Tuesday, November 6, 2012

ਖਬਰਨਾਮਾ


ਖਬਰਨਾਮਾ
ਯੂਰਪੀਅਨ ਰੋਹ ਦੀ ਇੱਕ ਹੋਰ ਝਲਕ 
ਹਜ਼ਾਰਾਂ ਲੋਕਾਂ ਵੱਲੋਂ 
ਸਪੇਨ ਦੀ ਰਾਜਧਾਨੀ ਵਿੱਚ ਮੁਜਾਹਰਾ

ਮੈਡਰਿਡ, 7 ਅਕਤੂਬਰ, ਏ.ਪੀ.- ਅੱਜ ਮੈਡਰਿਡ ਵਿੱਚ ਹਜ਼ਾਰਾਂ ਲੋਕਾਂ ਨੇ ਸਰਕਾਰ ਦੇ ਕਿਰਸ ਕਦਮਾਂ ਖਿਲਾਫ ਰੋਹ ਪ੍ਰਗਟ ਕਰਨ ਲਈ ਮਾਰਚ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਕੌਮੀ ਸਿਹਤ ਸੰਭਾਲ ਪ੍ਰਬੰਧਾਂ 'ਤੇ ਭਾਰੀ ਕਟੌਤੀਆਂ ਦਾ ਕਾਰਨ ਬਣਨਗੇ। ਇਹਨਾਂ ਕਦਮਾਂ ਰਾਹੀਂ ਜਨਤਕ ਸੇਵਾਵਾਂ ਦੇ ਨਿੱਜੀਕਰਨ ਵੱਲ ਕਦਮ ਵਧਾਏ ਜਾ ਰਹੇ ਹਨ। 
ਮਾਰਚ ਕਰਦੇ ਲੋਕਾਂ ਨੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ, ਜਿਹਨਾਂ 'ਤੇ ਲਿਖਿਆ ਹੋਇਆ ਸੀ, ''ਕੋਈ ਕਟੌਤੀ ਨਹੀਂ, ਕੋਈ ਨਿੱਜੀਕਰਨ ਨਹੀਂ।'' ਇਹਨਾਂ ਮੁਜਾਹਰਾਕਾਰੀਆਂ ਵਿੱਚ ਬਹੁਤ ਸਾਰੇ ਇਹੋ ਜਿਹੇ ਸਿਵਲ ਕਰਮਚਾਰੀ ਸ਼ਾਮਿਲ ਸਨ, ਜਿਹੜੇ ਅਗਲੇ ਸਾਲ ਤਨਖਾਹਾਂ ਜਾਮ ਹੋ ਜਾਣ ਦੇ ਸਿਰ ਮੰਡਲਾਉਂਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। 
ਪਿਛਲੇ ਤਿੰਨ ਸਾਲਾਂ ਵਿੱਚ ਸਪੇਨ ਦੂਜੀ ਵਾਪ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਬੇਰੁਜ਼ਗਾਰੀ ਦੀ ਦਰ 25 ਫੀਸਦੀ ਤੱਕ ਪਹੁੰਚ ਚੁੱਕੀ ਹੈ ਅਤੇ ਸਮਾਜਿਕ ਬੇਚੈਨੀ ਵਧਦੀ ਹੀ ਜਾ ਰਹੀ ਹੈ। ਸਤੰਬਰ ਵਿੱਚ ਰਜਿਸਟਰ ਹੋਏ ਬੇਰੁਜ਼ਗਾਰਾਂ ਦੀ ਗਿਣਤੀ 47 ਲੱਖ 10 ਹਜ਼ਾਰ ਤੱਕ ਪਹੁੰਚ ਗਈ ਹੈ। ਵਿਕਟੋਰੀਆ ਨਾਂ ਦੀ ਇੱਕ ਨਰਸ ਨੇ ਦੱਸਿਆ, ''ਮੈਂ ਇੱਕ ਹਸਪਤਾਲ ਵਿੱਚ ਕੰਮ ਕਰਦੀ ਹਾਂ, ਪਰ ਮੈਂ ਬੇਰੁਜ਼ਗਾਰ ਹੋਣ ਵਾਲੀ ਹਾਂ। 30 ਅਕਤੂਬਰ ਨੂੰ ਮੇਰਾ ਆਰਜੀ ਠੇਕਾ ਖਤਮ ਹੋ ਜਾਵੇਗਾ ਅਤੇ ਇਸਦੀ ਮਿਆਦ ਵਧਾਈ ਨਹੀਂ ਜਾਵੇਗੀ। ਸਾਡੇ ਮੁਲਕ ਵਿੱਚ ਹੁਣ ਹਰ ਹਸਪਤਾਲ ਦੀ ਹਰ ਮੰਜ਼ਿਲ 'ਤੇ ਘੱਟ ਤੋਂ ਘੱਟ ਬੰਦਿਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਇਸ ਹਾਲਤ ਦਾ ਅਸਰ ਸਿਰਫ ਹਸਪਤਾਲਾਂ 'ਤੇ ਹੀ ਨਹੀਂ ਹੈ, ਸਿੱਖਿਆ ਅਤੇ ਸਿਵਲ ਸੇਵਾਵਾਂ ਵੀ ਇਸਦੀ ਮਾਰ ਹੇਠ ਹਨ, ਗੱਲ ਕੀ ਹਰ ਚੀਜ਼ ਹੀ ਮਾਰ ਹੇਠ ਆਈ ਹੋਈ ਹੈ।''
ਸਰਕਾਰ ਨੇ ਪਿਛਲੇ ਨੌ ਮਹੀਨਿਆਂ ਵਿੱਚ ਸਖਤ ਕਿਰਸ ਕਦਮ ਲਾਗੂ ਕੀਤੇ ਹਨ। ਸਪੇਨ ਦੇ ਸਤਾਰਾਂ ਸੂਬਿਆਂ ਦੀਆਂ ਬੁਰੀ ਤਰ੍ਹਾਂ ਕਰਜ਼ਈ ਹੋਈਆਂ ਸਰਕਾਰਾਂ ਨੇ ਸਿਹਤ ਅਤੇ ਵਿਦਿਆ 'ਤੇ ਖਰਚੇ ਛਾਂਗ ਦਿੱਤੇ ਹਨ। 
