Friday, April 1, 2022

 16.ਪੌਸਕੋ ਤੋਂ ਮਗਰੋਂ ਹੁਣ ਜਿੰਦਲ ਖਿਲਾਫ ਉੱਠੇ ਉੜੀਸਾ ਦੇ ਆਦਿਵਾਸੀ


 12 ਸਾਲ ਲੰਮੇ ਮੁਸ਼ਕਿਲਾਂ ਤੇ ਦਿ੍ਰੜ੍ਤਤਾ ਭਰੇ ਸੰਘਰਸ਼ ਮਗਰੋਂ  ਦੱਖਣੀ ਕੋਰੀਆ ਦੀ ਬਹੁ-ਕੌਮੀ ਕੰਪਨੀ ਪੌਸਕੋ ਨੂੰ ਆਪਣੀਆਂ ਜ਼ਮੀਨਾਂ ਤੇ ਜੰਗਲ ਤੋਂ ਬਾਹਰ ਕਰਨ ’ਚ ਕਾਮਯਾਬ ਰਹੇ ਉੜੀਸਾ ਦੇ ਦਿਨਕੀਆ, ਨੂਆਗਾਂਵ ਤੇ  ਗੜਕਾਜੰਗ ਪਿੰਡਾਂ ਦੇ ਲੋਕ ਇੱਕ ਵਾਰ ਫੇਰ ਆਪਣੀਆਂ ਜ਼ਮੀਨਾਂ, ਜੰਗਲੀ ਸਰੋਤਾਂ ਤੇ ਰੁਜ਼ਗਾਰ ਨੂੰ ਬਚਾਉਣ ਲਈ ਸੰਘਰਸ਼ ਦਾ ਰਾਹ ਫੜਣ ਲਈ ਮਜ਼ਬੂਰ ਹਨ। ਏਸ ਖਿੱਤੇ ਅੰਦਰ ਪੌਸਕੋ ਵੱਲੋਂ ਉੱਚ-ਸਮਰੱਥਾ ਸਟੀਲ ਪਲਾਂਟ ਦੀ ਉਸਾਰੀ ਤੋਂ ਹੱਥ ਪਿਛਾਂਹ ਖਿੱਚ ਲਏ ਜਾਣ ਮਗਰੋਂ  ਹੁਣ ਭਾਰਤ ਦੀ ਬਹੁ-ਕੌਮੀ ਕੰਪਨੀ ਜਿੰਦਲ ਸਟੀਲ ਵਰਕਸ ਨੇ ਉਹਨਾਂ ਦੀਆਂ ਜ਼ਮੀਨਾਂ ਤੇ ਅੱਖਾਂ ਗੱਡੀਆਂ ਹੋਈਆਂ ਹਨ। ਇਸ ਜ਼ਮੀਨ ਦੀ ਪ੍ਰਾਪਤੀ ਲਈ ਪੁਲਿਸ ਮਸ਼ੀਨਰੀ ਤੇ ਜਬਰ ਦੀ ਵਰਤੋਂ ਰਾਹੀੰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਝੁਕਾਉਣ ਦਾ ਰਾਹ ਫੜਿਆ ਹੋਇਆ ਹੈ। ਗਿਰਫਤਾਰੀਆਂ, ਲਾਠੀਚਾਰਜ ਤੇ ਪੁਲਿਸ ਤਸ਼ਦੱਦ ਦਾ ਦੌਰ ਜਾਰੀ ਹੈ ਪਰ ਦਿਨਕੀਆ ਦੇ ਲੋਕ ਜਿਹਨਾਂ ਨੇ ਆਪਣੇ ਸਿਰੜ, ਏਕੇ ਤੇ ਦਿ੍ਰੜਤਾ ਨਾਲ ਪੌਸਕੋ ਨੂੰ ਭੱਜਣ ਲਈ ਮਜ਼ਬੂਰ  ਕੀਤਾ ਸੀ, ਹੁਣ ਵੀ ਆਪਣੀਆਂ ਜ਼ਮੀਨਾਂ, ਜੰਗਲ, ਉਪਜੀਵਿਕਾ ਤੇ ਕੁਦਰਤੀ ਸਰੋਤਾਂ ਦੀ ਰਾਖੀ ਲਈ ਡਟੇ ਹੋਏ ਹਨ।

