Friday, April 1, 2022

5. ਰੂਸ-ਯੂਕਰੇਨ ਜੰਗ ਤੇ ਭਾਰਤੀ ਹਾਕਮ

 5. ਰੂਸ-ਯੂਕਰੇਨ ਜੰਗ ਤੇ ਭਾਰਤੀ ਹਾਕਮ

ਰੂਸ ਯੂਕਰੇਨ ਜੰਗ ਦੌਰਾਨ ਭਾਰਤੀ ਹਾਕਮਾਂ ਲਈ ਹਾਲਤ ਕਸੂਤੀ ਬਣੀ ਹੋਈ ਹੈ। ਭਾਰਤੀ ਹਾਕਮ ਗੁੱਟ-ਨਿਰਲੇਪ ਨੀਤੀ ਦੇ ਨਾਂ ਹੇਠ ਵੱਖ ਵੱਖ ਸਮਿਆਂ ’ਤੇ ਵੱਖ ਵੱਖ ਸਾਮਰਾਜੀ ਧੜਿਆਂ ਨਾਲ ਜੁੜਕੇ ਚੱਲਦੇ ਰਹੇ ਹਨ। ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਇਹਨਾਂ ਨੇ ਅਮਰੀਕਾ ਵੱੱਲ ਰੁਖ਼ ਕਰ ਲਿਆ ਸੀ। ਖਾਸ ਕਰਕੇ ਨਵੀਂ ਸਦੀ ਤੋਂ ਇਹਨਾਂ ਨੇ ਦੱਖਣੀ ਏਸ਼ੀਆ ਅੰਦਰ ਅਮਰੀਕੀ ਸ਼ਹਿ ਵਾਲੇ ਥਾਣੇਦਾਰ ਦਾ ਰੋਲ ਸੰਭਾਲਣਾ ਸ਼ੁਰੂ ਕਰ ਲਿਆ ਸੀ। ਫੌਜੀ ਸੰਧੀਆਂ ਨਾਲ ਲਗਾਤਾਰ ਅਮਰੀਕੀ ਸਾਮਰਾਜੀ ਯੁੱਧਨੀਤਕ ਵਿਉਤਾਂ ਦਾ ਅੰਗ ਬਣਦੇ ਆ ਰਹੇ ਸਨ, ਪਰ ਰੂਸ ਨਾਲ ਅਜੇ ਪੂਰੀ ਤਰਾਂ ਤੋੜ ਵਿਛੋੜੇ ਵਰਗੀ ਹਾਲਤ ਨਹੀਂ ਸੀ ਬਣੀ। ਖਾਸ ਕਰਕੇ ਰੂਸ ਨਾਲ ਹਥਿਆਰਾਂ ਦੇ ਮਾਮਲੇ ’ਚ ਭਾਰਤੀ ਹਾਕਮਾਂ ਦੀ ਨਿਰਭਰਤਾ ਕਾਇਮ ਰਹਿ ਰਹੀ ਹੈ। ਹੁਣ ਵੀ ਰੂਸ ਤੋਂ ਮਿਜ਼ਾਇਲਾਂ ਦੀ ਖਰੀਦ ਦਾ ਅਮਲ ਅਜੇ ਚੱਲ ਰਿਹਾ ਹੈ। ਅਜੇ ਉਹ ਰੂਸ ਨੇ ਭਾਰਤ ਨੂੰ ਸੌਂਪਣੀਆਂ ਹਨ। ਇਹਨਾਂ ਮਿਜ਼ਾਇਲਾਂ ਦੀ ਖਰੀਦ ਨੂੰ ਲੈ ਕੇ ਅਮਰੀਕੀ ਸਾਮਰਾਜੀਏ ਭਾਰਤੀ ਹਾਕਮਾਂ ਨਾਲ ਔਖ ਵੀ ਪ੍ਰਗਟ ਕਰਦੇ ਰਹੇ ਹਨ, ਪਰ ਪਾਬੰਦੀਆਂ ਲਾਉਣ ਤੋਂ ਰੁਕਦੇ ਰਹੇ ਹਨ। ਅਜਿਹੇ ਹਾਲਾਤਾਂ ਦਰਮਿਆਨ ਜਦ ਰੂਸ-ਯੂਕਰੇਨ ਟਕਰਾਅ ਭਖ ਗਿਆ ਹੈ ਤਾਂ ਭਾਰਤੀ ਹਾਕਮਾਂ ਨੇ ਪੂਰੀ ਤਰਾਂ ਅਮਰੀਕੀ ਧੜੇ ਦੇ ਪੱਖ ’ਚ ਪੁਜ਼ੀਸ਼ਨ ਨਹੀਂ ਲਈ, ਸਗੋਂ ਸੰਯੁਕਤ ਰਾਸ਼ਟਰ ’ਚ ਵੱਖ ਵੱਖ ਮਸਲਿਆਂ ’ਤੇ ਹੋਈਆਂ ਵੋਟਿੰਗ ਦੌਰਾਨ ਗੈਰ-ਹਾਜ਼ਰ ਰਹਿ ਕੇ ਸਮਾਂ ਲੰਘਾਇਆ ਹੈ। ਆਪਣੀ ਇਸ ਪਹੁੰਚ ਨੂੰ ਮੋਦੀ ਸਰਕਾਰ ਦੋਹਾਂ ਮੁਲਕਾਂ ’ਚ ਸੁਲਾਹ-ਸਫ਼ਾਈ ਕਰਵਾ ਸਕਣ ਦੀ ਭੂਮਿਕਾ ਨਿਭਾ ਸਕਣ ਦੀਆਂ ਸੰਭਾਵਨਾਵਾਂ ਬਰਕਰਾਰ  ਰੱਖ ਕੇ ਚੱਲਣਾ ਕਹਿ ਰਹੀ ਹੈ। 

