Tuesday, November 6, 2012

ਮਜ਼ਦੂਰ ਜਮਾਤੀ ਘੋਲ ਦੀ ਤਿੱਖੀ ਕਰਵਟ ਰਾਜ-ਭਾਗ ਦੇ ਖ਼ੂਨੀ ਹੱਲੇ ਨੂੰ ਚੁਣੌਤੀ

ਦੱਖਣੀ ਅਫਰੀਕਾ:
ਮਜ਼ਦੂਰ ਜਮਾਤੀ ਘੋਲ ਦੀ ਤਿੱਖੀ ਕਰਵਟ
ਰਾਜ-ਭਾਗ ਦੇ ਖ਼ੂਨੀ ਹੱਲੇ ਨੂੰ ਚੁਣੌਤੀ
ਦੱਖਣੀ ਅਫਰੀਕਾ ਇਹਨਾਂ ਦਿਨਾਂ ਵਿਚ ਮੁਲਕਵਿਆਪੀ ਮਜ਼ਦੂਰ ਹੜਤਾਲਾਂ ਦੀ ਲਪੇਟ 'ਚ ਆਇਆ ਹੋਇਆ ਹੈ। ਅਗਸਤ ਮਹੀਨੇ ਦੇ ਮੁਢਲੇ ਦਿਨਾਂ 'ਚ ਰਸਤਨਬਰਗ ਸ਼ਹਿਰ ਦੇ ਮਾਰੀਕਾਨਾ ਇਲਾਕੇ 'ਚ ਬਰਤਾਨਵੀਂ ਕੰਪਨੀ ਲੌਨਮਿਨ ਦੀ ਮਾਲਕੀ ਵਾਲੀ ਪਲਾਟੀਨਮ ਖਾਣ ਦੇ 28000 ਮਜ਼ਦੂਰ, ਤਨਖਾਹਾਂ 'ਚ 300% ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ। ਰੋਹ ਭਰਪੂਰ ਰੈਲੀਆਂ ਮੁਜਾਹਰੇ ਹੋਣ ਲੱਗੇ। ਪੁਲਸੀ ਕਹਿਰ ਮਜ਼ਦੂਰਾਂ 'ਤੇ ਟੁੱਟ ਪਿਆ ਅਤੇ 4 ਮਜ਼ਦੂਰਾਂ ਦੀ ਜਾਨ ਲੈ ਲਈ। ਬੇਲਗਾਮ ਹੋਈ ਪੁਲਸ ਨੇ 13 ਅਗਸਤ 3 ਹੋਰ ਮਜਦੂਰਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮਜਦੂਰਾਂ ਅੰਦਰ ਉਠੇ ਤਿੱਖੇ ਰੋਹ ਦੇ ਭਾਂਬੜਾਂ ਨੇ ਤਿੰਨ ਪੁਲਸੀ ਅਫਸਰ ਵੀ ਭਸਮ ਕਰ ਦਿੱਤੇ।
ਬਦਲੇਖੋਰ ਪੁਲਸ ਨੇ 16 ਅਗਸਤ ਨੂੰ ਮਾਰੀਖਾਨਾ ਖਾਣ ਨੇੜਲੀ ਇੱਕ ਪਹਾੜੀ 'ਤੇ ਇਕੱਠੇ ਹੋਏ ਹਜ਼ਾਰਾਂ ਮਜ਼ਦੂਰਾਂ 'ਤੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕਰਕੇ 34 ਮਜ਼ਦੂਰਾਂ ਨੂੰ ਭੁੰਨ ਸੁੱਟਿਆ ਤੇ 78 ਹੋਰ ਬੁਰੀ ਤਰ੍ਹਾਂ ਜਖਮੀ ਕਰ ਦਿੱਤੇ । ਅਰਬ ਟੈਲੀਵੀਜਨ ਚੈਨਲ ਅਲਜ਼ਜੀਰਾ ਅਨੁਸਾਰ,''ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਸਿਰ ਤੋਂ ਪੈਰਾਂ ਤੱਕ ਹਥਿਆਰਾਂ ਨਾਲ ਲੈਸ ਪੁਲਸ ਨੇ ਖਾਣ ਮਜ਼ਦੂਰਾਂ ਦਾ ਸ਼ਿਕਾਰ ਪਿੱਛਾ ਕੀਤਾ ਅਤੇ ਬੇਰਹਿਮੀ ਨਾਲ ਮਜ਼ਦੂਰਾਂ ਦਾ ਕਤਲੇਆਮ ਕੀਤਾ।'' 