Friday, May 10, 2013

'ਕਾਫ਼ਲਾ: ਗ਼ਦਰ ਦੀ ਗੂੰਜ' ਇੱਕ ਸਮਾਗਮ ਲੜੀ

ਗ਼ਦਰ ਸ਼ਤਾਬਦੀ :
'ਕਾਫ਼ਲਾ: ਗ਼ਦਰ ਦੀ ਗੂੰਜ' ਇੱਕ ਸਮਾਗਮ ਲੜੀ
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਨੂੰ ਸਮਰਪਤ 'ਕਾਫ਼ਲਾ: ਗ਼ਦਰ ਦੀ ਗੂੰਜ' ਤੋਰਿਆ ਗਿਆ ਹੈ। ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰਾਂ ਅਤੇ ਪਲਸ ਮੰਚ ਦੀਆਂ ਇਕਾਈਆਂ ਦੇ ਮੁਖੀਆਂ ਦੀ ਅਗਵਾਈ ਵਿੱਚ ਖੁਦ ਉੱਦਮ ਕਰਕੇ ਸ਼ਤਾਬਦੀ ਨਾਲ ਜੁੜਵੇਂ ਸਰੋਕਾਰਾਂ ਨੂੰ ਮੁਖਾਤਬ ਹੁੰਦਿਆਂ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਹ ਲੜੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਅੰਦਰ ਪਹਿਲੀ ਨਵੰਬਰ ਨੂੰ ਮਨਾਏ ਜਾ ਰਹੇ 'ਮੇਲਾ ਗ਼ਦਰੀ ਬਾਬਿਆਂ ਦਾ' ਯਾਦਗਾਰੀ ਸਿਖਰ ਸਮਾਗਮ ਤੱਕ ਜਾਰੀ ਰਹੇਗੀ। 
ਇਸ ਲੜੀ ਵਿੱਚ ਲੋਕ-ਵਿਰੋਧੀ ਸਭਿਆਚਾਰ ਦੇ ਬਦਲ ਵਿੱਚ ਲੋਕ-ਪੱਖੀ ਇਨਕਲਾਬੀ ਸਭਿਆਚਾਰਕ ਬਦਲ ਤਾਂ ਪੇਸ਼ ਕੀਤਾ ਜਾਵੇਗਾ ਹੀ, ਇਸ ਤੋਂ ਹੋਰ ਅੱਗੇ ਵਧਦਿਆਂ ਮਹਾਨ ਗ਼ਦਰ ਲਹਿਰ ਦੇ ਸੁਪਨਿਆਂ ਨੂੰ ਉਜਾਗਰ ਕਰਦੇ ਸਾਹਿਤਕ/ਸਭਿਆਚਾਰਕ ਸਮਾਗਮ ਕੀਤੇ ਜਾ ਰਹੇ ਹਨ। ਪੇਸ਼ ਕਲਾ ਕਿਰਤਾਂ ਵਿੱਚ ਸਮਾਜ ਦੇ ਭਖ਼ਦੇ ਮੁੱਦਿਆਂ ਨੂੰ ਹੱਥ ਲਿਆ ਜਾ ਰਿਹਾ ਹੈ। ਗ਼ਦਰ ਪਾਰਟੀ ਦਾ ਇਤਿਹਾਸ ਅਤੇ ਇਸਦੀ ਪ੍ਰਸੰਗਕਤਾ ਉਭਾਰਨ ਲਈ ਨਵੀਆਂ ਢੁਕਵੀਆਂ ਕਲਾ ਕਿਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। 
