Tuesday, November 6, 2012

ਬੀ.ਟੀ. ਕਪਾਹ ਕਿਸਾਨਾਂ ਲਈ ਨਹੀਂ, ਕੰਪਨੀਆਂ ਲਈ ਹੈ 'ਚਿੱਟਾ ਸੋਨਾ'

ਬੀ.ਟੀ. ਕਪਾਹ ਦੇ 10 ਸਾਲ :
ਬੀ.ਟੀ. ਕਪਾਹ ਕਿਸਾਨਾਂ ਲਈ ਨਹੀਂ, ਕੰਪਨੀਆਂ ਲਈ ਹੈ 'ਚਿੱਟਾ ਸੋਨਾ'
-ਸਵਤੰਤਰ ਮਿਸ਼ਰ
ਦਸ ਸਾਲ ਪਹਿਲਾਂ 2002 'ਚ ਬੀ.ਟੀ. (ਬੇਸਿਲਸ ਥੁਰਿਨਜੇਨਿਸਸ) ਕਪਾਹ ਨੂੰ ਬਹੁਤ ਸਾਰੀਆਂ ਅਜ਼ਮਾਇਸ਼ਾਂ ਤੋਂ ਬਾਦ ਭਾਰਤ ਦੇ ਕਿਸਾਨਾਂ ਦੇ ਹੱਥਾਂ 'ਚ ਸੌਂਪ ਦਿੱਤਾ ਗਿਆ। ਸੌਂਪਦੇ ਹੋਏ ਕਿਸਾਨਾਂ ਨੂੰ ਇਸ ਦੀਆਂ ਖੂਬੀਆਂ ਗਿਣਾਈਆਂ ਗਈਆਂ। ਕਿਹਾ ਗਿਆ-ਇਸ ਦੀ ਖੇਤੀ ਦੀ ਲਾਗਤ ਆਮ ਕਪਾਹ ਦੇ ਮਕਾਬਲੇ ਘੱਟ ਪਵੇਗੀ ਅਤੇ ਇਸ 'ਤੇ ਕੀਟਨਾਸ਼ਕਾਂ ਦਾ ਖਰਚਾ ਵੀ ਘੱਟ ਆਵੇਗਾ। ਪਰੰਤੂ ਨਤੀਜੇ ਵਜੋਂ ਅੱਜ ਇਸ ਕਪਾਹ ਕਾਰਨ ਕਈ ਹਜਾਰ ਕਿਸਾਨ ਆਤਮ-ਹੱਤਿਆ ਕਰਨ ਤੱਕ ਜਾ ਪਹੁੰਚੇ ਹਨ। ਇਸ ਦਾ ਸਾਫ ਕਾਰਨ ਹੈ ਕਿ ਬੀਟੀ ਕਪਾਹ ਦੀ ਖੇਤੀ ਤੇ ਬਹੁਤ ਜਿਆਦਾ ਲਾਗਤ ਆ ਰਹੀ ਹੈ ਅਤੇ ਕਿਸਾਨਾਂ ਨੂੰ ਬੈਂਕਾਂ ਤੇ ਸ਼ਾਹੂਕਾਰਾਂ ਤੋਂ ਕਰਜਾ ਲੈਣਾ ਪੈਂਦਾ ਹੈ। ਵਿਆਜ ਅਤੇ ਮੂਲਧਨ ਦਾ ਹਿਸਾਬ ਲਗਾਉਂਦੇ ਲਗਾਉਂਦੇ ਅੰਤ ਵਿੱਚ ਉਧਾਰ ਨਾ ਮੋੜ ਸਕਣ ਦੀ ਹਾਲਤ ਵਿੱਚ ਬੇਵੱਸ ਕਿਸਾਨ ਕੋਈ ਉਪਾਅ ਸੁਝਦਾ ਨਾ ਦੇਖ ਇਸ ਦੀ ਖੇਤੀ ਲਈ ਵਰਤੋਂ ਵਿਚ ਆਉਣ ਵਾਲੇ ਕੀਟਨਾਸ਼ਕਾਂ ਨੂੰ ਹੀ ਆਪਣੀ ਮੁਕਤੀ ਦਾ ਸਾਧਨ ਬਣਾ ਬਹਿੰਦਾ ਹੈ। ਇਕ ਅੰਗਰੇਜੀ ਪੱਤਰਕਾ 'ਫਰੰਟਲਾਈਨ' ਵਿਚ ਛਪੇ ਇੱਕ ਅੰਕੜੇ ਅਨੁਸਾਰ ਸਾਲ 2007 ਵਿਚ ਜਿੱਥੇ ਬੀ ਟੀ ਕਪਾਹ ਦਾ ਉਤਪਾਦਨ 560 ਕਿਲੋਗਰਾਮ ਪ੍ਰਤੀ ਹੈਕਟੇਅਰ ਹੁੰਦਾ ਸੀ, ਉਥੇ 2009 'ਚ ਇਹ ਘਟ ਕੇ ਸਿਰਫ 512 ਕਿਲੋਗਰਾਮ ਰਹਿ ਗਿਆ। ਸਾਲ 2002 'ਚ ਬੀ ਟੀ ਕਪਾਹ ਦੇ ਉਤਪਾਦਨ ਵਿਚ ਦੇਸ਼ ਭਰ 'ਚ ਕੀਟਨਾਸ਼ਕਾਂ ਤੇ 597 ਕਰੋੜ ਰੁਪਏ ਦਾ ਖਰਚਾ ਹੋਇਆ ਸੀ, ਜੋ 2009 'ਚ ਵਧ ਕੇ 791 ਕਰੋੜ ਰੁਪਏ ਸਾਲਾਨਾ ਹੋ ਗਿਆ। ਮਤਲਬ ਇਹ ਹੋਇਆ ਕਿ ਕਿਸਾਨਾਂ ਲਈ ਬੀ.ਟੀ. ਕਪਾਹ ਨੂੰ 'ਉੱਜਲਾ ਸੋਨਾ' ਦੱਸਿਆ ਗਿਆ ਸੀ, ਹਕੀਕਤ ਵਿੱਚ ਇਹ ਕਾਲੇ ਪੱਥਰ ਤੋਂ ਵੀ ਗਿਆ ਗੁਜ਼ਰਿਆ ਸਾਬਤ ਹੋਇਆ।
ਬੀ.ਟੀ. ਕਪਾਹ ਹੈ ਕੀ
ਦਰਅਸਲ, ਬੀ.