Friday, May 10, 2013

ਸ੍ਰੀ ਲੰਕਾ ਦੀ ਤਾਮਿਲ ਕੌਮ ਅਮਰੀਕੀ ਸਾਮਰਾਜੀਆਂ ਅਤੇ ਭਾਰਤੀ ਹਾਕਮਾਂ ਦਾ ਦੰਭੀ ਹੇਜ


ਸ੍ਰੀ ਲੰਕਾ ਦੀ ਤਾਮਿਲ ਕੌਮ
ਅਮਰੀਕੀ ਸਾਮਰਾਜੀਆਂ ਅਤੇ ਭਾਰਤੀ ਹਾਕਮਾਂ ਦਾ ਦੰਭੀ ਹੇਜ
—ਨਵਜੋਤ
ਅਮਰੀਕਾ ਵਲੋਂ ਸ੍ਰੀ ਲੰਕਾ ਸਰਕਾਰ  ਦੁਆਰਾਂ ਮੁਲਕ ਅੰਦਰ ਐਲ.ਟੀ.ਟੀ.ਈ (ਲਿਬਰੇਸ਼ਨ ਟਾਇਗਰਜ਼ ਆਫ ਤਾਮਿਲ ਈਲਮ) ਨਾਲ  ਲੜਾਈ ਦੌਰਾਨ ਤਾਮਿਲ ''ਮਨੁੱਖੀ ਅਧਿਕਾਰਾਂ ਦੀਆਂ ਕੀਤੀਆਂ ਗਈਆਂ ਉਲੰਘਣਾਵਾਂ ਬਾਰੇ ਯੂਨਾਈਟਡ ਨੇਸ਼ਨਜ਼ ਹਿਊਮਨ ਰਾਇਟਸ ਕੌਂਸਲ 'ਚ ਮਾਰਚ 2013 ਨੂੰ ਇੱਕ ਮਤਾ ਰੱਖਿਆ ਗਿਆ ਸੀ। ਭਾਰਤ ਅੰਦਰ ਵੱਖ -ਵੱਖ ਹਾਕਮ ਜਮਾਤੀ ਸਿਆਸੀ ਹਲਕਿਆਂ ਵਿਸ਼ੇਸ਼ ਕਰਕੇ ਤਾਮਿਲਨਾਡੂ ਵਿਚਲੀਆਂ ਪਾਰਲੀਮਾਨੀ ਪਾਰਟੀਆਂ ਵਲੋਂ ਹਕੂਮਤ 'ਤੇ ਇਸ ਮਤੇ ਦੀ ਹਮਾਇਤ ਕਰਨ ਲਈ ਦਬਾਅ ਪਾਉਣ ਦਾ ਗੇੜ ਚਲਾਇਆ ਗਿਆ ਸੀ। ਸੀ.ਪੀ.ਆਈ. ਦੇ ਲੋਕ-ਸਭਾ ਮੈਂਬਰ  ਗੁਰੂਦਾਸ ਗੁਪਤਾ ਅਤੇ ਸੀ.ਪੀ.ਐਮ. ਦੀ ਤਾਮਿਲਨਾਡੂ ਸੂਬਾਈ ਇਕਾਈ ਵਲੋਂ ਅਮਰੀਕੀ ਮਤੇ ਦੀ ਹਮਾਇਤ ਲਈ ਸੁਰ 'ਚ ਸੁਰ ਮਿਲਾਈ ਗਈ ਸੀ। ਭਾਰਤੀ ਹਕੂਮਤ ਵੱਲੋਂ ਸ਼ੁਰੂ 'ਚ ਇਹ ਕਿਹਾ ਗਿਆ,ਕਿ ਉਹ ਮਤੇ ਦੀ ਹਮਾਇਤ ਕਰਨ ਜਾਂ ਨਾ ਕਰਨ ਬਾਰੇ ਵਿਚਾਰ ਕਰੇਗੀ। ਯੂ.ਐਨ.ਐਚ.ਆਰ. ਸੀ 'ਚ ਹੋਈ ਵੋਟਿੰਗ ਵੇਲੇ ਭਾਰਤ ਵਲੋਂ ਇਸ ਮਤੇ ਦੇ ਹੱਕ 'ਚ ਵੋਟ ਦੇ ਕੇ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ, ਕਿ ਤਾਮਿਲਨਾਡੂ ਦੀ ਤਾਮਿਲ ਕੌਮੀਅਤ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਅਤੇ ਉਹ ਖੁਦ ''ਮਨੁੱਖੀ ਹੱਕਾਂ'' ਦੀ ਅਲੰਬਰਦਾਰ ਹੈ। ਇਸੇ ਕਰਕੇ ਉਸਨੇ ਅਮਰੀਕੀ ਮਤੇ ਦੀ ਹਮਾਇਤ 'ਚ ਵੋਟ ਪਾਈ ਹੈ।
ਪਰ ਕੀ ਅਮਰੀਕਾ ਅਤੇ ਉਸਦੇ ਮਤੇ ਦੀ ਹਮਾਇਤ ਕਰਨ ਵਾਲੇ ਭਾਰਤੀ, ਹੋਰਨਾਂ ਸਾਮਰਾਜੀ ਤੇ ਪਿਛਾਖੜੀ ਮੁਲਕਾਂ ਦੇ ਹਾਕਮਾਂ ਵਲੋਂ ਸ੍ਰੀ ਲੰਕਾ ਅੰਦਰ ਤਾਮਿਲ ਕੌਮ ਦੇ ''ਮਨੁੱਖੀ ਅਧਿਕਾਰਾਂ'' ਦੇ ਹੋ  ਰਹੇ ਘਾਣ ਦਾ ਇਲਮ ਹੁਣ ਮਾਰਚ 2013 'ਚ ਜਾਕੇ ਹੋਇਆ ਹੈ ? ਜੇ ਇਨ੍ਹਾਂ ਨੂੰ ਇਸ ਤੋਂ ਪਹਿਲਾ ਵੀ ਜਾਣਕਾਰੀ ਸੀ, ਤਾਂ ਉਹ ਹੁਣ ਤੱਕ ਦੱੜ ਵੱਟਕੇ ਕਿਉਂ ਬੈਠੇ ਰਹੇ ? ਅਤੇ ਮਾਰਚ 2013 'ਚ ਆ ਕੇ ਇਨ੍ਹਾਂ ਮੁਲਕਾਂ ਸਮੇਤ ਭਾਰਤ ਵਿਚਲੇ ਹਾਕਮ ਟੋਲਿਆਂ ਅੰਦਰ ਸ਼੍ਰੀ ਲੰਕਾਈ ਤਾਮਿਲ ਕੌਮ ਦੇ ''ਮਨੁੱਖੀ ਅਧਿਕਾਰਾਂ'' ਪ੍ਰਤੀ ਜਾਗੇ ਤਾਜ਼ਾ ਹੇਜ ਦੀ ਵਜ਼ਾ ਕੀ ਹੈ?
