Tuesday, November 6, 2012

ਉੱਘੇ ਕਾਮੇਡੀਅਨ ਜਸਪਾਲ ਭੱਟੀ ਦੇ ਸਦੀਵੀ ਵਿਛੋੜੇ 'ਤੇ ਸ਼ੋਕ ਬਿਆਨ ਅਜਾਇਬ ਚਿਤਰਕਾਰ, (ਫ਼ਰਹਾਦ)


ਉੱਘੇ ਕਾਮੇਡੀਅਨ ਜਸਪਾਲ ਭੱਟੀ ਦੇ ਸਦੀਵੀ ਵਿਛੋੜੇ 'ਤੇ ਸ਼ੋਕ ਬਿਆਨ
'ਗੁਰਸ਼ਰਨ ਸਿੰਘ ਇਨਕਲਾਬੀ ਸਲਾਮ ਕਮੇਟੀ' ਦੇ ਕਨਵੀਨਰ ਜਸਪਾਲ ਜੱਸੀ ਨੇ ਉੱਘੇ ਕਾਮੇਡੀਅਨ ਜਸਪਾਲ ਭੱਟੀ ਦੀ ਬੇਵਕਤ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। 25 ਸਤੰਬਰ ਦੀ ਸਵੇਰ ਨੂੰ ਪ੍ਰੈਸ ਦੇ ਨਾਂ ਜਾਰੀ ਕੀਤੇ ਆਪਣੇ ਸ਼ੋਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਸ੍ਰੀ ਜਸਪਾਲ ਭੱਟੀ ਨੂੰ ਗੰਭੀਰ ਅਤੇ ਮਿਆਰੀ ਹਾਸ-ਰਸ ਅਦਾਕਾਰੀ ਦੇ ਕਲਾ-ਖੇਤਰ ਵਿੱਚ ਉਹਨਾਂ ਦੇ ਯੋਗਦਾਨ ਸਦਕਾ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਨੇ ਸਾਧਾਰਨ, ਸਸਤੀ ਅਤੇ ਲੱਚਰ ਕਾਮੇਡੀ ਦੇ ਮੁਕਾਬਲੇ ਸਮਾਜਿਕ ਸਰੋਕਾਰਾਂ ਨੂੰ ਮੁਖਾਤਬ ਹਾਸ-ਰਸ ਵਿਅੰਗ ਕਲਾ ਦੀ ਸਥਾਪਤੀ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਉਹਨਾਂ ਨੇ ਮਨੁੱਖ ਵਿਰੋਧੀ ਸਥਾਪਤ ਸਮਾਜਿਕ ਹਾਲਤਾਂ ਨੂੰ ਆਪਣੇ ਹਾਸ-ਰਸ ਵਿਅੰਗ ਦਾ ਤਿੱਖਾ ਨਿਸ਼ਾਨਾ ਬਣਾਇਆ ਅਤੇ ਇਹਨਾਂ ਨੂੰ ਸੰਨ੍ਹ ਲਾਉਣ ਦੇ ਅਗਾਂਹਵਧੂ ਯਤਨਾਂ ਵਿੱਚ ਹਿੱਸਾ ਪਾਇਆ। ਉਹਨਾਂ ਦੀ ਬੇਵਕਤ ਮੌਤ ਇੱਕ ਗੰਭੀਰ ਘਾਟਾ ਹੈ। ਫਿਲਮਾਂ ਅਤੇ ਟੀ.ਵੀ. ਦੇ ਪਰਦੇ 'ਤੇ ਸਸਤੀ ਕਾਮੇਡੀ ਦੇ ਬੋਲਬਾਲੇ ਦੇ ਇਸ ਦੌਰ ਵਿੱਚ ਜਸਪਾਲ ਭੱਟੀ ਵਰਗੇ ਗੰਭੀਰ ਕਾਮੇਡੀਅਨਾਂ ਦੀ ਲੋੜ ਹੋਰ ਵੀ ਵਧੀ ਹੋਈ ਹੈ। ਜਸਪਾਲ ਭੱਟੀ ਦੇ ਬੇਵਕਤ ਵਿਛੋੜੇ ਨਾਲ ਜੋ ਖੱਪਾ ਪਿਆ ਹੈ, ਇਸ ਨੂੰ ਪੂਰਨ ਵਿੱਚ ਸਮਾਂ ਲੱਗੇਗਾ।
ਇਸ ਦੁੱਖ ਦੀ ਘੜੀ 'ਗੁਰਸ਼ਰਨ ਸਿੰਘ ਇਨਕਲਾਬੀ ਸਲਾਮ ਕਮੇਟੀ' ਵੱਲੋਂ ਕਲਾ ਜਗਤ ਅਤੇ ਸ੍ਰੀ ਭੱਟੀ ਦੇ ਪ੍ਰਵਾਰ ਨਾਲ ਗਹਿਰੀ ਹਮਦਰਦੀ ਪ੍ਰਗਟ ਕਰਦਿਆਂ ਜਸਪਾਲ ਜੱਸੀ ਨੇ ਉਹਨਾਂ ਦੇ ਅਦਾਕਾਰ ਲੜਕੇ ਜਸਰਾਜ ਅਤੇ ਸਾਥੀ ਕਲਾਕਾਰਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। 
--------------------------------------------------------------------------------
ਪੰਜਾਬੀ ਅਤੇ ਉਰਦੂ ਦੇ ਉੱਘੇ ਲੋਕ-ਪੱਖੀ ਕਵੀ ਅਤੇ ਗਜ਼ਲਗੋ, ਅਜਾਇਬ ਚਿਤਰਕਾਰ, 2 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਲੋਕ-ਪੱਖੀ ਰਚਨਾ ਨੂੰ ਸਲਾਮ ਕਰਦੇ ਹੋਏ, ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ। -ਸੰਪਾਦਕ

