Friday, April 1, 2022

14 .ਰੋਟੀ ਅਤੇ ਗੁਲਾਬ

         14 .ਰੋਟੀ ਅਤੇ ਗੁਲਾਬ 

ਅੱਜ ਤੋਂ ਇੱਕ ਸਦੀ ਪਹਿਲਾਂ ਜਦੋਂ ਇਸ ਧਰਤੀ ਦੇ ਵੱਖ ਵੱਖ ਕੋਨਿਆਂ ਅੰਦਰ ਔਰਤ ਹੱਕਾਂ ਦੀ ਲਹਿਰ ਅੰਗੜਾਈ ਲੈ ਰਹੀ ਸੀ ਤਾਂ ਅਮਰੀਕਾ ਅੰਦਰ ਸ਼ਿਕਾਗੋ ਅਤੇ ਲਾਰੈਂਸ ਦੀਆਂ ਟੈਕਸਟਾਈਲ ਸਨਅਤਾਂ ਦੀਆਂ ਮਜ਼ਦੂਰ  ਔਰਤਾਂ ਦੀ ਆਵਾਜ਼  “ਬਰੈੱਡ ਐਂਡ ਰੋਜਜ਼’’ ਦਾ ਨਾਅਰਾ ਬਣਕੇ ਗੂੰਜੀ ਸੀ। “ਰੋਟੀ ਅਤੇ ਗੁਲਾਬ’’  ਦੇ ਇਸ ਨਾਰੵੇ  ਰਾਹੀਂ  ਇੱਕ ਮਨੁੱਖ ਵਜੋਂ ਕਿਰਤ ਦੇ ਮੁੱਲ ਅਤੇ ਜ਼ਿੰਦਗੀ ਲਈ ਲੋੜੀਂਦੀ ਰੋਜ਼ੀ ਰੋਟੀ ਦੇ ਹੱਕ ਦੀ ਜ਼ਾਮਨੀ ਵੀ ਮੰਗੀ ਗਈ ਸੀ ਅਤੇ ਉਹ  ਸਨਮਾਨ ਵੀ ਮੰਗਿਆ ਗਿਆ ਸੀ ਜਿਸ ਤੋਂ ਇਹ ਸਮਾਜ ਸਦੀਆਂ ਬੱਧੀ ਔਰਤਾਂ ਨੂੰ ਵਾਂਝੇ ਰੱਖਦਾ ਆਇਆ ਹੈ। ਇਹ ਨਾਅਰਾ ਔਰਤ ਦੀ ਆਜ਼ਾਦੀ ਦੇ ਸੰਘਰਸ਼ ਅਤੇ ਕਿਰਤ ਦੀ ਮੁਕਤੀ ਦੇ ਸੰਘਰਸ਼ ਦੀ ਜੋਟੀ ਨੂੰ ਰੂਪਮਾਨ ਕਰਦਾ ਨਾਅਰਾ ਸੀ।  ਔਰਤ ਹੱਕਾਂ ਦੀ ਇਹ ਆਵਾਜ਼  ਅਗਲੇ ਵਰਿਆਂ ਦੌਰਾਨ ਨਵੀਆਂ ਬੁਲੰਦੀਆਂ ਸੰਗ ਗੂੰਜੀ ਸੀ ਜਦੋਂ  ਰੂਸ ਦੀ ਧਰਤੀ ਉੱਤੇ 8 ਮਾਰਚ 1917 ਨੂੰ ਪਹਿਲੀ ਸੰਸਾਰ ਜੰਗ ਖਿਲਾਫ਼ ਔਰਤਾਂ ਦਾ ਹੜ ਵਹਿ ਤੁਰਿਆ ਸੀ। ਸਦੀਆਂ ਤੋਂ ਦੂਜੇ ਦਰਜੇ ਦਾ ਨਾਗਰਿਕ ਹੋਣ ਦਾ ਸੰਤਾਪ ਹੰਢਾਉਂਦੀਆਂ ਰਹੀਆਂ ਇਹ ਧਰਤੀ ਜਾਈਆਂ ਉਸ ਸਾਮਰਾਜੀ ਜੰਗ ਖ਼ਿਲਾਫ਼ ਨਿੱਤਰ ਪਈਆਂ ਸਨ ਜਿਸ ਨੇ ਉਨਾਂ ਦੀਆਂ ਜ਼ਿੰਦਗੀਆਂ, ਪਰਿਵਾਰਾਂ, ਘਰਾਂ ਅਤੇ ਵਤਨ ਨੂੰ ਤਬਾਹ ਕਰ ਦਿੱਤਾ ਸੀ ਅਤੇ ਸਭ ਤੋਂ ਅਜ਼ੀਜ਼ ਚੀਜ਼ਾਂ ਉਨਾਂ ਕੋਲੋਂ ਖੋਹ ਲਈਆਂ ਸਨ। ਹਮੇਸ਼ਾਂ ਤੋਂ ਅਣਸੁਣੀ ਕੀਤੀ ਗਈ ਉਨਾਂ ਦੀ ਆਵਾਜ਼ “ਰੋਟੀ ਅਤੇ ਅਮਨ’’ ਦਾ ਨਾਅਰਾ ਬਣ ਕੇ ਲੋਕ ਹਿੱਤਾਂ ਨੂੰ ਸਾਮਰਾਜੀ ਮਨਸੂਬਿਆਂ ਦੀ ਬਲੀ ਚਾੜੇ ਜਾਣ ਖਿਲਾਫ ਗੂੰਜ ਉਠੀ ਸੀ। ਇਸ ਨਾਅਰੇ ਨਾਲ ਪੀਤਰੋਗਰਾਦ ਅੰਦਰ ਰੂਸੀ ਔਰਤਾਂ ਵੱਲੋਂ ਕੀਤੇ ਵਿਸ਼ਾਲ ਮਾਰਚ ਨੇ ਸੰਸਾਰ ਨੂੰ ਦੱਸਿਆ ਸੀ ਕਿ ਮੰਡੀਆਂ ਅਤੇ ਮੁਨਾਫਿਆਂ ਦੀ ਹਿਰਸ ਵਿੱਚ ਲੋਕਾਂ ਉੱਤੇ ਮੜੀ ਇਸ ਸਾਮਰਾਜੀ ਜੰਗ ਦੌਰਾਨ ਆਬਾਦੀ ਦੇ ਲਿਤਾੜੇ ਅੱਧ ਦੇ ਸਰੋਕਾਰ ਕੀ ਹਨ। ਉਸ ਸਮੇਂ ਔਰਤਾਂ ਦੀ ਇਸ ਸਿਆਸੀ ਦਖ਼ਲ ਅੰਦਾਜ਼ੀ ਨੇ ਅਗਲੇ ਅਰਸੇ ਦੌਰਾਨ ਨਵੇਂ ਰੂਸ ਦੀ ਨੁਹਾਰ ਘੜਨ ਵਿੱਚ ਰੋਲ ਅਦਾ ਕੀਤਾ ਸੀ।