ਇੰਡੋਨੇਸ਼ੀਆ ਵਿੱਚ 
20 ਲੱਖ ਮਜ਼ਦੂਰਾਂ ਵੱਲੋਂ ਹੜਤਾਲ

ਦੋ ਅਕਤੂਬਰ ਨੂੰ ਇੰਡੋਨੇਸ਼ੀਆ ਦੇ 20 ਲੱਖ ਮਜ਼ਦੂਰਾਂ ਨੇ ਤਨਖਾਹਾਂ ਵਿੱਚ ਵਾਧੇ ਲਈ ਅਤੇ ਠੇਕੇਦਾਰੀ ਪ੍ਰਬੰਧ ਲਾਗੂ ਕਰਨ ਖਿਲਾਫ ਹੜਤਾਲ ਕੀਤੀ। 700 ਕੰਪਨੀਆਂ ਦੇ ਮਜ਼ਦੂਰਾਂ ਨੇ ਮੁਲਕ ਦੇ 80 ਸਨਅੱਤੀ ਖੇਤਰਾਂ ਵਿੱਚ ਸੜਕਾਂ 'ਤੇ ਰੋਹ ਭਰੇ ਮੁਜਾਹਰੇ ਕੀਤੇ। 
ਰਾਜਧਾਨੀ ਜਕਾਰਤਾ ਵਿੱਚ 23000 ਮਜ਼ਦੂਰਾਂ ਨੇ ਮੁਜਾਹਰਾ ਕੀਤਾ। ਸੁਰੱਖਿਆ ਕਦਮ ਵਜੋਂ ਸਰਕਾਰ ਨੇ 15000 ਦੀ ਗਿਣਤੀ ਵਿੱਚ ਪੁਲਸ ਤਾਇਨਾਤ ਕੀਤੀ। 
ਅਮਰੀਕੀ ਮਜ਼ਦੂਰ ਵਾਲ-ਮਾਰਟ ਦੇ ਖਿਲਾਫ 
ਸੰਘਰਸ਼ ਦੇ ਰਾਹ 'ਤੇ

1 ਸਤੰਬਰ ਨੂੰ ਅਮਰੀਕਾ ਦੇ ਕਰੇਨ ਸ਼ਹਿਰ ਵਿੱਚ ਵਾਲ-ਮਾਰਟ ਕੰਪਨੀ ਵੱਲੋਂ 4 ਮਜ਼ਦੂਰਾਂ ਨੂੰ ਕੱਢੇ ਜਾਣ ਖਿਲਾਫ ਮੁਜਾਹਰਾ ਕੀਤਾ ਗਿਆ। ਇਹ ਕਾਰਵਾਈ ਜਥੇਬੰਦ ਮਜ਼ਦੂਰ ਸੰਘਰਸ਼ ਖਿਲਾਫ ਬਦਲੇ ਵਜੋਂ ਕੀਤੀ ਗਈ ਸੀ। ਮੁਜਾਹਰਾਕਾਰੀਆਂ ਨੇ ਸ਼ਹਿਰ ਦੇ ਦੱਖਣ-ਪੱਛਮੀ ਉੱਪ-ਨਗਰ ਵਿੱਚ ਵਾਲ-ਮਾਰਟ ਦੇ ਵੇਅਰ ਹਾਊਸ 'ਤੇ ਜਾ ਕੇ ਰੈਲੀ ਕੀਤੀ। 
ਇਸ ਤੋਂ ਪਹਿਲਾਂ ਐਲਵੁੱਡ ਵਿੱਚ 16 ਲੱਖ ਵਰਗ ਫੁੱਟ ਖੇਤਰ ਵਿੱਚ ਬਣੇ ਇਸ ਕੰਪਨੀ ਦੇ ਵਿੱਕਰੀ ਕੇਂਦਰ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ ਸੀ। ਰੋਸ ਮੁਜਾਹਰੇ ਵਿੱਚ 600 ਮਜ਼ਦੂਰਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ 12 ਸਤੰਬਰ ਨੂੰ ਮਜ਼ਦੂਰਾਂ ਨੇ ਵਾਲ-ਮਾਰਟ ਦੇ ਦੱਖਣੀ ਕੈਲੇਫੋਰਨੀਆ ਵਿਚਲੇ ਵੇਅਰ-ਹਾਊਸ ਵਿੱਚ ਵੀ ਕੰਮ ਹਾਲਤਾਂ ਵਿੱਚ ਸੁਧਾਰ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਸੀ। 
ਵਾਲ-ਮਾਰਟ ਦਿਓ-ਕੱਦ ਅਮਰੀਕੀ ਵਪਾਰਕ ਕੰਪਨੀ ਹੈ। ਇਸ ਦੇ 15 ਮੁਲਕਾਂ ਵਿੱਚ 8500 ਸਟੋਰ ਹਨ। ਵੱਖ ਵੱਖ ਨਾਵਾਂ ਹੇਠ ਖੁੱਲ੍ਹੇ ਇਹਨਾਂ ਸਟੋਰਾਂ ਵਿੱਚ 20 ਲੱਖ ਵਿਅਕਤੀ ਕੰਮ ਕਰਦੇ ਹਨ। ਸੰਨ 2012 ਵਿੱਚ ਲੱਗਭੱਗ 447 ਅਰਬ ਡਾਲਰ ਦੀ ਕਮਾਈ ਕੀਤੀ ਹੈ। ਇਕੱਲੇ ਅਮਰੀਕਾ ਵਿੱਚ ਹੀ ਇਸਦੇ 400 ਸਟੋਰ ਹਨ। ਭਾਰਤੀ ਹਾਕਮਾਂ ਵੱਲੋਂ ਪ੍ਰਚੂਨ ਵਪਾਰ ਵਿੱਚ ਵਿਦੇਸ਼ੀ ਪੂੰਜੀ ਦੀ ਖੁੱਲ੍ਹ ਦੇਣ ਪਿੱਛੋਂ ਹੁਣ ਇਹ ਭਾਰਤ ਵਿੱਚ ਦਾਖਲ ਹੋਣ ਜਾ ਰਹੀ ਹੈ। ਇਹ ਦਿਓ-ਕੱਦ ਕੰਪਨੀ ਕਰੋੜਾਂ ਵਪਾਰੀਆਂ ਅਤੇ ਦੁਕਾਨਦਾਰਾਂ ਦਾ ਰੁਜ਼ਗਾਰ ਉਜਾੜ ਦੇਵੇਗੀ। 
