Tuesday, November 6, 2012

ਸ਼ਹੀਦ ਮਦਨ ਲਾਲ ਢੀਂਗਰਾ ਅਤੇ ਹਾਕਮ ਜਮਾਤੀ ਸਿਆਸਤਦਾਨ

ਕੌਮੀ ਸ਼ਹੀਦ ਦੀ ਯਾਦਗਾਰ ਦਾ ਮਸਲਾ:
ਸ਼ਹੀਦ ਮਦਨ ਲਾਲ ਢੀਂਗਰਾ ਅਤੇ ਹਾਕਮ ਜਮਾਤੀ ਸਿਆਸਤਦਾਨ
ਕੌਮੀ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਉਸਾਰਨ ਦਾ ਮਸਲਾ ਪੰਜਾਬ ਸਰਕਾਰ ਅਤੇ ਲੋਕਾਂ ਦਰਮਿਆਨ ਸੰਘਰਸ਼ ਦਾ ਮੁੱਦਾ ਬਣਿਆ ਹੋਇਆ ਹੈ। ਲੋਕਾਂ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੌਜਵਾਨਾਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਸਰ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਨੂੰ ਕੌਮੀ ਵਿਰਾਸਤ ਕਰਾਰ ਦਿੱਤਾ ਜਾਵੇ ਅਤੇ ਇਸ ਥਾਂ 'ਤੇ ਕੌਮੀ ਯਾਦਗਾਰ ਦੀ ਉਸਾਰੀ ਕੀਤੀ ਜਾਵੇ। 
ਸ਼ਹੀਦ ਦਾ ਘਰ ਭੁ-ਮਾਫੀਏ ਨੇ ਖਰੀਦ ਕੇ ਢਾਹ ਦਿੱਤਾ ਹੈ। ਇਸ ਭੂ-ਮਾਫੀਏ ਨੂੰ ਚੋਟੀ ਦੇ ਰਾਜਨੀਤੀਵਾਨਾਂ ਦਾ ਸਮਰਥਨ ਪ੍ਰਾਪਤ ਹੈ। ਇਸ ਮਾਮਲੇ ਵਿੱਚ ਹਾਈਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਵੀ ਦਾਇਰ ਹੋਈ ਹੈ। ਪੜਤਾਲ ਤੋਂ ਬਾਅਦ ਹਾਈਕੋਰਟ ਨੇ ਇਸ ਘਰ ਨੂੰ ਅਤੇ ਢੀਂਗਰਾ ਦੀ ਕਿਸੇ ਵੀ ਜਾਇਦਾਦ ਨੂੰ ਵੇਚਣ 'ਤੇ ਰੋਕ ਲਗਾ ਦਿੱਤੀ। ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਛੱਬੀ ਜੁਲਾਈ ਤੋਂ ਪਹਿਲਾਂ ਪਹਿਲਾਂ ਇਸ ਘਰ ਨੂੰ ਐਕਵਾਇਰ ਕਰੇ ਅਤੇ ਇੱਕ ਸਮਾਰਕ ਵਜੋਂ ਵਿਕਸਤ ਕਰੇ। 
ਪਰ ਪੰਜਾਬ ਸਰਕਾਰ ਕੌਮੀ ਸ਼ਹੀਦ ਪ੍ਰਤੀ ਲੋਕਾਂ ਦੇ ਜਜ਼ਬਾਤਾਂ ਦੀ ਪ੍ਰਵਾਹ ਕਰਨ ਦੀ ਥਾਂ ਭੂ-ਮਾਫੀਏ ਦੀ ਹਮਾਇਤ 'ਤੇ ਆ ਉੱਤਰੀ। ਇਸਨੇ ਆਪਣੇ ਸਭਿਆਚਾਰਕ ਵਿਭਾਗ ਤੋਂ ਹਾਈਕੋਰਟ ਵਿੱਚ ਹਲਫੀਆ ਬਿਆਨ ਦੁਆ ਦਿੱਤਾ ਕਿ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਕੌਮੀ ਜਾਇਦਾਦ ਨਹੀਂ ਬਣਾਇਆ ਜਾ ਸਕਦਾ। ਇਸ ਮਸਲੇ 'ਤੇ ਪੰਜਾਬ ਵਿੱਚ ਵੱਖ ਵੱਖ ਥਾਈਂ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ ਮੁਜਾਹਰੇ ਹੋਏ ਹਨ ਅਤੇ ਸਰਕਾਰ ਦੇ ਪੁਤਲੇ ਫੂਕੇ ਗਏ ਹਨ। ਇਸ ਰਵੱਈਏ ਨੇ ਹਾਕਮ ਜਮਾਤੀ ਸਿਆਸਤਦਾਨਾਂ ਅਤੇ ਕੌਮੀ ਸ਼ਹੀਦਾਂ ਦਰਮਿਆਨ ਅਸਲ ਰਿਸ਼ਤੇ ਨੂੰ ਸਾਹਮਣੇ ਲਿਆਂਦਾ ਹੈ, ਜਿਹੜਾ ਕਈ ਵਾਰ ਸ਼ਹੀਦਾਂ ਦੇ ਬੁੱਤ ਲਾ ਕੇ, ਦਿਨ ਮਨਾ ਕੇ ਅਤੇ ਸ਼ਰਧਾਂਜਲੀਆਂ ਦੇ ਕੇ ਢਕਿਆ ਜਾਂਦਾ ਹੈ। ਐਮਰਜੈਂਸੀ ਦੌਰਾਨ ਕਾਂਗਰਸੀ ਹਾਕਮਾਂ ਨੇ ਮਦਨ ਲਾਲ ਢੀਂਗਰਾ ਦੀਆਂ ਇੰਗਲੈਂਡ ਤੋਂ ਲਿਆਂਦੀਆਂ ਅਸਥੀਆਂ ਨੂੰ ਸਿਜਦਾ ਕਰਨ ਦਾ ਪਾਖੰਡ ਰਚ ਕੇ ਸ਼ਹੀਦਾਂ ਦੇ ਵਾਰਸ ਹੋਣ ਦਾ ਖੇਖਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੇਠਾਂ ਅਸੀਂ ਉਸ ਮੌਕੇ ਹਰਭਜਨ ਸੋਹੀ ਵੱਲੋਂ ਲਿਖਿਆ ਇੱਕ ਹੱਥ ਪਰਚਾ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।  —ਸੰਪਾਦਕ