ਭਾਰਤੀ ਹਾਕਮ ਹੁਣ ਰੂਸ ਦੀ ਵਧੀ ਹੋਈ ਹੈਸੀਅਤ ਨੂੰ ਗਿਣਤੀ ’ਚ ਰੱਖ ਰਹੇ ਹਨ। ਇੱਕ ਪੱਖ ਰੂਸ-ਚੀਨ ਨੇੜਤਾ ਦਾ ਵੀ ਹੈ, ਕਿਉਕਿ ਚੀਨ ਨਾਲ ਬਣ ਰਹੇ ਟਕਰਾਅ ਦੇ ਪ੍ਰਸੰਗ ’ਚ ਰੂਸ ਨੂੰ ਨਿਊਟਰਲ ਰੱਖਣ ਜਾਂ ਉਸਦਾ ਵਜ਼ਨ ਆਪਣੇ ਹੱਕ ’ਚ ਪੁਵਾਉਣ ਲਈ ਵੀ ਰੂਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਅਜਿਹੀ ਹਾਲਤ ਭਾਰਤ ਦਾ ਰੂਸ ਦੇ ਹਮਲੇ ਖਿਲਾਫ਼ ਨਾ ਭੁਗਤਣਾ ਅਮਰੀਕੀ ਸਾਮਰਾਜੀਆਂ ਨੂੰ ਅਵਾਜ਼ਾਰ ਕਰਨ ਵਾਲਾ ਮਸਲਾ ਹੈ, ਪਰ ਉਹ ਵੀ ਅਜੇ ਭਾਰਤੀ ਹਾਕਮਾਂ ਨੂੰ ਗੁੰਜਾਇਸ਼ਾਂ ਦੇ ਰਹੇ ਜਾਪਦੇ ਹਨ ਤਾਂ ਕਿ ਜ਼ਿਆਦਾ ਸਖ਼ਤੀ ਉਹਨਾਂ ਨੂੰ ਰੂਸ ਵੱਲ ਧੱਕਣ ਦੀ ਵਜਾ ਨਾ ਬਣ ਜਾਵੇ। 

