Tuesday, November 6, 2012

ਜੋਜ਼ਫ ਸਟਾਲਿਨ: ਚਿਕਨੇ ਚਿਕਨੇ ਪਾਤ, ਜੋ ਫਾਸ਼ੀਵਾਦ ਦੇ ਸੀਨੇ ਲਈ ਵਿਹੁਲੇ ਬਾਣ ਸਾਬਤ ਹੋਏ

ਜੋਜ਼ਫ ਸਟਾਲਿਨ:
ਚਿਕਨੇ ਚਿਕਨੇ ਪਾਤ, ਜੋ ਫਾਸ਼ੀਵਾਦ ਦੇ ਸੀਨੇ ਲਈ ਵਿਹੁਲੇ ਬਾਣ ਸਾਬਤ ਹੋਏ

ਸੋਸੋ (ਸਟਾਲਿਨ) ਦਾ ਜਨਮ ਗੋਰੀ ਵਿੱਚ ਹੋਇਆ ਸੀ। ਇਥੇ ਹੀ ਉਸਨੇ ਅੱਖਰ ਗਿਆਨ ਹਾਸਲ ਕੀਤਾ। ਮਾਪੇ ਭਾਵੇਂ ਵਿਦਿਆ ਤੋਂ ਵਾਂਝੇ ਰਹੇ ਸਨ, ਪਰ ਇਸ ਦੇ ਮਹੱਤਵ ਨੂੰ ਭਲੀ ਭਾਂਤ ਜਾਣਦੇ ਸਨ। ਕੁਝ ਸਮਾਂ ਸੋਸੋ ਸਾਧਾਰਨ ਸਕੂਲ ਵਿੱਚ ਪੜ੍ਹਦਾ ਰਿਹਾ, ਮਾਂ-ਪਿਓ ਦੀ ਹਾਲਤ ਜ਼ਿਆਦਾ ਖਰਚੀਲੀ ਪੜ੍ਹਾਈ ਜੋਗੀ ਨਹੀਂ ਸੀ। ਉਸ ਵੇਲੇ ਸਾਰਾ ਕਾਕੇਸ਼ੀਆ ਰੂਸੀ ਜ਼ਾਰ ਦੇ ਅਧੀਨ ਸੀ। ਉਹ ਇਸਾਈ ਧਰਮ ਨਾਲ ਸਬੰਧਤ ਸੀ। ਇਸ ਕਰਕੇ ਇਸਾਈ ਪਾਦਰੀਆਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ। ਮਾਪਿਆਂ ਨੇ ਸੋਚਿਆ ਕਿ ਜੇ ਉਹ ਆਪਣੇ ਪੁੱਤਰ ਨੂੰ ਪਾਦਰੀ ਬਣਾ ਦੇਣ ਤਾਂ ਉਸਦਾ ਭਵਿੱਖ ਰੌਸ਼ਨ ਹੋ ਸਕਦਾ ਹੈ। ਇਸ ਲਈ ਸੰਨ 1888 ਵਿੱਚ, ਜਦੋਂ ਸੋਸੋ ਅਜੇ ਸਿਰਫ 9 ਸਾਲਾਂ ਦਾ ਸੀ, ਉਸਨੂੰ ਗੋਰੀ ਦੇ ਪ੍ਰੋਹਿਤ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। 6 ਸਾਲ ਉਹ ਇਥੇ ਹੀ ਪੜ੍ਹਾਈ ਕਰਦਾ ਰਿਹਾ।
ਗੋਰੀ ਦੇ ਪ੍ਰੋਹਿਤ ਸਕੂਲ ਵਿੱਚ ਸੋਸੋ ਬੜਾ ਹੀ ਮਿਹਨਤੀ ਅਤੇ ਬੁੱਧੀਮਾਨ ਵਿਦਿਆਰਥੀ ਸੀ। ਉਹ ਸਭ ਤੋਂ ਵੱਧ ਨੰਬਰ ਹਾਸਲ ਕਰਦਾ ਸੀ। ਜਿੰਨਾ ਉਹ ਪੜ੍ਹਾਈ ਵਿੱਚ ਤੇਜ਼-ਤਰਾਰ ਸੀ, ਓਨਾ ਹੀ ਖੇਡਣ ਕੁੱਦਣ ਵਿੱਚ ਛੁਹਲਾ ਸੀ। ਸਭ ਖੇਡਾਂ ਵਿੱਚ, ਉਹ ਆਪਣੇ ਹਮ-ਜਮਾਤੀਆਂ ਦਾ ਆਗੂ ਹੁੰਦਾ ਸੀ। ਜਮਾਤੀਆਂ ਨਾਲ ਉਸਦਾ ਗੂੜ੍ਹਾ ਪਿਆਰ ਸੀ। ਪੜ੍ਹਾਈ ਤੋਂ ਇਲਾਵਾ, ਉਸ ਨੂੰ ਡਰਾਇੰਗ ਅਤੇ ਗਾਉਣ ਦਾ ਵੀ ਸ਼ੌਕ ਸੀ। 
ਉਹ ਸਾਧਾਰਨ ਲੋਕਾਂ ਨਾਲ ਕਿਵੇਂ ਘੁਲ-ਮਿਲ ਜਾਂਦਾ ਸੀ, ਇਹ ਹੇਠ ਲਿਖੀ ਘਟਨਾ ਤੋਂ ਪਤਾ ਲਗਦਾ ਹੈ, ਜਿਸ ਦਾ ਵਰਨਣ ਉਸਦੇ ਜਮਾਤੀ ਗ. ਐਲਜ਼ਾਬੇਦੇਸ਼ਵਿਲੀ ਨੇ ਕੀਤਾ ਹੈ:
''ਇੱਕ ਦਿਨ ਅਸੀਂ ਪਿੰਡ ਗਏ, ਵਾਹੀਕਾਰ ਇੱਕ ਖੇਤ ਵਿੱਚ ਆਰਾਮ ਕਰ ਰਹੇ ਸਨ। ਉਹਨਾਂ ਨੂੰ ਦਾਲ-ਰੋਟੀ ਖਾਂਦੇ ਦੇਖ ਕੇ, ਸਾਥੀ ਸਟਾਲਿਨ (ਸੋਸੋ) ਨੇ ਪੁੱਛਿਆ: 'ਤੁਸੀਂ ਏਨਾ ਖਰਾਬ ਖਾਣਾ ਕਿਉਂ ਖਾਂਦੇ ਹੋ!.... ਤੁਸੀਂ ਵਾਹੀ ਕਰਦੇ ਹੋ, ਬੀਜਦੇ ਹੋ ਅਤੇ ਫਿਰ ਖੁਦ ਫਸਲ ਕੱਟ ਕੇ ਜਮ੍ਹਾਂ ਕਰਦੇ ਹੋ। ਤੁਹਾਨੂੰ ਤਾਂ ਚੰਗੀ ਤਰ੍ਹਾਂ ਰਹਿਣਾ ਚਾਹੀਦਾ ਹੈ।''
'ਹਾਂ, ਇਹ ਬਿਲਕੁੱਲ ਠੀਕ ਹੈ, ਅਸੀਂ ਖੁਦ ਫਸਲ ਕੱਟਦੇ ਹਾਂ', ਕਿਸਾਨ ਨੇ ਕਿਹਾ, 'ਪਰ ਪੁਲਸ ਇੰਸਪੈਕਟਰ ਨੂੰ ਉਸਦਾ ਹਿੱਸਾ ਦੇਣਾ ਪੈਂਦਾ ਹੈ ਅਤੇ ਪ੍ਰੋਹਿਤ ਆਪਣਾ ਹਿੱਸਾ ਲੈਂਦਾ ਹੈ। ਇਸ ਤਰ੍ਹਾਂ ਤੂੰ ਆਪ ਹੀ ਵੇਖ ਲੈ, ਸਾਡੇ ਖਾਣ-ਹੰਢਾਉਣ ਖਾਤਰ ਕਿੰਨਾ ਕੁ ਬਚਦਾ ਹੈ।' 'ਇਸ ਭੂਮਿਕਾ ਨਾਲ ਗੱਲਬਾਤ ਸ਼ੁਰੂ ਹੋ ਗਈ, ਇਸ ਦੌਰਾਨ ਸਾਥੀ ਸੋਸੋ ਨੇ ਸਮਝਾਉਣਾ ਸ਼ੁਰੂ ਕੀਤਾ ਕਿ ਕਿਸਾਨ ਕਿਉਂ ਐਨਾ ਗਰੀਬ ਜੀਵਨ ਬਿਤਾਉਂਦੇ ਹਨ, ਕੌਣ ਉਹਨਾਂ ਦੀ ਲੁੱਟ ਕਰਦਾ ਹੈ, ਕੌਣ ਉਹਨਾਂ ਦੇ ਮਿੱਤਰ ਹਨ ਅਤੇ ਕੌਣ ਦੁਸ਼ਮਣ।' ਉਹ ਏਨੇ ਸਿੱਧੇ ਸਾਦੇ ਸ਼ਬਦਾਂ ਅਤੇ ਦਿਲਚਸਪ ਢੰਗ ਨਾਲ ਗੱਲਾਂ ਕਰਦਾ ਰਿਹਾ ਕਿ ਕਿਸਾਨਾਂ ਨੇ ਉਸ ਨੂੰ ਫੇਰ ਆ ਕੇ ਗੱਲਾਂ ਕਰਨ ਦੀ ਬੇਨਤੀ ਕੀਤੀ।''