ਸੂਚਨਾਵਾਂ ਮੁਤਾਬਕ 2015 ਪੌਸਕੋ ਵੱਲੋਂ ਆਪਣੇ ਤਜਵੀਜ਼ਤ ਸਟੀਲ ਪਲਾਂਟ ਲਾਉਣ ਤੋਂ ਮੋੜਾ ਕੱਟਣ ਮਗਰੋਂ, ਉਸ ਪਲਾਂਟ ਲਈ ਐਕਵਾਇਰ ਕੀਤੀ ਹਜ਼ਾਰਾਂ ਏਕੜ ਜ਼ਮੀਨ ਉੜੀਸਾ ਸਰਕਾਰ ਕੋਲ ਚਲੀ ਗਈ ਸੀ। ਉੜੀਸਾ ਸਰਕਾਰ ਨੇ ਐਕਵਾਇਰ ਕੀਤੀ ਜਮੀਨ ਕਿਸਾਨਾਂ ਨੂੰ ਵਾਪਸ ਕਰਨ ਦੀ ਬਜਾਏ, ਪ੍ਰਸਤਾਵਿਤ ਸਟੀਲ ਪਲਾਂਟ ਲਈ ਹੋਰ ਕੰਪਨੀਆਂ ਦੀ ਭਾਲ ਕਰਨੀ ਜਾਰੀ ਰੱਖੀ ਤੇ ਹੁਣ ਜਿੰਦਲ ਸਟੀਲ ਵਰਕਸ ਨੂੰ ਇਹ ਜਮੀਨ ਲਗਭਗ 13.2 ਮਿਲੀਅਨ ਟਨ ਸਾਲਾਨਾ ਪੈਦਾਵਾਰ ਵਾਲਾ ਸਟੀਲ ਪਲਾਂਟ, 900 ਮੈਗਾਵਾਟ ਸਮਰੱਥਾ ਵਾਲਾ ਥਰਮਲ ਪਲਾਂਟ ਤੇ ਇੱਕ ਵੱਡਾ ਸੀਮੈਂਟ ਪਲਾਂਟ ਲਾਉਣ ਲਈ ਦਿੱਤੀ ਜਾ ਰਹੀ ਹੈ। ਅਨੁਮਾਨਿਤ 65000 ਕਰੋੜ ਦੇ ਇਸ ਪ੍ਰਾਜੈਕਟ ਨੂੰ ਸਿਰੇ ਲਾਉਣ ਲਈ ਹਕੂਮਤ ਤੇ ਕੰਪਨੀ ਨੇ ਇੱਕ ਵਾਰ ਫੇਰ ਜੰਗਲ ਤੇ ਜ਼ਮੀਨ ਤੇ ਲੋਕਾਂ ਦੇ ਹੱਕ ਨੂੰ ਕੁਚਲਣ ਲਈ ਜਬਰ ਦਾ ਰਾਹ ਫੜਿਆ ਹੋਇਆ ਹੈ। ਬੀਤੀ 14 ਜਨਵਰੀ ਨੂੰ ਇਸ ਪਲਾਂਟ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਕਰਕੇ ਸੌ ਦੇ ਕਰੀਬ ਵਿਅਕਤੀਆਂ ਨੂੰ ਜਖਮੀ ਕੀਤਾ ਗਿਆ ਤੇ ਦਰਜਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।