ਫਰਾਂਸ, ਗਰੀਸ ਅਤੇ ਪੁਰਤਗਾਲ ਵਿੱਚ ਵੀ 
ਰੋਹ ਦੀਆਂ ਤਰੰਗਾਂ

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਲੱਖਾਂ ਲੋਕਾਂ ਵੱਲੋਂ ਕਿਰਸ ਕਦਮਾਂ ਖਿਲਾਫ਼ ਰੋਹ ਭਰਿਆ ਮਾਰਚ ਕੀਤਾ ਗਿਆ। ਇਹ ਮਾਰਚ ਉਸ ਮੌਕੇ ਕੀਤਾ ਗਿਆ, ਜਦੋਂ ਯੂਰਪੀਅਨ ਵਿੱਤੀ ਸੰਧੀ ਬਾਰੇ ਪਾਰਲੀਮੈਂਟ ਵਿੱਚ ਬਹਿਸ ਹੋਣ ਜਾ ਰਹੀ ਸੀ। 
ਯੂਨਾਨ ਦੇ ਕੇਂਦਰੀ ਭਾਗ ਵਿੱਚ ਥੋਪੇ ਜਾ ਰਹੇ ਕਿਰਸ ਕਦਮਾਂ ਖਿਲਾਫ ਰੋਹ ਭਰੇ ਮੁਜਾਹਰੇ ਦੌਰਾਨ ਲੋਕਾਂ ਦੀ ਪੁਲਸ ਨਾਲ ਝੜੱਪ ਹੋਈ। ਇਹ ਮੁਜਾਹਰਾ ਲੋਕ-ਵਿਰੋਧੀ ਆਰਥਿਕ ਕਦਮਾਂ ਖਿਲਾਫ਼ ਹੋਈ ਮੁਲਕ ਵਿਆਪੀ ਹੜਤਾਲ ਦੇ ਅੰਗ ਵਜੋਂ ਕੀਤਾ ਗਿਆ। ਪੁਰਤਗਾਲ ਵਿੱਚ ਵੀ ਲੋਕਾਂ ਨੇ ਭਾਰੀ ਗਿਣਤੀ ਵਿੱਚ ਰਾਜਧਾਨੀ ਲਿਸਬੋਆ ਵਿੱਚ ਮੁਜਾਹਰਾ ਕੀਤਾ ਅਤੇ ਯੂਰਪੀਅਨ ਯੂਨੀਅਨ ਵੱਲੋਂ ਥੋਪੇ ਜਾ ਰਹੇ ਕਦਮਾਂ ਖਿਲਾਫ ਤਿੱਖਾ ਰੋਸ ਜ਼ਾਹਰ ਕੀਤਾ। 
ਨਿੱਜੀਕਰਨ-ਸੰਸਾਰੀਕਰਨ ਦੀਆਂ ਮਿਹਰਬਾਨੀਆਂ
ਰੇਲਵੇ ਵਿੱਚ ਦੋ ਲੱਖ ਤੋਂ ਵੱਧ ਅਸਾਮੀਆਂ ਖਾਲੀ

ਭਾਰਤੀ ਹਾਕਮਾਂ ਦੀਆਂ ਨਿੱਜੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਕੀ ਗੁਲ ਖਿਲਾ ਰਹੀਆਂ ਹਨ, ਰੁਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਨਾਲ ਕਿਵੇਂ ਖਿਲਵਾੜ ਕਰ ਰਹੀਆਂ ਹਨ, ਇਸ ਦੀ ਉੱਘੜਵੀਂ ਮਿਸਾਲ ਰੇਲਵੇ ਮਹਿਕਮਾ ਪੇਸ਼ ਕਰ ਰਿਹਾ ਹੈ। ਮਹਿਕਮੇ ਵਿੱਚ ਦੋ ਲੱਖ 10 ਹਜ਼ਾਰ ਅਸਾਮੀਆਂ ਖਾਲੀ ਪਈਆਂ ਹਨ। ਮਹਿਕਮੇ ਨੇ ਕਾਫੀ ਕੁਝ ਰੱਬ ਦੇ ਰਹਿਮ 'ਤੇ ਛੱਡਿਆ ਹੋਇਆ ਹੈ। ਗੰਭੀਰ ਗੱਲ ਇਹ ਹੈ ਕਿ ਇਹਨਾਂ 'ਚੋਂ 9000 ਅਸਾਮੀਆਂ ਸੁਰੱਖਿਆ ਇੰਤਜਾਮਾਂ ਨਾਲ ਸਬੰਧਤ ਹਨ। ਸਟਾਫ ਦੀ ਇਹ ਭਾਰੀ ਕਮੀ ਰੇਲਵੇ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ। ਇਸ ਵਰ੍ਹੇ ਵਿੱਚ 67 ਹਾਦਸੇ ਵਾਪਰ ਚੁੱਕੇ ਹਨ, ਜਿਹਨਾਂ 'ਚੋਂ, 6 ਅਕਤੂਬਰ ਮਹੀਨੇ ਦੇ ਪਹਿਲੇ ਤਿੰਨ ਹਫਤਿਆਂ ਵਿੱਚ ਵਾਪਰੇ ਹਨ। 
ਸੁਰੱਖਿਆ ਤੋਂ ਬਿਨਾ ਵਰਕਸ਼ਾਪਾਂ, ਕਮਰਸ਼ੀਅਲ ਸੈਕਸ਼ਨਾਂ, ਪੈਰਾ-ਮੈਡੀਕਲ ਸਟਾਫ ਅਤੇ ਦਫਤਰੀ ਸਟਾਫ ਪੱਖੋਂ ਵੀ ਖਾਲੀ ਅਸਾਮੀਆਂ ਦੀ ਭਰਮਾਰ ਹੈ। ਲੋਕੋ ਰਨਿੰਗ ਸਟਾਫ, ਡਰਾਈਵਰ, ਸਟੇਸ਼ਨ ਮਾਸਟਰ, ਗਾਰਡ, ਤਕਨਾਲੋਜੀ ਸੁਪਰਵਾਈਜ਼ਰ, ਕੰਟਰੋਲ ਅਤੇ ਯਾਰਡ ਸਟਾਫ, ਸਿਗਨਲ ਇਨਸਪੈਕਟਰ ਅਤੇ ਸੰਭਾਲ ਦੇਖਭਾਲ ਮੁਲਾਜ਼ਮ ਗੱਲ ਕੀ ਜਿੱਥੇ ਵੀ ਕੋਈ ਰਿਟਾਇਰ ਹੋ ਜਾਂਦਾ ਹੈ, ਉਸ ਅਸਾਮੀ ਨੂੰ ਭਰਿਆ ਨਹੀਂ ਜਾਂਦਾ। 
