Friday, May 10, 2013

ਸੰਤ ਰਾਮ ਉਦਾਸੀ, ਪਾਸ਼-ਹੰਸ ਰਾਜ ਸ਼ਰਧਾਂਜਲੀ ਸਮਾਗਮ


ਸੰਤ ਰਾਮ ਉਦਾਸੀ ਦਾ ਜਨਮ ਦਿਨ ਮਨਾਇਆ
ਸੰਤ ਰਾਮ ਉਦਾਸੀ ਯਾਦਗਾਰ ਕਮੇਟੀ ਬਰਨਾਲਾ ਵੱਲੋਂ ਸਥਾਨਕ  ਪੰਜਾਬ ਆਈ.ਟੀ.ਆਈ.ਦੇ ਹਾਲ ਵਿੱਚ ਇਨਕਲਾਬੀ ਕਵੀ ਸੰਤ ਰਾਮ ਉਦਾਸੀ  ਦੇ 74ਵੇ ਜਨਮ ਦਿਨ ਮੌਕੇ 20 ਅਪ੍ਰੈਲ ਨੂੰ ਇੱਕ  ਸੈਮੀਨਾਰ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋ. ਭੀਮਇੰਦਰ ਸਿੰਘ (ਡਾ.) ਇਸ ਮੌਕੇ ਮੁੱਖ ਮਹਿਮਾਨ ਸਨ। ਇਸ ਮੌਕੇ ਕਵੀ ਦਰਬਾਰ  ਵੀ  ਕੀਤਾ ਗਿਆ। 
ਮੁੱਖ ਬੁਲਾਰੇ ਡਾ. ਭੀਮਇੰਦਰ ਸਿੰਘ ਨੇ “ਜੁਝਾਰਵਾਦੀ ਕਵਿਤਾ ਦੇ ਵਿਭਿੰਨ ਪਾਸਾਰ” ਵਿਸ਼ੇ 'ਤੇ ਪਰਚਾ ਪੜ੍ਹਦਿਆਂ ਕਿਹਾ ਕਿ ਅੱਜ ਜਿਉਂ-ਜਿਉਂ ਵਿਸ਼ਵੀਕਰਨ ਦਾ ਪ੍ਰਭਾਵ ਪੰਜਾਬ ਦੀਆਂ ਸਿਆਸੀ, ਸਭਿਆਚਾਰਕ ਤੇ ਸਮਾਜਿਕ ਪ੍ਰਸਥਿਤੀਆਂ ਉੱਪਰ ਪੈ ਰਿਹਾ ਹੈ ਤਿਉਂ-ਤਿਉਂ ਜੁਝਾਰਵਾਦੀ ਕਵਿਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਵਿਸ਼ਵੀਕਰਨ ਨੇ ਵੱਖ-ਵੱਖ ਸੂਚਨਾ ਮਾਧਿਅਮਾਂ ਰਾਹੀਂ ਨਵ-ਸਾਮਰਾਜੀ ਨੀਤੀਆਂ ਨੂੰ ਲੋਕਾਂ ਵਿੱਚ ਫੈਲਾਉਣ ਤੇ ਇਨ੍ਹਾਂ ਦੇ ਦਰੁਸਤ ਹੋਣ ਦੀਆਂ ਅਫਵਾਹਾਂ ਨੂੰ ਸੱਚ ਦੇ ਤੌਰ 'ਤੇ ਪੇਸ਼ ਕੀਤਾ ਹੈ।  ਉਨ੍ਹਾਂ ਕਿਹਾ ਕਿ ਅੱਜ ਦਾ ਕਵੀ ਉਦਾਸੀ, ਪਾਸ਼ ਅਤੇ ਦਿਲ ਆਦਿ ਕਵੀਆਂ ਦਾ ਵਾਰਿਸ ਬਣ ਕੇ ਲੋਕਾਂ ਦੇ ਦੁੱਖ ਦਰਦਾਂ ਨਾਲ ਸਾਂਝ ਪਾਵੇ। ਪਰਚੇ ਉੱਪਰ ਬਹਿਸ ਵਿੱਚ ਹਿੱਸਾ ਲੈਂਦਿਆਂ ਵੱਖ ਵੱਖ ਬੁਲਾਰਿਆਂ ਨੇ ਆਪਣੇ ਉਸਾਰੂ ਸੁਝਾਅ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
................................................