                ਅਸਲ ਵਿੱਚ ਤਜਵੀਜ਼ਤ ਸਟੀਲ ਪਲਾਂਟ ਉਸ ਜ਼ਮੀਨ ’ਤੇ ਲਗਾਇਆ ਜਾ ਰਿਹਾ ਹੈ ਜਿਹੜੀ ਪੀੜੀਆਂ ਤੋਂ ਇਹਨਾਂ ਪਿੰਡਾਂ ਦੇ ਕਿਸਾਨਾਂ ਤੇ ਆਦਿਵਾਸੀਆਂ ਦੀ ਉਪਜੀਵਿਕਾ ਤੇ ਰੁਜ਼ਗਾਰ ਦਾ ਇਕਲੌਤਾ ਸਾਧਨ ਹੈ। ਇਹ ਲੋਕ ਮੁੱਖ ਤੌਰ ਤੇ ਪਾਨ-ਪੱਤੇ ਦੇ ਬਾਗਾਂ, ਜੰਗਲੀ ਜੜੀ-ਬੂਟੀਆਂ ਤੇ ਕਾਜੂ ਦੀ ਖੇਤੀ ਕਰਕੇ ਆਪਣਾ ਨਿਰਬਾਹ ਕਰਦੇ ਹਨ ਦੇਸ ਭਰ ਵਿੱਚ ਮਸ਼ਹੂਰ ਪਾਰਾਦੀਪ ਪਾਨ ਪੱਤਾ ਏਸੇ ਖਿੱਤੇ ਵਿੱਚ ਪੈਦਾ ਹੁੰਦਾ ਹੈ। ਪੌਸਕੋ ਵੱਲੋਂ ਸਟੀਲ ਪਲਾਂਟ ਲਾਉਣ ਵੇਲੇ ਵੀ ਇਹਨਾਂ ਪਿੰਡਾਂ ਦੇ ਦਰਜਨਾਂ ਪਾਨ ਦੇ ਬਾਗਾਂ ਨੂੰ ਉਜਾੜਿਆ ਗਿਆ ਸੀ ਜੋ ਹੁਣ ਵੀ ਬਾ-ਦਸਤੂਰ ਜਾਰੀ ਹੈ। ਵਾਤਾਵਰਣਕ ਤੌਰ ’ਤੇ ਇਸ ਖਿੱਤੇ ਦੇ ਲੋਕਾਂ ਦੀਆਂ ਪਾਣੀ ਤੇ ਜੰਗਲੀ ਜੜੀ-ਬੂਟੀਆਂ ਦੀਆਂ ਲੋੜਾਂ ਵੀ ਇਸੇ ਖੇਤਰ  ’ਚੋਂ ਪੂਰੀਆਂ ਹੁੰਦੀਆਂ ਹਨ। ਸਿੱਟੇ ਵਜੋਂ ਇਸ ਖਿੱਤੇ ਦੇ ਲੋਕ ਆਪਣੀ ਰੋਜ਼ੀ-ਰੋਟੀ, ਜਲ਼ ਤੇ ਰਜ਼ਗਾਰ ਲਈ ਇਸੇ  ’ਤੇ ਨਿਰਭਰ ਹਨ ਤੇ ਇਸਦਾ ਉਜਾੜਾ ਉਹਨਾਂ ਦੀ ਜ਼ਿੰਦਗੀ ਦਾ ਉਜਾੜਾ ਬਣਦਾ ਹੈ। ਦੂਜੇ ਪਾਸੇ ਪ੍ਰਸਿੱਧ ਬੰਗਾਲ ਦੀ ਖਾੜੀ ਤੋਂ ਬਹੁਤ ਥੋੜੀ ਦੂਰੀ ਤੇ ਹੋਣ ਕਰਕੇ ਇਹ ਜਗਾਹ ਵਪਾਰਕ ਤੌਰ ’ਤੇ ਕਾਫੀ ਮਹਤੱਵਪੂਰਨ ਹੈ । ਏਸ ਖਿੱਤੇ ਵਿੱਚ ਪੈਂਦੀ ਜਟਾਧਾਰੀ ਨਾਮ ਦੀ ਇੱਕ ਛੋਟੀ ਬੰਦਰਗਾਹ, ਦੇਸ ਦੀਆਂ ਸਭ ਤੋਂ ਵੱਡੀਆਂ ਵੱਡੀਆਂ 12 ਬੰਦਰਗਾਹਾਂ ਵਿੱਚੋਂ ਇੱਕ ਪਾਰਾਦੀਪ ਬੰਦਰਗਾਹ ਤੋਂ  15 ਕਿਲੋਮੀਟਰ ਦੀ ਦੂਰੀ ’ਤੇ ਹੈ ਜੋ ਕਿ ਅਯਾਤ-ਨਿਰਯਾਤ ਦੇ ਨਜ਼ਰੀਏ ਤੇ ਬਹੁਤ ਮਹਤੱਵਪੂਰਨ ਹੈ ਜਿਸ ਕਰਕੇ ਪੌਸਕੋ ਤੇ ਹੁਣ ਜਿੰਦਲ ਦੀਆਂ ਨਜ਼ਰਾਂ ਇਸ ਜ਼ਮੀਨ ’ਤੇ ਲੱਗੀਆਂ ਹੋਈਆਂ ਹਨ। ਇਸ ਪਲਾਂਟ ਨੂੰ ਵਾਪਸ ਲੈਣ ਤੇ ਜ਼ਮੀਨਾਂ ਵਾਪਸ ਕਰਨ ਦੀ ਮੰਗ ਕਰਦੇ ਕਿਸਾਨ ਚਾਹੇ ਪੀੜੀਆਂ ਤੋਂ ਇੱਥੇ ਖੇਤੀ ਕਰਦੇ ਆ ਰਹੇ ਹਨ ਪਰ ਉਹਨਾਂ ਕੋਲ ਲੋੜੀਂਦੇ ਕਾਗਜ਼ ਨਾ ਹੋਣ ਦਾ ਬਹਾਨਾ ਬਣਾਕੇ ਸਰਕਾਰ ਉਹਨਾਂ ਦੀ ਅਵਾਜ਼ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ। ਪੌਸਕੋ ਵੱਲੋਂ ਕਰਵਾਏ ਗਏ ਇੱਕ ਅਧਿਐਨ ਮੁਤਾਬਕ ਹੀ ਲਗਭਗ 3578 ਪਰਿਵਾਰ ਇਸ ਖੇਤਰ ਵਿੱਚ ਰਹਿੰਦੇ ਹਨ ਤੇ ਪ੍ਰਸਤਾਵਿਤ ਪਲਾਂਟ ਲੱਗਣ ਨਾਲ 718 ਪਰਿਵਾਰਾਂ ਦਾ ਪੂਰਨ ਰੂਪ ਵਿੱਚ ਉਜਾੜਾ ਹੋ ਜਾਵੇਗਾ। ਦੂਜੇ ਪਾਸੇ ਲੋਕਾਂ ਮੁਤਾਬਕ  ਇਹ ਗਿਣਤੀ ਇਸ ਤੋਂ ਕਿਤੇ ਵੱਡੀ ਹੈ।

