ਸੂਬਾ ਪੱਧਰ ਉਤੇ ਬਣੀਆਂ ਤਿੰਨ ਤਿੰਨ ਮੈਂਬਰੀ ਦੋ ਟੀਮਾਂ ਨੇ, ਇੱਕ ਮਾਲਵਾ ਤੇ ਇੱਕ ਮਾਝਾ ਦੁਆਬਾ ਖੇਤਰਾਂ ਵਿਚ ਪ੍ਰਚਾਰ ਦਾ ਬੀੜਾ ਚੱਕਿਆ। ਸਥਾਨਕ ਖੇਤਰਾਂ ਅੰਦਰ ਦੋ ਦਰਜਨ ਸਰਗਰਮਾਂ ਨੇ ਜੁੰਮੇਵਾਰੀ ਨਿਭਾਈ। ਇੱਕ ਰੰਗਦਾਰ ਕੰਧ ਪੋਸਟਰ ਅਤੇ 16 ਸਫ਼ਿਆਂ ਦਾ ਪੈਂਫਲਿਟ ਛਪਵਾ ਕੇ ਵੰਡਿਆ ਗਿਆ।

ਪੋਸਟਰ, ਪੈਂਫਲਿਟ ਵਿਚ ਦਰਜ ਮੋਰਚੇ ਦੀ ਸਮਝ ਇਸ ਮੁਹਿੰਮ ਦਾ ਅਜੰਡਾ ਬਣੀ। ਲੋਕਾਂ ਦੇ ਦੁੱਖਾਂ ਦਾ ਹੱਲ ਵਿਧਾਨ ਸਭਾ ਜਾਂ ਪਾਰਲੀਮੈਂਟ ਨਹੀਂ, ਸਰਕਾਰਾਂ ਨਹੀਂ, ਰਾਜ ਬਦਲਣ ਨਾਲ ਹੋਣਾ ਹੈ। ਮੁਲਕ ਦੇ ਕੁੱਲ ਵਸੀਲਿਆਂ ਉਪਰ ਸਾਮਰਾਜੀਆਂ, ਵੱਡੀਆਂ ਸਰਮਾਏਦਾਰ ਤੇ ਜਗੀਰੂ ਜੋਕਾਂ ਦਾ ਕਬਜ਼ਾ ਹੈ। ਇਸ ਕਬਜ਼ੇ ਦੇ ਜ਼ੋਰ ਮੁਲਕ ਦੇ ਰਾਜ ਭਾਗ ਦੀਆਂ ਸਾਰੀਆਂ ਸੰਸਥਾਵਾਂ ਇਹਨਾਂ ਦਾ ਪਾਣੀ ਭਰਦੀਆਂ ਹਨ। ਪਾਰਲੀਮੈਂਟਾਂ ਤੇ ਵਿਧਾਨ ਸਭਾਵਾਂ ਦਾ ਰਿਮੋਟ ਕੰਟਰੋਲ ਇਹਨਾਂ ਜੋਕਾਂ ਦੀ ਮੁੱਠੀ ਵਿਚ ਹੈ। ਏਸੇ ਕਰਕੇ ਇਹਨਾਂ ਅੰਦਰ ਲੋਕਾਂ ਦੀ ਨਹੀਂ, ਜੋਕਾਂ ਦੀ ਪੁੱਗਦੀ ਹੈ।

ਵਸੀਲਿਆਂ ਉਪਰੋਂ ਇਹਨਾਂ ਜੋਕਾਂ ਦਾ ਕਬਜ਼ਾ ਤੋੜਨਾ ਹੈ। ਇਹਨਾਂ ਜੋਕਾਂ ਦੀ ਜ਼ਮੀਨ, ਸੰਦ ਸਾਧਨ ਤੇ ਪੂੰਜੀ ਜ਼ਬਤ ਕਰਕੇ ਮੁਲਕ ਤੇ ਲੋਕਾਂ ਦੇ ਲੇੇਖੇ ਲਾਉਣੀ ਹੈ। ਖੇਤੀ ਤੇ ਸਨਅਤ ਦਾ ਜੁੜਵਾਂ ਢਾਂਚਾ ਉਸਾਰ ਕੇ ਹਰ ਹੱਥ ਨੂੰ ਰੁਜ਼ਗਾਰ ਦੇਣਾ ਹੈ। ਡਿਪੂ ਪ੍ਰਣਾਲੀ ਨੂੰ ਮੁਕੰਮਲ ਤੇ ਮਜ਼ਬੂਤ ਕਰਨਾ ਹੈ। ਸਿਹਤ ਸੰਭਾਲ ਸਿਸਟਮ ਮਜ਼ਬੂਤ ਕਰਨਾ ਹੈ। ਵਾਤਾਵਰਣ ਸਾਫ਼ ਸੁਥਰਾ ਬਣਾਉਣਾ ਹੈ। ਟੈਕਸਾਂ ਰਾਹੀਂ ਲੋਕਾਂ ਤੋਂ ਇੱਕਠਾ ਕੀਤਾ ਪੈਸਾ ਲੋਕਾਂ ਲਈ ਵਰਤਣਾ ਹੈ। ਪਾਰਲੀਮੈਂਟ ਤੇ ਵਿਧਾਨ ਸਭਾਵਾਂ ਇਹਨਾਂ ਜੋਕਾਂ ਤੋਂ ਮੁਕਤ ਕਰਾਉਣੀਆਂ ਹਨ। ਲੁੱਟ ਜਬਰ ਦੇ ਮੌਜੂਦਾ ਰਾਜ ਦੀ ਥਾਂ ਲੋਕਾਂ ਦੀ ਪੁੱਗਤ ਤੇ ਵੁੱਕਤ ਵਾਲਾ ਰਾਜ  ਬਣਾਉਣਾ ਹੈ। ਸੱਚੀ ਜਮਹੂਰੀਅਤ ਤੇ ਅਸਲੀ ਆਜ਼ਾਦੀ ਉਸਾਰਨੀ ਹੈ। ਜਾਤ ਪਾਤੀ ਦਾਬਾ ਤੇ ਵਿਤਕਰਾ ਖਤਮ ਕਰਨਾ ਹੈ। ਔਰਤ ਸਮੂਹ ਨੂੰ ਆਰਥਿਕ ਤੇ ਸਮਾਜਿਕ ਖੇਤਰ ਅੰਦਰ ਸਨਮਾਨਯੋਗ ਸਥਾਨ ਦਿਵਾਉਣਾ ਹੈ। 

ਇਹਦੇ ਤੱਕ ਪਹੁੰਚਦਾ ਰਾਹ, ਚੱਲ ਰਹੇ ਸੰਘਰਸ਼ਾਂ ਨੂੰ, ਬੁਨਿਆਦੀ ਮੰਗਾਂ ਨੂੰ,  ਜੂੜ ਪਾ ਰਹੀਆਂ ਨੀਤੀਆਂ ਕਾਨੂੰਨਾਂ ਖਿਲਾਫ਼ ਅਗਲੇਰੇ ਪੱਧਰ ਉਪਰ ਲਿਜਾ ਕੇ ਖੁੱਲਣਾ ਹੈ। ਮੰਗਾਂ ਦਾ ਸਾਂਝਾ ਘੇਰਾ ਉਭਾਰਨ, ਸਾਂਝੇ ਘੋਲਾਂ ਦਾ ਪੈੜਾ ਬੰਨਣ ਤੇ ਲੋਕ ਤਾਕਤ ਦਾ ਯੱਕ ਬੰਨਣ ਨਾਲ ਖੁੱਲਣਾ ਹੈ। ਮੁਕਾਬਲੇ ਦੀ ਲੋਕ ਤਾਕਤ ਉਸਾਰ ਕੇ ਖੁੱਲਣਾ ਹੈ। ਸੰਘਰਸ਼ਾਂ ਦਾ ਰਾਹ ਹੀ ਸਵੱਲੜਾ ਰਾਹ ਹੈ। ਸੰਘਰਸ਼ਾਂ ਨੂੰ ਰਾਜ ਭਾਗ ਬਦਲ ਦੇਣ ਤੱਕ ਲੈ ਕੇ ਜਾਣਾ ਹੈ।

ਰਾਜ ਭਾਗ ਦੀ ਤਬਦੀਲੀ ਦਾ ਸਾਧਨ ਬਣਦੇ ਬਨਿਆਦੀ ਮੁੱਦਿਆਂ ਦੇ ਨਾਲ ਨਾਲ ਫਸਲਾਂ ਦੀ ਸਰਕਾਰੀ ਖਰੀਦ ਹੋਵੇ, ਐਮ.ਐਸ.ਪੀ.ਦਾ ਕਾਨੂੰਨ ਬਣੇ, ਡੀਪੂ ਪ੍ਰਣਾਲੀ ਚੱਲੇ, ਕਰਜ਼ਿਆਂ ਦਾ ਭਾਰ ਘਟੇ, ਬਿਜਲੀ ਸਸਤੀ ਹੋਵੇ, ਰੈਗੂਲਰ ਰੁਜ਼ਗਾਰ ਦਾ ਪ੍ਰਬੰਧ ਹੋਵੇ, ਸਰਕਾਰੀ ਸਿਹਤ ਸੰਭਾਲ ਸਿਸਟਮ ਮਜ਼ਬੂਤ ਹੋਵੇ ਵਰਗੇ ਨੀਤੀ ਮੁੱਦੇ ਵੀ ਉਭਾਰੇ ਗਏ ਤੇ ਇਹਨਾਂ ਮੁੱਦਿਆਂ ਦਾ ਸਾਮਰਾਜੀ ਦਾਬੇ ਤੇ ਗੁਲਾਮੀ ਨਾਲ ਕੜੀ ਜੋੜ ਉਘਾੜਿਆ ਗਿਆ ਕਿ ਕਿਵੇਂ ਇਹਨਾਂ ਮੰਗਾਂ ਪਿੱਛੇ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਵਪਾਰ ਸੰਗਠਨ ਵਰਗੀਆਂ ਸਾਮਰਾਜੀ ਵਿਤੀ ਸੰਸਥਾਵਾਂ ਦੀਆਂ ਹਦਾਇਤਾਂ ਅਤੇ ਸਾਮਰਾਜੀ ਮੁਲਕਾਂ ਵੱਲੋਂ ਮੜੀਆਂ ਸਮਝੌਤੇ ਸੰਧੀਆਂ ਦੀਆਂ ਸ਼ਰਤਾਂ ਮੰਨ ਕੇ ਮੁਲਕ ਦੇ ਹਾਕਮਾਂ ਵੱਲੋਂ ਘੜੀਆਂ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ, ਨਿਗਮੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਦਾ ਹੱਥ ਹੈ। ਇਹਨਾਂ ਨੀਤੀਆਂ ਨੂੰ ਰੱਦ ਕੀਤੇ ਜਾਣ ਅਤੇ ਵਿਸ਼ਵ ਵਪਾਰ ਸੰਗਠਨ ਵਿਚੋਂ ਬਾਹਰ ਆਉਣ ਦੀ ਮੰਗ, ਸਾਂਝੇ ਸੰਘਰਸ਼ਾਂ ਦਾ ਮੁੱਢ ਬੰਨੇਗੀ।

ਮਹੀਨਾ ਭਰ ਚੱਲੀ ਇਸ ਮੁਹਿੰਮ ਦੌਰਾਨ ਚੌਦਾਂ ਜਿਲਿਆਂ ਅੰਦਰ ਲਗਭਗ 120 ਥਾੲੀਂ ਦਸ ਹਜ਼ਾਰ ਸਰਗਰਮਾਂ ਦੀ ਸ਼ਮੂਲੀਅਤ ਵਾਲੀਆਂ ਇਕੱਤਰਤਾਵਾਂ ਹੋਈਆਂ। ਦੋ ਦੋ ਘੰਟੇ ਲੰਮੀਆਂ ਚੱਲੀਆਂ ਮੀਟਿੰਗਾਂ ਨੂੰ ਪੂਰੀ ਦਿਲਚਸਪੀ ਨਾਲ ਸੁਣਨਾ ਲੋਕਾਂ ਅੰਦਰ ਰਾਜ ਦੇ ਬਦਲ ਦੀ ਤਾਂਘ ਦੇ ਇਜ਼ਹਾਰ ਹਨ। ਇੱਕ ਮੀਟਿੰਗ ਵਿਚ ਆਉਣ ਵਾਲੇ ਸਰਗਰਮ ਸਾਥੀ ਉਹਨਾਂ ਸਾਥੀਆਂ ਨੂੰ ਵੀ ਨਾਲ ਲੈ ਆਏ, ਜਿਹਨਾਂ ਨੇ ਅਗਲੇ ਦਿਨ ਇੱਕ ਵੋਟ ਪਾਰਟੀ ਦੇ ਨਾਲ ਖੁੱਲ ਕੇ ਤੁਰਨਾ ਸੀ। ਮੀਟਿੰਗ ਉਪਰੰਤ ਉੱਧਰ ਜਾਣ ਦੀ ਬਜਾਏ ਇਨਕਲਾਬੀ ਮੁਹਿੰਮ ਨਾਲ ਹੋ ਤੁਰੇ। ਇੱਕ ਥਾਂ ਮੀਟਿੰਗ ਸੁਣਨ ਤੋਂ ਬਾਅਦ ਕੁਝ ਸਾਥੀ ਆਪਣੇ ਆਗੂ ਨਾਲ ਔਖੇ ਹੋਏ ਕਿ ਇਸ ਮੀਟਿੰਗ ਵਿਚ ਤਾਂ ਹੋਰ ਸਾਥੀ ਵੀ ਲੈ ਕੇ ਆਉਣ ਵਾਲੇ ਰਹਿ ਗਏ। ਹਰ ਮੀਟਿੰਗ ਵਿਚ ਮੰਗ ਉੱਠਦੀ ਰਹੀ ਕਿ ਸਾਡੇ ਪਿੰਡ ਵੀ ਸਮਾਂ ਦਿਓ। ਕਈ ਪ੍ਰਚਾਰਕ ਇਹਨਾਂ ਮੀਟਿੰਗਾਂ ਵਿਚੋਂ ਹੀ ਬਣੇ। ਫੰਡ ਦੀ ਅਪੀਲ ਨੂੰ ਹਰ ਥਾਂ ਭਰਵਾਂ ਹੁੰਗਾਰਾ ਮਿਲਿਆ। ਪੋਸਟਰ ਤੇ ਪੈਂਫਲਿਟ ਦੀ ਥੁੜ ਨੋਟ ਹੋਈ।




   

No comments:

Post a Comment