ਸੋਸੋ ਦੇ ਦੂਸਰੇ ਲੰਗੋਟੀਏ ਯਾਰ ਗ. ਗਲੁਰਜਿਦਜੇ ਦੀਆਂ ਹੇਠ ਲਿਖੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਗੋਰੀ ਵਿੱਚ ਰਹਿੰਦਿਆਂ ਹੀ ਸੋਸੋ ਧਰਮ ਦੇ ਬਾਰੇ ਵਿੱਚ ਕਿੱਥੋਂ ਤੱਕ ਪਹੁੰਚ ਗਿਆ ਸੀ:
''ਮੈਂ ਭਗਵਾਨ ਬਾਰੇ ਗੱਲ ਕਰਨ ਲੱਗਾ। ਸੋਸੋ ਮੇਰੀਆਂ ਗੱਲਾਂ ਸੁਣਦਾ ਰਿਹਾ ਅਤੇ ਫਿਰ ਕੁਝ ਚੁੱਪ ਰਹਿ ਕੇ ਬੋਲਿਆ, ਉਸ ਨੇ ਕਿਹਾ: 'ਤੈਨੂੰ ਪਤਾ ਹੈ', ਉਹ (ਪਾਦਰੀ) ਸਾਨੂੰ ਬੇਵਕੂਫ ਬਣਾ ਰਹੇ ਹਨ, ਕੋਈ ਭਗਵਾਨ ਨਹੀਂ ਹੈ।' 
''ਇਹ ਸ਼ਬਦ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ। ਪਹਿਲਾਂ ਮੈਂ ਉਸ ਦੇ ਮੁੰਹ ਤੋਂ ਕਦੇ ਅਜਿਹੀਆਂ ਗੱਲਾਂ ਨਹੀਂ ਸੁਣੀਆਂ ਸਨ। 
'ਤੂੰ ਕੀ ਗੱਲਾਂ ਕਰਦੈਂ?' ਮੈਂ ਹੈਰਾਨੀ ਨਾਲ ਪੁੱਛਿਆ, ''ਮੈਂ ਤੈਨੂੰ ਪੜ੍ਹਨ ਲਈ ਕਿਤਾਬ ਦਿਆਂਗਾ, ਜੋ ਦੱਸੇਗੀ ਕਿ ਦੁਨੀਆਂ ਅਤੇ ਹੋਰ ਸਭ ਚੀਜ਼ਾਂ ਉਸ ਨਾਲੋਂ ਬਿਲਕੁੱਲ ਵੱਖਰੀਆਂ ਹਨ, ਜਿਵੇਂ ਤੂੰ ਮੰਨ ਕੇ ਚੱਲਦਾ ਹੈਂ, ਅਤੇ ਰੱਬ ਬਾਰੇ ਕਹੀਆਂ ਜਾਣ ਵਾਲੀਆਂ ਸਭ ਗੱਲਾਂ ਕੇਵਲ ਬੇਵਕੂਫੀ ਹਨ', ਸੋਸੋ ਨੇ ਕਿਹਾ।
''ਕਿਹੜੀ ਕਿਤਾਬ?'' ਮੈਂ ਪੁੱਛਿਆ। ਡਾਰਵਿਨ ਦੀ, ਤੂੰ ਇਹ ਜ਼ਰੂਰ ਪੜ੍ਹੀਂ', ਸੋਸੋ ਨੇ ਮੈਨੂੰ ਇਹ ਜ਼ੋਰ ਦੇ ਕੇ ਕਿਹਾ।...... 