ਕਾਂਗਰਸੀ ਜੱਲਾਦਾਂ ਨੂੰ ਸ਼ਹੀਦਾਂ ਦਾ ਹੇਜ
ਗੁਲਾਮੀ ਦੀ ਜਿੱਲਤ ਦਾ ਡੰਗਿਆ ਜਦੋਂ ਕੋਈ ਹੱਥ ਜਾਬਰ ਦੇ ਗਲ ਨੂੰ ਪੈਂਦਾ ਹੈ, ਇਹ ਗੁਲਾਮ ਅੰਦਰ ਜਨਮੇ ਆਜ਼ਾਦ ਮਨੁੱਖ ਦਾ ਨਾਅਰਾ ਬੁਲੰਦ ਕਰਦਾ ਹੈ ਅਤੇ ਸ਼ਹਾਦਤ, ਆਜ਼ਾਦੀ ਦਾ ਸੰਖੇਪ ਐਲਾਨਨਾਮਾ ਬਣ ਜਾਂਦੀ ਹੈ। ਆਪਣੀ ਹਸਤੀ ਨੂੰ ਇਹਨਾਂ ਬੋਲਾਂ ਵਿੱਚ ਜਜ਼ਬ ਕਰਕੇ ਸ਼ਹੀਦ ਐਲਾਨਨਾਮੇ ਦੇ ਬੋਲਾਂ ਵਿੱਚ ਜਾਨ ਪਾਉਂਦਾ ਹੈ ਅਤੇ ਇਹਨਾਂ ਬੋਲਾਂ ਦੀ ਜਾਨਦਾਰ ਗੂੰਜ, ਕਾਲ ਤੇ ਵਿੱਥ ਦੇ ਬੰਨ੍ਹਣਾਂ ਤੋਂ ਆਜ਼ਾਦ ਹੋਈ, ਜਵਾਨ ਹਿੱਕ ਅੰਦਰ ਹਲਚਲ ਮਚਾਉਂਦੀ ਹਮੇਸ਼ਾ ਲਹਿਰਾਉਂਦੀ ਰਹਿੰਦੀ ਹੈ। ਇਸ ਮੰਗਲ ਗੂੰਜ ਨਾਲ ਬੇਦਾਰ ਹੋ ਰਹੀ ਕੌਮ ਦੀ ਕੁੱਖੋਂ ਉਹ ਲਾਲ ਜੰਮਦੇ ਹਨ, ਜਿਹੜੇ ਇਸ ਗੂੰਜ ਨੂੰ ਹਿੱਕਾਂ ਵਿੱਚ ਭਰ ਲੈਂਦੇ ਹਨ ਅਤੇ ਗੁਲਾਮਦਾਰਾਂ ਦੀ ਮਗਰੂਰੀ ਸਾਹਮਣੇ ਫਣਾਂ ਵਾਂਗ ਤਣ ਜਾਂਦੇ ਹਨ ਅਤੇ ਕੁਝ ਕੁ ਉਹ ਕਲੰਕ ਵੀ ਜੰਮ ਪੈਂਦੇ ਹਨ, ਜਿਹਨਾਂ ਦੀਆਂ ਜੀਭਾਂ ਜਰਵਾਣਿਆਂ ਅੱਗੇ ਪੂਛਾਂ ਬਣ ਕੇ ਹਿਲਦੀਆਂ ਹਨ ਅਤੇ ਸ਼ਹੀਦੀ ਬੋਲਾਂ ਦੀ ਗੂੰਜ ਨੂੰ ਦਬਾਉਣ ਲਈ ਉੱਚੀ ਭਰੜ-ਭੌਂਕ ਕਰਦੀਆਂ ਹਨ। ਇੱਕ, ਸ਼ਹੀਦ ਦੇ ਸੱਚੇ ਵਾਰਸ ਬਣ ਜੂਝਦੇ ਹਨ ਅਤੇ ਤਸੀਹਿਆਂ ਦਾ ਗਾਨਾ ਬੰਨ੍ਹਾਉਂਦੇ ਹਨ; ਦੂਜੇ, ਸ਼ਹੀਦ ਉੱਤੇ ਸੁਲਤਾਨੀ ਗਵਾਹ ਬਣ ਭੁਗਤਦੇ ਹਨ, ਅਤੇ ਜਾਬਰ ਹੁਕਮਰਾਨਾਂ ਕੋਲੋਂ ਰੁਤਬਿਆਂ, ਇਨਾਮਾਂ ਤੇ ਵਡਿਆਈਆਂ ਦੀ ਜੂਠ ਚੱਟਦੇ ਹਨ। ਸ਼ਹੀਦ ਦੇ ਵਾਰਸਾਂ ਅਤੇ ਸ਼ਹੀਦ ਦੇ ਦੋਖੀਆਂ- ਉਹਦੇ ਕਾਤਲਾਂ ਦੇ ਭਾਈਵਾਲਾਂ- ਵਿਚਾਲੇ ਲਹੂ ਦੀ ਧਾਰ ਦਾ ਸੰਨ੍ਹ ਹੈ ਅਤੇ ਤਲਵਾਰ ਦੀ ਧਾਰ ਦਾ ਲਾਂਘਾ। ਇਹ ਸੰਨ੍ਹ ਉਲੰਘ ਕੇ ਇੱਕ ਤੋਂ ਦੂਜੇ ਪਾਸੇ ਨਹੀਂ ਜਾਇਆ ਜਾ ਸਕਦਾ, ਕੋਈ ਬੇਦਾਰ ਕੌਮ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਸਕਦੀ। 
ਹਿੰਦੁਸਤਾਨੀ ਕੌਮ ਦੇ ਕਲੰਕ, ਕੌਮੀ ਸ਼ਹੀਦਾਂ ਦੇ ਕੱਟੜ ਦੋਖੀ, ਫਰੰਗੀ ਰਾਜ-ਦਰਬਾਰ ਦੇ ਮਰਾਸੀ ਅਤੇ ਅੱਜ ਦੇ ਹਾਕਮ, ਕਾਂਗਰਸੀ ਨੇਤਾ, ਅੱਜ ਕੱਲ੍ਹ, ਕੌਮ ਦੇ ਅੱਖੀਂ ਘੱਟਾ ਪਾ ਕੇ ਇਹ ਸੰਨ੍ਹ ਉਲੰਘਣ ਦੀ ਠੱਗੀ ਰਚ ਰਹੇ ਹਨ। ਪਹਿਲਾਂ, ਇਹਨਾਂ ਕਾਂਗਰਸੀ ਨੇਤਾਵਾਂ ਦੇ ਵੱਡ-ਵਡੇਰਿਆਂ ਨੇ ਕੌਮੀ ਸ਼ਹੀਦਾਂ- ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਆਦਿ ਨੂੰ ਕੌਮੀ ਲਹਿਰ ਵਿੱਚੋਂ ਛੇਕਣ ਤੇ ਮਾਰਨ ਲਈ ਨਿੰਦਿਆ-ਤੁਹਮਤ ਦਾ ਰੱਜਵਾਂ ਚਿੱਕੜ ਉਛਾਲਿਆ, ਆਪਣੇ ਭੰਡੀ-ਬਿਆਨਾਂ ਨਾਲ ਗੋਰਾ-ਸ਼ਾਹੀ ਲਈ ਇਹਨਾਂ ਕੌਮੀ ਸੂਰਮਿਆਂ ਨੂੰ ਫਾਹੇ ਲਾਉਣ ਦਾ ਕਾਰਾ ਸਹਿਲ ਬਣਾਇਆ, ਫੇਰ, ਦਹਾਕਿਆਂ-ਬੱਧੀ ਕੌਮੀ ਲਹਿਰ ਦੇ ਇਤਿਹਾਸ ਨੂੰ ਤੋੜ ਮਰੋੜ ਕੇ, 'ਸ਼ਾਂਤੀ-ਧੜੇ' ਗਾਂਧੀਵਾਦ ਦੇ ਮੀਸਣੇ ਸਿਧਾਂਤ ਦੁਆਲੇ ਬੁਣ ਕੇ ਪੇਸ਼ ਕੀਤਾ ਜਾਂਦਾ ਰਿਹਾ ਅਤੇ ਭਾਰਤੀ ਲੋਕਾਂ ਦੇ ਜੁਝਾਰੂ ਸਪੂਤਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਸ਼ਹੀਦੀਆਂ ਬੜੇ ਸਾਜਸ਼ੀ ਦੜ ਵੱਟ ਕੇ, ਆਜ਼ਾਦੀ ਦੀ ਜੰਗ ਦੇ ਅਸਲ ਨਾਇਕਾਂ ਦੀ ਯਾਦ ਨੂੰ ਕੌਮ ਦੇ ਮਨਾਂ 'ਚੋਂ ਧੁੰਦਲਾਉਣ ਤੇ ਮਿਟਾਉਣ ਦੇ ਯਤਨ ਕੀਤੇ ਜਾਂਦੇ ਰਹੇ ਅਤੇ ਹੁਣ, ਜਦੋਂ ਇਹਨਾਂ ਦੇ ਸਭ ਕੂੜੇ ਯਤਨਾਂ ਦੇ ਬਾਵਜੂਦ ਕੌਮ ਦੇ ਅਮਰ ਸ਼ਹੀਦਾਂ ਦੀ ਨੁਹਾਰ ਲੋਕਾਂ ਦੇ ਦਿਲਾਂ ਅੰਦਰ, ਖਾਸ ਕਰਕੇ ਨੌਜੁਆਨ ਤਬਕੇ ਦੇ ਦਿਲਾਂ ਅੰਦਰ, ਹੋਰ ਵੀ ਸ਼ਾਨ ਨਾਲ ਡਲ੍ਹਕ ਰਹੀ ਹੈ ਜਦੋਂ ਅਣਗਿਣਤ ਜੁਝਾਰ, ਕੌਮੀ ਸ਼ਹੀਦਾਂ ਦੇ ਸਿਰਲੱਥਪੁਣੇ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਪਰੇਰੇ, ਹਰ ਕਿਸਮ ਦੇ ਜਬਰ ਤੇ ਲੁੱਟ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਰਹੇ ਹਨ ਅਤੇ ਕਿੰਨੇ ਹੀ ਸੱਚੀ ਕੌਮੀ ਆਜ਼ਾਦੀ ਤੇ ਖੁਸ਼ਹਾਲੀ ਦੇ ਆਦਰਸ਼ ਲਈ ਜ਼ਿੰਦਾਂ ਵਾਰ ਕੇ ਸ਼ਹੀਦਾਂ ਦੀ ਰੌਸ਼ਨ ਕਤਾਰ ਲੰਮੀ ਕਰ ਚੁੱਕੇ ਹਨ ਅਤੇ ਜਦੋਂ ਜ਼ਾਲਮ ਅੰਗਰੇਜ਼-ਸ਼ਾਹੀ ਦੇ ਬਦਨਾਮ ਵਾਰਸ ਇਹ ਕੌਮ-ਧਰੋਹੀ ਤੇ ਲੋਕ-ਦੁਸ਼ਮਣ ਕਾਂਗਰਸੀ ਹੁਕਮਰਾਨ ਨਿਸ਼ੰਗ ਜਬਰ ਜ਼ੁਲਮ ਦੇ ਸਹਾਰੇ ਆਪਣੇ ਧੱਕੜ ਰਾਜ ਦੇ ਸਾਹ ਲੰਮੇ ਕਰ ਰਹੇ ਹਨ ਅਤੇ ਆਪਣੇ ਉੱਕਾ ਬੇਪਰਦ ਹੋਏ ਰਾਖਸ਼ੀ-ਰੂਪ ਨੂੰ ਢਕਣ ਲਈ ਵਾਜਬੀਅਤ ਦੀ ਕੋਈ ਲੀਹ ਲੱਭਣ ਦੇ ਤਰਲੇ ਮਾਰ ਰਹੇ ਹਨ, ਤਾਂ ਅੱਜ ਇਹ, ਬੇ-ਹਯਾਈ ਨਾਲ, ਉਹਨਾਂ ਹੀ ਕੌਮੀ ਸ਼ਹੀਦਾਂ ਦੀ ਸੁੱਚੀ ਮਹਿਮਾ ਦੀ ਆੜ ਲੈਣ ਲਈ ਸ਼ਹੀਦਾਂ ਦੀਆਂ ਅਸਥੀਆਂ ਤੇ ਯਾਦਗਾਰੀ ਵਸਤਾਂ ਪ੍ਰਤੀ ਪਾਖੰਡੀ ਸ਼ਰਧਾ ਦਿਖਾਉਣ ਦੇ ਨਿੱਤ ਨਵੇਂ ਅਡੰਬਰ ਰਚ ਰਹੇ ਹਨ। ਸ਼ਹੀਦ-ਦੋਖੀ, ਬੇ-ਗੈਰਤ ਵਡੇਰਿਆਂ ਦੀ ਔਲਾਦ ਅਤੇ ਸ਼ਹੀਦਾਂ ਦੇ ਸੱਚੇ ਵਾਰਸਾਂ ਦੇ ਕਾਤਲ ਇਹ ਕਾਂਗਰਸੀ ਹੁਕਮਰਾਨ ਆਪਣੀ ਮਲੀਨ ਛੂਹ ਨਾਲ ਸ਼ਹੀਦਾਂ ਦੀਆਂ ਅਸਥੀਆਂ ਦੀ ਬੇ-ਅਦਬੀ ਕਰ ਰਹੇ ਹਨ। ਇਹ ਸਾਡੇ ਕੌਮੀ ਸ਼ਹੀਦਾਂ ਦਾ ਅਪਮਾਨ ਹੈ, ਸਾਡੀ ਕੌਮ ਨਾਲ, ਕੌਮੀ ਸੂਝ ਨਾਲ ਭੱਦਾ ਮਜ਼ਾਕ ਹੈ। 