ਦੋ ਦਹਾਕੇ ਪਹਿਲਾਂ ਰੇਲਵੇ ਅਸਾਮੀਆਂ ਵਿੱਚ ਲਗਾਤਾਰ ਕਟੌਤੀ ਕਰਨ ਦੀ ਨੀਤੀ ਮੁਲਕ ਦੇ ਹਾਕਮਾਂ ਨੇ ਸ਼ਰੇਆਮ ਐਲਾਨੀ ਸੀ। ਲੋਕ ਵਿਰੋਧ ਕਰਕੇ ਜਿੰਨੀ ਵੱਡੀ ਪੱਧਰ 'ਤੇ ਹਾਕਮ ਅਸਾਮੀਆਂ ਦਾ ਭੋਗ ਪਾਉਣਾ ਚਾਹੁੰਦੇ ਸਨ, ਉਸ ਪੈਮਾਨੇ 'ਤੇ ਲੋਕ-ਵਿਰੋਧ ਸਦਕਾ ਸੰਭਵ ਨਹੀਂ ਹੋ ਸਕਿਆ। 
ਲੋੜੀਂਦੀ ਮਨੁੱਖਾ ਸ਼ਕਤੀ ਦੀ ਇਹ ਕਮੀ ਰੇਲਵੇ ਸੇਵਾ ਦੇ ਮੰਦੜੇ ਹਾਲਾਂ ਦੀ ਵੱਡੀ ਵਜ੍ਹਾ ਬਣੀ ਹੋਈ ਹੈ। ਨਿੱਜੀਕਰਨ, ਕੰਪਿਊਟਰੀਕਰਨ, ਅਧੁਨਿਕੀਕਰਨ ਵਰਗੇ ਸ਼ਬਦਾਂ ਦਾ ਅਡੰਬਰ ਰੇਲਵੇ ਦੀ ਅਸਲ ਹਾਲਤ ਦਾ ਨਿਘਾਰ ਰੋਕਣ ਵਿੱਚ ਅਸਫਲ ਰਿਹਾ ਹੈ। ਇਸਨੇ ਕੰਮ-ਭਾਰ ਵਿੱਚ ਭਾਰੀ ਵਾਧਾ ਕਰਨ ਅਤੇ ਰੁਜ਼ਗਾਰ ਦੀ ਤੋਟ ਅਤੇ ਅਸੁਰੱਖਿਆ ਨੂੰ ਅੱਡੀ ਲਾਉਣ ਦਾ ਰੋਲ ਨਿਭਾਇਆ ਹੈ। ਰੇਲਵੇ ਕਰਮਚਾਰੀਆਂ ਵੱਲੋਂ ਖਾਲੀ ਅਸਾਮੀਆਂ ਭਰਨ ਦੀ ਜ਼ੋਰਦਾਰ ਮੰਗ ਦੇ ਦਬਾਅ ਦੇ ਸਨਮੁੱਖ ਅਤੇ ਰੇਲ ਹਾਦਸਿਆਂ ਦੀ ਚਰਚਾ ਨੇ ਹਾਕਮਾਂ ਨੂੰ ਕੁਝ ਵਿਖਾਵਾ ਕਰਨ ਲਈ ਮਜਬੂਰ ਕੀਤਾ ਹੈ। ਇਸ ਵਜ੍ਹਾ ਕਰਕੇ ਪਿਛਲੇ 6 ਮਹੀਨਿਆਂ ਵਿੱਚ 50 ਹਜ਼ਾਰ ਅਸਾਮੀਆਂ ਭਰੀਆਂ ਗਈਆਂ ਹਨ, ਪਰ ਅਜੇ ਵੀ 2 ਲੱਖ 10 ਹਜ਼ਾਰ ਖਾਲੀ ਅਸਾਮੀਆਂ ਮੌਜੂਦ ਹਨ। 
ਰੇਲ ਕੋਚ ਫੈਕਟਰੀ ਦੇ ਸਟਾਫ ਵੱਲੋਂ ਹੜਤਾਲ
ਰੇਲ ਕੋਚ ਫੈਕਟਰੀ ਕਪੂਰਥਲਾ ਦੇ ਵੱਖ ਵੱਖ ਯੂਨੀਅਨਾਂ ਨਾਲ ਸਬੰਧਤ ਕਾਮਿਆਂ ਨੇ ਅੱਜ ਕੇਂਦਰੀ ਰੇਲਵੇ ਮੰਤਰਾਲੇ (ਰੇਲਵੇ ਬੋਰਡ) ਵੱਲੋਂ ਫੈਕਟਰੀ ਦਾ ਨਿੱਜੀਕਰਨ ਕਰਨ ਦੇ ਕਦਮ ਖਿਲਾਫ ਰੋਸ ਪ੍ਰਗਟ ਕੀਤਾ। 
ਰੇਲ ਕੋਚ ਫੈਕਟਰੀ ਇੰਪਲਾਈਜ਼ ਯੂਨੀਅਨ, ਰੇਲ ਕੋਚ ਫੈਕਟਰੀ ਮਜ਼ਦੂਰ ਯੂਨੀਅਨ, ਰੇਲ ਕੋਚ ਫੈਕਟਰੀ ਮਕੈਨੀਕਲ ਯੂਨੀਅਨ ਦੇ ਝੰਡਿਆਂ ਹੇਠ ਵੱਡੀ ਗਿਣਤੀ ਵਿੱਚ ਕਾਮਿਆਂ ਨੇ ਅੱਜ ਫੈਕਟਰੀ ਦੇ ਅੰਦਰ ਸੰਦ ਛੋੜ ਹੜਤਾਲ ਕੀਤੀ ਅਤੇ ਫੈਕਟਰੀ ਵਿੱਚ ਨਿੱਜੀ-ਸਰਕਾਰੀ ਭਾਈਵਾਲੀ ਚਾਲੂ ਕਰਨ ਦੀ ਅਲੋਚਨਾ ਕੀਤੀ। ਯੂਨੀਅਨਾਂ ਨੇ ਦਾਅਵਾ ਕੀਤਾ ਕਿ ਰੇਲ ਕੋਚ ਫੈਕਟਰੀ ਰੇਲਵੇ ਦੀ ਮੁਨਾਫਾ ਸਿਰਜਣ ਵਾਲੀ ਇਕਾਈ ਹੈ ਅਤੇ ਇਸਨੇ ਦੋ ਫਰਸ਼ੀ ਕੋਚਾਂ ਸਮੇਤ ਵੰਨ-ਸੁਵੰਨੇ ਕੋਚ ਤਿਆਰ ਕੀਤੇ ਹਨ। ਉਹਨਾਂ ਨੇ ਵਾਅਦਾ ਕੀਤਾ ਕਿ ''ਸਮਰਪਤ'' ਕਾਮਿਆਂ ਨੇ 2010-11 ਵਿੱਚ 1602 ਕੋਚਾਂ ਦੀ ਤਿਆਰੀ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਰਿਕਾਰਡ ਰਾਹੀਂ ਇਤਿਹਾਸ ਸਿਰਜਿਆ ਹੈ। 