     8 ਮਾਰਚ ਦਾ ਦਿਨ ਇੱਕ ਪਾਸੇ ਇਤਿਹਾਸ ਅੰਦਰ  ਅਜਿਹੀਆਂ ਸ਼ਾਨਦਾਰ ਔਰਤ ਪੇਸ਼ਕਦਮੀਆਂ ਦਾ ਪ੍ਰਤੀਕ ਹੈ ਅਤੇ ਦੂਜੇ ਪਾਸੇ ਇਸ ਸਮਾਜ ਅੰਦਰ ਅੱਜ ਵੀ ਮੌਜੂਦ ਵਿਤਕਰਿਆਂ ਦੀ ਮੌਜੂਦਗੀ ਦਾ ਗਵਾਹ ਹੈ। ਵਿਤਕਰੇ ਜਿਹੜੇ ਸਮਾਜ ਦੀ ਅਨਿਆਈਂ ਜਮੀਨ ਉੱਤੇ ਫਲਦੇ ਹਨ ਅਤੇ ਮੋੜਵੇਂ ਰੂਪ ਵਿੱਚ ਉਸੇ ਅਨਿਆਈਂ ਧਰਾਤਲ ਦੀ ਰਾਖੀ ਕਰਦੇ ਹਨ। ਇਸ ਪੱਖੋਂ ਅੱਠ ਮਾਰਚ ਦਾ ਦਿਨ ਵਿਤਕਰਿਆਂ ਦੀ ਜੰਮਣ ਭੋਇੰ ਬਣਦੇ ਅਤੇ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਇਸ ਅਨਿਆੲੀਂ ਪ੍ਰਬੰਧ ਉਪਰ ਸਵਾਲ ਚੁੱਕਣ ਦਾ ਦਿਨ ਬਣਦਾ ਹੈ।