ਸਾਰੀਆਂ ਕੌਮੀ ਅਤੇ ਇਨਕਲਾਬੀ ਲਹਿਰਾਂ, ਜਿਹੜੀਆਂ ਆਪਣੇ ਬਾਲਗ ਦੌਰ ਅੰਦਰ ਲਖੂਖਾਂ ਲੋਕਾਂ ਨੂੰ ਹਰਕਤ ਵਿੱਚ ਲਿਆਉਂਦੀਆਂ, ਕੌਮੀ ਬਗਾਵਤ ਜਾਂ ਇਨਕਲਾਬ ਦੇ ਜੁਆਲਾਮੁਖੀ ਵਿੱਚ ਫਟਦੀਆਂ ਹਨ, ਆਪਣੀ ਬਾਲ-ਉਮਰੇ ਜਾਂ-ਬਾਜ਼ ਅੰਸ਼ਾਂ ਦੇ ਟੁੱਟਵੇਂ 'ਕਹਿਰੇ ਰੋਹ-ਫੁਟਾਰਿਆਂ ਦਾ ਪੂਰ ਜ਼ਰੂਰ ਹੰਢਾਉਂਦੀਆਂ ਹਨ। ਹੰਕਾਰੇ ਜ਼ੁਲਮ ਦਾ ਜੱਚਵਾਂ ਟਾਕਰਾ ਨਾ ਹੋਣ ਦੀ ਬਲਦੀ ਬੇਚੈਨੀ ਤੇ ਗੈਰਤ ਦੇ ਤਾਅ ਨਾਲ ਉੱਠਦੇ ਇਹ ਰੋਹ-ਫੁਟਾਰੇ, ਜਾਬਰ ਦੁਸ਼ਮਣ ਦੀ ਜੜ੍ਹ-ਪੁੱਟ ਤਬਾਹੀ ਦਾ ਸਾਧਨ ਤਾਂ ਨਹੀਂ ਹੁੰਦੇ ਪਰ ਉਸਦੇ ਅਣ-ਵੰਗਾਰੇ ਦਬਦਬੇ ਨੂੰ ਵਿੰਨ੍ਹਦੀਆਂ ਯੁੱਧ-ਲਲਕਾਰਾਂ ਜ਼ਰੂਰ ਹੁੰਦੀਆਂ ਹਨ, ਜਿਹੜੀਆਂ ਮੁਰਝਾਇਆ ਸਵੈ-ਮਾਣ ਜਗਾਉਂਦੀਆਂ ਹਨ ਅਤੇ ਦੁਸ਼ਮਣ ਅੰਦਰ ਆਉਣ ਵਾਲੇ ਤੂਫਾਨ ਦਾ ਹੌਲ ਛੱਡਦੀਆਂ ਹਨ। 
ਸਾਡੀ ਕੌਮੀ ਲਹਿਰ ਦੇ ਅਜਿਹੇ ਮੋੜ ਉੱਤੇ ਹੀ, ਸੰਨ 1909 ਵਿੱਚ, ਮਦਨ ਲਾਲ ਢੀਂਗਰਾ ਨੇ ਗੋਰਾਸ਼ਾਹੀ ਬਘਿਆੜ ਦੇ ਘੁਰਨੇ ਇੰਗਲੈਂਡ ਵਿੱਚ ਹੀ ਉਸਦੀ ਪੂਛ ਨੂੰ ਮਰੋੜਾ ਦਿੱਤਾ ਅਤੇ ਕੌਮ ਦੇ ਨਾਂ ਆਪਣਾ ਸੀਸ ਭੇਂਟ ਕਰਕੇ ਕੌਮ ਦਾ ਸਿਰ ਉੱਚਾ ਕੀਤਾ। ਚੜ੍ਹਦੀ ਸਦੀ ਦੇ ਇਹ ਵਰ੍ਹੇ 1857 ਦੀ ਜੰਗੇ-ਆਜ਼ਾਦੀ ਤੋਂ ਬਾਅਦ, ਇੱਕ ਨਵੀਂ ਕੌਮੀ ਲਹਿਰ ਦਾ ਪਹੁ-ਫੁਟਾਲਾ ਸਨ। ਬੰਗਾਲ ਦੀ ਵੰਡ ਨੇ ਬੰਗਾਲੀ ਦਿਲਾਂ ਦਿਮਾਗਾਂ ਨੂੰ ਝੰਜੋੜ ਦਿੱਤਾ ਸੀ ਅਤੇ ਉਹਨਾਂ ਅੰਦਰ ਅੰਗਰੇਜ਼ਸ਼ਾਹੀ ਵਿਰੁੱਧ ਸੁਲਘਦੀ ਨਫਰਤ 'ਬੰਦੇ-ਮਾਤਰਮ' ਦੇ ਨਾਅਰਿਆਂ ਵਿੱਚ ਗੂੰਜਣ ਲੱਗ ਪਈ ਸੀ। ਬਾਰੀਸਾਲ ਅੰਦਰ 'ਬੰਦੇ-ਮਾਤਰਸ' ਦਾ ਨਾਅਰਾ ਵੀ ਨਾ ਲਾਉਣ ਦੀ ਪਾਬੰਦੀ ਵਿੱਚ ਹੋਏ ਨਿਹੱਥੇ ਇਕੱਠ ਉੱਤੇ ਬਿਨਾ ਭੜਕਾਹਟ ਦੇ ਵਰ੍ਹੀਆਂ ਡਾਂਗਾਂ ਨੇ ਮੋੜਵੇਂ ਟਾਕਰੇ ਦਾ ਸੁਆਲ ਕੌਮੀ ਲਹਿਰ ਦੇ ਗੈਰਤਮੰਦ ਹਿੱਸਿਆਂ ਅੰਦਰ ਜ਼ੋਰ ਨਾਲ ਉਭਾਰ ਦਿੱਤਾ ਸੀ। ਏਧਰ ਪੰਜਾਬੀਆਂ ਵੱਲੋਂ ਵਧਿਆ ਹਾਲਾ ਅਤੇ ਮਾਲੀਆ ਘਟਾਉਣ ਲਈ ਅਤੇ ਅਲਾਟੀ-ਬਿੱਲ ਦੇ ਖਿਲਾਫ ਖਾੜਕੂ ਜਨਤਕ ਵਿਰੋਧ ਰਾਹੀਂ ਫਰੰਗੀ ਨੂੰ ਅਲਾਟੀ-ਬਿਲ ਵਾਪਸ ਲੈਣ 'ਤੇ ਮਜਬੂਰ ਕਰਨ ਨੇ, ਫਰੰਗੀ ਵਿਰੁੱਧ ਖਾੜਕੂ ਪੈਂਤੜੇ ਦੀ ਅਹਿਮੀਅਤ ਦਰਸਾ ਦਿੱਤੀ ਸੀ। ਕੌਮੀ ਨਾਅਰੇ ਦੇਸੀ ਬੰਬਾਂ ਵਿੱਚ ਫਟਣ ਲੱਗ ਪਏ ਸਨ। ਅਰਜ਼ਾਂ ਬੇਨਤੀਆਂ ਸੁਨਣ ਦੇ ਆਦੀ ਕੰਨ ਬੰਬਾਂ ਦੇ ਖੜਕੇ ਨਾਲ ਭਖਣ ਲੱਗ ਪਏ ਸਨ ਅਤੇ ਅੰਗਰੇਜ਼ਸ਼ਾਹੀ ਨੇ ਇਸ ਨਵੇਂ ਰੁਝਾਨ ਨੂੰ ਜੰਮਦਿਆਂ ਨੱਪਣ ਲਈ ਭਿਆਨਕ ਦਮਨ ਚੱਕਰ ਚਲਾ ਦਿੱਤਾ ਸੀ। ਅਲੀਪੁਰ ਸਾਜਿਸ਼ ਕੇਸ ਤੋਂ ਸ਼ੁਰੂ ਹੋਇਆ ਫਾਂਸੀਆਂ, ਕਾਲੇ-ਪਾਣੀਆਂ ਅਤੇ ਕਾਲ-ਕੋਠੜੀਆਂ ਦਾ ਸਿਲਸਿਲਾ ਸੈਂਕੜੇ ਸਿਰਾਂ ਤੱਕ ਫੈਲਦਾ ਹੀ ਗਿਆ ਸੀ।
