Tuesday, November 6, 2012

ਨਿਗਮੀਕਰਨ ਪਿੱਛੋਂ ਬਿਜਲੀ ਕੁਨੈਕਸ਼ਨ ਦਰਾਂ ਵਿੱਚ ਵਾਧਾ


ਨਿਗਮੀਕਰਨ ਪਿੱਛੋਂ ਬਿਜਲੀ ਕੁਨੈਕਸ਼ਨ ਦਰਾਂ ਵਿੱਚ ਵਾਧਾ
ਸੂਬਾਈ ਹਾਕਮਾਂ ਵੱਲੋਂ ਲੋਕ ਦੁਸ਼ਮਣ ਆਰਥਿਕ ਕਦਮਾਂ ਦੀ ਤੇਜ਼ ਰਫਤਾਰ ਲੜੀ ਜਾਰੀ ਹੈ। ਇਸੇ ਲੜੀ ਤਹਿਤ ਬਿਜਲੀ ਕੁਨੈਕਸ਼ਨ ਦਰਾਂ ਵਿੱਚ ਵਾਧੇ ਦਾ ਕਦਮ ਲਿਆ ਗਿਆ ਹੈ। ਇਹ ਕਦਮ ਬਿਜਲੀ ਬੋਰਡ ਦੇ ਨਿਗਮੀਕਰਨ ਤੋਂ ਬਾਅਦ ਲਿਆ ਗਿਆ ਹੈ। ਇਸ ਕਦਮ ਨੇ ਸਾਬਤ ਕੀਤਾ ਹੈ ਕਿ ਨਿਗਮੀਕਰਨ ਰਾਹੀਂ ਪੰਜਾਬ ਰਾਜ ਬਿਜਲੀ ਬੋਰਡ ਦਾ ਸੰਕਟ ਹੱਲ ਕਰਨ ਦੇ ਦਾਅਵੇ ਦੰਭੀ ਅਤੇ ਥੋਥੇ ਹਨ। ਕਰਜ਼ਈ ਪਾਵਰਕਾਮ ਵੱਲੋਂ ਸੰਕਟ ਦਾ ਭਾਰ ਲੋਕਾਂ 'ਤੇ ਲੱਦਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਸਦੀ ਖਜ਼ਾਨੇ ਰਾਹੀਂ ਕਾਰਪੋਰੇਸ਼ਨਾਂ ਦੀ ਆਰਥਿਕ ਬੰਦਖਲਾਸੀ ਦੀਆਂ ਵਿਉਂਤਾਂ ਕੇਂਦਰੀ ਪੱਧਰ 'ਤੇ ਹੀ ਬਣ ਰਹੀਆਂ ਹਨ।
ਘਰੇਲੂ ਖਪਤ ਲਈ ਹੁਣ ਇੱਕ ਕਿਲੋਵਾਟ ਤੱਕ ਦਾ ਕੁਨੈਕਸ਼੍ਰਨ ਲੈਣ ਲਈ 300 ਰੁਪਏ ਦੀ ਬਜਾਏ 375 ਰੁਪਏ ਫੀਸ ਅਦਾ ਕਰਨੀ ਪਵੇਗੀ। ਇੱਕ ਤੋਂ ਤਿੰਨ ਕਿਲੋਵਾਟ ਤੱਕ ਦੇ ਕੁਨੈਕਸ਼ਨ ਲਈ 361 ਰੁਪਏ ਦੀ ਥਾਂ 450 ਰੁਪਏ ਅਦਾ ਕਰਨੇ ਪੈਣਗੇ। ਇਉਂ ਹੀ ਗੈਰ ਰਿਹਾਇਸ਼ੀ ਸਪਲਾਈ, ਔਸਤ ਸਪਲਾਈ ਅਤੇ ਵੱਡੀ ਸਪਲਾਈ ਲਈ ਕੁਨੈਕਸ਼ਨ ਦਰਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਦਰਮਿਆਨੇ ਸਨਅੱਤਕਾਰਾਂ ਅਤੇ ਦੁਕਾਨਦਾਰਾਂ ਨੂੰ ਹੁਣ ਕੁਨੈਕਸ਼ਨ ਹਾਸਲ ਕਰਨ ਲਈ ਦੁੱਗਣੀ ਤੋਂ ਵੱਧ ਰਕਮ ਖਰਚਣੀ ਪਵੇਗੀ। 
ਇਸ ਕਦਮ ਖਿਲਾਫ ਛੋਟੇ ਸਨਅੱਤਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਜਥੇਬੰਦੀਆਂ ਵੱਲੋਂ ਬਿਆਨ ਜਾਰੀ ਕੀਤੇ ਜਾ ਰਹੇ ਹਨ। ਅਹਿਮ ਗੱਲ ਇਹ ਹੈ ਕਿ ਸਹੇ ਨੇ ਪਹੇ ਬਾਰੇ ਦੱਸ ਦਿੱਤਾ ਹੈ। ਬਿਜਲੀ ਬੋਰਡ ਦੇ ਨਿਗਮੀਕਰਨ ਦੇ ਜੋ ਫਾਇਦੇ ਗਿਣਾਏ ਜਾ ਰਹੇ ਸਨ, ਉਹਨਾਂ ਦੀ ਫੂਕ ਨਿਕਲ ਗਈ ਹੈ ਅਤੇ ਲੋਕ ਜਥੇਬੰਦੀਆਂ ਜੋ ਖਤਰੇ ਬਿਆਨ ਕਰ ਰਹੀਆਂ ਹਨ, ਉਹਨਾਂ ਦੀ ਪੁਸ਼ਟੀ ਹੋ ਗਈ ਹੈ। ਸਿੱਧੇ ਅਤੇ ਟੇਢੇ ਦੋਹਾਂ ਢੰਗਾਂ ਨਾਲ ਲੋਕਾਂ 'ਤੇ ਭਾਰ ਵਧਣਾ ਹੈ। ਪਹਿਲਾਂ ਸਰਕਾਰਾਂ ਬਿਜਲੀ ਬੋਰਡ ਦੀ ਮਾੜੀ ਮਾਲੀ ਹਾਲਤ ਬਾਰੇ ਚੀਕਦੀਆਂ ਸਨ, ਹੁਣ ਕਾਰਪੋਰੇਸ਼ਨਾਂ ਦੀ ਹਾਲਤ ਬਾਰੇ ਚੀਕਣਗੀਆਂ। ਇਹਨਾਂ ਨੂੰ ਲੋਕਾਂ ਦੀ ਛਿੱਲ ਲਾਹੁਣ ਦੀ ਖੁੱਲ੍ਹੀ ਛੁੱਟੀ ਦੇਣਗੀਆਂ ਅੇਤ ਨਾਲ ਨਾਲ ਸਰਕਾਰੀ ਖਜ਼ਾਨੇ 'ਚੋਂ ਇਹਨਾਂ ਦੀ ਆਰਥਿਕ ਜਾਨ ਬਖਸ਼ੀ ਦੇ ਕਦਮ ਲੈਣਗੀਆਂ। ਇਸਦਾ ਭਾਰ ਟੈਕਸਾਂ ਦੇ ਰੂਪ ਵਿੱਚ ਲੋਕਾਂ ਨੂੰ ਅਦਾ ਕਰਨਾ ਪਵੇਗਾ।

No comments:

Post a Comment