      ਸਾਡੇ ਆਪਣੇ ਮੁਲਕ ਦਾ ਸਿਸਟਮ ਔਰਤਾਂ ਦੀ ਨਾ ਬਰਾਬਰੀ ਅਤੇ ਔਰਤਾਂ ਉੱਪਰ ਦਾਬੇ ਪੱਖੋਂ ਵੱਡਾ ਗੁਨਾਹਗਾਰ ਬਣਿਆ ਤੁਰਿਆ ਆ ਰਿਹਾ ਹੈ।  1947 ਤੋਂ ਬਾਅਦ ਦੇ ਸਾਲ ਇੱਥੋਂ ਦੇ ਰੂੜੀਵਾਦੀ ਜਗੀਰੂ ਪ੍ਰਬੰਧ ਦੀਆਂ ਲਤਾੜੀਆਂ ਔਰਤਾਂ ਲਈ ਰਾਹਤ ਦੇ ਵਰੇ ਸਾਬਤ ਨਹੀਂ ਹੋਏ। ਹਕੀਕਤ ਵਿੱਚ ਇਹ 75 ਸਾਲਾਂ ਦਾ ਅਰਸਾ ਸਾਡੇ ਦੇਸ਼ ਦੇ ਸਿਆਸੀ ਧਰਾਤਲ ਉੱਤੇ ਇੱਕ ਵਰਗ ਵਜੋਂ ਅਸਰ ਪਾਉਣ ਪੱਖੋਂ ਔਰਤਾਂ ਦੀ ਗੈਰਮੌਜੂਦਗੀ ਦਾ ਅਰਸਾ ਵੀ ਹੈ ਅਤੇ ਸਾਡੇ ਦੇਸ਼ ਦੀ ਭਾਰੂ ਸਿਆਸਤ ਦੇ ਔਰਤ ਹਿੱਤਾਂ ਅਤੇ ਸਰੋਕਾਰਾਂ ਤੋਂ ਅਛੋਹ ਰਹਿਣ ਦਾ ਅਰਸਾ ਵੀ ਹੈ। ਇਸਤੋਂ  ਵੀ ਅੱਗੇ ਇਨਾਂ ਵਰਿਆਂ ਨੇ ਔਰਤਾਂ ਦੇ ਸ਼ੋਸ਼ਣ ਵਿੱਚ ਨਵੇਂ ਪਸਾਰ ਜੋੜੇ ਹਨ। ਇਨਾਂ ਵਰਿਆਂ ਨੇ ਔਰਤ ਦਾਬੇ ਦੇ ਅਣਗਿਣਤ ਸੂਖਮ ਅਤੇ ਸਧਾਰਨ ਇਜ਼ਹਾਰਾਂ ਤੋਂ ਵੀ ਅੱਗੇ   ਦਿਓਰਾਲਾ ਵਰਗੇ ਸਤੀ ਕਾਂਡ ਦੇਖੇ ਹਨ, ਫ਼ਿਰਕੂ ਅੱਗ ਦੀਆਂ ਲਾਟਾਂ ਓਹਲੇ ਵਾਪਰਦੇ ਹਜ਼ਾਰਾਂ ਚੀਰਹਰਨ ਦੇਖੇ ਹਨ, ਕੁਨਾਨ ਪੋਸ਼ਪੁਰਾ ਸਮੂਹਕ ਬਲਾਤਕਾਰ ਦੇ ਦੋਸ਼ੀ ਭਾਰਤੀ ਫੌਜੀਆਂ ਨੂੰ ਅਫਸਪਾ ਦੀ ਛਾਂ ਹੇਠ ਮੁਕੰਮਲ ਸੁਰੱਖਿਆ ਮਿਲਦੀ ਦੇਖੀ ਹੈ, ਆਦਿਵਾਸੀ ਖੇਤਰਾਂ ਅੰਦਰ ਕਾਰਪੋਰੇਟ ਹਿੱਤਾਂ ਲਈ ਔਰਤਾਂ ਉੱਤੇ ਦਿਲ ਕੰਬਾਊ ਰਾਜਕੀ ਕਹਿਰ ਦੀਆਂ ਤਸਵੀਰਾਂ ਦੇਖੀਆਂ ਹਨ। ਅੱਜ ਹਕੂਮਤੀ ਦਾਅਵਿਆਂ ਮੁਤਾਬਕ ਟਿ੍ਰਲੀਅਨ ਡਾਲਰ ਦਾ ਅਰਥਚਾਰਾ ਬਣਨ ਜਾ ਰਿਹਾ ਭਾਰਤ ਔਰਤਾਂ ਦੀ ਨਾ ਬਰਾਬਰੀ ਪੱਖੋਂ ਸਭ ਤੋਂ ਮਾੜੇ 16 ਦੇਸ਼ਾਂ ਵਿੱਚ ਸ਼ੁਮਾਰ ਹੈ। ਬੀਤੇ ਵਰੇ ਹੀ ਇਹ  ਲਿੰਗਕ ਗੈਰਬਰਾਬਰੀ  ਵਿੱਚ ਹੋਰ ਨਿੱਘਰ ਕੇ ਪਿਛਲੇ ਸਾਲ ਦੇ ਮੁਕਾਬਲੇ 28 ਥਾਵਾਂ ਹੇਠਾਂ ਆ ਗਿਆ ਹੈ। ਔਰਤਾਂ ਮਰਦਾਂ ਵਿੱਚ  ਆਰਥਕ ਪਾੜੇ ਪੱਖੋਂ ਇਹ ਹੇਠਲੇ ਦਸ ਮੁਲਕਾਂ ਵਿੱਚ ਸ਼ੁਮਾਰ ਹੈ ਅਤੇ ਸਿਹਤ ਅਤੇ ਜਿਊਣ ਦਰ ਵਿੱਚ ਲਿੰਗਕ ਅਸਮਾਨਤਾ ਪੱਖੋਂ ਤਾਂ ਇਹ ਸਭ ਤੋਂ ਹੇਠਲੇ ਪੰਜ ਮੁਲਕਾਂ ਵਿੱਚ ਆਉਂਦਾ ਹੈ।