     

            ਜਨਵਰੀ ਮਹੀਨੇ ਇਸ ਖੇਤਰ ਵਿੱਚ ਵੱਡੀ ਗਿਣਤੀ ਪੁਲਿਸ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਸੀ। 14  ਜਨਵਰੀ ਨੂੰ ਪ੍ਰਸਤਾਵਿਤ ਸਟੀਲ ਪਲਾਂਟ ਖਿਲਾਫ ਪ੍ਰਦਰਸ਼ਨ ਕਰ ਰਹੇ ਰਹੇ ਲੋਕਾਂ ਤੇ ਲਾਠੀਚਾਰਜ ਕਰਕੇ ਪੁਲਿਸ ਨੇ ਸੌ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਜਖਮੀ ਕੀਤਾ ਤੇ ਕਈਆਂ ਨੂੰ ਗਿ੍ਰਫਤਾਰ ਕੀਤਾ ਜਿਹਨਾਂ ਤੇ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ। ਉਸਤੋਂ ਮਗਰੋਂ  ਇੱਕ ਰਾਤ ਨੂੰ ਪੁਲਿਸ ਵੱਲੋਂ ਦਿਨਕੀਆ ਵਿੱਚ ਜਬਰੀ ਦਾਖਲ ਹੋਕੇ ਸੰਘਰਸ਼ ਦੇ ਆਗੂ ਦਬੇਂਦਰਾ ਸਵਾਇਨ ਨੂੰ ਗਿ੍ਰਫਤਾਰ ਕਰ ਲਿਆ ਗਿਆ ਜੋ ਕਿ ਸਾਬਕਾ ਪੰਚਾਇਤ ਸਮਿਤੀ ਮੈਂਬਰ ਹੈ ਤੇ ਏਸ ਪਲਾਂਟ ਦਾ ਸਖਤ ਵਿਰੋਧੀ ਹੈ। ਝੂਠੇ ਇਲਜ਼ਾਮ ਲਾਕੇ ਉਸਨੂੰ ਪੰਚਾਇਤ ਸਮਿਤੀ  ’ਚੋਂ  ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਮਗਰੋਂ  ਦਿਨਕੀਆਂ ਪਿੰਡ ਦੇ ਲੋਕਾਂ ਨੇ ਪਿੰਡ ਦੇ ਚਾਰੇ ਪਾਸੇ ਲੱਕੜ ਦੀਆਂ ਵਾੜਾਂ ਗੱਡ ਕੇ ਨਾਕੇਬੰਦੀ ਕੀਤੀ ਹੈ ਤਾਂ ਕਿ ਪੁਲਿਸ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਪੁਲਸ ਜਬਰ ਤੇ ਗਿ੍ਰਫਤਾਰੀ ਦੇ ਡਰੋਂ ਕੋਈ ਵੀ ਪਿੰਡ ਵਾਸੀ ਪਿੰਡ ਤੋਂ ਬਾਹਰ ਨਹੀਂ ਜਾ ਰਿਹਾ। ਪਿੰਡ ਵਾਸੀਆਂ ਦੀ ਨਾਕੇਬੰਦੀ  ਤੋਂ ਸੌ ਕੁ ਮੀਟਰ ਦੀ ਦੂਰੀ ਤੇ ਹੀ ਪੁਲਿਸ ਬਲਾਂ ਦੀ 12 ਪਲਟੂਨਾਂ ਤਾਇਨਾਤ ਹਨ ਜੋ ਕਿ ਦੂਰਬੀਨਾਂ ਨਾਲ ਲਗਾਤਾਰ ਪਿੰਡ ’ਤੇ ਨਜ਼ਰ ਰੱਖ ਰਹੇ ਹਨ। ਜ਼ਿਕਰਯੋਗ ਹੈ ਪੌਸਕੋ ਖਿਲਾਫ ਸੰਘਰਸ਼ ਦੌਰਾਨ ਵੀ ਪਿੰਡ ਵਾਸੀਆਂ ਵੱਲੋਂ ਇਸੇ ਤਰਾਂ ਨਾਕਬੰਦੀ ਕੀਤੀ ਗਈ ਸੀ ਜੋ ਲਗਾਤਾਰ ਤਿੰਨ ਸਾਲ ਜਾਰੀ ਰਹੀ ਤੇ ਤਿੰਨ ਸਾਲਾਂ ਤੱਕ ਕੋਈ ਵੀ ਪਿੰਡ ਵਾਸੀ ਪਿੰਡ ਤੋਂ ਬਾਹਰ ਨਹੀਂ ਗਿਆ ਸੀ। ਹੁਣ ਵੀ ਪਿੰਡ ਵਾਸੀਆਂ ਵੱਲੋਂ ਆਪਣੀ ਰਾਖੀ ਲਈ ਇਸੇ ਢੰਗ ਨੂੰ ਚੁਣਿਆ ਗਿਆ ਹੈ। ਪੌਸਕੋ ਖਿਲਾਫ ਸੰਘਰਸ਼ ਕਰਨ ਵਾਲੀ  ਪੌਸਕੋ ਪ੍ਰਤਿਰੋਧ ਸੰਗਰਾਮ ਸਮਿਤੀ ਦਾ ਨਾਮ ਬਦਲਕੇ ਜਿੰਦਲ ਪ੍ਰਤਿਰੋਧ ਭੀਤਾਮਾਤੀ ਸੁਰਕਸ਼ਾ ਸਮਿਤੀ ਰੱਖਿਆ ਗਿਆ ਹੈ ਜੋ ਜਿੰਦਲ ਨੂੰ ਆਪਣੀਆਂ ਜ਼ਮੀਨਾਂ ਤੋਂ ਖਦੇੜਣ ਲਈ ਦਿ੍ਰੜ ਹੈ।