1994 'ਚ ਅਫਰੀਕਨ ਨੈਸ਼ਨਲ  ਕਾਂਗਰਸ ਦੀ ਹਕੂਮਤ ਅਉਣ ਤੋਂ ਮਗਰੋਂ ਪੁਲਸੀ ਵਹਿਸ਼ਤ ਦੀ ਇਹ ਪਹਿਲੀ ਐਡੀ ਵੱਡੀ ਹਿਰਦੇਵੇਧਕ ਘਟਨਾ ਸੀ। ਇਸ ਘਟਨਾ ਨੇ ਦੱਖਣੀ ਅਫਰੀਕਾ ਦੇ ਲੋਕਾਂ ਨੂੰ ਨਸਲਪ੍ਰਸਤ ਗੋਰਾ-ਸ਼ਾਹੀ ਹਕੂਮਤ ਵੇਲੇ ਦੇ ਦਿਨ ਯਾਦ ਕਰਵਾ ਦਿੱਤੇ ਹਨ।
ਇਸ ਘਟਨਾ ਦੇ ਸਿਟੇ ਵਜੋਂ ਮਜ਼ਦੂਰ ਰੋਹ ਜੰਗਲ ਦੀ ਅੱਗ ਵਾਂਗ ਫੈਲ ਗਿਆ। ਮਾਰੀਕਾਨਾ ਖਾਣ ਮਜ਼ਦੂਰਾਂ ਦੀ ਹਮਾਇਤ 'ਚ ਤੇ ਤਨਖਾਹਾਂ 'ਚ ਵਾਧੇ ਦੀ ਮੰਗ ਨੂੰ ਲੈ ਕੇ ਮਜਦੂਰ ਮਰਦਾਂ ਔਰਤਾਂ ਦੇ ਰੋਹ ਭਰਪੂਰ ਮੁਜ਼ਾਹਰੇ ਹੋਣ ਲੱਗੇ। ਪਲਾਟੀਨਮ, ਸੋਨੇ, ਲੋਹੇ ਤੇ ਕੋਲੇ ਦੀਆਂ ਮੁਲਕ ਦੀਆਂ ਅਨੇਕਾਂ ਖਾਣਾਂ 'ਚ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਥੋਂ ਤੱਕ ਕਿ ਦੇਸ਼ ਦੇ 28000 ਟਰਾਂਸਪੋਰਟ ਕਾਮੇਂ ਵੀ ਹੜਤਾਲ 'ਚ ਕੁੱਦ ਪਏ। 8 ਹਫਤਿਆਂ ਦੇ ਅੰਦਰ ਅੰਦਰ ਘੱਟੋ ਘੱਟ ਇੱਕ ਲੱਖ ਖਾਣ ਮਜਦੂਰ ਹੜਤਾਲਾਂ 'ਚ ਆ ਨਿੱਕਲੇ। ਅਨੇਕਾਂ ਥਾਵਾਂ 'ਤੇ ਪੁਲਸ ਨਾਲ ਮਜਦੂਰਾਂ ਦੀਆਂ ਝੜੱਪਾਂ ਹੋਈਆਂ। ਸ਼ੁਰੂ ਅਕਤੂਬਰ ਤੱਕ 50 ਤੋਂ ਉਪਰ ਮਜ਼ਦੂਰਾਂ ਦੀਆਂ ਜਾਨਾਂ ਜਾ ਚੁੱਕੀਆਂ ਸਨ। ਜਖਮੀਆਂ ਦਾ ਕੋਈ ਹਿਸਾਬ ਨਹੀਂ। ਸੈਂਕੜੇ ਮਜ਼ਦੂਰ ਜੇਲ੍ਹਾਂ 'ਚ ਬੰਦ ਹਨ। 15000 ਤੋਂ ਉਪਰ ਮਜ਼ਦੂਰ ਨੌਕਰੀਓਂ ਕੱਢੇ ਜਾ ਚੁੱਕੇ ਹਨ। ਮੈਨੇਜ਼ਮੈਂਟ ਵੱਲੋਂ ਮਜ਼ਦੂਰਾਂ ਨੂੰ ਕੱਢੇ ਜਾਣ ਦੀਆਂ ਧਮਕੀਆਂ ਅਤੇ ਹਾਜ਼ਰ ਹੋਣ ਲਈ ਅਲਟੀਮੇਟਮ ਦੇ ਬਾਵਜੂਦ ਮਜਦੂਰ ਕੰਮ 'ਤੇ ਨਹੀਂ ਆ ਰਹੇ। ਖਾਣਾ 'ਚ ਸੁੰਨ-ਮ-ਸਾਨ ਵਰਤੀ ਪਈ ਹੈ। ਕੰਮ 'ਤੇ ਹਾਜਰ ਹੋ ਰਹੇ ਮਜ਼ਦੂਰਾਂ ਦੀ ਗਿਣਤੀ 20 ਫੀਸਦੀ ਤੋਂ ਵੀ ਘੱਟ ਰਹਿ ਰਹੀ ਹੈ।         