   ਇਹ ਅਸਮਾਨਤਾ, ਜਿਸਦੀਆਂ ਜੜਾਂ ਸਾਡੇ ਸਮਾਜ ਦੀ ਜਗੀਰੂ ਪਿਤਰਸੱਤਾ ਵਿੱਚ ਲੱਗੀਆਂ ਹੋਈਆਂ ਹਨ , ਸਾਡੇ ਦੇਸ਼ ਦੀ ਸਾਮਰਾਜੀ ਲੁੱਟ ਨਾਲ ਗਹਿਰੀ ਹੁੰਦੀ ਜਾ ਰਹੀ ਹੈ। 1991 ਤੋਂ ਲਾਗੂ ਹੋਏ ਨਵੀਆਂ ਆਰਥਿਕ ਨੀਤੀਆਂ ਦੇ ਮਾਡਲ ਨੇ ਔਰਤਾਂ ਦੀ ਕਿਰਤ ਦੀ ਲੁੱਟ ਦੇ ਨਵੇਂ ਪਸਾਰ ਸਿਰਜੇ ਹਨ। ਔਰਤਾਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਬਣਾਉਣ ਦਾ ਸਾਧਨ ਬਣਨ ਵਾਲੇ ਸਰਕਾਰੀ ਅਤੇ ਸਥਾਈ ਰੁਜ਼ਗਾਰ ਦੇ ਨਿਗੂਣੇ ਇੰਤਜਾਮ ਵੀ ਇਨਾਂ ਨੀਤੀਆਂ ਦੀ ਭੇਟ ਚੜ ਚੁੱਕੇ ਹਨ। ਇਹ ਰੁਜ਼ਗਾਰ ਔਰਤਾਂ ਲਈ ਸਮਾਜਿਕ ਸੁਰੱਖਿਆ ਦੀ ਜਾਮਨੀ ਕਰਦਾ ਰੁਜ਼ਗਾਰ ਸੀ, ਜਿਸ ਅੰਦਰ ਕਿਸੇ ਹੱਦ ਤੱਕ ਔਰਤਾਂ ਦੀਆਂ ਵਿਸ਼ੇਸ਼ ਲੋੜਾਂ ਦਾ ਖਿਆਲ ਰੱਖਿਆ ਗਿਆ ਸੀ। ਇਸ ਅੰਦਰ ਲੋੜੀਂਦੀ ਪ੍ਰਸੂਤਾ ਛੁੱਟੀ, ਚਾਈਲਡ ਕੇਅਰ ਲੀਵ ਵਰਗੀਆਂ ਔਰਤ ਪੱਖੀ ਵਿਵਸਥਾਵਾਂ ਸਨ। ਇਸ ਸਰਕਾਰੀ ਪੱਕੇ ਰੁਜ਼ਗਾਰ ਦੇ ਖਾਤਮੇ ਨਾਲ ਔਰਤਾਂ ਨਾ ਸਿਰਫ਼ ਆਰਥਿਕ ਤੌਰ ’ਤੇ ਅਸੁਰੱਖਿਅਤ ਹੋਈਆਂ ਹਨ ਬਲਕਿ ਉਨਾਂ ਦੀ ਸਮਾਜਿਕ ਪਰਿਵਾਰਕ ਜ਼ਿੰਦਗੀ ਵਿੱਚ ਵੀ ਵੱਡੇ ਉਖੜੇਵੇਂ ਆਏ ਹਨ। ਠੇਕਾ ਰੁਜ਼ਗਾਰ ਪ੍ਰਬੰਧ ਅੰਦਰ ਅਸੁਰੱਖਿਅਤ ਰੁਜ਼ਗਾਰ ਇੱਕ ਪਾਸੇ ਔਰਤਾਂ ਲਈ ਅਨੇਕਾਂ ਪ੍ਰਕਾਰ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਕਰਨ ਅਤੇ ਮਾੜੀਆਂ ਕੰਮ ਹਾਲਤਾਂ ਵਿੱਚ ਨਿਭਾਅ ਕਰਨ ਦੀ ਮਜ਼ਬੂਰੀ ਖੜੀ ਕਰਦਾ ਹੈ ਅਤੇ ਦੂਜੇ ਪਾਸੇ ਪ੍ਰਵਾਰਿਕ ਜ਼ਿੰਦਗੀ ਲਈ ਲੋੜੀਂਦੇ ਸਮੇਂ ਤੋਂ ਵਾਂਝੇ ਰੱਖਣ ਦਾ ਸਬੱਬ ਬਣਦਾ ਹੈ ਤੇ ਅਨੇਕਾਂ ਪ੍ਰਕਾਰ ਦੇ ਤਣਾਵਾਂ ਨੂੰ ਜਨਮ ਦਿੰਦਾ ਹੈ। ਇਸ ਰੁਜ਼ਗਾਰ ਦੀ ਅਣਹੋਂਦ ਤੋਂ ਪੀੜਤ ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਨਰਸਾਂ, ਅਧਿਆਪਕਾਵਾਂ ਵਰਗੇ ਅਨੇਕਾਂ ਵਰਗ ਸੰਘਰਸਸ਼ੀਲ ਹਨ। ਇਨਾਂ ਨੀਤੀਆਂ ਤਹਿਤ ਵੱਡੇ ਪੱਧਰ ਤੇ ਸਰਕਾਰੀ ਸਕੂਲ ਅਤੇ ਕਾਲਜ ਬੰਦ ਹੋਏ ਹਨ ਤੇ ਨਿੱਜੀ ਸਿੱਖਿਆ ਸੰਸਥਾਨ ਖੁੱਲੇ ਹਨ। ਸਰਕਾਰੀ ਕਾਲਜਾਂ ਦੇ ਬੰਦ ਹੋਣ ਨੇ ਅਤੇ ਨੇੜਲੇ ਕੇਂਦਰਾਂ ਵਿਚ ਲੋੜੀਂਦੇ ਕੋਰਸ ਨਾ ਹੋਣ ਨੇ ਵਿਦਿਆਰਥਣਾਂ ਅਤੇ ਖਾਸ ਤੌਰ ’ਤੇ ਪੇਂਡੂ ਵਿਦਿਆਰਥਣਾਂ ਦੀ ਸਿੱਖਿਆ ਉੱਤੇ ਗੰਭੀਰ ਅਸਰ ਪਾਏ ਹਨ ਅਤੇ ਉਨਾਂ ਦੀ ਕੈਰੀਅਰ ਦੀ ਚੋਣ ਨੂੰ ਬੇਹੱਦ ਸੀਮਤ ਕੀਤਾ ਹੈ। ਇਨਾਂ  ਨੀਤੀਆਂ ਤਹਿਤ ਸਨਅਤਾਂ ਅਤੇ ਹੋਰਨਾਂ ਥਾਵਾਂ ਉੱਤੇ ਸੁਰੱਖਿਅਤ ਕੰਮ ਹਾਲਤਾਂ ਦੀ ਜਾਮਨੀ ਕਰਦੇ ਕਿਰਤ ਕਾਨੂੰਨ ਖੋਰੇ ਗਏ ਹਨ, ਜਿਸ ਦਾ ਸਭ ਤੋਂ ਗੰਭੀਰ ਸ਼ਿਕਾਰ ਔਰਤ ਕਾਮਾ ਸ਼ਕਤੀ ਬਣਦੀ ਹੈ। ਇਨਾਂ ਸਾਮਰਾਜੀ ਮੁਨਾਫੇ ਦੀਆਂ ਨੀਤੀਆਂ ਤਹਿਤ ਹੀ ਲੋੜੀਂਦੀਆਂ ਚੀਜ਼ਾਂ ਦੇ ਮੁਕਾਬਲੇ ਬਿਲੀਅਨ ਡਾਲਰਾਂ ਦੀ ਸੁੰਦਰਤਾ ਉਤਪਾਦਾਂ ਦੀ ਮੰਡੀ ਸਾਡੇ ਦੇਸ਼ ਅੰਦਰ ਵਧੀ ਫੁੱਲੀ ਹੈ ਤੇ ਔਰਤ ਨੂੰ ਇੱਕ ਵਸਤੂ ਵਜੋਂ ਪੇਸ਼ ਕਰਦੇ ਸੱਭਿਆਚਾਰ ਦਾ ਪਸਾਰਾ ਹੋਇਆ ਹੈ। ਇਨਾਂ ਕਾਰਨਾਂ ਕਰਕੇ ਭਾਰਤ ਦੀਆਂ ਹਕੂਮਤਾਂ ਵੱਲੋਂ ਬੀਤੇ ਦਹਾਕਿਆਂ ਤੋਂ ਲਾਗੂ ਕੀਤਾ ਜਾ ਰਿਹਾ ਨਵੀਆਂ ਆਰਥਿਕ ਨੀਤੀਆਂ ਉੱਤੇ ਆਧਾਰਤ ਕਾਰਪੋਰੇਟੀ ਵਿਕਾਸ ਦਾ ਮਾਡਲ ਨਾ ਸਿਰਫ਼ ਸਾਰੇ ਲੋਕਾਂ ਦੇ ਹਿੱਤਾਂ ਦੇ ਉਲਟ ਭੁਗਤਦਾ ਮਾਡਲ ਹੈ ਬਲਕਿ ਸਭ ਤੋਂ ਵਧ ਕੇ ਇਹ ਔਰਤਾਂ ਦੇ ਹਿੱਤਾਂ ਨਾਲ ਟਕਰਾਵਾਂ ਮਾਡਲ ਹੈ।