ਯੂਨੀਅਨ ਆਗੂਆਂ ਪ੍ਰਮਜੀਤ ਸਿੰਘ ਖਾਲਸਾ, ਸੁਰੇਸ਼ ਪਾਲ ਅਤੇ ਰਾਜਬੀਰ ਸ਼ਰਮਾ ਨੇ ਦਾਅਵਾ ਕੀਤਾ ਕਿ ਫੈਕਟਰੀ ਦੇ ਨਿਗਮੀਕਰਨ ਦੇ ਫੈਸਲੇ ਨੇ ਕਾਮਿਆਂ ਵਿਚਕਾਰ ਵਿਆਪਕ ਗੁੱਸਾ ਖੜ੍ਹਾ ਕੀਤਾ ਹੈ। ਉਹਨਾਂ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਫੈਸਲੇ 'ਤੇ ਮੁੜ-ਵਿਚਾਰ ਕੀਤੀ ਜਾਵੇ। 
ਬਿਜਲੀ ਕਾਮਿਆਂ ਵੱਲੋਂ 8 ਨਵੰਬਰ ਨੂੰ 
ਹੜਤਾਲ ਦਾ ਐਲਾਨ

ਪਟਿਆਲਾ (ਨਵਾਂ ਜ਼ਮਾਨਾ ਸਰਵਿਸ)- ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਦੀ ਅੱਜ ਇਥੇ ਹੋਈ ਸੂਬਾ ਵਰਕਿੰਗ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬਿਜਲੀ ਕਾਮੇ ਆਪਣੀਆਂ ਮੰਗਾਂ ਦੀ ਪ੍ਰਪਾਤੀ ਲਈ 8 ਨਵੰਬਰ ਨੂੰ ਇੱਕ ਰੋਜ਼ਾ ਮੁਕੰਮਲ ਹੜਤਾਲ ਕਰਨਗੇ। ਵਿਕਟੇਮਾਈਜ਼ੇਸ਼ਨਾਂ ਹੱਲ ਕਰਨ ਲਈ ਮੈਨੇਜਮੈਂਟ ਵੱਲੋਂ ਦਿੱਤੀ ਸਹਿਮਤੀ ਨੂੰ ਲਾਗੂ ਕਰਵਾਉਣ, ਮੈਨੇਜਮੈਂਟ ਦੇ ਅੜੀਅਲ ਰਵੱਈਏ ਤੇ ਖੱਜਲ-ਖੁਆਰ ਕਰਨ ਦੀ ਨੀਤੀ ਤੋਂ ਕਾਮਿਆਂ ਨੂੰ ਜਾਣੂ ਕਰਵਾਉਣ ਅਤੇ ਹੜਤਾਲ ਦੀ ਤਿਆਰੀ ਲਈ 5 ਨਵੰਬਰ ਤੋਂ 6 ਨਵੰਬਰ ਤੱਕ ਮੰਡਲ ਪੱਧਰੀ ਧਰਨੇ ਅਤੇ ਢੋਲ ਮੁਜਾਹਰੇ ਕਰਕੇ ਪੰਜਾਬ ਸਰਕਾਰ ਤੱਕ ਭੇਜਣ ਲਈ ਐੱਸ.ਡੀ.ਐਮ. ਨੂੰ ਮੈਮੋਰੰਡਮ ਸੌਂਪਣਗੇ। ਹੜਤਾਲ ਦਾ ਨੋਟਿਸ ਅੱਜ ਪਾਵਰਕਾਮ ਤੇ ਟਰਾਂਸਕੋ ਦੀ ਮੈਨੇਜਮੈਂਟ ਨੂੰ ਦੇ ਦਿੱਤਾ ਗਿਆ ਹੈ। 
ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁਖਵੰਤ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਪ੍ਰਮੋਟ ਕੁਮਾਰ ਨੇ ਦੱਸਿਆ ਕਿ 18 ਅਕਤੂਬਰ ਦੀ ਸਫਲ ਹੜਤਾਲ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਕਾਮਿਆਂ ਦੀਆਂ ਮੰਗਾਂ ਮੰਨਣ ਤੋਂ ਘੇਸਲ ਮਾਰੀ ਬੈਠੀਆਂ ਹਨ। ਕਾਮਿਆਂ ਦੇ ਹੱਕ ਖੋਹਣ ਲਈ ਹਮਲੇ ਜਾਰੀ ਹਨ। ਸੇਵਾ ਸ਼ਰਤਾਂ ਤਬਦੀਲ ਕਰਨ, ਰਿਟਾਇਰਮੈਂਟ ਸਮੇਂ ਮਿਲਦੇ ਪੈਨਸ਼ਨ ਤੇ ਜੀ.ਪੀ.