      

             ਦਿਨਕੀਆ ਖਿੱਤੇ ਅੰਦਰਲਾ ਇਹ ਘਟਨਾਕ੍ਰਮ ਗਵਾਹ ਹੈ ਕਿ ਸਾਡੇ ਮੁਲਕ ਦੇ ਹਾਕਮ ਦੇਸ਼ੀ-ਵਿਦੇਸੀ ਧਨਾਢ ਕਾਰੋਬਾਰੀਆਂ ਦੇ ਹਿੱਤਾਂ ਲਈ ਭਾਰਤ ਦੇ ਮਿਹਨਤਕਸ਼ ਲੋਕਾਂ ਦੀ ਰੋਜ਼ੀ-ਰੋਟੀ, ਜਲ ਤੇ ਜ਼ਮੀਨਾਂ  ਦੀ ਬਲੀ ਦੇਣ ਲਈ ਪੂਰੀ ਤਰਾਂ ਤਹੂ ਹਨ। ਜੰਗਲਾਂ ਅਤੇ ਜ਼ਮੀਨਾਂ ਉਪਰ ਕਿਸਾਨਾਂ ਤੇ ਆਦਿਵਾਸੀਆਂ ਦੇ ਹੱਕਾਂ, ਇਹਨਾਂ ਲਈ ਯੋਗ ਮੁਆਵਜ਼ੇ ਤੇ ਬਦਲਵੇਂ ਰੁਜ਼ਗਾਰ ਦੇ ਪ੍ਰਬੰਧ ਆਦਿ ਦੇ ਦਾਅਵੇ ਸਿਰਫ ਕਾਗਜ਼ਾਂ ਦਾ ਸਿੰਗਾਰ ਬਣੇ ਹੋਏ ਹਨ ਤੇ ਲੋਕਾਂ ਦੇ ਹੱਕਾਂ ਨੂੰ ਜਬਰ ਦੇ ਰਾਹੀਂੰ ਕੁਚਲਕੇ ਉਹਨਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਬਾਦਸਤੂਰ ਜਾਰੀ ਹਨ। ਦੂਜੇ ਪਾਸੇ ਇਹਨਾਂ ਧਾੜਿਆਂ ਖਿਲਾਫ਼ ਲੋਕਾਂ ਦੇ ਅਣਲਿੱਫ ਤੇ ਜੁਝਾਰੂ ਘੋਲ ਵੀ ਜੋਰ ਫੜ ਰਹੇ ਹਨ ਤੇ ਰਾਸ਼ਟਰੀ, ਅੰਤਰ- ਰਾਸ਼ਟਰੀ ਪੱਧਰ ’ਤੇ ਲੋਕਾਂ ਦੇ ਸਰੋਕਾਰ ਤੇ ਹਮਾਇਤ ਦਾ ਮਸਲਾ ਬਣ ਰਹੇ ਹਨ। ਮੌਜੂਦਾ ਮਸਲੇ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਖਲ-ਅੰਦਾਜ਼ੀ ਕਰਦਿਆਂ ਇਸ ਖਿੱਤੇ ਦੇ ਅਧਿਕਾਰੀਆਂ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਰੋਕਣ ਤੋਂ ਬਾਜ ਆਉਣ ਦੀ ਤਾਕੀਦ ਕੀਤੀ ਗਈ ਹੈ। ਧਨਾਢ ਬਹੁ-ਕੌਮੀ  ਕੰਪਨੀਆਂ ਖਿਲਾਫ ਨੰਗੇ-ਧੜ ਜੂਝ ਰਹੇ ਇਹਨਾਂ ਅਦਿਵਾਸੀਆਂ ਤੇ ਕਿਸਾਨਾਂ ਦੀ ਹਮਾਇਤ ਵਿੱਚ ਜ਼ੋਰਦਾਰ ਅਵਾਜ਼ ਬੁਲੰਦ ਕਰਨ ਦੀ ਅੱਜ ਵੱਡੀ ਲੋੜ ਹੈ।     

   

No comments:

Post a Comment