ਸੰਨ 1908 ਵਿੱਚ ਖੁਦੀ ਰਾਮ ਬੋਸ, ਕਨ੍ਹਾਈ ਲਾਲ ਦੱਤਾ ਅਤੇ ਸਤਿਅਨ ਬੋਸ ਨੂੰ ਲੱਗੀ ਫਾਂਸੀ ਨੇ ਨਾ ਸਿਰਫ ਹਿੰਦੁਸਤਾਨ ਵਿੱਚ ਬਲਕਿ ਬਦੇਸ਼ਾਂ ਵਿੱਚ ਰਹਿੰਦੇ ਅਨੇਕਾਂ ਹਿੰਦੋਸਤਾਨੀ ਨੌਜਵਾਨਾਂ ਦੇ ਲਹੂ ਵਿੱਚ ਚਿਣਗਾਂ ਭਰ ਦਿੱਤੀਆਂ। ਲੰਡਨ ਅੰਦਰ ਹਿੰਦੋਸਤਾਨੀ ਵਿਦਿਆਰਥੀਆਂ ਵਿਚਲੀ ਦੇਸ਼-ਭਗਤਾਂ ਦੀ ਟੋਲੀ ਵਿੱਚੋਂ ਇੰਜਨੀਅਰਿੰਗ ਦੇ ਇੱਕ ਅਣਖੀ ਪੰਜਾਬੀ ਵਿਦਿਆਰਥੀ ਮਦਨ ਲਾਲ ਢੀਂਗਰਾ ਨੇ ਅੰਗਰੇਜ਼ ਧਾੜਵੀਆਂ ਹੱਥੋਂ ਜਿਬਾਹ ਹੋ ਰਹੀ ਲਹੂ-ਲੁਹਾਨ ਮਾਤ-ਭੂਮੀ ਨੂੰ ਮਨ ਵਿੱਚ ਚਿਤਾਰਿਆ, ''ਦੌਲਤ ਅਤੇ ਕਾਬਲੀਅਤ ਪੱਖੋਂ ਊਣੇ ਮੇਰੇ ਜਿਹੇ ਪੁੱਤਰ ਕੋਲ ਮਾਂ ਦੇ ਚਰਨਾ ਵਿੱਚ ਅਰਪਨ ਕਰਨ ਲਈ ਆਪਣੇ ਖੂਨ ਤੋਂ ਸਿਵਾ ਹੋਰ ਕੁਝ ਨਹੀਂ'' ਅਤੇ ਉਸਨੇ ਹਿੰਦੋਸਤਾਨ ਦੀ ਅੰਗਰੇਜ਼ ਹਕੂਮਤ ਵੱਲੋਂ ਲੰਡਨ ਅੰਦਰ ਹਿੰਦੋਸਤਾਨੀ ਵਿਦਿਆਰਥੀਆਂ ਉੱਤੇ ਥਾਪੇ ਵਫ਼ਾਦਾਰ ਨਿਗਰਾਨ ਕਰਜ਼ਨ ਵਿੱਲੀ ਦੇ ਸੰਘ ਥਾਣੀਂ ਰਿਵਾਲਵਰ ਦੀਆਂ ਪੰਜ ਗੋਲੀਆਂ ਲੰਘਾ ਦਿੱਤੀਆਂ। ਇੱਕ ਅੰਗਰੇਜ਼ ਭਗਤ ਹਿੰਦੋਸਤਾਨੀ ਪਾਰਸੀ ਕਵਾਸ ਲਾਲਕਾਕਾ ਕਰਜ਼ਨ ਵਿੱਲੀ ਨੂੰ ਬਚਾਉਣ ਲਈ ਮਦਨ ਲਾਲ ਢੀਂਗਰਾ ਨੂੰ ਚਿੰਬੜਿਆ ਅਤੇ ਛੇਵੀਂ ਗੋਲੀ ਉਸਦੀ ਹਿੱਕ ਵਿੱਚ ਉੱਤਰ ਗਈ। 
''ਮੇਰੇ ਵੱਲੋਂ ਵਹਾਇਆ ਗਿਆ ਗੋਰਾ ਖ਼ੂਨ, ਦੇਸ਼-ਭਗਤ ਹਿੰਦੋਸਤਾਨੀ ਜੁਝਾਰੂਆਂ ਨੂੰ ਫਾਂਸੀਆਂ ਦੇਣ ਅਤੇ ਜਲਾਵਤਨ ਕਰਨ ਦੇ ਅਣ-ਮਨੁੱਖੀ ਕਾਰਿਆਂ ਦਾ ਨਿਗੂਣਾ ਜਿਹਾ ਬਦਲਾ ਹੈ,'' ਮਦਲ ਲਾਲ ਢੀਂਗਰਾ ਫਾਂਸੀ ਦੇ ਤਖਤੇ ਤੋਂ ਗਰਜਿਆ, ''......ਮੇਰਾ ਅਕੀਦਾ ਹੈ ਕਿ ਬਦੇਸ਼ੀ ਸੰਗੀਨਾਂ ਨਾਲ ਦਬਾ ਕੇ ਰੱਖੀ ਕੌਮ ਇੱਕ ਸਦੀਵੀ ਐਲਾਨੇ-ਜੰਗ ਦੀ ਹਾਲਤ ਵਿੱਚ ਹੁੰਦੀ ਹੈ। ਕਿਉਂਕਿ ਇੱਕ ਬੇਹਥਿਆਰ ਕੀਤੀ ਨਸਲ ਲਈ ਖੁੱਲ੍ਹ-ਮ-ਖੁੱਲ੍ਹੀ ਜੰਗ ਅਸੰਭਵ ਬਣਾ ਦਿੱਤੀ ਗਈ ਹੈ, ਮੈਂ ਚਾਣਚੱਕ ਹਮਲਾ ਕੀਤਾ ਹੈ, ਕਿਉਂਕਿ ਬੰਦੂਕਾਂ ਮੇਰੀ ਪਹੁੰਚ ਤੋਂ ਬਾਹਰ ਕੀਤੀਆਂ ਹੋਈਆਂ ਸਨ, ਮੈਂ ਆਪਣਾ ਪਸਤੌਲ ਤਾਣਿਆ ਅਤੇ ਗੋਲੀ ਦਾਗ ਦਿੱਤੀ।'' ਅਦਾਲਤ ਅੰਦਰ ਅੰਗਰੇਜ਼ ਜੱਜ ਨੂੰ ਤਾੜਦਿਆਂ ਉਸਨੇ ਕਿਹਾ ਸੀ, ''ਮੈਂ ਬਦੇਸ਼ੀ ਜੂਲੇ ਤੋਂ ਮੇਰੀ ਆਪਣੀ ਮਾਤ-ਭੂਮੀ ਦੀ ਖਲਾਸੀ ਦੇ ਕਾਰਜ ਵਿੱਚ ਲੱਗਿਆ ਇੱਕ 'ਦੇਸ਼-ਭਗਤ' ਹਾਂ। ਮੇਰੀ ਬਾਬਤ 'ਕਾਤਲ' ਸ਼ਬਦ ਦੀ ਵਰਤੋਂ ਉੱਤੇ ਮੈਨੂੰ ਇਤਰਾਜ਼ ਹੈ, ਕਿਉਂਕਿ ਜੋ ਮੈਂ ਕੀਤਾ ਹੈ, ਬਿਲਕੁਲ ਜਾਇਜ਼ ਹੈ।'' ਹਿੰਦੋਸਤਾਨੀ ਲੋਕਾਂ ਨੂੰ ਅਲਵਿਦਾਈ ਸੁਨੇਹਾ ਦਿੰਦਿਆਂ ਉਹ ਬੋਲਿਆ, ''ਹਿੰਦੋਸਤਾਨ ਅੰਦਰ ਅੱਜ ਇੱਕ ਸਬਕ ਸਿੱਖਣਾ ਲੋੜੀਂਦਾ ਹੈ ਕਿ ਕਿਵੇਂ ਮਰ ਜਾਈਦਾ ਹੈ ਅਤੇ ਇਸ ਨੂੰ ਸਿਖਾਉਣ ਦਾ ਇੱਕੋ ਤਰੀਕਾ ਆਪ ਮਰ ਕੇ ਦਿਖਾਉਣਾ ਹੈ। ਇਸ ਲਈ ਮੈਂ ਮਰ ਰਿਹਾ ਹਾਂ ਅਤੇ ਆਪਣੇ ਬਲੀਦਾਨ ਦੇ ਜਲੌਅ ਵਿੱਚ ਨਿਹਾਲ-ਚਿੱਤ ਹਾਂ।''