ਕੁੱਲ ਮਿਲਾ ਕੇ ਅਜੇ ਭਾਰਤੀ ਹਾਕਮ ਵਿਚਕਾਰਲਾ ਰਾਹ ਰੱਖ ਕੇ ਚੱਲ ਰਹੇ ਹਨ ਤੇ ਮਸਲਾ ਗੱਲਬਾਤ ਨਾਲ ਨਿਬੇੜਨ ਦੀਆਂ ਸਲਾਹਾਂ ਦੇ ਰਹੇ ਹਨ। ਇਹਨਾਂ ਦੀ ਇਹ ਪੁਜ਼ੀਸ਼ਨ ਭਾਰਤੀ ਵੱਡੀ ਬੁਰਜੂਆਜ਼ੀ ਦੀਆਂ ਜ਼ਰੂਰਤਾਂ ’ਚੋਂ ਹੀ ਨਿੱਕਲਦੀ ਹੈ, ਜਿਹੜੀ ਰੂਸ ਤੇ ਅਮਰੀਕਾ, ਦੋਹਾਂ ਸਾਮਰਾਜੀ ਤਾਕਤਾਂ ਨਾਲ ਦਲਾਲ ਕਾਰੋਬਾਰਾਂ ’ਚ ਬੱਝੀ ਹੋਈ ਹੈ ਤੇ ਦੋਹਾਂ ਪਾਸਿਆਂ ਤੋਂ ਹੀ ਕਾਰੋਬਾਰੀ ਹਿੱਤਾਂ ਦਾ ਵਧਾਰਾ ਲੋਚਦੀ ਹੈ। ਭਾਰਤੀ ਹਾਕਮਾਂ ਦਾ ਇਹ ਪੈਂਤੜਾ ਭਾਰਤੀ ਲੋਕਾਂ ਦੀਆਂ ਜ਼ਰੂਰਤਾਂ ’ਚੋਂ ਪੈਦਾ ਨਹੀਂ ਹੋਇਆ। ਅੰਤਰ ਸਾਮਰਾਜੀ ਵਿਰੋਧਤਾਈ ਤਿੱਖੀ ਹੋ ਜਾਣ ਦੀ ਸੂਰਤ ’ਚ ਭਾਰਤੀ ਹਾਕਮ ਜਮਾਤਾਂ ਨੂੰ ਸਾਮਰਾਜੀ ਸ਼ਕਤੀਆਂ ਨਾਲ ਸੰਬੰਧਾਂ ਨੂੰ ਮੁੜ ਵਾਚਣਾ ਪੈ ਰਿਹਾ ਹੈ ਤੇ ਇਸ ਵਿਰੋਧਤਾਈ ਦੇ ਵਿਕਾਸ ਨਾਲ ਭਾਰਤੀ ਹਾਕਮਾਂ ਦੇ ਪੈਂਤੜਿਆਂ ’ਚ ਵੀ ਤਬਦੀਲੀਆਂ ਆਉਣੀਆਂ ਹਨ। 

ਇਸ ਜੰਗ ਦੌਰਾਨ ਇੱਕ ਅਹਿਮ ਮਸਲਾ ਯੂਕਰੇਨ ’ਚ ਮੈਡੀਕਲ ਦੀ ਪੜਾਈ ਲਈ ਗਏ ਵਿਦਿਆਰਥੀਆਂ ਦਾ ਬਣਿਆ ਹੋਇਆ ਹੈ ਜਿਹੜੇ ਜੰਗ ਕਾਰਨ ਉੱਥੇ ਘਿਰ ਗਏ ਹਨ। ਇਹਨਾਂ ਦੀ ਫਿਕਰਦਾਰੀ ਕਰਨ ਤੇ ਇਹਨਾਂ ਨੂੰ ਉਥੋਂ ਅਗਾਊਂ ਬਾਹਰ ਕੱਢਣ ਦੀ ਜਿੰਮੇਵਾਰੀ ਨਿਭਾਉਣ ’ਚ ਭਾਰਤੀ ਹਕੂਮਤ ਨਾਕਾਮ ਨਿੱਬੜੀ ਹੈ। ਦੋ ਵਿਦਿਆਰਥੀਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਕਿੰਨੇ ਹੀ ਉੱਥੇ ਰੁਲ ਰਹੇ ਹਨ। ਭੁੱਖੇ ਤਿਹਾਏ ਦਿਨ ਕੱਟ ਰਹੇ ਹਨ।  ਯੂਕਰੇਨ ਦੇ ਗੁਆਂਢੀ ਮੁਲਕਾਂ ਦੀਆਂ ਹੱਦਾਂ ’ਤੇ ਫਸੇ ਹੋਏ ਹਨ। ਮੋਦੀ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਉੱਥੋਂ ਕੱਢਣ ’ਚ ਬੁਰੀ ਤਰਾਂ ਪਛੜੀ ਹੈ। ਇਹ ਹਕੂਮਤ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੀ ਪੈਦਾ ਹੋਣ ਜਾ ਰਹੀ ਹਾਲਤ ’ਤੇ ਨਜ਼ਰ ਰੱਖੇ, ਉੱਥੇ ਵਸਦੇ ਭਾਰਤੀਆਂ ਨੂੰ ਸਮੇਂ ਸਿਰ ਸੂਚਿਤ ਕਰੇ ਤੇ ਉਹਨਾਂ ਦੀ ਵਾਪਸੀ ਦੇ ਤਸੱਲੀਬਖਸ਼ ਇੰਤਜ਼ਾਮ ਕਰੇ, ਪਰ ਮੋਦੀ ਸਰਕਾਰ ਤਾਂ ਯੂ ਪੀ ਜਿੱਤਣ ਚੜੀ ਹੋਈ ਸੀ ਤੇ  ਉਹ ਆਪਣੀ ਜਿੰਮੇਵਾਰੀ ਤੋਂ ਭੱਜੀ ਹੈ ਜਿਸਦੀ ਕੀਮਤ ਹਜ਼ਾਰਾਂ ਭਾਰਤੀ ਵਿਦਿਆਰਥੀ ਇਸ ਸੰਕਟ ’ਚ ਰੁਲਣ ਰਾਹੀਂ ’ਤਾਰ ਰਹੇ ਹਨ। 