ਸੋਸੋ ਦੇ ਆਪਣੇ ਸ਼ਬਦਾਂ 'ਚ: ''15 ਸਾਲ ਦੀ ਉਮਰ ਵਿੱਚ ਮੈਂ ਕ੍ਰਾਂਤੀਕਾਰੀ ਅੰਦੋਲਨ ਵਿੱਚ ਸ਼ਾਮਲ ਹੋ ਗਿਆ ਅਤੇ ਕਾਕੇਸ਼ੀਆ ਵਿੱਚ ਰਹਿਣ ਵਾਲੇ ਕੁਝ ਖੁਫੀਆ ਮਾਰਕਸਵਾਦੀ ਗਰੁੱਪਾਂ ਨਾਲ ਸਬੰਧ ਸਥਾਪਤ ਕਰ ਲਿਆ। ਇਹਨਾਂ ਟੁਕੜੀਆਂ ਨੇ ਮੇਰੇ 'ਤੇ ਭਾਰੀ ਪ੍ਰਭਾਵ ਪਾਇਆ ਤੇ ਮੈਨੂੰ ਗੈਰ-ਕਾਨੂੰਨੀ ਮਾਰਕਸਵਾਦੀ ਸਾਹਿਤ ਦੀ ਚੇਟਕ ਲੱਗ ਗਈ। ...ਸੰਨ 1894 ਤੋਂ 1899 ਤੱਕ ਦੇ ਪੰਜ ਸਾਲਾਂ ਦਾ ਜੀਵਨ ਸੋਸੋ ਦੇ ਗੰਭੀਰ ਅਧਿਐਨ ਦਾ ਸਮਾਂ ਸੀ, ਜਿਸ ਦੌਰਾਨ ਉਹ 15 ਤੋਂ 20 ਸਾਲ ਦਾ ਹੋਇਆ।''
(ਰਾਹੁਲ ਸੰਕਰਤਾਇਨ ਵੱਲੋਂ ਲਿਖੀ ਜੀਵਨ-ਗਾਥਾ 'ਚੋਂ) 
ਅਜਿਹਾ ਸੀ ਹੋਣਹਾਰ ਸਟਾਲਿਨ, ਜਿਸ ਨੇ ਮਹਾਨ ਲੈਨਿਨ ਦਾ ਸਹਿਯੋਧਾ ਬਣ ਕੇ ਮਹਾਨ ਅਕਤੂਬਰ ਇਨਕਲਾਬ ਦੀ ਅਗਵਾਈ ਕੀਤੀ ਅਤੇ ਜਿਸ ਦੀ ਅਗਵਾਈ ਵਿੱਚ ਸੰਸਾਰ ਮਨੁੱਖਤਾ ਨੇ ਹਿਟਲਰ ਦੇ ਫਾਸ਼ੀਵਾਦ 'ਤੇ ਜਿੱਤ ਪ੍ਰਾਪਤ ਕੀਤੀ। 9 ਮਈ 1945 ਨੂੰ ਸਟਾਲਿਨ ਨੇ ਫਾਸ਼ਿਜ਼ਮ 'ਤੇ ਜਿੱਤ ਦੇ ਦਿਨ ਦਾ ਐਲਾਨ ਕੀਤਾ। ਸਾਰੀ ਦੁਨੀਆਂ ਖੁਸ਼ੀ ਵਿੱਚ ਝੂਮ ਉੱਠੀ। ਇਸ ਤੋਂ ਪਹਿਲਾਂ ਹਿਟਲਰ ਆਪਣੇ ਗਿਣੇ ਚੁਣੇ ਸਮਰਥਕਾਂ ਨਾਲ ਤਹਿਖਾਨੇ ਵਿੱਚ ਖੁਦਕੁਸ਼ੀ ਕਰ ਚੁੱਕਿਆ ਸੀ।

No comments:

Post a Comment