     ਬੀਤੇ ਵਰਿਆਂ ਦੌਰਾਨ ਭਾਰਤ ਦੇ ਹਾਕਮਾਂ ਦੀ ਸਿਆਸਤ ਇੱਕ ਪਾਸੇ ਇਸ ਕਾਰਪੋਰੇਟੀ ਸਾਮਰਾਜੀ ਵਿਕਾਸ ਦੇ ਮਾਡਲ ਨੂੰ ਔਰਤਾਂ ਸਮੇਤ ਸਭਨਾਂ ਲੋਕਾਂ ਦੇ ਵਿਕਾਸ ਦੇ ਮਾਡਲ ਵਜੋਂ ਪੇਸ਼ ਕਰਨ ਅਤੇ ਲੋਕਾਂ ਉੱਤੇ ਮੜਨ ਦੀ ਰਹੀ ਹੈ ਅਤੇ ਦੂਜੇ ਪਾਸੇ ਇਸ ਸਿਆਸਤ ਅੰਦਰ ਪਿਛਾਖੜੀ ਬਿਰਤੀਆਂ ਅਤੇ ਲਾਮਬੰਦੀਆਂ ਨੂੰ ਹੁਲਾਰਾ ਦਿੱਤਾ ਗਿਆ ਹੈ। ਧਰਮਾਂ ਜਾਤਾਂ ਦੁਆਲੇ ਹੁੰਦੀਆਂ ਪਿਛਾਖੜੀ ਲਾਮਬੰਦੀਆਂ ਉਪਰ ਬੁਣੀ ਸਿਆਸਤ ਸਿਰੇ ਦੀ ਔਰਤ ਵਿਰੋਧੀ ਸਿਆਸਤ ਹੈ ਜਿਸ ਨੇ ਔਰਤਾਂ ਖ਼ਿਲਾਫ਼ ਅਣਗਿਣਤ ਘਿ੍ਰਣਤ ਅਪਰਾਧਾਂ ਨੂੰ ਜਨਮ ਦਿੱਤਾ ਹੈ। ਫ਼ਿਰਕੂ ਅਤੇ ਜਾਤੀ ਹਿੰਸਾ ਦੀ ਹਨੇਰੀ ਵਾਰ ਵਾਰ ਘੱਟ ਗਿਣਤੀ ਅਤੇ ਦਲਿਤ ਔਰਤਾਂ ਉੱਤੇ ਵਹਿਸ਼ਤ ਬਣਕੇ ਝੁੱਲਦੀ ਰਹੀ ਹੈ। ਇਸ ਸਿਆਸਤ ਅੰਦਰ ਤਾਂ ਤੀਹਰੇ ਤਲਾਕ ਖਿਲਾਫ਼ ਬਿੱਲ, ਲਵ ਜਿਹਾਦ ਖਿਲਾਫ਼ ਕਾਨੂੰਨ ਜਾਂ ਹਿਜਾਬ ਵਿਰੋਧੀ ਫ਼ੁਰਮਾਨ ਵੀ ਔਰਤ ਹੱਕਾਂ ਦੀ ਰੱਖਿਆ ਦੀ ਥਾਵੇਂ ਘੱਟ ਗਿਣਤੀਆਂ ਨੂੰ ਦਬਾਉਣ ਦਾ ਸਾਧਨ ਬਣ ਕੇ ਆਉਂਦੇ ਰਹੇ ਹਨ।

     ਸਾਡੇ ਦੇਸ਼ ਅੰਦਰ ਔਰਤਾਂ ਦੀ ਮੁਕਤੀ ਉਸ ਪ੍ਰਬੰਧ ਨੂੰ ਬਦਲਣ ਨਾਲ ਜੁੜੀ ਹੋਈ ਹੈ ਜਿਸਦੀ ਸਿਆਸਤ ਇੱਕ ਪਾਸੇ ਜਗੀਰੂ ਰੂੜੀਵਾਦੀ ਸੰਸਕਾਰਾਂ ਦੀ ਪੁਸ਼ਤ ਪਨਾਹੀ ਕਰਦੀ ਅਤੇ ਪਿੱਤਰ ਸੱਤਾ ਨੂੰ ਮਜ਼ਬੂਤ ਕਰਦੀ ਹੈ ਅਤੇ ਦੂਜੇ ਪਾਸੇ ਔਰਤਾਂ ਦੇ ਪੂੰਜੀਵਾਦੀ ਸ਼ੋਸ਼ਣ ਦਾ ਰਾਹ ਖੋਲਦੀ ਹੈ। ਜਿਸ ਪ੍ਰਬੰਧ ਦਾ ਹਿੱਤ ਆਬਾਦੀ ਦੇ ਅੱਧ ਦੀ ਸਰਗਰਮ ਸਿਆਸੀ ਸ਼ਮੂਲੀਅਤ ਵਿੱਚ ਨਹੀਂ, ਸਗੋਂ ਗ਼ੈਰਸਰਗਰਮੀ ਵਿੱਚ ਹੈ। ਇਸੇ ਲਈ ਔਰਤ ਹੱਕਾਂ ਦਾ ਸੰਘਰਸ਼ ਉਨਾਂ ਸਾਰੇਂ ਮਰਦ ਹਿੱਸਿਆਂ ਨਾਲ ਸਾਂਝਾ ਸੰਘਰਸ਼ ਬਣਦਾ ਹੈ ਜਿਹੜੇ ਖੁਦ ਸਾਡੇ ਦੇਸ਼ ਦੀ ਜਗੀਰੂ ਅਤੇ ਸਾਮਰਾਜੀ ਲੁੱਟ ਦੇ ਪੀੜਤ ਹਨ, ਇਸ ਪ੍ਰਬੰਧ ਦੀ ਸਿਆਸਤ ਅੰਦਰ ਹਾਸ਼ੀਏ ਤੋਂ ਬਾਹਰ ਹਨ ਅਤੇ ਬੇਵੁੱਕਤੀ ਹੰਢਾ ਰਹੇ ਹਨ। ਸਦੀਆਂ ਤੋਂ ਖੁੱਸੇ  ਸਨਮਾਨ ਲਈ ਔਰਤਾਂ ਦਾ ਸੰਗਰਾਮ ਸਦੀਆਂ ਦੇ ਅਨਿਆਂ ਖਿਲਾਫ ਸਮੂਹ ਕਿਰਤੀ ਲੋਕਾਂ ਦੇ ਸੰਗਰਾਮ ਦਾ ਹੀ ਹਿੱਸਾ ਹੈ, ਜਿਸ ਸੰਗਰਾਮ ਰਾਹੀਂ ਮਰਦਾਵੇਂ ਦਾਬੇ ਦੀ ਜੰਮਣ ਭੋਇੰ ਬਣਦੀਆਂ ਜਗੀਰੂ ਨੀਂਹਾਂ ਅਤੇ ਇਸਨੂੰ ਤਕੜਾ ਕਰਦੀ ਸਾਮਰਾਜੀ ਲੁੱਟ ਨੂੰ ਚੁਣੌਤੀ ਦਿੱਤੀ ਜਾਣੀ ਹੈ। ਇਨਾਂ ਸਾਂਝੇ ਸੰਗਰਾਮਾਂ ਰਾਹੀਂ ਹੀ ਇੱਕ ਪਾਸੇ ਮਰਦ ਮੈਂਬਰਾਂ ਨੂੰ ਔਰਤ ਸ਼ਕਤੀ ਅਤੇ ਸਮਰੱਥਾ ਦਾ ਅਹਿਸਾਸ ਬਣਨਾ ਹੈ। ਇਸ ਗੱਲ ਦਾ ਅਹਿਸਾਸ ਬਣਨਾ ਹੈ ਕਿ ਆਬਾਦੀ ਦੇ ਇਸ ਅੱਧ ਨੂੰ ਇੱਕ ਚੇਤਨ ਸ਼ਕਤੀ ਵਜੋਂ ਸਰਗਰਮ ਕੀਤੇ ਬਿਨਾਂ ਇਸ ਪ੍ਰਬੰਧ ਅੰਦਰ ਕੋਈ ਵੀ ਲੋਕ ਪੱਖੀ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਸ ਗੱਲ ਦਾ ਅਹਿਸਾਸ ਬਣਨਾ ਹੈ ਕਿ ਔਰਤਾਂ ਖਿਲਾਫ਼ ਦਾਬਾ ਅਤੇ ਵਿਤਕਰਾ ਹਕੀਕਤ ਵਿੱਚ ਉਨਾਂ ਦੇ ਆਪਣੇ ਹਿਤਾਂ ਦੇ ਉਲਟ ਭੁਗਤਦਾ ਹੈ ਅਤੇ ਸਭਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੀ ਕਾਇਆਪਲਟੀ ਔਰਤਾਂ ਦੇ ਮਰਦਾਵੇੰ ਦਾਬੇ ਤੋਂ ਮੁਕਤੀ ਨਾਲ ਜੁੜੀ ਹੋਈ ਹੈ। ਦੂਜੇ ਪਾਸੇ ਇਨਾਂ ਸੰਘਰਸ਼ਾਂ ਰਾਹੀਂ ਔਰਤਾਂ ਨੇ ਆਪਣੀ ਸਮਰੱਥਾ ਵਿੱਚ ਭਰੋਸਾ ਅਤੇ ਮਰਦਾਵੇਂ ਦਾਬੇ ਨੂੰ ਵੰਗਾਰਦੀ ਚੇਤਨਾ ਹਾਸਲ ਕਰਨੀ ਹੈ।