ਐਫ. ਦੀ ਅਦਾਇਗੀ ਦੇ ਨਿਯਮ ਬਦਲਣ ਤੇ ਸੰਘਰਸ਼ ਕਰਨ ਦੇ ਹੱਕ ਖੋਹਣ ਦੇ ਹਮਲੇ ਜਾਰੀ ਹਨ। ਦਸੰਬਰ 2011 ਤੋਂ ਪੰਜਾਬ ਸਰਾਕਰ ਵੱਲੋਂ ਸਕੇਲਾਂ ਵਿੱਚ ਕੀਤੇ ਵਾਧੇ ਅਨੁਸਾਰ ਬਿਜਲੀ ਕਾਮਿਆਂ ਦੇ ਸਕੇਲਾਂ ਵਿੱਚ ਵਾਧਾ ਕਰਨ ਤੋਂ ਜਾਣ-ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਸਾਲ 2006 ਤੋਂ ਸੋਧੇ ਸਕੇਲਾਂ ਦੇ ਬਣਦੇ ਏਰੀਅਰ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਮਿਤੀ 27-9-12 ਨੂੰ ਮੈਨੇਜਮੈਂਟ ਨੇ ਜਥੇਬੰਦੀ ਨਾਲ ਮੀਟਿੰਗ ਕਰਕੇ 15 ਦਿਨਾਂ ਵਿੱਚ ਵਿਕਟੇਮਾਈਜ਼ੇਸ਼ਨਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪ੍ਰੰਤੂ ਅਜੇ ਤੱਕ ਹੱਲ ਨਹੀਂ ਕੀਤੀਆਂ। ਨਵੀਂ ਪੱਕੀ ਭਰਤੀ ਕਰਨ ਦੀ ਬਜਾਏ ਆਊਟਸੋਰਸਿੰਗ ਤੇ ਠੇਕਾ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਪਹਿਲਾਂ ਵੀ ਖਾਲੀ ਪੋਸਟਾਂ ਖਤਮ ਕੀਤੀਆਂ ਹਨ, ਹੁਣ ਪੀ.ਡਬਲਿਊ.ਸੀ. ਦੀ ਰਿਪੋਰਟ ਅਨੁਸਾਰ ਹੋਰ ਪੋਸਟਾਂ ਖਤਮ ਕਰਨ ਲਈ ਰੱਸੇ-ਪੈੜੇ ਵੱਟੇ ਜਾ ਰਹੇ ਹਨ। ਅਪ੍ਰੈਲ 2010 ਤੋਂ ਪਹਿਲਾਂ ਦੇ ਨੌਕਰੀ ਤੋਂ ਰਹਿੰਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ।
ਸਟਾਫ ਬਰਾਬਰ ਕਰਨ ਦੇ ਬਹਾਨੇ ਹੇਠ ਬਦਲੀਆਂ ਕਰਕੇ ਕਾਮਿਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਬਿਜਲੀ ਕਾਮਿਆਂ ਕੋਲ ਸੰਘਰਸ਼ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਬਚਦਾ। 
ਆਗੂਆਂ ਨੇ ਪੰਜਾਬ ਦੇ ਸਮੂਹ ਬਿਜਲੀ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ 5 ਨਵੰਬਰ ਤੋਂ 6 ਨਵੰਬਰ ਤੱਕ ਮੰਡਲ ਪੱਧਰ ਧਰਨਿਆਂ, ਮੁਜਾਹਰਿਆਂ ਵਿੱਚ ਸ਼ਮੂਲੀਅਤ ਕਰਨ ਅਤੇ 8 ਨਵੰਬਰ ਦੀ ਹੜਤਾਲ ਨੂੰ ਪੂਰਾ ਜ਼ੋਰ ਲਾ ਕੇ ਕਾਮਯਾਬ ਕਰਨ ਤਾਂ ਕਿ ਸੰਘਰਸ਼ ਦੇ ਦਬਾਅ ਨਾਲ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਕਾਮਿਆਂ ਦੀਆਂ ਹੱਕੀ ਮੰਗਾਂ ਮੰਨਵਾਈਆਂ ਜਾ ਸਕਣ। 
ਵੱਖ ਵੱਖ ਜਥੇਬੰਦੀਆਂ ਵੱਲੋਂ ਬਠਿੰਡਾ ਬੰਦ
ਬਠਿੰਡਾ, 27 ਅਕਤੂਬਰ: ਪੰਜਾਬ ਆਦਰਸ਼ ਸਕੂਲਜ਼ ਟੀਚਿੰਗ ਐਂਡ ਨਾਨ-ਟੀਚਿੰਗ ਸਟਾਫ ਐਸੋਸੀਏਸ਼ਨ ਅਤੇ ਅਨ-ਏਡਿਡ ਸਟਾਫ (ਏਡਡ ਸਕੂਲਜ਼) ਫਰੰਟ ਅਤੇ ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਨੇ ਅੱਜ ਬਠਿੰਡੇ ਵਿੱਚ ਵੱਖ ਵੱਖ ਥਾਵਾਂ 'ਤੇ ਜਾਮ ਲਗਾ ਕੇ ਪੁਲੀਸ ਨੂੰ ਵਾਹਣੀਂ ਪਾਈ ਰੱਖਿਆ।