ਸ੍ਰੀ ਲੰਕਾ ਦੇ ਤਾਮਿਲਾਂ ਦੀ 
ਕੌਮੀ ਖੁਦਮੁਖਤਿਆਰੀ ਦੀ ਲਹਿਰ
ਯਾਦ ਰਹੇ, ਕਿ ਸ੍ਰੀ ਲੰਕਾ ਅੰਦਰ ਤਾਮਿਲ ਕੌਮ ਇੱਕ ਘੱਟ ਗਿਣਤੀ ਕੌਮ ਹੈ। ਸਿਨਹਾਲਾ ਕੌਮ ਭਾਰੀ ਬੁਹ ਗਿਣਤੀ ਵਾਲੀ ਕੌਮ ਹੈ। ਉਥੋਂ ਦੇ ਸਾਮਰਾਜੀ ਭਗਤ ਪਿਛਾਖੜੀ ਹਾਕਮਾਂ ਵੱਲੋਂ ਸਿਨਹਾਲੀ ਕੌਮ ਦੇ ਵੱਡ-ਕੌਮੀ ਸ਼ਾਵਨਵਾਦ ਨੂੰ ਭੜਕਾਉਂਦਿਆਂ ਅਤੇ ਤਾਮਿਲਾਂ ਖਿਲਾਫ਼ ਵਰਤਦਿਆਂ, ਉਨ੍ਹਾਂ ਨਾਲ ਧੱਕੇ, ਵਿਤਕਰੇ ਅਤੇ ਅਤਿਆਚਾਰ ਦਾ ਸਿਲਸਿਲਾ ਦਹਾਕਿਆਂ ਤੋਂ ਜਾਰੀ ਹੈ।  ਇਸ ਨਿਹੱਕੇ ਧੱਕੇ,ਵਿਤਕਰੇ ਅਤੇ ਦਾਬੇ ਦੀ ਸਤਾਈ ਤਾਮਿਲ ਕੌਮ ਵਲੋਂ ਇਸ ਜ਼ਬਰੋ-ਜ਼ੁਲਮ ਤੋਂ ਮੁਕਤੀ ਲਈ ਹੱਕੀ ਕੌਮੀ ਆਪਾ ਨਿਰਣੇ, ਖੁਦਮੁਖਤਿਆਰੀ ਅਤੇ ਆਜ਼ਾਦੀ ਦੀ ਲਹਿਰ ਜਾਰੀ ਹੈ, ਜਿਹੜੀ ਕਈ ਉਤਰਾਵਾਂ ਚੜ੍ਹਾਵਾਂ 'ਚੋ ਗੁਜਰੀ ਹੈ। ਪਿਛਲੇ ਲੱਗਭਗ ਦੋ ਦਹਾਕਿਆ ਤੋ ਇਸ ਲਹਿਰ 'ਤੇ ਹਥਿਆਰਬੰਦ ਤਾਮਿਲ ਟਾਇਗਰ ਭਾਰੂ ਸਨ ਅਤੇ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਲੰਕਾ ਦੇ ਤਾਮਿਲ ਬੁਹ-ਗਿਣਤੀ ਵਾਲੇ ਉੱਤਰੀ ਤੇ ਪੂਰਬੀ ਖਿੱਤਿਆਂ 'ਤੇ ਉਹਨਾਂ ਦਾ ਕਬਜਾ ਚਲਿਆ ਆ ਰਿਹਾ ਹੈ। 
ਹਥਿਆਰਬੰਦ ਤਾਮਿਲ ਟਾਇਗਰਾਂ ਦੀਆਂ ਕਈ ਸਿਆਸੀ -ਫੌਜੀ ਊਣਤਾਈਆਂ, ਸੀਮਤਾਈਆਂ ਅਤੇ ਕਮਜੋਰੀਆਂ ਦੇ ਬਾਵਜੂਦ, ਉਹ ਆਪਣੀ ਖਰੀ ਕੌਮਪਰਸਤੀ, ਲੜਾਕੂ ਸਿਰੜ, ਸਿਦਕਦਿਲੀ ਅਤੇ ਆਪਣੀ ਕੌਮ ਲਈ ਮਰ ਮਿਟਣ ਦੀ ਲੱਟ ਲੱਟ ਬਲਦੀ ਭਾਵਨਾ ਦੇ ਪ੍ਰਤੀਕ ਵਜੋਂ ਉਭਰੇ ਸਨ, ਜਿਹੜੇ ਸਾਮਰਾਜ ਤੇ ਪਿਛਾਖੜ ਤੋਂ ਮੁਕਤੀ ਲਈ ਜੂਝ ਰਹੇ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ ਅਤੇ ਕੌਮਾਂ ਲਈ ਇੱਕ ਪ੍ਰੇਰਨਾ ਦਾ ਸੋਮੇ ਬਣਦੇ ਸਨ। 
ਸਾਮਰਾਜੀ ਤੇ ਪਿਛਾਖੜੀ ਹਾਕਮਾਂ ਵੱਲੋਂ 
ਤਾਮਿਲ ਟਾਇਗਰਾਂ ਖਿਲਾਫ ਸਾਂਝਾ ਮੋਰਚਾ
ਇਹ ਗੱਲ ਖਰੀ ਕੌਮੀ ਆਜ਼ਾਦੀ ਅਤੇ ਮੁਕਤੀ ਦੇ ਦੁਸ਼ਮਣ ਸਾਮਰਾਜੀਆਂ ਅਤੇ ਪਿਛਾਖੜੀਆਂ ਨੂੰ ਕਿਵੇਂ ਹਜ਼ਮ ਹੋ ਸਕਦੀ ਸੀ। ਸ੍ਰੀ ਲੰਕਾ ਦੇ ਪਿਛਾਖੜੀ ਹਾਕਮਾਂ ਅਤੇ ਭਾਰਤ ਅੰਦਰ ਕਸ਼ਮੀਰੀ ਅਤੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀਅਤਾਂ ਦੇ ਹੱਕੀ ਕੌਮੀ ਖੁਦਮੁਖਾਤਿਆਰੀ ਤੇ ਆਪਾ-ਨਿਰਣੇ ਦੀਆਂ ਲਹਿਰਾਂ ਨੂੰ ਖ਼ੂਨ ਵਿੱਚ ਡਬੋਣ 'ਤੇ ਉਤਾਰੂ ਭਾਰਤੀ ਹਾਕਮਾਂ ਨੂੰ ਕਿਵੇਂ ਹਜ਼ਮ ਹੋ ਸਕਦੀ ਸੀ। ਇਸੇ ਕਰਕੇ ਸਭਨਾਂ ਸਾਮਰਾਜੀਆਂ ਅਤੇ ਪਿਛਾਖੜੀ ਹਾਕਮਾਂ ਵੱਲੋਂ ਤਾਮਿਲ ਟਾਇਗਰਾਂ ਨੂੰ ਮਲੀਆਮੇਟ ਕਰਨ ਦਾ ਬੀੜਾ ਚੁੱਕਿਆ ਗਿਆ। ਜਦੋਂ ਅਮਰੀਕਾ ਵੱਲੋਂ 2001 ਵਿੱਚ ਆਪਣੀ ਅਖੌਤੀ ''ਸੰਸਾਰ ਵਿਆਪੀ ਦਹਿਸ਼ਤ ਵਿਰੋਧੀ ਜੰਗ'' ਦੀ ਮਾਰ ਹੇਠ ਲਿਆਉਣ ਲਈ ਤਾਮਿਲ ਟਾਇਗਰਾਂ 'ਤੇ ਵਿਸ਼ੇਸ਼ ਤੌਰ 'ਤੇ ਖਤਰਨਾਕ ਕੌਮਾਂਤਰੀ ਦਹਿਸ਼ਤਗਰਦ ਦਾ ਠੱਪਾ ਲਾ ਦਿੱਤਾ ਗਿਆ, ਤਾਂ ਯੂਰਪੀਨ ਯੂਨੀਅਨ, ਚੀਨ, ਰੂਸ, ਭਾਰਤ, ਇਜ਼ਰਾਈਲ ਸਮੇਤ ਹੋਰਨਾਂ ਮੁਲਕਾਂ ਦੇ ਹਾਕਮਾਂ ਵੱਲੋਂ ਵੀ ਐਲਾਨੀਆ/ਅਣਐਲਾਨੀਆ ਅਮਰੀਕੀ ਸਾਮਰਾਜੀਆਂ ਦੀ ਸੁਰ ਵਿੱਚ ਸੁਰ ਮਿਲਾਉਣ ਦੀ ਦਿਸ਼ਾ ਅਖਤਿਆਰ ਕੀਤੀ ਗਈ। ਇਹਨਾਂ ਸਭਨਾਂ (ਵਿਸ਼ੇਸ਼ ਕਰਕੇ ਅਮਰੀਕਾ, ਚੀਨ, ਭਾਰਤ, ਇਜ਼ਰਾਈਲ) ਵੱਲੋਂ ਤਾਮਿਲ ਟਾਇਗਰਾਂ ਨੂੰ ਦਰੜਨ ਲਈ ਸ੍ਰੀ ਲੰਕਾ ਦੀ ਰਾਜਾ ਪਾਕਸੇ ਹਕੂਮਤ ਦੀ ਪਿੱਠ ਥਾਪੜਦਿਆਂ, ਉਸਨੂੰ ਫੌਜੀ ਤਾਕਤ ਦਾ ਪਸਾਰਾ ਕਰਨ, ਅਧੁਨਿਕੀਕਰਨ, ਹਥਿਆਰਬੰਦ ਕਰਨ ਅਤੇ ਸਿਖਲਾਈ ਦੇਣ ਦੇ ਅਮਲ ਨੂੰ ਆ ਮੋਢਾ ਲਾਇਆ ਗਿਆ। 
ਸਾਮਰਾਜੀ ਮੁਲਕਾਂ ਵੱਲੋਂ ਤਾਮਿਲ ਟਾਇਗਰਾਂ ਨੂੰ ਵਿਦੇਸ਼ਾਂ 'ਚ ਰਹਿੰਦੇ ਤਾਮਿਲਾਂ ਵੱਲੋਂ ਮੁਹੱਈਆ ਅਹਿਮ ਫੰਡ ਸੋਮਿਆਂ ਨੂੰ ਠੱਪ ਕੀਤਾ ਗਿਆ
ਭਾਰਤੀ ਨੇਵੀ ਦੀ ਦੱਖਣੀ ਕਮਾਂਡ ਵੱਲੋਂ ਲੰਕਾ ਦੀ ਨੇਵੀ ਦਾ ਤਾਮਿਲ ਟਾਇਗਰਾਂ ਦੀ ਸਮੁੰਦਰੀ ਰਸਤੇ ਹਥਿਆਰ ਸਪਲਾਈ ਲਾਇਨ ਨੂੰ ਕੱਟਣ ਅਤੇ ਟਾਇਗਰਾਂ ਦੀ ਸਮੁੰਦਰੀ ਆਵਾਜਾਈ ਨੂੰ ਜਾਮ ਕਰਨ ਵਿੱਚ ਸਾਥ ਦਿੱਤਾ ਗਿਆ। ਪਾਕਿਸਤਾਨ ਵੱਲੋਂ ਅਸਲਾ ਤੇ ਹੱਥ ਗੋਲੇ ਸਪਲਾਈ ਕੀਤੇ ਗਏ। ਅਮਰੀਕੀ ਪਿੱਛਲੱਗ ਇਜ਼ਰਾਈਲੀ ਹਕੂਮਤ ਵੱਲੋਂ ਲੜਾਕੂ ਜਹਾਜ਼ ਅਤੇ ਸੂਹੀਆ ਯੰਤਰ ਮੁਹੱਈਆ ਕੀਤੇ ਗਏ। ਚੀਨ ਵੱਲੋਂ ਫੌਜੀ ਗੱਡੀਆਂ, ਛੋਟੇ ਤੇ ਹਲਕੇ ਹਤਿਆਰ, ਹਵਾਈ ਜਹਾਜ਼, ਇੱਕ ਰਾਡਾਰ, ਆਰਟਿਲਰੀ ਅਤੇ ਗੋਲਾ ਬਾਰੂਦ ਵੱਡੀ ਪੱਧਰ 'ਤੇ ਦਿੱਤਾ ਗਿਆ। ਚੀਨ ਵੱਲੋਂ 2007 ਵਿੱਚ ਇੱਕ ਬਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਵੀ ਦਿੱਤੀ ਗਈ, ਜਿਸ ਕਰਕੇ ਉਹ ਜਪਾਨ ਦੀ ਥਾਂ ਹੁਣ ਸ੍ਰੀ ਲੰਕਾ ਦਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ। ਇਸੇ ਤਰ੍ਹਾਂ ਅਮਰੀਕਾ ਵੱਲੋਂ ਬੁਨਿਆਦੀ ਇਨਫੈਂਟਰੀ ਸਪਲਾਈ, ਸਮੁੰਦਰੀ ਚੌਕਸੀ ਤੇ ਸੂਹੀਆ ਯੰਤਰ ਅਤੇ ਹੋਰ ਫੌਜੀ ਸਾਜੋਸਮਾਨ ਮੁਹੱਈਆ ਕੀਤਾ ਗਿਆ। ਉਸ ਵੱਲੋਂ 2007 ਵਿੱਚ ਇੱਕ ਅਤਿ ਅਧੁਨਿਕ ਰਾਡਾਰ ਸਿਸਟਮ ਸ੍ਰੀ ਲੰਕਾ ਫੌਜ ਨੂੰ ਸੌਂਪਿਆ ਗਿਆ। ਅਮਰੀਕਾ ਅਤੇ ਸ੍ਰੀ ਲੰਕਾ ਹਕੂਮਤ ਦਰਮਿਆਨ ਇੱਕ ਸਮਝੌਤੇ ਰਾਹੀਂ ਅਮਰੀਕੀ ਜੰਗੀ ਬੇੜਿਆਂ ਅਤੇ ਹਵਾਈ ਜਹਾਜ਼ਾਂ ਨੂੰ ਸ੍ਰੀ ਲੰਕਾ ਦੀ ਫੌਜ ਦੀਆਂ ਢਾਂਚਾਗਤ ਸਹੂਲਤਾਂ ਅਤੇ ਤੇਲ ਤੱਕ ਪਹੁੰਚ ਮੁਹੱਈਆ ਕੀਤੀ ਗਈ। ਅਮਰੀਕਾ ਵੱਲੋਂ ਸ੍ਰੀ ਲੰਕਾ ਫੌਜ ਦੀ ਸਿੱਖਿਆ-ਸਿਖਲਾਈ ਵਿੱਚ ਡਟ ਕੇ ਮੱਦਦ ਕੀਤੀ ਗਈ। ਇਉਂ, ਮੁੱਖ ਤੌਰ 'ਤੇ ਉਪਰ ਜ਼ਿਕਰ ਕੀਤੇ ਗਏ ਮੁਲਕਾਂ ਵੱਲੋਂ ਸ੍ਰੀ ਲੰਕਾ ਦੀ ਫੌਜੀ ਸ਼ਕਤੀ ਵਿੱਚ ਵਧਾਰੇ-ਪਸਾਰੇ ਵਿੱਚ ਫੈਸਲਾਕੁੰਨ ਰੋਲ ਨਿਭਾਇਆ ਗਿਆ। ਸਿੱਟੇ ਵਜੋਂ, ਸ੍ਰੀ ਲੰਕਾ ਹਕੂਮਤ ਆਪਣੀ ਫੌਜੀ ਨਫ਼ਰੀ ਵਿੱਚ 70 ਪ੍ਰਤੀਸ਼ਤ ਵਾਧਾ ਕਰਨ ਅਤੇ ਇਸ ਨੂੰ ਅਧੁਨਿਕ ਹਥਿਆਰਾਂ ਨਾਲ ਲੈਸ ਕਰਨ ਵਿੱਚ ਸਫਲ ਹੋਈ। 2008 ਤੱਕ ਇਸਦੇ ਫੌਜੀ ਬੱਜਟ ਵਿੱਚ 40 ਪ੍ਰਤੀਸ਼ਤ ਵਾਧਾ ਹੋਇਆ। ਇਉਂ, ਇਹਨਾਂ ਸਾਮਰਾਜੀ ਅਤੇ ਪਿਛਾਖੜੀ ਹਕੂਮਤਾਂ ਵੱਲੋਂ ਸ੍ਰੀ ਲੰਕਾ ਅੰਦਰ ਤਾਕਤਾਂ ਦੇ ਤੋਲ ਨੂੰ ਤਬਦੀਲ ਕਰਨ ਵਿੱਚ ਬੇਹੱਦ ਅਹਿਮ ਰੋਲ ਨਿਭਾਇਆ  ਗਿਆ। 
ਸ੍ਰੀ ਲੰਕਾ ਦੀ ਫੌਜ ਵੱਲੋਂ ਤਾਮਿਲ ਖਿੱਤਿਆਂ 'ਤੇ ਨਾਦਰਸ਼ਾਹੀ ਧਾਵਾ
ਇਸ ਹਾਲਤ ਵਿੱਚ ਹੁੰਦਿਆਂ ਹੀ ਸ੍ਰੀ ਲੰਕਾ ਦੀ ਹਕੂਮਤ ਵੱਲੋਂ ਤਾਮਿਲ ਟਾਇਗਰਾਂ ਨਾਲ ਗੋਲੀਬੰਦੀ ਦੇ ਬਾਵਜੂਦ, ਪਹਿਲਾਂ ਉੱਤਰ ਵਿੱਚ ਅਤੇ ਫਿਰ ਪੂਰਬ ਵਿੱਚ ਵੱਡੇ ਧਾਵੇ ਦੀ ਸ਼ੁਰੂਆਤ ਕੀਤੀ ਗਈ। ਇਸ ਧਾਵੇ ਦੇ ਅਰੰਭ ਹੋਣ ਤੋਂ ਬਾਅਦ ਤਾਮਿਲਾਂ 'ਤੇ ਸ੍ਰੀ ਲੰਕਾ ਦੀ ਫੌਜ ਅਤੇ ਕਰੁਨਾ ਗਰੁੱਪ (ਤਾਮਿਲ ਟਾਇਗਰਾਂ ਨਾਲੋਂ ਟੁੱਟ ਕੇ ਹਕੂਮਤ ਦਾ ਸਹਿਯੋਗੀ ਬਣਿਆ ਗਰੁੱਪ) ਵੱਲੋਂ ਢਾਹੇ ਜਬਰ-ਤਸ਼ੱਦਦ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਤਾਮਿਲ ਟਾਇਗਰਾਂ ਦੇ ਹਮਦਰਦਾਂ ਨੂੰ ਅਗਵਾ ਕਰਨ, ਤਸ਼ੱਦਦ ਦਾ ਸ਼ਿਕਾਰ ਬਣਾਉਣ, ਮਾਰ ਮੁਕਾਉਣ, ਸਾਧਾਰਨ ਪੇਂਡੂ ਅਤੇ ਸ਼ਹਿਰੀ ਜਨਤਾ 'ਤੇ ਗੋਲਾਬਾਰੀ ਕਰਨ ਆਦਿ ਦੀਆਂ ਗੱਲਾਂ ਨਸ਼ਰ ਹੋ ਰਹੀਆਂ ਸਨ। ਸੈਂਕੜਿਆਂ ਦੀ ਗਿਣਤੀ 'ਚ ਤਾਮਿਲਾਂ ਨੂੰ ਕੋਲੰਬੋ ਤੋਂ ਚੁੱਕ ਕੇ ਉੱਤਰੀ ਤੇ ਪੂਰਬੀ ਜੰਗੀ ਖੇਤਰਾਂ ਵਿੱਚ ਧੱਕ ਦਿੱਤਾ ਗਿਆ। ਇੱਕ ਸਾਲ ਦੇ ਅੰਦਰ ਸ੍ਰੀ ਲੰਕਾ ਫੌਜ ਵੱਲੋਂ ਪੂਰਬੀ ਤਾਮਿਲ ਖਿੱਤੇ 'ਤੇ ਕਬਜ਼ਾ ਕਰਦਿਆਂ, ਉਥੇ ਫੌਜੀ ਰਾਜ ਮੜ੍ਹ ਦਿੱਤਾ ਗਿਆ। 
2007 ਵਿੱਚ ਸ੍ਰੀ ਲੰਕਾ ਫੌਜ ਵੱਲੋਂ ਵਨੀ 'ਤੇ ਹਮਲਾ ਬੋਲਿਆ ਗਿਆ। ਇਹ ਤਾਮਿਲ ਟਾਇਗਰਾਂ ਦੇ ਕਬਜ਼ੇ ਹੇਠਲਾ ਅਖੀਰੀ ਇਲਾਕਾ ਸੀ। ਸਤੰਬਰ 2008 ਵਿੱਚ ਜਦੋਂ ਲੜਾਈ ਅੰਤਿਮ ਪੜਾਅ ਵਿੱਚ ਦਾਖਲ ਹੋ ਗਈ ਸੀ, ਵਨੀ ਵਿੱਚ ਹਾਜ਼ਰ ਯੂ.ਐਨ. ਸਟਾਫ ਵੱਲੋਂ ਸ੍ਰੀ ਲੰਕਾ ਹਕੂਮਤ ਵੱਲੋਂ ਉਸਦੀ ਸੁਰੱਖਿਆ ਦੀ ਜਾਮਨੀ ਨਾ ਦੇਣ ਕਰਕੇ ਬਿਸਤਰਾ ਗੋਲ ਕਰ ਲਿਆ ਗਿਆ। ਉਸ ਵੇਲੇ ਕਿਲੀਨੋਛੀ ਦੇ ਤਾਮਿਲਾਂ ਵੱਲੋਂ ਯੂ.ਐਨ. ਅਧਿਕਾਰੀਆਂ ਨੂੰ ਮਿਲ ਕੇ ਬੇਨਤੀ ਕੀਤੀ ਗਈ ਕਿ ਉਹ ਇੱਥੋਂ ਛੱਡ ਕੇ ਨਾ ਜਾਣ। ਉਹਨਾਂ ਕਿਹਾ ਕਿ ਜਦੋਂ ਹੀ ਯੂ.