ਫ਼ਰਹਾਦ

ਮੇਰਿਆਂ ਹੱਥਾਂ 'ਚ ਤੇਸਾ
ਮੇਰੀਆਂ ਬਾਹਾਂ 'ਚ ਬਿਜਲੀ
ਮੇਰੀਆਂ ਅੱਖਾਂ 'ਚ ਸੁਪਨੇ
ਮੇਰਿਆਂ ਕਦਮਾਂ 'ਚ ਤੇਜ਼ੀ
ਜਨਮ ਤੋਂ ਹੀ ਮੈਂ ਰਿਹਾ ਫ਼ਰਹਾਦ ਹਾਂ।
ਸਾਹਮਣੇ ਮੇਰੇ ਹੈ ਪਰਬਤ
ਚਿੱਟੇ ਝਾਟੇ ਵਾਲੀਆਂ ਕਿੰਨੀਆਂ ਹੀ ਸਦੀਆਂ 
ਸਾਥ ਜਿਸਦਾ ਛੱਡ ਮੋਈਆਂ,
ਅੱਜ ਵੀ ਡਟਿਆ ਹੈ ਉਵੇਂ।
ਕਿੰਨੇ ਹੀ ਵੱਡੇ ਵਡੇਰੇ 
ਅੱਜ ਮੈਂ ਜਿਨ੍ਹਾਂ ਦਾ ਵਾਰਸ
ਇਹੋ ਤੇਸਾ ਹੱਥ ਲੈ ਕੇ
ਕੱਟਦੇ ਪਰਬਤ ਰਹੇ ਹਨ, 
ਪਰ ਇਹ ਪਰਬਤ
ਜਿਸਦਾ ਹਰ ਇੱਕ ਅੰਗ ਚਟਾਨਾਂ ਬਣਿਆ
ਅੱਜ ਵੀ ਉਵੇਂ ਹੈ ਤਣਿਆ।
ਤੇਸਾ ਟਕਰਾਉਂਦਾ ਰਿਹਾ ਹੈ
ਲਾ ਲਾ ਜਰਬਾਂ ਕਾਰੀਆਂ, 
ਟੁੱਟੀਆਂ ਚਟਾਨਾਂ
ਫੁੱਟੀਆਂ ਕਈ ਚਿੰਗਾਰੀਆਂ।
ਕਈ ਸੂਰਜ ਅਸਤ ਹੋਏ
ਉੱਗੇ ਕਈ ਪਹੁ ਫੁਟਾਲੇ,
ਨੇਰ੍ਹ ਨਾਗਾਂ ਨੇ ਬੁਝਾਏ
ਮਿਹਨਤਾਂ ਦੇ ਦੀਪ ਬਾਲੇ।
ਸਾਹਮਣੇ ਮੇਰੇ ਹੈ ਪਰਬਤ
ਜਿਸਦਾ ਹਰ ਇੱਕ ਅੰਗ ਚਟਾਨਾਂ ਬਣਿਆ,
ਮੇਰੇ ਵੀ ਲੰਬੇ ਨੇ ਜੇਰੇ
ਫਖ਼ਰ ਹੈ ਮੈਨੂੰ, ਮੈਂ ਫ਼ਰਹਾਦਾਂ ਦਾ ਵਾਰਸ
ਅੱਜ ਦਾ ਫ਼ਰਹਾਦ ਹਾਂ।
ਪਿਆਰ ਜਿਸ ਸ਼ੀਰੀਂ ਦਾ ਰਚਿਆ
ਅੱਜ ਹੈ ਲੂੰ ਲੂੰ 'ਚ ਮੇਰੇ
ਮੁਸਕਣੀ ਉਸਦੀ ਦੇ ਸਾਹਵੇਂ
ਉੱਡਣੇ ਸਦੀਆਂ ਦੇ ਨੇਰ੍ਹੇ।
ਮੈਂ ਕਦੇ ਥੱਕਿਆ ਨਹੀਂ
ਮੈਂ ਕਦੇ ਥੱਕਣਾ ਨਹੀਂ
ਮੇਲ ਬਿਨ ਸ਼ੀਰੀਂ ਦੇ ਕਿਧਰੇ-
ਵੀ ਪੜਾਅ ਆਪਣਾ ਨਹੀਂ ਹੈ।
ਧੁਖ ਰਹੀ ਹੈ ਲਗਨ ਦਿਲ ਵਿੱਚ
ਕੱਟਦਾ ਜਾਵਾਂ ਚੱਟਾਨਾਂ,
ਦੁਧੀਆ ਨਹਿਰਾਂ ਵਗਾਵਾਂ
ਜਿਸਮ ਮੇਰੇ 'ਤੇ ਲੰਗਾਰਾਂ।
ਮੇਰਿਆਂ ਹੱਥਾਂ 'ਚ ਅੱਟਣ
ਮੇਰਿਆਂ ਪੈਰਾਂ 'ਚ ਛਾਲੇ
ਫੇਰ ਵੀ ਪਰ- 
ਮੇਰਿਆਂ ਹੱਥਾਂ 'ਚ ਤੇਸਾ
ਮੇਰੀਆਂ ਬਾਹਾਂ 'ਚ ਬਿਜਲੀ
ਮੇਰੀਆਂ ਅੱਖਾਂ 'ਚ ਸੁਪਨੇ
ਮੇਰਿਆਂ ਕਦਮਾਂ 'ਚ ਤੇਜੀ
ਜਨਮ ਤੋਂ ਹੀ ਮੈਂ ਰਿਹਾ ਫ਼ਰਹਾਦ ਹਾਂ।

No comments:

Post a Comment