ਖਾਣ ਮਜਦੂਰ, ਝੁਗੀਆਂ ਝੌਪੜੀਆਂ ਅਤੇ ਗੰਦਗੀ ਭਰੀਆਂ ਕੱਚੀਆਂ ਤੇ ਆਰਜੀ ਬਸਤੀਆਂ ਦੀਆਂ ਹੱਦ ਦਰਜੇ ਦੀਆਂ ਅਣਮਨੁੱਖੀ ਹਾਲਤਾਂ 'ਚ ਰਹਿੰਦੇ ਹਨ। ਕੰਮ ਦੀਆਂ ਹਾਲਤਾਂ ਹੋਰ ਵੀ ਬਦਤਰ ਹਨ। ਕੌਮਾਂਤਰੀ ਲੇਬਰ ਜਥੇਬੰਦੀ ਅਨੁਸਾਰ, ''ਢਿਗਾਂ ਡਿੱਗਣ, ਕੰਨ-ਪਾੜਵੇਂ ਸ਼ੋਰ, ਘੱਟੇ-ਮਿੱਟੀ, ਧੂੰਏ ਅਤੇ ਉੱਚੇ ਤਾਪਮਾਨ ਵਰਗੀਆਂ ਅਨੇਕਾਂ ਸੁਰੱਖਿਆ ਔਕੜਾਂ ਨੂੰ ਝੱਲਦੇ ਹੋਏ ਉਹ ਜਾਨ ਤਲੀ 'ਤੇ ਧਰ ਕੇ ਕੰਮ ਕਰਦੇ ਹਨ।  
ਖਾਣ ਮਜ਼ਦੂਰਾਂ ਦੀਆਂ ਮੌਜੂਦਾ ਹੜਤਾਲਾਂ ਨੇ ਦੱਖਣੀ ਅਫਰੀਕਾ ਦੀ ਆਰਥਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱੱਤੀ ਹੈ ਅਤੇ ਰਾਸ਼ਟਰਪਤੀ ਜੈਕੋਬ ਜੂਮਾਂ ਸਾਹਮਣੇ ਸਿਆਸੀ ਸਮੱਸਿਆਵਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ।
ਮਜ਼ਦੂਰ ਹੜਤਾਲਾਂ ਦੀ ਮੁਲਕ ਵਿਆਪੀ ਇਸ ਹਨੇਰੀ ਨੇ 1973 ਦੀਆਂ ਡਰਬਨ ਹੜਤਾਲਾਂ (ਜੋਹਨਸਨਬਰਗ ਅਤੇ ਕੇਪਟਾਊਨ ਤੋਂ ਮਗਰੋਂ ਡਰਬਨ ਦੱਖਣੀ ਅਫਰੀਕਾ ਦਾ ਇਕ ਵੱਡਾ ਸ਼ਹਿਰ ਹੈ) ਦੇ ਉਹ ਦਿਨ ਤਾਜ਼ਾ ਕਰਾ ਦਿੱਤੇ ਹਨ ਜਦ ਇੱਟਾਂ ਅਤੇ ਟਾਇਲਾਂ ਦੀ ਇੱਕ ਫੈਕਟਰੀ ਤੋਂ ਸ਼ੁਰੂ ਹੋਈ ਹੜਤਾਲ ਬਰਤਾਨਵੀ ਮਾਲਕੀ ਵਾਲੀ ਸਮੁੱਚੀ ਟੈਕਸਟਾਈਲ ਸਨਅਤ ਵਿਚ ਫੈਲ ਗਈ ਸੀ। ਮਜਦੂਰਾਂ ਨੇ ਨਸਲਵਾਦੀ ਹਕੂਮਤ ਵੱਲੋਂ 1962 'ਚ ਢਾਹੇ ਅੰਨ੍ਹੇ ਤਸ਼ੱਦਦ ਰਾਹੀਂ ਤਬਾਹ ਕੀਤੀ 'ਸਾਕਟੂ' ਦੀ ਅਗਵਾਈ ਵਾਲੀ ਮਜ਼ਦੂਰ ਲਹਿਰ ਦੇ ਆਗੂਆਂ ਨੂੰ ਯਾਦ ਕਰਦੇ ਹੋਏ ਨਾਹਰੇ ਲਗਾਏ ਸਨ, ''ਉਹ ਭਾਵੇਂ ਨਹੀਂ ਰਹੇ, ਪਰ ਉਹਨਾਂ ਦੀਆਂ ਰੂਹਾਂ ਸਾਡੇ ਨਾਲ ਹਨ।'' ਇਨ੍ਹਾਂ ਹੜਤਾਲਾਂ ਨੇ ਨਾ ਸਿਰਫ ਦੱਖਣੀ ਅਫਰੀਕਾ ਦੀ ਟੈਕਸਟਾਈਲ ਸਨੱਅਤ ਨੂੰ ਬਿਪਤਾ 'ਚ ਪਾ ਦਿਤਾ ਸੀ, ਸਗੋਂ ਗੋਰਿਆਂ ਖਿਲਾਫ ਲੋਕਾਂ ਦੀ ''ਜਮਹੂਰੀਅਤ ਅਤੇ ਬਰਾਬਰਤਾ'' ਖਾਤਰ ਲੜਾਈ 'ਚ ਇੱਕ ਮੋੜ ਨੁਕਤਾ ਸਾਬਤ ਹੋਈਆਂ ਸਨ। 