ਐਨ. ਸਟਾਫ ਇੱਥੋਂ ਚਲਾ ਗਿਆ, ਉਸੇ ਵਕਤ ਸ੍ਰੀ ਲੰਕਾ ਸਰਕਾਰ ਕਿਲੀਨੋਛੀ 'ਤੇ ਬੰਬਾਰੀ ਸ਼ੁਰੂ ਕਰ ਦੇਵੇਗੀ ਅਤੇ ਇੱਥੋਂ ਦੀ ਸਿਵਲੀਅਨ ਵਸੋਂ ਦਾ ਫਿਰ ਰੱਬ ਹੀ ਰਾਖਾ ਹੋਵੇਗਾ। ਪਰ ਯੂ.ਐਨ. ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਅਕਤੂਬਰ 2008 ਵਿੱਚ ਸ੍ਰੀ ਲੰਕਾ ਵੱਲੋਂ ਵਨੀ 'ਤੇ ਆਖਰੀ ਹਮਲਾ ਬੋਲਿਆ ਗਿਆ। ਤਾਮਿਲ ਟਾਇਗਰ 350000 ਸਿਵਲੀਅਨ ਤਾਮਿਲਾਂ ਸਮੇਤ ਕਦਮ-ਬ-ਕਦਮ ਉੱਤਰ ਪੂਰਬੀ ਸਮੁੰਦਰੀ ਕੰਢੇ 'ਤੇ ਪੈਂਦੇ ਮੁਲਾਈਤਿਵੂ ਜ਼ਿਲ੍ਹੇ ਅੰਦਰ ਧੱਕ ਦਿੱਤੇ ਗਏ। ਜਨਵਰੀ 2009 ਨੂੰ ਤਾਮਿਲ ਟਾਇਗਰਾਂ ਦੀ ਰਾਜਧਾਨੀ ਕਿਲੀਨੋਛੀ ਉਹਨਾਂ ਹੱਥੋਂ ਨਿਕਲ ਗਈ। ਜਨਵਰੀ 2009 ਵਿੱਚ ਕੋਲੰਬੋ ਸਥਿਤ ਅਮਰੀਕੀ ਦੂਤਘਰ ਵੱਲੋਂ ਕਿਲੀਨੋਛੀ 'ਤੇ ਸ੍ਰੀ ਲੰਕਾ ਫੌਜ ਦੇ ਕਬਜ਼ੇ ਦਾ ਸੁਆਗਤ ਕਰਦਾ ਇੱਕ ਬਿਆਨ ਦਾਗਿਆ ਗਿਆ। ਨਾਲ ਹੀ ਇਹ ਸਾਫ ਕੀਤਾ ਗਿਆ ਕਿ ਅਮਰੀਕਾ ਇਹ ਨਹੀਂ ਚਾਹੁੰਦਾ ਕਿ ਸ੍ਰੀ ਲੰਕਾ ਹਕੂਮਤ ਵੱਲੋਂ ਅਮਰੀਕਾ ਵੱਲੋਂ ''ਦਹਿਸ਼ਤਗਰਦ'' ਐਲਾਨੇ ਤਾਮਿਲ ਟਾਇਗਰਾਂ ਨਾਲ ਕਿਸੇ ਗੱਲਬਾਤ ਦਾ ਅਮਲ ਚਲਾਇਆ ਜਾਵੇ। ਇਉਂ, ਅਮਰੀਕਾ ਵੱਲੋਂ ਸ੍ਰੀ ਲੰਕਾ ਹਕੂਮਤ ਨੂੰ ਤਾਮਿਲ ਟਾਇਗਰਾਂ ਦਾ ਮੁਕੰਮਲ ਖੁਰਾਖੋਜ਼ ਮਿਟਾਉਣ ਤੱਕ ਜੰਗ ਜਾਰੀ ਰੱਖਣ ਲਈ ਥਾਪੜਾ ਦੇ ਦਿੱਤਾ ਗਿਆ। 
21 ਜਨਵਰੀ 2009 ਨੂੰ ਸ੍ਰੀ ਲੰਕਾ ਫੌਜ ਵੱਲੋਂ 32 ਵਰਗ ਕਿਲੋਮੀਟਰ ਦੇ ਇਲਾਕੇ ਨੂੰ ''ਗੈਰ-ਜੰਗੀ ਜ਼ੋਨ'' ਐਲਾਨਣ ਦਾ ਦੰਭ ਰਚਿਆ ਗਿਆ। ਮੌਤ ਦੇ ਮੂੰਹ 'ਚੋਂ ਬਚਣ ਦੀ ਆਸ ਨਾਲ ਸਾਧਾਰਨ ਤਾਮਿਲ ਜਨਤਾ ਇਸ ਪੱਟੀ ਅੰਦਰ ਆ ਇਕੱਠੀ ਹੋਈ। ਫੌਜ ਵੱਲੋਂ ਇਥੇ ਜੁੜੇ ਤਾਮਿਲਾਂ 'ਤੇ ਬੰਬਾਂ ਦੀ ਵਾਛੜ ਕਰਦਿਆਂ ਵੱਡਾ ਘੱਲੂਘਾਰਾ ਕਾਂਡ ਰਚਿਆ ਗਿਆ। ਫਿਰ ਸ੍ਰੀ ਲੰਕਾ ਫੌਜ ਵੱਲੋਂ 12 ਫਰਵਰੀ ਨੂੰ 10 ਵਰਗ ਕਿਲੋਮੀਟਰ ਦੀ ਨਵੀਂ ਪੱਟੀ ਨੂੰ ''ਗੈਰ-ਜੰਗੀ ਜ਼ੋਨ'' ਐਲਾਨਣ ਦਾ ਇੱਕ ਹੋਰ ਦੰਭ ਰਚਿਆ ਗਿਆ। ਅਗਲੇ ਤਿੰਨ ਮਹੀਨਿਆਂ ਲਈ ਇਸੱ ਪੱਟੀ ਅੰਦਰ ਫੌਜ ਵੱਲੋਂ ਨਿਹੱਥੇ ਤਾਮਿਲਾਂ ਦੇ ਖੂਨ ਦੀ ਹੋਲੀ ਖੇਡੀ ਗਈ। ਉਹਨਾਂ ਨੂੰ ਸੜਕਾਂ 'ਤੇ ਭੁੱਖ ਨਾਲ ਤੜਪਾ ਤੜਪਾ ਕੇ ਮਾਰਿਆ ਗਿਆ। ਔਰਤਾਂ ਨਾਲ ਬਲਾਤਕਾਰ ਕੀਤੇ ਗਏ। ਨਿਹੱਥੇ ਤਾਮਿਲਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ। ਚਿੱਟੇ ਝੰਡੇ ਲੈ ਕੇ ਅਤੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇੰਗਲੈਂਡ ਦੇ ਚੈਨਲ 4 ਵੱਲੋਂ ਜਾਰੀ ਦਸਤਾਵੇਜੀ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸ੍ਰੀ ਲੰਕਾ ਦੇ ਫੌਜੀ ਗੈਰ-ਹਥਿਆਰਬੰਦ ਕੈਦੀਆਂ (ਮਰਦਾਂ ਤੇ ਔਰਤਾਂ) ਨੂੰ ਮਾਰ ਰਹੇ ਹਨ ਅਤੇ ਤਾਮਿਲ ਟਾਇਗਰ ਔਰਤਾਂ ਨੂੰ ਮਾਰਨ ਤੋਂ ਪਹਿਲਾਂ ਉਹਨਾਂ ਨਾਲ ਬਲਾਤਕਾਰ ਕਰ ਰਹੇ ਹਨ। ਕਿਵੇਂ ਉਹ ਔਰਤਾਂ ਦੀਆਂ ਨਿਰਵਸਤਰ ਲਾਸ਼ਾਂ ਨੂੰ ਇੱਕ ਟਰੱਕ ਵਿੱਚ  ਲੱਦਣ ਵੇਲੇ ਹੱਸ ਰਹੇ ਹਨ ਅਤੇ ਭੱਦੀਆਂ ਟਿੱਪਣੀਆਂ ਕਰ ਰਹੇ ਹਨ। ਇਹ ਫੁਟੇਜ਼ ਖੁਦ ਸ੍ਰੀ ਲੰਕਾ ਦੇ ਫੌਜੀਆਂ ਵੱਲੋਂ ਫਿਲਮਾਈ 'ਟਰਾਫ਼ੀ ਫਿਲਮ'' 'ਚੋਂ ਲਈ ਗਈ ਹੈ। ਫਰਵਰੀ 'ਚ ਇਸੇ ਚੈਨਲ ਵੱਲੋਂ ਤਾਮਿਲ ਟਾਇਗਰ ਮੁਖੀ ਵੇਲੂਪਿਲਾਈ ਪ੍ਰਭਾਕਰਨ ਦੇ 12 ਸਾਲਾ ਲੜਕੇ ਨੂੰ ਪਹਿਲਾਂ ਫੌਜ ਦੇ ਬੰਕਰ ਵਿੱਚ ਜੀਂਦਾ ਅਤੇ ਫਿਰ ਉਸ ਫੌਜ ਵੱਲੋਂ ਗੋਲੀਆਂ ਨਾਲ ਮਾਰ ਮੁਕਾਇਆ ਦਿਖਾਇਆ ਗਿਆ ਹੈ।
ਉਪਰੋਕਤ ਜ਼ਿਕਰ  ਇਸ ਗੱਲ ਦਾ ਗਵਾਹ ਹੈ ਕਿ ਅਮਰੀਕਾ, ਭਾਰਤ, ਚੀਨ, ਇਜ਼ਰਾਈਲ, ਪਾਕਿਸਤਾਨ ਅਤੇ ਹੋਰ ਕਈ ਮਲੁਕ ਸ੍ਰੀ ਲੰਗਾ ਦੀ ਤਾਮਿਲ ਕੌਮ ਦੀ ਮੋਹਰੀ ਕੌਮਪ੍ਰਸਤ ਜਤੇਬੰਦੀ ਤਾਲਿਮ ਟਾਇਗਰਾਂ ਦਾ ਕਤਲੇਆਮ ਰਚਾਉਣ, ਇੱਕ ਵਾਰੀ ਇਸਦਾ ਸਫਾਇਆ ਕਰਨ, ਤਾਮਿਲ ਕੌਮੀ ਲਹਿਰ ਨੂੰ ਕੁਚਲਣ, ਤਾਮਿਲਾਂ ਦੀ ਕੌਮੀ ਧਰਤੀ ਨੂੰ ਲਹੂ-ਲੁਹਾਣ ਕਰਨ ਅਤੇ ਤਾਮਿਲ ਜਨਤਾ 'ਤੇ ਨਾਦਰਸ਼ਾਹੀ ਕਹਿਰ ਢਾਹੁਣ ਦੇ ਖ਼ੂਨੀ ਕੁਕਰਮਾਂ ਵਿੱਚ ਗੱਜਵੱਜ ਕੇ ਸ਼ਾਮਲ ਸਨ। 
ਅਮਰੀਕਾ ਨੂੰ ਤਾਮਿਲਾਂ ਦੇ ''ਮਨੁੱਖੀ ਹੱਕਾਂ'' ਦਾ ਜਾਗਿਆ ਹੇਜ
ਹੁਣ ਜਦੋਂ ਸ੍ਰੀ ਲੰਕਾ ਦੇ ਹਾਕਮ ਤਾਮਿਲ ਟਾਇਗਰਾਂ ਦਾ ਇੱਕ ਵਾਰੀ ਸਫਾਇਆ ਕਰਨ, ਨਿਹੱਥੀ ਤਾਮਿਲ ਜਨਤਾ ਦਾ ਵੱਡੀ ਪੱਧਰ 'ਤੇ ਕਤਲੇਆਮ ਰਚਾਉਣ ਅਤੇ ਤਾਮਿਲ ਕੌਮੀ ਲਹਿਰ ਦਾ ਘਾਣ ਕਰਨ ਪਿੱਛੋਂ ਆਪਣੇ ਜੇਤੂ ਜਸ਼ਨਾਂ ਵਿੱਚ ਗਲਤਾਨ ਹਨ, ਤਾਂ ਅਮਰੀਕੀ ਸਾਮਰਾਜੀਆਂ ਨੂੰ ਅਚਾਨਕ ਤਾਮਿਲ ਜਨਤਾ ਦੇ ''ਮਨੁੱਖੀ ਹੱਕਾਂ'' ਦੀਆਂ ਘੋਰ ਉਲੰਘਣਾਵਾਂ ਦਾ ਹੇਜ ਜਾਗ ਉੱਠਿਆ ਹੈ। ਉਸ ਵੱਲੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਇਸਦੀ ਪੈਰਵਾਈ ਦਾ ਬੀੜਾ ਚੁੱਕ ਲਿਆ ਗਿਆ ਹੈ। 
ਇਸ ਅਚਾਨਕ ਜਾਗੇ ਹੇਜ ਦੀ ਅਸਲ ਵਜਾਹ ਇਹ ਹੈ ਕਿ ਪਿਛਲੇ ਅਰਸੇ ਦੌਰਾਨ ਸ੍ਰੀ ਲੰਕਾ ਦੇ ਚੀਨ ਨਾਲ ਬਣੇ ਨੇੜਲੇ ਸਬੰਧ ਅਮਰੀਕਾ ਦੀ ਸੰਸਾਰ ਵਿਆਪੀ ਸਿਆਸੀ ਫੌਜੀ ਯੁੱਧਨੀਤੀ ਦੀ ਏਸ਼ੀਆ ਚੂਲ (ਏਸ਼ੀਆ ਪਾਈਵੋਟ) ਧੁੱਸ ਨੂੰ ਗਵਾਰਾ ਨਹੀਂ ਹਨ। ਕਿਉਂਕਿ, ਪਿਛਲੇ ਅਰਸੇ ਵਿੱਚ ਹਥਿਆਰ ਦੇਣ ਤੋਂ ਇਲਾਵਾ ਚੀਨ ਵੱਲੋਂ ਸ੍ਰੀ ਲੰਕਾ ਨੂੰ ਵੱਡੀ ਆਰਥਿਕ ਮੱਦਦ ਮੁਹੱਈਆ ਕੀਤੀ ਗਈ ਹੈ। ਉਸ ਵੱਲੋਂ ਬਹੁਤ ਸਾਰੇ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਦੱਖਣੀ ਕਸਬੇ ਹਮਬੰਤੋਆ ਵਿਖੇ ਉਸਾਰਿਆ ਜਾ ਰਿਹਾ ਵਿਸ਼ਾਲ ਬੰਦਰਗਾਹ ਕੰਪਲੈਕਸ ਅਤੇ ਹਵਾਈ ਅੱਡਾ ਸਭ ਤੋਂ ਵੱਧ ਮਹੱਤਵਪੂਰਨ ਪ੍ਰੋਜੈਕਟਾਂ 'ਚੋਂ ਹਨ। ਚੀਨ ਸ੍ਰੀ ਲੰਕਾ ਦੇ ਸਬ ਤੋਂ ਵੱਡੇ ਰੇਲਵੇ ਅਤੇ ਸੜਕੀ ਪ੍ਰੋਜੈਕਟਾਂ ਦੇ ਸੌਦੇ ਹਾਸਲ ਕਰਨ ਵਿੱਚ ਸਫਲ ਰਿਹਾ ਹੈ। ਨਤੀਜੇ ਵਜੋਂ ਇਸ ਵਕਤ ਸ੍ਰੀ ਲੰਕਾ ਅੰਦਰ 10 ਹਜ਼ਾਰ ਤੋਂ 16 ਹਜ਼ਾਰ ਦਰਮਿਆਨ ਇੰਜਨੀਅਰ, ਵਪਾਰੀ ਅਤੇ ਤਕਨੀਕੀ ਮਾਹਰ ਮੌਜੂਦ ਦੱਸੇ ਜਾਂਦੇ ਹਨ। ਸ੍ਰੀ ਲੰਗਾ ਸਰਕਾਰ ਵੱਲੋਂ ਦੱਖਣੀ ਚੀਨ ਦੇ ਯੂਨਾਨ ਸੂਬੇ ਨਾਲ ਸਿੱਧਾ ਹਵਾਈ ਸੰਪਰਕ ਬਣਾਣ ਦੀ ਵਿਉਂਤ ਬਣਾਈ ਜਾ ਰਹੀ ਹੈ। 
ਇਸ ਹਾਲਤ ਨੂੰ ਨੋਟ ਕਰਦਿਆਂ ਹੀ, ਅਮਰੀਕੀ ਕਾਂਗਰਸ ਦੀ ਵਿਦੇਸ਼ੀ ਸਬੰਧਾਂ ਬਾਰੇ ਕਮੇਟੀ ਕਹਿੰਦੀ ਹੈ, ''ਸ੍ਰੀ ਲੰਕਾ ਸਰਕਾਰ 'ਤੇ ਚੀਨ ਦਾ ਵਧ ਰਿਹਾ ਪ੍ਰਭਾਵ ਗੌਰ-ਫਿਕਰ ਦੀ ਗੱਲ ਹੈ।'' ਅਮਰੀਕਾ ਦੇ ਫੌਜੀ ਯੁੱਧ ਕਾਲਜ ਦੀ ਇੱਕ ਰਿਪੋਰਟ ਕਹਿੰਦੀ ਹੈ, ''.....ਚੀਨ ਯੁੱਧਨੀਤਕ ਸਬੰਧਾਂ ਦੀ ਉਸਾਰੀ ਕਰ ਰਿਹਾ ਹੈ ਅਤੇ ਚੀਨ ਨੂੰ ਮੱਧ ਪੂਰਬ ਨਾਲ ਜੋੜਨ ਵਾਲੇ ਆਵਾਜਾਈ ਦੇ ਸਮੁੰਦਰੀ ਰਸਤਿਆਂ ਦੇ ਨਾਲ ਨਾਲ ਆਪਣੀ ਮੌਜੂਦਗੀ ਨੂੰ ਸਥਾਪਤ ਕਰਨ ਦੀ ਸਮਰੱਥਾ ਵਿਕਸਤ ਕਰ ਰਿਹਾ ਹੈ।''
ਉਪਰੋਕਤ ਚਰਚਾ ਦਿਖਾਉਂਦੀ ਹੈ ਕਿ ਦੱਖਣੀ ਏਸ਼ੀਆ, ਉੱਤਰ-ਪੂਰਬੀ ਏਸ਼ੀਆ ਅਤੇ ਅਫਰੀਕੀ ਮੁਲਕਾਂ ਅੰਦਰ ਚੀਨ ਦਾ ਵਧ ਰਿਹਾ ਪ੍ਰਭਾਵ, ਖਾਸ ਕਰਕੇ ਏਸ਼ੀਆ-ਪ੍ਰਸ਼ਾਂਤ ਮਹਾਂਸਾਗਰ ਖਿੱਤੇ ਵਿੱਚ ਉਸਦਾ ਕਦਮ ਵਧਾਰਾ ਅਮਰੀਕਾ ਦੀ ਏਸ਼ੀਆਈ ਚੂਲ ਨੀਤੀ ਨਾਲ ਐਨ ਟਕਰਾਵਾਂ ਹੈ। ਇਸੇ ਕਰਕੇ, ਚੀਨ ਦਾ ਸ੍ਰੀ ਲੰਕਾ ਨਾਲ ਨੇੜਲਾ ਸੰਬੰਧ ਉਸਦੇ ਯੁੱਧਨੀਤਕ ਹਿੱਤਾਂ ਨਾਲ ਟਕਰਾਵਾਂ ਹੈ। ਇਹ ਉਸ ਨੂੰ ਫੁੱਟੀ ਅੱਖ ਵੀ ਨਹੀਂ ਭਾਉਂਦਾ। ਇਸ ਲਈ ਹੀ ਅਮਰੀਕੀ ਸਾਮਰਾਜੀਆਂ ਵੱਲੋਂ ਅਚਾਨਕ ਸ੍ਰੀ ਲੰਕਾ ਅੰਦਰ ਤਾਮਿਲ ਜਨਤਾ ਦੇ ''ਮਨੁੱਖੀ ਅਧਿਕਾਰਾਂ'' ਦੇ ਘੋਰ ਉਲੰਘਣਾ ਦੇ ਮੁੱਦੇ ਨੂੰ ਉਛਾਲਿਆ ਗਿਆ ਹੈ ਤਾਂ ਕਿ ਸ੍ਰੀ ਲੰਕਾ ਹਕੂਮਤ 'ਤੇ ਚੁਪਾਸਿਉਂ ਆਰਥਿਕ-ਸਿਆਸੀ ਦਬਾਅ ਲਾਮਬੰਦ ਕਰਦਿਆਂ, ਉਸ ਨੂੰ ਚੀਨ ਨਾਲੋਂ ਦੂਰੀ ਬਣਾਉਣ ਲਈ ਮਜਬੂਰ ਕੀਤਾ ਜਾ ਸਕੇ ਅਤੇ ਅਹਿਸਤਾ ਅਹਿਸਤਾ ਅਮਰੀਕਾ ਦੀ ਸਿਆਸੀ-ਫੌਜੀ ਯੁੱਧਨੀਤੀ ਦੀਆਂ ਲਛਮਣ ਰੇਖਾਵਾਂ ਅੰਦਰ ਆਉਣ ਤੇ ਰਹਿਣ ਲਈ ਖਿੱਚਿਆ ਜਾ ਸਕੇ। 
ਭਾਰਤੀ ਹਾਕਮਾਂ ਵੱਲੋਂ ਅਮਰੀਕੀ ਮਤੇ ਦੀ ਹਮਾਇਤ ਕਿਉਂ?
