Friday, April 1, 2022

28. ਪੀ ਏ ਯੂ ਲੁਧਿਆਣਾ ਦੇ ਵਿਦਿਆਰਥੀਆਂ ਦਾ ਜੇਤੂ ਸੰਘਰਸ਼

28. ਪੀ ਏ ਯੂ ਲੁਧਿਆਣਾ ਦੇ ਵਿਦਿਆਰਥੀਆਂ ਦਾ ਜੇਤੂ ਸੰਘਰਸ਼


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਦਿਆਰਥੀਆਂ ਦਾ ਪੱਕਾ ਮੋਰਚਾ ਦਸਵੇਂ ਦਿਨ ਜੇਤੂ ਹੋ ਨਿੱਬੜਿਆ। ਪਿਛਲੇ ਦੋ ਸਾਲਾਂ ਤੋਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਅਤੇ ਆਨਲਾਈਨ ਪ੍ਰੀਖਿਆਵਾਂ ਜਾਰੀ ਸਨ। ਪਰ ਮੌਜੂਦਾ ਸਮੈਸਟਰ ਦੀਆਂ ਆਖਰੀ ਪ੍ਰੀਖਿਆਵਾਂ ਆਫਲਾਈਨ ਲੈਣ ਦਾ ਫੁਰਮਾਨ ਜਾਰੀ ਹੋ ਗਿਆ ਜਿਸ ਖ਼ਿਲਾਫ ਵਿਦਿਆਰਥੀਆਂ ਨੇ ਸੰਘਰਸ ਕਰਕੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਆਪਣੀ ਮੰਗ ਮਨਵਾਈ।

ਇਸੇ ਆਨਲਾਈਨ ਸਮੈਸਟਰ ਦੀਆਂ ਆਖਰੀ ਪ੍ਰੀਖਿਆਵਾਂ ਪਹਿਲਾਂ 20 ਦਸੰਬਰ ਤੋਂ ਆਨਲਾਈਨ ਸ਼ੁਰੂ ਹੋਣ ਦਾ ਨੋਟਿਸ ਜਾਰੀ  ਹੋ ਗਿਆ ਸੀ ਪਰ ਅਧਿਆਪਕਾਂ ਦੀ ਹੱਕੀ ਹੜਤਾਲ ਹੋਣ ਕਾਰਨ ਇਹ ਮੁਲਤਵੀ  ਹੋ ਗਏ। ਇਸੇ ਕਾਰਨ ਅਗਲਾ ਸਮੈਸਟਰ ਵੀ ਸ਼ੁਰੂ ਨਹੀਂ    ਹੋਇਆ। ਅਚਾਨਕ 12 ਫਰਵਰੀ ਨੂੰ ਆਫਲਾਈਨ ਪ੍ਰੀਖਿਆਵਾਂ ਦਾ ਨੋਟਿਸ ਜਾਰੀ  ਹੋ ਜਾਂਦਾ ਹੈ। ਵਿਦਿਆਰਥੀ 14 ਫਰਵਰੀ ਨੂੰ ਯੂਨੀਵਰਸਿਟੀ ਵਿਖੇ ਇਕੱਤਰ ਹੁੰਦੇ  ਨੇ ਅਤੇ ਆਫਲਾਈਨ ਪੇਪਰ ਰੱਦ ਕਰਕੇ ਆਨ ਲਾਈਨ ਲੈਣ ਦੀ ਮੰਗ ਕਰਦੇ ਨੇ। ਅਧਿਕਾਰੀਆਂ ਨਾਲ ਗੱਲਬਾਤ ਵਿਦਿਆਰਥੀਆਂ ਦੀ ਪੰਜ ਮੈਂਬਰੀ ਕਮੇਟੀ ਕਰਦੀ ਹੈ ਪਰ ਗੱਲ ਸਿਰੇ ਨਾ ਚੜਨ ਕਾਰਨ ਵਿਦਿਆਰਥੀ ਥਾਪਰ ਹਾਲ ਅੱਗੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕਰਦੇ ਨੇ। ਡਿਊਟੀਆਂ ਦੀ ਵੰਡ ਕਰਕੇ ਦਰੀਆਂ, ਕੰਬਲਾਂ , ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅਤੇ ਅਗਲੇ ਦਿਨ ਫੰਡ ਕਰਕੇ ਚਾਹ ਬਿਸਕੁਟਾਂ ਅਤੇ ਰਾਤ ਨੂੰ ਸੌਣ ਲਈ ਗੱਦਿਆਂ ਦਾ ਇੰਤਜਾਮ ਕੀਤਾ ਜਾਂਦਾ ਹੈ। ਵਿਦਿਆਰਥੀ ਵਾਰੀ ਨਾਲ ਦਿਨ ਰਾਤ , ਸਵੇਰ ਸ਼ਾਮ ਨੂੰ ਮੋਰਚੇ ’ਚ ਹਾਜ਼ਰ ਰਹਿੰਦੇ  ਨੇ। ਲੜਕੀਆਂ ਦਾ ਹੋਸਟਲ ਰਾਤ ਨੂੰ ਬੰਦ ਹੋਣ ਕਾਰਨ ਵਿਦਿਆਰਥਣਾਂ ਸਵੇਰੇ ਜਲਦੀ ਮੋਰਚੇ ’ਚ ਡਟ ਜਾਂਦੀਆਂ ਸਨ ਅਤੇ ਰਾਤ ਵਾਲੇ ਵਿਦਿਆਰਥੀ ਦਿਨ ਲਈ ਤਿਆਰ ਹੋਣ ਲਈ ਆਪਣੇ ਹੋਸਟਲ ਜਾਂਦੇ।

ਸੰਘਰਸ਼ ਦੀ ਅਗਵਾਈ ਲਈ ਵਿਦਿਆਰਥੀਆਂ ਨੇ ਇਕ ਕਮੇਟੀ ਗਠਿਤ ਕੀਤੀ ਜਿਸ ’ਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦਾ ਸੂਬਾ ਕਮੇਟੀ ਮੈਂਬਰ ਵੀ ਸ਼ਾਮਲ ਸੀ। ਵਿਦਿਆਰਥੀ ਸਵੇਰੇ 10 ਵਜੇ ਸਟੇਜ ਸ਼ੁਰੂ ਕਰਦੇ ਅਤੇ ਦੁਪਹਿਰੇ ਖਾਣਾ ਖਾਣ ਮਗਰੋਂ ਫਿਰ ਮੋਰਚੇ ’ਚ ਡਟ ਜਾਂਦੇ। ਸ਼ਾਮ ਨੂੰ ਮੋਰਚੇ ਤੋਂ ਵਿਦਿਆਰਥਣਾਂ ਨੂੰ 6:30 ਵਜੇ ਸਕਿਊਰਿਟੀ ਅਫਸਰ ਵੱਲੋਂ ਹੋਸਟਲਾਂ ’ਚ ਭੇਜ ਦਿੱਤਾ ਜਾਂਦਾ ਪਰ ਤੀਜੇ ਦਿਨ ਵਿਦਿਆਰਥਣਾਂ ਨੇ ਇਸਦਾ ਵਿਰੋਧ ਕੀਤਾ ਅਤੇ ਖੁਦ ਆਪਣੀ ਮਰਜ਼ੀ ਨਾਲ ਹੋਸਟਲ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਜਾਣ ਦਾ ਫੈਸਲਾ ਕੀਤਾ ਕਿਉਂ ਕਿ ਹੋਸਟਲ ਦਾ ਸਮਾਂ 7 ਵਜੇ ਸੀ। ਸਕਿਊਰਿਟੀ ਅਫਸਰ ਨਾਲ ਬਹਿਸ ਮਗਰੋਂ ਵਿਦਿਆਰਥਣਾਂ ਨੇ ਆਪਣਾ ਹੱਕ ਪੁਗਾਇਆ ਅਤੇ ਜ਼ੋਰਦਾਰ ਨਾਹਰੇਬਾਜੀ ਨਾਲ ਆਪਣੀ ਨਾਬਰੀ ਦਾ ਇਜ਼ਹਾਰ ਕੀਤਾ।

ਸੰਘਰਸ਼ ਕਮੇਟੀ ਦੇ ਸੱਦੇ ’ਤੇ ਸ਼ਾਮ ਨੂੰ ਹੋਸਟਲਾਂ ’ਚ ਮੀਟਿੰਗਾਂ ਕਰਵਾਈਆਂ ਜਾਂਦੀਆਂ। ਮੈੱਸਾਂ , ਕਮਰਿਆਂ ’ਚ ਸੁਨੇਹੇ ਲਾਏ ਜਾਂਦੇ। ਅਧਿਕਾਰੀਆਂ ਨਾਲ ਮੀਟਿੰਗ ’ਚ ਦਲੀਲਾਂ ਰੱਖਣ ਲਈ ਵਿਚਾਰ ਚਰਚਾਵਾਂ ਭਖੀਆਂ। ਇਕੱਠ ਵਧਾਉਣ ਲਈ ਘਰੇ ਮੌਜੂਦ ਵਿਦਿਆਰਥੀਆਂ ਨੂੰ ਫੋਨਾਂ ’ਤੇ ਬੁਲਾਇਆ ਜਾਂਦਾ ਅਤੇ ਯੂਨੀਵਰਸਿਟੀ ’ਚ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ। ਅਧਿਕਾਰੀਆਂ ’ਤੇ ਦਬਾਅ ਪਾ ਕੇ ਲੜਕੀਆਂ ਲਈ ਕਮਰੇ ਅਲਾਟ ਕਰਵਾਏ ਗਏ। ਹਰ ਰੋਜ਼ ਨਵੇਂ ਨਵੇਂ ਬੁਲਾਰੇ ਬੋਲਦੇ ਅਤੇ ਗੀਤਾਂ ਕਵਿਤਾਵਾਂ ਨਾਲ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ ਜਾਂਦਾ।

ਮੋਰਚੇ ’ਚ ਵਿਦਿਆਰਥੀ ਆਪ ਮੁਹਾਰੇ ਪਾਸ਼, ਉਦਾਸੀ ਦੇ ਗੀਤ ਗਾਉਂਦੇ। ਸੰਘਰਸ਼ ਬਾਰੇ ਨਵੇਂ ਗੀਤ ਕਵਿਤਾਵਾਂ ਲਿਖ ਲਿਖ ਸੁਣਾਉਂਦੇ। ਸ਼ਾਮ ਨੂੰ ਰੋਸ ਮੁਜ਼ਾਹਰਾ ਕੱਢਿਆ ਜਾਂਦਾ ਜਿਸ ਦਾ ਹਰ ਰੋਜ਼ ਵੱਖਰਾ ਰੂਟ ਹੁੰਦਾ ਸੀ। ਕਦੇ ਪ੍ਰੋਫੈਸਰਾਂ ਦੀ ਰਿਹਾਇਸ਼ ਵੱਲ ਕਦੇ ਕਾਲਜਾਂ ਵੱਲ ਕਦੇ ਵੱਖੋ ਵੱਖ ਡਿਪਾਰਟਮੈਂਟਾਂ ਦੇ ਅੰਦਰ ਦੀ।

ਚੋਣਾਂ ਵਾਲੇ ਦਿਨ ਵਿਦਿਆਰਥੀਆਂ ਨੇ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਆਪਣਾ ਮੋਰਚਾ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ। ਰੋਸ ਮੁਜ਼ਾਹਰੇ ’ਚ ਨਾਹਰੇ ਲਾਉਣ, ਲਾਈਨਾਂ ਬਣਾ ਕੇ ਚੱਲਣ, ਜਾਬਤਾ ਰੱਖਣ , ਆਵਾਜਾਈ ਦਾ ਖਿਆਲ ਰੱਖਣ ਲਈ ਵਲੰਟੀਅਰ ਜਿੰਮੇਵਾਰੀ ਸਾਂਭਦੇ।

ਅਧਿਕਾਰੀਆਂ ਨਾਲ 3-3 ਘੰਟੇ ਮੀਟਿੰਗਾਂ ’ਚ ਕਮੇਟੀ ਨੇ ਹੌਂਸਲਾ ਨਹੀਂ ਹਾਰਿਆ। ਅਧਿਕਾਰੀਆਂ ਦਾ ਰਵੱਈਆ ਕਦੇ ਸਖਤ ਕਦੇ ਨਰਮ ਪਰ ਆਪਣੀ ਜਿੱਦ ’ਤੇ ਅੜੇ ਰਹਿਣ ਵਾਲਾ ਹੁੰਦਾ ਸੀ। ਆਫਲਾਈਨ ਪੇਪਰ ਸੌਖੇ ਕਰਨ ਦੀ ਪੇਸ਼ਕਸ਼ ਕੀਤੀ ਗਈ। ਆਨਲਾਈਨ ਪੇਪਰਾਂ ’ਚ ਸਖਤੀ ਕਰਨ ਦੀ ਚਿਤਾਵਨੀ ਦਿੱਤੀ ਗਈ। ਧਰਨੇ ਕਾਰਨ ਸਮੈਸਟਰ ਹੋਰ ਲੇਟ ਹੋਣ ਲਈ ਵਿਦਿਆਥੀਆਂ ਨੂੰ ਜਿੰਮੇਵਾਰ ਠਹਿਰਾਇਆ ਗਿਆ। ਖੇਤੀਬਾੜੀ  ਸਕੱਤਰ ਨੇ ਮੀਟਿੰਗ ’ਚ ਆਪਣੇ ਅਹੁਦੇ ਦੇ ਹੰਕਾਰ ’ਚ ਰੋਹਬ ਜਮਾਇਆ ਅਤੇ ਯਰ ਅਸੀਂ ਥੋਨੂੰ ਪੇਪਰ ਘਰੇ ਨੀ ਦੇਣ ਦੇਣੇ ਦੀ ਗੱਲ ਆਖ ਮੀਟਿੰਗ ਛੱਡ ਤੁਰਿਆ। ਜਦੋਂ ਵਿਦਿਆਰਥੀਆਂ ਨੇ ਪੁੱਛਿਆ ਕਿ ਪਹਿਲਾਂ ਜਿਹੜੇ ਪੇਪਰ ਆਨਲਾਈਨ ਹੋਏ ਨੇ ਕਿ ਉਹ ਰੱਦੀ ਨੇ ਤਾਂ ਜਵਾਬ ਮਿਲਿਆ ਕਿ ਹਾਂ ਹੁਣ ਅਸੀ ਉਹਨਾਂ ਨੂੰ ਰੱਦ ਕਰਕੇ ਦੁਬਾਰਾ ਲੈ ਲਈਏ, ਤੁਸੀਂ ਜਿੰਮੇਵਾਰ ਹੋਵੋਂਗੇ। ਤੁਹਾਡਾ ਇਹ ਸਮੈਸਟਰ ਕੈਂਸਲ ਕਰਕੇ ਦੁਬਾਰਾ ਤੋਂ ਸ਼ੁਰੂ ਕਰ ਦਿਆਂਗੇ, ਤੁਹਾਡਾ  ਭਵਿੱਖ ਖਤਰੇ ’ਚ ਚਲਾ ਜਾਣਾ ਤੁਹਾਡੀ  ਜ਼ਿੱਦ  ਕਰਕੇ।

ਵਿਦਿਆਰਥੀਆਂ ਨੇ ਆਪਣੀ ਦਲੀਲ ਅੱਗੇ ਰੱਖੀ ਕੇ ਜਦੋਂ ਪੜਾਈ ਆਨਲਾਈਨ ਹੈ ਤਾਂ ਪੇਪਰ ਕਿੳਂੁ ਨਹੀਂ ਹੋ ਸਕਦੇ? ਤੁਸੀਂ ਕਿਸੇ ਨੂੰ ਤਲਾਅ ’ਚ ਤੈਰਾਕੀ ਸਿਖਾ ਕੇ ਹੜਾਂ ਦੇ ਪਾਣੀ ’ਚ ਗੋਤੇ ਲਾਉਣ ਨੂੰ ਕਿਵੇਂ ਕਹਿ ਸਕਦੇ ਹੋ ? 

ਹਰ ਰੋਜ਼ ਵਿਦਿਆਥੀਆਂ ਨੂੰ ਪਾੜਨ ਦੀਆਂ ਚਾਲਾਂ ਚੱਲੀਆਂ ਜਾਂਦੀਆਂ ।

ਇਸ ਦੌਰਾਨ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਸਮੈਸਟਰ ਸਕਰੈਪ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਫੋਨ ਕਰਕੇ ਅਡਵਾਈਜ਼ਰਾਂ ਵੱਲੋਂ ਉਹਨਾਂ ਨੂੰ ਘਰੇ ਵਾਪਸ ਬੁਲਾਉਣ ਲਈ ਕਿਹਾ ਜਾ ਰਿਹਾ ਹੈ। ਅਤੇ ਵਿਦਿਆਰਥਣਾਂ ਨੂੰ ਸ਼ਾਮ ਪੰਜ ਵਜੇ ਤੋਂ ਬਾਅਦ ਹੋਸਟਲ ਤੋਂ ਬਾਹਰ ਨਾ ਜਾਣ ਲਈ ਕਿਹਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਬੜੀ ਗਿਣਤੀ ਦੇ ਵਿਚ ਵਿਦਿਆਰਥਣਾਂ  ਧਰਨੇ ਵਿੱਚ ਸ਼ਾਮਲ ਰਹੀਆਂ। ਚਾਹੇ ਇਹ ਮੰਗ ਕੋਈ ਮਹੱਤਵਪੂਰਨ ਮੰਗ ਨਹੀਂ ਹੈ ਪਰ ਜ਼ਿਆਦਾ ਮਹੱਤਵਪੂਰਨ ਵਿਦਿਆਰਥੀਆਂ ਦੇ ਜਥੇਬੰਦ ਹੋਣ ’ਤੇ ਏਕੇ ਦਾ ਜੋਰ ਪੁਗਾਉਣਾ ਹੈ ਜਿਸ ਦੀ ਵਿਦਿਆਰਥੀ ਵਰਗ ਨੂੰ ਬੇਹੱਦ ਲੋੜ ਹੈ। 


   

No comments:

Post a Comment