1994 'ਚ ਨਸਲਵਾਦ ਦੇ ਖਾਤਮੇ ਤੋਂ ਮਗਰੋਂ, ਅਫਰੀਕਨ ਨੈਸ਼ਨਲ ਕਾਂਗਰਸ ਦੀ   ਅਗਵਾਈ ਵਾਲੀ ਸਰਕਾਰ ਹੋਂਦ 'ਚ ਆਉਣ ਨਾਲ ਹੁਣ ਮਸਲੇ ਉਹ ਨਹੀਂ ਹਨ। ਹੁਣ ਮਸਲਾ ਜਮਾਤ ਦਾ ਹੈ। ਆਵਦੇ ਸਭਿਆਚਾਰ ਦਾ ਹੈ। ਅਫਰੀਕਨ ਨੈਸ਼ਨਲ ਕਾਂਗਰਸ ਦੀ ਸਰਕਾਰ ਨੇ ਭਾਵੇਂ ਕਾਲੇ ਲੋਕਾਂ 'ਚ ਮੁਲਕ ਦੀ ਦੌਲਤ ਦਾ ਹਿੱਸਾ ਵੰਡਣ ਲਈ ਕਾਨੂੰਨ ਪਾਸ ਕੀਤਾ, ਪਰ ਅਮਲੀ ਪੱਧਰ 'ਤੇ ਮਾਮਲਾ ਇਸ ਤੋਂ ਉਲਟ ਵਾਪਰਿਆ। ਕਾਲੇ ਲੋਕਾਂ ਦਾ ਇੱਕ ਛੋਟਾ ਹਿੱਸਾ ਛੇਤੀ ਹੀ ਮਾਲਾ ਮਾਲ ਹੋ ਗਿਆ ਅਤੇ ਮੁਲਕ ਦੇ ਅੰਦਰ ਇਕ ਸ੍ਰੇਸ਼ਟ ਵਰਗ ਪੈਦਾ ਹੋ ਗਿਆ। ਅਮੀਰਾਂ ਤੇ ਗਰੀਬਾਂ 'ਚ ਇੱਕ ਵੱਡਾ ਪਾੜਾ ਖੜ੍ਹਾ ਹੋ ਗਿਆ। ਇਹ ਅਮਲ ਲਗਾਤਾਰ ਜਾਰੀ ਰਹਿ ਰਿਹਾ ਹੈ। ਅਫਰੀਕਣ ਲੋਕਾਂ ਵਿਚ ਬੇਰੁਜ਼ਗਾਰੀ 25% ਤੱਕ ਜਾ ਪਹੁੰਚੀ ਹੈ। ਧਰਤੀ ਤੋਂ ਚਾਰ-ਚਾਰ ਸੌ ਮੀਟਰ ਹੇਠਾਂ, ਮਜ਼ਦੂਰ ਖਾਣਾਂ ਦੇ ਹਨੇਰੇ ਖੱਡਿਆਂ 'ਚ ਸਖਤ ਮੁਸ਼ੱਕਤ ਕਰਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ 3000 ਰੈਂਡ (ਤਕਰੀਬਨ 360 ਅਮਰੀਕਨ ਡਾਲਰ) ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਜਦ ਕਿ ਖਾਣਾਂ ਦੇ ਬੌਸ ਅਤੇ ਮੈਨੇਜਮੈਂਟ ਦੇ ਉੱਚ ਅਧਿਕਾਰੀ ਮੋਟੇ ਚੱੈਕ ਹਾਸਲ ਕਰਦੇ ਹਨ।