ਪਿਛਲੇ ਢਾਈ ਦਹਾਕਿਆਂ ਤੋਂ ਵੀ ਵੱਧ ਅਰਸੇ ਤੋਂ ਪਲਸ ਮੰਚ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਰਾਤ ਭਰ ਦਾ 'ਨਾਟਕ ਅਤੇ ਗੀਤ-ਸੰਗੀਤ ਮੇਲਾ' ਵੀ ਇਸ ਵਾਰ ਗ਼ਦਰ ਸ਼ਤਾਬਦੀ ਨੂੰ ਸਮਰਪਤ ਕੀਤਾ ਗਿਆ ਹੈ। 
ਹਾਸਲ ਰਿਪੋਰਟ ਮੁਤਾਬਕ ਪਲਸ ਮੰਚ ਦੀ ਇਕਾਈ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਅਤੇ ਅਗਵਾਈ ਵਿੱਚ ਇਸ ਟੀਮ ਦੇ ਕਲਾਕਾਰਾਂ ਨੇ ਆਪਣੀ ਪਹਿਲਕਦਮੀ 'ਤੇ ਇਸ ਮੁਹਿੰਮ ਦਾ ਸ਼ਾਨਦਾਰ ਅੰਦਾਜ਼ 'ਚ ਆਗਾਜ਼ ਕੀਤਾ ਹੈ। 
ਪਿੰਡ ਧੌਲਾ, ਬੁਢਲਾਡਾ, ਧਨੌਲਾ, ਬੀਲ੍ਹਾ, ਦੱਧਾਹੂਰ ਆਦਿ ਵਿੱਚ ਇਸ ਟੀਮ ਨੇ ਲੋਕਾਂ ਤੱਕ ਪਹੁੰਚ ਕਰਕੇ ਸਫਲ ਸਮਾਗਮ ਕੀਤੇ। ਭਰਾਤਰੀ ਜੱਥੇਬੰਦੀਆਂ ਅਤੇ ਲੋਕਾਂ ਦਾ ਭਰਵਾਂ ਸਮਰਥਨ ਹਾਸਲ ਕੀਤਾ। ਨਾਟਕਾਂ, ਕੋਰਿਓਗਰਾਫੀਆਂ, ਗੀਤ-ਸੰਗੀਤ ਤੋਂ ਇਲਾਵਾ ਵੱਖ ਵੱਖ ਥਾਈਂ ਸਮਾਗਮਾਂ ਨੂੰ ਹਰਵਿੰਦਰ ਦੀਵਾਨਾ, ਰਾਜੂ ਅਤੇ ਪਲਸ ਮੰਚ ਦੇ ਪ੍ਰਧਾਨ ਅਮਲੋਕ ਸਿੰਘ ਨੇ ਸੰਬੋਧਨ ਕੀਤਾ। ਧਨੌਲਾ ਵਿਖੇ ਹੋਏ ਸਮਾਗਮ ਨੂੰ ਨੌਜਵਾਨ ਭਾਰਤ ਸਭਾ ਦੇ ਬੁਲਾਰੇ ਭੁਪਿੰਦਰ ਸਿੰਘ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ। ਨਕੋਦਰ ਖੇਤਰ ਦੇ ਪਿੰਡ ਖੀਵਾ ਵਿਖੇ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਇਨਕਲਾਬੀ ਜਨਤਕ ਜਥੇਬੰਦੀਆਂ ਦੇ ਸਾਂਝੇ ਉੱਦਮ ਨਾਲ ਸਫਲ ਸਮਾਗਮ ਹੋਇਆ। ਇਸ ਪਿੰਡ ਵਿੱਚ ਵੀ ਚੇਤਨਾ ਕਲਾ ਕੇਂਦਰ ਬਰਨਾਲਾ ਨੇ ਨਾਟਕ ਪੇਸ਼ ਕੀਤੇ ਅਤੇ ਅਮੋਲਕ ਸਿੰਘ ਨੇ ਸੰਬੋਧਨ ਕੀਤਾ। ਪਲਸ ਮੰਚ ਦੀ ਸੂਬਾ ਕਮੇਟੀ ਨੇ ਇਸ ਮੁਹਿੰਮ ਨੂੰ ਅਗਲੇ ਮਹੀਨਿਆਂ ਵਿੱਚ ਹੋਰਨਾਂ ਖੇਤਰਾਂ ਵਿੱਚ ਵੀ ਨਿੱਠ ਕੇ ਅੱਗੇ ਤੋਰਨ ਦਾ ਨਿਰਣਾ ਲਿਆ ਹੈ

No comments:

Post a Comment