ਬੀਬੀ ਵਾਲਾ ਚੌਕ ਵਿੱਚ 11 ਵਜੇ ਦੇ ਕਰੀਬ ਪੰਜਾਬ ਆਦਰਸ਼ ਸਕੂਲਜ਼ ਟੀਚਿੰਗ ਐਂਡ ਨਾਨ ਟੀਚਿੰਗ ਸਟਾਫ ਐਸੋਸੀਏਸ਼ਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), 7654 ਸਾਂਝਾ ਫਰੰਟ ਅਧਿਆਪਕ ਯੂਨੀਅਨ, ਡੀ.ਟੀ.ਐਫ. ਅਤੇ ਵਾਲਮੀਕ ਮਜ਼੍ਹਬੀ ਸਿੱਖ ਰਾਖਵਾਂਕਰਨ ਬਚਾਓ ਮੋਰਚਾ ਦੇ ਨੁਮਾਇੰਦਿਆਂ ਨੇ ਧਰਨਾ ਦਿੱਤਾ ਜਿਸ ਕਾਰਨ ਬਠਿੰਡਾ-ਬਰਨਾਲਾ, ਗੋਨਿਆਣਾ-ਬਰਨਾਲਾ ਨੂੰ ਆਉਣ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ। ......ਆਦਰਸ਼ ਸਕੂਲਜ਼ ਐਸੋਸੀਏਸ਼ਨ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਰਕਾਰ ਨੇ ਨਾ ਮੰਨੀਆਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਪੁਲੀਸ ਨੇ 11 ਵਜੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਆਗੂ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਮੰਗ ਨੂੰ ਲੈ ਕੇ ਅੜੇ ਰਹੇ। ਸ਼ਾਮ ਨੂੰ ਸਾਢੇ ਚਾਰ ਵਜੇ ਯੂਨੀਅਨ ਦੀ 15 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤੇ ਜਾਣ 'ਤੇ ਧਰਨਾ ਚੁੱਕਿਆ ਗਿਆ।
ਇਸ ਦੌਰਾਨ ਅਨ-ਏਡਿਡ ਸਟਾਫ (ਏਡਿਡ ਸਕੂਲਜ਼) ਫਰੰਟ, ਪੰਜਾਬ ਵੱਲੋਂ ਸੂਬਾ ਪ੍ਰਧਾਨ ਜਸਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਨਹਿਰ ਦੇ ਪੁਲ 'ਤੇ ਦੁਪਹਿਰ 12 ਵਜੇ ਦੇ ਕਰੀਬ ਧਰਨਾ ਦਿੱਤਾ। ਸ੍ਰੀ ਗਿੱਲ ਨੇ ਕਿਹਾ ਕਿ ਸਰਕਾਰ ਏਡਿਡ ਸਕੂਲਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਨੇ ਅਨ-ਏਡਿਡ ਸਟਾਫ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਨ-ਏਡਿਡ ਸਟਾਫ ਨੂੰ ਬਹੁਤ ਥੋੜ੍ਹੀ ਤਨਖਾਹ ਦਿੱਤੀ ਜਾਂਦੀ ਹੈ ਪਰ ਕੰਮ ਏਡਿਡ ਸਟਾਫ ਤੋਂ ਜ਼ਿਆਦਾ ਲਿਆ ਜਾਂਦਾ ਹੈ। ਜਗਨਾਮ ਸਿੰਘ ਧਾਲੀਵਾਲ ਅਤੇ ਜਸਵੀਰ ਕੌਰ ਨੇ ਕਿਹਾ ਕਿ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਨੰਨ੍ਹੀ ਛਾਂ ਦੇ ਡਰਾਮੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਉਸ ਦੇ ਆਪਣੇ ਹਲਕੇ ਵਿੱਚ ਹੀ ਔਰਤਾਂ ਰੁਜ਼ਗਾਰ ਦੀ ਪ੍ਰਾਪਤੀ ਲਈ ਸੜਕਾਂ 'ਤੇ ਰੁਲ ਰਹੀਆਂ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਹਰਸਿਮਰਤ ਕੌਰ ਬਾਦਲ ਦਾ ਘਿਰਾਓ ਕਰਨਗੇ। ਮੌਕੇ 'ਤੇ ਪਹੁੰਚ ਕੇ ਨਾਇਬ ਤਹਿਸੀਲਦਾਰ ਮਹਿੰਦਰ ਸਿੰਘ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਕੇ ਦੱਸਿਆ ਜਾਵੇਗਾ।