    ਹਾਲੀਆ ਵਰੇ ਏਸ ਰਾਹ ’ਤੇ ਪੇਸ਼ਕਦਮੀ ਦੇ ਗਵਾਹ ਬਣੇ ਹਨ। ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਸ਼ਾਹੀਨ ਬਾਗ਼ ਦਾ ਮੋਰਚਾ ਜਾਗ ਰਹੀ ਔਰਤ ਤਾਕਤ ਦੀ ਨਿਸ਼ਾਨੀ ਬਣਿਆ ਹੈ,ਪ੍ਰਬੰਧ ਦੀਆਂ ਨੀਤੀਆਂ ਵਿੱਚ ਦਖਲ ਦਿੰਦੀ ਔਰਤਾਂ ਦੀ ਸਿਆਸੀ ਆਵਾਜ਼ ਬਣਿਆ ਹੈ। ਇਸ ਆਵਾਜ਼ ਨੇ ਹਕੂਮਤ ਨੂੰ ਜ਼ੋਰਦਾਰ ਸੁਣਾਉਣੀ ਕੀਤੀ ਹੈ ਕਿ ਔਰਤਾਂ ਦੇ ਹਿੱਤ ਮੰਗ ਕਰਦੇ ਹਨ ਕਿ ਪਾਟਕਪਾਊ ਸਿਆਸਤ ਦੀ ਖੇਡ ਬੰਦ ਹੋਵੇ। ਨਾਗਰਿਕਤਾ ਸੋਧ ਬਿੱਲ ਖਿਲਾਫ਼ ਸਾਂਝਾ ਸੰਘਰਸ਼ ਉਹ ਸਾਧਨ ਬਣਿਆ ਹੈ ਜਿਸ ਨੇ ਘਰਾਂ ਦੀਆਂ ਚਾਰਦੀਵਾਰੀਆਂ ਪਿੱਛੋਂ ਬਾਹਰ ਲਿਆ ਕੇ ਔਰਤਾਂ ਨੂੰ ਲੋਕ ਵਿਰੋਧੀ ਕਦਮ ਖਿਲਾਫ ਸਿਆਸੀ ਤੌਰ ’ਤੇ ਸਰਗਰਮ ਸ਼ਕਤੀ ਵਿੱਚ ਪਲਟਿਆ ਹੈ। ਇਸ ਸੰਘਰਸ਼ ਦੌਰਾਨ ਹਾਸਿਲ ਹੋਈ ਚੇਤਨਾ ਅਤੇ ਸਮਰੱਥਾ ਅਗਲੇ ਸੰਘਰਸ਼ਾਂ ਦੌਰਾਨ ਹੋਰ ਵਿਗਸਣੀ ਹੈ।