ਇਸ ਜੰਗ ਨੇ ਭਾਰਤ ਅੰਦਰ ਸਿੱਖਿਆ ਹਾਲਤਾਂ ’ਤੇ ਵੀ ਲਿਸ਼ਕੋਰ ਪਾਈ ਹੈ। ਮੈਡੀਕਲ ਸਿੱਖਿਆ ਬੇਹੱਦ ਮਹਿੰਗੀ ਹੋਣ ਕਾਰਨ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ ਜਦ ਕਿ ਰੁਜ਼ਗਾਰ ਦੇ ਸ੍ਰੋਤ ਵਜੋਂ ਲੋਕਾਂ ਨੂੰ ਇਹਦੇ ’ਚ ਸੰਭਾਵਨਾਵਾਂ ਦਿਖਦੀਆਂ ਹਨ। ਇਸ ਹਾਲਤ ’ਚ ਲੋਕ ਵਿਦੇਸ਼ਾਂ ’ਚ ਧੀਆਂ-ਪੁੱਤਰਾਂ ਨੂੰ ਪੜਨ ਲਈ ਭੇਜਦੇ ਹਨ। ਇਸ ਹਾਲਤ ਨੇ ਮੁਲਕ ਅੰਦਰ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਦੇ ਅਮਲ ਨੂੰ ਰੋਕਣ ਦੀ ਮੰਗ ਉਭਾਰਨ ਵੱਲ ਵੀ ਧਿਆਨ ਦੁਆਇਆ ਹੈ। ਵਿਦਿਆਰਥੀਆਂ ਸਮੇਤ ਯੂਕਰੇਨ ’ਚ ਜੰਗ ਮੂੰਹ ਆਏ ਭਾਰਤੀ ਲੋਕਾਂ ਦੇ ਮੁਜ਼ਰਮ ਭਾਰਤੀ ਹਾਕਮ ਹਨ ਜਿੰਨਾਂ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਲੋਕ ਵਿਦੇਸ਼ੀ ਧਰਤੀਆਂ ’ਤੇ ਗੁਜ਼ਾਰੇ ਲਈ ਜਫ਼ਰ ਜਾਲ ਰਹੇ ਹਨ ਤੇ ਉੱਥੇ ਪੈਦਾ ਹੁੰਦੇ ਸੰਕਟਾਂ ਮੌਕੇ ਵੀ ਇਹ ਹਾਕਮ ਲੋਕਾਂ ਦੀ ਬਾਂਹ ਫੜਨ ਤੋਂ ਬੇਪ੍ਰਵਾਹ ਨਿੱਬੜਦੇ ਹਨ।               

   

No comments:

Post a Comment