ਸਪੈਸ਼ਲ ਟਰੇਨਰਾਂ ਨੇ ਲਾਇਆ ਜਾਮ
ਫਾਰਗ ਕੀਤੇ ਗਏ ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਠਿੰਡਾ-ਮਾਨਸਾ ਪੁਲ 'ਤੇ ਜਾਮ ਲਗਾ ਦਿੱਤਾ। ਧਰਨਿਆਂ ਕਾਰਨ ਅੱਜ ਪੁਲੀਸ ਸਾਰਾ ਦਿਨ ਪ੍ਰੇਸ਼ਾਨੀ ਵਿੱਚ ਘਿਰੀ ਰਹੀ। ਸਪੈਸ਼ਲ ਟਰੇਨਰ ਅਧਿਆਪਕਾਂ ਵੱਲੋਂ ਸ਼ਾਮ 3 ਵਜੇ ਲਾਏ ਗਏ ਧਰਨੇ ਨੇ ਪੁਲੀਸ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ। ਜਥੇਬੰਦੀ ਆਗੂ  ਮਨਦੀਪ ਸਿੰਘ, ਦਵਿੰਦਰ ਸਿੰਘ ਮੁਕਤਸਰ ਅਤੇ ਸਤਿੰਦਰ ਤਰਨ ਤਾਰਨ ਨੇ ਕਿਹਾ ਕਿ ਸਪੈਸ਼ਲ ਟਰੇਨਰ ਅਧਿਆਪਕਾਂ ਨੂੰ ਸਰਕਾਰ ਵੱਲੋਂ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ ਜਿਸ ਕਾਰਨ ਅਧਿਆਪਕ ਹੁਣ ਆਪਣੀ ਆਰ ਪਾਰ ਦੀ ਲੜਾਈ ਲਈ ਬਠਿੰਡਾ ਵਿਖੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ। ਡੀ.ਐਸ.ਪੀ. ਗੁਰਮੀਤ ਸਿੰਘ ਕਿੰਗਰਾ, ਤਹਿਸੀਲਦਾਰ ਅਵਤਾਰ ਸਿੰਘ ਮੱਕੜ ਅਤੇ ਨਾਇਬ ਤਹਿਸੀਲਦਾਰ ਮਹਿੰਦਰ ਸਿੰਘ ਨੇ ਇਹ ਧਰਨਾ ਹਟਵਾਉਣ ਲਈ  ਆਗੂਆਂ ਨਾਲ ਕਈ ਵਾਰ ਗੱਲਬਾਤ ਕੀਤੀ ਪਰ ਮਸਲਾ ਹੱਲ ਨਹੀਂ ਹੋਇਆ ਜਿਸ 'ਤੇ ਆਖਿਰ ਜਥੇਬੰਦੀ ਆਗੂਆਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਲਿਜਾਇਆ ਗਿਆ ਜਿੱਥੇ ਵਧੀਕ ਡਿਪਟੀ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਦਾ ਲਿਖਤੀ ਪੱਤਰ ਯੂਨੀਅਨ ਨੂੰ ਸੌਂਪਿਆ ਜਿਸ ਵਿੱਚ ਭਰੋਸਾ ਦਿੱਤਾ ਗਿਆ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਦਿੱਤੀ ਜਾਵੇਗੀ। ਇਸ 'ਤੇ ਧਰਨਾ ਚੁੱਕ ਲਿਆ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਮੁਕਤਸਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਿੰਨੀ ਸਕੱਤਰੇਤ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।

(ਪੰਜਾਬੀ ਟ੍ਰਿਬਿਊਨ 'ਚੋਂ ਧੰਨਵਾਦ ਸਹਿਤ)

No comments:

Post a Comment