ਅਲਜਜ਼ੀਰਾ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ''ਅੱਤ ਗੰਦੀਆਂ ਜੀਵਨ ਹਾਲਤਾਂ'' ਅਤੇ ਖਾਣਾਂ ਦੇ ਕੰਮ ਦੀਆਂ ''ਭਿਆਨਕ ਹਾਲਤਾਂ'' ''ਤਣਾਵਾਂ'' ਨੂੰ ਜਨਮ ਦਿੰਦੀਆਂ ਹਨ ਅਤੇ ਕੰਪਨੀਆਂ ਦਾ ਮਜ਼ਦੂਰਾਂ ਦੀਆਂ ਇਹਨਾਂ ਹਾਲਤਾਂ ਪ੍ਰਤੀ ਸਰੋਕਾਰ ''ਨਾਂਹ ਦੇ ਬਰਾਬਰ ਹੈ।''
ਦੱਖਣੀ ਅਫਰੀਕਾ ਦੇ ਖਾਣ ਮਜ਼ਦੂਰ ਮਹਿਸੂਸ ਕਰਦੇ ਹਨ ਕਿ ਮਹਿੰਗੀ ਪਲਾਟੀਨਮ ਧਾਤ ਜੋ ਆਪਣੀਆਂ ਜਿੰਦਗੀਆਂ ਨੂੰ ਖਤਰੇ 'ਚ ਪਾ ਕੇ ਉਹ ਪੈਦਾ ਕਰਦੇ ਹਨ, ਮੋਟੇ ਢਿੱਡਾਂ ਵਾਲਿਆਂ ਦੀ ਝੋਲੀ 'ਚ ਜਾ ਪੈਂਦੀ ਹੈ। ਉਨ੍ਹਾਂ 'ਚੋਂ ਬਹੁਤੇ ਗੋਰੇ ਲੋਕ ਹਨ। ਬਰਤਾਨਵੀ 'ਤੇ ਅਮਰੀਕਣ ਸਾਮਰਾਜੀਏ ਹਨ। ਦੇਸ਼ ਦੀ ਇਸ ਦੌਲਤ ਦਾ ਨਾ ਮਜ਼ਦੂਰਾਂ ਨੂੰ ਕੋਈ ਹਿੱਸਾ ਮਿਲਦਾ ਹੈ ਅਤੇ ਨਾ ਜਨ-ਸਾਧਾਰਨ ਕਾਲੇ ਲੋਕਾਂ ਨੂੰ। 
ਦੱਖਣੀ ਅਫਰੀਕਾ ਦੇ ਖਾਣ ਮਜਦੂਰ ਹੁਣ ਤੱਕ 1982 'ਚ ਗਠਤ ਹੋਈ ਨੈਸ਼ਨਲ ਯੂਨੀਅਨ ਆਫ ਮਾਈਨਜ਼ (ਖਾਣ) ਵਰਕਰਜ਼ ਦੇ ਮਂੈਬਰ ਬਣੇ ਹੋਏ ਸਨ। ਇਹ ਯੂਨੀਅਨ ਅਫਰੀਕਣ ਨੈਸ਼ਨਲ ਕਾਂਗਰਸ ਨਾਲ ਜੁੜੀ ਹੋਈ ਹੈ। ਇਸ ਦਾ ਮਜਦੂਰ ਵਿੰਗ ਹੈ। 1987 'ਚ ਸੋਨੇ ਅਤੇ ਕੋਲੇ ਦੀਆਂ ਖਾਣਾਂ 'ਚ ਤਿੰਨ ਹਫਤੇ ਚੱਲੀ ਮਜ਼ਦੂਰ ਹੜਤਾਲ ਦੌਰਾਨ ਇਸ ਦੇ ਰੋਲ ਤੋਂ ਇਲਾਵਾ ਨਸਲਵਾਦ ਵਿਰੋਧੀ ਲਹਿਰ 'ਚ ਅਫਰੀਕਣ ਨੈਸ਼ਨਲ ਕਾਂਗਰਸ ਨਾਲ ਜੁੜ ਕੇ ਇਸ ਦੇ ਲੋਕ ਪੱਖੀ ਤੇ ਅਗਾਂਹ ਵਧੂ ਰੋਲ ਸਦਕਾ ਇਸ ਦੀ ਮਜਦੂਰਾਂ 'ਚ ਚੰਗੀ ਪੜਤ ਸੀ। ਸਿੱਟੇ ਵਜੋਂ ਦੱਖਣੀ ਅਫਰੀਕਾ ਦੇ 70% ਖਾਣ ਮਜਦੂਰ ਇਸ ਦੇ ਮੈਂਬਰ ਸਨ। 
ਪਰ 1994 'ਚ ਅਫਰੀਕਣ ਨੈਸ਼ਨਲ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਸ ਦੇ ਆਗੂ ਮਜ਼ਦੂਰਾਂ ਦੇ ਹਿਤਾਂ ਨੂੰ ਛਡਦੇ ਗਏ। ਉਹ ਕੰਪਨੀਆਂ ਤੋਂ ਰਿਸ਼ਵਤਾਂ, ਕਮਿਸ਼ਨ ਤੇ ਹਿੱਸੇਪੱਤੀਆਂ ਦੇ ਭਰਿਸ਼ਟ ਤੇ ਮਜਦੂਰ ਵਿਰੋਧੀ ਪਟੜੀ 'ਤੇ ਚੜ੍ਹ ਗਏ। ਇਸ ਦਾ ਬਾਨੀ ਨੇਤਾ ਸੀਰਿਲ ਰਾਮਾਫੋਸਾ ਜਿਹੜਾ ਨਸਲਵਾਦ ਵਿਰੋਧੀ ਲਹਿਰ ਦੇ ਮੁੱਖ ਆਗੂਆਂ 'ਚ ਸ਼ੁਮਾਰ ਸੀ,  ਅੱਜ ਕਲ੍ਹ ਕਰੋੜ ਪਤੀ ਹੈ। ਅਤੇ ਲੋਨੋਮਿਨ ਬਹੁ-ਕੌਮੀ ਕੰਪਨੀ ਦਾ ਗੈਰ-ਕਾਰਜਕਾਰੀ ਡਾਇਰੈਕਟਰ ਹੈ ਅਤੇ 13000 ਅਮਰੀਕਣ ਡਾਲਰ ਮਾਸਕ ਤਨਖਾਹ ਲੈਂਦਾ ਹੈ। ਖਾਣ ਮਜਦੂਰਾਂ 'ਚ ਇਸ ਯੂਨੀਅਨ ਦੇ ਆਗੂਆਂ ਦੇ ਕੁਰੱਪਟ ਹੋਣ ਦੀ ਆਮ ਚਰਚਾ ਹੈ। ਉਹ ਇਸ ਦੇ ਆਗੂਆਂ ਨੂੰ ਮੈਨੇਜਮੈਂਟ ਦੇ ਪਿਠੂ ਅਤੇ ਯੂਨੀਅਨ ਨੂੰ ਮੈਨੇਜਮੈਂਟ ਦੀ ਹੱਥ-ਠੋਕਾ ਯੂਨੀਅਨ ਸਮਝਦੇ ਹਨ। ਸਿੱਟੇ ਵਜੋਂ ਮਜਦੂਰ ਇਸ ਯੂਨੀਅਨ ਤੋਂ ਦੂਰ ਹੁੰਦੇ ਗਏ।
ਇਹ ਜਥੇਬੰਦੀ ਖਾਣ ਮਜਦੂਰਾਂ ਦੀਆਂ ਮੌਜੂਦਾ ਹੜਤਾਲਾਂ ਦਾ ਡਟਵਾਂ ਵਿਰੋਧ ਕਰਨ ਤੱਕ ਗਈ ਹੈ। ਇਸ ਦੇ ਆਗੂ 16 ਅਗਸਤ ਦੇ ਖੂੰਨੀ ਕਾਂਡ ਤੋਂ ਪਹਿਲਾਂ ਪੁਲਸੀ ਗੱਡੀਆਂ 'ਤੇ ਚੜ੍ਹ ਕੇ ਹੜਤਾਲ ਨੂੰ ''ਗੈਰ-ਕਾਨੂੰਨੀ'' ਕਹਿਣ ਤੱਕ ਗਏ ਹਨ, ਪਰ ਉਹ ਪੁਲਸੀ ਗੱਡੀਆਂ ਤੋਂ ਬਾਹਰ ਆ ਕੇ ਮਜ਼ਦੂਰਾਂ ਦੇ ਮੱਥੇ ਲੱਗਣ ਦੀ ਹਿੰਮਤ ਨਾ ਕਰ ਸਕੇ। ਇਸ ਜਥੇਬੰਦੀ ਵੱਲੋਂ ਹਰੀ ਝੰਡੀ ਤੋਂ ਬਾਅਦ ਹੀ ਪੁਲਸ ਇਸ ਦਿਨ ਦਾ ਤਾਂਡਵ ਨਾਚ ਨੱਚ ਸਕੀ। 
ਨੈਸ਼ਨਲ ਯੂਨੀਅਨ ਦੇ ਅਜਿਹੇ ਰੋਲ ਕਰਕੇ ਸਤੰਬਰ ਮਹੀਨੇ 12000 ਮਜ਼ਦੂਰਾਂ ਨੇ ਰਸਤਨਬਰਗ ਵਿੱਚ ਇਸ ਦੇ ਦਫਤਰ ਤੱਕ ਮੁਜਾਹਰਾ ਕਰਕੇ ਆਪਣੀ ਮਂੈਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਇੱਕ ਰੀਪੋਰਟ ਅਨੁਸਾਰ ਇਸ ਦੀ ਮੈਂਬਰਸ਼ਿਪ 70% ਤੋਂ ਘਟਕੇ 13% 'ਤੇ ਆ ਡਿੱਗੀ ਹੈ। ਹੱਡੀਂ ਹੰਢਾਏ ਅਜਿਹੇ ਤਜ਼ਰਬੇ ਦੀ ਹਾਲਤ 'ਚ ਮਜ਼ਦੂਰਾਂ ਦਾ ਇਕ ਹਿੱਸਾ ਨਵੀਂ ਬਣੀ ਯੂਨੀਅਨ-ਖਾਣ ਅਤੇ ਉਸਾਰੀ ਮਜ਼ਦੂਰਾਂ ਦੀ ਸਭਾ (ਏ.ਐਮ.ਸੀ.ਯੂ.) ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ ਹੈ। 
ਦੱਖਣੀ ਅਫਰੀਕਾ ਦੇ ਖਾਣ ਮਜ਼ਦੂਰ ਅਜਿਹੀਆਂ ਚੁਣੌਤੀ ਭਰੀਆਂ ਹਾਲਤਾਂ 'ਚ ਰਹਿ ਰਹੇ ਹਨ। ਪਰ ਇਨ੍ਹਾਂ ਕਾਲੇ ਲੋਕਾਂ ਦਾ ਲੰਮਾ ਸੰਘਰਸ਼ਮਈ ਵਿਰਸਾ ਹੈ। ਸਾਮਰਾਜੀ ਲੁਟੇਰਿਆਂ ਨਾਲ ਇਨ੍ਹਾਂ ਦਾ ਸੌ ਸਾਲ ਤੋਂ ਵੱਧ ਸਮੇਂ ਦਾ ਵਾਹ ਹੈ, ਜਦ ਇਸ ਦੇਸ਼ ਵਿਚ ਹੀਰੇ ਅਤੇ ਸੋਨੇ ਦੀਆਂ ਕੀਮਤੀ ਧਾਤਾਂ ਦੀ ਲੱਭਤ ਹੋਈ ਸੀ। ਮੁਲਕ ਦੀ ਇਸ ਕੀਮਤੀ ਦੌਲਤ ਨੂੰ ਲੁੱਟਣ ਆਏ ਬਰਤਾਨਵੀ ਬਸਤੀਵਾਦੀਆਂ ਨਾਲ ਕੀਤੀਆਂ ਲੜਾਈਆਂ ਤੋਂ ਇਲਾਵਾ, ਇਨ੍ਹਾਂ ਨੇ ਦਹਾਕਿਆਂ ਬੱਧੀ ਨਸਲਵਾਦ ਵਿਰੋਧੀ ਘੋਲ ਲੜੇ ਹਨ। ਵਾਰ ਵਾਰ ਹਾਰਾਂ ਦਾ ਮੂੰਹ ਵੇਖਿਆ ਹੈ ਅਤੇ ਅਥਾਹ ਕੁਰਬਾਨੀਆਂ ਕੀਤੀਆਂ ਹਨ। ਤੁਰਤ-ਪੈਰ ਪ੍ਰਸੰਗ 'ਚ ਭਾਵੇਂ ਉਹ ਆਪਣੀਆਂ ਤਨਖਾਹਾਂ 'ਚ ਵਾਧੇ ਲਈ ਲੜ ਰਹੇ ਹਨ ਪਰ ਮੁਲਕ ਦੇ ਕੁਦਰਤੀ ਸੋਮਿਆਂ 'ਤੇ ਜਾਰੀ ਰਹਿ ਰਹੀ ਸਾਮਰਾਜੀ ਮਾਲਕੀ ਨੂੰ ਰੱਦ ਕਰਕੇ ਇਨ੍ਹਾਂ ਦੇ ਕੌਮੀਕਰਨ ਦੀ ਮੰਗ ਵੀ ਕਰ ਰਹੇ ਹਨ ਅਤੇ ਇਸ ਦੇ ਨਾਲ ਨਾਲ ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਨਸਲਵਾਦ ਦਾ ਭਾਵੇਂ ਖਾਤਮਾ ਹੋ ਗਿਆ ਹੈ, ਪਰ ਮੁਲਕ ਦੀਆਂ ਸਮਾਜਕ ਹਾਲਤਾਂ ਤਬਦੀਲ ਨਹੀ ਹੋਈਆਂ। ਇਹੀ ਹਨ  ਉਹਨ੍ਹਾਂ ਦੀਆਂ ਜਿੰਦਗੀਆਂ ਦੇ ਤਣਾਅ, ਜਿਨਾਂ ਤੋਂ ਦੱਖਣੀ ਅਫਰੀਕਾ ਦੇ ਮੌਜੂਦਾ ਹਾਕਮ ਅਤੇ ਪੱਛਮੀ ਮੀਡੀਆ ਬੇਖਬਰ ਹੈ। ਮਜ਼ਦੂਰਾਂ ਦੀਆਂ ਹੜਤਾਲਾਂ ਨੂੰ ਗੈਰ-ਕਾਨੂੰਨੀ'' ਗਰਦਾਨਦਾ ਹੈ ਅਤੇ ਉਨ੍ਹਾਂ 'ਤੇ ਹਥਿਆਰ ਚੁੱਕੇ ਹੋਣ ਅਤੇ  ਹਿੰਸਕ ਹੋਣ ਦੇ ਮਾਮਲਿਆਂ ਨੂੰ ਉਭਾਰਦਾ ਹੈ। 