ਟੀ. ਕਪਾਹ ਦੇ ਬੀਜ ਨੂੰ ਮਿੱਟੀ 'ਚ ਪਾਏ ਜਾਣ ਵਾਲੇ ਬੈਕਟੀਰੀਆ 'ਬੇਸਿਲਸ ਥੁਰਿਨ ਜੈਨਸਿਸ' ਤੋਂ ਜੀਨ ਲੈ ਕੇ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਕਰਾਈ 1 ਏਸੀ (3ry-੧13) ਦਾ ਨਾਂ ਦਿਤਾ ਗਿਆ। ਮੰਨਿਆ ਜਾਂਦਾ ਹੈ ਕਿ ਇਸ ਬੀਜ ਨੂੰ ਕੀੜੇ (ਸੁੰਡੀ) ਨੁਕਸਾਨ ਨਹੀਂ ਪਹੁੰਚਾ ਸਕਦੇ । ਪ੍ਰੰਤੂ ਕੁੱਝ ਸਾਲਾਂ ਦੇ ਦੌਰਾਨ ਹੀ ਇਸ ਜੀਨ ਤੋਂ ਤਿਆਰ ਫਸਲ ਨੂੰ ਕੀੜੇ (ਸੁੰਡੀ) ਨੁਕਸਾਨ ਪਹੁੰਚਾਉਣ ਵਿੱਚ ਸਫਲ ਹੋ ਗਏ। ਇਸ ਜੀਨ ਤੋਂ ਬੀ ਟੀ ਬੈਂਗਣ ਦੀ ਕਿਸਮ ਵੀ ਤਿਆਰ ਕੀਤੀ ਗਈ। ਸਖਤ ਵਿਰੋਧ ਹੋਣ ਕਰਕੇ ਸਰਕਾਰ ਨੇ ਇਸ ਨੂੰ ਬੀਜਣ ਦੀ ਇਜਾਜ਼ਤ ਨਹੀਂ ਦਿੱਤੀ। ਅਗਲੀ ਗੱਲ ਇਹ ਹੈ ਕਿ ਕੇਰਲ, ਮੱਧ ਪ੍ਰਦੇਸ ਅਤੇ ਬਿਹਾਰ ਰਾਜਾਂ ਵਿਚ ਬੀਟੀ ਕਪਾਹ ਦੀ ਪ੍ਰਦਰਸਨੀ ਜਾਂ ਤਜਰਬਾ ਕਰਨ ਦੀ ਇਜਾਜਤ ਨਹੀਂ ਦਿੱਤੀ ਗਈ ਸੀ। 
ਭਾਰਤ ਵਿੱਚ ਜੈਨੇਟਿਕ ਫਸਲ ਦੇ ਨਾਮ 'ਤੇ ਬੀਟੀ ਕਪਾਹ ਦੀ ਹੀ ਖੇਤੀ ਹੁੰਦੀ ਹੈ। ਬੀਟੀ ਕਪਾਹ ਦੀ ਖੇਤੀ ਭਾਰਤ ਦੇ ਕੁੱਲ ਫਸਲਾਂ ਦੀ ਖੇਤੀ ਦੇ 5% ਰਕਬੇ ਵਿੱਚ ਹੁੰਦੀ ਹੈ ਪ੍ਰੰਤੂ ਕੁੱਲ ਵਰਤੋਂ 'ਚ ਆਉਣ ਵਾਲੇ ਕੀਟਨਾਸ਼ਕਾਂ ਦਾ 55% ਹਿੱਸਾ ਇਸ ਦੀ ਖੇਤੀ ਵਿਚ ਹੀ ਖਪ ਜਾਂਦਾ ਹੈ। ਇਸ ਦੀ ਖੇਤੀ 'ਚ ਬਹੁਤ ਮਹਿੰਗੇ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ ਜਿਸ ਨਾਲ ਇਸ ਦੀ ਲਾਗਤ ਹੈਰਾਨੀਜਨਕ ਹੱਦ ਤੱਕ ਕਈ ਗੁਣਾ ਵਧ ਜਾਂਦੀ ਹੈ। ਬੀਟੀ ਕਪਾਹ ਦੀ ਖੇਤੀ 'ਤੇ ਲਗਭਗ ਦੋ-ਢਾਈ ਕਰੋੜ ਕਿਸਾਨ ਪ੍ਰੀਵਾਰ ਨਿਰਭਰ ਹਨ ਅਤੇ ਇਨ੍ਹਾਂ 'ਚੋਂ ਜਿਆਦਾਤਰ ਕਿਸਾਨ ਅਜਿਹੇ ਹਨ, ਜਿੰਨਾਂ ਕੋਲ ਦੋ ਹੈਕਟੇਅਰ ਦੋਂ ਵੀ ਘੱਟ ਜ਼ਮੀਨ ਹੈ। ਬੀਟੀ ਕਪਾਹ ਦਾ ਇੱਕ ਪੈਕਟ ਲਗਭਗ 450 ਗਰਾਮ ਦਾ ਹੁੰਦਾ ਹੈ। ਬੀਟੀ ਕਪਾਹ-1 ਦੀ ਕੀਮਤ ਪ੍ਰਤੀ ਪੈਕਟ 750 ਰੁਪਏ ਤੋਂ 825 ਰੁਪਏ ਅਤੇ ਬੀਟੀ ਕਪਾਹ-2 ਦੀ ਕੀਮਤ ਪ੍ਰਤੀ ਪੈਕਟ 925 ਤੋਂ 1050 ਰੁਪਏ ਹੁੰਦੀ ਹੈ। ਇਕ ਏਕੜ ਜ਼ਮੀਨ ਲਈ ਘੱਟ ਤੋਂ ਘੱਟ ਤਿੰਨ ਪੈਕਟ ਬੀਜ ਦੀ ਜਰੂਰਤ ਹੁੰਦੀ ਹੈ। ਪ੍ਰੰਤੂ ਹਰ ਸਾਲ ਅਖਬਾਰਾਂ 'ਚ ਇਸ ਦੀ ਕਾਲਾ ਬਾਜਾਰੀ ਦੀਆਂ ਖਬਰਾਂ ਆਉਦੀਆਂ ਰਹਿੰਦੀਆਂ ਹਨ। ਕਾਲਾ ਬਾਜਾਰ (ਬਲੈਕ 'ਚ) ਇਹ 1700 ਰੁਪਏ ਤੋਂ ਲੈ ਕੇ 2500 ਰੁਪਏ ਪ੍ਰਤੀ ਪੈਕਟ ਧੜੱਲੇ ਨਾਲ ਵਿਕਦਾ ਹੈ। ਬੀ.ਟੀ.-1 ਅਤੇ ਬੀ.ਟੀ.-2 ਦੋਨਾਂ ਕਿਸਮਾਂ ਦਾ ਵਪਾਰ ਅਮਰੀਕੀ ਬਹੁਰਾਸ਼ਟਰੀ ਕੰਪਨੀ ਮੌਨਸੈਂਟੋ ਅਤੇ ਭਰਤ 'ਚ ਉਸ ਦੀ ਭਾਈਵਾਲ ਕੰਪਨੀ ਮਹੀਕੋ ਰਲ ਕੇ ਕਰਦੀਆਂ ਹਨ। ਇਸੇ ਕਰਕੇ ਇਸ ਦੇ ਸਾਰੇ ਪੱਖਾਂ ਨੂੰ ਸਾਹਮਣੇ ਲਿਆਉਣ ਵਾਲੇ ਕਈ ਸੰਗਠਨਾਂ ਦੀ ਗੱਲ ਨੂੰ ਸਰਕਾਰ ਆਈ-ਗਈ ਕਰ ਦਿੰਦੀ ਹੈ। ਭਾਰਤ ਸਰਕਾਰ ਕਿਸ ਤਰ੍ਹਾਂ ਅਮਰੀਕਾ ਦੇ ਦਬਾਅ 'ਚ ਇਹ ਕਰਦੀ ਹੈ, ਇਸ ਦੀ ਬਹੁਤ ਵਧੀਆ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਮੌਨਸੈਂਟੋ ਨੇ ਖੁਦ ਬੀ ਟੀ-1 ਕਪਾਹ (ਬੋਲਗਾਰਡ-1) 'ਚ ਪਿੰਕ ਬਾਲਕੀੜੇ (ਬਾਲਵੌਰਮ) ਦੀ ਪ੍ਰਤੀਰੋਧੀ ਸਮਰੱਥਾ ਦੇ ਵਿਕਸਿਤ ਹੋਣ ਦੀ ਗੱਲ ਮੰਨੀ ਅਤੇ ਸਾਡੇ ਉਸ ਸਮੇਂ ਦੇ ਖੇਤੀ ਮੰਤਰੀ ਲੋਂ ਲੈ ਕੇ ਸਿਹਤ ਮੰਤਰੀ ਤੱਕ ਨੇ ਅਜਿਹਾ ਨਾ ਹੋਣ ਦਾ ਦਾਅਵਾ ਕੀਤਾ। ਕੰਪਨੀ ਨੇ ਆਪਣਾ ਪੱਤਾ ਦੁਬਾਰਾ ਸੁੱਟਿਆ (ਖੇਡਿਆ) ਅਤੇ ਕਿਹਾ ਕਿ ਅਸੀ ਬੀਟੀ ਕਪਾਹ-1 ਦੀ ਘਾਟ ਨੂੰ ਦੂਰ ਕਰ ਦਿੱਤਾ ਹੈ ਅਤੇ ਉਸ ਦੀ ਥਾਂ ਤੇ ਬੀਟੀ ਕਪਾਹ-2 (ਬੋਲਗਾਰਡ-2) ਨੂੰ ਵਿਕਸਿਤ ਕਰ ਚੁੱਕੇ ਹਾਂ। ਕਿਸਾਨ ਇਸ ਨੂੰ ਵਰਤੋਂ 'ਚ ਲਿਆਉਣ।  ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਉਸ ਨੂੰ (ਬੀਟੀ ਕਪਾਹ-2 ਨੂੰ) ਵੀ ਇਜਾਜ਼ਤ ਦੇ ਦਿੱਤੀ। ਸਾਡੇ ਨੇਤਾਵਾਂ ਨੇ ਕੰਪਨੀ ਅੱਗੇ ਗੋਡੇ ਟੇਕ ਦਿੱੱਤੇ ਅਤੇ ਕਿਹਾ ਕਿ ਸੁੰਡੀ ਲੱਗਣ ਦਾ ਕਾਰਨ 'ਰਿਫਊਜੀ' ਮਤਲਬ ਭਾਰਤ 'ਚ ਤਿਆਰ ਕੀਤੇ ਬੀਜਾਂ ਦੀ ਵਰਤੋਂ ਕਰਕੇ ਹੋਇਆ ਹੈ। ਕੰਪਨੀ ਵੀ ਇਉਂ ਹੀ ਕਹਿੰਦੀ ਹੈ, ਨਤੀਜਾ ਸਭ ਦੇ ਸਾਹਮਣੇ ਹੈ। ਮੌਨਸੈਂਟੋ ਅਤੇ ਉਸ ਦੀ ਭਾਰਤੀ ਸਹਿਯੋਗੀ ਕੰਪਨੀ ਮਹੀਕੋ ਦਿਨ-ਬ-ਦਿਨ ਮੋਟੀ ਹੁੰਦੀ ਗਈ ਉਸ ਦੀ ਵਰਤੋਂ ਕਰਨ ਵਾਲੇ ਭਾਰਤੀ ਕਿਸਾਨ ਕਮਜ਼ੋਰ। 
ਭਾਰਤ ਵਿੱਚ ਬੀਟੀ ਕਪਾਹ ਕਿਵੇਂ ਹੋਂਦ 'ਚ ਆਈ
ਮਨੁੱਖੀ ਸਭਿੱਅਤਾ ਦੇ ਇਤਿਹਾਸ ਵਿੱਚ ਪੰਜ ਹਜਾਰ ਸਾਲਾਂ ਤੋਂ ਕਪਾਹ ਦੀ ਖੇਤੀ ਹੋ ਰਹੀ ਹੈ। ਭਾਰਤ ਵਿਚ ਕਪਾਹ ਦੀ ਖੇਤੀ ਵਿਚ ਪਿਛਲੀ ਸਦੀ ਦੇ ਅੰਤਮ ਦਹਾਕੇ 'ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਮਹਾਂਰਾਸਟਰ 'ਚ ਸਥਿਤ ਮਹੀਕੋ ਹਾਈਬਰਿੱਡ ਬੀਜ ਕੰਪਨੀ ਨੇ ਅਮਰੀਕੀ ਕੰਪਨੀ ਮੌਨਸੈਂਟੋ ਨਾਲ ਭਾਈਵਾਲੀ ਕੀਤੀ। ਸਾਲ 1999 ਚ ਅਮਰੀਕੀ ਕੰਪਨੀ ਮੌਨਸੈਂਟੋ ਇੰਟਰਪ੍ਰਾਈਜਜ਼ ਤੋਂ ਮਹੀਕੋ ਬੀਟੀ ਕਾਟਨ ਲੈ ਕੇ ਭਾਰਤ ਆਈ। ਭਾਰਤ ਵਿੱਚ ਪਹਿਲਾਂ ਤੋਂ ਮੌਜੂਦ ਬਹੁਤ ਸਾਰੀਆਂ ਕਿਸਮਾਂ ਨੂੰ ਹਾਈਬ੍ਰਿਡ ਕਰਕੇ ਇੱਥੇ ਕਈ ਅੱਡ ਅੱਡ ਨਾਵਾਂ ਨਾਲ ਬੀਟੀ ਕਪਾਹ ਦੇ ਬੀਜ ਤਿਆਰ  ਕੀਤੇ। ਇਸ ਖੇਡ 'ਚ ਮਹੀਕੋ ਦੀ ਕੁੱਲ ਭਾਈਵਾਲੀ ਸਿਰਫ 26% ਹੈ। ਮਹੀਕੋ ਨੇ ਪਹਿਲੀ ਅਜ਼ਮਾਇਸ਼ 1999 'ਚ ਕੀਤੀ। ਅਗਲੇ ਸਾਲ ਜਾਣੀ 2000 'ਚ ਵੀ ਵੱਡੀ ਪੱਧਰ ਤੇ ਅਜ਼ਮਾਇਸ਼ ਕੀਤੀ ਗਈ ਅਤੇ ਸਾਲ 2001 ' ਚ ਕੰਪਨੀ ਨੂੰ ਇੱਕ ਸਾਲ ਦਾ ਹੋਰ ਮੌਕਾ ਦਿੱਤਾ ਗਿਆ। ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੁਆਰਾ ਨੈਸ਼ਨਲ ਬੌਟੈਨੀਕਲ ਰੀਸਰਚ ਇਨਸਟੀਚਿਊਟ ਨੂੰ ਇਸ ਸਿਲਸਿਲੇ 'ਚ ਖੋਜ ਕਰਨ ਲਈ ਫੰਡ ਵੀ ਮੁਹੱਈਆ ਕਰਾਏ ਗਏ। ਸਾਲ 1994 ਤੋਂ 1998 ਤੱਕ ਚੱਲੀ ਇਸ ਖੋਜ ਦਾ ਕੋਈ ਨਤੀਜਾ ਨਾ ਨਿਕਲਿਆ। ਇਸ 'ਤੇ ਸਰਕਾਰ ਦੇ ਪੰਜ ਕਰੋੜ ਰੁਪੇ ਖਰਚ ਹੋ ਗਏ। ਮੌਨਸੈਂਟੋ ਵੀ 1990 'ਚ ਇਸ ਤਕਨੀਕ 'ਤੇ ਦੋ ਕਰੋੜ ਰੁਪੈ ਖਰਚ ਕਰ ਚੁੱਕੀ ਸੀ। ਅੰਤ ਵਿਚ ਸਾਰੀਆਂ ਅਸਹਿਮਤੀਆਂ ਦੇ ਬਾਵਜੂਦ ਜੀ ਈ ਏ ਸੀ (ਜੈਨੇਟਿਕ ਇੰਜਨੀਅਰਿੰਗ ਅਪਰੂਵਲ ਕਮੇਟੀ) ਨੇ ਸਾਲ 2002 'ਚ ਇਸ ਨੂੰ ਹਰੀ ਝੰਡੀ ਦੇ ਦਿੱਤੀ। ਹਾਲਾਂ ਕਿ ਜੋ ਵਾਅਦੇ ਅਤੇ ਫਾਇਦੇ ਗਿਣਾਏ ਗਏ, ਹੌਲੀ ਹੌਲੀ ਉਹਨਾਂ ਤੋਂ ਪਰਦਾ ਉਠਣ ਲੱਗਿਆ, ਅਤੇ ਕੰਪਨੀਆਂ ਦੀ ਮੁਨਾਫਾ ਲੁੱਟਣ ਦੀ ਨੀਤ ਦਾ ਪਤਾ ਲੱਗ ਗਿਆ। 
ਮੌਨਸੈਂਟੋ ਅਤੇ ਮਹੀਕੋ ਦਾ ਪੱਖ ਪੂਰਦੀ ਸਰਕਾਰ
ਅਮਰੀਕਾ ਦੀ ਇੱਕ ਬਹੁਰਾਸ਼ਟਰੀ ਖੇਤੀ ਰਸਾਇਣਾਂ ਅਤੇ ਬੀਜਾਂ ਦਾ ਵਪਾਰ ਕਰਨ ਵਾਲੀ ਕੰਪਨੀ ਮੌਨਸੈਂਟੋ ਅਤੇ ਭਾਰਤ 'ਚ ਉਸ ਦੀ ਸਹਿਯੋਗੀ ਕੰਪਨੀ ਮਹੀਕੋ ਨੇ ਜਦੋਂ ਦੁਨੀਆਂ ਭਰ 'ਚ ਇਸ ਦਾ ਵਪਾਰ ਕਰਨਾ ਸ਼ੁਰੂ ਕੀਤਾ ਸੀ, ਉਦੋਂ ਉਹਨਾਂ ਨੇ ਇਸ ਦੀਆਂ ਜੋ ਵਿਸ਼ੇਸ਼ਤਾਵਾਂ ਗਿਣਾਈਆਂ ਸਨ, ਉਹ ਹੁਣ ਝੂਠੀਆਂ ਅਤੇ ਧੋਖਾ ਸਾਬਤ ਹੋ ਚੁੱਕੀਆਂ ਹਨ। ਸਾਲ 2009 'ਚ ਮੌਨਸੈਂਟੋ ਨੇ ਭਾਰਤ ਵਿੱਚ ਇਕ ਫੀਲਡ ਸਰਵੇਖਣ ਕਰਵਾਇਆ ਤਾਂ ਪਤਾ ਲੱਗਾ ਕਿ ਗੁਜਰਾਤ ਦੇ ਅਮਰੇਲੀ, ਭਾਵਨਗਰ, ਜੂਨਾਗੜ੍ਹ ਅਤੇ ਰਾਜਕੋਟ ਜਿਲ੍ਹਿਆਂ ਵਿੱਚ ਬੀਟੀ ਕਾਟਨ ਨੂੰ ਲੱਗਣ ਵਾਲੇ ਕੀੜੇ (ਸੁੰਡੀ) ਨੇ ਆਪਣਾ ਪ੍ਰਤੀਰੋਧੀ ਸਮਰੱਥਾ ਦਾ ਵਿਕਾਸ ਕਰ ਲਿਆ ਹੈ ਅਤੇ ਉਹ ਫਸਲਾਂ ਦਾ ਨੁਕਸਾਨ ਕਰਨ ਵਿੱਚ ਸਮਰੱਥ ਹੋ ਗਏ। ਮੌਨਸੈਂਟੋ ਨੇ ਇੱਕ ਇਸ਼ਤਿਹਾਰ ਜਾਰੀ ਕਰਕੇ ਕਿਹਾ ਕਿ ਇਸ ਵਿਚ ਕੀੜਿਆਂ (ਸੁੰਡੀਆਂ) ਦੀ ਪ੍ਰਤੀਰੋਧੀ ਸਮਰੱਥਾ ਵਿਕਸਿਤ ਹੋਣਾ ਬਹੁਤ ਸੁਭਾਵਕ ਅਤੇ ਉਮੀਦ ਦੇ ਅਨੁਕੂਲ ਹੈ। ਉਹਨਾਂ ਨੇ ਤਰਕ (ਦਲੀਲ) ਦਿੱਤਾ ਕਿ ਕਿਉਂਕਿ ਕਰਾਈ-1 ਏ ਸੀ ਪ੍ਰੋਟੀਨ ਇੱਕ ਸ਼ੁਰੂਆਤੀ ਜੈਨੇਟਿਕ ਫਸਲ ਹੈ, ਇਹ ਥੋੜ੍ਹੀ ਜਿਹੀ ਅਣ-ਵਿਕਸਿਤ ਕਿਸਮ ਹੈ। ਇਸ ਲਈ ਅਜਿਹਾ ਹੋਣਾ ਬਹੁਤ ਲਾਜ਼ਮੀ ਹੈ। ਮੌਨਸੈਂਟੋ ਨੇ ਕਿਸਾਨਾਂ ਨੂੰ ਨਾਲ ਹੀ ਇਹ ਸਲਾਹ ਦਿੱਤੀ ਕਿ ਜਰੂਰਤ ਮੁਤਾਬਕ ਰਸਾਇਣਾਂ ਦੀ ਵਰਤੋਂ ਕੀਤੀ ਜਾਵੇ (ਭਾਵ ਸਪਰੇਆਂ ਕੀਤੀਆਂ ਜਾਣ) ਅਤੇ ਕਟਾਈ ਤੋਂ ਬਾਅਦ ਖੇਤ ਵਿਚਲੀ ਰਹਿੰਦ ਖੂੰਹਦ ਅਤੇ ਜੋ ਗੰਢਾਂ ਖੁਲ੍ਹੀਆਂ ਨਹੀਂ ਹਨ ਉਹਨਾਂ ਦਾ ਉਚਿੱਤ ਢੰਗ ਨਾਲ ਪ੍ਰਬੰਧ ਕੀਤਾ ਜਾਵੇ। ਕੰਪਨੀ ਨੇ ਬੀਟੀ ਕਪਾਹ ਦੀ ਦੂਜੀ ਕਿਸਮ ਸਾਲ 2006 'ਚ ਕਰਾਈ-2 ਏ ਸੀ  ਨੂੰ ਦੋ ਪ੍ਰੋਟੀਨ ਪਾ ਕੇ ਬੋਲਗਾਰਡ-2 ਨੂੰ ਦੁਨੀਆਂ ਦੇ ਸਾਹਮਣੇ ਰੱਖਿਆ। ਕੰਪਨੀ ਦਾ ਕਹਿਣਾ ਹੈ ਕਿ ਇਸ ਕਿਸਮ ਵਿਚ ਕੀੜੇ (ਸੁੰਡੀ) ਆਪਣੀ ਪ੍ਰਤੀਰੋਧ ਸਮਰੱਥਾ ਵਿਕਿਸਤ ਨਹੀਂ ਕਰ ਸਕੇ। ਖੇਤੀ ਮਾਹਿਰ ਦੇਵਿੰਦਰ ਸ਼ਰਮਾ ਨੇ ਕੰਪਨੀ ਦੇ ਇਸ ਰਵੱਈਏ ਬਾਰੇ ਕਿਹਾ ਹੈ ਕਿ ਮੌਨਸੈਂਟੋ ਨੇ ਆਪਣੇ ਵਪਾਰ ਦਾ ਇਹੀ ਮਾਡਲ ਸਾਰੀ ਦੁਨੀਆਂ 'ਚ ਅਪਣਾਇਆ ਹੈ। ਇੱਕ ਵਾਰ ਜਦੋਂ ਬੋਲਗਾਰਡ-1 ਫੇਲ੍ਹ ਹੋ ਜਾਂਦਾ ਹੈ (ਜਾਂ ਅਸਫਲ ਹੋ ਜਾਂਦਾ ਹੈ) ਤਾਂ ਇਹ ਬੋਲਗਾਰਡ-2 ਨੂੰ ਬਾਜ਼ਾਰ ਵਿਚ ਲਿਆਉਂਦੇ ਹਨ ਅਤੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਦੇ ਹਨ। ਇਹ ਬਹੁਤ ਹੀ ਖਤਰਨਾਕ ਫੰਦਾ ਹੈ ਅਤੇ ਭਾਰਤ ਦੇ ਕਿਸਾਨ ਕੰਪਨੀ ਦੇ ਇਸ ਕਸੂਤੇ ਚੱਕਰ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਖੇਤੀ ਵਿਰਾਸਤ ਸੰਗਠਨ ਦੀ ਕਵਿਤਾ ਕਰੂੰਗਤੀ ਦਾ ਕਹਿਣਾ ਹੈ ਕਿ ਬੀਟੀ ਬੈਂਗਣ ਨੂੰ ਅਪਣਾਉਣ ਤੋਂ ਪਹਿਲਾਂ ਇਹ ਧਿਆਨ ਦੇਣਾ ਜਰੂਰੀ ਹੈ ਕਿ ਕੰਪਨੀ ਅਤੇ ਸਰਕਾਰ ਹੁਣ ਵੀ ਉਹੀ ਦਲੀਲ ਦੇ ਰਹੀ ਹੈ ਜਿਹੜੀ ਬੋਲਗਾਰਡ ਕਾਟਨ ਲਈ ਦਿੰਦੀ ਸੀ। ਸਾਲ 2009 'ਚ ਉਸ ਸਮੇਂ ਦੇ ਕੇਂਦਰੀ ਵਿਗਿਆਨ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਵਾਰ ਵਾਰ ਇਹ ਕਿਹਾ ਸੀ ਕਿ ਬੋਲਗਾਰਡ ਕਾਟਨ ਜੀ.ਐਮ. ਤਕਨੀਕ 'ਤੇ ਆਧਾਰਿਤ ਫਸਲ ਹੈ ਅਤੇ ਇਹ ਬਹੁਤ ਸਫਲ ਰਹੀ ਹੈ। ਬਾਅਦ 'ਚ ਇਸ ਕਪਾਹ ਦੇ ਸਮਰਥਨ 'ਚ ਉਸ ਸਮੇਂ ਦੇ ਕੇਂਦਰੀ ਸਿਹਤ ਮੰਤਰੀ ਏ ਰਾਮ ਦੌਸ ਵੀ ਸੁਰ ਮਿਲਾਉਂਦੇ ਦਿਖਾਈ ਦਿੱਤੇ। 
ਰਸਾਇਣ ਕੰਪਨੀਆਂ ਕੁੱਟ ਰਹੀਆਂ ਹਨ
ਅੰਨ੍ਹਾਂ ਮੁਨਾਫਾ

ਖੇਤੀ ਅਰਥਸ਼ਾਸਤਰੀ ਕੇ. ਜੈ ਰਾਮ ਨੇ ਸਾਲ 2007 ਵਿੱਚ ਪੰਜਾਬ ਦੇ ਮਾਲਵਾ ਖੇਤਰ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ 'ਕਾਊਂਟਰ ਕਰੀਏਟਸ' ਨਾਂ ਦੀ ਇੱਕ ਵੈਬਸਾਈਟ 'ਤੇ ''ਪੰਜਾਬ ਵਿੱਚ ਬੀਟੀ ਕਾਟਨ ਅਤੇ ਪੈਸੇ ਦਾ ਵਹਾਅ'' ਸਿਰ ਲੇਖ ਹੇਠ ਲਿਖਿਆ ਸੀ ਕਿ ਸਾਲ 2007 'ਚ ਪੰਜਾਬ ਦੇ ਕੁੱਲ 12729 ਪਿੰਡਾਂ 'ਚ 10249 ਫਰਟੀਲਾਈਜ਼ਰ ਵੰਡ ਏਜੰਸੀਆਂ ਮੌਜੂਦ ਸਨ। ਰਸਾਇਣ ਅਤੇ ਕੀਟਨਾਸ਼ਕਾਂ ਦਾ ਵਪਾਰ ਕਰਨ ਵਾਲੀਆਂ 17 ਕੰਪਨੀਆਂ ਇੱਥੇ ਮੁਨਾਫਾ ਕਮਾਉਣ ਵਿਚ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿਚ ਨੋਬਾਰਟਿਸ ਅਤੇ ਇਨਸੈਕਟੀਸਾਈਡਜ਼ ਇੰਡੀਆ ਲਿਮਟਿਡ ਦੋ ਵੱਡੀਆਂ ਕੰਪਨੀਆਂ ਸਨ। ਇਹ ਕੰਪਨੀਆਂ ਇੱਕ ਸੀਜ਼ਨ ਵਿੱਚ 10 ਹਜ਼ਾਰ ਲਿਟਰ ਰਸਾਇਣ ਵੇਚ ਲੈਂਦੀਆਂ ਹਨ। ਇੱਕ ਲਿਟਰ 450 ਰੁਪਏ ਦਾ ਆਉਂਦਾ ਹੈ। ਡੀਲਰ ਦਾ ਹਿੱਸਾ ਇਕ ਲਿਟਰ ਵਿਚ 115 ਰੁਪਏ ਬੈਠਦਾ ਸੀ । ਕੇ. ਜੈ ਰਾਮ ਦੇ ਮੁਤਾਬਿਕ, ਕਿਸਾਨ ਇਕ ਸੀਜਨ ਵਿਚ 17 ਤੋਂ 34 ਵਾਰ ਰਸਾਇਣਾਂ ਦਾ ਛਿੜਕਾ ਕਰਦੇ ਹਨ। ਕਪਾਹ ਦੇ ਇਕ ਸੀਜਨ ਵਿਚ ਰਸਾਇਣਾਂ ਦੇ ਛਿੜਕਾ 'ਤੇ ਪ੍ਰਤੀ ਏਕੜ ਤਿੰਨ-ਚਾਰ ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। 
ਹੁਣ ਭਾਰਤ ਦੇ ਕੁੱਲ ਅੱਠ ਰਾਜਾਂ-ਪੰਜਾਬ, ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਿੱਚ ਇਸ ਦੀ ਖੇਤੀ ਹੁੰਦੀ ਹੈ। ਹਰ ਥਾਂ ਅੱਡ-ਅੱਡ ਨਾਵਾਂ ਨਾਲ ਬੀਟੀ ਕਾਟਨ ਅਤੇ ਹਾਈਬ੍ਰਿਡ ਬੀਜਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਇਸ ਫਸਲ ਨੂੰ 162 ਤਰ੍ਹਾਂ ਦੇ ਕੀੜਿਆਂ ਦੀਆਂ ਨਸਲਾਂ ਨੁਕਸਾਨ ਪਹੁੰਚਾ ਸਕਦੀਆਂ ਹਨ, ਜਿਸ ਵਿਚ 15 ਪ੍ਰਮੁੱਖ ਹਨ। ਬੀਜ ਬੀਜਣ ਤੋਂ ਲੈ ਕੇ ਚੁਗਾਈ ਤੱਕ ਕਿਸੇ ਵੇਲੇ ਵੀ ਕੀੜੇ ਇਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਕਾਰਨ 50-60 ਫੀ ਸਦੀ ਝਾੜ ਘਟ ਸਕਦਾ ਹੈ। ਫਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਭਾਰਤ ਵਿਚ ਕੁਲ 28 ਅਰਬ ਰੁਪਏ ਦੇ ਕੀਟਨਾਸ਼ਕਾਂ ਦੀ ਵਰਤੋਂ ਇੱਥੇ ਹੁੰਦੀ ਹੈ। ਕਪਾਹ ਦੀ ਖੇਤੀ ਨੂੰ ਬਚਾਉਣ ਲਈ ਕੁੱਲ 16 ਅਰਬ ਰੁਪਏ ਦੇ ਬਰਾਬਰ ਕੀਟਨਾਸ਼ਕਾਂ ਦੀ ਵਰਤੋਂ ਇੱਥੇ ਹੁੰਦੀ ਹੈ। ਬੀਟੀ ਕਾਟਨ ਨੂੰ 'ਬਾਲਵਰਮ' ਤੋਂ ਬਚਾਉਣ ਲਈ ਇੱਥੇ ਸਾਲਾਨਾ 11 ਅਰਬ ਰੁਪਏ ਦੇ ਕੀਟਨਾਸ਼ਕਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।  ਕਪਾਹ ਦੀ ਕੁੱਲ ਖੇਤੀ ਵਿਚ 81% ਰਕਬੇ 'ਤੇ ਬੀਟੀ ਕਪਾਹ ਦੀ ਪੈਦਾਵਰ ਹੋ ਰਹੀ ਹੈ। 
ਰਸਾਇਣਾਂ ਦੀ ਵਰਤੋਂ ਨਾਲ ਮਾਲਵਾ ਖੇਤਰ ਵਿਚ ਕੈਂਸਰ ਦਾ ਪਸਾਰਾ
ਬੀਟੀ ਕਪਾਹ ਦੀ ਖੇਤੀ ਵਿਚ ਵਰਤੇ ਜਾਣ ਵਾਲੇ ਬੇਹਿਸਾਬ ਰਸਾਇਣਾਂ ਅਤੇ ਕੀਟਨਾਸ਼ਕਾਂ ਕਾਰਨ ਮਨੁੱਖੀ ਜੀਵਨ 'ਤੇ ਬਹੁਤ ਸਾਰੇ ਭੈੜੇ ਅਸਰ ਸਾਫ ਦੇਖੇ ਜਾ ਸਕਦੇ ਹਨ। ਵਿਸ਼ੇਸ ਕਰਕੇ ਪੰਜਾਬ ਵਿਚ ਇਸ ਦਾ ਜਬਰਦਸਤ ਭੈੜਾ ਅਸਰ ਦਿਸ ਰਿਹਾ ਹੈ। ਪੰਜਾਬ ਵਿੱਚ ਬੀਟੀ ਕਪਾਹ ਦੀ ਖੇਤੀ ਮੁੱਖ ਤੌਰ'ਤੇ ਚਾਰ ਜਿਲ੍ਹਿਆਂ ਬਠਿੰਡਾ, ਮੁਕਤਸਰ, ਫਰੀਦਕੋਟ ਅਤੇ ਫਿਰੋਜਪੁਰ ਵਿਚ ਹੁੰਦੀ ਹੈ। ਇੱਥੇ ਬੀਟੀ ਕਪਾਹਦੀ ਫਸਲ ਨੂੰ ਪਿੰਕ ਬਾਲਵਾਰਮ (ਮਿਲੀ ਬੱਗ) ਤੋਂ ਬਚਾਉਣ ਲਈ ਪ੍ਰੋਫੇਨਾਸ ਨਾਂ ਦੇ ਰਸਾਇਣ ਦੀ ਧੂੰਆਂਧਾਰ ਵਰਤੋਂ ਹੋ ਰਹੀ ਹੈ, ਜਿਸ ਨਾਲ ਇਥੋਂ ਦਾ ਜਮੀਨ ਹੇਠਲਾ ਪਾਣੀ ਪ੍ਰਦੂਸ਼ਤ ਹੋ ਰਿਹਾ ਹੈ। ਇਥੋਂ ਦੇ ਪਾਣੀ ਵਿੱਚ ਭਾਰੀ ਧਾਤਾਂ ਆਰਸੈਨਿਕ, ਯੂਰੇਨਅਮ, ਲੈੱਡ ਅਤੇ ਫਲੋਰਾਈਡ ਦੀ ਵੱਡੀ ਮਾਤਰਾ ਮੌਜੂਦ ਹੈ। ਇਸ ਤੱਥ ਦੀ ਪੁਸ਼ਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ (ਸੀ.ਐਸ.ਈ) ਨਵੀਂ ਦਿੱੱਲੀ ਸਮੇਤ ਸਿਹਤ ਅਤੇ ਸਮਾਜਿਕ ਮੁੱਦਿਆਂ 'ਤੇ ਕੰਮ ਕਰਨ ਵਾਲੀ ਕਈ ਸੰਸਥਾਵਾਂ ਦੇ ਸਰਵੇਖਣਾਂ ਤੋਂ ਸਾਹਮਣੇ ਆ ਚੁੱਕੀ ਹੈ। ਸੀ ਐਸ ਈ ਨੂੰ ਇਸ ਇਲਾਕੇ ਦੇ ਮਨੁੱਖਾਂ ਦੇ ਖੂਨ ਦੇ ਨਮੂਨਿਆਂ ਵਿਚ ਆਰਸੈਨਿਕ ਅਤੇ ਯੂਰੇਨੀਅਮ ਮਿਲਿਆ ਹੈ। ਇੱਥੇ ਚਮੜੀ ਸਬੰਧੀ ਰੋਗ, ਛੋਟੀ ਉਮਰ 'ਚ ਗੰਜਾਪਣ ਸਮੇਤ ਕਈ ਅਜਿਹੇ ਰੋਗ ਬਹੁਤ ਸਧਾਰਨ ਹੋ ਗਏ ਹਨ। ਕੈਂਸਰ ਇੰਨਾ ਆਮ ਹੋ ਗਿਆ ਹੈ ਕਿ ਬਠਿੰਡੇ ਤੋਂ 'ਕੈਂਸਰ ਐਕਸਪ੍ਰੈਸ' ਨਾਂ ਦੀ ਇਕ ਗੱਡੀ ਹਰ ਰੋਜ ਬੀਕਾਨੇਰ ਨੂੰ ਜਾਂਦੀ ਹੈ। ਬੀਕਾਨੇਰ ਵਿਚ ਇੱਕ ਸਰਕਾਰੀ ਕੈਂਸਰ ਹਸਪਤਾਲ ਹੈ, ਜਿੱਥੇ ਬਹੁਤ ਸਸਤਾ ਇਲਾਜ ਕੀਤਾ ਜਾਂਦਾ ਹੈ। ਨਿਸ਼ਚਿਤ ਤੌਰ 'ਤੇ ਇਹ ਇਥੋਂ ਦੇ ਲਈ ਇੱਕ ਰਾਹਤ ਵਾਲੀ ਗੱਲ ਹੈ। ਬਠਿੰਡੇ ਦੇ ਪੂਹਲੀ ਪਿੰਡ ਦੇ ਇਕ ਕਿਸਾਨ ਦਾ ਕਹਿਣਾ ਹੈ ਕਿ ਇਥੇ ਰਸਾਇਣਾਂ ਦਾ ਛਿੜਕਾਅ ਬਹੁਤ ਵੱਡੀ ਪੱਧਰ 'ਤੇ, ਖਾਸ ਕਰਕੇ ਬੀਟੀ ਕਾਟਨ ਲਈ ਕੀਤਾ ਜਾਂਦਾ ਹੈ ਜਦੋਂ ਕਿ ਪਹਿਲਾਂ ਇੱਥੇ ਐਲ. ਐਸ ਸਿਲੈਕਸ਼ਨ (ਲਾਭ ਸਿੰਘ ਸਿਲੈਕਸ਼ਨ) ਬੀਜ ਚਲਦਾ ਸੀ, ਜੋ ਬਹੁਤ ਸਸਤਾ ਸੀ। ਦਰਅਸਲ, ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਇਕ ਕਿਸਾਨ ਲਾਭ ਸਿੰਘ ਨੇ ਕਪਾਹ ਦੇ ਚੰਗੇ ਬੀਜ ਹਾਬ੍ਰਿਡ ਤਕਨੀਕ ਨਾਲ ਵਿਕਸਿਤ ਕੀਤੇ ਸਨ। ਇਹ ਬੀਜ ਬਹੁਤ ਸਸਤਾ ਹੁੰਦਾ ਸੀ ਅਤੇ ਨਾਲ ਹੀ ਇਸ ਨੂੰ ਜਿਆਦਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਦੀ ਜਰੂਰਤ ਵੀ ਨਹੀ ਹੁੰਦੀ ਸੀ।
ਖੇਤਾਂ ਵਿਚ ਸੋਨਾ ਨਹੀਂ, 
ਫਸਲ ਉਗਾਉਣ ਦੀ ਇੱਛਾ ਹੋਵੇ

ਦਰਅਸਲ, ਭਾਰਤ ਵਿਚ 1990-91 ਵਿੱਚ ਜਦੋਂ ਨਵੀਆਂ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਗਿਆ, ਉਦੋਂ ਇਸ ਦੇ ਚਮਕਦੇ ਚਿਹਰੇ ਪਿੱਛੇ ਲੁਕੇ ਨੁਕੀਲੇ ਅਤੇ ਜ਼ਹਿਰੀਲੇ ਦੰਦਾਂ ਨੂੰ ਅਸੀਂ ਅਣਡਿਠ ਕਰ ਦਿੱਤਾ। ਭਾਰਤ ਵਿਚ ਨਵੀਂ ਆਰਥਕ ਉਦਾਰੀਕਨ ਦੀ ਨੀਤੀ ਦੇ ਸਿੱਟੇ ਵਜੋਂ ਪੂੰਜੀਵਾਦੀ ਵਿਵਸਥਾ ਅਤੇ ਉਸ ਦੀ ਦਲਾਲੀ ਕਰਨ ਵਾਲਿਆਂ ਨੂੰ ਇਸ ਵਿੱਚ ਆਪਣਾ ਫਾਇਦਾ ਸਾਫ ਦਿਖਾਈ ਦੇ ਰਿਹਾ ਸੀ। ਮੁਨਾਫਾ ਕਮਾਉਣ ਦੇ ਮੌਕੇ ਵਜੋਂ ਉਹਨਾਂ ਨੂੰ ਹਜ਼ਾਰਾਂ ਰਸਤੇ ਖੁਲ੍ਹਦੇ ਦਿਖਾਈ ਦੇ ਰਹੇ ਸਨ। ਦੇਸ਼ ਦੀਆਂ ਸਾਰੀਆਂ ਲੋਕ ਪੱਖੀ ਪਾਰਟੀਆਂ ਅਤੇ ਪ੍ਰਗਤੀਸ਼ੀਲ ਸਮਾਜਵਾਦੀ ਸੰਗਠਨਾ ਦੇ ਵਿਰੋਧ ਦੇ ਬਾਵਜੂਦ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਸਾਹਮਣੇ ਸਾਡੇ ਹੁਕਮਰਾਨ ਬੇਵੱਸ ਦਿਖਾਈ ਦੇ ਰਹੇ ਸਨ। ਉਹਨਾਂ ਨੇ ਜਨਤਾ ਦੀ ਨੌਕਰੀ ਛੱਡ ਕੇ ਵਿਸ਼ਵ ਬੈਂਕ, ਆਈ.ਐਮ.ਐਫ. ਅਤੇ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਨੌਕਰੀ ਮਨਜੂਰ ਕਰ ਲਈ। ਇਹਨਾਂ ਨੀਤੀਆਂ ਨੇ ਸਾਡੇ ਪ੍ਰੰਰਾਗਤ ਢੰਗ ਤਰੀਕਿਆਂ ਦਾ ਵਿਨਾਸ਼ ਕਰਕੇ ਹਰ ਚੀਜ ਨੂੰ ਮੁਨਾਫਾ ਕਮਾਉਣ ਦੀ ਮਸ਼ੀਨ 'ਚ ਬਦਲ ਦਿੱਤਾ। ਖੇਤੀ, ਕਿਸਾਨੀ, ਸਿਖਿਆ, ਸਿਹਤ, ਸਾਰੇ ਖਤੇਰਾਂ ਨੂੰ ਕਾਰਖਾਨਿਆਂ ਵਿੱਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਸਰਕਾਰ ਨੇ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਤੋਂ ਹੱਥ ਖਿੱਚਣਾ ਸੁਰੂ ਕਰ ਦਿਤਾ ਅਤੇ ਸਿੱਟਾ ਇਹ ਨਿਕਲਿਆ ਕਿ ਹੁਣ ਹਰ ਖੇਤਰ ਵਿਚ ਨਿੱਜੀ ਕੰਪਨੀਆਂ ਨੇ ਘੁਸਪੈਂਠ ਵਧਾ ਲਈ ਹੈ। ਵਾਹੀਯੋਗ ਜਮੀਨ ਤੇ ਹਾਊਸਿੰਗ ਪ੍ਰੋਜੈਕਟ ਅਤੇ ਕਾਰਖਾਨੇ ਲਗਾਏ ਜਾ ਰਹੇ ਹਨ। ਖੇਤੀ ਵਾਲੀ ਜ਼ਮੀਨ ਵਿਸ਼ੇਸ਼ ਆਰਥਕ ਜੋਨਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਖੇਤਾਂ ਵਿੱਚ ਪ੍ਰੰਪਰਾਗਤ ਅਨਾਜ ਦੀ ਥਾਂ 'ਤੇ ਵਪਾਰਕ ਫਸਲਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਇਸ ਖੇਡ 'ਚ ਕੇਂਦਰ ਸਰਕਾਰ ਤੋਂ ਲੈ ਕੇ ਰਾਜ ਸਰਕਾਰਾਂ ਵੀ ਸ਼ਾਮਲ ਹਨ। ਇਸੇ ਸਾਲ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਬੀਟੀ ਕਪਾਹ ਦਾ ਘੱਟੋ ਘੱਟ ਸਮਰਥਨ ਮੁੱਲ ਝੋਨੇ ਨਾਲੋਂ 20 ਫੀਸਦੀ ਜਿਆਦਾ ਦੇਣ ਦਾ ਫੈਸਲਾ ਲਿਆ। ਨਤੀਜਾ ਇਹ ਹੋਇਆ ਕਿ ਹਰਿਆਣੇ ਵਿੱਚ ਬੀਟੀ ਕਪਾਹ ਦੇ ਰਕਬੇ ਵਿਚ 19 ਫੀ ਸਦੀ ਅਤੇ ਪੰਜਾਬ ਵਿਚ 16 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਹਾਲਤ 'ਚ ਖੇਤੀ-ਕਿਸਾਨੀ ਬਚਾਉਣ ਅਤੇ ਖੁਰਾਕ ਸੁਰੱਖਿਆ ਦੇ ਨਾਅਰੇ ਮਾਰਨਾ ਬੇਮਾਅਨੀ ਗੱਲ ਜਿਆਦਾ ਪ੍ਰਤੀਤ ਹੁੰਦੀ ਹੈ। ('ਨਾਗਰਿਕ' 'ਚੋਂ ਧੰਨਵਾਦ ਸਹਿਤ)

No comments:

Post a Comment