    ਇਸੇ ਤਰਾਂ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਦੌਰਾਨ ਵਿਸ਼ਾਲ ਗਿਣਤੀ ਵਿਚ ਲਾਮਬੰਦ ਹੋਈ ਔਰਤ ਸ਼ਕਤੀ ਇਸ ਸੰਘਰਸ਼ ਦੀ ਤਾਕਤ ਰਹੀ ਹੈ। ਦੇਸ਼ ਦੀਆਂ ਨੀਤੀਆਂ ਵਿਚ ਇਸ ਤਾਕਤ ਦੀ ਸਰਗਰਮ ਸਿਆਸੀ ਦਖ਼ਲ ਅੰਦਾਜ਼ੀ ਸਦਕਾ ਹੀ ਖੇਤੀ ਕਾਨੂੰਨਾਂ ਦੀ ਵਾਪਸੀ ਸੰਭਵ ਹੋ ਸਕੀ ਹੈ। ਰੁਜ਼ਗਾਰ ਅਤੇ ਖੇਤੀ ਨੂੰ ਬਚਾਉਣ ਦਾ ਇਹ ਸੰਘਰਸ਼ ਔਰਤਾਂ ਨੂੰ ਚੁੱਲੇ ਚੌਂਕਿਆਂ ਤੋਂ ਬਾਹਰ ਵੀ ਲੈ ਕੇ ਆਇਆ ਹੈ ਅਤੇ ਉਨਾਂ ਅੰਦਰ ਮੁਲਕ ਦੇ ਅਤੇ ਉਨਾਂ ਦੇ ਆਪਣੇ ਹਿੱਤਾਂ ਪ੍ਰਤੀ ਸੋਝੀ ਭਰਨ ਦਾ ਸਾਧਨ ਵੀ ਬਣਿਆ ਹੈ। ਇਸ ਚੇਤਨਾ ਅਤੇ ਸੋਝੀ ਨੇ ਪ੍ਰਾਪਤੀਆਂ ਦੇ ਅਗਲੇ ਪੜਾਅ ਤੈਅ ਕਰਦੇ ਜਾਣਾ ਹੈ।    

    ਇਹ ਸੰਘਰਸ਼ ਉਹ ਜ਼ਮੀਨ ਸਿੰਜ ਰਹੇ ਹਨ ਜਿਨਾਂ ਉੱਪਰ ਭਵਿੱਖ ਵਿੱਚ ਲਿੰਗਕ ਵਿਤਕਰੇ ਸਮੇਤ ਹਰ ਤਰਾਂ ਦੇ ਵਿਤਕਰਿਆਂ ਨੂੰ ਚੁਣੌਤੀ ਦਿੱਤੀ ਜਾਣੀ ਹੈ। ਜਿਸ ਉੱਪਰ ਮਰਦਾਵੇਂ ਦਾਬੇ ਸਮੇਤ ਹਰ ਤਰਾਂ ਦੇ ਦਾਬਿਆਂ ਨੂੰ ਟੱਕਰ ਦਿੱਤੀ ਜਾਣੀ ਹੈ ਅਤੇ ਜਿਸ ਜਰਖੇਜ਼ ਜ਼ਮੀਨ ਵਿੱਚੋਂ “ਸਭਨਾਂ ਲਈ ਰੋਟੀ,ਅਤੇ ਗੁਲਾਬ ਵੀ’’ ਹਾਸਿਲ ਕੀਤੇ ਜਾਣੇ ਹਨ।


    

   

No comments:

Post a Comment