ਦਰਅਸਲ, ਤਾਕਤ ਦੇ ਨਸ਼ੇ 'ਚ ਅੰਨ੍ਹੀਆਂ ਸਾਮਰਾਜੀ ਸ਼ਕਤੀਆਂ ਨੂੰ ਰਸਕ ਹੈ ਕਿ ਹੁਣ ਤੱਕ ਇਹਨਾਂ ਕਾਲੇ ਲੋਕਾਂ ਨੂੰ ਦਬਾਇਆ ਕਿਉਂ ਨਹੀ ਜਾ ਸਕਿਆ। ਈਨ ਕਿਉਂ ਨਹੀਂ ਮਨਾਈ ਜਾ ਸਕੀ। ਇਹਨਾਂ ਵੱਲੋਂ ਆਪਣੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਹੱਕੀ ਸੰਘਰਸ਼ 'ਚ ਕੁੱਦਣ, ਪੁਲਸੀ ਹਮਲਿਆਂ ਦਾ ਸਿਦਕਦਿਲੀ ਨਾਲ ਟਾਕਰਾ ਕਰਨ ਦੀਆਂ ਵਾਰ ਵਾਰ ਵਾਪਰਦੀਆਂ ਅਤੇ ਸਾਮਰਾਜੀ ਲੁਟੇਰਿਆਂ ਦੇ ਸਿਰਾਂ ਵਿੱਚ ਹਥੌੜਿਆਂ ਵਾਂਗ ਵੱਜਦੀਆਂ ਘਟਨਾਵਾਂ ਅਤੇ ਮੀਡੀਆ ਦੀ ਚਰਚਾ ਬਣਦੇ ਅਜਿਹੇ ਵਿਸ਼ਲੇਸ਼ਣ ਕਿ ''ਅੱਧਿਓਂ ਵੱਧ ਮਜ਼ਦੂਰ ਹਿੰਸਾ ਨੂੰ ਲਾਜ਼ਮੀ ਲੋੜ'' ਸਮਝਦੇ ਹਨ, ਅਧੁਨਿਕ ਹਥਿਆਰਾਂ ਨਾਲ ਆਫਰੇ ਹਾਕਮਾਂ ਦੇ ਹੌਂਸਲੇ ਪਸਤ ਕਰਦੀਆਂ ਹਨ ਅਤੇ ਉਹ ਚੁਬਾਰੇ ਚੜ੍ਹ ਕੇ (ਭਾਵ ਆਪਣੇ ਕਬਜੇ ਹੇਠਲੇ ਮੀਡੀਆ ਰਾਹੀਂ) ਚੀਕਣ ਲਗਦੇ ਹਨ। ਪਰ ਦਹਾਕਿਆਂ ਤੋਂ ਲੜਦੇ ਆ ਰਹੇ ਇਹ ਲੋਕ ਹਰ ਵਾਰ ਛੋਟੀਆਂ ਵੱਡੀਆਂ ਜਿੱਤਾਂ ਹਾਸਲ ਕਰਕੇ ਖੁਸ਼ੀ 'ਚ ਝੂਮਦੇ ਹਨ ਅਤੇ ਕਦਮ-ਬ-ਕਦਮ ਅੱਗੇ ਵਧ ਰਹੇ ਹਨ। 1955 ਵਿਚ ਗਠਤ ਹੋਈ ਦੱਖਣੀ ਅਫਰੀਕੀ ਟਰੇਡ ਯੂਨੀਅਨ ਕਾਂਗਰਸ (ਸਾਕਟੂ), ਜਿਸ ਨੂੰ 1962 ਵਿੱਚ ਗੋਰਾ-ਸ਼ਾਹੀ ਹਕੂਮਤ ਵੱਲੋਂ ਢਾਹੇ ਅੰਨ੍ਹੇ ਤਸ਼ੱਦਦ ਰਾਹੀਂ ਤਬਾਹ ਕਰ ਦਿੱਤਾ ਗਿਆ ਸੀ ਦਾ ਐਲਾਨ ਅੱਜ ਵੀ ਪ੍ਰਸੰਗਕ ਹੈ ਕਿ, ''ਸਿਆਸੀ ਮੁਕਤੀ ਲਈ ਆਮ ਜਨਤਾ ਦੀ ਜਦੋ-ਜਹਿਦ ਵਿੱਚ ਸ਼ਾਮਲ ਹੋਣ ਤੋਂ ਬਗੈਰ ਮਜ਼ਦੂਰਾਂ ਦੇ ਕੇਵਲ ਆਰਥਕ ਅਧਿਕਾਰਾਂ ਬਾਰੇ ਸੰਘਰਸ਼ ਟਰੇਡ ਯੂਨੀਅਨ ਲਹਿਰ ਨੂੰ ਬੇਕਾਰ ਕਰਨਾ ਅਤੇ ਮਜ਼ਦੂਰਾਂ ਦੇ ਹਿਤਾਂ ਨਾਲ ਗਦਾਰੀ ਕਰਨਾ ਹੋਵੇਗਾ।''

No comments:

Post a Comment