ਇਹ ਗੱਲ ਸਾਫ ਹੈ ਕਿ ਜੋ ਕੁਝ ਸ੍ਰੀ ਲੰਕਾ ਦੇ ਜਾਬਰ ਹਾਕਮਾਂ ਵੱਲੋਂ ਤਾਮਿਲ ਕੌਮ ਨਾਲ ਕੀਤਾ ਜਾ ਗਿਆ ਹੈ, ਅਤੇ ਕੀਤਾ ਜਾ ਰਿਹਾ ਹੈ, ਭਾਰਤੀ ਹਾਕਮਾਂ ਨੂੰ ਉਸ ਸਬੰਧੀ ਨਾ ਸਿਰਫ ਕੋਈ ਉਜਰ ਨਹੀਂ ਹੈ, ਸਗੋਂ ਉਹ ਤਾਮਿਲ ਕੌਮੀ ਲਹਿਰ ਨੂੰ ਕੁਚਲਣ ਲਈ ਚਲਾਏ ਗਏ ਅਤੇ ਚਲਾਏ ਜਾ ਰਹੇ ਜਬਰੋ-ਜ਼ੁਲਮ ਦੇ ਅਮਲ ਵਿੱਚ ਖੁਦ ਭਾਗੀਦਾਰ ਹਨ। ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ, ਭਾਰਤੀ ਹਾਕਮਾਂ ਵੱਲੋਂ ਤਾਮਿਲ ਕੌਮ ਦੀ ਹੱਕੀ ਲਹਿਰ ਨੂੰ ਖ਼ੂਨ ਵਿੱਚ ਡਬੋਣ ਲਈ ਉਥੇ ਫੌਜ ਭੇਜੀ ਗਈ ਸੀ। ਭਾਰਤੀ ਹਾਕਮਾਂ ਨੂੰ ਆਪਣੀ ਇਸ ਮੁਹਿੰਮ ਵਿੱਚ ਨਾਕਾਮੀ ਦਾ ਮੂੰਹ ਦੇਖਣਾ ਪਿਆ ਸੀ ਅਤੇ ਫੌਜ ਵਾਪਸ ਬੁਲਾਉਣ ਲਈ ਮਜਬੂਰ ਹੋਣਾ ਪਿਆ ਸੀ। ਅਜਿਹੇ ਹਾਕਮਾਂ ਨੂੰ ਸ੍ਰੀ ਲੰਕਾ ਦੇ ਤਾਮਿਲ ਲੋਕਾਂ ਦੇ ''ਮਨੁੱਖੀ ਅਧਿਕਾਰਾਂ'' ਨਾਲ ਕੋਈ ਲਾਗਾ ਦੇਗਾ ਕਿਵੇਂ ਹੋ ਸਕਦਾ ਹੈ। 
ਭਾਰਤੀ ਹਾਕਮਾਂ ਵੱਲੋਂ ਅਮਰੀਕੀ ਮਤੇ ਦੀ ਹਮਾਇਤ ਦਾ ਭਾਰਤ ਅੰਦਰਲੀ ਤਾਮਿਲ ਜਨਤਾ ਦੇ ਜਜ਼ਬਾਤਾਂ ਨਾਲ ਵੀ ਕੋਈ ਹਕੀਕੀ ਸਬੰਧ ਨਹੀਂ ਹੈ। ਹਕੀਕਤ ਇਹ ਹੈ ਕਿ ਉਹਨਾਂ ਵੱਲੋਂ ਮਤੇ ਦੇ ਹੱਕ ਵਿੱਚ ਹੱਥ ਖੜ੍ਹਾ ਕਰਕੇ ਅਮਰੀਕੀ ਸਾਮਰਾਜੀਆਂ ਦੀਆਂ ਇਛਾਵਾਂ 'ਤੇ ਫੁੱਲ ਚੜ੍ਹਾਏ ਹਨ ਅਤੇ ਉਸਦੀ ਏਸ਼ੀਆ-ਚੂਲ ਨੀਤੀ ਅਨੁਸਾਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਅਮਰੀਕਾ ਵੱਲੋਂ ਚੀਨ ਦੇ ਕਦਮ-ਵਧਾਰੇ ਨੂੰ ਪੁੱਠਾ ਮੋੜਨ ਦੀ ਪੈਂਤੜਾ ਚਾਲ ਨੂੰ ਹੁੰਗਾਰਾ ਭਰਿਆ ਗਿਆ ਹੈ। ਇਉਂ, ਭਾਰਤੀ ਹਾਕਮਾਂ ਵੱਲੋਂ ਇੱਕ ਵਾਰ ਫਿਰ ਮੁਲਕ ਨੂੰ ਅਮਰੀਕੀ ਸਿਆਸੀ-ਫੌਜੀ ਯੁੱਧਨੀਤੀ ਦੇ ਰੱਥ ਨਾਲ ਟੋਚਨ ਕਰਨ ਦੀ ਦਿਸ਼ਾ 'ਤੇ ਬਰਕਰਾਰ ਰਹਿਣ ਦੇ ਇਰਾਦਿਆਂ ਦਾ ਇਜ਼ਹਾਰ ਕੀਤਾ ਗਿਆ ਹੈ।

No comments:

Post a Comment