Friday, May 10, 2013

ਲੁਧਿਆਣੇ 'ਚ ਪਹਿਲੀ ਮਈ ਰਾਤ ਭਰ ਨਾਟਕ ਤੇ ਗੀਤ-ਸੰਗੀਤ ਮੇਲਾ

ਗ਼ਦਰ ਸ਼ਤਾਬਦੀ ਨੂੰ ਸਮਰਪਤ: 
ਲੁਧਿਆਣੇ 'ਚ ਪਹਿਲੀ ਮਈ ਰਾਤ ਭਰ ਨਾਟਕ ਤੇ ਗੀਤ-ਸੰਗੀਤ ਮੇਲਾ
ਮਈ ਦਿਹਾੜੇ ਦੇ ਉਦੇਸ਼ਾਂ ਨੂੰ ਸਮਰਪਤ 28ਵਾਂ ਨਾਟਕ ਅਤੇ ਗੀਤ-ਸੰਗੀਤ ਮੇਲਾ ਦਰਜਨਾਂ ਪ੍ਰਭਾਵਸ਼ਾਲੀ ਕਲਾ ਕਿਰਤਾਂ ਨਾਲ ਨਵਾਂ ਸਮਾਜ ਸਿਰਜਣ ਦਾ ਸੁਨੇਹਾ ਦੇਣ 'ਚ ਸਫਲ ਰਿਹਾ। ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਮਰਦ-ਔਰਤਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਜੱਥਿਆਂ ਦੇ ਜੱਥੇ ਬਣਾ ਕੇ ਸ਼ਾਮਲ ਹੋਈ। ਮੇਲੇ ਨੂੰ ਸੰਬੋਧਨ ਕਰਦਿਆਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਜਿੱਥੇ ਗ਼ਦਰ ਲਹਿਰ ਅਤੇ ਪਹਿਲੀ ਮਈ ਕੌਮਾਂਤਰੀ ਦਿਹਾੜੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਉਹਨਾਂ ਨੇ ਇਸ ਇਤਿਹਾਸਕ ਦਿਹਾੜੇ 'ਤੇ ਸਮੂਹ ਬੁੱਧੀਜੀਵੀ ਅਤੇ ਹੋਰ ਮਿਹਨਤਕਸ਼ ਤਬਕਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਚੇਤਨ ਕਰਨ ਲਈ ਸਾਂਝੇ ਉੱਦਮ ਜੁਟਾਉਣ ਲਈ ਅੱਗੇ ਆਉਣ। 
ਵੱਖ ਵੱਖ ਨਾਟ-ਮੰਡਲੀਆਂ ਵੱਲੋਂ ਵੱਖ ਵੱਖ ਇਤਿਹਾਸਕ ਅਤੇ ਭਖਦੇ ਵਿਸ਼ਿਆਂ 'ਤੇ ਨਾਟਕ ਪੇਸ਼ ਕੀਤੇ। ਇਨਕਲਾਬੀ ਕਵੀਸ਼ਰੀ ਜੱਥਿਆਂ ਨੇ ਗੀਤ-ਸੰਗੀਤ ਰਾਹੀਂ ਸਰੋਤਿਆਂ ਉਪਰ ਜਾਦੂਮਈ ਅਸਰ ਛੱਡਿਆ। 
ਜ਼ਿਕਰਯੋਗ ਹੈ ਕਿ ਹਾੜੀ ਦੀ ਸਿਖਰਲੀ ਰੁੱਤ ਦੇ ਬਾਵਜੂਦ ਭਰਿਆ ਇਹ ਮੇਲਾ ਜਿੱਥੇ ਲੋਕਾਂ ਦੇ ਇਤਿਹਾਸ ਪ੍ਰਤੀ ਲਗਾਅ ਅਤੇ ਫਰਜ਼ਾਂ ਦੀ ਪਹਿਚਾਣ ਕਰਵਾਉਂਦਾ ਹੈ, ਉੱਥੇ ਇਨਕਲਾਬੀ ਸਭਿਆਚਾਰਕ ਭੁੱਖ ਦਾ ਇਜ਼ਹਾਰ ਵੀ ਕਰਦਾ ਹੈ।

No comments:

Post a Comment