ਹਰ ਸੱਚਾ ਦੇਸ਼ ਭਗਤ ਭਾਵੇਂ ਉਹ ਕਿਸੇ ਵੀ ਵਿਚਾਰ ਦਾ ਧਾਰਨੀ ਸੀ, ਭਾਵੇਂ ਉਹ ਆਜ਼ਾਦੀ ਦੀ ਲੜਾਈ ਅੰਦਰ ਕਿਸੇ ਵੱਖਰੇ ਪੈਂਤੜੇ ਨੂੰ ਵੱਧ ਕਾਰਗਰ ਸਮਝਣ ਵਾਲਾ ਸੀ, ਮਦਨ ਲਾਲ ਢੀਂਗਰਾ ਦੀ ਇਸ ਸੁੱਚੀ ਕੁਰਬਾਨੀ ਅੱਗੇ ਸ਼ਰਧਾ ਨਾਲ ਝੁਕ ਗਿਆ ਸੀ ਅਤੇ ਫਖ਼ਰ ਨਾਲ ਭਰ ਗਿਆ ਸੀ। ਦੂਜੇ ਬੰਨੇ ਉਸਦੇ ਪਿਤਾ ਅਤੇ ਭਰਾ ਨੇ ਉਸਨੂੰ ਐਲਾਨੀਆ ਬੇਦਾਵਾ ਦੇ ਦਿੱਤਾ ਸੀ। ਉਸ ਵੇਲੇ ਦੇ ਕਾਂਗਰਸੀ ਆਗੂਆਂ ਨੇ, ਗੋਰਾ-ਸ਼ਾਹੀ ਦੀ ਖੁਸ਼ਾਮਦ ਵਿੱਚ, ਸ਼ਹੀਦ ਮਦਨ ਲਾਲ ਢੀਂਗਰਾ ਬਾਰੇ ਜੋ ਗਾਲੀ ਗਲੋਚ ਬਕਿਆ ਉਸਨੂੰ ਜਾਣਕੇ ਹਰ ਹਿੰਦੋਸਤਾਨੀ ਦਾ ਦਿਲ ਇਹਨਾਂ ਗੰਦੇ ਅੰਡਿਆਂ ਪ੍ਰਤੀ ਘਿਰਣਾ ਅਤੇ ਕਰੋਧ ਨਾਲ ਭਰਾ ਜਾਵੇਗਾ। ਉਸ ਵੇਲੇ ਦੇ ਕਾਂਗਰਸ ਪ੍ਰਧਾਨ ਮਦਨ ਮੋਹਨ ਮਾਲਵੀਆ ਵੱਲੋਂ ਕਾਂਗਰਸ ਦੇ ਸਲਾਨਾ ਅਜਲਾਸ (1909) ਅੰਦਰ ਕੀਤੀ ਤਕਰੀਰ ਦਾ ਸਬੰਧਤ ਹਿੱਸਾ ਹੇਠਾਂ ਦਿੱਤਾ ਹੋਇਆ ਹੈ।
''ਸੱਜਣੋ,
.....ਸਾਡੇ ਦੇਸ਼ ਵਿੱਚ ਕਾਤਲਾਂ ਦੇ ਮੱਤ, ਅਰਾਜਕੀ ਵਿਚਾਰਾਂ ਦਾ ਮਨਹੂਸ ਜਨਮ ਇੱਕ ਹੋਰ ਦੁਖਦਾਈ ਮਸਲਾ ਹੈ, ਜਿਸ ਵੱਲ ਮੈਂ ਤੁਹਾਡੇ ਧਿਆਨ ਦੀ ਮੰਗ ਕਰਾਂਗਾ। (ਸੁਣੋ, ਸੁਣੋ) ਇਹ ਵੇਖ ਕੇ ਸਾਨੂੰ ਦੁੱਖ ਹੋਇਆ ਹੈ ਕਿ ਇਹ ਨਵੀਂ ਬੁਰਾਈ ਸਾਡੇ ਗ਼ਮਾਂ ਅਤੇ ਬਦਕਿਸਮਤੀ ਵਿੱਚ ਵਾਧਾ ਕਰਨ ਆਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਇੱਕ ਗੁਮਰਾਹ ਹੋਏ ਨੌਜਵਾਨ ਦੁਆਰਾ ਸਰ ਵਿਲੀਅਮ ਕਰਜ਼ਨ ਵਿੱਲੀ ਨੂੰ ਗੋਲੀ ਨਾਲ ਉਡਾਏ ਜਾਣ ਅਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਡਾਕਟਰ ਲਾਲ ਕਾਕਾ ਦੇ ਕਾਤਲ ਹੱਥੋਂ ਮਰਨ ਦੀ ਖਬਰ ਸੁਣ ਕੇ ਸਾਰਾ ਦੇਸ਼ ਸਦਮੇ ਨਾਲ ਝੰਜੋੜਿਆ ਗਿਆ ਹੈ। ਇਸ ਘ੍ਰਿਣਤ ਅਪਰਾਧ ਕਰਕੇ ਸਾਰੇ ਭਲੇ ਭਾਰਤੀ ਗ਼ਮ ਅਤੇ ਸ਼ਰਮ ਵਿੱਚ ਡੁੱਬ ਗਏ ਹਨ। ਗ਼ਮ ਇਸ ਕਰਕੇ ਕਿ ਬਿਨਾ ਕਾਰਨ, ਬਿਨਾ ਕਿਸੇ ਸਫਾਈ ਦੇ ਅਜਿਹਾ ਭਲਾ ਪੁਰਸ਼ ਮਾਰਿਆ ਜਾਣਾ, ਜਿਸ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਅਤੇ ਇਸਦੇ ਉਲਟ ਉਸ ਵਕਤ ਵੀ ਜਦੋਂ ਕਿ ਉਸ 'ਤੇ ਹਮਲਾ ਕੀਤਾ ਗਿਆ, ਕਾਤਲ ਨਾਲ ਸੱਜਣਤਾਈ ਵਰਤੀ। ਸ਼ਰਮ ਇਸ ਕਰਕੇ ਕਿ ਅਜਿਹੇ ਜ਼ਾਲਮਾਨਾ ਅਪਰਾਧ ਦਾ ਦੋਸ਼ੀ ਇੱਕ ਭਾਰਤੀ ਬਣਿਆ। ਇਸ ਖਬਰ ਦਾ ਦੁੱਖ ਵਿਆਪਕ ਅਤੇ ਡੂੰਘਾ ਸੀ। ਫਿਰ ਵੀ ਇਸ ਦੁਖਾਂਤ ਵਿੱਚ ਇੱਕ ਗੱਲ ਥੋੜ੍ਹੀ ਤਸੱਲੀ ਵਾਲੀ ਸੀ ਕਿ ਜੇ ਸਰ ਵਿਲੀਅਮ ਦੀ ਜਾਨ ਲੈਣ ਵਾਲਾ ਇੱਕ ਭਾਰਤੀ ਸੀ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲਾ ਵੀ ਇੱਕ ਭਾਰਤੀ ਹੀ ਸੀ। ਸੱਜਣੋ, ਮੈਂ ਕਾਂਗਰਸ ਦੇ ਨਾਂ 'ਤੇ ਅਤੇ ਉਸ ਵੱਲੋਂ ਸ੍ਰੀਮਤੀ ਕਰਜ਼ਨ ਅਤੇ ਡਾਕਟਰ ਲਾਲ ਕਾਕਾ ਦੇ ਪਰਿਵਾਰ ਨੂੰ ਇਸ ਦੁਖਦਾਈ ਮਾਤਮ ਵਿੱਚ ਡੂੰਘੀ ਹਮਦਰਦੀ ਪੇਸ਼ ਕਰਦਾ ਹਾਂ। (ਤਾੜੀਆਂ)
ਸੱਜਣੋ, ਸਮਝ ਨਹੀਂ ਆਉਂਦੀ ਕਿ ਮੈਂ ਇਸ ਘ੍ਰਿਣਤ, ਬੇ-ਰਹਿਮ ਅਤੇ ਫਜ਼ੂਲ ਅਪਰਾਧ ਪ੍ਰਤੀ ਨਿਫਰਤ ਕਿਨ੍ਹਾਂ ਲਫਜ਼ਾਂ ਵਿੱਚ ਜ਼ਾਹਰ ਕਰਾਂ ਜਿਹੜੀ ਕਿ ਮੇਰਾ ਯਕੀਨ ਹੈ ਅਸੀਂ ਸਾਰੇ ਹੀ ਕਰਦੇ ਹਾਂ। ਇਹ ਸੋਚ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਸਾਡੀ ਪੁਰਾਤਨ ਧਰਤੀ ਉੱਤੇ, ਜਿੱਥੇ ਸਭਿਅਕ ਮਨੁੱਖਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਸਭ ਤੋਂ ਉੱਤਮ ਚੰਗਿਆਈ ਵਜੋਂ ਅਹਿੰਸਾ- ਕਿਸੇ ਨੂੰ ਦੁੱਖ ਦੇਣ ਤੋਂ ਗੁਰੇਜ਼- ਸਿਖਾਈ ਜਾਂਦੀ ਰਹੀ ਹੈ, ਜਿੱਥੇ ਮਹਾਨ ਕਾਨੂੰਨਦਾਨ ਮੰਨੂੰ ਨੇ ਉਪਦੇਸ਼ ਦਿੱਤਾ ਕਿ ਕੋਈ ਆਦਮੀ ਅਜਿਹੇ ਜਾਨਵਰ ਨੂੰ ਵੀ ਨਾ ਮਾਰੇ, ਜੋ ਕਿਸੇ ਨੂੰ ਦੁਖੀ ਨਹੀਂ ਕਰਦਾ, ਜਿੱਥੇ ਜਾਨ ਲੈਣਾ ਇੱਕ ਵੱਡ ਪਾਪ ਗਿਣਿਆ ਜਾਂਦਾ ਹੈ, ਨੌਜਵਾਨਾਂ ਦੇ ਦਿਮਾਗ ਇੰਨੇ ਵਿਗੜ ਜਾਣ ਕਿ ਉਹ ਬਿਨਾ ਭੜਕਾਹਟ ਦੇ ਕਤਲ ਕਰਨ ਵਰਗੇ ਅਣਮਨੁੱਖੀ ਕਾਰੇ ਕਰਨ ਲੱਗ ਪੈਣ। ਅਜਿਹੇ ਅਪਰਾਧ ਕੁਝ ਸਾਲ ਪਹਿਲਾਂ ਤੱਕ ਯੂਰਪ ਦੇ ਕੁਝ ਦੇਸ਼ਾਂ ਤੱਕ ਹੀ ਮਹਿਦੂਦ ਸਨ। ਬਿਨਾ ਸ਼ੱਕ ਸਾਡੇ ਵੀ ਧਾਰਮਿਕ ਜਨੂੰਨੀਆਂ ਦੀਆਂ, ਜਿਹਨਾਂ ਨੂੰ ਗਾਜ਼ੀ ਕਿਹਾ ਜਾਂਦਾ ਹੈ, ਕੁਝ ਮਿਸਾਲਾਂ ਹਨ ਜੋ ਸਰਹੱਦ 'ਤੇ ਕਦੀ ਕਦੀ ਕਿਸੇ ਅੰਗਰੇਜ਼ ਨੂੰ ਮਾਰ ਦਿੰਦੇ ਸਨ। ਪਰ ਇਹ ਦੇਖ ਕੇ ਸਾਨੂੰ ਦੁੱਖ ਹੁੰਦਾ ਹੈ ਕਿ ਹੁਣ ਸਾਡੇ ਵਿੱਚ ਇਹ ਨਵੇਂ ਸਿਆਸੀ ਗਾਜ਼ੀ ਉੱਠੇ ਹਨ ਜੋ ਦੇਸ਼ ਲਈ ਦੁੱਖ ਤੇ ਸ਼ਰਮ ਦਾ ਨਵਾਂ ਕਾਰਨ ਬਣ ਗਏ ਹਨ। ਮੈਨੂੰ ਯਕੀਨ ਹੈ ਕਿ ਆਪਣੀ ਧਰਤੀ ਤੋਂ ਇਸ ਬੁਰਾਈ ਦੀਆਂ ਜੜ੍ਹਾਂ ਪੁੱਟਣ ਲਈ, ਅਸੀਂ ਜੋ ਵੀ ਕਰ ਸਕਦੇ ਹਾਂ ਉਹ ਕਰਨ ਦੀ ਇੱਛਾ ਬਾਰੇ ਅਸੀਂ ਸਾਰੇ ਇੱਕਮੱਤ ਹਾਂ। ਪਰ ਅਸੀਂ ਨਹੀਂ ਜਾਣਦੇ ਕਿ ਅਜਿਹਾ ਕਰਨ ਲਈ ਕੀ ਕਦਮ ਪੁੱਟੇ ਜਾਣ। ਅਸੀਂ ਵਾਰ ਵਾਰ ਇਹਨਾਂ ਅੱਤਿਆਚਾਰਾਂ ਦੀ ਨਿਖੇਧੀ ਕੀਤੀ ਹੈ, ਪਰ ਜ਼ਾਹਰ ਹੈ ਕਿ ਜਿਹੜੇ ਇਹ ਕਰਦੇ ਹਨ, ਸਾਡੇ ਅਸਰ ਦੀ ਪਹੁੰਚ ਤੋਂ ਬਾਹਰ ਚਲੇ ਗਏ ਹਨ। .........ਕਾਂਗਰਸ ਦੀ ਨੀਂਹ  ਅੰਗਰੇਜ਼ੀ ਰਾਜ ਪ੍ਰਤੀ ਵਫਾਦਾਰੀ 'ਤੇ ਟਿਕੀ ਹੋਈ ਹੈ। (ਸੁਣੋ, ਸੁਣੋ ਅਤੇ ਤਾੜੀਆਂ) ਇਹ ਸਦਾ ਹੀ ਕਾਂਗਰਸ ਦਾ ਬੁਨਿਆਦੀ ਅਸੂਲ ਰਿਹਾ ਹੈ। ਕਾਂਗਰਸ ਨੇ ਕਦੇ ਵੀ ਕੁੱਝ ਅਜਿਹਾ ਨਹੀਂ ਕੀਤਾ ਜਾਂ ਕੁੱਝ ਅਜਿਹੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਜੋ ਇਸ ਵਿਚਾਰ ਦੀ ਥੋੜ੍ਹੀ ਜਿਹੀ ਵੀ ਸਾਖੀ ਭਰੇ ਕਿ ਕਾਂਗਰਸ ਅੰਗਰੇਜ਼ੀ ਰਾਜ ਨੂੰ ਉਲਟਾਉਣਾ ਚਾਹੁੰਦੀ ਹੈ। ਮੇਰਾ ਵਿਸ਼ਵਾਸ਼ ਹੈ ਕਿ ਸੋਚਵਾਨ ਲੋਕਾਂ ਦੀ ਭਾੱਰੀ ਗਿਣਤੀ, ਮੇਰਾ ਮਤਲਬ ਉਹਨਾਂ ਤੋਂ ਹੈ ਜੋ ਇਹਨਾਂ ਸਵਾਲਾਂ ਨੂੰ ਸਮਝ ਸਕਦੇ ਹਨ, ਅੱਜ ਵੀ ਇਸ ਗੱਲ ਦੀ ਕਾਂਗਰਸ ਦੇ ਬਣਨ ਵੇਲੇ ਜਿੰਨੀ ਹੀ ਕਾਇਲ ਹੈ ਕਿ ਅੰਗਰੇਜ਼ੀ ਰਾਜ ਭਾਰਤ ਦੀ ਭਲਾਈ ਵਾਸਤੇ ਹੈ ਤੇ ਇਹ ਸਾਡੇ ਫਾਇਦੇ ਦੀ ਹੀ ਗੱਲ ਹੈ ਕਿ ਆਉਣ ਵਾਲੇ ਲੰਬੇ ਸਮੇਂ ਲਈ ਇਹ ਰਾਜ ਕਾਇਮ ਰਹੇ।  ਇਹ ਪੱਕ ਨਾਲ ਹੀ ਪੜ੍ਹੇ ਲਿਖੇ ਭਾਰਤੀਆਂ ਦੀ ਵੱਡੀ ਗਿਣਤੀ ਦੇ ਵਿਚਾਰ ਹਨ। .....ਮੈਨੂੰ ਇਸ ਗੱਲ ਦਾ ਵਿਸ਼ਵਾਸ਼ ਹੈ ਕਿ ਅੰਗਰੇਜ਼ੀ ਰਾਜ ਭਾਰਤ ਦੇ ਭਲੇ ਲਈ ਹੈ, ਸਾਡੇ ਦੇਸ਼ ਨੂੰ ਖੁਸ਼ਹਾਲੀ ਤੇ ਸ਼ਕਤੀ ਦੇ ਮੁਰਾਤਬੇ 'ਤੇ ਇੱਕ ਵਾਰ ਮੁੜ ਪਹੁੰਚਾਣ ਵਿੱਚ ਸਾਡੀ ਮੱਦਦ ਲਈ ਹੈ। ਸਾਡੇ ਦੇਸ਼ ਪ੍ਰਤੀ ਸਾਡਾ ਫਰਜ਼ ਹੀ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਇਸ ਰਾਜ ਨੂੰ ਵਫ਼ਾਦਾਰੀ ਸਹਿਤ ਪ੍ਰਵਾਨ ਕਰੀਏ।''
ਕਿੱਡੀ ਸ਼ਰਮ ਦੀ ਗੱਲ ਹੈ ਕਿ ਕੌਮੀ ਸ਼ਹੀਦ ਬਾਰੇ ਇਹ ਗੰਦੀ ਭੜਾਸ ਇੱਕ ਹਿੰਦੋਸਤਾਨੀ ਦੇ ਮੁੰਹੋਂ ਨਿਕਲੀ ਅਤੇ ਇਹ 'ਹਰਾਮੀ ਹਿੰਦੋਸਤਾਨੀ' ਸਕੂਲਾਂ-ਕਾਲਜਾਂ ਦੀਆਂ ਪਾਠ-ਪੁਸਤਕਾਂ ਅੰਦਰ 'ਕੌਮੀ ਨੇਤਾ' ਬਣਿਆ ਸਾਰੀ ਕੌਮ ਦਾ ਮੂੰਹ ਚਿੜਾ ਰਿਹਾ ਹੈ। ਅਤੇ ਅੱਜ, ਇਹ ਬੇ-ਹਯਾ ਕਾਂਗਰਸੀ ਹਾਕਮ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਦੀ ਨੁਮਾਇਸ਼ ਕਰਕੇ ਆਪਣੇ ਮੱਥੇ ਦਾ ਕਲੰਕ ਲੁਕੋਣਾ ਚਾਹੁੰਦੇ ਹਨ। ਪਰ ਸ਼ਹੀਦ ਮਦਨ ਲਾਲ ਢੀਂਗਰਾ ਦੇ ਅਸਲੀ ਵਾਰਸ ਜਾਨਾਂ ਦਾ ਮੁੱਲ 'ਤਾਰਕੇ ਅੱਜ ਵੀ ਲਹੂ ਦੀ ਧਾਰ ਦਾ ਉਹ ਬੰਨ੍ਹ ਕਾਇਮ ਰੱਖ ਰਹੇ ਹਨ ਅਤੇ ਹਿੰਦੋਸਤਾਨੀ ਲੋਕਾਂ ਦੀ ਭਰੀ ਪਰ੍ਹਾ ਅੰਦਰ ਸ਼ਹੀਦ-ਧਰੋਹੀ ਕਾਂਗਰਸੀ ਹਾਕਮਾਂ ਦੇ ਮੱਧੇ ਦੇ ਕਲੰਕ ਦੀ ਨੁਮਾਇਸ਼ ਕਰਦਿਆਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ। 
-0-

No comments:

Post a Comment