ਪਾਸ਼-ਹੰਸ ਰਾਜ ਸ਼ਰਧਾਂਜਲੀ ਸਮਾਗਮ
ਚੋਟੀ ਦੇ ਇਨਕਲਾਬੀ ਕਵੀ ਪਾਸ਼ ਅਤੇ ਉਸਦੇ ਜੋਟੀਦਾਰ ਹੰਸ ਰਾਜ ਦੀ ਯਾਦ ਵਿੱਚ ਪਿਛਲੇ 25 ਵਰ੍ਹਿਆਂ ਤੋਂ ਉਹਨਾਂ ਦੇ ਪਿੰਡ ਤਲਵੰਡੀ ਸਲੇਮ ਵਿਖੇ ਹੁੰਦਾ ਆ ਰਿਹਾ ਸ਼ਰਧਾਂਜਲੀ ਸਮਾਗਮ ਇਸ ਵਰ੍ਹੇ ਵੀ ਉਹਨਾਂ ਦੀ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਮਨਾਇਆ ਗਿਆ। 
ਸ਼ਹੀਦ ਪਾਸ਼ ਦੇ ਰਿਸ਼ਤੇਦਾਰ ਰੁੜਕਾ ਕਲਾਂ ਤੋਂ, ਸ਼ਹੀਦ ਹੰਸ ਰਾਜ ਦੇ ਭਰਾ ਹਰਬੰਸ ਲਾਲ, ਪਾਸ਼-ਹੰਸ ਰਾਜ ਯਾਦਗਾਰ ਕਮੇਟੀ ਦੇ ਮੈਂਬਰ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਮੈਂਬਰ ਜਾਗੀਰ ਜੋਸ਼ਨ, ਸਥਾਨਕ ਕਮੇਟੀ ਦੇ ਕਨਵੀਨਰ ਅਤੇ ਮੰਚ ਸੰਚਾਲਕ ਮੋਹਣ ਸਿੰਘ ਨੇ ਸ਼ਹੀਦ ਪਾਸ਼, ਹੰਸ ਰਾਜ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸ਼ਹੀਦ ਊਧਮ ਸਿੰਘ ਦੀਆਂ ਫੋਟੋਆਂ ਨੂੰ ਫੁੱਲ-ਮਾਲਾ ਪਹਿਨਾਈਆਂ। ਜਾਗੀਰ ਜੋਸਨ, ਅਮੋਲਕ ਸਿੰਘ, ਹਰਮੇਸ਼ ਮਾਲੜੀ ਨੇ ਸ਼ਹੀਦਾਂ ਦੀ ਅਮੁੱਲੀ ਦੇਣ ਨੂੰ ਬੁਲੰਦ ਰੱਖਣ ਅਤੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਲੋਕ ਸੰਗਰਾਮ ਜਾਰੀ ਰੱਖਣ ਦਾ ਸੱਦਾ ਦਿੱਤਾ। 
ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) ਦੀ ਟੀਮ ਵੱਲੋਂ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਅਕਾਲ ਅਕੈਡਮੀ ਬੋਪਾਰਾਏ ਦੇ ਮਾਰੇ ਗਏ ਬਾਲ-ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਦੀਵਾਰ-ਪੋਸਟਰ ਲਾਇਆ ਗਿਆ, ਜਿਹੜਾ ਲੋਕਾਂ ਨੂੰ ਭਰੀਆਂ ਪਲਕਾਂ ਨਾਲ ਸੋਚਣ 'ਤੇ ਮਜਬੂਰ ਕਰ ਰਿਹਾ ਸੀ।

No comments:

Post a Comment